.

ਗੁਰ ਕੀ ਸੇਵਾ ਸਬਦੁ ਵੀਚਾਰੁ

The real service to Guru is to Understand and analyse Shabad and then follow accordingly

ਅੱਜਕਲ ਦੇ ਪ੍ਰਚਾਰ ਅਨੁਸਾਰ ਗੁਰਦੁਆਰਾ ਸਾਹਿਬਾਂ ਵਿੱਚ ਬਹੁਤ ਸਾਰੀਆਂ ਸੇਵਾਵਾਂ ਦਾ ਜਿਕਰ ਕੀਤਾ ਜਾਂਦਾ ਹੈ, ਤੇ ਉਹਨਾਂ ਅਨੁਸਾਰ ਸੇਵਾ ਕਰਨ ਵਾਲਿਆਂ ਨੂੰ ਅਕਸਰ ਸਰੋਪੇ ਵੀ ਦਿਤੇ ਜਾਂਦੇ ਹਨ, ਜਿਸ ਤਰ੍ਹਾਂ ਕਿ: ਗੁਰਦੁਆਰਾ ਸਾਹਿਬ ਵਿੱਚ ਜੋੜਿਆਂ ਦੀ ਸੰਭਾਲ ਤੇ ਸਫਾਈ ਜਾਂ ਬੂਟ ਪਾਲਸ਼ ਕਰਨੇ, ਲੰਗਰ ਬਣਾਣਾ ਤੇ ਵਰਤਾਣਾ, ਬਰਤਨਾਂ ਦੀ ਸਫਾਈ ਤੇ ਸੰਭਾਲ, ਗੁਰਦੁਆਰਾ ਸਾਹਿਬ ਦੇ ਹਾਲ ਤੇ ਹੋਰ ਸਥਾਨਾਂ ਦੀ ਸਫਾਈ, ਗੁਰੂ ਘਰ ਦੀਆਂ ਚਾਦਰਾਂ ਧੋਣੀਆਂ ਤੇ ਵਿਛਾਣੀਆਂ, ਗੁਰੂ ਘਰ ਦੀ ਇਮਾਰਤ ਲਈ ਮਾਇਆ, ਲੰਗਰ ਤੇ ਕੜਾਹ ਪ੍ਰਸ਼ਾਦਿ ਲਈ ਮਾਇਆ, ਅਨਾਜ਼, ਦਾਲਾਂ ਜਾ ਹੋਰ ਚੀਜ਼ਾਂ ਆਦਿ ਭੇਟ ਕਰਨੀਆਂ, ਕੜਾਹ ਪ੍ਰਸ਼ਾਦਿ ਤਿਆਰ ਕਰਨ ਦੀ ਸੇਵਾ, ਦਿਨ ਅਤੇ ਰਾਤ ਦੇ ਸਮੇਂ ਗੁਰੂ ਘਰ ਦੀ ਇਮਾਰਤ ਦੀ ਰੱਖਿਆ, ਚੀਜ਼ਾਂ ਦੀ ਸੰਭਾਲ, ਉਹਨਾਂ ਨੂੰ ਠੀਕ ਕਰਨਾ ਜਾਂ ਕਰਵਾਉਣਾਂ, ਆਦਿ

ਸ਼੍ਰੋਮਣੀ ਗੁ: ਪ੍ਰ: ਕਮੇਟੀ ਦੁਆਰਾ ਲਾਗੂ ਕੀਤੀ ਗਈ "ਸਿੱਖ ਰਹਿਤ ਮਰਯਾਦਾ" ਅਨੁਸਾਰ ਸਾਧਾਰਨ ਰੂਪ ਦੀਆਂ ਸੇਵਾਵਾਂ ਇਹ ਹਨ - ਗੁਰਦੁਆਰੇ ਦਾ ਝਾੜੂ, ਲੇਪਣ, ਸੰਗਤਾਂ ਦੀ ਪਾਣੀ ਪੱਖੇ ਦੀ ਸੇਵਾ, ਲੰਗਰ ਦੀ ਸੇਵਾ, ਜੋੜੇ ਝਾੜਨਾ ਆਦਿ।

ਜੇ ਕਰ ਧਿਆਨ ਨਾਲ ਵਿਚਾਰਿਆਂ ਜਾਵੇ ਤਾਂ ਇਨ੍ਹਾਂ ਸੇਵਾਵਾਂ ਦਾ ਸੰਬੰਧ ਜਿਆਦਾ ਤਰ ਸਰੀਰਕ ਤਲ ਤੇ ਕੀਤੀਆਂ ਜਾ ਰਹੀਆਂ ਕਿਰਿਆਵਾਂ ਨਾਲ ਹੈ, ਤੇ ਜਾਂ ਗੁਰਦੁਆਰਾ ਸਾਹਿਬਾਂ ਲਈ ਮਾਇਆ ਭੇਟ ਕਰਨ ਨਾਲ ਹੈ। ਇਹ ਸੇਵਾਵਾਂ ਕੁੱਝ ਹਦ ਤਕ ਹਲੀਮੀ ਤੇ ਸਮਪਰਨ ਦੀ ਭਾਵਨਾ ਪੈਦਾ ਕਰਦੀਆਂ ਹਨ ਤੇ ਕਈ ਵਾਰੀ ਲੋਕ ਇੱਕ ਦੂਜੇ ਵਲ ਵੇਖ ਕੇ ਹੀ ਕਰਦੇ ਹਨ। ਜੇ ਕਰ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਅਨੁਸਾਰ ਵੇਖਿਆ ਜਾਵੇ ਤਾਂ ਇਨ੍ਹਾਂ ਬਹੁਤ ਸਾਰੀਆਂ ਸੇਵਾਵਾਂ ਦਾ ਸਿਧੇ ਤੌਰ ਤੇ ਬਹੁਤ ਘਟ ਜਿਕਰ ਮਿਲਦਾ ਹੈ। ਜਿਸ ਸੇਵਾ ਦਾ ਗੁਰਬਾਣੀ ਵਿੱਚ ਸਿਧੇ ਤੌਰ ਤੇ ਬਹੁਤ ਵਾਰੀ ਜਿਕਰ ਮਿਲਦਾ ਹੈ, ਉਹ ਸੇਵਾ ਸਾਡੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਦੀਆਂ ਸੇਵਾਵਾਂ ਦੀ ਲਿਸਟ ਵਿੱਚ ਹੀ ਨਹੀਂ ਵੇਖੀ ਜਾਂਦੀ ਹੈ ਤੇ ਅਕਸਰ ਉਸ ਦਾ ਰੋਜਾਨਾ ਦੇ ਸਮਾਗਮਾਂ ਵਿੱਚ ਬਹੁਤ ਘਟ ਜ਼ਿਕਰ ਕੀਤਾ ਜਾਂਦਾ ਹੈ। ਆਓ ਜਰਾਂ ਗੁਰੂ ਗਰੰਥ ਸਾਹਿਬ ਅਨੁਸਾਰ ਸਮਝਣ ਦਾ ਯਤਨ ਕਰੀਏ ਕਿ ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਸੇਵਾ ਸਬੰਧੀ ਕਿਸ ਤਰ੍ਹਾਂ ਦੀ ਸਿਖਿਆਂ ਦਿਤੀ ਹੈ।

ਜਿਸ ਤਰ੍ਹਾਂ ਇੱਕ ਦੀਵਾ ਤੇਲ ਤੋਂ ਬਿਨਾ ਜਗਦਾ ਨਹੀਂ ਰਹਿ ਸਕਦਾ ਹੈ, ਠੀਕ ਉਸੇ ਤਰ੍ਹਾਂ ਮਨੁੱਖ ਦਾ ਆਤਮਕ ਜੀਵਨ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਪਰਫੁੱਲਤ ਨਹੀਂ ਹੋ ਸਕਦਾ ਹੈ। ਮਾਇਆ ਤੇ ਵਿਕਾਰਾਂ ਦੀ ਹਨੇਰੀ ਦੇ ਝੋਂਕੇ ਜਿੰਦ ਨੂੰ ਅਡੋਲ ਨਹੀਂ ਟਿਕਣ ਦਿੰਦੇ, ਮਾਇਆ ਤੇ ਮੋਹ ਦੇ ਅੱਗੇ ਲੋਭੀ ਜੀਵ ਦਾ ਮਨ ਡੋਲ ਜਾਂਦਾ ਹੈ। ਅਕਾਲ ਪੁਰਖੁ ਦੀ ਰਜ਼ਾ ਅਨੁਸਾਰ ਜਗਤ ਦਾ ਨਿਯਮ ਇਹ ਹੈ ਕਿ ਜਿਥੇ ਅਕਾਲ ਪੁਰਖੁ ਦਾ ਨਾਮੁ ਨਹੀਂ, ਉਥੇ ਮਨ ਮਾਇਆ ਅੱਗੇ ਡੋਲ ਜਾਂਦਾ ਹੈ। ਜੇ ਕਰ ਇਹ ਸਰੀਰ ਰੂਪੀ ਦੀਵੇ ਵਿੱਚ ਗੁਰੂ ਦੇ ਸਬਦ ਅਨੁਸਾਰ ਬਣਾਏ ਗਏ ਜੀਵਨ ਦਾ ਤੇਲ ਹੋਵੇ, ਅਕਾਲ ਪੁਰਖੁ ਦੇ ਡਰ ਦੀ ਵੱਟੀ ਪਾ ਦੇਈਏ ਤੇ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਦੀ ਅੱਗ ਲਿਆ ਕੇ ਬਾਲੀਏ ਤੇ ਇਹ ਨਾਮੁ ਰੂਪੀ ਤੇਲ ਨਾਲ ਜਗਦਾ ਹੋਇਆ ਇਹ ਜੀਵਨ ਦਾ ਦੀਵਾ, ਸਦਾ ਚਮਕਦਾ ਰਹਿੰਦਾ ਹੈ। ਅਕਾਲ ਪੁਰਖੁ ਦੇ ਨਾਮੁ ਦਾ ਚਾਨਣ ਕਰਨ ਨਾਲ ਹੀ ਅਕਾਲ ਪੁਰਖੁ ਦੇ ਦਰਸ਼ਨ ਹੋ ਸਕਦੇ ਹਨ। ਜਿਸ ਮਨੁੱਖ ਦੇ ਸਰੀਰ ਵਿੱਚ ਗੁਰੂ ਦੀ ਬਾਣੀ ਦਾ ਉਪਦੇਸ਼ ਵਸ ਜਾਂਦਾ ਹੈ, ਉਸ ਨੂੰ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਸੇਵਾ ਕਰਨ ਨਾਲ ਆਤਮਕ ਆਨੰਦ ਮਿਲਦਾ ਹੈ, ਤੇ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਇਹ ਜਗਤ ਜਿਹੜਾ ਦਿਖਾਈ ਦੇ ਰਿਹਾ ਹੈ, ਉਹ ਸਭ ਨਾਸਵੰਤ ਹੈ। ਇਸ ਲਈ ਦੁਨੀਆਂ ਵਿੱਚ ਆ ਕੇ ਅਕਾਲ ਪੁਰਖੁ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਹੀ ਉਸ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਬੈਠਣ ਲਈ ਥਾਂ ਮਿਲ ਸਕਦੀ ਹੈ। ਜਿਹੜਾ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਲੀਨ ਹੋ ਜਾਂਦਾ ਹੈ, ਉਹ ਨਾਮੁ ਦੀ ਬਰਕਤ ਨਾਲ ਬੇਫ਼ਿਕਰ ਹੋ ਜਾਂਦਾ ਹੈ ਤੇ ਉਸ ਨੂੰ ਕੋਈ ਚਿੰਤਾ ਦਾ ਰੋਗ ਨਹੀਂ ਸਤਾਂਦਾ ਹੈ।

ਬਿਨੁ ਤੇਲ ਦੀਵਾ ਕਿਉ ਜਲੈ॥ ੧॥ ਰਹਾਉ॥ ਪੋਥੀ ਪੁਰਾਣ ਕਮਾਈਐ॥ ਭਉ ਵਟੀ ਇਤੁ ਤਨਿ ਪਾਈਐ॥ ਸਚੁ ਬੂਝਣੁ ਆਣਿ ਜਲਾਈਐ॥ ੨ਇਹੁ ਤੇਲੁ ਦੀਵਾ ਇਉ ਜਲੈ॥ ਕਰਿ ਚਾਨਣੁ ਸਾਹਿਬ ਤਉ ਮਿਲੈ॥ ੧॥ ਰਹਾਉ॥ ਇਤੁ ਤਨਿ ਲਾਗੈ ਬਾਣੀਆ॥ ਸੁਖੁ ਹੋਵੈ ਸੇਵ ਕਮਾਣੀਆ॥ ਸਭ ਦੁਨੀਆ ਆਵਣ ਜਾਣੀਆ॥ ੩॥ ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ ਕਹੁ ਨਾਨਕ ਬਾਹ ਲੁਡਾਈਐ॥ ॥ ੩੩॥ (੨੫-੨੬)

ਜੇਹੜੀ ਗਾਂ ਦੁੱਧ ਨਾ ਦੇਵੇ ਤਾਂ ਉਹ ਗਾਂ ਕਿਸੇ ਕੰਮਦੀ ਨਹੀਂ, ਜੇਹੜੇ ਪੰਛੀ ਦੇ ਖੰਭ ਨਾ ਹੋਣ, ਉਸ ਨੂੰ ਹੋਰ ਕੋਈ ਸਹਾਰਾ ਨਹੀਂ, ਬਨਸਪਤੀ ਪਾਣੀ ਤੋਂ ਬਿਨਾ ਹਰੀ ਨਹੀਂ ਰਹਿ ਸਕਦੀ। ਇਸੇ ਤਰ੍ਹਾਂ ਜਿਸ ਹਿਰਦੇ ਵਿੱਚ ਅਕਾਲ ਪੁਰਖੁ ਦਾ ਨਾਮੁ ਨ ਹੋਵੇ ਉਹ ਇੱਕ ਅਗਿਆਨਤਾ ਦੀ ਹਨੇਰ ਕੋਠੜੀ ਹੀ ਹੈ। ਜਿਹੜੇ ਮਨੁੱਖ ਆਪਣੇ ਸਾਫ ਹਿਰਦੇ ਵਿੱਚ ਗੁਰ ਸ਼ਬਦ ਰੂਪੀ ਬਾਗ਼ ਦੇ ਰੁੱਖ ਲਾਂਦੇ ਹਨ, ਤੇ ਪ੍ਰੇਮ ਰੂਪੀ ਪਾਣੀ ਨਾਲ ਸਿੰਜਦੇ ਹਨ, ਉਹਨਾਂ ਸਭਨਾਂ ਨੂੰ ਅਕਾਲ ਪੁਰਖੁ ਦਾ ਨਾਮੁ ਰੂਪੀ ਫਲ ਲੱਗਦਾ ਹੈ। ਇਸ ਜਗਤ ਦੇ ਸਾਰੇ ਜੀਵ ਅਕਾਲ ਪੁਰਖੁ ਦੇ ਹੀ ਪੈਦਾ ਕੀਤੇ ਹੋਏ ਹਨ, ਤੇ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮਨੁੱਖਾ ਜੀਵਨ ਦਾ ਲਾਭ ਕਿਸੇ ਨੂੰ ਨਹੀਂ ਮਿਲ ਸਕਦਾ। ਜੋ ਵੀ ਜੰਮਿਆ ਹੈ, ਉਸ ਨੂੰ ਕਦੇ ਦੁਖ ਤੇ ਕਦੇ ਸੁਖ ਮਿਲਣਾ ਹੈ, ਇਹ ਸਭ ਤਾਂ ਅਕਾਲ ਪੁਰਖੁ ਦੀ ਰਜ਼ਾ ਅਨੁਸਾਰ ਹੈ, ਪਰੰਤੂ ਦੁਖ ਵਿੱਚ ਜੀਵ ਘਬਰਾ ਜਾਂਦਾ ਹੈ, ਤੇ ਸੁਖਾਂ ਵਿੱਚ ਆਪੇ ਤੋਂ ਬਾਹਰ ਹੋ ਜਾਂਦਾ ਹੈ। ਅਕਾਲ ਪੁਰਖੁ ਦੇ ਨਾਮੁ ਦੀ ਟੇਕ ਤੋਂ ਬਿਨਾ ਜਿੰਦ ਅਡੋਲ ਨਹੀਂ ਰਹਿ ਸਕਦੀ, ਇਸ ਲਈ ਗੁਰੂ ਦੀ ਦੱਸੀ ਮੱਤ ਅਨੁਸਾਰ ਜੀਵਨ ਵਿੱਚ ਵਿਚਰਨਾ ਹੀ ਸਹੀ ਤੇ ਸੁਚੱਜਾ ਢੰਗ ਹੈ।

ਜੇਤੇ ਜੀਅ ਤੇਤੇ ਸਭਿ ਤੇਰੇ ਵਿਣੁ ਸੇਵਾ ਫਲੁ ਕਿਸੈ ਨਾਹੀ॥ ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਵੈ ਜੀਉ ਰਹੈ ਨਾਹੀ॥ ੪॥ (੩੫੪)

ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰ ਵਿੱਚ ਸੁਚੇਤ ਕਰਕੇ ਸਮਝਾਇਆ ਹੈ, ਕਿ ਉਸ ਜੀਭ ਉਪਰ ਲਾਹਨਤ ਹੈ, ਜਿਹੜੀ ਕਿ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰੂ ਦੇ ਸਬਦ ਤੋਂ ਬਿਨਾਂ ਕਿਸੇ ਹੋਰ ਮੰਤ੍ਰ ਨੂੰ ਸਿਮਰਦੀ ਰਹਿੰਦੀ ਹੈ। ਜਿਹੜੇ ਹੱਥ ਪੈਰ ਗੁਰੂ ਦੀ ਮਤਿ ਅਨੁਸਾਰ ਦੱਸੀ ਸੇਵਾ ਛੱਡ ਕੇ ਹੋਰ ਝੂਠੀ ਸੇਵਾ ਕਰਦੇ ਰਹਿੰਦੇ ਹਨ, ਉਹਨਾਂ ਉੱਪਰ ਵੀ ਲਾਹਨਤ ਹੈ। ਪੀਰ ਨਾਲ ਮੁਰੀਦਾਂ ਦੀ ਪ੍ਰੀਤ ਹੀ ਅਸਲੀ ਸਫਲ ਸੇਵਾ ਹੈ, ਤੇ ਮਨੁੱਖ ਨੂੰ ਆਤਮਿਕ ਸੁਖ ਸਿਰਫ ਸਤਿਗੁਰ ਦੀ ਸ਼ਰਣ ਵਿੱਚ ਆ ਕੇ ਹੀ ਮਿਲ ਸਕਦਾ ਹੈ।

ਧ੍ਰਿਗ ਜਿਹਬਾ ਗੁਰ ਸਬਦ ਵਿਣੁ ਹੋਰ ਮੰਤ੍ਰ ਸਿਮਰਣੀ॥ ਵਿਣੁ ਸੇਵਾ ਧ੍ਰਿਗੁ ਹਥ ਪੈਰ ਹੋਰ ਨਿਹਫਲ ਕਰਣੀ॥ ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸਰਣੀ॥ ੧੦॥ (੨੭-੧੦-੬)

ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਸਿਰਫ਼ ਅਕਾਲ ਪੁਰਖੁ ਦੀ ਸੇਵਾ ਭਗਤੀ ਕਰੋ, ਤੇ ਕਿਸੇ ਹੋਰ ਦੇਵੀ ਦੇਵਤੇ ਆਦਿਕ ਦੀ ਸੇਵਾ ਜਾਂ ਪੂਜਾ ਨਾ ਕਰੋ। ਅਕਾਲ ਪੁਰਖੁ ਦੀ ਸੇਵਾ ਭਗਤੀ ਕੀਤਿਆਂ ਮਨ ਚਾਹੇ ਫਲ ਪਾ ਸਕਦੇ ਹਾਂ, ਕਿਸੇ ਹੋਰ ਦੇਵੀ ਦੇਵਤੇ ਆਦਿਕ ਦੀ ਪੂਜਾ ਨਾਲ ਇਹ ਮਨੁੱਖਾ ਜੀਵਨ ਵਿਅਰਥ ਚਲਾ ਜਾਂਦਾ ਹੈ। ਅਕਾਲ ਪੁਰਖੁ ਨਾਲ ਪਿਆਰ ਮੇਰੇ ਜੀਵਨ ਦੀ ਜੁਗਤਿ ਹੈ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਹੀ ਮੇਰੇ ਵਾਸਤੇ ਮਨ ਪਰਚਾਵੇ ਦੀਆਂ ਕਥਾ ਕਹਾਣੀਆਂ ਹਨ। ਮੈਨੂੰ ਅਜੇਹੀ ਸੇਵਾ ਭਗਤੀ ਚੰਗੀ ਲੱਗਦੀ ਹੈ, ਕਿ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਅਕਾਲ ਪੁਰਖੁ ਦੀ ਯਾਦ ਵਿੱਚ ਲੀਨ ਹੋ ਜਾਏ।

ਗੂਜਰੀ ਮਹਲਾ ੩॥ ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ॥ ੧॥ ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ ਹਰਿ ਮੇਰੀ ਕਥਾ ਕਹਾਨੀ ਜੀ॥ ਗੁਰ ਪ੍ਰਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ ਜੀਉ॥ ੧॥ ਰਹਾਉ॥ (੪੯੦)

ਜਿਸ ਤਰ੍ਹਾਂ ਇੱਕ ਬੱਚੇ ਨੂੰ ਪਿਆਰ ਕਰੋ ਤਾਂ ਉਸ ਦੇ ਮਾਤਾ ਪਿਤਾ ਖੁਸ਼ ਹੁੰਦੇ ਹਨ। ਅਕਾਲ ਪੁਰਖੁ ਸਭ ਜੀਵਾਂ ਦਾ ਪਿਤਾ ਤੇ ਮਾਤਾ ਹੈ, ਇਸ ਲਈ ਜਦੋਂ ਉਸ ਦੀ ਸ੍ਰਿਸ਼ਟੀ ਵਿੱਚ ਪੈਦਾ ਕੀਤੀ ਗਈ ਖਲਕਤ ਦੀ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ ਤਾਂ ਅਕਾਲ ਪੁਰਖੁ ਦੀ ਬਖਸ਼ਸ਼ ਤੇ ਖੁਸ਼ੀ ਮਿਲਦੀ ਹੈ। ਨਿਸ਼ਕਾਮ ਸੇਵਾ ਕਰਨ ਨਾਲ ਮਨ ਵਿੱਚ ਨਿਮਰਤਾ ਤੇ ਭਗਤੀ ਭਾਵਨਾ ਪੈਦਾ ਹੁੰਦੀ ਹੈ, ਜਿਸ ਨਾਲ ਮਨੁੱਖ ਦਾ ਹੰਕਾਰ ਘਟਦਾ ਹੈ।

ਗੁਰੂ ਸਾਹਿਬ ਨੇ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੁੰਦਾਂ ਹੈ ਤਾਂ ਉਹ ਮਹਾਵਤ ਦੇ ਕਹੇ ਅਨੁਸਾਰ ਚਲਦਾ ਰਹਿੰਦਾ ਹੈ। ਜਿਵੇਂ ਅਹਰਣ ਹਥੌੜੇ ਹੇਠਾਂ ਆਪਣਾ ਸਿਰ ਰੱਖ ਦਿੰਦੀ ਹੈ, ਤੇ ਤੱਪਿਆ ਹੋਇਆ ਲੋਹਾ ਠੀਕ ਆਕਾਰ ਵਿੱਚ ਬਦਲਣ ਲਗਦਾ ਹੈ। ਇਸੇ ਤਰ੍ਹਾਂ ਆਪਣੇ ਸਰੀਰ ਤੇ ਮਨ ਨੂੰ ਸਤਿਗੁਰੂ ਅੱਗੇ ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰਨੀ ਹੈ ਤਾਂ ਜੋ ਸਾਡੇ ਜੀਵਨ ਦੀ ਸਹੀ ਘਾੜਤ ਹੋ ਸਕੇ। ਜਦੋਂ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਇਸ ਤਰ੍ਹਾਂ ਆਪਣਾ ਆਪ ਗਵਾ ਲੈਂਦਾ ਹੈ, ਤੇ ਗੁਰੂ ਦੀ ਮਤ ਨੂੰ ਅਪਨਾ ਲੈਂਦਾ ਹੈ ਤਾਂ ਸਮਝੋ ਕਿ ਉਸ ਨੇ ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਲੈ ਲਿਆ ਹੈ। ਇੱਕ ਗੁਰਮੁਖਿ ਹੀ ਗੁਰੂ ਦੀ ਮਤ ਅਨੁਸਾਰ ਚਲ ਕੇ ਕੁਦਰਤ ਦੀ ਇਸ ਸਚਾਈ ਨੂੰ ਸਮਝ ਸਕਦਾ ਹੈ, ਜਿਸ ਉਤੇ ਅਕਾਲ ਪੁਰਖੁ ਦੀ ਮਿਹਰ ਦੀ ਨਜਰ ਹੋਵੇ। ਇਸ ਲਈ ਸਿੱਖ ਨੇ ਸੇਵਾ ਕਰਨ ਸਮੇਂ ਆਪਣੇ ਸਰੀਰ ਤੇ ਮਨ ਨੂੰ ਸਬਦ ਗੁਰੂ ਅੱਗੇ ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰਨੀ ਹੈ।

ਸਲੋਕੁ ਮਃ ੩॥ ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ॥ ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ॥ ੧॥ ੧੪॥ (੬੪੭-੪੮)

ਅਕਾਲ ਪੁਰਖੁ ਆਪ ਹੀ ਹਰੇਕ ਜੀਵ ਦੇ ਅੰਦਰ ਅੰਗ ਸੰਗ ਹੋ ਕੇ ਵੱਸਦਾ ਹੈ, ਬਾਹਰ ਸਾਰੇ ਜਗਤ ਵਿੱਚ ਵੀ ਅਕਾਲ ਪੁਰਖੁ ਹੀ ਹਰ ਥਾਂ ਵਸਦਾ ਹੈ। ਫਿਰ ਉਸ ਸਰਬ ਵਿਆਪਕ ਅਕਾਲ ਪੁਰਖੁ ਪਾਸੋਂ ਕਿਹੜਾ ਲੁਕਾਉ ਕੀਤਾ ਜਾ ਸਕਦਾ ਹੈ? ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਉਸ ਅਕਾਲ ਪੁਰਖੁ ਦੀ ਸੇਵਾ ਭਗਤੀ ਬਿਨਾ ਕਿਸੇ ਛਲ ਜਾਂ ਕਪਟ ਨਾਲ ਕਰਨੀ ਚਾਹੀਦੀ ਹੈ, ਤਾਂ ਹੀ ਉਸ ਪਾਸੋਂ ਸਾਰੇ ਸੁਖ ਹਾਸਲ ਕਰ ਸਕਦੇ ਹਾਂ।

ਹਰਿ ਅੰਤਰਿ ਨਾਲੇ ਬਾਹਰਿ ਨਾਲੇ ਕਹੁ ਤਿਸੁ ਪਾਸਹੁ ਮਨ ਕਿਆ ਚੋਰਈਐ॥ ਨਿਹਕਪਟ ਸੇਵਾ ਕੀਜੈ ਹਰਿ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ॥ ॥ (੮੬੧)

ਜੇਹੜਾ ਸੇਵਕ ਸਤਿਗੁਰੂ ਦੀ ਸਿੱਖਿਆ ਲੈਣ ਲਈ ਗੁਰੂ ਦੇ ਘਰ ਵਿੱਚ ਭਾਵ ਗੁਰੂ ਦੇ ਦਰ ਤੇ ਰਹਿੰਦਾ ਹੈ, ਤੇ ਗੁਰੂ ਦਾ ਹੁਕਮੁ ਆਪਣੇ ਮਨ ਵਿੱਚ ਮੰਨਦਾ ਹੈ; ਸਤਿਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਜਿਹੜਾ ਆਪਣੇ ਆਪ ਨੂੰ ਵੱਡਾ ਕਰਕੇ ਨਹੀਂ ਜਤਾਉਂਦਾ, ਅਕਾਲ ਪੁਰਖੁ ਦਾ ਨਾਮੁ ਸਦਾ ਆਪਣੇ ਹਿਰਦੇ ਵਿੱਚ ਧਿਆਉਂਦਾ ਰਹਿੰਦਾ ਹੈ; ਜਿਹੜਾ ਸੇਵਕ ਆਪਣਾ ਮਨ ਸਤਿਗੁਰੂ ਅੱਗੇ ਵੇਚ ਦੇਂਦਾ ਹੈ ਭਾਵ ਗੁਰੂ ਦੇ ਅੱਗੇ ਆਪਣਾ ਮਨ ਅਰਪਨ ਕਰ ਦੇਂਦਾ ਹੈ ਤੇ ਆਪਣੇ ਮਨ ਨੂੰ ਗੁਰੂ ਦੀ ਮਤ ਅਨੁਸਾਰ ਚਲਣ ਲਈ ਕਹਿੰਦਾ ਹੈ, ਫਿਰ ਅਜੇਹੇ ਸੇਵਕ ਦੇ ਸਾਰੇ ਕਾਰਜ ਆਪਣੇ ਆਪ ਸਿਰੇ ਚੜ੍ਹ ਜਾਂਦੇ ਹਨ। ਜਿਹੜਾ ਸੇਵਕ ਗੁਰੂ ਦੀ ਸੇਵਾ ਕਰਦਾ ਹੋਇਆ, ਕਿਸੇ ਤਰ੍ਹਾਂ ਦੇ ਫਲ ਦੀ ਖ਼ਾਹਸ਼ ਆਪਣੇ ਮਨ ਵਿੱਚ ਨਹੀਂ ਰੱਖਦਾ ਹੈ, ਉਸ ਨੂੰ ਮਾਲਿਕ ਅਕਾਲ ਪੁਰਖੁ ਆਪਣੇ ਆਪ ਮਿਲ ਪੈਂਦਾ ਹੈ। ਇਹ ਹਮੇਸ਼ਾਂ ਧਿਆਨ ਵਿੱਚ ਰੱਖਣਾਂ ਹੈ ਕਿ ਉਹੀ ਸੇਵਕ ਸਤਿਗੁਰੂ ਦੀ ਸਿੱਖਿਆ ਪ੍ਰਾਪਤ ਕਰਦਾ ਹੈ, ਜਿਸ ਤੇ ਅਕਾਲ ਪੁਰਖੁ ਆਪਣੀ ਮੇਹਰ ਕਰਦਾ ਹੈ। ਇਸ ਲਈ ਆਪਣਾ ਆਪ ਗੁਰੂ ਅੱਗੇ ਅਰਪਨ ਕਰਕੇ, ਬਿਨਾਂ ਕਾਮਨਾਂ ਦੇ ਸੇਵਾ ਕਰਨੀ ਚਾਹੀਦੀ ਹੈ।

ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ॥ ਗੁਰ ਕੀ ਆਗਿਆ ਮਨ ਮਹਿ ਸਹੈ॥ ਆਪਸ ਕਉ ਕਰਿ ਕਛੁ ਨ ਜਨਾਵੈ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ॥ ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ॥ ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥ ਅਪਨੀ ਕ੍ਰਿਪਾ ਜਿਸੁ ਆਪਿ ਕਰੇਇ॥ ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ॥ ੨॥ (੨੮੬-੨੮੭)

ਜਦੋਂ ਸਤਿਗੁਰੂ ਆਪਣੇ ਸਿੱਖਾਂ ਨੂੰ ਉਪਦੇਸ਼ ਦੇਂਦਾ ਹੈ, ਤਾਂ ਉਹ ਸਿੱਖ ਸਤਿਗੁਰੂ ਦੇ ਉਪਦੇਸ਼ ਨੂੰ ਬੜੇ ਧਿਆਨ ਨਾਲ ਸੁਣਦੇ ਹਨ, ਫਿਰ ਉਹ ਸਿੱਖ ਸਤਿਗੁਰੂ ਦੇ ਭਾਣੇ ਵਿੱਚ ਰਹਿਣਾਂ ਸ਼ੁਰੂ ਕਰ ਦਿੰਦੇ ਹਨ, ਜਿਸ ਸਦਕਾ ਉਹਨਾਂ ਦੇ ਚਿਹਰੇ ਤੇ ਰੌਣਕ ਲੱਗੀ ਰਹਿੰਦੀ ਹੈ। ਜਿਸ ਸੇਵਾ ਨਾਲ ਸਤਿਗੁਰੂ ਦਾ ਮਨ ਸਿੱਖ ਤੇ ਪਤੀਜ ਜਾਏ, ਉਹੀ ਕੀਤੀ ਹੋਈ ਸੇਵਾ ਸਫਲ ਹੁੰਦੀ ਹੈ, ਕਿਉਂਕਿ ਜਦੋਂ ਸਤਿਗੁਰੂ ਦਾ ਮਨ ਪਤੀਜੇ, ਤਾਂ ਮਨੁੱਖ ਦੇ ਮਨ ਅੰਦਰੋਂ ਵਿਕਾਰ ਆਪਣੇ ਆਪ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਹਮੇਸ਼ਾਂ ਧਿਆਨ ਵਿੱਚ ਰੱਖਣਾਂ ਹੈ ਕਿ ਸਤਿਗੁਰੂ ਦੀ ਸਿਖਿਆ ਅਨੁਸਾਰ ਕੀਤੀ ਹੋਈ ਸੇਵਾ ਹੀ ਸਫਲ ਹੋ ਸਕਦੀ ਹੈ।

ਪਉੜੀ॥ ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ॥ ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ॥ (੩੧੪)

ਜਿਹੜਾ ਮਨੁੱਖ ਕੋਈ ਕੰਮ ਬੱਧਾ ਚਟੀ ਭਾਵ ਔਖਾ ਹੋ ਕੇ ਤੇ ਖਿਝ ਕੇ ਕਰਦਾ ਰਹੇ, ਉਸ ਦਾ ਲਾਭ ਨਾ ਤਾਂ ਉਸ ਨੂੰ ਆਪਣੇ ਆਪ ਨੂੰ ਹੁੰਦਾ ਹੈ ਤੇ ਨਾ ਹੀ ਕਿਸੇ ਹੋਰ ਨੂੰ ਹੁੰਦਾ ਹੈ। ਉਹੀ ਕੰਮ ਸਿਰੇ ਚੜ੍ਹਿਆ ਸਮਝੋ ਜਿਹੜਾ ਆਪਣੀ ਮਨ ਦੀ ਇਛਾ ਤੇ ਅੰਦਰੂਨੀ ਖ਼ੁਸ਼ੀ ਨਾਲ ਕੀਤਾ ਜਾਵੇ। ਇਸ ਲਈ ਸਤਿਗੁਰੂ ਦੀ ਸੇਵਾ ਖਿੜੇ ਮੱਥੇ ਪੂਰੀ ਲਗਨ ਲਗਾ ਕੇ ਕਰਨੀ ਹੈ।

ਮਃ ੨॥ ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ॥ ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ॥ ॥ (੭੮੭)

ਗੁਰੂ ਦੀ ਦੱਸੀ ਸਿੱਖਿਆ ਮਾਇਆ ਦੇ ਬੰਧਨਾਂ ਨੂੰ ਤੋੜਦੀ ਹੈ ਤੇ ਮਨੁੱਖ ਨੂੰ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਮਿਲ ਜਾਂਦੀ ਹੈ, ਅਜੇਹਾ ਕਰਨ ਨਾਲ ਮਨੁੱਖ ਸੱਚੇ ਅਕਾਲ ਪੁਰਖੁ ਦੇ ਚਰਨਾਂ ਵਿੱਚ ਸਮਾਇਆ ਰਹਿੰਦਾ ਹੈ। ਜੇ ਕੋਈ ਮਨੁੱਖ ਚਿੱਤ ਲਗਾ ਕੇ ਸਤਿਗੁਰੂ ਦੀ ਸੇਵਾ ਕਰੇ, ਤਾਂ ਸਤਿਗੁਰੂ ਦੀ ਦੱਸੀ ਸੇਵਾ ਦਾ ਫਲ ਜ਼ਰੂਰ ਮਿਲਦਾ ਹੈ। ਚਿੱਤ ਲਗਾ ਕੇ ਸੇਵਾ ਕਰਨ ਨਾਲ ਮਨੁੱਖ ਦੇ ਮਨ ਵਿਚੋਂ ਹੰਕਾਰ ਦੂਰ ਹੁੰਦਾ ਹੈ, ਤੇ ਉਸ ਨੂੰ ਮਨ ਚਾਹਿਆ ਫਲ ਪ੍ਰਾਪਤ ਹੁੰਦਾ ਹੈ। ਇਸ ਲਈ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਸਤਿਗੁਰੂ ਦੀ ਸਿਖਿਆ ਅਨੁਸਾਰ ਚਿਤ ਲਾ ਕੇ ਸੇਵਾ ਕਰਨੀ ਚਾਹੀਦੀ ਹੈ।

ਸਲੋਕੁ ਮਃ ੩॥ ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ॥ (੬੪੪)

ਸਾਰੇ ਜੀਵ ਅਕਾਲ ਪੁਰਖੁ ਦੇ ਪੈਦਾ ਕੀਤੇ ਹੋਏ ਹਨ, ਫਿਰ ਕਿਸ ਨੂੰ ਚੰਗਾ ਆਖਿਆ ਜਾ ਸਕਦਾ ਹੈ ਤੇ ਕਿਸ ਨੂੰ ਮੰਦਾ ਆਖਿਆ ਜਾ ਸਕਦਾ ਹੈ? ਅਕਾਲ ਪੁਰਖੁ ਦੀ ਯਾਦ ਮਨ ਵਿੱਚ ਵਸਾਣ ਵਾਲੇ ਮਨੁੱਖ ਨੂੰ ਸਭ ਜੀਵ ਅਕਾਲ ਪੁਰਖੁ ਦੇ ਪੈਦਾ ਕੀਤੇ ਹੋਏ ਦਿਸਦੇ ਹਨ। ਜੇਕਰ ਅਕਾਲ ਪੁਰਖੁ ਮੇਰੇ ਮਨ ਵਿਚੋਂ ਭੁੱਲ ਜਾਏਂ ਤਾਂ ਹਰੇਕ ਜੀਵ ਮੈਨੂੰ ਵੈਰੀ ਜਾਪਦਾ ਹੈ, ਪਰ ਜੇ ਅਕਾਲ ਪੁਰਖੁ ਮੇਰੇ ਚਿੱਤ ਵਿੱਚ ਵੱਸ ਜਾਵੇ ਤਾਂ ਹਰੇਕ ਜੀਵ ਮੈਨੂੰ ਆਪਣਾ ਜਾਪਦਾ ਹੈ। ਅਕਾਲ ਪੁਰਖੁ ਨੂੰ ਆਪਣੇ ਚਿੱਤ ਵਿੱਚ ਵਸਾਣਾ ਹੀ ਅਸਲੀ ਸੇਵਾ ਹੈ। ਜਦੋਂ ਅਕਾਲ ਪੁਰਖੁ ਮੇਰੇ ਚਿੱਤ ਵਿੱਚ ਵੱਸ ਜਾਂਦਾ ਹੈ ਤਾਂ ਫਿਰ ਸਦਾ ਕਾਇਮ ਰਹਿਣ ਵਾਲੇ ਅਲੱਖ ਤੇ ਅਭੇਵ ਅਕਾਲ ਪੁਰਖੁ ਦੇ ਬਰਾਬਰ ਦਾ ਮੈਨੂੰ ਜਗਤ ਵਿੱਚ ਹੋਰ ਕੋਈ ਦੂਸਰਾ ਨਹੀਂ ਦਿਖਾਈ ਦਿੰਦਾ ਹੈ।

ਆਸਾ ਮਹਲਾ ੫॥ ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ॥ ਅਵਰੁ ਨ ਕੋਊ ਦੂਜਾ ਸੂਝੈ ਸਾਚੇ ਅਲਖ ਅਭੇਵਾ॥ ੧॥ (੩੮੩)

ਅਕਾਲ ਪੁਰਖੁ ਨਾਲ ਪਿਆਰ ਪਾਇਆਂ ਮਨੁੱਖ ਦੇ ਅੰਦਰ ਇੱਕ ਅਚਰਜ ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਮਨੁੱਖ ਦੇ ਅੰਦਰੋਂ ਹੰਕਾਰ ਮੁੱਕ ਜਾਂਦਾ ਹੈ, ਮਨ ਪਵਿਤਰ ਹੋ ਜਾਂਦਾ ਹੈ, ਤੇ ਮਨੁੱਖ ਦੀ ਸੁਰਤਿ ਅਕਾਲ ਪੁਰਖੁ ਵਿੱਚ ਲੀਨ ਰਹਿੰਦੀ ਹੈ। ਪਰੰਤੂ ਚੰਗੀ ਕਿਸਮਤ ਤੋਂ ਬਿਨਾ ਅਜੇਹਾ ਗੁਰੂ ਨਹੀਂ ਮਿਲਦਾ, ਜਿਸ ਦੇ ਮਿਲਿਆਂ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਵਾਲੀ ਕੂੜ ਦੀ ਕੰਧ ਟੁਟ ਜਾਏ। ਜਦੋਂ ਇਹ ਕੰਧ ਨਿਕਲ ਜਾਂਦੀ ਹੈ, ਤਾਂ ਹਰੀ ਨਾਲ ਮਿਲਾਪ ਹੋ ਜਾਂਦਾ ਹੈ ਤੇ ਮਨੁੱਖ ਨੂੰ ਸਦਾ ਲਈ ਆਨੰਦ ਪ੍ਰਾਪਤ ਹੋ ਜਾਂਦਾ ਹੈ। ਜਿਸ ਸੇਵਕ ਨੂੰ ਇਹੋ ਜਿਹਾ ਗੁਰੂ ਮਿਲ ਪੈਂਦਾ ਹੈ, ਉਹ ਸੇਵਕ ਗੁਰੂ ਦੀ ਅਜੇਹੀ ਸੇਵਾ ਕਰਦਾ ਹੈ ਕਿ ਉਹ ਸੇਵਕ ਗੁਰੂ ਦੀ ਮਰਜ਼ੀ ਨੂੰ ਆਪਣੇ ਚਿੱਤ ਵਿੱਚ ਸਦਾ ਲਈ ਟਿਕਾ ਲੈਂਦਾ ਹੈ, ਤੇ ਹਮੇਸ਼ਾਂ ਗੁਰੂ ਦੇ ਹੁਕਮੁ ਵਿੱਚ ਚਲਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਇਹੋ ਜਿਹੇ ਗੁਰੂ ਦੀ ਸਰਨ ਵਿੱਚ ਪੈਣਾ ਚਾਹੀਦਾ ਹੈ, ਜਿਸ ਦੀ ਸਰਨ ਪਿਆਂ ਅਕਾਲ ਪੁਰਖੁ ਨਾਲ ਪਿਆਰ ਪੈਦਾ ਹੋ ਜਾਏ, ਤੇ ਹੋਰ ਮਾਇਆ ਮੋਹ ਦਾ ਪਿਆਰ ਸਭ ਕੁੱਝ ਭੁਲ ਜਾਏ। ਗੁਰੂ ਅਜੇਹਾ ਹੋਣਾਂ ਚਾਹੀਦਾ ਹੈ, ਜਿਸ ਦੀ ਸਰਨ ਪਿਆਂ ਅਕਾਲ ਪੁਰਖੁ ਨਾਲ ਚਿੱਤ ਸਦਾ ਜੁੜਿਆ ਰਹੇ, ਤੇ ਇਹੋ ਜਿਹੇ ਆਤਮਕ ਜੀਵਨ ਦਾ ਦਰਜਾ ਮਿਲ ਜਾਏ, ਜਿਸ ਕਰਕੇ ਕਦੇ ਬੁਢਾਪੇ ਦਾ ਡਰ ਨਾ ਰਹੇ, ਤੇ ਮਨੁੱਖ ਦਾ ਆਤਮਕ ਬਲ ਕਦੇ ਵੀ ਕਮਜ਼ੋਰ ਨਾ ਹੋਵੇ।

ਐਸਾ ਸਤਿਗੁਰੁ ਸੇਵੀਐ ਮਨਾ ਜਿਤੁ ਸੇਵਿਐ ਗੋਵਿਦ ਪ੍ਰੀਤਿ ਊਪਜੈ ਅਵਰ ਵਿਸਰਿ ਸਭ ਜਾਇ॥ ਹਰਿ ਸੇਤੀ ਚਿਤੁ ਗਹਿ ਰਹੈ ਜਰਾ ਕਾ ਭਉ ਨ ਹੋਵਈ ਜੀਵਨ ਪਦਵੀ ਪਾਇ॥ ੧॥ ਰਹਾਉ॥ (੪੯੦)

ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਿਆਂ ਹੀ ਵਿਕਾਰਾਂ ਤੋਂ ਖ਼ਲਾਸੀ ਹੁੰਦੀ ਹੈ, ਪਰੰਤੂ ਇਹ ਨਾਮੁ ਗੁਰੂ ਪਾਸੋਂ ਹੀ ਮਿਲ ਸਕਦਾ ਹੈ, ਇਸ ਲਈ ਆਪਣੀ ਹਉਮੈ ਤਿਆਗ ਕੇ ਗੁਰੂ ਦੀ ਸਰਨ ਵਿੱਚ ਰਹਿਣਾ ਹੈ। ਜਿਹੜਾ ਅਕਾਲ ਪੁਰਖੁ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੋ ਰਿਹਾ ਹੈ, ਉਹ ਤੇ ਸਤਿਗੁਰੂ ਇੱਕ ਰੂਪ ਹਨ। ਗੁਰੂ ਸਾਹਿਬ ਇੱਕ ਭਰਾ ਦੀ ਤਰ੍ਹਾਂ ਸੰਬੋਧਨ ਕਰਕੇ ਸਮਝਾਂਦੇ ਹਨ, ਕਿ ਸਤਿਗੁਰੂ ਦੀ ਸੇਵਾ ਜ਼ਰੂਰ ਫਲ ਦੇਂਦੀ ਹੈ, ਕਿਉਂਕਿ ਜੇਕਰ ਸਤਿਗੁਰੂ ਪ੍ਰਸੰਨ ਹੋ ਜਾਏ, ਤਾਂ ਉਹ ਅਕਾਲ ਪੁਰਖੁ ਮਿਲ ਪੈਂਦਾ ਹੈ, ਜੋ ਸਭ ਵਿੱਚ ਵਿਆਪਕ ਹੈ, ਜੋ ਅਦ੍ਰਿਸ਼ਟ ਹੈ, ਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।

ਭਾਈ ਰੇ ਸਾਚੀ ਸਤਿਗੁਰ ਸੇਵ॥ ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ॥ ੧॥ ਰਹਾਉ॥ (੫੨, ੫੩)

ਜਿਹੜਾ ਸੇਵਕ ਇੱਕ ਅਕਾਲ ਪੁਰਖੁ ਦੇ ਨਾਮੁ ਵਿੱਚ ਟਿਕਿਆ ਰਹਿੰਦਾ ਹੈ, ਉਸ ਦੀ ਆਸ ਕਦੇ ਖ਼ਾਲੀ ਨਹੀਂ ਜਾਂਦੀ। ਸੇਵਕ ਨੂੰ ਇਹੀ ਫੱਬਦਾ ਹੈ ਕਿ ਉਹ ਸਭ ਦੀ ਸੇਵਾ ਕਰੇ। ਅਕਾਲ ਪੁਰਖੁ ਦਾ ਹੁਕਮੁ ਤੇ ਉਸ ਦੀ ਰਜ਼ਾ ਸਮਝ ਕੇ ਸੇਵਕ ਨੂੰ ਬਹੁਤ ਉੱਚਾ ਦਰਜਾ ਮਿਲ ਜਾਂਦਾ ਹੈ। ਜਿਨ੍ਹਾਂ ਸੇਵਕਾਂ ਦੇ ਮਨ ਵਿੱਚ ਅਕਾਲ ਪੁਰਖੁ ਵੱਸਦਾ ਹੈ, ਉਹਨਾਂ ਨੂੰ ਅਕਾਲ ਪੁਰਖੁ ਦੇ ਨਾਮੁ ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਸੁੱਝਦਾ, ਮਾਇਆ ਦੇ ਬੰਧਨ ਤੋੜ ਕੇ ਉਹ ਨਿਰਵੈਰ ਹੋ ਜਾਂਦੇ ਹਨ ਤੇ ਹਰ ਵੇਲੇ ਸਤਿਗੁਰੂ ਦੇ ਚਰਨ ਪੂਜਦੇ ਰਹਿੰਦੇ ਹਨ। ਅਜੇਹੇ ਮਨੁੱਖ ਇਸ ਜਨਮ ਵਿੱਚ ਸੁਖੀ ਹੋ ਜਾਂਦੇ ਹਨ, ਤੇ ਪਰਲੋਕ ਵਿੱਚ ਵੀ ਉਹ ਸੌਖੇ ਰਹਿੰਦੇ ਹਨ, ਕਿਉਂਕਿ ਅਕਾਲ ਪੁਰਖੁ ਆਪ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਇਸ ਲਈ ਸਤਿਗੁਰੂ ਦੀ ਸੇਵਾ ਨੂੰ ਸਮਝਣ ਲਈ ਤੇ ਸੇਵਾ ਨੂੰ ਕਰਨ ਲਈ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣਾ ਬਹੁਤ ਜਰੂਰੀ ਹੈ।

ਜਨੁ ਲਾਗਾ ਹਰਿ ਏਕੈ ਨਾਇ॥ ਤਿਸ ਕੀ ਆਸ ਨ ਬਿਰਥੀ ਜਾਇ॥ ਸੇਵਕ ਕਉ ਸੇਵਾ ਬਨਿ ਆਈ॥ ਹੁਕਮੁ ਬੂਝਿ ਪਰਮ ਪਦੁ ਪਾਈ॥ ਇਸ ਤੇ ਊਪਰਿ ਨਹੀ ਬੀਚਾਰੁ॥ ਜਾ ਕੈ ਮਨਿ ਬਸਿਆ ਨਿਰੰਕਾਰੁ॥ ਬੰਧਨ ਤੋਰਿ ਭਏ ਨਿਰਵੈਰ॥ ਅਨਦਿਨੁ ਪੂਜਹਿ ਗੁਰ ਕੇ ਪੈਰ॥ ਇਹ ਲੋਕ ਸੁਖੀਏ ਪਰਲੋਕ ਸੁਹੇਲੇ॥ ਨਾਨਕ ਹਰਿ ਪ੍ਰਭਿ ਆਪਹਿ ਮੇਲੇ॥ ੪॥ (੨੯੨, ੨੯੩)

ਗੁਰੂ ਸਾਹਿਬ ਚਿਤਾਵਨੀ ਦੇ ਕੇ ਸਮਝਾਂਦੇ ਹਨ, ਕਿ ਜਿਨ੍ਹਾਂ ਮਨੁੱਖਾਂ ਨੇ ਕਦੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਜਿਨ੍ਹਾਂ ਨੇ ਗੁਰੂ ਦਾ ਸ਼ਬਦ ਕਦੇ ਆਪਣੇ ਹਿਰਦੇ ਵਿੱਚ ਟਿਕਾ ਕੇ ਨਹੀਂ ਰੱਖਿਆ, ਉਹ ਕਾਹਦੇ ਲਈ ਇਸ ਜਗਤ ਵਿੱਚ ਆਏ ਹਨ? ਉਹਨਾਂ ਦਾ ਮਨੁੱਖਾ ਜੀਵਨ ਦਾ ਸਮਾਂ ਫਿਟਕਾਰਨ ਜੋਗ ਹੈ, ਉਹ ਸਾਰੀ ਉਮਰ ਅਜੇਹੇ ਕੰਮ ਹੀ ਕਰਦੇ ਰਹਿੰਦੇ ਹਨ, ਜਿਨ੍ਹਾਂ ਕਰਕੇ ਉਹਨਾਂ ਨੂੰ ਜਗਤ ਵਿੱਚ ਫਿਟਕਾਰਾਂ ਹੀ ਪੈਂਦੀਆਂ ਹਨ।

ਸਤਿਗੁਰੂ ਨ ਸੇਵਿਓ ਸਬਦੁ ਨ ਰਖਿਓ ਉਰ ਧਾਰਿ॥ ਧਿਗੁ ਤਿਨਾ ਕਾ ਜੀਵਿਆ ਕਿਤੁ ਆਏ ਸੰਸਾਰਿ (੧੪੧੪)

ਜਿਸ ਮਨੁੱਖ ਨੇ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੱਤਾ, ਉਹ ਮਨੁੱਖ ਪਵਿਤਰ ਜੀਵਨ ਵਾਲਾ ਬਣ ਜਾਂਦਾ ਹੈ। ਗੁਰੂ ਦੇ ਸ਼ਬਦ ਵਿੱਚ ਰੰਗੇ ਹੋਏ ਮਨੁੱਖ ਦੀ ਜੀਭ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੀ ਰਹਿੰਦੀ ਹੈ, ਤੇ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੇ ਦਰ ਤੇ ਇੱਜ਼ਤ ਪ੍ਰਾਪਤ ਕਰਦਾ ਰਹਿੰਦਾ ਹੈ। ਗੁਰੂ ਦੇ ਸ਼ਬਦ ਵਿੱਚ ਜੁੜਿਆ ਮਨੁੱਖ ਵਿਕਾਰਾਂ ਦਾ ਪ੍ਰਭਾਵ ਆਪਣੇ ਉੱਪਰ ਨਹੀਂ ਪੈਣ ਦਿੰਦਾ। ਪੰਡਿਤ ਧਰਮ ਪੁਸਤਕਾਂ ਪੜ੍ਹ ਕੇ ਹੋਰਨਾਂ ਨੂੰ ਮੱਤਾਂ ਦੇਂਦਾ ਹੈ, ਪਰ ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਨਾਲ ਉਸ ਦਾ ਆਪਣਾ ਹਿਰਦਾ ਘਰ ਸੜ ਰਿਹਾ ਹੈ, ਜਿਸ ਬਾਰੇ ਉਸ ਨੂੰ ਪਤਾ ਹੀ ਨਹੀਂ ਲੱਗ ਰਿਹਾ। ਗੁਰੂ ਦੀ ਸਰਨ ਵਿੱਚ ਆਉਂਣ ਤੋਂ ਬਿਨਾ ਅਕਾਲ ਪੁਰਖੁ ਦਾ ਨਾਮੁ ਨਹੀਂ ਮਿਲ ਸਕਦਾ, ਤੇ ਨਾਮੁ ਤੋਂ ਬਿਨਾ ਮਨੁੱਖ ਦੇ ਹਿਰਦੇ ਵਿੱਚ ਠੰਢ ਨਹੀਂ ਪੈ ਸਕਦੀ। ਪੰਡਿਤ ਲੋਕ ਹੋਰਨਾਂ ਨੂੰ ਉਪਦੇਸ਼ ਕਰਨ ਲਈ ਧਰਮ ਪੁਸਤਕਾਂ ਪੜ੍ਹ ਪੜ੍ਹ ਕੇ ਥੱਕ ਗਏ, ਪਰੰਤੂ ਉਹਨਾਂ ਦੇ ਆਪਣੇ ਹਿਰਦੇ ਅੰਦਰ ਸ਼ਾਂਤੀ ਪੈਦਾ ਨਹੀਂ ਹੋਈ।

ਪੜਿ ਪੰਡਿਤੁ ਅਵਰਾ ਸਮਝਾਏ॥ ਘਰ ਜਲਤੇ ਕੀ ਖਬਰਿ ਨ ਪਾਏ॥ ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਪੜਿ ਥਾਕੇ ਸਾਂਤਿ ਨ ਆਈ ਹੇ॥ ੫॥ (੧੦੪੫)

ਅਜੇਹਾ ਬੰਦਾ ਜੋਗੀ ਅਖਵਾਣ ਦਾ ਹੱਕਦਾਰ ਹੋ ਸਕਦਾ ਹੈ, ਜਿਹੜਾ ਜੀਵਨ ਦੀ ਸਹੀ ਜੁਗਤਿ ਸਮਝਦਾ ਹੈ। ਜੀਵਨ ਦੀ ਸਹੀ ਜੁਗਤਿ ਇਹ ਹੈ ਕਿ ਮਨੁੱਖ ਆਪਣੇ ਪੰਜਾਂ ਵਿਕਾਰਾਂ ਨੂੰ ਕਾਬੂ ਕਰਕੇ, ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾਏ। ਅਸਲ ਜੋਗੀ ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਵਿਚਾਰ ਬਣਾਂਦਾ ਹੈ। ਹਉਮੈ ਨੂੰ ਆਪਣੇ ਅੰਦਰੋਂ ਮਾਰਦਾ ਹੈ। ਇਸ ਲਈ ਗੁਰ ਦੇ ਸਬਦੁ ਦੀ ਵੀਚਾਰੁ ਹੀ ਅਸਲੀ ਜਪ, ਤਪ, ਸੰਜਮ ਤੇ ਪਾਠ ਹੈ, ਤੇ ਗੁਰੂ ਦੇ ਸਬਦੁ ਦੀ ਵੀਚਾਰੁ ਹੀ ਅਸਲੀ ਸੇਵਾ ਹੈ।

ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥ ੭(੨੨੩)

ਅਕਾਲ ਪੁਰਖੁ ਬਹੁਤ ਹੀ ਪਵਿਤਰ ਸਰੂਪ ਹੈ, ਪਰੰਤੂ ਸ਼ਬਦ ਗੁਰੂ ਦੀ ਸਰਨ ਵਿੱਚ ਆਉਂਣ ਤੋਂ ਬਿਨਾ ਉਸ ਨਾਲ ਮਿਲਾਪ ਨਹੀਂ ਹੋ ਸਕਦਾ। ਜੇਹੜਾ ਮਨੁੱਖ ਧਾਰਮਿਕ ਪੁਸਤਕਾਂ ਦਾ ਨਿਰਾ ਪਾਠ ਹੀ ਪੜ੍ਹਦਾ ਰਹਿੰਦਾ ਹੈ, ਉਹ ਅਕਾਲ ਪੁਰਖੁ ਦੇ ਭੇਤ ਨੂੰ ਨਹੀਂ ਸਮਝ ਸਕਦਾ, ਤੇ ਨਿਰੇ ਧਾਰਮਿਕ ਭੇਖਾਂ ਕਰਕੇ ਭਟਕਣਾ ਵਿੱਚ ਪਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਦੁਆਰਾ ਹੀ ਅਕਾਲ ਪੁਰਖੁ ਦਾ ਨਾਮੁ ਸਿਮਰਿਆ ਜਾ ਸਕਦਾ ਹੈ, ਗੁਰੂ ਦੇ ਸ਼ਬਦ ਦੁਆਰਾ ਹੀ ਅਕਾਲ ਪੁਰਖੁ ਵਿੱਚ ਲੀਨ ਰਹਿ ਸਕਦੇ ਹਾਂ। ਗੁਰੂ ਦੇ ਸ਼ਬਦ ਦੁਆਰਾ ਹੀ ਹਉਮੈਂ ਮਨ ਵਿਚੋਂ ਮਾਰੀ ਜਾ ਸਕਦੀ ਹੈ, ਗੁਰੂ ਦੇ ਸ਼ਬਦ ਦੁਆਰਾ ਹੀ ਮਾਇਆ ਦੀ ਪ੍ਰੇਰਨਾ ਤੋਂ ਪੈਦਾ ਹੋਈ ਭਟਕਣਾ ਦੂਰ ਹੋ ਸਕਦੀ ਹੈ। ਗੁਰੂ ਦੇ ਸ਼ਬਦ ਦੁਆਰਾ ਭਗਤੀ ਕਰਨ ਨਾਲ ਹੀ ਮਨੁੱਖ ਦੇ ਮਨ ਵਿੱਚ ਅਕਾਲ ਪੁਰਖੁ ਵੱਸ ਸਕਦਾ ਹੈ, ਤੇ ਆਤਮਕ ਅਡੋਲਤਾ ਪ੍ਰਾਪਤ ਹੋ ਸਕਦੀ ਹੈ। ਗੁਰੂ ਦੇ ਸ਼ਬਦ ਦੁਆਰਾ ਹੀ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕੀਤੀ ਜਾ ਸਕਦੀ ਹੈ। ਇਸ ਲਈ ਗੁਰੂ ਸਾਹਿਬ ਸਮਝਾਂਦੇ ਹਨ, ਕਿ ਹੇ ਭਾਈ! ਅਕਾਲ ਪੁਰਖੁ ਦੇ ਸੇਵਕਾਂ ਦਾ ਵੀ ਸੇਵਕ ਬਣ ਜਾ, ਕਿਉਂਕਿ ਗੁਰੂ ਦੀ ਅਸਲੀ ਸੇਵਾ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਕੀਤੀ ਗਈ ਭਗਤੀ ਹੀ ਹੈ, ਪਰੰਤੂ ਇਹ ਦਾਤ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਹੀ ਮਿਲਦੀ ਹੈ।

ਭਾਈ ਰੇ ਦਾਸਨਿ ਦਾਸਾ ਹੋਇ॥ ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ॥ ੧॥ ਰਹਾਉ॥ (੬੬)

ਗੁਰਦੁਆਰਾ ਸਾਹਿਬ ਵਿੱਚ ਲੋਕ ਮੰਗਾਂ ਤਾਂ ਬਹੁਤ ਤਰ੍ਹਾਂ ਦੀਆਂ ਮੰਗਦੇ ਹਨ, ਪਰੰਤੂ ਅਸੀਂ ਜਿਸ ਤਰ੍ਹਾਂ ਦੀਆਂ ਮੰਗਾਂ ਮੰਗਾਂਗੇ ਫਲ ਵੀ ਸਾਨੂੰ ਉਸ ਦੇ ਅਨੁਸਾਰ ਹੀ ਮਿਲਣਗੇ। ਜੇ ਕੋਈ ਮਨੁੱਖ ਚਾਰ ਪਦਾਰਥ ਭਾਵ ਧਰਮ, ਅਰਥ, ਕਾਮ, ਮੋਖ ਆਦਿ ਚਾਹੁੰਦਾ ਹੈ, ਤਾਂ ਉਸ ਨੂੰ ਚਾਹੀਦਾ ਹੈ ਕਿ ਗੁਰਮੁਖਾਂ ਦੀ ਸੇਵਾ ਵਿੱਚ ਲੱਗ ਜਾਵੇ। ਜੇ ਕੋਈ ਮਨੁੱਖ ਆਪਣਾ ਦੁਖ ਮਿਟਾਣਾ ਚਾਹੁੰਦਾ ਹੈ, ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਸਦਾ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾਈ ਰੱਖੇ, ਭਾਵ ਉਹ ਸਦਾ ਅਕਾਲ ਪੁਰਖੁ ਗੁਣ ਗਾਇਨ ਕਰਦਾ ਰਹੇ। ਜੇ ਕੋਈ ਮਨੁੱਖ ਆਪਣੀ ਸੋਭਾ ਤੇ ਵਡਿਆਈ ਚਾਹੁੰਦਾ ਹੈ, ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਸਤਿਸੰਗਤ ਵਿੱਚ ਰਹਿ ਕੇ ਆਪਣੇ ਹਉਮੈ ਦਾ ਤਿਆਗ ਕਰੇ। ਜੇ ਕੋਈ ਮਨੁੱਖ ਜਨਮ ਮਰਨ ਦੇ ਚਕਰ ਤੋਂ ਡਰਦਾ ਹੋਵੇ, ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਸਬਦ ਗੁਰੂ ਦੀ ਸਰਨ ਵਿੱਚ ਪਿਆ ਰਹੇ। ਪਰੰਤੂ ਸੱਭ ਤੋਂ ਉਤਮ ਮੰਗ ਹੈ, ਕਿ ਮਨੁੱਖ ਦੇ ਮਨ ਅੰਦਰ ਅਕਾਲ ਪੁਰਖੁ ਦੇ ਦਰਸ਼ਨਾਂ ਦੀ ਪਿਆਸ ਹੋਵੇ। ਗੁਰੂ ਸਾਹਿਬ ਤਾਂ ਇਥੋਂ ਤਕ ਸਮਝਾਂਦੇ ਹਨ, ਕਿ ਜਿਸ ਮਨੁੱਖ ਦੇ ਮਨ ਅੰਦਰ ਅਕਾਲ ਪੁਰਖੁ ਦੇ ਦਰਸ਼ਨਾਂ ਦੀ ਪਿਆਸ ਹੈ, ਮੈਂ ਤਾਂ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹਾਂ।

ਚਾਰਿ ਪਦਾਰਥ ਜੇ ਕੋ ਮਾਗੈ॥ ਸਾਧ ਜਨਾ ਕੀ ਸੇਵਾ ਲਾਗੈ॥ ਜੇ ਕੋ ਆਪੁਨਾ ਦੂਖੁ ਮਿਟਾਵੈ॥ ਹਰਿ ਹਰਿ ਨਾਮੁ ਰਿਦੈ ਸਦ ਗਾਵੈ॥ ਜੇ ਕੋ ਆਪੁਨੀ ਸੋਭਾ ਲੋਰੈ॥ ਸਾਧਸੰਗਿ ਇਹ ਹਉਮੈ ਛੋਰੈ॥ ਜੇ ਕੋ ਜਨਮ ਮਰਣ ਤੇ ਡਰੈ॥ ਸਾਧ ਜਨਾ ਕੀ ਸਰਨੀ ਪਰੈ॥ ਜਿਸੁ ਜਨ ਕਉ ਪ੍ਰਭ ਦਰਸ ਪਿਆਸਾ॥ ਨਾਨਕ ਤਾ ਕੈ ਬਲਿ ਬਲਿ ਜਾਸਾ॥  ॥ (੨੬੬)

ਗੁਰੂ ਸਾਹਿਬ ਸਮਝਾਂਦੇ ਹਨ, ਕਿ ਜੇਕਰ ਤੂੰ ਸਬਦ ਗੁਰੂ ਦੀ ਦੱਸੀ ਸੇਵਾ ਅਨੁਸਾਰ ਅਕਾਲ ਪੁਰਖੁ ਦੀ ਭਜਨ ਬੰਦਗੀ ਕਰਦਾ ਰਹੇਂਗਾ, ਤਾਂ ਹੀ ਇਹ ਮਨੁੱਖਾ ਸਰੀਰ ਮਿਲਿਆ ਸਫਲ ਸਮਝ। ਇਸ ਮਨੁੱਖਾ ਸਰੀਰ ਦੀ ਖ਼ਾਤਰ ਤਾਂ ਦੇਵਤੇ ਵੀ ਭਜਨ ਬੰਦਗੀ ਕਰਦੇ ਰਹਿੰਦੇ ਹਨ। ਤੈਨੂੰ ਇਹ ਮਨੁੱਖਾ ਸਰੀਰ ਵੱਡੇ ਭਾਗਾਂ ਨਾਲ ਮਿਲਿਆ ਹੈ, ਇਸ ਲਈ ਇਸ ਮਨੁੱਖਾ ਜਨਮ ਨੂੰ ਸਬਦ ਗੁਰੂ ਦੁਆਰਾ ਅਕਾਲ ਪੁਰਖੁ ਦੀ ਭਜਨ ਬੰਦਗੀ ਰਾਹੀਂ ਸੇਵਾ ਕਰਨ ਲਈ ਅਰਪਨ ਕਰ ਦੇ। ਇਹ ਸੇਵਾ ਦਾ ਕਾਰਜ ਬਚਪਨ ਤੇ ਜਵਾਨੀ ਵਿੱਚ ਹੀ ਆਰੰਭ ਕਰ ਦੇਣਾ ਚਾਹੀਦਾ ਹੈ, ਕਿਉਂਕਿ ਬੁਢੇਪੇ ਵਿੱਚ ਸਰੀਰਕ ਰੋਗ ਹੋ ਸਕਦਾ ਹੈ, ਤੇ ਜ਼ਬਾਨ ਥਿੜਕਣ ਲੱਗ ਸਕਦੀ ਹੈ। ਇਸ ਲਈ ਜੇਕਰ ਸਮਾਂ ਲੰਘ ਗਿਆ ਤਾਂ ਫਿਰ ਅਫ਼ਸੋਸ ਹੀ ਕਰਦਾ ਰਹਿ ਜਾਵੇਂਗਾ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਸਦਾ ਗੋਬਿੰਦ ਦਾ ਭਜਨ ਕਰੋ, ਭਾਵ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹੋ, ਤੇ ਇਹ ਸੇਵਾ ਕਦੇ ਵੀ ਭੁਲਣੀ ਨਹੀਂ ਚਾਹੀਦੀ, ਕਿਉਂਕਿ ਇਹ ਭਜਨ ਹੀ ਮਨੁੱਖਾ ਜਨਮ ਦੀ ਖੱਟੀ ਕਮਾਈ ਹੈ।

ਗੁਰ ਸੇਵਾ ਤੇ, ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥ ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ, ਭਜੁ ਹਰਿ ਕੀ ਸੇਵ॥ ੧॥ ਭਜਹੁ ਗ+ਬਿੰਦ, ਭੂਲਿ ਮਤ ਜਾਹੁ॥ ਮਾਨਸ ਜਨਮ ਕਾ ਏਹੀ ਲਾਹੁ॥ ੧॥ ਰਹਾਉ॥ (੧੧੫੯)

ਜਿਨ੍ਹਾਂ ਸੇਵਕਾਂ ਨੂੰ ਗੁਰੂ ਦੇ ਸ਼ਬਦ ਦਾ ਰਸ ਆ ਜਾਂਦਾ ਹੈ, ਉਹ ਸਾਰੇ ਸੇਵਕ ਅਕਾਲ ਪੁਰਖੁ ਦੀ ਸੇਵਾ ਭਗਤੀ ਕਰਦੇ ਰਹਿੰਦੇ ਹਨ। ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ ਉਹ ਪਵਿਤਰ ਜੀਵਨ ਵਾਲਾ ਬਣ ਜਾਂਦਾ ਹੈ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹਰ ਵੇਲੇ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿੰਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ਤੇ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ ਆਤਮਕ ਆਨੰਦ ਮਾਣਦੇ ਹਨ।

ਸੋਰਠਿ ਮਹਲਾ ੩ ਘਰੁ ੧॥ ੴ ਸਤਿਗੁਰ ਪ੍ਰਸਾਦਿ॥ ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ॥ ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ॥ ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ॥ ੧॥ (੫੯੯)

ਸਤਿਗੁਰ ਸੇਵਾ ਕਰਨੀ ਔਖੀ ਨਹੀਂ, ਸਿਰਫ ਆਪਣਾ ਮਨ ਬਣਾਉਣ ਦੀ ਲੋੜ ਹੈ। ਆਪਣੇ ਇਸ ਮਨ ਨੂੰ ਸਮਝਾਣਾ ਹੈ ਕਿ ਆਲਸ ਨਹੀਂ ਕਰਨੀ ਤੇ ਗੁਰੂ ਦੀ ਸਰਨ ਵਿੱਚ ਪੈ ਕੇ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦੇ ਰਹਿਣਾ ਹੈ। ਜਿਹੜਾ ਮਨੁੱਖ ਸਬਦ ਗੁਰੂ ਦੀ ਦਿੱਤੀ ਸਿੱਖਿਆ ਦੀ ਵਿਚਾਰ ਕਰਦਾ ਰਹਿੰਦਾ ਹੈ, ਉਸ ਦੇ ਮਨ ਅੰਦਰ ਅਕਾਲ ਪੁਰਖੁ ਦੀ ਭਗਤੀ ਵੱਸ ਜਾਂਦੀ ਹੈ। ਉਹੀ ਮਨੁੱਖ ਅਕਾਲ ਪੁਰਖੁ ਦਾ ਸੇਵਕ ਆਖਿਆ ਜਾ ਸਕਦਾ ਹੈ, ਜਿਹੜਾ ਅਕਾਲ ਪੁਰਖੁ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖਦਾ ਹੈ, ਤੇ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਤੇ ਸਰੀਰ ਅਕਾਲ ਪੁਰਖੁ ਦੇ ਹਵਾਲੇ ਕਰ ਦੇਂਦਾ ਹੈ। ਜਿਹੜਾ ਸੇਵਕ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਮਨੁੱਖ ਵਿਕਾਰਾਂ ਦਾ ਟਾਕਰਾ ਕਰਦਾ ਰਹਿੰਦਾ ਹੈ ਤੇ ਮਨੁੱਖਾ ਜਨਮ ਦੀ ਬਾਜ਼ੀ ਕਦੇ ਹਾਰਦਾ ਨਹੀਂ, ਅਜੇਹਾ ਮਨੁੱਖ ਮਨੁੱਖ ਭਾਗਾਂ ਵਾਲਾ ਹੈ, ਤੇ ਉਹ ਮਨੁੱਖ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ।

ਸੋ ਸੇਵਕ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ॥ ਮਨੁ ਤਨੁ ਸਉਪੇ ਆਗੈ ਧਰੈ ਹਉਮੈ ਵਿਚਹੁ ਮਾਰਿ॥ ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ॥ ੩॥ (੨੮)

ਕਬੀਰ ਜੀ ਸਮਝਾਂਦੇ ਹਨ ਕਿ ਇੱਕ ਅਕਾਲ ਪੁਰਖੁ ਤੋਂ ਬਿਨਾ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਨਾ ਕਰੋ। ਅਕਾਲ ਪੁਰਖੁ ਦਾ ਮਿਲਾਪ ਸਿਰਫ਼ ਗੁਰਮੁਖਾਂ ਦੀ ਸੰਗਤਿ ਵਿੱਚ ਹੁੰਦਾ ਹੈ, ਇਸ ਲਈ ਕਰਮ ਕਾਂਡੀ ਪੰਡਿਤਾਂ ਜਾਂ ਭੇਖੀ ਸਾਧੂਆਂ ਅੱਗੇ ਨੱਕ ਨਾ ਰਗੜਦੇ ਫਿਰੋ। ਮਾਇਕ ਬੰਧਨਾਂ ਤੋਂ ਖ਼ਲਾਸੀ ਦੇਣ ਵਾਲਾ ਅਕਾਲ ਪੁਰਖੁ ਖੁਦ ਆਪ ਹੈ, ਤੇ ਸਬਦ ਗੁਰੂ ਉਸ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨ ਲਈ ਪ੍ਰੇਰਨਾ ਕਰਦਾ ਰਹਿੰਦਾ ਹੈ। ਇਸ ਲਈ ਮੁਕਤੀ ਤੇ ਅਕਾਲ ਪੁਰਖੁ ਦੇ ਮਿਲਾਪ ਲਈ, ਸਬਦ ਗੁਰੂ ਤੇ ਇੱਕ ਅਕਾਲ ਪੁਰਖੁ, ਇਹਨਾਂ ਦੋਹਾਂ ਦੀ ਹੀ ਸੇਵਾ ਕਰਨੀ ਚਾਹੀਦੀ ਹੈ।

ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ॥ ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ॥ ੧੬੪॥ (੧੩੭੩)

ਸਤਿਗੁਰੂ ਦਾ ਨਾਮੁ ਚੇਤੇ ਕਰਨ ਨਾਲ ਮਨੁੱਖ ਦੇ ਮਨ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੁੰਦਾ ਹੈ। ਇਸ ਲਈ ਸਬਦ ਗੁਰੂ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਣੇ ਚਾਹੀਦੇ ਹਨ। ਸਬਦ ਗੁਰੂ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਨਾਲ ਮਿਲਦੀ ਹੈ ਤੇ ਗੁਰੂ ਨੂੰ ਮਿਲਣ ਸਦਕਾ ਮਨੁੱਖ ਦੀ ਲਗਨ ਅਕਾਲ ਪੁਰਖੁ ਦੇ ਚਰਨਾਂ ਨਾਲ ਲੱਗ ਜਾਂਦੀ ਹੈ। ਗੁਰੂ ਅਰਜਨ ਸਾਹਿਬ ਬੇਨਤੀ ਕਰਦੇ ਹਨ ਕਿ ਹੇ ਪੂਰਨ ਅਕਾਲ ਪੁਰਖੁ! ਹੇ ਗੁਰਦੇਵ! ਮੇਰੇ ਤੇ ਕਿਰਪਾ ਕਰੋ, ਕਿ ਮੈਂ ਹਮੇਸ਼ਾਂ ਆਪ ਜੀ ਦੀ ਸੇਵਾ ਭਗਤੀ ਵਿੱਚ ਲੱਗਾ ਰਹਾਂ।

ਪਾਰਬ੍ਰਹਮ ਪੂਰਨ ਗੁਰਦੇਵ॥ ਕਰਿ ਕਿਰਪਾ ਲਾਗਉ ਤੇਰੀ ਸੇਵ॥ ੧॥ ਰਹਾਉ॥ (੧੯੩-੧੯੪)

ਮਨੁੱਖ ਜਿਸ ਤਰ੍ਹਾਂ ਦਾ ਸੋਚਦਾ ਤੇ ਸਮਝਦਾ ਹੈ, ਉਹ ਉਸੇ ਤਰ੍ਹਾਂ ਦਾ ਹੀ ਬਣ ਜਾਂਦਾ ਹੈ, ਜਦੋਂ ਮਨੁੱਖ ਆਪਣੇ ਅੰਦਰ ਸ਼ਬਦ ਗੁਰੂ ਵਾਲੇ ਗੁਣ ਧਾਰਨ ਕਰ ਲੈਂਦਾ ਹੈ ਤਾਂ ਉਸ ਦੀ ਬਿਰਤੀ ਅਕਾਲ ਪੁਰਖੁ ਦੇ ਸੱਚੇ ਨਾਮੁ ਵਿੱਚ ਜੁੜ ਜਾਂਦੀ ਹੈ। ਪਰੰਤੂ ਜਦੋਂ ਤਕ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਸਤਿਗੁਰੂ ਦੇ ਸ਼ਬਦ ਨਾਲ ਨਹੀਂ ਜੁੜਦਾ, ਉਦੋਂ ਤਕ ਸਤਿਗੁਰੂ ਦੀ ਸਿੱਖਿਆ ਨੂੰ ਨਿਰਾ ਸੁਣ ਕੇ ਜੀਵਨ ਦਾ ਅਸਲੀ ਸੁਆਦ ਨਹੀਂ ਮਿਲ ਸਕਦਾ। ਸਤਿਗੁਰੂ ਦੀ ਦੱਸੀ ਸੇਵਾ ਕਰਨ ਨਾਲ ਹੀ ਅਕਾਲ ਪੁਰਖੁ ਦਾ ਨਾਮੁ ਮਨ ਵਿੱਚ ਵੱਸ ਜਾਂਦਾ ਹੈ ਤੇ ਮਨੁੱਖ ਦੇ ਮਨ ਅੰਦਰੋਂ ਭਰਮ ਤੇ ਡਰ ਦੂਰ ਹੋ ਜਾਂਦੇ ਹਨ।

ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ॥ ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮੁ ਭਉ ਭਾਗੈ॥ (੫੯੦)

ਜਿਸ ਮਨੁੱਖ ਨੇ ਗੁਰੂ ਦੇ ਸਨਮੁਖ ਹੋ ਕੇ ਸ਼ਬਦ ਗੁਰੂ ਦੀ ਵੀਚਾਰ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਆਪਣੇ ਮਨ ਵਿੱਚ ਵਸਾ ਲਿਆ, ਤਾਂ ਸਮਝੋ ਕਿ ਉਸ ਨੇ ਜੀਵਨ ਦੇ ਸਾਰੇ ਸੁਖ ਮਾਣ ਲਏ। ਅਜੇਹਾ ਮਨੁੱਖ ਆਪਣੇ ਪਰਿਵਾਰ ਸਮੇਤ ਆਪ ਵੀ ਸੰਸਾਰ ਰੂਪੀ ਸਮੁੰਦਰ ਤੋਂ ਤਰ ਜਾਂਦਾ ਹੈ, ਤੇ ਸਾਰੇ ਜਗਤ ਦੇ ਹੋਰ ਲੋਕਾਂ ਨੂੰ ਵੀ ਤਾਰ ਲੈਂਦਾ ਹੈ। ਅਜੇਹਾ ਮਨੁੱਖ ਅਕਾਲ ਪੁਰਖੁ ਦਾ ਇਤਨਾ ਨਾਮੁ ਰੂਪੀ ਧਨ ਇਕੱਠਾ ਕਰ ਲੈਂਦਾ ਹੈ ਕਿ ਉਸ ਦੀ ਮਾਇਆ ਵਾਲੀ ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ। ਉਹ ਦੁਨੀਆਂ ਦੇ ਹੋਰ ਸਾਰੇ ਲਾਲਚ ਛੱਡ ਦਿੰਦਾ ਹੈ, ਤੇ ਅਕਾਲ ਪੁਰਖੁ ਦੇ ਚਰਨਾਂ ਵਿੱਚ ਆਪਣੀ ਸੁਰਤਿ ਜੋੜੀ ਰੱਖਦਾ ਹੈ। ਉਸ ਦੇ ਹਿਰਦੇ ਅੰਦਰ ਸਦਾ ਅਨੰਦ ਦੀ ਅਵਸਥਾ ਬਣੀ ਰਹਿਦੀ ਹੈ, ਅਕਾਲ ਪੁਰਖੁ ਸਦਾ ਲਈ ਉਸ ਦਾ ਮਿੱਤਰ ਤੇ ਸਹਾਇਤਾ ਕਰਨ ਵਾਲਾ ਬਣ ਜਾਂਦਾ ਹੈ। ਅਜੇਹਾ ਮਨੁੱਖ ਵੈਰੀ ਤੇ ਮਿੱਤਰ ਨੂੰ ਇਕੋ ਜਿਹਾ ਸਮਝਦਾ ਹੈ, ਭਾਵ ਉਹ ਹਰੇਕ ਨੂੰ ਆਪਣਾ ਮਿੱਤਰ ਸਮਝਦਾ ਹੈ, ਤੇ ਸਭਨਾਂ ਨਾਲ ਚੰਗਾ ਸੁਭਾਉ ਵਰਤਦਾ ਹੈ। ਉਹ ਮਨੁੱਖ ਗੁਰੂ ਦੇ ਉਪਦੇਸ਼ ਨੂੰ ਸਦਾ ਚੇਤੇ ਰੱਖਦਾ ਹੈ ਤੇ ਜਗਤ ਵਿੱਚ ਉੱਘੇ ਨਾਂ ਵਾਲਾ ਬਣ ਜਾਂਦਾ ਹੈ। ਇਹ ਸਭ ਕੁੱਝ ਮਨੁੱਖ ਆਪਣੇ ਪਹਿਲੇ ਕੀਤੇ ਗਏ ਭਲੇ ਕਰਮਾਂ ਨਾਲ ਹੀ ਪ੍ਰਾਪਤ ਕਰਦਾ ਹੈ, ਤੇ ਅਕਾਲ ਪੁਰਖੁ ਨਾਲ ਉਸ ਦੀ ਪੱਕੀ ਪ੍ਰੀਤ ਬਣ ਜਾਂਦੀ ਹੈ।

ਪਉੜੀ॥ ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ॥ ਓਹੁ ਆਪਿ ਤਰਿਆ ਕੁਟੰਬ ਸਿਉ ਸਭੁ ਜਗਤੁ ਤਰਾਈ॥ ਓਨਿ ਹਰਿ ਨਾਮਾ ਧਨੁ ਸੰਚਿਆ ਸਭ ਤਿਖਾ ਬੁਝਾਈ॥ ਓਨਿ ਛਡੇ ਲਾਲਚ ਦੁਨੀ ਕੇ ਅੰਤਰਿ ਲਿਵ ਲਾਈ॥ ਓਸੁ ਸਦਾ ਸਦਾ ਘਰਿ ਅਨੰਦੁ ਹੈ ਹਰਿ ਸਖਾ ਸਹਾਈ॥ ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ॥ ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ॥ ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ॥ ੧੬॥ (੧੧੦੦)

ਜੀਵ ਅਕਾਲ ਪੁਰਖੁ ਦੇ ਹੁਕਮੁ ਵਿੱਚ ਇਥੇ ਆਉਂਦਾ ਹੈ, ਹੁਕਮੁ ਵਿੱਚ ਹੀ ਇਥੋਂ ਤੁਰ ਜਾਂਦਾ ਹੈ, ਤੇ ਜੀਵ ਨੂੰ ਹੁਕਮੁ ਵਿੱਚ ਹੀ ਜੀਵਨ ਬਿਤੀਤ ਕਰਨਾ ਪੈਂਦਾ ਹੈ। ਸਾਰੇ ਜੀਵਾਂ ਵਿਚ, ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖੁ ਹੀ ਵੱਸਦਾ ਹੈ, ਤੇ ਅਕਾਲ ਪੁਰਖੁ ਵਿੱਚ ਸਤਿਗੁਰੂ ਦੇ ਸ਼ਬਦ ਦੁਆਰਾ ਹੀ ਲੀਨ ਹੋ ਸਕਦੇ ਹਾਂ, ਗੁਰੂ ਦੇ ਸ਼ਬਦ ਦੁਆਰਾ ਹੀ ਅਡੋਲ ਅਵਸਥਾ ਵਿੱਚ ਟਿਕਿਆਂ ਜਾ ਸਕਦਾ ਹੈ। ਜਿਹੜਾ ਸਿੱਖ ਗੁਰੂ ਦੇ ਬਚਨਾਂ ਉੱਤੇ ਤੁਰਦਾ ਹੈ, ਤੇ ਗੁਰੂ ਦੇ ਸ਼ਬਦ ਅਨੁਸਾਰ ਸੇਵਾ ਕਰਦਾ ਹੈ, ਉਹ ‘ਅਕਾਲ ਪੁਰਖੁ ਨੂੰ ਆਪਣੇ ਅੰਦਰੋਂ ਖੋਜ ਲੈਂਦਾ ਹੈ। ਜਿਹੜਾ ਮਨੁੱਖ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਚਲ ਕੇ ਹੁਕਮੁ ਨੂੰ ਪਛਾਣ ਲੈਂਦਾ ਹੈ, ਉਹ ਜੀਵਨ ਦੀ ਸਹੀ ਜੁਗਤਿ ਤੇ ‘ਸਚ’ ਨੂੰ ਜਾਣ ਲੈਂਦਾ ਹੈ ਤੇ ਉਹ ਆਪਾ ਭਾਵ ਮਿਟਾ ਕੇ ਦੁਨੀਆਂ ਵਿੱਚ ਰਹਿੰਦਾ ਹੋਇਆ ਵੀ ਦੁਨੀਆਂ ਤੋਂ ਨਿਰਲੇਪ ਰਹਿੰਦਾ ਹੈ।

ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ॥ (੯੪੦)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਸਿੱਖ ਧਰਮ ਅਨੁਸਾਰ ਗੁਰ ਦੇ ਸਬਦੁ ਦੀ ਵੀਚਾਰੁ ਹੀ ਅਸਲੀ ਜਪ, ਤਪ, ਸੰਜਮ ਤੇ ਪਾਠ ਹੈ, ਤੇ ਗੁਰੂ ਦੇ ਸਬਦੁ ਦੀ ਵੀਚਾਰੁ ਹੀ ਅਸਲੀ ਸੇਵਾ ਹੈ। ਮੁਕਤੀ ਤੇ ਅਕਾਲ ਪੁਰਖੁ ਦੇ ਮਿਲਾਪ ਲਈ, ਸਬਦ ਗੁਰੂ ਤੇ ਇੱਕ ਅਕਾਲ ਪੁਰਖੁ, ਇਹਨਾਂ ਦੋਹਾਂ ਦੀ ਹੀ ਸੇਵਾ ਕਰਨੀ ਚਾਹੀਦੀ ਹੈ। ਗੁਰ ਸਬਦ ਦੁਆਰਾ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਪਾਣੀ ਚਾਹੀਦੀ ਹੈ, ਸਤਿਗੁਰ ਨਾਲ ਪ੍ਰੀਤ ਹੀ ਅਸਲੀ ਸਫਲ ਸੇਵਾ ਹੈ। ਅਕਾਲ ਪੁਰਖੁ ਦੀ ਸੇਵਾ ਭਗਤੀ ਬਿਨਾ ਕਿਸੇ ਛਲ ਜਾਂ ਕਪਟ ਨਾਲ ਕਰਨੀ ਚਾਹੀਦੀ ਹੈ, ਆਪਣੇ ਸਰੀਰ ਤੇ ਮਨ ਨੂੰ ਸਤਿਗੁਰੂ ਅੱਗੇ ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰਨੀ ਹੈ, ਤੇ ਸਤਿਗੁਰੂ ਦੀ ਸਿਖਿਆ ਅਨੁਸਾਰ ਕੀਤੀ ਹੋਈ ਸੇਵਾ ਹੀ ਸਫਲ ਹੋ ਸਕਦੀ ਹੈ। ਆਪਣਾ ਆਪ ਗੁਰੂ ਅੱਗੇ ਅਰਪਨ ਕਰਕੇ, ਬਿਨਾਂ ਕਾਮਨਾਂ ਦੇ ਸੇਵਾ ਕਰਨੀ ਚਾਹੀਦੀ ਹੈ, ਸਤਿਗੁਰੂ ਦੀ ਸੇਵਾ ਆਪਣੀ ਮਨ ਦੀ ਇਛਾ ਤੇ ਅੰਦਰੂਨੀ ਖ਼ੁਸ਼ੀ ਨਾਲ ਕਰਨੀ ਚਾਹੀਦੀ ਹੈ। ਸਤਿਗੁਰੂ ਦੀ ਸੇਵਾ ਨੂੰ ਸਮਝਣ ਲਈ ਤੇ ਸੇਵਾ ਨੂੰ ਕਰਨ ਲਈ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣਾ ਬਹੁਤ ਜਰੂਰੀ ਹੈ। , ਇਸ ਲਈ ਗੁਰੂ ਦੇ ਸਬਦੁ ਦੀ ਵੀਚਾਰੁ ਦੁਆਰਾ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿਣਾ ਚਾਹੀਦਾ ਹੈ।

  • ਅੱਜਕਲ ਦੇ ਪ੍ਰਚਾਰ ਅਨੁਸਾਰ ਗੁਰਦੁਆਰਾ ਸਾਹਿਬਾਂ ਵਿੱਚ ਬਹੁਤ ਸਾਰੀਆਂ ਸੇਵਾਵਾਂ ਦਾ ਜਿਕਰ ਕੀਤਾ ਜਾਂਦਾ ਹੈ, ਤੇ ਉਹਨਾਂ ਅਨੁਸਾਰ ਸੇਵਾ ਕਰਨ ਵਾਲਿਆਂ ਨੂੰ ਅਕਸਰ ਸਰੋਪੇ ਵੀ ਦਿਤੇ ਜਾਂਦੇ ਹਨ, ਇਨ੍ਹਾਂ ਸੇਵਾਵਾਂ ਦਾ ਸੰਬੰਧ ਜਿਆਦਾ ਤਰ ਸਰੀਰਕ ਤਲ ਤੇ ਕੀਤੀਆਂ ਜਾ ਰਹੀਆਂ ਕਿਰਿਆਵਾਂ ਨਾਲ ਹੈ, ਤੇ ਜਾਂ ਗੁਰਦੁਆਰਾ ਸਾਹਿਬ ਲਈ ਮਾਇਆ ਭੇਟ ਕਰਨ ਨਾਲ ਹੈ।
  • ਜਿਸ ਸੇਵਾ ਦਾ ਗੁਰਬਾਣੀ ਵਿੱਚ ਸਿਧੇ ਤੌਰ ਤੇ ਬਹੁਤ ਵਾਰੀ ਜਿਕਰ ਮਿਲਦਾ ਹੈ, ਉਹ ਸੇਵਾ ਸਾਡੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਦੀਆਂ ਸੇਵਾਵਾਂ ਦੀ ਲਿਸਟ ਵਿੱਚ ਅਕਸਰ ਨਹੀਂ ਵੇਖੀ ਜਾਂਦੀ ਹੈ ਤੇ ਉਸ ਦਾ ਰੋਜਾਨਾ ਦੇ ਸਮਾਗਮਾਂ ਵਿੱਚ ਵੀ ਬਹੁਤ ਘਟ ਜਿਕਰ ਕੀਤਾ ਜਾਂਦਾ ਹੈ।
  • ਗੁਰਬਾਣੀ ਅਨੁਸਾਰ ਇਸ ਲਈ ਦੁਨੀਆਂ ਵਿੱਚ ਆ ਕੇ ਅਕਾਲ ਪੁਰਖੁ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਹੀ ਉਸ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਬੈਠਣ ਨੂੰ ਥਾਂ ਮਿਲ ਸਕਦੀ ਹੈ।
  • ਜਿਹੜੇ ਮਨੁੱਖ ਆਪਣੇ ਸਾਫ ਹਿਰਦੇ ਵਿੱਚ ਗੁਰ ਸ਼ਬਦ ਰੂਪੀ ਬਾਗ਼ ਦੇ ਰੁੱਖ ਲਾਂਦੇ ਹਨ, ਤੇ ਪ੍ਰੇਮ ਰੂਪੀ ਪਾਣੀ ਨਾਲ ਸਿੰਜਦੇ ਹਨ, ਉਹਨਾਂ ਸਭਨਾਂ ਨੂੰ ਅਕਾਲ ਪੁਰਖੁ ਦਾ ਨਾਮੁ ਰੂਪੀ ਫਲ ਲੱਗਦਾ ਹੈ।
  • ਅਕਾਲ ਪੁਰਖੁ ਦੀ ਸੇਵਾ ਭਗਤੀ ਕੀਤਿਆਂ ਮਨ ਚਾਹੇ ਫਲ ਪਾ ਸਕਦੇ ਹਾਂ, ਕਿਸੇ ਹੋਰ ਦੇਵੀ ਦੇਵਤੇ ਆਦਿਕ ਦੀ ਪੂਜਾ ਕਰਨ ਨਾਲ ਆਪਣਾ ਇਹ ਮਨੁੱਖਾ ਜੀਵਨ ਵਿਅਰਥ ਚਲਾ ਜਾਂਦਾ ਹੈ।
  • ਆਪਣੇ ਸਰੀਰ ਤੇ ਮਨ ਨੂੰ ਸਤਿਗੁਰੂ ਅੱਗੇ ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰਨੀ ਹੈ ਤਾਂ ਜੋ ਸਾਡੇ ਜੀਵਨ ਦੀ ਸਹੀ ਘਾੜਤ ਹੋ ਸਕੇ। ਸੇਵਾ ਕਰਨ ਸਮੇਂ ਆਪਣੇ ਸਰੀਰ ਤੇ ਮਨ ਨੂੰ ਸਬਦ ਗੁਰੂ ਅੱਗੇ ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰਨੀ ਚਾਹੀਦੀ ਹੈ।
  • ਅਕਾਲ ਪੁਰਖੁ ਦੀ ਸੇਵਾ ਭਗਤੀ ਬਿਨਾ ਕਿਸੇ ਛਲ ਜਾਂ ਕਪਟ ਨਾਲ ਕਰਨੀ ਚਾਹੀਦੀ ਹੈ, ਤਾਂ ਹੀ ਸਾਰੇ ਸੁਖ ਹਾਸਲ ਕਰ ਸਕਦੇ ਹਾਂ।
  • ਜਿਹੜਾ ਸੇਵਕ ਆਪਣਾ ਤਨ ਮਨ ਗੁਰੂ ਅੱਗੇ ਅਰਪਨ ਕਰ ਦੇਂਦਾ ਹੈ, ਉਸ ਦੇ ਸਾਰੇ ਕਾਰਜ ਆਪਣੇ ਆਪ ਸਿਰੇ ਚੜ੍ਹ ਜਾਂਦੇ ਹਨ। ਇਸ ਲਈ ਆਪਣਾ ਆਪ ਗੁਰੂ ਅੱਗੇ ਅਰਪਨ ਕਰਕੇ, ਬਿਨਾਂ ਕਾਮਨਾਂ ਦੇ ਸੇਵਾ ਕਰਨੀ ਚਾਹੀਦੀ ਹੈ।
  • ਉਹੀ ਕੀਤੀ ਹੋਈ ਸੇਵਾ ਸਫਲ ਹੈ, ਜਿਸ ਸੇਵਾ ਨਾਲ ਸਤਿਗੁਰੂ ਦਾ ਮਨ ਸਿੱਖ ਤੇ ਪਤੀਜ ਜਾਏ, ਇਸ ਲਈ ਹਮੇਸ਼ਾਂ ਧਿਆਨ ਵਿੱਚ ਰੱਖਣਾਂ ਹੈ ਕਿ ਸਤਿਗੁਰੂ ਦੀ ਸਿਖਿਆ ਅਨੁਸਾਰ ਕੀਤੀ ਹੋਈ ਸੇਵਾ ਹੀ ਸਫਲ ਹੋ ਸਕਦੀ ਹੈ।
  • ਉਹੀ ਕੰਮ ਸਿਰੇ ਚੜ੍ਹਿਆ ਸਮਝੋ ਜਿਹੜਾ ਆਪਣੀ ਮਨ ਦੀ ਇਛਾ ਤੇ ਅੰਦਰੂਨੀ ਖ਼ੁਸ਼ੀ ਨਾਲ ਕੀਤਾ ਜਾਵੇ। ਇਸ ਲਈ ਸਤਿਗੁਰੂ ਦੀ ਸੇਵਾ ਖਿੜੇ ਮੱਥੇ ਲਗਨ ਲਗਾ ਕੇ ਕਰਨੀ ਚਾਹੀਦੀ ਹੈ।
  • ਚਿੱਤ ਲਗਾ ਕੇ ਸੇਵਾ ਕਰਨ ਨਾਲ ਮਨੁੱਖ ਦੇ ਮਨ ਵਿਚੋਂ ਹੰਕਾਰ ਦੂਰ ਹੁੰਦਾ ਹੈ, ਤੇ ਉਸ ਨੂੰ ਮਨ ਚਾਹਿਆ ਫਲ ਪ੍ਰਾਪਤ ਹੁੰਦਾ ਹੈ।
  • ਅਕਾਲ ਪੁਰਖੁ ਦਾ ਹੁਕਮੁ ਤੇ ਉਸ ਦੀ ਰਜ਼ਾ ਸਮਝ ਕੇ ਸੇਵਕ ਨੂੰ ਬਹੁਤ ਉੱਚਾ ਦਰਜਾ ਮਿਲ ਜਾਂਦਾ ਹੈ। ਇਸ ਲਈ ਸਤਿਗੁਰੂ ਦੀ ਸੇਵਾ ਨੂੰ ਸਮਝਣ ਲਈ ਤੇ ਸੇਵਾ ਕਰਨ ਲਈ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣਾ ਬਹੁਤ ਜਰੂਰੀ ਹੈ।
  • ਗੁਰੂ ਸਾਹਿਬ ਚਿਤਾਵਨੀ ਦੇ ਕੇ ਸਮਝਾਂਦੇ ਹਨ, ਕਿ ਜਿਨ੍ਹਾਂ ਮਨੁੱਖਾਂ ਨੇ ਕਦੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਗੁਰੂ ਦਾ ਸ਼ਬਦ ਕਦੇ ਆਪਣੇ ਹਿਰਦੇ ਵਿੱਚ ਟਿਕਾ ਕੇ ਨਹੀਂ ਰੱਖਿਆ, ਉਹਨਾਂ ਦੇ ਮਨੁੱਖਾ ਜੀਵਨ ਦਾ ਸਮਾਂ ਫਿਟਕਾਰਨ ਜੋਗ ਹੈ।
  • ਗੁਰ ਦੇ ਸਬਦੁ ਦੀ ਵੀਚਾਰੁ ਹੀ ਅਸਲੀ ਜਪ, ਤਪ, ਸੰਜਮ ਤੇ ਪਾਠ ਹੈ, ਤੇ ਗੁਰੂ ਦੇ ਸਬਦੁ ਦੀ ਵੀਚਾਰੁ ਹੀ ਅਸਲੀ ਸੇਵਾ ਹੈ। "ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥ ੭॥ (੨੨੩) "
  • ਗੁਰੂ ਦੀ ਅਸਲੀ ਸੇਵਾ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਕੀਤੀ ਗਈ ਭਗਤੀ ਹੀ ਹੈ, ਪਰੰਤੂ ਇਹ ਦਾਤ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਹੀ ਮਿਲਦੀ ਹੈ।
  • ਗੁਰਦੁਆਰਾ ਸਾਹਿਬ ਵਿੱਚ ਲੋਕ ਮੰਗਾਂ ਤਾਂ ਬਹੁਤ ਤਰ੍ਹਾਂ ਦੀਆਂ ਮੰਗਦੇ ਹਨ, ਪਰੰਤੂ ਸੱਭ ਤੋਂ ਉਤਮ ਮੰਗ ਹੈ, ਕਿ ਮਨੁੱਖ ਦੇ ਮਨ ਅੰਦਰ ਅਕਾਲ ਪੁਰਖੁ ਦੇ ਦਰਸ਼ਨਾਂ ਦੀ ਪਿਆਸ ਹੋਵੇ।
  • ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹੋ, ਤੇ ਇਹ ਸੇਵਾ ਕਦੇ ਵੀ ਭੁਲਣੀ ਨਹੀਂ, ਕਿਉਂਕਿ ਇਹ ਭਜਨ ਹੀ ਮਨੁੱਖਾ ਜਨਮ ਦੀ ਖੱਟੀ ਕਮਾਈ ਹੈ।
  • ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹਰ ਵੇਲੇ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿੰਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ਤੇ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ ਆਤਮਕ ਆਨੰਦ ਮਾਣਦੇ ਰਹਿੰਦੇ ਹਨ।
  • ਉਹੀ ਮਨੁੱਖ ਅਕਾਲ ਪੁਰਖੁ ਦਾ ਸੇਵਕ ਆਖਿਆ ਜਾ ਸਕਦਾ ਹੈ, ਜਿਹੜਾ ਅਕਾਲ ਪੁਰਖੁ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖਦਾ ਹੈ, ਤੇ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਤੇ ਸਰੀਰ ਅਕਾਲ ਪੁਰਖੁ ਦੇ ਹਵਾਲੇ ਕਰ ਦੇਂਦਾ ਹੈ।
  • ਮੁਕਤੀ ਤੇ ਅਕਾਲ ਪੁਰਖੁ ਦੇ ਮਿਲਾਪ ਲਈ, ਸਬਦ ਗੁਰੂ ਤੇ ਇੱਕ ਅਕਾਲ ਪੁਰਖੁ, ਇਹਨਾਂ ਦੋਹਾਂ ਦੀ ਹੀ ਸੇਵਾ ਕਰਨੀ ਚਾਹੀਦੀ ਹੈ।
  • ਜਦੋਂ ਤਕ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਸਤਿਗੁਰੂ ਦੇ ਸ਼ਬਦ ਨਾਲ ਨਹੀਂ ਜੁੜਦਾ, ਉਦੋਂ ਤਕ ਸਤਿਗੁਰੂ ਦੀ ਸਿੱਖਿਆ ਨੂੰ ਨਿਰਾ ਸੁਣ ਕੇ ਜੀਵਨ ਦਾ ਅਸਲੀ ਸੁਆਦ ਨਹੀਂ ਮਿਲਦਾ।
  • ਜਿਸ ਮਨੁੱਖ ਨੇ ਗੁਰੂ ਦੇ ਸਨਮੁਖ ਹੋ ਕੇ ਸ਼ਬਦ ਗੁਰੂ ਦੀ ਵੀਚਾਰ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਆਪਣੇ ਮਨ ਵਿੱਚ ਵਸਾ ਲਿਆ, ਤਾਂ ਸਮਝੋ ਕਿ ਉਸ ਨੇ ਜੀਵਨ ਦੇ ਸਾਰੇ ਸੁਖ ਮਾਣ ਲਏ।

ਸਿੱਖ ਧਰਮ ਅਨੁਸਾਰ ਗੁਰੂ ਦੇ ਸਬਦੁ ਦੀ ਵੀਚਾਰੁ ਹੀ ਅਸਲੀ ਸੇਵਾ ਹੈ, ਕਿਉਂਕਿ ਜਿਨੀ ਦੇਰ ਤਕ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਸਮਝਦੇ ਨਹੀਂ, ਵੀਚਾਰਦੇ ਨਹੀਂ, ਤੇ ਆਪਣੇ ਜੀਵਨ ਵਿੱਚ ਅਮਲੀ ਰੂਪ ਨਾਲ ਅਪਨਾਂਦੇ ਨਹੀਂ, ਉਤਨੀ ਦੇਰ ਤਕ ਨਾ ਤਾਂ ਸਹੀ ਜੀਵਨ ਦੀ ਜਾਚ ਆ ਸਕਦੀ ਹੈ ਤੇ ਨਾ ਹੀ ਸਮਝ ਸਕਦੇ ਹਾਂ ਕਿ ਅਸਲੀ ਸੇਵਾ ਕੀ ਹੈ। ਗੁਰਬਾਣੀ ਵਿੱਚ ਇਹ ਵੀ ਸਮਝਾਇਆ ਗਿਆਂ ਹੈ ਕਿ ਅਕਾਲ ਪੁਰਖੁ ਦੀ ਸੇਵਾ ਭਗਤੀ ਬਿਨਾ ਕਿਸੇ ਛਲ ਜਾਂ ਕਪਟ ਦੇ ਕਰਨੀ ਹੈ, ਮਨ ਤਨ ਨੂੰ ਸਤਿਗੁਰੂ ਅੱਗੇ ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰਨੀ ਹੈ, ਤੇ ਸਤਿਗੁਰੂ ਦੀ ਸਿਖਿਆ ਅਨੁਸਾਰ ਕੀਤੀ ਹੋਈ ਸੇਵਾ ਹੀ ਸਫਲ ਹੋ ਸਕਦੀ ਹੈ। ਇਸ ਲਈ ਅਕਾਲ ਪੁਰਖੁ ਦੀ ਸੇਵਾ ਤਾਂ ਹੀ ਹੋ ਸਕਦੀ ਹੈ ਜੇ ਕਰ ਪੂਰੀ ਸ੍ਰਿਸ਼ਟੀ ਦੇ ਭਲੇ ਲਈ ਸੇਵਾ ਕੀਤੀ ਜਾਵੇ। ਹਰੇਕ ਮਨੁੱਖ ਕੋਲ ਮਾਇਆ ਤੇ ਸਮਾਂ ਬਹੁਤ ਸੀਮਿਤ ਹੈ, ਇਸ ਲਈ ਕੰਮ ਉਹ ਕੀਤਾ ਜਾਵੇ ਤੇ ਅਜੇਹੇ ਤਰੀਕੇ ਨਾਲ ਕੀਤਾ ਜਾਵੇ, ਜਿਸ ਵਿੱਚ ਥੋੜੀ ਮਿਹਨਤ ਨਾਲ ਬਹੁਤ ਸਾਰਿਆ ਦਾ ਭਲਾ ਹੋ ਸਕੇ।

  • ਗੁਰੂ ਰਾਮਦਾਸ ਜੀ ਨੇ ਸਿੱਖ ਦੀ ਪ੍ਰੀਭਾਸ਼ਾ ਵਾਲੇ ਸਬਦ "ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ ੨॥ (੩੦੫-੩੦੬) " ਵਿੱਚ ਇਹੀ ਸਮਝਾਇਆ ਹੈ ਕਿ ਗੁਰੂ ਦੇ ਸਿੱਖ ਦਾ ਫਰਜ਼ ਹੈ ਕਿ ਉਹ ਆਪ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਅਪਨਾਏ ਤੇ ਦੂਸਰਿਆ ਨੂੰ ਗੁਰਬਾਣੀ ਪੜ੍ਹਨ ਸਮਝਣ ਵੀਚਾਰਨ ਤੇ ਆਪਣੇ ਜੀਵਨ ਵਿੱਚ ਅਪਨਾਣ ਲਈ ਪ੍ਰੇਰਨਾ ਤੇ ਸਹਾਇਤਾ ਕਰੇ। ਇਸ ਲਈ ਇੱਕ ਸਿੱਖਾਂ ਲਈ ਉੱਤਮ ਸੇਵਾ ਇਹੀ ਹੈ ਕਿ ਗੁਰਮਤਿ ਸਿਖਲਾਈ ਦੇ ਕੇਂਦਰ ਬਣਾਣ ਤੇ ਉਹਨਾਂ ਨੂੰ ਠੀਕ ਤਰੀਕੇ ਨਾਲ ਚਲਾਣ ਵਿੱਚ ਆਪਣਾ ਯੋਗਦਾਨ ਦੇਣ। ਅੱਜਕਲ ਸਾਡੇ ਗੁਰਦੁਆਰਾ ਸਾਹਿਬਾਂ ਵਿੱਚ ਜਿਆਦਾ ਤਰ ਰਵਾਇਤਾਂ ਹੀ ਪੂਰੀਆਂ ਕੀਤੀਆਂ ਜਾਂਦੀਆਂ ਹਨ ਤੇ ਸੋਝੀ ਬਹੁਤ ਘਟ ਦਿਤੀ ਜਾਂਦੀ ਹੈ। ਪਰੰਤੂ ਗੁਰਬਾਣੀ ਤਾਂ ਇਹ ਸਮਝਾਂਦੀ ਹੈ ਕਿ "ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ (੭੩੦)"। ਇਸ ਲਈ ਰਵਾਇਤਾਂ ਪੂਰੀਆਂ ਕਰਨ ਦੀ ਬਜਾਏ ਗੁਰਦੁਆਰਾ ਸਾਹਿਬਾਂ ਨੂੰ ਗੁਰਮਤਿ ਸਿਖਲਾਈ ਦੇ ਕੇਂਦਰਾਂ ਵਿੱਚ ਤਬਦੀਲ ਕਰਨ ਦੀ ਲੋੜ ਹੈ।
  • ਕੁਝ ਕੁ ਲੋਕਾਂ ਨੂੰ ਲੰਗਰ ਖਵਾ ਕੇ ਉਹਨਾਂ ਦਾ ਸਦੀਵੀ ਕਾਲ ਲਈ ਭਲਾ ਨਹੀਂ ਹੋ ਸਕਦਾ ਹੈ। ਇਸ ਲਈ ਲੋੜ ਹੈ ਕਿ ਉਹਨਾਂ ਲਈ ਸਿਖਲਾਈ ਤੇ ਰੁਜਗਾਰ ਦੇ ਸਾਧਨ ਵੀ ਬਣਾਏ ਜਾਣ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਦੁਨਿਆਵੀ, ਤਕਨੀਕੀ ਤੇ ਧਾਰਮਿਕ ਸਿਖਿਆ ਦੇ ਕੇਂਦਰ ਸਥਾਪਤ ਕੀਤੇ ਜਾਣ।
  • ਵਿਹਲੇ ਮੰਗਤਿਆਂ ਨੂੰ ਪੈਸੇ ਦੇ ਕੇ ਜਾਂ ਲੰਗਰ ਖਵਾ ਕੇ ਉਹਨਾਂ ਦੀਆਂ ਆਦਤਾਂ ਖਰਾਬ ਕਰਨ ਦਾ ਕੋਈ ਲਾਭ ਨਹੀਂ ਹੈ। "ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ ੧॥" (੧੨੪੫) ਇਹ ਸਬਦ ਸਾਨੂੰ ਸੁਚੇਤ ਕਰਦਾ ਹੈ ਕਿ ਦਾਨ ਵੀ ਅਕਲ ਨਾਲ ਸੋਚ ਸਮਝ ਕੇ ਕਰਨਾ ਚਾਹੀਦਾ ਹੈ, ਨਹੀਂ ਤਾਂ ਸੈਤਾਨ ਪੈਦਾ ਕਰਨ ਦੇ ਕਸੂਰਵਾਰ ਅਸੀਂ ਖੁਦ ਆਪ ਹੋਵਾਂਗੇ। ਇਸ ਲਈ ਅੱਖਾਂ ਮੀਟ ਕੇ ਦਾਨ ਕਰਨ ਦੀ ਬਜਾਏ, ਸੋਚ ਸਮਝ ਕੇ ਮਾਇਆ ਦੇਣੀ ਚਾਹੀਦੀ ਹੈ, ਜਿਸ ਨਾਲ ਕਿਸੇ ਲੋੜਵੰਦ ਦੀ ਭਲਾਈ ਹੋ ਸਕੇ। ਕਿਸੇ ਗਰੀਬ ਕਿਰਤੀ ਨੂੰ ਰੁਜਗਾਰ ਜਾਂ ਧਨ ਦੀ ਲੋੜ ਹੋ ਸਕਦੀ ਹੈ, ਤੇ ਕਿਸੇ ਅਮੀਰ ਨੂੰ ਸਬਦ ਗੁਰੂ ਅਨੁਸਾਰ ਜੀਵਨ ਜਾਚ ਦੀ ਲੋੜ ਹੋ ਸਕਦੀ ਹੈ। ਮੰਗਤੇ ਨੂੰ ਪੈਸੇ ਦੇ ਕੇ ਉਸ ਦੀ ਆਦਤ ਹੋਰ ਨਹੀਂ ਵਿਗਾੜਨੀ ਚਾਹੀਦੀ, ਬਲਕਿ ਉਸ ਨੂੰ ਕਿਰਤ ਕਰਨ ਲਈ ਪ੍ਰੇਰਨਾ ਚਾਹੀਦਾ ਹੈ।
  • ਗੁਰਦੁਆਰਾ ਸਾਹਿਬ ਦੀਆਂ ਬਿਲਡਗਾਂ ਤੇ ਪੈਸੇ ਖਰਚਣ ਦੀ ਬਜਾਏ, ਲੋੜਵੰਦ ਸਿੱਖ ਬੱਚੇ ਬੱਚੀਆਂ ਦੀਆਂ ਕਿਤਾਬਾਂ, ਫੀਸ, ਪੜ੍ਹਾਈ ਤੇ ਹੋਰ ਲੋੜੀਦੀ ਆਰਥਕ ਸਹਾਇਤਾ ਕੀਤੀ ਜਾ ਸਕਦੀ ਹੈ।
  • ਅੱਜਕਲ ਬੱਚੇ ਦੂਰ ਦੇਸ਼ਾਂ ਵਿੱਚ ਜਾ ਰਹੇ ਹਨ ਤੇ ਬਜੁਰਗ ਘਰ ਵਿੱਚ ਇਕੱਲੇ ਰਹਿ ਜਾਂਦੇ ਹਨ। ਇਸ ਲਈ ਬਜੁਰਗਾਂ ਦੀ ਸੇਵਾਂ ਸੰਭਾਲ ਤੇ ਉਹਨਾਂ ਦੇ ਜੀਵਨ ਵਿੱਚ ਹਾਸਲ ਕੀਤੇ ਗਏ ਤਜਰਬੇ ਦਾ ਲਾਭ ਲੈਣਾਂ ਇੱਕ ਉੱਤਮ ਸੇਵਾ ਹੋਵੇਗੀ।
  • ਨਵੀਆਂ ਨਵੀਆਂ ਤਕਨੀਕਾਂ ਤੇ ਕਾਢਾਂ ਕੱਢਣ ਦੀ ਲੋੜ ਹੈ, ਜਿਸ ਵਿੱਚ ਥੋੜੀ ਮਿਹਨਤ ਨਾਲ ਜਿਆਦਾ ਲੋਕਾਂ ਦਾ ਭਲਾ ਹੋ ਸਕੇ। ਅੱਜ ਦੇ ਸਮੇਂ ਊਰਜਾ ਦੀ ਲੋੜ ਵਧਦੀ ਜਾ ਰਹੀ ਹੈ ਤੇ ਵਾਤਾਵਰਨ ਵਿੱਚ ਪਰਦੂਸ਼ਨ ਵੀ ਵਧਦਾ ਜਾ ਰਿਹਾ ਹੈ। ਇਸ ਲਈ ਕੋਲੇ ਪੈਟਰੋਲ ਨਾਲ ਪਰਦੂਸ਼ਨ ਵਧਾਣ ਦੀ ਬਜਾਏ ਸੂਰਜ ਜਾਂ ਹਵਾ ਦੀ ਤਾਕਤ ਨਾਲ ਬਿਜਲੀ ਪੈਦਾ ਕਰਨ ਦੇ ਸਾਧਨ ਕਾਇਮ ਕੀਤੇ ਜਾਣੇ, ਇੱਕ ਉੱਤਮ ਸੇਵਾ ਹੋਵੇਗੀ। ਉਸ ਵਾਸਤੇ ਚੰਗੇ ਇੰਜਨੀਅਰਿੰਗ ਕਾਲਜ ਤੇ ਚੰਗੇ ਇੰਜਨੀਅਰ ਪੈਦਾ ਕਰਨ ਦੀ ਲੋੜ ਹੈ।
  • ਪੰਜਾਬ ਦੇ ਲੋਕਾਂ ਵਿੱਚ ਨਸ਼ਿਆਂ ਤੇ ਗਲਤ ਆਦਤਾਂ ਕਰਕੇ ਬੀਮਾਰੀਆਂ ਵਿੱਚ ਬਹੁਤ ਵਾਧਾ ਹੋ ਰਿਹਾ ਹੈ। ਇਸ ਲਈ ਲੋੜ ਹੈ ਕਿ ਸਿਹਤ ਸੰਭਾਲ ਦੀ ਸਿਖਿਆ ਤੇ ਇਲਾਜ ਦਾ ਪਰਬੰਧ ਕੀਤਾ ਜਾਵੇ। ਜਿਸ ਵਾਸਤੇ ਚੰਗੇ ਮੈਡੀਕਲ ਕਾਲਜ ਤੇ ਚੰਗੇ ਡਾਕਟਰ ਪੈਦਾ ਕਰਨ ਦੀ ਲੋੜ ਹੈ।

ਗੁਰੂ ਗਰੰਥ ਸਾਹਿਬ ਵਿੱਚ ਵਰਤੇ ਗਏ ਸਬਦ ਇਹੀ ਸਾਬਤ ਕਰਦੇ ਹਨ, ਕਿ ਗੁਰੂ ਨਾਨਕ ਸਾਹਿਬ ਨੂੰ ਜਿਥੇ ੧੦੦ ਤੋਂ ਵੱਧ ਭਾਸ਼ਾਵਾ ਦਾ ਗਿਆਨ ਸੀ, ਉਥੇ ਰੋਜਾਨਾ ਜੀਵਨ ਦੀ ਸਿਖਿਆ ਤੋ ਇਲਾਵਾ, ਹੋਰ ਬਹੁਤ ਸਾਰੇ ਵਿਸ਼ਿਆਂ ਸੰਬੰਧੀ ਡੂੰਘੀ ਜਾਣਕਾਰੀ ਸੀ, ਜਿਸ ਤਰ੍ਹਾਂ ਕਿ ਭੌਤਿਕ ਵਿਗਿਆਨ (Physics), ਰਸਾਨਿਕ ਵਿਗਿਆਨ (Chemistry), ਭੂਗੋਲ ਵਿਗਿਆਨ (Geography), ਆਕਾਸ਼ ਮੰਡਲ (Astronomy), ਜੀਵ ਵਿਗਿਆਨ (Biology), ਬਨਸਪਤੀ ਵਿਗਿਆਨ (Botony), ਮਨੋਵਿਗਿਆਨ (Psychology), ਆਦਿ। ਗੁਰੂ ਗਰੰਥ ਸਾਹਿਬ ਵਿੱਚ ਸਮਾਜਿਕ, ਰਾਜਨੀਤਕ, ਪਰਿਵਾਰਿਕ, ਇਤਿਹਾਸ, ਭੂਗੋਲ, ਅਰਥ ਸ਼ਾਸਤਰ, ਕਮਿਸਟਰੀ, ਫਿਜ਼ਿਕਸ, ਭੂਮੰਡਲ, ਅਕਾਸ਼ ਮੰਡਲ, ਮਨੋਵਿਗਿਆਨਕ, ਆਦਿ ਸਭ ਤਰ੍ਹਾਂ ਦੇ ਵਿਸ਼ਿਆ ਸਬੰਧੀ ਡੂੰਘੀ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਸਮੁੱਚੀ ਮਨੁੱਖਤਾ ਨੂੰ ਜੀਵਨ ਦੀ ਸਹੀ ਦਿਸ਼ਾ ਵੱਲ ਮੋੜਿਆ ਜਾ ਸਕੇ।

http://www.geocities.ws/sarbjitsingh/Bani5115GurMag200706.pdf

http://www.sikhmarg.com/2012/1125-nanak-gian.html

ਇਸ ਲਈ ਲੋੜ ਹੈ ਕਿ ਹਰੇਕ ਵਿਸ਼ੇ ਸਬੰਧੀ ਸਿਖਿਆਂ ਤੇ ਖੋਜ ਦੇ ਕੇਂਦਰ (Educational Institutes and Research Centres) ਸਥਾਪਤ ਕੀਤੇ ਜਾਣ ਤਾਂ ਜੋ ਨਵੀਆਂ ਨਵੀਆਂ ਤਕਨੀਕਾਂ ਤੇ ਖੋਜਾਂ ਦੁਆਰਾ ਪੂਰੀ ਮਨੁੱਖਤਾ ਦਾ ਭਲਾ ਕੀਤਾ ਜਾ ਸਕੇ।

"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ"

(Dr. Sarbjit Singh)

RH1 / E-8, Sector-8, Vashi, Navi Mumbai - 400703.

Email = [email protected],

Web= http://www.geocities.ws/sarbjitsingh/

http://www.sikhmarg.com/article-dr-sarbjit.html

(ਡਾ: ਸਰਬਜੀਤ ਸਿੰਘ)

ਆਰ ਐਚ ੧/ਈ - ੮, ਸੈਕਟਰ - ੮, ਵਾਸ਼ੀ, ਨਵੀਂ ਮੁੰਬਈ - ੪੦੦੭੦੩.




.