.

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ

ਹਾਕਮ ਸਿੰਘ


ਮਨੁੱਖ ਨੂੰ ਪ੍ਰਭੂ ਮਿਲਾਪ ਦਾ ਅਵਸਰ ਪ੍ਰਾਪਤ ਹੈ। ਇਸੇ ਲਈ ਗੁਰਬਾਣੀ ਮਨੁੱਖਾ ਜਨਮ ਨੂੰ ਦੁਰਲਭ ਆਖਦੀ ਹੈ। "ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ" (ਪੰ: ੧੨); "ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥" (ਪੰ: ੬੩੧) ਅਤੇ "ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥" (ਪੰ: ੧੩੬੬)। ਗੁਰਬਾਣੀ ਅਨੁਸਾਰ ਮਨੁੱਖਾ ਜੀਵਨ ਦਾ ਮਨੋਰਥ ਪ੍ਰਭੂ ਪ੍ਰਾਪਤੀ ਹੈ। ਪਰ ਮਨੁੱਖ ਆਪਣਾ ਸਾਰਾ ਜੀਵਨ ਸੰਸਾਰ ਵਿਚ ਬਸਰ ਕਰਦਾ ਹੈ ਜਿਸ ਨੂੰ ਗੁਰਬਾਣੀ, "ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ॥" (ਪੰ: ੩੫੩); "ਦੁਨੀਅ ਖੋਟੀ ਰਾਸਿ ਕੂੜੁ ਕਮਾਈਐ॥" (ਪੰ: ੧੪੪) ਅਤੇ "ਧੰਧੁ ਪਿਟੋ ਸੰਸਾਰੁ ਸਚੁ ਨ ਭਾਇਆ॥" (ਪੰ: ੪੧੯) ਆਖਦੀ ਹੈ। ਸੰਸਾਰ ਵਿਚ ਮਾਇਆ ਅਤੇ ਮਨੁੱਖ ਦੀ ਹਉਮੈ ਪ੍ਰਭੂ ਮਿਲਾਪ ਵਿਚ ਰੁਕਾਵਟ ਬਣੇ ਰਹਿੰਦੇ ਹਨ ਜਿਸ ਕਾਰਨ ਮਨੁੱਖ ਜਨਮ-ਮਰਨ ਦੇ ਗੇੜ ਵਿਚ ਪਿਆ ਦੁੱਖ ਭੋਗਦਾ ਹੈ। ਗੁਰਬਾਣੀ ਮਨੁੱਖ ਦੀ ਇਸ ਦਸ਼ਾ ਦਾ ਚਿਤਰਨ ਇਸ ਪ੍ਰਕਾਰ ਕਰਦੀ ਹੈ: "ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥ (ਪੰ: ੬੯੩); "ਏਹੁ ਜੀਉ ਬਹੁਤੇ ਜਨਮ ਭਰੰਮਿਆ॥" (ਪੰ: ੪੬੫); "ਜੁੜਿ ਜੁੜਿ ਵਿਛੁੜੇ ਵਿਛਿੜ ਜੁੜੇ॥ ਜੀਵਿ ਜੀਵਿ ਮੁਏ ਮੁਏ ਜੀਵੇ॥ ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ॥ ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣ ਹੂਏ॥" (ਪੰ: ੧੨੩੮); "ਹਉਮੈ ਏਈ ਬੰਧਨਾ ਫਿਰ ਫਿਰ ਜੋਨੀ ਪਾਹਿ॥" (ਪੰ: ੪੬੬) ਅਤੇ "ਦੁਖ ਵਿਚਿ ਜੰਮਣੁ ਦੁਖਿ ਮਰਣੁ ਦਿਖ ਵਰਤਣੁ ਸੰਸਾਰਿ। ਦੁਖੁ ਦੁਖੁ ਅਗੈ ਆਖੀਐ ਪੜ੍ਹਿ ਪੜ੍ਹਿ ਕਰਿਹ ਪੁਕਾਰੁ॥ ਦੁਖ ਕੀਆ ਪੰਡਾ ਖੁਲ੍ਹੀਆਂ ਸੁਖੁ ਨ ਨਿਕਲਿਓ ਕੋਇ॥ ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ॥" (ਪੰ: ੧੨੪੦)।
ਗੁਰਬਾਣੀ ਮਨੁੱਖ ਨੂੰ ਪ੍ਰਭੂ ਮਿਲਾਪ ਲਈ ਹਉਮੈ ਅਤੇ ਸੰਸਾਰਕ ਅਕਾਂਖਿਆਵਾਂ ਦਾ ਤਿਆਗ ਅਤੇ ਨਾਮ ਸਿਮਰਨ ਦਾ ਉਪਦੇਸ਼ ਕਰਦੀ ਹੈ। ਪਰ ਸਮਾਜ ਸੰਸਾਰਕ ਇੱਛਾਵਾਂ ਦੇ ਤਿਆਗ ਦਾ ਹਾਮੀ ਨਹੀਂ ਹੈ। ਇੱਛਾਵਾਂ ਦੇ ਤਿਆਗ ਵਿਚ ਤੇ ਬਹੁਤੇ ਗੁਰਮਤਿ ਦੇ ਉਪਾਸ਼ਕ ਅਖਵਾਉਣ ਵਾਲੇ ਵੀ ਵਿਸ਼ਵਾਸ ਨਹੀਂ ਰੱਖਦੇ। ਮਾਨਵਤਾ ਦਾ ਇਤਹਾਸ ਸਾਖੀ ਹੈ ਕਿ ਮਨੁੱਖ ਮੁੱਢ ਕਦੀਮ ਤੋਂ ਹੀ ਆਪਣੇ ਜੀਵਨ ਨਾਲ ਪਿਆਰ ਕਰਦਾ ਰਿਹਾ ਹੈ, ਇਥੋਂ ਤਕ ਕਿ ਮੌਤ ਨੂੰ ਵਸ ਕਰਨ ਲਈ ਵੀ ਯਤਨਸ਼ੀਲ ਰਿਹਾ ਹੈ। ਉਹ ਆਪਣੀ ਚਿਰੰਜੀਵਤਾ ਲਈ ਉਦੱਮਸ਼ੀਲ ਹੈ ਅਤੇ ਮਰਨ ਮਗਰੋਂ ਆਪਣੀ ਯਾਦ ਕਾਇਮ ਰੱਖਣ ਲਈ ਆਪਣੀ ਸੰਤਾਨ, ਸਰੀਰ ਦੀ ਮਮੀ, ਲਿਖਤਾਂ, ਵਿਸ਼ੇਸ਼ ਭਵਨਾਂ, ਆਦਿ ਦਾ ਸਹਾਰਾ ਲੈਂਦਾ ਹੈ। ਪ੍ਰਭੂ ਦੀ ਅਰਾਧਨਾ ਕਰਨ ਦੇ ਅਭਿਲਾਸ਼ੀਆਂ ਵਿਚ ਵੀ ਬਹੁਤੇ ਸੰਸਾਰਕ ਇੱਛਾਵਾਂ ਦਾ ਤਿਆਗ ਕਰਨ ਦੇ ਸਮਰਥਕ ਨਹੀਂ ਹੁੰਦੇ। ਬਹੁਤੇ ਸ਼ਰਧਾਲੂ ਤੇ ਇਸ ਜੀਵਨ ਵਿਚ ਹੀ ਧਾਰਮਕ ਪ੍ਰਭੂ ਤੋਂ ਸੁੱਖ ਅਤੇ ਸਫਲਤਾ ਦੀ ਬਖ਼ਸ਼ਿਸ਼ ਦੀ ਕਾਮਨਾ ਕਰਦੇ ਹਨ। ਮੁਕਤੀ ਪ੍ਰਾਪਤੀ ਦੇ ਚਾਹਵਾਨ ਵੀ ਅਕਸਰ ਮਰਨ ਮਗਰੋਂ ਮੁਕਤੀ ਚਾਹੁੰਦੇ ਹਨ ਤਾਂ ਜੋ ਲੋਕ ਅਤੇ ਪਰਲੋਕ ਦੋਨਾਂ ਦਾ ਸੁੱਖ ਮਾਣ ਸਕਣ। ਪ੍ਰਭੂ ਮਿਲਾਪ ਨੂੰ ਜੀਵਨ ਦਾ ਮਨੋਰਥ ਕੋਈ ਵਿਰਲਾ ਹੀ ਬਣਾਉਂਦਾ ਹੈ। ਐਸੇ ਮਾਹੌਲ ਵਿਚ ਸੰਸਥਾਗਤ ਧਰਮ ਦਾ, ਜੋ ਮੂੰਹ ਰੱਖਣ ਲਈ ਗੁਰਮਤਿ ਦੀ ਗੱਲ ਕਰਦਾ ਹੋਵੇ ਪਰ ਗੁਰਬਾਣੀ ਉਪਦੇਸ਼ ਦੇ ਉਲਟ ਸੰਸਾਰਕ ਜੀਵਨ ਵਿਚ ਨਿਰਾਲੇਪਨ, ਵਡਿਆਈ, ਸੁੱਖ ਅਤੇ ਸਫਲਤਾ ਦਾ ਭਰੋਸਾ ਦਿਵਾਉਂਦਾ ਹੋਵੇ, ਉਤਪੰਨ ਅਤੇ ਪਰਫੁਲਤਾ ਹੋਣਾ ਸੁਭਾਵਕ ਹੈ।

ਮਨੁੱਖੀ ਇੱਛਾ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਹਰ ਇਕ ਇੱਛਾ ਦਾ ਵਿਰੋਧ ਹੋਣਾ ਵੀ ਨਿਸ਼ਚਿਤ ਹੁੰਦਾ ਹੈ। ਮਨੁੱਖ ਆਪਣੀਆਂ ਇੱਛਾਵਾਂ ਨੂੰ ਕਾਬੂ ਵਿਚ ਰੱਖਣ ਅਤੇ ਤਿਆਗਣ ਲਈ ਰਾਜ਼ੀ ਨਹੀਂ ਹੁੰਦਾ ਅਤੇ ਇੱਛਾਵਾਂ ਦੇ ਪਰਿਣਾਮਾਂ ਦਾ ਉਸ ਨੂੰ ਅਨੁਮਾਨ ਨਹੀਂ ਹੁੰਦਾ। ਬਹੁਤੇ ਦੁੱਖ ਅਤੇ ਚਿੰਤਾਵਾਂ ਇੱਛਾਵਾਂ ਦੇ ਹੀ ਪਰਿਣਾਮ ਹੁੰਦੇ ਹਨ। ਇੱਛਾਵਾਂ ਦੇ ਫਲ ਸਰੂਪ ਹੀ ਸੰਸਾਰ ਵਿਚ ਬਹੁਤੀ ਬੇਚੈਨੀ, ਗਰੀਬੀ, ਭੁਖਮਰੀ ਅਤੇ ਬੀਮਾਰੀ ਫੈਲੀ ਹੋਈ ਹੈ ਅਤੇ ਸਮਾਜ ਵਿਚ ਅਨਿਆਂ, ਅਤਿਆਚਾਰ ਅਤੇ ਜੰਗ ਪਨਪ ਰਹੇ ਹਨ। ਵੀਹਵੀਂ ਸ਼ਤਾਬਦੀ ਵਿਚ ਤੇ ਕਰੋੜਾਂ ਹੀ ਮਾਸੂਮ ਲੋਕ ਇੱਛਾਵਾਂ ਦੀ ਬਲੀ ਚੜ੍ਹ ਗਏ ਸਨ। ਮਨੁੱਖਤਾ ਦੇ ਭਵਿੱਖ ਲਈ ਮਨੁੱਖੀ ਇੱਛਾਵਾਂ ਨੂੰ ਕੰਟ੍ਰੋਲ ਕਰਨ ਦੀ ਵਿਵਸਥਾ ਹੋਣੀ ਜ਼ਰੂਰੀ ਹੈ। ਧਰਮ ਇਹ ਕੰਮ ਕਰਨ ਦੇ ਸਮਰਥ ਸਿੱਧ ਨਹੀ ਹੋਇਆ ਹੈ। ਵਿਦਿਅਕ ਸੰਸਥਾਵਾਂ ਤੋਂ ਹੀ ਇੱਛਾਵਾਂ ਪਰ ਕਾਬੂ ਪਾਉਣ ਵਿਚ ਸਹਾਇਤਾ ਕਰਨ ਦੀ ਆਸ ਰੱਖੀ ਜਾ ਸਕਦੀ ਹੈ।
ਮਨੁੱਖ ਦੀ ਇੱਛਾ ਉਸ ਦੇ ਮਾਹੌਲ ਅਤੇ ਸੋਚ ਦੀ ਉਪਜ ਹੁੰਦੀ ਹੈ। ਮਾਹੌਲ ਨਿਰੰਤਰ ਬਦਲਦਾ ਰਹਿੰਦਾ ਹੈ। ਸਭਿਤਾਵਾਂ, ਰਾਜ, ਰਹਿਣ ਸਹਿਣ, ਵਿਚਾਰ, ਰੀਤੀ ਰਿਵਾਜ, ਜਾਣਕਾਰੀ ਅਤੇ ਸ਼ੌਕ ਸਦਾ ਤੋਂ ਹੀ ਬਦਲਦੇ ਆਏ ਹਨ। ਮਨੁੱਖੀ ਇੱਛਾ ਅਸਲ ਵਿਚ ਸਮੇਂ ਦੀ ਚਾਲ ਨੂੰ ਰੋਕਣ ਜਾਂ ਪ੍ਰਭੂ ਦੇ ਹੁਕਮ ਨੂੰ ਠਲ੍ਹ ਪਾਉਣ ਦੀ ਪ੍ਰਕਿਰਿਆ ਹੁੰਦੀ ਹੈ। ਪ੍ਰਭੂ ਦੇ ਹੁਕਮ ਅਤੇ ਨਿਜ਼ਾਮ ਵਿਚ ਦਖ਼ਲ ਅੰਦਾਜ਼ੀ ਅਣ ਮਿਥੀਆਂ ਮੁਸੀਬਤਾਂ ਖੜ੍ਹੀਆਂ ਕਰ ਦਿੰਦੀ ਹੈ। "ਹੁਕਮ ਰਜਾਈ ਚਲਣਾ" ਹੀ ਜੀਵਨ ਲਈ ਸਭ ਤੋਂ ਸੁਖਦਾਇਕ ਅਤੇ ਕਾਰਆਮਦ ਅਸੂਲ ਹੈ।
ਸਿੱਖ ਧਰਮ ਵਿਚ ਪ੍ਰਭੂ ਮਿਲਾਪ ਦਾ ਸੰਕਲਪ ਉਲਝਿਆ ਹੋਇਆ ਹੈ। ਸਿੱਖ ਰਹਿਤ ਮਰਯਾਦਾ ਅਤੇ ਦੂਜੀਆਂ ਮਰਿਯਾਦਾਵਾਂ ਪ੍ਰਭੂ ਮਿਲਾਪ ਦੀ ਤੇ ਗਲ ਨਹੀਂ ਕਰਦੀਆਂ ਪਰ ਸਿੱਖ ਰਹਿਤ ਮਰਯਾਦਾ ਅਨੁਸਾਰ, "ਸਿੱਖ ਧਰਮ ਵਿਚ ਕਿਰਤਮ ਦੀ ਪੂਜਾ ਤਿਆਗ ਕੇ ਇਕ ਕਰਤਾਰ ਦੀ ਪ੍ਰੇਮਾ ਭਗਤੀ ਅਤੇ ਉਪਾਸਨਾ ਦੱਸੀ ਹੈ। ਇਸ ਦੀ ਪੂਰਨਤਾ ਲਈ ਗੁਰਬਾਣੀ ਦਾ ਅਭਿਆਸ, ਸਾਧ ਸੰਗਤ ਤੇ ਪੰਥ ਦੀ ਸੇਵਾ, ਉਪਕਾਰ, ਨਾਮ ਦਾ ਪ੍ਰੇਮ ਅਤੇ ਅੰਮ੍ਰਿਤ ਛਕ ਕੇ ਰਹਿਤ ਬਹਿਤ ਰੱਖਣਾ ਮੁਖ ਸਾਧਨ ਹਨ, ਆਦਿ"। ਪਰ ਕਰਤਾਰ ਦਾ ਕੋਈ ਪਦਾਰਥਕ ਸਰੂਪ ਨਾ ਹੋਣ ਕਾਰਨ ਉਸ ਨੂੰ ਇਕ ਕਾਲਪਨਿਕ ਅਸਤਿਤਵ ਹੀ ਚਿਤਵਿਆ ਜਾਂਦਾ ਹੈ, ਅਤੇ ਉਸ ਕਲਪਿਤ ਅਸਤਿਤਵ ਦੀ ਉਪਾਸਨਾ ਲਈ ਮਿਥਿਆ ਸਰੂਪ ਅਤੇ ਨੀਯਤ ਨਿਤਨੇਮ, ਪੰਥਕ ਸੇਵਾ, ਉਪਕਾਰ ਅਤੇ ਅੰਮ੍ਰਿਤ ਛਕਣਾ ਸਭ ਕਿਰਤਮ ਹਨ। ਸਿੱਖ ਧਰਮ ਵਿਚ ਵੀ ਕਰਤਾਰ ਦੀ ਪ੍ਰੇਮਾ ਭਗਤੀ ਆਖੀ ਜਾਂਦੀ ਕਿਰਿਆ ਕਿਰਤਮ ਦੀ ਪੂਜਾ ਅਤੇ ਕਰਮ ਕਾਂਡ ਹੀ ਹੈ। ਗੁਰਬਾਣੀ ਵਿਚ ਤੇ ਪ੍ਰੇਮਾ ਭਗਤੀ ਨੂੰ ਇਸ ਪ੍ਰਕਾਰ ਪਰਿਭਾਸ਼ਿਤ ਕੀਤਾ ਗਿਆ ਹੈ: "ਭਗਤਾ ਕੀ ਚਾਲ ਨਿਰਾਲੀ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥ ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ। ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ॥ ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ॥" (ਪੰ: ੯੧੮-੧੯)।

ਸਿੱਖ ਰਹਿਤ ਮਰਯਾਦਾ ਵਿਚ ਅੰਮ੍ਰਿਤ ਛਕਣ ਵਾਲਿਆਂ ਨੂੰ "ਅਜ ਤੋਂ ਤੁਸੀਂ 'ਸਤਿਗੁਰ ਕੇ ਜਨਮੈ ਗਵਨੁ ਮਿਟਾਇਆ' ਹੈ ਅਤੇ ਖਾਲਸਾ ਪੰਥ ਵਿਚ ਸ਼ਾਮਲ ਹੋਏ ਹੋ" ਦੱਸਿਆ ਜਾਂਦਾ ਹੈ। ਪਰ ਗੁਰਬਾਣੀ 'ਸਤਿਗੁਰ ਕੇ ਜਨਮੈ ਗਵਨੁ ਮਿਟਾਇਆ' ਦਾ ਖਾਲਸਾ ਪੰਥ ਨਾਲ ਕੋਈ ਸਬੰਧ ਨਹੀਂ ਜੋੜਦੀ। ਗੁਰਬਾਣੀ ਦਾ ਤੇ ਕਥਨ ਹੈ: "ਸਤਿਗੁਰ ਕੈ ਜਨਮੇ ਗਵਨੁ ਮਿਟਾਇਆ॥ ਅਨਹਤਿ ਰਾਤੇ ਇਹੁ ਮਨੁ ਲਾਇਆ॥ ਮਨਸਾ ਆਸਾ ਸਬਦਿ ਜਲਾਈ॥ ਗੁਰਮੁਖਿ ਜੋਤਿ ਨਿਰੰਤਰਿ ਪਾਈ॥ ਤ੍ਰੈ ਗੁਣ ਮੇਟੇ ਖਾਈਐ ਸਾਰ॥ ਨਾਨਕ ਤਾਰੇ ਤਾਰਣ ਹਾਰੁ॥" (ਪੰ: ੯੪੦)। ਸਤਗੁਰ ਦੀ ਸਿਖਿਆ ਨੇ ਮਨ ਦੀ ਭਟਕਣਾ ਦੂਰ ਕਰ ਦਿੱਤੀ, ਪ੍ਰਭੂ ਨਾਲ ਬਿਰਤੀ ਜੁੜਣ ਨਾਲ ਮਨ ਪ੍ਰਸੰਨ ਹੋ ਗਿਆ, ਗੁਰ-ਸ਼ਬਦ ਨੇ ਇੱਛਾਵਾਂ ਖਤਮ ਕਰ ਦਿੱਤੀਆਂ, ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਹੋ ਗਿਆ, ਮਾਇਆ ਦੇ ਤ੍ਰੈਗੁਣਾਂ ਤੋਂ ਬਚਣ ਨਾਲ ਪ੍ਰਭੂ ਦੇ ਦਰਸ਼ਨ ਹੋਏ ਹਨ ਅਤੇ ਸਭ ਦੇ ਰਾਖੇ ਪ੍ਰਭੂ ਨੇ ਜੀਵਨ ਦੇ ਭਵ ਸਾਗਰ ਤੋਂ ਪਾਰ ਕਰ ਦਿੱਤਾ ਹੈ। ਗੁਰਬਾਣੀ ਦੇ ਇਸ ਉਪਦੇਸ਼ ਨੂੰ ਖਾਲਸਾ ਪੰਥ ਨਾਲ ਜੋੜਨਾ ਅਣਉਚਿੱਤ ਹੈ। ਡੇਰਿਆਂ ਵਾਲੇ ਕਈ ਬਾਬੇ ਅੰਮ੍ਰਿਤ ਛਕਣ ਦੀ ਤੁਲਣਾ ਸੁਰਗ ਲਈ ਟਿੱਕਟ ਨਾਲ ਵੀ ਕਰਦੇ ਹਨ। ਆਮ ਸਿੱਖ ਸ਼ਰਧਾਲੂ ਦਾ ਇਹ ਵਿਸ਼ਵਾਸ ਬਣਿਆ ਹੋਇਆ ਹੈ ਕਿ ਅੰਮ੍ਰਿਤ ਛਕਣ ਨਾਲ ਸੁਰਗ ਦੀ ਪ੍ਰਾਪਤੀ ਦੀ ਸੰਭਾਵਨਾ ਬਣ ਜਾਂਦੀ ਹੈ। ਰਹਿਤ ਮਰਯਾਦਾ ਅਨੁਸਾਰ ਅੰਮ੍ਰਿਤ ਛਕਣ ਨਾਲ ਵਿਅਕਤੀ ਇਕ ਵਿਸ਼ੇਸ਼ ਸ਼੍ਰੇਣੀ, ਖਾਲਸਾ ਪੰਥ ਵਿਚ ਸ਼ਾਮਲ ਹੋ ਜਾਂਦਾ ਹੈ, ਜਿਸ "ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ।"। ਇਸ ਲਈ ਅਕਸਰ ਇਹ ਵੀ ਆਖਿਆ ਜਾਂਦਾ ਹੈ ਕਿ ਅੰਮ੍ਰਿਤ ਛੱਕ ਕੇ ਖਾਲਸਾ ਬਣਿਆ ਵਿਅਕਤੀ ਗੁਰੂ ਦਾ ਖਾਸ ਰੂਪ ਧਾਰਨ ਕਰ ਲੈਂਦਾ ਹੈ। ਪਰ ਜਿਥੇ ਗੁਰਬਾਣੀ ਸਾਰੇ ਮਨੁੱਖਾਂ ਨੂੰ ਬਰਾਬਰ ਮੰਨਦੀ ਹੈ: "ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਣ ਭਲੇ ਕੋ ਮੰਦੇ॥" (ਪੰ: ੧੩੪੯) ਉਥੇ ਹੀ ਗੁਰਸਿੱਖ ਨੂੰ ਗੌਰਵ ਨਹੀਂ ਬਲਕਿ ਹਲੀਮੀ ਧਾਰਨ ਕਰਨ ਦਾ ਉਪਦੇਸ਼ ਵੀ ਕਰਦੀ ਹੈ: "ਆਪਸ ਕਉ ਜੋ ਜਾਣੈ ਨੀਚਾ॥ ਸੋਊ ਗਨੀਐ ਸਭ ਤੇ ਊਚਾ॥" (ਪੰ: ੪੮੫); "ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ॥" (ਪੰ: ੯੯੧) ਅਤੇ "ਆਪਸ ਕਉ ਜੋ ਭਲਾ ਕਹਾਵੈ॥ ਤਿਸਹਿ ਭਲਾਈ ਨਿਕਟਿ ਨ ਆਵੈ॥" (ਪੰ: ੨੭੮)। ਅੰਮ੍ਰਿਤ ਸੰਸਕਾਰ ਅਤੇ ਗੁਰਬਾਣੀ ਦੇ ਉਪਦੇਸ਼ ਇਕ ਦੂਜੇ ਨਾਲ ਮੇਲ ਨਹੀਂ ਖਾਂਦੇ।

ਗੁਰਬਾਣੀ ਅਨੁਸਾਰ ਮਨੁੱਖਾ ਜੀਵਨ ਦਾ ਮਨੋਰਥ ਪ੍ਰਭੂ ਪ੍ਰਾਪਤੀ ਹੈ। ਪਰ ਪ੍ਰਭੂ ਦਾ ਕੋਈ ਦਿਖਾਈ ਦੇਣ ਜਾਂ ਅਨੁਭਵ ਕਰਨ ਵਾਲਾ ਸਰੂਪ ਨਹੀਂ ਹੈ: "ਰੂਪੁ ਨ ਰੇਖੁ ਨ ਰੰਗੁ ਕਿਛੁ ਤ੍ਰੈਹਗੁਣੁ ਤੇ ਪ੍ਰਭ ਭਿੰਨ॥" (ਪੰ: ੨੮੩)। ਪ੍ਰਭੂ ਤ੍ਰੈਗੁਣੀ ਪਦਾਰਥ ਤੋਂ ਵਖਰਾ ਹੈ ਅਤੇ ਮਨੁੱਖ ਵਿਚ ਪਦਾਰਥ ਤੋਂ ਪਰੇ ਦੇਖਣ ਦੀ ਯੋਗਤਾ ਨਹੀਂ ਹੈ ਇਸ ਲਈ ਪ੍ਰਭੂ ਨੂੰ ਚਿਤਵਣ ਅਤੇ ਉਸ ਨਾਲ ਮਿਲਾਪ ਕਰਨ ਦਾ ਢੰਗ ਵੀ ਪਦਾਰਥਕ ਜਗਤ ਦੀ ਕਿਰਿਆ ਨਾਲੋਂ ਹੱਟ ਕੇ ਹੈ। ਗੁਰਬਾਣੀ ਪ੍ਰਭੂ ਨੂੰ ਸਰਬ ਵਿਆਪਕ ਆਖਦੀ ਹੈ: "ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤ ਨ ਜਾਈ ਲੀਖਆ॥ ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ॥" (ਪੰ: ੪੬੯)। ਇਸ ਲਈ ਮਨੁੱਖ ਨੂੰ ਪ੍ਰਭੂ ਦੇ ਦਰਸ਼ਨ ਕਰਨ ਲਈ ਉਸ ਦੀ ਸਿਰਜੀ ਕਾਇਨਾਤ ਵਿਚੋਂ ਅਨੁਭਵ ਕਰਨਯੋਗ ਬਨਣ ਦੀ ਲੋੜ ਹੁੰਦੀ ਹੈ। ਦੂਜੇ, ਮਨੁੱਖ ਵਿਚ ਵੀ ਪ੍ਰਭੂ ਦਾ ਵਾਸਾ ਹੈ। "ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥" (ਪੰ: ੬੮੬) ਅਤੇ "ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ (ਪੰ: ੪੪੧)। ਮਨੁੱਖ ਆਪਣੇ ਮਨ ਵਿਚ ਵੀ ਪ੍ਰਭੂ ਨੂੰ ਮਿਲਣਯੋਗ ਹੋ ਜਾਂਦਾ ਹੈ ਜੇਕਰ ਉਹ ਆਪਣੇ ਮਨ ਤੋਂ ਹਉਮੈ ਦੀ ਮੈਲ ਲਾਹ ਦੇਵੇ।
ਪ੍ਰਭੂ ਮਨੁੱਖਤਾ ਅਤੇ ਮਨੁੱਖ ਦੇ ਅੰਤਹਿਕਰਣ ਵਿਚ ਸਥਿਤ ਹੈ ਪਰ ਸਵਾਲ ਉਠਦਾ ਹੈ ਕਿ ਉਸ ਨੂੰ ਪਛਾਣਿਆ ਕਿਵੇਂ ਜਾਵੇ ਕਿਉਂਕਿ ਉਸ ਦਾ ਕੋਈ ਪਦਾਰਥਕ ਸਰੂਪ ਜਾਂ ਸਰੀਰ ਨਹੀਂ ਹੈ? ਉਹ ਸਰਿਸ਼ਟੀ ਦਾ ਸਿਰਜਣਹਾਰ ਹੈ ਪਰ ਮਨੁੱਖ ਨੂੰ ਤੇ ਸਰਿਸ਼ਟੀ ਦਾ ਵੀ ਪੂਰਾ ਥੁਹ ਪਤਾ ਨਹੀਂ ਹੈ ਉਸ ਦੇ ਕਰਤੇ ਨੂੰ ਜਾਨਣ ਦੀ ਤੇ ਕਲਪਨਾ ਕਰਨੀ ਵੀ ਮਨੁੱਖ ਲਈ ਔਖੀ ਹੈ। ਇਸ ਲਈ ਪ੍ਰਭੂ ਨੂੰ ਤੇ ਕੇਵਲ ਮਨ ਦੀ ਭਾਵਨਾ ਰਾਹੀਂ ਹੀ ਅਨੁਭਵ ਕੀਤਾ ਜਾ ਸਕਦਾ ਹੈ। ਪ੍ਰਭੂ ਲਈ ਸ਼ਰਧਾ ਨੂੰ ਉਸ ਦਾ ਅਨੁਭਵ ਸਮਝ ਲੈਣਾ ਵੀ ਗਲਤ ਹੈ। ਪ੍ਰਭੂ ਦੀ ਹਸਤੀ ਇਕ ਵਿਸ਼ੇਸ਼ ਮਾਨਸਕ ਬਿਰਤੀ ਵਿਚੋਂ ਅਭਿਵਿਅਕਤ ਹੁੰਦੀ ਹੈ। ਐਸੀ ਬਿਰਤੀ ਜੋ ਸਾਰੀ ਮਾਨਵ ਜਾਤੀ ਨਾਲ ਪਿਆਰ ਕਰਦੀ ਹੋਵੇ, ਸਭ ਨੂੰ ਬਰਾਬਰ ਮੰਨ ਕੇ ਹਰ ਇਕ ਦਾ ਸਤਕਾਰ ਕਰਦੀ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਧਰਮ ਸਮਝਦੀ ਹੋਵੇ। ਐਸੀ ਬਿਰਤੀ ਧਾਰਨ ਕਰਨ ਲਈ ਮਨ ਨੂੰ ਸਾਧਨ ਦੀ ਲੋੜ ਹੁੰਦੀ ਹੈ। ਪਰ ਮਨ ਮਨੁੱਖ ਦੇ ਵਸ ਵਿਚ ਨਹੀਂ ਹੁੰਦਾ ਕਿਉਂਕਿ ਮਨੁੱਖ ਤੇ ਆਪ ਹੀ ਮਨ ਦੇ ਅਧੀਨ ਹੁੰਦਾ ਹੈ। ਮਨ ਨੂੰ ਤੇ ਮਨ ਹੀ ਸੁਧਾਰ ਜਾਂ ਮਾਰ ਸਕਦਾ ਹੈ। ਮਨ ਨੂੰ ਮਾਰਨ ਲਈ ਕੇਵਲ ਗੁਰ-ਸ਼ਬਦ ਹੀ ਸਾਰਥਕ ਸਿੱਧ ਹੁੰਦਾ ਹੈ ਜੇਕਰ ਗੁਰੂ ਦੀ ਬਖਸ਼ਿਸ਼ ਹੋ ਜਾਵੇ। ਗੁਰਬਾਣੀ ਦੇ ਕਥਨ ਹਨ: "ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ॥ ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ॥ ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ॥" (ਪੰ: ੫੮) ਅਤੇ "ਸਬਦੁ ਗੁਰੂ ਸੁਰਤਿ ਧੁਨਿ ਚੇਲਾ॥" (ਪੰ: ੯੪੩)। ਮਨ ਨੂੰ ਗੁਰ-ਸ਼ਬਦ ਰਾਹੀਂ ਗੁਰੂ ਦੀ ਕਿਰਪਾ ਹੋਣ ਤੇ ਹੀ ਸਾਧਿਆ ਜਾ ਸਕਦਾ ਹੈ ਕਿਊਂਕੇ: "ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲੁ ਗਿਆਨੁ॥ ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ॥ ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ॥" (ਪੰ: ੧੪੭) ਅਤੇ "ਗੁਰ ਸਮਾਨਿ ਤੀਰਥੁ ਨਹੀਂ ਕੋਇ॥ ਸਰੁ ਸੰਤੋਖੁ ਤਾਸੁ ਗੁਰੁ ਹੋਇ॥੧॥ਰਹਾਉ॥ ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੇ॥' (ਪੰ: ੧੩੨੮-੨੯)। ਪ੍ਰਭੂ ਦੇ ਮਿਲਾਪ ਲਈ ਯੋਗ ਬਿਰਤੀ ਗੁਰੂ ਦੀ ਕਿਰਪਾ ਨਾਲ ਸ਼ਬਦ ਦੀ ਓਟ ਦੁਆਰਾ ਉਪਜਦੀ ਹੈ ਅਤੇ ਸਤਸੰਗਤ ਵਿਚ ਪਰਪੱਕ ਹੁੰਦੀ ਹੈ ਕਿਉਂਕਿ "ਸਤ ਸੰਗਤ ਨਾਮੁ ਨਿਧਾਨ ਹੈ ਜਿਥਹੁ ਹਰਿ ਪਾਇਆ॥ ਗੁਰ ਪਰਸਾਦੀ ਘਟਿ ਚਾਨਣਾ ਆਨੇਰੁ ਗਵਾਇਆ॥" (ਪੰ: ੧੨੪੪)। ਪ੍ਰਭੂ ਮਿਲਾਪ ਨਾਲ ਸੰਸਾਰਕ ਜੀਵਨ ਦਾ ਸਫਰ ਮੁੱਕ ਜਾਂਦਾ ਹੈ।
.