.

ਮੇਰਾ ਮਨੁ ਲੋਚੈ ਗੁਰ ਦਰਸਨ ਤਾਈ॥

ਗੁਰੂ ਨਾਨਕ ਜੀ ਦੀ ਪੰਜਵੀਂ ਜੋਤ, ਸ਼ਹੀਦਾਂ ਦੇ ਸਿਰਤਾਜ ਅਤੇ "ਦੋਹਿਤਾ ਬਾਣੀ ਕਾ ਬੋਹਿਥਾ": ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਿਵਸ ਹਰ ਸਾਲ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਥਾਂ-ਥਾਂ ਅਖੰਡ ਪਾਠ ਦੇ ਭੋਗ ਉਪਰੰਤ ਬੀਰ ਰਸ ਵਾਲੇ ਸ਼ਬਦਾਂ ਰਾਹੀਂ ਸਮਾਪਤੀ ਕਰ ਦਿੱਤੀ ਜਾਂਦੀ ਹੈ। ਇਸ ਤੋਂ ਵੱਧ ਕੁਝ ਭੀ ਨਹੀਂ ਕੀਤਾ ਜਾਂਦਾ। ਬੜੇ ਥੋੜ੍ਹੇ ਥਾਵਾਂ ਤੇ ਗੁਰੂ ਅਰਜਨ ਪਾਤਸ਼ਾਹ ਦੀ ਜੀਵਨੀ ਬਾਰੇ ਕੁਝ ਦੱਸਿਆ ਜਾਂਦਾ ਹੈ।
ਗੁਰੂ ਅਰਜਨ ਪਾਤਸ਼ਾਹ ਦੀ ਸੰਖੇਪ ਜੀਵਨੀ ਇਸ ਤਰ੍ਹਾਂ ਹੈ -
ਜਨਮ: 15 ਅਪ੍ਰੈਲ, 1563 ਗੋਇੰਦਵਾਲ ਵਿਖੇ।
ਪਿਤਾ: ਗੁਰੂ ਰਾਮ ਦਾਸ ਚੌਥੇ ਪਾਤਸ਼ਾਹ
ਮਾਤਾ: ਮਾਤਾ ਭਾਨੀ (ਸਪੁੱਤਰੀ ਗੁਰੂ ਅਮਰ ਦਾਸ)
ਵਿਆਹ: 1646 ਪਿੰਡ ਮਾਊ, ਜ਼ਿਲ੍ਹਾ ਜਲੰਧਰ, (ਮਾਤਾ) ਗੰਗਾ ਜੀ ਨਾਲ (ਸਪੁੱਤਰੀ ਸ੍ਰੀ ਕ੍ਰਿਸ਼ਨ ਚੰਦ)
ਔਲਾਦ: (ਗੁਰੂ) ਹਰਗੋਬਿੰਦ
ਸ਼ਹੀਦੀ: 30 ਮਈ 1606
ਧਰਮ ਪ੍ਰਚਾਰ ਅਤੇ ਲੋਕ ਭਲਾਈ ਦੇ ਕੰਮ:
* ਦਸਵੰਧ ਦੀ ਰੀਤ ਚਲਾਈ।
* ਸਿੱਖਾਂ ਨੂੰ ਵਪਾਰ ਕਰਨ ਦੀ ਪ੍ਰੇਰਨਾ।
* ਕੇਂਦਰੀ ਧਰਮ ਅਸਥਾਨ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਉਸਾਰੀ।
* ਸਰੋਵਰ ਅਤੇ ਖੂਹਾਂ ਦੀ ਉਸਾਰੀ।
* ਕਾਲ ਪੀੜਤ ਲੋਕਾਂ ਦੀ ਤਨ ਮਨ ਧਨ ਨਾਲ ਸੇਵਾ
* ਆਦਿ ਬੀੜ ਦੀ ਤਿਆਰੀ ਅਤੇ ਇਸ ਦਾ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਪ੍ਰਕਾਸ਼।
* ਸਿੱਖੀ ਪ੍ਰਚਾਰ ਵਿਚ ਮਜਬੂਤੀ ਆਦਿ।
ਹੁਣ ਅਸੀਂ ਆਪਣੇ ਲੇਖ ਦੇ ਵਿਸ਼ੇ ਵੱਲ ਆਉਂਦੇ ਹਾਂ।
ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਕਿ ਗੁਰਤਾ ਕੋਈ "ਵਿਰਾਸਤ" ਵਿਚ ਮਿਲਣ ਵਾਲੀ ਚੀਜ਼ ਨਹੀਂ। ਗੁਰਿਆਈ ਦੀ ਜਿੰਮੇਵਾਰੀ ਕੇਵਲ ਸਰਬ ਗੁਣ-ਸੰਪੰਨ ਸ਼ਖਸੀਅਤ ਨੂੰ ਹੀ ਦਿੱਤੀ ਜਾਂਦੀ ਰਹੀ ਹੈ। ਗੁਰਤਾ ਦੀ ਇਸ ਜਿੰਮੇਵਾਰੀ ਵਾਸਤੇ ਗੁਰੂ ਭਗਤੀ, ਸੇਵਾ ਸਿਮਰਨ, ਹੁਕਮ ਮੰਨਣਾ, ਨਿਮਰਤਾ, ਦ੍ਰਿੜ੍ਹਤਾ, ਅਕਾਲ-ਪੁਰਖ ਨਾਲ ਸਾਂਝ ਅਤੇ ਸਿੱਖ-ਸੰਗਤਾਂ ਨੂੰ ਹਰ ਪੱਖੋਂ ਅਗਵਾਈ ਦੇਣ ਦੀ ਯੋਗਤਾ ਆਦਿ ਦੇ ਗੁਣਾਂ ਦਾ ਹੋਣਾ ਲਾਜਮੀ ਸੀ। ਇਨ੍ਹਾਂ ਗੁਣਾਂ ਦੇ ਹੋਣ ਕਰਕੇ ਹੀ ਗੁਰੂ ਨਾਨਕ ਨੇ ਆਪਣੇ ਪੁੱਤਰਾਂ ਦੀ ਥਾਂ ਭਾਈ ਲਹਿਣੇ ਨੂੰ ਗੁਰੂ ਅੰਗਦ ਨੇ ਆਪਣੇ ਪੁੱਤਰਾਂ ਦੀ ਥਾਂ ਆਪਣੇ ਸਿੱਖ ਬਾਬਾ ਅਮਰਦਾਸ ਨੂੰ ਅਤੇ ਗੁਰੂ ਅਮਰਦਾਸ ਨੇ ਆਪਣੇ ਪੁੱਤਰਾਂ ਦੀ ਥਾਂ ਭਾਈ ਜੇਠਾ ਜੀ ਨੂੰ ਗੁਰਿਆਈ ਦੀ ਜਿਮੇ ਵਾਰੀ ਸੌਂਪੀ ਸੀ।
ਗੁਰੂ ਰਾਮ ਦਾਸ ਜੀ ਦੇ ਤਿੰਨ ਬੇਟੇ ਸਨ। ਸਭ ਤੋਂ ਵੱਡਾ ਬਾਬਾ ਪ੍ਰਿਥੀ ਚੰਦ ਬਹੁਤ ਸਿਆਣਾ ਅਤੇ ਪ੍ਰਬੰਧਕੀ ਕੰਮਾਂ ਵਿਚ ਮਾਹਿਰ ਸੀ ਪਰ ਉਸ ਦੇ ਮਨ ਵਿਚ ਸੱਚਾ-ਧਰਮੀ ਬਣਨ ਦੀ ਲਗਨ ਘੱਟ ਸੀ। ਮਾਇਆ ਨਾਲ ਉਸ ਦਾ ਬਹੁਤ ਪਿਆਰ ਸੀ, ਮਾਣ-ਵਡਿਆਈ ਦਾ ਭੁੱਖਾ ਅਤੇ ਈਰਖਾਲੂ ਸੀ।
ਗੁਰੂ ਰਾਮ ਦਾਸ ਜੀ ਦੇ ਦੂਸਰੇ ਪੱਤਰ ਦਾ ਨਾਮ ਬਾਬਾ ਮਹਾਂਦੇਵ ਸੀ। ਉਹ ਸੁਭਾਅ ਦੇ ਸਿੱਧੇ, ਦੁਨਿਆਵੀ ਕੰਮਾਂ ਜਾਂ ਗੁਰੂ ਬਣਨ ਵਿਚ ਕੋਈ ਦਿਲਚਸਪੀ ਨਹੀਂ ਸਨ ਰੱਖਦੇ। ਆਪਣੇ ਆਪ ਵਿਚ ਹੀ ਹਮੇਸ਼ਾਂ ਮਸਤ ਅਤੇ ਉਦਾਸ ਰਹਿੰਦੇ ਸਨ।
ਗੁਰੂ ਰਾਮ ਦਾਸ ਜੀ ਦੇ ਤੀਜੇ ਅਤੇ ਸਭ ਤੋਂ ਛਟੇ ਪੁੱਤਰ (ਗੁਰੂ) ਅਰਜਨ ਸਾਹਿਬ ਸਨ। ਉਹ ਬਾਣੀ ਅਤੇ ਪ੍ਰਭੂ ਨਾਲ ਪਿਆਰ ਕਰਨ ਵਾਲੇ, ਆਗਿਆਕਾਰੀ, ਨਿਰਮਾਣਤਾ, ਸੇਵਾ-ਭਾਵਨਾ, ਗੁਰ ਸਿੱਖੀ ਪ੍ਰਚਾਰ ਦੀ ਲਗਨ ਆਦਿ ਗੁਣਾਂ ਨਾਲ ਭਰਪੂਰ ਸਨ। ਇਨ੍ਹਾਂ ਗੁਣਾਂ ਕਰਕੇ ਹੀ ਗੁਰੂ ਰਾਮ ਦਾਸ ਜੀ ਨੇ ਅਗਸਤ 1581 ਨੂੰ ਪ੍ਰਿਥੀ ਚੰਦ ਦੀ ਥਾਂ (ਗੁਰੂ) ਅਰਜਨ ਨੂੰ ਗੁਰਤਾ ਥਾਪੀ ਅਤੇ ਗੁਰੁ ਅਰਜਨ ਸਾਹਿਬ ਨੂੰ ਗੁਰਤਾ ਥਾਪੀ ਅਤੇ ਭਰੇ ਦਰਬਾਰ ਵਿਚ ਗੁਰੂ ਅਰਜਨ ਜੀ ਨੂੰ ਮੱਥਾ ਟੇਕਿਆ। ਬਾਕੀ ਸੰਗਤ ਨੇ ਭੀ ਇਸੇ ਤਰ੍ਹਾਂ ਹੀ ਕੀਤਾ। ਗੁਰਗੱਦੀ ਦੇ ਨਾਲ-ਨਾਲ ਗੁਰੂ ਰਾਮ ਦਾਸ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਬਾਣੀ ਦਾ ਸਾਰਾ ਖਜ਼ਾਨਾ ਭੀ ਸੌਪ ਦਿੱਤਾ ਜਿਸ ਵਿਚ ਚਾਰੇ ਗੁਰੂਆਂ ਸਾਰੇ ਭਗਤਾਂ ਅਤੇ ਬਾਬਾ ਸੁੰਦਰ ਜੀ ਦੀ ਬਾਣੀ ਮੌਜੂਦ ਸੀ।
ਕਈ ਲੋਕ ਗੁਰੂ ਅਰਜਨ ਦੇਵ ਜੀ ਦੇ ੳਪਰੋਕਤ ਗੁਣਾਂ ਨੂੰ ਅੱਖੋਂ ਉਹਲੇ ਕਰਕੇ ਇੱਕ ਮਨ ਘੜਤ ਕਹਾਣੀ ਦਾ ਸਹਾਰਾ ਲੈਂਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਗੁਰ-ਗੱਦੀ ਬਖਸ਼ਣ ਦਾ ਕਾਰਨ ਇੱਕ ਕਹਾਣੀ ਹੈ। ਇਹ ਕਹਾਣੀ ਇਸ ਪ੍ਰਕਾਰ ਹੈ:
ਇੱਕ ਵਾਰੀ ਦੀ ਗੱਲ ਹੈ ਕਿ ਗੁਰੂ ਰਾਮਦਾਸ ਜੀ ਦੇ ਨਜ਼ਦੀਕੀ ਰਿਸ਼ਤੇਦਾਰ, ਲਾਹੌਰ ਵਾਸੀ ਭਾਰੀ ਸਹਾਰੀ ਮੱਲ ਦੇ ਪੁੱਤਰ ਦੀ ਸ਼ਾਦੀ ਸੀ। ਗੁਰੂ ਸਾਹਿਬ ਨਾਲ ਬਹੁਤ ਪਿਆਰ ਹੋਣ ਕਰਕੇ ਭਾਈ ਸਹਾਰੀ ਮੱਲ ਨੇ ਗੁਰੂ ਰਾਮ ਦਾਸ ਸਾਹਿਬ ਨੂੰ ਉਚੇਚੇ ਤੌਰ ਤੇ ਸ਼ਾਦੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਪਰ ਗੁਰੂ ਰਾਮ ਦਾਸ ਬਹੁਤ ਰੁੱਝੇ ਹੋਣ ਕਰਕੇ ਲਾਹੌਰ ਨਹੀਂ ਜਾ ਸਕਦੇ ਸਨ। ਉਨ੍ਹਾਂ ਨੇ ਬਾਬਾ ਪ੍ਰਿਥੀ ਚੰਦ ਨੂੰ ਬੁਲਾਕੇ ਬੇਨਤੀ ਕੀਤੀ ਅਤੇ ਕਿਹਾਕਿ ਉਹ ਲਾਹੌਰ ਵਿਖੇ ਸ਼ਾਦੀ ਵਿਚ ਹਾਜ਼ਰੀ ਭਰੇ। ਬਾਬਾ ਪ੍ਰਿਥੀ ਚੰਦ ਨੇ ਲਾਹੌਰ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ "ਪਿਤਾ ਜੀ ਮਾਇਆ ਦੀ ਸੰਭਾਲ ਅਤੇ ਉਸਾਰੀ ਦੇ ਕੰਮਾਂ ਦੀ ਦੇਖ-ਭਾਲ ਕੌਣ ਕਰੇਗਾ?"
ਬਾਬਾ ਮਹਾਂਦੇਵ ਨੂੰ ਪੁੱਛਣ ਤੇ ਉਨ੍ਹਾਂ ਕਿਹਾ ਕਿ ਉਸ ਨੂੰ ਦੁਨਿਆਵੀ ਜਿੰਮੇਵਾਰੀਆਂ ਨਾਲ ਕੋਈ ਵਾਸਤਾ ਨਹੀਂ।
ਦੋਨਾਂ ਪੁੱਤਰਾਂ ਨੂੰ ਪੁੱਛਣ ਤੋਂ ਬਾਅਦ ਗੁਰੂ ਰਾਮ ਦਾਸ ਨੇ (ਗੁਰੂ) ਅਰਜਨ ਨੂੰ ਪਾਸ ਬੁਲਾਇਆ ਅਤੇ ਵਿਆਹ ਤੇ ਲਹੌਰ ਜਾਣ ਲਈ ਕਿਹਾ ਅਤੇ ਨਾਲ ਹੀ ਬੇਨਤੀ ਕੀਤੀ ਕਿ ਜਿੰਨੀ ਦੇਰ ਉਨ੍ਹਾਂ ਵੱਲੋਂ ਵਾਪਿਸ ਨਾ ਬੁਲਾਇਆ ਜਾਵੇ ਉਹ ਲਹੌਰ ਸ਼ਾਹਿਰ ਹੀ ਟਿਕੇ ਰਹਿਣ।
ਪਿਤਾ ਜੀ ਦੀ ਆਗਿਆ ਲੈਕੇ (ਗੁਰੂ) ਅਰਜਨ ਖੁਸ਼ੀ-ਖੁਸ਼ੀ ਲਹੌਰ ਗਏ ਅਤੇ ਵਿਆਹ ਵਿਚ ਸ਼ਾਮਲ ਹੋਏ। ਵਿਆਹ ਤੋਂ ਬਾਅਦ ਆਪ ਲਾਹੌਰ ਹੀ ਟਿਕੇ ਰਹੇ ਅਤੇ ਗੁਰੂ ਸਾਹਿਬ ਦੇ ਵਾਪਿਸ ਬੁਲਾਉਣ ਦੇ ਸੁਨੇਹੇ ਦੀ ਉਡੀਕ ਕਰਨ ਲੱਗੇ। ਕਾਫੀ ਸਮਾਂ ਲੰਘ ਗਿਆ। ਪਿਤਾ ਗੁਰੂ ਰਾਮਦਾਸ ਵੱਲੋਂ ਕੋਈ ਸੁਨੇਹਾ ਨਹੀਂ ਆਇਆ। ਪਿਤਾ ਜੀ ਨੂੰ ਮਿਲਣ ਲਈ (ਗੁਰੂ) ਅਰਜਨ ਸਾਹਿਬ ਬਹੁਤ ਉਦਾਸ ਹੋ ਗਏ। ਜਦੋਂ ਕੋਈ ਸੁਨੇਹਾ ਨਾ ਮਿਲਿਆ ਤਾਂ ਆਪ ਨੇ ਪਿਤਾ ਜੀ ਵੱਲ ਇਕ ਚਿੱਠੀ ਲਿਖ ਭੇਜੀ। ਜਦੋਂ ਉਸ ਦਾ ਕੋਈ ਉੱਤਰ ਨਾ ਆਇਆ ਤਾਂ ਇੱਕ ਹੋਰ ਚਿੱਠੀ ਗੁਰੂ ਪਿਤਾ ਵੱਲ ਲਿਖ ਭੇਜੀ। ਇਸ ਦਾ ਭੀ ਉੱਤਰ ਨਾ ਆਉਣ ਤੇ (ਗੁਰੂ) ਅਰਜਨ ਨੇ ਇੱਕ ਹੋਰ ਚਿੱਠੀ ਲਿਖ ਕੇ ਇ ਖਾਸ ਆਦਮੀ ਹੱਥ ਭੇਜੀ ਅਤੇ ਕਿਹਾ ਕਿ ਉਹ ਚਿੱਠੀ ਉਹ ਆਪ "ਗੁਰੂ ਸਾਹਿਬ" ਨੂੰ ਦੇਵੇ।
(ਨੋਟ: ਇਨ੍ਹਾਂ ਚਿੱਠੀਆਂ ਤੇ 1, 2, 3 ਨੰਬਰ (ਗੁਰੂ) ਅਰਜਨ ਨੇ ਲਿਖੇ ਹੋਏ ਸਨ।)
ਉਸ ਆਦਮੀ ਨ ਇੰਝ ਹੀ ਕੀਤਾ। ਗੁਰੂ ਸਾਹਿਬ ਨੇ ਜੱਦ ਚਿੱਠੀ ਪੜ੍ਹੀ ਤਾਂ ਆਪ ਬਹੁਤ ਪ੍ਰਸੰਨ ਹੋਏ। ਨਾਲ ਹੀ ਸੋਚਣ ਲੱਗੇ ਕਿ ਪਹਿਲੀਆਂ ਦੋ ਚਿੱਠੀਆਂ ਕਿਸ ਕਾਰਨ ਉਨ੍ਹਾਂ ਨੂੰ ਨਹੀਂ ਦਿੱਤੀਆਂ ਗਈਆਂ। ਬਾਬਾ ਪ੍ਰਿਥੀ ਚੰਦ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ (ਗੁਰੂ) ਅਰਜਨ ਸਾਹਿਬ ਦੀਆਂ ਗੁਰੂ ਰਾਮ ਦਾਸ ਨੂੰ ਲਿਖੀਆਂ ਦੋ ਚਿੱਠੀਆਂ ਪਈਆਂ ਹਨ। ਕੰਮ ਵਿੱਚੋਂ ਵੇਹਲ ਨਾ ਮਿਲਣ ਕਰਕੇ ਗੁਰੂ ਸਾਹਿਬ ਤੱਕ ਨਹੀਂ ਪਹੁੰਚਾ ਸਕਿਆ। ਗੁਰੂ ਸਾਹਿਬ ਨੇ ਇਹ ਚਿੱਠੀਆਂ ਪੜ੍ਹਦੇ ਸਾਰ ਬਾਬਾ ਬੁਢਾ ਜੀ ਰਾਹੀਂ (ਗੁਰੂ) ਅਰਜਨ ਨੂੰ ਲਾਹੌਰ ਤੋਂ ਵਾਪਿਸ ਮੰਗਾ ਲਿਆ ਅਤੇ ਗੁਰਗੱਦੀ ਸੌਂਪ ਦਿੱਤੀ। ਬਾਅਦ ਵਿਚ ਇਹ ਚਿੱਠੀਆਂ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਦਿੱਤੀਆਂ।
ਸਿੱਖੀ ਦੇ ਅਸੂਲਾਂ ਮੁਤਾਬ ਅਤੇ ਗੁਰੂ ਘਰ ਦੀ ਰਵਾਇਤ ਅਨੁਸਾਰ "ਗੁਰਤਾ ਸੌਂਪਣ" ਦੀ ਇਹ ਕਹਾਣੀ ਮਨ ਘੜਤ ਜਾਪਦੀ ਹੈ ਕਿਉਂਕਿ:
ਗੁਰਤਾ ਸੌਪਣ ਤੋਂ ਪਹਿਲਾਂ ਕਿਸੇ ਵਿਆਕਤੀ ਦੀ ਕੋਈ ਲਿਖਤ "ਗੁਰਬਾਣੀ ਨਹੀਂ ਮੰਨੀ ਗਈ।"
2. "ਨਾਨਕ" ਪਦ ਕੇਵਲ ਗੁਰੂਆਂ ਵਾਸਤੇ "ਰਾਖਵਾਂ" ਹੈ। ਕਿਸੇ ਭਗਤ, ਗੁਰ ਸਿੱਖ ਨੇ ਆਪਣੀ ਕਿਸੇ ਕ੍ਰਿਤ ਨਾਲ "ਨਾਨਾਕ" ਪਦ ਨਹੀਂ ਵਰਤਿਆ।
3. ਚਿੱਠੀ/ਚਿੱਠਆਂ ਕਿਸ ਵਿਅਕਤੀ/ ਵਿਅਕਤੀਆਂ ਦੇ ਹੱਥ ਭੇਜੀ/ਭੇਜੀਆਂ ਦੇ ਨਾਵਾਂ ਬਾਰੇ ਕੋਈ ਰੀਕਾਰਡ ਮੌਜੂਦ ਨਹੀਂ ਹੈ।
4. "ਗੁਰ ਮੂਰਤਿ ਗੁਰੁ ਸਬਦੁ ਹੈ ਸਾਧਸੰਗਤਿ ਮਿਲਿ ਅੰਮ੍ਰਤਿ ਵੇਲਾ" (ਵਾਰ 24) - ਭਾਈ ਗੁਰਦਾਸ ਅਨੁਸਾਰ ਗੁਰੂ ਦੇ ਦਰਸ਼ਨ ਗੁਰੂ ਦਾ ਹੁਕਮ ਮੰਨਣਾ ਹੈ। ਇਹ ਹੁਕਮ ਹਮੇਸ਼ਾਂ ਸਿੱਖ ਧਰਮ ਦੇ ਅਸੂਲਾਂ ਨਾਲ ਹੀ ਸੰਬੰਧਤ ਰਿਹਾ ਹੈ ਕਿਸੇ ਹੋਰ ਗੱਲ ਨਾਲ ਨਹੀਂ।
5. ਇਸ ਸ਼ਬਦ ਦੇ ਦਰਸ਼ਨ ਤੋਂ ਬਾਅਦ ਅਸੀਂ ਦੇਖਾਂਗੇ ਕਿ ਰਾਗ ਮਾਂਝ ਵਿਚ, ਇਸ ਗੁਰ ਸ਼ਬਦ ਦਾ ਵਿਸ਼ਾ "ਪ੍ਰਭੂ ਬਿਰਹੋਂ ਅਵਸਥਾ" ਨਾਲ ਹੈ। ਇਸ ਲੜੀ ਦੇ ਕੁਲ (50) ਸ਼ਬਦ ਹਨ, ਜਿਸ ਵਿਚ ਗੁਰੂ ਰਾਮ ਦਾਸ ਸਾਹਿਬ ਜੀ ਦੇ 7 ਅਤੇ ਗੁਰੂ ਅਰਜਨ ਸਾਹਿਬ ਜੀ ਦੇ 43 ਸ਼ਬਦ ਹਨ। (ਦਖੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ 94 ਤੋਂ 109 ਤੱਕ ਇਹ ਸ਼ਬਦ। ਇਸ ਮਨ ਘੜਤ ਕਹਾਣੀ ਨਾਲ ਇਸ ਸ਼ਬਦ ਦਾ ਕੋਈ ਸੰਬੰਧ ਨਹੀਂ।
ਆਓ ਹੁਣ ਇਸ ਸ਼ਬਦ ਨੂੰ ਪੜ੍ਹ ਕੇ ਆਤਮਕ ਹੁਲਾਰੇ ਦਾ ਅਨੰਦ ਮਾਣੀਏ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ 96 ਤੇ ਦਰਜ ਹੈ।
ਮਾਝ ਮਹਲਾ 5 ਚਉਪਦੇ ਘਰੁ 1 ॥
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥1॥ ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥1॥ ਰਹਾਉ ॥ ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥ ਚਿਰੁ ਹੋਆ ਦੇਖੇ ਸਾਰਿੰਗਪਾਣੀ ॥ ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥2॥ ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥1॥ ਰਹਾਉ ॥ ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥ ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥3॥ ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥1॥ ਰਹਾਉ ॥ ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥ ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥4॥ ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥1॥8॥

ਪਦ ਅਰਥ: ਸਾਰਿੰਗਪਾਣੀ: ਪ੍ਰਮਾਤਮਾ
ਭਗਵੰਤਾ: ਹੇ ਭਗਵਾਨ
ਭਾਗੁ ਹੋਆ: ਕਿਸਮਤ ਜਾਗ ਪਈ
ਵਿਛੁੜਾ: ਵਿਛੁੱੜਾਂ
ਚਸਾ: ਬਹੁਤ ਹੀ ਥੋੜਾ ਸਮਾਂ, ਸਕਿੰਟ ਤੋਂ ਭੀ ਘੱਟ
ਅਰਥ: ਗੁਰੂ ਦਾ ਦਰਸ਼ਨ ਕਰਨ ਲਈ ਮੇਰਾ ਮਨ ਬਹੁਤ ਤਾਂਘ ਕਰ ਰਿਹਾ ਹੈ। ਜਿਵੇਂ ਪਪੀਹਾ ਸਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ, ਉਸੇ ਤਰ੍ਹਾਂ ਪਪੀਹੇ ਵਾਂਗ ਮੇਰਾ ਮਨ ਗੁਰੂ ਦੇ ਦਰਸ਼ਨ ਲਈ ਤਰਲੇ ਲੈ ਰਿਹਾ ਹੈ। ਪਿਆਰੇ ਸੰਤ-ਗੁਰੂ ਦੇ ਦਰਸ਼ਨ ਤੋਂ ਬਿਨਾਂ, ਦਰਸ਼ਨ ਦੀ ਮੇਰੀ ਆਤਮਕ ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦਾ ॥1॥
ਮੈਂ ਪਿਆਰੇ ਸੰਤ-ਗੁਰੂ ਦੇ ਦਰਸ਼ਨ ਤੋਂ ਕੁਰਬਾਨ ਹਾਂ, ਸਦਕੇ ਹਾਂ॥1॥ਰਹਾਉ॥
ਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇੱਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਜੁਗ ਹੋ ਜਾਂਦਾ ਹੈ। ਪ੍ਰਭੂ ਜੀ ਮੈਂ ਤੇਰੇ ਵਿਛੋੜੇ ਤੋਂ ਬਿਹਬਲ ਹਾਂ, ਦੱਸ ਹੁਣ ਤੈਨੂੰ ਕਦੋਂ ਮਿਲ ਸਕਾਂਗਾ। ਹੇ ਭਾਈ! ਗੁਰੂ ਦਰਸ਼ਨ ਤੋਂ ਬਿਨਾਂ ਪ੍ਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ, ਇਸ ਲਈ ਗੁਰੂ ਦੇ ਦਰਬਾਰ ਦਾ ਦਰਸ਼ਨ ਕਰਨ ਤੋਂ ਬਿਨ੍ਹਾਂ ਮੇਰੀ ਜ਼ਿੰਦਗੀ ਦੀ ਰਾਤ ਸੌਖੀ ਨਹੀਂ ਲੰਘਦੀ, ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ॥3॥
ਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ, ਕੁਰਬਾਨ ਹਾਂ ਜੋ ਸਦਾ ਅੱਟਲ ਰਹਿਣ ਵਾਲਾ ਹੈ॥1॥ ਰਹਾਉ॥
ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪ੍ਰਮਾਤਮਾ ਮਿਲਾ ਦਿੱਤਾ ਹੈ। ਗੁਰੂ ਦੀ ਕ੍ਰਿਪਾ ਨਾਲ ਉਸ ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ। ਹੇ ਦਾਸ ਨਾਨਾਕ! ਆਧ - ਹੇ ਪ੍ਰਭੂ! ਮਿਹਰ ਕਰ! ਮੈਂ ਤੇਰੇ ਦਾਸਾਂ ਦੀ ਨਿੱਤ ਸੇਵਾ ਕਰਦਾ ਰਹਾਂ, ਤੇਰੇ ਦਾਸਾਂ ਤੋਂ ਮੈਂ ਇਕ ਪਲ ਭਰ ਭੀ ਨਾ ਵਿਛੁੜਾਂ, ਇੱਕ ਚਸਾ ਭਰ ਭੀ ਨਾ ਵਿਛੁੜਾਂ ॥4॥
ਹੇ ਦਾਸ ਨਾਨਕ! ਆਖ, ਹੇ ਪ੍ਰਭੂ! ਮੈਂ ਤੇਰੇ ਦਾਸਾਂ ਤੋਂ ਸਦਕੇ ਹਾਂ, ਕੁਰਬਾਨ ਹਾਂ॥1॥ਰਹਾਉ॥
ਸਧਾਰਨ ਤੌਰ ਤੇ ਹਰੇਕ ਸ਼ਬਦ ਕਿਸੇ ਪ੍ਰਥਾਇ ਹੀ ਹੋਇਆ ਕਰਦਾ ਹੈ "ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥" (ਪੰਨਾ 647)
ਪਰ ਇਸ ਸ਼ਬਦ ਦੇ ਅਰਥਾਂ ਤੋਂ ਸਪਸ਼ਟ ਹੈ ਕਿ ਇਸ ਸ਼ਬਦ ਦੇ ਨਾਲ "ਚਿੱਠੀਆਂ" ਵਾਲੀ ਕਹਾਣੀ ਮਨ-ਘੜਤ ਜਾਪਦੀ ਹੈ। "ਭਾਗੁ ਹੋਆ ਗੁਰਿ ਸੰਤੁ ਮਿਲਾਇਆ" ਤੋਂ ਭੀ ਸਪਸ਼ਟ ਹੈ ਕਿ ਗੁਰੂ ਨੇ ਪ੍ਰਭੂ ਨੂੰ ਮਿਲਾ ਦਿੱਤਾ॥ ਜੇ ਕਹਾਣੀ ਠੀਕ ਹੁੰਦੀ ਤਾਂ ਗੁਰੂ ਸਾਹਿਬ ਆਖਦੇ, "ਪ੍ਰਭੂ ਨੇ ਗੁਰੂ ਨੂੰ ਮਿਲਾ ਦਿੱਤਾ॥"
ਰਹਾਉ ਦੀ ਤੁੱਕ ਵਿਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਇਸ ਸ਼ਬਦ ਵਿਚ ਚਾਰ "ਰਹਾਉ" ਦੀਆਂ ਤੁਕਾਂ ਹਨ। ਹਰੇਕ ਤੁੱਕ ਦਾ ਭਾਵ ਹੈ ਕਿ ਹੇ ਪ੍ਰਭੂ ਮੈਂ ਤੇਰੇ ਸਦਕੇ ਹਾਂ। ਇਸ ਸਾਰੇ ਸ਼ਬਦ ਵਿਚ "ਪ੍ਰਭੂ ਬ੍ਰਿਹੋਂ" ਦੀ ਅਵਸਥਾ ਅਤੇ ਪ੍ਰਭੂ "ਮਿਲਣ" ਦੀ ਤਾਂਘ ਦਾ ਸੰਦੇਸ਼ਾ ਦਿੱਤਾ ਗਿਆ ਹੈ, ਜੋ ਕਿ ਮਨੁੱਖਾਂ ਜੀਵਨ ਦਾ ਮਨਰੋਥ ਹੈ।
ਗੁਰੂ ਕ੍ਰਿਪਾ ਕਰਨ! ਸਾਨੂੰ ਮਨ ਘੜਤ ਕਹਾਣੀਆਂ ਦੀ ਬਜਾਏ ਹਰ ਸ਼ਬਦ ਨੂੰ ਗੁਰੂ ਸੁਨੇਹਾ ਲੈ ਕੇ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ ਤਾਂ ਜੋ ਸਾਡਾ "ਲੋਕ ਸਖੀਏ ਅਤੇ ਪ੍ਰਲੋਕ ਸੁਹੇਲਾ" ਹੋ ਸਕੇ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਜੀ ਅਤੇ ਸਮੂਹ ਸ਼ਹੀਦਾਂ ਨੂੰ ਵਾਰ-ਵਾਰ ਪ੍ਰਣਾਮ।
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਬਲਬਿੰਦਰ ਸਿੰਘ ਸਿਡਨੀ (ਅਸਟ੍ਰੇਲੀਆ)
.