.

ਭਾਵੈ ਲਾਂਬੇ ਕੇਸ ਕਰੁ

(ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ, ਭਾਗ- 14)

(ਸੁਖਜੀਤ ਸਿੰਘ ਕਪੂਰਥਲਾ)

ਨੋਟ- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 13 ਪੜੋ ਜੀ

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

============

(ਝ) ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ।। ੨੫।।

(ਸਲੋਕ ਭਗਤ ਕਬੀਰ ਜੀ -੧੩੬੪)

ਵਿਚਾਰ- ਉਪਰੋਕਤ ਵਿਸ਼ਾ ਅਧੀਨ ਗੁਰਬਾਣੀ ਫੁਰਮਾਣ ਭਗਤ ਕਬੀਰ ਜੀ ਦਵਾਰਾ ਉਚਾਰਣ ਕੀਤੇ ਗਏ ਸਲੋਕ ਨੰ. 25 ਦੀ ਦੂਜੀ ਤੁਕ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 1364 ਉਪਰ ਸੁਭਾਇਮਾਨ ਹੈ। ਇਸ ਸਲੋਕ ਦੀ ਵਰਤੋਂ ਅਕਸਰ ਆਪਣੀ ਮਨ-ਮਰਜੀ ਅਨੁਸਾਰ ਕੇਸਾਂ ਦੇ ਵਿਸ਼ੇ ਨਾਲ ਜੋੜ ਕੇ ਕੀਤੀ ਜਾਂਦੀ ਹੈ ਅਤੇ ਇਸ ਦੇ ਅਰਥ ਇਹ ਸਮਝੇ ਜਾਂਦੇ ਹਨ ਕਿ ਗੁਰਬਾਣੀ ਅੰਦਰ ਭਗਤ ਕਬੀਰ ਜੀ ਨੇ ਲਿਖਿਆ ਹੋਇਆ ਹੈ ਕਿ ‘ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ` ਭਾਵ ਕੇਸ ਰੱਖੇ ਜਾਣ ਜਾਂ ਨਾ, ਭਾਵੇਂ ਰੋਡ-ਮੋਡ ਹੀ ਕਿਉਂ ਨਾ ਹੋਇਆ ਜਾਵੇ, ਇਸ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ। ਖਾਸ ਤੌਰ ਤੇ ਵੇਖਣ ਨੂੰ ਮਿਲਦਾ ਹੈ ਕਿ ਸਿੱਖ ਪ੍ਰਵਾਰਾਂ ਵਿੱਚ ਪੈਦਾ ਹੋ ਕੇ ਕੇਸ-ਦਾੜੀ ਤੋਂ ਹੀਣੇ ਫਿਰ ਰਹੇ ਸਿੱਖ ਅਖਵਾਉਂਦੇ ਨੌਜਵਾਨਾਂ ਨੂੰ ਜਦੋਂ ਕੋਈ ਗੁਰਸਿੱਖੀ ਦਾ ਜਾਣਕਾਰ ਸਿੱਖੀ ਵਿੱਚ ਕੇਸਾਂ ਦੀ ਮਹੱਤਤਾ ਸਬੰਧੀ ਜਾਣਕਾਰੀ ਦੇ ਕੇ ਪ੍ਰੇਰਿਤ ਕਰਨ ਦਾ ਯਤਨ ਕਰਦਾ ਹੈ ਤਾਂ ਐਸੇ ਨੌਜਵਾਨ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਵਿਸ਼ਾ ਅਧੀਨ ਸਲੋਕ ਦੀ ਦੂਜੀ ਤੁਕ ਨੂੰ ਆਪਣੇ ਮਨ-ਮਰਜ਼ੀ ਦੇ ਅਰਥਾਂ ਵਿੱਚ ਵਰਤਣ ਤੋਂ ਵੀ ਸੰਕੋਚ ਨਹੀ ਕਰਦੇ ਹਨ, ਜੋ ਕਿ ਕਿਸੇ ਵੀ ਤਰਾਂ ਯੋਗ ਨਹੀਂ ਮੰਨਿਆ ਜਾ ਸਕਦਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਿਆਂ ਨੂੰ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਸਿੱਖੀ ਸਿਧਾਂਤ ਤਾਂ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ` (ਜਪੁ-੧) ਦਾ ਹੈ। ਅੱਜ ਫੈਸ਼ਨ ਪ੍ਰਸਤੀ ਦੇ ਦੌਰ ਵਿੱਚ ਕੇਸਾਂ ਨੂੰ ਸਾਬਤ ਸੂਰਤ ਰੱਖਣ ਸਬੰਧੀ ਕਈ ਤਰਾਂ ਦੀਆਂ ਹੀਲ- ਹੁੱਜਤਾਂ ਕੀਤੀਆਂ ਜਾਂਦੀਆਂ ਹਨ ਜਿਵੇਂ ਦਾੜ੍ਹੀ-ਕੇਸਾਂ ਨੂੰ ਕਿਹੜੇ ਅੰਬ ਲਗਣੇ ਹਨ, ਇਨ੍ਹਾਂ ਦਾ ਨਾਮ ਜਪਣ ਨਾਲ ਕੀ ਸਬੰਧ ਹੈ, ਜੀਵਨ ਸੱਚਾ-ਸੁੱਚਾ ਹੋਣਾ ਚਾਹੀਦਾ ਹੈ, ਕੇਸ ਰੱਖੀਏ ਜਾਂ ਨਾਂ ਰੱਖੀਏ ਕੀ ਫਰਕ ਪੈਂਦਾ ਹੈ, ਕੰਮ ਚੰਗੇ ਕਰਨੇ ਚਾਹੀਦੇ ਹਨ, ਮਨ ਸਾਫ ਹੋਣਾ ਚਾਹੀਦਾ ਹੈ, ਅਸੀਂ ਵੇਖੇ ਨੇ ਕੇਸ-ਦਾੜ੍ਹੀਆਂ ਰੱਖ ਕੇ, ਅੰਮ੍ਰਿਤ ਛਕ ਕੇ ਮਾੜੇ ਕੰਮ ਕਰਨ ਵਾਲੇ, ਐਸੇ ਸਿੱਖਾਂ ਨਾਲੋ ਤਾਂ ਅਸੀਂ ਚੰਗੇ ਹਾਂ, ਕੀ ਹੋਇਆ ਜੇ ਕੇਸ-ਦਾੜ੍ਹੀ ਸਾਬਤ ਨਹੀਂ ਰੱਖੇ ਹੋਏ। ਇਸੇ ਤਰਾਂ ਦੀਆਂ ਹੋਰ ਵੀ ਕਈ ਗੱਲਾਂ ਬਾਤਾਂ ਸੁਨਣ ਨੂੰ ਅਕਸਰ ਮਿਲਦੀਆਂ ਹਨ।

ਲੋੜ ਹੈ ਕਿ ਐਸੇ ਨੌਜਵਾਨਾਂ ਵਲੋਂ ਦਿਤੀਆਂ ਜਾਂਦੀਆਂ ਦਲੀਲਾਂ ਨੂੰ ਹਉ-ਪਰੇ ਕਰਨ ਦੀ ਥਾਂ ਉਨ੍ਹਾਂ ਨੂੰ ਤਰਕ ਅਧਾਰਤ ਵੀਚਾਰ ਨਾਲ ਸਮਝਣ-ਸਮਝਾਉਣ ਦੀ ਹੈ। ਇਹ ਬਿਲਕੁਲ ਵਾਜਬ ਗੱਲ ਹੈ ਕਿ ਕੇਵਲ ਦਾੜ੍ਹੀ-ਕੇਸ ਸਾਬਤ ਸੂਰਤ ਰੱਖ ਲੈਣ ਨਾਲ ਕੋਈ ਪੂਰਾ ਸਿੱਖ ਨਹੀਂ ਬਣ ਜਾਂਦਾ। ਜੇ ਕਿਸੇ ਸਿੱਖ ਨੇ ਅੰਮ੍ਰਿਤਧਾਰੀ ਹੋ ਕੇ ਪੰਜ ਕਕਾਰ ਵੀ ਧਾਰਨ ਕੀਤੇ ਹੋਣ, ਨਿਤਨੇਮ ਵੀ ਕਰਦਾ ਹੋਏ, ਬਾਣੀ ਵੀ ਨੇਮ ਨਾਲ ਪੜਦਾ ਹੋਏ, ਗੁਰਦੁਆਰੇ ਹਾਜ਼ਰੀ ਵੀ ਭਰਦਾ ਹੋਏ ਇਹ ਸਭ ਚੰਗੇ ਪਾਸੇ ਦੀਆਂ ਗੱਲਾਂ ਹਨ, ਪ੍ਰੰਤੂ ਨਾਲ ਹੀ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ, ਜੇ ਇਹ ਸਭ ਕੁੱਝ ਕਰਨ ਵਾਲੇ ਦੇ ਜੀਵਨ ਵਿੱਚ ਸਿੱਖੀ ਸਿਧਾਂਤਾਂ ਦੀ ਪ੍ਰਪੱਕਤਾ ਨਹੀਂ ਹੈ ਤਾਂ ਇਹ ਇਸ ਤਰਾਂ ਹੀ ਹੋਵੇਗਾ ਜਿਵੇਂ ਕੋਈ ਸੁਹਾਗਣ (ਵਿਆਹੁਤਾ ਇਸਤਰੀ) ) ਵਧੀਆ ਹਾਰ ਸ਼ਿੰਗਾਰ ਕਰਕੇ ਸੁਹਾਗਣ ਵਾਲੇ ਸਾਰੇ ਚਿੰਨ ਵੀ ਧਾਰਨ ਕਰ ਲਵੇ, ਪਰ ਆਪਣੇ ਪਤੀ ਤੇ ਭਰੋਸਾ ਪ੍ਰਪੱਕ ਨਾ ਹੋਵੇ, ਐਸੀ ਔਰਤ ਨੂੰ ਸਮਾਜ ਵਿੱਚ ਸਤਿਕਾਰ ਦੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ ਹੈ। ਠੀਕ ਇਸੇ ਤਰਾਂ ਸਿੱਖੀ ਦੇ ਕੇਵਲ ਬਾਹਰੀ ਚਿੰਨ ਧਾਰਨ ਕਰਨ ਵਾਲਾ ਵੀ ਪਾਖੰਡੀ ਹੀ ਮੰਨਿਆ ਹੀ ਜਾਵੇਗਾ, ਉਹ ਕਦਾਚਿਤ ਵੀ ਗੁਰੂ ਦਰਬਾਰ/ ਸਮਾਜ ਅੰਦਰ ਸਹੀ ਸਤਿਕਾਰ ਦਾ ਹੱਕਦਾਰ ਨਹੀਂ ਬਣ ਸਕਦਾ ਹੈ। ਸਿੱਖੀ ਮਾਰਗ ਤਾਂ ‘ਜੋ ਜੀਇ ਹੋਇ ਸੁ ਉਗਵੈ` (੪੭੪) ਦਾ ਹੈ, ਜਿਸ ਅਨੁਸਾਰ ਜੇ ਸਹੀ ਅਰਥਾਂ ਵਿੱਚ ਅੰਦਰ ਮਨ ਦੀ ਸਾਫਗੋਈ ਵਾਲੀ ਸਿੱਖੀ ਹੋਵੇਗੀ ਤਾਂ ਉਹ ਕੇਸਾਂ, ਰਹਿਤ ਰਾਹੀਂ ਬਾਹਰ ਪ੍ਰਗਟ ਵੀ ਜ਼ਰੂਰ ਹੋਵੇਗੀ। ਜੇ ਮਨ ਸਾਫ ਹੋਣ ਦੀ ਦਲੀਲ ਨੂੰ ਤਰਕ ਨਾਲ ਵੇਖੀਏ ਤਾਂ ਜ਼ਰਾ ਸੋਚੋ! ਕੀ ਦਸ ਗੁਰੂ ਸਾਹਿਬਾਨ ਅਤੇ ਹੋਰ ਸਿੱਖ ਇਤਿਹਾਸ ਦੇ ਮਹਾਨ ਨਾਇਕਾਂ ਦੇ ਮਨ ਸਾਫ ਨਹੀਂ ਸਨ, ਉਨ੍ਹਾਂ ਬਾਰੇ ਐਸਾ ਹੋਣਾ ਤਾਂ ਦੂਰ ਦੀ ਗੱਲ ਕਦੀ ਸੋਚਿਆ ਵੀ ਨਹੀਂ ਜਾ ਸਕਦਾ।

ਅਜੋਕੇ ਸਮੇਂ ਅੰਦਰ ਅਕਸਰ ਹੀ ਸਿੱਖਾਂ ਦੇ ਕੇਸਾਂ ਸਬੰਧੀ ਸਵਾਲ ਕੀਤਾ ਜਾਂਦਾ ਹੈ ਕਿ ਸਿੱਖ ਕੇਸ ਕਿਉਂ ਰੱਖਦੇ ਹਨ? ਐਸਾ ਸਵਾਲ ਕਰਨ ਵਾਲੇ ਦਾ ਸਵਾਲ ਹੀ ਗਲਤ ਹੈ। ਰੱਖੀ ਕੋਈ ਵੀ ਵਸਤੂ ਬਾਹਰੋਂ ਜਾਂਦੀ ਹੈ, ਕੇਸ ਰੱਖੇ ਨਹੀਂ ਜਾਂਦੇ, ਕੇਸ ਤਾਂ ਪ੍ਰਮੇਸ਼ਰ ਦੀ ਦਾਤ ਹਨ, ਸਿੱਖ ਨੇ ਤਾਂ ਉਸ ਦੀ ਦਾਤ ਸਮਝ ਕੇ ਸੰਭਾਲ ਕਰਨੀ ਹੈ। ਲੋੜ ਹੈ ਕਿ ਐਸਾ ਸਵਾਲ ਕਰਨ ਵਾਲੇ ਤੇ ਉਲਟਾ ਸਵਾਲ ਕੀਤਾ ਜਾਵੇ ਕਿ ਤੁਸੀਂ ਕੇਸ ਕੱਟਦੇ ਕਿਉਂ ਹੋ? ਠੀਕ ਇਸੇ ਤਰਾਂ ਗੁਰਬਾਣੀ ਅਤੇ ਇਤਿਹਾਸ ਵਿਚੋਂ ਕਈ ਅਕੱਟ ਦਲੀਲਾਂ ਲਈਆਂ ਜਾ ਸਕਦੀਆਂ ਹਨ, ਪਰ ਜੇ ਕੋਈ ਸਮਝਣ ਨੂੰ ਤਿਆਰ ਹੋਵੇ।

ਹੁਣ ਵਿਚਾਰਣ ਦਾ ਮੁੱਦਾ ਹੈ ਕਿ ਭਗਤ ਕਬੀਰ ਜੀ ਵਿਸ਼ਾ ਅਧੀਨ ਸਲੋਕ ਅੰਦਰ ਲੰਬੇ ਕੇਸਾਂ ਅਤੇ ਰੋਡ-ਮੋਡ (ਘਰਰਿ ਮੁਡਾਇ) ਦਾ ਜ਼ਿਕਰ ਕਿਹੜੇ ਰੂਪ ਅੰਦਰ ਕਰ ਰਹੇ ਹਨ। ਸੰਸਾਰ ਦੇ ਕੁੱਝ ਧਰਮਾਂ ਅੰਦਰ ਪ੍ਰਚਲਿਤ ਮਾਨਤਾਵਾਂ ਸਨ ਕਿ ਲੰਬੇ ਕੇਸ ਰੱਖ ਕੇ ਸਫਾਈ ਤੋਂ ਪ੍ਰਹੇਜ਼ ਕਰਦੇ ਹੋਏ ਜਟਾਵਾਂ ਵਧਾ ਕੇ ਹੀ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ, ਕਿਸੇ ਨੇ ਆਖਿਆ ਕਿ ਰੋਡ-ਮੋਡ ਸੰਨਿਆਸੀ ਬਣ ਕੇ ਹੀ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ। ਪਰ ਇਸ ਵਿਸ਼ੇ ਉਪਰ ਗੁਰਬਾਣੀ ਫੁਰਮਾਣ ਸਾਡੇ ਸਾਹਮਣੇ ਹੈ ਕਿ ਜੇ ਮੰਨ ਲਿਆ ਜਾਵੇ ਕਿ ਰੋਡ-ਮੋਡ ਹੋਣ ਨਾਲ ਰੱਬ ਮਿਲਦਾ ਹੈ ਤਾਂ ਭੇਡ ਨੂੰ ਜੀਵਨ ਕਾਲ ਅੰਦਰ ਕਿੰਨੀ ਵਾਰ ਉਸਦੀ ਉਨ ਲਾਹੁਣ ਲਈ ਮੁੰਨਿਆਂ ਜਾਂਦਾ ਹੈ, ਤਾਂ ਭੇਡ ਨੂੰ ਰੱਬ ਪਹਿਲਾਂ ਮਿਲਣਾ ਅਤੇ ਮੁਕਤੀ ਦੀ ਪ੍ਰਾਪਤੀ ਹੋਣੀ ਚਾਹੀਦੀ ਸੀ-

ਮੂਡ ਮੁੰਡਾਏ ਜੌ ਸਿਧਿ ਪਾਈ।।

ਮੁਕਤੀ ਭੇਡ ਨ ਗਈਆ ਕਾਈ।।

(ਗਉੜੀ ਕਬੀਰ ਜੀ-੩੨੪)

ਅਰਥ - ਜੇ ਸਿਰ ਮੁਨਾਇਆਂ ਸਿੱਧੀ ਮਿਲ ਸਕਦੀ ਹੈ ਤਾਂ ਇਹ ਕੀਹ ਕਾਰਨ ਹੈ ਕਿ ਕੋਈ ਭੀ ਭੇਡ ਹੁਣ ਤਕ

ਮੁਕਤ ਨਹੀਂ ਹੋਈ?

ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰਬਾਣੀ ਦੇ ਸ਼ਾਬਦਿਕ ਅਰਥਾਂ ਦੀ ਥਾਂ ਤੇ ਉਸ ਅੰਦਰਲੇ ਭਾਵ-ਅਰਥ ਨੂੰ ਸਮਝਣ ਦਾ ਯਤਨ ਕਰੀਏ। ਭਗਤ ਕਬੀਰ ਜੀ ਦੇ ਇਸ ਪੂਰੇ ਸਲੋਕ ਦੇ ਅਰਥ ਇਸ ਤਰਾਂ ਹਨ-

ਕਬੀਰ ਪ੍ਰੀਤਿ ਇੱਕ ਸਿਉ ਕੀਏ ਆਨ ਦੁਬਿਧਾ ਜਾਇ।।

ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ।। ੨੫।।

(ਸਲੋਕ ਭਗਤ ਕਬੀਰ ਜੀ-੧੩੬੪)

ਅਰਥ- ਹੇ ਕਬੀਰ! ਦੁਨੀਆ ਵਾਲੀ ਹੋਰ-ਹੋਰ ਦੁਬਿਧਾ (ਦੁਚਿਤਾ ਪਨ, ਸਹਿਮ) ਤਦੋਂ ਦੂਰ ਹੁੰਦੀ ਹੈ ਜੇ ਇੱਕ ਪ੍ਰਮਾਤਮਾ ਨਾਲ ਪਿਆਰ ਪਾਇਆ ਜਾਏ। ਜਦ ਤਕ ਪ੍ਰਭੂ ਨਾਲ ਪ੍ਰੀਤ ਨਹੀਂ ਜੋੜੀ ਜਾਂਦੀ, ਦੁਨੀਆ ਵਾਲੀ ਦੁਬਿਧਾ ਮਿਟ ਨਹੀਂ ਸਕਦੀ, ਚਾਹੇ ਸੁਆਹ ਮਲ-ਮਲ ਕੇ ਲੰਮੀਆਂ ਜਟਾਂ ਰੱਖ ਲੈ, ਚਾਹੇ ਉਕਾ ਹੀ ਸਿਰ ਰੋਡ-ਮੋਡ ਕਰ ਲੈ ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ ਭਾਵ ਦੁਨੀਆਦਾਰੀ ਤਿਆਗ ਦੇ।

ਉਪਰੋਕਤ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਭਗਤ ਕਬੀਰ ਜੀ ਇਸ ਸਲੋਕ ਅੰਦਰ ਕਿਸੇ ਵੀ ਤਰਾਂ ਨਾਲ ਐਸੀ ਕੋਈ ਵੀ ਦਲੀਲ/ ਵਿਚਾਰ ਨਹੀਂ ਦੇ ਰਹੇ ਕਿ ਕੇਸ ਰੱਖਣ ਜਾਂ ਨਾ ਰੱਖਣ ਨਾਲ ਕੀ ਲਾਭ-ਨੁਕਸਾਨ ਹੁੰਦਾ ਹੈ, ਸਗੋਂ ਇਥੇ ਤਾਂ ਪ੍ਰਮੇਸ਼ਰ ਨਾਲ ਪ੍ਰੀਤ ਪਾਉਣ ਲਈ ਪ੍ਰੇਰਿਤ ਕਰਦੇ ਹਨ ਕਿ ਜਿੰਨਾ ਚਿਰ ਮਨ ਅੰਦਰੋਂ ਦੁਬਿਧਾ ਖਤਮ ਨਹੀਂ ਹੋਵੇਗੀ, ਉਨ੍ਹਾਂ ਚਿਰ ਇਹ ਬਾਹਰੀ ਭੇਖ ਸਾਡਾ ਕੁੱਝ ਵੀ ਨਹੀਂ ਸੁਆਰ ਸਕਦੇ। ਇੱਕ ਪ੍ਰਮੇਸ਼ਰ ਨਾਲ ਪ੍ਰੀਤ ਤੋਂ ਸੱਖਣੇ ਜੀਵਨ ਅੰਦਰ ਇਨ੍ਹਾਂ ਬਾਹਰੀ ਭੇਖਾਂ ਦਾ ਧਰਮ ਦੀ ਜੀਵਨ ਜਾਚ ਨਾਲ ਕੋਈ ਵੀ ਸਬੰਧ ਨਹੀਂ ਹੈ।

… … … … …. .

ਇਸ ਲੇਖ ਰਾਹੀਂ ਦਿਤੇ ਗਏ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ/ ਲੇਖਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.