.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

‘-ਕਾਢਹੁ ਕਾਢਹੁ ਹੋਈ`

ਹੁਣ ਤਕ ਦੀਆਂ ਲਿਖਤਾਂ ਵਿੱਚ ਅਸਾਂ ਇਹ ਸਮਝਣ ਦਾ ਯਤਨ ਕੀਤਾ ਹੈ ਕਿ ਜਿੱਥੇ ਗੁਰਬਾਣੀ ਦੇ ਅਖਰੀਂ ਅਰਥ ਹਨ ਓੱਥੇ ਗੁਰਬਾਣੀ ਦਾ ਭਾਵ ਅਰਥ ਵੀ ਹੈ। ਗੁਰਬਾਣੀ ਸ਼ਬਦਾਂ ਦੇ ਅਖਰੀਂ ਅਰਥ ਜੀਵਨ ਵਿੱਚ ਲਾਗੂ ਨਹੀਂ ਹੁੰਦੇ ਸਗੋਂ ਭਾਵ ਅਰਥਾਂ ਨੂੰ ਆਪਣੇ ਜੀਵਨ ਵਿੱਚ ਢਾਲਿਆ ਜਾਂਦਾ ਹੈ। ਭਾਵ ਅਰਥ ਕਰਨ ਲੱਗਿਆਂ ਸ਼ਬਦਾਵਲੀ ਆਪਣੇ ਕੋਲੋਂ ਬਣਾਉਣੀ ਪੈਂਦੀ ਹੈ। ਧਿਆਨ ਇਹ ਰੱਖਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਦੀ ਸਹੀ ਤੇ ਸਿਧਾਂਤਿਕ ਵਿਚਾਰ ਹੋਵੇ। ਕਿਸੇ ਵੀ ਸ਼ਬਦ ਦੀ ਵਿਚਾਰ ਗੈਰ ਕੁਦਰਤੀ ਨਹੀਂ ਹੋਣੀ ਚਾਹੀਦੀ। ਕਈ ਵਾਰੀ ਇਹ ਦੇਖਣ ਵਿੱਚ ਆਉਂਦਾ ਹੈ ਕਿ ਜਿੱਥੇ ਜੀ ਕਰਦਾ ਹੈ ਅਸੀਂ ਅੱਖਰੀਂ ਅਰਥ ਲੈ ਲੈਂਦੇ ਹਾਂ ਤੇ ਜਿੱਥੇ ਜੀ ਕਰਦਾ ਹੈ ਅਸੀਂ ਭਾਵ ਅਰਥ ਲੈ ਲੈਂਦੇ ਹਾਂ। ਸਾਡਾ ਮੰਨਣਾ ਹੈ ਕਿ ਜਾਂ ਤਾਂ ਕੇਵਲ ਅੱਖਰੀਂ ਅਰਥ ਹੀ ਲਏ ਜਾਣ ਜਾਂ ਫਿਰ ਸਾਰੀ ਗੁਰਬਾਣੀ ਦੇ ਭਾਵ ਅਰਥ ਲਏ ਜਾਣੇ ਚਾਹੀਦੇ ਹਨ। ਗੁਰਬਾਣੀ ਦੇ ਅਰਥਾਂ ਵਿੱਚ ਹਮੇਸ਼ਾਂ ਵਿਕਾਸ ਹੋਇਆ ਹੈ।

ਮਿਰਤਕ ਸਮਾਗਮਾਂ ਸਮੇਂ ਅਸੀਂ ਸ਼ਬਦ ਗੁਰਬਾਣੀ ਦਾ ਲੈਂਦੇ ਹਾਂ ਤੇ ਵਿਆਖਿਆ ਗਰੜ ਪੁਰਾਣ ਦੀ ਕਰ ਰਹੇ ਹੁੰਦੇ ਹਾਂ। ਜਿਸ ਸ਼ਬਦ ਦੀ ਵਿਚਾਰ ਕੀਤੀ ਜਾ ਰਹੀ ਹੈ ਉਸ ਨੂੰ ਏਦਾਂ ਪੇਸ਼ ਕੀਤਾ ਜਾਂਦਾ ਹੈ ਕਿ ਜਦੋਂ ਆਦਮੀ ਮਰ ਜਾਂਦਾ ਹੈ ਤਾਂ ਜੀਵ ਆਤਮਾ ਨੂੰ ਧਰਮਰਾਜ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਧਰਮ ਰਾਜ ਉਸ ਦੇ ਕੀਤੇ ਕੰਮਾਂ ਤੋਂ ਹਿਸਾਬ ਲਗਾ ਕੇ ਨਰਕ ਸਵਰਗ ਦਾ ਫੈਸਲਾ ਨਿਰਧਾਰਤ ਕਰਦਾ ਹੈ। ਦੂਸਰਾ ਬੰਦੇ ਦੇ ਮਰਨ `ਤੇ ਪਰਵਾਰਕ ਜੀਅ ਰੋਂਦੇ ਹਨ ਪਰ ਜੀਵ ਇਕੱਲਾ ਹੀ ਏੱਥੋਂ ਜਾਂਦਾ ਹੈ। ਕਬੀਰ ਸਾਹਿਬ ਜੀ ਦੇ ਆਸਾ ਰਾਗ ਵਿੱਚ ਇੱਕ ਉਚਾਰਣ ਕੀਤੇ ਹੋਏ ਸ਼ਬਦ ਦੀ ਵਿਚਾਰ ਨੂੰ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੈ। ਏੱਥੇ ਇੱਕ ਇਹ ਵਿਚਾਰ ਵੀ ਦਿੱਤੀ ਜਾਂਦੀ ਹੈ ਕਿ ਗੁਰਬਾਣੀ ਦੇ ਅਰਥਾਂ `ਤੇ ਸਾਡਾ ਕੋਈ ਦਾਅਵਾ ਨਹੀਂ ਹੈ ਜਿਨੀ ਕੁ ਸਮਝ ਆ ਗਈ ਉਹ ਅਗਾਂਹ ਸਾਂਝੀ ਕੀਤੀ ਜਾਂਦੀ ਹੈ। ਏਨਾਂ ਧਿਆਨ ਜ਼ਰੂਰ ਰੱਖਿਆ ਜਾ ਰਿਹਾ ਹੈ ਸਾਤਿਗੁਰਾਂ ਦੀ ਬਾਣੀ ਦੇ ਅਰਥ ਗੈਰ ਕੁਦਰਤੀ ਨਾ ਹੋਣ ਤੇ ਹਰ ਸ਼ਬਦ ਵਿਚੋਂ ਨਿਰੋਏ ਜੀਵਨ ਦੀ ਸੇਧ ਮਿਲਣੀ ਚਾਹੀਦੀ ਹੈ। ਗੁਰਬਾਣੀ ਵਿੱਚ ਤਾਂ ਏਦਾਂ ਦੇ ਪ੍ਰਮਾਣ ਵੀ ਆਉਂਦੇ ਹਨ ਕਿ ਮਰਨ ਉਪਰੰਤ ਬੰਦੇ ਦੀ ਆਤਮਾ ਨੂੰ ਕੋਹਲੂ ਵਿੱਚ ਪਾ ਕੇ ਪੀੜਿਆ ਜਾਂਦਾ ਹੈ। ਕੰਡਿਆਂ ਵਾਲਿਆਂ ਛਾਪਿਆਂ ਤੋਂ ਦੀ ਧੂਇਆ ਜਾਂਦਾ ਹੈ। ਹਕੀਕਤ ਇਹ ਹੈ ਕਿ ਬੰਦਾ ਤਾਂ ਸਾਰਿਆਂ ਦੇ ਸਾਹਮਣੇ ਫੂਕਿਆ ਜਾਂਦਾ ਹੈ ਫਿਰ ਸਜਾ ਕਿਹੜੇ ਸਰੀਰ ਨੂੰ ਦਿੱਤੀ ਜਾਂਦੀ ਹੈ?

ਜਬ ਲਗੁ ਤੇਲੁ ਦੀਵੇ ਮੁਖਿ ਬਾਤੀ, ਤਬ ਸੂਝੈ ਸਭੁ ਕੋਈ।।

ਤੇਲ ਜਲੇ ਬਾਤੀ ਠਹਰਾਨੀ, ਸੂੰਨਾ ਮੰਦਰੁ ਹੋਈ।। ੧।।

ਰੇ+ ਬਉਰੇ, ਤੁਹਿ ਘਰੀ ਨ ਰਾਖੈ ਕੋਈ।।

ਤੂੰ ਰਾਮ ਨਾਮੁ ਜਪਿ ਸੋਈ।। ੧।। ਰਹਾਉ।।

ਕਾ ਕੀ ਮਾਤ ਪਿਤਾ ਕਹੁ ਕਾ ਕੋ, ਕਵਨ ਪੁਰਖ ਕੀ ਜੋਈ।।

ਘਟ ਫੂਟੇ ਕੋਊ ਬਾਤ ਨ ਪੂਛੈ, ਕਾਢਹੁ ਕਾਢਹੁ ਹੋਈ।। ੨।।

ਦੇਹੁਰੀ ਬੈਠੀ ਮਾਤਾ ਰੋਵੈ, ਖਟੀਆ ਲੇ ਗਏ ਭਾਈ।।

ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ।। ੩।।

ਕਹਤ ਕਬੀਰ ਸੁਨਹੁ ਰੇ ਸੰਤਹੁ, ਭੈ ਸਾਗਰ ਕੈ ਤਾਈ।।

ਇਸੁ ਬੰਦੇ ਸਿਰਿ ਜੁਲਮੁ ਹੋਤ ਹੈ, ਜਮੁ ਨਹੀ ਹਟੈ ਗੁਸਾਈ।। ੪।। ੯।।

ਰਾਗ ਆਸਾ ਬਾਣੀ ਕਬੀਰ ਜੀ ਕੀ ਪੰਨਾ ੪੭੮

ਅੱਖਰੀਂ ਅਰਥ-— (ਜਿਵੇਂ) ਜਦ ਤਕ ਦੀਵੇ ਵਿੱਚ ਤੇਲ ਹੈ, ਤੇ ਦੀਵੇ ਦੇ ਮੂੰਹ ਵਿੱਚ ਵੱਟੀ ਹੈ, ਤਦ ਤਕ (ਘਰ ਵਿਚ) ਹਰੇਕ ਚੀਜ਼ ਨਜ਼ਰੀਂ ਆਉਂਦੀ ਹੈ। ਤੇਲ ਸੜ ਜਾਏ, ਵੱਟੀ ਬੁੱਝ ਜਾਏ, ਤਾਂ ਘਰ ਸੁੰਞਾ ਹੋ ਜਾਂਦਾ ਹੈ (ਤਿਵੇਂ, ਸਰੀਰ ਵਿੱਚ ਜਦ ਤਕ ਸੁਆਸ ਹਨ ਤੇ ਜ਼ਿੰਦਗੀ ਕਾਇਮ ਹੈ, ਤਦ ਤਕ ਹਰੇਕ ਚੀਜ਼ ‘ਆਪਣੀ` ਜਾਪਦੀ ਹੈ, ਪਰ ਸੁਆਸ ਮੁੱਕ ਜਾਣ ਅਤੇ ਜ਼ਿੰਦਗੀ ਦੀ ਜੋਤ ਬੁੱਝ ਜਾਣ ਤੇ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ)। ੧।

(ਉਸ ਵੇਲੇ) ਹੇ ਕਮਲੇ! ਤੈਨੂੰ ਕਿਸੇ ਨੇ ਇੱਕ ਘੜੀ ਭੀ ਘਰ ਵਿੱਚ ਰਹਿਣ ਨਹੀਂ ਦੇਣਾ। ਸੋ, ਰੱਬ ਦਾ ਨਾਮ ਜਪ, ਉਹੀ ਸਾਥ ਨਿਭਾਉਣ ਵਾਲਾ ਹੈ। ੧। ਰਹਾਉ।

ਇੱਥੇ ਦੱਸੋ, ਕਿਸ ਦੀ ਮਾਂ? ਕਿਸ ਦਾ ਪਿਉ? ਤੇ ਕਿਸ ਦੀ ਵਹੁਟੀ? ਜਦੋਂ ਸਰੀਰ-ਰੂਪ ਭਾਂਡਾ ਭੱਜਦਾ ਹੈ, ਕੋਈ (ਇਸ ਦੀ) ਵਾਤ ਨਹੀਂ ਪੁੱਛਦਾ, (ਤਦੋਂ) ਇਹੀ ਪਿਆ ਹੁੰਦਾ ਹੈ (ਭਾਵ, ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ) ਕਿ ਇਸ ਨੂੰ ਛੇਤੀ ਬਾਹਰ ਕੱਢੋ। ੨।

ਘਰ ਦੀ ਦਲੀਜ਼ ਤੇ ਬੈਠੀ ਮਾਂ ਰੋਂਦੀ ਹੈ, (ਤੇ) ਭਰਾ ਮੰਜਾ ਚੁੱਕ ਕੇ (ਮਸਾਣਾਂ ਨੂੰ) ਲੈ ਜਾਂਦੇ ਹਨ। ਕੇਸ ਖਿਲਾਰ ਕੇ ਵਹੁਟੀ ਪਈ ਰੋਂਦੀ ਹੈ, (ਪਰ) ਜੀਵਾਤਮਾ ਇਕੱਲਾ (ਹੀ) ਜਾਂਦਾ ਹੈ। ੩।

ਕਬੀਰ ਕਹਿੰਦਾ ਹੈ—ਹੇ ਸੰਤ ਜਨੋ! ਇਸ ਡਰਾਉਣੇ ਸਮੁੰਦਰ ਦੀ ਬਾਬਤ ਸੁਣੋ (ਭਾਵ, ਆਖ਼ਰ ਸਿੱਟਾ ਇਹ ਨਿਕਲਦਾ ਹੈ) (ਕਿ ਜਿਨ੍ਹਾਂ ਨੂੰ ‘ਆਪਣਾ` ਸਮਝਦਾ ਰਿਹਾ ਸੀ, ਉਹਨਾਂ ਨਾਲੋਂ ਸਾਥ ਟੁੱਟ ਜਾਣ ਤੇ, ਇਕੱਲੇ) ਇਸ ਜੀਵ ਉੱਤੇ (ਇਸ ਦੇ ਕੀਤੇ ਵਿਕਰਮਾਂ ਅਨੁਸਾਰ) ਮੁਸੀਬਤ ਆਉਂਦੀ ਹੈ, ਜਮ (ਦਾ ਡਰ) ਸਿਰੋਂ ਟਲਦਾ ਨਹੀਂ ਹੈ। ੪। ੯।

ਵਿਚਾਰ ਚਰਚਾ—ਇਹ ਠੀਕ ਹੈ ਕਿ ਜਦੋਂ ਬੰਦਾ ਮਰ ਜਾਂਦਾ ਹੈ ਤਾਂ ਉਸ ਨੂੰ ਕੋਈ ਘਰ ਰੱਖਣ ਲਈ ਤਿਆਰ ਨਹੀਂ ਹੁੰਦਾ। ਮਾਂ, ਬਾਪ, ਘਰਵਾਲੀ, ਭੈਣ ਭਰਾ ਅਤੇ ਰਿਸ਼ਤੇਦਾਰ ਸਾਰੇ ਰੋਂਦੇ ਹਨ। ਸਾਰੇ ਹੀ ਆਖਦੇ ਹਨ ਕਿ ਭਈ ਛੇਤੀ ਕਰੋ ਤੇ ਇਸ ਸਰੀਰ ਨੂੰ ਜਲਦੀ ਘਰੋਂ ਬਾਹਰ ਕੱਢੋ ਇਹ ਘਰ ਰੱਖਣ ਵਾਲੀ ਚੀਜ਼ ਨਹੀਂ ਹੈ। ਸਭ ਦੇ ਦੇਖਦਿਆਂ ਦੇਖਦਿਆਂ ਮਿਰਤਕ ਸਰੀਰ ਨੂੰ ਸ਼ਮਸ਼ਾਨ ਘਾਟ ਵਲ ਲਿਜਾਇਆ ਜਾਂਦਾ ਹੈ। ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਹੈ ਤਾਂ ਪਰਵਾਰ ਦੇ ਸਾਰੇ ਜੀਅ ਸਾਥ ਛੱਡ ਜਾਂਦੇ ਹਨ। ਮਰ ਗਏ ਬੰਦੇ ਦੇ ਨਾਲ ਕੋਈ ਵੀ ਜਾਣ ਲਈ ਤਿਆਰ ਨਹੀਂ ਹੁੰਦਾ। ਕਈ ਸਿਆਣੀਆਂ ਮਾਈਆਂ ਇਹ ਵੀ ਕਹਿ ਦੇਂਦੀਆਂ ਸਨ ਕਿ ਮਰ ਗਏ ਬੰਦੇ ਨਾਲ ਮਰਿਆ ਨਹੀਂ ਜਾ ਸਕਦਾ।

ਇਕ ਸਵਾਲ ਪੈਦਾ ਹੁੰਦਾ ਹੈ ਕਿ ਕਈ ਪ੍ਰਾਣੀ ਅਜੇਹੇ ਵੀ ਹੁੰਦੇ ਹਨ ਜਿੰਨ੍ਹਾਂ ਦਾ ਪਰਵਾਰ ਕੋਈ ਨਹੀਂ ਹੁੰਦਾ। ਕਈ ਵਿਆਹੇ ਨਹੀਂ ਹੁੰਦੇ। ਕਈਆਂ ਦੇ ਮਾਂ ਬਾਪ ਛੋਟੇ ਹੁੰਦਿਆਂ ਹੀ ਮਰ ਜਾਂਦੇ ਹਨ ਤੇ ਕਈਆਂ ਦੇ ਭੈਣ ਭਰਾ ਨਹੀਂ ਹੁੰਦੇ। ਫਿਰ ਇਸ ਸ਼ਬਦ ਦਾ ਉਪਦੇਸ਼ ਉਹਨਾਂ ਲੋਕਾਂ `ਤੇ ਲਾਗੂ ਨਹੀਂ ਹੁੰਦਾ ਜਿੰਨ੍ਹਾਂ ਦਾ ਕੋਈ ਵੀ ਪਰਵਾਰ ਦਾ ਜੀਅ ਨਹੀਂ ਹੁੰਦਾ?

੧੯੪੭ ਨੂੰ ਹੱਸਦੇ ਵੱਸਦੇ ਪੰਜਾਬ ਨੂੰ ਜਦੋਂ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਤਾਂ ਦਸ ਲੱਖ ਦੇ ਕਰੀਬ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਤਿੰਨ ਲੱਖ ਦੇ ਕਰੀਬ ਇਸਤ੍ਰੀਆਂ ਦਾ ਉਧਾਲ਼ਾ ਹੋਇਆ ਸੀ। ਇਹ ਅਜੇਹਾ ਸਮਾਂ ਸੀ ਜਦੋਂ ਕੋਈ ਵੀ ਕਿਸੇ ਨੂੰ ਰੋਣ ਵਾਲਾ ਨਹੀਂ ਸੀ। ਸਾਰੇ ਆਪੋ ਆਪਣੀਆਂ ਜਾਨਾ ਬਚਾਉਣ ਵਿੱਚ ਲੱਗੇ ਹੋਏ ਸਨ। ਕਈਆਂ ਨੂੰ ਹਜੂਮ ਨੇ ਮਾਰ ਦਿੱਤਾ ਸੀ ਤੇ ਕਈ ਸਦਮੇ ਨਾਲ ਹੀ ਮਰ ਗਏ ਸਨ। ਜਿੰਨ੍ਹਾਂ ਪਰਵਾਰਾਂ ਦੇ ਜੀਅ ਮਰ ਰਹੇ ਸਨ ਉਹਨਾਂ ਨੂੰ ਰਾਹ ਵਿੱਚ ਹੀ ਸੁੱਟ ਦਿੱਤਾ ਜਾਂਦਾ ਸੀ। ਲਾਸ਼ਾਂ ਸੜਕਾਂ ਦਿਆਂ ਕਿਨਾਰਿਆਂ ਤੇ ਪਈਆਂ ਹੋਈਆਂ ਨੂੰ ਕੁਤੇ ਤੇ ਇੱਲਾਂ ਨੋਚ ਰਹੇ ਸਨ। ਡਾਕਟਰ ਕਿਰਪਾਲ ਸਿੰਘ ਆਪਣੀ ਪੁਸਤਕ ਵਿੱਚ ਲਿਖਦੇ ਹਨ ਕਿ ਪੱਛਮੀ ਪੰਜਾਬ ਵਿਚੋਂ ਨਿਕਲਣ ਸਮੇਂ ਕਈ ਪਰਵਾਰਾਂ ਨੇ ਆਪਣੀਆਂ ਧੀਆਂ ਨੂੰ ਬੇਪਤ ਹੋਣ ਦੇ ਡਰੌਂ ਆਪ ਕਤਲ ਕਰ ਦਿੱਤਾ ਤੇ ਕਈਆਂ ਨੇ ਖੂਹਾਂ ਵਿੱਚ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਦੇ ਦਿੱਤੀਆਂ ਸਨ। ਹਾਲਾਤ ਅਜੇਹੇ ਬਣ ਗਏ ਸਨ ਕਿ ਉਹਨਾਂ ਨੂੰ ਕੋਈ ਵੀ ਰੋਣ ਵਾਲਾ ਨਹੀਂ ਸੀ। ਉਹਨਾਂ ਦਾ ਸਸਕਾਰ ਕਰਨ ਵਾਲਾ ਵੀ ਕੋਈ ਨਹੀਂ ਸੀ। ਦੁਨੀਆਂ `ਤੇ ਵੱਖ ਵੱਖ ਕੌਮਾਂ ਰਹਿੰਦੀਆਂ ਹਨ ਤੇ ਉਹਨਾਂ ਦੇ ਵੱਖ ਵੱਖ ਹੀ ਧਰਮ ਹਨ ਕਈ ਬੰਦਾ ਮਰਨ `ਤੇ ਖੁਸ਼ੀ ਕਰਦੇ ਹਨ ਤੇ ਕਈ ਰੋਂਦੇ ਹਨ। ਗੁਰਬਾਣੀ ਦਾ ਉਪਦੇਸ਼ ਸਮੁੱਚੀ ਮਨੁੱਖ ਜਾਤੀ ਲਈ ਹੈ। ਇਹ ਕੇਵਲ ਮਰਨ ਤੀਕ ਸੀਮਤ ਨਹੀਂ ਹੈ ਇਸ ਵਿਚੋਂ ਆਤਮਿਕ ਤਲ ਲਈ ਉਪਦੇਸ਼ ਮਿਲਦਾ ਹੈ।

ਇਸ ਦਾ ਅਰਥ ਹੈ ਕਿ ਸਾਰੀ ਗੁਰਬਾਣੀ ਦਾ ਉਪਦੇਸ਼ ਬਹੁਤ ਵਿਸ਼ਾਲ ਹੈ ਜੋ ਸਾਰੀ ਦੁਨੀਆਂ ਨੂੰ ਜੀਵਨ ਜਾਚ ਦੱਸਦਾ ਹੈ।

ਇਸ ਸ਼ਬਦ ਵਿੱਚ ਵੀ ਰੱਬੀ ਗਿਆਨ ਦੀ ਵਿਚਾਰ ਦਿੱਤੀ ਹੈ ਜਿਸ ਨਾਲ ਭੈੜੀ ਮਤ ਦੂਰ ਹੁੰਦੀ ਹੈ ਤੇ ਚੰਗੀ ਮਤ ਮਨੁੱਖ ਦੇ ਪਾਸ ਆਉਂਦੀ ਹੈ। ਕਬੀਰ ਸਾਹਿਬ ਜੀ ਨੇ ਇੱਕ ਅਜੇਹੇ ਪਰਵਾਰ ਦੀ ਜਾਣਕਾਰੀ ਦਿੱਤੀ ਹੈ ਜਿਸ ਨੂੰ ਅਸਾਂ ਸਾੜਨਾ ਹੈ। ਦੁਨੀਆਂ `ਤੇ ਕੋਈ ਐਸਾ ਇਨਸਾਨ ਹੈ ਜਿਹੜਾ ਆਪਣੇ ਪਰਵਾਰ ਨੂੰ ਜਿਉਂਦਿਆਂ ਹੀ ਸਾੜ ਲਏ? ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਮੈਂ ਉਸ ਬੰਦੇ ਨੂੰ ਸੂਰਮਾ ਗਿਣਦਾ ਹਾਂ ਜਿਹੜਾ ਜਿਉਂਦੇ ਜੀਅ ਆਪਣੇ ਪਰਵਾਰ ਨੂੰ ਸਾੜ ਲੈਂਦਾ ਹੈ।

ਕਬੀਰ ਐਸਾ ਕੋਈ ਨ ਜਨਮਿਓ, ਅਪਨੈ ਘਰਿ ਲਾਵੈ ਆਗਿ।।

ਪਾਂਚਉ ਲਰਿਕਾ ਜਾਰਿ ਕੈ, ਰਹੈ ਰਾਮ ਲਿਵ ਲਾਗਿ।। ੪੨।।

ਪੰਨਾ ੧੩੬੬

ਅੱਖਰੀਂ ਅਰਥ: (ਪਰ ਨਾਮ ਧਨ ਇਕੱਠਾ ਕਰਨ ਲਈ ਜ਼ਰੂਰੀ ਹੈ ਕਿ ਮਨੁੱਖ ਅਪਣੱਤ ਨੂੰ ਪਹਿਲਾਂ ਖ਼ਤਮ ਕਰੇ, ਤੇ) ਹੇ ਕਬੀਰ! (ਜਗਤ ਵਿਚ) ਅਜਿਹਾ ਕੋਈ ਵਿਰਲਾ ਹੀ ਮਿਲਦਾ ਹੈ ਜੋ ਆਪਣੇ ਸਰੀਰਕ ਮੋਹ ਨੂੰ ਸਾੜਦਾ ਹੈ, ਤੇ, ਕਾਮਾਦਿਕ ਮਾਇਆ ਦੇ ਪੰਜਾਂ ਹੀ ਪੁੱਤ੍ਰਾਂ ਨੂੰ ਸਾੜ ਕੇ ਪਰਮਾਤਮਾ (ਦੀ ਯਾਦ) ਵਿੱਚ ਸੁਰਤਿ ਜੋੜੀ ਰੱਖਦਾ ਹੈ। ੪੨।

ਕਬੀਰ ਸਾਹਿਬ ਜੀ ਰਹਾਉ ਦੀਆਂ ਤੁਕਾਂ ਵਿੱਚ ਸਮਝਾਉਂਦੇ ਹਨ ਕਿ "ਰੇ ਬਉਰੇ, ਤੁਹਿ ਘਰੀ ਨ ਰਾਖੈ ਕੋਈ" ਹੇ ਬਉਰੇ ਮਨ! ਹੁਣ ਤੈਨੂੰ ਆਪਣੇ ਘਰ ਰੱਖਣ ਲਈ ਮੈਂ ਤਿਆਰ ਨਹੀਂ ਹਾਂ ਕਿਉਂ ਕਿ ਮੈਂ ਹੁਣ ਨਾਮ ਜੱਪਣ ਲੱਗ ਪਿਆ ਹਾਂ—" ਤੂੰ ਰਾਮ ਨਾਮੁ ਜਪਿ ਸੋਈ" ਇਸ ਤੁਕ ਵਿੱਚ ਨਾਲ ਜੱਪਣ ਦੀ ਤਾਗੀਦ ਕੀਤੀ ਗਈ ਹੈ। ਨਾਮ ਜੱਪਣਾ ਦਾ ਅਰਥ ਕਿਸੇ ਇੱਕ ਸ਼ਬਦ ਨੂੰ ਵਾਰ ਵਾਰ ਨਹੀਂ ਬੋਲਣਾ ਸਗੋਂ ਗਿਆਨ ਹਾਸਲ ਕਰਨ ਦੀ ਵਿਚਾਰ ਆਉਂਦੀ ਹੈ—ਜੇਹਾ ਕਿ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ-

ਐਸਾ ਗਿਆਨੁ ਜਪਹੁ ਮਨ ਮੇਰੇ।।

ਹੋਵਹੁ ਚਾਕਰ ਸਾਚੇ ਕੇਰੇ।। ੧।। ਰਹਾਉ।।

ਰਾਗ ਸੂਹੀ ਮਹਲਾ ੧ ਪੰਨਾ ੭੨੮

ਅੱਖਰੀਂ ਅਰਥ : —ਹੇ ਮਨ! ਪਰਮਾਤਮਾ ਨਾਲ ਅਜੇਹੀ ਡੂੰਘੀ ਸਾਂਝ ਪੱਕੀ ਕਰ, (ਜਿਸ ਦੀ ਬਰਕਤਿ ਨਾਲ) ਤੂੰ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ (ਸੱਚਾ) ਸੇਵਕ ਬਣ ਸਕੇਂ। ੧। ਰਹਾਉ।

ਕਬੀਰ ਸਾਹਿਬ ਜੀ ਦੇ ਇਸ ਵਾਕ ਦੀ ਸਮਝ ਆਉਂਦੀ ਹੈ ਕਿ ਹੇ ਮੇਰੇ ਮਨ ਤੂੰ ਰੱਬ ਜੀ ਦੇ ਸਰਬ ਵਿਆਪਕ ਤੇ ਸਰਬ ਸਾਂਝੇ ਗੁਣਾਂ ਨੂੰ ਹਰ ਵੇਲੇ ਯਾਦ ਕਰਿਆ ਕਰ। ਭਾਵ ਇਹਨਾਂ ਗੁਣਾਂ ਦਾ ਧਾਰਨੀ ਹੋ ਕੇ ਚੱਲਣ ਦਾ ਯਤਨ ਕਰ। ਇੰਜ ਕਰਨ ਨਾਲ ਤੇਰੀ ਭੈੜੀ ਮਤ ਦੂਰ ਹੋਏਗੀ। ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਮੈਂ ਭੈੜੀ ਮਤ ਤੋਂ ਹੁਣ ਕਿਨਾਰਾ ਕਰ ਲਿਆ ਹੈ ਕਿਉਂਕਿ ਮੈਂ ਰੱਬ ਜੀ ਦਾ ਨਾਮ ਜੱਪਣ ਲੱਗ ਪਿਆ ਹਾਂ। ਭਾਵ ਮੈਨੂੰ ਰੱਬੀ ਗਿਆਨ ਦੀ ਸਮਝ ਆ ਗਈ ਹੈ—

ਦੇਖੌ ਭਾਈ, ਗ੍ਯ੍ਯਾਨ ਕੀ ਆਈ ਆਂਧੀ।।

ਸਭੈ ਉਡਾਨੀ ਭ੍ਰਮ ਕੀ ਟਾਟੀ, ਰਹੈ ਨ ਮਾਇਆ ਬਾਂਧੀ।। ੧।। ਰਹਾਉ।।

ਬਾਣੀ ਕਬੀਰ ਜੀ ਕੀ ਪੰਨਾ ੩੩੧

ਅਰਥ : —ਹੇ ਸੱਜਣ! ਵੇਖ, (ਜਦੋਂ) ਗਿਆਨ ਦੀ ਹਨੇਰੀ ਆਉਂਦੀ ਹੈ ਤਾਂ ਭਰਮ-ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ; ਮਾਇਆ ਦੇ ਆਸਰੇ ਖਲੋਤਾ ਹੋਇਆ (ਇਹ ਛੱਪਰ ਗਿਆਨ ਦੀ ਹਨੇਰੀ ਦੇ ਅੱਗੇ) ਟਿਕਿਆ ਨਹੀਂ ਰਹਿ ਸਕਦਾ।

ਸ਼ਬਦ ਦੇ ਦੂਸਰੇ ਬੰਦ ਵਿੱਚ ਦੀਵਾ, ਬੱਤੀ ਤੇ ਤੇਲ ਦਾ ਪ੍ਰਤੀਕ ਆਇਆ ਹੈ—

ਜਬ ਲਗੁ ਤੇਲੁ ਦੀਵੇ ਮੁਖਿ ਬਾਤੀ, ਤਬ ਸੂਝੈ ਸਭੁ ਕੋਈ।।

ਤੇਲ ਜਲੇ ਬਾਤੀ ਠਹਰਾਨੀ, ਸੂੰਨਾ ਮੰਦਰੁ ਹੋਈ।। ੧।।

ਬਿਜਲੀ ਆਉਣ ਤੋਂ ਪਹਿਲਾਂ ਲੋਕ ਦੀਵੇ ਨਾਲ ਹੀ ਚਾਨਣ ਕਰਦੇ ਸਨ। ਦੀਵੇ ਵਿੱਚ ਤੇਲ ਤੇ ਸੂਤਰ ਦੀ ਵੱਟੀ ਵੱਟ ਕੇ ਪਾਈ ਜਾਂਦੀ ਸੀ। ਜੇ ਅੱਜ ਵੀ ਬਿਜਲੀ ਬੰਦ ਹੋ ਜਾਵੇ ਤਾਂ ਥੋੜਾ ਜੇਹਾ ਤੇਲ ਤੇ ਨਿੱਕੀ ਜੇਹੀ ਬੱਤੀ ਸਾਰੇ ਘਰ ਵਿੱਚ ਚਾਨਣ ਕਰ ਦੇਂਦੀ ਹੈ। ਜੇ ਘਰ ਵਿੱਚ ਹਨੇਰਾ ਹੈ ਤਾਂ ਆਪਣੇ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਵੀ ਡਰਾਉਣੀਆਂ ਲੱਗਦੀਆਂ ਹਨ। ਇਹ ਹੁਣ ਪ੍ਰਤੀਕ ਹੈ ਕਿ ਜਦੋਂ ਤੱਕ ਦੀਵੇ ਵਿੱਚ ਤੇਲ ਬੱਤੀ ਹੈ ਤਾਂ ਸਾਰਾ ਘਰ ਚਾਨਣ ਨਾਲ ਭਰਿਆ ਪਿਆ ਹੈ ਤੇ ਜਦੋਂ ਤੇਲ ਮੁੱਕ ਜਾਏ ਤਾਂ ਬੱਤੀ ਸੜ ਜਾਂਦੀ ਹੈ। ਇੰਜ ਹੀ ਜਿੰਨਾ ਚਿਰ ਸਾਡੇ ਸਰੀਰ ਵਿੱਚ ਗੁਰਬਾਣੀ ਦਾ ਤੇਲ ਤੇ ਸੁਰਤ ਰੂਪੀ ਵੱਟੀ ਹੈ ਤਾਂ ਬਾਹਰ ਚਾਨਣ ਭਾਵ ਸਾਡੇ ਸੁਭਾਅ ਵਿਚੋਂ ਰੱਬੀ ਗੁਣ ਪਰਗਟ ਹੋਣਗੇ। ਜਦੋਂ ਗੁਰਬਾਣੀ ਗਿਆਨ ਨੂੰ ਸਮਝਣ ਲਈ ਤਿਆਰ ਨਹੀਂ ਹੁੰਦੇ ਤਾਂ ਕੁਦਰਤੀ ਸੁਰਤ ਰੂਪੀ ਵੱਟੀ ਸੜਿਆਂ ਵਰਗੀ ਹੋਏਗੀ ਤੇ ਸਾਡਾ ਸੁਭਾਅ ਡਰਾਉਣਾ ਹੋ ਜਾਂਦਾ ਹੈ।

ਦੀਵਾ ਬਲੈ ਅੰਧੇਰਾ ਜਾਇ।। ਬੇਦ ਪਾਠ ਮਤਿ ਪਾਪਾ ਖਾਇ।।

ਉਗਵੈ ਸੂਰੁ ਨ ਜਾਪੈ ਚੰਦੁ।। ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ।।

ਬੇਦ ਪਾਠ ਸੰਸਾਰ ਕੀ ਕਾਰ।। ਪੜਿੑ ਪੜਿੑ ਪੰਡਿਤ ਕਰਹਿ ਬੀਚਾਰ।।

ਬਿਨੁ ਬੂਝੇ ਸਭ ਹੋਇ ਖੁਆਰ।। ਨਾਨਕ ਗੁਰਮੁਖਿ ਉਤਰਸਿ ਪਾਰਿ।। ੧।।

ਅੱਖਰੀਂ ਅਰਥ--- (ਜਿਵੇਂ ਜਦੋਂ) ਦੀਵਾ ਜਗਦਾ ਹੈ ਤਾਂ ਹਨੇਰਾ ਦੂਰ ਹੋ ਜਾਂਦਾ ਹੈ (ਏਸੇ ਤਰ੍ਹਾਂ) ਵੇਦ (ਆਦਿਕ ਧਰਮ-ਪੁਸਤਕਾਂ ਦੀ) ਬਾਣੀ ਅਨੁਸਾਰ ਢਲੀ ਹੋਈ ਮਤਿ ਪਾਪਾਂ ਦਾ ਨਾਸ ਕਰ ਦੇਂਦੀ ਹੈ; ਜਦੋਂ ਸੂਰਜ ਚੜ੍ਹ ਪੈਂਦਾ ਹੈ ਚੰਦ੍ਰਮਾ (ਚੜ੍ਹਿਆ ਹੋਇਆ) ਨਹੀਂ ਜਾਪਦਾ, (ਤਿਵੇਂ) ਜਿਥੇ ਮਤਿ ਉੱਜਲੀ (ਗਿਆਨ ਦਾ ਪ੍ਰਕਾਸ਼) ਹੋ ਜਾਏ ਓਥੇ ਅਗਿਆਨਤਾ ਮਿਟ ਜਾਂਦੀ ਹੈ।

ਵੇਦ ਆਦਿਕ ਧਰਮ-ਪੁਸਤਕਾਂ ਦੇ (ਨਿਰੇ) ਪਾਠ ਤਾਂ ਦੁਨੀਆਵੀ ਵਿਹਾਰ (ਸਮਝੋ), ਵਿਦਵਾਨ ਲੋਕ ਇਹਨਾਂ ਨੂੰ ਪੜ੍ਹ ਪੜ੍ਹ ਕੇ ਇਹਨਾਂ ਦੇ ਸਿਰਫ਼ ਅਰਥ ਹੀ ਵਿਚਾਰਦੇ ਹਨ; ਜਦ ਤਕ ਮਤਿ ਨਹੀਂ ਬਦਲਦੀ (ਨਿਰੇ ਪਾਠ ਤੇ ਅਰਥ-ਵਿਚਾਰ ਨਾਲ ਤਾਂ) ਲੁਕਾਈ ਖ਼ੁਆਰ ਹੀ ਹੁੰਦੀ ਹੈ; ਹੇ ਨਾਨਕ! ਉਹ ਮਨੁੱਖ ਹੀ (ਪਾਪਾਂ ਦੇ ਹਨੇਰੇ ਤੋਂ) ਪਾਰ ਲੰਘਦਾ ਹੈ ਜਿਸ ਨੇ ਆਪਣੀ ਮਤਿ ਗੁਰੂ ਦੇ ਹਵਾਲੇ ਕਰ ਦਿੱਤੀ ਹੈ। ੧।

ਰਹਾਉ ਦੀਆਂ ਤੁਕਾਂ ਤੇ ਸ਼ਬਦ ਦੀਆਂ ਪਹਿਲੀਆਂ ਤੁਕਾਂ ਵਿੱਚ ਇਹ ਹੀ ਸਮਝਣ ਦਾ ਯਤਨ ਕੀਤਾ ਹੈ ਕਿ ਗਿਆਨ ਆਉਣ ਨਾਲ ਭੈੜੀ ਮਤ ਕਿਨਾਰਾ ਕਰ ਜਾਂਦੀ ਹੈ। ਤੇਲ ਗਿਆਨ ਤੇ ਸੁਰਤ ਵੱਟੀ ਹੈ ਜੋ ਸਾਡੇ ਸੁਭਾਅ ਵਿਚੋਂ ਪ੍ਰਗਟ ਹੋਣੀ ਹੈ। ਚਾਨਣ ਦਾ ਭਾਵ ਅਰਥ ਹੈ ਕਿ ਸਾਡੇ ਨਿਤਾ ਪ੍ਰਤੀ ਕਾਰ ਵਿਹਾਰ ਵਿਚੋਂ ਗੁਰੂ ਜੀ ਦੇ ਉਪਦੇਸ਼ ਦੀ ਜਲਕ ਮਿਲੇਗੀ।

ਸ਼ਬਦ ਦੇ ਦੂਸਰੇ ਬੰਦ ਵਿੱਚ ਮਾਂ, ਪਿਉ ਤੇ ਵਹੁਟੀ ਦੀ ਗੱਲ ਕੀਤੀ ਗਈ ਹੈ। ਅੱਖਰੀਂ ਅਰਥ ਤਾਂ ਅਸੀਂ ਪਹਿਲਾਂ ਵਿਚਾਰ ਲਏ ਹਨ। ਗੁਰਬਾਣੀ ਅਨੁਸਾਰ ਜਿੱਥੇ ਸਰੀਰਕ ਤਲ `ਤੇ ਮਾਂ, ਬਾਪ ਤੇ ਵਹੁਟੀ ਹੈ ਓੱਥੇ ਆਤਮਿਕ ਤਲ `ਤੇ ਵੀ ਮਾਂ, ਬਾਪ ਤੇ ਵਹੁਟੀ ਦੀ ਗੱਲ ਕੀਤੀ ਗਈ ਹੈ। ਗੁਰਬਾਣੀ ਵਿੱਚ ਆਤਮਿਕ ਤਲ `ਤੇ ਚੰਗੀ ਤੇ ਭੈੜੀ ਮਤ ਦੀ ਗੱਲ ਕੀਤੀ ਗਈ ਹੈ ਓੱਥੇ ਇਹਨਾਂ ਦੀਆਂ ਮਾਵਾਂ, ਬਾਪ ਤੇ ਵਹੁਟੀਆਂ ਦੀ ਵੀ ਗੱਲ ਕੀਤੀ ਗਈ ਹੈ। ਭੈੜੀ ਮਤ ਦੀ ਭੈੜੀ ਸੰਤਾਨ ਤੇ ਚੰਗੀ ਮਤ ਦੀ ਚੰਗੀ ਸੰਤਾਨ ਹੁੰਦੀ ਹੈ। ਜਦੋਂ ਚੰਗੀ ਮਤ ਆ ਜਾਂਦੀ ਹੈ ਤਾਂ ਭੈੜੀ ਮਤ ਰੋਂਦੀ ਹੈ ਕਿ ਮੇਰੇ ਗਿਆਨ ਇੰਦਰੇ ਭੈੜਾ ਨਹੀਂ ਦੇਖ-ਸੁਣ ਨਹੀਂ ਸਕਣਗੇ। ਕਬੀਰ ਸਾਹਿਬ ਜੀ ਦੀ ਬਾਣੀ ਵਿਚੋਂ ਹੀ ਦੋ ਪ੍ਰਮਾਣ ਦੇਖਣ ਦਾ ਯਤਨ ਕਰਾਂਗੇ। ਇੱਕ ਵਿੱਚ ਕਿਹਾ ਗਿਆ ਹੈ ਕਿ ਮੇਰੀ ਮਾਂ ਮਰ ਗਈ ਹੈ ਮੈਂ ਸੌਖਾ ਹੋ ਗਿਆ ਹਾਂ ਤੇ ਦੂਜੀ ਵਿੱਚ ਭੈੜੀ ਵਹੁਟੀ ਬਾਰੇ ਕਿਹਾ ਗਿਆ ਹੈ ਕਿ ਇਹ ਭੈੜੀ ਵਹੁਟੀ ਮੈਂ ਛੱਡ ਦਿੱਤੀ ਹੈ। ਹੁਣ ਇਹ ਗੱਲ ਸਰੀਰਕ ਤਲ ਦੀ ਨਹੀਂ ਹੈ ਇਹ ਆਤਮਿਕ ਤਲ ਦੀ ਹੈ—

ਮੁਈ ਮੇਰੀ ਮਾਈ, ਹਉ ਖਰਾ ਸੁਖਾਲਾ।।

ਪਹਿਰਉ ਨਹੀ ਦਗਲੀ, ਲਗੈ ਨ ਪਾਲਾ।। ੧।।

ਬਾਣੀ ਕਬੀਰ ਜੀ ਕੀ ਪੰਨਾ ੪੭੬

ਅੱਖਰੀਂ ਅਰਥ : —ਮੇਰੇ ਉੱਤੋਂ ਮਾਇਆ ਦਾ ਪ੍ਰਭਾਵ ਮਿਟ ਗਿਆ ਹੈ, ਹੁਣ ਮੈਂ ਬੜਾ ਸੌਖਾ ਹੋ ਗਿਆ ਹਾਂ; ਨਾਹ ਹੁਣ ਮੈਨੂੰ ਮਾਇਆ ਦਾ ਮੋਹ ਸਤਾਉਂਦਾ ਹੈ, ਤੇ ਨਾਹ ਹੀ ਮੈਂ ਹੁਣ (ਮੁੜ ਮੁੜ) ਸਰੀਰ-ਰੂਪ ਗੋਦੜੀ ਪਹਿਨਾਂਗਾ। ੧।

ਦੂਜਾ ਪਰਮਾਣ--

ਪਹਿਲੀ, ਕਰੂਪਿ ਕੁਜਾਤਿ ਕੁਲਖਨੀ, ਸਾਹੁਰੈ ਪੇਈਐ ਬੁਰੀ।।

ਬਾਣੀ ਕਬੀਰ ਜੀ ਕੀ ਪੰਨਾ ੪੮੩

ਪਹਿਲੀ ਘਰ ਵਾਲੀ ਮਰਣ `ਤੇ ਕਬੀਰ ਸਾਹਿਬ ਜੀ ਖੁਸ਼ ਹੁੰਦੇ ਹਨ ਤੇ ਫਰਮਾਉਂਦੇ ਹਨ ਕਿ ਸ਼ੁਕਰ ਪਹਿਲੀ ਭੈੜੇ ਲੱਛਣਾ ਵਾਲੀ ਮਰ ਗਈ ਹੈ ਹੁਣ ਮੈਂ ਚੰਗੀ ਵਹੁਟੀ ਪ੍ਰਾਪਤ ਕਰ ਲਈ ਹੈ। ਸਰੀਰ ਦੇ ਤਲ ਦੀ ਗੱਲ ਨਹੀਂ ਕੀਤੀ ਇਹ `ਤੇ ਭੈੜੀ ਮਤ ਦੀ ਗੱਲ ਕੀਤੀ ਹੈ।

ਕਬੀਰ ਸਾਹਿਬ ਜੀ ਅੱਗੇ ਫਰਮਾਉਂਦੇ ਹਨ ਕਿ ਮੇਰੇ ਮਨ ਵਿਚੋਂ ਚੰਗੀ ਮਤ ਦਾ ਭਾਂਡਾ ਫੁੱਟਦਾ ਹੈ ਤਾਂ ਗਿਆਨ ਦਾ ਚਾਨਣ ਹੁੰਦਾ ਹੈ ਫਿਰ ਭੈੜੇ ਖਿਆਲਾਂ ਨੂੰ ਕੋਈ ਵੀ ਰਹਿਣ ਨਹੀਂ ਦੇਂਦਾ। ਗੁਰੂ ਦਾ ਗਿਆਨ ਇਹ ਸਮਝਾਉਂਦਾ ਹੈ ਕਿ ਭੈੜੇ ਵਿਚਾਰੋ ਤੁਸੀਂ ਹੁਣ ਕਿਨਾਰਾ ਕਰੋ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਮਨ ਵਿਚੋਂ ਭਰਮ ਦਾ ਭਾਂਡਾ ਫੁੱਟ ਜਾਵੇ। ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ---

ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ।।

ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ।। ੧।।

ਮਾਰੂ ਮਹਲਾ ੫ ਪੰਨਾ ੧੦੦੨

ਅੱਖਰੀਂ ਅਰਥ---ਹੇ ਭਾਈ! ਗੁਰੂ ਨੇ ਜਿਸ ਮਨੁੱਖ ਦੇ ਪੈਰਾਂ ਤੋਂ (ਮੋਹ ਦੀਆਂ) ਬੇੜੀਆਂ ਕੱਟ ਦਿੱਤੀਆਂ, ਜਿਸ ਨੂੰ ਮੋਹ ਦੀ ਕੈਦ ਤੋਂ ਛੁਟਕਾਰਾ ਦੇ ਦਿੱਤਾ, ਉਸ ਦੇ ਮਨ ਵਿੱਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ, ਉਸ ਦਾ ਭਰਮ (ਭਟਕਣ) ਦਾ ਆਂਡਾ ਫੁੱਟ ਗਿਆ (ਉਸ ਦਾ ਮਨ ਆਤਮਕ ਉਡਾਰੀ ਲਾਣ-ਜੋਗਾ ਹੋ ਗਿਆ, ਜਿਵੇਂ ਆਂਡੇ ਦੇ ਖ਼ੋਲ ਦੇ ਫੁੱਟ ਜਾਣ ਪਿੱਛੋਂ ਉਸ ਦੇ ਅੰਦਰ ਦਾ ਪੰਛੀ ਉਡਾਰੀਆਂ ਲਾਣ ਜੋਗਾ ਹੋ ਜਾਂਦਾ ਹੈ)।

ਇਸ ਵਿਚਾਰ ਤੋਂ ਸਮਝ ਆਉਂਦੀ ਹੈ ਕਿ ਜਦੋਂ ਬੀਜ ਫੁੱਟਦਾ ਹੈ ਤਾਂ ਨਵਾਂ ਬੂਟਾ ਜਨਮ ਲੈਂਦਾ ਹੈ। ਜਦੋਂ ਟਾਹਣੀਆਂ ਫੁੱਟਦੀਆਂ ਹਨ ਤਾਂ ਨਵੀਆਂ ਕਰੰਬਲ਼ਾਂ ਫੁੱਟਦੀਆਂ ਹਨ। ਏਸੇ ਤਰ੍ਹਾਂ ਜਦੋਂ ਗੁਰ-ਗਿਆਨ ਨਾਲ ਹਿਰਦਾ ਫੁੱਟਦਾ ਹੈ ਤਾਂ ਭੈੜੇ ਵਿਚਾਰ ਆਪਣੇ ਆਪ ਖਤਮ ਹੋ ਜਾਂਦੇ ਹਨ। ਅਜੇਹਿਆਂ ਵਿਚਾਰਾਂ ਨੂੰ ਕੋਈ ਵੀ ਰੱਖਣ ਲਈ ਤਿਆਰ ਨਹੀਂ ਹੁੰਦਾ। ਭੈੜੀ ਮਤ ਨੇ ਆਪਣਾ ਹੀ ਪਰਵਾਰ ਬਣਾਇਆ ਹੁੰਦਾ ਹੈ। ਗਿਆਨ ਆਉਣ ਨਾਲ ਇਹ ਸਾਰਾ ਪਰਵਾਰ ਖਿਲਰ-ਪੁਲਰ ਜਾਂਦਾ ਹੈ। ਭੈੜੀ ਮਤ ਨੂੰ ਜਿਹੜੇ ਅੰਦਰੋਂ ਸਹਾਰਾ ਦੇਂਦੇ ਸਨ ਉਹ ਸਾਰੇ ਸਾਥ ਛੱਡ ਜਾਂਦੇ ਹਨ।

ਕਾ ਕੀ ਮਾਤ ਪਿਤਾ ਕਹੁ ਕਾ ਕੋ, ਕਵਨ ਪੁਰਖ ਕੀ ਜੋਈ।।

ਘਟ ਫੂਟੇ ਕੋਊ ਬਾਤ ਨ ਪੂਛੈ, ਕਾਢਹੁ ਕਾਢਹੁ ਹੋਈ।।

ਘਟ ਫੂਟੇ ਅਸਲ ਵਿੱਚ ਗਿਆਨ ਦੀ ਸਮਝ ਆਉਣ ਨਾਲ ਭਾਵ ਦੀਵਾ ਜਗਣ ਨਾਲ ਬੰਦੇ ਦਾ ਮਨ ਏੰਨਾ ਤਗੜਾ ਹੋ ਜਾਂਦਾ ਹੈ ਕਿ ਫਿਰ ਵਿਕਾਰਾਂ ਨੂੰ ਲਾਗੇ ਨਹੀਂ ਲਗਣ ਦੇਂਦਾ ਹੁਣ ਜਦੋਂ ਦੀਵਾ ਜਗਣ ਲੱਗ ਗਿਆ ਤਾਂ ਏਹੀ ਮਨ ਕਹਿੰਦਾ ਹੈ ਕਿ ਭਈ ਵਿਕਾਰ ਰੂਪੀ ਮਤ ਨੂੰ ਜਲਦੀ ਬਾਹਰ ਕੱਢੋ। ਈਰਖਾ, ਤ੍ਰਿਸ਼ਨਾ, ਆਸਾ ਆਦਿ ਸਭ ਸਾਥ ਛੱਡ ਜਾਂਦੇ ਹਨ। ਭੈੜੀ ਮਤ ਦਾ ਬਣਿਆ ਹੋਇਆ ਪਰਵਾਰ ਸਾਰਾ ਢਹਿ ਢੇਰੀ ਹੋ ਜਾਂਦਾ ਹੈ।

ਸ਼ਬਦ ਦੇ ਤੀਜੇ ਬੰਦ ਵਿੱਚ ਕਬੀਰ ਜੀ ਫਰਮਾਉਂਦੇ

ਦੇਹੁਰੀ ਬੈਠੀ ਮਾਤਾ ਰੋਵੈ, ਖਟੀਆ ਲੇ ਗਏ ਭਾਈ।।

ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ।।

ਭੈੜੀ ਮਤ ਰੂਪੀ ਮਾਂ, ਕਰੂਪ ਵਹੁਟੀ ਪੂਰਾ ਰੋਂਦੀਆਂ ਹਨ ਕਿਉਂਕਿ ਸ਼ੁਭ ਗੁਣਾਂ ਨੇ ਵਿਕਾਰਾਂ ਵਾਲੀ ਮੰਜੀ ਚੁੱਕ ਦਿੱਤੀ ਹੈ। ‘ਹੰਸ ਇਕੇਲਾ ਜਾਈ` ਭਾਵ ਨਿਰਦਾਇਤਾ ਇਕੱਲੀ ਹੀ ਰਹਿ ਜਾਂਦੀ ਹੈ। ਜਿਸ ਤਰ੍ਹਾਂ ਸਾਡਿਆਂ ਪਿੰਡਾਂ ਦੇ ਮੁੰਡੇ ਖੂਹਾਂ `ਤੇ ਬੈਠ ਕੇ ਤਾਸ਼ ਖੇਡਦੇ ਏਨੇ ਮਗਨ ਹੋ ਜਾਂਦੇ ਸਨ ਕਿ ਕਈ ਵਾਰੀ ਡੰਗਰ ਵੀ ਭੁੱਖੇ ਰਹਿ ਜਾਂਦੇ ਸਨ। ਅਜੇਹੇ ਕੰਮ ਬਜ਼ੁਰਗਾਂ ਨੂੰ ਚੰਗੇ ਨਹੀਂ ਲਗਦੇ ਸਨ। ਗਰਮੀਆਂ ਦਿਆਂ ਦਿਨਾਂ ਵਿੱਚ ਜਿਸ ਰੁੱਖ ਥੱਲੇ ਬੈਠ ਕੇ ਮੁੰਡੇ ਤਾਸ਼ ਖੇਡਦੇ ਸਨ ਸਿਆਣੇ ਬਜ਼ੁਰਗ ਕਈ ਵਾਰੀ ਅੱਕ ਕੇ ਦਰੱਖਤ ਹੀ ਵੱਢ ਦੇਂਦੇ ਸਨ। ਨਾ ਰਹੇ ਬਾਂਸ ਤੇ ਵੱਜੇਗੀ ਬੰਸਰੀ। ਤਾਸ਼ ਖੇਡਣ ਵਾਲੇ ਬਜ਼ੁਰਗਾਂ ਦੀਆਂ ਝਿੜਕਾਂ ਦੇ ਡਰੋਂ ਮੁੜ ਉਸ ਖੂਹ ਤੇ ਨਹੀਂ ਜਾਂਦੇ ਸਨ। ਜਿਹੜਾ ਤਾਸ਼ ਖਿਡਾਉਂਦਾ ਹੁੰਦਾ ਸੀ ਉਹ ਇਕੱਲਾ ਹੀ ਰਹਿ ਜਾਂਦਾ ਸੀ। ਇੱਕ ਮਿਸਾਲ ਹੋਰ ਸਮਝੀਏ ਜਿਸ ਤਰ੍ਹਾਂ ਭੈੜੀ ਮਤ ਚੋਰੀ ਆਦਿ ਲਈ ਉਕਸਾਉਂਦੀ ਹੈ। ਅਜੇਹਾ ਕਰਮ ਕਰਦਿਆਂ ਜਦੋਂ ਬੰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਇਕੱਲਿਆਂ ਹੀ ਪੁਲੀਸ ਫੜ ਕੇ ਲੈ ਜਾਂਦੀ ਹੈ। ਉਕਸਾਉਣ ਵਾਲਾ ਸਹਾਇਕ ਸੁਭਾਅ ਪਿੱਛੇ ਰਹਿ ਜਾਂਦਾ ਹੈ।

ਹੰਸੁ ਇਕੇਲਾ ਜਾਈ ਦਾ ਭਾਵ ਅਰਥ ਹੈ ਕਿ ਨਿਰਦਾਇਤਾ ਵਾਲਾ ਸੁਭਾਅ ਇਕੱਲਾ ਹੀ ਰਹਿ ਗਿਆ। ਹੰਸੁ ਦੇ ਅਰਥ ਇੱਕ ਹੋਰ ਤੁਕ ਵਿਚੋਂ ਦੇਖਾਂਗੇ—

ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ।।

ਪਵਹਿ ਦਝਹਿ ਨਾਨਕਾ, ਤਰੀਐ ਕਰਮੀ ਲਗਿ।। ੧।।

ਸਲੋਕ ਮ: ੧ ਪੰਨਾ ਪੰਨਾ ੧੪੭

ਅੱਖਰੀਂ ਅਰਥ--ਨਿਰਦਇਤਾ, ਮੋਹ, ਲੋਭ ਤੇ ਕ੍ਰੋਧ—ਇਹ ਚਾਰੇ ਅੱਗ ਦੀਆਂ ਨਦੀਆਂ (ਜਗਤ ਵਿੱਚ ਚੱਲ ਰਹੀਆਂ) ਹਨ, ਜੋ ਜੋ ਮਨੁੱਖ ਇਹਨਾਂ ਨਦੀਆਂ ਵਿੱਚ ਵੜਦੇ ਹਨ ਸੜ ਜਾਂਦੇ ਹਨ, ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ (ਗੁਰੂ ਦੇ ਚਰਨੀਂ) ਲੱਗ ਕੇ (ਇਹਨਾਂ ਨਦੀਆਂ ਤੋਂ) ਪਾਰ ਲੰਘੀਦਾ ਹੈ।

ਗਿਆਨ ਦਾ ਦੀਵਾ ਜਗਣ ਕਰਕੇ ਤੇ ਭੈੜੀ ਮਤ ਅਤੇ ਉਸ ਦੇ ਨਾਲ ਰਹਿਣ ਵਾਲੇ ਵਿਕਾਰ ਸਾਰੇ ਕਿਨਾਰਾ ਕਰ ਗਏ। ਅਖੀਰਲੇ ਬੰਦ ਵਿੱਚ ਕਬੀਰ ਸਾਹਿਬ ਜੀ ਨੇ ਸਮੁਚੇ ਸੰਸਾਰ ਦੇ ਉਸ ਵਿਹਾਰ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਬੰਦਾ ਆਪਣੇ ਜੀਵਨ ਵਿਚੋਂ ਵਿਕਾਰਾਂ ਨੂੰ ਮਾਰਨ ਦਾ ਯਤਨ ਨਹੀਂ ਕਰਦਾ। ਅਵੱਸ਼ ਉਸ ਨੂੰ ਜੀਵਨ ਵਿੱਚ ਕਠਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ—

ਕਹਤ ਕਬੀਰ ਸੁਨਹੁ ਰੇ ਸੰਤਹੁ, ਭੈ ਸਾਗਰ ਕੈ ਤਾਈ।।

ਇਸੁ ਬੰਦੇ ਸਿਰਿ ਜੁਲਮੁ ਹੋਤ ਹੈ, ਜਮੁ ਨਹੀ ਹਟੈ ਗੁਸਾਈ।।

ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਸੰਸਾਰ ਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਜਿੰਨਾ ਚਿਰ ਖਾਣ ਨੂੰ ਮਿਲਦਾ ਰਹਿੰਦਾ ਹੈ ਓਨਾ ਚਿਰ ਦੋਸਤੀ ਰਹਿੰਦੀ ਹੈ। ਬੰਦਾ ਜਿੰਨਾ ਮਰਜ਼ੀ ਪਰਵਾਰ ਵਾਸਤੇ ਗਲਤ ਤਰੀਕੇ ਵਰਤ ਲਏ ਪਰ ਜੇਲ੍ਹ ਇਸ ਨੂੰ ਇਕੱਲਿਆਂ ਹੀ ਜਾਣਾ ਪੈਣਾ ਹੈ।

ਸਾਰੀ ਗੁਰਬਾਣੀ ਸਾਨੂੰ ਸਚਿਆਰ ਬਣਨ ਦਾ ਸੁਨੇਹਾਂ ਦੇਂਦੀ ਹੈ। ਇਹ ਠੀਕ ਹੈ ਕਿ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਹੈ ਤਾਂ ਪਰਵਾਰ ਵਾਲੇ ਸਾਰੇ ਜੀਅ ਰੋਂਦੇ ਹਨ ਤੇ ਬੰਦਾ ਇਕੱਲਾ ਹੀ ਸੰਸਾਰ ਵਿਚੋਂ ਜਾਂਦਾ ਹੈ। ਸਾਨੂੰ ਇਸ ਸ਼ਬਦ ਤੋਂ ਆਤਮਿਕ ਉਪਦੇਸ਼ ਵੀ ਸਮਝਣਾ ਚਾਹੀਦਾ ਹੈ ਤਾਂ ਕਿ ਵਿਕਾਰੀ ਬਿਰਤੀ ਖਤਮ ਕਰਕੇ ਸਚਿਆਰ ਬਣਨ ਦਾ ਯਤਨ ਕੀਤਾ ਜਾਏ।

੧ ਇਸ ਸ਼ਬਦ ਵਿੱਚ ਨਾਮ ਜਪਣ ਦੀ ਵਿਚਾਰ ਆਈ ਹੈ ਭਾਵ ਜਦੋਂ ਗਿਆਨ ਹੈ ਤਾਂ ਭੈੜੇ ਸੁਭਾਅ ਨੂੰ ਕੋਈ ਆਪਣੇ ਘਰ ਨਹੀਂ ਰਹਿਣ ਦੇਂਦਾ।

੨ ਜਦੋਂ ਦੀਵਾ ਜਗਦਾ ਹੈ ਤਾਂ ਹਨੇਰਾ ਆਪਣੇ ਆਪ ਦੂਰ ਹੋ ਜਾਂਦਾ ਹੈ। ਏਸੇ ਤਰ੍ਹਾਂ ਮਤ ਵਿੱਚ ਗੁਰਬਾਣੀ ਗਿਆਨ ਆਉਣ ਨਾਲ ਸੁਰਤ ੳੱਚੀ ਤੇ ਸੁੱਚੀ ਹੋ ਜਾਂਦੀ ਹੈ। ਦੀਵਾ ਜਗਣ ਤੋਂ ਮੁਰਾਦ ਕਾਰ ਵਿਹਾਰ ਵਿੱਚ ਸਾਫ਼ਗੋਈ ਪ੍ਰਗਟ ਹੁੰਦੀ ਹੈ।

੩ ਗਿਆਨ ਪ੍ਰਗਟ ਹੋਣ ਨਾਲ ਭੈੜੀ ਮਤ ਨੂੰ ਬਾਹਰ ਦਾ ਰਸਤਾ ਦੇਖਣਾ ਪੈਂਦਾ ਹੈ ਦਿਖਾਵੇ ਦੇ ਬਣੇ ਮਾਂ ਬਾਪ ਤੇ ਵਹੁਟੀ ਸਭ ਸਾਥ ਛੱਡ ਜਾਂਦੇ ਹਨ।

੪ ਸ਼ੁਭ ਗੁਣ, ਵਿਕਾਰਾਂ ਦੀ ਮੰਜੀ ਮਨ ਵਿਚੋਂ ਬਾਹਰ ਕੱਢ ਦੇਂਦੇ ਹਨ ਨਿਰਦਾਇਤਾ ਵਾਲਾ ਸੁਭਾਅ ਇਕੱਲਾ ਹੀ ਰਹਿ ਜਾਂਦਾ ਹੈ।

੫ ਇਸ ਸੰਸਾਰ ਵਿੱਚ ਆਪਣਾ ਕੀਤਾ ਆਪੇ ਹੀ ਪਉਣਾ ਪੈਂਦਾ ਹੈ ਕਿਸੇ ਦੂਜੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਹੈ।
.