.

ਕੀ ਇਹ ਹੀ ਗੁਰਮਤਿ ?

ਗੁਰਸ਼ਰਨ ਸਿੰਘ ਕਸੇਲ

ਗੁਰੂ ਨਾਨਕ ਪਾਤਸ਼ਾਹ ਜਦੋਂ ਦੁਨੀਆਂ ਤੇ ਆਏ ਸਨ ਉਸ ਸਮੇਂ ਸਿੱਖ ਧਰਮ ਤਾਂ ਹੈ ਨਹੀਂ ਸੀ । ਇਸ ਕਰਕੇ ਗੁਰੂ ਸਾਹਿਬਾਨ ਉਸ ਸਮੇਂ ਦੇ ਪ੍ਰਚਲਤ ਧਰਮਾਂ ਦੀ ਗੱਲ ਕਰਦੇ ਹਨ, ਕਿ ਉਹਨਾਂ ਵਿਚ ਗਿਆਨ ਲੈਣ ਦੀ ਬਜਾਏ ਲੋਕ ਸਿਰਫ ਵਿਖਾਵੇ ਵਾਲੇ ਕਰਮ ਹੀ ਕਰਕੇ ਧਰਮੀ ਹੋਣ ਦਾ ਭਰਮ ਪਾਲ ਰਹੇ ਹਨ । ਪਰ ਅੱਜ ਆਪਣੇ ਆਪ ਨੂੰ ਸਿੱਖ ਧਰਮ ਦੇ ਪੈਰੋਕਾਰ ਅਖਵਾਉਣ ਵਾਲੇ ਵੀ ਉਹੀ ਕੰਮ ਕਰ ਰਹੇ ਹਨ ।
ਅੱਜ ਅਸੀਂ ਦਾਹੜੀ ਕੇਸ ਰੱਖਣੇ, ਜੇਕਰ ਖੰਡੇ ਬਾਟੇ ਦੀ ਪਾਹੁਲ ਵੀ ਲਈ ਹੈ ਤਾਂ ਫਿਰ ਤਾਂ ਸਾਡੇ ਵਰਗਾ ਹੋਰ ਕੋਈ ਸਿੱਖ ਹੈ ਹੀ ਨਹੀਂ । ਅਖੰਡ ਪਾਠ ਕਰਵਾਉਣਾ, ਕੀਰਤਨ ਕਰਵਾਉਣਾ, ਸੁਖਮਨੀ ਸਾਹਿਬ ਦਾ ਪਾਠ ਕਰਵਾਉਣਾ ਜਾਂ ਕਰਨਾ, ਤੀਰਥਾਂ ਤੇ ਜਾਣਾ, ਗੁਰੂ ਸਾਹਿਬਾਨ ਦੀਆਂ ਫੋਟੋ ਨੂੰ ਮੱਥਾ ਟੇਕਣਾ, ਗੁਰਦੁਆਰੇ ਆ ਕੇ ਕੜ੍ਹਾਹ ਪ੍ਰਸ਼ਾਦ ਲੈਣਾ, ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਨੂੰ ਮੱਥਾ ਟੇਕਣਾ ਅਤੇ ਕੁਝ ਮਾਇਆ ਗੋਲਕ ਵਿਚ ਪਾਉਣੀ, ਸਵੇਰੇ ਜਾਂ ਸ਼ਾਮੀ ਕੁਝ ਬਾਣੀਆਂ ਦਾ ਤੋਤਾ ਰੱਟਣ ਕਰਨਾ, ਸੜਕਾਂ ਤੇ ਲੰਗਰ ਲਾ ਕੇ ਰਾਹਗੀਰਾਂ ਨੂੰ ਜਬਰਦਸਤੀ ਖਵਾਉਣਾ, ਸ਼ਬੀਲਾ ਲਾਉਣੀਆਂ, ਗੁਰਦੁਆਰਿਆਂ ਤੇ ਸੋਨਾ ਅਤੇ ਕੀਮਤੀ ਪੱਧਰ ਲਾਉਣੇ ਅਤੇ ਹੋ ਸਕੇ ਤਾਂ ਆਪਣਾ ਨਾਂਅ ਵੀ ਲਿਖਵਾਉਣਾ ਆਦਿਕ ਬਹੁਤ ਅਜਿਹੇ ਕਰਮ ਹਨ, ਜਿੰਨਾਂ ਨੂੰ ਅਸੀਂ ਕਰਕੇ ਆਪਣੇ ਆਪ ਨੂੰ ਧਰਮੀ ਸਮਝਣ ਦੇ ਭੁੱਲੇਖੇ ਪਾਲੀ ਫਿਰਦੇ ਹਾਂ । ਗੁਰੂ ਸਾਹਿਬਾਨ ਸਮੇਂ ਦੋ ਹੀ ਵੱਡੇ ਧਰਮ ਸਨ ਹਿੰਦੂ ਅਤੇ ਮੁਸਲਮਾਨ । ਗੁਰੂ ਜੀ ਜੋ ਉਹਨਾਂ ਦੇ ਲੋਕਾਂ ਅਤੇ ਪੁਜਾਰੀਆਂ ਨੂੰ ਜੋ ਉਪਦੇਸ਼ ਦੇਂਦੇ ਹਨ ਉਹ ਹੁਣ ਸਿੱਖ ਧਰਮ ਦੇ ਪੈਰੋਕਾਰਾ ਲਈ ਵੀ ਹੈ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਨੂੰ ਗੁਰੂ ਮੰਨਦੇ ਹਨ ।

ਗੁਰੂ ਜੀ ਮੁਸਲਮਾਨ ਵੀਰਾਂ ਨੂੰ ਦੱਸਦੇ ਹਨ ਕਿ ਜੇ ਤੂੰ ਸੱਚਾ ਮੁਸਲਮਾਨ ਹੈ ਤਾਂ ਇਹ ਕੁਝ ਕਰ : ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥ (ਮ:1,ਪੰਨਾ 140)

ਅਰਥ:- (ਲੋਕਾਂ ਉੱਤੇ) ਤਰਸ ਦੀ ਮਸੀਤ (ਬਣਾਓ), ਸਰਧਾ ਨੂੰ ਮੁਸੱਲਾ ਤੇ ਹੱਕ ਦੀ ਕਮਾਈ ਨੂੰ ਕੁਰਾਨ (ਬਣਾਓ) । ਵਿਕਾਰ ਕਰਨ ਵਲੋਂ ਝੱਕਣਾ—ਇਹ ਸੁੰਨਤ ਹੋਵੇ, ਚੰਗਾ ਸੁਭਾਉ ਰੋਜ਼ਾ ਬਣੇ । ਇਸ ਤਰ੍ਹਾਂ (ਹੇ ਭਾਈ!) ਮੁਸਲਮਾਨ ਬਣ । ਉੱਚਾ ਆਚਰਣ ਕਾਬਾ ਹੋਵੇ, ਅੰਦਰੋਂ ਬਾਹਰੋਂ ਇਕੋ ਜਿਹੇ ਰਹਿਣਾ—ਪੀਰ ਹੋਵੇ, ਨੇਕ ਅਮਲਾਂ ਦੀ ਨਿਮਾਜ਼ ਤੇ ਕਲਮਾ ਬਣੇ । ਜੋ ਗੱਲ ਉਸ ਰੱਬ ਨੂੰ ਭਾਵੇ ਉਹੀ (ਸਿਰ ਮੱਥੇ ਤੇ ਮੰਨਣੀ, ਇਹ) ਤਸਬੀ ਹੋਵੇ । ਹੇ ਨਾਨਕ! (ਅਜਿਹੇ ਮੁਸਲਮਾਨ ਦੀ ਰੱਬ) ਲਾਜ ਰੱਖਦਾ ਹੈ ।੧।

ਸਲੋਕੁ : ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥ ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥ ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥ ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥ ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥ (ਮ:1,ਪੰਨਾ 141)

ਅਰਥ:- (ਅਸਲ) ਮੁਸਲਮਾਨ ਅਖਵਾਣਾ ਬੜਾ ਔਖਾ ਹੈ ਜੇ (ਉਹੋ ਜਿਹਾ) ਬਣੇ ਤਾਂ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਅਖਾਏ । (ਅਸਲੀ ਮੁਸਲਮਾਨ ਬਣਨ ਲਈ) ਸਭ ਤੋਂ ਪਹਿਲਾਂ (ਇਹ ਜ਼ਰੂਰੀ ਹੈ ਕਿ) ਮਜ਼ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ ਤਿਵੇਂ (ਆਪਣੀ ਕਮਾਈ ਦਾ) ਧਨ (ਲੋੜਵੰਦਿਆਂ ਨਾਲ) ਵੰਡ ਕੇ ਵਰਤੇ (ਤੇ ਇਸ ਤਰ੍ਹਾਂ ਦੌਲਤ ਦਾ ਅਹੰਕਾਰ ਦੂਰ ਕਰੇ) । ਮਜ਼ਹਬ ਦੀ ਅਗਵਾਈ ਵਿਚ ਤੁਰ ਕੇ ਮੁਸਲਮਾਨ ਬਣੇ, ਤੇ ਸਾਰੀ ਉਮਰ ਦੀ ਭਟਕਣਾ ਮੁਕਾ ਦੇਵੇ (ਭਾਵ, ਸਾਰੀ ਉਮਰ ਕਦੇ ਮਜ਼ਹਬ ਦੇ ਦੱਸੇ ਰਾਹ ਤੋਂ ਲਾਂਭੇ ਨਾਹ ਜਾਏ) । ਰੱਬ ਦੇ ਕੀਤੇ ਨੂੰ ਸਿਰ ਮੱਥੇ ਤੇ ਮੰਨੇ, ਕਾਦਰ ਨੂੰ ਹੀ (ਸਭ ਕੁਝ ਕਰਨ ਵਾਲਾ) ਮੰਨੇ ਤੇ ਖ਼ੁਦੀ ਮਿਟਾ ਦੇਵੇ । ਇਸ ਤਰ੍ਹਾਂ, ਹੇ ਨਾਨਕ! (ਰੱਬ ਦੇ ਪੈਦਾ ਕੀਤੇ) ਸਾਰੇ ਬੰਦਿਆਂ ਨਾਲ ਪਿਆਰ ਕਰੇ, ਇਹੋ ਜਿਹਾ ਬਣੇ, ਤਾਂ ਮੁਸਲਮਾਨ ਅਖਵਾਏ ।੧।

ਮਃ ੧ ॥ ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥ {ਪੰਨਾ 141}

ਅਰਥ:- (ਮੁਸਲਮਾਨਾਂ ਦੀਆਂ ਪੰਜ ਨਿਮਾਜ਼ਾਂ ਹਨ, (ਉਹਨਾਂ ਦੇ) ਪੰਜ ਵਕਤ ਹਨ ਤੇ ਪੰਜਾਂ ਹੀ ਨਿਮਾਜ਼ਾਂ ਦੇ (ਵਖੋ ਵਖਰੇ) ਪੰਜ ਨਾਮ । (ਪਰ ਅਸਾਡੇ ਮਤ ਵਿਚ ਅਸਲ ਨਿਮਾਜ਼ਾਂ ਇਉਂ ਹਨ—) ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਮ ਹੈ (ਭਾਵ, ਸਵੇਰ ਦੀ ਪਹਿਲੀ ਨਿਮਾਜ਼ ਹੈ), ਹੱਕ ਦੀ ਕਮਾਈ ਦੂਜੀ ਨਮਾਜ਼ ਹੈ, ਰੱਬ ਤੋਂ ਸਭ ਦਾ ਭਲਾ ਮੰਗਣਾ ਨਿਮਾਜ਼ ਦਾ ਤੀਜਾ ਨਾਮ ਹੈ । ਨੀਅਤਿ ਨੂੰ ਸਾਫ਼ ਕਰਨਾ ਮਨ ਨੂੰ ਸਾਫ਼ ਰੱਖਣਾ ਇਹ ਚਉਥੀ ਨਿਮਾਜ਼ ਹੈ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਹੈ । (ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ) ਉੱਚਾ ਆਚਰਣ ਬਨਾਣ-ਰੂਪ ਕਲਮਾ ਪੜ੍ਹੇ ਤਾਂ (ਆਪਣੇ ਆਪ ਨੂੰ) ਮੁਸਲਮਾਨ ਅਖਵਾਏ (ਭਾਵ, ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ) । ਹੇ ਨਾਨਕ! (ਇਹਨਾਂ ਨਮਾਜ਼ਾਂ ਤੇ ਕਲਮੇ ਤੋਂ ਖੁੰਝੇ ਹੋਏ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇ ਕੂੜੇ ਦੀ ਇੱਜ਼ਤ ਭੀ ਕੂੜੀ ਹੀ ਹੁੰਦੀ ਹੈ । ਟੀਕਾਕਾਰ: ਪ੍ਰੋ: ਸਾਹਿਬ ਸਿੰਘ ਜੀ ।

ਹੇਠ ਲਿਖੇ ਸ਼ਬਦਾਂ ਵਿਚ ਗੁਰਬਾਣੀ ਹਿੰਦੂ ਧਰਮ ਦੇ ਪ੍ਰਚਾਰਕ ਨੂੰ ਸੰਬੋਧਨ ਕਰਦੀ ਹੈ ਕਿ ਤੂੰ ਬਾਹਰੀ ਧਾਰਮਿਕ ਚਿੰਨ ਪਾਕੇ ਹੀ ਧਰਮੀ ਬਣਿਆ ਫਿਰਦਾ ਹੈ, ਪਰ ਅਸਲ ਵਿਚ ਧਰਮ ਕੀ ਹੈ:

ਧੋਤੀ ਖੋਲਿ ਵਿਛਾਏ ਹੇਠਿ ॥ ਗਰਧਪ ਵਾਂਗੂ ਲਾਹੇ ਪੇਟਿ ॥੧॥ ਬਿਨੁ ਕਰਤੂਤੀ ਮੁਕਤਿ ਨ ਪਾਈਐ ॥ ਮੁਕਤਿ ਪਦਾਰਥੁ ਨਾਮੁ ਧਿਆਈਐ ॥੧॥ ਰਹਾਉ ॥ ਪੂਜਾ ਤਿਲਕ ਕਰਤ ਇਸਨਾਨਾਂ ॥ ਛੁਰੀ ਕਾਢਿ ਲੇਵੈ ਹਥਿ ਦਾਨਾ ॥੨॥ ਬੇਦੁ ਪੜੈ ਮੁਖਿ ਮੀਠੀ ਬਾਣੀ ॥ ਜੀਆਂ ਕੁਹਤ ਨ ਸੰਗੈ ਪਰਾਣੀ ॥੩॥ ਕਹੁ ਨਾਨਕ ਜਿਸੁ ਕਿਰਪਾ ਧਾਰੈ ॥ ਹਿਰਦਾ ਸੁਧੁ ਬ੍ਰਹਮੁ ਬੀਚਾਰ (ਮ:5,ਪੰਨਾ 201)

ਅਰਥ:- (ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ । ਇਹ ਐਸਾ ਪਦਾਰਥ ਹੈ ਜੋ ਵਿਕਾਰਾਂ ਤੋਂ ਖ਼ਲਾਸੀ ਦੇਂਦਾ ਹੈ । (ਹੇ ਭਾਈ!) ਨਾਮ ਸਿਮਰਨ ਦੀ ਕਮਾਈ ਕਰਨ ਤੋਂ ਬਿਨਾ ਮੋਖ-ਪਦਵੀ ਨਹੀਂ ਮਿਲਦੀ ।੧।ਰਹਾਉ।

(ਪਰ, ਹੇ ਭਾਈ! ਬ੍ਰਾਹਮਣ ਆਪਣੇ ਜਜਮਾਨਾਂ ਨੂੰ ਇਹੀ ਦੱਸਦਾ ਹੈ ਕਿ ਬ੍ਰਾਹਮਣ ਨੂੰ ਦਿੱਤਾ ਦਾਨ ਹੀ ਮੋਖ-ਪਦਵੀ ਮਿਲਣ ਦਾ ਰਸਤਾ ਹੈ । ਉਹ ਬ੍ਰਾਹਮਣ ਸਰਾਧ ਆਦਿਕ ਦੇ ਸਮੇ ਜਜਮਾਨ ਦੇ ਘਰ ਜਾ ਕੇ ਚੌਕੇ ਵਿਚ ਬੈਠ ਕੇ) ਆਪਣੀ ਧੋਤੀ ਦਾ ਉਪਰਲਾ ਅੱਧਾ ਹਿੱਸਾ ਲਾਹ ਕੇ ਹੇਠਾਂ ਧਰ ਲੈਂਦਾ ਹੈ ਤੇ ਖੋਤੇ ਵਾਂਗ (ਦਬਾਦਬ ਖੀਰ ਆਦਿਕ) ਆਪਣੇ ਢਿੱਡ ਵਿਚ ਪਾਈ ਜਾਂਦਾ ਹੈ ।੧।(ਬ੍ਰਾਹਮਣ) ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ (-ਮੰਤ੍ਰ) ਪੜ੍ਹਦਾ ਹੈ, ਪਰ ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ ਰਤਾ ਨਹੀਂ ਝਿਜਕਦਾ ।੩।

(ਪਰ) ਹੇ ਨਾਨਕ! ਆਖ—(ਬ੍ਰਾਹਮਣ ਦੇ ਭੀ ਕੀਹ ਵੱਸ?) ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਹ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾਂਦਾ ਹੈ (ਜਿਸ ਦੀ ਬਰਕਤਿ ਨਾਲ) ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ (ਤੇ ਉਹ ਕਿਸੇ ਨਾਲ ਠੱਗੀ-ਫ਼ਰੇਬ ਨਹੀਂ ਕਰਦਾ)

ਸਲੋਕੁ : ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥ (ਮ:1,ਪੰਨਾ 471)

ਅਰਥ:- ਹੇ ਪੰਡਤ! ਜੇ (ਤੇਰੇ ਪਾਸ) ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ (ਮੇਰੇ ਗਲ) ਪਾ ਦੇਹ—ਇਹ ਜਨੇਊ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ, ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ । (ਹੇ ਪੰਡਿਤ)! ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ । ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿਚ ਪਾ ਲਿਆ ਹੈ ।

(ਹੇ ਪੰਡਤ! ਇਹ ਜਨੇਊ ਜੋ ਤੂੰ ਪਾਂਦਾ ਫਿਰਦਾ ਹੈਂ, ਇਹ ਤਾਂ ਤੂੰ) ਚਾਰ ਕੌਡਾਂ ਮੁੱਲ ਦੇ ਕੇ ਮੰਗਵਾ ਲਿਆ, (ਆਪਣੇ ਜਜਮਾਨ ਦੇ) ਚੌਕੇ ਵਿਚ ਬੈਠ ਕੇ (ਉਸ ਦੇ ਗਲ) ਪਾ ਦਿੱਤਾ, (ਫੇਰ ਤੂੰ ਉਸ ਦੇ) ਕੰਨ ਵਿਚ ਉਪਦੇਸ਼ ਦਿੱਤਾ (ਕਿ ਅੱਜ ਤੋਂ ਤੇਰਾ) ਗੁਰੂ ਬ੍ਰਾਹਮਣ ਹੋ ਗਿਆ । (ਸਮਾ ਪੁੱਗਣ ਤੇ ਜਦੋਂ) ਉਹ (ਜਜਮਾਨ) ਮਰ ਗਿਆ (ਤਾਂ) ਉਹ (ਜਨੇਊ ਉਸ ਦੇ ਸਰੀਰ ਤੋਂ) ਢਹਿ ਪਿਆ (ਭਾਵ ਸੜ ਗਿਆ ਜਾਂ ਡਿੱਗ ਪਿਆ, ਪਰ ਆਤਮਾ ਦੇ ਨਾਲ ਨਾ ਨਿਭਿਆ, ਇਸ ਵਾਸਤੇ ਉਹ ਜਜਮਾਨ ਵਿਚਾਰਾ) ਜਨੇਊ ਤੋਂ ਬਿਨਾ ਹੀ (ਸੰਸਾਰ ਤੋਂ) ਗਿਆ ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਹੁਤ ਸਾਰੇ ਸ਼ਬਦ ਹਨ ਜਿੰਨਾਂ ਵਿਚ ਬਾਹਰੀ ਪਹਿਰਾਵੇ ਕਰਕੇ ਧਰਮੀ ਹੋਣ ਦੇ ਪਾਜ ਨੂੰ ਨੰਗਾ ਕੀਤਾ ਹੈ । ਗੁਰੂ ਜੀ ਪੰਡਤ ਨੂੰ ਦੱਸਦੇ ਹਨ ਕਿ ਬਾਹਰੀ ਧਰਮੀ ਹੋਣ ਦਾ ਵਿਖਾਵਾ ਹੀ ਨਾ ਵੇਦਾਂ ਵਿਚ ਜਿਹੜੀ ਗਿਆਨ ਦੀ ਗੱਲ ਹੈ ਉਸ ਨੂੰ ਸਮਝ ਤੇ ਉਸ ਤੇ ਅਮਲ ਕਰ: ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥ ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥(ਮ:3,ਪੰਨਾ 919)

ਜਿਹੜੇ ਸਿੱਖ ਸਿਰਫ ਗੁਰਬਾਣੀ ਪੜ੍ਹਨ ਜਾਂ ਲੋਕਾਈ ਨੂੰ ਧਾਰਮਿਕ ਹੋਣ ਦਾ ਵਿਖਾਵਾ ਕਰਦੇ ਹਨ, ਉਨ੍ਹਾਂ ਬਾਰੇ ਗੁਰਬਾਣੀ ਦਾ ਸਪਸ਼ਟ ਫੁਰਮਾਨ ਹੈ: ਪਾਠੁ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ ॥ (ਮ:1,ਪੰਨਾ 1013)

ਪਾਠ ਪੜੈ ਲੇ ਲੋਕ ਸੁਣਾਵੈ ॥ ਤੀਰਥਿ ਭਰਮਸਿ ਬਿਆਧਿ ਨ ਜਾਵੈ ॥ ਨਾਮ ਬਿਨਾ ਕੈਸੇ ਸੁਖੁ ਪਾਵੈ ॥(ਮ:1,ਪੰਨਾ 905)

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥(ਭਗਤ ਕਬੀਰ ਜੀ, ਪੰਨਾ 476)


ਸੋ, ਗੁਰਬਾਣੀ ਤੋਂ ਸਾਨੂੰ ਇਹ ਸਿਖਿਆ ਮਿਲਦੀ ਹੈ ਕਿ ਜੇਕਰ ਗੁਰਬਾਣੀ ਪੜ੍ਹਨ ਸੁਣਨ ਨਾਲ ਅਸੀਂ ਜੀਵਨ ਵਿਚ ਮਾੜੇ ਵਿਚਾਰਾਂ ਤੋਂ ਚੰਗੇ ਵਿਚਾਰਾਂ ਵੱਲ ਨਹੀਂ ਤੁਰੇ ਤਾਂ ਬਾਹਰੀ ਧਾਰਮਿਕ ਦਿੱਖ ਵੀ ਭੇਖ ਬਣ ਕੇ ਰਹਿ ਜਾਵੇਗਾ । ਜਿਸ ਨਾਲ ਜਿਥੇ ਸਾਡਾ ਕੀਤਾ ਪੂਜਾ ਪਾਠ ਕਰਦਿਆ ਸਮਾਂ ਹੀ ਬਰਬਾਦ ਹੋਵੇਗਾ; ਉਥੇ ਦੂਸਰੇ ਲੋਕ ਧਰਮ ਤੋਂ ਵੀ ਦੂਰ ਜਾਣਗੇ । ਹਰ ਕਿਸੇ ਨੇ ਸਾਡੇ ਕਰਮ ਵੇਖਣੇ ਹੁੰਦੇ ਹਨ । ਕਿਸੇ ਨੇ ਇਹ ਨਹੀਂ ਵੇਖਣਾ ਹੁੰਦਾ ਕਿ ਇਸ ਆਦਮੀ ਨੇ ਕਿੰਨੇ ਪਾਠ ਕੀਤੇ ਹਨ ਜਾਂ ਸਵੇਰੇ ਕਿੰਨੇ ਵੱਜੇ ਉਠਿਆ ਹੈ ਜਾਂ ਕੀ ਖਾਧਾ ਹੈ, (ਮਾਸਾਹਾਰੀ ਜਾਂ ਸ਼ਾਕਾਹਾਰੀ) । ਉਸ ਨੇ ਸਾਡਾ ਕਾਰਵਿਹਾਰ, ਬੋਲਚਾਲ ਵੇਖਣਾ ਹੈ ਜਾਨੀਕਿ ਸਾਡਾ ਕਿਰਦਾਰ । ਇਸੇ ਕਰਕੇ ਗੁਰਬਾਣੀ ਸਮਝਾਉਂਦੀ ਹੈ :

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥(ਮ:1,ਪੰਨਾ 62)

ਇਹ ਹਰੇਕ ਆਦਮੀ ਨੇ ਆਪ ਹੀ ਆਪਣੇ ਅੰਦਰ ਝਾਤ ਮਾਰਕੇ ਵੇਖਣਾ ਹੈ ਕਿ ਉਹ ਵਾਕਿਆਂ ਹੀ ਗੁਰਮਤਿ ਦਾ ਧਾਰਨੀ ਹੈ ਜਾਂ ਭੇਖੀ !
.