.

ਦਸਮੇਸ਼ ਜੀ ਨੇ ਅੰਮ੍ਰਿਤ ਤਿਆਰੀ ਸਮੇਂ ਕਿਹੜੀਆਂ ਬਾਣੀਆਂ ਪੜੀਆਂ?

ਪ੍ਰਿੰਸੀਪਲ ਸਤਿਨਾਮ ਸਿੰਘ

ਹਮਰਾਜ਼-ਬਿਨ-ਹਮਰਾਜ਼

ਚੰਡੀਗੜ੍ਹ

9888047979

ਜਦ ਅਸੀਂ ਸਿੱਖ ਕੌਮ ਦੇ ਸਮੇਂ ਸਮੇਂ ਦਰਪੇਸ਼ ਮਸਲਿਆਂ ਦੀ ਲੰਬੀ ਹੁੰਦੀ ਜਾ ਰਹੀ ਲਿਸਟ ਵਿਚੋਂ ਕੌਮ ਦੇ ਮੌਜੂਦਾ ਤੇ ਜੁਗੋ ਜੁਗ ਅਟੱਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਲਿਖਣ ਅਸਥਾਨ, ਮੰਗਲਾਂ ਦਾ ਅਸਥਾਨ, ਸਿੱਖ ਸਤਿਗੁਰੂ ਸਾਹਿਬਾਨ ਅਤੇ ਅਨਯ ਭਗਤਾਂ, ਭੱਟਾਂ, ਸਿੱਖਾਂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਗੁਰੂ ਅਰਜਨ ਦੇਵ ਜੀ ਪਾਸ ਪਹੁੰਚਣਾ, ਤਥਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਸ੍ਰੀ ਗੁਰੂ ਗ੍ਰੰਥ ਜੀ ਵਿੱਚ ਚੜ੍ਹਨ ਦਾ ਸਮਾਂ ਤੇ ਅਸਥਾਨ, ਲਗਾਂ ਮਾਤਰਾਂ ਦਾ ਸ਼ੁੱਧ ਉਚਾਰਨ ਤੇ ਅਰਥ, ਬਚਿਤਰ ਨਾਟਕ ਤੋਂ ਚਲਦੇ ਚਲਦੇ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਤਕ ਪੁਜੇ ਗ੍ਰੰਥ, 1699 ਦੀ ਵਿਸਾਖੀ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਤਿਆਰੀ ਸਮੇਂ ਪੜੀਆ ਬਾਣੀਆਂ ਆਦਿ ਆਦਿ ਦੀ ਗਲ ਕਰਦੇ ਹਾਂ ਤਾਂ ਇਹ ਮਸਲੇ ਇੱਕ ਆਮ ਜਗਿਆਸੂ ਨੂੰ ਓਪਰੀ ਨਜ਼ਰੇ ਆਮ ਜਹੀ ਗੱਲ ਲਗਣਗੇ, ਪਰ ਇਹ ਮਸਲੇ ਕਿਸੇ ਸਮੇਂ ਵੀ ਨਾਨਕ ਫੁਲਵਾੜੀ `ਚ ਆਪਣੇ ਸੁਆਰਥੀ ਭੁੱਲੜਾਂ ਤੇ ਬੇਗਾਨੇ ਦੋਖੀਆਂ ਵਲੋਂ ਸੇਂਧ ਲਗਾ ਸਕਦੇ ਹਨ। ਪਿਛੇ ਜਹੇ ਇੱਕ ਵਿਦਿਆਲੇ ਦੇ ਪ੍ਰਿੰਸੀਪਲ ਜੀ ਦੇ ਜਗਿਆਸੂ ਮਨ ਨੇ ਇੱਕ ਰੋਜ਼ਾਨਾ ਅਖਬਾਰ ਵਿੱਚ ਪੁਛ ਕੀਤੀ ਸੀ ਕਿ:

1. ਕੀ ਸਿੱਖ ਰਹਿਤ ਮਰਯਾਦਾ ਵਿੱਚ ਅੰਮ੍ਰਿਤ ਤਿਆਰ ਕਰਨ ਲਈ ਨੀਯਤ ਕੀਤੀਆਂ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹਨ?

2. ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕਰਨ ਸਮੇਂ ਕਿਹੜੀਆਂ ਬਾਣੀਆਂ ਦਾ ਪਾਠ ਕੀਤਾ ਸੀ?

ਪਰ ਇਸ ਦਾ ਉਤਰ ਦੇਵੇ ਕੌਣ? ਹਰ ਗੁਰਦੁਆਰਾ ਕਮੇਟੀ ਦਾ ਕੰਮ ਹੈ ਗੁਰਦੁਆਰੇ ਦੀ ਚੜਤ (ਮਾਇਆ) ਦਾ ਹਿਸਾਬ ਕਿਤਾਬ ਰਖਣਾ, ਬਿਲਡਿੰਗਾਂ ਦੀਆਂ ਇੱਟਾਂ, ਸੰਗਮਰਮਰ, ਸੀਮਿੰਟ ਤੇ ਲੋਹੇ ਦੀ ਗਿਣਤੀ ਮਿਣਤੀ ਕਰਨਾ ਤੇ ਮਨਮਰਜ਼ੀ ਦਾ ਦਫਤਰੀ ਸਟਾਫ ਤੇ ਕਠਪੁਤਲੀ ਗ੍ਰੰਥੀ ਭਰਤੀ ਕਰਨੇ ਜੋ ਸਿਆਣਪ ਅਨੁਸਾਰ ਪਾਠੀ ਹੀ ਹੋਣ, ਉਹ ਵੀ ਸ਼ੁੱਧ/ਅਸ਼ੁੱਧ ਪਾਠ ਕਰ ਅਗਲੇ ਛਿੰਨ ਅਰਦਾਸ `ਚ ਭੁੱਲਾਂ ਚੁੱਕਾਂ ਦੀ ਖਿਮਾਂ ਮੰਗਣ ਵਾਲੇ। ਕੈਸੇ ਗੁਰੂ ਦੇ ਸਿੱਖ ਹਾਂ, ਭੁੱਲ ਕਰਦੇ ਹਾਂ ਖਿਮਾਂ ਮੰਗਦੇ ਹਾਂ, ਫਿਰ ਭੁਲ ਕਰਦੇ ਹਾਂ ਖਿਮਾਂ ਮੰਗਦੇ ਹਾਂ ਤੇ ਸਿਲਸਿਲਾ ਬਦਸਤੂਰ ਚਾਲੂ।

ਜੇਕਰ ਇੱਕ ਪੜੇ ਲਿਖੇ ਪਾਠਕ ਜੀ ਦੀਆਂ ਇਹ ਪੁੱਛਾਂ ਹਨ ਤਾਂ ਆਮ ਕੰਮ ਕਾਜੀ ਗ੍ਰਿਸਥੀ ਗੁਰਸਿੱਖ ਦੀ ਕੀ ਅਵਸਥਾ ਹੋ ਸਕਦੀ ਹੈ? ਪਾਠਕ ਆਪ ਹੀ ਅੰਦਾਜ਼ਾ ਲਗਾ ਸਕਦੇ ਹਨ। ਅਜ ਦੇ ਦੌੜ ਭੱਜ ਦੇ ਸਮੇਂ `ਚ ਆਦਮੀ ਪਾਸ ਤਾਂ ਪੂਰੀ ਅਖਬਾਰ ਪੜਣ ਲਈ ਸਮਾਂ ਨਹੀਂ ਹੈ ਫਿਰ ਵੱਡੇ ਵੱਡੇ ਪੁਰਾਤਨ ਗ੍ਰੰਥਾਂ ਦਾ ਅਧਿਆਇਨ ਕੌਣ ਕਰ ਸਕਦਾ ਹੈ। ਸੋ ਜਗਿਆਸੂ ਮਨਾਂ ਦੀ ਗਿਆਨ ਭੁੱਖ ਦੀ ਪੂਰਤੀ ਹਿਤ ਕੁਝਤੱਥ ਪਾਠਕਾਂ ਦੀ ਸੇਵਾ `ਚ ਹਾਜ਼ਰ ਹਨ ਫੈਸਲਾ ਉਹਨਾਂ ਦੀਆਂ ਆਤਮਿਕ ਉਡਾਰੀਆਂ ਅਨੁਸਾਰੀ।

ਪਹਿਲੇ ਸੁਆਲ ਦੇ ਉਤਰ ਵਿੱਚ ਬਿਨੈ ਹੈ ਕਿ, ਸਤੰਬਰ 1931 ਤੋਂ ਸਤੰਬਰ 1936 ਤੇ ਫਿਰ 7 ਜਨਵਰੀ 1945 ਨੂੰ ਸਿੱਖ ਕੌਮ ਦੀਆਂ ਤਕਰੀਬਨ ਸਾਰੀਆਂ ਸਿਰਮੋਰ ਜਥੇਬੰਦੀਆਂ, ਸਭਾਵਾਂ, ਸੁਸਾਈਟੀਆਂ ਤੇ ਕਮੇਟੀਆਂ ਦੇ ਸਿਰਕੱਢ ਵਿਦਵਾਨਾਂ ਤੇ ਆਗੂਆਂ ਦੀ ਵੱਡੀ ਘਾਲਣਾ ਉਪ੍ਰੰਤ ਤਿਆਰ ਤੇ ਪ੍ਰਚਲਤ ਰਹਿਤ ਮਰਯਾਦਾ ਅਨੁਸਾਰ ਅਜ ਕਲ ਅੰਮ੍ਰਿਤ ਤਿਆਰ ਕਰਨ ਸਮੇਂ ਪੜੀਆਂ ਜਾਂਦੀਆਂ ਪੰਜ ਬਾਣੀਆਂ `ਚ ਜਪੁ ਜੀ ਤੇ ਅਨੰਦ ਸਾਹਿਬ ਜੀ (ਛੇ ਪਉੜੀਆਂ - ਪਹਿਲੀਆਂ ਪੰਜ ਪਉੜੀਆਂ ਤੇ ਆਖਰੀ ਪਉੜੀ) ਦੋ ਹੀ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਸ਼ੋਭਿਤ ਹਨ।

ਸੁਆਲ ਨੰਬਰ ਦੋ ਦੇ ਉਤੱਰ ਵਿੱਚ ਦਸਮੇਸ਼ ਜੀ ਦੇ ਸਮਕਾਲੀ ਤੇ ਬਾਹਦ ਦੇ, ਸਮੇਂ ਸਮੇਂ ਹੋਏ ਵਿਦਵਾਨ ਲਿਖਾਰੀਆਂ ਦੇ ਹਵਾਲੇ, ਗੁਰਮਤਿ ਜਗਸ਼ੂ ਮਨ ਦੀ ਖੋਜ ਬਿਰਤੀ ਹਿਤ ਦਰਪੇਸ਼ ਹਨ ਇਸ ਆਸ ਨਾਲ:-

ਸਪੁਰਦਮ ਬਤੋ ਮਾਇਆ ਏ ਖੇਸ਼ਰਾ, ਤੂ ਦਾਨੀ ਹਿਸਾਬੇ ਕਮੋ ਬੇਸ਼ਰਾ।

I dedicate all my belongings to thee,

Little thou be you are the Best Judge.

1. ਰਹਿਤਨਾਮਾ ਭਾਈ ਦਯਾ ਸਿੰਘ (ਪਿਆਰਾ) : "… ਉਤੱਮ ਸਿੰਘ ਲੋਹ ਪਾਤ ਮੇਂ ਸ੍ਰੀ ਅੰਮ੍ਰਿਤਸਰ ਕਾ ਅੰਮ੍ਰਿਤ ਪਾਵੇ। ਪ੍ਰਥਮ ਸੰਪੂਰਨ ਜਪੁਜੀ, ਆਦਿ ਅੰਤ ਕਾ ਪਾਠ ਕਰੇਂ, ਚੌਪਈ (ਕਿਹੜੀ? ਕੋਈ ਸੰਕੇਤ ਨਹੀਂ), ਪੰਜ ਪੰਜ ਸਵੈਯੇ ਭਿੰਨ ਭਿੰਨ (?) 1. ਸ੍ਰਾਵਗ ਸੁਧੁ 2. ਦੀਨਨ ਕੀ ਪ੍ਰਤਿਪਾਲ 3. ਪਾਪ ਸਮੂਹ ਬਿਨਾਸਨ 4. ਸਤਿ ਸਦੈਵ ਸਦਾ ਬ੍ਰਤ, ਪੰਜ ਪਉੜੀ ਅਨੰਦ ਕੀ, ਕਰਦ ਅੰਮ੍ਰਿਤ ਬੀਚ ਫੇਰੇ, ਅਪਨੀ ਓਰ ਕੋ। ਪੁਨਹ ਏਕ ਸਿੰਘ ਕਰਦ ਉਸ ਕੀ ਪਾਸ ਮੇਂ ਧਰ ਦੇ …. ।"

(ਨੋਟ: ਏਥੇ ਜਾਪੁ ਸਾਹਿਬ ਤੇ ਸੰਪੂਰਣ" ਅਨੰਦ ਸਾਹਿਬ" ਦਾ ਕੋਈ ਜ਼ਿਕਰ ਨਹੀਂ। ਅੰਮ੍ਰਿਤ, "ਕਰਦ" (ਕਿਰਪਾਨ) ਨਾਲ ਤਿਆਰ ਕੀਤੇ ਜਾਣ ਦਾ ਜ਼ਿਕਰ ਹੈ)

2. ਭਾਈ ਚੌਪਾ ਸਿੰਘ (ਸ੍ਰੀ ਦਸਮੇਸ਼ ਜੀ ਦਾ ਹਜ਼ੂਰੀ ਸਿੱਖ) : "ਫੇਰ ਸਾਹਿਬ ਪੂਰਨ ਪੁਰਖ ਜੀ ਪੰਥ ਲਗੇ ਨਿਖੇੜਨ, ਸੰਮਤ 1756, ਸਾਵਨ ਦਿਨ ਸਤਵੇਂ ਕੇਸਾਂ ਦੀ ਪਾਹੁਲ ਦਾ ਉਦੱਮ ਕੀਤਾ, ਬਚਨ ਹੋਇਆ, ਚਉਪਾ ਸਿੰਘ, ਕਟੋਰੇ ਵਿੱਚ ਜਲ ਪਾ ਕੈ ਆਉ, ਸੋ ਲੈ ਆਇਆ, ਤਾਂ ਹੁਕਮ ਹੋਇਆ, "ਹਥਿ ਖੰਡਾ ਪਕੜ ਕੇ ਵਿੱਚ ਫੇਰਊ" ਅਤੇ ਪੰਜ ਪੰਜ ਸਯੈ, ਪੰਜੇ ਪੜ੍ਹਨ ਲਗੇ, ਕੇਹੜੇ? ਦਯਾ ਸਿੰਘ …. . ਸਾਹਿਬ ਸਿੰਘ … ਹਿੰਮਤ ਸਿੰਘ … ਧਰਮ ਸਿੰਘ … ਮੁਹਕਮ ਸਿੰਘ, ਇਹ ਪੰਜ ਸਿੰਘ ਸਵੈਯੇ ਲਗੇ ਪੜ੍ਹਨ, ਤਾਂ ਸਾਹਿਬ ਚੰਦ ਦਿਵਾਨ ਬੇਨਤੀ ਕੀਤੀ, "ਜੀ ਸੱਚੇ ਪਾਤਸ਼ਾਹ, ਜੇ ਵਿੱਚ ਪਤਾਸ਼ੇ ਪਾਉਣ ਤਾਂ ਹੱਛਾ ਹੋਵੈ। ਇੰਨੇ ਚਿਰਾਂ ਨੂੰ ਮਾਤਾ ਸ਼ਕਤੀ, ਮਾਤਾ ਸਾਹਿਬ ਦੇਵੀ ਦਾ ਰੂਪ ਧਾਰ ਕੇ, ਪਤਾਸ਼ੇ ਵਿੱਚ ਡਾਰ ਗਈ, ਤਾਂ ਸਾਹਿਬ ਪੂਰਨ ਪੁਰਸ਼ ਜੀ, ਵਿਚਹੂੰ ਪੰਜ ਚੁਲੈ ਲੈ ਅੰਮ੍ਰਿਤ ਪੰਜ ਨੇਤ੍ਰੀ, ਫੇਰ ਪੰਜ ਚੁਲੈ ਸੀਸ ਪਾਏ।

ਫਿਰ ਸਾਹਿਬ ਨੇ ਆਪਣੇ ਹਥੀ ਪੰਜਾਂ ਸਿੱਘਾਂ ਨੂੰ ਅੰਮ੍ਰਿਤ ਛਕਾਇਆ:

ਦੂਜੇ ਦਿਨ ਹੋਰ ਸਿੱਖ ਹਥ ਜੋੜ ਖੜੇ ਹੋਇ। ਬਚਨ ਹੋਇਆ - ਜੋ ਕੜਾਹ ਪ੍ਰਸਾਦਿ ਕਰਕੇ, ਪੰਜ ਸਿੱਖਾਂ ਪਾਸੋਂ ਪੰਜ ਸਵੈਯੇ ਪੜ੍ਹ ਕਰਿ ਛਕ ਲੈਣਾ।

(ਨੋਟ: ਇਹ ਮਰਯਾਦਾ ਵੀ ਵਰਤਮਾਨ ਪ੍ਰਚੱਲਤ ਜਾਂ ਕਿਸੇ ਦੂਸਰੀ ਵਿਧੀ ਨਾਲ ਮੇਲ ਨਹੀਂ ਖਾਂਦੀ)

3. ਗੁਰ ਬਿਲਾਸ ਪਾਤਸ਼ਾਹੀ ਦਸਵੀਂ ਕ੍ਰਿਤ ਭਾਈ ਕੁਇਰ ਸਿੰਘ, ਅਨੁਸਾਰ: ਇਸ ਦਾ ਰਚਨਾ ਕਾਲ ਸੰਮਤ 1808 ਮੁਤਾਬਿਕ 1751 ਈਸਵੀ, ਸ੍ਰੀ ਦਸਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ 43 ਕੁ ਸਾਲ ਬਾਅਦ ਦਾ ਮੰਨਿਆ ਜਾਂਦਾ ਹੈ)

ਸਰਿਤਾ ਜਲ ਲੀਨ ਅਛੂਤ ਮੰਗਾਇ ਕੈ,

ਪਾਤ੍ਰ ਲੋਹ ਮੈ ਤਾਂ ਪ੍ਰਭ ਬੇਰੇ।

ਪੜ੍ਹਤੇ ਸੁ ਉਦਾਸ ਹੈ ਮੰਤ੍ਰਨ ਕੋ,

ਪ੍ਰਭ ਠਾਢੇ ਹੈ ਆਪ ਭਏ ਸੋ ਸਵੇਰੇ। (ਪੰਨਾ 25)

(ਨੋਟ: ਏਥੇ ਕੇਵਲ ਮੰਤ੍ਰ (ਮੂਲ ਮੰਤ੍ਰ) ਪੜੇ ਜਾਣ ਦਾ ਅਤਿ ਸੰਖੇਪ ਜ਼ਿਕਰ ਹੈ)

4. ਬੰਸਾਵਲੀਨਾਮਾ ਪਾਤਸ਼ਾਹੀਆਂ ਦਸਾਂ ਕਾ (ਕ੍ਰਿਤ ਭਾਈ ਕੇਸਰ ਸਿੰਘ ਛਿੱਬਰ (ਸੰਮਤ 1826) ਅਨੁਸਾਰ:

"ਬਚਨ ਕੀਤਾ: ਕਟੋਰਾ ਜਲ ਕਾ ਸੁਚੇਤ ਲੈ ਆਉ।

ਲੈ ਆਇਆ, ਦਿਤੀ ਕਰਦ, ਕਹਿਆ ਹਿਲਾਉ।

ਜਪੁ ਅਤੇ ਅਨੰਦ ਰਸਨੀ ਕਰਿ ਉਚਾਰ (ਦਸਵਾਂ ਚਰਨ)

ਏਥੇ, ਨੋਟ ਕਰਨ ਯੋਗ ਗੱਲ ਹੈ ਕਿ ਛਿੱਬਰ ਜੀ ਨੇ ਖੰਡੇ ਦੀ ਥਾਂ ਕਰਦ (ਕਿਰਪਾਨ) ਸ਼ਬਦ ਵਰਤਿਆ ਹੈ, ਅਤੇ ਕੇਵਲ ਦੋ ਬਾਣੀਆਂ ਜਪੁ ਤੇ ਅਨੰਦ ਪੜ੍ਹਨ ਦਾ ਜ਼ਿਕਰ ਕੀਤਾ ਹੈ। (ਸਿੱਖ ਸੰਸਕਾਰ ਅਤੇ ਮਰਯਾਦਾ - ਚੀਫ ਖਾਲਸਾ ਦੀਵਾਨ ਪੰ. 63)

5. ਤਾਰੀਖਿ ਸਿੱਖਾਂ (ਕ੍ਰਿਤ ਖੁਸ਼ਵੰਤ ਰਾਏ) ਸੰਮਤ 1811, ਮੁਤਾਬਿਕ ਸੰਨ 1754 ਈਸਵੀ:

"ਅੰਮ੍ਰਿਤ ਦੀ ਤਿਆਰੀ ਵਿੱਚ ਕੇਵਲ ਪੰਜ ਸਵੈਯੇ ਪੜ੍ਹੇ ਜਾਣ ਦਾ ਜ਼ਿਕਰ ਹੈ।" (ਸਿੱਖ ਸੰਸਕਾਰ ਅਤੇ ਮਰਯਾਦਾ - ਪੰ. 63)

6. ਪ੍ਰਾਚੀਨ ਪੰਥ ਪ੍ਰਕਾਸ਼ (ਕ੍ਰਿਤ ਭਾਈ ਰਤਨ ਸਿੰਘ ਭੰਗੂ, ਸੰਪਾਦਕ ਭਾਈ ਵੀਰ ਸਿੰਘ ਜੀ ਛਾਪ ਸੰਨ 1941 ਮੁਤਾਬਿਕ) :

ਭਗਉਤੀ ਕੀ ਵਾਰ। ਪਹਿਲੀ ਪਉੜੀ 32 ਸਵੈਯੇ, ਤ੍ਰਿਭੰਗੀ ਛੰਦ-ਖਗ ਖੰਡ।

(ਨੋਟ: ਏਥੇ ਕੇਵਲ ਤਿੰਨ ਵਿਭਿੰਨ ਬਾਣੀਆਂ ਪੜੇ ਜਾਣ ਦਾ ਜ਼ਿਕਰ ਹੈ ਜੋ ਵਰਤਮਾਨ ਪੜ੍ਹੀਆਂ ਜਾਂਦੀਆਂ ਬਾਣੀਆਂ ਨਾਲੋਂ ਭਿੰਨ ਹਨ।)

7. ਸੂਰਜ ਪ੍ਰਕਾਸ਼ (ਭਾਈ ਸੰਤੋਖ ਸਿੰਘ ਜੀ) ਅਨੁਸਾਰ:

"ਪੜੀਆਂ ਬਾਣੀਆਂ: ਜਪੁਜੀ, ਸਵੈਯੇ, ਅਨੰਦ ਸਾਹਿਬ ਦੀਆਂ 5 ਪਉੜੀਆਂ"

(ਨੋਟ: ਏਥੇ ਜਾਪੁ ਸਾਹਿਬ ਤੇ ਚੌਪਈ ਦੇ ਪੜ੍ਹੇ ਜਾਣ ਦਾ ਕੋਈ ਜ਼ਿਕਰ ਨਹੀਂ। ਅਨੰਦ ਸਾਹਿਬ ਦੀਆਂ ਕੇਵਲ ਪੰਜ ਪਉੜੀਆਂ ਪੜ੍ਹੇ ਜਾਣ ਦਾ ਜ਼ਿਕਰ ਹੈ।)

8. ਗੁਰੂ ਗ੍ਰੰਥ ਪ੍ਰਕਾਸ਼ (ਗਿਆਨੀ ਗਿਆਨ ਸਿੰਘ) ਸੰਪਾਦਕ ਗਿ. ਕ੍ਰਿਪਾਲ ਸਿੰਘ, ਪੰਨਾ 1573 ਅਨੁਸਾਰ:

ਜਪੁਜੀ-ਪੰਜ ਪੌੜੀਆਂ, ਜਾਪੁ ਜੀ-ਪੰਜ ਪੌੜੀਆਂ, ਦਸ-ਸੁਧੁ, ਅਨੰਦ ਸਾਹਿਬ, ਚੌਪਈ।

(ਨੋਟ: ਏਥੇ ਜਪੁਜੀ, ਜਾਪ ਸਾਹਿਬ ਦੀਆਂ ਪੰਜ ਪੰਜ ਪੌੜੀਆਂ ਪੜ੍ਹੇ ਜਾਣ ਦਾ ਜ਼ਿਕਰ ਹੈ ਅਤੇ ਇਹ ਵੀ ਸਪਸ਼ਟ ਨਹੀਂ ਕਿ ਚੌਪਈ ਕਿਹੜੀ ਪੜ੍ਹੀ ਗਈ। ਅਕਾਲ ਉਸਤਤਿ ਦੇ ਆਰੰਭ ਵਿੱਚ ਆਈ ਪ੍ਰਣਵੋਂ ਆਦਿ ਏਕੰਕਾਰਾ ਵਾਲੀ ਜਾਂ ਚਰਿਤ੍ਰੋ ਪਾਖਿਯਾਨ ਦੇ ਅੰਤਲੇ ਚਰਿਤ੍ਰ ਨੰ. 405 ਦੇ 377 ਚਉਪਦੇ ਤੋਂ ਲੈ ਕੇ 404 ਪਦੇ ਤੱਕ 27 ਪਦਿਆਂ ਵਾਲੀ ਕਬਯੋਬਾਚ ਬੇਨਤੀ ਚੌਪਈ?)

9. ਗੁਰ ਬਿਲਾਸ ਪਾਤਸ਼ਾਹੀ 10 ਕ੍ਰਿਤ ਭਾਈ ਸੁਖਾ ਸਿੰਘ ਅਨੁਸਾਰ: ਭਾਈ ਸੁਖਾ ਸਿੰਘ ਜੀ ਪਟਨਾ ਵਾਲਿਆਂ ਨੇ ਵੀ ਗੁਰ ਬਿਲਾਸ ਪਾਤਸ਼ਾਹੀ 10 ਵਿੱਚ ਕੁੱਝ ਮੰਤਰ ਪੜ੍ਹ ਕੇ ਅੰਮ੍ਰਿਤ ਤਿਆਰ ਕਰਨ ਦਾ ਜ਼ਿਕਰ ਕੀਤਾ ਹੈ, ਕਿਸੇ ਵਿਸ਼ੇਸ਼ ਬਾਣੀ ਦੇ ਪੜ੍ਹੇ ਜਾਣ ਦਾ ਨਹੀਂ।

10. ਗੁਰ ਸੋਭਾ ਲਿਖਾਰੀ ਕਵੀ ਸੈਨਾਪੱਤਿ (ਸਿੰਘ) : ਏਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਕਵੀ ਲਿਖਾਰੀ ਸੈਨਾਪੱਤਿ (ਸਿੰਘ), ਨੇ ਆਪਣੀ ਪੁਸਤਕ ਗੁਰ ਸੋਭਾ ਵਿੱਚ ਖੰਡੇ ਦੀ ਪਾਹੁਲ ਛਕਾਉਣ ਦੀ ਵਿਧੀ ਆਦਿ ਦਾ ਕੋਈ ਜ਼ਿਕਰ ਨਹੀਂ ਕੀਤਾ। ਕੇਵਲ ਭੱਦਣ (ਮੁੰਡਨ) ਕਰਨ, ਹੁੱਕਾ ਪੀਣ ਤੇ ਮੀਣਿਆਂ ਮਸੰਦਾਂ ਆਦਿ ਨਾਲ ਵਰਤਣ ਦੀਆਂ ਕੁਰਹਿਤਾਂ ਦਾ ਜ਼ਿਕਰ ਹੈ।

11. ਸ੍ਰੀ ਕਲਗੀਧਰ ਚਮਤਕਾਰ ਕ੍ਰਿਤ ਭਾਈ ਵੀਰ ਸਿੰਘ ਅਨੁਸਾਰ: ਭਾਈ ਵੀਰ ਸਿੰਘ ਸ੍ਰੀ ਕਲਗੀਧਰ ਚਮਤਕਾਰ ਵਿੱਚ ਪੰਨਾ 227-28 ਤੇ ਲਿਖਦੇ ਹਨ ਕਿ, "ਜਿਥੇ ਕਲ ਸਿੱਖੀ ਪਰਖੀ ਸੀ, …. ਉਥੇ ਸਿੰਘਾਸਨ ਲਗ ਰਿਹਾ ਹੈ। ਸੰਗਤ ਜੁੜੀ ਬੈਠੀ ਹੈ …. , ਯਾਰਾਂ ਸੌ ਦਾ ਕੜਾਹ ਪ੍ਰਸ਼ਾਦ ਸਜ ਰਿਹਾ ਹੈ ਲੱਠੇ ਦੀਆਂ ਚਾਦਰਾਂ ਉਤੇ। ਸਿੰਘਾਸਨ ਤੇ ਬਿਰਾਜ ਰਹੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਵੈਤ ਬਸਤਰਾਂ ਵਿਚ, ਅੱਗੇ ਧਰਿਆ ਹੈ ਚਮਕਦਾ ਲੋਹੇ ਦਾ ਬਾਟਾ, ਵਿੱਚ ਪਿਆ ਹੈ ਜਲ, ਜਿਸ ਵਿੱਚ ਰੱਖਿਆ ਹੈ ਦੁਧਾਰਾ ਖੰਡਾ। ਸਾਹਮਣੇ ਖੜੇ ਹਨ ਕੱਲ ਵਾਲੇ ਪੰਜ ਸੀਸ ਭੇਟ ਕਰਨ ਵਾਲੇ ਜੀਵਨ ਮੁਕਤ, ਸਫੈਦ ਬਸਤ੍ਰ ਧਾਰੇ …। ਸਾਹਿਬਾਂ ਨੇ ਆਵਾਜ਼ ਦਿੱਤੀ …. ਪੰਜਾਂ ਨੂੰ ਕਿ ਭਾਈ ਵਾਹਿਗੁਰੂ ਗੁਰੂ ਮੰਤ੍ਰ ਹੈ … ਇੱਕ ਚਿੱਤ ਹੋ ਜਪੋ" ਵਾਹਿਗੁਰੂ"। ਪੰਜ ਤਾਂ ਇਸ ਕਾਰੇ ਲਗ ਪਏ, ਆਪ ਸਾਹਿਬਾਂ ਦਾ ਬਲੀ ਤੇ ਦਾਤਾ ਹੱਥ, ਗਿਆ ਖੰਡੇ ਉਤੇ, ਜੋ ਫਿਰਨ ਲਗ ਪਿਆ ਜਲ ਵਿੱਚ ਤੇ ਆਪ ਕਰਨ ਲਗ ਗਏ ਪਾਠ ਬਾਣੀਆਂ ਦਾ, ਕਲ ਦੇ ਤਲਵਾਰ ਦੀ ਧਾਰ ਅੱਗੇ ਮਰਨੇ ਲਈ ਨਿਵੇਂ ਆਪਾ ਵਾਰੂਆਂ ਦੇ ਸਨਮੁਖ ਖੜੋ ਕੇ ਇੱਕ ਤੋ ਮੂਲ ਮੰਤ੍ਰ ਦਾ ਪਾਠ ਕਰਵਾਇਆ ਪੰਜ ਵੇਰ। ਤੇ ਫੇਰ ਪੰਜ ਚੂਲੇ ਛਕਾਏ, ਨੈਣੀ ਛੱਟੇ ਮਾਰੇ ਤੇ ਪੰਜ ਹੀ ਚੂਲੇ ਕੇਸਾਂ ਵਿੱਚ ਪਾਏ, ਐਉਂ ਪੰਜਾਂ ਨੂੰ ਅੰਮ੍ਰਿਤ ਛਕਾਯਾ।"

(ਨੋਟ: ਇਥੇ ਪੜ੍ਹੀਆਂ ਬਾਣੀਆਂ ਦਾ ਜ਼ਿਕਰ ਨਹੀਂ। ਸਤਿਗੁਰਾਂ ਖੰਡੇ ਨਾਲ ਅੰਮ੍ਰਿਤ ਤਿਆਰ ਹੋਣ ਤੋਂ ਬਾਅਦ ਇੱਕ ਕੋਲੋਂ ਪੰਜ ਵੇਰ ਮੂਲ ਮੰਤ੍ਰ ਦਾ ਪਾਠ ਕਰਵਾਇਆ) (ਖਾਲਸਾ ਸਮਾਚਾਰ 6-13 ਅਪ੍ਰੈਲ, 2000 ਨੂੰ ਛਪੇ ਲੇਖ ਅੰਮ੍ਰਿਤ ਦੇ ਆਧਾਰ ਤੇ)

ਇਤਿਹਾਸ ਇਸ ਮਨੌਤ ਦੀ ਕਤਅਨ ਗਵਾਹੀ ਨਹੀਂ ਦਿੰਦਾ ਕਿ ਸ੍ਰੀ ਦਸ਼ਮੇਸ਼ ਜੀ ਨੇ ਖੰਡੇ ਦੀ ਪਾਹੁਲ ਤਿਆਰ ਕਰਨ ਸਮੇਂ ਅੱਜ ਕੱਲ ਪੜ੍ਹੀਆਂ ਜਾਂਦੀਆਂ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਸੀ। ਐਸਾ ਦਾਅਵਾ ਕਰਨਾ ਸਿਰਫ ਲੂਣ ਦਾ ਪਿੰਨਾਂ ਪੱਥਣ ਸਮਾਨ ਹੈ। ਐਸੀ ਹਕੀਕੀ ਸਥਿਤੀ ਵਿੱਚ ਸਨਿਮਰ ਨਿਵੇਦਨ ਹੈ ਕਿ ਅੱਜ ਕੱਲ ਜਿੰਨ੍ਹਾਂ ਪੰਜਾਂ ਬਾਣੀਆਂ ਦਾ ਪਾਠ ਅੰਮ੍ਰਿਤ ਪਾਨ ਦੇ ਸਮੇਂ ਹੁੰਦਾ ਹੈ, ਇਨ੍ਹਾਂ ਦਾ ਇੰਨ ਬਿੰਨ ਉਲੇਖ ਸਿੰਘ ਸਭਾ ਲਹਿਰ ਤੋਂ ਪਹਿਲਾਂ ਕਿਸੇ ਵੀ ਪ੍ਰਮਾਣਿਕ ਇਤਿਹਾਸ ਤੋਂ ਪ੍ਰਾਪਤ ਨਹੀਂ ਹੁੰਦਾ। ਸਿੰਘ ਸਭਾ ਲਹਿਰ ਤੋਂ ਪਹਿਲਾਂ ਅੰਮ੍ਰਿਤ ਪਾਨ ਸੰਬੰਧੀ ਬਾਣੀਆਂ ਦੀ ਕੋਈ ਨਿਸ਼ਚਿਤ ਪਰੰਪਰਾ ਨਹੀਂ ਸੀ, ਜਥੇ-ਜਥੇ ਅਤੇ ਡੇਰੇ-ਡੇਰੇ ਅਨੁਸਾਰ ਪੜੀਆਂ ਬਾਣੀਆਂ ਤੇ ਬਾਣੀਆਂ ਦੀ ਗਿਣਤੀ ਵੱਧ ਘਟ ਹੁੰਦੀ ਰਹਿੰਦੀ ਸੀ। ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦੀ ਇੱਕਸਾਰਤਾ ਹਿਤ ਪੰਥ ਨੇ ਛਾਪੇ ਦੀ ਬੀੜ ਜੀ ਦੇ 1430 ਪੰਨੇ ਨਿਰਧਾਰਤ ਕਰ ਦਿਤੇ ਇਸੇ ਤਰ੍ਹਾਂ ਪੰਜ ਬਾਣੀਆਂ ਵੀ ਨਿਰਧਾਰਤ ਕਰ ਦਿਤੀਆਂ ਗਈਆਂ।

ਨਾਨਕ ਗੋਬਿੰਦ ਨਾਮ ਲੇਵਾ ਗੁਰ ਸੰਗਤ, ਦਾਸ ਨੇ ਉਪਰ ਆਪ ਜੀ ਦੀ ਸੇਵਾ `ਚ ਤੱਥ ਹੀ ਪੇਸ਼ ਕੀਤੇ ਹਨ। ਕੋਈ ਦਾਅਵਾ ਨਹੀਂ। ਆਮਦ ਤੇ ਆਈ ਧੁਰ ਕੀ ਬਾਣੀ ਦਾ ਇੱਕ ਇੱਕ ਸ਼ਬਦ ਹਜ਼ਾਰ ਹਾਂ ਪੂਰਨ ਪੁਰਖ ਖਾਲਸਾ ਪੈਦਾ ਕਰਨ ਦੀ ਸਮਰਥਾ ਰਖਦਾ ਹੈ। ਪਰ ਇਕਸਾਰਤਾ ਦੀ ਖਾਤਰ 1931-36 ਅਤੇ 1945 `ਚ ਰਹਿਤ ਮਰਯਾਦਾ ਨਿਰਧਾਰਤ ਕਰਨ ਸਮੇਂ, ਸਮੇਂ ਦੇ ਵਿਦਵਾਨਾਂ ਨੇ ਵੱਡੇ ਵਾਦ- ਵਿਵਾਦ ਚੋਂ ਪੰਜ ਬਾਣੀਆਂ - ਜਪੁ ਜੀ, ਜਾਪੁ ਜੀ, ਤਵਪ੍ਰਸਾਦਿ ਸਵਯੈ, ਚੋਪਈ, ਅਨੰਦ ਸਾਹਿਬ (ਪਹਿਲੀਆਂ ਪੰਜ ਪਉੜੀਆਂ ਤੇ ਆਖਰੀ ਪਉੜੀ) ਦੀ ਚੋਣ ਕੀਤੀ। ਜਦ ਤਕ ਫਿਰ ਤੋਂ ਸਮੁਚਾ ਪੰਥ ਸਿਰ ਜੋੜ ਬੈਠ, ਇਸ ਮਰਯਾਦਾ `ਚ ਤਬਦੀਲੀ ਨਹੀਂ ਕਰਦਾ, ਆਪਣੀ ਨਿਜ ਮਤ ਯਾ ਕਿਸੇ ਇੱਕ ਜਥੇ ਦੀ ਮਰਯਾਦਾ ਅਨੁਸਾਰੀ ਇਸ ਇਕਸਾਰਤਾ ਨੂੰ ਭੰਗ ਕਰਨਾ ਨਾਨਕ ਨਿਰਮਲ ਪੰਥ ਦੀ ਏਕਤਵਤਾ ਦੇ ਮੁੱਢ ਨੂੰ ਖੇਰੂੰ ਖੇਰੂੰ ਕਰਨਾ ਹੈ। ਸੰਭਲੋ ਐ ਨਾਨਕ-ਗੋਬਿੰਦ ਰੂਪ `ਦੁਨੀਆ (ਖਾਲਸਾ) ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ`।

ਇਸ ਕਲਮ ਦੀ ਮਜ਼ਬੂਰੀ ਕੁੱਝ ਐਸੀ ਹੈ:

ਬਾਤ ਕਰਤਾ ਹੂੰ ਤੋ ਸ਼ਾਇਦ ਉਨਕੋ ਹੋ ਸ਼ਿਕਾਇਤ,

ਚੁਪ ਰਹਿਤਾ ਹੂੰ ਤੋ ਮੇਰੀ ਨਾਨਕ ਸੇ ਕੋਤਾਹੀ ਹੋਤੀ ਹੈ।

ਸਤਿਗੁਰੂ ਮੇਹਰ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ।।

ਅਕਾਲ ਪੁਰਖ ਸੁਮਤ ਬਖਸ਼ਣ-ਅਰਦਾਸ ਗੋ,

ਹਮਰਾਜ਼-ਬਿਨ-ਹਮਰਾਜ਼

(ਸੰਪਾਦਕੀ ਟਿੱਪਣੀ:- ਸ: ਸਤਿਨਾਮ ਸਿੰਘ ਜੀ ਇਸ ਨਾਲ ਰਲਦਾ ਮਿਲਦਾ ਤੁਹਾਡਾ ਇੱਕ ਲੇਖ ਜਿਹੜਾ ਕਿ ਅੰਗ੍ਰੇਜ਼ੀ ਵਿੱਚ ਸੀ ਉਹ ਕੋਈ ਗਿਆਰਾਂ ਕੁ ਸਾਲ ਪਹਿਲਾਂ ਦਾ ‘ਸਿੱਖ ਮਾਰਗ’ ਤੇ ਛਪਿਆ ਹੋਇਆ ਹੈ। ਤੁਹਾਡਾ ਇਹ ਲੇਖ ਤੱਥਾਂ ਦੇ ਅਧਾਰਤ ਗਿਆਨ ਦੇਣ ਵਾਲਾ ਹੈ ਪਰ ਇਸ ਦੇ ਅਖੀਰਲੇ ਪੈਰੇ ਨਾਲ ਸਹਿਮਤ ਹੋਣਾ ਕੁੱਝ ਮੁਸ਼ਕਲ ਲੱਗਦਾ ਹੈ। ਇਸ ਦਾ ਕਾਰਨ ਇਹ ਹੈ ਕਿ ਗੱਲ ਜਿੱਥੋਂ ਤੱਕ ਹੁਣ ਪਹੁੰਚ ਚੁੱਕੀ ਹੈ ਉਸ ਤੋਂ ਪਿੱਛੇ ਮੁੜਨਾ ਮੁਸ਼ਕਲ ਹੈ। ਇਸ ਤਰ੍ਹਾਂ ਲਿਖਣਾ ਤੁਹਾਡੀ ਵੀ ਮਜ਼ਬੂਰੀ ਸੀ। ਕਿਉਂਕਿ ਤੁਸੀਂ ਉਸ ਵਿਆਕਤੀ ਦੇ ਪੁੱਤਰ ਹੋ ਜਿਹੜਾ ਕਿ ਖੁਦ ਸ਼੍ਰੋ: ਕਮੇਟੀ ਵਿੱਚ ਕੰਮ ਕਰ ਚੁੱਕਾ ਸੀ ਅਤੇ ਜੋ ਕੁੱਝ ਗਿ: ਭਾਗ ਸਿੰਘ ਨਾਲ ਵਾਪਰਿਆ ਸੀ ਉਹ ਵੀ ਉਸ ਦੀ ਮੌਜੂਦਗੀ ਵਿੱਚ ਵਾਪਰਿਆ ਸੀ। ਇਹ ਸਾਰਾ ਕੁੱਝ ਉਹ ਆਪਣੀ ਕਲਮ ਨਾਲ ਲਿਖ ਗਏ ਸਨ। ਅੱਜ ਤੋਂ ਕੋਈ 34 ਸਾਲ ਪਹਿਲਾਂ ਉਹ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰ ਗਏ ਸਨ। ਜਿਹਨਾ ਵਿਚੋਂ ਇੱਕ ਇਹ ਵੀ ਸੀ ਕਿ ਨਾ ਤਾਂ ਖੁਦ ਉਹ ਆਪ ਬੇਨਤੀ ਚੌਪਈ ਨੂੰ ਗੁਰਬਾਣੀ ਮੰਨਦੇ ਸਨ ਅਤੇ ਨਾ ਹੀ ਪ੍ਰੋ: ਸਾਹਿਬ ਸਿੰਘ ਮੰਨਦੇ ਸਨ। ਇਸੇ ਕਰਕੇ ਪ੍ਰੋ: ਸਾਹਿਬ ਸਿੰਘ ਨੇ ਇਸ ਦਾ ਟੀਕਾ ਨਹੀਂ ਸੀ ਕੀਤਾ। ਸਭ ਤੋਂ ਪਹਿਲਾਂ ਲਿਖਤੀ ਤੌਰ ਤੇ ਦਸਮ ਗ੍ਰੰਥ ਦੇ ਵਿਰੁੱਧ ਲਿਖਣ ਅਤੇ ਚੌਪਈ ਨੂੰ ਰੱਦ ਕਰਨ ਦਾ ਮੁੱਢ ਗਿ: ਭਾਗ ਸਿੰਘ ਨੇ ਬੰਨਿਆਂ ਸੀ। ਉਸ ਤੋਂ ਬਾਅਦ ਤੁਹਾਡੇ ਪਿਤਾ ਜੀ ਨੇ ਇਸ ਕੂੜ ਕਿਤਾਬ ਬਾਰੇ ਕਾਫੀ ਕੁੱਝ ਲਿਖਿਆ ਸੀ। ਫਿਰ ਗੱਲ ਨੂੰ ਹੋਰ ਅੱਗੇ ਤੋਰਦਿਆਂ ਗੁਰਬਖ਼ਸ਼ ਸਿੰਘ ਕਾਲੇ ਅਫਗਾਨੇ ਨੇ ਲਿਖਿਆ। ਅਖੀਰ ਤੇ ਸਾਰੇ ਦਸਮ ਗ੍ਰੰਥ ਨੂੰ ਰੱਦ ਕਰਨ ਦੀ ਗੱਲ ਡਾ: ਗੁਰਮੁਖ ਸਿੰਘ ਅਤੇ ਸ: ਦਲਬੀਰ ਸਿੰਘ ਨੇ ਕੀਤੀ। ਇਹ ਸਾਰਾ ਕੁੱਝ ਛਾਪਣ ਦੀ ਪਹਿਲ ‘ਸਿੱਖ ਮਾਰਗ’ ਨੇ ਹੀ ਕੀਤੀ ਸੀ। ਹੁਣ ਹੋਰ ਬਹੁਤ ਸਾਰੇ ਇਸ ਕੂੜ ਕਿਤਾਬ ਨੂੰ ਰੱਦ ਕਰਨ ਲਈ ਮੈਦਾਨ ਵਿੱਚ ਆ ਚੁੱਕੇ ਹਨ ਇਸ ਕਰਕੇ ਹੁਣ ਪਿੱਛੇ ਨਹੀਂ ਮੁੜਿਆ ਜਾ ਸਕਦਾ।)
.