.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਪੰਜਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਸਿੱਖ ਲਈ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ ਅਰੰਭ ਕਰਕੇ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਇਤਿਹਾਸਕ ਘਟਣਾ ਵਿਸਾਖੀ ਸੰਨ ੧੬੯੯- ਵਿਸ਼ਾ ਚੱਲ ਰਿਹਾ ਸਿੱਖ ਧਰਮ ਦੇ ਪੰਜਵੇਂ ਕਕਾਰ ਕੜੇ ਦਾ। ਇਹ ਵੀ ਕਿ ਇਨ੍ਹਾਂ ਪੰਜਾਂ ਕਕਾਰਾਂ ਦਾ ਵਿਸ਼ੇਸ਼ ਸੰਬੰਧ ਹੈ ਸਿੱਖ ਧਰਮ ਦੇ ਵਿਸ਼ੇਸ਼ ਇਤਿਹਾਸਕ ਦਿਹਾੜੇ "ਵਿਸਾਖੀ ਸੰਨ ੧੬੯੯" ਨਾਲ। ਬੇਸ਼ੱਕ ‘ਵਿਸਾਖੀ ਸੰਨ ੧੬੯੯’ ਸਿੱਖ ਇਤਿਹਾਸ `ਚ ਬਹੁਤ ਵੱਡਾ ਮੀਲ ਪੱਥਰ ਹੈ। ਖ਼ੂਬੀ ਇਹ ਕਿ ਅਸੀਂ ਇਥੇ ਵੀ ਹਦੋਂ ਵੱਧ ਉਲਝੇ ਪਏ ਹਾਂ ਅਤੇ ਲੋੜ ਹੈ ਇਸ ਪੱਖੋਂ ਸਾਨੂੰ ਆਪਣੇ ਆਪ ਨੂੰ ਘੋਖਣ ਦੀ।

"ਵਿਸਾਖੀ ਈ: ਸੰਨ ੧੬੯੯" ਸਾਡਾ ਉਹ ਇਤਿਹਾਸਕ ਦਿਹਾੜਾ ਜਦੋਂ "ਮਾਰਿਆ ਸਿਕਾ ਜਗਤ ਵਿਚ, ਨਾਨਕ ਨਿਰਮਲ ਪੰਥ ਚਲਾਇਆ" (੧/੩੧ ਭਾ: ਗੁ) ਅਤੇ "ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ" (੧/੪੫ ਭਾ: ਗੁ) ਭਾਵ ਦਸਮੇਸ਼ ਜੀ ਨੇ ਆਪਣੇ ਪਹਿਲੇ ਜਾਮੇ ਸਮੇਂ ਅਰੰਭ ਕੀਤੇ ਤੇ ਚਲਾਏ ਹੋਏ, ਨਿਰਾਲੇ ਪੰਥ ਨੂੰ ਸੰਪੂਰਣਤਾ ਬਖ਼ਸ਼ੀ ਸੀ। ਉਸ ਦਿਨ ਗੁਰਦੇਵ ਨੇ ਨੰਗੀ ਤਲਵਾਰ ਦੀ ਧਾਰ `ਤੇ ਸਿੱਖਾਂ ਦਾ ਇਮਤਿਹਾਨ ਲਿਆ ਅਤੇ ਬਦਲੇ `ਚ ਸਿੱਖ ਵੀ ਆਪਣੇ ਗੁਰੂ ਦੇ ਉਸ ਯਕੀਨ `ਤੇ ੧੦੦% ਪੂਰੇ ਉਤਰੇ ਸਨ।

ਜਦਕਿ ਸੰਸਾਰ ਦੇ ਇਤਿਹਾਸ `ਚ ਇਹੋ ਜਿਹੀ ਪ੍ਰੀਖਿਆ ਦੀ ਦੂਜੀ ਮਿਸਾਲ ਨਹੀਂ ਮਿਲਦੀ। ਦਰਅਸਲ ਇਹ ਉਹ ਇਤਿਹਾਸਕ ਦਿਹਾੜਾ ਸੀ ਜਦੋਂ ਕਿਸੇ ਕੌਮ ਦੇ ਰਹਿਬਰ ਨੂੰ ਆਪਣੀ ਉਂਮਤ `ਤੇ ਇਤਨਾ ਵੱਧ ਯਕੀਣ ਹੋ ਚੁੱਕਾ ਸੀ ਕਿ ਜੇ ਉਹ ਨੰਗੀ ਤਲਵਾਰ ਦੀ ਧਾਰ `ਤੇ ਸਿੱਖਾਂ ਕੋਲੋਂ ਸਿਰ ਵੀ ਮੰਗ ਲਵੇਗਾ, ਸਿੱਖ ਤਾਂ ਵੀ ਨਿੱਤਰਣਗੇ ਅਤੇ ਹੋਇਆ ਵੀ ਇਹੀ ਸੀ। ਉਂਜ ਤਾਂ:-

"ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ" (ਪੰ: ੧੪੧੨) ਅਤੇ.

"ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ" (ਪੰ: ੪੭੧) ਜਾਂ

"ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ" (ਪੰ: ੯੧੮)

ਅਨੁਸਾਰ ਇਹ ਸਭ ਵੀ ਸਿੱਖਾਂ ਦੀ ਉਸੇ ਤਿਆਰੀ ਦਾ ਹੀ ਨਤੀਜਾ ਸੀ ਜਿਹੜੀ ਇਨ੍ਹਾਂ ਦੀ ਪਹਿਲੇ ਜਾਮੇ ਤੋਂ ਕਰਵਾਈ ਜਾ ਰਹੀ ਸੀ। ਇਸਦੇ ਉਲਟ ਆਓ ਅੱਜ ਅਸੀਂ ਆਪਣੇ ਆਪ ਨੂੰ ਘੋਖੀਏ ਕਿ ਇਸ ਸ਼ੰਬੰਧੀ ਅੱਜ ਸੰਸਾਰ ਨੂੰ ਅਸੀਂ ਦੱਸ ਕੀ ਰਹੇ ਹਾਂ ਅਤੇ ਦੇ ਕੀ ਰਹੇ ਹਾਂ?

ਦੂਜਾ ਇਹ ਵੀ ਕਿ ਕਿਸੇ ਯੁਧ ਖੇਤ੍ਰ `ਚ ਲੜਦੇ ਹੋਏ ਸ਼ਹੀਦ ਹੋ ਜਾਣਾ, ਉਹ ਫ਼ਿਰ ਵੀ ਵੱਖਰਾ ਵਿਸ਼ਾ ਹੁੰਦਾ ਹੈ ਜਦਕਿ ਇਥੇ ਤਾਂ ਸਿੱਧਾ ਆਪ ਹਾਜ਼ਿਰ ਕੇ ਨੰਗੀ ਤਲਵਾਰ ਦੀ ਧਾਰ ਹੇਠ ਆਪਣਾ ਸੀਸ ਭੇਟ ਕਰਣਾ ਸੀ ਅਤੇ ਉਹ ਹੋਇਆ ਵੀ।

ਬਿਲਕੁਲ ਭਗਦੜ ਨਹੀਂ- ਸਿਰਾਂ ਦੇ ਮੰਗ ਸਮੇਂ ‘ਦਰਬਾਰ `ਚ ਸਨਾਟਾ ਛਾ ਗਿਆ’ … ‘ਸੰਗਤਾਂ ਵਿਚਾਲੇ ਭਗਦੜ ਮੱਚ ਗਈ’ ਆਦਿ ਪ੍ਰਚਲਣ ਕੇਵਲ ਸਾਡੀ ਕਪੋਲ ਕਲਪਣਾ ਅਤੇ ਨਾਸਮਝੀ ਦੀ ਹੀ ਉਪਜ ਹਨ।

ਇਥੇ ਇਹ ਵੀ ਦੇਖਣਾ ਚਾਹੀਦਾ ਹੈ ਕਿ ਪਹਿਲਾਂ ਤਾਂ, ਗੁਰਦੇਵ ਨੇ ਸਿਰ ਮੰਗੇ ਹੀ ਪੰਜ ਤੱਕ ਸਨ, ਗੁਰੂ ਸਾਹਿਬ ਨੇ ਉਸ ਤੋਂ ਅੱਗੇ ਹੋਰ ਸਿਰ ਮੰਗੇ ਹੀ ਨਹੀਂ ਸਨ। ਜੇ ਉਸ ਤੋਂ ਬਾਅਦ ਗੁਰਦੇਵ ਨੇ ਹੋਰ ਸਿਰਾਂ ਦੀ ਮੰਗ ਕੀਤੀ ਹੁੰਦੀ ਜਾਂ ਬਦਲੇ `ਚ ਸਿੱਖਾਂ ਵਲੋਂ ਸਿਰ ਭੇਟ ਕਰਣੇ ਬੰਦ ਕਰ ਦਿੱਤੇ ਹੁੰਦੇ, ਇਤਿਹਾਸ `ਚ ਕਿੱਧਰੇ ਤੇ ਕੋਈ ਵੀ ਅਜਿਹੀ ਸੂਚਨਾ ਨਹੀਂ। ਭਾਵ ਗੁਰਦੇਵ ਨੇ ਨਾ ਤਾਂ ਪੰਜਾਂ ਤੋਂ ਬਾਅਦ ਹੋਰ ਸੀਸ ਮੰਗੇ ਤੇ ਨਾ ਹੀ ਸੰਗਤਾਂ ਵੱਲੋਂ ਸਿਰਾਂ ਦੀ ਭੇਟਾ ਕਰਣ ਵਾਲਾ ਸਿਲਸਿਲਾ ਬੰਦ ਹੀ ਹੋਇਆ ਸੀ; ਸਪਸ਼ਟ ਹੈ ਅਜਿਹਾ ਕੁੱਝ ਵੀ ਨਹੀਂ ਹੋਇਆ। ਕਾਸ਼! ਅਸਾਂ ਸੰਸਾਰ ਨੂੰ ਦੱਸਣਾ ਤਾਂ ਕੁੱਝ ਹੋਰ ਹੀ ਸੀ, ਪਰ ਅਸੀਂ ਤਾਂ ਆਪ ਹੀ ਹੋਰ-ਹੋਰ ਆਪਸੀ ਝਗੜਿਆਂ ਤੇ ਖਿੱਚਾਤਾਣੀਆਂ `ਚ ਉਲਝ ਗਏ।

ਲੌੜ ਹੈ ਤਾਂ ਪ੍ਰੀਖਿਆ ਦੇ ਮਤਲਬ ਨੂੰ ਸਮਝਣ ਦੀ- ਪ੍ਰੀਖਿਆ ਦਾ ਮਤਲਬ ਕੀ ਹੁੰਦਾ ਹੈ ਸ਼ਾਇਦ ਅੱਜ ਇਹੀ ਸਾਡੀ ਸਮਝ `ਚ ਨਹੀਂ ਆ ਰਿਹਾ, ਕਿਉਂਕਿ ਇਹ ਵੀ ਤਾਂ ਪੰਥ ਦੀ ਕੇਵਲ ਪ੍ਰੀਖਿਆ ਹੀ ਸੀ। ਸਿਰਾਂ ਦੀ ਮੰਗ ਸਮੇਂ ਇਥੇ ਵੀ ਸਿੱਖ ਉਹੀ ਸਨ ਜਿਹੜੇ ਛੇਵੇਂ ਜਾਮੇਂ ਤੋਂ ਹੀ ਸ਼ਸਤ੍ਰਧਾਰੀ ਸਨ। ਉਨ੍ਹਾਂ ਨੇ ਤਾਂ ਉਦੋਂ ਵੀ ਹਕੂਮਤ ਨਾਲ ਚਾਰ ਜੰਗਾਂ ਲੜੀਆਂ ਅਤੇ ਚਾਰੇ ਜਿੱਤੀਆਂ ਵੀ ਸਨ। ਫ਼ਿਰ ਵਿਸਾਖੀ 1699 ਤੀਕ ਤਾਂ ਸਿੱਖ, ਦਸਮੇਸ਼ ਜੀ ਦੀ ਕਮਾਨ ਹੇਠ ਵੀ ਲਗਭਗ ਬਾਰਾਂ-ਤੇਰਾਂ ਜੰਗਾਂ ਲੜ ਚੁੱਕੇ ਅਤੇ ਬੇਅੰਤ ਸ਼ਹੀਦੀਆਂ ਵੀ ਪ੍ਰਾਪਤ ਕਰ ਚੁੱਕੇ ਸਨ। ਉਹ ਤਾਂ ਆਪਣੇ ਸਤਿਗੁਰਾਂ ਦੇ ਹੁਕਮਾਂ ਤੋਂ ਹਰ ਸਮੇ ਵਾਰੇ ਵਾਰੇ ਤੇ ਕੁਰਬਾਨ ਜਾਣ ਵਾਲੇ ਸਨ। ਫ਼ਿਰ ਅੱਜ ਉਨ੍ਹਾਂ ਪਾਸੋਂ ਹੀ ਸਾਹਿਬਾਂ ਰਾਹੀਂ ਕੇਵਲ ਸਿਰ ਮੰਗਣ `ਤੇ ਭਗਦੜ ਆਦਿ ਦੀਆਂ ਗੱਲਾਂ, ਇਹ ਸਭ ਸਿੱਖੀ ਜੀਵਨ ਦੀ ਉੱਤਮਤਾ ਬਾਰੇ ਸਾਡੀ ਅਗਿਆਣਤਾ ਤੇ ਕਪੋਲ ਕਲਪਣਾ ਹੀ ਹੋ ਸਕਦੀਆਂ ਹਨ।

ਕੋਈ ਨਾ ਨਿੱਤਰਿਆ? - ਹੋਰ ਤਾਂ ਹੋਰ, ਇਸੇ ਤਰ੍ਹਾਂ ਜਦੋਂ ਜ਼ਾਲਿਮ ਹਕੂਮਤ ਦੇ ਹੁਕਮ ਨਾਲ ਦਿੱਲੀ ਦੇ ਚਾਂਦਨੀ ਚੌਕ `ਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਜ਼ ਬਹਾਦੁਰ ਜੀ ਦੀ ਸ਼ਹਾਦਤ ਹੋਈ, ਤਾਂ ਉਸ ਮਹਾਨ ਅਤੇ ਬੇ-ਮਿਸਾਲ ਸ਼ਹਾਦਤ ਨੂੰ ਸੰਸਾਰ ਸਾਹਮਣੇ ਪੇਸ਼ ਕਰਣ ਬਾਰੇ ਵੀ ਅਸਾਂ ਅਜਿਹੀਆਂ ਹੀ ਲਾਪਰਵਾਹੀਆਂ ਵਰਤੀਆਂ ਹੋਈਆਂ ਹਨ, ਜਿਨ੍ਹਾਂ ਨੂੰ ਗਹਿਰਾਈ ਤੋਂ ਘੋਖਣ ਦੀ ਲੋੜ ਹੈ।

"ਉਸ ਸ਼ਹਾਦਤ ਦੇ ਸੰਬੰਧ `ਚ ਵੀ ਲਗਾਤਾਰ ਇਹ ਲਿਖਦੇ ਤੇ ਪ੍ਰਚਾਰਦੇ ਜਾਣਾ ਕਿ ਉਸ ਸਮੇਂ ਦਿੱਲੀ `ਚੋਂ ਕੋਈ ਵੀ ਸਿੱਖ ਨਾ ਨਿੱਤਰਿਆ। ਉਪ੍ਰੰਤ ਭਾਈ ਜੈਤਾ ਜੀ ਰਾਹੀਂ ਅਜਿਹਾ ਦੱਸਣ `ਤੇ ਦਸਮੇਸ਼ ਜੀ ਨੇ ਫ਼ੁਰਮਾਇਆ ਕਿ ਹੁਣ ਮੈਂ ਉਹ ਸਿੱਖ ਤਿਆਰ ਕਰਾਂਗਾ ਜਿਹੜਾ ਆਪਣੇ ਆਪ ਨੂੰ ਲਖਾਂ `ਚ ਖਲੋਤਾ ਵੀ ਨਹੀਂ ਛੁਪਾ ਸਕੇ। ਇਸੇ ਤੋਂ ਵਿਸਾਖੀ ੧੬੯੯ ਵਾਲੇ ਦਿਨ ਦਸਮੇਸ਼ ਜੀ ਨੇ ਸਿੱਖਾਂ ਨੂੰ ਸੰਪੂਰਣ ਕੇਸਾਧਾਰੀ ਸਰੂਪ `ਚ ਰਹਿਣ ਲਈ ਹਿਦਾਇਤ ਕੀਤੀ, ਤਾ ਕਿ ‘ਸਿੱਖ’ ਲੱਖਾਂ `ਚ ਖਲੋਤਾ ਵੀ ਪਛਾਣਿਆ ਜਾਏ"। ਜਦਕਿ ਇਹ ਪ੍ਰਚਾਰ ਵੀ ਉਸੇ ਤਰ੍ਹਾਂ ਹੈ ਜਿਹੜਾ ਪੰਥ ਦੋਖੀ ਕਰਦੇ ਹਨ ਕਿ "ਸਿੱਖਾਂ ਦਾ ਕੇਸਾਧਾਰੀ ਹੋਣਾ, ਕੇਵਲ ਸਮੇਂ ਦੀ ਲੋੜ ਸੀ ਅਤੇ ਅੱਜ ਇਸਦੀ ਲੋੜ ਨਹੀਂ"।

ਘੋਖਿਆ ਜਾਵੇ ਤਾਂ ਇਹ ਸਭ ਵੀ ਲਫਜ਼ਾਂ ਦਾ ਹੀ ਅਦਲ-ਬਦਲ ਹੈ ਪਰ ਉਸ ਕੁਫ਼ਰ ਲਈ ਉਨ੍ਹਾਂ ਦੋਖੀਆਂ ਨੂੰ ਮਸਾਲਾ ਵੀ ਅਸੀਂ ਆਪ ਹੀ ਸਲਲਾਈ ਕਰ ਰਹੇ ਹਾਂ। ਜਦਕਿ ਹੁਣ ਤੀਕ ਇਹ ਵੀ ਭਲੀ ਪ੍ਰਕਾਰ ਦੇਖ ਆਏ ਹਾਂ ਕਿ ਕੌਮ ਪਹਿਲੇ ਜਾਮੇ ਤੋਂ ਹੀ ਬਾਕਾਇਦਾ ਕੇਸਾਧਾਰੀ, ਦਸਤਾਰਧੀ, ਕੰਘਾਧਾਰੀ ਤੇ ਕਛਹਿਰਾਧਾਰੀ ਸੀ। ਉਪ੍ਰੰਤ ਛੇਵੇਂ ਜਾਮੇਂ ਸਮੇ ਸਿੱਖ ਕੌਮ ਸ਼ਸਤ੍ਰਧਾਰੀ ਵੀ ਹੋ ਚੁੱਕੀ ਸੀ।

ਫ਼ਿਰ ਇਤਨਾ ਹੀ ਨਹੀਂ, ਦਿੱਲੀ ਤਾਂ ਪਹਿਲੇ ਜਾਮੇ ਤੋਂ ਹੀ ਸਿੱਖ ਧਰਮ ਦਾ ਗੜ੍ਹ ਸੀ, ਇਸ ਲਈ ਅਜਿਹੇ ਸਮੇਂ ਸਿੱਖਾਂ ਦੇ ਕਿੱਧਰੇ ਛੁਪਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ ਅਤੇ ਨਾ ਹੀ ਇਸਦੀ ਲੋੜ ਹੀ ਸੀ। ਕਿਉਂਕਿ ਸ਼ਹਾਦਤ ਦਾ ਹੁਕਮ ਵੀ ਕੇਵਲ ਨੌਵੇਂ ਪਾਤਸ਼ਾਹ ਲਈ ਸੀ ਅਤੇ ਕਿਸੇ ਹੋਰ ਲਈ ਹੈ ਹੀ ਨਹੀਂ ਸੀ। ਬਲਕਿ ਉਹ ਹੁਕਮ ਤਾਂ ਗੁਰਦੇਵ ਦੇ ਨਾਲ ਗਏ ਪੰਜ ਸਿੰਘਾਂ ਲਈ ਵੀ ਨਹੀਂ ਸੀ। ਇਸ ਦਾ ਵੱਡਾ ਸਬੂਤ ਹੈ ਕਿ ਸ਼ਹਾਦਤ ਤੋਂ ਪਹਿਲਾਂ ਨੌਵੇਂ ਪਾਤਸ਼ਾਹ ਰਾਹੀਂ ਉਨ੍ਹਾਂ ਪੰਜਾਂ ਨੂੰ ਵਾਪਿਸ ਭੇਜ ਦੇਣਾ। ਫ਼ਿਰ ਉਨ੍ਹਾਂ ਪੰਜਾਂ `ਚੋਂ ਹੀ ਭਾਈ ਗੁਰਦਿੱਤਾ ਜੀ ਸਨ ਜਿਨ੍ਹਾਂ ਨੂੰ ਗੁਰਦੇਵ ਨੇ ਖ਼ੁਦ, ਗੁਰਿਆਈ ਦੀ ਜ਼ਿਮੇਵਾਰੀ ਦੇ ਕੇ ਦਸਮੇਸ਼ ਜੀ ਪਾਸ ਅਨੰਦਪੁਰ ਸਾਹਿਬ ਵਿਖੇ ਭੇਜਿਆ ਸੀ।

ਉਪ੍ਰੰਤ ਭਾਈ ਜੈਤਾ ਜੀ ਵੀ ਉਨ੍ਹਾਂ ਪੰਜਾਂ `ਚੋਂ ਹੀ ਸਨ ਜਿਨ੍ਹਾਂ ਨੇ ਸ਼ਹਾਦਤ ਤੋਂ ਬਾਅਦ ਦੇ ਹਾਲਾਤ ਦੀ ਤਿਆਰੀ ਲਈ ਦਿੱਲੀ `ਚ ਮੀਟਿਗਾਂ ਕੀਤੀਆਂ ਤੇ ਪ੍ਰੋਗਰਾਮ ਉਲੀਕੇ ਸਨ। ਉਨ੍ਹਾਂ ਉਲੀਕੇ ਹੋਏ ਪ੍ਰੌਗਰਾਮਾ ਦਾ ਹੀ ਨਤੀਜਾ ਸੀ, ਜਦੋਂ, ਉਸ ਸਮੇਂ ਸਰਕਾਰੀ ਤਲ `ਤੇ ਇਕੱਠੀ ਕੀਤੀ ਹੋਈ ਬੇਅੰਤ ਭੀੜ `ਚ ਅਚਣਚੇਤ ਭਗਦੜ ਪੈਦਾ ਕਰ ਦੇਣੀ। ਉਪ੍ਰੰਤ ਉਚੇਚੇ ਉਸੇ ਸਮੇਂ ਲਾਲ ਕਿਲੇ ਤੋਂ ਭਾਈ ਲਖੀ ਸ਼ਾਹ ਵਣਜਾਰਾ ਰਾਹੀਂ, ਸਰਕਾਰੀ ਡਿਊਟੀ ਦੌਰਾਨ ਕਲਈ ਦੇ ਗੱਢੇ ਲੈ ਕੇ ਉਥੋਂ ਨਿਕਲਨਾ।

ਫ਼ਿਰ ਉਸ ਭਗਦੜ ਅਤੇ ਕੱਚੀ ਮਿੱਟੀ ਤੋਂ ਉਡਦੇ ਗੁਬਾਰਾਂ ਦੌਰਾਨ ਭਾਈ ਲਖੀ ਸ਼ਾਹ ਵਣਜਾਰਾ ਰਾਹੀਂ ਗੁਰਦੇਵ ਦਾ ਧੜ ਅਤੇ ਖ਼ੁੱਦ ਭਾਈ ਜੈਤਾ ਜੀ ਰਾਹੀਂ ਗੁਰਦੇਵ ਦਾ ਸੀਸ ਲੈ ਕੇ ਉਥੋਂ ਅਲੋਪ ਹੋ ਜਾਣਾ; ਇਹ ਸਭ ਅਚਾਣਕ ਨਹੀਂ ਸੀ ਹੋਇਆ। ਵਿਚਾਰਣ ਦਾ ਬਿਸ਼ਾ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਮੁਤਾਬਕ, ਓਦੋਂ ਇੱਕ ਪਾਸੇ ਹਸਨਅਬਦਾਲ ਤੋਂ ਔਰੰਗਜ਼ੇਬ ਤੀਜਾ ਫ਼ੁਰਮਾਨ ਸੀ ਕਿ ਸ਼ਹਾਦਤ ਦੀ ਨੋਬਤ `ਚ ਗੁਰੂ ਤੇਗ ਬਹਾਦੁਰ ਜੀ ਦੇ ਸਰੀਰ ਦੇ ਟੁਕੜੇ-ਟੁਕੜੇ ਕਰਕੇ ਦਿੱਲ਼ੀ ਦੀਆਂ ਦਿਵਾਰਾਂ `ਤੇ ਲਟਕਾ ਦਿੱਤੇ ਜਾਣ ਅਤੇ ਭਰਵੀਂ ਦਹਿਸ਼ਤ ਪੈਦਾ ਕੀਤੀ ਜਾਵੇ ਪਰ ਦੂਜੇ ਪਾਸੇ ਗੁਰੂ ਕੇ ਸਿੱਖਾਂ ਦਾ ਫ਼ੈਸਲਾ ਸੀ ਕਿ ਗੁਰਦੇਵ ਦੇ ਸਰੀਰ ਦੀ ਬੇਅਦਬੀ ਨਹੀਂ ਹੋਣ ਦਿੱਤੀ ਜਾਵੇਗੀ।

ਆਖ਼ਿਰ ਹਕੂਮਤ ਦੇ ਸਿਕਿਉਰਟੀ ਦੇ ਕਰੜੇ ਪ੍ਰਬੰਧਾਂ ਨੂੰ ਵੀ ਤਹਿਸ ਨਹਿਸ ਕਰਕੇ ਗੁਰਦੇਵ ਦੇ ਸਰੀਰ ਦੀ ਸੰਭਾਲ ਕਰ ਲੈਣੀ, ਉਸ ਸਮੇਂ ਸਿੱਖ ਕੌਮ ਦੀ ਲਾਮਿਸਾਲ ਜਿੱਤ ਸੀ ਅਤੇ ਕੌਮ ਦੀ ਜਾਗ੍ਰਿਤੀ ਦਾ ਸਬੂਤ ਵੀ ਸੀ ਪਰ ਇਸਦੇ ਉਲਟ ਅੱਜ ਅਸੀਂ ਆਪ ਪ੍ਰਚਾਰ ਰਹੇ ਹਾਂ "ਕੋਈ ਨਾ ਨਿਤਰਿਆ"।

ਇਹੀ ਨਹੀਂ, ਗੁਰਦੇਵ ਦੀ ਸ਼ਹਾਦਤ ਤੋਂ ਪਹਿਲਾਂ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ ਭਾਵ ਤਿੰਨ ਸਿੱਖਾਂ ਦੀ ਸ਼ਹਾਦਤ ਵੀ ਪੰਥ ਦਾ ਆਪਣਾ ਫ਼ੈਸਲਾ ਸੀ। ਦੂਜੇ ਪਾਸੇ ਸਰਕਾਰੀ ਰਿਕਾਰਡਾਂ `ਚ ਉਨ੍ਹਾਂ ਤਿੰਨਾ ਦੀ ਨਾ ਗ੍ਰਿਫਤਾਰੀ ਸੀ ਅਤੇ ਨਾ ਹੀ ਉਨ੍ਹਾਂ ਦੀਆਂ ਸ਼ਹਾਦਤਾਂ ਲਈ ਹੁਕਮ। ਇਸ ਸਾਰੇ ਦਾ ਸਾਡੇ ਕੋਲ ਇੱਕ ਹੋਰ ਵੱਡਾ ਸਬੂਤ ਹੈ ਕਿ ਗੁਰਦੇਵ ਦੇ ਨਾਲ ਆਏ ਪੰਜਾਂ ਸਿੱਖਾਂ ਦਾ ਵਾਪਸ ਜਾਣਾ ਅਤੇ ਉਨ੍ਹਾਂ ਪੰਜਾਂ ਚੋਂ ਹੀ ਦੋ ਸਨ ਤਾਂ ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਜਦਕਿ ਤੀਜੇ ਭਾਈ ਸਤੀਦਾਸ ਜੀ ਦਾ ਬਾਹਰੋਂ ਆ ਕੇ ਉਨ੍ਹਾਂ ਤਿੰਨ ਸ਼ਹੀਦਾਂ `ਚ ਸ਼ਾਮਲ ਹੋਣਾ।

ਨੋਟ-ਵਿਸ਼ੇ ਸੰਬੰਧੀ ਹੋਰ ਵੇਰਵਿਆਂ ਲਈ ਗੁਰਮੱਤ ਪਾਠ ਨੰ: ੯੮, ੬੩, ੬੮, ੭੫ ਨੰਬਰਵਾਰ "ਗੁਰਮੱਤ ਸੇਧਾਂ-ਨੌਵੇਂ ਪਾ: ਜੀ ਦੇ ਜੀਵਨ `ਚੋਂ", "ਵਿਸਾਖੀ ੧੪੬੯", "ਲੇਖਾ-ਜੋਖਾ ਤਿੰਨ ਸੌ ਸਾਲਾ", "ਦਸਮੇਸ਼ ਪਿਤਾ ਅਤੇ ਇਤਿਹਾਸ ਵਿੱਚ ਰਲ ਗੱਡ" ਸੈਂਟਰ ਪਾਸੋਂ ਪ੍ਰਾਪਤ ਹਨ। ਸੰਗਤਾਂ ਲਾਗਤ ਮਾਤ੍ਰ ਭੇਟਾ ਭੇਜ ਕੇ ਮੰਗਵਾਉਣ, ਆਪ ਪੜ੍ਹਣ ਤੇ ਗੁਰਮੱਤ ਦੇ ਪ੍ਰਸਾਰ ਹਿੱਤ ਸੰਗਤਾਂ ਵਿੱਚਾਲੇ ਵੰਡਣ ਵੀ।

ਪੰਜਾਂ ਅਗੇ ਮੱਥਾ ਟੇਕਿਆ-ਖ਼ੈਰ ਹੁਣ ਮੁੜਦੇ ਹਾਂ ਚਲਦੇ ਪ੍ਰਕਰਣ "ਵਿਸਾਖੀ ਸੰਨ ੧੬੯੯" ਵੱਲ। ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਸੌਪੀ ਤਾਂ ਉਨ੍ਹਾਂ ਗੁਰੂ "ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ ਜੀਵਦੈ" (ਪੰ: ੯੬੬) ਅਨੁਸਾਰ ਅੰਗਦ ਸਾਹਿਬ ਅੱਗੇ ਮੱਥਾ ਟੇਕਿਆ। ਉਪ੍ਰੰਤ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਅੱਗੇ ਅਤੇ ਇਸੇਤਰ੍ਹਾਂ ਦਰਜਾ ਬ-ਦਰਜਾ ਚਲਦੀ ਆ ਰਹੀ ਪ੍ਰੀਪਾਟੀ ਅਨੁਸਾਰ ਅੱਜ ਵਿਸਾਖੀ ੧੬੯੯ ਨੂੰ ਦਸਮੇਸ਼ ਜੀ ਨੇ ਵੀ ਗੁਰਬਾਣੀ ‘ਜੁਗਤ’ ਨੂੰ ਵਰਤਾਉਣ ਵਾਲੀ ਜ਼ਿੰਮੇਵਾਰੀ ਜਦੋਂ ‘ਪੰਜਾਂ ਪਿਆਰਿਆਂ’ ਦੇ ਰੂਪ `ਚ ਪੰਥ ਨੂੰ ਸੌਂਪ ਦਿੱਤੀ (ਪੰਥ ਸਾਜਿਆ) ਤਾਂ ਆਪ ਨੇ ਵੀ ਉਨ੍ਹਾਂ ਪੰਜਾਂ ਅੱਗੇ (ਸਮੂਹਕ) ਮੱਥਾ ਟੇਕਿਆ। ਸੰਗਤਾਂ ਲਈ ਇਹ ਰੀਤ ਨਵੀਂ ਨਹੀਂ ਸੀ, ਜਿਵੇਂ ਕਿ ਅੱਜ ਅਸੀਂ ਪ੍ਰਚਾਰ ਰਹੇ ਹਾਂ।

ਪੰਥ ਚਲਾਇਆ ਨਹੀਂ, ਪੰਥ ‘ਸਾਜਿਆ’ ਸੀ-ਇਹ ਵੀ ਗ਼ਲਤ ਹੈ ਕਿ ਦਸਮੇਸ਼ ਜੀ ਨੇ ਵਿਸਾਖੀ 1699 ਨੂੰ ਪੰਥ ਚਲਾਇਆ। ਜਦਕਿ ਇਹ ਵੀ ਅਸੀਂ ਪੜ੍ਹ ਆਏ ਹਾਂ ਕਿ "ਮਾਰਿਆ ਸਿਕਾ ਜਗਤ ਵਿਚ, ਨਾਨਕ ਨਿਰਮਲ ਪੰਥ ਚਲਾਇਆ" (੧/੩੧ਭਾ: ਗੁ) ਅਤੇ "ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ" (੧/੪੫ ਭਾ: ਗੁ) ਭਾਵ ਪੰਥ ਤਾਂ ਪਹਿਲੇ ਜਾਮੇ `ਚ ਹੀ ਚਲਾਇਆ ਜਾ ਚੁੱਕਾ ਸੀ, ਅੱਜ ਤਾਂ ਕੇਵਲ ‘ਪੰਥ ਸਾਜਿਆ’ ਸੀ। ਇਸ ਤਰ੍ਹਾਂ ਯਕੀਣ ਨਾਲ ਕਿਹਾ ਜਾ ਸਕਦਾ ਹੈ ਕਿ ਪਹਿਲੇ ਪੰਜਾਂ ਲਈ ‘ਖੰਡੇ ਕੀ ਪਾਹੁਲ’ ਦਾ ਪਹਿਲਾ ਬਾਟਾ ਵੀ ਪੰਜਾਂ ਨੇ ਨਹੀਂ, ਦਸਮੇਸ਼ ਜੀ ਨੇ ਇਕੱਲਿਆਂ ਹੀ ਤਿਆਰ ਕੀਤਾ ਅਤੇ ਪਹਿਲੇ ਪੰਜਾਂ ਨੂੰ ਛਕਾਇਆ ਵੀ ਇਕੱਲਿਆਂ ਹੀ ਸੀ।

ਸਪਸ਼ਟ ਕਰ ਚੁੱਕੇ ਹਾਂ ਕਿ ਸਿੱਖ ਧਰਮ `ਚ ਪ੍ਰਵੇਸ਼ ਕਰਣ ਲਈ `ਚਰਨ ਪਾਹੁਲ’ ਦਾ ਨਿਯਮ ਪਹਿਲੇ ਜਾਮੇਂ ਤੋਂ ਸੀ ਅੱਜ ਕੇਵਲ ਢੰਗ ਬਦਲਿਆ ਸੀ ਤੇ ਉਸ ਨੂੰ ਨਾਮ ਦਿੱਤਾ ‘ਖੰਡੇ ਦੀ ਪਾਹੁਲ’ ਦਾ। ਇਸੇ ਤਰ੍ਹਾਂ ਦਸਮੇਸ਼ ਜੀ ਰਾਹੀਂ ਉਨ੍ਹਾਂ ਪੰਜਾਂ ਅੱਗੇ ਮੱਥਾ ਟੇਕਣ ਦੀ ਗੱਲ ਵੀ ਅਸੀਂ ਸਮਝ ਚੁੱਕੇ ਹਾਂ।

ਪੰਜਾਂ ਤੋਂ ‘ਪਾਹੁਲ’ ਲਈ - ਬਾਕੀ ਰਹੀ ਦਸਮੇਸ਼ ਜੀ ਰਾਹੀਂ ਉਨ੍ਹਾਂ ਪੰਜਾਂ ਤੋਂ ਪਾਹੁਲ" ਲੈਣ ਦੀ ਗੱਲ। ਦਸਮੇਸ਼ ਜੀ ਨੇ ਪੰਜਾਂ ਤੋਂ ਪਾਹੁਲ ਤਾਂ ਲਈ ਸੀ ਪਰ ਦੇਖਣਾ ਇਹ ਵੀ ਹੈ ਕਿ ਉਹ ਲਈ ਕਿਉਂ ਸੀ? ਦਸਮੇਸ਼ ਜੀ ਨੇ ਜਦੋਂ ਚਲਦੇ ਆ ਰਹੇ `ਚਰਨ ਪਾਹੁਲ’ ਵਾਲੇ ਢੰਗ ਨੂੰ ‘ਖੰਡੇ ਦੀ ਪਾਹੁਲ’ `ਚ ਬਦਲਿਆ ਤਾਂ ਗੁਰਦੇਵ ਨੇ ਸਾਰੀ ਕੌਮ ਨੂੰ ਨਵੇਂ ਸਿਰਿਓਂ ‘ਖੰਡੇ ਦੀ ਪਾਹੁਲ’ ਲੈਣ ਲਈ ਹੁਕਮ ਕੀਤਾ ਅਤੇ ਉਸ ਦਾ ਅਰੰਭ ਵੀ ਆਪਣੇ ਆਪ ਤੋਂ ਕੀਤਾ ਸੀ।

"ਗੋਬਿੰਦ ਰਾਇ" ਤੋਂ "ਗੋਬਿੰਦ ਸਿੰਘ" - ਫ਼ਿਰ ਇਤਨਾ ਹੀ ਨਹੀਂ ਇਸਦੇ ਨਾਲ ਹੀ ਆਪ ਨੇ ਪੰਥ ਨੂੰ "ਸਿੰਘ ਤੇ ਕੌਰ" ਵਾਲਾ ਪ੍ਰਵਾਰਕ ਰੂਪ ਵੀ ਉਸੇ ਦਿਨ ਹੀ ਬਖ਼ਸ਼ਿਆ। ਸੀ। ਇਸ ਤਰ੍ਹਾਂ ਗੁਰਦੇਵ ਨੇ ਪੰਥ ਨੂੰ ਜਾਤਾਂ-ਗੋਤਾਂ ਵਾਲੇ ਕੋੜ੍ਹ `ਚੋਂ ਕਢਣ ਲਈ, ਸਿੱਖਾਂ ਦੇ ਨਾਵਾਂ ਨਾਲ ‘ਸਿੰਘ ਤੇ ਕੌਰ’ ਵਾਲੀ ਪ੍ਰਵਾਰਕ ਸ਼ਬਦਾਵਲੀ ਨੂੰ ਪੱਕਾ ਕੀਤਾ।

ਦਰਅਸਲ ਕੇਵਲ "ਖੰਡੇ ਦੀ ਪਾਹੁਲ" ਵਾਲੀ ਹੀ ਨਹੀਂ ਬਲਕਿ ਉਨ੍ਹਾਂ ਦੋਨਾਂ ਤਬਦੀਲੀਆਂ ਦਾ ਆਰੰਭ ਵੀ ਕਲਗੀਧਰ ਜੀ ਨੇ ਆਪਣੇ ਆਪ ਤੋਂ ਹੀ ਕੀਤਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਜਦੋਂ ਆਪ ਉਨ੍ਹਾਂ ਪੰਜਾਂ ਤੋਂ ‘ਖੰਡੇ ਦੀ ਪਾਹੁਲ’ ਲਈ ਤਾਂ ਗੁਰਦੇਵ ਨੇ ਉਸ ਸਮੇਂ ਆਪਣਾ ਨਾਮ ਵੀ "ਗੋਬਿੰਦ ਰਾਇ" ਤੋਂ "ਗੋਬਿੰਦ ਸਿੰਘ" `ਚ ਬਦਲਿਆ। ਇਹ ਸਭ ਇਸ ਲਈ ਨਹੀਂ ਸੀ ਕਿ ਦਸਮੇਸ਼ ਜੀ, ਪਹਿਲਾਂ ਤੋਂ ਪਾਹੁਲਧਾਰੀ ਨਹੀਂ ਸਨ ਬਲਕਿ ਉਹ ਤਾਂ ਦਸਮ ਪਾਤਸ਼ਾਹ ਵੀ ਸਨ।

ਜਦਕਿ ਅਸੀਂ ਤਾਂ ਇਹ ਵੀ ਦੇਖ ਆਏ ਹਾਂ ਕਿ ਵਿਸਾਖੀ ੧੬੯੯ ਤੋਂ ਪਹਿਲਾਂ `ਚਰਨ ਪਾਹੁਲ’ ਦਾ ਮਤਲਬ ਵੀ ਗੁਰਬਾਣੀ ਦੇ ਚਰਨਾਂ ਨਾਲ ਜੋੜਣਾ ਹੀ ਸੀ, ਨਾ ਕਿ ਪੈਰ ਧੋ ਕੇ ਪਿਲਾਉਣੇ ਅਤੇ ਇਹ ਵੀ ਪੜ੍ਹ ਆਏ ਹਾਂ ਕਿ ਸੰਨ ੧੬੭੫ ਤੋਂ ੧੬੯੯, ਲਗਾਤਾਰ ੨੪ ਸਾਲ ਦਸਮੇਸ਼ ਜੀ ਨੇ ਆਪ ਵੀ ਸੰਗਤਾਂ ਨੂੰ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਲਈ `ਚਰਨ ਪਾਹੁਲ’ ਵਾਲਾ ਢੰਗ ਹੀ ਵਰਤਿਆ ਸੀ।

ਕੇਸਾਧਾਰੀ’, ‘ਕੰਘਾਧਾਰੀ’, ਦਾਸਤਾਰਧਾਰੀ, ‘ਕਛਹਿਰਾਧਾਰੀ’, ‘ਨਿੱਤਨੇਮੀ’, ‘ਪਾਹੁਲਧਾਰੀ’ ਵੀ- ਇਹ ਵੀ ਦੇਖ ਆਏ ਹਾਂ ਕਿ ਸਿੱਖ, ਪਹਿਲੇ ਜਾਮੇ ਤੋਂ ‘ਗੁਰਬਾਣੀ-ਗੁਰੂ" ਦੇ ਸਿੱਖ ਸਨ। ਇਹ ਵੀ ਕਿ, ਸਿੱਖ ਪਹਿਲੇ ਜਾਮੇ ਤੋਂ ਹੀ ‘ਕੇਸਾਧਾਰੀ’ ‘ਕੰਘਾ ਧਾਰੀ’ ‘ਦਸਤਾਰਧਾਰੀ’ ਤੇ ‘ਕਛਹਿਰਾਧਾਰੀ’ ਵੀ ਸਨ। ਉਪ੍ਰੰਤ ਛੇਵੇਂ ਜਾਮੇ `ਚ ਸ਼ਸਤ੍ਰਧਾਰੀ ਵੀ ਹੋ ਗਏ ਸਨ।

ਫ਼ਿਰ ਉਹ ਕੇਵਲ ‘ਪਾਹੁਲਧਾਰੀ’ ਹੀ ਨਹੀਂ ਸਨ ਬਲਕਿ ਅੱਗੇ ਚੱਲ ਕੇ ਇਹ ਵੀ ਦੇਖਾਂਗੇ ਕਿ ਗੁਰੂ ਕੀਆਂ ਸੰਗਤਾਂ ‘ਨਿੱਤਨੇਮੀ’ ਵੀ ਪਹਿਲੇ ਜਾਮੇ ਤੋਂ ਸਨ ਉਪ੍ਰੰਤ ਅਜੋਕੇ ਛਪਾਈ ਵਾਲੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ" ਦੇ ਪਹਿਲੇ ੧੩ ਪੰਨੇ, ਪੰਜਵੇਂ ਪਾਤਸ਼ਾਹ ਵੱਲੋਂ ਸਿਖ-ਸੰਗਤਾ ਰਾਹੀਂ ਕੀਤੇ ਜਾਣ ਲਈ ਤਿੰਨ ਸਮੇਂ ਦੇ ਨਿਤਨੇਮ ਨਾਲ ਹੀ ਸੰਬੰਧਤ ਹਨ।

ਇਹੀ ਕਾਰਨ ਸੀ ਕਿ "ਵਿਸਾਖੀ ੧੬੯੯" ਨੂੰ ਸਿੱਖ ਧਰਮ `ਚ ਪ੍ਰਵੇਸ਼ ਦਾ ਕੇਵਲ ਤਰੀਕਾ ਬਦਲਣ `ਤੇ ਹੀ ਪਹਿਲੀਆਂ ਪੰਕਤਾ ਚ ੮੦, ੦੦੦ ਪ੍ਰਾਣੀਆਂ ਨੇ ‘ਖੰਡੇ ਦੀ ਪਾਹੁਲ’ ਲਈ ਸੀ। ਸਮਝਣਾ ਹੈ ਕਿ ਕੇਵਲ ਵਿਚਾਰ ਉਠਦੇ ਹੀ ਕਿਸੇ ਲਈ ਸੁੱਤੇ ਸਿੱਧ ਨਸ਼ਿਆਂ-ਵਿਭਚਾਰ ਦਾ ਤਿਆਗ ਕਰ ਦੇਣਾ ਸੰਭਵ ਹੀ ਨਹੀਂ। ਇੱਕੋ ਸਮੇਂ ੮੦, ੦੦੦ ਪ੍ਰਾਣੀਆਂ ਦਾ ਵਿਚਾਰ ਉਠਦੇ ਹੀ ਕੇਸਾਧਾਰੀ, ਕੰਘਾਧਾਰੀ, ਕ੍ਰਿਪਾਨਧਾਰੀ ਤੇ ਕਛਹਿਰਾਧਾਰੀ ਹੋ ਜਾਣਾ ਤਾਂ, ਅੱਜ ਵਿਗਿਆਨ ਦੇ ਯੁਗ `ਚ ਵੀ ਸੰਭਵ ਨਹੀਂ। ਸਪਸ਼ਟ ਹੈ ਕੌਮ ਪਹਿਲਾਂ ਤੋਂ ਤਿਆਰ ਬਰ ਤਿਆਰ ਸੀ। ਜੇਕਰ ਹੋਰ ਵਿਚਾਰ ਕਰੀਏ ਤਾਂ ਸਿਰਾਂ ਦੀ ਮੰਗ ਸਮੇਂ ਵੀ ਪਾਤਸ਼ਾਹ ਵੱਲੋਂ ਨਿੱਤਨੇਮੀ ਜਾਂ ਕੇਸਾਧਾਰੀ ਹੋਣ ਦੀ ਸ਼ਰਤ ਨਹੀਂ ਸੀ, ਤਾਂ ਵੀ ਪਹਿਲੇ ਨਿੱਤਰਣ ਵਾਲੇ ਪੰਜੇ ਕੇਸਾਧਾਰੀ ਵੀ ਸਨ ਅਤੇ ਨਿੱਤਨੇਮੀ ਵੀ ਸਨ, ਤਾਂ ਉਹ ਕਿਵੇਂ?

ਫ਼ਿਰ ਕਿਉਂਕਿ ਇਕੋ ਸਮੇਂ ੮੦, ੦੦੦ ਪ੍ਰਾਣੀਆਂ ਨੂੰ ਪਾਹੁਲ ਛਕਾਉਣਾ, ਕੇਵਲ ਪੰਜਾਂ ਦੇ ਇੱਕ ਜਥੇ ਦੇ ਵੱਸ ਦਾ ਨਹੀਂ ਸੀ। ਸਪਸ਼ਟ ਹੈ ਕਿ ਇਸੇ ਲਈ ਉਸ ਸਮੇਂ ਵੱਡੀ ਗਿਣਤੀ `ਚ ਅਜਿਹੇ ਜੱਥੇ ਕਾਇਮ ਕਰਣ `ਚ ਵੀ ਦਿੱਕਤ ਨਹੀਂ ਸੀ ਆਈ, ਕਾਰਣ-ਪੰਥ ਪਹਿਲੇ ਜਾਮੇ ਤੋਂ ਹੀ ਪਾਹੁਲਧਾਰੀ ਅਤੇ ਨਿੱਤਨੇਮੀ ਵੀ ਸੀ।

ਸਪਸ਼ਟ ਹੈ ਕਿ ਸੰਸਾਰ ਦੇ ਇਤਿਹਾਸ `ਚ ਕੇਸਾਧਾਰੀਆਂ ਦਾ ਇਹ ਸਭ ਤੋਂ ਵੱਡਾ ਤੇ ਪਹਿਲਾ ਇੱਕਠ ਸੀ। ਇਸੇ ਲਈ ਗੁਰਦੇਵ ਵੱਲੋਂ ਉਸ ਧਰਤੀ ਨੂੰ ਵੀ ‘ਕੇਸਗੜ੍ਹ ਸਾਹਿਬ’ ਵਾਲਾ ਪਵਿਤ੍ਰ ਨਾਮ ਪ੍ਰਾਪਤ ਹੋਇਆ। ਫ਼ਿਰ ਇਤਨਾ ਹੀ ਇਸ ਗੁਰਮੱਤ ਪਾਠ ਦੇ ਅਰੰਭ `ਚ ਅਸੀਂ ਇਹ ਵੀ ਪੜ੍ਹ ਆਏ ਹਾਂ ਕਿ ਇਹ "ਵਿਸਾਖੀ ਸੰਨ ੧੬੯੯" ਵਾਲਾ ਹੀ ਮੁਬਾਰਕ ਦਿਹਾੜਾ ਸੀ ਜਦੋਂ ਦਸਮੇਸ਼ ਜੀ ਨੇ ਪੰਥ ਨੂੰ:-

(ੳ) ‘ਖਾਲਸਾ’ ਦੇ ਸ਼ਬਦ ਅਥਵਾ ਲਕਬ ਨਾਲ ਨਿਵਾਜਿਆ ਸੀ। ਅਤੇ ਇਸ ਦੇ ਨਾਲ ਹੀ

(ਅ) ਸਿੱਖਾਂ ਨੂੰ ਆਪਸੀ ਮਿਲਾਪ ਲਈ "ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ" ਵਾਲਾ ਬੋਲਾ ਵੀ ਪ੍ਰਦਾਨ ਕੀਤਾ ਸੀ। (ਚਲਦਾ) #418P-V s06.16.02.16#p5

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-V

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਪੰਜਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.