.

ਨੋਟ: ਪਉੜੀ 35, 36 ਤੇ 37 ਵਿਚ ਵਿਰਲੇ ਮਨ ਦੀ ਤਬਦੀਲੀ ਦੀਆਂ ਪੰਜ ਅਵਸਥਾਵਾਂ ਵਿਚਾਰੀਆਂ ਗਈਆਂ ਹਨ।

1. ਧਰਮ ਖੰਡ: ਕੂੜ ਕਾਰਨ ਖੁਆਰੀ ਮਹਿਸੂਸ ਕਰਨਾ ਅਤੇ ਛੁੱਟਣ ਦੀ ਜਾਚਨਾ।

2. ਗਿਆਨ ਖੰਡ: ਧਰਮ ਖੰਡ ਦੀ ਜਾਚਨਾ ਸਦਕੇ ਕੂੜ ਤੋਂ ਛੁਟਣ ਲਈ ਸਤਿਗੁਰ ਦੇ ਤੱਤ ਗਿਆਨ ਰਾਹੀਂ ਬਿਬੇਕ ਬੁਧ ਪ੍ਰਾਪਤ ਕਰਨ ਦੀ ਅਵਸਥਾ। ਭਾਂਡੇ (ਆਪਣੇ ਸੋਚ ਮੰਡਲ) ਵਿਚ ਤੱਤ ਗਿਆਨ ਪੁਆਉਣ ਲਈ ਸਮਰਪਿਤ ਅਵਸਥਾ।

3. ਸਰਮ ਖੰਡ: ਗਿਆਨ ਖੰਡ ਵਿਚ ਹਾਸਲ ਕੀਤੇ ਤੱਤ ਗਿਆਨ ਸਦਕਾ ਬਿਬੇਕ ਬੁਧ ਰਾਹੀਂ ਕੂੜ ਨਿਖੇੜਨ ਦੀ ਜਾਚ ਅਤੇ ਅਵਗੁਣੀ ਸੁਭਾ ਛੱਡਣ ਦੀ ਮਿਹਨਤ ਅਤੇ ਚੰਗੇ ਗੁਣਾਂ ਦੇ ਸੁਭਾ ਪ੍ਰਾਪਤ ਕਰਨ ਦਾ ਨਿਰੰਤਰ ਉੱਦਮ (ਸ਼੍ਰਮ) ਕਰਦੇ ਰਹਿਣਾ।

4. ਕਰਮ ਖੰਡ: ਸਤਿਗੁਰ ਦੀ ਮੱਤ ਹੀ ਰੱਬ ਦਾ ਕਰਮ (ਫਲਸਫਾ), ਕਿਰਪਾ ਹੈ ਜਿਸ ਨੂੰ ਧੁਰ ਕੀ ਬਾਣੀ ਆਖਦੇ ਹਨ। ਉਸ ਅਧੀਨ ਰਜ਼ਾ ਵਿਚ ਟੁਰਨ ਦੀ ਦ੍ਰਿੜਤਾ ਦਾ ਸੁਭਾ।

5. ਸਚ ਖੰਡਿ: ਨਿਜਘਰ, ਅੰਤਰ ਆਤਮੇ ਰੱਬੀ ਦਰਬਾਰ ਵਿਚ ਪਰਵੇਸ਼। ਰੱਬੀ ਮਿਲਨ ਸਦਕਾ ਮਨ ਦੀ ਖੋਟ (ਕੂੜ) ਖਤਮ ਹੋ ਗਈ। ਪੂਰਨ ਸਚਿਆਰ ਅਵਸਥਾ ਹੀ ਰੱਬੀ ਇਕਮਿਕਤਾ ਹੁੰਦੀ ਹੈ।

ਇੱਕ ਰੱਬ ਵਿਚ ਸਮਾ ਜਾਣਾ ਭਾਵ ਚੰਗੇ ਗੁਣਾਂ ਕਾਰਨ ਸਚਿਆਰਾ (ਪੂਰਨ ਭਗਤ) ਅਵਸਥਾ ਦੀ ਪ੍ਰਾਪਤੀ।

ਪਉੜੀ 35

ਧਰਮ ਖੰਡ ਕਾ ਏਹੋ ਧਰਮੁ ॥

ਮਨ ਦੀ ਕੱਚੀ ਮੱਤ ਕਾਰਨ ਬਣੀ ਖੁਆਰ ਜੀਵਨੀ ਤੋਂ ਛੁੱਟਣ ਦਾ ਪੱਕਾ ਇਰਾਦਾ ਕਰਕੇ ਸੁਰਤ, ਮੱਤ, ਮਨ ਅਤੇ ਬੁੱਧ ਦੀ ਘਾੜਤ ਲਈ ਤਿਆਰ ਬਰ ਤਿਆਰ ਹੋਣਾ ਹੀ ਧਰਮ ਖੰਡ ’ਚ ਦਾਖਲ ਹੋਣਾ ਹੈ।

ਗਿਆਨ ਖੰਡ ਕਾ ਆਖਹੁ ਕਰਮੁ ॥

ਵਿਰਲਾ ਮਨ ਧਰਮ ਖੰਡ ਦੀ ਅਵਸਥਾ ਵਿਚ ਆਉਣ ਕਾਰਨ ਨਿੱਜ ਘਰ ’ਚ ਵਸਦੇ ਰੱਬ ਜੀ ਨੂੰ ਨਿਮਰਤਾ ’ਚ ਜਾਚਨਾ ਕਰਦਾ ਹੈ ਕਿ ਧਰਮ ਦਾ ਗਿਆਨ ਦੱਸੋ (ਆਖਹੁ) ਭਾਵ ਮੈਨੂੰ ਸੱਚੇ ਸਾਹਿਬ ਦੀ ਵਾਤ ਸੁਣਾਉ, ਸਤਿਗੁਰ ਦੀ ਮੱਤ ਦਾ ਕਰਮੁ ਆਖਹੁ ਭਾਵ ਬਿਬੇਕ ਬੁੱਧ ਦਿਓ।

ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥

ਕਾਨ: ਤੱਤ ਗਿਆਨ ਰੂਪੀ ਮੱਖਨ ਖਾਣ ਵਾਲਾ (ਮਨ)। ਮਹੇਸ: ਜ਼ਹਿਰੀਲੇ ਖਿਆਲਾਂ ਨੂੰ ਮਾਰਣ ਦਾ ਬਲ, ਸ਼ਕਤੀ। ਪਵਣ: ਚੰਗੇ ਗੁਣਾਂ ਦੀ ਪਵਣ। ਪਾਣੀ: ਸੰਤੋਖੀ ਜਲ। ਵੈਸੰਤਰ: ਗਿਆਨ ਦੀ ਅਗਨ, ਜਿਸ ਨਾਲ ਸੰਤੋਖ ਦਾ ਭੋਜਨ ਪਚਾਉਣਾ ਆ ਜਾਂਦਾ ਹੈ (ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥) ਅਤੇ ਤ੍ਰਿਸ਼ਨਾ ਦੀ ਭੁੱਖ ਮੁਕ ਜਾਂਦੀ ਹੈ।

ਸੱਚ ਦਾ ਗਿਆਨ ਲੈਣ ਦੀ ਤਾਂਘ ਰੱਖਣ ਵਾਲਾ ਮਨ (ਕਾਨ) ਮਹਿਸੂਸ ਕਰਦਾ ਹੈ ਕਿ ਕਿਵੇਂ ਸ਼ੀਤਲਤਾ ਅਤੇ ਨਿਰਮਲਤਾ ਦੀ ਬਿਰਤੀ (ਪਾਣੀ) ਅਤੇ ਕੁੜੀਲ ਸੁਭਾ ਨੂੰ ਠੀਕ ਕਰ ਦੇਣ ਵਾਲੀ ਮਤ ਮੇਰੇ ਅੰਦਰ ਹੀ ਉਪਜ ਰਹੀ ਹੈ।

ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥

ਅਨੇਕਾਂ ਹੀ ਨਿਵੇਕਲੇ ਉਸਾਰੂ ਖਿਆਲਾਂ ਦੀ ਸਿਰਜਨਾ (ਬਰਮੇ) ਹੁੰਦੀ ਜਾਂਦੀ ਹੈ ਜਿਨ੍ਹਾਂ ਕਰਕੇ ਸੋਚਨੀ ਵਿਚ ਨਵੀਨਤਾ ਅਤੇ ਸੁਚੱਜਤਾ ਦੇ ਰੰਗ ਚੜਦੇ ਜਾਂਦੇ ਹਨ।

ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥

ਮੇਰ: ਮੇਰ ਪਰਬਤ - ਖੁਸ਼ਬੂ ਦੀ ਬਹੁਤਾਤ (ਗੁਣਾਂ ਦਾ ਖ਼ਜ਼ਾਨਾ)।

ਧੂ ਉਪਦੇਸ: ਧ੍ਰੂ ਨੂੰ ਮਿਲਿਆ ਉਪਦੇਸ਼।

ਮਨ ਦੀ ਧਰਤੀ ਤੇ ਅਪਾਰ ਖੁਸ਼ਬੂਦਾਰ ਸੋਹਣੇ ਖਿਆਲਾਂ (ਮੇਰ ਪਰਬਤ) ਦੀ ਵਰਤੋਂ ਕਰਕੇ, ਨਿਹਚਲ ਰਾਜ ਪ੍ਰਾਪਤ ਹੁੰਦਾ ਹੈ (ਧੂ ਉਪਦੇਸ) ਭਾਵ ਮਨ ਸਦੀਵੀ ਸਥਿਰਤਾ ਵੱਲ ਵਧਦਾ ਜਾਂਦਾ ਹੈ।

ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥

ਇੰਦ: ਗਿਆਨ ਦੀ ਵਰਖਾ। ਚੰਦ: ਸ਼ੀਤਲਤਾ। ਸੂਰਜ: ਗਿਆਨ ਦਾ ਪ੍ਰਕਾਸ਼।

ਮਨ ਦੀ ਗਹਿਰਾਈ ਵਿਚੋਂ ਉੱਠਣ ਵਾਲੇ ਹਰ ਖਿਆਲ ਦੀ ਰਹਿਨੁਮਾਈ ਸਚ ਦੇ ਗਿਆਨ (ਸੂਰ) ਰਾਹੀਂ ਹੁੰਦੀ ਹੈ, ਲਗਾਤਾਰ ਇਸ ਗਿਆਨ ਦੀ ਵਰਤੋਂ (ਇੰਦ) ਕਾਰਨ ਵਤੀਰੇ ਵਿਚ ਵੀ ਠਹਿਰਾਵ, ਨਰਮੀ ਅਤੇ ਚੰਦ ਵਰਗੇ ਸ਼ੀਤਲ ਰੱਬੀ ਗੁਣ ਵੀ ਘਰ ਕਰ ਲੈਂਦੇ ਹਨ।

ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥

ਸਿਧ: ਸਤਿਗੁਰ ਦੀ ਮੱਤ ਲੈ ਕੇ ਅਚਰ ਨੂੰ ਚਰਨਾ ਭਾਵ ਬਿਬੇਕ ਬੁੱਧ ਦਾ ਧਾਰਨੀ ਹੋ ਜਾਣਾ।

ਬੁਧ: ਸਤਿਗੁਰ ਦੀ ਮੱਤ ਰਾਹੀਂ ਪ੍ਰਾਪਤ ਬੁੱਧ ਭਾਵ ਬਿਬੇਕ ਬੁੱਧ। ਜਦੋਂ ‘ਦੁਰਮਤਿ ਮੈਲੁ ਗਈ ਸਭੁ ਨੀਕਰਿ’ ਤਦੋਂ ਹੀ ‘ਬੁਧਿ ਬਦਲੀ ਸਿਧਿ ਪਾਈ’।

ਨਾਥ: ਸਤਿਗੁਰ ਦੀ ਮੱਤ ਲੈ ਕੇ ਸਾਰੇ ਸਰੀਰ ਦੇ ਚਾਲਕ ਮਨ ਨੂੰ ਨੱਥ ਪਾਉਣ ਦੀ ਬਿਬੇਕ ਬੁੱਧੀ ਹੀ ਨਾਥ ਹੁੰਦੀ ਹੈ, ਜੋ ਕਿ ਇੰਦ੍ਰੇ-ਗਿਆਨ ਇੰਦਰੇ, ਰੋਮ-ਰੋਮ ਅਤੇ ਹਰੇਕ ਅੰਗ ਨੂੰ ਕਾਬੂ ’ਚ (ਨੱਥ ਕੇ) ਰੱਖਦੀ ਹੈ।

ਦੇਵੀ ਵੇਸ: ਮਨ ਕੀ ਮੱਤ ਛੱਡ ਕੇ, ਚੰਗੇ ਗੁਣਾਂ ਦੀ ਮੱਤ (ਚੋਲਾ, ਪ੍ਰੇਮ ਪਟੋਲਾ) ਦਾ ਵੇਸ ਧਾਰਨ ਕਰਨਾ।

ਸਦਗੁਣੀ ਮੱਤ (ਦੇਵੀ ਵੇਸ) ਦਾ ਚੋਲਾ (ਵੇਸ) ਮੱਤ ਤੇ ਧਾਰਨ ਕੀਤਿਆਂ ਮਨ ਨੂੰ ਬਿਬੇਕ ਬੁਧ ਦਾ ਅਲੱਭ ਭੋਜਨ ਪ੍ਰਾਪਤ ਹੁੰਦਾ ਹੈ। ਬੁੱਧੀ ਦਾ ਵਿਕਾਸ ਰੂਹਾਨੀਅਤ ਵੱਲ ਹੁੰਦਾ ਹੈ ਕਿਉਂਕਿ ਬਿਬੇਕ ਬੁੱਧੀ, ਸਾਰੇ ਇੰਦੇ੍ਰ-ਗਿਆਨ ਇੰਦ੍ਰੇ ਭਾਵ ਹਰੇਕ ਖਿਆਲ ਦੀ ਚਾਲਕ (ਨਾਥ) ਬਣ ਜਾਂਦੀ ਹੈ।

ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥

ਦੇਵ: ਗੁਣਾਂ ਭਰਪੂਰ ਖਿਆਲਾਂ ਦਾ ਸੁਭਾ। ਦਾਨਵ: ਅਵਗੁਣੀ ਖਿਆਲਾਂ ਦਾ ਸੁਭਾ (ਕਾਮ, ਕੋ੍ਰਧ, ਲੋਭ, ਮੋਹ, ਹੰਕਾਰ)। ਮੁਨਿ: ਉਹ ਖਿਆਲ ਜਿਨ੍ਹਾਂ ਕਰਕੇ ਦੁਖੀ ਅਤੇ ਵਿਆਕੁਲ ਨਹੀਂ ਹੋਈਦਾ। ਰਤਨ ਸਮੁੰਦ: ਚੰਗੇ ਗੁਣਾਂ ਰੂਪੀ ਰਤਨਾਂ ਦਾ ਸਮੁੰਦਰ ਭਾਵ ਗਹਿਰ-ਗੰਭੀਰਤਾ, ਅਡੋਲਤਾ।

ਸਦਗੁਣੀ ਸੁਭਾ ਬਣਨ ਕਾਰਨ ਮਨ ਦਾ ਕਰੜਾਪਨ ਵੀ ਬਦਲਿਆ ਜਾਂਦਾ ਹੈ ਜਿਸ ਕਰਕੇ ਭਲੇ ਮਕਸਦ ਵਲ ਵਧ ਸਕੀਦਾ ਹੈ ਅਤੇ ਵਿਆਕੁਲਤਾ ਤੋਂ ਮੁਕਤ ਹੋ ਜਾਈਦਾ ਹੈ (ਮੁਨਿ)।

ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥

ਖਾਣੀ: ਕਾਇਨਾਤ ’ਚ ਮੌਜੂਦ ਅਨੇਕਾਂ ਜੀਅ ਜੰਤਾਂ ਦੇ ਚੰਗੇ ਗੁਣਾਂ ਨੂੰ ਸਿਖਣਾ। ਬਾਣੀ: ਸੱਚ ਦਾ ਗਿਆਨ। ਨਰਿੰਦ: ਗੁਣਾਂ ਰੂਪੀ ਮੱਤ (ਗਾਂ) ਦਾ ਰਖਵਾਲਾ।

ਵਿਰਲਾ ਮਨ ਕੁਦਰਤ ਦੇ ਨਿਯਮਾਂ ਨੂੰ ਆਪਣੇ ਸੁਭਾ ’ਚ ਪਕਾਉਣ ਲਈ ਹਰੇਕ ਉੱਦਮ ਕਰਦਾ ਹੈ (ਖਾਣੀਆ)। ਸੱਚ ਦੇ ਗਿਆਨ (ਬਾਣੀ) ਨਾਲ ਆਪਣੇ ਆਪ ਨੂੰ ਓਤ-ਪ੍ਰੋਤ ਰੱਖਦਾ ਹੈ ਐਸੇ ਦੈਵੀ ਸੁਭਾ ਵਾਲੇ ਮਨ (ਨਰਿੰਦ) ਦੀ ਧਰਤੀ ਵਿਕਾਰਾਂ ਹੱਥੀਂ ਲੁੱਟੀ ਹੀ ਨਹੀਂ ਜਾ ਸਕਦੀ।

ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥35॥

ਸੁਰਤੀ: ਸੁਰਤੀਆਂ, ਆਪਣੇ ਟੀਚੇ (ਰੱਬੀ ਮਿਲਨ) ’ਤੇ ਧਿਆਨ ਟਿਕਾਈ ਰੱਖਣਾ। ਸੇਵਕ: ਟੀਚੇ ’ਤੇ ਪਹੁੰਚਣ ਲਈ ਮਦਦ ਦੇਣ ਵਾਲੇ ਖਿਆਲ।

ਸੁਰਤ ਵਿਚ ਰੱਬੀ ਗੁਣਾਂ ਦਾ ਪ੍ਰਵਾਹ ਚੱਲਣ ਸਦਕਾ ਵਿਰਲਾ ਮਨ ਸੁਭਾ ਵਿਚ ਨਿਮ੍ਰਤਾ, ਮਿਠਾਸ, ਸ਼ੀਤਲਤਾ ਜਿਹੇ ਬੇਅੰਤ ਗੁਣ ਮਾਣਦਾ ਹੈ।

35ਵੀਂ ਪਉੜੀ ਦਾ ਸਾਰ: ਧਰਮ ਖੰਡ ਦੀ ਅਵਸਥਾ ਵਿਚ ਸੁਰਤ, ਮੱਤ, ਮਨ, ਬੁੱਧ ਨੂੰ ਘੜਨ ਦਾ ਗਿਆਨ ਵਿਰਲੇ ਮਨ ਨੂੰ ਪ੍ਰਾਪਤ ਹੁੰਦਾ ਹੈ, ਜਿਸਦਾ ਸਦਕਾ ਉਸਨੂੰ ਬੇਅੰਤ ਚੰਗੇ ਗੁਣਾਂ ਦਾ ਸੁਭਾ ਸਹਿਜੇ ਹੀ ਪੱਕ ਜਾਂਦਾ ਹੈ। ਇਨ੍ਹਾਂ ਗੁਣਾਂ ਦੇ ਸੁਭਾ ਨੂੰ ਸਦੀਵੀ ਅਮਲ ਵਿਚ ਲਿਆਉਣ ਲਈ ਹਮੇਸ਼ਾਂ ਜਤਨਸ਼ੀਲ ਰਹਿਣਾ ਹੀ ਸ਼ਰਮ ਖੰਡ ਦੀ ਅਵਸਥਾ ਕਹਿਲਾਂਦੀ ਹੈ।

ਵੀਰ ਭੁਪਿੰਦਰ ਸਿੰਘ
.