.

ਸਿਧ ਗੋਸਟਿ
(ਕਿਆ ਭਵੀਐ ਸਚਿ ਸੂਚਾ ਹੋਇ|| ਸਾਚ ਸਬਦ ਬਿਨੁ ਮੁਕਤਿ ਨ ਕੋਇ||੧|| ਪੰਨਾਂ ੯੩੮)


ਮਨੁੱਖਤਾ ਦੇ ਭਲੇ ਲਈ ਗੁਰੂ ਅਰਜਨ ਸਾਹਿਬ ਨੇ ਆਪਣੀ ਬਾਣੀ, ਬਾਕੀ ਚਾਰ ਗੁਰੂ ਸਾਹਿਬਾਨਾਂ ਦੀ ਲਿੱਖੀ ਬਾਣੀ, ਗੁਰੂ ਨਾਨਕ ਸਾਹਿਬ ਦੁਆਰਾ ਇੱਕਠੀ ਕੀਤੀ ਹੋਈ ਪੰਦਰਾਂ ਭਗਤਾਂ ਦੀ ਬਾਣੀ, ਗਿਆਰਾਂ ਭੱਟਾਂ ਅਤੇ ਤਿੰਨ ਗੁਰਸਿਖਾਂ ਦੀ ਲਿੱਖੀ ਹੋਈ ਬਾਣੀ ਨੂੰ ਇੱਕ ਥਾਂ ਇੱਕਠਾ ਕਰਕੇ ੧੬੦੪ ਈਸਵੀ ਵਿੱਚ ਭਾਈ ਗੁਰਦਾਸ ਤੋਂ ਆਦਿ ਗ੍ਰੰਥ (ਉਸ ਵੇਲੇ ਇਸ ਦਾ ਨਾਮ ਪੋਥੀ ਸਾਹਿਬ ਸੀ) ਤਿਆਰ ਕਰਵਾਇਆ | ਗੁਰੂ ਗੋਬਿੰਦ ਸਿੰਘ ਨੇ ਸਾਰੀ ਬਾਣੀ ਸੁਮੇਤ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਭਾਈ ਮਨੀ ਸਿੰਘ ਤੋਂ ਲਿੱਖਵਾ ਕੇ ਇੱਕ ਨਵਾਂ ਗ੍ਰੰਥ ਤਿਆਰ ਕਰਵਾਇਆ ਅਤੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਨ ਤੋਂ ਪਹਿਲਾਂ ਇਸ ਗ੍ਰੰਥ ਨੂੰ ੧੭੦੮ਈ. ਵਿੱਚ ਗੁਰਤਾ ਬਖਸ਼ ਦਿੱਤੀ| ਗੁਰਬਾਣੀ ਅੰਦਰ ਆਪਾ ਵਿਰੋਧੀ ਕੋਈ ਵੀਚਾਰ ਬਿਲਕੁਲ ਨਹੀਂ ਮਿਲਦੇ ਭਾਵੇਂ ਗੁਰਬਾਣੀ ਸੰਬੰਧੀ ਆਪਣੀ ਅਗਿਆਨਤਾ ਕਾਰਨ ਅਜੇਹਾ ਕੁੱਝ ਅਸੀਂ ਕਦੀ ਕਦੀ ਸੋਚ ਲੈਂਦੇ ਹੋਵਾਂਗੇ| ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਬਾਕੀ ਗੁਰੂ ਸਾਹਿਬਾਨਾਂ ਨੇ ਹੋਰ ਸਵਾਰਿਆ, ਨਿਖਾਰਿਆ, ਸੰਚਾਰਿਆ ਅਤੇ ਪ੍ਰਚਾਰਿਆ ਹੈ|
ਲੋਕ ਭਲਾਈ ਵਾਸਤੇ ਅਤੇ ਧਰਮ ਵਾਰੇ ਕ੍ਰਮ-ਕਾਂਡ,ਅੰਧ-ਵਿਸ਼ਵਾਸ਼, ਅਗਿਆਨਤਾ ਆਦਿ ਨੂੰ ਦੂਰ ਕਰਨ ਲਈ ਗੁਰੂ ਨਾਨਕ ਸਾਹਿਬ ਭਾਰਤ ਤੋਂ ਇਲਾਵਾ ਸ੍ਰੀ ਲੰਕਾ, ਤਿਬਤ, ਨੇਪਾਲ, ਭੂਟਾਨ, ਬਰਮਾ, ਈਰਾਨ, ਅਫਗਾਨਿਸਤਾਨ, ਤੁਰਕਿਸਤਾਨ, ਅਰਬ, ਇਰਾਕ ਆਦਿ ਦੇਸ਼ਾਂ ਵਿੱਚ ਵੀ ਗਏ| ਕਈ ਵਿਦਵਾਨ ਨੇ ਗੁਰੂ ਸਾਹਿਬ ਦੇ ਚੀਨ ਅਤੇ ਰੂਸ ਜਾਣ ਵਾਰੇ ਭੀ ਲਿਖਿਆ ਹੈ|
ਗੁਰੂ ਨਾਨਕ ਸਾਹਿਬ ਦੇ ਪ੍ਰਚਾਰਿਕ ਦੌਰਿਆਂ ਦਾ ਸੰਖੇਪ ਵੇਰਵਾ;
੧੫੦੭ਈ. ਤੋਂ ੧੫੧੫ ਈ. ਤੱਕ: ਗੁਰੂ ਸਾਹਿਬ ਦਾ ਇਹ ਪ੍ਰਚਾਰਿਕ ਦੌਰਾ ਹਿੰਦੂਆਂ ਦੇ ਧਾਰਮਿਕ ਅਸਥਾਨਾਂ ਵੱਲ ਸੀ| ਇਸ ਦੌਰੇ ਵਿੱਚ ਉਹ ਐਮਨਾਬਾਦ, ਹਰਿਦੁਆਰ, ਗੋਰਖ-ਮਤਾ, ਅਯੁਧਿਆ, ਪ੍ਰਯਾਗ (ਅਲਾਹਾਬਾਦ), ਬਨਾਰਸ, ਗਇਆ, ਗੋਹਾਟੀ, ਜਗਨਨਾਥ ਪੁਰੀ, ਲੰਕਾ, ਉਜੈਨ, ਬੜੌਦਾ, ਦੁਆਰਕਾ, ਆਬੂ ਪਰਬਤ, ਅਜਮੇਰ, ਪੁਸ਼ਕਰ, ਮਥੁਰਾ, ਦਿੱਲੀ, ਕੁਰਕਸ਼ੇਤਰ ਆਦਿ ਥਾਵਾਂ ਤੇ ਗਏ| ਇਨ੍ਹਾਂ ਥਾਵਾਂ ਤੇ ਗੁਰੂ ਸਾਹਿਬ ਨੇ ਲੋਕਾਂ ਨੂੰ ਧਾਰਮਿਕ ਭੇਖਾਂ, ਅੰਧ-ਵਿਸ਼ਵਾਸਾਂ, ਕ੍ਰਮ-ਕਾਂਡਾਂ ਨੂੰ ਛੱਡ ਕੇ ਕੇਵਲ ਇੱਕ ਪ੍ਰਭੂ ਦੇ ਸਿਮਰਨ ਦਾ ਉਪਦੇਸ਼ ਦਿੱਤਾ|
੧੫੧੭ ਈ. ਤੋਂ ੧੫੧੮ ਈ. ਤੱਕ: ਇਸ ਪ੍ਰਚਾਰਿਕ ਸਮੇਂ ਗੁਰੂ ਸਾਹਿਬ ਹਿੰਦੂਆਂ ਦੇ ਧਾਰਮਿਕ ਅਸਥਾਨਾਂ ਅਤੇ ਯੋਗੀਆਂ ਦੇ ਡੇਰਿਆਂ ਵੱਲ ਗਏ ਜਿਨ੍ਹਾਂ ਵਿੱਚ ਕਾਂਗੜਾ, ਜੁਆਲਾ ਮੁਖੀ ਪਰਬਤ, ਰਵਾਲਸਰ, ਮਨੀਕਰਨ, ਪਿੰਜੌਰ, ਸ਼ਿਮਲਾ, ਸੁਮੇਰ ਪਰਬਤ, ਤਿੱਬਤ, ਸ੍ਰੀ ਨਗਰ, ਮਟਨ ਸਾਹਿਬ, ਅਮਰਨਾਥ, ਵੈਸ਼ਨੋ ਦੇਵੀ, ਜੰਮੂ, ਸਿਆਲਕੋਟ, ਪਸਰੂਰ, ਆਦਿ ਸ਼ਾਮਲ ਹਨ|
੧੫੧੮ ਈ. ਤੋਂ ੧੫੨੧ ਈ. ਤੱਕ: ਇਸ ਪ੍ਰਚਾਰਿਕ ਦੌਰੇ ਵਿੱਚ ਗੁਰੂ ਨਾਨਕ ਸਾਹਿਬ ਮੁਸਲਮਾਨਾਂ ਦੇ ਪ੍ਰਸਿਧ ਅਸਥਾਨਾਂ ਪਾਕਪਟਨ, ਤੁਲੰਭਾ, ਮੱਕਾ, ਮਦੀਨਾ, ਬਗਦਾਦ, ਬਲਖ, ਕਾਬਲ, ਪਿਸ਼ੌਰ(ਗੋਰਖ ਹੱਟੜੀ), ਹਸਨ ਅਬਦਾਲ, ਸੈਦਪੁਰ(ਐਮਨਾਬਾਦ), ਆਦਿ ਥਾਵਾਂ ਤੇ ਗਏ| ਇਨ੍ਹਾਂ ਥਾਵਾਂ ਤੇ ਆਪ ਜੀ ਨੇ ਲੋਕਾਂ ਨੂੰ ਰੋਜ਼ੇ ਰੱਖਣ, ਸੁੰਨਤ ਕਰਾਉਣ, ਮੱਕਬਰਿਆਂ ਦੀ ਪੂਜਾ ਕਰਨ, ਭੇਖ ਧਾਰਨ ਆਦਿ ਤੋਂ ਵਰਜਿਆ ਅਤੇ ਸਮਝਾਇਆ ਕਿ ਕੇਵਲ ਪ੍ਰਭੂ ਦਾ ਸਿਮਰਨ ਹੀ ਅਸਲ ਬੰਦਗੀ ਹੈ| ਆਪ ਨੇ ਇਹ ਭੀ ਦੱਸਿਆ ਕਿ ਰੱਬ ਕੋਈ ਸਤਵੇਂ ਆਕਾਸ਼ ਜਾਂ ਕੇਵਲ ਕਾਅਬੇ ਵਿੱਚ ਹੀ ਨਹੀਂ ਰਹਿੰਦਾ| ਪ੍ਰਮਾਤਮਾ ਤਾਂ ਸਰਬ ਵਿਆਪਕ ਹੈ ਅਤੇ ਹਰ ਜੀਵ ਵਿੱਚ ਉਸ ਦੀ ਜੋਤ ਵਸਦੀ ਹੈ|
ਇਸ ਦੌਰੇ ਦੌਰਾਨ ਜਦੋਂ ਆਪ ਸੈਦਪੁਰ ਪਹੁੰਚੇ ਤਾਂ ਕੁੱਝ ਦਿਨਾਂ ਮਗਰੋਂ ਬਾਬਰ ਨੇ ਭਾਰਤ ਤੇ ਹਮਲਾ ਕਰ ਦਿੱਤਾ| ਇਥੇ ਗੁਰੂ ਸਾਹਿਬ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਬਾਬਰ ਦੇ ਅਤਿਆਚਾਰ ਸਹਿਣ ਕੀਤੇ| ਬਾਬਰ ਦੇ ਇਸ ਹਮਲੇ ਦਾ ਵੇਰਵਾ ਗੁਰੂ ਨਾਨਕ ਸਾਹਿਬ ਨੇ ਆਪਣੇ ਚਾਰ ਸ਼ਬਦਾਂ ( ਜਿਨ੍ਹਾਂ ਵਿਚੋਂ ਤਿੰਨ ਰਾਗ ਆਸਾ ਅਤੇ ਇੱਕ ਤਿਲੰਗ ਰਾਗ ) ਵਿੱਚ ਦਿੱਤਾ ਹੈ| ਇਨ੍ਹਾਂ ਸ਼ਬਦਾਂ ਵਿੱਚ ਆਪ ਨੇ ਬਾਬਰ ਦੇ ਅਤਿਆਚਾਰਾਂ ਅਤੇ ਪਠਾਣ-ਰਾਜਿਆਂ ਦੇ ਨੀਚ ਜੀਵਨ ਅਤੇ ਡਰਪੋਕ-ਪੁਣੇ ਨੂੰ ਲਾਹਨਤਾਂ ਪਾਈਆਂ ਹੋਈਆਂ ਹਨ|
੧੫੨੧ਈ. ਤੋਂ ੧੫੩੯ ਈ. ਤੱਕ: ਆਪ ਕਰਤਾਰਪੁਰ ਵਿੱਚ ਰਹੇ| ਇਹ ਨਗਰ ਗੁਰੂ ਨਾਨਕ ਸਾਹਿਬ ਨੇ ਆਪ ਵਸਾਇਆ ਸੀ| ਆਪਣੇ ਅੰਤ ਸਮੇਂ ਤੋ ਪਹਿਲਾਂ ਇਥੇ ਹੀ ਗੁਰੂ ਸਾਹਿਬ ਨੇ ਭਾਈ ਲਹਣੇ ਨੂੰ ਗੁਰਤਾ ਬਖਸ਼ ਕੇ ਗੁਰੂ ਅੰਗਦ ਥਾਪਿਆ ਸੀ| ਆਪ ਜੀ ਦੇ ਸੰਸਾਰਕ ਜੀਵਨ ਦਾ ਅੰਤ ਅਤੇ ਆਪ ਜੀ ਦੀ ਮਿਰਤਕ ਦੇਹ ਦਾ ਸੰਸਕਾਰ ਭੀ ਕਰਤਾਰਪੁਰ ਵਿੱਚ ਹੀ ਕੀਤਾ ਗਿਆ|
ਭਾਈ ਗੁਰਦਾਸ ਨੇ ਕੁੱਲ ੪੦ ਵਾਰਾਂ ਲਿੱਖੀਆਂ ਹਨ| ੪੧ਵੀਂ ਵਾਰ ਗੁੰਮ ਨਾਮ ਭਾਈ ਗੁਰਦਾਸ ਦੂਜੇ ਦੀ ਹੈ| ਇਸ ਵਾਰ ਵਿੱਚ ਗੁਰਮਤ ਵਿਰੋਧੀ ਵਿਚਾਰ ਦਿੱਤੇ ਹੋਏ ਹਨ|
ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਤੱਕ ਦੇ ਜੀਵਨ ਦਾ ਸੰਖੇਪ ਵੇਰਵਾ ਦਿੱਤਾ ਹੋਇਆ ਹੈ| ਇਸ ਤੋਂ ਇਲਾਵਾ ਭਾਈ ਗੁਰਦਾਸ ਨੇ ਇਸ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਜੀਵਨ, ਉਨ੍ਹਾਂ ਦੇ ਸਮੇਂ ਦੇ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਕ ਹਾਲਾਤਾਂ ਵਾਰੇ ਸੰਖੇਪ ਵੇਰਵੇ ਵੀ ਦਿੱਤੇ ਹਨ| ਇਸ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਚਾਰਿਕ ਦੌਰੀਆਂ ਦੌਰਾਨ ਹਿੰਦੂ ਪੀਰਾਂ, ਮੁਸਲਿਮ ਫਕੀਰਾਂ ਅਤੇ ਸਿੱਧਾਂ ਨਾਲ ਵੀਚਾਰਾਂ ਦਾ ਸੰਖੇਪ ਵੇਰਵਾ ਭੀ ਮਿਲਦਾ ਹੈ|
ਭਾਈ ਗੁਰਦਾਸ ਦੀ ਪਹਿਲੀ ਵਾਰ ਦੀਆਂ ੪੯ ਪਉੜੀਆਂ ਹਨ | ੨੪ਵੀਂ, ੨੫ਵੀਂ, ੨੬ਵੀਂ ਅਤੇ ੨੭ਵੀਂ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਚਾਰਿਕ ਦੌਰਿਆਂ ਅਤੇ ਉਸ ਵੇਲੇ ਦੇ ਧਾਰਮਿਕ ਹਾਲਾਤਾਂ ਦਾ ਵੇਰਵਾ ਹੈ | ੨੭ਵੀਂ, ੨੮ਵੀਂ, ੨੯ਵੀਂ, ੩੦ਵੀਂ ਅਤੇ ੩੧ਵੀਂ ਪਉੜੀ ਵਿੱਚ ਸੁਮੇਰ ਪਰਬਤ ਤੇ ਸਿੱਧਾਂ ਨਾਲ ਗੋਸ਼ਟੀ, ੩੨ਵੀਂ, ੩੩ਵੀਂ ਅਤੇ ੩੪ਵੀਂ ਪਉੜੀ ਵਿੱਚ ਮੱਕੇ ਦੀ ਫੇਰੀ ਅਤੇ ਮੁਸਲਿਮ ਫਕੀਰਾਂ ਨਾਲ ਵੀਚਾਰਾਂ, ੩੫ਵੀਂ, ੩੬ਵੀਂ ਅਤੇ ੩੭ਵੀਂ ਪਉੜੀ ਵਿੱਚ ਬਗਦਾਦ ਦੀ ਫੇਰੀ ਅਤੇ ੩੮ਵੀਂ ਪਉੜੀ ਵਿੱਚ ਕਰਤਾਰਪੁਰ ਵਾਪਸੀ ਦਾ ਸੰਖੇਪ ਵੇਰਵਾ ਮਿਲਦਾ ਹੈ| ੩੯ਵੀਂ, ੪੦ਵੀਂ, ੪੧ਵੀਂ, ੪੨ਵੀਂ, ੪੩ਵੀਂ ਅਤੇ ੪੪ਵੀਂ ਪਉੜੀ ਵਿੱਚ ਅਚੱਲ-ਬਟਾਲੇ ਵਿੱਚ ਸਿੱਧਾਂ ਨਾਲ ਹੋਈ ਗੋਸ਼ਟੀ ਦਾ ਵੇਰਵਾ ਹੈ|
ਯੋਗ-ਮੱਤ ਬਹੁਤ ਪੁਰਾਣਾ ਮੱਤ ਹੈ| ਯੋਗੀ ਸ਼ਿਵਜੀ ਦੇ ਭਗਤ ਹਨ| ਸ਼ਿਵਜੀ ਨੂੰ ਇਹ ਮਹਾਂ ਯੋਗੀ ਅਤੇ ਸਭ ਤੋਂ ਪਹਿਲਾ ਯੋਗੀ ਮੰਨਦੇ ਹਨ| ਯੋਗੀ ਭੈਰੋਂ ਦੀ ਪੂਜਾ ਭੀ ਕਰਦੇ ਹਨ| ਭੈਰੋਂ ਨੂੰ ਇਹ ਸ਼ਿਵਜੀ ਦਾ ਅਵਤਾਰ ਮੰਨਦੇ ਹਨ| ਯੋਗੀ ਪਿੰਡਾਂ ਤੋਂ ਬਾਹਰ ਅਤੇ ਜੰਗਲ-ਬੇਲਿਆਂ ਵਿੱਚ ਰਹਿੰਦੇ ਹਨ, ਗਲ ਵਿੱਚ ਰੁਦ੍ਰਾਖ ਦੀ ਮਾਲਾ ਪਾਉਂਦੇ ਹਨ ਅਤੇ ਕੰਨਾਂ ਨੂੰ ਪੜਵਾ ਕੇ ਲਕੜੀ, ਸ਼ੀਸ਼ੇ ਜਾਂ ਪੱਥਰ ਦੀਆਂ ਮੁੰਦਰਾਂ ਪਾਉਂਦੇ ਹਨ| ਯੋਗੀ ਗਲ ਵਿੱਚ ਗੋਦੜੀ ਪਹਿਨਦੇ ਹਨ, ਹੱਥ ਵਿੱਚ ਡੰਡਾ ਰੱਖਦੇ ਹਨ ਅਤੇ ਪਿੰਡੇ ਤੇ ਸੁਆਹ ਮਲ ਕੇ ਰੱਖਦੇ ਹਨ| ਯੋਗੀ ਆਪਣੇ ਕੋਲ ਇੱਕ ਬੰਸਰੀ ਰੱਖਦੇ ਹਨ ਜਿਸ ਨੂੰ ਇਕਾਂਤ ਵੇਲੇ ਵਜਾਉਂਦੇ ਹਨ| ਯੋਗੀ ਰਿੱਧੀਆਂ-ਸਿੱਧੀਆਂ ਵਿੱਚ ਵਿਸ਼ਵਾਸ਼ ਰੱਖਦੇ ਹਨ|
ਗੁਰੂ ਨਾਨਕ ਸਾਹਿਬ ਵੇਲੇ ਸਿੱਧਾਂ-ਯੋਗੀਆਂ ਦਾ ਬਹੁਤ ਬੋਲ-ਬਾਲਾ ਸੀ | ਜੰਤ੍ਰਾਂ, ਮੰਤ੍ਰਾਂ, ਤੰਤ੍ਰਾਂ ਅਤੇ ਰਿੱਧੀਆਂ-ਸਿੱਧੀਆਂ ਦੇ ਜ਼ੋਰ ਨਾਲ ਇਹ ਲੋਕਾਂ ਨੂੰ ਪ੍ਰਭਾਵਿਤ ਕਰ ਲੈਂਦੇ ਸਨ| ਸਮਾਜ ਵਿੱਚ ਇਹ ਆਪਣੇ ਆਪ ਨੂੰ ਸਭ ਤੋਂ ਉੱਤਮ ਸਮਝਦੇ ਸਨ|
ਗੋਸ਼ਟੀ ਦਾ ਅਰਥ ਹੈ, “ਵਿਚਾਰ-ਚਰਚਾ”| ਭਾਈ ਗੁਰਦਾਸ ਦੇ ਉੱਪਰ ਦਿੱਤੇ ਇਨ੍ਹਾਂ ਵੇਰਵਿਆਂ ਨੂੰ ਪੜ੍ਹਨ ਮਗਰੋਂ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ ਕਈ ਗੋਸ਼ਟੀਆਂ ਕੀਤੀਆਂ ਸਨ| ਸਭ ਤੋਂ ਪਹਿਲੀ ਚਰਚਾ ਗੋਰਖ ਮਤੇ ਵਿੱਚ, ਦੂਜੀ ਸੁਮੇਰ ਪਰਬਤ ਵਿੱਚ, ਤੀਜੀ ਗੋਰਖ-ਹਟੜੀ ਪਿਸ਼ਾਵਰ ਵਿਖੇ ਅਤੇ ਚੌਥੀ ਚਰਚਾ ਅਚੱਲ-ਬਟਾਲੇ ਹੋਈ| ਹਰ ਮਿਲਣੀ ਵੇਲੇ ਯੋਗੀਆਂ ਨੇ ਕਰਾਮਾਤਾਂ ਨਾਲ ਗੁਰੂ ਸਾਹਿਬ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰੀ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਗੁਰਮਤ ਵੀਚਾਰਾਂ ਅੱਗੇ ਸਿਰ ਨਿਵਾਉਣਾ ਪਿਆ| ਸਿੱਧਾਂ ਨਾਲ ਹੋਈਆਂ ਇਨ੍ਹਾਂ ਸਾਰੀਆਂ ਗੋਸ਼ਟੀਆਂ ਵਿਚੋਂ ਲਿਖਤੀ ਵੇਰਵਾ ਕੇਵਲ ਸੁਮੇਰ ਪਰਬਤ ਅਤੇ ਅਚੱਲ ਬਟਾਲੇ ਵਾਲੀਆਂ ਗੋਸ਼ਟੀਆਂ ਦਾ ਹੀ ਮਿਲਦਾ ਹੈ| ਇਨ੍ਹਾਂ ਦੋਨਾਂ ਗੋਸ਼ਟੀਆਂ ਦਾ ਵੇਰਵਾ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਦਿੱਤਾ ਹੈ ਅਤੇ ਸਿੱਧਾਂ ਨਾਲ ਅਚੱਲ ਬਟਾਲੇ ਹੋਈ ਗੋਸ਼ਟੀ ਨੂੰ ਗੁਰੂ ਨਾਨਕ ਸਾਹਿਬ ਨੇ ਆਪ ਲਿਖਤੀ ਰੂਪ ਦਿੱਤਾ| ਬੀੜ ਤਿਆਰ ਕਰਨ ਵੇਲੇ ਗੁਰੂ ਅਰਜਨ ਸਾਹਿਬ ਨੇ ਇਸ ਗੋਸ਼ਟ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕਰ ਦਿੱਤਾ ਅਤੇ ਇਸ ਦਾ ਨਾਮ “ਸਿਧ ਗੋਸਟਿ” ਰੱਖਿਆ| “ਸਿਧ ਗੋਸਟਿ” ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾਂ ੯੩੮ ਤੋਂ ਲੈ ਕੇ ੯੪੬ ਤੱਕ ਸ਼ਸ਼ੋਬਤ ਹੈ|
ਗੁਰੂ ਨਾਨਕ ਸਾਹਿਬ ਦੀ ਫਲਾਸਫੀ ਨੂੰ ਸਮਝਣ ਲਈ “ਸਿਧ ਗੋਸਟਿ” ਬਾਣੀ ਨੂੰ ਪੜ੍ਹਨਾ ਅਤੇ ਸਮਝਣਾ ਬਹੁਤ ਜ਼ਰੂਰੀ ਹੈ| “ਸਿਧ ਗੋਸਟਿ” ਬਹੁਤ ਲੰਮੀ ਬਾਣੀ ਹੈ| ਇਸ ਲਈ ਇਸ ਲੇਖ ਨੂੰ ਕਈ ਭਾਗਾਂ ਵਿੱਚ ਵੰਡਿਆ ਗਿਆ ਹੈ| ਇਸ ਲੇਖ ਦਾ ਪਹਿਲਾ ਭਾਗ ਅਸੀਂ ਭਾਈ ਗੁਰਦਾਸ ਦੀਆਂ ਵਾਰਾਂ ਵਿਚੋਂ “ਸਿਧ ਗੋਸਟੀ” ਸ਼ੁਰੂ ਕਰਦੇ ਹਾਂ| ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ “ਸਿਧ ਗੋਸਟਿ” ਨੂੰ ਅਗਲੇ ਭਾਗਾਂ ਵਿੱਚ ਦੇਵਾਂਗੇ|
ਸਭ ਤੋਂ ਪਹਿਲਾਂ ਆਉ ਆਪਾਂ ਗੁਰੂ ਨਾਨਕ ਸਾਹਿਬ ਦੀ ਸੁਮੇਰ ਪਰਬਤ ਤੇ ਸਿੱਧਾਂ ਨਾਲ ਹੋਈ ਗੋਸਟੀ ਨੂੰ ਭਾਈ ਗੁਰਦਾਸ ਦੀਆਂ ਵਾਰਾਂ ਰਾਹੀਂ ਸੁਣੀਏ| ਇਨ੍ਹਾਂ ਪਉੜੀਆਂ ਵਿੱਚ ਦਿੱਤੀ “ਸਿਧ ਗੋਸਟਿ” ਦਾ ਸੰਖੇਪ ਭਾਵ ਇਹ ਹੈ ਕਿ ਉਸ ਵੇਲੇ ਰਾਜੇ ਬੜੇ ਜ਼ਾਲਮ ਹੋ ਚੁੱਕੇ ਸਨ, ਲੋਕ ਅਗਿਆਨੀ ਸਨ, ਝੂਠ ਦਾ ਹਰ ਪਾਸੇ ਬੋਲਬਾਲਾ ਸੀ, ਕਾਜ਼ੀ ਰਿਸ਼ਵਤੀ ਸਨ ਜੋ ਨਿਆਂ ਰਿਸ਼ਵਤ ਲੈ ਕੇ ਹੀ ਕਰਦੇ ਸਨ, ਇਸਤਰੀਆਂ ਦਾ ਪਿਆਰ ਆਪਣੇ ਭਰਤਿਆਂ ਨਾਲ ਕੇਵਲ ਪੈਸੇ ਕਰਕੇ ਸੀ| ਉਨ੍ਹਾਂ ਨੂੰ ਕੋਈ ਮਤਲਬ ਨਹੀਂ ਸੀ ਕਿ ਉਹ ਇਹ ਪੈਸੇ ਕਿਥੋਂ ਅਤੇ ਕਿਵੇਂ ਲੈ ਕੇ ਆਉਂਦੇ ਸਨ |
ਗੁਰੂ ਨਾਨਕ ਸਾਹਿਬ ਨੇ ਜਦੋਂ ਪ੍ਰਚਾਰਿਕ ਦੌਰਿਆਂ ਤੇ ਗਏ ਤਾਂ ਉਨ੍ਹਾਂ ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਅਤੇ ਲੋਕਾਂ ਵਲੋਂ ਕੀਤੇ ਜਾ ਰਹੇ ਕ੍ਰਮ-ਕਾਂਡ,ਅੰਧ -ਵਿਸ਼ਵਾਸ਼ਾਂ, ਅਗਿਆਨਤਾ ਆਦਿ ਨੂੰ ਦੂਰ ਕੀਤਾ| ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਘਰ ਘਰ ਵਡਿਆਈ ਹੋਣ ਲੱਗ ਪਈ|
ਇਨ੍ਹਾਂ ਪ੍ਰਚਾਰਿਕ ਦੌਰਿਆਂ ਦੌਰਾਨ ਗੁਰੂ ਸਾਹਿਬ ਇੱਕ ਵਾਰ ਸੁਮੇਰ ਪਰਬਤ ਤੇ ਚਲੇ ਗਏ| ਉਥੇ ਉਨ੍ਹਾਂ ਨੂੰ ਸਿੱਧ ਮਿਲ ਗਏ| ਸਿੱਧਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਕਿਹੜੀ ਸ਼ਕਤੀ ਨਾਲ ਉਥੇ ਪਹੁੰਚ ਗਏ? ਗੁਰੂ ਸਾਹਿਬ ਨੇ ਕਿਹਾ ਕਿ ਮਾਲਕ ਪ੍ਰਭੂ ਦੀ ਕ੍ਰਿਪਾ ਉਨ੍ਹਾਂ ਨੂੰ ਸੁਮੇਰ ਪਰਬਤ ਤੇ ਲੈ ਕੇ ਆਈ ਸੀ| ਸਿੱਧਾਂ ਨੇ ਪੁੱਛਿਆ ਕੇ ਮਾਤ ਲੋਕ ਵਿੱਚ ਪਰਜਾ ਦਾ ਕੀ ਹਾਲ ਸੀ ਤਾਂ ਗੁਰੂ ਸਾਹਿਬ ਨੇ ਸਿੱਧਾਂ ਨੂੰ ਲਾਹਨਤ ਪਾਈ ਕਿ ਜੇ ਤੁਹਾਡੇ ਵਰਗੇ ਸਿਆਣੇ ਲੋਕ ਪਰਜਾ ਦੀ ਅਗਵਾਈ ਨਹੀਂ ਕਰਨਗੇ ਤਾਂ ਪਰਜਾ ਦੀ ਹਾਨੀ ਹੀ ਹੋਵੇਗੀ| ਸੱਚ ਤੋਂ ਬਗੈਰ ਸੰਸਾਰ ਡੁੱਬ ਰਿਹਾ ਹੈ| ਗੱਲ ਬਾਤ ਦੌਰਾਨ ਸਿੱਧਾਂ ਨੇ ਭਾਂਪ ਲਿਆ ਕਿ ਗੁਰੂ ਸਾਹਿਬ ਬਹੁਤ ਸਿਆਣੇ ਹਨ| ਕਿਵੇਂ ਨਾ ਕਿਵੇਂ ਉਨ੍ਹਾਂ ਨੂੰ ਯੋਗ ਮੱਤ ਵਲ ਪਰੇਰ ਕੇ ਲਿਆਂਦਾ ਜਾਵੇ| ਜੇ ਗੁਰੂ ਸਾਹਿਬ ਸਿੱਧ ਬਣ ਜਾਨਣ ਤਾਂ ਯੋਗ ਮੱਤ ਦੀ ਬਹੁਤ ਤਰੱਕੀ ਹੋ ਜਾਵੇਗੀ| ਇਸ ਲਈ ਉਨ੍ਹਾਂ ਗੁਰੂ ਸਾਹਿਬ ਨੂੰ ਲਾਲਚ ਅਤੇ ਕਰਾਮਾਤਾਂ ਦਿਖਾ ਕੇ ਭਰਮਾਉਣ ਦਾ ਯਤਨ ਕੀਤਾ| ਉਨ੍ਹਾਂ ਨੇ ਗੁਰੂ ਸਾਹਿਬ ਨੂੰ ਇੱਕ ਭਾਂਡਾ ਦੇ ਕੇ ਨੇੜਲੇ ਤਲਾਬ ਵਿਚੋਂ ਪਾਣੀ ਲਿਆਉਣ ਲਈ ਕਿਹਾ| ਜਦ ਗੁਰੂ ਸਾਹਿਬ ਉਥੇ ਪਹੁੰਚੇ ਤਾਂ ਦੇਖਿਆ ਕਿ ਤਲਾਬ ਪਾਣੀ ਤਾਂ ਹੈ ਨਹੀਂ ਸੀ ਪਰ ਉਹ ਤਾਂ ਹੀਰੇ ਮੋਤੀਆਂ ਨਾਲ ਭਰਿਆ ਹੋਇਆ ਸੀ| ਆਪ ਸਮਝ ਗਏ ਕਿ ਇਹ ਜੋਗੀਆਂ ਦੀ ਕਰਮਾਤ ਸੀ ਤਾਂ ਜੋ ਉਨ੍ਹਾਂ ਨੂੰ ਸੱਚ ਤੋਂ ਭਰਮਾ ਲਿਆ ਜਾਵੇ| ਗੁਰੂ ਸਾਹਿਬ ਖਾਲੀ ਵਾਪਸ ਆ ਗਏ ਅਤੇ ਸਿੱਧਾਂ ਨੂੰ ਕਹਿਣ ਲੱਗੇ ਕਿ ਪਾਣੀ ਉੱਥੇ ਨਹੀਂ ਸੀ| ਇਸ ਘਟਨਾ ਨਾਲ ਸਿੱਧ ਗੁਰੂ ਸਾਹਿਬ ਤੋਂ ਬਹੁਤ ਪ੍ਰਭਾਵਿਤ ਹੋ ਗਏ, ਉਨ੍ਹਾਂ ਵਿੱਚੋਂ ਬਹੁਤ ਸਾਰੇ ਸਿੱਧਾਂ ਨੇ ਸਿੱਖ ਮੱਤ ਧਾਰਨ ਕਰ ਲਿਆ ਅਤੇ ਗੁਰੂ ਸਾਹਿਬ ਦੇ ਸਿੱਖ ਬਣ ਗਏ| ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਸਿੱਧ ਮੰਡਲੀ ਨੂੰ ਜਿੱਤ ਲਿਆ ਅਤੇ ਉਨ੍ਹਾਂ ਨੂੰ ਸੱਚ ਦਾ ਨਿਰਾਲਾ ਰਸਤਾ ਦਿਖਾ ਕੇ ਸਹੀ ਜੀਵਨ ਦੀ ਸੇਧ ਬਖਸ਼ੀ| ਹੁਣ ਆਓ ਇਨ੍ਹਾਂ ਵਾਰਾਂ ਨੂੰ ਪੜ੍ਹੋ;
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ॥
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
ਬਾਬੇ ਤਾਰੇ ਚਾਰਿ ਚਕ ਨਉ ਖੰਡਿ ਪ੍ਰਿਥਮੀ ਸਚਾ ਢੋਆ॥
ਗੁਰਮੁਖਿ ਕਲਿ ਵਿਚਿ ਪਰਗਟ ਹੋਆ ॥੨੭॥
ਬਾਬੇ ਡਿਠੀ ਪਿਰਥਮੀ ਨਵੇਂ ਖੰਡ ਜਿਥੈ ਤਕਿ ਆਹੀ॥
ਫਿਰ ਜਾਇ ਚੜ੍ਹਿਆ ਸੁਮੇਰ ਪਰ ਸਿਧ ਮੰਡਲੀ ਦ੍ਰਿਸਟੀ ਆਈ॥
ਚਉਰਾਸੀਹ ਸਿਧ ਗੋਰਖਾਦਿ ਮਨ ਅੰਦਰਿ ਗਣਤੀ ਵਰਤਾਈ॥
ਸਿਧ ਪੁਛਣ ਸੁਣ ਬਾਲਿਆ ਕਉਣ ਸਕਤ ਤੁਹਿ ਏਥੇ ਲਿਆਈ॥
ਹਉ ਜਪਿਆ ਪਰਮੇਸਰੋ ਭਾਉ ਭਗਤਿ ਸੰਗਿ ਤਾੜੀ ਲਾਈ॥
ਆਖਣ ਸਿਧ ਸੁਣ ਬਾਲਿਆ ਅਪਣਾ ਨਾਉ ਤੁਮ ਦਹੁ ਬਤਾਈ ॥
ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤਿ ਪਾਈ॥
ਨੀਚੁ ਕਹਾਇ ਊਚ ਘਰਿ ਆਈ ॥੨੮॥
ਫਿਰਿ ਪੁਛਣ ਸਿਧ ਨਾਨਕਾ ਮਾਤ ਲੋਕ ਵਿਚਿ ਕਿਆ ਵਰਤਾਰਾ॥
ਸਭ ਸਿਧੀ ਇਹ ਬੁਝਿਆ ਕਲਿ ਤਾਰਣ ਨਾਨਕ ਅਵਤਾਰਾ॥
ਬਾਬੇ ਆਖਿਆ ਨਾਥ ਜੀ ਸਚਿ ਚੰਦ੍ਰਮਾ ਕੂੜ ਅੰਧਾਰਾ॥
ਕੂੜ ਅਮਾਵਸ ਵਰਤਿਆ ਹਉ ਭਾਲਨਿ ਚੜ੍ਹਿਆ ਸੰਸਾਰਾ॥
ਪਾਪ ਗਿਰਾਸੀ ਪਿਰਥਮੀ ਧਉਲੁ ਖੜਾ ਧਰਿ ਹੇਠ ਪੁਕਾਰਾ॥
ਸਿਧ ਛਪਿ ਬੈਠੇ ਪਰਬਤੀ ਕਉਣੁ ਜਗਤਰਿ ਕਉ ਪਾਰਿ ਉਤਾਰਾ॥
ਜੋਗੀ ਗਿਆਨ ਵਿਹੂਣਿਆ ਨਿਸਦਿਨਿ ਅੰਗਿ ਲਗਾਇਨਿ ਛਾਰਾ॥
ਬਾਝੁ ਗੁਰੂ ਡੁਬਾ ਜਗ ਸਾਰਾ ॥੨੯॥
ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ॥
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ॥
ਪਰਜਾ ਅੰਧੀ ਗਿਆਨ ਬਿਨੁ ਕੂੜ ਕੁਸਤਿ ਮੁਖਹੁ ਆਲਾਈ॥
ਚੇਲੇ ਸਾਜ ਵਜਾਇੰਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ॥
ਸੇਵਕ ਬੈਠਨਿ ਘਰਾਂ ਵਿਚਿ ਗੁਰ ਉਠਿ ਘਰੀ ਤਿਨਾੜੇ ਜਾਈ॥
ਕਾਜੀ ਹੋਏ ਰਿਸਵਤੀ ਵਢੀ ਲੈਕੇ ਹਕ ਗਵਾਈ॥
ਇਸਤ੍ਰੀ ਪੁਰਖੈ ਦਾਮ ਹਿਤ ਭਾਵੈ ਆਇ ਕਿਥਾਊ ਜਾਈ॥
ਵਰਤਿਆ ਪਾਪ ਸਭਸ ਜਗ ਮਾਂਹੀ ॥੩੦॥
ਸਿਧੀ ਮਨੇ ਬੀਚਾਰਿਆ ਕਿਵੈ ਦਰਸਨ ਏਹ ਲੇਵੈ ਬਾਲਾ॥
ਐਸਾ ਜੋਗੀ ਕਲੀ ਮਹਿ ਹਮਰੇ ਪੰਥ ਕਰੇ ਉਜਿਆਲਾ॥
ਖਪਰ ਦਿਤਾ ਨਾਥ ਜੀ ਪਾਣੀ ਭਰਿ ਲੈਵਣ ਉਠਿ ਚਾਲਾ॥
ਬਾਬਾ ਆਇਆ ਪਾਣੀਐ ਡਿਠੇ ਰਤਨ ਜਵਾਹਰ ਲਾਲਾ॥
ਸਤਿਗੁਰ ਅਗਮ ਅਗਾਧਿ ਪੁਰਖੁ ਕੇਹੜਾ ਝਲੇ ਗੁਰੂ ਦੀ ਝਾਲਾ॥
ਫਿਰ ਆਇਆ ਗੁਰ ਨਾਥ ਜੀ ਪਾਣੀ ਠਉੜ ਨਹੀ ਉਸਿ ਤਾਲਾ॥
ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਅਪਣਾ ਪੰਥੁ ਨਿਰਾਲਾ॥
ਕਲਿਜੁਗਿ ਨਾਨਕ ਨਾਮੁ ਸੁਖਾਲਾ ॥੩੧॥

ਹੁਣ ਅਸੀਂ ਅਚੱਲ ਬਟਾਲੇ ਵਾਲੀ “ਸਿਧ ਗੋਸਟਿ” ਦਾ ਜ਼ਿਕਰ ਕਰਦੇ ਹਾਂ| ਅਸੀਂ ਉਪਰ ਦੱਸ ਆਏ ਹਾਂ ਕਿ ੧੫੨੧ਈ. ਵਿੱਚ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਨਗਰ ਵਸਾਇਆ ਸੀ | ਕਰਤਾਰਪੁਰ ਰਾਵੀ ਦਰਿਆ ਦੇ ਕੰਢੇ ਤੇ ਹੈ ਅਤੇ ਅੱਜ ਕੱਲ ਇਹ ਨਗਰ ਪਾਕਿਸਤਾਨ ਵਿੱਚ ਹੈ| ਗੁਰੂ ਸਾਹਿਬ ਇਥੇ ਹਰ ਰੋਜ਼ ਸਵੇਰੇ ਸ਼ਾਮ ਧਰਮਸਾਲਾ ਵਿੱਚ ਸਤ ਸੰਗਤ ਲਗਾਉਂਦੇ ਸਨ ਅਤੇ ਲੋਕਾਂ ਨੂੰ ਕ੍ਰਮ-ਕਾਂਡਾਂ ਤੋਂ ਹਟਾ ਕੇ ਸੱਚ ਦੇ ਰਸਤੇ ਤੇ ਪਾਉਂਦੇ ਸਨ| ਕਰਤਾਰਪੁਰ ਵਿੱਚ ਗੁਰੂ ਸਾਹਿਬ ਨੇ ਆਪ ਹੱਥੀਂ ਧਰਮ ਦੀ ਕਿਰਤ ਕਰਨੀ, ਨਾਮ ਜਪਣ ਅਤੇ ਵੰਡ ਛੱਕਣ ਦੀ ਅਮਲੀ ਸਿੱਖਿਆ ਦਿੱਤੀ| ਇਥੋਂ ਆਪ ਦੂਰ-ਦੂਰ ਪ੍ਰਚਾਰ ਕਰਨ ਲਈ ਜਾਂਦੇ ਰਹੇ| ਇਥੋਂ ਹੀ ਆਪ ਮੁਲਤਾਨ ਅਤੇ ਸਿਆਲਕੋਟ ਦੀ ਪ੍ਰਚਾਰਕ ਫੇਰੀਆਂ ਤੇ ਗਏ| ਸ਼ਿਵਰਾਤਰੀ ਦੇ ਮੌਕੇ ਤੇ ਇੱਕ ਵਾਰ ਆਪ ਭਾਈ ਮਰਦਾਨਾ ਜੀ ਨਾਲ ਅਚੱਲ ਬਟਾਲੇ ਗਏ| ਉਸ ਸਮੇਂ ਤੱਕ ਗੁਰੂ ਸਾਹਿਬ ਜੀ ਦੀ ਸ਼ੋਭਾ ਦੂਰ-ਦੂਰ ਤੱਕ ਫੈਲ ਚੁੱਕੀ ਸੀ| “ਅੱਚਲ”, ਬਟਾਲੇ ਤੋਂ ਤਿੰਨ ਮੀਲ ਦੂਰ ਹੈ| ਇਥੇ ਮਹਾਂਦੇਵ (ਸ਼ਿਵ ਜੀ) ਦਾ ਮੰਦਰ ਬਣਿਆਂ ਹੋਇਆ ਸੀ| ਇਥੇ ਹਰ ਸਾਲ ਸ਼ਿਵਰਾਤਰੀ ਦੇ ਸਮੇਂ ਫਗਣ ਮਹੀਨੇ ਭਾਰੀ ਮੇਲਾ ਲਗਦਾ ਸੀ| ਯੋਗੀ ਭੀ ਦੂਰੋਂ ਦੂਰੋਂ ਸ਼ਿਵਰਾਤਰੀ ਦੇ ਇਸ ਮੇਲੇ ਵਿੱਚ ਪਹੁੰਚੇ ਹੋਏ ਸਨ|
ਜਦੋਂ ਗੁਰੂ ਜੀ ਇਸ ਮੇਲੇ ਤੇ ਪਹੁੰਚੇ ਤਾਂ ਬਹੁਤ ਭਾਰੀ ਗਿਣਤੀ ਵਿੱਚ ਲੋਕ ਗੁਰੂ ਸਾਹਿਬ ਦੇ ਉਪਦੇਸ਼ ਸੁਣਨ ਲਈ ਸਤ-ਸੰਗਤ ਵਿੱਚ ਆ ਗਏ| ਯੋਗੀਆਂ ਵਾਲੇ ਪਾਸੇ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ| ਇਹ ਦੇਖ ਕੇ ਯੋਗੀਆਂ ਨੂੰ ਬਹੁਤ ਈਰਖਾ ਹੋਈ|
ਗੁਰੂ ਸਾਹਿਬ ਦੇ ਨੇੜੇ ਰਾਸਧਾਰੀਏ ਭਾਵ ਨਾਟਕ-ਮੰਡਲੀ ਰਾਸ ਪਾ ਰਹੇ ਸਨ| ਲੋਕਾਂ ਤੋਂ ਪੈਸੇ ਇੱਕਠੇ ਕਰਨ ਲਈ ਉਨ੍ਹਾਂ ਉੱਥੇ ਇੱਕ ਲੋਟਾ ਰੱਖਿਆ ਹੋਇਆ ਸੀ| ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਯੋਗੀਆਂ ਨੇ ਕਰਾਮਾਤੀ ਸ਼ਕਤੀ ਨਾਲ ਰਾਸਧਾਰੀਆਂ ਦੇ ਪੈਸਿਆਂ ਵਾਲਾ ਲੋਟਾ ਚੁੱਕ ਕੇ ਲੁਕਾ ਲਿਆ| ਗਰੀਬ ਰਾਸਧਾਰੀਏ ਰਾਸ ਭੁੱਲ ਗਾਏ ਅਤੇ ਲੋਟਾ ਵਾਪਸ ਲੈਣ ਲਈ ਯੋਗੀਆਂ ਅੱਗੇ ਤਰਲੇ ਕਢਣ ਲੱਗੇ ਪਰ ਯੋਗੀਆਂ ਨੇ ਲੋਟਾ ਵਾਪਸ ਨਾ ਕੀਤਾ| ਗੁਰੂ ਨਾਨਕ ਸਾਹਿਬ ਨੂੰ ਗਰੀਬ ਰਾਸਧਾਰੀਆਂ ਤੇ ਬਹੁਤ ਤਰਸ ਆਇਆ ਅਤੇ ਯੋਗੀਆਂ ਵਲੋਂ ਉਨ੍ਹਾਂ ਦੀ ਕੀਤੀ ਨਿਰਾਦਰੀ ਸਹਾਰ ਨਾ ਸਕੇ| ਭਾਈ ਗੁਰਦਾਸ ਜੀ ਲਿਖਦੇ ਹਨ ਕਿ ਜਾਣੀ-ਜਾਣ ਗੁਰੂ ਨਾਨਕ ਸਾਹਿਬ ਨੇ ਯੋਗੀਆਂ ਵਲੋਂ ਲੁਕਾਇਆ ਹੋਇਆ ਉਹ ਲੋਟਾ ਲੱਭ ਕੇ ਗਰੀਬ ਰਾਸਧਾਰੀਆਂ ਨੂੰ ਦੇ ਦਿੱਤਾ| ਇਸ ਤਰ੍ਹਾਂ ਯੋਗੀਆਂ ਦੀ ਕਰਾਮਾਤ ਦਾ ਹਥਿਆਰ ਫ਼ੇਲ ਹੋ ਗਿਆ|
ਇਸ ਤੋਂ ਬਾਅਦ ਯੋਗੀਆਂ ਦੀ ਈਰਖਾ ਹੋਰ ਬਹੁਤ ਜ਼ਿਆਦਾ ਵਧ ਗਈ ਅਤੇ ਉਹ ਗੁਰੂ ਸਾਹਿਬ ਨਾਲ ਬਹਿਸ ਕਰਨ ਲੱਗ ਪਏ| ਯੋਗੀ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਿ ਇੱਕ ਵਾਰ ਤੁਸੀਂ ਫਕੀਰੀ ਬਾਣਾ ਧਾਰਨ ਕਰ ਲਿਆ ਸੀ ਹੁਣ ਫਿਰ ਦਵਾਰਾ ਗ੍ਰਹਸਤੀ ਕਿਉਂ ਬਣ ਗਏ? ਤੁਸੀਂ ਤਾਂ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ| ਗੁਰੂ ਸਾਹਿਬ ਨੇ ਯੋਗੀਆਂ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਉਨ੍ਹਾਂ ਨੇ ਕਦੇ ਵੀ ਫਕੀਰੀ ਧਾਰਨ ਨਹੀਂ ਸੀ ਕੀਤੀ ਉਹ ਤਾਂ ਪਹਿਲਾਂ ਤੋਂ ਹੀ ਗ੍ਰਿਹਸਤੀ ਸਨ| ਉਹ ਆਪਣੀ ਸਹੂਲਤ ਵਾਸਤੇ ਲੋੜ ਮੁਤਾਬਕ ਕਪੜੇ ਪਾਉਂਦੇ ਸਨ ਅਤੇ ਦੂਰ-ਦੂਰ ਤੱਕ ਸੱਚ ਦਾ ਪ੍ਰਚਾਰ ਕਰਨ ਲਈ ਥਾਂ-ਥਾਂ ਜਾਂਦੇ ਰਹੇ ਹਨ| ਤੁਸੀਂ ਗ੍ਰਿਸਤੀ ਲੋਕਾਂ ਨੂੰ ਕਿਉਂ ਨਿੰਦਦੇ ਹੋ| ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਕਿਉਂਕਿ ਤੁਸੀਂ ਅੰਨ-ਦਾਣੇ, ਬਸਤਰ ਅਤੇ ਹੋਰ ਲੋੜਾਂ ਪੂਰੀਆਂ ਕਰਨ ਲਈ ਇਨ੍ਹਾਂ ਗ੍ਰਿਸਤੀਆਂ ਦੇ ਦਰ ਤੇ ਜਾ ਕੇ ਹੀ ਅਲੱਖ ਜਗਾਉਂਦੇ ਹੋ| ਤੁਹਾਡੇ ਨਾਲੋਂ ਤਾਂ ਮਿਹਨਤਕਸ਼ ਗ੍ਰਿਸਤੀ ਕਈ ਦਰਜ਼ੇ ਚੰਗੇ ਹਨ| ਉਹ ਆਪ ਹਥੀਂ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ, ਆਏ ਗਏ ਦੀ ਸੇਵਾ ਕਰਦੇ ਹਨ ਅਤੇ ਤੁਹਾਡੇ ਵਰਗੇ ਵਿਹਲੜਾਂ ਦੀਆਂ ਲੋੜਾਂ ਵੀ ਪੂਰੀਆਂ ਕਰਦੇ ਹਨ|
ਗੁਰੂ ਨਾਨਕ ਸਾਹਿਬ ਦੇ ਇਹ ਬਚਨ ਸੁਣ ਕੇ ਯੋਗੀ ਨਿਰੁੱਤਰ ਤਾਂ ਹੋ ਗਏ ਪਰ ਉਨ੍ਹਾਂ ਹੱਠ ਨਾ ਛੱਡਿਆ ਅਤੇ ਉਹ ਕਰਾਮਾਤਾਂ ਦਿਖਾਉਂਣ ਲੱਗ ਪਏ| ਉਨ੍ਹਾਂ ਵਿਚੋਂ ਕਈਆਂ ਨੇ ਭੱਬਕਾਂ ਮਾਰ ਕੇ ਭੂਤ-ਪ੍ਰੇਤ ਆਦਿ ਦੇ ਰੂਪ ਧਾਰ ਲਏ ਅਤੇ ਕਹਿਣ ਲੱਗੇ ਕਿ ਖੱਟ(ਛੇ) ਦਰਸ਼ਨਾਂ ਨੂੰ ਗੁਰੂ ਨਾਨਕ ਨੇ ਨਿਖੇੜਿਆ ਹੈ| ਕਈ ਸਿੱਧ ਲੋਕ ਜੰਤ੍ਰਾਂ, ਮੰਤ੍ਰਾਂ ਅਤੇ ਤੰਤ੍ਰਾਂ ਦੀਆਂ ਧੁਨੀਆਂ-ਵਾਜਾਂ ਲਾ ਕੇ ਅਲੱਗ-ਅਲੱਗ ਬੀਮਾਰੀਆਂ ਦੇ ਇਲਾਜ ਦੱਸਣ ਲੱਗ ਪਏ| ਸਿੱਧਾਂ ਨੇ ਸ਼ੇਰ, ਬਘਿਆੜ ਆਦਿ ਬਣ ਕੇ ਭੀ ਕਈ ਕੌਤਕ ਕੀਤੇ| ਕਈ ਜੋਗੀ ਖੰਬ ਲਾ ਕੇ ਆਕਾਸ਼ ਵਿੱਚ ਪੰਛੀਆਂ ਵਾਂਗ ਉੱਡਣ ਲੱਗ ਪਏ| ਕਈ ਜੋਗੀ ਸੱਪ ਬਣਕੇ ਫੁੰਕਾਰੇ ਮਾਰਨ ਲੱਗ ਗਏ ਅਤੇ ਕਈ ਯੋਗੀ ਅੱਗ ਦੀ ਵਰਖਾ ਕਰਨ ਲੱਗੇ| ਜੋਗੀ ਭੰਗਰਨਾਥ ਆਕਾਸ਼ ਵਿਚੋਂ ਤਾਰੇ ਤੋੜਨ ਲੱਗ ਪਿਆ| ਕਈ ਯੋਗੀ ਮਿਰਗ ਬਣ ਕੇ ਪਾਣੀ ਉੱਪਰ ਤਰਨ ਲੱਗ ਪਏ| ਸਿੱਧਾਂ ਦੀ ਇਹ ਈਰਖਾ ਦੀ ਲਾਈ ਹੋਈ ਇਹ ਅੱਗ ਬੁਝਾਈ ਬੁਝ ਨਹੀਂ ਰਹੀ ਸੀ| ਫਿਰ ਉਹ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਿ ਉਹ ਵੀ ਕਰਾਮਾਤਾਂ ਦਿਖਾਉਂਣ | ਗੁਰੂ ਜੀ ਨੇ ਸਿੱਧਾਂ ਨੂੰਸਮਝਾਇਆ ਕਿ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਅਤੇ ਉਸ ਦੇ ਭਾਣੇ ਵਿੱਚ ਰਹਿਣਾ ਹੀ ਸਭ ਤੋਂ ਵਡੀ ਕਰਾਮਾਤ ਹੈ| ਪ੍ਰਭੂ ਆਪਣੇ ਸੇਵਕਾਂ ਦੇ ਆਪ ਪਰਦੇ ਢੱਕਦਾ ਹੈ ਅਤੇ ਉਨ੍ਹਾਂ ਦੇ ਮਨ ਨੂੰ ਦੁਖ-ਸੁਖ ਵੇਲੇ ਅਡੋਲ ਰਹਿਣ ਦੀ ਤਾਕਤ ਬਖਸ਼ਦਾ ਹੈ| ਪ੍ਰਮਾਤਮਾ ਦੇ ਸੇਵਕ ਉਸ ਦੀ ਰਜ਼ਾ ਵਿੱਚ ਹੀ ਖ਼ੁਸ਼ ਰਹਿੰਦੇ ਹਨ| ਇਸ ਲਈ ਪ੍ਰਮਾਤਮਾ ਦੇ ਸੇਵਕ ਨੂੰ ਆਪਣੀ ਹਉਂਮੈ, ਖੁਦਗਰਜ਼ੀ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਕਦੇ ਵੀ ਕੋਈ ਕਰਾਮਾਤ ਨਹੀਂ ਦਿਖਾਉਂਣੀ ਚਾਹੀਦੀ|
ਗੁਰੂ ਸਾਹਿਬ ਦੇ ਉਪਦੇਸ਼ਾਂ ਨੇ ਲੋਕਾਂ ਦੇ ਮਨਾਂ ਨੂੰ ਕੀਲ ਲਿਆ ਅਤੇ ਯੋਗੀ ਭੀ ਬਹੁਤ ਪ੍ਰਭਾਵਿਤ ਹੋਏ| ਯੋਗੀਆਂ ਨੂੰ ਵਿਸ਼ਵਾਸ਼ ਹੋ ਗਿਆ ਗੁਰੂ ਸਾਹਿਬ ਨੂੰ ਚਰਚਾ ਵਿੱਚ ਹਰਾਉਣਾ ਸੰਭਵ ਨਹੀਂ| ਇਸ ਦਾ ਕਾਰਨ ਇਹ ਸੀ ਕਿ ਗੁਰੂ ਸਾਹਿਬ ਕੇਵਲ ਉਨ੍ਹਾਂ ਵਿਚਾਰਾਂ ਦਾ ਪ੍ਰਚਾਰ ਕਰ ਰਹੇ ਸਨ ਜੋ ਗਿਆਨ ਉਨ੍ਹਾਂ ਪ੍ਰਭੂ ਨਾਲ ਇੱਕ ਸੁਰ ਹੋ ਕੇ ਪ੍ਰਾਪਤ ਕੀਤਾ ਸੀ| ਇਹ ਬਚਨ ਸੁਣਨ ਤੋਂ ਬਾਅਦ ਯੋਗੀ ਆਰਾਮ ਨਾਲ ਬੈਠ ਗਏ ਅਤੇ ਗੁਰੂ ਸਾਹਿਬ ਨਾਲ ਪਿਆਰ ਨਾਲ ਗੱਲਾਂ ਕਰਨ ਲੱਗ ਪਏ| ਉਨ੍ਹਾਂ ਗੁਰੂ ਸਾਹਿਬ ਤੋਂ ਬਹੁਤ ਸਵਾਲ ਪੁੱਛੇ| ਭਾਈ ਗੁਰਦਾਸ ਦੀਆਂ ਵਾਰਾਂ ਰਾਹੀਂ ਅਸੀਂ ਇਸ ਚਰਚਾ/ਗੋਸਟੀ ਦਾ ਵੇਰਵਾ ਹੇਠਾਂ ਦੇ ਰਹੇ ਹਾਂ| ਉਮੀਦ ਹੈ ਕਿ ਪਾਠਕ ਇਨ੍ਹਾਂ ਨੂੰ ਪੜ੍ਹ ਕੇ ਲਾਹਾ ਪ੍ਰਾਪਤ ਕਰਨਗੇ|
ਫਿਰਿ ਬਾਬਾ ਆਇਆ ਕਰਤਾਰ ਪੁਰਿ ਭੇਖ ਉਦਾਸੀ ਸਗਲ ਉਤਾਰਾ॥
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ॥
ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ॥
ਪੁਤਰੀ ਕਉਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ॥
ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਾਰਾ॥
ਗਿਆਨ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ॥
ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ॥
ਗੁਰਮੁਖਿ ਭਾਰ ਅਥਰਬਣ ਧਾਰਾ ॥੩੮॥
ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਵਟਾਲੇ ਆਈ॥
ਦਰਸਨੁ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ॥
ਲਗੀ ਬਰਸਨ ਲਛਮੀ ਰਿਧਿ ਸਿਧਿ ਨਉ ਨਿਧਿ ਸਵਾਈ॥
ਜੋਗੀ ਦੇਖਿ ਚਲਿਤ੍ਰ ਨੋਂ ਮਨ ਵਿਚਿ ਰਿਸਕਿ ਘਨੇਰੀ ਖਾਈ॥
ਭਗਤੀਆ ਪਾਈ ਭਗਤਿ ਆਨਿ ਲੋਟਾ ਜੋਗੀ ਲਇਆ ਛਪਾਈ॥
ਭਗਤੀਆਂ ਗਈ ਭਗਤ ਭੁਲਿ ਲੋਟੇ ਅੰਦਰਿ ਸੁਰਤਿ ਭੁਲਾਈ॥
ਬਾਬਾ ਜਾਣੀ ਜਾਣ ਪੁਰਖ ਕਢਿਆ ਲੋਟਾ ਜਹਾ ਲੁਕਾਈ॥
ਵੇਖਿ ਚਲਿਤ੍ਰ ਜੋਗੀ ਖੁਣਸਾਈ ॥੩੯॥
ਖਾਧੀ ਖੁਣਸਿ ਜੋਗੀਸਰਾਂ ਗੋਸਟਿ ਕਰਨ ਸਭੇ ਉਠਿ ਆਈ॥
ਪੁਛੇ ਜੋਗੀ ਭੰਗਰ ਨਾਥ ਤੁਹਿ ਦੁਧ ਵਿਚਿ ਕਿਉਂ ਕਾਂਜੀ ਪਾਈ॥
ਫਿਟਿਆ ਚਾਟਾ ਦੁਧ ਦਾ ਰਿੜਕਿਆਂ ਮਖਣ ਹਥਿ ਨ ਆਈ॥
ਭੇਖੁ ਉਤਾਰਿ ਉਦਾਸਿ ਦਾ ਵਤਿ ਕਿਉਂ ਸੰਸਾਰੀ ਰੀਤਿ ਚਲਾਈ॥
ਨਾਨਕ ਆਖੇ ਭੰਗ੍ਰਨਾਥ ਤੇਰੀ ਮਾਉ ਕੁਚਜੀ ਆਹੀ॥
ਭਾਂਡਾ ਧੋਇ ਨ ਜਾਤਿਓਨਿ ਭਾਇ ਕੁਚਜੇ ਫੁਲੁ ਸੜਾਈ॥
ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰ ਉਨਕੇ ਘਰਿ ਮੰਗਣ ਜਾਈ॥
ਬਿਨ ਦਿਤੇ ਕਿਛੁ ਹਥਿ ਨ ਆਈ ॥੪੦॥
ਇਹਿ ਸੁਣ ਬਚਨ ਜੋਗੀਸਰਾ ਮਾਰ ਕਿਲਕ ਬਹੁ ਰੂਇ ਉਠਾਈ॥
ਖਟ ਦਰਸਨ ਕਉ ਖੇਦਿਆ ਕਲਿਜੁਗਿ ਬੇਦੀ ਨਾਨਕ ਆਈ॥
ਸਿਧ ਬੋਲਨਿ ਸਭ ਅਵਖਧੀਆਂ ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ॥
ਰੂਪ ਵਟਾਇਆ ਜੋਗੀਆਂ ਸਿੰਘ ਬਾਘਿ ਬਹੁ ਚਲਿਤ ਦਿਖਾਈ॥
ਇਕਿ ਪਰਿ ਕਰਕੈ ਉਡਰਨਿ ਪੰਖੀ ਜਿਵੈ ਰਹੈ ਲੀਲਾਈ॥
ਇਕਨਾ ਨਾਗ ਹੋਇ ਪਉਣ ਛੋੜਿਆ ਇਕਨਾ ਵਰਖਾ ਅਗਨਿ ਵਸਾਈ॥
ਤਾਰੇ ਤੋੜੇ ਭੰਗਰਿਨਾਥ ਇਕ ਚੜਿ ਮਿਰਗਾਨੀ ਜਲੁ ਤਰਿ ਜਾਈ॥
ਸਿਧਾਂ ਅਗਨਿ ਨ ਬੂਝੈ ਬੁਝਾਈ ॥੪੧॥
ਸਿਧਿ ਬੋਲਨਿ ਸੁਣਿ ਨਾਨਕਾ ਤੁਹਿ ਜਗ ਨੂੰ ਕਰਾਮਾਤਿ ਦਿਖਾਈ॥
ਕੁਝ ਦਿਖਾਲੇਂ ਅਸਾ ਨੋ ਭੀ ਤੁਹਿਕਿਉ ਢਿਲ ਅਵੇਹੀ ਲਾਈ॥
ਬਾਬਾ ਬੋਲੇ ਨਾਥ ਜੀ ਅਸਾਂ ਤੇ ਵੇਖਣਿ ਜੋਗੀ ਵਸਤੁ ਨ ਕਾਈ॥
ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹਹਿ ਰਾਈ॥
ਸਿਵ ਰੂਪੀ ਕਰਤਾ ਪੁਰਖੁ ਚਲੇ ਨਾਹੀ ਧਰਤਿ ਚਲਾਈ॥
ਸਿਧ ਤੰਤ੍ਰ ਮੰਤ੍ਰ ਕਰ ਝੜਿ ਪਏ ਸਬਦਿ ਗੁਰੂ ਕੇ ਕਲਾ ਛਪਾਈ॥
ਦਦੇ ਦਾਤਾ ਗੁਰੂ ਹੈ ਕਕੇ ਕੀਮਤ ਕਿਨੇ ਨ ਪਾਈ॥
ਸੋ ਦੀਨ ਨਾਨਕ ਸਤਿਗੁਰ ਸਰਣਾਈ ॥੪੨॥
ਬਾਬਾ ਬੋਲੇ ਨਾਥ ਜੀ ਸਬਦੁ ਸੁਨਹੁ ਸਚੁ ਮੁਖਹੁ ਅਲਾਈ॥
ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ॥
ਬਸਤਰਿ ਪਹਿਰੇ ਅਗਨਿ ਕੈ ਬਰਫ ਹਿਮਾਲੇ ਮੰਦਰੁ ਛਾਈ॥
ਕਰੋ ਰਸੋਈ ਸਾਰ ਦੀ ਸਗਲੀ ਧਰਤੀ ਨਥਿ ਚਲਾਈ॥
ਏਵਡੁ ਕਰੀ ਵਿਥਾਰ ਕਉ ਸਗਲੀ ਧਰਤੀ ਹਕੀ ਜਾਈ॥
ਤੋਲੀ ਧਰਤਿ ਆਕਾਸਿ ਦੁਇ ਪਿਛੇ ਛਾਬੇ ਟੰਕੁ ਚੜ੍ਹਾਈ॥
ਇਹ ਬਲੁ ਰਖਾ ਆਪਿ ਵਿਚਿ ਜਿਸੁ ਆਖਾ ਤਿਸੁ ਪਾਸਿ ਕਰਾਈ॥
ਸਤਿਨਾਮ ਬਿਨੁ ਬਾਦਰਿ ਛਾਈ ॥੪੩॥
ਬਾਬੇ ਕੀਤੀ ਸਿਧ ਗੋਸਟਿ ਸਬਦ ਸਾਤਿ ਸਿਧੀ ਵਿਚਿ ਆਈ ॥
ਜਿਣਿ ਮੇਲਾ ਸਿਵਰਾਤਿ ਦਾ ਖਟ ਦਰਸਨ ਆਦੇਸਿ ਕਰਾਈ॥
ਸਿਧ ਬੋਲਨ ਸੁਭ ਬਚਨ ਧਨੁ ਨਾਨਕ ਤੇਰੀ ਵਡੀ ਕਮਾਈ॥
ਵਡਾ ਪੁਰਖ ਪਰਗਟਿਆ ਕਲਿਜੁਗ ਅੰਦਰਿ ਜੋਤਿ ਜਗਾਈ॥
ਮੇਲਿਓ ਬਾਬਾ ਉਠਿਆ ਮੁਲਤਾਨੇ ਦੀ ਜਾਰਤਿ ਜਾਈ॥
ਅਗੋਂ ਪੀਰ ਮੁਲਤਾਨ ਦੇ ਦੁਧਿ ਕਟੋਰਾ ਭਰਿ ਲੈ ਆਈ॥
ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਧ ਵਿਚਿ ਮਿਲਾਈ॥
ਜਿਉ ਸਾਗਰ ਵਿਚ ਗੰਗ ਸਮਾਈ ॥੪੪॥

ਬਹੁਤ ਅਫ਼ਸੋਸ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਅਤੇ ਭਾਈ ਗੁਰਦਾਸ ਦੇ ਉਪ੍ਰੋਕਤ ਸਬੂਤਾਂ ਦੇ ਬਾਵਯੂਦ ਅੱਜ ਦੇ ਖੁਦਗਰਜ਼ ਅਖੌਤੀ ਸਾਧ, ਸੰਤ, ਬਾਬੇ, ਸੰਤ ਸਮਾਜ ਅਤੇ ਟਕਸਾਲੀ ਸੰਗਤਾਂ ਨੂੰ ਕਰਾਮਾਤਾਂ, ਕੌਤੱਕ-ਤਮਾਸ਼ਿਆਂ, ਜੰਤ੍ਰਾਂ, ਮੰਤ੍ਰਾਂ, ਤੰਤ੍ਰਾਂ, ਸ਼ੁਭ-ਅਸ਼ੁਭ ਦਿਨ-ਦਿਹਾੜਿਆਂ, ਮੱਸਿਆ, ਪੂਰਨਮਾਸ਼ੀ ਅਤੇ ਸੰਗਰਾਂਦ ਦੇ ਵਹਿਮਾਂ-ਭਰਮਾਂ ਦੇ ਚੱਕਰਾਂ ਵਿੱਚ ਪਾਈ ਰੱਖਦੇ ਹਨ| ਸ੍ਰੀ ਗੁਰੂ ਗ੍ਰੰਥ ਸਾਹਿਬ ਮੁਤਬਕ;
ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ|| ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ|| ਪੰਨਾਂ ੭੦੭
ਸੰਗਤਾਂ ਨੂੰ ਇਨ੍ਹਾਂ ਪਾਖੰਡੀਆਂ ਤੋਂ ਸੁਚੇਤ ਹੋ ਕੇ ਗੁਰੂ ਦੀ ਸਿੱਖਿਆ ਮੁਤਾਬਕ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ| ਸਾਡੀ ਅਰਦਾਸ ਹੈ ਕਿ ਗੁਰੂ ਸਾਹਿਬ ਇਨ੍ਹਾਂ ਨੂੰ ਪਖੰਡੀਆਂ ਨੂੰ ਸੁਮੱਤ ਬਖਸ਼ਣ ਤਾਂ ਜੋ ਇਹ ਵੀ ਕੁਕਰਮ ਕਰਨ ਤੋਂ ਤੋਬਾ ਕਰ ਲੈਣ |
ਇਸ ਲੜੀ ਦੇ ਅਗਲੇ ਲੇਖ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਦੀ ਰਾਮਕਲੀ ਰਾਗ ਵਿੱਚ ਦਰਜ਼ “ਸਿਧ ਗੋਸਟਿ” ਬਾਣੀ ਦਾ ਵੇਰਵਾ ਦੇਵਾਂਗੇ|
ਵਾਹਿ ਗੁਰੂ ਜੀ ਕਾ ਖਾਲਸਾ||
ਵਾਹਿ ਗੁਰੂ ਜੀ ਕਿ ਫ਼ਤਹਿ|| (ਚਲਦਾ)

ਬਲਬਿੰਦਰ ਸਿੰਘ ਸਿਡਨੀ (ਆਸਟ੍ਰੇਲੀਆ)
.