.

ਪਉੜੀ 34

ਨੋਟ: ਵਿਰਲੇ ਮਨ ਨੂੰ ਸਤਿਗੁਰ ਦੀ ਮੱਤ ਰਾਹੀਂ ਮਨ ਦੀ ਕੂੜ ਉਤਾਰ ਕੇ ਬਿਬੇਕ ਬੁੱਧ ਪ੍ਰਾਪਤ ਹੋ ਰਹੀ ਹੈ। ਜਿਸ ਨਾਲ ਸੱਚ ਦੇ ਆਧਾਰ ਵਾਲੀ ਧਰਤੀ ਤਿਆਰ ਹੋ ਰਹੀ ਹੈ। ਵਿਰਲਾ ਮਨ ਵਿਸਮਾਦਿਤ ਅਤੇ ਨਿਮਰਤਾ ਦੀ ਅਵਸਥਾ ’ਚ ਹੈ। ਉਸਨੂੰ ਰੱਬੀ ਰਜ਼ਾ ਅੱਗੇ ਸਮਰਪਣ ’ਚ ਜੋ ਆਤਮਕ ਅਵਸਥਾ (ਧਰਤੀ) ਪ੍ਰਾਪਤ ਹੁੰਦੀ ਹੈ, ਹੇਠਲੀ ਪਉੜੀ 34ਵੀਂ ਵਿਚ ਉਸਦੀ ਵਿਚਾਰ ਚੱਲ ਰਹੀ ਹੈ।

ਨੋਟ: ਜੋ ਬਾਹਰ ਸ੍ਰਿਸ਼ਟੀ ਵਿਚ ਰਾਤਾਂ, ਰੁਤਾਂ, ਥਿੱਤਾਂ, ਪਉਣ, ਪਾਣੀ ਬਾਹਰ ਵਾਪਰਦਾ ਵੇਖਦੇ ਹਾਂ ਉਹ ਵਿਰਲੇ ਮਨ ਨੂੰ ਆਪਣੇ ਅੰਦਰ ਦੀ ਸ੍ਰਿਸ਼ਟੀ ਵਿਚ ਵਾਪਰਦਾ ਮਹਿਸੂਸ ਹੋ ਜਾਂਦਾ ਹੈ - ‘ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥’

ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥

ਵਿਰਲੇ ਮਨ ਨੂੰ ਉਜਵਲ, ਚਮਕਦਾਰ, ਸੂਰਜ ਵਰਗਾ (ਰਾਤਾਂ-ਰੁਤਾਂ ਦਾ ਕਰਤਾ ਸੂਰਜ ਮੰਨਿਆ ਜਾਂਦਾ ਹੈ) ਰੱਬੀ ਗਿਆਨ ਪ੍ਰਾਪਤ ਹੁੰਦਾ ਹੈ ਜਿਸ ਵਿਚ (ਥਿਤਾਂ ਵਾਰਾਂ ਦੇ ਕਰਤਾ) ਚੰਦ੍ਰਮਾ ਵਰਗੀ ਸ਼ੀਤਲਤਾ ਭਾਵ ਹਲੀਮੀ ਵੀ ਸ਼ਾਮਲ ਹੁੰਦੀ ਹੈ। ਇਸਦਾ ਭਾਵ ਇਹ ਹੈ ਕਿ ਸੱਚ ਦਾ ਗਿਆਨ ਹਾਸਲ ਕਰ ਲੈਣ ਅਤੇ ਵੰਡਣ ਲਗਿਆਂ ਕਦੀ ਵੀ ਨਮਰਤਾ ਦਾ ਪੱਲਾ ਨਹੀਂ ਛਡਦਾ।

ਆਪਣੀ ਸੋਚਣੀ ਵਿਚ ਸੱਚ ਦੀ ਮਤ (ਪਵਣੁ ਗੁਰੂ), ਸੰਤੋਖ (ਪਾਣੀ) ਅਤੇ ਵਿਕਾਰਾਂ ਨੂੰ ਸਾੜ ਦੇਣ ਵਾਲੀ ਮਤ (ਅਗਨੀ) ਵਰਗੇ ਸੋਹਣੇ ਵਸੀਲੇ ਮਿਲ ਗਏ ਹਨ।

ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥

ਹੁਣ ਅੰਦਰ ਉੱਠਣ ਵਾਲੇ ਖਿਆਲਾਂ ਦੀ ਸੁਧਾਈ ਸਰਬਵਿਆਪੀ ਰੱਬੀ ਨਿਜ਼ਾਮ ਮੁਤਾਬਕ ਕਰਨ ਦੀ ਜਾਚ ਆ ਜਾਂਦੀ ਹੈ।

ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥

ਕੁਦਰਤ ਦੀ ਕਾਇਨਾਤ ਵਿਚ ਅਨੇਕਾਂ ਜੂਨੀਆਂ ਵਿਚ ਵਿਚਰ ਰਹੇ ਜੀਅ-ਜੰਤਾਂ, ਰੁਖਾਂ ਆਦਿ ਤੋਂ ਵੀ ਉਸਾਰੂ ਗੁਣ ਲੈਣ ਦੀ ਜਾਚ ਆ ਜਾਂਦੀ ਹੈ। ਨੋਟ: ਜੀਅ ਦੀ ਵਿਆਖਿਆ ਦੂਜੀ ਪਉੜੀ ਵਿਚੋਂ ਪੜ੍ਹੋ ਜੀ।

ਤਿਨ ਕੇ ਨਾਮ ਅਨੇਕ ਅਨੰਤ ॥

ਇਨ੍ਹਾਂ ਰੱਬੀ ਗੁਣਾਂ ਨੂੰ ਸਿੱਖਣ ਅਤੇ ਅਪਣਾਉਣ ਲਈ ਕੋਈ ਹਦਬੰਦੀ ਨਹੀਂ ਅਤੇ ਨਾ ਹੀ ਕੋਈ ਰੁਕਾਵਟ।

ਵਿਰਲਾ ਮਨਿ ਕੋਇ ਦੀ ਪ੍ਰਾਪਤ ਧਰਤੀ ਉੱਤੇ ਬੇਅੰਤ ਚੰਗੇ ਖਿਆਲ, ਵੇਗ (ਜੀਅ-ਜੰਤ) ਅਤੇ ਚੰਗੇ ਗੁਣ ਪ੍ਰਾਪਤ ਹੁੰਦੇ ਹਨ।

ਕਰਮੀ ਕਰਮੀ ਹੋਇ ਵੀਚਾਰੁ ॥

ਸਤਿਗੁਰ ਦੀ ਮਿਹਰ (ਕਰਮੀ ਕਰਮੀ) ਸਦਕਾ ਪ੍ਰਾਪਤ ਰੱਬੀ ਗੁਣਾਂ ਨੂੰ ਜੀਵਨ ਵਿਚ ਅਮਲੀ ਤੌਰ ਤੇ ਜਿਊਣਾ ਹੀ ਅਸਲ ਵਿਚ ‘ਵਿਚਾਰ’ ਕਰਨਾ ਕਹਿਲਾਉਂਦਾ ਹੈ।

ਸਚਾ ਆਪਿ ਸਚਾ ਦਰਬਾਰੁ ॥

ਐਸਾ ਵਿਚਾਰਵਾਨ ਵਿਰਲਾ ਮਨ, ਅਟੱਲ ਅਤੇ ਅਚੂਕ ਰੱਬੀ ਨਿਜ਼ਾਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋ ਜਾਂਦਾ ਹੈ। ਨਤੀਜਤਨ ਉਸਦੇ ਅੰਦਰ ਅਸ਼ਾਂਤੀ ਵੀ ਘਟਦੀ ਜਾਂਦੀ ਹੈ।

ਤਿਥੈ ਸੋਹਨਿ ਪੰਚ ਪਰਵਾਣੁ ॥

ਸ਼ੀਤਲਤਾ ਅਤੇ ਚੈਨ ਮਾਣਦਾ ਹੋਇਆ ਵਿਰਲਾ ਮਨ ਸਮਝਦਾ ਹੈ ਕਿ ਅੰਦਰ ਦੀ ਸਥਿਰਤਾ ਬਰਕਰਾਰ ਰੱਖਣ ਲਈ ਕੇਵਲ ਇਕੋ ਤਰੀਕਾ ਹੈ ਕਿ ਮਨ ਵਿਚ ਉੱਠਦੇ ਹਰ ਖਿਆਲ ਨੂੰ ਅਮਲ ਵਿਚ ਲਿਆਉਣ ਤੋਂ ਪਹਿਲਾਂ ਰੱਬੀ ਗੁਣਾਂ (ਪੰਚ) ਰਾਹੀਂ ਸੁਧਾਈ ਕਰਵਾਉਣੀ (ਪਰਵਾਨ) ਬਹੁਤ ਜ਼ਰੂਰੀ ਹੈ।

ਨਦਰੀ ਕਰਮਿ ਪਵੈ ਨੀਸਾਣੁ ॥

ਨਦਰੀ: ਰੱਬ ਦਾ ਨਜ਼ਰੀਆ, ਰਜ਼ਾ, ਕੁਦਰਤੀ ਨਿਯਮ, ਚੰਗੇ ਗੁਣ। ਕਰਮਿ: ਨਦਰੀ ਰੱਬ ਅਨੁਸਾਰ ਜਿਊਣ ਦੀ ਸੋਝੀ ਭਾਵ ਰੱਬ ਦਾ ਕਰਮ, ਫਲਸਫਾ, ਕਿਰਪਾ । ਨੀਸਾਣੁ: ਨਦਰੀ ਦੇ ਕਰਮ ਅਨੁਸਾਰ ਚੰਗੇ ਗੁਣਾਂ ਦੀ ਪ੍ਰਾਪਤੀ ਹੀ ਨੀਸਾਣ ਹਨ।

ਵਿਰਲੇ ਮਨ ਨੂੰ ਰੱਬੀ ਨਜ਼ਰੀਏ ਮੁਤਾਬਕ ਸੋਧੇ ਹੋਏ ਖਿਆਲਾਂ ਮੁਤਾਬਕ ਜੀਵਨ ਜਿਊਣ ਦੀ ਜੁਗਤ ਪਸੰਦ ਆ ਜਾਂਦੀ ਹੈ।

ਕਚ ਪਕਾਈ ਓਥੈ ਪਾਇ ॥

ਕਚ: ਕੱਚਾ, ਮੰਦੀ ਸੋਚ ਕਾਰਨ ਅਸਥਿਰਤਾ ਦੀ ਅਵਸਥਾ। ਕੱਚਾ ਹੀ ਨਿਤ-ਨਿਤ ਆਤਮਕ ਤੌਰ ’ਤੇ ਜੰਮਦਾ - ਮਰਦਾ (ਆਤਮਕ ਮੌਤ) ਰਹਿੰਦਾ ਹੈ ‘ਜੋ ਮਰਿ ਜੰਮੇ ਸੁ ਕਚੁ ਨਿਕਚੁ’।

ਪਕਾਈ: ਪਕਾ ਦਿੱਤਾ ਜਾਂਦਾ ਹੈ।

ਸਤਿਗੁਰ ਦੀ ਮੱਤ ਰਾਹੀਂ ਕੱਚੇ ਤੋਂ ਪੱਕਾ ਕੀਤਾ ਜਾਂਦਾ ਹੈ। ਵਿਕਾਰ, ਜੰਮ, ਪਲ-ਪਲ ਆਤਮਕ ਮੌਤ ਦੇ ਖਿਆਲ ਮੁੱਕ ਜਾਂਦੇ ਹਨ, ਆਉਣ-ਜਾਣ ਹੁੰਦਾ ਹੀ ਨਹੀਂ।

ਇਹ ਸਮਝ ਪੈਂਦੀ ਹੈ ਕਿ ਮਨ ਦੀ ਸ਼ਾਂਤੀ ਅਤੇ ਸਥਿਰਤਾ ਪ੍ਰਾਪਤ ਕਰਨ ਲਈ ਹਮੇਸ਼ਾਂ ਹਮਦਰਦੀ, ਮਿਲਵਰਤਨ, ਨਿਮਰਤਾ ਅਤੇ ਸ਼ਾਲੀਨਤਾ ਵਰਗੇ ਰੱਬੀ ਗੁਣਾਂ ਤਕ ਆਪਣੀ ਪਹੁੰਚ ਬਣਾਉਣੀ ਹੀ ਪਏਗੀ।

ਨਾਨਕ ਗਇਆ ਜਾਪੈ ਜਾਇ ॥34॥

ਮਨ ਕਰਕੇ ਸਤਿਗੁਰ ਦੀ ਮੱਤ ਅੱਗੇ ਨਿਮਰਤਾ ਸਹਿਤ ਸਮਰਪਣ ਕਰਨਾ ਹੀ ਨਿਜਘਰ, ਰੱਬੀ ਦਰਬਾਰ ਅੰਦਰ ਜਾਣਾ ਕਹਿਲਾਉਂਦਾ ਹੈ। ਸੁਰਤ, ਮੱਤ, ਮਨ, ਬੁੱਧ ਦਾ ਘੜਿਆ ਜਾਣਾ, ਕੱਚੇ ਤੋਂ ਪੱਕਾ ਹੋਣਾ ਹੈ, ਇਹ ਸੋਝੀ ਰੱਬੀ ਦਰਬਾਰ, ਨਿਜ ਘਰ ’ਚ ਵਸਦੇ ਰੱਬ ਜੀ, ਸਤਿਗੁਰ ਦੀ ਮੱਤ ਰਾਹੀਂ ਹੀ ਮਿਲਦੀ ਹੈ।

ਵੀਰ ਭੁਪਿੰਦਰ ਸਿੰਘ
.