.

ਪੰਚ ਪਰਵਾਣ ਪੰਚ ਪਰਧਾਨੁ

(ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ, ਭਾਗ- 10)

(ਸੁਖਜੀਤ ਸਿੰਘ ਕਪੂਰਥਲਾ)

ਨੋਟ- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 9 ਪੜੋ ਜੀ

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

============

(ਞ) ਪੰਚ ਪਰਵਾਣ ਪੰਚ ਪਰਧਾਨੁ

(ਜਪੁ- ੩)

ਵਿਚਾਰ- ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸਭ ਤੋਂ ਪਹਿਲਾਂ ਦਰਜ ਅਤੇ ਸਿੱਖ ਦੇ ਨਿਤਨੇਮ ਦੀ ਪਹਿਲੀ ਬਾਣੀ ‘ਜਪੁ` ਜਿਸਨੂੰ ਅਸੀਂ ਸਤਿਕਾਰ ਵਜੋਂ ‘ਜਪੁਜੀ ਸਾਹਿਬ` ਆਖਦੇ ਹਾਂ, ਪ੍ਰਥਮ ਗੁਰੂ ਨਾਨਕ ਦੇਵ ਜੀ ਦੀ ਉਚਾਰਣ ਕੀਤੀ ਹੋਈ ਹੈ। ਸ਼ਾਇਦ ਹੀ ਕੋਈ ਐਸਾ ਗੁਰਸਿੱਖ ਮਿਲ ਸਕਦਾ ਹੋਵੇ, ਜਿਸਨੇ ਆਪਣੇ ਜੀਵਨ ਅੰਦਰ ਕਦੀ ਇਸ ਬਾਣੀ ਨੂੰ ਪੜਿਆ-ਸੁਣਿਆ ਨਾ ਹੋਵੇ। ਇਹ ਬਾਣੀ ਬਹੁਗਿਣਤੀ ਸਿੱਖਾਂ ਦੇ ਚੇਤਿਆਂ ਵਿੱਚ ਵੀ ਜਬਾਨੀ ਯਾਦ ਵਜੋਂ ਉਕਰੀ ਹੋਈ ਹੈ। ਵਿਸ਼ਾ ਅਧੀਨ ਪਾਵਨ ਪੰਕਤੀ ਜਪੁਜੀ ਸਾਹਿਬ ਦੀ ਬਾਣੀ ਅੰਦਰ 16 ਵੀਂ ਪਉੜੀ ਦੀ ਪਹਿਲੀ ਤੁਕ ਵਜੋਂ ਦਰਜ ਹੈ। ਵਿਸ਼ਾ ਅਧੀਨ ਤੁਕ ਵਿੱਚ ਆਏ ‘ਪੰਚ` ਸ਼ਬਦ ਦੇ ਅਰਥ ਪ੍ਰਤੀ ਅਕਸਰ ਹੀ ਭੁਲੇਖਾ ਖਾਧਾ ਜਾਂਦਾ ਹੈ ਅਤੇ ਅਸੀਂ ਇਸ ਦਾ ਅਰਥ ਪੰਚ/ ਪੰਜ ਦੀ ਗਿਣਤੀ ਅਨੁਸਾਰ ਕਰਦੇ ਹੋਏ ਇਸ ਫੁਰਮਾਣ ਨੂੰ ਇਸ ਰੂਪ ਵਿੱਚ ਸਮਝਦੇ ਹਾਂ। ਗੁਰੂ ਨਾਨਕ ਸਾਹਿਬ ਨੂੰ ਆਮ ਤੌਰ ਤੇ ਸਮਾਜਕ ਪੱਧਰ ਉਪਰ ਪੰਜਾਂ ਦੀ ਪ੍ਰਧਾਨਤਾ ਵਾਲੇ ਵਿਸ਼ੇ ਉਪਰ ਆਪਣੀ ਮੋਹਰ ਲਾ ਰਹੇ ਦਰਸਾਇਆ ਜਾ ਰਿਹਾ ਪ੍ਰਤੀਤ ਹੁੰਦਾ ਹੈ। ਇਹ ਠੀਕ ਹੈ ਕਿ ਸਿੱਖ ਧਰਮ ਅੰਦਰ ਪੰਜਾਂ ਦੀ ਪ੍ਰਧਾਨਤਾ ਵਾਲਾ ਪੱਖ ਹੈ ਜਿਵੇਂ-

- ਗੁਰ ਘਰ ਕੀ ਮਰਜਾਦਾ ਪੰਚਹੁ।

- ਸਿੱਖ ਪੰਚਨ ਮਹਿਂ ਮੇਰੋ ਬਾਸਾ।। ਪੂਰਨ ਕਰੋਂ ਧਰਹਿ ਜੋ ਆਸਾ।

(ਗੁਰ ਪ੍ਰਤਾਪ ਸੂਰਜ -ਭਾਈ ਸੰਤੋਖ ਸਿੰਘ)

ਇਸੇ ਤਰਾਂ ਹੋਰ ਵੀ ਪੰਜ ਪਿਆਰੇ, ਪੰਜ ਕਕਾਰ, ਪੰਜ ਬਾਣੀਆਂ, ਅੰਮ੍ਰਿਤਸਰ ਦੀ ਇਤਿਹਾਸਕ ਧਰਤੀ ਤੇ ਪੰਜ ਸਰੋਵਰ, ਪੰਜ ਵਿਕਾਰ, ਪੰਜ ਸ਼ੁਭ ਗੁਣ (ਸਤ, ਸੰਤੋਖ, ਦਇਆ, ਧਰਮ, ਧੀਰਜ) ਪੰਚਾਇਤ ਆਦਿ। ਪਰ ਇਹ ਸਭ ਕੁੱਝ ਨਾਲ ਵੀ ਵਿਸ਼ਾ ਅਧੀਨ ਫੁਰਮਾਣ ਲਈ ‘ਪੰਜ` ਦੇ ਪ੍ਰਚਲਿਤ ਅਰਥ ਕਰਨਾ ਵਾਜਿਬ ਨਹੀਂ ਠਹਿਰਾਇਆ ਜਾ ਸਕਦਾ।

ਲੋੜ ਹੈ ਕਿ ਗੁਰਬਾਣੀ ਅੰਦਰ ਇਸ ਸ਼ਬਦ ਨੂੰ ਕਿਸ ਜਗਾ ਉਪਰ ਕਿਸ ਅਰਥ ਵਿੱਚ ਵਰਤਿਆ ਗਿਆ ਹੈ, ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਸੰਬਧ ਵਿੱਚ ‘ਪੰਚ` ਸ਼ਬਦ ਵੱਖ-ਵੱਖ ਥਾਵਾਂ ਤੇ ਕਿਹੜੇ ਅਰਥ ਵਿੱਚ ਹੈ, ਬਾਰੇ ਗੁਰਬਾਣੀ ਵਿਚੋਂ ਵਿਚਾਰਣ ਦੀ ਲੋੜ ਹੈ-

ਪੰਚ ਮਨਾਏ ਪੰਚ ਰੁਸਾਏ।। ਪੰਚ ਵਸਾਏ ਪੰਚ ਗਵਾਏ।।

(ਆਸਾ ਮਹਲਾ ੫-੪੩੦)

ਅਰਥ- ਗੁਰੂ ਦੁਆਰਾ ਦਿੱਤੇ ਆਤਮਕ ਗਿਆਨ ਦੇ ਰਾਹੀਂ ਮਨੁੱਖ ਨੇ ਆਪਣੇ ਸਰੀਰ- ਨਗਰ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਪੰਜ ਸ਼ੁਭ ਗੁਣ ਪ੍ਰਫੁਲਿਤ ਕਰ ਲਏ ਤੇ ਕਾਮਾਦਿਕ ਪੰਜੇ, (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਨਰਾਜ਼ ਕਰ ਲਏ, ਸਤ, ਸੰਤੋਖ, ਆਦਿਕ ਪੰਜ ਆਪਣੇ ਸਰੀਰ-ਨਗਰ ਵਿੱਚ ਵਸਾ ਲਏ ਤੇ ਕਾਮਾਦਿਕ ਪੰਜੇ ਸਰੀਰ- ਨਗਰ ਵਿਚੋਂ ਕੱਢ ਦਿੱਤੇ।

ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ।।

ਅੰਦਰਿ ਬਹੈ ਤਪਾ ਪਾਪ ਕਮਾਏ।।

ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ।।

(ਵਾਰ ਗਉੜੀ -ਸਲੋਕ ਮਹਲਾ ੪-੩੧੫)

ਅਰਥ- ਬਾਹਰ ਨਗਰ ਦੇ ਮੁਖੀ ਬੰਦਿਆਂ ਵਿੱਚ ਬੈਠ ਕੇ ਆਪਣੇ ਆਪ ਨੂੰ ਤਪਾ ਅਖਵਾਉਂਦਾ ਹੈ ਅਤੇ ਅੰਦਰ ਬਹਿ ਕੇ ਤਪਾ ਮੰਦੇ ਕਰਮ ਕਰਦਾ ਹੈ। ਪ੍ਰਭੂ ਨੇ ਤਪੇ ਦਾ ਅੰਦਰਲਾ ਲੁਕਵਾਂ ਪਾਪ ਪੰਚਾਂ ਨੂੰ ਪ੍ਰਗਟ ਕਰ ਕੇ ਵਿਖਾਲ ਦਿਤਾ।

ਇਸ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ।।

ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ।।

ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ।। ੨।।

(ਸੋਰਠਿ ਮਹਲਾ ੩-੬੦੦)

ਅਰਥ- ਇਸ ਮਨੁੱਖਾ ਸਰੀਰ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਰੂਪੀ ਪੰਜ ਚੋਰ ਵਸਦੇ ਹਨ। ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਧਨ ਲੁਟਦੇ ਰਹਿੰਦੇ ਹਨ, ਪਰ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਇਹ ਸਮਝਦੇ ਨਹੀਂ। ਜਦੋਂ ਸਭ ਕੁੱਝ ਲੁਟਾ ਕੇ ਉਹੀ ਦੁਖੀ ਹੁੰਦੇ ਹਨ ਤਾਂ ਕੋਈ ਉਨ੍ਹਾਂ ਦੀ ਪੁਕਾਰ ਕੋਈ ਨਹੀਂ ਸੁਣਦਾ। ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਜਗਤ ਅੰਨਿਆਂ ਵਾਲੀ ਕਰਤੂਤ ਕਰਦਾ ਰਹਿੰਦਾ ਹੈ, ਗੁਰੂ ਤੋਂ ਖੁੰਝ ਕੇ ਇਸ ਦੇ ਆਤਮਕ ਜੀਵਨ ਦੇ ਰਸਤੇ ਵਿੱਚ ਹਨੇਰਾ ਹੋਇਆ ਰਹਿੰਦਾ ਹੈ।

ਠੀਕ ਇਸੇ ਤਰਾਂ ਹੋਰ ਵੀ ਗੁਰਬਾਣੀ ਫੁਰਮਾਣ ਲਏ ਜਾ ਸਕਦੇ ਹਨ ਜਿਨ੍ਹਾਂ ਵਿੱਚ ‘ਪੰਚ` ਸ਼ਬਦ ਦੀ ਵਰਤੋਂ ਕੀਤੀ ਗਈ ਮਿਲਦੀ ਹੈ, ਪਰ ਅਰਥ ਵੱਖੋ-ਵੱਖਰੇ ਮਿਲਦੇ ਹਨ। ਹੁਣ ਆਉ ਵਿਸ਼ਾ ਅਧੀਨ ਜਪੁਜੀ ਸਾਹਿਬ ਦੀ ਪਾਵਨ ਬਾਣੀ ਦੀਆਂ ਸਬੰਧਿਤ ਤੁਕਾਂ ਨੂੰ ਵਿਚਾਰਣ ਦਾ ਯਤਨ ਕਰੀਏ ਕਿ ਇਨ੍ਹਾਂ ਵਿੱਚ ‘ਪੰਚ` ਸ਼ਬਦ ਕਿਹੜੇ ਅਰਥਾਂ ਵਿੱਚ ਵਰਤਿਆ ਗਿਆ ਹੈ-

ਪੰਚ ਪਰਵਾਣ ਪੰਚ ਪਰਧਾਨੁ।। ਪੰਚੇ ਪਾਵਹਿ ਦਰਗਹਿ ਮਾਨੁ।।

ਪੰਚੇ ਸੋਹਹਿ ਦਰਿ ਰਾਜਾਨ।। ਪੰਚਾ ਕਾ ਗੁਰੁ ਏਕੁ ਧਿਆਨ।।

(ਜਪੁ -੩)

ਅਰਥ- ਉਹ ਮਨੁੱਖ ਜਿਨ੍ਹਾਂ ਨਾਮ ਸੁਣਿਆ ਹੈ ਤੇ ਮੰਨਿਆ ਹੈ, ਉਹ ਮਨੁੱਖ ਜਿਨ੍ਹਾਂ ਦੀ ਸੂਰਤ ਨਾਮ ਵਿੱਚ ਜੁੜੀ ਹੈ ਤੇ ਜਿਨ੍ਹਾਂ ਦੇ ਅੰਦਰ ਪਰਤੀਤ ਆ ਗਈ ਹੈ, ਉਹੀ ਮਨੁੱਖ ਇਥੇ ਜਗਤ ਵਿੱਚ ਮੰਨੇ ਪ੍ਰਮੰਨੇ ਰਹਿੰਦੇ ਹਨ ਅਤੇ ਸਭ ਦੇ ਆਗੂ ਹੁੰਦੇ ਹਨ। ਅਕਾਲ ਪੁਰਖ ਦੀ ਦਰਗਾਹ ਵਿੱਚ ਭੀ ਉਹ ਪੰਚ ਜਨ ਹੀ ਆਦਰ ਪਾਂਦੇ ਹਨ। ਰਾਜ ਦਰਬਾਰਾਂ ਵਿੱਚ ਭੀ ਉਹ ਪੰਚ ਜਨ ਹੀ ਸੋਭਦੇ ਹਨ। ਇਨ੍ਹਾਂ ਪੰਚ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇੱਕ ਹੀ ਗੁਰੂ ਹੈ, ਭਾਵ ਇਨ੍ਹਾਂ ਦੀ ਸੁਰਤ ਗੁਰ-ਸ਼ਬਦ ਵਿੱਚ ਹੀ ਰਹਿੰਦੀ ਹੈ, ਗੁਰ-ਸ਼ਬਦ ਵਿੱਚ ਜੁੜੇ ਰਹਿਣਾ ਹੀ ਇਨ੍ਹਾਂ ਦਾ ਅਸਲ ਨਿਸ਼ਾਨਾ ਹੈ।

ਉਪਰੋਕਤ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਵਿਸ਼ਾ ਅਧੀਨ ਗੁਰਬਾਣੀ ਫੁਰਮਾਣ ਵਿੱਚ ‘ਪੰਚ` ਸ਼ਬਦ ਉਨ੍ਹਾਂ ਲਈ ਆਇਆ ਹੈ ਜਿਹੜੇ ਗੁਰੂ ਕ੍ਰਿਪਾ ਦੁਆਰਾ ਪ੍ਰਮੇਸ਼ਰ ਦੇ ਦਰ ਉਪਰ ਪ੍ਰਵਾਨ ਹੋ ਚੁੱਕੇ ਹਨ। ਜਪੁਜੀ ਸਾਹਿਬ ਦੀ ਪਾਵਨ ਬਾਣੀ ਪਉੜੀ ਦਰ ਪਉੜੀ ਵਿਚਾਰ ਦੀ ਲੜੀ ਨੂੰ ਸੂਤਰ-ਬਧ ਰੱਖਦੀ ਹੋਈ ਅੱਗੇ ਤੁਰਦੀ ਹੈ। ਜਿਵੇਂ ਪਉੜੀ ਨੰਬਰ 8 ਤੋਂ 11 ਤਕ ‘ਸੁਣਿਐ` ਵਾਲੀਆਂ ਚਾਰ ਪਉੜੀਆਂ ਵਿੱਚ ਪ੍ਰਮੇਸ਼ਰ ਦੇ ਸੱਚੇ ਨਾਮ ਨੂੰ ਸਹੀ ਅਰਥਾਂ ਵਿੱਚ ਸੁਨਣ ਵਾਲਿਆਂ ਦੀ ਜੀਵਨ ਅਵਸਥਾ ਦਾ ਜ਼ਿਕਰ ਹੈ। ਪਉੜੀ ਨੰਬਰ 12 ਤੋਂ 15 ਤਕ ‘ਮੰਨੇ` ਵਾਲੀਆਂ ਚਾਰ ਪਉੜੀਆਂ ਵਿੱਚ ਪ੍ਰਮੇਸ਼ਰ ਦੇ ਨਾਮ ਰੂਪੀ ਹੁਕਮ ਨੂੰ ਅਮਲੀ ਰੂਪ ਵਿੱਚ ਮੰਨਣ ਵਾਲਿਆਂ ਦਾ ਜ਼ਿਕਰ ਹੈ।

ਠੀਕ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਗੁਰੂ ਨਾਨਕ ਸਾਹਿਬ ਨੇ ਇਸ 16 ਨੰਬਰ ਪਉੜੀ ਵਿੱਚ ‘ਪੰਚ ਪਰਵਾਣ ਪੰਚ ਪਰਧਾਨੁ` ਰਾਹੀਂ ਉਨ੍ਹਾਂ ਵਡਭਾਗੀ ਗੁਰਸਿੱਖਾਂ, ਆਤਮਕ ਜਗਿਆਸੂਆਂ ਦੀ ਉੱਚੀ ਆਤਮਕ ਅਵਸਥਾ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੇ ਪ੍ਰਮੇਸ਼ਰ ਦੇ ਨਾਮ ਨੂੰ ਸੁਣ ਕੇ ਮੰਨ ਲਿਆ ਹੈ, ਸੁਰਤ ਨਾਮ ਵਿੱਚ ਜੁੜਣ ਕਰਕੇ ਮਨ ਅੰਦਰ ਇਹ ਭਰੋਸਾ ਪ੍ਰਪੱਕ ਹੋ ਗਿਆ ਹੈ ਕਿ ਪ੍ਰਮੇਸ਼ਰ ਹਰ ਸਮੇਂ ਹਰ ਸਥਾਨ ਤੇ ਪੂਰਨ ਰੂਪ ਵਿੱਚ ਵਿਆਪਕ ਹੋ ਕੇ ਆਪਣੇ ਨਾਲ ਜੁੜਣ ਵਾਲਿਆਂ ਦੀ ਇੱਜਤ-ਵਡਿਆਈ-ਸ਼ੋਭਾ ਦਾ ਗੁਣਗਾਨ ਹਰ ਪਖੋਂ ਸੰਸਾਰ ਵਿੱਚ ਪ੍ਰਗਟ ਕਰ ਦਿੰਦਾ ਹੈ। ਜਿਸ ਦੁਆਰਾ ਐਸੇ ਗੁਰਮੁਖ ਜਨ ਸੰਸਾਰ ਅੰਦਰ ਮੰਨੇ-ਪ੍ਰਮੰਨੇ ਹੁੰਦੇ ਹੋਏ ਸਹੀ ਅਰਥਾਂ ਵਿੱਚ ‘ਪੰਚ` ਦੀ ਪਦਵੀ ਦੇ ਸਦੀਵੀ ਮਾਲਕ ਬਣ ਜਾਂਦੇ ਹਨ। ਦੁਨੀਆਂ ਦੀ ਕੋਈ ਤਾਕਤ ਉਨ੍ਹਾਂ ਕੋਲੋ ਇਹ ‘ਪੰਚ` ਦੀ ਪਦਵੀ ਖੋਹ ਨਹੀਂ ਸਕਦੀ-

ਜਿਸ ਕੋ ਲਾਇ ਸਚਿ ਤਿਸਹਿ ਉਧਾਰਦਾ।।

ਜਿਸ ਦੇ ਹੋਵੈ ਵਲਿ ਸੁ ਕਦੇ ਨ ਹਾਰਦਾ।।

ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ।। ੪।।

(ਵਾਰ ਗੂਜਰੀ-ਮਹਲਾ ੫-੫੧੮)

---------

ਇਸ ਲੇਖ ਰਾਹੀਂ ਦਿਤਾ ਗਿਆ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਿਆ ਗਿਆ ਹੈ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮਿ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.