.

ਧਰਮ ਪ੍ਰਭੂ ਦੀ ਮਾਨਵ ਰੂਪ ਵਿਚ ਪਰਿਵਰਤਨ ਦੀ ਪ੍ਰਕਿਰਿਆ ਹੈ

ਹਾਕਮ ਸਿੰਘ

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮੂਲ ਮੰਤਰ ਪ੍ਰਭੂ ਦੇ ਮਨੁੱਖ ਲਈ ਪ੍ਰਸੰਗਕ ਮੂਲ ਗੁਣਾਂ ਅਤੇ ਨਿਸ਼ੇਧਆਤਮਿਕ (Negative) ਸੁਭਾਵਾਂ ਦਾ ਵਰਨਣ ਹੈ, ਜਿਨ੍ਹਾਂ ਦੀ ਸਾਰੀ ਗੁਰਬਾਣੀ ਵਿਚ ਵਿਸਥਾਰ ਪੂਰਵਕ ਵਿਆਖਿਆ ਕੀਤੀ ਗਈ ਹੈ। "ੴ ਸਤਿਨਾਮੁ ਕਰਤਾ ਪੁਰਖੁ" ਪ੍ਰਭੂ ਦੇ ਚਾਰ ਮੂਲ ਗੁਣ ਹਨ। (੧) ਉਹ ਇਕ ਅਤੇ ਓਅੰਕਾਰ ਸਰੂਪ ਹੈ; (੨) ਉਸ ਦਾ ਨਾਮ ਸੱਚਾ ਹੈ ਜਿਸ ਦਾ ਅਰਥ ਹੈ ਕਿ ਉਸ ਦੀ ਹੋਂਦ ਹੈ (ਹੋਰ ਕਿਸੇ ਦਾ ਨਾਂ ਸੱਚਾ ਨਹੀਂ ਹੈ, ਹੋਰ ਸਾਰੇ ਹੀ ਮਿਥੇ ਹੋਏ ਅਤੇ ਅਸਥਾਈ ਨਾਂ ਹਨ, ਇਸ ਲਈ ਹੋਰ ਕਿਸੇ ਦੀ ਹੋਂਦ ਨਹੀਂ ਹੈ); (੩) ਉਹ ਸਾਰੀ ਸ੍ਰਿਸ਼ਟੀ ਦਾ ਰਚਣਹਾਰ ਹੈ; ਅਤੇ (੪) ਉਹ ਆਪ ਆਪਣੀ ਸਿਰਜੀ ਸ੍ਰਿਸ਼ਟੀ ਵਿਚ ਵਿਦਮਾਨ ਹੈ। ਪ੍ਰਭੂ ਦੇ ਮੂਲ ਨਿਸ਼ੇਧਆਤਮਕ ਸੁਭਾਵਾਂ ਵਿਚ "ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ" ਸ਼ਾਮਲ ਹਨ। ਪ੍ਰਭੂ ਸੰਸਾਰਕ ਡਰ ਤੋਂ ਰਹਿਤ ਅਤੇ ਸੰਸਾਰਕ ਵੈਰ ਦੇ ਪ੍ਰਭਾਵ ਤੋਂ ਨਿਰਲਿਪਤ ਹੈ; ਉਸ ਦਾ ਸਰੂਪ ਕਾਲ ਦੀਆਂ ਸੀਮਾਵਾਂ ਤੋਂ ਪਰੇ ਹੈ; ਅਤੇ ਉਹ ਅਜਨਮਾ ਹੈ ਜਾਂ ਜਨਮ-ਮਰਨ ਦੇ ਚਕਰ ਵਿਚ ਨਹੀਂ ਆਉਂਦਾ। ਮੂਲ ਮੰਤਰ ਵਿਚ ਪ੍ਰਭੂ ਨੂੰ "ਸੈਭੰ", ਸੁਤੈ ਪ੍ਰਕਾਸ਼ ਜਾਂ "ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ" ਆਖਿਆ ਗਿਆ ਹੈ ਜਿਸ ਨੂੰ "ਗੁਰ ਪ੍ਰਸਾਦਿ" ਗੁਰੂ ਦੀ ਕਿਰਪਾ ਦੁਆਰਾ ਹੀ ਜਾਣਿਆ ਅਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਐਸੇ ਵਿਸ਼ੇਸ਼ ਗੁਣਾਂ ਦੇ ਮਾਲਕ ਸੱਚ ਖੰਡ ਵਾਸੀ ਏਕੰਕਾਰ ਪ੍ਰਭੁ ਦੇ ਸਰੂਪ ਨੂੰ ਗੁਰਬਾਣੀ ਨਿਰੰਕਾਰ ਅਤੇ ਤ੍ਰੈਗੁਣਾਂ ਤੋਂ ਭਿੰਨ ਆਖਦੀ ਹੈ: "ਏਕਮ ਏਕੰਕਾਰ ਨਿਰਾਲਾ॥ ਅਮਰ ਅਜੋਨੀ ਜਾਤਿ ਨ ਜਾਲਾ॥" (ਪੰ: ੮੩੮); "ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ॥" (ਪੰ: ੪੬੪) "ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥" (ਪੰ: ੨੮੩); "ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ॥" (ਪੰ: ੪੬੫); ਅਤੇ "ਸਚ ਖੰਡਿ ਵਸੇ ਨਿਰੰਕਾਰ" (ਪੰ: ੪)। ਗੁਰਬਾਣੀ ਅਨੁਸਾਰ ਪ੍ਰਭੂ ਅਵਿਅਕਤ ਸ਼ਬਦ ਰੂਪ ਵਿਚ ਹਰ ਥਾਂ ਇਕ-ਰਸ ਵਿਆਪਕ ਹੈ। ਉਹ ਸਾਰੀ ਮਨੁੱਖਤਾ ਵਿਚ ਵਸਿਆ ਹੋਇਆ ਹੈ ਅਤੇ ਜੋ ਵਿਅਕਤੀ ਵੈਰ ਦੀ ਭਾਵਨਾ ਤਿਆਗ ਕੇ ਮਾਨਵਤਾ ਨਾਲ ਪ੍ਰੇਮ ਕਰਨ ਲੱਗ ਪੈਂਦਾ ਹੈ ਉਹ ਪ੍ਰਭੂ ਦੇ ਦਰਸ਼ਨ ਕਰਨਯੋਗ ਬਣ ਜਾਂਦਾ ਹੈ। ਪ੍ਰਭੂ ਦੀ ਸੂਝ ਗੁਰ-ਸ਼ਬਦ ਦੇ ਅਧਿਆਤਮਿਕ ਗਿਆਨ ਦੁਆਰਾ ਪ੍ਰਾਪਤ ਹੁੰਦੀ ਹੈ ਪਰ ਇਹ ਉਨ੍ਹਾਂ ਵਿਰਲਿਆਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਤੇ ਪ੍ਰਭੂ ਦੀ ਬਖ਼ਸ਼ਿਸ਼ ਹੋ ਜਾਵੇ। ਹਰ ਕੋਈ ਉਸ ਦੀ ਬਖ਼ਸ਼ਿਸ਼ ਦਾ ਪਾਤਰ ਨਹੀਂ ਹੁੰਦਾ। ਪ੍ਰਭੂ ਵਿਚ ਅਣਗਿਣਤ ਲੋਕਾਂ ਦਾ ਵਿਸ਼ਵਾਸ ਹੈ ਪਰ ਬਹੁਤ ਥੋੜੇ ਲੋਕ ਹੀ ਰਿਸ਼ੀਆਂ, ਮੁਨੀਆਂ, ਪੈਗੰਬਰਾਂ, ਅਵਤਾਰਾਂ, ਸੰਤਾਂ, ਭਗਤਾਂ ਅਤੇ ਗੁਰੂਆਂ ਦੇ ਉਪਦੇਸ਼ਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕਰਦੇ ਹਨ। ਬਹੁਤੇ ਉਨ੍ਹਾਂ ਉਪਦੇਸ਼ਾਂ ਨੂੰ ਧਾਰਮਕ ਕਿੱਤਾ ਬਣਾ ਕੇ ਸਾਧਾਰਣ ਲੋਕਾਂ ਨੂੰ ਗੁਮਰਾਹ ਕਰਨ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਦੀ ਰੁਚੀ ਰੱਖਦੇ ਹਨ। ਸ਼ਕਤੀ ਅਤੇ ਪ੍ਰਸੰਸਾ ਦੇ ਅਭਿਲਾਸ਼ੀ ਉਨ੍ਹਾਂ ਉਪਦੇਸ਼ਾਂ ਨੂੰ ਆਪੂ ਬਣਾਏ ਧਰਮ ਨਾਲ ਜੋੜ ਕੇ ਮਾਸੂਮ ਲੋਕਾਂ ਤੇ ਅਤਿਆਚਾਰ ਕਰਨ ਲੱਗ ਪੈਂਦੇ ਹਨ।
ਗੁਰਬਾਣੀ ਪ੍ਰਭੂ ਦੇ ਸਿਰਜੇ ਪਦਾਰਥਕ ਜਗਤ ਨੂੰ ਦੂਜਾ ਆਖਦੀ ਹੈ: "ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੇ ਚਾਉ॥" (ਪੰ: ੪੬੩)। ਪ੍ਰਭੂ ਕੁਦਰਤ ਦਾ ਕਾਦਰ ਹੈ ਅਤੇ ਕੁਦਰਤ ਉਸ ਤੋਂ ਵਖਰੀ ਹੈ। ਗੁਰਬਾਣੀ ਵਿਚ ਇਸ ਵਖਰੇਵੇਂ ਦਾ ਵਰਨਨ ਇਸ ਪ੍ਰਕਾਰ ਕੀਤਾ ਗਿਆ ਹੈ: "ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥ ਕੁਦਰਿਤ ਪਾਤਾਲੀ ਆਕਾਸੀ ਕੁਦਰਤਿ ਸਰਬੁ ਆਕਾਰੁ॥ ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥ ਕੁਦਰਤਿ ਖਾਣਾ ਪੀਣਾ ਪੈਨ੍ਹਣੁ ਕੁਦਰਤਿ ਸਰਬ ਪਆਰੁ॥ ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥ ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨ॥ ਕੁਦਰਤਿ ਪਉਣ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥ ਸਭ ਤੇਰੀ ਕੁਦਰਤਿ ਤੂੰ ਕਾਦਰੁ ਕਰਤਾ ਪਾਕੀ ਨਾਈ ਪਾਕੁ॥ ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥" (ਪੰ: ੪੬੪)। ਮਨੁੱਖ ਕੁਦਰਤ ਦਾ ਭਾਗ ਹੈ ਅਤੇ ਉਸ ਤੋਂ ਪ੍ਰਭਾਵਤ ਹੋਇਆ ਉਹ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਉਤਸੁਕ ਰਹਿੰਦਾ ਹੈ ਅਤੇ ਕੁਦਰਤ ਦੇ ਨਿਯਮਾਂ ਦੀ ਜਾਣਕਾਰੀ ਨੂੰ ਵਿਗਿਆਨ ਦਾ ਨਾਂ ਦਿੰਦਾ ਹੈ। ਵਿਗਿਆਨ ਕੁਦਰਤ ਦੇ ਨਿਯਮਾਂ ਦੀ ਜਾਣਕਾਰੀ ਇਕੱਤਰ ਕਰਨ ਦੀ ਪ੍ਰਕਿਰਿਆ ਹੈ। ਉਸ ਜਾਣਕਾਰੀ ਦੀ ਸਹੀ ਵਰਤੋਂ ਮਨੁੱਖੀ ਜੀਵਨ ਨੂੰ ਸੁਖਾਲਾ ਅਤੇ ਸੁਰਖਿਅਤ ਬਣਾਉਂਦੀ ਹੈ ਪਰ ਉਸ ਦੀ ਦੁਰਵਰਤੋਂ ਮਨੁੱਖਤਾ ਲਈ ਸੰਤਾਪ ਹੋ ਨਿਬੜਦੀ ਹੈ। ਵਿਗਿਆਨ ਵਿਚ ਪ੍ਰਭੂ ਬਾਰੇ ਸੂਝ ਪਰਦਾਨ ਕਰਨ ਦੀ ਸਮਰਥਾ ਨਹੀਂ ਹੈ ਕਿਉਂਕਿ ਪ੍ਰਭੂ ਪਦਾਰਥ ਨਹੀਂ ਹੈ। ਪ੍ਰਭੂ ਦੀ ਸੂਝ ਕੇਵਲ ਅਧਿਆਤਮਿਕ ਗਿਆਨ ਤੋਂ ਹੀ ਪ੍ਰਾਪਤ ਹੁੰਦੀ ਹੈ, ਉਹ ਵੀ ਪ੍ਰਭੂ ਦੀ ਕਿਰਪਾ ਦੁਆਰਾ।
ਪ੍ਰਭੂ ਦਾ ਨਜ਼ਰ ਆਉਣ ਵਾਲਾ ਜਾਂ ਅਨੁਭਵ ਕੀਤਾ ਜਾਣ ਵਾਲਾ ਕੋਈ ਆਕਾਰ ਨਾ ਹੋਣ ਕਾਰਨ ਸਾਧਾਰਣ ਮਨੁੱਖ ਵਿਚ ਪ੍ਰਭੂ ਨੂੰ ਜਾਨਣ ਅਤੇ ਅਨੁਭਵ ਕਰਨ ਦੀ ਯੋਗਤਾ ਨਹੀਂ ਹੁੰਦੀ। ਉਹ ਤੇ ਕੇਵਲ ਨਜ਼ਰ ਆ ਰਹੀ ਕੁਦਰਤ ਦੇ ਕ੍ਰਿਸ਼ਮਿਆਂ ਨੂੰ ਹੀ ਜਾਣ ਸਕਦਾ ਹੈ। ਮਨੁੱਖ ਆਪ ਖ਼ੁਦ ਪਦਾਰਥਕ ਜਗਤ ਦੀ ਉਪਜ ਹੈ ਇਸ ਲਈ ਉਸ ਦੀ ਸੋਚ ਦੀ ਸੀਮਾ ਵੀ ਪਦਾਰਥ ਨੇ ਨਿਰਧਾਰਤ ਕੀਤੀ ਹੋਈ ਹੈ। ਪਦਾਰਥ ਤੋਂ ਪਰੇ ਸੋਚਣ ਅਤੇ ਜਾਨਣ ਦੀ ਮਨੁੱਖ ਵਿਚ ਯੋਗਤਾ ਨਹੀਂ ਹੈ। ਇਸੇ ਲਈ ਮਨੁੱਖ ਆਪਣੇ ਉੱਦਮ ਦੁਆਰਾ ਪ੍ਰਭੂ ਬਾਰੇ ਅਧਿਆਤਮ ਗਿਆਨ ਪ੍ਰਾਪਤ ਕਰਨ ਦੇ ਸਮਰਥ ਨਹੀਂ ਹੈ। ਅਧਿਆਤਮ ਗਿਆਨ ਪ੍ਰਾਪਤ ਕਰਨ ਲਈ ਮਨੁੱਖ ਨੂੰ ਸੰਸਾਰ ਦੇ ਤ੍ਰੈਗੁਣਾਂ ਤੋਂ ਉਪਰ ਚੌਥੇ ਪਦ ਵਿਚ ਪ੍ਰਵੇਸ਼ ਕਰਨਾ ਪੈਂਦਾ ਹੈ, ਜੋ ਪ੍ਰਭੂ ਦੀ ਕਿਰਪਾ ਦੁਆਰਾ ਸੰਭਵ ਹੁੰਦਾ ਹੈ।
ਗੁਰਬਾਣੀ ਦੱਸਦੀ ਹੈ ਕਿ ਪਦਾਰਥਕ ਜਗਤ ਵਿਚ ਪ੍ਰਭੂ ਨੇ ਤ੍ਰੈਗੁਣ, ਰਜ, ਤਮ, ਅਤੇ ਸਤ, ਪਾਏ ਹੋਏ ਹਨ ਜਿਨ੍ਹਾਂ ਨੂੰ ਗੁਰਬਾਣੀ ਮਾਇਆ ਆਖਦੀ ਹੈ, ਅਤੇ ਇਹ ਮਾਇਆ ਹੀ ਮਨੁੱਖ ਵਿਚ ਹਉਮੈ ਬਣ ਕੇ ਵਿਚਰਦੀ ਹੈ। "ਹਉ ਵਿਚ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥" (ਪੰ: ੪੬੬)। ਹਉਮੈ ਇਕ ਸਵੈ-ਵਿਨਾਸ਼ਕਾਰੀ ਅਤੇ ਪ੍ਰਭੂ-ਵਿਰੋਧੀ ਰੁੱਚੀ ਹੈ। ਹਉਮੈ ਦੇ ਵਿਨਾਸ਼ਕਾਰੀ ਸੁਭਾ ਨੂੰ ਠਲ੍ਹ ਪਾਉਣ ਲਈ ਪ੍ਰਭੂ ਨੇ ਮਨੁੱਖ ਵਿਚ ਡਰ ਪੈਦਾ ਕੀਤਾ ਹੋਇਆ ਹੈ। ਮਨੁੱਖ ਜਨਮ ਤੋਂ ਡਰ ਕਾਰਨ ਹੀ ਸਵੈ-ਰਖਿਆ ਲਈ ਯਤਨਸ਼ੀਲ ਰਹਿੰਦਾ ਹੈ ਅਤੇ ਹਉਮੈ ਨੂੰ ਕਾਬੂ ਵਿਚ ਰੱਖਣ ਦਾ ਪਰਯਾਸ ਵੀ ਕਰਦਾ ਹੈ। ਸਮਾਜ ਦੀ ਸਿਰਜਨਾ ਵੀ ਮਨੁੱਖ ਉਸੇ ਉਦੇਸ਼ ਲਈ ਕਰਦਾ ਹੈ। ਹਉਮੈ ਅਤੇ ਭੈ ਮਨੁਖਾ ਜੀਵਨ ਦੇ ਦੋ ਅਨਿਖੜਵੇਂ ਅਤੇ ਪਰਸਪਰ ਵਿਰੋਧੀ ਅੰਗ ਹਨ। ਹਉਮੈ ਮਨੁੱਖ ਨੂੰ ਪ੍ਰਭੂ ਤੋਂ ਪਰੇ ਕਰਦੀ ਹੈ ਅਤੇ ਭੈ ਪ੍ਰਭੂ ਦੀ ਯਾਦ ਦੁਆ ਕੇ ਉਸ ਦੀ ਸਹਾਇਤਾ ਦੀ ਇੱਛਾ ਪੈਦਾ ਕਰਦਾ ਹੈ। ਗੁਰਬਾਣੀ ਭਉ ਨੂੰ ਪ੍ਰਭੂ ਪ੍ਰਾਪਤੀ ਦਾ ਹੀਲਾ ਦੱਸਦੀ ਹੈ। "ਭੈ ਬਿਨੁ ਭਰਮੁ ਨ ਕਟੀਐ ਨਾਮਿ ਨ ਲਗੈ ਪਿਆਰੁ॥ ਸਤਿਗੁਰ ਤੇ ਭਉ ਉਪਜੈ ਪਾਈਐ ਮੋਖ ਦੁਆਰ॥ ਭੈ ਤੇ ਸਹਜੁ ਪਾਈਐ ਮਿਲਿ ਜੋਤੀ ਜੋਤਿ ਅਪਾਰ॥" (ਪੰ: ੧੨੮੮)। ਜਿਵੇਂ ਭਉ ਮਨੁੱਖ ਵਿਚ ਹਉਮੈ ਦੇ ਪ੍ਰਭਾਵ ਨੂੰ ਘਟਾਉਂਦਾ ਹੈ ਉਵੇਂ ਹੀ ਸਮਾਜ ਵਿਚ ਮਾਇਆ ਦੇ ਪ੍ਰਭਾਵ ਨੂੰ ਘਟਾਉਂਦਾ ਹੈ। ਗੁਰਬਾਣੀ ਦਾ ਕਥਨ ਹੈ: "ਭੈ ਵਿਚਿ ਪਵਣੇ ਵਹੈ ਸਦਵਾਉ॥ ਭੇ ਵਿਚਿ ਚਲੈ ਲਖ ਦਰੀਆਉ॥ ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ॥ ਭੈ ਵਿਚਿ ਰਾਜਾ ਧਰਮ ਦੁਆਰ॥ ਭੈ ਵਿਚਿ ਸੁਰਜ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ॥ ਭੈ ਵਿਚਿ ਸਿਧ ਬੁਧ ਸੁਰ ਨਾਥ॥ ਭੈ ਵਿਚਿ ਆਡਾਣੇ ਆਕਾਸ॥ ਭੈ ਵਿਚਿ ਜੋਧ ਮਹਾ ਬਲ ਸੂਰ॥ ਭੈ ਵਿਚਿ ਆਵਹਿ ਜਾਵਹਿ ਪੂਰ॥ ਸਗਲਿਆ ਭਉ ਲਿਖਿਆ ਸਿਰਿ ਲੇਖੁ॥ ਨਾਨਕ ਨਿਰਭਉ ਨਿਰੰਕਾਰ ਸਚੁ ਏਕੁ॥" (ਪੰ: ੪੬੪)। ਕੇਵਲ ਪ੍ਰਭੂ ਹੀ ਭੈ ਰਹਿਤ ਹੈ।
ਭੈ ਅਤੇ ਭਾਉ ਦਾ ਡੂੰਘਾ ਸਬੰਧ ਹੈ। ਸ਼ਰਧਾ ਅਤੇ ਪ੍ਰੇਮ ਭੈ ਤੋਂ ਉਤਪੰਨ ਹੁੰਦੇ ਹਨ। ਬਚਿਆਂ ਦਾ ਆਪਣੇ ਮਾਪਿਆਂ ਨਾਲ ਪ੍ਰੇਮ ਭੈ ਅਤੇ ਭਾਉ ਦਾ ਹੀ ਮਿਸ਼ਰਣ ਹੁੰਦਾ ਹੈ। ਲੋਕ ਉਸ ਸਮਾਜਕ ਸ਼ਕਤੀ ਦੇ ਡਰ ਨੂੰ ਪ੍ਰੇਮ ਬਣਾ ਲੈਂਦੇ ਹਨ ਜਿਸ ਨੂੰ ਉਹ ਲੋਕਾਂ ਦੀ ਖੁਸ਼ਹਾਲੀ ਲਈ ਕੰਮ ਕਰਦੀ ਸਮਝਦੇ ਹੋਣ। ਪ੍ਰਭੂ ਸਭ ਦੀ ਰਖਿਆ ਕਰਨ ਵਾਲਾ ਹੈ ਉਸ ਦੇ ਭੈ ਦਾ ਸ਼ਰਧਾ ਅਤੇ ਪ੍ਰੇਮ ਰੂਪ ਧਾਰਨ ਕਰ ਲੈਣਾ ਸੁਭਾਵਕ ਹੈ। ਗੁਰਬਾਣੀ ਦੇ ਕਥਨ ਹਨ: "ਭੈ ਕੀਆ ਦੇਹ ਸਲਾਈਆ ਨੈਣੀ ਭਾਵ ਕਾ ਕਰ ਸੀਗਾਰੋ॥ ਤਾ ਸੋਹਾਗਣੁ ਜਾਣੀਐ ਲਾਗੀ ਜਾ ਸਹੁ ਧਰੋ ਪਿਆਰੋ" (ਪੰ: ੭੨੨); "ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥" (ਪੰ: ੧੪੧੨); ਅਤੇ "ਭਉੇ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ॥ ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ॥" (ਪੰ: ੭੮੮)। ਮਨੁੱਖੀ ਭੈ ਦੀ ਭਾਉ ਵਿਚ ਤਬਦੀਲੀ ਦੀ ਪ੍ਰਕਿਰਿਆ ਵਿਚ ਹਉਮੈ ਭਾਰੀ ਰੁਕਾਵਟ ਬਣੀ ਰਹਿੰਦੀ ਹੈ। ਬਹੁਤੇ ਵਿਅਕਤੀ ਜਦੋਂ ਪ੍ਰਭੂ ਦੇ ਭੈ ਨੂੰ ਪ੍ਰੇਮ ਵਿਚ ਬਦਲਣ ਦਾ ਯਤਨ ਕਰਦੇ ਹਨ ਤਾਂ ਹਉਮੈ ਉਨ੍ਹਾਂ ਨੂੰ ਸ਼ਰਧਾ ਦੀ ਸਰਦਲ ਤੇ ਹੀ ਰੋਕ ਦਿੰਦੀ ਹੈ। ਭੈ ਅਤੇ ਹਉਮੈ ਦੀ ਕਸ਼ਮਕਸ਼ ਵਿਚ ਉਲਝਿਆ ਮਨੁੱਖ ਅਗਵਾਈ ਲੋਚਦਾ ਹੈ। ਸਾਧਾਰਣ ਲੋਕਾਂ ਵਿਚ ਪ੍ਰਭੂ ਨੂੰ ਜਾਨਣ ਲਈ ਉਤਸੁਕਤਾ ਹੋਣੀ ਸੁਭਾਵਕ ਹੈ ਅਤੇ ਬਹੁਤਿਆਂ ਲਈ ਪ੍ਰਭੂ ਦਾ ਸਰੂਪ ਹੀ ਉਨ੍ਹਾਂ ਦੇ ਵਿਸ਼ਵਾਸ ਦੀ ਟੇਕ ਹੁੰਦਾ ਹੈ। ਪ੍ਰਭੂ ਦਾ ਨਿਰਾਕਾਰ ਸਰੂਪ ਕਈ ਸ਼ਰਧਾਲੂਆਂ ਲਈ ਇਕ ਸਮੱਸਿਆ ਬਣਿਆ ਰਹਿੰਦਾ ਹੈ। ਇਸ ਸਮੱਸਿਆ ਦਾ ਹੱਲ ਕਰਨ ਲਈ ਸਮਾਜਕ ਧਰਮ ਹੋਂਦ ਵਿਚ ਆਉਂਦੇ ਹਨ। ਧਰਮ ਵਿਚ ਅਧਿਆਤਮ ਗਿਆਨ ਨੂੰ ਉਸ ਦੇ ਸੰਚਾਰ ਮਾਧਿਅਮਾਂ ਨਾਲ ਇਸ ਤਰ੍ਹਾਂ ਰਲਾ ਮਿਲਾ ਦਿੱਤਾ ਜਾਂਦਾ ਹੈ ਕਿ ਉਹ ਸੰਸਾਰਕ ਭਲਾਈ ਦੀ ਵਿਧੀ ਨਜ਼ਰ ਆਉਣ ਲੱਗ ਪੈਂਦਾ ਹੈ। ਕਹਾਵਤ ਹੈ ਕਿ ਮਾਧਿਅਮ ਹੀ ਸੰਦੇਸ਼ ਹੈ
(Medium is the message)। ਧਰਮਾਂ ਦੇ ਸੰਦਰਭ ਵਿਚ ਇਹ ਕਹਾਵਤ ਪੂਰੀ ਤਰ੍ਹਾਂ ਸਾਕਾਰ ਹੋ ਜਾਂਦੀ ਹੈ। ਧਰਮ ਵਿਚ ਅਧਿਆਤਮ ਗਿਆਨ ਦਾ ਉਪਦੇਸ਼ ਕਰਨ ਵਾਲੇ ਪੈਗੰਬਰ, ਅਵਤਾਰ, ਗੁਰੂ, ਭਗਤ, ਸੰਤ ਜਾਂ ਕਲਪਿਤ ਦੇਵੀ ਦੇਵਤੇ ਦੇ ਵਿਅਕਤਿੱਤਵ, ਮਿਥਹਾਸਕ ਬਿਰਤਾਂਤ, ਵਿਚਾਰ ਅਤੇ ਉਪਦੇਸ਼ ਨੂੰ ਪੱਥਰਾਂ, ਗ੍ਰੰਥਾਂ, ਭਵਨਾਂ ਜਾਂ ਪਦਾਰਥਾਂ ਵਿਚ ਮੂਰਤੀ ਮਾਨ ਕਰਕੇ ਉਨ੍ਹਾਂ ਮੂਰਤਾਂ ਦੇ ਪੂਜਾ, ਪਾਠ, ਕਰਮ ਕਾਂਡ ਅਤੇ ਮਰਿਯਾਦਾਵਾਂ ਵਿਚ ਉਸ ਅਧਿਆਤਮ ਗਿਆਨ ਦੀ ਵਿਆਖਿਆ ਇਸ ਤਰ੍ਹਾਂ ਰਲਾ ਮਿਲਾ ਦਿੱਤੀ ਜਾਂਦੀ ਹੈ ਕਿ ਉਸ ਧਰਮ ਦੇ ਸ਼ਰਧਾਲੂ ਆਪਣੇ ਆਪ ਨੂੰ ਪ੍ਰਭੂ ਵੱਲੋਂ ਬਖਸ਼ੀ ਵਿਸ਼ੇਸ਼ ਪਦਵੀ ਦੇ ਹੱਕਦਾਰ ਸਮਝਣ ਲੱਗ ਪੈਂਦੇ ਹਨ। ਇਸ ਧਾਰਮਕ ਪ੍ਰਕਿਰਿਆ ਵਿਚ ਨਿਰਾਕਾਰ ਪ੍ਰਭੂ ਨੂੰ ਇਕ ਨਵਾਂ ਮਾਨਵੀ ਅਤੇ ਪਦਾਰਥਕ ਰੂਪ ਦੇ ਕੇ ਮਨੁੱਖੀ ਸਭਿਆਚਾਰ ਪ੍ਰਤੀ ਦਿਆਲਤਾ ਅਤੇ ਕ੍ਰਿਪਾਲਤਾ ਦਾ ਮੁਜੱਸਮਾ ਬਣਾ ਦਿੱਤਾ ਜਾਂਦਾ ਹੈ। ਧਰਮ ਸ਼ਾਸਤਰੀ ਅਤੇ ਧਾਰਮਕ ਵਿਦਵਾਨ ਉਸ ਸਮਾਜਕ ਧਰਮ ਦੀ ਐਸੀ ਰੂਪ ਰੇਖਾ ਸਿਰਜਦੇ ਹਨ ਕਿ ਸ਼ਰਧਾਲੂਆਂ ਦਾ ਪ੍ਰਭੂ ਦੀ ਅਸਲੀਅਤ ਜਾਨਣ ਵਲ ਧਿਆਨ ਹੀ ਨਹੀਂ ਜਾਂਦਾ ਅਤੇ ਪੁਜਾਰੀ ਸ਼੍ਰੇਣੀ ਆਪਣੇ ਪਹਿਰਾਵੇ, ਕਰਮ ਕਾਂਡ, ਸ਼ਰਧਾ, ਅਧਿਕਾਰ ਅਤੇ ਲੋਕ ਭਲਾਈ ਪ੍ਰਤੀ ਗੰਭੀਰਤਾ ਦਾ ਪ੍ਰਗਟਾਵਾ ਕਰਕੇ ਲੋਕਾਂ ਦੇ ਧਰਮ ਵਿਚ ਵਿਸ਼ਵਾਸ ਨੂੰ ਹੋਰ ਪੱਕਾ ਕਰ ਦਿੰਦੀ ਹੈ। ਪੁਰਾਤਨ ਸਮਿਆਂ ਵਿਚ ਸਾਧਾਰਣ ਲੋਕ ਕੁਦਰਤ ਦੀ ਕਰੋਪੀ ਦੇ ਡਰ ਵਿਚ ਵਿਭਿੰਨ ਕੁਦਰਤੀ ਸ਼ਕਤੀਆਂ ਨੂੰ ਪ੍ਰਭੂ ਜਾਣ ਕੇ ਉਨ੍ਹਾਂ ਦੀ ਕ੍ਰਿਪਾਲਤਾ ਪ੍ਰਾਪਤ ਕਰਨ ਲਈ ਉਨ੍ਹਾਂ ਦੀ ਪੂਜਾ ਕਰਦੇ ਹੁੰਦੇ ਸਨ। ਰਿਸ਼ੀਆਂ, ਮੁਨੀਆਂ, ਪੈਗੰਬਰਾਂ, ਅਵਤਾਰਾਂ, ਸੰਤਾਂ, ਭਗਤਾਂ ਅਤੇ ਗੁਰੂਆਂ ਨੇ ਉਨ੍ਹਾਂ ਨੂੰ ਪ੍ਰਭੂ ਦੀ ਹੋਂਦ ਦਾ ਗਿਆਨ ਪਰਦਾਨ ਕਰਕੇ ਕੁਦਰਤੀ ਸ਼ਕਤੀਆਂ ਦੀ ਪੂਜਾ ਕਰਨ ਤੋਂ ਵਰਜਿਆ ਸੀ। ਪਰ ਉਨ੍ਹਾਂ ਵੱਲੋਂ ਪ੍ਰਗਟਾਏ ਵਿਚਾਰਾਂ ਵਿਚ ਪ੍ਰਭੂ ਦੇ ਨਿਰਾਕਾਰ ਸਰੂਪ ਦਾ ਵਰਨਣ ਬਹੁਤਿਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਸੀ ਜਿਸ ਦਾ ਨਿਰਵਾਣ ਧਾਰਮਕ ਆਗੂਆਂ ਨੇ ਆਪਣੇ ਧਰਮ ਸਥਾਪਤ ਕਰਕੇ ਕੀਤਾ। ਇਸ ਸੰਦਰਭ ਵਿਚ ਕੁੱਝ ਵੱਡੇ ਧਰਮਾਂ ਬਾਰੇ ਸੰਖੇਪ ਜਾਣਕਾਰੀ ਹੇਠ ਦੇ ਰਹੇ ਹਾਂ।
ਹਿੰਦੂ ਧਰਮ ਨੇ ਪ੍ਰਭੂ ਦੀ ਸਾਜੀ ਸ੍ਰਿਸ਼ਟੀ ਵਿਚ ਤਿੰਨ ਸੇਵਕ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ, ਥਾਪ ਉਨ੍ਹਾਂ ਦੇ ਮਿਥਿਹਾਸ ਵਿਚ ਵੇਦਾਂ ਦਾ ਈਸ਼ਵਰੀਯ ਗਿਆਨ ਰਲਗੱਡ ਕਰਕੇ ਉਨ੍ਹਾਂ ਨੂੰ ਪਰਵਾਰਾਂ ਸਮੇਤ ਮੂਰਤੀ ਮਾਨ ਕਰ ਦਿੱਤਾ, ਅਤੇ ਉਨ੍ਹਾਂ ਮੂਰਤੀਆਂ ਦੀ ਪੂਜਾ, ਮਰਯਾਦਾ ਅਤੇ ਚੜ੍ਹਾਵੇ ਲਈ ਮੰਦਰ ਸਥਾਪਤ ਕਰਕੇ ਪੁਜਾਰੀ ਸ਼੍ਰੇਣੀ ਦੀ ਵਿਵਸਥਾ ਕਰ ਦਿੱਤੀ। ਹਿੰਦੂ ਧਰਮ ਵਿਚ ਵੇਦਾਂ ਦੇ ਉਪਦੇਸ਼ ਦਾ ਜ਼ਿਕਰ ਨਹੀਂ ਕੀਤਾ ਜਾਂਦਾ। ਉਪਨਿਸ਼ਦਾਂ ਅਤੇ ਭਗਵਦ ਗੀਤਾ ਦੀ ਵਿਚਾਰਧਾਰਾ ਨਾਲ ਪੁਰਾਣਾਂ, ਰਾਮਾਇਣ ਅਤੇ ਮਹਾਂਭਾਰਤ ਦੇ ਮਿਥਹਾਸਕ ਬਿਰਤਾਂਤਾਂ ਨੂੰ ਰਲਗੱਡ ਕਰ ਦਿੱਤਾ ਜਾਂਦਾ ਹੈ ਤਾਂ ਜੋ ਕੋਈ ਵੀ ਅਧਿਆਤਮ ਵਿਚਾਰ ਸਪਸ਼ਟ ਨਾ ਰਹੇ। ਹਿੰਦੂ ਸਭਿਆਚਾਰ ਵਿਚ ਸ਼ਾਂਤੀ, ਹਲੀਮੀ ਅਤੇ ਮਿਲਵਰਤਨ ਦੇ ਗੁਣ ਹਨ ਪਰ ਹਿੰਦੂ ਧਰਮ ਦਾ ਸਮਾਜਕ ਢਾਂਚਾ ਅਤਿਅੰਤ ਅਣ ਮਨੁੱਖੀ ਅਤੇ ਅਨਿਆਈ ਹੈ। ਉਸ ਵਿਚ ਤੇ ਰੱਬ ਨੂੰ ਵੀ ਪੱਖਪਾਤੀ ਬਣਾ ਕੇ ਕਲੰਕਿਤ ਕੀਤਾ ਹੋਇਆ ਹੈ। ਹੁਣ ਮਰਾਠਿਆਂ ਦਾ ਬਣਾਇਆ ਫਾਸ਼ਿਸਟ ਰਾਸ਼ਟਰੀਅ ਸਵੈਮ ਸੇਵਕ ਸੰਘ
(R.S.S.) ਹਿੰਦੂਤੱਵੀ ਵਿਚਾਰਧਾਰਾ ਦੀ ਸਹਾਇਤਾ ਨਾਲ ਪੰਜਾਬੀ, ਬੰਗਾਲੀ ਅਤੇ ਹੋਰ ਸਾਰੀਆਂ ਕੌਮਾਂ ਨੂੰ ਨਿਤਾਣੀਆਂ ਕਰਕੇ ਭਾਰਤ ਤੇ ਮਰਾਠੇ-ਗੁਜਰਾਤੀ ਹਿੰਦੂ ਤਵੀਆਂ ਦਾ ਪੱਕਾ ਕਬਜ਼ਾ ਕਰਵਾਉਣ ਦੀ ਵਿਉਂਤ ਬਣਾ ਰਿਹਾ ਹੈ।
ਬੁੱਧ ਮੱਤ ਨੇ ਮਹਾਤਮਾ ਬੁੱਧ ਦੇ ਵਿਚਾਰਾਂ ਨਾਲ ਵਿਸਤ੍ਰਤ ਪੂਜਾ ਵਿਧੀ ਜੋੜ ਕੇ ਉਸ ਦੇ ਵਿਚਾਰਾਂ ਦੇ ਪ੍ਰਭਾਵ ਨੂੰ ਘਟਾ ਦਿੱਤਾ ਹੈ। ਸੈਮਟਿਕ ਮੱਤ ਪ੍ਰਭੂ ਦੇ ਮਾਨਵੀਕਰਣ ਵਿਚ ਵਿਸ਼ਵਾਸ ਰੱਖਦੇ ਹਨ। ਈਸਾਈ ਮੱਤ ਵਿਚ ਯਸੂਹ ਮਸੀਹ ਨੂੰ ਪ੍ਰਭੂ ਦਾ ਪੁੱਤਰ ਮੰਨ ਕੇ ਬਾਈਬਲ (ਇੰਜੀਲ) ਦੇ ਉਪਦੇਸ਼ ਦੇ ਸੰਚਾਰ ਲਈ ਪੋਪ ਤੰਤਰ, ਪਾਦਰੀਆਂ ਅਤੇ ਗਿਰਜਿਆਂ ਦੀ ਵਿਵਸਥਾ ਕੀਤੀ ਗਈ ਹੈ। ਈਸਾਈ ਮਤ ਦੁਖੀਆਂ ਅਤੇ ਲੋੜਵੰਦਾਂ ਪ੍ਰਤੀ ਹਮਦਰਦੀ ਦੀ ਭਾਵਨਾ ਉਤੇਜਿਤ ਕਰਦਾ ਹੈ ਪਰ ਉਸ ਦੇ ਅਨੁਯਾਈਆਂ ਨੇ ਹੀ ਅਮਰੀਕਨ ਮਹਾਂਦੀਪ ਦੇ ਆਦਿ ਵਾਸੀਆਂ ਦੀ ਨਸਲਕੁਸ਼ੀ ਕੀਤੀ ਸੀ ਅਤੇ ਅਫਰੀਕਾ ਦੇ ਵਸਨੀਕਾਂ ਨੂੰ ਗੁਲਾਮ ਬਨਾਉਣ ਲਈ ਕੁਕਰਮ ਕੀਤੇ ਸਨ। ਕੇ.ਕੇ.ਕੇ.
(Ku Klux Klan) ਵੀ ਅਮਰੀਕਨ ਸਭਿਆਚਾਰ ਨੂੰ ਦਾਗੀ ਕਰਦਾ ਹੈ। ਇਸਲਾਮ ਵਿਚ ਪੈਗੰਬਰ ਮੁਹੱਮਦ ਵੱਲੋਂ ਸਿਰਜੇ ਕੁਰਾਨ ਦੇ ਉਪਦੇਸ਼ ਦੇ ਸੰਚਾਰ ਲਈ ਮੱਕੇ ਅਤੇ ਮਸਜ਼ਿਦਾਂ ਦੇ ਨਾਲ-ਨਾਲ ਸ਼ਰ੍ਹਾ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸਲਾਮ ਮਨੁੱਖੀ ਬਰਾਬਰਤਾ ਦਾ ਅਲੰਬਰਦਾਰ ਹੈ ਪਰ ਇਸ ਦੇ ਪੈਰੋਕਾਰਾਂ ਨੇ ਲੋਕਾਂ ਨੂੰ ਮੁਸਲਮਾਨ ਬਨਾਉਣ ਲਈ ਬਹੁਤ ਅਤਿਆਚਾਰ ਕੀਤੇ ਹਨ। ਚੰਗੇਜ਼ ਖਾਨ ਅਤੇ ਤੈਮੂਰ ਦੇ ਇਤਿਹਾਸਕ ਬਿਰਤਾਂਤ ਵਿਆਕੁਲ ਕਰਨ ਵਾਲੇ ਹਨ। ਹੁਣ ਤਾਲਿਬਾਨ ਨੇ ਆਪਣੀ ਕਿਸਮ ਦੇ ਇਸਲਾਮ ਨੂੰ ਇਕ ਬੇਰਹਿਮ ਧਾਰਮਕ ਸੰਸਥਾਪਨ ਬਣਾ ਦਿੱਤਾ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਭਗਤੀ ਵਿਚਾਰਧਾਰਾ ਨੂੰ ਪ੍ਰਫੁਲਤ ਕਰਨ ਵਾਲੀ ਪ੍ਰਭੂ ਦੀ ਉਸਤਤੀ ਅਤੇ ਅਦੁੱਤੀ ਮਾਨਵਵਾਦੀ ਵਿਚਾਰਧਾਰਾ ਪੇਸ਼ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਧਿਆਤਮਿਕ ਗਿਆਨ ਦਾ ਭੰਡਾਰ ਹੈ। ਗੁਰਬਾਣੀ ਵਿਚ ਸ਼ਬਦਾਂ ਦੇ ਬੋਲਾਂ ਨੂੰ ਗੁਰੂ ਮੰਨਿਆ ਗਿਆ ਹੈ ਅਤੇ ਗੁਰ-ਸ਼ਬਦ ਦੀ ਸਹਾਇਤਾ ਨਾਲ ਮਨ ਨੂੰ ਸਾਧਣ ਦੀ ਵਿਧੀ ਦਰਸਾਈ ਗਈ ਹੈ। ਗ੍ਰੰਥ ਸਾਹਿਬ ਵਿਚ ਸਾਰੇ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਲਈ ਨਾਨਕ ਪਦ ਦੀ ਵਰਤੋਂ ਕੀਤੀ ਹੈ। ਨਾਨਕ ਬਾਣੀ ਵਿਚ ਪੰਜ ਗੁਰੂ ਸਾਹਿਬਾਨ ਨੇ ਆਪਣੀ ਖ਼ੁਦੀ ਨੂੰ ਮਿਟਾਉਣ ਦਾ ਪਰਮਾਣ ਦਿੱਤਾ ਹੈ। ਨਾਨਕ ਪਦ ਗੁਰਬਾਣੀ ਦੀ ਕਸਵੱਟੀ ਅਤੇ ਟਰੇਡ ਮਾਰਕ ਹੈ। ਇਹ ਗੁਰਮਤਿ ਦੇ ਸ਼ਰਧਾਲੂਆਂ ਨੂੰ ਸੰਦੇਸ਼ ਵੀ ਹੈ ਕਿ ਜਿਸ ਰਚਨਾ ਦਾ ਕਰਤਾ ਨਾਨਕ ਨਹੀਂ ਉਹ ਗੁਰਬਾਣੀ ਕਦਾਚਿਤ ਨਹੀਂ ਹੋ ਸਕਦੀ। ਗੁਰੂ ਸਾਹਿਬਾਨ ਦੇ ਤਿਆਗ ਦੇ ਉਲਟ ਗੁਰ ਪਰਵਾਰ ਅਤੇ ਉਨ੍ਹਾਂ ਦੀਆਂ ਸੰਤਾਨਾਂ ਨੇ ਗੱਦੀਆਂ, ਅਧਿਕਾਰਾਂ ਅਤੇ ਸੰਪਤੀ ਦੇ ਲਾਲਚ ਵਿਚ ਗੁਰਮਤਿ ਵਿਚਾਰਧਾਰਾ ਨੂੰ ਧੁੰਦਲਾ ਕਰਨ ਦੇ ਯਤਨ ਕੀਤੇ। ਬੰਦਾ ਬਹਾਦਰ ਨੇ ਗੁਰਬਾਣੀ ਉਪਦੇਸ਼ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਨੀਤੀ ਵਿਰੁਧ ਮੁਗਲ ਸਾਸ਼ਨ ਤੇ ਹਮਲਾ ਅਤੇ ਬਦਲੇ ਦੀ ਭਾਵਨਾ ਨਾਲ ਮਾਸੂਮਾਂ ਤੇ ਅਤਿਆਚਾਰ ਕਰਕੇ ਗੁਰਮਤਿ ਦਾ ਸੰਚਾਰ ਬੰਦ ਕਰਵਾ ਦਿੱਤਾ। ਗੁਰਮਤਿ ਦੇ ਪ੍ਰਚਾਰ ਕੇਂਦਰਾਂ ਤੇ ਉਦਾਸੀ ਅਤੇ ਨਿਰਮਲੇ ਕਾਬਜ਼ ਹੋ ਗਏ ਅਤੇ ਉਨ੍ਹਾਂ ਗੁਰਮਤਿ ਦੀ ਥਾਂ ਆਪਣਾ ਗੁਰਮਤਿ ਵਿਰੋਧੀ ਸਿੱਖ ਧਰਮ ਸਥਾਪਤ ਕਰ ਲਿਆ। ਸਿੰਘ ਸਭਾਵਾਂ ਨੇ ਪੱਛਮੀ ਸਿੱਖਿਆ ਅਤੇ ਈਸਾਈ ਧਰਮ ਦੇ ਪ੍ਰਭਾਵ ਅਧੀਨ ਨਿਰਮਲੇ ਅਤੇ ਉਦਾਸੀਆਂ ਵੱਲੋਂ ਸਿਰਜੇ ਸਿੱਖ ਧਰਮ ਦੀ ਪੂਜਾ ਵਿਧੀ ਅਤੇ ਗੁਰਬਾਣੀ ਵਿਆਖਿਆ ਵਿਚ ਕੁੱਝ ਤਬਦੀਲੀਆਂ ਕਰ ਦਿੱਤੀਆਂ ਪਰ ਧਾਰਮਕ ਢਾਂਚਾ ਬਰਕਰਾਰ ਰੱਖਿਆ। ਸਿਖ ਸਭਿਆਚਾਰ ਵਿਚ ਨਿਜੀ ਸੁਤੰਤਰਤਾ, ਮਿਹਨਤ ਅਤੇ ਕਿਰਤ ਕਰਨ ਅਤੇ ਵੰਡ ਛਕਣ ਦੀਆਂ ਭਾਵਨਾਵਾਂ ਪ੍ਰਬਲ ਹਨ ਪਰ ਗੁਰਬਾਣੀ ਦੇ ਮਨੁੱਖੀ ਬਰਾਬਰੀ ਦੇ ਮੂਲ ਮਾਨਵਵਾਦੀ ਉਪਦੇਸ ਦਾ ਕੋਈ ਪ੍ਰਭਾਵ ਨਹੀਂ ਹੈ। ਇਸ ਦੇ ਉਲਟ ਸਿੱਖ ਸਮਾਜ ਮੰਨੂ ਦੀ ਜਾਤ ਪ੍ਰਣਾਲੀ ਦਾ, ਜੋ ਹਿੰਦੂ ਧਰਮ ਦਾ ਆਧਾਰ ਹੈ, ਵਫ਼ਾਦਾਰ ਉਪਾਸ਼ਕ ਹੈ।
ਸਿੰਘ ਸਭਾਵਾਂ ਨੇ ਗੁਰਦੁਆਰਿਆਂ ਨੂੰ ਉਦਾਸੀ ਅਤੇ ਨਿਰਮਲਿਆਂ ਦੇ ਕੰਟ੍ਰੋਲ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਕੀਤਾ ਸੀ ਅਤੇ ਉਸ ਸੰਘਰਸ਼ ਦੌਰਾਨ ਸਿੱਖ ਧਰਮ ਦੇ ਅਨੁਯਾਈਆਂ ਨੇ ਇਕ ਸਿੱਖ ਰਾਜਸੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਸਥਾਪਤ ਕਰ ਲਈ ਸੀ। ਅਕਾਲੀ ਦਲ ਭਾਵੇਂ ਵੀਹਵੀਂ ਸ਼ਤਾਬਦੀ ਦੀ ਰਾਜਸੀ ਪਾਰਟੀ ਸੀ ਪਰ ਇਸ ਦਾ ਆਧਾਰ ਮੁਸਲਿਮ ਲੀਗ ਅਤੇ ਹਿੰਦੂ ਮਹਾ ਸਭਾ ਵਾਂਗ ਫਿਰਕੂ ਸੀ ਅਤੇ ਇਸ ਦੇ ਫਿਰਕੂ ਆਗੂਆਂ ਦੀ ਸੋਚ ਵੀ ਸਮੇਂ ਦੀ ਹਾਣੀ ਨਹੀਂ ਸੀ। ਅਸਲ ਵਿਚ ਰਾਜਸੀ ਪਾਰਟੀ ਦਾ ਮਨੋਰਥ ਸਮਾਜ ਦੀ ਬੇਹਤਰੀ ਅਤੇ ਲੋਕਾਂ ਦੀ ਸੁਰੱਖਿਆ ਦੇ ਪ੍ਰਬੰਧ ਵਿਚ ਭਾਗ ਲੈਣਾ ਹੁੰਦਾ ਹੈ। ਸਮਾਜਕ ਪ੍ਰਬੰਧ ਦੀ ਜ਼ਿੰਮੇਵਾਰੀ ਸੁਰੱਖਿਆ, ਕਾਰੋਬਾਰ, ਸਿੱਖਿਆ, ਸਿਹਤ ਅਤੇ ਮਨੋਰੰਜਨ ਤਕ ਸੀਮਤ ਹੁੰਦੀ ਹੈ। ਧਰਮ ਦੀ ਰੱਖਿਆ ਅਤੇ ਸੰਚਾਰ ਦੀ ਜ਼ਿੰਮੇਵਾਰੀ ਧਾਰਮਕ ਆਗੂਆਂ ਅਤੇ ਪੁਜਾਰੀਆਂ ਦੀ ਹੁੰਦੀ ਹੈ ਸਿਆਸਤਦਾਨਾਂ ਜਾਂ ਸਰਕਾਰਾਂ ਦੀ ਨਹੀਂ। ਸਿਆਸਤ ਨੂੰ ਧਰਮ ਵਿਚ ਰਲਗੱਡ ਕਰਨ ਨਾਲ ਸਮਾਜ ਵਿਚ ਫੁੱਟ ਪੈ ਜਾਂਦੀ ਹੈ ਕਿਉਂਕਿ ਧਾਰਮਕ ਵਿਸ਼ਵਾਸ ਨਾਜ਼ਕ ਮਸਲਾ ਹੁੰਦਾ ਹੈ ਜਿਸ ਬਾਰੇ ਵਿਵਾਦ ਹੋ ਜਾਣੇ ਸੁਭਾਵਕ ਹਨ। ਇਤਫਾਕਨ ਹੀ ਅਕਾਲੀ ਪਾਰਟੀ ਦੇ ਆਗੂਆਂ ਤੇ ਪੰਜਾਬ ਦੀ ਕਿਸਮਤ ਦੇ ਵੱਡੇ ਇਤਿਹਾਸਕ ਫੈਸਲੇ ਕਰਨ ਦੀ ਜ਼ਿੰਮੇਵਾਰੀ ਆਇਦ ਹੋ ਗਈ ਸੀ ਜਿਸ ਲਈ ਉਨ੍ਹਾਂ ਵਿਚ ਸੂਝ, ਯੋਗਤਾ ਅਤੇ ਤਜਰਬੇ ਦੀ ਘਾਟ ਸੀ। ਸਿੱਖ ਪੰਜਾਬ ਵਿਚ ਮੁਸਲਮਾਨਾਂ ਅਤੇ ਕਾਂਗਰਸ ਦੇ ਹਿੰਦੂਆਂ ਨਾਲ ੧੯੪੭ ਵਿਚ ਆਜ਼ਾਦ ਪੰਜਾਬ ਦੇ ਭਵਿੱਖ ਦਾ ਨਿਰਣਾ ਲੈਣ ਵਾਲੀ ਇਕ ਬਰਾਬਰ ਦੀ ਧਿਰ ਸਨ। ਮੁਸਲਿਮ ਲੀਗ ਅਤੇ ਹਿੰਦੂ ਕਾਂਗਰਸੀ ਆਗੂ ਉੱਚ ਸਿੱਖਿਆ ਪ੍ਰਾਪਤ ਬੈਰਿਸਟਰ ਅਤੇ ਆਧੁਨਿਕ ਸਿਆਸਤ ਦੇ ਮਾਹਰ ਸਨ ਪਰ ਅਕਾਲੀ ਆਗੂ ਰਾਜਨੀਤੀ ਬਾਰੇ ਅਣਜਾਣ ਸਨ। ਉਨ੍ਹਾਂ ਦੀ ਪੰਜਾਬ ਅਤੇ ਆਪਣੇ ਰਾਜਸੀ ਭਵਿੱਖ ਬਾਰੇ ਵੀ ਕੋਈ ਸੋਚੀ ਸਮਝੀ ਯੋਜਨਾ ਨਹੀਂ ਸੀ। ਜੇਕਰ ਅਕਾਲੀ ਆਗੂ ਸਿਆਣੇ, ਦੂਰ ਅੰਦੇਸ਼ ਅਤੇ ਹਿੰਮਤ ਵਾਲੇ ਹੁੰਦੇ ਤਾਂ ੧੯੪੭ ਵਿਚ ਪੰਜਾਬ ਦੀ ਵੰਡ ਅਤੇ ਲੱਖਾਂ ਪਰਵਾਰਾਂ ਦੀ ਬਰਬਾਦੀ ਹੋਣ ਤੋਂ ਰੋਕ ਸਕਦੇ ਸਨ ਪਰ ਉਨ੍ਹਾਂ ਦੀ ਫਿਰਕੂ ਅਤੇ ਲੋਕ ਹਿੱਤਾਂ ਤੋਂ ਸਖਣੀ ਸੋਚ ਬਹੁਤ ਹੱਦ ਤਕ ਪੰਜਾਬ ਦੀ ਵੰਡ ਲਈ ਜ਼ਿੰਮੇਵਾਰ ਬਣੀ। ਉਸੇ ਸੋਚ ਨੇ ਪੰਜਾਬ ਦੀ ਦੁਬਾਰਾ ਵੰਡ ਕਰਵਾਈ ਅਤੇ ਖਾੜਕੂਵਾਦ ਨੂੰ ਜਨਮ ਦੇ ਕੇ ਪਹਿਲਾਂ ਸਿੱਖ ਜਵਾਨ ਬਚਿਆਂ ਦਾ ਘਾਣ ਕਰਵਾਇਆ ਅਤੇ ਫਿਰ ਅਕਾਲੀ ਸਰਕਾਰ ਤੋਂ ਖਾੜਕੂਵਾਦ ਦੇ ਰੁਝਾਨ ਨੂੰ ਰੋਕਣ ਲਈ ਬਚਿਆਂ ਨੂੰ ਨਸ਼ਿਆਂ ਦੀ ਇਲਤ ਲਵਾ ਦਿੱਤੀ। ਓਧਰ ਸਿੱਖਾਂ ਦਾ ਜੱਥੇਦਾਰੀ ਸੰਸਥਾਪਨ ਗੁਰੂ ਨਾਨਕ ਸਾਹਿਬ ਦੀ ਸਖਸ਼ੀਅਤ, ਬਾਣੀ ਅਤੇ ਵਿਚਾਰਧਾਰਾ ਨੂੰ ਪਾਸੇ ਕਰਕੇ ਸਿੱਖ ਸਮਾਜ ਨੂੰ ਇਕ ਮਾਰਸ਼ਲ ਵਿਚਾਰਧਾਰਾ ਦੇ ਵਿਸ਼ਵਾਸੀਆਂ ਦਾ ਸੰਗਠਨ ਬਨਾਉਣ ਤੇ ਤੁਲਿਆ ਹੋਇਆ ਹੈ।
ਨਿਰਾਕਾਰ ਪ੍ਰਭੂ ਪ੍ਰਧਾਨ ਅਧਿਆਤਮ ਗਿਆਨ ਦਾ ਮਾਨਵ ਪ੍ਰਧਾਨ ਧਰਮ ਵਿਚ ਪਰਿਵਰਤਨ ਧਰਮ ਵਿਚ ਮਨੁੱਖਾਂ ਵਾਲੀ ਕਮਜ਼ੋਰੀ ਅਤੇ ਦੁਬਿਧਾ ਪੈਦਾ ਕਰ ਦਿੰਦਾ ਹੈ। ਇਸੇ ਲਈ ਨਾ ਤੇ ਧਰਮ ਅਧਿਆਤਮਿਕ ਗਿਆਨ ਦੇ ਸੰਚਾਰ ਦਾ ਸਫਲ ਮਾਧਿਅਮ ਬਣ ਸਕੇ ਹਨ ਅਤੇ ਨਾ ਹੀ ਲੋਕਾਂ ਨੂੰ ਸਮਾਜਕ ਜੀਵਨ ਵਿਚ ਸੇਧ ਦੇਣ ਦੇ ਯੋਗ ਸਿੱਧ ਹੋਏ ਹਨ। ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਉਸ ਤੋਂ ਸਮਾਜ ਵਿਚ ਨੈਤਿਕਤਾ ਉਤੇਜਿਤ ਕਰਨ ਦੀ ਆਸ ਰੱਖਦੇ ਹਨ ਪਰ ਧਰਮ ਦੇ ਵਹਿਮ ਭਰਮ ਸਮਾਜ ਵਿਚ ਵੰਡੀਆਂ ਪਾ ਦਿੰਦੇ ਹਨ ਜਿਸ ਨਾਲ ਝਗੜੇ ਅਤੇ ਜੰਗਾਂ ਹੋਣ ਲੱਗ ਪੈਂਦੀਆਂ ਹਨ। ਤਦੇ ਹੀ ਗੁਰਬਾਣੀ ਨੈਤਿਕਤਾ ਨਾਲੋਂ ਮਾਨਵਵਾਦ ਨੂੰ ਮਨੁੱਖਤਾ ਲਈ ਜ਼ਰੂਰੀ ਸਮਝਦੀ ਹੈ।




.