.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਹੀ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਤੀਜਾ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਸਿੱਖ ਲਈ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ ਅਰੰਭ ਕਰਕੇ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ" ਅਤੇ "ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਚਾਰ ਕਕਾਰ ਛੇਵੇਂ ਜਾਮੇ ਤੀਕ-ਦੇਖ ਚੁੱਕੇ ਹਾਂ ਕਿ ਸਿੱਖ ਛੇਵੇਂ ਜਾਮੇ ਤੀਕ ਮੂਲ ਰੂਪ `ਚ ਚਾਰ ਕਕਾਰਾਂ ਦਾ ਧਾਰਨੀ ਹੋ ਚੁੱਕਾ ਸੀ, ਫ਼ਰਕ ਸੀ ਤਾਂ ਕੇਵਲ ਇਹ ਕਿ ਇਨ੍ਹਾਂ ਲਈ ਅਜੇ ਲਫ਼ਜ਼ ਕਕਾਰ ਦਾ ਅਰੰਭ ਨਹੀਂ ਸੀ ਹੋਇਆ। ਤਾਂ ਵੀ ਛੇਵੇਂ ਜਾਮੇ ਤੀਕ ਸਿੱਖ ਦੇ ਚਾਰ ਕਕਾਰ ਸਨ:-

(੧) ਸਿੱਖ, ਪਹਿਲੇ ਜਾਮੇ ਤੋਂ ਹੀ ਸੰਪੂਰਣ ਕੇਸਾਧਾਰੀ ਤੇ ਦਸਤਰਾਧਾਰੀ ਸਰੂਪ `ਚ ਸੀ।

(੨) ਸਿੱਖ, ਕੰਘਾ ਧਾਰੀ ਵੀ ਪਹਿਲੇ ਜਾਮੇ ਤੋਂ ਸੀ।

(੩) ਸਿੱਖ, ਕਛਿਹਰਾਧਾਰੀ ਵੀ ਪਹਿਲੇ ਜਾਮੇ ਤੋਂ ਸੀ।

(੪) ਉਪ੍ਰੰਤ ਛੇਵੇਂ ਜਾਮੇ ਸਮੇਂ ਇਹ ਸ਼ਸਤਰਧਾਰੀ ਵੀ ਹੋ ਚੁੱਕਾ ਸੀ। ਬੇਸ਼ੱਕ ਇਸ ਦੇ ਲਈ ਸ਼ਸ਼ਤ੍ਰ ਅਜੇ ‘ਕ੍ਰਿਪਾਨ’ ਵਜੋਂ ਨਿਯਮਿਤ ਨਹੀਂ ਸਨ ਹੋਏ ਪਰ ਸ਼ਸਤ੍ਰਾ ਦੀ ਵਰਤੋਂ ਲਈ ਗੁਰਬਾਣੀ ਆਧਾਰਤ ਪਕਿਆਈ ਅਤੇ ਮੂਲ ਵਿਚਾਰਧਾਰਾ ਉਸ ਲਈ ‘ਕ੍ਰਿਪਾਨ’ ਵਾਲੀ ਸੀ ਅਤੇ ਉਹੀ ਸੀ।

ਕੜੇ ਦਾ ਇਤਿਹਾਸਕ ਪਿਛੌਕੜ- ਇਤਿਹਾਸ ਦੀ ਗਹਿਰਾਈ `ਚ ਜਾਵੀਏ ਤਾਂ ਸਮਝਦੇ ਦੇਰ ਨਹੀਂ ਲਗਦੀ ਕਿ ਸਿੱਖ ਦੀ ਕਲਾਈ `ਚ ਪਏ ਹੋਏ ਕੜੇ ਦਾ ਪਿਛੌਕੜ ਆਖਿਰ ਹੈ ਕੀ? ਦਰਅਸਲ ਬ੍ਰਾਹਮਣ ਮੱਤ `ਚ ਭਿੰਨ-ਭਿੰਨ ਗੋਤਾਂ ਤੋਂ ਇਲਾਵਾ ਭਿੰਨ-ਭਿੰਨ ਫ਼ਿਰਕੇ ਵੀ ਹੁੰਦੇ ਹਨ ਜਿਵੇਂ ਧਰਮ-ਉਪਦੇਸ਼ ਲਈ ਪਾਂਡੇ ( "ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ. .") (ਪੰ: ੮੭੪), ਮਰਨ-ਕਿਰਿਆ ਲਈ ਅਚਾਰਜੀ, ਸਨਿਚਰ-ਮੰਗਲ ਦਾ ਦਾਨ ਲੈਣ ਲਈ ਵੇਦਵੇ ਆਦਿ; ਤਾਂ ਵੀ ਸਮੂਚੇ ਤੌਰ `ਤੇ ਉਸ ਲਈ ਸੰਬੋਧਨ ਬਹੁਤਾ ਕਰਕੇ ‘ਪੰਡਿਤ’ ਜਾਂ ‘ਬ੍ਰਾਹਮਣ’ ਹੀ ਹੁੰਦਾ ਸੀ ਜਿਵੇਂ:-

(ੳ) ਸਰਾਧਾਂ ਸਮੇਂ "ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ" (ਪੰ: ੩੫੮)

(ਅ) "ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ" (ਪੰ: ੯੨੩)

ਨੋਟ-ਬੇਸ਼ੱਕ ਪ੍ਰਕਰਣ ਦੀ ਲੋੜ ਅਨੁਸਾਰ ਪ੍ਰਮਾਣ (ਅ) `ਚ ਲਫ਼ਜ਼ ‘ਪੰਡਿਤ’ ਬਹੁਵਚਨ ਅਤੇ ਸਾਧ ਸੰਗਤ ਲਈ ਬਦਲਵੇਂ ਅਰਥਾਂ `ਚ ਆਇਆ ਹੈ।

ਉਂਜ ਇਥੇ ਇਹ ਲਫ਼ਜ਼ ‘ਪੰਡਿਤ’ ਇੱਕ ਵਚਨ ਅਚਾਰਜੀ ਤੋਂ ਲਿਆ ਹੋਇਆ ਹੈ ਕਿਉਂਕਿ ਗਰੁੜ ਪੁਰਾਣ ਅਨੁਸਾਰ ਉਨ੍ਹਾਂ ਲੋਕਾਂ ਵਿਚਾਲੇ ਅਜਿਹੇ ਸਮੇਂ ਹੋਣ ਵਾਲੀ ‘ਰਸਮ ਪਗੜੀਂ’ ਸਮੇਂ ਇਹ ਸਾਰਾ ਕੰਮ ਕੇਵਲ ਇੱਕ ਤੇ ਇਕੱਲਾ ਅਚਾਰਜੀ (ਪੰਡਿਤ) ਹੀ ਨਿਭਾਉਂਦਾ ਹੈ।

ਖ਼ੈਰ, ਆਉ-! ਹੁਣ ਆਪਣੇ ਮੂਲ ਵਿਸ਼ੇ ਵੱਲ ਵਧੀਏ। ਇਤਿਹਾਸ `ਚ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਦਸਮੇਸ਼ ਪਿਤਾ ਦੇ ਦਰਬਾਰ `ਚ ਇੱਕ ਵੇਦਵਾ ਆਇਆ। ਸੰਗਤਾਂ ਅੰਦਰ ਗੁਰੂ ਦਰਬਾਰ ਲਈ ਬੇਅੰਤ ਸ਼ਰਧਾ-ਸਤਿਕਾਰ ਤੇ ਭੇਟਾ ਭਾਵਣਾ ਦੇਖ ਕੇ, ਉਸ ਦੇ ਮਨ `ਚ ਆਇਆ, ਜੇ ਮੈਂ ਵੀ ਗੁਰੂ ਜੀ ਨੂੰ ਪ੍ਰਭਾਵਤ ਕਰ ਲਵਾਂ ਤਾਂ ਇਸ ਦਰ ਤੋਂ ਸਨਿਚਰ ਦਾ ਇਤਨਾ ਵੱਧ ਦਾਨ ਮਿਲ ਜਾਵੇਗਾ ਕਿ ਮੈਨੂੰ ਸਾਰੀ ਉਮਰ ਮੰਗਣ ਵਾਲਾ ਧੰਧਾ ਹੀ ਨਹੀਂ ਕਰਣਾ ਪਵੇਗਾ। ਉਹ ਮੂਰਖ ਕੀ ਜਾਣੇ, ਕਿ ਗੁਰੂਦਰ ਤਾਂ ਉਲਟਾ ਲੋਕਾਈ ਨੂੰ ਇਨ੍ਹਾਂ ਥਿੱਤਾਂ-ਵਾਰਾਂ ਆਦਿ ਦੇ ਵਹਿਮਾਂ-ਭਰਮਾਂ ਚੋਂ ਕੱਢ ਕੇ, ਉਸ ਦੇ ਜੀਵਨ ਨੂੰ ਸਾਫ਼ ਸੁੱਥਰਾ ਬਨਾਉਂਦਾ ਹੈ। ਗੁਰਬਾਣੀ `ਚ ਇਸ ਸੰਬੰਧੀ ਬੇਅੰਤ ਫ਼ੁਰਮਾਨ ਵੀ ਹਨ ਜਿਵੇਂ:-

(ੳ) "ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ" (ਪੰ: ੮੧੯)

(ਅ) "ਛਨਿਛਰਵਾਰਿ ਸਉਣ ਸਾਸਤ ਬੀਚਾਰੁ॥ ਹਉਮੈ ਮੇਰਾ ਭਰਮੈ ਸੰਸਾਰੁ॥ ਮਨਮੁਖੁ ਅੰਧਾ ਦੂਜੈ ਭਾਇ॥ ਜਮ ਦਰ ਬਾਧਾ ਚੋਟਾ ਖਾਇ" (ਪੰ: ੮੪੧)

(ੲ) "ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ ਮੁਗਧ ਗਵਾਰ" (ਪੰ: ੮੪੩)

(ਸ) "ਦਿਨੁ ਰੈਣਿ ਸਭ ਸੁਹਾਵਣੇ ਪਿਆਰੇ, ਜਿਤੁ ਜਪੀਐ ਹਰਿ ਨਾਉ" (ਪੰ: ੪੩੨)

(ਹ) "ਨਾਨਕ ਸੋਈ ਦਿਨਸੁ ਸੁਹਾਵੜਾ, ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ, ਫਿਟੁ ਭਲੇਰੀ ਰੁਤਿ" (ਪੰ: ੩੧੮)

(ਕ) "ਮਾਹਾ ਰੁਤੀ ਸਭ ਤੂੰ, ਘੜੀ ਮੂਰਤ ਵਿਚਾਰਾ॥ ਤੂੰ ਗਣਤੈ ਕਿਨੈ ਨ ਪਾਇਓ, ਸਚੇ ਅਲਖ ਅਪਾਰਾ" (ਪੰ: ੧੪੦)

(ਖ) "ਸਫਲ ਮੂਰਤੁ ਸਫਲ ਓਹ ਘਰੀ॥ ਜਿਤੁ ਰਸਨਾ ਉਚਰੈ ਹਰਿ ਹਰੀ" (ਪੰ: ੧੯੧)

(ਗ) ਪਿਰੀ ਮਿਲਾਵਾ ਜਾ ਥੀਐ, ਸਾਈ ਸੁਹਾਵੀ ਰੁਤਿ॥ ਘੜੀ ਮੁਹਤੁ ਨਹ ਵੀਸਰੈ, ਨਾਨਕ ਰਵੀਐ ਨਿਤ (ਪੰ: ੫੨੨) ਆਦਿ।

ਮੁੱਕਦੀ ਗੱਲ, ਉਹ ਵੇਦਵਾ ਤਾਂ ਆਪਣੀ ਹੀ ਧੁੰਨ `ਚ ਮਸਤ ਸੀ। ਵੇਦਵੇ ਨੇ ਪਾਤਸ਼ਾਹ ਤੀਕ ਪਹੁੰਚ ਕੀਤੀ ਤੇ ਆਪਣੀ ਕੁਟਿਲ ਨੀਤੀ ਅਨੁਸਾਰ ਕਹਿਣ ਲੱਗਾ "ਪਾਤਸ਼ਾਹ! ਆਪ ਉਪਰ ਹਰ ਸਮੇਂ ਜੰਗਾਂ-ਜੁੱਧਾਂ ਦੇ ਬੱਦਲ ਛਾਏ ਰਹਿੰਦੇ ਹਨ, ਇਹ ਸਭ ਸ਼ਨੀ ਦੇਵਤੇ ਦੀ ਕ੍ਰੋਪੀ ਕਾਰਨ ਹੀ ਹਨ। ਜੇ ਆਪ ‘ਸ਼ਨੀ ਦੇਵਤੇ’ ਨੂੰ ਖੁਸ਼ ਕਰ ਦੇਵੋ ਤਾਂ ਇਹ ਸਾਰੇ ਜੰਗ ਜੁੱਧ ਆਪਣੇ ਆਪ ਟੱਲ ਜਾਣਗੇ"। .

ਭੋਲਾ ਵੇਦਵਾ ਕੀ ਜਾਣੇ ‘ਗੁਰੂਦਰ ਦੀਆਂ ਸਿਫ਼ਤਾਂ ਤੇ ਰਮਜ਼ਾਂ ਨੂੰ। ਇਹ ਯੁੱਧ, ਜਿਨ੍ਹਾਂ ਦੀ ਵੇਦਵਾ ਗੱਲ ਕਰ ਰਿਹਾ ਸੀ, ਇਹ ਤਾਂ ਮਜ਼ਲੂਮਾਂ ਦੀ ਬਾਂਹ ਫ਼ੜਣ ਲਈ ਗੁਰੂ ਜੀ ਨੇ ਆਪ ਸਹੇੜੇ ਹੋਏ ਸਨ।

ਦੂਜੇ ਪਾਸੇ, ਦੇਖਿਆ ਜਾਵੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰਮੱਤ ਦੀ ਤਿਆਰੀ ਪਖੋਂ ਸਮੇਂ-ਸਮੇਂ ਨਾਲ ਸਿੱਖ-ਸੰਗਤਾਂ ਦੀ ਪਰਖ ਵੀ ਹੁੰਦੀ ਆ ਰਹੀ ਸੀ। ਇਸ `ਤੇ ਗੁਰੂ ਜੀ ਮੁਸਕਰਾਏ, ਸੋਚਿਆ! ਚਲੋ ਇਸੇ ਬਹਾਨੇ ਸਿੱਖ-ਸੰਗਤਾਂ ਦਾ ਇਮਤਿਹਾਨ ਵੀ ਹੋ ਜਾਵੇਗਾ।

ਗੁਰੂ ਜੀ ਨੇ ਲੰਗਰ ਇੰਚਾਰਜ ਨੂੰ ਬੁਲਾਇਆ ਅਤੇ ਵੇਦਵੇ ਦੀ ਗੱਲ ਨੂੰ ਦੋਰਾਅ ਕੇ ਹੁਕਮ ਕੀਤਾ "ਵੇਦਵਾ ਜੋ ਮੰਗਦਾ ਹੈ ਇਸ ਨੂੰ ਦੇ ਦਿੱਤਾ ਜਾਵੇ"। ਇਸ `ਤੇ ਸਿੱਖ ਵੀ ਚੇਤੰਨ ਹੋ ਗਏ, ਸਮਝ ਗਏ ਕਿ ਅੱਜ ਕਲਗੀਧਰ ਜੀ ਜ਼ਰੂਰ ਹੀ ਕੋਈ ਖੇਡ ਵਰਤਾ ਰਹੇ ਹਨ।

ਉਦੋਂ ਸੰਗਤਾਂ ਦੀ ਹਾਲਤ ਗੁਰਬਾਣੀ ਜੀਵਨ-ਸੋਝੀ ਤੇ ਗਿਆਨ ਪੱਖੋਂ ਅੱਜ ਵਾਂਙ ਪੱਤਲੀ ਨਹੀਂ ਸੀ। ਅੱਜ ਜੇ ਕੋਈ ਵੇਦਵਾ, ਘਰ-ਦੁਕਾਨ-ਫੈਕਟਰੀ ਦੇ ਬਾਹਰ ਵੀ ਆ ਜਾਵੇ ਤਾਂ ਕਈ ਸੱਜਨਾਂ ਨੂੰ ਇਹ ਵੀ ਹੋਸ਼ ਨਹੀਂ ਹੁੰਦੀ, ਜੋ ਉਨ੍ਹਾਂ ਦੇ ਸਿਰ `ਤੇ ਦਸਤਾਰ ਜਾਂ ਕਲਾਈ `ਚ ਕੜਾ ਵੀ ਹੈ ਜਾਂ ਨਹੀਂ। ਉਲਟਾ ਘਬਰਾਹਟ ਮਚੀ ਹੁੰਦੀ ਹੈ, ਕਿੱਧਰੇ ਇਹ ਸਨੀਚਰੀਆ ਤੇਲ ਆਦਿ ਲੈਣ ਤੋਂ ਬਿਨਾ ਹੀ ਨਾ ਚਲਾ ਜਾਵੇ; ਜੇਕਰ ਇਹ ਖਾਲੀ ਚਲਾ ਗਿਆ ਤਾਂ ਪਤਾ ਨਹੀਂ ਉਨ੍ਹਾਂ `ਤੇ ਕਿਹੜੀ ਆਫ਼ਤ ਆ ਜਾਵੇਗੀ?

ਸ਼ਾਇਦ ਇਸੇ ਸਨੀਚਰ ਦੀ ਕ੍ਰੋਪੀ ਤੋਂ ਡਰਦੇ ਅੱਜ ਕਈ ਅਗਿਆਨੀ ਸਿੱਖ, ਕਿਸੇ ਹੋਰ ਦਿਨ ਨਹੀਂ ਬਲਕਿ ਉਚੇਚੇ ਸਨੀਚਰ ਵਾਰ ਨੂੰ ਮੰਦਿਰਾਂ `ਚ ਵਰਤਾਇਆ ਜਾਣ ਵਾਲਾ ਛੋਲਿਆਂ ਦਾ ਪ੍ਰਸ਼ਾਦ ਲੈ ਕੇ ਗੁਰਦੁਆਰਿਆਂ `ਚ ਵੀ ਜਾ ਪੁੱਜ ਜਾਂਦੇ ਹਨ।

ਫ਼ਿਰ ਜੇ ਵਿਦੇਸ਼ਾਂ ਦੀ ਗੱਲ ਕਰੀਏ! ਤਾਂ ਉਥੇ ਵੀ ਕੇਵਲ ਤਰੀਕੇ ਦਾ ਹੀ ਫ਼ਰਕ ਹੈ ਜਦਕਿ ਅਜਿਹੇ ਸੱਜਨਾਂ ਦੀ ਸੋਚ ਦਾ ਪੱਧਰ ਉਥੇ ਵੀ ਉਹੀ ਹੈ, ਜੋ ਭਾਰਤ `ਚ ਹੈ। ਉਥੇ ਵੇਦਵੇ ਘਰਾਂ-ਦੁਕਾਨਾਂ `ਤੇ ਤੇਲ ਮੰਗਣ ਤਾਂ ਨਹੀਂ ਆਉਂਦੇ ਅਤੇ ਨਾ ਹੀ ਸੜਕਾਂ-ਚੋਰਾਇਆਂ `ਤੇ ਲੋਹੇ ਦੇ ਸਨੀਚਰ ਬਣਾ ਕੇ ਰਖੇ ਹੁੰਦੇ ਨੇ। ਫ਼ਿਰ ਵੀ ਗੁਰਬਾਣੀ ਸੋਝੀ ਦੇ ਦਾਇਰੇ `ਚ ਨਾ ਚਲਣ ਵਾਲੇ ਅਤੇ ਸਿੱਖੀ ਜੀਵਨ ਤੋਂ ਅਨਜਾਣ, ਅਜਿਹੇ ਅਗਿਆਣੀ ਸਿੱਖ, ਉਥੇ ਆਪ ਹੀ ਸਿੱਖ-ਧਰਮ ਦਾ ਮਜ਼ਾਕ ਬਣੇ ਹੁੰਦੇ ਨੇ।

ਉਹ ਲੋਕ ਜਦੋਂ ਗੁਰਦੁਆਰਿਆਂ `ਚ ਆਉਂਦੇ ਹਨ ਤਾਂ ਉਹ ਖਾਸਕਰ ਸਨਿਚਰਵਾਰ ਨੂੰ (ਕਿਸੇ ਹੋਰ ਦਿਨ ਨਹੀਂ) ਆਪਣੇ ਨਾਲ ਮਾਂਹ ਦੀ ਦਾਲ, ਸਰਸੋਂ ਦੇ ਤੇਲ ਦੇ ਟੀਨ ਤੇ ਨਾਲ-ਨਾਲ ਲੋਹੇ ਵਾਲੀ ਗੱਲ ਵੀ ਪੂਰੀ ਕਰਣ ਲਈ, ਮਾਂ ਦੀ ਦਾਲ ਵਾਲੇ ਪਾਲੀ-ਪੈਕਾਂ `ਚ ਦੋ-ਚਾਰ ਲੋਹੇ ਦੇ ਕਿੱਲ ਵੀ ਪਾ ਲਿਆਉਂਦੇ ਹਨ। ਇਹ ਤਾਂ ਹੈ ਅਜੋਕੇ ਗੁਰਬਾਣੀ ਜੀਵਨ ਤੋਂ ਪੱਛੜ ਚੁੱਕੇ ਭਾਰਤੀ ਤੇ ਭਾਵੇਂ ਵਿਦੇਸ਼ੀ ਬਹੁਤੇ ਸਿੱਖਾਂ ਦੀ ਮਾਨਸਿਕ ਦਸ਼ਾ। ਜਦਕਿ ਦਸਾਂ ਹੀ ਜਾਮਿਆਂ ਸਮੇਂ ਸਿੱਖਾਂ ਦੀ ਅਜਿਹੀ ਨਿਘਰੀ ਹੋਈ ਹਾਲਤ ਕਦੇ ਵੀ ਨਹੀਂ ਸੀ ਕਿਉਂਕਿ ਸਿੱਖ ਉਦੋਂ ਗੁਰਬਾਣੀ ਜੀਵਨ ਪੱਖੋਂ ਪੂਰੀ ਤਰ੍ਹਾਂ ਜਾਗਦੇ ਸਨ।

(ਨੋਟ- ਸੰਬੰਧਤ ਵੇਰਵੇ ਲਈ ਗੁਰਮੱਤ ਪਾਠ ਨੰ ੧੮ "ਸਨੀਚਰਵਾਰ, ਪ੍ਰਸ਼ਾਦਿ ਛੋਲਿਆਂ ਦਾ?" ਵੀ ਪ੍ਰਾਪਤ ਹੈ, ਸੰਗਤਾਂ ਉਸ ਗੁਰਮੱਤ ਪਾਠ ਨੂੰ ਆਪ ਵੀ ਪੜ੍ਹਣ ਅਤੇ ਸੰਗਤਾਂ ਵਿਚਾਲੇ ਵੰਡਣ ਲਈ ਸੈਂਟਰ ਪਾਸੋਂ ਮੰਗਵਾਉਣ ਵੀ)

ਖੈਰ! ਕਲਗੀਧਰ ਜੀ ਦਾ ਹੁਕਮ ਸੀ, ਉਸ ਦੀ ਪਾਲਣਾ ਤਾਂ ਹੋਣੀ ਹੀ ਸੀ। ਵੇਦਵਾ ਵੀ ਇਹੀ ਸਮਝੀ ਬੈਠਾ ਸੀ ਕਿ ਅੱਜ ਉਸ ਨੇ ਬਹੁਤ ਵੱਡੀ ਮੱਲ ਮਾਰ ਲਈ ਹੈ। ਸਾਮਾਨ ਲੱਦਣ ਲਈ ਨਾਲ ਖੋਤੇ ਵੀ ਲੈ ਆਇਆ। ਗੁਰੂ ਦਰਬਾਰ ਤੋਂ ਉਸ ਨੂੰ ਜੋ ਵੱਡੀ ਸੇਵਾ ਮਿਲੀ, ਉਹ ਸੀ ਮਾਂਹ ਦੀ ਦਾਲ ਦੇ ਬੋਰੇ, ਸਰਸੋਂ ਦੇ ਤੇਲ ਦੇ ਟੀਨ ਤੇ ਖੂਬ ਸਾਰਾ ਲੋਹਾ। ਖੂਬ ਸਾਰਾ ਲੋਹਾ ਇਸ ਲਈ, ਕਿਉਂਕਿ ਉੱਥੇ ਹਥਿਆਰਾਂ ਦੀਆਂ ਫ਼ੈਕਟਰੀਆਂ ਤਾਂ ਹੈ ਹੀ ਸਨ, ਇਸ ਲਈ ਗੁਰੂ ਦਰਬਾਰ `ਚ ਲੋਹੇ ਦਾ ਵੀ ਘਾਟਾ ਨਹੀਂ ਸੀ।

ਬ੍ਰਾਹਮਣ ਮੱਤ ਅਤੇ ਦੇਵੀਆਂ ਦੇਵਤੇ? -ਸੱਚ ਇਹ ਵੀ ਹੈ ਕਿ ਬ੍ਰਾਹਮਣ ਨੇ ਜਿਨੇਂ ਵੀ ਦੇਵੀਆਂ-ਦੇਵਤੇ ਘੜੇ ਹੋਏ ਹਨ-ਉਸ ਵੱਲੋਂ ਸਾਰਿਆਂ ਕੋਲੋਂ ਮੰਗਾਂ ਵੀ ਵੱਖੋ ਵੱਖ ਹਨ। ਸਾਰਿਆਂ ਦੀ ਪਸੰਦ ਵੀ ਵੱਖੋ-ਵੱਖ ਹੈ, ਉਨ੍ਹਾਂ ਦਾ ਸੁਭਾਅ, ਸ਼ਕਲਾਂ ਤੇ ਉਨ੍ਹਾਂ ਦੇ ਵਾਹਨ (ਸੁਆਰੀਆਂ) ਵੀ ਵੱਖ-ਵੱਖ ਹਨ। ਉਨ੍ਹਾਂ ਦੀ ਪੂਜਾ-ਮਾਨਤਾ ਦੇ ਦਿਨ, ਉਨ੍ਹਾਂ ਦੀਆਂ ਕ੍ਰੋਪੀਆਂ, ਸ਼ਾਪ, ਅਤੇ ਉਨ੍ਹਾਂ ਤੋਂ ਮੰਗਾਂ ਤੇ ਵਰਦਾਨ, ਸਭ ਵੱਖ-ਵੱਖ ਦੱਸੇ ਹੋਏ ਹਨ। ਕਿਸੇ ਤੋਂ ਰੂਪ ਮੰਗਣਾ ਹੈ, ਕਿਸੇ ਤੋਂ ਤਾਕਤ, ਕਿਸੇ ਤੋਂ ਪੈਸਾ, ਕਿਸੇ ਤੋਂ ਔਲਾਦ ਤੇ ਕਿਸੇ ਤੋਂ ਕੁੱਝ ਹੋਰ. . । ਖੈਰ ਇਨ੍ਹਾਂ ਤੇਤੀ ਕਰੋੜ ਦੇਵੀ-ਦੇਵਤਿਆਂ `ਚੋਂ ਹੀ ਇੱਕ ਹੈ ਸਨੀਚਰ ਦੇਵਤਾ। ਜਦਕਿ ਇਸ ਸਾਰੇ ਦੇ ਉਲਟ, ਇਧਰ ਗੁਰਬਾਣੀ ਅਨੁਸਾਰ ਤਾਂ:-

"ਕੋਟਿ ਸੂਰ ਜਾ ਕੈ ਪਰਗਾਸ॥ ਕੋਟਿ ਮਹਾਦੇਵ ਅਰੁ ਕਬਿਲਾਸ॥ ਦੁਰਗਾ ਕੋਟਿ ਜਾ ਕੈ ਮਰਦਨੁ ਕਰੈ॥ ਬ੍ਰਹਮਾ ਕੋਟਿ ਬੇਦ ਉਚਰੈ॥ ੧ ਜਉ ਜਾਚਉ ਤਉ ਕੇਵਲ ਰਾਮ॥ ਆਨ ਦੇਵ ਸਿਉ ਨਾਹੀ ਕਾਮ" (ਪੰ: ੧੧੬੨) ਹੋਰ

"ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ" (ਪੰ: 637) ਅਰਥ-ਐ ਭਾਈ! ਤੂੰ ਦੇਵੀ-ਦੇਵਤਿਆਂ ਦੀ ਪੂਜਾ ਕਰਦਾ ਹੈਂ। ਤੂੰ ਉਨ੍ਹਾਂ ਤੋ ਮੰਗਦਾ ਕੁੱਝ ਹੈਂ ਤੇ ਬਦਲੇ `ਚ ਤੈਨੂੰ ਮਿਲਦਾ ਕੁੱਝ ਹੋਰ ਹੈ। ਤੈਨੂੰ ਤਾਂ ਵੀ ਆਪਣੀ ਕਰਣੀ ਜਾਂ ਇਨ੍ਹਾਂ ਦੇਵੀ-ਦੇਵਤਿਆਂ ਦੀ ਹੋਂਦ ਤੇ ਸਚਾਈ ਬਾਰੇ ਸਮਝ ਨਹੀਂ ਆਉਂਦੀ। ਇਸੇ ਤਰ੍ਹਾਂ…

"ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀਂ ਜਾਨਾ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ" (ਪੰ: 332) ਅਰਥ-ਦੇਵੀ-ਦੇਵਤਿਆਂ ਦੀ ਆਪਣੀ ਕੋਈ ਹੋਂਦ ਨਹੀਂ। ਅਸਲ `ਚ ਅਜੂਨੀ, ਸੈਭੰ ਪ੍ਰਭੂ ਦੀ ਸਮਝ ਨਾ ਹੋਣ ਕਾਰਨ ਹੀ ਮਨੁੱਖ ਕੇਵਲ ਝੂਠ (ਬਿਖਿਆ) ਨਾਲ ਹੀ ਚਿੱਪਕਿਆ (ਲਪਟਾਣਾ) ਰਹਿੰਦਾ ਹੈ। ਇਹੀ ਕਾਰਨ ਹੈ ਕਿ ਇਹ ਸਭ ਕੁੱਝ ਕਰ-ਕਰ ਕੇ ਵੀ ਮਨੁੱਖ ਮਨ ਕਰਕੇ ਉਖੜਿਆ ਰਹਿੰਦਾ ਹੈ, ਇਸ ਦੇ ਮਨ `ਚ ਟਿਕਾਅ ਤੇ ਸ਼ਾਂਤੀ ਨਹੀਂ ਆਉਂਦੀ। ਹੋਰ:-

"ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ" (ਪੰ: ੧੨੯) ਅਰਥ-ਸਾਰੇ ਦੇਵੀਆਂ ਤੇ ਦੇਵਤੇ ਕੇਵਲ ਸਿਮ੍ਰਿਤੀਆਂ ਤੇ ਸ਼ਾਸਤ੍ਰਾਂ ਦੀ ਹੀ ਉਪਜ ਹਨ ਅਤੇ ਉਨ੍ਹਾਂ ਦਾ ਮੂਲ ਮਨੁੱਖ ਦੀਆਂ ਮਾਇਕ ਲੋੜਾਂ ਅਥਵਾ ਆਪਣੀ ਉਦਰ ਪੂਰਤੀ ਹੀ ਹੈ। (ਸਪਸ਼ਟ ਹੈ ਗੁਰਬਾਣੀ ਮੁਤਾਬਕ ਇਨ੍ਹਾਂ ਦੇਵੀ-ਦੇਵਤਿਆਂ ਦਾ ਨਾ ਕੋਈ ਵਜੂਦ ਹੈ ਤੇ ਨਾ ਹੀ ਇਨ੍ਹਾਂ ਦੀ ਹੋਂਦ। ਹੋਰ ਗੁਰ ਫ਼ੁਰਮਾਨ:-

ਮਃ ੨॥ ਏਕ ਕ੍ਰਿਸਨੰ ਸਰਬ ਦੇਵਾ, ਦੇਵ ਦੇਵਾ ਤ ਆਤਮਾ॥ ਆਤਮਾ ਬਾਸੁਦੇਵਸਿ੍ਯ੍ਯ, ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ, ਸੋਈ ਨਿਰੰਜਨ ਦੇਉ॥ ੪ (ਪੰ: ੪੬੯)

ਅਰਥ- ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਅਤੇ ਸਮੂਚੀ ਰਚਨਾ ਦਾ ਧੁਰਾ ਕੇਵਲ ਇਕੋ ਇੱਕ ਅਕਾਲਪੁਰਖੁ (ਏਕ ਕ੍ਰਿਸਨੰ) ਹੀ ਹੈ ਜਦਕਿ ਸਾਰੇ (ਮਨੁੱਖ) ਹੀ ਦੇਵਤੇ ਹਨ (ਸਰਬ ਦੇਵਾ)। (ਫ਼ਿਰ ਵੀ ਜੇ ਕੋਈ ਮੰਣਦਾ ਹੈ ਕਿ ਮਨੁਖਾਂ ਤੋਂ ਉੱਤੇ ਕੋਈ ਦੇਵੀਆਂ-ਦੇਵਤੇ ਵੀ ਹਨ ਤਾਂ ਇਹ ਵੀ ਸਮਝਣਾ ਹੈ ਕਿ) ਉਨ੍ਹਾਂ ਦੇਵੀ-ਦੇਵਤਿਆਂ ਅੰਦਰ ਵੀ ਆਤਮਾ ਉਸੇ ਪ੍ਰਮਾਤਮਾ ਦੀ ਹੈ (ਜਿਹੜੀ ਸਾਰੇ) ਮਨੁੱਖਾਂ ਅੰਦਰ ਹੈ। ਤਾਂ ਤੇ ਐ ਭਾਈ! ਤੂੰ ਇਹ ਦੱਸ ਕਿ ਤੂੰ ਪੂਜਾ ਕਿਸ ਦੀ ਕਰ ਰਿਹਾਂ ਹੈ ਅਤੇ ਫ਼ਰਕ ਕਿੱਥੇ ਹੈ?

ਅਸਲ `ਚ ਲੋੜ ਹੈ ਤਾਂ ਆਤਮਾ ਅਤੇ ਪ੍ਰਮਾਤਮਾ (ਬਾਸੁਦੇਵਸਿ੍ਯ੍ਯ) ਦੇ ਇਸ ਭੇਦ ਨੂੰ ਸਮਝਣ ਦੀ।

ਗੁਰੂ ਪਾਤਸ਼ਾਹ ਫ਼ੁਰਮਾਂਦੇ ਹਨ, ਮੈ (ਕੇਵਲ) ਉਸੇ ਅਕਾਲਪੁਰਖ ਦਾ ਹੀ ਦਾਸ ਹਾਂ, ਜਿਹੜਾ ਸਾਰਿਆਂ `ਚ ਵੱਸਦਾ ਹੋਇਆ ਵੀ ਮਾਇਆ ਦੀ ਕਾਲਖ਼ ਤੋਂ ਨਿਰਲੇਪ ਹੈ ਤੇ ਹਰ ਸਮੇਂ ਪ੍ਰਕਾਸ਼ਮਾਣ ਹੈ।

ਸਲੋਕ ਦਾ ਭਾਵ- ਹਰੇਕ ਮਨੁੱਖ ਨੂੰ ਕੇਵਲ ਉਸ ਕਰਤੇ ਪ੍ਰਭੂ ਦੀ ਪਹਿਚਾਣ ਕਰਣ ਦੀ ਲੋੜ ਹੈ ਜਿਸ ਦੀ ਆਤਮਾ ਅਥਵਾ ਨੂਰ, ਸਾਰੇ ਜੀਵਾਂ `ਚ ਵਿਆਪਕ ਹੈ। ਮਨੁੱਖ ਨੂੰ ਕਿਸੇ ਵੀ ਦੇਵੀ-ਦੇਵਤੇ ਜਾਂ ਰਾਮ, ਕ੍ਰਿਸ਼ਨ ਆਦਿ ਪ੍ਰਚਲਤ ਅਵਤਾਰਾਂ-ਭਗਵਾਨਾਂ ਦੀ ਪੂਜਾ-ਅਰਚਾ `ਚ ਪੈਣ ਦੀ ਲੋੜ ਨਹੀਂ। ੪।

ਸਪਸ਼ਟ ਹੋਇਆ ਗੁਰਬਾਣੀ ਅਨੁਸਾਰ ਇਨ੍ਹਾਂ ਦੇਵੀ-ਦੇਵਤਿਆਂ ਆਦਿ ਤੋਂ ਕਿਸੇ ਵੀ ਸ਼ਾਪ, ਵਰ, ਕ੍ਰੋਪੀ ਵਾਲੇ ਡਰਾਂ ਤੇ ਸਹਿਮਾਂ ਦੀ ਉੱਕਾ ਲੋੜ ਨਹੀਂ। ਬਲਕਿ ਇਨ੍ਹਾਂ ਦੇ ਭਰਮ `ਚ ਪਿਆ ਬੰਦਾ, ਆਪਣੇ ਇਕੋ-ਇੱਕ ਪਰਮ-ਪਿਤਾ ਕਰਤੇ-ਸਿਰਜਣਹਾਰ ਤੇ ਪਾਲਣਹਾਰ ਰੱਬ ਜੀ ਤੋਂ ਹੀ ਟੁੱਟਾ ਰਹਿੰਦਾ ਹੈ। ਇਸ ਤਰ੍ਹਾਂ ਮਨੁੱਖ, ਧਰਮੀ ਨਹੀਂ ਅਸਲ `ਚ ਇਕੋ ਇੱਕ ਪ੍ਰਮਾਤਮਾ ਤੋਂ ਅਨਜਾਣ ਹੋਣ ਕਾਰਨ, ਗੁਰਬਾਣੀ ਮੁਤਾਬਕ ਪ੍ਰਭੂ ਦੀਆਂ ਸ਼ਕਤੀਆਂ (ਸਾਕਤ) ਦਾ ਪੁਜਾਰੀ ਅਥਵਾ ਉਹ ਨਾਸਤਿਕ ਹੀ ਹੁੰਦਾ ਹੈ।

ਗੁਰਬਾਣੀ ਦੀ ਸਿਖਿਆ ਤੋਂ ਪ੍ਰਾਪਤ ਸਿੱਖੀ ਜੀਵਨ? - ਤਾਂ ਤੇ ਚਲਦੇ ਪ੍ਰਕਰਣ ਅਨੁਸਾਰ, ਇੱਕ ਪਾਸੇ ਵੇਦਵਾ ਮਨ ਹੀ ਮਨ ਬੜਾ ਖੁਸ਼ ਸੀ ਕਿ ਅੱਜ ਉਸ ਨੂੰ ਗੁਰੂ ਦਰਬਾਰ ਤੋਂ ਅੰਦਾਜ਼ੇ ਤੋਂ ਵੀ ਕਈ ਗੁਣਾਂ ਵੱਧ ਦਾਨ ਭਾਵ ਸਾਮਾਨ ਮਿਲ ਗਿਆ ਹੈ। ਉਪ੍ਰੰਤ ਇਹ ਸਾਰਾ ਸਾਮਾਨ ਲੈ ਕੇ ਵੇਦਵਾ ਖੁਸ਼ੀ ਖੁਸ਼ੀ ਆਪਣੇ ਧਿਆਣ ਉਥੋਂ ਟੁਰ ਪਿਆ।

ਪਰ ਜਿਉਂ ਹੀ ਵੇਦਵਾ ਗ੍ਰੁਰੂ-ਦਰਬਾਰ ਤੋਂ ਅਜੇ ਕੁੱਝ ਹੀ ਅੱਗੇ ਨਿਕਲਆ ਸੀ ਤਾਂ ਸਿੱਖਾਂ ਨੇ ਵੀ ਅੱਗੇ ਹੋ ਕੇ ਉਸ ਨੂੰ ਦਿੱਤਾ ਹੋਇਆ ਉਹ ਸਾਰਾ ਸਾਮਾਨ ਉਸ ਵੇਦਵੇ ਤੋਂ ਵਾਪਸ ਖੋਹ ਲਿਆ।

ਵੇਦਵਾ ਚਿਲਾਇਆ ਤੇ ਸਟਪਟਾਇਆ, ਉਹ ਕਹਿਣ ਲਗਾ ਕਿ ‘ਇਹ ਸਾਰਾ ਸਾਮਾਨ ਤਾਂ ਤੁਹਾਡੇ ਗੁਰੁ ਜੀ ਨੇ, ਸਨੀਚਰ ਦੇਵਤੇ ਦੀ ਕ੍ਰੋਪੀ ਨੂੰ ਟਾਲਣ ਲਈ, ਦਾਨ ਵਜੋਂ ਮੈਨੂੰ ਦੁਆਇਆ ਹੈ।

ਪਰ ਸਿੱਖਾਂ ਨੇ ਵੀ ਗੁਰਬਾਣੀ ਉਪਦੇਸ਼ਾਂ ਰਾਹੀਂ ਉਸ ਵੇਦਵੇ ਦੀ ਬੜੇ ਸਲੀਕੇ ਅਤੇ ਪਿਆਰ ਸਹਿਤ ਨਿਸ਼ਾ ਕਰਵਾ ਦਿੱਤੀ। ਉਸ ਨੂੰ ਇਹ ਵੀ ਸਪਸ਼ਟ ਕਰ ਦਿੱਤਾ ਕਿ ਗੁਰੂ ਕੇ ਸਿੱਖ ਹੁਣ ਇਸ ਬ੍ਰਾਹਮਣੀ ਜੂਲੇ `ਚੋਂ ਪੂਰੀ ਤਰ੍ਹਾਂ ਆਜ਼ਾਦ ਹੋ ਚੁੱਕੇ ਹੋਏ ਹਨ।

ਸਿੱਖਾਂ ਨੇ ਆਖਿਆ, ਐ ਭਾਈ! ਇਹ ਸਾਰਾ ਸਾਮਾਨ, ਜਿਹੜਾ ਅਸਾਂ ਤੈਨੂੰ ਦਿੱਤਾ ਸੀ, ਤਾਂ ਉਹ ਵੀ ਅਸਾਂ ਸਤਿਗੁਰਾਂ ਦੇ ਹੁਕਮ ਦੀ ਤਾਮੀਲ ਕੀਤੀ ਸੀ।

ਇਸੇ ਤਰ੍ਹਾਂ, ਹੁਣ ਜੇ ਉਹ ਸਾਰਾ ਸਾਮਾਨ ਅਸਾਂ ਤੇਰੇ ਪਾਸੋਂ ਵਾਪਸ ਲੈ ਲਿਆ ਹੈ ਤਾਂ ਇਹ ਵੀ ਅਸਾਂ ਸਤਿਗੁਰਾਂ ਦੇ ਹੁਕਮ ਦੀ ਤਾਮੀਲ ਹੀ ਕੀਤੀ ਹੈ. .

ਧੰਨਤਾ ਦੇ ਯੋਗ ਸਨ, ਉਹ ਗੁਰੂ ਕੀਆਂ ਸੰਗਤਾਂ- ਗੁਰੂ ਕੀਆਂ ਸੰਗਤਾਂ ਨੇ, ਉਸ ਦਿਨ ਅਨੰਦਪੁਰ ਸਾਹਿਬ, ਆਪਣੀ ਹਥਿਆਰਾਂ ਦੀ ਫ਼ੈਕਟਰੀ `ਚ ਉਸੇ ਲੋਹੇ ਤੋਂ ਸੋਹਣੇ-ਸੋਹਣੇ ਕੜੇ ਤਿਆਰ ਕੀਤੇ ਅਤੇ ਉਹ ਕੜੇ ਹਰੇਕ ਲੰਗਰ ਵਰਤਾੳੇੁਣ ਵਾਲੇ ਦੀ ਕਲਾਈ `ਚ ਪਾ ਦਿੱਤੇ। ਜਦਕਿ ਨਾਲ ਹੀ ਉਸੇ ਮਾਂਹ ਦੀ ਦਾਲ ਤੇ ਤੇਲ ਤੋਂ ਵੱੜੇ ਤੱਲ ਕੇ ਗੁਰੂ ਕੇ ਲੰਗਰਾਂ `ਚ ਵਰਤਾਉਣੇ ਸ਼ੁਰੂ ਕਰ ਦਿੱਤੇ।

ਇਸ ਤਰ੍ਹਾਂ ਜਦੋਂ ਦਸਮੇਸ਼ ਜੀ ਨੇ ਇਹ ਸਾਰਾ ਮਾਜਰਾ ਦੇਖਿਆ ਤਾਂ ਮੁਸਕਰਾ ਪਏ। ਆਪ ਨੇ ਮੁਸਕਰਾ ਕੇ ਮਲਕੜੇ ਹੀ ਸਿੱਖਾਂ ਪਾਸੋਂ ਉਸ ਦਿਨ ਲੰਗਰ ਵਿੱਚਲੀ ਉਸ ਸਾਰੀ ਤਬਦੀਲੀ ਦਾ ਕਾਰਨ ਪੁਛਿਆ। ਬਦਲੇ `ਚ ਸਿੱਖਾਂ ਨੇ ਵੀ, ਬੜੇ ਸਤਿਕਾਰ ਅਤੇ ਵੇਰਵੇ ਸਹਿਤ ਉਹ ਸਾਰੀ ਵਿਥਿਆ ਗੁਰਦੇਵ ਨੂੰ ਕਹਿ ਸੁਣਾਈ। ਇਸ `ਤੇ ਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਆਪ ਨੇ, ਇਸ ਸਾਰੇ ਕ੍ਰਮ ਲਈ ਉਨ੍ਹਾਂ ਸਿੱਖਾਂ ਤੇ ਗੁਰੂ ਕੀਆਂ ਸਮੂਹ ਸੰਗਤਾਂ ਨੂੰ ਉਨ੍ਹਾਂ ਦੀ ਇਸ ਸਫ਼ਲਤਾ `ਤੇ ਸ਼ਾਬਾਸ਼ੀ ਵੀ ਦਿੱਤੀ।

ਉਪ੍ਰੰਤ ਵਿਸਾਖੀ ੧੬੯੯ ਨੂੰ (ਸੰਖੇਪ ਵੇਰਵਾ ਅੱਗੇ ਚੱਲ ਕੇ ਆਵੇ ਗਾ) ਜਦੋਂ ਨੰਗੀ ਤਲਵਾਰ ਦੀ ਧਾਰ ਵਾਲੇ ਇਮਤਿਹਾਨ ਚੋਂ ਪੰਥ ੧੦੦% ਨੰਬਰ ਲੈ ਕੇ ਪਾਸ ਹੋਇਆ ਤਾਂ ਪਹਿਲਾਂ ਤੋਂ ਚਲਦੇ ਆ ਰਹੇ ਉਨ੍ਹਾਂ ਚਾਰ ਕਕਾਰਾਂ `ਚ ਗੁਰੂ ਜੀ ਨੇ, ਪੰਜਵਾਂ ਕਕਾਰ ‘ਕੜਾ’ ਵੀ ਜੋੜ ਦਿੱਤਾ।

ਹੋ ਸਕਦਾ ਹੈ ਕਿ ਇਸ `ਤੇ ਕੁੱਝ ਸੱਜਨ ਹੈਰਾਨ ਹੋਣ ਕਿ ਵਿਸਾਖੀ ਸੰਨ ੧੬੯੯ ਤੋਂ ਪਹਿਲਾਂ ਤੀਕ ਸਿੱਖ ਦੇ ਚਲਦੇ ਆ ਰਹੇ ਚਾਰ ਕਕਾਰ ਕਿਹੜੇ ਸਨ ਪਰ ਇਸਦਾ ਵੇਰਵਾ ਅਸੀਂ ਇਸ ਭਾਗ ਦੇ ਅਰਂਭ `ਚ ਵੀ ਦੇ ਆਏ ਹਾਂ, ਉਸ ਨੂੰ ਉਥੋਂ ਪੜ੍ਹ ਲਿਆ ਜਾਵੇ ਜੀ। (ਚਲਦਾ) #418P-III s06.16.02.16#p3-

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-III

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਤੀਜਾ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites- www.gurbaniguru.org

theuniqeguru-gurbani.com

gurmateducationcentre.com
.