.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਹਜ ਰਤਨਾਂ ਦੀ ਪਹਿਛਾਣ

ਕਾਦਰ ਦੀ ਕੁਦਰਤ ਵਿੱਚ ਤਰ੍ਹਾਂ ਤਰ੍ਹਾਂ ਦੇ ਜੀਵ-ਜੰਤੂ, ਪਸ਼ੂ-ਪੰਛੀ, ਬਾਗ ਬਗੀਚੇ, ਸੁੰਦਰ ਦਰਿਆਵਾਂ ਦੇ ਵਹਿਣ, ਪਹਾੜਾਂ ਦੀਆਂ ਖੂਬਸੂਰਤ ਚੋਟੀਆਂ, ਸਮੁੰਦਰ ਦੇ ਕੰਢੇ, ਮਨ ਨੂੰ ਭਾਅ ਜਾਣ ਵਾਲੇ ਬਾਗ-ਬਗੀਚੇ ਤੇ ਰਸਦਾਇਕ ਖਾਣਿਆਂ ਨਾਲ ਭਰਿਆ ਪਿਆ ਸੰਸਾਰ ਹੈ। ਇਸ ਕਾਦਰ ਦੀ ਕੁਦਰਤ ਵਿੱਚ ਸਭ ਤੋਂ ਵੱਧ ਖੂਬਸੂਰਤ ਮਨੁੱਖੀ ਜੀਵਨ ਹੈ ਜੇ ਇਸ ਦੀ ਸਹੀ ਵਰਤੋਂ ਕੀਤੀ ਜਾਏ ਤਾਂ। ਬਹੁਤ ਵਾਰੀ ਤਾਂ ਇਹ ਪਸ਼ੂਆਂ ਨਾਲੋਂ ਵੀ ਗਏ ਗੁਜਰੇ ਕੰਮ ਕਰਦਾ ਹੈ। ਜਿਸ ਨੂੰ ਗੁਰਬਾਣੀ ਸਾਫ਼ ਆਖਦੀ ਹੈ "ਕਰਤੂਤਿ ਪਸੂ ਕੀ ਮਾਨਸ ਜਾਤਿ"।।

ਜ਼ਰਾ ਕੁ ਗਹੁ ਕਰਕੇ ਦੇਖਿਆ ਜਾਏ ਤਾਂ ਮਨੁੱਖ ਕੋਈ ਦੂਜੀਆਂ ਜੂਨਾਂ ਦੇ ਮੁਕਾਬਲੇ ਬਹੁਤ ਵਧੀਆਂ ਤੇ ਖੂਬਸੂਰਤ ਵੀ ਨਹੀਂ ਹੈ। ਜੇ ਮਨੁੱਖ ਇਹ ਕਹੇ ਕਿ ਮੈਂ ਕਪੜੇ ਪਹਿਨਣ ਦੇ ਵਿੱਚ ਬਹੁਤ ਸਿਆਣਾ ਹਾਂ ਤਾਂ ਚੀਤੇ, ਸ਼ੇਰ, ਬਿੱਲੀਆਂ, ਮੋਰ ਆਦਿ ਦੇ ਹਿੱਸੇ ਜੋ ਕੁਦਰਤੀ ਪੁਸ਼ਾਕ ਆਈ ਹੈ ਮਨੁੱਖ ਟਿੱਲ ਲਗਾ ਕੇ ਓਦਾਂ ਦੀ ਪੁਸ਼ਾਕ ਪਹਿਨਣੀ ਚਹੁੰਦਾ ਹੈ। ਪਸ਼ੂ-ਪੰਛੀਆਂ ਨੂੰ ਕੁਦਰਤੀ ਪੁਸ਼ਾਕ ਮਿਲੀ ਹੋਈ ਹੈ। ਜੇ ਮਨੁੱਖ ਇਹ ਕਹੇ ਮੈਂ ਖਾਣ ਪੀਣ ਵਿੱਚ ਬਹੁਤ ਅੱਗੇ ਹਾਂ ਤਾਂ ਇਹ ਵੀ ਇਸ ਦਾ ਭੁਲੇਖਾ ਹੀ ਹੈ ਕਿਉਂ ਕਿ ਦੁੱਧ ਇਸ ਨੂੰ ਜੂਠਾ ਹੀ ਮਿਲਦਾ ਹੈ। ਪੰਛੀ ਆਪਣੀ ਮਰਜ਼ੀ ਨਾਲ ਜੰਗਲਾਂ ਵਿਚੋਂ ਫ਼ਲ਼ਾਂ ਨੂੰ ਖਾਂਦੇ ਹਨ ਜਦ ਕਿ ਸਾਨੂੰ ਮੁੱਲ ਲੈਣੇ ਪੈਂਦੇ ਹਨ ਜਾਂ ਆਪ ਤਿਆਰ ਕਰਨੇ ਪੈਂਦੇ ਹਨ। ਪਸ਼ੂ, ਪੰਛੀ ਭੋਗ ਤੇ ਕੇਵਲ ਖਾਣ ਦੇ ਤਲ਼ ਤੇ ਹੀ ਜਿਉਂਦੇ ਹਨ। ਆਪਣੇ ਬੱਚਿਆਂ ਪ੍ਰਤੀ ਵੀ ਸੁਚੇਤ ਹੁੰਦੇ ਹਨ। ਪਸ਼ੂ ਪੰਛੀਆਂ ਵਲੋਂ ਪਛਾਣ ਕਰਨੀ ਤੇ ਨਾ ਭੁੱਲਣ ਵਾਲੀ ਪ੍ਰਕਿਰਿਆ ਕੁਦਰਤੀ ਹੈ।

ਮਨੁੱਖ ਨੇ ਆਪਣੇ ਜੀਵਨ ਕਾਲ ਵਿੱਚ ਬੇ-ਓੜਕਾਂ ਮੱਲਾਂ ਮਾਰੀਆਂ ਹਨ। ਮਨੁੱਖ ਨੇ ਹੌਲ਼ੀ ਹੌਲ਼ੀ ਵਿਦਿਆ ਹਾਸਲ ਕਰਕੇ, ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਦਿਨ-ਬ-ਦਿਨ ਤਰੱਕੀਆਂ ਤਹਿ ਕੀਤੀਆਂ ਹਨ। ਇੰਜ ਕਹਿਆ ਜਾਏ ਕਿ ਕਾਦਰ ਦੀ ਕੁਦਰਤ ਵਿੱਚ ਮਨੁੱਖੀ ਜੀਵਨ ਬਹੁਤ ਖੂਬਸੂਰਤ ਹੈ ਪਰ ਮਨੁੱਖੀ ਜੀਵਨ ਦੇ ਮਹੱਤਵ ਨੂੰ ਸਮਝਿਆ ਜਾਣਾ ਵੀ ਚਾਹੀਦਾ ਹੈ-

ਗੁਰੂ ਰਾਮਦਾਸ ਜੀ ਰਾਗ ਗਉੜੀ ਦੀ ਇੱਕ ਪਉੜੀ ਵਿੱਚ ਫਰਮਾਉਂਦੇ ਹਨ ਕਿ ਮਨੁੱਖ ਦੇ ਦਿਮਾਗ ਵਿੱਚ ਹੀ ਸਾਰਾ ਕੁੱਝ ਪਿਆ ਹੋਇਆ ਹੈ ਗੁਰੂ ਦੀ ਸਹਾਇਤ ਨਾਲ ਇਸ ਨੂੰ ਪ੍ਰਗਟ ਕਰਕੇ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ-

ਇਹੁ ਸਰੀਰੁ ਸਭੂ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ।।

ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ।।

ਸਭੁ ਆਤਮਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ।।

ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ।।

ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ।। ੧੬।।

ਪਉੜੀ ਪੰਨਾ ੩੦੯

ਅੱਖਰੀਂ ਅਰਥ -—ਇਹ ਸਾਰਾ (ਮਨੁੱਖਾ) ਸਰੀਰ ਧਰਮ (ਕਮਾਉਣ ਦੀ ਥਾਂ) ਹੈ, ਇਸ ਵਿੱਚ ਸੱਚੇ ਪ੍ਰਭੂ ਦੀ ਜੋਤਿ ਲੁਕੀ ਹੋਈ ਹੈ। ਇਸ (ਸਰੀਰ) ਵਿੱਚ (ਦੈਵੀ ਗੁਣ-ਰੂਪ) ਗੁੱਝੇ ਲਾਲ ਲੁਕੇ ਹੋਏ ਹਨ। ਸਤਿਗੁਰੂ ਦੇ ਸਨਮੁਖ ਹੋਇਆਂ ਕੋਈ ਵਿਰਲਾ ਸੇਵਕ ਇਹਨਾਂ ਨੂੰ ਪੁੱਟ ਕੇ (ਭਾਵ, ਡੂੰਘੀ ਵਿਚਾਰ ਨਾਲ) ਕੱਢਦਾ ਹੈ। (ਜਦੋਂ ਉਹ ਸੇਵਕ ਇਹ ਲਾਲ ਲੱਭ ਲੈਂਦਾ ਹੈ) ਤਦੋਂ ਇੱਕ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿੱਚ (ਇਸ ਤਰ੍ਹਾਂ) ਰਵਿਆ ਹੋਇਆ ਪਛਾਣਦਾ ਹੈ, ਜਿਵੇਂ ਤਾਣੇ ਤੇ ਪੇਟੇ ਵਿੱਚ ਇੱਕੋ ਸੂਤਰ ਹੁੰਦਾ ਹੈ। (ਤਦੋਂ ਉਹ ਸੇਵਕ ਸਾਰੇ ਸੰਸਾਰ ਵਿਚ) ਇੱਕ ਹਰੀ ਨੂੰ ਹੀ ਵੇਖਦਾ ਹੈ, ਇੱਕ ਹਰੀ ਤੇ ਹੀ ਭਰੋਸਾ ਰੱਖਦਾ ਹੈ ਤੇ ਆਪਣੀ ਕੰਨੀਂ ਇੱਕ ਹਰੀ ਦੀਆਂ ਹੀ ਗੱਲਾਂ ਸੁਣਦਾ ਹੈ। ਹੇ ਦਾਸ ਨਾਨਕ! ਤੂੰ (ਭੀ ਇਸੇ ਤਰ੍ਹਾਂ) ਨਾਮ ਦੀ ਉਸਤਤਿ ਕਰ, ਸੱਚ-ਮੁਚ ਤੇਰੀ ਇਹ ਸੇਵਾ ਪ੍ਰਭੂ ਦੇ ਦਰ ਤੇ ਕਬੂਲ ਹੋਵੇਗੀ। ੧੬।

ਵਿਚਾਰ ਚਰਚਾ—-ਕੋਇਲ ਆਪਣੀ ਅਵਾਜ਼ ਵਿੱਚ ਹੀ ਬੋਲਦੀ ਹੈ ਤੇ ਅਜ਼ਾਦ ਉਡਾਰੀਆਂ ਮਾਰਦੀ ਹੈ ਜਦ ਕੇ ਤੋਤਾ ਸਿਖਾਇਆ ਹੋਇਆ ਬੋਲਦਾ ਹੈ ਜਨੀ ਕਿ ਕਿਸੇ ਦੀ ਬੋਲੀ ਬੋਲਦਾ ਹੈ ਇਸ ਲਈ ਉਹ ਪਿੰਜਰੇ ਵਿੱਚ ਬੰਦ ਹੈ। ਜਿਹੜਾ ਮਨੁੱਖ ਅਜ਼ਾਦ ਸੋਚ ਦਾ ਮਾਲਕ ਹੈ ਉਹ ਕਦੇ ਗੁਲਾਮ ਨਹੀਂ ਹੁੰਦਾ। ਇਸ ਦਾ ਭਾਵ ਹੈ ਕਿ ਕਿ ਜਿਹੜਾ ਤਰਤੀਬ ਵਿੱਚ ਚਲਦਾ ਹੋਇਆ ਸੱਚਾ ਗਿਆਨ ਹਾਸਲ ਕਰਦਾ ਹੈ ਉਹ ਹੀ ਅਜ਼ਾਦ ਸੋਚ ਦਾ ਮਾਲਕ ਹੁੰਦਾ ਹੈ। ਜਿਹੜਾ ਹੁਕਮ ਨਾ ਸਮਝਦਾ ਹੋਇਆ ਕੇਵਲ ਮਾਲਕਾਂ ਦੇ ਅੱਗੇ ਪੂੱਛਲ ਹੀ ਹਿਲਾਈ ਜਾਂਦਾ ਹੈ ਉਸ ਦਾ ਆਤਮਿਕ ਕਦ ਬੌਣਾ ਰਹਿ ਜਾਂਦਾ ਹੈ। ਉਸ ਦੀ ਸੁਰਤ ਕੋਈ ਬਹੁਤਾ ਵਿਕਾਸ ਨਹੀਂ ਕਰ ਸਕਦੀ। ਜੇ ਵਿਕਾਸ ਹੋਇਆ ਵੀ ਹੁੰਦਾ ਹੈ ਤਾਂ ਉਹ ਚਲਾਕੀਆਂ ਦੂਜਿਆਂ ਨੂੰ ਧੋਖਾ ਦੇਣ ਵਿੱਚ ਹੀ ਸਹਾਈ ਹੁੰਦਾ ਹੈ।

ਗੁਰੂ ਸਾਹਿਬ ਜੀ ਨੇ ਮਨੁੱਖੀ ਸਰੀਰ ਦਾ ਮਹੱਤਵ ਸਮਝਾਉਂਦਿਆਂ ਹੋਇਆਂ ਫਰਮਾਉਂਦੇ ਹਨ ਕਿ ਇਹ ਸਰੀਰ ਧਰਮ ਕਮਾਉਣ ਲਈ ਮਿਲਿਆ ਹੋਇਆ ਹੈ। ਧਰਮ ਦੇ ਅਰਥੀਂ ਅਰਥ ਕੀ ਹਨ—ਜੋ ਸੰਸਾਰ ਨੂੰ ਧਾਰਨ ਕਰਦਾ ਹੈ, ਜਿਸ ਦੇ ਅਧਾਰ ਵਿਸ਼ਵ ਹੈ, ਉਹ ਪਵਿੱਤਰ ਨਿਯਮ, "ਸਭ ਕੁਲ ਉਧਰੀ ਇੱਕ ਨਾਮ ਧਰਨ" ਸਵੈਯੇ ਮਹਲੇ ਸ੍ਰੀ ਮੁਖ ਬਾਕ ਮ: ੫

੨ ਸ਼ੁਭ ਕਰਮ—" ਨਹਿ ਬਿਲੰਬ ਧਰਮੰ ਬਿਲੰਬ ਪਾਪੰ" (ਸਹਸ ਮ: ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ" (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦਿਰੜ ਕਰਦਾ ਹੈ ਉਹ ਧਰਮ ਹੈ।

੩ ਮਜ਼ਹਬ, ਦੀਨ "ਸੰਤ ਕਾ ਮਾਰਗ ਧਰਮ ਕੀ ਪਉੜੀ" ਸੋਰਠਿ ਮ: ੫

੪ ਪੁੰਨ ਰੂਪ ਇਹੁ ਸਰੀਰੁ ਸਭੂ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ (ਵਾਰ ਗਉੜੀ ਮ: ੪)

੫ ਰਿਵਾਜ, ਰਸਮ ਕੁਲ ਅਥਵਾ ਦੇਸ਼ ਦੀ ਰੀਤੀ।

੬ ਫ਼ਰਜ਼, ਡਿਉਟੀ

੭ ਇਨਸਾਫ਼, ਨਿਆਇ

ਧਰਮ ਦੇ ਕਰਮ—ਵਿਦਵਾਨਾਂ ਨੇ ਦਸ ਅੰਗ ਮੰਨੇ ਹਨ—ਜੇਹਾ ਕਿ:

ਧੀਰਜ, ਖਿਮਾ, ਮਨ ਦਾ ਵੱਸ ਕਰਨਾ, ਚੋਰੀ ਦਾ ਤਿਆਗ, ਪਵਿੱਤ੍ਰਤਾ, ਇੰਦ੍ਰੀਆਂ ਨੂੰ ਕੁਕਰਮਾਂ ਵਲੋਂ ਰੋਕਣਾ, ਨਿਰਮਲ ਬੁੱਧ, ਵਿਦਿਆ ਦਾ ਅਭਿਆਸ, ਸਤਯ, ਕ੍ਰੋਧ ਦਾ ਤਿਆਗ ਕਰਨਾ।

ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਇਸ ਸਰੀਰ ਰਾਂਹੀ ਧਰਮ ਕਮਾਉਣਾ ਹੈ। ਇਸ ਦਾ ਭਾਵ ਅਰਥ ਹੈ ਕਿ ਹਰ ਖੇਤਰ ਵਿੱਚ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਨਿਭਾਉਣਾ ਹੈ। ਇੱਕ ਬੱਚੇ ਦਾ ਧਰਮ ਹੈ ਉਹ ਅਧਿਆਪਕਾਂ ਦੇ ਕਹੇ ਅਨੁਸਾਰ ਸਕੂਲ ਦਾ ਕੰਮ ਕਰਨ ਦਾ ਯਤਨ ਕਰੇ ਤੇ ਅਧਿਆਪਕ ਦਾ ਧਰਮ ਹੈ ਉਹ ਇਮਾਨਦਾਰੀ ਨਾਲ ਆਪਣੇ ਵਿਦਿਆਰਥੀਆਂ ਨੂੰ ਮਿਹਨਤ ਕਰਾਵੇ। ਹਰ ਮਨੁੱਖ ਨੂੰ ਰੱਬ ਜੀ ਨੇ ਦਿਮਾਗ ਦਿੱਤਾ ਹੋਇਆ ਹੈ। ਮਨੁੱਖੀ ਦਿਮਾਗ ਦੀ ਖਾਸੀਅਤ ਹੈ ਕਿ ਇਸ ਨੂੰ ਜੋ ਕੁੱਝ ਸਿਖਾਇਆ ਜਾਂਦਾ ਹੈ ਉਸ ਨੂੰ ਬਹੁਤ ਛੇਤੀ ਕਬੂਲ ਕਰਦਾ ਹੈ। ਕਈ ਵਾਰੀ ਮਨੁਖੀ ਦਿਮਾਗ ਦੀਆਂ ਕੁੱਝ ਵਿਸ਼ੇਸ਼ ਰੁੱਚੀਆਂ ਵੀ ਹੁੰਦੀਆਂ ਹਨ ਜੇ ਉਸ ਨੂੰ ਸਹੀ ਦਿਸ਼ਾ ਮਿਲ ਜਾਏ ਤਾਂ ਮੰਜ਼ਿਲ ਹਾਸਲ ਕਰ ਲੈਂਦਾ ਹੈ।

"ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ"।। ਧਰਮੀ ਬਣਨ ਲਈ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ ਸਾਡੇ ਅੰਦਰ ਦੈਵੀ ਗੁਣ ਪਏ ਹੋਏ ਹਨ ਉਹਨਾਂ ਦੀ ਵਰਤੋਂ ਗੁਰ-ਗਿਆਨ ਦੁਆਰਾ ਸਾਨੂੰ ਆ ਸਕਦੀ ਹੈ। ਸਾਂਝੀਵਾਲਤਾ, ਮਿਲਵਰਤਣ, ਮਿੱਠਾਸ, ਆਪਸੀ ਭਾਈਚਾਰਾ, ਸੰਤੋਖ, ਨਿਮ੍ਰਤਾ ਵਰਗੇ ਦੈਵੀ ਗੁਣਾਂ ਨਾਲ ਸਾਡਾ ਦਿਮਾਗ ਭਰਪੂਰ ਹੈ। ਗੁਰਮੁਖਿ ਦਾ ਅਰਥ ਹੈ ਗੁਰੂ ਸਾਹਿਬ ਦੇ ਸਨਮੁਖ ਬੈਠਣਾ, ਗੁਰੂ ਸਾਹਿਬ ਦੀ ਗੱਲ ਨੂੰ ਧਿਆਨ ਪੂਰਵਕ ਸੁਣਨਾ ਤੇ ਉਸ `ਤੇ ਅਮਲ ਕਰਨਾ ਹੈ। ਸੂਝਵਾਨ ਮਨੁੱਖਾਂ ਨੂੰ ਸਮਝ ਆਉਂਦੀ ਹੈ ਤਾਂ ਉਹ ਇਹਨਾਂ ਗੁਣਾਂ ਨੂੰ ਆਪਣੇ ਸੁਭਾਓ ਦਾ ਅੰਗ ਬਣਾਉਂਦੇ ਹਨ। ਪ੍ਰਬੰਧਕ ਕਮੇਟੀਆਂ ਦੀ ਤਾਂ ਹੋਰ ਵੀ ਜ਼ਿੰਮੇਵਾਰੀ ਬਣਦੀ ਹੈ ਪਰ ਦੇਖਿਆ ਗਿਆ ਹੈ ਕਿ ਸਭ ਤੋਂ ਵੱਧ ਗੁਰੂ ਦੀ ਹਜ਼ੂਰੀ ਵਿੱਚ ਏਹੋ ਲੜਦੇ ਹਨ। ਇਸ ਦਾ ਅਰਥ ਹੈ ਕਿ ਇਹਨਾਂ ਨੇ ਅਜੇ ਤੀਕ ਗੁਰੂ ਸਾਹਿਬ ਜੀ ਨੂੰ ਵਿਚਾਰ ਕੇ ਪੜ੍ਹਿਆ ਨਹੀਂ ਹੈ। ਜੇ ਅੰਦਰਲੇ ਦੈਵੀ ਗੁਣਾਂ ਨੂੰ ਖੋਜ ਕੇ ਵਰਤਣ ਦਾ ਯਤਨ ਕਰੇ ਤਾਂ ਜੀਵਨ ਵਿੱਚ ਸੁਖ ਸਾਂਤੀ ਆ ਸਕਦੀ ਹੈ। ਇਸ ਤੁਕ ਵਿੱਚ ਦੱਸਿਆ ਹੈ ਕਿ ਵਿਰਲੇ ਹੀ ਖੋਤ ਕੇ ਗੁਣਾਂ ਨੂੰ ਲੱਭਦੇ ਹਨ। ਖੋਤ ਸ਼ਬਦ ਬਿਲਕੁਲ ਪੇਂਡੂ ਲਹਿਜੇ ਵਿਚੋਂ ਲਿਆ ਗਿਆ ਹੈ। ਖੋਤਣ ਦਾ ਭਾਵ ਅਰਥ ਹੈ ਕੋਈ ਵਸਤੂ ਜ਼ਮੀਨ ਵਿੱਚ ਦੱਬੀ ਹੋਈ ਹੈ ਉਸ ਨੂੰ ਪੁੱਟਣ ਲਈ ਵੱਡਾ ਟੱਪ ਨਹੀਂ ਲਗਾਇਆ ਜਾਂਦਾ ਕਿਉਂਕਿ ਜ਼ਮੀਨ ਵਿੱਚ ਦੱਬੀ ਹੋਈ ਵਸਤੂ ਦਾ ਨੁਕਸਾਨ ਹੋ ਸਕਦਾ ਹੈ। ਬੜੇ ਅਰਾਮ ਨਾਲ ਜ਼ਮੀਨ ਦੀ ਮਿੱਟੀ ਨੂੰ ਪਰਤ ਦਰ ਪਰਤ ਪਰੇ ਕਰਕੇ ਥੱਲਿਓਂ ਵਸਤੂ ਪ੍ਰਾਪਤ ਕਰ ਲਈ ਜਾਂਦੀ ਹੈ। ਏਸੇ ਤਰ੍ਹਾਂ ਹੀ ਸਾਡੇ ਦਿਮਾਗ ਵਿੱਚ ਪਏ ਹੋਏ ਸ਼ੁਭ ਗੁਣਾਂ ਨੂੰ ਗੁਰਬਾਣੀ ਦੀ ਵਿਚਾਰ ਦੁਆਰਾ ਖੋਜ ਕੇ ਉਸ ਦੀ ਵਰਤੋਂ ਕਰਨੀ ਹੈ। ਘੱਟੋ ਘੱਟ ਜੇ ਪ੍ਰਬੰਧਕ ਖੋਜਣ ਲੱਗ ਪੈਣ ਤਾਂ ਸਾਡੀਆਂ ਅੱਧੀਆਂ ਸਮੱਸਿਆਵਾਂ ਖਤਮ ਹੋ ਸਕਦੀਆਂ ਹਨ।

ਤੀਸਰੀ ਤੁਕ ਵਿੱਚ ਗੱਲ ਪਛਾਣ ਦੀ ਆਉਂਦੀ ਹੈ—ਜਦੋਂ ਵੀ ਕੋਈ ਸੌਦਾ ਖਰੀਦਣ ਲੱਗਦਾ ਹੈ ਤਾਂ ਪਹਿਲਾਂ ਉਸ ਦੀ ਪਹਿਛਾਣ ਕਰਦਾ ਹੈ। ਜੇ ਬੰਦੇ ਕੋਲੋਂ ਆਪ ਪਹਿਛਾਣ ਨਹੀਂ ਹੁੰਦੀ ਤਾਂ ਉਹ ਕਿਸੇ ਸਿਆਣੇ ਦੀ ਰਾਏ ਲੈਂਦਾ ਹੈ। ਬੰਦਾ ਸੋਚਦਾ ਹੈ ਕਿ ਕਿਤੇ ਮੈਂ ਕੋਈ ਗਲਤ ਸਮਾਨ ਨਾ ਖਰੀਦ ਲਵਾਂ। ਹੁਣ ਜਦੋਂ ਦਿਮਾਗ ਦੀ ਜ਼ਮੀਨ ਨੂੰ ਖੋਤਿਆ ਤਾਂ ਉਸ ਵਿਚੋਂ ਸ਼ੁਭ ਗੁਣਾਂ ਦੀ ਸਮਝ ਪਈ ਤਾਂ ਇਸ ਨੂੰ ਕਿਹਾ ਹੈ ਪਹਿਛਾਣ ਕਰਨੀ "ਸਭੁ ਆਤਮਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ"।। ਸਾਡੇ ਲੜਾਈ ਝਗੜੇ ਇਸ ਲਈ ਹਨ ਕਿ ਅਸੀਂ ਦਿਮਾਗ ਵਿਚੋਂ ਸ਼ੁਭ ਗੁਣਾਂ ਨੂੰ ਖੋਜਣ ਲਈ ਤਿਆਰ ਨਹੀਂ ਹਾਂ ਤੇ ਨਾ ਹੀ ਆਪਣੇ ਆਪ ਦੀ ਪਹਿਚਾਨ ਕਰਨ ਲਈ ਤਿਆਰ ਹਾਂ।

ਅਸੀਂ ਦਿਮਾਗ ਵਿੱਚ ਪਏ ਸ਼ੁਭ ਗਣਾਂ ਦੀ ਪਹਿਚਾਨ ਕਿਉਂ ਨਹੀਂ ਕਰਦੇ ਜਾਂ ਆਪਣੇ ਆਪ ਦੀ ਪਹਿਚਾਨ ਨਹੀਂ ਕਰਦੇ ਇਸ ਦਾ ਉੱਤਰ ਹੈ ਕਿ ਅਸੀਂ ਬਹੁਤਿਆਂ ਦੀ ਸੁਣਦੇ ਹਾਂ ਤੇ ਇਹ ਫੈਸਲਾ ਹੀ ਨਹੀਂ ਕਰ ਪਉਂਦੇ ਕਿ ਅਸੀਂ ਕਰਨਾ ਕੀ ਹੈ। ਏਦਾਂ ਆਖੀਏ ਕਿ ਆਪਣੇ ਦਿਮਾਗ ਦੀ ਵਰਤੋਂ ਨਹੀਂ ਕਰਦੇ ਸਗੋਂ ਲੋਕਾਂ ਦੀਆਂ ਹੀ ਸੁਣੀਆਂ ਸੁਣਾਈਆਂ ਤੇ ਯਕੀਨ ਕਰ ਰਹੇ ਹੁੰਦੇ ਹਾਂ ਇਸ ਦਾ ਸਮਾਧਾਨ ਗੁਰਦੇਵ ਪਿਤਾ ਜੀ ਦਸਦੇ ਹਨ ਕਿ ਬੰਦੇ ਨੂੰ ਦੁਬਿੱਧਾ ਛੱਡ ਕਿ ਇੱਕ ਦੀ ਗੱਲ ਸੁਣਨੀ ਚਾਹੀਦੀ ਹੈ ਜੇਹਾ ਕਿ ਵਾਕ ਹੈ— "ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ"।। ਗੁਰਦੁਆਰੇ ਦੀ ਲੜਾਈ ਦਾ ਕੀ ਕਾਰਨ ਹੈ? ਪ੍ਰਬੰਧਕ ਕਮੇਟੀਆਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਵੀ ਵਿਚਾਰਧਾਰਾ ਨੂੰ ਮੰਨਣ ਲਈ ਤਿਆਰ ਨਹੀਂ ਹਨ। ਗੁਰਦੁਆਰੇ ਆ ਕੇ ਆਪਣੇ ਧੜੇ ਦੀ ਹੀ ਗੱਲ ਕਰਦੇ ਹਨ। ਜਾਂ ਆਪਣੇ ਇਲਾਕੇ ਦੇ ਸਾਧ ਦੇ ਟੋਟਕੇ ਸੁਣਦੇ ਤੇ ਸਣਾਉਂਦੇ ਹਨ। ਗੁਰੂ ਦੀ ਸਿੱਖਿਆ ਨੂੰ ਮੰਨਣਾ ਇਹਨਾਂ ਲਈ ਦੂਰ ਦੀ ਗੱਲ ਹੈ। ਜਨ ਸਧਾਰਨ ਬੰਦਾ ਵੀ ਮੱਥਾ ਤਾਂ ਜ਼ਰੂਰ ਟੇਕਦਾ ਹੈ ਪਰ ਕਰਦਾ ਆਪਣੀ ਮਰਜ਼ੀ ਹੀ ਹੈ। ਅਸੀਂ ਆਪਣੀ ਪਹਿਚਾਨ ਕੀ ਕਰਨੀ ਹੈ? ਅਸੀਂ ਆਪਣੇ ਆਪ ਦੀ ਖੋਜ ਕੀ ਕਰਨੀ ਹੈ? ਜਦੋਂ ਕਿ ਸਾਡੇ ਦਿਮਾਗ ਵਿੱਚ ਡੇਰਾਵਾਦ ਦੀ ਬਿਰਤੀ ਭਾਰੀ ਹੁੰਦੀ ਹੈ। ਇਸ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ ਇੱਕ ਦੇਖ, ਇੱਕ ਸੁਣ ਤੇ ਇੱਕ ਹੀ ਮੰਨਣ ਦਾ ਯਤਨ ਕਰ। ਆਪਣੇ ਅੰਦਰ ਝਾਤੀ ਮਾਰ ਕਿਤੇ ਤੂੰ ਦੁਬਿੱਧਾ ਵਿੱਚ ਤਾਂ ਨਹੀਂ ਆਪਣਾ ਜੀਵਨ ਬਸਰ ਕਰ ਰਿਹਾ। ਉਪਰੋਕਤ ਤੁਕਾਂ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਢਾਲਣਾ ਹੀ ਰੱਬੀ ਸਿਫਤ ਸਲਾਹ ਹੈ— "ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ"।

ਉਪਰੋਕਤ ਵਾਕ ਵਿੱਚ ਗੁਰਦੇਵ ਜੀ ਸਮਝਾਉਂਦੇ ਹਨ ਕਿ ਗੁਰਬਾਣੀ ਵਿਚਾਰ ਦੁਆਰਾ ਆਪਣੇ ਮਨ ਵਿੱਚ ਪਏ ਹੋਏ ਸ਼ੁਭ ਗੁਣਾਂ ਨੂੰ ਸਮਝਣ ਦੀ ਕੋਸ਼ਿਸ਼ ਕਰਕੇ ਇਹਨਾਂ ਦੀ ਵਰਤੋਂ ਕਰਨ ਦਾ ਯਤਨ ਕਰ। ਅਜੇਹੀ ਪ੍ਰਕਿਰਿਆ ਨਿਭਾਹੁੰਣਾ ਹੀ ਨਾਮ ਸਲਾਹ ਭਾਵ ਨਾਮ ਜੱਪਣਾ ਹੈ। ਗੁਣਾਂ ਰੂਪੀ ਰਤਨ ਤਾਂ ਸਾਰਿਆਂ ਵਿੱਚ ਪਏ ਹੋਏ ਹਨ ਪਰ ਕੋਈ ਵਿਰਲਾ ਹੀ ਸ਼ੁਭ ਗਿਆਨ ਦੁਆਰਾ ਉਹਨਾਂ ਦੀ ਵਰਤੋਂ ਕਰਦਾ ਹੈ। ਖੋਜਣ ਦਾ ਭਾਵ ਅਰਥ ਹੈ ਸਹਿਜ ਵਿੱਚ ਆ ਕੇ ਵਿਚਾਰ ਕਰਨੀ।
.