.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਦੂਜਾ)

(ਵਿਸ਼ੇ ਦੀ ਸਪਸ਼ਟਤਾ ਲਈ, ਵਿਸ਼ੇ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਲਫ਼ਜ਼ ‘ਕ੍ਰਿਪਾਨ’ ਹੀ ਕਿਉਂ? ਭਲੀ ਪ੍ਰਕਾਰ ਦੇਖ ਚੁੱਕੇ ਹਾਂ ਕਿ ‘ਗੁਰੂ ਕਾ ਸਿੱਖ’ ਛੇਵੇਂ ਜਾਮੇ ਤੋਂ ਹੀ ਸ਼ਸਤ੍ਰਧਾਰੀ ਵੀ ਹੋ ਚੁੱਕਾ ਸੀ। ਫ਼ਿਰ ਇਹ ਵੀ ਦੇਖ ਚੁੱਕੇ ਹਾਂ ਕਿ ਪੰਜਵੇਂ ਜਾਮੇ ਤੀਕ ਕੇਸ, ਕੰਘਾ ਤੇ ਕਛਿਹਰਾ ਸਿੱਖ ਦੇ ਪਹਿਰਾਵੇ ਅਤੇ ਉਸ ਦੀ ਨਿੱਤ ਦੀ ਰਹਿਣੀ ਦਾ ਹਿੱਸਾ ਬਣ ਚੁੱਕੇ ਹੋਏ ਸਨ। ਉਪ੍ਰੰਤ ਛੇਵੇਂ ਜਾਮੇ `ਚ ਜੰਗਾਂ-ਜੁਧਾਂ `ਚ ਕੁੱਦਣ ਤੋਂ ਬਾਅਦ ਸ਼ਸਤ੍ਰ ਵੀ ਸਿੱਖ ਦੇ ਜੀਵਨ ਦਾ ਅਣਿਖੜਵਾਂ ਅੰਗ ਬਣ ਚੁੱਕੇ ਸਨ। ਤਾਂ ਵੀ ਸੁਆਲ ਪੈਦਾ ਹੁੰਦਾ ਹੈ ਕਿ ਭਿੰਨ-ਭਿੰਨ ਅਤੇ ਸਮੇਂ –ਸਮੇਂ ਦੇ ਬਹੁਤੇਰੇ ਸ਼ਸਤ੍ਰਾਂ `ਚੋ ਗੁਰਦੇਵ ਨੇ ਸਿਖੀ ਰਹਿਤ ਲਈ ਉਚੇਚੇ ਤੇ ਕੇਵਲ ਤਲਵਾਰ, ਸ਼ਮਸ਼ੀਰ ਅਥਵਾ ਖੜਗ ਨੂੰ ਹੀ ਕਿਉਂ ਚੁਣਿਆ? ਫ਼ਿਰ ਇਹ ਵੀ ਕਿ:-

ਕੇਵਲ ਚੁਣਿਆ ਹੀ ਨਹੀਂ, ਉਸ ਨੂੰ ਉਚੇਚੇ ਉਸ ਦੇ ਨਵੇਂ ਨਾਮ ਕ੍ਰਿਪਾਨ ਨਾਲ ਵੀ ਸੁਸ਼ੋਭਤ ਤੇ ਸੰਸਾਰ `ਚ ਪ੍ਰਗਟ, ਪ੍ਰਚਲਤ ਵੀ ਕੀਤਾ। ਫ਼ਿਰ ਇਤਨਾ ਹੀ ਨਹੀਂ ਅੱਗੇ ਚੱਲ ਕੇ ਉਸ ‘ਕ੍ਰਿਪਾਨ’ ਨੂੰ ਗੁਰਦੇਵ ਵੱਲੋਂ ਉਚੇਚੇ ਪੰਥ ਲਈ ਨਿਯਮਤ ਕੀਤੇ ਪੰਜ ਕਕਾਰਾਂ ਦੀ ਗਿਣਤੀ `ਚ ਵੀ ਜੋੜਿਆ ਤਾਂ ਕਿਉਂ? ਗੁਰਦੇਵ ਨੇ ਇਸੇ ਸ਼ਸਤ੍ਰ ਨੂੰ ਹੀ ਇਸ ਪੱਖੋਂ ਕਿਉਂ ਚੁਣਿਆ ਅਤੇ ਕਿਸੇ ਹੋਰ ਵੱਡੇ ਤੇ ਮਾਰੂ ਸ਼ਸਤ੍ਰ ਨੂੰ ਕਿਉਂ ਨਹੀਂ ਚੁਣਿਆ। ਇਸ ਬਾਰੇ ਜਦੋਂ ਕੁੱਝ ਗਹਿਰਾਈ `ਚ ਜਾਂਦੇ ਹਾਂ ਤਾਂ ਇਹ ਵਿਸ਼ਾ ਹੋਰ ਵੀ ਵੱਡੇ ਅਚੰਭੇ ਵਾਲਾ ਅਤੇ ਵੱਡਾ ਹੈਰਾਣਕੁਣ ਸਾਬਤ ਹੁੰਦਾ ਹੈ।

ਲਫ਼ਜ਼ ‘ਕ੍ਰਿਪਾਨ’ ਗੁਰਦੇਵ ਰਾਹੀਂ ਪ੍ਰਗਟ ਬਿਲਕੁਲ ਨਵਾਂ ਤੇ ਨਿਵੇਕਲਾ ਵੀ ਹੈ? -ਦਰਅਸਲ ਇਹ ਵੀ ਸਮਝਣਾ ਹੈ ਕਿ "ਕ੍ਰਿਪਾਨ" ਦੀ ਵਿਲੱਖਣਤਾ ਵੀ ਗੁਰੂ ਸਾਹਿਬ ਨੇ ਲਫ਼ਜ਼ ‘ਕ੍ਰਿਪਾਨ’ ਰਾਹੀਂ ਆਪ ਮੁਹਾਰੇ ਪ੍ਰਗਟ ਕੀਤੀ ਹੋਈ ਹੈ। ਜਦਕਿ ਇਸ `ਚ ਵੀ ਸ਼ੱਕ ਨਹੀਂ ਕਿ ਇਸ ਸ਼ਸਤ੍ਰ ਲਈ ਕਈ ਨਾਮ ਜਿਵੇਂ ਤਲਵਾਰ, ਖੜਗ, ਸ਼ਮਸ਼ੀਰ ਆਦਿ ਤਾਂ ਪਹਿਲਾਂ ਤੋਂ ਹੀ ਪ੍ਰਚਲਤ ਸਨ ਅਤੇ ਇਹ ਵੀ ਕਿ ਇਹ ਸ਼ਸਤ੍ਰ ਵੀ ਪਹਿਲਾਂ ਤੋਂ ਮੌਜੂਦ ਸੀ, ਨਵਾਂ ਨਹੀਂ ਸੀ। ਇਸ ਲਈ ਇਸ ਪੱਖੋਂ ਇਹ ਵੀ ਦੀਰਘ ਵਿਚਾਰ ਦਾ ਵਿਸ਼ਾ ਬਣ ਜਾਂਦਾ ਹੈ ਕਿ ਪਾਤਸ਼ਾਹ ਨੂੰ ਉਚੇਚੇ ਇਸ ਸ਼ਸਤ੍ਰ ਲਈ ਹੀ ਨਵਾਂ ਨਾਮ ‘ਕ੍ਰਿਪਾਨ’ ਪ੍ਰਗਟ ਕਰਣ ਦੀ ਲੋੜ ਪਈ, ਤਾਂ ਕਿਉਂ?

ਫ਼ਿਰ ਇਹ ਵੀ ਸੱਚ ਹੈ ਕਿ ਤਲਵਾਰ, ਖੜਗ, ਸ਼ਮਸ਼ੀਰ ਆਦਿ ਲਫ਼ਜ਼ਾਂ ਨਾਲ ਸੰਬੋਧਨ ਕੀਤੇ ਜਾਂਦੇ ਇਸ ਸ਼ਸਤ੍ਰ ਨੂੰ ਨਵਾਂ ਨਾਮ ‘ਕ੍ਰਿਪਾਨ’ ਕੇਵਲ ਦਸਮੇਸ਼ ਪਿਤਾ ਦੀ ਆਪਣੀ ਦੇਣ ਹੈ। ਇਹ ਵੀ ਠੀਕ ਉਸੇ ਤਰ੍ਹਾਂ ਹੀ ਹੈ ਜਿਵੇਂ ਗੁਰਬਾਣੀ ਰਚਨਾ `ਚ ਵੀ ੭੦ ਤੋਂ ੭੫ ਬਿਲਕੁਲ ਨਵੇਂ ਤੇ ਉਹ ਲਫ਼ਜ਼ ਵੀ ਹਨ ਜਿਹੜੇ ਗੁਰੂ ਸਾਹਿਬਾਨ ਵੱਲੋਂ ਸਾਹਿਤ ਨੂੰ ਬਿਲਕੁਲ ਨਵੀਂ ਦੇਣ ਹਨ ਅਤੇ ਉਹ ਵੀ ਉਨ੍ਹਾ ਦੇ ਬਿਲਕੁਲ ਨਵੇਂ ਤੇ ਨਰੋਏ ਅਰਥਾਂ `ਚ, ਜਿਵੇਂ ਅੰੰਿਮ੍ਰਤਵੇਲਾ, ਕਰਤਾ ਪੁਰਖੁ, ਅਕਾਲ ਮੂਰਤਿ, ੴ, ਜੀਵਨਮੁਕਤ ਆਦਿ। ਜਦਕਿ ਇਸ ਤੋਂ ਪਹਿਲਾਂ ਸਮੂਚੇ ਇਤਿਹਾਸ ਅਤੇ ਸਮੂਚੇ ਸਾਹਿਤ `ਚ ਉਨ੍ਹਾਂ ਵਿਸ਼ੇਸ਼ ਤੇ ਨਵੇਂ ਲਫ਼ਜ਼ਾਂ ਦਾ ਕਿੱਧਰੇ ਵਜੂਦ ਤੱਕ ਵੀ ਨਹੀਂ ਸੀ।

ਠੀਕ ਉਸੇ ਤਰ੍ਹਾਂ ਇਸ ਸ਼ਸਤ੍ਰ ਲਈ ਲਫ਼ਜ਼ ‘ਕ੍ਰਿਪਾਨ’ ਦਾ ਵਜੂਦ ਵੀ, ਦਸਮੇਸ਼ ਪਿਤਾ ਤੋਂ ਪਹਿਲਾਂ ਪੂਰੇ ਸਾਹਿਤ `ਚ ਕਿੱਧਰੇ ਨਹੀਂ ਮਿਲਦਾ ਜਦਕਿ ਇਸ ਦੇ ਨਵੇਂ ਤੇ ਨਰੋਏ ਗੁਰਮੱਤ ਅਰਥਾਂ ਦਾ ਖ਼ੁਲਾਸਾ ਵੀ ਅੱਗੇ ਤੇ ਇਸ ਤੋਂ ਇਕਦੰਮ ਬਾਅਦ ਕਰ ਵੀ ਰਹੇ ਹਾਂ।

ਲਫ਼ਜ਼ ‘ਕ੍ਰਿਪਾਨ’, ਦੋ ਵਿਸ਼ੇਸ਼ ਅੱਖਰਾਂ ਦੀ ਸੰਧੀ ਤੋਂ-ਕੁਝ ਹੋਰ ਗਹਿਰਾਈ ਨਾਲ ਘੋਖਿਆ ਜਾਵੇ ਤਾਂ ਇਹ ਵੀ ਨਿੱਖਰ ਕੇ ਸਾਹਮਣੇ ਆਉਂਦਾ ਹੈ ਕਿ ਸਫ਼ਜ਼ ਕ੍ਰਿਪਾਨ, ਇਸ ਤੋਂ ਪਹਿਲਾਂ ਸ਼ਸਤ੍ਰਾਂ ਦੇ ਬਾਕੀ ਚਲਦੇ ਆ ਰਹੇ ਸਮੂਚੇ ਨਾਵਾਂ ਵਾਂਙ, ਇਕੱਲਾ ਲਫ਼ਜ਼ ਨਹੀਂ, ਬਲਕਿ ਲਫ਼ਜ਼ ‘ਕ੍ਰਿਪਾਨ’, ਗੁਰਦੇਵ ਰਾਹੀਂ ਆਪ ਤੇ ਉਚੇਚੇ ਤੌਰ `ਤੇ ਦੋ (੨) ਵਿਸ਼ੇਸ਼ ਅੱਖਰਾਂ ਦੀ ਸੰਧੀ ਤੋਂ ਘੜਿਆ ਹੋਇਆ ਲਫ਼ਜ਼ ਹੈ। ਇਹ ਦੋ ਅੱਖਰ ਹਨ ਕ੍ਰਿਪਾ+ਆਨ ਅਤੇ ਇਨ੍ਹਾਂ ਦੇ ਅਰਥ ਵੀ ਵਿਸ਼ੇਸ਼ ਹਨ। ਤਾਂ ਤੇ ਉਥੋਂ ਇਹ ਵੀ ਆਪ ਮੁਹਾਰੇ ਸਪਸ਼ਟ ਹੋ ਜਾਂਦਾ ਹੈ ਕਿ ਇਸ ਲਫ਼ਜ਼ ‘ਕ੍ਰਿਪਾਨ’ ਨਾਲ, ਗੁਰਦੇਵ ਨੇ ‘ਕ੍ਰਿਪਾਨ’ ਨੂੰ ਧਾਰਣ ਕਰਣ ਵਾਲੇ ਵੀਰ ਅਥਵਾ ਬੀਬੀ ਨੂੰ ਹਰ ਸਮੇਂ, ਦੋ ਪਖਾਂ ਤੋਂ ਚੇਤਾਵਨੀ ਵੀ ਦਿੱਤੀ ਹੋਈ ਹੈ ਤੇ ਸੁਚੇਤ ਵੀ ਕੀਤਾ ਹੋਇਆ ਹੈ ਤਾਂ ਤੇ ਉਹ ਦੋ ਪੱਖ ਇਸ ਤਰ੍ਹਾਂ ਹਨ:-

(੧) ਦੇਖ ਚੁੱਕੇ ਹਾਂ ਕਿ ਪਾਤਸ਼ਾਹ ਨੇ ‘ਕ੍ਰਿਪਾਨ’ ਦੇ ਰੂਪ `ਚ ਇਸ ਸ਼ਸਤ੍ਰ ਲਈ ਨਵਾਂ ਲਫ਼ਜ਼ ਕ੍ਰਿਪਾ+ਆਨ ਦੋ ਸ਼ਬਦਾਂ ਦੀ ਸੰਧੀ ਤੋਂ ਸਾਨੂੰ ਬਖਸ਼ਿਆ ਹੋਇਆ ਹੈ। ਇਸ ਤਰ੍ਹਾਂ ਸਿੱਖ ਲਈ ਇਹ ਆਪਣੇ ਆਪ `ਚ ਚੇਤਾਵਣੀ ਹੈ ਕਿ ਗੁਰੂ ਦੇ ਸਿੱਖ ਨੇ ਜਦੋਂ ਵੀ ਕ੍ਰਿਪਾਨ ਸਮੇਤ ਕਿਸੇ ਵੱਡੇ ਤੋਂ ਵੱਡੇ ਮਾਰੂ ਸ਼ਸਤ੍ਰ ਨੂੰ ਵੀ ਹੱਥ ਪਾਉਣਾ ਹੈ ਤਾਂ ਉਸ ਦੇ ਸਾਹਮਣੇ ਦੋ `ਚੋਂ ਇੱਕ ਕਾਰਨ ਹੋਣਾ ਜ਼ਰੂਰੀ ਹੈ।

(ੳ) ਸਿੱਖ ਨੇ ਕ੍ਰਿਪਾਨ ਸਮੇਤ ਕਿਸੇ ਵੀ ਸ਼ਸਤ੍ਰ ਦੀ ਵਰਤੋਂ ‘ਕ੍ਰਿਪਾ’ ਭਾਵ ਮਜ਼ਲੂਮ ਦੀ ਰਾਖੀ ਅਥਵਾ ਦੁਸਟ ਤੇ ਜਰਵਾਣੇ ਦੀ ਸੁਧਾਈ ਲਈ ਕਰਣੀ ਹੈ, ਕਿਸੇ `ਤੇ ਜ਼ੁਲਮ-ਧੱਕਾ ਕਰਣ ਲਈ ਨਹੀਂ।

(ਅ) ਸਿੱਖ ਨੇ ਕ੍ਰਿਪਾਨ ਸਮੇਤ ਕਿਸੇ ਵੀ ਸ਼ਸਤ੍ਰ ਦੀ ਵਰਤੋਂ ਕੇਵਲ ਪੰਥ ਤੇ ਮਨੁੱਖਤਾ ਦੀ ਆਨ ਤੇ ਸ਼ਾਨ ਨੂੰ ਕਾਇਮ ਰਖਣ ਲਈ ਹੀ ਕਰਣੀ ਹੈ।

ਮੁੱਕਦੀ ਗੱਲ, ਸਿੱਖ ਦੇ ਗਲੇ `ਚ ਪਈ ਹੋਈ ਕ੍ਰਿਪਾਨ, ਸਿੱਖ ਨੂੰ ਹਰ ਸਮੇਂ ਚੇਤਾ ਕਰਵਾਉਂਦੀ ਹੈ ਕਿ ਐ ਗੁਰੂ ਕੇ ਸਿੱਖ! ਤੇਰੇ ਰਾਹੀਂ ਸ਼ਸਤ੍ਰਾਂ ਦੀ ਵਰਤੋਂ ਦਾ ਆਧਾਰ ਸਤਿਗੁਰਾਂ ਦੇ ਭੈਅ-ਭਾਵਣੀ ਤੇ ਸਤਿਕਾਰ `ਚ ਅਤੇ ਲਫ਼ਜ਼ ‘ਕ੍ਰਿਪਾਨ’ ਦੇ ਮੂਲ ਆਸ਼ੇ ਅਨੁਸਾਰ ਹੀ ਹੋਵੇ। ‘ਕ੍ਰਿਪਾਨ’ ਵਾਲੇ ਸੱਚ ਅਤੇ ਇਸ ਵਿਸ਼ੇਸ਼ ਲਫ਼ਜ਼ ਦੇ ਮੂਲ ਅਰਥਾਂ ਨੂੰ ਭੁਲਾ ਕੇ ਤੂੰ ਸ਼ਸਤ੍ਰਾਂ ਦੀ ਵਰਤੋਂ ਕਰਣ ਦਾ ਅਧਿਕਾਰੀ ਨਹੀਂ।

(੨) ਗੁਰਦੇਵ ਨੇ ਜਦੋਂ ਇਸ ਸ਼ਸਤ੍ਰ ਭਾਵ ‘ਕ੍ਰਿਪਾਨ’ ਨੂੰ, ਗੁਰੂ ਕੇ ਸਿੱਖ ਲਈ ਮਿੱਥੇ ਜਾ ਰਹੇ ਪੰਜ ਕਕਾਰਾਂ `ਚ ਬਾਕਾਇਦਾ ਸ਼ਾਮਲ ਕਰ ਦਿੱਤਾ ਤਾਂ ਉਸ ਨਾਲ ਆਪ ਮੁਹਾਰੇ ਸਿੱਖ ਨੂੰ ਇਸ ਪੱਖੋਂ ਵੀ ਸੁਚੇਤ ਕਰ ਦਿੱਤਾ ਕਿ ਸਿੱਖ ਨੇ ਸਦਾ ਸ਼ਸਤ੍ਰਧਾਰੀ ਹੋ ਕੇ ਰਹਿਣਾ ਹੈ। ਸਿੱਖ ਨੇ ਸ਼ਸਤ੍ਰ ਹੀਣ ਅਵਸਥਾ `ਚ ਬਿਲਕੁਲ ਨਹੀਂ ਵਿਚਰਨਾ ਜਿਵੇਂ:-

ਗੁਰਬਿਲਾਸ ਪਾਤਸ਼ਾਹੀ ਦਸਵੀਂ ਅਧਿਆਯ 23 `ਚ ਸਿੱਖਾਂ ਵਾਸਤੇ ਸ਼ਸਤ੍ਰ ਧਾਰੀ ਰਹਿਣ ਬਾਰੇ ਦਸਵੇਂ ਪਾਤਸ਼ਾਹ ਵਲੋਂ ਹੁਕਮ ਇਸ ਤਰ੍ਹਾਂ ਹੈ:-

"ਪੁਨੰ ਸੰਗ ਸਾਰੇ ਪ੍ਰਭੁ ਜੀ ਸੁਨਾਈ॥ ਬਿਨਾ ਤੇਗ ਤੀਰੋ ਰਹੋ ਨਾਹ ਭਾਈ॥ ਬਿਨਾ ਸ਼ਸਤਰ, ਕੇਸੰ, ਨਰੰ ਭੇਡ ਜਾਨੋ॥ ਗਹੈ ਕਾਨ ਤਾ ਕੋ ਕਿਤੇ ਲੇ ਸਿਧਾਨੋ॥ ਇਹੋ ਮੋਰ ਆਗਿਆ, ਸੁਨੋ ਹੇ ਪਿਆਰੇ॥ ਬਿਨਾ ਕੇਸ, ਤੇਗੰ ਦਿਉ ਨ ਦੀਦਾਰੇ॥ ਇਹੋ ਮੋਰ ਬੈਨਾ, ਮਨੇਗਾ ਸੁ ਜੋਈ॥ ਤਿਸੇ ਇੱਛ ਪੂਰੀ, ਸਭੇ ਜਾਨ ਸੋਈ"

ਇਸੇ ਤਰ੍ਹਾਂ ਰਹਿਤਨਾਮਾ, ਪ੍ਰਸ਼ਨ ਉੱਤਰ ਭਾਈ ਨੰਦ ਲਾਲ ਸਿੰਘ ਜੀ `ਚ ਵੀ:-

"ਸ਼ਸਤ੍ਰਹੀਨ ਇਹ ਕਬਹੁ ਨ ਹੋਈ॥ ਰਹਤਵੰਤ ਖਾਲਿਸ ਹੈ ਸੋਈ॥" ਇਸੇ ਤਰ੍ਹਾਂ ਰਹਿਤਨਾਮਾ ਭਾਈ ਦੇਸਾ ਸਿੰਘ "ਕਛੁ ਕ੍ਰਿਪਾਣ ਨ ਕਬਹੂੰ ਤਿਆਗੈ॥ ਸਨਮੁਖ ਲਰੈ ਨ ਰਣ ਤੇ ਭਾਗੈ॥" ਹੋਰ

ਗੁਰੂ ਪ੍ਰਤਾਪ ਸੂਰਯ, ਰੁਤ 3 ਅਧਿਆਯ 23 `ਚ ਦਸਮੇਸ਼ ਜੀ ਦਾ ਖਾਲਸੇ ਨੂੰ ਹੁਕਮ ਹੈ:-

"ਸ਼ਸਤ੍ਰ ਕੇ ਅਧੀਨ ਹੈ, ਰਾਜ॥ ਜੋ ਨ ਧਰਹਿ, ਤਿਸ ਬਿਗਰਹਿ ਕਾਜ॥ ਯਾਂ ਤੇ ਸਰਬ ਖਾਲਸਾ ਸੁਨੀਅਹਿ॥ ਅਯੁਧ ਸਰਬੇ ਉੱਤਮ ਗੁਨੀਅਹਿ॥ ਜਬ ਹਮਰੇ ਦਰਸ਼ਨ ਕੋ ਆਵਹੁ॥ ਬਨ ਸੁਚੇਤ ਤਨ ਸ਼ਸਤ੍ਰ ਸਜਾਵਹੁ॥ ਕਮਰ-ਕਸਾ ਕਰ ਦੇਹੁ ਦਿਖਾਈ॥ ਹਮਰੀ ਖੁਸ਼ੀ ਹੋਇ ਅਧਿਕਾਈ॥"

‘ਕ੍ਰਿਪਾਨ’ ਬਨਾਮ ਵੱਡੇ ਆਧੁਨਿਕ ਤੇ ਮਾਰੂ ਸ਼ਸਤ੍ਰ- ਇਹ ਵੀ ਠੀਕ ਹੈ ਕਿ ਪਾਤਸ਼ਾਹ ਨੇ ‘ਕ੍ਰਿਪਾਨ’ ਨੂੰ ਕਕਾਰਾਂ ਦੀ ਗਿਣਤੀ `ਚ ਸਾਡੇ ਲਈ ਸਿੱਖੀ ਪਹਿਰਾਵੇ ਦਾ ਸਦਾ ਲਈ ਅੰਗ ਬਣਾ ਦਿੱਤਾ। ਜਦਕਿ ਉਸ ਦੇ ਨਾਲ-ਨਾਲ ਗੁਰਦੇਵ ਨੇ ਸਾਨੂੰ ਕਿਸੇ ਵੀ ਤਰ੍ਹਾਂ ਦੇ ਹਥਿਆਰਾਂ ਨੂੰ ਵਰਤਣ ਤੋਂ ਕਦੇ ਵੀ ਮਨ੍ਹਾਂ ਨਹੀਂ ਸੀ ਕੀਤਾ, ਜਦਕਿ ਉਥੇ ਵੀ ਸ਼ਰਤ ਉਹੀ ਹੈ ਕਿ ਸਾਡੀ ਹਥਿਆਰਾਂ ਦੀ ਵਰਤੋਂ ਗੁਰਦੇਵ ਵੱਲੋਂ ਸਥਾਪਤ ‘ਕ੍ਰਿਪਾਨ’ ਦੇ ਮੂਲ ਆਸ਼ੇ ਅਨੁਸਾਰ ਗੁਰਮੱਤ ਸਿਧਾਤ ਦੀ ਸੀਮਾ `ਚ ਹੀ ਹੋਵੇ।

ਇਤਿਹਾਸ ਗਵਾਹ ਹੈ ਕਿ ਇਸੇ ਕਾਰਣ ਸਮੇਂ-ਸਮੇਂ ਦੇ ਜਿਹੜੇ ਵੀ ਵੱਡੇ ਤੋਂ ਵੱਡੇ ਅਤੇ ਆਧੁਨਿਕ ਤੇ ਮਾਰੂ ਹਥਿਆਰ ਹੁੰਦੇ, ਜੰਗਾਂ-ਜੁਧਾਂ ਸਮੇਂ ਉਨ੍ਹਾਂ ਦੀ ਵਰਤੋਂ `ਚ ਗੁਰ੍ਰੂ ਕੀਆਂ ਫ਼ੌਜਾਂ ਅਥਵਾ ਗੁਰੂ ਕੇ ਸਿੱਖ, ਸਦਾ ਸਭ ਤੋਂ ਅੱਗੇ ਰਹਿੰਦੇ। ਇਸ ਤੋਂ ਵੀ ਸਪਸ਼ਟ ਹੋ ਜਾਂਦਾ ਹੈ ਅਸਾਂ ਸਮੇਂ ਦੇ ਹਰੇਕ ਆਧੁਨਿਕ ਤੇ ਮਾਰੂ ਹਥਿਆਰ ਦੀ ਵਰਤੋਂ ਪਹਿਲਾਂ ਵੀ ਕੀਤੀ ਵੀ ਹੈ ਅਤੇ ਸਦਾ ਕਰਣੀ ਵੀ ਹੈ ਪਰ ਸਿੱਖੀ ਬਾਣੇ ਦਾ ਹਿੱਸਾ ‘ਕ੍ਰਿਪਾਨ’ ਦੇ ਮੂਲ ਆਸ਼ੇ ਤੇ ਗੁਰਦੇਵ ਵਲੋਂ ‘ਕ੍ਰਿਪਾਨ’ ਆਧਾਰਿਤ ਸਥਾਪਤ ਸੀਮਾਂ `ਚ ਰਹਿ ਕੇ, ਉਸ ਤੋਂ ਬਾਹਿਰ ਜਾ ਕੇ ਅਤੇ ਉਸਨੂੰ ਵਿਸਾਰ ਕੇ ਨਹੀਂ।

ਕ੍ਰਿਪਾਨ ਦੀ ਵਿਸ਼ੇਸ਼ਤਾ- ਉਂਜ ਵੀ ਸੰਸਾਰ ਭਰ `ਚ ਇਕੱਲੀ ‘ਕ੍ਰਿਪਾਨ’ ਹੀ ਇਕੋ ਇੱਕ ਅਜਿਹਾ ਸ਼ਸਤ੍ਰ ਹੈ ਜੋ ਹਰ ਸਮੇਂ ਬਲਕਿ ਸ਼ੋਚ-ਇਸ਼ਨਾਨ ਸਮੇਂ ਵੀ ੬ ਇੰਚ ਜਾਂ ਕੁੱਝ ਹੋਰ ਵੱਡੇ ਫਲ ਵਾਲੀ ‘ਕ੍ਰਿਪਾਨ’ ਵੀ ਕਕਾਰ ਵੱਜੋਂ ਸਾਡੇ ਸਰੀਰਾਂ ਨਾਲ ਰਹਿ ਸਕਦੀ ਹੈ ਅਤੇ ਅਸੀਂ ਉਦੋਂ ਵੀ ਤਿਆਰ-ਬਰ ਤਿਆਰ ਰੂਪ `ਚ ਹੁੰਦੇ ਹਾਂ। ਜਦਕਿ ਸੰਸਾਰ ਭਰ ਦੇ ਬਾਕੀ ਕਿਸੇ ਵੀ ਹੋਰ ਸ਼ਸਤ੍ਰ `ਤੇ ਇਹ ਨਿਯਮ ਤੇ ਵਿਸ਼ੇਸ਼ਤਾ ਲਾਗੂ ਹੀ ਨਹੀਂ ਹੁੰਦੀ। ਫ਼ਿਰ ਇਸ ਦੇ ਨਾਲ ਨਾਲ ਇਹ ਵੀ ਦੇਖ ਚੁੱਕੇ ਹਾਂ ਕਿ ਲਫਜ਼ ‘ਕ੍ਰਿਪਾਨ’ ਆਪਣੇ ਆਪ `ਚ ਸ਼ਸਤ੍ਰਾਂ ਦੀ ਵਰਤੋਂ ਦੇ ਸੰਬੰਧ `ਚ ਸਾਡੇ ਲਈ ਹਰ ਸਮੇਂ ਗੁਰਦੇਵ ਵੱਲੋਂ ਚੇਤਾਵਨੀ ਵੀ ਹੈ ਕਿ ਸਾਡੇ ਲਈ ਹਰੇਕ ਸ਼ਸਤ੍ਰ ਲਈ ਵਰਤੋਂ ਦੀ ਸੀਮਾ ਕੀ ਹੈ?

ਬੋਲਾ "ਦੇਗ ਤੇਗ ਫਤਹਿ" ਬਨਾਮ ਕਕਾਰ ‘ਕ੍ਰਿਪਾਨ’ ? -ਦਸਮੇਸ਼ ਜੀ ਨੇ ਵਿਸਾਖੀ ਸੰਨ ੧੬੯੯ "ਖੰਡੇ ਦੀ ਪਾਹੁਲ ਸਮਾਗਮ" ਤੋਂ ਇੱਕ ਸਾਲ ਬਾਅਦ ਪੰਥ ਨੂੰ "ਹੋਲੇ ਮੁਹੱਲੇ" ਦੇ ਇੱਕ ਨਵੇਂ ਤੇ ‘ਖ਼ਾਲਸਾਈ ਤਿਉਹਾਰ’ ਨਾਲ ਵੀ ਨਿਵਾਜਿਆ। ਦਰਅਸਲ ਇਹ "ਹੋਲੇ ਮੁਹੱਲੇ" ਵਾਲਾ ਵਿਸ਼ੇਸ਼ ਸਿੱਖ ਤੇ ‘ਖ਼ਾਲਸਾਈ ਤਿਉਹਾਰ’ ਦਾ ਅਰਥ ਕੀ ਹੈ, ਸਾਨੂੰ ਇਸ ਦਾ ਵੀ ਪਤਾ ਹੋਣਾ ਚਾਹੀਦਾ ਹੈ? ਦਰਅਸਲ ਇਹ ਤਿਉਹਾਰ ਵੀ ਆਪਣੇ ਆਪ `ਚ "ਦੇਗ ਤੇਗ਼ ਫ਼ਤਿਹ" ਵਾਲੇ ਖ਼ਾਲਸਾਈ ਬੋਲੇ ਦੇ ਮਹੱਤਵ ਨੂੰ ਸਪਸ਼ਟ ਕਰਣ `ਚ ਸਹਾਈ ਹੁੰਦਾ ਹੈ ਪਰ ਉਦੋਂ ਜਦੋਂ ਅਸੀਂ ਸਿੱਖੀ ਦੇ ਮੂਲ ਸਿਧਾਂਤਕ ‘ਦੇਗ-ਤੇਗ ਫਤਹਿ’ ਵਾਲੇ ਬੋਲੇ ਵਿੱਚਲੇ ਸ਼ਬਦਾਂ ਵੱਲ ਵੀ ਅਸੀਂ ਪੂਰੀ ਤਰ੍ਹਾਂ ਧਿਆਨ ਕਰੀਏ ਤਾਂ।

ਗੁਰਦੇਵ ਨੇ ਗੁਰੂ ਕੀਆਂ ਸੰਗਤਾਂ ਲਈ ਜਿੱਥੇ ‘ਕੜਾਹ ਪ੍ਰਸ਼ਾਦ’ ਤੇ ‘ਗੁਰੂ ਕੇ ਲੰਗਰਾਂ’ ਨੂੰ ‘ਦੇਗ’ ਅਤੇ ‘ਦੇਗਾਂ’ ਵਾਲੀ ਸ਼ਬਦਾਵਲੀ ਨਾਲ ਪ੍ਰਚਲਤ ਕੀਤਾ ਤੇ ਪ੍ਰਚਾਰਿਆ, ਉਥੇ ਨਾਲ ਹੀ ਇਹ ਵੀ ਪੰਥਕ ਨਿਯਮ ਹੈ ਕਿ ਬਿਨਾ ‘ਕ੍ਰਿਪਾਨ ਭੇਟ’, ‘ਕੜਾਹ ਪ੍ਰਸ਼ਾਦ’ ਦੀ ਦੇਗ ਨੂੰ ਨਾ ਵਰਤਾਉਣਾ ਹੈ ਤੇ ਨਾ ਹੀ ਛਕਣਾ ਹੈ। ਖਿਮਾਂ ਚਾਹੁੰਦੇ ਹਾਂ, ਜੇ ਕੁੱਝ ਸੱਜਨ ਬੇਸ਼ੱਕ ਅਣਜਾਣੇ `ਚ ਹੀ ਸਹੀ ਪਰ ‘ਕੜਾਹ ਪ੍ਰਸ਼ਾਦ’ ਦੀ ਦੇਗ ਨੂੰ ‘ਕ੍ਰਿਪਾਨ ਭੇਟ’ ਕਰਣ ਨੂੰ ਵੀ ‘ਭੋਗ ਲੁਆਉਣਾ’ ਹੀ ਸਮਝਦੇ ਤੇ ਮੰਨਦੇ ਹਨ, ਭਾਵੇਂ ਕਿ ਗੁਰੂ ਦਰ `ਤੇ ਭੋਗ ਲੁਆਉਣ ਦਾ ਨਿਯਮ ਦਾ ਵਜੂਦ ਵੀ ਨਹੀਂ।

ਭੋਗ ਲੁਆਉਣ ਦੀ ਪ੍ਰਥਾ ਦੇਵੀ-ਦੇਵਤਿਆਂ ਅਤੇ ਆਪ ਮਿੱਥੇ ਭਗਵਾਨਾ ਆਦਿ ਦੀਆਂ ਮੂਰਤੀਆਂ ਨੂੰ ਉਨ੍ਹਾਂ ਦੇ ਪੁਜਾਰੀਆਂ ਰਾਹੀਂ ਨਿਭਾਈ ਜਾਂਦੀ ਹੈ, ਜਿਸ ਦਾ ਗੁਰਬਾਣੀ `ਚ ਬਹੁਤ ਵਾਰ ਖੰਡਣ ਵੀ ਕੀਤਾ ਹੋਇਆ ਹੈ। ਜਦਕਿ ਇਧਰ ਗੁਰੂਦਰ `ਤੇ ਸਿੱਖ ਧਰਮ ਦੇ ਮੂਲ ਸਿਧਾਂਤ ਤੇ ਬੋਲੇ ‘ਦੇਗ-ਤੇਗ ਫਤਹਿ’ ਦੇ ਆਧਾਰ `ਤੇ ਜੋ "ਕੜਾਹ ਪ੍ਰਸ਼ਾਦਿ" ਨੂੰ ‘ਕ੍ਰਿਪਾਨ ਭੇਟ ਕਰਣ’ ਦਾ ਨਿਯਮ ਹੈ ਉਸ ਦਾ ਸਿੱਧਾ ਅਰਥ ਹੀ ਇਹੀ ਹੈ ਕਿ ਗੁਰੂ ਕੀਆਂ ਸੰਗਤਾਂ ਨੇ ਕ੍ਰਿਪਾਨ ਭਾਵ ਸ਼ਸਤ੍ਰਾਂ ਨੂੰ ਭੁਲਾ ਕੇ ਕੇਵਲ "ਕੜਾਹ ਪ੍ਰਸ਼ਾਦਿ ਦੀ ਦੇਗ" ਜਾਂ "ਗੁਰੂ ਕੇ ਲੰਗਰਾਂ ਵਿੱਚਲੀਆਂ ਦੇਗਾਂ" ਵਾਸਤੇ ਹੀ ਨਹੀਂ ਰਹਿ ਜਾਣਾ ਅਤੇ ਨਾ ਹੀ ਰਿਾਹਾਰੀ ਰਹਿਣਾ ਅਥਵਾ ਭੁਖ ਹੜਤਾਲਾਂ ਹੀ ਕਰਣੀਆਂ ਹਨ।

ਇਸ ਤਰ੍ਹਾਂ `ਤੇਗ’ ਭਾਵ ਕ੍ਰਿਪਾਨ ਤੇ ਕ੍ਰਿਪਾਨ ਸਿਧਾਂਤ ਆਧਾਰਿਤ ਵਰਤੋਂ `ਚ ਲਿਆਉਣ ਵਾਲੇ ਸ਼ਸਤ੍ਰਾਂ ਨੂੰ ਭੁਲਾ ਕੇ, ਗੁਰੂ ਦਰ ਦੀਆਂ ਸੰਗਤਾਂ ਨੂੰ ਦੇਗਾਂ ਛਕਣ ਦਾ ਵੀ ਹੱਕ ਨਹੀਂ। ਦਰਅਸਲ ਇਹੀ ਆਧਾਰ ਹਨ, ਸਤਿਗੁਰਾਂ ਰਾਹੀਂ ਸਿੱਖ ਪੰਥ ਨੂੰ ਬਖ਼ਸ਼ੇ ਹੋਏ:-

(ੳ) ਖ਼ਾਲਸਾਈ ਤਿਉਹਾਰ ‘ਹੋਲੇ ਮੁਹੱਲੇ’ ਦਾ ਵੀ ਅਤੇ

(ਅ) ਖ਼ਾਲਸਾਈ ਬੋਲੇ "ਦੇਗ ਤੇਗ਼ ਫ਼ਤਿਹ" ਦਾ ਵੀ।

ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਵੀ ਦਸਮੇਸ਼ ਜੀ ਰਾਹੀਂ ‘ਹੋਲੇ ਮੁਹੱਲੇ’ ਦੇ ਤਿਉਹਾਰ ਨੂੰ ਆਰੰਭ ਕਰਣ ਦਾ ਮਕਸਦ ਹੀ ਪੰਥ ਨੂੰ ਇਸ ਪੱਖੋਂ ਸੁਚੇਤ ਰਖਣਾ ਹੈ ਕਿ ਖ਼ਾਲਸੇ ਨੇ ਆਪਣੇ ਸ਼ਸਤ੍ਰਾਂ ਦੇ ਸਦਾ ਅਤੇ ਲਗਾਤਾਰ ਸਾਲ ਭਰ ਅਭਿਆਸ ਚਾਲੂ ਰਖਣੇ ਹਨ। ਠੀਕ ਉਸੇ ਤਰ੍ਹਾਂ ਜਿਵੇਂ ਕਿਸੇ ਵੀ ਦੇਸ਼ ਦੀਆਂ ਫ਼ੌਜਾ ਲਈ ਅਜਿਹੇ ਅਭਿਆਸ ਚਾਲੂ ਰਹਿੰਦੇ ਹਨ। ਇਸ ਤਰ੍ਹਾਂ ਗੁਰੂ ਕੀਆਂ ਸੰਗਤਾਂ ਨੇ ਇਸ ਪਾਸਿਓਂ ਅਵੇਸਲੇ ਨਹੀਂ ਹੋਣਾ ਜਿਵੇਂ ਕਿ ਅੱਜ ਹੋਇਆ ਪਿਆ ਹੈ। (ਚਲਦਾ) #418P-II s06.16.02.16#p2

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-II

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਦੂਜਾ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.