.

ਪਉੜੀ 32

ਨੋਟ: ਸੱਚੇ ਕੀ ਸਾਚੀ ਕਾਰ ਕਮਾਕੇ ਸਮਰਪਣ ਦੀ ਅਵਸਥਾ ਨੂੰ ਮਾਣਦਿਆਂ ਮਨ ਆਪਣੀ ਸੋਚ ਵਿਚ ਆਈ ਨਵੀਨਤਾ ਨੂੰ ਬੜੀ ਅਸਚਰਜਤਾ ਨਾਲ ਮਹਿਸੂਸ ਕਰਦਾ ਹੈ। ਇਸ ਗਲ ਨੂੰ ਦ੍ਰਿੜਤਾ ਨਾਲ ਸਮਝਦਾ ਹੈ ਕਿ ਮਨਮਤ ਦੇ ਵਸ ਕੀਤੀਆਂ ਸਿਆਣਪਾਂ, ਕਰਮ-ਕਾਂਡਾਂ ਜਾਂ ਗਿਣਤੀਆਂ ਨਾਲ ਸਚਿਆਰ ਨਹੀਂ ਬਣਿਆ ਜਾ ਸਕਦਾ, ਇਹ ਸਭ ਕੂੜਿਆਂ ਦੀ ਗੱਪ ਹੈ।

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥

ਵਿਰਲਾ ਮਨ ਸਤਿਗੁਰ ਦੀ ਮੱਤ ਅਧੀਨ ਮਹਿਸੂਸ ਕਰਦਾ ਹੈ ਕਿ ਭਾਵੇਂ ਇਕ ਜੀਭ ਤੋਂ ਵੀਹ ਲੱਖ ਜੀਭਾਂ ਹੋ ਜਾਣ ਤਾਂ ਵੀ...

ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥

ਵੀਹ ਲੱਖ ਜੀਭਾਂ ਨਾਲ ਲੱਖ-ਲੱਖ ਵਾਰੀ ਪ੍ਰਮਾਤਮਾ ਦਾ ਕੋਈ ਨਾਮ ਰੱਖ ਕੇ ਉਸ ਨੂੰ ਵਾਰ-ਵਾਰ ਰਟਨ ਕਰਾਂ ਤਾਂ ਵੀ...

ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥

ਕਰਮ ਕਾਂਡਾਂ ਰੂਪੀ ਬੇਅੰਤ ਪਉੜੀਆਂ ਚੜ੍ਹ ਕੇ ਜੇ ਰੱਬ ਨਾਲ ਇਕਮਿਕ (ਇਕੀਸ) ਹੋਣਾ ਲੋਚਦਾ ਹਾਂ ਤਾਂ...

ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥

ਉਹ ਉਵੇਂ ਹੋਵੇਗਾ ਜਿਵੇਂ ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਰੀਸ ਕਰਨ ਦਾ ਉੱਚੀ ਉਡਾਣ ਭਰਨ ਦਾ ਅਣਹੋਣਾ ਖਿਆਲ ਆਵੇ।

ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥32॥

ਕੂੜੀ ਕੂੜੈ ਠੀਸ: ਚਤੁਰਾਈ, ਸਿਆਣਪਾਂ, ਕਰਮਕਾਂਡਾਂ ਜਾਂ ਗਿਣਤੀਆਂ-ਮਿਣਤੀਆਂ ਕਰਨਾ ਕੂੜਿਆਂ ਦੀ ਠੀਸ ਹੀ ਹੈ।

ਨਿਮਰਤਾ ਵਿਚ ਪਰਮਾਤਮਾ ਦੀ ਰਜ਼ਾ ਅਧੀਨ ਆਪਣੇ ਖਿਆਲਾਂ ਨੂੰ ਘੜਨਾ ਹੀ ਰੱਬ ਨੂੰ ਪਾਉਣਾ ਹੈ, ਰੱਬ ਨਾਲ ਇਕਮਿਕਤਾ ਹੈ। ਵਰਨਾ ਇਸ ਤੋਂ ਉਲਟ ਸਭ ਕੁਝ ਵਿਅਰਥ ਹੈ।

ਰੱਬੀ ਗੁਣ ਹੀ ਨਦਰੀ ਦੀ ਨਦਰਿ ਕਹਿਲਾਉਂਦੀ ਹੈ। ਮਨ ਕੀ ਮੱਤ ਤੋਂ ਮੂੰਹ ਫੇਰ ਕੇ ਨਿਜਘਰ (ਜ਼ਮੀਰ) ਦੀ ਆਵਾਜ਼ ਧਿਆਨ ਨਾਲ ਸੁਣਨਾ ਤੇ ਮੰਨਣਾ ਹੀ ‘ਨਦਰੀ ਪਾਈਐ’ ਕਹਿਲਾਉਂਦਾ ਹੈ।

ਵੀਰ ਭੁਪਿੰਦਰ ਸਿੰਘ




.