.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਸਿੱਖ ਲਈ ਹੋਰ ਜੋੜ ਦਿੱਤਾ:---

ਸਿੱਖੀ ਸਰੂਪ ਅਤੇ ਸਿੱਖ ਜੀਵਨ? -ਮਨੁੱਖ ਦਾ ਸੰਪੂਰਣ ਕੇਸਾਧਾਰੀ ਸਰੂਪ, ਮੁਢ-ਕਦੀਮੀ ਹੈ ਅਤੇ ਮਨੁੱਖ ਲਈ ਇਹ ਸਰੂਪ, ਅਕਾਲਪੁਰਖ ਨੇ ਆਦਿ ਕਾਲ ਤੋਂ ਆਪ ਘੜਿਆ ਹੋਇਆ ਹੈ। ਉਪ੍ਰੰਤ ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਦਸ ਜਾਮੇ ਧਾਰਣ ਕਰਕੇ ਅਤੇ ੨੩੯ ਸਾਲ ਦਾ ਸਮਾ ਲਗਾ ਕੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ" ਵਿੱਚਲੇ "ਸ਼ਬਦ-ਗੁਰੂ" "ਗੁਰਬਾਣੀ" ਦੇ ਰੂਪ `ਚ ਜਿਹੜੀ ਵਿਚਾਰਧਾਰਾ ਤੇ ਜੀਵਨ-ਜਾਚ ਗੁਰਦੇਵ ਨੇ ਮਨੁੱਖ ਮਾਤ੍ਰ ਲਈ ਪ੍ਰਗਟ ਕੀਤੀ, ਉਹ ਵੀ ‘ਆਦਿ-ਜੁਗਾਦੀ’ ਤੇ ‘ਜੁਗੋ-ਜੁਗ’ ਅਟੱਲ ਹੈ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ "ਗੁਰਬਾਣੀ ਵਿਚਾਰਧਾਰਾ" `ਤੇ ‘ਆਧਾਰਤ ਜੀਵਨ" ਅਥਵਾ "ਸਿੱਖ ਜੀਵਨ ਜਾਚ" ਹੀ ਆਦਿ-ਜੁਗਾਦੀ ਹੈ।

ਸਿੱਖ ਦਾ ਪੰਜ ਕਕਾਰੀ ਸਰੂਪ ਵੀ-ਕੇਵਲ ਇਤਨੀ ਸੀਮਾਂ `ਚ ਹੀ ਨਹੀਂ, ਹੁਣ ਤੀਕ ਅਸੀਂ ਹੇਠ ਦਿੱਤੇ ਗੁਰਮੱਤ ਪਾਠਾਂ ਰਾਹੀਂ "ਸਿੱਖ ਲਈ ਪੰਜ ਕਕਾਰੀ ਸਰੂਪ" ਸਮੇਤ ਉਪ੍ਰੋਕਤ ਦੋਵੇਂ "ਸਿੱਖੀ ਸਰੂਪ ਅਤੇ ਸਿੱਖ ਜੀਵਨ" ਸੰਬੰਧੀ ਕੁੱਝ ਹੋਰ ਗੁਰਬਾਣੀ ਆਧਾਰਤ ਵੇਰਵੇ ਵੀ ਖੁੱਲ ਕੇ ਦੇ ਚੁੱਕੇ ਹਾਂ। ਸਨਿਮ੍ਰ ਬੇਨਤੀ ਹੈ ਕਿ ਚਲਦੇ ਵਿਸ਼ੇ ਦੀ ਹੋਰ ਵਧੇਰੇ ਸਪਸ਼ਟਤਾ ਲਈ, ਕ੍ਰਿਪਾ ਕਰਕੇ ਗੁਰੂ ਕੀਆਂ ਸੰਗਤਾਂ ਉਸ ਸਾਰੇ ਵੇਰਵੇ ਨੂੰ ਵੀ, ਹੇਠ ਦਿੱਤੇ ਗੁਰਮੱਤ ਪਾਠਾਂ `ਚੋਂ ਪੜ੍ਹ ਲੈਣ ਤਾਂ ਇਹ ਵਧੇਰੇ ਲਾਭਕਾਰੀ ਸਿਧ ਹੋਵੇਗਾ ਜੀ, ਤਾਂ ਤੇ:-

(੧) ਗੁਰਮੱਤ ਪਾਠ ਨੰ: ੩੯- "ਕੇਸ-ਮਨੁੱਖ ਅਤੇ ਗੁਰੂ ਨਾਨਕ ਪਾਤਸ਼ਾਹ" ਅਥਵਾ

"ਆਦਿ ਕਾਲ ਦਾ ਧਰਮ ਹੈ-ਸਿੱਖ ਧਰਮ",

(੨) ਗੁਰਮੱਤ ਪਾਠ ਨੰ: ੨੧੩- "ਕੇਸ ਮਨੁੱਖ ਅਤੇ ਗੁਰਬਾਣੀ"

(੩) ਗੁਰਮੱਤ ਪਾਠ ਨੰ: ੨੨੫- "ਗੁਰਬਾਣੀ `ਚ ਕੇਸਾਂ ਵਾਲਾ ਸਰੂਪ?" (ਦੋ ਕਿਸ਼ਤਾਂ `ਚ)

(੪) ਗੁਰਮੱਤ ਪਾਠ ਨੰ: ੭੫- ਦਸਮੇਸ਼ ਪਿਤਾ ਅਤੇ ਸਿੱਖ ਇਤਿਹਾਸ `ਚ ਰਲ-ਗੱਡ

(੫) ਗੁਰਮੱਤ ਪਾਠ ਨੰ: ੧੦੨-ਚਰਨ ਪਾਹੁਲ ਤੋਂ ਖੰਡੇ ਦੀ ਪਾਹੁਲ

(੬) ਗੁਰਮੱਤ ਪਾਠ ਨੰ: ੧੧੨- ਸਰੁਪ ਗਿਆ ਤਾਂ ਸਮਝੋ ਸਿੱਖੀ ਵੀ ਗਈ

(੭) ਗੁਰਮੱਤ ਪਾਠ ਨੰ: ੧੫੩-ਪਤਿੱਤਪੁਣੇ ਵੱਲ ਵੱਧ ਰਹੇ ਵੀਰੋ ਤੇ ਭੈਣੋ!

ਸਿੱਖ ਦਾ ਪੰਜ ਕਕਾਰੀ ਸਰੂਪ ਕਦੋਂ ਤੋਂ? ਲੜੀ ਵਾਰ ਸੰਖੇਪ ਵਿਚਾਰ:-

(੧) "ਮਾਰਿਆ ਸਿਕਾ ਜਗਤ ਵਿਚ, ਨਾਨਕ ਨਿਰਮਲ ਪੰਥ ਚਲਾਇਆ" (੧/੩੧ ਭਾ: ਗੁ) ਅਤੇ "ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ" (੧/੪੫ ਭਾ: ਗੁ) ਸਪਸ਼ਟ ਹੈ ਕਿ ਸੰਸਾਰ `ਚ ਨਿਰਮਲ ਪੰਥ ਦੇ ਰੂਪ `ਚ ਸਿੱਖ ਧਰਮ ਦਾ ਪ੍ਰਕਾਸ਼ ਵੀ ਗੁਰੂ ਨਾਨਕ ਸਾਹਿਬ ਰਾਹੀਂ ਹੀ ਹੋ ਚੁੱਕਾ ਸੀ। "ਨਿਰੋਲ ਗੁਰਬਾਣੀ ਆਧਾਰਾਤ" ਸਿੱਖ ਧਰਮ ਹੀ ਸੰਪੂਰਨ ਮਨੁੱਖ ਮਾਤ੍ਰ ਦਾ ਮੂਲ ਧਰਮ ਹੈ। ਇਸ ਲਈ ਇਹ ਧਰਮਾਂ ਦੀ ਗਿਣਤੀ `ਚ ਵਾਧਾ ਕਰਣ ਲਈ ਵੀ ਨਹੀਂ ਹੈ।

(੨) ਸਿੱਖ ਦੇ ਰੂਪ `ਚ ਮਨੁੱਖੀ ਜੀਵਨ ਦਾ ਵਿਕਾਸ, ਗੁਰਬਾਣੀ ਗਿਆਨ ਰਾਹੀਂ ਪਹਿਲੇ ਜਾਮੇਂ ਤੋਂ ਹੀ ਕੀਤਾ ਗਿਆ ਸੀ। ਇਸੇ ਗੁਰਬਾਣੀ ਦੇ ਗਿਆਨ ਨੂੰ ਸਾਰੇ ਮਨੁੱਖ ਮਾਤ੍ਰ ਦਾ ਇਕੋ ਇੱਕ ਗੁਰੂ ਹੋਣਾ ਵੀ ਪਹਿਲੇ ਜਾਮੇ ਤੋਂ ਹੀ ਪ੍ਰਗਟਾਇਆ ਗਿਆ ਅਤੇ ਨਾਲ-ਨਾਲ ਪੱਕਾ ਵੀ ਕੀਤਾ ਜਾਂਦਾ ਰਿਹਾ ਜਿਵੇਂ:-

"ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ" (ਪੰ: ੯੪੩)

"ਸਬਦੁ ਗੁਰ ਪੀਰਾ ਗਹਿਰ ਗੰਭੀਰਾ, ਬਿਨੁ ਸਬਦੈ ਜਗੁ ਬਉਰਾਨੰ" (ਪੰ: ੬੩੫)

"ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ?" ……

"ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ" (ਪੰ: ੯੪੪)

"ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ" (ਪੰ: ੯੮੨) ਆਦਿ। ਸਮੂਚੇ ਦਾ ਭਾਵ:-

"ਗੁਰੂ" "ਸਰੀਰ ਨਹੀਂ, ਬਲਕਿ ਇਲਾਹੀ ਆਤਮਕ ਗਿਆਨ ਰੂਪ ਸ਼ਬਦ ਹੀ ਸੰਸਾਰ ਭਰ ਦਾ ਸਦੀਵੀ ਗੁਰੂ ਹੈ" - ਇਸ ਤਰ੍ਹਾਂ ਸਰੀਰ ਗੁਰੂ ਵਾਲੇ ਹਜ਼ਾਰਾਂ ਸਾਲਾਂ ਤੋਂ ਚਲਦੇ ਆ ਰਹੇ ਵਿਸ਼ਵਾਸਾਂ ਨੂੰ ਗੁਰਦੇਵ ਨੇ ਗੁਰਬਾਣੀ `ਚ ਪੂਰੀ ਤਰ੍ਹਾਂ ਨਕਾਰ ਦਿੱਤਾ। ਹੋਰ ਤਾਂ ਹੋਰ, ਗੁਰੂ ਪਾਤਸ਼ਹੀਆਂ ਨੇ, ਸੰਪੂਰਣ ਗੁਰਬਾਣੀ `ਚ ਆਪਣੇ ਛੇ ਸਰੀਰਕ ਗੁਰੂ ਜਾਮਿਆਂ ਨੂੰ, ਜਿਨ੍ਹਾਂ ਦੀ ਬਾਣੀ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਦਰਜ ਹੋਈ, ਉਨ੍ਹਾਂ ਨੇ ਆਪਣੇ ਅਤੀ ਉੱਤਮ ਤੇ ਨਿਰਮਲ ਸਰੀਰਾਂ ਨੂੰ ਵੀ "ਗੁਰੂ" ਦੀ ਪ੍ਰੀਭਾਸ਼ਾ ਤੌਂ ਵੱਖ ਕਰਕੇ ਰਖਿਆ, ਉਸ `ਚ ਨਹੀਂ ਜੋੜਿਆ।

ਇਸ ਤਰ੍ਹਾਂ ਗੁਰਦੇਵ ਨੇ ਕੇਵਲ ਉਸ "ਇਲਾਹੀ ਗ੍ਰੁਰੂ", "ਸ਼ਬਦ-ਗੁਰੂ-ਗਿਆਨ" ਨੂੰ ਹੀ ਸਦੀਵ ਕਾਲ ਵਾਸਤੇ ਪ੍ਰਗਟ ਕਰਣ ਲਈ, ਪਹਿਲਾਂ ਆਪਣੇ ਦਸੋਂ ਸਰੀਰਾਂ ਨੂੰ ਉਪ੍ਰੰਤ ਉਸੇ "ਜੁਗੋ ਜੁਗ ਅਟੱਲ ਗੁਰੂ" ਨੂੰ ‘ਅੱਖਰ ਰੂਪ’ `ਚ ਪ੍ਰਗਟ ਕਰਣ ਲਈ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਵੀ ਕੇਵਲ ਸਾਧਨ ਮਾਤ੍ਰ ਹੀ ਬਿਆਣਿਆ। ਜਦਕਿ ਸੰਪੂਰਣ ਗੁਰਬਾਣੀ ਰਚਨਾ `ਚ ਜਗਿਆਸੂ ਨੂੰ ਜੇ ਕਰ ਜੋੜਿਆ ਹੈ ਤਾਂ ਕੇਵਲ "ਗੁਰਬਾਣੀ ਰਾਹੀਂ ਪ੍ਰਗਟ ਆਤਮਕ ਗਿਆਨ ਅਤੇ ਉਸ ਵਿਚਾਰਧਾਰਾ" ਨਾਲ ਹੀ।

(੩) ਮਨੁੱਖ ਨੂੰ, ਉਸਦੇ ਇਲਾਹੀ ਤੇ ਸੰਪੂਰਣ ਕੇਸਾਧਾਰੀ ਸਰੂਪ `ਚ ਗੁਰੂ ਨਾਨਕ ਪਾਤਸ਼ਾਹ ਨੇ ਆਪ ਪ੍ਰਗਟ ਕੀਤਾ ਸੀ। ਉਂਜ ਵੀ "ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ" (ਬਾਣੀ ਜਪੁ) ਭਾਵ ਪ੍ਰਭੂ ਦੀ ਰਜ਼ਾ `ਚ ਚੱਲਣ ਵਾਲਾ ਮਨੁੱਖ. ਸਰੂਪ ਦੀ ਕੱਟ ਵੱਢ ਨਹੀਂ ਕਰਦਾ। ਉਹ ਜੋਗੀ, ਸੰਨਿਆਸੀ, ਨਾਂਗੇ, ਬਿਭੂਤ ਧਾਰੀ, ਮੋਨੀ, ਵਿਰੱਕਤ ਆਦਿ ਜਾਂ ਡੰਮੀ ਗੁਰੂਆਂ, ਭਗਤਾਂ, ਸਾਧਾਂ, ਸੰਤਾਂ ਵਾਲੇ ਭੇਖਾਂ `ਚ ਵੀ ਨਹੀਂ ਉਲਝਦਾ ਤੇ ਨਾ ਉਨ੍ਹਾਂ `ਚ ਵਿਸ਼ਵਾਸ ਹੀ ਰਖਦਾ ਹੈ।

(੪) ਚੂੰਕਿ ਸਿੱਖ ਪਹਿਲੇ ਜਾਮੇਂ ਤੋਂ ਹੀ ਕੇਸਾਧਾਰੀ ਸਰੂਪ `ਚ ਸੀ। ਤਾਂ ਤੇ ਕੇਸਾਂ ਦੀ ਸੰਭਾਲ ਤੇ ਸਤਿਕਾਰ ਲਈ ਸਿੱਖ, ਕੰਘਾਧਾਰੀ ਤੇ ਦਸਤਾਰਧਾਰੀ ਵੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸੀ।

(੫) ਬ੍ਰਾਹਮਣ ਮੱਤ ਨੂੰ ਜੰਜੂ ਨਾ ਪਾ ਕੇ, ਗੁਰਦੇਵ ਨੇ ਪਹਿਲੇ ਜਾਮੇ `ਚ ਹੀ ਤਿਆਗ ਦਿੱਤਾ ਸੀ। ਉਪ੍ਰੰਤ ਇਹ ਵੀ ਕਿ ਬ੍ਰਾਹਮਣ ਦੇ ਸਾਰੇ ੧੬ ਸੰਸਕਾਰ ਬਿਨਾ ਸੀਤੇ ਕਪੜਿਆਂ `ਚ ਹੀ ਹੁੰਦੇ ਹਨ। ਜਦਕਿ ਕਛਹਿਰਾ ਬਿਨਾ ਸਿਲਾਈਆਂ ਦੇ ਤਿਆਰ ਹੀ ਨਹੀਂ ਹੁੰਦਾ।

ਸਪਸ਼ਟ ਹੋਇਆ ਕਿ ਸਿੱਖ ਨੂੰ ਕਛਹਿਰਾ ਪਾਉਣ ਵਾਲੀ ਹਿਦਾਇਤ ਵੀ ਪਹਿਲੇ ਜਾਮੇ ਤੋਂ ਹੀ ਹੈ। ਇਸ ਤਰ੍ਹਾਂ ਕਛਹਿਰਾ, ਗੁਰੂ ਸਾਹਿਬ ਵੱਲੋਂ ਸਿੱਖ ਨੂੰ ਅਪਣੇ ਆਪ `ਚ ਚੇਤਾਵਨੀ ਹੈ ਕਿ ‘ਸਿੱਖ ਨੇ ਬ੍ਰਾਹਮਣ ਦਾ ਅਨੁਯਾਯੀ ਨਹੀਂ ਹੋਣਾ ਤੇ ਵਿਪਰਣ ਦੀਆਂ ਰੀਤਾਂ-ਰਸਮਾਂ-ਵਿਸ਼ਵਾਸਾਂ `ਚ ਨਹੀ ਉਲਝਣਾ; ਸਿੱਖ ਨੇ ਕੇਵਲ ਤੇ ਕੇਵਲ ‘ਸ਼ਬਦ-ਗੁਰੂ’ ਗੁਰਬਾਣੀ ਦੀ ਆਗਿਆ `ਚ ਹੀ ਵਿਚਰਣਾ ਹੈ।

(੬) ਛੇਵੇਂ ਜਾਮੇ ਸਮੇ ਗੁਰਦੇਵ ਨੇ ਹਕੂਮਤ ਨਾਲ ਚਾਰ ਜੰਗਾਂ ਲੜੀਆਂ ਤੇ ਚਾਰੇ ਜਿੱਤੀਆਂ। ਜਦਕਿ ਜੰਗਾਂ-ਯੁਧਾਂ ਦਾ ਮੂਲ ਹੀ ਸ਼ਸਤ੍ਰਾਂ ਦੀ ਵਰਤੋਂ ਹੁੰਦਾ ਹੈ। ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਕੇਸ, ਕੰਘੇ ਤੇ ਕਛਿਹਰੇ ਤੋਂ ਬਾਅਦ, ਸਿੱਖ ਛੇਵੇਂ ਜਾਮੇ ਸਮੇਂ ਬਾਕਾਇਦਾ ਸ਼ਸਤ੍ਰਧਾਰੀ ਵੀ ਹੋ ਚੁੱਕੇ ਸਨ। ਇਸ ਤਰ੍ਹਾਂ ਇਹ ਵੀ ਸਪਸ਼ਟ ਹੋਇਆ ਕਿ ਸਿੱਖ ਦੇ ਪੰਜ ਕਕਾਰਾਂ ਚੋਂ ਚਾਰ ਕਕਾਰ, ਸਿੱਖ ਜੀਵਨ, ਸਿੱਖੀ ਪਹਿਰਾਵੇ ਅਤੇ ਸਿੱਖ ਰਹਿਣੀ ਦਾ ਅੰਗ ਛੇਵੇਂ ਜਾਮੇ ਦੇ ਸਮੇਂ `ਚ ਹੀ ਹੋ ਚੁੱਕੇ ਸਨ।

(੭) `ਚਰਨ ਪਾਹੁਲ’ ਰਾਹੀਂ ਸਿੱਖ ਧਰਮ `ਚ ਪ੍ਰਵੇਸ਼ ਕਰਣ ਵਾਲਾ ਢੰਗ ਵੀ ਗੁਰੂ ਨਾਨਕ ਸਾਹਿਬ ਤੋਂ ਅਰੰਭ ਹੋ ਗਿਆ ਸੀ। ਓਦੋਂ `ਚਰਨਪਾਹੁਲ’ ਦਾ ਮਤਲਬ ਵੀ "ਗੁਰਬਾਣੀ ਦੇ ਚਰਣਾਂ ਨਾਲ ਜੁੜਣਾ, ਉਪ੍ਰੰਤ ਸੰਪੂਰਨ ਕੇਸਾਧਾਰੀ ਸਰੂਪ `ਚ ਵਿਚਰਣਾ ਤੇ ਨਿਰਲ ਗੁਰਬਾਣੀ-ਗੁਰੂ ਦੀ ਸਿੱਖਿਆ ਦਾ ਅਨੁਸਾਰੀ ਹੋਣ ਲਈ ਪ੍ਰਣ ਲੈਣਾ ਹੀ ਸੀ"। ਜਦਕਿ ਅੱਜ ਪੰਜ ਪਿਆਰਿਆਂ ਤੋਂ ‘ਖੰਡੇ ਦੀ ਪਾਹੁਲ’ ਲੈਣ ਦਾ ਵੀ ਇਹੀ ਮਕਸਦ ਹੈ।

(੮) ਧਿਆਣ ਰਹੇ! ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਵਰਤੇ ਜਾ ਰਹੇ `ਚਰਨਪਾਹੁਲ’ ਵਾਲੇ ਢੰਗ ਦਾ ਮਤਲਬ ਕਦੇ ਵੀ ਚਰਨ ਧੋ ਕੇ ਪੀਣਾ ਜਾਂ ਪਿਲਾਉਣਾ ਨਹੀਂ ਸੀ। `ਚਰਨਪਾਹੁਲ’ ਦੇ ਅਰਥ ਵੀ ਅਸਾਂ ਗੁਰਬਾਣੀ `ਚੋਂ ਹੀ ਲੈਣੇ ਹਨ, ਪੁਰਾਤਨ ਅਰਥ ਨਹੀਂ ਲੈਣੇ। ਚਰਣਪਾਹੁਲ ਦੇ ਗੁਰਬਾਣੀ ਆਧਾਰਤ ਅਰਥ ਹਨ ਗੁਰਬਾਣੀ ਦੇ ਚਰਨਾਂ ਨਾਲ ਜੁੜਣਾ, ਗੁਰਬਾਣੀ ਅਨੁਸਾਰ ਜੀਵਨ ਜੀਊਣ ਦਾ ਪ੍ਰਣ। ਜਿਵੇਂ:-

"ਗੁਰ ਕੇ ਚਰਨ ਮਨ ਮਹਿ ਧਿਆਇ" (ਪੰ: ੫੧) ਹੋਰ

"ਚਰਨ ਕਵਲ ਰਿਦ ਅੰਤਰਿ ਧਾਰੇ॥ ਅਗਨਿ ਸਾਗਰ ਗੁਰਿ ਪਾਰਿ ਉਤਾਰੇ" (ਪੰ: ੧੯੧) ਜਾਂ

"ਚਰਨ ਕਮਲ ਭਗਤਾਂ ਮਨਿ ਵੁਠੇ" (ਪੰ: ੧੦੯) ਪੁਨਾ

"ਚਰਨ ਠਾਕੁਰ ਕੈ ਮਾਰਗਿ ਧਾਵਉ" (ਪੰ: ੧੯੦) ਆਦਿ

ਸਪਸ਼ਟ ਹੈ ਕਿ ਪੈਰ ਧੋ ਕੇ ਪੀਣ ਤੇ ਪਿਲਾਉਣ ਵਾਲਾ ਅਸਭਯ, ਮਲੀਨ ਤੇ ਸਵਾਸਥ-ਵਿਰੁਧ (Non Hygenic) ਢੰਗ ਗੁਰਬਾਣੀ ਵਿਚਾਰਧਾਰਾ ਦੀ ਕਸਵੱਟੀ `ਤੇ ਵੀ ਪੂਰਾ ਨਹੀਂ ਉਤਰਦਾ।

(੯) `ਚਰਨ ਪਾਹੁਲ’ ਪਹਿਲੇ ਜਾਮੇ ਤੋਂ ਹੀ, ਇਤਿਹਾਸਕ ਸਬੂਤ-ਗਿਆਨ ਰਤਨਾਵਲੀ ਕ੍ਰਿਤ ਭਾਈ ਮਨੀ ਸਿੰਘ ਜੀ ਸਪਸ਼ਟ ਕਰਦੇ ਹਨ ਕਿ ਜਦੋਂ ਭਾਈ ਮਰਦਾਨਾ ਤੋਂ ਭਾਈ ਨੀਰੂ ਨੇ `ਚਰਨਪਾਹੁਲ’ ਲਈ ਤਾਂ ਉਸ ਨੂੰ ਭਾਈ ਮਰਦਾਨਾ ਜੀ ਨੇ ਤਿੰਨ ਉਪਦੇਸ਼ ਦਿੱਤੇ" ਜਿਵੇਂ:-

੧. ਪਹਿਰ ਰਾਤ ਰਹਿੰਦੀ ਜਾਗ ਕੇ ਸਤਿਨਾਮੁ ਦਾ ਜਾਪ ਕਰਣਾ ਹੈ।

੨. ਕੇਸ ਕਤਲ ਨਹੀਂ ਕਰਵਾਉਣੇ।

੩. ਆਏ ਗਏ ਸਿੱਖ –ਸਾਧ ਦੀ ਸੇਵਾ ਕਰਣੀ"।

ਇਸ ਤੋਂ ਦੋ ਗੱਲਾਂ ਹੋਰ ਵੀ ਸਾਬਤ ਹੋ ਜਾਂਦੀਆਂ ਹਨ- ਪਹਿਲਾ- ਭਾਈ ਮਰਦਾਨਾ ਜੀ ਵੀ ਚਰਣਪਾਹੁਲ ਪ੍ਰਾਪਤ ਸਿੱਖ ਸਨ, ਉਨ੍ਹਾਂ ਨੂੰ ਵੀ ‘ਗੁਰੂ ਸਾਹਿਬ’ ਪਾਸੋਂ ਇਹੀ ਉਪਦੇਸ਼ ਮਿਲੇ ਹੋਏ ਸਨ।

ਦੂਜਾ-ਭਾਈ ਮਰਦਾਨਾ ਜੀ ਕੇਵਲ ਸਿੱਖ ਹੀ ਨਹੀਂ ਉਹ ਅਧਿਕਾਰ ਪ੍ਰਾਪਤ, ਸਿੱਖ ਧਰਮ ਦੇ ਪ੍ਰਚਾਰਕ ਵੀ ਸਨ ਤੇ ਉਹ ਦੂਜਿਆਂ ਨੂੰ ਵੀ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਦਾ ਹੱਕ ਰਖਦੇ ਸਨ।

(੧੦) "ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ" (ਪੰ: ੧੪੧੨)

"ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ" (ਪੰ: ੪੭੧) ਅਤੇ

"ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ" ੈ (ਪੰ: ੯੧੮) ਆਦਿ ਗੁਰ ਫ਼ੁਰਮਾਨ ਸਬੂਤ ਹਨ ਕਿ ਸਿੱਖ ਦੀ ਸਤਿਗੁਰਾਂ ਦੇ ਚਰਨਾਂ ‘ਤੋਂ ਆਪਣਾ ਆਪ ਨਿਛਾਵਰ ਕਰਣ ਤੇ ਸਮਰਪਣ ਕਰਣ ਵਾਲੀ ਤਿਆਰੀ ਵੀ ਲਗਾਤਾਰ ਪਹਿਲੇ ਜਾਮੇਂ ਤੋਂ ਹੀ ਕਰਵਾਈ ਜਾ ਰਹੀ ਸੀ।

(੧੧) ਸਪਸ਼ਟ ਹੋਇਆ ਕਿ ਵਿਸਾਖੀ ੧੬੯੯ ਨੂੰ ਗੁਰੂ ਸਾਹਿਬ ਵੱਲੋਂ "ਸਿੱਖਾਂ ਦੇ ਸਿਰਾਂ ਦੀ ਮੰਗ", ਪੰਥ ਲਈ, ਨਵੀਂ ਨਹੀਂ ਸੀ। ਬਲਕਿ ਸਿੱਖ ਤਾਂ ਛੇਵੇਂ ਜਾਮੇ ਤੋਂ ਹੀ, ਗੁਰੂ ਸਹਿਬ ਵੱਲੋਂ ਜੰਗਾਂ-ਜੁਧਾਂ `ਚ ਕੁੱਦ ਕੇ ਸ਼ਹੀਦੀਆਂ ਪਾਉਣ ਅਤੇ ਉਂਜ ਵੀ ਜਿਵੇਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਆਦਿ, ਗੁਰੂ ਸਾਹਿਬ ਤੋਂ ਆਪਣਾ ਆਪ ਨਿਛਾਵਰ ਕਰਣ ਲਈ ਸਦਾ ਤਿਆਰ ਹੁੰਦੇ ਸਨ।

(੧੨) ਦਸਮੇਸ਼ ਜੀ ਨੇ ਵਿਸਾਖੀ ਸੰਨ ੧੬੯੯ ਨੂੰ, ਸਿੱਖ ਧਰਮ `ਚ ਪ੍ਰਵੇਸ਼ ਲਈ ਪਹਿਲੇ ਪਾਤਸ਼ਾਹ ਤੋਂ ਚਲਦੇ ਆ ਰਹੇ ਚਰਨਪਾਹੁਲ ਵਾਲੇ ਢੰਗ ਨੂੰ ‘ਖੰਡੇ ਦੀ ਪਾਹੁਲ’ ਵਾਲੇ ਢੰਗ `ਚ ਬਦਲ ਦਿੱਤਾ। ਦੂਜਾ, ਉਸ ਦਿਨ ਦਸਮੇਸ਼ ਜੀ ਨੇ ਸਿੱਖ ਧਰਮ `ਚ ਪ੍ਰਵੇਸ਼ ਵਾਲੇ ਇੱਕ ਗੁਰੂ ਵਿਅਕਤੀ ਵਾਲੇ ਢੰਗ ਤੋਂ ਬਦਲ ਕੇ ‘ਪਾਹੁਲ ਪ੍ਰਾਪਤ’ "ਪੰਜਾਂ ਪਿਆਰਿਆ ਦੇ ਰੂਪ `ਚ" ਪੰਥ ਦੇ ਸੁਪੁਰਦ ਕਰ ਦਿੱਤਾ।

(੧੩) ਇਹ ਵੀ ਦੇਖ ਚੁੱਕੇ ਹਾਂ ਕਿ `ਚਰਣ ਪਾਹੁਲ’ ਲੈ ਕੇ ਸਿੱਖ ਧਰਮ `ਚ ਪ੍ਰਵੇਸ਼ ਦਾ ਨਿਯਮ ਗੁਰੂ ਨਾਨਕ ਸਾਹਿਬ ਤੋਂ ਚਲਦਾ ਆ ਰਿਹਾ ਸੀ। ਇਸ ਲਈ ਵਿਸਾਖੀ ਸੰਨ ੧੬੯੯ ਨੂੰ, ਸਿੱਖ ਧਰਮ `ਚ ਪ੍ਰਵੇਸ਼ ਕਰਣਾ, ਪੰਥ ਲਈ ਨਵੀਂ ਗੱਲ ਨਹੀਂ ਸੀ। ਜੇ ਕੋਈ ਨਵੀਂ ਗੱਲ ਸੀ ਤਾਂ ਉਹ ਸੀ, ਗੁਰਦੇਵ ਰਾਹੀਂ ਉਸ `ਚਰਨ ਪਾਹੁਲ’ ਵਾਲੇ ਢੰਗ ਨੂੰ ‘ਖੰਡੇ ਦੀ ਪਾਹੁਲ’ ਵਾਲੇ ਢੰਗ `ਚ ਤਬਦੀਲ ਕਰ ਦੇਣਾ।

(੧੪) ਇਸੇ ਤਰ੍ਹਾਂ ਵਿਸਾਖੀ ਸੰਨ ੧੬੯੯ ਵਾਲੇ ਦਿਨ, ਹੋਰ ਵੱਡੀ ਤਬਦੀਲੀ ਇਹ ਸੀ ਕਿ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਦੀ ਜ਼ਿੰਮੇਵਾਰੀ ਜਿਹੜੀ ਇੱਕ ਗੁਰੂ ਵਿਅਕਤੀ ਕੋਲ ਅਥਵਾ ਇਕੱਲੇ ਅਧੀਕਾਰੀ ਸਜਨ ਕੋਲ ਸੀ ਉਹ ਸਮੂਹਿਕ ਤੌਰ `ਤੇ ਪੰਜਾਂ ਪਿਆਰਿਆ ਦੇ ਰੂਪ `ਚ ਪੰਥ ਨੂੰ ਸੌਂਪ ਦਿੱਤੀ ਗਈ। ਇਸੇ ਲਈ ਇਸ ਇਤਿਹਾਸਕ ਦਿਹਾੜੇ ਨੂੰ ਪੰਥ ਦਾ ‘ਸਾਜਨਾ ਦਿਵਸ’ ਜਾਂ ‘ਪੰਥ ਸਾਜਿਆ’ ਵੀ ਕਿਹਾ ਜਾਂਦਾ ਹੈ, ਨਾ ਕਿ ਇਹ ਕਿ ਉਸ ਤੋਂ ਪਹਿਲਾਂ ਸਿੱਖ ਕੇਸਾਧਾਰੀ ਰੂਪ `ਚ ਹੀ ਨਹੀਂ ਸਨ।

(੧੫) ਵਿਸਾਖੀ ਸੰਨ ੧੬੯੯ ਵਾਲੇ ਦਿਨ ਹੀ, ਗੁਰਦੇਵ ਨੇ ਸਿੱਖ ਦੇ ਪਹਿਰਾਵੇ ਤੇ ਰਹਿਣੀ `ਚ ਚਲਦੇ ਆ ਰਹੇ ਕੇਸ, ਕੰਘਾ, ਸ਼ਸਤ੍ਰ (ਕ੍ਰਿਪਾਣ) ਤੇ ਕਛਿਹਰਾ, ਚਾਰ ਕਕਾਰਾਂ `ਚ ਪੰਜਵਾਂ ਇੱਕ ਹੋਰ ਕਕਾਰ ਕੜਾ ਜੋੜ ਦਿੱਤਾ ਤੇ ਸਿੱਖ ਲਈ ਪੰਜ ਕਕਾਰਾਂ ਦੇ ਰੂਪ `ਚ ਉਨ੍ਹਾਂ ਨੂੰ ਨਿਯਮਤ ਵੀ ਕਰ ਦਿੱਤਾ। (ਨੋਟ-ਕੜਾ, ਸਿੱਖ ਕਕਾਰਾਂ ਦਾ ਹਿੱਸਾ ਕਿਵੇਂ ਬਣਿਆ ਇਸ ਦਾ ਵਰਨਣ ਤੇ ਆਧਾਰ ਅੱਗੇ ਚੱਲ ਕੇ ਵੇਰਵੇ ਨਾਲ ਆਵੇਗਾ ਜੀ)

(੧੬) ਉਪ੍ਰੋਕਤ ਸਾਰੇ ਦੇ ਬਾਵਜੂਦ, ਇਹ ਵੀ ਸਮਝਣਾ ਹੈ, ਬੇਸ਼ੱਕ ਸਿੱਖ ਛੇਵੇਂ ਜਾਮੇ `ਚ ਸ਼ਸਤ੍ਰਧਾਰੀ ਹੋ ਚੁੱਕਾ ਸੀ। ਪਰ ਦਸਮੇਸ਼ ਜੀ ਨੇ ਉਸ `ਚ ਇੱਕ ਹੋਰ ਵਾਧਾ ਕੀਤਾ। ਉਹ ਵਾਧਾ ਇਹ ਸੀ ਕਿ ਛੇਵੇਂ ਜਾਮੇ ਸਮੇ ਆਰੰਭ ਹੋਏ, ਸਿੱਖ ਲਈ ਸ਼ਸਤ੍ਰਾਂ `ਚੋਂ ਚਲਦੀ ਆ ਰਹੀ ਤਲਵਾਰ ਅਥਵਾ ਖੜਗ ਨੂੰ ਇਸ ਦੇ ਨਵੇਂ ਰੂਪ, ਨਵੇਂ ਨਾਮ ਅਤੇ ਨਿਰੋਲ ਗੁਰਮੱਤ ਦੇ ਸਿਧਾਂਤਕ ਅਰਥਾਂ `ਚ ਸੰਸਾਰ ਸਾਹਮਣੇ "ਕ੍ਰਿਪਾਣ" ਦੇ ਰੂਪ `ਚ ਪ੍ਰਗਟ ਕੀਤਾ ਬਲਕਿ ਉਸ ਕ੍ਰਿਪਾਣ ਨੂੰ ਪੰਜ ਕਕਾਰਾਂ `ਚ ਨਿਯਮਿਤ ਵੀ ਕੀਤਾ। (ਵਿਸ਼ੇਸ਼ ਨੋਟ:-ਅੱਗੇ ਚੱਲ ਕੇ ਕ੍ਰਿਪਾਣ ਸੰਬੰਧੀ ਉਹ ੁਰਮੱਤ ਸਿਧਾਂਤ ਆਧਾਰਤ ਵੇਰਵਾ ਵੀ ਆਵੇਗਾ, ਜਿਹੜਾ ਦਸਮੇਸ਼ ਜੀ ਨੇ "ਕਕਾਰ ਦੇ ਰੂਪ `ਚ" ਇਸ ਪਹਿਰਾਵੇ ਲਈ ਸਪਸ਼ਟ ਕੀਤਾ ਸੀ)

(੧੭) ਵਿਸਾਖੀ ਸੰਨ ੧੬੯੯ ਵਾਲੇ ਦਿਨ ਸਿੱਖ ਨੂੰ ਦਸਮੇਸ਼ ਜੀ ਵੱਲੋਂ ਪੰਥ ਨੂੰ ਕੁੱਝ ਹੋਰ ਵਰਦਾਨ ਵੀ ਪ੍ਰਾਪਤ ਹੋਏ, ਉਨ੍ਹਾਂ `ਚੋਂ ਹੀ ਤਿੰਨ ਵਰਦਾਨ ਇਸ ਤਰ੍ਹਾਂ ਹਨ:-

(੧) ਸਿੱਖਾਂ ਦੇ ਨਾਵਾਂ `ਚ ‘ਸਿੰਘ ਅਤੇ ਕੌਰ’ ਵਾਲੀ ਇਕਸਾਰਤਾ ਲਿਆ ਕੇ ਪੰਥ ਨੂੰ ਇੱਕ ਸਾਂਝੇ ਤੇ ਵੱਡੇ ਅੰਤ੍ਰਰਾਸ਼ਟਰੀ ਪ੍ਰਵਾਰ ਵਾਲਾ ਨਵਾਂ ਰੂਪ ਬਖ਼ਸ਼ਿਆ।

(੨) ਸਿੱਖ ਨੂੰ ਹੀ ‘ਖਾਲਸਾ’ ਸ਼ਬਦ ਅਥਵਾ ਲਕਬ ਨਾਲ ਵੀ ਨਿਵਾਜਿਆ।

(੩) ਸਿੱਖਾਂ ਨੂੰ ਆਪਸੀ ਮਿਲਾਪ ਲਈ "ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ" ਵਾਲਾ ਬੋਲਾ ਵੀ ਪ੍ਰਦਾਨ ਕੀਤਾ। ਤਾਂ ਤੇ ਇਹ ਤਿੰਨੇ ਵਰਦਾਨ ਨੰਬਰਵਾਰ ਇਸ ਤਰ੍ਹਾਂ ਹਨ:-

(੧) ਸਿੱਖ ਵੀਰਾਂ ਤੇ ਬੀਬੀਆਂ ਦੇ ਨਾਂਵਾਂ ਨਾਲ ਲਫ਼ਜ਼ ‘ਸਿੰਘ ਅਤੇ ਕੌਰ’ ਦੀ ਵਰਤੋਂ- ਸਿੱਖ ਲਈ ਇਹ ਦੋਵੇਂ ਲਫ਼ਜ਼ ‘ਸਿੰਘ ਤੇ ਕੌਰ’ ਸਿੱਖਾਂ ਦੀ ਕੇਵਲ ਪ੍ਰਵਾਰਕ ਇਕਾਈ ਦੇ ਸੂਚਕ ਹੀ ਨਹੀਂ, ਸਿੱਖਾਂ ਦੀ ਵਿਰਾਸਤ ਨਾਲ ਵੀ ਸੰਬੰਧਤ ਹਨ। ਇਸ ਤੋਂ ਇਲਾਵਾ, ‘ਸਿੰਘ ਤੇ ਕੌਰ’, ਦੋਵੇਂ ਲਫ਼ਜ਼ ਸਿੱਖ ਲਈ, ਗੁਰੂ ਸਾਹਿਬ ਵਲੋਂ ਚੇਤਾਵਣੀ ਵੀ ਹਨ ਕਿ ‘ਗੁਰੂ ਕੇ ਸਿੱਖ’ ਨੇ, ਆਪਣੇ ਨਾਵਾਂ ਪਿਛੇ ‘ਸਿੰਘ ਤੇ ਕੌਰ’ ਤੋਂ ਇਲਾਵਾ ਹੋਰ ਕਿਸੇ ਪ੍ਰਕਾਰ ਦੀ ਵੀ ਜਾਤ-ਗੋਤ ਆਦਿ ਨਹੀਂ ਲਗਾਉਣੀ।

ਚੇਤੇ ਰਹੇ! ਜਾਤਾਂ ਗੋਤਾਂ ਲਗਾਣੀਆਂ ਆਪਣੇ ਆਪ `ਚ ਸਿੱਖ ਦਾ ਬ੍ਰਾਹਮਣੀਕਰਣ ਕਰਣਾ ਹੀ ਹੈ। ਇਸ ਦੇ ਬਾਵਜੂਦ ਜੋ ਲੋਕ, ਸਿੱਖ ਹੁੰਦੇ ਹੋਏ ਵੀ ਆਪਣੇ ਨਾਵਾਂ ਨਾਲ ਬੇਦੀ, ਸੋਢੀ, ਜੁਨੇਜਾ, ਖਰਬੰਦਾ ਆਦਿ ਜਾਤੀ ਬੋਧਕ ਲਫ਼ਜ਼ ਜਾਂ ਬਰਾਦਰੀਆਂ ਜਿਵੇਂ ਜੱਟ, ਭਾਪਾ, ਮਜ਼ਹਬੀ ਆਦਿ ਲਗਾਉਂਦੇ ਹਨ; ਸਾਬਤ ਕਰਦੇ ਹਨ ਕਿ ਉਹ ਸੱਜਨ ਆਪਣੀ ਵਿਰਾਸਤ ਤੇ ਆਪਣੇ ਵੱਡੇ ‘ਸਿੱਖ ਪ੍ਰਵਾਰ’ ਬਾਰੇ ਅਣਜਾਣ ਹਨ, ਜੇ ਅਜਿਹਾ ਨਹੀਂ ਤਾਂ ਇਸ ਪੱਖੋਂ ਲਾਪਰਵਾਹ ਜ਼ਰੂਰ ਹਨ। ਇਸ ਲਈ ਅਜਿਹੇ ਸੱਜਨਾਂ ਨੂੰ ਇਸ ਪਖੋਂ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਹੋਰ ਤਾਂ ਹੋਰ, ਅਜਿਹੇ ਸੱਜਨ ਬੇਸ਼ਕ ਅਨਜਾਣੇ `ਚ ਹੀ ਸਹੀ, ਪਰ ਸਿੱਖ ਪੰਥ ਅਤੇ ਸਿੱਖੀ ਪ੍ਰਵਾਰ `ਚ ਤ੍ਰੇੜਾਂ ਪਾਉਣ ਲਈ ਵੀ ਬਰਾਬਰ ਦੇ ਹਿੱਸੇਦਾਰ ਹਨ।

(੨) ਸਿੱਖ ਨੂੰ, ਵਿਸਾਖੀ ਸੰਨ ੧੬੯੯ ਨੂੰ ਗੁਰਦੇਵ ਰਾਹੀਂ "ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ" ਵਾਲਾ ਆਪਸੀ ਮਿਲਾਪ ਵਾਲਾ ਇਹ ਬੋਲਾ, ਹਰ ਸਮੇਂ ਚੇਤਾ ਕਰਵਾਉਂਦਾ ਰਵੇਗਾ ਕਿ ਸਿੱਖ ਨੇ ਸੰਸਾਰ `ਚ ਸਦਾ ਨਿਮਾਣੇ ਹੋ ਕੇ ਅਤੇ ਗੁਰਬਾਣੀ ਵਿਚਾਰਧਾਰਾ ਤੋਂ ਪ੍ਰਗਟ ਹੋਣ ਵਾਲੀ ਜੀਵਨ ਜਾਚ ਦੇ ਦਾਇਰੇ `ਚ ਤੇ ਗੁਰਬਾਣੀ ਦੀ ਤਾਬਿਆ ਹੀ ਵਿਚਰਣਾ ਹੈ। ਇਸੇ ਤੋਂ ਉਸ ਨੂੰ ਹਰ ਮੈਦਾਨ ਫ਼ਤਿਹ ਅਤੇ ਜੀਵਨ ਦੌਰਾਨ ਸਫ਼ਲਤਾਵਾਂ ਵੀ ਅਕਾਲਪੁਰਖ ਆਪ ਬਖ਼ਸ਼ੇ ਗਾ। ਦੂਜੇ ਲਫ਼ਜ਼ਾਂ `ਚ ਸਿੱਖ ਨੇ ਆਪਣੇ ਜੀਵਨ ਕਾਲ `ਚ ਮਨਮਤੀਆ ਤੇ ਆਪਹੁੱਦਰਾ ਹੋ ਕੇ ਬਿਲਕੁਲ ਨਹੀਂ ਵਿਚਰਣਾ।

(੩) ਦਰਅਸਲ ਖਾਲਸੇ ਦਾ ਮਤਲਬ ਹੀ ੴ ਅਥਵਾ ਗੁਰਬਾਣੀ ਦੀ ਤਬਿਆ ਹੀ ਵਿਚਰਣਾ ਹੈ, ਅਤੇ ਉਸ ਨੂੰ ‘ਗੁਰਪ੍ਰਸਾਦਿ’ ਤੋਂ ਬਿਨਾ ਜੀਵਨ ਦੀ ਅਜਿਹੀ ਉੱਤਮ ਆਤਮਕ ਅਵਸਥਾ ਪ੍ਰਾਪਤ ਵੀ ਨਹੀਂ ਹੋ ਸਕੇਗੀ, ਇਸ ਲਈ ਉਸਨੇ ਸ਼ਬਦ-ਗੁਰੂ ਦਾ ਸਦਾ ਅਨੁਸਾਰ ਰਹਿਣਾ ਹੈ। ਗੁਰਬਾਣੀ-ਗੁਰੂ ਦਾ ਅਨੁਸਾਰੀ ਜੀਵਨ ਜੀਅ ਕੇ ਹੀ ਅਸੀਂ ਜੀਵਨ ਦੀ ‘ਖਾਲਸਾ’ ਅਵਸਥਾ ਤੇ ਪਦ ਨੂੰ ਪ੍ਰਾਪਤ ਹੁੰਦੇ ਹਾਂ।

ਦਰਅਸਲ ਸਿੱਖ ਲਈ ਇਹ ਸੰਕਲਪ ਵੀ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਕੀਆਂ ਸੰਗਤਾਂ ਨੂੰ ਆਪਣੇ ਪਹਿਲੇ ਜਾਮੇ `ਚ ਹੀ ਕਬੀਰ ਸਾਹਿਬ ਦੀ ਬਾਣੀ ਰਾਹੀਂ ਬਖ਼ਸ਼ ਦਿੱਤਾ ਸੀ। ਫ਼ੁਰਮਾਨ ਹੈ "ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ" (ਪੰ: ੬੫੫)। ਵਿਸਾਖੀ ੧੬੯੯ ਨੂੰ ਤਾਂ ਪਾਤਸ਼ਾਹ ਵੱਲੋਂ ਸਿੱਖ ਨੂੰ ਕੇਵਲ ‘ਖ਼ਾਲਸਾ’ ਵਾਲੇ ਇਸ ਖਿਤਾਬ ਨਾਲ ਨਿਵਾਜਿਆ ਹੀ ਸੀ।

(੧੭) ਇਹ ਵੀ ਕਿ ‘ਖੰਡੇ ਦੀ ਪਾਹੁਲ’ ਲੈਣ ਲਈ ਪੰਥ `ਚ ਲਫ਼ਜ਼ ‘ਅੰਮ੍ਰਿਤ ਛਕਣਾ’ ਲਗਭਗ ੧੮੭੦ ਤੋਂ ਬਾਅਦ ਪ੍ਰਚਲਤ ਹੋਇਆ ਹੈ। ਯਕੀਨਣ ਇਹ ਮਿਲਾਵਟ ਤੁਲ ਵੀ ਹੈ ਅਤੇ ਸਾਡੀ ਲਾਪਰਵਾਹੀ ਦਾ ਨਤੀਜਾ ਵੀ। ਇਸ ਪੱਧਤੀ ਵਾਸਤੇ ਜਗਿਆਸੂ ਲਈ ਅਸਲ ਲਫਜ਼ ‘ਖੰਡੇ ਦੀ ਪਾਹੁਲ’ ਲੈਣਾ’ ਹੀ ਵਰਤਣਾ ਹੈ ਅਤੇ ਇਸ ਦਾ ਮਕਸਦ ਹੈ "ਜੀਵਨ ਭਰ ਲਈ ਗੁਰਬਾਣੀ ਅੰਮ੍ਰਿਤ ਨੂੰ ਛਕਣ ਲਈ ਪ੍ਰਣ"। (ਚਲਦਾ) #418P-I s06.16.02#1p

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-I

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.