.

ਕਹਦੇ ਕਚੇ ਸੁਣਦੇ ਕਚੇ

(ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ, ਭਾਗ- 7)

(ਸੁਖਜੀਤ ਸਿੰਘ ਕਪੂਰਥਲਾ)

ਨੋਟ- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 6 ਪੜੋ ਜੀ

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

=========

(ਙ) ਕਹਦੇ ਕਚੇ ਸੁਣਦੇ ਕਚੇ

ਵਿਸ਼ਾ ਅਧੀਨ ਚੱਲ ਰਹੀ ਇਸ ਲੇਖ ਲੜੀ ਵਿੱਚ ਤਹਿਤ ਇਸ ਭਾਗ ਅੰਦਰ ਅਜਿਹੇ ਕੁੱਝ ਕੁ ਫੁਰਮਾਣਾਂ ਦਾ ਜ਼ਿਕਰ ਕੀਤਾ ਜਾਵੇਗਾ ਜਿਹੜੇ ਅਕਸਰ ਹੀ ਸਾਡੀਆਂ ਸਿੱਖ ਸੰਗਤਾਂ ਵਲੋਂ ਜਾਣੇ-ਅਣਜਾਣੇ ਵਿੱਚ ਵਰਤੇ ਜਾਂਦੇ ਹਨ। ਪਰ ਅਗਿਆਨਤਾ ਕਾਰਣ ਬਹੁ-ਗਿਣਤੀ ਸਿੱਖਾਂ ਵਲੋਂ ਇਨ੍ਹਾਂ ਨੂੰ ਗੁਰਬਾਣੀ ਸਮਝ ਕੇ ਵਰਤਿਆ ਜਾਂਦਾ ਹੈ। ਐਸਾ ਟਪਲਾ ਲੱਗ ਜਾਣਾ ਸੁਭਾਵਿਕ ਹੀ ਹੈ। ਕਿਉਂਕਿ ਇਨ੍ਹਾਂ ਦੇ ਭਾਵ-ਅਰਥ ਲਗਭਗ ਗੁਰਬਾਣੀ ਨਾਲ ਮਿਲਦੇ -ਜੁਲਦੇ ਹਨ। ਅਸਲੀਅਤ ਅੰਦਰ ਇਹ ਪ੍ਰਮਾਣ ਕੱਚੀਆਂ ਬਾਣੀਆਂ ਹਨ, ਜੋ ਕਿ ਗੁਰੂ ਘਰ ਦੇ ਵਿਰੋਧੀਆਂ- ਮਿਹਰਬਾਨ, ਹਿੰਦਾਲੀਆਂ, ਧੀਰਮਲੀਆਂ, ਰਾਮਰਾਈਆਂ ਆਦਿ ਨੇ ‘ਨਾਨਕ` ਮੋਹਰ ਛਾਪ ਨੂੰ ਵਰਤਦੇ ਹੋਏ ਲਿਖਿਆ ਹੈ। ਪਰ ਸਾਨੂੰ ਸਿੱਖਾਂ ਨੂੰ ਤਾਂ ਗੁਰੂ ਅਮਰਦਾਸ ਜੀ ਵਲੋਂ ਅਨੰਦ ਸਾਹਿਬ ਦੀ ਬਾਣੀ ਅੰਦਰ ਦਰਸਾਈਆਂ ਗਈਆਂ ਨਿਮਨ ਲਿਖਤ ਦੋ ਪਉੜੀਆਂ ਨੂੰ ਸਾਹਮਣੇ ਰੱਖਦੇ ਹੋਏ ਸਪਸ਼ਟ ਨਿਰਣਾ ਲੈਣ ਦੀ ਲੋੜ ਹੈ-

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।।

ਬਾਣੀ ਤਾ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ।।

ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ।।

ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗ ਪਾਣੀ।।

ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ।। ੨੩।।

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।।

ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।।

ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ।।

ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ।।

ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ।।

ਕਹੈ ਨਾਨਕ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।। ੨੪।।

(ਰਾਮਕਲੀ ਮਹਲਾ ੩ ਅਨੰਦੁ)

ਅਨੰਦ ਸਾਹਿਬ ਦੀ ਪਉੜੀ ਨੰ. 23 ਅੰਦਰ ਸਤਿਗੁਰੂ ਜੀ ਨੇ ਸੱਚੀ ਬਾਣੀ ਦੀ ਪ੍ਰੀਭਾਸ਼ਾ ਦਿਤੀ ਹੈ ਕਿ ਸਿੱਖ ਅਖਵਾਉਣ ਵਾਲਿਆਂ ਨੂੰ ਹਮੇਸ਼ਾਂ ਹੀ ਸੱਚੀ ਬਾਣੀ ਨੂੰ ਗਾਉਂਦੇ-ਸੁਣਦੇ ਹੋਏ ਬਾਣੀ ਵਿਚਲੇ ਨਾਮ-ਅੰਮ੍ਰਿਤ ਰਸ ਦਾ ਅਨੰਦ ਲੈਣਾ ਚਾਹੀਦਾ ਹੈ। ਇਸਦੇ ਨਾਲ ਹੀ ਅਗਲੀ ਪਉੜੀ ਨੰ. 24 ਅੰਦਰ ਸਤਿਗੁਰੂ ਦੀ ਰੀਸ ਕਰਦੇ ਹੋਏ- ਕੱਚੀਆਂ ਬਾਣੀਆਂ ਉਚਾਰਣ ਕਰਨ ਵਾਲਿਆਂ ਅਤੇ ਉਨ੍ਹਾਂ ਦੁਆਰਾ ਉਚਾਰਣ ਕੀਤੀਆਂ ਰਚਨਾਵਾਂ ਦੀ ਸਹੀ ਪਹਿਚਾਣ ਕਰਨ ਲਈ ਹੰਸ ਬ੍ਰਿਤੀ ਅਪਨਾਉਣ ਦੀ ਜ਼ਰੂਰਤ ਹੈ। ਕਿਉਂਕਿ ਜੋ ਆਪ ਕੱਚੇ ਹਨ ਉਹ ਆਪਣੇ ਪਿੱਛੇ ਲੱਗਣ ਵਾਲਿਆਂ ਨੂੰ ਵੀ ਕੱਚੇ ਹੀ ਰੱਖਦੇ ਹੋਏ ਮੰਝਧਾਰ ਵਿੱਚ ਹੀ ਡੋਬਣ ਦਾ ਕਾਰਣ ਬਨਣਗੇ। ਇਸ ਪ੍ਰਥਾਇ ਗੁਰੂ ਰਾਮਦਾਸ ਜੀ ਵਲੋਂ ਗਉੜੀ ਕੀ ਵਾਰ ਅੰਦਰ ਦਰਜ਼ ਫੁਰਮਾਣ ਵੀ ਧਿਆਨ ਗੋਚਰ ਰੱਖ ਲੈਣੇ ਲਾਹੇਵੰਦ ਰਹਿਣਗੇ-

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।।

ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ।।

ਓਨਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ।। ੯।।

(ਗਉੜੀ ਕੀ ਵਾਰ- ਮਹਲਾ ੪-੩੦੯)

ਅਰਥ- ਸਤਿਗੁਰੂ ਦੀ ਬਾਣੀ ਸੱਚੇ ਪ੍ਰਭੂ ਦਾ ਸਰੂਪ ਹੈ। ਕਿਉਂਕਿ ਇਹ ਨਿਰੋਲ ਸੱਚੇ ਪ੍ਰਭੂ ਦੀ ਸਿਫਤਿ-ਸਾਲਾਹ ਹੈ ਤੇ ਸਤਿਗੁਰੂ ਦੀ ਬਾਣੀ ਰਾਹੀਂ ਸਤਿ ਸਰੂਪ ਬਣ ਜਾਈਦਾ ਹੈ ਭਾਵ ਜੋ ਨਾਮ ਜਪਦਾ ਹੈ ਉਹ ਨਾਮ ਵਿੱਚ ਸਮਾ ਜਾਂਦਾ ਹੈ। ਕਈ ਹੋਰ ਕੂੜ ਦੇ ਵਪਾਰੀ ਸਤਿਗੁਰੂ ਦੀ ਰੀਸ ਕਰਕੇ ਕੱਚੀ-ਪਿੱਲੀ ਬਾਣੀ ਉਚਾਰਦੇ ਹਨ, ਪਰ ਉਹ ਰਿਹਦੇ ਵਿੱਚ ਕੂੜ ਹੋਣ ਕਰਕੇ ਝੜ ਪੈਂਦੇ ਹਨ, ਭਾਵ ਸਤਿਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ ਤੇ ਉਨ੍ਹਾਂ ਦਾ ਪਾਜ ਖੁੱਲ ਜਾਂਦਾ ਹੈ। ਉਨ੍ਹਾਂ ਦੇ ਹਿਰਦੇ ਵਿੱਚ ਕੁੱਝ ਹੋਰ ਹੁੰਦਾ ਹੈ ਤੇ ਮੂੰਹ ਵਿੱਚ ਹੋਰ, ਉਹ ਵਿਹੁ-ਮਾਇਆ ਨੂੰ ਇੱਕਤਰ ਕਰਨ ਲਈ ਝੂਰਦੇ ਹਨ ਤੇ ਖਪ-ਖਪ ਮਰਦੇ ਹਨ।

ਨਿਮਨ ਲਿਖਤ ਕੁੱਝ ਕੁ ਪ੍ਰਮਾਣ ਦਿਤੇ ਜਾ ਰਹੇ ਹਨ ਜੋ ਅਕਸਰ ਹੀ ਗੁਰਬਾਣੀ ਸਮਝ ਕੇ ਪੜੇ-ਸੁਣੇ-ਲਿਖੇ ਜਾ ਰਹੇ ਹਨ ਅਤੇ ਬਹੁਤ ਪ੍ਰਚਲਿਤ ਵੀ ਹਨ। ਟਰੱਕਾਂ- ਟਰਾਲੀਆਂ ਉਪਰ ਲਿਖੇ ਅਤੇ ਵਿਆਹ ਸ਼ਾਦੀਆਂ ਦੇ ਕਾਰਡਾਂ ਪ੍ਰਿੰਟ ਕੀਤੇ-ਕਰਾਏ ਮਿਲਦੇ ਹਨ। ਹੈਰਾਨੀ ਹੁੰਦੀ ਹੈ ਕਿ ਜਿਸ ਨੂੰ ਅਸੀਂ ਅਨੰਦ ਕਾਰਜ (ਵਿਆਹ) ਦੇ ਕਾਰਡ ਉਪਰ ਲਿਖ ਰਹੇ ਹਾਂ, ਇਸ ਕਾਰਜ ਵਿਚੋਂ ਅਨੰਦ (ਖੁਸ਼ੀ) ਦੀ ਪ੍ਰਾਪਤੀ ਕਿਵੇਂ ਹੋਵੇਗੀ, ਜਿਸ ਦੀ ਆਰੰਭਤਾ ਦੀ ਅਸੀਂ ਕੱਚੀ ਬਾਣੀ ਨਾਲ ਕਰ ਰਹੇ ਹਾਂ।

1. ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮੇਹਰ ਕਰਾਈ।।

ਦਾਸਾਂ ਕਾਰਜ ਆਪ ਸਵਾਰੇ ਇਹ ਉਸਦੀ ਵਡਿਆਈ।।

2. ਨਾਨਕ ਨੀਵਾਂ ਜੋ ਚਲੇ ਲਗੈ ਨ ਤਤੀ ਵਾਉ।।

3. ਨਾਮ ਖੁਮਾਰੀ ਨਾਨਕਾ ਚੜੀ ਰਹੈ ਦਿਨ ਰਾਤ।।

4. ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਇ।।

ਦੂਜਾ ਕਾਹੇ ਸਿਮਰੀਐ ਜੋ ਜੰਮੈ ਤੇ ਮਰ ਜਾਇ।।

ਉਕਤ 4 ਪ੍ਰਮਾਣ ਕੇਵਲ ਇਸ਼ਾਰੇ ਮਾਤਰ ਦਿਤੇ ਗਏ ਹਨ। ਇਹ ਅਜੇ ਹੋਰ ਵੀ ਹੋ ਸਕਦੇ ਹਨ। ਬਸ ਲੋੜ ਹੈ ਕਿ ਸਾਨੂੰ ਸਹੀ ਅਰਥਾਂ ਵਿੱਚ ਗੁਰੂ ਦੇ ਸਿੱਖ ਬਣਦੇ ਹੋਏ ਖੋਟੇ ਖਰੇ ਦੀ ਪਹਿਚਾਣ ਕਰਨ ਦੇ ਸਮਰੱਥ ਬਣ ਕੇ ਸਹੀ ਨਿਰਣਾ ਕਰਦੇ ਹੋਏ ਜਿਥੇ ਆਪ ਕੱਚੀਆਂ ਰਚਨਾਵਾਂ ਨੂੰ ਗੁਰਬਾਣੀ ਸਮਝਣ ਤੋਂ ਬਚੀਏ ਉਥੇ ਹੋਰਾਂ ਨੂੰ ਵੀ ਬਚਾਉਣ ਲਈ ਯਤਨਸ਼ੀਲ ਹੋਈਏ-

ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ।।

ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ।।

(ਆਸਾ ਮਹਲਾ ੫-੩੮੧)

… … … … …

ਇਸ ਲੇਖ ਰਾਹੀਂ ਦਿਤੇ ਗਏ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮਿ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.