.

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਦਸਵਾਂ-ਅੰਤਮ ਭਾਗ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(੧੯) ਰੇ ਚਿਤ, ਚੇਤਸਿ ਕੀ ਨ ਦਯਾਲ ਦਮੋਦਰ, ਬਿਬਹਿ ਨ ਜਾਨਸਿ ਕੋਈ॥ ਜੇ ਧਾਵਹਿ ਬ੍ਰਹਮੰਡ ਖੰਡ ਕਉ, ਕਰਤਾ ਕਰੈ ਸੁ ਹੋਈ॥ ੧॥ ਰਹਾਉ॥ ਜਨਨੀ ਕੇਰੇ ਉਦਰ ਉਦਕ ਮਹਿ, ਪਿੰਡੁ ਕੀਆ ਦਸ ਦੁਆਰਾ॥ ਦੇਇ ਅਹਾਰੁ ਅਗਨਿ ਮਹਿ ਰਾਖੈ, ਐਸਾ ਖਸਮੁ ਹਮਾਰਾ॥ ਕੁੰਮੀ ਜਲ ਮਾਹਿ, ਤਨ ਤਿਸੁ ਬਾਹਰਿ, ਪੰਖ ਖੀਰੁ ਤਿਨੑ ਨਾਹੀ॥ ਪੂਰਨ ਪਰਮਾਨੰਦ ਮਨੋਹਰ, ਸਮਝਿ ਦੇਖੁ ਮਨ ਮਾਹੀ॥ ੨॥ ਪਾਖਣਿ ਕੀਟੁ, ਗੁਪਤੁ ਹੋਇ ਰਹਤਾ, ਤਾ ਚੋ ਮਾਰਗੁ ਨਾਹੀ॥ ਕਹੈ ਧੰਨਾ ਪੂਰਨ ਤਾਹੂ ਕੋ, ਮਤ ਰੇ ਜੀਅ ਡਰਾਂਹੀ॥ ੩॥ ੩॥ (ਪੰ: ੪੮੮)

ਅਰਥ : —ਹੇ ਮੇਰੇ ਮਨ! ਤੂੰ, ਦਇਆ ਦੇ ਘਰ ਪ੍ਰਮਾਤਮਾ ਨੂੰ ਕਿਉਂ ਨਹੀਂ ਸਿਮਰਦਾ? ਵੇਖੀਂ ਤੂੰ ਕਿਸੇ ਹੋਰ `ਤੇ ਆਸ ਨਾ ਲਗਾਈ ਰੱਖੀਂ। ਜੇ ਤੂੰ ਸਾਰੀ ਸ੍ਰਿਸ਼ਟੀ ਦੇ ਦੇਸਾਂ-ਪ੍ਰਦੇਸਾਂ `ਚ ਵੀ ਭਟਕਦਾ ਫਿਰੇਂਗਾ, ਤਾਂ ਵੀ ਤੈਨੂੰ ਉਹੀ ਪ੍ਰਾਪਤ ਹੋਵੇਗਾ ਜੋ ਕਰਤਾ ਪ੍ਰਭੂ ਚਾਹੇਗਾ ਅਤੇ ਜੋ ਉਹ ਕਰੇਗਾ। ੧। ਰਹਾਉ।

ਮਾਂ ਦੇ ਪੇਟ ਅੰਦਰ ਜਲ `ਚ ਉਸ ਪ੍ਰਭੂ ਨੇ ਸਾਡਾ ਇਹ ਦਸ ਸ੍ਰੋਤਾਂ ਵਾਲਾ ਸਰੀਰ ਬਣਾ ਦਿੱਤਾ; ਮਾਂ ਦੇ ਪੇਟ ਵਿੱਚਲੇ ‘ਅਗਨ ਕੁੰਟ’ ਤੇ ਬਾਅਦ `ਚ ਵੀ ਪ੍ਰਭੂ ਸਨੂੰ ਖ਼ੁਰਾਕ ਪਹੁੰਚਾਉਂਦਾ ਤੇ ਸਾਡੀ ਰੱਖਿਆ ਵੀ ਕਰਦਾ ਹੈ। ਤਾਂ ਤੇ ਹੇ ਮਨ! ਵੇਖ ਤੇ ਸਮਝ ਕਿ ਸਾਡਾ ਉਹ ਮਾਲਕ ਇਹੋ ਜਿਹਾ ਦਿਆਲ ਹੈ। ੧।

ਹੇ ਮੇਰੇ ਮਨ! ਹੋਰ ਦੇਖ! ਕਛੂ-ਕੁੰਮੀ ਪਾਣੀ `ਚ ਰਹਿੰਦੀ ਹੈ, ਉਸ ਦੇ ਬੱਚੇ ਬਾਹਰ ਰੇਤੇ `ਤੇ ਜੰਮਦੇ ਤੇ ਪਲਦੇ ਵੀ ਹਨ। ਜਦਕਿ ਨਾ ਉਨ੍ਹਾਂ ਬੱਚਿਆਂ ਕੋਲ ਖੰਭ ਹੁੰਦੇ ਹਨ ਕਿ ਉਹ ਉੱਡ ਕੇ ਆਪ ਕੁੱਝ ਖਾ ਲੈਣ, ਅਤੇ ਨਾ ਹੀ ਕਛੂ-ਕੁੰਮੀ ਕੋਲ ਅਜਿਹੇ ਥਣ ਹਨ ਜੋ ਉਹ ਆਪਣੇ ਬੱਚਿਆਂ ਨੂੰ ਦੁੱਧ ਪਿਲਾਵੇ।

ਪਰ ਹੇ ਮੇਰੀ ਜਿੰਦੇ! ਤੂੰ ਮਨ `ਚ ਵਿਚਾਰ ਤਾਂ ਸਹੀ ਕਿ ਉਹ ਸੁੰਦਰ ਪਰਮਾਨੰਦ ਪੂਰਨ ਪ੍ਰਭੂ, ਕੁੰਭੀ ਤੇ ਉਸ ਦੇ ਉਨ੍ਹਾਂ ਬਚਿਆਂ ਦੀ ਪਾਲਣਾ ਤੇ ਬਹੁੜੀ ਵੀ ਕਰਕੇ ਆਪ ਹੀ ਕਰਦਾ ਹੈ। ੨।

ਇਸੇ ਤਰ੍ਹਾਂ ਪੱਥਰ `ਚ ਕੀੜਾ, ਲੁਕਿਆ ਹੁੰਦਾ ਹੈ, ਪੱਥਰ `ਚੋਂ ਬਾਹਰ ਜਾਣ ਲਈ ਉਸ ਕੋਲ ਕੋਈ ਰਸਤਾ ਵੀ ਨਹੀਂ ਹੁੰਦਾ; ਪਰ ਉਸ ਦਾ ਪਾਲਕ ਵੀ ਆਪਣੇ ਆਪ ਉਹ ਪੂਰਨ ਪ੍ਰਮਾਤਮਾ ਹੀ ਹੁੰਦਾ ਹੈ; ਧੰਨਾ ਆਖਦਾ ਹੈ—ਹੇ ਜਿੰਦੇ! ਇਸ ਲਈ ਤੂੰ ਵੀ ਬੇ-ਸਬਰੀ ਨਾ ਹੋ ਅਤੇ ਡਰ ਵੀ ਨਹੀਂ। ੩। ੩।

ਵਿਸ਼ੇਸ਼ ਨੋਟ: —੧-ਚਲਦੇ ਪ੍ਰਕਰਣ "ਮਾਤ ਗਰਭ ਮਹਿ ਆਪਨ ਸਿਮਰਨੁ ਦੇ…" ਨੂੰ ਹੋਰ ਖੁੱਲ ਕੇ ਸਮਝਣ ਲਈ ਹੱਥਲੇ ਸ਼ਬਦ ਵਿੱਚਲੀ ਪੰਕਤੀ "ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ॥ ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ" ਵਿਸ਼ੇਸ਼ ਧਿਆਨ ਮੰਗਦੀ ਹੈ। ਬੇਸ਼ੱਕ ਵਿਸ਼ੇ ਬਾਰੇ ਬਹੁਤਰਾ ਜ਼ਿਕਰ ਪਹਿਲਾਂ ਵੀ ਕਰ ਆਏ ਪਰ ਇਸ ਲਿਖਤ ਦੇ ਹੱਥਲੇ ਅੰਤਮ ਭਾਗ `ਚ ਕੇਵਲ ਇਸ ਲਈ ਦੌਰਾਹ ਰਹੇ ਹਾਂ ਤਾ ਕਿ "ਗੁਰਬਾਣੀ ਸਿਧਾਂਤ" ਦੇ ਇਸ ਸੱਚ ਨੂੰ ਸਮਝਣ `ਚ ਕੋਈ ਵੀ ਸ਼ੰਕਾ ਬਾਕੀ ਨਾ ਰਹਿ ਜਾਵੇ, ਜਿਵੇਂ ਕਿ ਅਕਾਰਣ ਸ਼ੰਕੇ ਪੈਦਾ ਕੀਤੇ ਜਾ ਰਹੇ ਹਨ।

ਤਾਂ ਤੇ ਚਲਦੇ ਵਿਸ਼ੇ ਵੱਲ ਕੁੱਝ ਹੋਰ ਅੱਗੇ ਵਧਦੇ ਹੋਏ:-

"ਮਾਤਾ ਦੇ ਗਰਭ `ਚ "ਮਾਤ ਪਿਤਾ ਸੰਜੋਗਿ ਉਪਾਏ", ਅਥਵਾ ਰਕਤੁ ਬਿੰਦੁ ਮਿਲਿ ਪਿੰਡੁ ਕਰੇ" (ਪੰ: ੧੦੧੩) ਹੋਰ "ਮਾ ਕੀ ਰਕਤੁ ਪਿਤਾ ਬਿਦੁ ਧਾਰਾ" (ਪੰ: ੧੦੨੨) ਜਾਂ "ਬਿੰਦੁ ਰਕਤੁ ਮਿਲਿ ਪਿੰਡੁ ਸਰੀਆ" (ਪੰ: ੧੦੨੬) ਅਥਵਾ "ਰਕਤ ਬੁੰਦ ਕਾ ਗਾਰਾ" (ਪੰ: ੬੫੯) ਭਾਵ ਪਿਤਾ ਦੇ ਵੀਰਜ ਦੀ ਇੱਕ ਬੂੰਦ ਤੇ ਮਾਤਾ ਦੇ ਰਕਤ ਦੇ ਮਿਲਾਪ (ਉਸ ਗਾਰੇ) ਤੋਂ ਮਾਤਾ ਦੇ ਗਰਭ `ਚ ਹਰੇਕ ਬੱਚੇ ਦਾ ਅਸਥਾਪਨ ਹੁੰਦਾ ਹੈ, ਉਸ ਨੂੰ ਨਿੰਮਿਆ ਅਤੇ ਇਸੇ ਨੂੰ ਮਾਤਾ ਦਾ ਗਰਭਵਤੀ ਹੋਣਾ ਵੀ ਕਹਿੰਦੇ ਹਨ।

ਉਪ੍ਰੰਤ, ਕਰਤੇ ਪ੍ਰਭੂ ਦੀ ਖੇਡ ਤੇ ਕਰਣੀ, ਪ੍ਰਭੂ ਦੇ ਹੁਕਮ `ਚ ਹੀ ਮਾਤਾ ਦੇ ਮਾਸਕਧਰਮ ਦਾ ਬਹਾਵ ਵੀ ਲਗਾਤਾਰ ਕੁੱਝ ਮਹੀਨਿਆਂ ਲਈ ਉਸ ਸਰੀਰ ਦੇ ਅੰਦਰ ਹੀ ਰੁੱਕਦਾ ਰਹਿੰਦਾ ਹੈ।

ਇਸ ਤਰ੍ਹਾਂ ਉਸ ਮਾਸਕ ਧਰਮ ਦੀ ਰੁਕਾਵਟ ਤੇ ਉਥੇ, ਉਸ ਦਾ ਇਕੱਠਾ ਹੁੰਦੇ ਜਾਣਾ ਤੇ ਉਸੇ "ਰਕਤ-ਬੂੰਦ ਦੇ ਗਾਰੇ" ਤੋਂ ਅਰੰਭ ਹੋਏ "ਗੰਢੇਦਿਆਂ ਛਿਅ ਮਾਹ. ." (ਪੰ: ੪੮੮) ਮਾਤਾ ਦੇ ਗਰਭ `ਚ ਸਾਡਾ ਸਰੀਰ, ਛੇ ਮਹੀਨਿਆਂ `ਚ ਤਿਆਰ ਹੁੰਦਾ ਹੈ। ਇਸ ਤਰ੍ਹਾਂ ਮਾਤਾ ਦਾ ਲਗਾਤਾਰ ਰੁੱਕ ਰਿਹਾ ਉਹ ਮਾਸਕ ਧਰਮ (ਤਰਲ) "ਜਿਥੈ ਅਗਨਿ ਭਖੈ ਭੜਹਾਰੇ" (ਪੰ: ੧੦੦੭) ਉਸ ਦੌਰਾਨ ਵੱਡੇ ਸੈਂਟੀ ਗ੍ਰੇਡ ਤੇ ਵੱਡੇ ਤਾਪਮਾਨ `ਚ ਉਬਾਲੇ ਖਾ ਰਿਹਾ ਹੁੰਦਾ ਹੈ ਤੇ ਉਸੇ ਤੋਂ ਸਾਡਾ ਇਹ ਸਰੀਰ ਬਣ ਰਿਹਾ ਹੁੰਦਾ ਹੈ।

ਹੋੇਰ ਤਾਂ ਹੋਰ, ਅਜੋਕੇ ਡਾਕਟਰੀ ਵਿਗਿਆਨ ਅਨੁਸਾਰ ਵੀ ਜੇ ਉਸ ਉਬਲਦੇ ਹੋਏ ਤਰਲ ਪਦਾਰਥ `ਚ ਜੇ ਨੰਗੀ ਉਂਗਲ ਪੈ ਜਾਵੇ ਤਾਂ ਉਹ ਵੀ ਸੜ ਕੇ ਰਾਖ ਹੋ ਜਾਵੇਗੀ, ਪਰ ਕਰਤੇ ਪ੍ਰਭੂ ਦੀ ਕਰਣੀ, ਉਸ ਦੌਰਾਨ ਪ੍ਰਭੂ ਆਪ ਬਹੁੜੀ ਕਰਕੇ "ਅਗਨਿ ਬਿੰਬ ਜਲ ਭੀਤਰਿ ਨਿਪਜੇ" (ਪੰ: ੧੫੬) ਅਥਵਾ "ਮਹਾ ਅਗਨਿ ਨ ਬਿਨਾਸਨੰ" (੭੦੬) "ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ" (ਪੰ: ੭੪੮) ਪ੍ਰਭੂ ਸਾਡੀ ਲਿਵ ਨੂੰ ਆਪ ਹੀ ਆਪਣੇ `ਚ ਵਿਲੀਨ ਕਰੀ ਰਖਦਾ ਹੈ ਜਿਸ ਤੋਂ ਸਾਨੂੰ ਓਦੋਂ ਮਾਤਾ ਦੇ ਗਰਭ ਵਿੱਚਲੇ ਉਸ ‘ਅਗਨਿ ਕੁੰਟ’ ਦੀ ਗਰਮੀ ਤੇ "ਜਿਥੈ ਅਗਨਿ ਭਖੈ ਭੜਹਾਰੇ" ਫੜ-ਫੜਾ ਕਰ ਰਹੀ ਅੱਗ ਦਾ ਨਾ ਅਹਿਸਾਸ ਹੁੰਦਾ ਹੈ ਤੇ ਉਦੋਂ ਨਾ ਉਹ ਅੱਗ ਸਾਨੂੰ ਪੋਹੰਦੀ ਹੀ ਹੈ।

ਦੂਜੇ ਪਾਸੇ ਪ੍ਰਭੂ ਕੇਵਲ ਉਸ ਬੱਚੇ ਦੀ ਰਾਖੀ ਹੀ ਨਹੀਂ ਕਰਦਾ ਬਲਕਿ ਉਸ ਦੌਰਾਨ ਮਾਤਾ ਦੇ ਗਰਭ `ਚ "ਬਿੰਬ ਜਲ ਭੀਤਰਿ ਨਿਪਜੇ" ਅਥਵਾ "ਜਨਨੀ ਕੇਰੇ ਉਦਰ ਉਦਕ ਮਹਿ" ਭਾਵ ਬੱਚੇ ਤੇ ਮਾਂ ਨੂੰ ਪਾਣੀ ਦੀ ਭਰੀ ਹੌਈ ਥੈਲੀ ਵੀ ਪ੍ਰਦਾਨ ਕੀਤੀ ਹੁੰਦੀ ਹੈ ਜਿਸਤੋਂ ਕੇਵਲ ਬੱਚੇ ਨੂੰ ਹੀ ਨਹੀਂ ਬਲਕਿ ਮਾਤਾ ਨੂੰ ਵੀ ਆਪਣੇ ਗਰਭ ਵਿੱਚਲੇ ਉਸ ‘ਅਗਨਿ ਕੁੰਟ’ ਦਾ ਸੇਕ ਨਹੀਂ ਪਹੁੰਦਾ।

ਹੋਰ ਤਾਂ ਹੋਰ, ਬੱਚੇ ਨੂੰ ਸੰਸਾਰ `ਚ ਜਨਮ ਦੇਣ ਤੋਂ ਪਹਿਲਾਂ ਵੀ ਸਾਡਾ ਸਮ੍ਰਥ ਤੇ ਦਿਆਲੂ ਪ੍ਰਭੂ, "ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ॥ ਦਸ ਮਾਸ ਮਾਤਾ ਉਦਰਿ ਰਾਖਿਆ…" (ਪੰ: ੪੮੧) ਉਸ ਬੱਚੇ ਨੂੰ ਤਿੰਨ ਮਹੀਨੇ ਨਰਸਰੀ ਵੀ ਮਾਤਾ ਦੇ ਗਰਭ `ਚ ਹੀ ਪ੍ਰਦਾਨ ਕਰਦਾ ਹੈ ਅਤੇ ਉਸ ਦੌਰਾਨ "ਦੇਇ ਅਹਾਰੁ ਅਗਨਿ ਮਹਿ ਰਾਖੈ" (ਪੰ: ੪੮੮) ਪ੍ਰਭੂ ਨਵੇਂ ਜਨਮ ਲੈਣ ਵਾਲੇ ਬੱਚੇ ਲਈ ਲਗਾਤਰ ਆਹਾਰ ਵੀ ਪਹੁੰਚਾਉਦਾ ਰਹਿੰਦਾ ਹੈ ਅਤੇ ਤਾਂ ਜਾ ਕੇ ਨੌ ਮਹੀਨੇ ਦੀ ਉਸ ਸੰਪੂਰਣ ਕਿਰਿਆ ਤੋਂ ਬਾਅਦ, ਦਸਵੇਂ ਮਹੀਨੇ, ਕਰਤਾਰ ਸਾਨੂੰ ਇਸ ਸੰਸਾਰ `ਚ ਭੇਜ ਦਿੰਦਾ ਹੈ।

ਫ਼ਿਰ ਇਥੇ ਵੀ ਬੱਸ ਨਹੀਂ, ਮਾਤਾ ਦੇ ਗਰਭ `ਚ "ਗੰਢੇਦਿਆਂ ਛਿਅ ਮਾਹ. ." (ਪੰ: ੪੮੮) ਛੇ ਮਹੀਨਿਆਂ `ਚ ਜਦੋਂ ਉਥੇ ਸਾਡਾ ਇਹ ਸਰੀਰ ਤਿਆਰ ਹੋ ਜਾਂਦਾ ਹੈ ਤਾਂ ਅਗਲੇ ਤਿੰਨ ਮਹੀਨਿਆਂ ਦੋਰਾਨ ਵੀ ਉਥੇ ਸਾਡੀ ਹਾਲਤ "ਊਰਧ ਮੁਖ ਮਹਾ ਗੁਬਾਰੇ" (ਪੰ: ੧੦੦੭) ਹੋਰ "ਰੇ ਨਰ ਗਰਭ ਕੁੰਡਲ ਜਬ ਆਛਤ…" (ਪੰ: ੯੩) ਭਾਵ ਓਦੋਂ ਉਨ੍ਹਾਂ ਤਿੰਨ ਮਹੀਨਿਆਂ ਦੌਰਾਨ ਵੀ ਮਾਤਾ ਦੇ ਗਰਭ `ਚ ਕੁੰਡਲ ਰੌਪ ਬਣੇ ਹੋਏ ਸਾਡਾ ਮੂੰਹ ਹੇਠਾਂ ਹੁੰਦਾ ਹੈ ਤੇ ਸਾਡੇ ਪੈਰ ਉਪਰ ਹੁੰਦੇ ਹਨ।

ਫ਼ੁਰਮਾਨ ਹੈ "ਉਰਧ ਮੁਖੁ ਕੁਚੀਲ ਬਿਕਲੁ, ਨਰਕਿ ਘੋਰਿ ਗੁਬਾਰਿ" (ਪੰ: ੭੦੬) ਅਤੇ "ਅਗਨਿ ਕੁੰਟ ਮਹਿ ਉਰਧ ਲਿਵ ਲਾਗਾ, ਹਰਿ ਰਾਖੈ ਉਦਰ ਮੰਝਾਰਾ" (ਪੰ: ੭੨੦) ਭਾਵ ਸਰੀਰ ਕਰਕੇ ਉਸ ਦੌਰਾਨ ਜਦੋਂ ਸਾਡੀ ਅਜਿਹੀ ਭਿਆਨਕ ਤੇ ਅਸਹਿ ਹਾਲਤ ਬਣੀ ਹੁੰਦੀ ਹੈ ਤਾਂ ਵੀ ਸਾਨੂੰ ਇਸ ਸਾਰੇ ਦਾ ਰਤੀ ਭਰ ਸੰਤਾਪ ਤੇ ਪੀੜਾ ਨਹੀਂ ਪਹੁੰਦੀ ਕਿਉਂਕਿ "ਜਿਥੈ ਅਗਨਿ ਭਖੈ ਭੜਹਾਰੇ॥ ਊਰਧ ਮੁਖ ਮਹਾ ਗੁਬਾਰੇ॥ ਸਾਸਿ ਸਾਸਿ ਸਮਾਲੇ ਸੋਈ, ਓਥੈ ਖਸਮਿ ਛਡਾਇ ਲਇਆ" (ਪੰ: ੧੦੦੭) ਆਦਿ ਬਹੁਤੇਰੇ ਸੰਬੰਧਤ ਗੁਰਬਾਣੀ ਪ੍ਰਮਾਣ ਲੈ ਚੁੱਕੇ ਹਾਂ ਇਸ ਲਈ ਉਨ੍ਹਾਂ ਨੂੰ ਇਥੇ ਦੌਰਾਨ ਦੀ ਲੋੜ ਨਹੀਂ।

ਮੁੱਕਦੀ ਗੱਲ "ਰਕਤ ਬੁੰਦ ਕਾ ਗਾਰਾ" (ਪੰ: ੬੫੯) ਤੌਂ ਅਰੰਭ ਹੋ ਕੇ ‘ਗਰਭ ਅਗਨਿ’, ‘‘ਅਗਨਿ ਉਦਰ’ ‘ਜਠਰ ਅਗਨਿ’, ‘ਅਗਨਿ ਕੁੰਡ’, ‘ਅਗਨਿ ਉਦਰ’ ਉਪ੍ਰੰਤ ਛੇ ਮਹਨਿਆਂ `ਚ ਸਰੀਰ ਦੇ ਤਿਆਰ ਹੋ ਹੋਣ ਤੋਂ ਬਾਅਦ ਵੀ ਮਾਤਾ ਦੇ ਗਰਭ ਵਿੱਚਲੇ ਤਿੰਨ ਮਹੀਨਿਆਂ ਦੀ ਨਰਸਰੀ, ਇਸ ਤਰ੍ਹਾਂ ਸਮੂਚੇ ਉਨ੍ਹਾਂ ਨੌਂ ਮਹੀਨਿਆਂ ਦੌਰਾਨ, ਜਦੋਂ ਅਸੀਂ ਆਪਣੇ ਆਪ `ਚ ਬਿਲਕੁਲ਼ ਅਸਹਾਯ ਅਤੇ ਹਰ ਪੱਖੋਂ ਆਪਣੀ ਸੰਭਾਲ ਲਈ ਅਸਮ੍ਰਥ ਹੁੰਦੇ ਹਾਂ ਤਾਂ ਵੀ ਪ੍ਰਭੂ ਆਪ ਬਹੁੜੀ ਕਰਕੇ:-

"ਮਾਤ ਗਰਭ ਮਹਿ ਹਾਥ ਦੇ ਰਾਖਿਆ…" (ਪੰ: ੮੦੫) ਅਥਵਾ

"ਗਰਭ ਅਗਨਿ ਮਹਿ ਜਿਨਹਿ ਉਬਾਰਿਆ॥ ਰਕਤ ਕਿਰਮ ਮਹਿ ਨਹੀ ਸੰਘਾਰਿਆ॥ ਅਪਨਾ ਸਿਮਰਨੁ ਦੇ ਪ੍ਰਤਿਪਾਲਿਆ, ਓਹੁ ਸਗਲ ਘਟਾ ਕਾ ਮਾਲਕਾ" (ਪੰ: ੧੦੮੪)

ਪ੍ਰਭੂ ਸਾਨੂੰ ਸੰਸਾਰ ਤਲ `ਤੇ ਇਸ ਮਨੁੱਖਾ ਜਨਮ ਵਾਲਾ ਇਹ ਦੁਰਲਭ ਅਵਸਰ ਪ੍ਰਦਾਨ ਕਰ ਦਿੰਦਾ ਹੈ।

ਵਿਸ਼ੇਸ਼ ਨੋਟ: —੨- ਇਸ ਤੋਂ ਬਾਅਦ ਇਹ ਵੀ ਸਮਝਣਾ ਹੈ ਸਾਨੂੰ ਸੰਸਾਰ `ਚ ਭੇਜਣ ਤੇ ਜਨਮ ਦੇਣ ਵਾਲੀ ਪ੍ਰਭੂ ਦੀ ਇਹ ਅਸਚਰਜ ਤੇ ਵਿਸਮਾਦੀ ਕਿਰਿਆ ਕੇਵਲ ਮਨੁੱਖ ਲਈ ਹੀ ਨਹੀਂ ਬਲਕਿ ਅਨੇਕਾਂ ਢੰਗਾਂ ਤੇ ਅਨੇਕਾਂ ਰੂਪਾਂ `ਚ ਹਰੇਕ ਜੀਵ ਲਈ ਵੀ ਹੈ।

ਸੰਬੰਧਤ ਸ਼ਬਦ `ਚ ਹੀ ਭਗਤ ਧੰਨਾ ਜੀ ਨੇ ਵਿਚਾਰਅਧੀਨ ਪੰਕਤੀ "ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ॥ ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ" ਰਾਹੀਂ ਕੇਵਲ ਮਨੁੱਖਾ ਸਰੀਰ ਦੀ ਗੱਲ ਹੀ ਨਹੀਂ ਕੀਤੀ ਬਲਕਿ ਕੁੰਭੀ ਭਾਵ ਮਾਦਾ ਕਛੁਏ ਤੇ ਪੱਥਰ ਅੰਦਰ ਜਨਮ ਲੈਣ ਤੇ ਉਥੇ ਆਪਣੇ ਆਪ ਪਲਣ ਵਾਲੇ ਕੀੜਿਆਂ ਦੀ ਗੱਲ ਵੀ ਕੀਤੀ ਹੈ।

ਕਿਤਣੀ ਹੈਰਾਣਕੁਣ ਹਾਲਤ ਹੈ ਕਿ ਕੁੰਭੀ ਆਪ ਪਾਣੀ `ਚ ਰਹਿੰਦੀ ਹੈ ਪਰ ਆਪਣੇ ਬੱਚਿਆਂ ਨੂੰ ਜਨਮ ਦੇਣ ਲਈ ਬਾਹਿਰ ਬਰੇਟੇ ਅਥਵਾ ਰੇਤੇ `ਤੇ ਆ ਜਾਂਦੀ ਹੈ। ਹੁਣ ਬੱਚਿਆਂ ਕੋਲ ਨਾ ਤਾਂ ਪਰ ਹਨ ਕਿ ਉਹ ਭੋਜਣ ਲਈ ਇਧਰ ਉਧਰ ਉਡ ਸਕਣ ਤੇ ਨਾ ਕੁੰਭੀ ਪਾਸ ਉਨ੍ਹਾਂ ਨੂੰ ਦੁਧ ਪਿਲਾਉਣ ਲਈ ਥਨ ਹਨ, ਤਾਂ ਵੀ ਉਹ ਬੱਚੇ ਪਲ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਪਾਲਣਾ ਵੀ ਪ੍ਰਭੂ ਆਪ ਕਰ ਰਿਹਾ ਹੁੰਦਾ ਹੈ, ਜਿਵੇਂ ਲਗਾਤਰ ਨੌੰ ਮਹੀਨੇ ਤੱਕ ਮਾਤਾ ਦੇ ਗਰਭ `ਚ ਮਨੁੱਖਾ ਸਰੀਰ ਦੀ।

ਇਸੇ ਤਰ੍ਹਾਂ ਪੱਥਰ `ਚ ਜਨਮ ਲੈਣ ਤੇ ਪਲਣ ਵਾਲੇ ਕੀੜੇ ਦੀ ਮਿਸਾਲ, ਜਿਸ ਪਾਸ ਬਹਿਰ ਜਾਣ ਲਈ ਵੀ ਕੋਈ ਰਸਤਾ ਨਹੀਂ ਪਰ ਉਥੇ ਉਹ ਕੀੜੇ ਵੀ ਪ੍ਰਭੂ ਦੇ ਆਪਣੇ ਉਸੇ ਹੁਕਮ ਦੀ ਖੇਡ ਤੇ ਕਰਣੀ `ਚ ਹੀ ਪਲਦੇ ਹਨ। ਤਾਂ ਤੇ ਭਗਤ ਜੀ ਦਾ ਹੱਥਲੇ ਸ਼ਬਦ `ਚ ਫ਼ੁਰਮਾਨ ਹੈ "ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨੑ ਨਾਹੀ॥ ਪੂਰਨ ਪਰਮਾਨੰਦ ਮਨੋਹਰ, ਸਮਝਿ ਦੇਖੁ ਮਨ ਮਾਹੀ॥ ੨॥ ਪਾਖਣਿ ਕੀਟੁ, ਗੁਪਤੁ ਹੋਇ ਰਹਤਾ, ਤਾ ਚੋ ਮਾਰਗੁ ਨਾਹੀ॥ ਕਹੈ ਧੰਨਾ ਪੂਰਨ ਤਾਹੂ ਕੋ, ਮਤ ਰੇ ਜੀਅ ਡਰਾਂਹੀ"।

ਉਂਜ ਗੁਰਬਾਣੀ `ਚ ਅਜਿਹੇ ਫ਼ੁਰਮਾਨ, ਜਿਵੇਂ ਕੂੰਜਾਂ ਲਈ ਤੇ ਕਈ ਤਰ੍ਹਾਂ ਦੇ ਹੋਰ ਵੀ ਅਤੇ ਬਹੁਤ ਵਾਰ ਆਏ ਹਨ। ਮਿਸਾਲ ਵਜੋਂ:-

"ਜੈਸੀ ਗਗਨਿ ਫਿਰੰਤੀ ਊਡਤੀ, ਕਪਰੇ ਬਾਗੇ ਵਾਲੀ। ਉਹ ਰਾਖੈ ਚੀਤੁ ਪੀਛੈ ਬਿਚਿ ਬਚਰੇ, ਨਿਤ ਹਿਰਦੈ ਸਾਰਿ ਸਮਾਲੀ" (ਪੰ: ੧੬੮) ਇਸੇ ਤਰ੍ਹਾਂ ਇੱਕ ਹੋਰ ਗੇਰਬਣੀ ਫ਼ੁਰਮਾਣ:-

"ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ" …."ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ" (ਪੰ: ੧੦)

(੨੦) ਸੋਰਠਿ ਮਹਲਾ ੫ ਘਰੁ ੨।। "ਮਾਤ ਗਰਭ ਮਹਿ ਆਪਨ ਸਿਮਰਨੁ ਦੇ, ਤਹ ਤੁਮ ਰਾਖਨਹਾਰੇ।। ਪਾਵਕ ਸਾਗਰ ਅਥਾਹ ਲਹਰਿ ਮਹਿ, ਤਾਰਹੁ ਤਾਰਨਹਾਰੇ।। ੧।। ਮਾਧੌ ਤੂ ਠਾਕੁਰੁ ਸਿਰਿ ਮੋਰਾ।। ਈਹਾ ਊਹਾ ਤੁਹਾਰੋ ਧੋਰਾ।। ਰਹਾਉ।। ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ।। ਤੂ ਦਾਤਾ ਮਾਗਨ ਕਉ ਸਗਲੀ, ਦਾਨੁ ਦੇਹਿ ਪ੍ਰਭ ਭਾਨੈ।। ੨।। ਖਿਨ ਮਹਿ ਅਵਰੁ ਖਿਨੈ ਮਹਿ ਅਵਰਾ, ਅਚਰਜ ਚਲਤ ਤੁਮਾਰੇ।। ਰੂੜੋ ਗੂੜੋ ਗਹਿਰ ਗੰਭੀਰੋ, ਊਚੌ ਅਗਮ ਅਪਾਰੇ।। ੩।। ਸਾਧ ਸੰਗਿ ਜਉ ਤੁਮਹਿ ਮਿਲਾਇਓ, ਤਉ ਸੁਨੀ ਤੁਮਾਰੀ ਬਾਣੀ।। ਅਨਦੁ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੀ।। ੪।। ੭।। ੧੮।। (ਪੰ: ੬੧੩)

ਅਰਥ : —ਹੇ ਪ੍ਰਭੂ! ਤੂੰ ਹੀ ਮੇਰੇ ਸਿਰ `ਤੇ ਮੇਰਾ ਮਾਲਿਕ ਹੈ ਤੇ ਮੇਰਾ ਰਾਖਾ ਵੀ ਤੂੰ ਹੀ ਹੈਂ। ਇਸ ਲੋਕ `ਚ ਤੇ, ਪ੍ਰਲੋਕ `ਚ ਵੀ ਮੈਨੂੰ ਤੇਰਾ ਹੀ ਆਸਰਾ ਹੈ, ਇੱਕ ਤੇਰਾ ਹੀ ਸਹਾਰਾ ਹੈ। ਰਹਾਉ।

ਹੇ ਸੰਸਾਰ-ਸਮੁੰਦ੍ਰ ਤੋਂ ਪਾਰ ਲੰਘਾਣ ਦੀ ਸਮ੍ਰਥਾ ਰੱਖਣ ਵਾਲੇ ਪ੍ਰਭੂ! ਜਦੋਂ ਮੈਂ ਮਾਤਾ ਦੇ ਗਰਭ `ਚ ਸਾਂ ਤਾਂ ਓਦੋਂ ਵੀ ਤੂੰ ਆਪਣਾ ਸਿਮਰਨ ਦੇ ਕੇ ਭਾਵ ਮੇਰੀ ਸੁਰਤ ਅਥਵਾ ਲਿਵ ਨੂੰ ਆਪਣੇ ਅੰਦਰ ਵਿਲੀਨ ਕਰਕੇ ਮੇਰੀ ਰੱਖਿਆ ਵੀ ਤੂੰ ਆਪ ਹੀ ਕੀਤੀ ਸੀ।

ਉਪ੍ਰੰਤ, ਹੇ ਪ੍ਰਭੂ! ਤੇਰੇ ਚਰਨਾਂ `ਚ ਮੇਰੀ ਅਰਜ਼ੋਈ ਹੈ, ਮੇਰੀ ਅਰਦਾਸ ਹੈ, ਇਸ ਸੰਸਾਰ `ਚ ਵਿਚਰਦਿਆਂ ਵੀ, ਸੰਸਾਰ ਵਿੱਚਲੀ ਵਿਕਾਰਾਂ ਤੇ ਮੌਹ-ਮਾਇਆ ਦੀ ਅੱਗ ਦੇ ਗਹਿਰੇ ਸਮੁੰਦ੍ਰ ਦੀਆਂ ਡੂੰਘੀਆਂ ਲਹਿਰਾਂ `ਚ ਮੈਨੂੰ ਡਿੱਗੇ ਹੋਏ ਨੂੰ, ਤੂੰ ਆਪ ਹੀ ਬਹੁੜੀ ਕਰਕੇ ਪਾਰ ਲੰਘਾ ਭਾਵ ਹੇ ਪ੍ਰਭੂ! ਮੇਰੇ ਇਸ ਮਨੁੱਖਾ ਜਨਮ ਨੂੰ ਸਫ਼ਲ ਕਰਣ ਲਈ ਮੈਨੂੰ ਸਮ੍ਰਥ ਵੀ ਤੂੰ ਆਪ ਦੇ, ਕਿਉਂਕਿ ਅਜਿਹੀ ਸਮ੍ਰਥਾ ਮੇਰੇ ਆਪਣੇ ਅੰਦਰ ਨਹੀਂ। ੧।

ਹੇ ਪ੍ਰਭੂ! ਥੇਰੇ ਪੈਦਾ ਕੀਤੇ ਪਦਾਰਥਾਂ ਨੂੰ ਤਾਂ ਇਹ ਜੀਵ ਆਪਣੀਆਂ ਮੇਰੂ ਪਰਬਤ ਜਿਡੀਆਂ ਵੱਡੀਆਂ ਪ੍ਰਾਪਤੀਆ ਸਮਝਣ ਤੇ ਮੰਣਨ ਲੱ! ਗ ਜਾਂਦਾ ਹੈ, ਪਰ ਤੈਨੂੰ, ਜਿਹੜਾ ਕਿ ਇਹ ਸਾਰਿਆਂ ਦਾਤਾਂ ਦੇਣ ਤੇ ਪੈਦਾ ਕਰਣ ਵਾਲਾ ਹੈਂ ਇੱਕ ਤੀਲੇ ਵਰਗਾ ਵੀ ਨਹੀਂ ਜਾਣਦਾ। ਭਾਵ ਮਾਤਾ ਦੇ ਗਰਭ `ਚੋਂ ਆਉਣ ਤੋਂ ਬਾਅਦ ਉਹੀ ਮਨੁੱਖ ਜਦੋਂ ਸੰਸਾਰ `ਚ ਵਿਚਰਦਾ ਹੈ ਤਾਂ ਹਰੇਕ ਪ੍ਰਾਪਤੀ ਨੂੰ ਆਪਣੀ ਮਿਹਨਤ ਤੇ ਆਪਣੀ ਤਾਕਤ ਨਾਲ ਬਣਾਈ ਹੋਈ ਤੇ ਆਪਣੀ ਕਮਾਈ ਹੋਈ ਮੰਨ ਕੇ ਹੰਕਾਰਿਆ ਤੇ ਆਫਰਿਆ ਫ਼ਿਰਦਾ ਹੈ ਜਦਕਿ ਬਦਲੇ `ਚ ਤੇਰੇ ਉਸ ਸਾਰੇ ਦਿੱਤੇ ਲਈ ਸ਼ੁਕਰ-ਗੁਜ਼ਾਰ ਵੀ ਨਹੀਂ ਹੁੰਦਾ।

ਹੇ ਪ੍ਰਭੂ! ਤੂੰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈਂ, ਅਤੇ ਮੂਲ ਰੂਪ `ਚ ਸਾਰੀ ਲੋਕਾਈ ਤੇਰੇ ਦਰ ਤੋਂ ਹੀ ਮੰਗਣ ਭਾਵ ਲੈਣ ਵਾਲੀ ਹੈ। ਜਦਕਿ ਸਾਰਿਆਂ ਨੂੰ ਇਹ ਸਮੂਹ ਦਾਤਾਂ, ਤੂੰ ਆਪਣੀ ਰਜ਼ਾ `ਚ ਬਿਨਾ ਮੰਗੇ ਆਪਣੇ ਆਪ ਦਿੰਦਾ ਰਹਿੰਦਾ ਹੈਂ ਅਜਿਹਾ ਨਹੀਂ ਕਿ ਉਹ ਦਾਤਾਂ ਜੇ ਕੋਈ ਮੰਗੇ ਤੇ ਤਾਂ ਹੀ ਉਨ੍ਹਾਂ ਨੂੰ ਤੂੰ ਦੇਵੇਂਗਾ ਬਲਕਿ ਤੂੰ ਤਾਂ ਆਪਣੀ ਰਜ਼ਾ ਤੇ ਹੁਕਮ `ਚ ਬਿਨਾ ਮੰਗੇ ਇਹ ਸਭ ਦਾਤਾਂ ਤੇ ਸਾਰਿਆਂ ਨੂੰ ਦਿੰਦਾ ਵੀ ਰਹਿੰਦਾ ਹੈਂ। ੨।

ਹੇ ਪ੍ਰਭੂ! ਤੇਰੇ ਕੌਤਕ ਹੈਰਾਨ ਕਰਣ ਵਾਲੇ ਹਨ, ਇੱਕ ਛਿਨ `ਚ ਤੂੰ ਕੁੱਝ ਦਾ ਕੁੱਝ ਬਣਾ ਦਿੰਦਾ ਹੈਂ। ਹੇ ਅਪਹੁੰਚ! ਹੇ ਬੇਅੰਤ ਪ੍ਰਭੂ! ਤੂੰ ਸਭ ਤੋਂ ਉੱਚਾ ਹੈਂ, ਸੋਹਣਾ ਹੈਂ, ਤੇ ਵੱਡੇ ਜਿਗਰੇ ਵਾਲਾ ਹੈ। ਤੂੰ ਤਾਂ ਸਾਰੇ ਸੰਸਾਰ `ਚ ਤੂੰ ਗੁਪਤ ਹੋ ਕੇ ਵੱਸ ਰਿਹਾ ਹੈਂ ਭਾਵ ਤੂੰ ਸਭ ਤੋਂ ਉੱਚਾ, ਸਾਡੇ ਗਿਆਨ ਤੇ ਕਰਮ ਇੰਦਰਿਆਂ ਦੀ ਪਹੁੰਚ ਤੋਂ ਪਰੇ, ਬੇਅੰਤ, ਵੱਡੇ ਜਿਗਰੇ ਵਾਲਾ ਅਤੀ ਸੁੰਦਰ ਅਤੇ ਜ਼ਰੇ ਜ਼ਰੇ `ਚ ਮਾਇਆ ਤੋਂ ਨਿਰਲੇਪ ਰਹਿ ਕੇ ਵਿਆਪਕ ਵੀ ਹੈਂ। ੩।

ਹੇ ਨਾਨਕ! (ਆਖ—) ਹੇ ਸਰਬ-ਵਿਆਪਕ ਪ੍ਰਭੂ! ਜਦੋਂ ਤੂੰ ਆਪ (ਬਖ਼ਸ਼ਿਸ਼ ਕਰਕੇ) ਕਿਸੇ ਨੂੰ ਸਾਧ ਸੰਗਤਿ `ਚ ਲੈ ਆਉਂਦਾ ਹੈਂ, ਤੇ ਜਦੋਂ ਉਥੇ ਉਹ ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਦਾ ਹੈ।

ਹੇ ਭਾਈ! ਇਸ ਤਰ੍ਹਾਂ ਉਥੇ ਉਸ ਵਾਸ਼ਨਾ-ਰਹਿਤ, ਸਰਬ-ਵਿਆਪਕ ਪ੍ਰਭੂ ਦਾ ਪ੍ਰਤਾਪ ਰੂਪ ਦੇਖ ਕੇ ਉਸ ਮਨੁੱਖ ਦੇ ਜੀਵਨ `ਚ ਵੀ ਆਤਮਕ ਆਨੰਦ ਤੇ ਹੁਲਾਰਾ ਪੈਦਾ ਹੋ ਜਾਂਦਾ ਹੈ। ੪। ੭। ੧੮।

ਵਿਸ਼ੇਸ਼-ਹੁਣ ਤੀਕ ਵਿਸ਼ੇ ਸੰਬੰਧੀ ਕੀਤੀ ਜਾ ਚੁੱਕੀ ਲੰਮੀ ਵਿਚਾਰ ਤੇ ਸੰਬੰਧਤ ਗੁਰ-ਫ਼ੁਰਮਣਾਂ ਦੀ ਵਿਚਾਰ-ਵਿਆਖਿਆ ਤੋਂ ਘਟੋ ਘਟ ਇਤਨਾ ਜ਼ਰੂਰ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਅੱਜ ਸਾਡੇ ਹੀ ਕੁੱਝ ਲੇਖਕਾਂ ਤੇ ਵਿਦਵਾਨਾਂ ਆਦਿ ਵੱਲੋਂ ਸ਼ੰਬੰਧਤ ਵਿਸ਼ੇ ਸੰਬੰਧੀ ਜਾਣੇ-ਅਣਜਾਣੇ ਜੋ ਭਰਮ-ਭੁਲੇਖੇ ਤੇ ਸ਼ੰਕੇ ਪੈਦਾ ਕੀਤੇ ਜਾ ਰਹੇ ਹਨ ਉਹ ਨਿਰਮੂਲ ਤੇ ਬਹੁਤਾ ਕਰਕੇ ਗੁਰਬਾਣੀ ਸਿਧਾਂਤ ਦੇ ਵੀ ਉਲਟ ਹਨ।

ਉਂਜ ਅਸਾਂ ਉਨ੍ਹਾਂ ਸ਼ੰਕਿਆਂ, ਸੁਆਲਾਂ ਤੇ ਭਰਮ ਭੁਲੇਖਿਆਂ ਬਾਰੇ ਬਹੁਤਾ ਕਰਕੇ ਅਰੰਭਕ ਤਿੰਨ ਭਾਗਾਂ `ਚ ਚਾਨਣਾ ਵੀ ਪਾ ਦਿੱਤਾ ਸੀ; ਇਸ ਲਈ ਉਨ੍ਹਾਂ ਸ਼ੰਕਿਆਂ ਆਦਿ ਨੂੰ ਇਥੇ ਦੌਰਾਉਣ ਦੀ ਲੋੜ ਨਹੀਂ। ਗੁਰੂ ਕੀਆਂ ਸੰਗਤਾਂ ਅਤੇ ਪਾਠਕਾਂ ਦੇ ਚਰਣਾਂ `ਚ ਸਨਿਮ੍ਰ ਬੇਨਤੀ ਹੈ ਕਿ ਉਨ੍ਹਾਂ ਸ਼ੰਕਿਆਂ ਆਦਿ ਨੂੰ ਆਪਣੇ ਮਨਾਂ `ਚ ਤਾਜ਼ਾ ਕਰਣ ਲਈ ਹੱਥਲੀ ਗੁਰਮੱਤ ਪਾਠ "ਮਾਤ ਗਰਭ ਮਹਿ ਆਪਨ ਸਿਮਰਨੁ ਦੇ…" ਦੀ ਲੇਖ ਲੜੀ ਦੇ ਇਸ ਪੱਖੌਂ ਅਰੰਭਕ ਤਿੰਨ ਭਾਗ ਜ਼ਰੂਰ ਤੇ ਦੋਬਾਰਾ ਪੜ੍ਹ ਲੈਣ।

ਉਪ੍ਰੰਤ ਚਲਦੇ ਵਿਸ਼ੇ ਦੀ ਸੰਪੂਰਣਤਾ `ਤੇ ਪੁੱਜ ਕੇ ਅਸੀਂ ਉਚੇਚੇ ਤੌਰ `ਤੇ ਇੱਕ ਅਜਿਹਾ ਗੁਰ-ਫ਼ੁਰਮਾਣ ਲੈ ਰਹੇ ਹਾਂ ਜਿਸ ਤੋਂ ਸਪਸ਼ਟ ਹੈ "ਮਨੁੱਖ ਦਾ ਸੰਸਾਰ `ਚ ਆਉਣਾ ਤੇ ਵਾਪਿਸ ਜਾਣਾ" ਉਪ੍ਰੰਤ ਸੰਸਾਰ `ਚ ਜਨਮ ਲੈਣ ਤੋਂ ਬਾਅਦ:-

(ਪਹਿਲਾ) ਕੁੱਝ ਇੱਕ ਰਾਹੀਂ ਗੁਰੂ-ਸ਼ਬਦ ਦੀ ਕਮਾਈ ਤੇ ਪ੍ਰਭੂ ਦੀ ਸਿਫ਼ਤ ਸਲਾਹ ਦੇ ਮਾਰਗ `ਤੇ ਚੱਲ ਕੇ, ਆਪਣੇ ਲੋਕ ਤੇ ਪ੍ਰਲੋਕ ਦੋਨਾਂ ਨੂੰ ਸਫ਼ਲ ਕਰਕੇ ਜਾਣਾ ਅਤੇ ਵਾਪਿਸ ਅਸਲੇ ਪ੍ਰਭੂ `ਚ ਹੀ ਸਮਾਅ ਜਾਣਾ, ਮੁੜ ਜਨਮ-ਮਰਨ ਦੇ ਗੇੜ `ਚ ਨਹੀਂ ਆਉਣਾ।

(ਦੂਜਾ) ਜਦਕਿ ਕੁੱਝ ਰਾਹੀਂ ਪ੍ਰਾਪਤ ਉਸੇ ਮਨੁੱਖਾ ਜਨਮ ਨੂੰ ਬਿਰਥਾ ਕਰਕੇ ਜਾਣਾ ਤੇ ਮੁੜ ਉਸੇ ਆਵਗਉਣ ਦੇ ਗੇੜ `ਚ ਪਏ ਰਹਿਣਾ।

ਇਹ ਸਭ ਵੀ ਪ੍ਰਭੂ ਦੇ ਸੱਚ ਨਿਆਂ `ਤੇ ਉਸ ਦੇ ਹੁਕਮ ਦੀ ਖੇਡ `ਚ ਹੀ ਹੋ ਰਿਹਾ ਹੈ। ਤਾਂ ਤੇ ਅਸੀਂ ਇਸ ਲੜੀ ਦਾ ਅੰਤਮ ਫ਼ੁਰਮਾਨ ਅਥਵਾ ਸ਼ਬਦ ਲੈ ਰਹੇ ਹਾਂ:-

(੨੧) …ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ॥ ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ॥ ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ॥   ॥ ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ॥ ਹੁਕਮੇ ਬੰਨਿੑ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ॥ ਹੁਕਮੇ ਸਬਦਿ ਪਛਾਣੀਐ ਪਿਆਰੇ ਦਰਗਹ ਪੈਧਾ ਜਾਇ॥ ੫॥ . . (ਪੰ: ੬੩੬)

ਪਦ ਅਰਥ- ਨਿੰਮਿਆ—ਮਾਂ ਦੇ ਪੇਟ `ਚ ਟਿਕਿਆ। ਉਦਰ ਮਝਾਰਿ—ਪੇਟ `ਚ, ਮਾਤਾ ਦੇ ਗਰਭ `ਚ। ਊਧਉ—ਪੁੱਠਾ, ਉਲਟਾ। ਕਾਰਜ—ਮਨੁੱਖਾ ਜਨਮ ਦਾ ਮਨੋਰਥ, ਉਹ ਕੰਮ ਜਿਸ ਨੂੰ ਕਰਨ ਲਈ ਪ੍ਰਭੂ ਨੇ ਸੰਸਾਰ `ਚ ਭੇਜਿਆ। ਸਾਰਿ—ਸੰਭਾਲ ਕੇ, ਸਵਾਰ ਕੇ। ੪। ਜਾਦੋ ਜਾਇ—ਚਲਾ ਜਾਂਦਾ ਹੈ। ਬੰਨਿੑ—ਬੰਨ੍ਹ ਕੇ। ਸਬਦਿ—ਸ਼ਬਦ ਰਾਹੀਂ, ਸ਼ਬਦ ਗੁਰੂ ਦੀ ਕਮਾਈ ਕਰਣ ਨਾਲ। ੫।

ਅਰਥ- ਹੇ ਭਾਈ! ਜੀਵ ਪ੍ਰਮਾਤਮਾ ਦੇ ਹੁਕਮ `ਚ ਪਹਿਲਾਂ ਮਾਤਾ ਦੇ ਗਰਭ `ਚ ਟਿਕਦਾ ਹੈ, ਤੇ ਮਾਂ ਦੇ ਪੇਟ `ਚ (ਦਸ ਮਹੀਨੇ ਨਿਵਾਸ ਰੱਖਦਾ ਹੈ)। ਪੁੱਠਾ ਤੇ ਸਿਰ ਭਾਰ ਲਟਕਿਆ ਰਹਿ ਕੇ ਪ੍ਰਭੂ ਦੇ ਹੁਕਮ ਅਨੁਸਾਰ ਹੀ ਇਹ ਜੀਵ ਫਿਰ ਸੰਸਾਰ `ਚ ਜਨਮ ਲੈਂਦਾ ਹੈ।

ਮਨੁੱਖ ਨੂੰ ਕਿਸੇ ਖ਼ਾਸ ਜੀਵਨ-ਮਨੋਰਥ ਲਈ ਸੰਸਾਰ `ਚ ਭੇਜਿਆ ਜਾਂਦਾ ਹੈ। ਜਿਹੜਾ ਮਨੁੱਖ ਸ਼ਬਦ-ਗੁਰੂ ਦੀ ਸ਼ਰਨ `ਚ ਪੈ ਕੇ ਇਥੋਂ ਅਪਣੇ ਜੀਵਨ-ਮਨੋਰਥ ਨੂੰ ਸਫ਼ਲ ਕਰਕੇ ਜਾਂਦਾ ਹੈ ਉਹ ਪ੍ਰਭੂ ਪ੍ਰਮਾਤਮਾ ਦੀ ਹਜ਼ੂਰੀ `ਚ ਆਦਰ ਤੇ ਮਾਨ ਪਾਉਂਦਾ ਤੇ ਕਬੂਲ ਹੋ ਜਾਂਦਾ ਹੈ। ੪।

ਹੇ ਸੱਜਣ! ਪ੍ਰਮਾਤਮਾ ਦੀ ਰਜ਼ਾ ਅਨੁਸਾਰ ਹੀ ਜੀਵ ਜਗਤ `ਚ ਆਉਂਦਾ ਹੈ, ਫ਼ਿਰ ਪ੍ਰਭੂ ਦੀ ਰਜ਼ਾ `ਚ ਹੀ ਜੀਵ ਇਥੋਂ ਵਾਪਿਸ ਵੀ ਚਲਾ ਜਾਂਦਾ ਵੀ ਹੈ। ਤਾਂ ਵੀ ਵੱਡਾ ਫ਼ਰਕ ਇਹ ਹੁੰਦਾ ਹੈ ਕਿ:-

ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਟੁਰਦਾ ਭਾਵ ਸ਼ਬਦ-ਗੁਰੂ ਦਾ ਅਨੁਸਾਰੀ ਹੋ ਕੇ ਜੀਵਨ ਨਹੀਂ ਜੀਊਂਦਾ, ਉਹ ਜੀਵਨ ਕਰਕੇ ਮਨਮਤੀਆ ਤੇ ਆਪਹੁੱਦਰਾ ਸਾਬਤ ਹੁੰਦਾ ਹੈ। ਇਸੇ ਤੋਂ ਉਹ ਜੀਵਨ ਭਰ ਵਧ ਤੋਂ ਵਧ ਮੋਹ-ਮਾਇਆ ਤੇ ਵਿਕਾਰਾਂ ਦੀ ਜਕੜ `ਚ ਫਸਿਆ ਰਹਿੰਦਾ ਹੈ।

ਉਪ੍ਰੰਤ ਅਜਿਹੇ ਮਨਮਤੀਏ, ਮੋਹ ਮਾਇਆ `ਚ ਖੱਚਤ ਤੇ ਗ਼ਲਤਾਨ ਮਨੁੱਖ ਨੂੰ ਉਸ ਪ੍ਰਭੂ ਦੀ ਰਜ਼ਾ `ਚ ਹੀ ਅਚਾਣਕ ਜਦੋਂ ਵਾਪਸੀ ਦਾ ਸੱਦਾ ਆ ਜਾਂਦਾ ਹੈ ਤਾਂ ਉਹ ਜਾਣਾ ਨਹੀਂ ਚਾਹੁੰਦਾ, ਮਾਨੋ ਉਦੋਂ ਵੀ ਉਸ ਨੂੰ ਬੰਨ੍ਹ ਕੇ ਤੇ ਜ਼ੋਰੋ-ਜ਼ੋਰੀ ਹੀ ਲਿਜਾਇਆ ਜਾਂਦਾ ਹੈ ਕਿਉਂਕਿ ਜਾਣ ਸਮੇਂ ਵੀ ਉਸ ਦਾ ਮਨ ਉਨ੍ਹਾਂ ਮਾਇਕ ਬਿਨਸਨਹਾਰ ਕੱਚੇ ਰਸਾਂ `ਚ ਹੀ ਜਕੜਿਆ ਹੁੰਦਾ ਹੈ।

ਜਦਕਿ ਦੂਜੇ ਜਿਹੜੇ ਸ਼ਬਦ-ਗੁਰੂ ਦੀ ਕਮਾਈ ਰਾਹੀਂ ਜੀਵਨ ਭਰ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿੰਦੇ ਹਨ ਉਹ ਆਪਣੇ ਮਨੁਖਾ ਜਨਮ ਨੂੰ ਸਫ਼ਲ ਕਰਕੇ ਜਾਂਦੇ ਤੇ ਪ੍ਰਭੂ ਦੇ ਦਰ `ਤੇ ਸਤਿਕਾਰੇ ਜਾਂਦੇ ਤੇ ਕਬੂਲ ਹੋ ਜਾਂਦੇ ਹਨ। ਇਸ ਤਰ੍ਹਾਂ ਪ੍ਰਭੂ ਦੀ ਰਜ਼ਾ `ਚ ਹੀ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਜਨਮ-ਮਨੋਰਥ ਨੂੰ ਪਛਾਣ ਲਿਆ ਹੈ ਉਹ ਪ੍ਰਮਾਤਮਾ ਦੀ ਹਜ਼ੂਰੀ `ਚ ਆਦਰ ਨਾਲ ਜਾਂਦਾ ਹੈ।

ਭਾਵ ਅਜਿਹੇ ਸਫ਼ਲ ਜੀਵਨ ਜੀਊੜੇ ਜੀਂਦੇ ਜੀਅ ਵੀ ਪ੍ਰਭੂ ਨਾਲ ਇੱਕ ਮਿੱਕ ਹੋ ਕੇ ਸੰਤੋਖੀ, ਅਨੰਦਮਈ ਤੇ ਚਿੰਤਾ, ਭਟਕਣਾ, ਖੁਆਰੀਆਂ, ਵਿਕਾਰਾਂ ਰਹਿਤ ਜਨਮ ਬਤੀਤ ਕਰਦੇ ਹਨ। ਉਪ੍ਰੰਤ ਸਰੀਰ ਬਿਨਸਨ ਤੋਂ ਬਾਅਦ ਵੀ ਉਹ ਅਸਲੇ ਪ੍ਰਭੂ `ਚ ਹੀ ਸਮਾਅ ਜਾਂਦੇ ਹਨ, ਮੁੜ ਭਿੰਨ-ਭਿੰਨ ਜਨਮਾਂ ਤੇ ਗਰਭਾਂ ਦੇ ਗੇੜ `ਚ ਨਹੀਂ ਆਉਂਦੇ। ਇਸ ਤਰ੍ਹਾਂ ਉਨ੍ਹਾਂ ਦਾ ਇਹ ਲੋਕ ਤੇ ਪ੍ਰਲੋਕ ਦੋਵੇਂ ਸੁਹੇਲੇ ਹੋ ਜਾਂਦੇ ਹਨ। ੫। (ਚਲਦਾ) #416P-IXs04.16.02s16#P-10

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.416 P-X

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਦਸਵਾਂ-ਅੰਤਮ ਭਾਗ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly @ Rs 350/-(but in rare cases @ Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.