.

ਸਿੱਖ ਖਾੜਕੂਵਾਦ

ਹਾਕਮ ਸਿੰਘ

ਸਿੱਖ ਖਾੜਕੂਵਾਦ ਨੂੰ ਵੀਹਂਵੀਂ ਸ਼ਤਾਬਦੀ ਦੇ ਪੰਜਾਬ ਦੀ ਤਬਾਹੀ ਦਾ ਕਾਰਨ ਆਖਣਾ ਅਣਉਚੱਤ ਨਹੀਂ ਹੋਵੇਗਾ। ਵੀਹਂਵੀ ਸਦੀ ਦੇ ਪਹਿਲੇ ਅੱਧ ਵਿੱਚ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਗਦਰ ਅਤੇ ਬਾਅਦ ਵਿੱਚ ਗੁਰਦੁਆਰਾ ਸੁਧਾਰ ਲਹਿਰਾਂ ਵਿੱਚ ਐਹਮ ਰੋਲ ਨਿਭਾਇਆ ਸੀ। ਇਨ੍ਹਾਂ ਲਹਿਰਾਂ ਦਾ ਮਨੋਰਥ ਮੂਲ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨਾ ਸੀ। ਗੁਰਬਾਣੀ ਮਾਨਵਤਾ ਦੀ ਸੁਤੰਤਰਤਾ ਅਤੇ ਬਰਾਬਰੀ ਦਾ ਉਪਦੇਸ਼ ਕਰਦੀ ਹੈ। ਇਹ ਲਹਿਰਾਂ ਗੁਰਬਾਣੀ ਦੇ ਉਸੇ ਉਪਦੇਸ਼ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ ਦਾ ਸਿੱਟਾ ਸਨ ਅਤੇ ਇਹ ਆਪਣੇ ਮਨੋਰਥ ਵਿੱਚ ਸਫਲ ਰਹਿਈਆਂ। ਖਾੜਕੂ ਲਹਿਰ ਦਾ ਆਗਾਜ਼ ਪੰਜਾਬ ਵਿੱਚ ਸਤਵੇਂ ਅਤੇ ਅਠੱਵੇਂ ਦਹਾਕੇ ਵਿੱਚ ਹੋਇਆ ਅਤੇ ਵੀਹਵੀਂ ਸ਼ਤਾਬਦੀ ਦੇ ਅੰਤ ਵਿੱਚ ਪੰਜਾਬ ਅਤੇ ਭਾਰਤ ਦੇ ਅਨਗਿਣਤ ਸਿੱਖ ਪਰਵਾਰਾਂ ਅਤੇ ਜਵਾਨੀ ਨੂੰ ਬਰਬਾਦ ਕਰਕੇ ਇਹ ਲਹਿਰ ਵਿਦੇਸ਼ਾਂ ਵਿੱਚ ਪਰਵਾਸ ਕਰ ਗਈ ਜਿਥੇ ਉਹ ਗੁਰਦੁਆਰਿਆਂ ਵਿੱਚ ਭਾਰਤ ਸਰਕਾਰ ਵਿਰੁਧ ਪ੍ਰਾਪੇਗੰਡਾ ਅਤੇ ਸਿੱਖਾਂ ਵਿੱਚ ਖਾੜਕੂ ਜੋਸ਼ ਬਰਕਰਾਰ ਰਖਣ ਲਈ ਗੁਰਦੁਆਰਿਆਂ ਤੇ ਕਬਜ਼ਿਆਂ ਨੂੰ ਲੈ ਕੇ ਝਗੜੇ ਕਰਨ ਲੱਗੀ ਹੋਈ ਹੈ। ਸਿੱਖ ਖਾੜਕੂਵਾਦ ਰਾਜਸੀ ਮਨੋਰਥ ਦੀ ਪ੍ਰਾਪਤੀ ਲਈ ਹੋਂਦ ਵਿੱਚ ਆਇਆ ਸੀ। ਪਰ ਉਹ ਨਾ ਤੇ ਉਸ ਮਨੋਰਥ ਨੂੰ ਸਪਸ਼ਟ ਢੰਗ ਨਾਲ ਪ੍ਰਭਾਸ਼ਤ ਕਰ ਸਕਿਆ ਅਤੇ ਨਾ ਹੀ ਯੋਗ ਸਿੱਧ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਹੋਇਆ। ਅਸਲ ਵਿੱਚ ਸਿੱਖ ਖਾੜਕੂਵਾਦ ਭਾਰਤੀ ਸਿਆਸਤ ਦੀ ਖੇਡ ਵਿੱਚ ਇੱਕ ਅਸਪਸ਼ਟ, ਨਾਤਜਰਬੇਕਾਰ, ਅਨਾੜੀ ਅਤੇ ਅਨਜਾਣ ਖਿਡਾਰੀ ਵਜੋਂ ਕੁੱਦ ਪਿਆ ਸੀ ਜਿਸ ਦੇ ਅਨਾੜੀਪੁਣੇ ਦਾ ਲਾਭ ਉਠਾਉਣ ਲਈ ਸਥਾਪਤ ਪਾਰਟੀਆਂ ਉਸ ਨੂੰ ਮੋਹਰਾ ਬਣਾ ਕੇ ਵਰਤਣ ਲੱਗ ਪਈਆਂ। ਉਸ ਨੂੰ ਇਹ ਸਮਝ ਵੀ ਨਾ ਪਈ ਕਿ ਕਿਹੜੀ ਪਾਰਟੀ ਉਸ ਨੂੰ ਕਿਸ ਮਕਾਸਦ ਲਈ ਅਤੇ ਕਿਵੇਂ ਵਰਤ ਰਹੀ ਹੈ। ਖਾੜਕੂ ਲਹਿਰ ਦੀ ਅਗਵਾਈ ਜਰਨੈਲ ਸਿੰਘ ਭਿੰਡਰਾਂਵਾਲਾ ਕਰ ਰਿਹਾ ਸੀ। ਭਿੰਡਰਾਂਵਾਲਾ ਦਮਦਮੀ ਟਕਸਾਲ ਸੰਪ੍ਰਦਾ ਦਾ ਵਿਦਿਆਰਥੀ ਸੀ ਅਤੇ ਬਾਅਦ ਵਿੱਚ ਉਸ ਦਾ ਮੁੱਖੀ ਬਣਿਆ ਸੀ। ਉਹ ਧਾਰਮਕ ਆਗੂ ਸੀ। ਉਸ ਨੂੰ ਆਧੁਨਿਕ ਰਾਜਨੀਤੀ ਦੇ ਸਿਧਾਂਤ ਅਤੇ ਦਸਤੂਰ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਸਿਆਸਤ ਦਾ ਉਸ ਨੂੰ ਕੋਈ ਤਜਰਬਾ ਸੀ। ਪਰ ਉਸ ਦਾ ਨਿਸ਼ਚਾ ਸੀ ਕਿ ਦਮਦਮੀ ਟਕਸਾਲ ਦੀ ਧਾਰਮਕ ਸਿਖਿਆ ਅਤੇ ਤਜਰਬੇ ਨੇ ਉਸ ਨੂੰ ਆਧੁਨਿਕ ਰਾਜਨੀਤੀ ਦੇ ਸਿਧਾਂਤਾਂ ਵਿੱਚ ਨਿਪੁੰਨਤਾ ਪਰਦਾਨ ਕਰ ਦਿੱਤੀ ਹੈ। ਉਹ ਇੱਕ ਗੰਭੀਰ ਅਤੇ ਨੇਕ ਨੀਅਤ ਧਾਰਮਕ ਆਗੂ ਵਜੋਂ ਜਾਣਿਆ ਜਾਂਦਾ ਸੀ ਅਤੇ ਉਸ ਵਿੱਚ ਆਪਣੇ ਸ਼ਰਧਾਲੂਆਂ ਦੀਆਂ ਧਾਰਮਕ ਭਾਵਨਾਵਾਂ ਉਤੇਜਤ ਕਰਨ ਦੀ ਵਿਸ਼ਾਲ ਯੋਗਤਾ ਸੀ। ਉਸ ਦੀ ਸਿਆਸਤ ਧਾਰਮਕ ਭਾਵਨਾਵਾਂ ਤੇ ਆਧਾਰਤ ਸੀ। ਜਾਂ ਤੇ ਉਸ ਨੂੰ ਗਿਆਨ ਨਹੀਂ ਸੀ, ਜਾਂ ਉਹ ਇਸ ਤੱਥ ਦੀ ਗੰਭੀਰਤਾ ਨੂੰ ਜਾਣ ਬੁਝ ਕੇ ਨਜ਼ਰ ਅੰਦਾਜ਼ ਕਰ ਰਿਹਾ ਸੀ ਕਿ ਸਿਆਸਤ ਭਾਵਨਾਵਾਂ ਦੀ ਨਹੀਂ ਸ਼ਕਤੀ ਦੀ ਖੇਡ ਹੁੰਦੀ ਹੈ ਅਤੇ ਰਾਜ ਪ੍ਰਬੰਧ ਅਕਸਰ ਇਸ ਖੇਡ ਵਿੱਚ ਫੌਜੀ ਸ਼ਕਤੀ ਦੀ ਵਰਤੋਂ ਕਰਦੇ ਹਨ।

ਦਮਦਮੀ ਟਕਸਾਲ ਆਪਣੇ ਆਪ ਨੂੰ ਧਾਰਮਕ ਸਿਖਿਆ ਦੇਣ ਵਾਲੀ ਇੱਕ ਪੁਰਾਣੀ ਸਿੱਖ ਸੰਪ੍ਰਦਾ ਦੱਸਦੀ ਹੈ। ਇਸ ਦਾ ਸਿੰਘ ਸਭਾਵਾਂ ਅਤੇ ਗੁਰਦੁਆਰਾ ਸੁਧਾਰ ਲਹਿਰ ਨਾਲ ਕੋਈ ਸਰੋਕਾਰ ਨਹੀਂ ਰਿਹਾ ਹੈ। ਸਿੰਘ ਸਭਾਵਾਂ ਨੇ ਸਿੱਖ ਧਾਰਮਕ ਵਿਚਾਰਧਾਰਾ ਨੂੰ ਨਿਰਮਲੇ ਅਤੇ ਉਦਾਸੀਆਂ ਦੇ ਸਨਾਤਨੀ ਪ੍ਰਭਾਵ ਤੋਂ ਮੁਕਤ ਕਰਵਾ ਕੇ ਸਮੇਂ ਦੀ ਹਾਣੀ ਬਨਾਉਣ ਦਾ ਰੋਲ ਅਦਾ ਕੀਤਾ ਸੀ ਪਰ ਦਮਦਮੀ ਟਕਸਾਲ ਦਾ ਸਿੰਘ ਸਭਾਵਾਂ ਨਾਲ ਕੋਈ ਵਾਸਤਾ ਨਾ ਹੋਣ ਕਾਰਨ ਇਸ ਦੀ ਧਾਰਮਕ ਵਿਚਾਰਧਾਰਾ ਸਿੰਘ ਸਭਾ ਦੇ ਪ੍ਰਭਾਵ ਤੋਂ ਵੰਚਤ ਰਹੀ ਹੈ। ਦਮਦਮੀ ਟਕਸਾਲ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜੋੜੀਆਂ ਨਕਲੀ ਰਚਨਾਵਾਂ ਨੂੰ ਗੁਰਬਾਣੀ ਮੰਨਦੀ ਹੈ। ਟਕਸਾਲ ਦੀ ਧਾਰਮਕ ਸਿਖਿਆ ਮੱਧਕਾਲੀਨੀ ਸਨਾਤਨੀ ਸੋਚ, ਮਿਥਹਾਸਕ ਅਤੇ ਕਰਾਮਾਤੀ ਵਿਸ਼ਵਾਸਾਂ ਅਤੇ ਪੁਰਾਤਨ ਰਹਿਤ ਦੀਆਂ ਪਰੰਪਰਾਵਾਂ ਤੇ ਆਧਾਰਤ ਹੈ। ਇੱਕ ਧਾਰਮਕ ਸਿਖਿਆ ਸੰਸਥਾ ਹੋਣ ਦੇ ਨਾਤੇ ਇਹ ਸਿਆਸਤ ਅਤੇ ਰਾਜ ਸ਼ਕਤੀ ਦੇ ਸਿਧਾਂਤਾਂ ਅਤੇ ਵਿਹਾਰ ਤੋਂ ਅਨਜਾਣ ਹੈ। ਪਰ ਵੀਹਵੀਂ ਸ਼ਤਾਬਦੀ ਦੇ ਅੱਧ ਤੋਂ ਇਹ ਪੰਜਾਬ ਦੀ ਸਿਆਸਤ ਵਿੱਚ ਭਾਗ ਲੈਣ ਲੱਗ ਪਈ ਹੈ।

ਜਰਨੈਲ ਸਿੰਘ ਭਿੰਡਰਾਂਵਾਲਾ ਇਹ ਦਾਅਵਾ ਕਰਦਾ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਰਪਤ ਹੈ ਅਤੇ ਗੁਰੂ ਸਾਹਿਬਾਨ ਵਲੋਂ ਸਿਰਜੀ ਪਰੰਪਰਾ ਨੂੰ ਅੱਗੇ ਤੋਰ ਰਿਹਾ ਹੈ। ਉਸ ਦਾ ਇਹ ਦਾਅਵਾ ਮੰਨਣਯੋਗ ਨਹੀਂ ਹੈ ਕਿਊਂਕੇ ਦਮਦਮੀ ਟਕਸਾਲ ਦੀ ਵਿਚਾਰਧਾਰਾ ਗੁਰਬਾਣੀ ਉਪਦੇਸ ਨਾਲੋਂ ਵਖਰੀ ਹੈ ਅਤੇ ਕਈ ਪੱਖਾਂ ਤੋਂ ਗੁਰਬਾਣੀ ਦੇ ਉਲਟ ਵੀ ਹੈ। ਭਿੰਡਰਾਂਵਾਲੇ ਦੇ ਵਿਚਾਰਾਂ ਅਤੇ ਸਰਗਰਮੀਆਂ ਦਾ ਵਰਨਨ ਦਲਬੀਰ ਸਿੰਘ (ਪਤਰਕਾਰ) ਨੇ ਆਪਣੀ ਪੁਸਤਕ "ਨੇੜਿਓਂ ਡਿੱਠੇ ਸੰਤ ਭਿੰਡਰਾਂਵਾਲੇ" ਵਿੱਚ ਵਿਸਥਾਰ ਪੂਰਬਕ ਕੀਤਾ ਹੈ। ਦਲਬੀਰ ਸਿੰਘ ਦੀ ਭਿੰਡਰਾਂਵਾਲੇ ਨਾਲ ਬਹੁਤ ਨੇੜਤਾ ਸੀ ਅਤੇ ਭਿੰਡਰਾਂਵਾਲਾ ਉਸ ਨੂੰ "ਭਾਈਆ" ਕਹਿ ਕੇ ਸੰਬੋਧਨ ਕਰਦਾ ਸੀ। ਦਲਬੀਰ ਸਿੰਘ ਨੇ ਆਪਣੀ ਪੁਸਤਕ ਨੂੰ "‘ਸ਼ਬਦ ਗੁਰੂ’ ‘ਮਰਿੀ ਪੀਰੀ’ ਦੇ ਸਿਧਾਂਤ ਖਾਤਰ ਹੋਏ ਸ਼ਹੀਦਾਂ ਅਤੇ ਭਵਿੱਖ ਦੇ ਜੁਝਾਰੂਆਂ ਨੂੰ" ਸਮਰਪਨ ਕੀਤਾ ਹੈ। ਉਸ ਅਨੁਸਾਰ ਭਿੰਡਰਾਂਵਾਲਾ ਸ਼ਬਦ ਗੁਰੂ ਅਤੇ ਮੀਰੀ ਪੀਰੀ ਦੇ ਸਿਧਾਂਤ ਲਈ ਸ਼ਹੀਦ ਹੋਇਆ ਹੈ। ਉਹ ਆਪਣੀ ਪੁਸਤਕ ਦੀ ਅਰੰਭਤਾ ਵੀ ਭਿੰਡਰਾਂਵਾਲੇ ਦੇ ਇੱਕ ਐਹਮ ਕਥਨ ਨਾਲ ਕਰਦਾ ਹੈ: "ਭਾਈਆ, ਚਮਕੌਰ ਦੀ ਗੜ੍ਹੀ ਵਾਂਗ ਇੱਕ ਲੱਖ ਦਾ ਘੇਰਾ ਪੈਣੈ ਇਥੇ, ਗੁਰੂ ਕਿਰਪਾ ਕਰਨ। ਇੱਕ ਵਾਰ ਤਾਂ ਦਿਨੇ ਤਾਰੇ ਵਿਖਾ ਦਿਆਂਗੇ। "ਅੱਜ ਤੋਂ 16 ਸਾਲ ਪਹਿਲਾਂ 1984 ਦੇ ਆਰੰਭ ਵਿਚ, ਗੁਰੁ ਨਾਨਕ ਨਿਵਾਸ ਦੇ 47 ਨੰਬਰ ਕਮਰੇ ਵਿੱਚ ਬੈਠਿਆਂ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਇਹ ਸ਼ਬਦ ਕਹੇ ਸਨ।" ਭਿੰਡਰਾਂਵਾਲਾ ਆਪਣੀਆਂ ਖਾੜਕੂ ਕਾਰਵਾਈਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੁਧਾਂ ਦੀ ਲੜੀ ਦਾ ਭਾਗ ਮੰਨਦਾ ਸੀ। ਦਲਬੀਰ ਸਿੰਘ ਲਿਖਦਾ ਹੈ, "ਗੁਰੂ ਕਾਲ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਤਾੜੇ ਤੇ ਲੁੱਟੇ ਜਾ ਰਹਿਆਂ ਨੂੰ ਇਕੱਠੇ ਕਰਕੇ ਲੁਟੇਰੇ ਹਾਕਮਾਂ ਅਤੇ ਛੂਤ-ਛਾਤ, ਊਚ ਨੀਚ ਤੇ ਜਾਤ ਪਾਤ ਦੇ ਮੁਦਿੱਈਆਂ ਵਿਰੁਧ, ਜੋ ਖਾੜਕੂ ਸੰਘਰਸ਼ ਆਰੰਭਿਆ ਸੀ, ਸੰਤ ਭਿੰਡਰਾਵਾਲਿਆਂ ਨੇ ਉਸੇ ਹੀ ਪਰੰਪਰਾ ਨੂੰ ਅੱਗੇ ਤੋਰਨ ਦਾ ਉਪਰਾਲਾ ਕੀਤਾ। ਖਾਲਸੇ ਦੀ ਸਿਰਜਨਾ ਕਰਨ ਵਾਲੇ ਗੁਰੂ ਤਾਂ ਸਮਰੱਥ ਸਨ ਅਤੇ ਉਹ ਸਵਾ ਲੱਖ ਨਾਲ ਇੱਕ ਨੂੰ ਲੜਾ ਸਕੇ। ਪਰ ਉਸ ਗੁਰੂ ਦਾ ਸਿੱਖ ਭਿੰਡਰਾਂਵਾਲਾ ਡੇਢ ਦੋ ਸੌ ਨੂੰ ਇੱਕ ਲੱਖ ਫੌਜ ਨਾਲ ਲੜਾਉਣ ਵਿੱਚ ਸਫਲ ਹੋਇਆ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਦਿੱਲ਼ੀ ਦਾ ਇੱਕ ਉੱਘਾ ਪਤਰਕਾਰ ਜਦੋਂ ਸੰਤਾਂ ਨਾਲ ਇੰਟਰਵੀਊ ਕਰਕੇ ਬਾਹਰ ਆਇਆ ਤਾਂ ਸਾਡੇ ਪਤਰਕਾਰ ਸਹਿਯੋਗੀ ਸ. ਜਸਪਾਲ ਸਿੰਘ ਨੇ ਉਹਦਾ ਪ੍ਰਭਾਵ ਜਾਨਣਾ ਚਾਹਿਆ। ਉਹ ਖਿੱਲੀ ਉਡਾਉਣ ਦੇ ਢੰਗ ਨਾਲ ਹੱਥ ਤੇ ਹੱਥ ਮਾਰ ਕੇ ਕਹਿਣ ਲੱਗਾ "ਭਿੰਡਰਾਂਵਾਲਾ ਅਠਾਰਵੀਂ ਸਦੀ ਵਿੱਚ ਬੈਠਾ ਹੈ। "" (ਪੰਨਾ ੨੬)। ਦਲਬੀਰ ਸਿੰਘ ਹੋਰ ਲਿਖਦਾ ਹੈ, "ਇਥੇ ਸੰਤ ਭਿੰਡਰਾਂਵਾਲਿਆਂ ਦਾ ਇਹ ਕਥਨ ਚੇਤੇ ਕਰਾਉਣਾ ਜ਼ਰੂਰੀ ਹੈ ਕਿ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਸੰਤਾਂ ਨੇ ਸ਼ਾਂਤਮਈ ਸ਼ਹਾਦਤਾਂ ਦਿੱਤੀਆਂ ਪਰ ਅਗਲੀ ਪੀੜ੍ਹੀ ਨੇ ਸ਼ਹੀਦ ਕਰਨ ਦੇ ਦੋਸ਼ੀਆਂ ਕੋਲੋਂ ਬਦਲੇ ਜ਼ਰੂਰ ਲਏ। ਇਹ ਪਰੰਪਰਾ ਸਮੁੱਚੇ ਸਿੱਖ ਇਤਿਹਾਸ ਵਿੱਚ ਮਿਲਦੀ ਹੈ। "ਅਤੇ "ਉਹ (ਭਿੰਡਰਾਂਵਾਲਾ) ਪੂਰਨ ਰੂਪ ਵਿੱਚ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਨ। … ਸੰਤ ਆਤਮਕ ਤੌਰ ਤੇ ਆਜ਼ਾਦ ਸਨ ਅਤੇ ਉਹ ਕਿਸੇ ਮਨੁੱਖੀ ਹਾਕਮ ਜਾਂ ਜਰਵਾਣੇ ਦੀ ਗੁਲਾਮੀ ਕਦੇ ਵੀ ਕਬੂਲਣ ਲਈ ਤਿਆਰ ਨਹੀਂ ਸਨ। ਇਹ ਉਨ੍ਹਾਂ ਦੀ ਉਹੋ ਪਰੰਪਰਾ ਸੀ, ਜੋ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਸਿੱਖ ਇਤਹਾਸ ਵਿੱਚ ਸਿਰਜੀ ਸੀ।" ਦਲਬੀਰ ਸਿੰਘ ਵਲੋਂ ਭਿੰਡਰਾਂਵਾਲੇ ਦੇ ਉਪਰ ਦਿੱਤੇ ਵਿਚਾਰ ਇਤਹਾਸਕ ਦ੍ਰਿਸ਼ਟੀਕੋਣ ਤੋਂ ਤੇ ਅਰਥਪੂਰਨ ਕਹੇ ਜਾ ਸਕਦੇ ਹਨ ਪਰ ਗੁਰਬਾਣੀ ਉਪਦੇਸ਼ ਦੇ ਬਿਲਕੁਲ ਉਲਟ ਹਨ। ਉਸ ਦੇ ਵਿਚਾਰਾਂ ਅਤੇ ਗੁਰਬਾਣੀ ਉਪਦੇਸ ਵਿੱਚ ਜੋ ਅੰਤਰ ਹੈ ਉਸ ਦਾ ਵੇਰਵਾ ਹੇਠਾਂ ਦੇਣ ਦਾ ਯਤਨ ਕਰਦੇ ਹਾਂ:

ਪਹਿਲਾ, ਮੀਰੀ ਪੀਰੀ ਦਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਧਾਂਤ ਨਹੀਂ ਹੈ। ਇਸ ਦਾ ਆਧਾਰ "ਗੁਰ ਬਿਲਾਸ ਪਾਤਸ਼ਾਹੀ ੬" ਹੈ। ਇਸ ਸਿਧਾਂਤ ਦਾ ਸਰੋਤ ਇਤਹਾਸ ਜਾਂ ਮਿਥਹਾਸ ਹੈ, ਗੁਰਬਾਣੀ ਨਹੀਂ। ਗੁਰਬਾਣੀ ਸੰਸਾਰ ਨੂੰ ਤ੍ਰੈਗੁਣੀ ਮਾਇਆ ਤੋਂ ਪ੍ਰਭਾਵਤ ਮੰਨਦੀ ਹੈ ਅਤੇ ਉਸ ਦੀ ਅਧਿਆਮਕ ਵਿਚਾਰਧਾਰਾ ਵਿੱਚ ਮੀਰੀ ਨੂੰ ਕੋਈ ਮਹਤੱਤਾ ਨਹੀਂ ਦਿੱਤੀ ਗਈ ਹੈ। ਮੀਰੀ ਦੀ ਤਲਵਾਰ ਦਾ ਸਿਧਾਂਤ ਗੁਰਬਾਣੀ ਉਪਦੇਸ਼ ਨਹੀਂ ਹੈ ਪਰ ਇਸ ਨੂੰ ਗੁਰੂ ਹਰਿਗੋਬਿੰਦ ਸਾਹਿਬ ਦੇ ਨਾਂ ਨਾਲ ਜੋੜ ਕੇ ਗੁਰਬਾਣੀ ਸਿਧਾਂਤ ਦੀ ਪਦਵੀ ਦੇਣ ਦਾ ਯਤਨ ਕੀਤਾ ਜਾਂਦਾ ਹੈ। ਗੁਰ ਇਤਹਾਸ ਗੁਰਬਾਣੀ ਨਹੀਂ ਹੈ। ਗੁਰਬਾਣੀ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਰਚਨਾ ਹੀ ਹੈ।

ਦੂਜਾ, ਭਿੰਡਰਾਂਵਾਲਾ ਦਰਬਾਰ ਸਾਹਿਬ ਵਿੱਚ ਅਸਲਾ ਇਕੱਠਾ ਕਰਕੇ ਕਿਲਾਬੰਦੀ ਕਰਨ ਨੂੰ ਗੁਰੂ ਗੋਬਿੰਦ ਸਿੰਘ ਜੀ ਵਲੋਂ ਚਮਕੌਰ ਦੀ ਗੜ੍ਹੀ ਵਿੱਚ ਕੀਤੇ ਟਿਕਾਣੇ ਨਾਲ ਤੁਲਣਾ ਦਿੰਦਾ ਹੈ। ਇਨ੍ਹਾਂ ਦੋ ਇਤਹਾਸਕ ਵਾਰਦਾਤਾਂ ਵਿੱਚ ਸਮਰੂਪਤਾ ਨਹੀਂ ਹੈ। ਉਹ ਗੁਰੂ ਸਾਹਿਬਾਨ ਵਲੋਂ ਪਾਏ ਪੂਰਨਿਆਂ ਤੇ ਚਲਣ ਦਾ ਦਾਅਵਾ ਤੇ ਕਰਦਾ ਹੈ ਪਰ ਚਲਦਾ ਨਹੀਂ।

ਤੀਜਾ, ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਵੀ ਕਿਸੇ ਮਾਸੂਮ ਦੀ ਜਾਨ ਨਹੀਂ ਲਈ ਸੀ ਅਤੇ ਨਾ ਹੀ ਆਪ ਕੋਈ ਜੰਗ ਛੇੜੀ ਸੀ। ਗੁਰੂ ਸਾਹਿਬਾਨ ਸ਼ਸਤਰਾਂ ਦੀ ਵਰਤੋਂ ਕੇਵਲ ਸੰਗਤ ਦੀ ਰਖਿਆ ਲਈ ਕਰਦੇ ਸਨ, ਪਰ ਭਿੰਡਰਾਂਵਾਲ਼ਾ ਭਾਰਤ ਸਰਕਾਰ ਨੂੰ ਵੰਗਾਰਣ ਅਤੇ ਹਿੰਦੂਆਂ ਵਿੱਚ ਦਹਿਸ਼ਤ ਫੈਲਾਉਣ ਲਈ ਸ਼ਸਤਰਾਂ ਦੀ ਵਰਤੋਂ ਕਰਦਾ ਹੈ ਅਤੇ ਉਸ ਨੂੰ ਗੁਰੂ ਸਾਹਿਬਾਨ ਵਲੋਂ ਸਿਰਜੀ ਪਰੰਪਰਾ ਆਖਦਾ ਹੈ। ਗੁਰੂ ਸਾਹਿਬਾਨ ਨੇ ਆਪਣੀ ਨੀਤੀ ਵਿੱਚ ਗੁਰਬਾਣੀ ਉਪਦੇਸ਼ ਤੇ ਆਧਾਰਤ ਦੋ ਮੁਢਲੇ ਅਸੂਲ਼ ਅਪਣਾਏ ਹੋਏ ਸਨ: ਇਕ, ਕਿਸੇ ਵੀ ਟਕਰਾ ਜਾਂ ਜੁੱਧ ਵਿੱਚ ਆਪਣਿਆਂ ਅਤੇ ਵਿਰੋਧੀਆਂ ਦਾ ਘੱਟ ਤੋਂ ਘੱਟ ਜਾਨੀ ਨੁਕਸਾਨ ਹੋਵੇ। ਦੂਜਾ, ਕਿਸੇ ਨੂੰ ਵੀ ਪੱਕਾ ਵੈਰੀ ਨਾ ਮੰਨਿਆ ਜਾਵੇ ਅਤੇ ਹਰ ਇੱਕ ਨਾਲ ਗਲ ਬਾਤ ਰਾਹੀਂ ਮਤਭੇਦ ਦੂਰ ਕਰਕੇ ਸੁਲਾਹ ਸਫਾਈ ਕਾਇਮ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਵੇ।

ਚੌਥਾ, ਭਿੰਡਰਾਂਵਾਲੇ ਦਾ ਇਹ ਘੁਮੰਡ ਕਿ "ਦਿਨੇ ਤਾਰੇ ਵਿਖਾ ਦਿਆਂਗੇ" ਗੁਰਬਾਣੀ ਦੇ ਨਿੰਮ੍ਰਤਾ ਅਤੇ ਨਿਰਵੈਰਤਾ ਦੇ ਉਪਦੇਸ਼ ਦੀ ਅਣਦੇਖੀ ਕਰਦਾ ਹੈ। ਗੁਰਬਾਣੀ ਐਸੀ ਡੀਂਗ ਮਾਰਨ ਨੂੰ ਮਨਮੁੱਖੀ ਵਿਹਾਰ ਆਖਦੀ ਹੈ।

ਪੰਜਵਾਂ, ਗੁਰਬਾਣੀ ਬਦਲੇ ਦੀ ਭਾਵਨਾ ਨੂੰ ਅਸਵੀਕਾਰ ਕਰਦੀ ਹੈ। ਭਾਵੇਂ ਬਦਲਾ ਲੈਣਾ ਸਿੱਖ ਇਤਹਿਾਸ ਦੀ ਪਰੰਪਰਾ ਪ੍ਰਚਾਰੀ ਜਾਂਦੀ ਹੈ ਪਰ ਗੁਰਬਾਣੀ ਇਸ ਭਾਵਨਾ ਨੂੰ ਕਦਾਚਿਤ ਪਰਵਾਨਗੀ ਨਹੀਂ ਦਿੰਦੀ। ਬਦਲਾ ਲੈਣ ਦੀ ਗਲਤੀ ਬੰਦਾ ਬਹਾਦਰ ਨੇ ਵੀ ਕੀਤੀ ਸੀ ਜਿਸ ਦੇ ਫਲ ਸਰੂਪ ਗੁਰਮਤ ਦਾ ਸੰਚਾਰ ਬੰਦ ਹੋ ਗਿਆ ਸੀ, ਗੁਰ ਅਸਥਾਨਾਂ ਤੇ ਉਦਾਸੀ ਅਤੇ ਨਿਰਮਲਿਆਂ ਦੇ ਕਬਜ਼ੇ ਹੋ ਗਏ ਸਨ ਅਤੇ ਸਿੱਖਾਂ ਦੀ ਨਸਲਕੁਸ਼ੀ ਹੋਣ ਲੱਗ ਪਈ ਸੀ। ਉਦੋਂ ਤੋਂ ਹੀ ਗੁਰਮਤ ਵਿਰੋਧੀ ਪਰੰਪਰਾਵਾਂ ਸਿੱਖ ਧਰਮ ਤੇ ਹਾਵੀ ਹੋਈਆਂ ਚਲੀਆਂ ਆ ਰਹਿਈਆਂ ਹਨ ਅਤੇ ਹੁਣ ਖਾੜਕੂਵਾਦ ਮਗਰੋਂ ਆਰ. ਐਸ. ਐਸ. ਨੇ ਆਪਣੀ ਸਿੱਖ ਸੰਸਥਾ ਸਥਾਪਤ ਕਰਕੇ ਸਿੱਖ ਪੁਜਾਰੀਆਂ ਦੇ ਕਰਤਵਾਂ ਵਿੱਚ ਆਪਣੇ ਚਹੇਤੇ ਸਕਤੱਰ ਰਾਹੀਂ ਦਖਲ ਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਛੇਵਾਂ, ਗੁਰਬਾਣੀ ਸਰੀਰਕ ਸ਼ਹੀਦੀਆਂ ਦੇਣ ਦਾ ਉਪਦੇਸ਼ ਨਹੀਂ ਕਰਦੀ ਕੇਵਲ ਮਨ ਮਾਰਨ, ਮਨ ਵਸ ਕਰਨ ਜਾਂ ਜੀਵਤ ਮਰਨ ਅਤੇ ਵਿਵਾਦਾਂ ਅਤੇ ਸਮਸਿਆਵਾਂ ਨੂੰ ਗੱਲ ਬਾਤ ਰਾਹੀ ਹਲ ਕਰਨ ਦਾ ਉਪਦੇਸ਼ ਕਰਦੀ ਹੈ।

ਸਤਵਾਂ, ਦਲਬੀਰ ਸਿੰਘ ਲਿਖਦਾ ਹੈ ਕਿ ਭਿੰਡਰਾਂਵਾਲੇ ਨੇ ਇਤਿਹਾਸ ਦੁਹਰਾ ਦਿੱਤਾ। ਇਤਿਹਾਸ ਦੁਹਰਾਉਣਾ ਸਿਆਣਪ ਨਹੀਂ ਹੁੰਦੀ ਕਿਊਂਕੇ ਸਮਾਂ ਕਦੇ ਵੀ ਇਕੋ ਜਿਹਾ ਨਹੀਂ ਰਹਿੰਦਾ। ਸਿਆਣਪ ਇਤਿਹਾਸ ਤੋਂ ਸਬਕ ਸਿਖਣ ਵਿੱਚ ਹੁੰਦੀ ਹੈ। ਭਿੰਡਰਾਂਵਾਲੇ ਨੇ ਬੰਦਾ ਬਹਾਦਰ ਦੇ ਇਤਿਹਾਸ ਨੂੰ ਦੁਹਰਾਇਆ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨੂੰ ਨਹੀਂ ਅਤੇ ਜੋ ਗਲਤੀ ਬੰਦਾ ਬਹਾਦਰ ਨੇ ਕੀਤੀ ਸੀ ਉਹੋ ਗਲਤੀ ਭਿੰਡਰਾਂਵਾਲਾ ਕਰਦਾ ਹੈ। ਗੁਰੂ ਸਾਹਿਬ ਤੇ ਚਮਕੌਰ ਦੀ ਗੜ੍ਹੀ ਵਿਚੋਂ ਸੁਰਖਿਅਤ ਨਿਕਲ ਆਏ ਸਨ ਅਤੇ ਔਰੰਗਜ਼ੇਬ ਨੂੰ ਮਿਲਣ ਲਈ ਨੰਦੇੜ ਵੀ ਗਏ ਸਨ, ਪਰ ਬੰਦਾ ਬਹਾਦਰ ਅਤੇ ਭਿੰਡਰਾਂਵਾਲਾ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਕਰਨ ਵਿੱਚ ਸਫਲ ਨਾ ਹੋ ਸਕੇ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਸਿੱਖਾਂ ਦੇ ਵਿਰੋਧ ਨੇ ਮੁਗਲ ਰਾਜ ਦੇ ਖਾਤਮੇ ਵਿੱਚ ਐਹਮ ਭੁਮਕਾ ਨਿਭਾਈ ਹੈ ਅਤੇ ਕਾਂਗਰਸ ਪਾਰਟੀ ਦੇ ਪਤਨ ਲਈ ਵੀ ਸਿੱਖ ਸੰਘਰਸ਼ ਬਹੁਤ ਹੱਦ ਤਕ ਜ਼ਿਮੇਵਾਰ ਹੈ। ਪਰ ਕਾਂਗਰਸ ਦਾ ਨਿਘਾਰ ਭਾਰਤ ਦੇ ਸੋਵੀਅਤ ਸੰਘ ਵਾਂਗ ਟੁਟੱਣ ਦਾ ਸੰਕੇਤ ਵੀ ਦਿੰਦਾ ਹੈ ਕਿਊਂਕੇ ਹਿੰਦੂਤਵ ਸ਼ਕਤੀਆਂ ਵਿੱਚ ਭਾਰਤ ਨੂੰ ਇਕੱਠਾ ਰਖਣ ਦੀ ਯੋਗਤਾ ਨਹੀਂ ਹੈ। ਹਿੰਦੂ ਧਰਮ ਦਾ ਤੇ ਰੱਬ ਵੀ ਇੱਕ ਨਹੀਂ ਹੈ। ਕੋਈ ਗਣੇਸ਼ ਪੂਜਦਾ ਹੈ, ਕੋਈ ਕ੍ਰਿਸ਼ਨ, ਕੋਈ ਦੁਰਗਾ ਅਤੇ ਕੋਈ ਸ਼ਿਵ। ਜਿਸ ਧਰਮ ਦਾ ਇਸ਼ਟ ਹੀ ਇੱਕ ਨਹੀਂ ਉਹ ਆਪਣੇ ਧਰਮ ਨੂੰ ਸਮਰਪਤ ਦੇਸ਼ ਦੀ ਏਕਤਾ ਕਿਵੇਂ ਕਾਇਮ ਰਖੇਗਾ?

ਇਥੇ ਇਹ ਦੱਸਣਾ ਵੀ ਉਚਿੱਤ ਹੋਵੇਗਾ ਕਿ ਭਿੰਡਰਾਂਵਾਲੇ ਦਾ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਹੋਣ ਦਾ ਅਰਥ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਹੋਣਾ ਨਹੀਂ ਸੀ ਕਿਊਂਕੇ ਦਮਦਮੀ ਟਕਸਾਲ ਵਚਿਤ੍ਰ ਨਾਟਕ ਨੂੰ ਦਸਮ ਗੁਰੂ ਗ੍ਰੰਥ ਸਾਹਿਬ ਆਖਦੀ ਹੈ, ਅਤੇ ਭਿੰਡਰਾਂਵਾਲਾ ਉਸੇ ਵਚਿਤ੍ਰ ਨਾਟਕ ਨਾਮੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਸੀ।

ਖਾੜਕੂ ਲਹਿਰ ਅਤੇ ਖਾਲਿਸਤਾਨ ਦੀ ਮੰਗ ਦੀ ਸ਼ੁਰੂਆਤ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਤੋਂ ਹੋਈ ਸੀ ਅਤੇ ਅੱਜ ਤਕ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਖਤੜਕੂਆਂ ਦੀ ਯਾਦ ਵਿੱਚ ਜਲਸੇ ਕੀਤੇ ਜਾਂਦੇ ਅਤੇ ਜਲੂਸ਼ ਕੱਢੇ ਜਾਂਦੇ ਹਨ ਜਿਥੇ ਖਾਲਿਸਤਾਨ ਦੀ ਮੰਗ ਨੂੰ ਦੁਹਰਾਇਆ ਜਾਂਦਾ ਹੈ। ਅਮ੍ਰੀਕਾ ਅਤੇ ਦੂਜੇ ਦੇਸ਼ਾਂ ਵਿੱਚ ਭਿੰਡਰਾਂਵਾਲੇ ਅਤੇ ਖਾੜਕੂਆਂ ਦੇ ਸ਼ਰਧਾਲੂਆਂ ਅਤੇ ਪ੍ਰਸੰਸਕਾਂ ਦੀ ਸੋਚ ਅਤੇ ਗਤੀਵਿਧੀਆਂ ਦਾ ਵੇਰਵਾ ਪੈਨਸਲਵੇਨੀਆ ਯੁਨੀਵਰਸਿਟੀ ਪ੍ਰੈਸ ਦੀ ਪ੍ਰਕਾਸ਼ਨ "Fighting for faith and nation: Dialogues with Sikh militiants by Cynthia Keppley Mahmood, 1996" ਵਿੱਚ ਦਿੱਤਾ ਹੈ। ਲੇਖਕ ਮੁੱਖਬੰਦ ਵਿੱਚ ਲਿਖਦੀ ਹੈ: "ਮੈਂ ਖਾਲਿਸਤਾਨ ਦੀ ਸਮਰਥਕ ਨਹੀਂ ਹਾਂ। ਮੈਂ ਸਮਝਦੀ ਹਾਂ ਕਿ ਸਿੱਖ ਖਾੜਕੂਆਂ ਨੂੰ ਭਾਰਤੀ ਰਾਜ ਤੋਂ ਕੁੱਝ ਗੰਭੀਰ ਸ਼ਕਾਇਤਾਂ ਹਨ। ਮੈਂ ਖਾੜਕੂਆਂ ਵਲੋਂ ਆਪਣੀਆਂ ਸ਼ਕਾਇਤਾਂ ਦੇ ਨਿਵਾਰਨ ਲਈ ਚੁਣੇ ਬਹੁਤੇ ਢੰਗਾਂ ਨੂੰ ਘਿਰਨਾ ਕਰਦੀ ਹਾਂ"। ਉਹ ਅੱਗੇ ਲਿਖਦੀ ਹੈ, "ਉਹ (ਜਰਨੈਲ ਸਿੰਘ) ਜੱਟ ਘਰਾਣੇ ਤੋਂ ਸੀ, ਜਿਹੜੀ ਜਾਤ ਇਤਹਾਸਕ ਸਮਿਆਂ ਤੋਂ ਹੁਣ ਤਕ ਸਿੱਖ ਖਾੜਕੂਵਾਦ ਦਾ ਆਧਾਰ ਰਹੀ ਹੈ। (ਅਸਲ ਵਿੱਚ ਵਿਭਿੰਨ ਲੇਖਕਾਂ ਨੇ ਸਿੱਖ ਹਿੰਸਾ ਨੂੰ ਜੱਟ ਸਭਿਆਚਾਰ ਦੇ ਪਹਿਲੂ ਵਜੋਂ ਪੇਸ਼ ਕਰਨ ਦਾ ਯਤਨ ਕੀਤਾ ਹੈ, ਜਿਸ ਕਰਕੇ ਖਾੜਕੂ ਅੱਜ ਉਨ੍ਹਾਂ ਤੋਂ ਨਾਰਾਜ਼ ਹਨ, ਅਤੇ ਮੈਹਸੂਸ ਕਰਦੇ ਹਨ ਕਿ ਉਨ੍ਹਾਂ ਦਾ ਇਹ ਪੈਂਤੜਾ (ਖਾੜਕੂਵਾਦ) ਧਾਰਮਕ ਸਿਧਾਂਤਾਂ ਤੋਂ ਪ੍ਰੇਰਤ ਹੈ ਸਭਿਆਚਾਰ ਤੋਂ ਨਹੀਂ। "(ਪੰਨਾ: 47)। ਇਸ ਲਈ ਜਦੋਂ ਵੀ ਕੋਈ ਸਿੱਖ ਖਾੜਕੂ ਲਹਿਰ ਨੂੰ ਆਤੰਕਵਾਦ ਦਾ ਨਾਂ ਦਿੰਦਾ ਹੈ ਤਾਂ ਖਾੜਕੂ ਹੀ ਨਹੀਂ ਬਹੁਤ ਸਾਰੇ ਸਿੱਖ ਵੀ ਬੁਰਾ ਮਨਾਉਂਦੇ ਅਤੇ ਉਜ਼ਰ ਕਰਦੇ ਹਨ। ਸਿੱਖਾਂ ਦਾ ਉਜ਼ਰ ਕਰਨਾ ਵਾਜਬ ਹੈ ਕਿਊਂਕੇ ਹਿੰਦ ਅਤੇ ਪੰਜਾਬ ਸਰਕਾਰਾਂ ਨੇ ਸਿੱਖਾਂ ਦੀਆਂ ਭਾਰਤ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਅਤੇ ਭਾਰਤ ਨੂੰ ਅੰਨ ਸੰਕਟ ਤੋਂ ਮੁਕਤ ਕਰਨ ਵਿੱਚ ਪਾਏ ਯੋਗਦਾਨ ਨੂੰ ਭੁਲਾ ਕੇ ਵੀਹਵੀਂ ਸਦੀ ਦੇ ਅਖੀਰਲੇ ਦੋ ਦਹਾਕਿਆਂ ਵਿੱਚ ਸਿੱਖਾਂ ਨਾਲ ਜੋ ਧੌਖੇ ਕੀਤੇ, ਜ਼ੁਲਮ ਢਾਏ ਅਤੇ ਨਸਲਕੁਸ਼ੀ ਦੇ ਘਿਨਾਉਣੇ ਯਤਨ ਕੀਤੇ ਉਨ੍ਹਾਂ ਤੋਂ ਸਿੱਖ ਮਾਨਸਿਕਤਾ ਬੁਰੀ ਤਰ੍ਹਾਂ ਵਲੂੰਧਰੀ ਗਈ ਹੈ ਅਤੇ ਇਸੇ ਪੀੜਾ ਵਿੱਚ ਉਨ੍ਹਾਂ ਨੂੰ ਭਿੰਡਰਾਂਵਾਲੇ ਦੀਆਂ ਗਲਤੀਆਂ ਵੀ ਨਜ਼ਰ ਆਉਣੋਂ ਬੰਦ ਹੋ ਗਈਆਂ ਹਨ। ਇਸੇ ਲਈ ਸਿੱਖ ਮਾਨਸਿਕਤਾ ਵਿੱਚ ਭਿੰਡਰਾਂਵਾਲੇ ਅਤੇ ਖਾੜਕੂ ਲਹਿਰ ਬਾਰੇ ਦੁਚਿੱਤੀ ਪਾਈ ਜਾਂਦੀ ਹੈ।

ਭਿੰਡਰਾਂਵਾਲੇ ਦੀ ਸੋਚ ਅਤੇ ਖਾੜਕੂ ਗਤੀਵਿਧੀਆਂ ਨੇ ਸਿੱਖ ਇਤਹਾਸ ਦੀ ਦਿਸ਼ਾ ਹੀ ਬਦਲ ਦਿੱਤੀ ਹੈ ਇਸ ਲਈ ਇਸ ਸਾਰੀ ਘਟਨਾ ਦਾ ਲੇਖਾ ਜੋਖਾ ਹੋਣਾਂ ਬਹੁਤ ਜ਼ਰੂਰੀ ਹੈ। ਇਥੇ ਇਸ ਘਟਨਾ ਬਾਰੇ ਕੁੱਝ ਸਵਾਲ ਹੀ ਅੰਕਤ ਕੀਤੇ ਗਏ ਹਨ। ਸਵਾਲ ਉਠਦਾ ਹੈ ਕਿ ਭਿੰਡਰਾਂਵਾਲੇ ਨੇ ਏਸ਼ੀਆ ਦੀ ਦੂਜੀ ਵੱਡੀ ਫੌਜ ਤੇ ਮਾਨ ਕਰਨ ਵਾਲੀ ਹਿੰਦ ਸਰਕਾਰ ਨੂੰ ਵੰਗਾਰ ਕੇ ਕਰੋੜਾਂ ਨਿਹੱਥੇ ਸਿੱਖਾਂ ਦਾ ਭਵਿਖ ਕਿਆ ਸੋਚ ਕੇ ਦਾਓ ਤੇ ਲਾ ਦਿੱਤਾ ਸੀ? ਕੀ ਉਹ ਸਮਝਦਾ ਸੀ ਕਿ ਮੁੱਠੀ ਭਰ ਖਾੜਕੂ ਉਸ ਸ਼ਕਤੀਸ਼ਾਲੀ ਫੌਜ ਨੂੰ ਹਰਾ ਦੇਣਗੇ ਜਾਂ ਫਿਰ ਉਹ ਚਮਕੌਰ ਦੀ ਗੜ੍ਹੀ ਵਾਲੇ ਹਾਲਾਤ ਪੈਦਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਨੀ ਬਨਣ ਦੇ ਸੁਪਨੇ ਲੈ ਰਿਹਾ ਸੀ? ਕੀ ਉਸ ਨੂੰ ਪਤਾ ਨਹੀਂ ਸੀ ਕਿ ਕਾਂਗਰਸ ਸਰਕਾਰ ਵਿੱਚ ਹਿੰਦੂਤਵ ਦੀ ਪ੍ਰਭਾਵਸ਼ਾਲੀ ਲਾਬੀ ਹੈ ਜੋ ਸਿੱਖ ਧਰਮ ਅਤੇ ਲੋਕਾਈ ਨੂੰ ਦੇਖ ਨਹੀਂ ਸੁਖਾਉਂਦੀ ਅਤੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਫੌਜ ਤੋਂ ਕੋਈ ਵੀ ਹਿੰਸਆਤਮਕ ਕਾਰਵਾਈ ਕਰਵਾ ਸਕਦੀ ਹੈ? ਇੱਕ ਵੱਡੇ ਅਤੇ ਪ੍ਰਸਿੱਧ ਸਿੱਖ ਧਾਰਮਕ ਅਤੇ ਰਾਜਸੀ ਆਗੂ ਹੋਣ ਦੇ ਨਾਤੇ ਭਿੰਡਰਾਂਵਾਲੇ ਦਾ ਫਰਜ਼ ਬਣਦਾ ਸੀ ਕਿ ਉਹ ਸਿੱਖਾਂ ਦੀ ਰਖਿਆ, ਬੇਹਤਰੀ ਅਤੇ ਭਲਾਈ ਲਈ ਯਤਨਸ਼ੀਲ ਹੁੰਦਾ ਅਤੇ ਹਿੰਦ ਸਰਕਾਰ ਨਾਲ ਟਕਰਾ ਦੀ ਸਥਿਤੀ ਪੈਦਾ ਹੋਣ ਤੋਂ ਰੋਕਣ ਦਾ ਹਰ ਸੰਭਵ ਯਤਨ ਕਰਦਾ। ਇੱਕ ਸੂਝਵਾਨ ਸਿੱਖ ਆਗੂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਸਿੱਖ ਸਮਾਜ ਨੂੰ ਦਰਪੇਸ਼ ਸਮਸਿਆਵਾਂ ਦਾ ਹੱਲ ਲੋਕਾਂ ਦੀ ਰਖਿਆ ਅਤੇ ਬੇਹਤਰੀ ਨੂੰ ਮੁੱਖ ਰੱਖ ਕੇ ਸ਼ਾਂਤੀ ਅਤੇ ਗਲ ਬਾਤ ਰਾਹੀਂ ਸੁਚੱਜੇ ਢੰਗ ਨਾਲ ਕਢੇ।

ਉਪਰ ਜ਼ਿਕਰ ਕੀਤਾ ਗਿਆ ਹੈ ਕਿ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਖਾੜਕੂ ਲਹਿਰ ਨੂੰ ਆਪਣੇ ਹਿੱਤ ਵਿੱਚ ਵਰਤਦੇ ਰਹੇ ਸਨ। ਸਿਆਸੀ ਪਾਰਟੀਆਂ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਖਾੜਕੂ ਭਾਵਨਾਵਾਂ ਨੂੰ ਕਿਵੇਂ ਆਪਣੇ ਹਿੱਤ ਵਿੱਚ ਵਰਤਿਆ ਸੀ ਇਸ ਬਾਰੇ ਸੰਖੇਪ ਵਿਚਾਰ ਕਰਨੀ ਉਚਿੱਤ ਹੋਵੇਗੀ। ਭਿੰਡਰਾਂਵਾਲਾ ਸਿੱਖ ਸਿਆਸਤ ਅਤੇ ਸ਼੍ਰੋਮਣੀ ਅਕਾਲੀ ਦਲ ਵਿਚੋਂ ਭਰਿਸ਼ਟਤਾ ਅਤੇ ਬੇਈਮਾਨੀ ਦੂਰ ਕਰਨ ਦਾ ਚਾਹਵਾਨ ਸੀ। ਇੰਦਰਾ ਗਾਂਧੀ ਅਤੇ ਕਾਂਗਰਸ ਪਾਰਟੀ ਅਕਾਲੀਆਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਦੋਨੋ ਅਕਾਲੀ ਦਲ ਤੋਂ ਨਾਖੁੱਸ਼ ਸਨ। ਕਾਂਗਰਸ ਪਾਰਟੀ ਨੇ ਭਿੰਡਰਾਂਵਾਲੇ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ। ਬਹੁਤੇ ਅਕਾਲੀ ਭਿੰਡਰਾਂਵਾਲੇ ਨੂੰ ਕਾਂਗਰਸ ਦਾ ਏਜੰਟ ਆਖਣ ਲੱਗ ਪਏ। ਕਿਊਂਕੇ ਭਿੰਡਰਾਂਵਾਲੇ ਦਾ ਕੋਈ ਆਪਣਾ ਸਿਆਸੀ ਏਜੰਡਾ ਤੇ ਹੈ ਨਹੀਂ ਸੀ, ਇਸ ਲਈ ਉਸ ਨੇ ਅਕਾਲੀਆਂ ਦਾ ਰਾਜਸੀ ਏਜੰਡਾ ਅਪਣਾ ਲਿਆ ਵਿਸ਼ੇਸ਼ ਕਰਕੇ ਅਨੰਦਪਰ ਸਾਹਿਬ ਦਾ ਮਤਾ। ਭਿੰਡਰਾਂਵਾਲਾ ਇੱਕ ਕਾਬਲ ਸੰਗਠਕ ਅਤੇ ਆਕਰਸ਼ਣਯੋਗ ਆਗੂ ਸੀ ਅਤੇ ਇਸ ਦੇ ਨਾਲ ਨਾਲ ਈਮਾਨਦਾਰ ਅਤੇ ਨਿਡੱਰ ਵੀ ਸੀ। ਸਿੱਖ ਸਿਆਸਤ ਵਿੱਚ ਉਸ ਦੀ ਆਮਦ ਨੇ ਪੁਰਾਣੇ ਰਸਮੀ ਦੋਗਲੇ ਅਤੇ ਸਮਝੌਤਾਵਾਦੀ ਅਕਾਲੀ ਆਗੂਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਅਕਾਲੀ ਦਲ ਖੁਰਨ ਲੱਗ ਪਿਆ। ਭਿੰਡਰਾਂਵਾਲੇ ਨੇ ਕਾਂਗਰਸ ਪਾਰਟੀ ਦਾ ਮਨੋਰਥ ਪੂਰਾ ਕਰ ਦਿੱਤਾ। ਪਰ ਕਾਂਗਰਸ ਪਾਰਟੀ ਦਾ ਏਜੰਡਾ ਕੇਵਲ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੀ ਨਹੀਂ ਸੀ। ਉਹ ਹਿੰਦੂ ਵੋਟ ਪ੍ਰਾਪਤ ਕਰਨ ਲਈ ਜਨ ਸੰਗ/ਜਨਤਾ ਪਾਰਟੀ ਦੀ ਹਿੰਦੂਤੱਵੀ ਅਪੀਲ ਦੇ ਪ੍ਰਭਾਵ ਨੂੰ ਘਟਾਉਣ ਲਈ ਯਤਨਸ਼ੀਲ ਸੀ ਅਤੇ ਉਸ ਲਈ ਉਹ ਭਿੰਡਰਾਂਵਾਲੇ ਦੇ ਸਿਆਸੀ ਪੈਂਤੜੇ ਨੂੰ ਬੜ੍ਹਾਵਾ ਦੇ ਕੇ ਹਿੰਦੂਆਂ ਨੂੰ ਉਨ੍ਹਾਂ ਦੀ ਰਖਿਅਕ ਹੋਣ ਦਾ ਭਰੋਸਾ ਦਿਵਾਉਣਾ ਚਾਹੁੰਦੀ ਸੀ। ਉਸ ਨੇ ਭਿੰਡਰਾਂਵਾਲੇ ਨੂੰ ਅਤੇ ਉਸ ਦਾ ਨਾਂ ਵਰਤ ਕੇ ਹਿੰਦੂਆਂ ਵਿੱਚ ਡਰ ਅਤੇ ਸਿੱਖਾਂ ਪ੍ਰਤੀ ਨਫਰਤ ਪੈਦਾ ਕਰ ਦਿੱਤੀ। ਕਾਂਗਰਸ ਦੀ ਆਰੀਆ ਸਮਾਜੀ ਲਾਬੀ ਨੂੰ ਸਿੱਖਾਂ ਨੂੰ ਸਬਕ ਸਿਖਾਉਣ ਦਾ ਸੁਨਿਹਰੀ ਮੌਕਾ ਮਿਲ ਗਿਆ। ਕਾਂਗਰਸ ਨੇ ਖਾੜਕੂ ਲਹਿਰ ਵਿੱਚ ਆਪਣੇ ਏਜੰਟ ਵਾੜ ਦਿੱਤੇ, ਦਰਬਾਰ ਸਾਹਿਬ ਵਿੱਚ ਅਸਲਾ ਲਿਜਾਣ ਅਤੇ ਇਕੱਤਰ ਕਰਨ ਦੀ ਖੁਲ੍ਹ ਦੇ ਦਿੱਤੀ, ਅਤੇ ਹਿੰਦੂ ਮੀਡੀਏ ਨੇ ਸਿੱਖਾਂ ਵਿਰੁਧ ਝੂਠਾ ਪ੍ਰਚਾਰ ਕਰਕੇ ਖਾੜਕੂ ਲਹਿਰ ਨੂੰ ਹਊਆ ਬਣਾ ਦਿੱਤਾ। ਓਧਰ ਭਾਰਤੀ ਫੌਜ ਨੇ ਮਾਰਗਰੇਟ ਥੈਚਰ ਦੇ ਅੰਗ੍ਰੇਜ਼ ਫੌਜੀ ਸਲਾਹਕਾਰਾਂ ਦੀ ਸਹਾਇਤਾ ਲੈ ਕੇ ਸਿੱਖਾਂ ਤੇ ਵੱਡਾ ਹਮਲਾ ਕਰਨ ਦੀ ਗੁਪਤ ਯੋਜਨਾ ਤਿਆਰੀ ਕਰ ਲਈ। ਐਸੇ ਖਤਰਨਾਕ ਹਾਲਾਤਾਂ ਵਿੱਚ ਭਿੰਡਰਾਂਵਾਲੇ ਨੂੰ ਕਾਂਗਰਸ ਪਾਰਟੀ, ਆਰੀਆ ਸਮਾਜੀਆਂ ਅਤੇ ਭਾਰਤ ਸਰਕਾਰ ਵਲੋਂ ਸਿੱਖਾਂ ਵਿਰੁਧ ਕੀਤੀ ਜਾ ਰਹੀ ਸਾਜ਼ਸ਼ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਸਿੱਖਾਂ ਦੀ ਉਚਿੱਤ ਰਖਿਆ ਦਾ ਉਪਾ ਕਰਨਾ ਚਾਹੀਦਾ ਸੀ। ਪਰ ਉਹ ਅਗਿਆਨਤਾ ਵਸ ਉਸ ਦੇ ਵੈਰੀਆਂ ਵਲੋਂ ਵਿਛਾਏ ਜਾਲ ਵਿੱਚ ਫਸਦਾ ਚਲਾ ਗਿਆ ਅਤੇ ਸਾਧਾਰਣ ਸਿੱਖ ਬਨਾਉਟੀ ਹਿੰਸਕ ਮਾਹੌਲ ਵਿੱਚ ਮਾਰ ਧਾੜ ਕਰਨ ਵਾਲੇ ਆਤੰਕਵਾਦੀ ਆਖੇ ਜਾਣ ਲੱਗ ਪਏ।

ਸਿੱਖ ਧਰਮ ਵਿੱਚ ਕੁਰਬਾਨੀਆਂ ਦੇਣ ਅਤੇ ਬਦਲਾ ਲੈਣ ਨੂੰ ਉਤਮ ਧਾਰਮਕ ਕਿਰਿਆਵਾਂ ਸਮਝਿਆ ਜਾਂਦਾ ਹੈ। ਗੁਰਬਾਣੀ ਖਾੜਕੂਵਾਦ ਅਤੇ ਸਰੀਰਕ ਕੁਰਬਾਨੀ ਦੀ ਸਮਰਥਕ ਨਹੀਂ ਹੈ ਕਿਊਂਕੇ ਇਹ ਅਕਸਰ ਬੇਬਸੀ ਅਤੇ ਅਸਫਲਤਾ ਦੇ ਪ੍ਰਤੀਕ ਹੁੰਦੇ ਹਨ ਅਤੇ ਹੀਣ ਭਾਵਨਾ ਉਤੇਜਤ ਕਰਦੇ ਹਨ। ਸਿੱਖ ਵਿਦਵਾਨਾਂ ਨੂੰ ਕੁਰਬਾਨੀਆਂ ਦੀ ਪ੍ਰਸੰਸਾ ਕਰਨੀ ਬੰਦ ਕਰਕੇ ਸਿੱਖਾਂ ਨੂੰ ਜੀਵਨ ਦੀਆਂ ਸਮਸਿਆਵਾਂ ਨੂੰ ਜਾਣਕਾਰੀ, ਮੇਹਨਤ, ਸਿਆਣਪ, ਸਹਿਜ ਅਤੇ ਗੱਲਬਾਤ ਰਾਹੀਂ ਗੁਰੂ ਤੇ ਭਰੋਸਾ ਰੱਖ ਕੇ ਹਲ ਕਰਨ ਦਾ ਰਾਹ ਅਪਨਾਉਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।
.