.

ਸੁਨਹੁ ਲੋਕਾ! ਮੈਂ ਪ੍ਰੇਮ ਰਸੁ ਪਾਇਆ॥

ਬਲਬਿੰਦਰ ਸਿੰਘ ਸਿਡਨੀ (ਅਸਟ੍ਰੇਲੀਆ)

ਦੁਨੀਆਂ ਦਾ ਕੋਈ ਵੀ ਪ੍ਰਾਣੀ ਮਰਨਾ ਨਹੀਂ ਚਾਹੁੰਦਾ ਅਤੇ ਪ੍ਰਮਾਤਮਾ ਨੂੰ ਮਿਲ ਕੇ ਜੰਮਣ-ਮਰਨ ਦੇ ਗੇੜ ਵਿੱਚੋਂ ਨਿਕਲਾ ਚਾਹੁੰਦਾ ਹੈ। ਜਿਸ ਤਰ੍ਹਾਂ ਕਿਸੇ ਵੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਦਵਾਈ ਲੈਣ ਦੇ ਨਾਲ-ਨਾਲ ਕਈ ਚੀਜ਼ਾਂ ਦੀ ਵਰਤੋਂ ਤੋਂ ਪਰਹੇਜ ਵੀ ਰੱਖਣਾ ਪੈਂਦਾ ਹੈ ਇਸੇ ਤਰ੍ਹਾਂ ਪ੍ਰਮਾਤਮਾ ਨੂੰ ਮਿਲਣ ਵਾਸਤੇ ਗੁਰੂ-ਰੂਪੀ ਵੈਦ ਦੀ ਲੋੜ ਪੈਂਦੀ ਹੈ ਅਤੇ ਕਈ ਬੁਰਿਆਈਆਂ ਤੋਂ ਦੂਰ ਰਹਿਣਾ ਪੈਂਦਾ ਹੈ ਭਾਵ ਪਰਹੇਜ ਰੱਖਣਾ ਪੈਂਦਾ ਹੈ। ਸੰਖੇਪ ਰੂਪ ਵਿੱਚ ਪ੍ਰਮਾਤਮਾ ਮਿਲਣ ਲਈ ਕਈ ਚੀਜ਼ਾਂ ਦੀ ਲੋੜ ਪੈਂਦੀ ਹੈ ਜਿਵੇਂ ਕਿ -
1. ਵੈਦ-ਗੁਰੂ: ਗੁਰੂ ਤੋਂ ਬਗੈਰ ਪ੍ਰਮਾਤਮਾ ਦਾ ਮੇਲ ਸੰਭਵ ਨਹੀਂ ਕਿਉਂਕਿ ਗੁਰੂ ਤੋਂ ਬਗੈਰ ਭਰਮ ਰੂਪੀ ਅਗਿਆਨਤਾ ਦੂਰ ਨਹੀਂ ਹੁੰਦੀ।
ਗੁਰੂ ਅੰਗਦ ਪਾਤਸ਼ਾਹ ਨੇ ਠੀਕ ਲਿਖਿਆ ਹੈ ਕਿ -
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥2॥
(ਗੁਰੂ ਗ੍ਰੰਥ ਸਾਹਿਬ, ਪੰਨਾ 463)

ਭਾਵ: ਜੇ ਸੌ ਚੰਦਰਮਾ ਅਤੇ ਹਜਾਰ ਸੂਰਜ ਚੜ੍ਹ ਜਾਣ, ਅਤੇ ਇੰਨੇ ਚਾਨਣ ਹੋਣ ਨਾਲ (ਭਾਵ ਚਾਨਣ ਕਰਨ ਵਾਲੇ ਜਿਤਨੇ ਵੀ ਸੂਰਜ, ਚੰਦ ਆਦਿ ਚੜ੍ਹ ਪੈਣ), ਗੁਰੂ ਤੋਂ ਬਗੈਰ ਫੇਰ ਵੀ ਘੁੱਪ ਹਨੇਰਾ ਹੈ।
2. ਅਉਖਦ - ਦਵਾਈ: ਜਦ ਸਾਨੂੰ ਡਾਕਟਰ ਰੂਪੀ ਗੁਰੂ ਮਿਲ ਜਾਂਦਾ ਹੈ ਤਾਂ ਉਹ ਸਾਨੂੰ ਨਾਮ ਰੂਪੀ ਦਵਾਈ ਪੀਣ ਲਈ ਕਹਿੰਦਾ ਹੈ ਅਤੇ ਕਈ ਅਸੂਲ ਦੱਸਦਾ ਹੈ ਜਿਨ੍ਹਾਂ ਤੇ ਚੱਲਣਾ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਉਸ ਉਸ ਧਰਮ ਸੰਬੰਧੀ ਰਸਤੇ ਤੇ ਚੱਲਿਆ ਨਹੀਂ ਜਾ ਸਕਦਾ।
3. ਇਹ ਗੱਲ ਵੀ ਜਰੂਰੀ ਹੈ ਕਿ ਨਾਮ ਰੂਪੀ ਦਵਾਈ ਨਾਲ ਪਰਹੇਜ ਰੂਪੀ ਬੁਰਿਆਈਆਂ ਤੋਂ ਦੂਰ ਰਿਹਾ ਜਾਵੇ। ਇਸ ਤਰ੍ਹਾਂ ਕਰਨ ਨਾਲ ਥੋੜ੍ਹੇ ਸਮੈਂ ਵਿੱਚ ਬਿਮਾਰੀ ਦੂਰ ਹੋ ਜਾਂਦੀ ਹੈ ਅਤੇ ਸਰੀਰ ਜਲਦੀ ਨਵਾਂ ਨਰੋਆ ਹੋ ਜਾਂਦਾ ਹੈ।
4. ਸੰਜਮ ਭਾਵ ਨਾਮ ਰੂਪੀ ਦਵਾਈਆਂ ਅਤੇ ਬੁਰਿਆਈ ਰੂਪੀ ਸੰਜਮ ਦੀ ਲਗਾਤਾਰ ਵਰਤੋਂ ਕਰਨੀ ਹੈ। ਥੋੜ੍ਹੀ ਜਿਹੀ ਅਣਗਹਿਲੀ ਕਾਰਨ ਬਿਮਾਰੀ ਲੰਮੀਂ ਹੋ ਸਕਦੀ ਹੈ ਅਤੇ ਸਰੀਰ ਤੰਦਰੁਸਤ ਨਹੀਂ ਹੋ ਸਕਦਾ।
ਉਪਰੋਕਤ ਖਿਆਲਾਂ ਸੰਬੰਧੀ ਭਾਈ ਗੁਰਦਾਸ ਜੀ ਦੇ ਹੇਠ ਲਿਖੇ ਕਬਿਤ ਬਹੁਤ ਖਿਆਨ ਯੋਗ ਹਨ। ਆਪ ਜੀ ਕਬਿਤ ਨੰਬਰ 496 ਵਿੱਚ ਲਿਖਦੇ ਹਨ ਕਿ -
1. ਜਿਵੇਂ ਕਿ ਛੱਲਾਂ ਮਾਰਦੇ ਅਸਥਿਰ ਪਾਣੀ ਵਿੱਚ ਸੂਰਜ ਅਤੇ ਚੰਦਰਮਾ ਦੇ ਪੂਰਨ ਪ੍ਰਕਾਸ਼ ਦਾ ਪ੍ਰਛਾਵਾਂ ਨਹੀਂ ਦਿਸ ਸਕਦਾ,
2. ਜਿਵੇਂ ਕਿ ਮੈਲੇ ਸ਼ੀਸ਼ੇ ਵਿੱਚ ਉਰਵਸ਼ੀ ਜਿਹੀ ਸੁੰਦਰ ਅਪਛਰਾਂ ਦੇ ਨਿਮਲ ਮੁਖੜੇ ਦਾ ਸੁੰਦਰ ਰੂਪ ਨਹੀਂ ਵੇਖਿਆ ਜਾ ਸਕਦਾ
3. ਜਿਵੇਂ ਦੀਵੇ ਦੀ ਰੌਸ਼ਨੀ ਬਿਨ੍ਹਾਂ ਹਨ੍ਹੇਰੇ ਵਿੱਚ ਕੋਲ ਪਈ ਚੀਜ ਵੀ ਨਹੀਂ ਵੇਖੀ ਜਾ ਸਕਦੀ, ਘੁੱਪ ਹਨ੍ਹੇਰਾ ਹੋਣ ਕਰਕੇ ਘਰ ਡਰਾਉਣਾ ਲੱਗਦਾ ਹੈ ਅਤੇ ਚੋਰ-ਚਕਾਰ ਦਾ ਡਰ ਰਹਿੰਦਾ ਹੈ।
ਇਸੇ ਤਰ੍ਹਾਂ ਮਾਇਆ ਦੇ ਭਰਮ-ਹਨ੍ਹੇਰੇ ਵਿੱਚ ਫਸੇ ਅਗਿਆਨੀ, ਨੀਚ ਮਨ ਦਾ ਹਾਲ ਹੈ। ਅਗਿਆਨੀ ਮਨ ਸਤਗੁਰੂ ਦੇ ਧਿਆਨ ਅਤੇ ਨਾਮ ਸਿਮਰਨ ਦੇ ਪ੍ਰੇਮ-ਰਸ ਰਸਤੇ ਦਾ ਅਲੌਕਿਕ ਅਨੰਦ ਨਹੀਂ ਮਾਣ ਸਕਦੇ। ਪੂਰਾ ਕਬਿਤ ਇਸ ਤਰ੍ਹਾਂ ਹੈ -
ਜੈਸੇ ਤਉ ਚਪਲ ਜਲ1 ਅੰਤਰਿ ਨ ਦੇਖੀਅਤਿ,
ਪੂਰਨ ਪ੍ਰਗਾਸ ਪ੍ਰਤਿਬਿੰਬ ਰਵਿ9, ਸਸਿ10 ਕੋ॥
ਜੈਸੇ ਤਉ ਮਲੀਨ ਦਰਪਨ11 ਮੈ ਨ ਦੇਖੀਅਤਿ,
ਨਿਰਮਲ ਬਦਨ2 ਸਰੂਪ ਉਰਬਸਿ3 ਕੋ॥
ਜੈਸੇ ਬਿਨੁ ਦੀਪ ਨ ਸਮੀਪ ਕੋ ਬਿਲੋਨੀਅਤ4,
ਭਵਨ5 ਭਇਆਨ6 ਅੰਧਕਾਰ ਤ੍ਰਾਸ7 ਤਸ ਕੋ॥
ਤੈਸੇ ਮਾਇਆ ਭਰਮ ਅਧਮ ਅਛਾਦਿਓ8 ਮਨ,
ਸਤਿਗੁਰ ਧਿਆਨ ਸੁਖ ਨਾਲ ਪ੍ਰੇਮ ਰਸ ਕੋ॥
(ਕਬਿਤ ਨੰਬਰ 496)
ਅਰਥ -
1. ਛੱਲਾਂ ਮਾਰਦਾ (ਅਸਥਿਰ) ਪਾਣੀ, 2. ਮੁਖੜਾ 3. ਅਪਛਰਾਂ 4. ਵੇਖਣਾ 5. ਘਰ 6. ਡਰਾਉਣਾ 7. ਡਰ 8. ਢਕਿਆ ਹੋਇਆ 9. ਸੂਰਜ 10. ਚੰਦਰਮਾ 11. ਸ਼ੀਸ਼ਾ
ਇਨ੍ਹਾਂ ਹੀ ਖਿਆਲਾਂ ਨੂੰ ਭਾਈ ਗੁਰਦਾਸ ਜੀ ਆਪਣੇ 439 ਨੰਬਰ ਕਬਿਤ ਵਿੱਚ ਹੋਰ ਵੀ ਸਾਫ ਢੰਗ ਨਾਲ ਬਿਆਨ ਕਰਦੇ ਹੋਏ ਕਹਿੰਦੇ ਹਨ ਕਿ -
1. ਕੋਈ ਪਾਂਧੀ ਪ੍ਰੀਤਮ ਪ੍ਰਭੂ ਦੇ ਦਰ ਦੇ ਪਾਂਧੀਆਂ ਨੂੰ, ਪ੍ਰੀਤਮ ਦੇ ਦਰ ਦਾ ਰਾਹ ਪੁੱਛਦਾ ਹੈ ਪਰ ਉਸ ਰਾਹ ਤੇ ਪੈਰ ਨਹੀਂ ਦਰਦਾ। ਉਸੇ ਰਾਹ ਤੁਰੇ ਬਿਨ੍ਹਾਂ ਪ੍ਰਤਮ ਪਿਆਰੇ ਦੇ ਦੇਸ਼ ਕੇਵਲ ਗੱਲਾਂ ਬਾਤਾਂ ਕਹਿਣ ਸੁਨਣ ਨਾਲ ਕਿਵੇਂ ਅੱਪੜਿਆ ਜਾ ਸਕਦਾ ਹੈ? ਭਾਵ ਨਹੀਂ ਅੱਪੜਿਆ ਜਾ ਸਕਦਾ।
2. ਕੋਈ ਰੋਗੀ ਵੈਦ-ਸਤਿਗੁਰੂ ਨੂੰ ਹਉਮੈ ਰੋਗ ਨੂੰ ਮਿਟਾਉਣ ਦਾ ਦਾਰੂ ਤਾਂ ਪੁੱਛਦਾ ਹੈ, ਪਰ ਵੈਦ-ਸਤਿਗੁਰੂ ਦੀ ਦੱਸੀ ਦਵਾਈ ਨੂੰ ਪੂਰੇ ਦੱਸੇ ਪਰਹੇਜ ਨਾਲ ਨਹੀਂ ਖਾਂਦਾ, ਤਾਂ ਫਿਰ ਉਸ ਰੋਗੀ ਦੇ ਹਉਮੈ ਦਾ ਰੋਗ ਕਿਵੇਂ ਦੂਰ ਹੋ ਸਕਦਾ ਹੈ (ਭਾਵ ਦੂਰ ਨਹੀਂ ਹੁੰਦਾ) ਅਤੇ ਆਤਮ-ਸੁੱਖ ਕਿਵੇਂ ਹੋ ਸਕਦਾ ਹੈ (ਭਾਵ ਆਮ ਸੁੱਖ ਪ੍ਰਾਪਤ ਨਹੀਂ ਹੁੰਦਾ।) ਅਤੇ
3. ਕੋਈ ਜੀਵ ਇਸਤਰੀ ਵਾਹਿਗੁਰੂ-ਪਿਆਰੀਆਂ ਗੁਰਮੁਖੀ ਸਹਾਗਣਾਂ ਨੂੰ ਪ੍ਰਭੂ-ਮਿਲਾਪ ਦੀ ਜੁਗਤੀ ਤਾਂ ਪੁੱਛਦੀ ਹੈ, ਪਰ ਆਪਣੇ ਕਰਮ-ਕਰਤੂਤਾਂ (ਭਾਵ ਕੰਮ) ਵਾਹਿਗੁਰੂ ਤੋਂ ਦੁਰਕਾਰੀਆਂ ਦੁਹਾਗਣਾਂ (ਭਾਵ ਬੇਮੁਖਾਂ) ਵਾਲੇ ਹਨ ਅਤੇ ਹਿਰਦੇ ਵਿਚ ਦੁਰਾਚਾਰ (ਖੋਟ) ਹੈ, ਤਾਂ ਫਿਰ ਉਸ ਦੁਰਾਚਾਰੀ ਨੂੰ ਪ੍ਰਭੂ-ਮਿਲਾਪ ਲਈ ਪਿਆਰੇ ਪ੍ਰੀਤਮ ਦੀ ਸੇਜਾ ਤੇ ਕਿਵੇਂ ਬੁਲਾਇਆ ਜਾ ਸਕਦਾ ਹੈ ਭਾਵ ਇਹ ਨਹੀਂ ਹੋ ਸਕਦਾ ਕਿ ਉਸ ਨੂੰ ਬੁਲਾਇਆ ਜਾਵੇ ਇਸ ਤਰ੍ਹਾਂ ਹਿਰਦੇ ਵਿੱਚ ਵਸਾਏ ਬਿਨਾਂ, ਦਿਖਾਵੇ ਮਾਤਰ, ਪ੍ਰਭੂ-ਪ੍ਰੀਤਮ ਦੇ ਗੀਤ ਗਾਉਣ ਨਾਲ, ਕਥਾ ਵਾਰਤਾ ਸੁਣਨ ਨਾਲ ਅਤੇ ਅੱਖਾਂ ਮੀਟ ਕੇ ਧਿਆਨ ਲਾਉਣ ਨਾਲ ਉੱਚੇ ਆਤਮ-ਪਦ ਨੂੰ ਨਹੀਂ ਪਾਇਆ ਜਾ ਸਕਦਾ, ਜਦ ਤੱਕ ਗੁਰ ਉਪਦੇਸ਼ ਅਤੇ ਨਾਮ ਸਿਮਰਨ ਨੂੰ ਦ੍ਰਿੜ ਕਰ ਕੇ ਉਸ ਦੀ ਕਮਾਈ ਨਹੀਂ ਕੀਤੀ ਜਾਂਦੀ। ਕਬਿਤ 439 ਵਿੱਚ ਆਪ ਲਿਖਦੇ ਹਨ -
ਪੂਛਤ1 ਪਥਿਕ2 ਤਿਹ ਮਾਰਗਿ ਨ ਧਾਰੈ ਪਗੁ ਪ੍ਰੀਤਮ ਕੇ ਦੇਸ ਕੈਸੇ ਬਾਤਨ ਕੈ ਜਾਈਐ॥ ਪੂਛਤ ਹੈ ਬੈਦ, ਖਾਤ ਅਉਖਧਿ3 ਨ ਸੰਜਮ4 ਸੈ, ਕੈਸੇ ਮਿਟੈ ਰੋਗ ਸੁਖ ਸਹਜਿ ਸਮਾਈਐ॥ ਪੂਛਤ ਸੁਹਾਗਨਿ ਕਰਮ ਹੈ ਦੁਹਾਗਨਿ ਕੈ, ਰਿਦੈ ਬਿਭਚਾਰ5 ਕਤ ਸਿਹਜਾ ਬੁਲਾਈਐ॥ ਗਾਏ, ਸਨੈ, ਆਂਖੇ ਮੀਚੈ ਪਾਈਐ ਨ ਪਰਮ-ਪਦੁ, ਗੁਰ ਉਪਦੇਸੁ ਗਹਿ6 ਜਉ ਲਉ ਨ ਕਮਾਈਐ॥
(439)
ਅਰਥ -
1. ਮੁਸਾਫਰ, ਪਾਂਧੀ 2. ਰਸਤੇ ਉੱਤੇ
3. ਦਵਾਈ 4. ਪਰਹੇਜ ਨਾਲ
5. ਪਰ-ਪੁਰਖ ਗਮਨ (ਵਿਭਚਾਰ) 6. ਪਕੜਨ ਨਾਲ
ਗੁਰੂ ਗ੍ਰੰਥ ਸਾਹਿਬ ਵਿੱਚ ਵਾਰ-ਵਾਰ ਗਰੂ ਦੀ ਮੱਤ, ਗੁਰੂ ਦੀ ਵਿਚਾਰਧਾਰਾ ਜਾਂ ਗੁਰੂ ਜੀ ਦੇ ਉਪਦੇਸ਼ ਦੀ ਗੱਲ ਕੀਤੀ ਗਈ ਹੈ ਜਿਸ ਰਾਹੀਂ ਪ੍ਰਮਾਤਮਾ ਨਾਲ ਮਿਲਾਪ ਹੋ ਸਕੇ। ਗੁਰਬਾਣੀ ਗੁਰੂ ਦੇ ਉਪਦੇਸ਼ਾਂ ਨਾਲ ਭਰਪੂਰ ਹੈ। ਗੁਰੂ ਦੀ ਮੱਤ ਸਦਾ ਰਹਿਣ ਵਾਲੀ ਹੈ ਅਤੇ ਗੁਰੂ ਦਾ ਸ਼ਬਦ ਹੀ ਸ਼੍ਰੇਸ਼ਟ ਪਦਾਰਥ ਹੈ{ ਗੁਰੂ ਦਾ ਸਿੱਖ ਗੁਰੂ ਦੀ ਮੱਤ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਦਾ ਹੈ -
1. ਗੁਰਮਤਿ ਸਾਚੀ ਸਬਦੁ ਹੈ ਸਾਰੁ ॥ ਹਰਿ ਕਾ ਨਾਮੁ ਰਖੈ ਉਰਿ ਧਾਰਿ ॥
(ਮਲਾਰ ਮਹਲਾ 1, ਪੰਨਾ - 1275)
2. ਗੁਰਮਤਿ ਊਚੋ ਊਚੀ ਪਉੜੀ ਗਿਆਨਿ ਰਤਨਿ ਹਉਮੈ ਮਾਰੀ ਹੇ ॥
(ਮਾਰੂ ਮਹਲਾ 3 ਪੰਨਾ - 1050)
ਗੁਰੂ ਦੀ ਮਤ ਧਾਰਨ ਕਰਕੇ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ ਕਿਉਂਕਿ ਭਗਤੀ ਤੋਂ ਬਿਨਾਂ ਸਮਝਦਾਰ ਮਨੁੱਖ ਵੀ ਆਪਣਾ ਜੀਵਨ ਅਸਫਲ ਕਰ ਲੈਂਦੇ ਹਨ -
ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥ ਹਰਿ ਕੀ ਭਗਤਿ ਕਰਹੁ ਮਨ ਮੀਤ ॥ ਨਿਰਮਲ ਹੋਇ ਤੁਮਾਰੋ ਚੀਤ ॥
(ਗਉੜੀ ਸੁਖਮਨੀ ਮਹਲਾ 5, ਪੰਨਾ - 288)
ਆਓ ਹੁਣ ਹੇਠ ਲਿਖੇ ਸ਼ਬਦਾਂ ਦੀ ਵੀਚਾਰ ਕਰੀਏ। ਇਹ ਸ਼ਬਦ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਹਨ -
1. ਆਸਾ ਮਹਲਾ 5 ॥
ਸਸੂ ਤੇ ਪਿਰਿ ਕੀਨੀ ਵਾਖਿ ॥ ਦੇਰ ਜਿਠਾਣੀ ਮੁਈ ਦੂਖਿ ਸੰਤਾਪਿ ॥ ਘਰ ਕੇ ਜਿਠੇਰੇ ਕੀ ਚੂਕੀ ਕਾਣਿ ॥ ਪਿਰਿ ਰਖਿਆ ਕੀਨੀ ਸੁਘੜ ਸੁਜਾਣਿ ॥1॥ ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥ ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰਿ ਮੋ ਕਉ ਹਰਿ ਨਾਮੁ ਦਿਵਾਇਆ ॥1॥ ਰਹਾਉ ॥ ਪ੍ਰਥਮੇ ਤਿਆਗੀ ਹਉਮੈ ਪ੍ਰੀਤਿ ॥ ਦੁਤੀਆ ਤਿਆਗੀ ਲੋਗਾ ਰੀਤਿ ॥ ਤ੍ਰੈ ਗੁਣ ਤਿਆਗਿ ਦੁਰਜਨ ਮੀਤ ਸਮਾਨੇ ॥ ਤੁਰੀਆ ਗੁਣੁ ਮਿਲਿ ਸਾਧ ਪਛਾਨੇ ॥2॥ ਸਹਜ ਗੁਫਾ ਮਹਿ ਆਸਣੁ ਬਾਧਿਆ ॥ ਜੋਤਿ ਸਰੂਪ ਅਨਾਹਦੁ ਵਾਜਿਆ ॥ ਮਹਾ ਅਨੰਦੁ ਗੁਰ ਸਬਦੁ ਵੀਚਾਰਿ ॥ ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ ॥3॥ ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ ॥ ਜੋ ਸੁਣੇ ਕਮਾਵੈ ਸੁ ਉਤਰੈ ਪਾਰਿ ॥ ਜਨਮਿ ਨ ਮਰੈ ਨ ਆਵੈ ਨ ਜਾਇ ॥ ਹਰਿ ਸੇਤੀ ਓਹੁ ਰਹੈ ਸਮਾਇ ॥4॥2॥
(ਗੁਰੂ ਗ੍ਰੰਥ ਸਾਹਿਬ, ਪੰਨਾ 370)
ਪਦ ਅਰਥ:
ਸਸੂ: ਅਗਿਆਨਤਾ ਰੂਪੀ ਸੱਸ
ਵਾਖਿ: ਵੱਖ ਕਰ ਦਿੱਤੀ
ਦੇਰ ਜਠਾਣੀ: ਆਸਾ ਤ੍ਰਿਸ਼ਨਾ
ਜਿਠੇਰੀ: ਧਰਮ ਰਾਜ
ਕਾਣਿ: ਧੌਸ
ਦੁਰਜਨ: ਮਾੜੇ ਬੰਦੇ
ਸੰਘਾਰੇ: ਮਾਰ ਦਿੱਤੇ
ਲੋਕ ਰੀਤਿ: ਲੋਕ ਲਾਜ
ਗੁਰੂ ਅਰਜਨ ਰਹਾਉ ਦੀ ਤੁੱਕ ਰਾਹੀਂ ਸਮਝਾਉਂਦੇ ਹਨ ਕਿ -
ਅਰਥ: ਹੇ ਲੋਕੋ! ਸੁਣੋ, ਮੈਂ ਗੁਰੂ ਦੀ ਕ੍ਰਿਪਾ ਨਾਲ ਮੈਂ ਪ੍ਰਮਾਤਮਾ ਦੇ ਪਿਆਰ ਦਾ ਆਨੰਦ ਪਾਇਆ ਹੈ ਭਾਵ ਪ੍ਰਮਾਤਮਾ ਨੂੰ ਪਾ ਲਿਆ ਹੈ। ਗੁਰੂ ਨੇ ਮੈਨੂੰ ਪ੍ਰਮਾਤਮਾ ਦੇ ਨਾਮ ਦੀ ਦਾਤਿ ਦੇ ਦਿੱਤੀ ਹੈ ਜਿਸ ਦੀ ਬਰਕਤ ਨਾਲ ਮੈਂ ਭੈੜੀਆਂ ਭਾਵਨਾਵਾਂ ਮਾਰ ਲਈਆਂ ਹਨ ਅਤੇ ਮਾਮਾਦਿਕ ਵੈਰੀ ਮੁਕਾ ਲਏ ਹਨ॥1॥ ਰਹਾਉ॥
ਗੁਰੂ ਦੀ ਕਿਪਾ ਨਾਲ ਮੈਨੂੰ ਪ੍ਰਭੂ ਪਤੀ ਮਿਲ ਗਿਆ ਜਿਸ ਨੇ ਮੈਨੂੰ ਅਗਿਆਨਤਾ ਨਾਮੀ ਸੱਸ ਤੋਂ ਵੱਖ ਭਾਵ ਪਰ੍ਹੇ ਕਰ ਲਿਆ ਹੈ। ਮੇਰੀ ਆਸਾ ਅਤੇ ਤ੍ਰਿਸ਼ਨਾ ਨਾਮੀ ਦਿਰਾਣੀ ਅਤੇ ਜਿਠਾਣੀ ਦੁੱਖ ਕਲੇਸ਼ਾਂ ਨਾਲ ਮਰ ਗਈ ਹੈ ਕਿਉਂਕਿ ਮੈਨੂੰ ਪ੍ਰਭੂ ਪਤੀ ਮਿਲ ਪਿਆ ਹੈ। ਗੁਣ ਮੇਰੇ ਉੱਤੇ ਧਰਮ ਰਾਜ ਰੂਪੀ ਜੇਠ ਦੀ ਭੀ ਕੋਈ ਧੌਸ ਨਹੀਂ ਰ੍ਹੀ। ਸੁਚੱਜੇ, ਸਿਆਣੇ ਪ੍ਰਭੂ ਪਤੀ ਨੇ ਮੈਨੂੰ ਇਨ੍ਹਾਂ ਸਭਨਾਂ ਤੋਂ ਬਚਾਅ ਲਿਆ ਹੈ॥1॥
ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ ਤਾਂ ਸਭ ਤੋਅਂ ਪਹਿਲਾਂ ਮੈਂ ਹਉਮੈ ਦਾ ਪਿਆਰ ਤਿਆਗਿਆ, ਫਿਰ ਮੈਂ ਲੋਕਾਚਾਰੀ ਰਸਮਾਂ ਛੱਡੀਆਂ, ਫਿਰ ਮੈਂ ਮਾਇਆ ਦੇ ਤਿੰਨੇ ਗੁਣ ਛੱਡ ਦਿੱਤੇ, ਵੈਰੀ ਅਤੇ ਮਿੱਤਰ, ਮੈਨੂੰ ਸਭ ਇੱਕੋ ਜਿਹੇ ਲੱਗਣ ਲੱਗ ਪਏ। ਗੁਰੂ ਨੂੰ ਮਿਲ ਕੇ ਮੈਂ ਉਸ ਗੁਣ ਨਾਲ ਸਾਂਝ ਪਾ ਲਈ ਜਿਹੜਾ ਮਾਇਆ ਦੇ ਤਿੰਨਾਂ ਗੁਣਾਂ ਤੋਂ ਉਤਾਂਹ ਉੱਠ ਕੇ ਚੌਥੇ ਦਰਜੇ ਭਾਵ ਆਤਮਿਕ ਦਰਜੇ ਤੇ ਅਪੜਾਂਦਾ ਹੈ॥2॥
ਜੋਗੀ ਗੁਫਾ ਵਿੱਚ ਬੈਠ ਕੇ ਆਸਣ ਲਾਉਂਦਾ ਹੈ। ਜਦੋਂ ਗੁਰੂ ਦੀ ਕਿਰਪਾ ਹੋਈ ਅਤੇ ਮੈਨੂੰ ਪ੍ਰਭੂ ਪਤੀ ਮਿਲ ਗਿਆ ਤਾਂ ਮੈਂ ਆਤਮਿਕ ਅਡੋਲਤਾ ਦੀ ਗੁਫਾ ਅੰਦਰ ਆਪਣਾ ਆਸਣ ਜਮਾ ਲਿਆ ਹੈ। ਹੁਣ ਮੇਰੇ ਅੰਦਰ ਨੂਰ ਹੀ ਨੂਰ ਪ੍ਰਮਾਤਮਾ ਦੇ ਮਿਲਾਪ ਦਾ ਇਕ ਰਸ ਅਨਹਦ ਵਾਜਾ ਵੱਜਣ ਲੱਗ ਪਿਆ ਹੈ। ਗੁਰੂ ਦੇ ਸ਼ਬਦ ਵੀਚਾਰ ਵੀਚਾਰ ਕੇ ਮੇਰੇ ਅੰਦਰ ਇੱਕ ਵੱਡਾ ਆਤਮਿਕ ਅਨੰਦ ਪੈਦਾ ਹੋ ਰਿਹਾ ਹੈ। ਹੇ ਲੋਕੋ! ਧੰਨ ਹੈ ਉਹ ਜੀਵ-ਇਸਤਰੀ, ਭਾਗਾਂ ਵਾਲੀ ਹੈ ਉਹ ਜੀਵ-ਇਸਤਰੀ ਜਿਹੜੀ ਪ੍ਰਭੂ-ਪਤੀ ਦੇ ਪਿਆਰ ਦੇ ਰੰਗ ਵਿੱਚ ਰੰਗੀ ਗਈ ਹੈ।
ਹੇ ਭਾਈ! ਦਾਸ ਨਾਨਕ ਪ੍ਰਮਾਤਮਾ ਦੇ ਗੁਣਾਂ ਦਾ ਵਿਚਾਰ ਹੀ ਉਚਾਰਦਾ ਰਹਿੰਦਾ ਹੈ। ਜਿਹੜਾ ਵੀ ਮਨੁੱਖ ਪ੍ਰਮਾਤਮਾਦੀ ਸਿਫਤ-ਸਲਾਹ ਸੁਣਦਾ ਹੈ ਅਤੇ ਉਸ ਮੁਤਾਬਕ ਆਪਣਾ ਜੀਵਨ ਉੱਚਾ ਕਰਦਾ ਹੈ, ਉਹ ਸੰਸਾਰ ਸਮਨੁੰਦਰ ਤੋਂ ਪਾਰ ਲੰਘ ਜਾਂਦਾ ਹੈ। ਉਹ ਮੁੜ-ਮੁੜ ਨਾ ਹੀ ਜੰਮਦਾ ਹੈ ਅਤੇ ਨਾ ਹੀ ਮਰਦਾ ਹੈ। ਉਹ ਜਗਤ ਵਿੱਚ ਮੁੜ ਮੁੜ ਨਾ ਹੀ ਆਉਂਦਾ ਹੈ ਅਤੇ ਨਾ ਹੀ ਇੱਥੌਂ ਮੁੜ ਮੁੜ ਜਾਂਦਾ ਹੈ। ਉਹ ਸਦਾ ਸਦਾ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦਾ ਹੈ।
2. ਗੁਰੂ ਗ੍ਰੰਥ ਸਹਿਬ ਦੇ ਪੰਨਾ 106 ਤੇ ਰਾਗ ਮਾਂਝ ਵਿੱਚ ਗੁਰੂ ਅਰਜਨ ਜੀ ਪ੍ਰਭੂ ਦੀ ਸਿਫਤ ਸਲਾਹ ਅਤੇ ਉਸ ਦੀ ਪ੍ਰਾਪਤੀ ਹੋ ਜਾਣ ਦੇ ਲੱਛਣ ਵੀ ਬਿਆਨ ਕਰਦੇ ਹਨ ਅਤੇ ਕਹਿੰਦੇ ਹਨ -
ਸਭੇ ਸੁਖ ਭਏ ਪ੍ਰਭ ਤੁਠੇ ॥ ਗੁਰ ਪੂਰੇ ਕੇ ਚਰਣ ਮਨਿ ਵੁਠੇ ॥ ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ ॥1॥
ਭਾਵ: ਜਦੋਂ ਪ੍ਰਭੂ ਪ੍ਰਸੰਨ ਹੋਵੇ ਅਤੇ ਉਸ ਦੀ ਮਿਹਰ ਨਾਲ ਪੂਰੇ ਗੁਰੂ ਦੇ ਚਰਨ ਕਿਸੇ ਵਡਭਾਗੀ ਦੇ ਮਨ ਵਿਚ ਆ ਵੱਸਣ ਤਾਂ ਉਸ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਪਰ ਉਸ ਅਨੰਦ ਨੂੰ ਉਹੀ ਮਨੁੱਖ ਸਮਝਦਾ ਹੈ ਜਿਸ ਦੇ ਅੰਦਰ ਪ੍ਰਭੂ-ਮਿਲਾਪ ਦੀ ਲਗਨ ਹੋਵੇ ਜਿਸ ਦੀ ਆਤਮਕ ਅਡੋਲਤਾ ਵਾਲੀ ਸਮਾਧੀ ਲੱਗੀ ਹੋਵੇ ਭਾਵ ਜੋ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹੇ॥1॥
ਅਗਮ ਅਗੋਚਰੁ ਸਾਹਿਬੁ ਮੇਰਾ ॥ ਘਟ ਘਟ ਅੰਤਰਿ ਵਰਤੈ ਨੇਰਾ ॥ ਸਦਾ ਅਲਿਪਤੁ ਜੀਆ ਕਾ ਦਾਤਾ ਕੋ ਵਿਰਲਾ ਆਪੁ ਪਛਾਣੈ ਜੀਉ ॥2॥
ਭਾਵ: ਹੇ ਭਾਈ! ਮੇਰਾ ਮਾਲਕ ਪ੍ਰਭੂ ਅਪਹੁੰਚ ਹੈ, ਗਿਆਨ ਇੰਦਰੀਆਂ ਦੀ ਉਸ ਪ੍ਰਭੂ ਤੱਕ ਪਹੁੰਚ ਨਹੀਂ ਹੋ ਸਕਦੀ, ਉਂਝ ਉਹ ਪ੍ਰਮਾਤਮਾ ਹਰੇਕ ਜੀਵ ਦੇ ਹਿਰਦੇ ਵਿਚ ਵੱਸ ਰਿਹਾ ਹੈ, ਉਹ ਸਭ ਜੀਵਾਂ ਦੇ ਨੇੜ ਹੈ ਫਿਰ ਵੀ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ ਅਤੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਪ੍ਰਮਾਤਮਾ ਸਭ ਦੀ ਜਿੰਦ-ਜਾਨ ਹੈ, ਸਭ ਦੀ ਆਤਮਾ ਹੈ, ਸਭ ਦਾ ਆਪਾ ਹੈ ਪਰ ਉਸ ਦੇ ਆਪੇ ਪ੍ਰਭੂ ਨੂੰ ਕੋਈ ਵਿਰਲਾ ਮਨੁੱਖ ਹੀ ਪਛਾਣਦਾ ਹੈ॥2॥
ਪ੍ਰਭ ਮਿਲਣੈ ਕੀ ਏਹ ਨੀਸਾਣੀ ॥ ਮਨਿ ਇਕੋ ਸਚਾ ਹੁਕਮੁ ਪਛਾਣੀ ॥ ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ ॥3॥
ਭਾਵ: ਹੇ ਭਾਈ! ਪ੍ਰਮਾਤਮਾ ਦੇ ਮਿਲਾਪ ਦੀ ਨਿਸ਼ਾਨੀ ਇਹ ਹੈ ਕਿ ਜਿਹੜਾ ਜੀਵ ਉਸ ਪ੍ਰਮਾਤਮਾ ਦੇ ਚਰਨੀਂ ਜੁੜਿਆ ਰਹਿੰਦਾ ਹੈ, ਉਹ ਆਪਣੇ ਮਨ ਵਿਚ ਉਸ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਹੁਕਮ ਸਮਝ ਲੈਂਦਾ ਹੈ ਅਤੇ ਉਸ ਦੀ ਰਜ਼ਾ ਵਿਚ ਰਾਜੀ ਰਹਿੰਦਾ ਹੈ। ਜਿਹੜੇ ਮਨੁੱਖ ਖਸਮ-ਪ੍ਰਭੂ ਦੀ ਰਜ਼ਾ ਵਿੱਚ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਸੰਤੋਖ ਵਿਚ ਜੀਵਨ ਬਤੀਤ ਕਰਦੇ ਹਨ ਅਤੇ ਤ੍ਰਿਸ਼ਨਾ ਆਦਿ ਉਨ੍ਹਾਂ ਦੇ ਨੇੜੇ ਨਹੀਂ ਆਉਂਦੀ॥3॥
ਹਥੀ ਦਿਤੀ ਪ੍ਰਭਿ ਦੇਵਣਹਾਰੈ ॥ ਜਨਮ ਮਰਣ ਰੋਗ ਸਭਿ ਨਿਵਾਰੇ ॥ ਨਾਨਕ ਦਾਸ ਕੀਏ ਪ੍ਰਭਿ ਅਪੁਨੇ ਹਰਿ ਕੀਰਤਨਿ ਰੰਗ ਮਾਣੇ ਜੀਉ ॥4॥35॥42॥
ਅਰਥ: 1. ਦਵਾਈ ਦੀ ਫੱਕੀ, ਪੁੜੀ।
ਇਸ ਸ਼ਬਦ ਦੀਆਂ ਅੰਤਲੀਆਂ ਤੁੱਕਾਂ ਵਿਚ ਗੁਰੂ ਅਰਜਨ ਸਾਹਿਬ ਕਹਿੰਦੇ ਹਨ ਕਿ ਪ੍ਰਭੂ ਦੀ ਸਿਫਤ-ਸਲਾਹ ਮਾਨੋ ਦਵਾਈ ਦੀ ਇੱਕ ਫੱਕੀ ਹੈ। ਦੇਵਣਹਾਰ ਪ੍ਰਭੂ ਨੇ ਇਸ ਜੀਵ ਨੂੰ ਇਸ ਫੱਕੀ ਦੀ ਤਲੀ ਦਿੱਤੀ ਅਤੇ ਉਸ ਦੇ ਜਨਮ-ਮਰਨ ਦੇ ਸਾਰੇ ਰੋਗ ਕੱਟ ਦਿੱਤੇ। ਹੇ ਨਾਨਾਕ! ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਸੇਵਕ ਬਣਾ ਲਿਆ ਹੈ, ਉਹ ਪ੍ਰਮਾਤਮਾ ਦੀ ਸਿਫਤ ਸਲਾਹ ਵਿਚ ਆਤਮਕ ਅਨੰਦ ਮਾਣਦੇ ਹਨ। ਬਾਬਾ ਸ਼ੇਖ ਫਰੀ ਵੀ ਰਾਗ ਆਸਾ ਵਿਚ ਪੰਨਾ 488 ਤੇ ਲਿਖਦੇ ਹਨ -
ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥1॥ ਰਹਾਉ ॥
ਭਾਵ: ਹੇ ਸ਼ੇਖ ਫਰੀਦ! ਇਸ ਮਨੁੱਖਾ ਜਨਮ ਵਿਚ ਹੀ ਤੇਰਾ ਉਸ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ। ਲੋੜ ਹੈ ਤੈਨੂੰ ਆਪਣੇ ਮਨ ਨੂੰ ਮਚਾਉਣ ਵਾਲੀਆਂ ਇੰਦਰੀਆਂ ਤੇ ਕਾਬੂ ਪਾਉਣ ਦੀ। ਜੇ ਤੂੰ ਇਸ ਤਰ੍ਹਾਂ ਕਰ ਲਵੇਂਗਾ ਤਾਂ ਆਵਸ਼ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ। ਰਹਾਉ॥
ਨਾਮ ਸਿਮਰਨ ਕਰਨ ਅਤੇ ਭੈੜੀਆਂ ਵਾਦੀਆਂ ਤੋਂ ਬੱਚ ਕੇ ਰਹਿਣ ਦੇ ਨਾਲ ਨਾਲ ਜੀਵ ਨੂੰ ਆਪਣੇ ਧਰਮ ਵਾਸਤੇ ਤਨ ਮਨ ਧਨ ਵਾਰ ਦੇਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਸਿੱਖ ਇਤਿਹਾਸ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ। ਚਾਰੇ ਸਾਹਿਬਜ਼ਾਦਿਆਂ ਅਤੇ ਇਨ੍ਹਾਂ ਅਨੇਕਾਂ ਸ਼ਹੀਦਾਂ ਅੱਗੇ ਹਰ ਗੁਰਸਿੱਖ ਦਾ ਵਾਰ-ਵਾਰ ਸੀਸ ਝੁਕ ਜਾਂਦਾ ਹੈ। ਗੁਰੂ ਕਿਰਪਾ ਕਰਨ। ਆਪਾਂ ਵੀ ਗੁਰੂ ਵਾਲੇ ਬਣਕੇ, ਗੁਰੂ ਦੀ ਸਿੱਖਿਆ ਤੇ ਚੱਲਣ ਦਾ ਪ੍ਰਣ ਕਰੀਏ ਤਾਂ ਜੋ ਇਸੇ ਹੀ ਜਨਮ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕੇ। ਇਹ ਕੰਮ ਹਰ ਜੀਵ ਕਰ ਸਕਦਾ ਹੈ। ਸਿਰਫ ਲੋੜ ਹੈ ਗੁਰੂ ਦੇ ਹੁਕਮਾਂ ਤੇ ਚੱਲਣ ਦੀ।
ਚਾਰੇ ਸਾਹਿਬਜ਼ਾਦਿਆਂ ਅਤੇ ਅਨੇਕਾਂ ਸਿੱਖ ਸ਼ਹੀਦਾਂ ਨੂੰ ਲੱਖ-ਲਖ ਵਾਰੀ ਪ੍ਰਣਾਮ।
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
.