.

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਭਾਗ ਨੌਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(੧੭) ਕਤ ਕੀ ਮਾਈ, ਬਾਪੁ ਕਤ ਕੇਰਾ, ਕਿਦੂ ਥਾਵਹੁ ਹਮ ਆਏ॥ ਅਗਨਿ ਬਿੰਬ ਜਲ ਭੀਤਰਿ ਨਿਪਜੇ, ਕਾਹੇ ਕੰਮਿ ਉਪਾਏ॥ ੧ ॥ ਮੇਰੇ ਸਾਹਿਬਾ! ਕਉਣੁ ਜਾਣੈ ਗੁਣ ਤੇਰੇ॥ ਕਹੇ ਨ ਜਾਨੀ, ਅਉਗਣ ਮੇਰੇ॥ ੧ ॥ ਰਹਾਉ॥ ਕੇਤੇ ਰੁਖ ਬਿਰਖ ਹਮ ਚੀਨੇ, ਕੇਤੇ ਪਸੂ ਉਪਾਏ॥ ਕੇਤੇ ਨਾਗ ਕੁਲੀ ਮਹਿ ਆਏ, ਕੇਤੇ ਪੰਖ ਉਡਾਏ॥ ੨ ॥ ਹਟ ਪਟਣ ਬਿਜ ਮੰਦਰ ਭੰਨੈ, ਕਰਿ ਚੋਰੀ ਘਰਿ ਆਵੈ॥ ਅਗਹੁ ਦੇਖੈ, ਪਿਛਹੁ ਦੇਖੈ, ਤੁਝ ਤੇ ਕਹਾ ਛਪਾਵੈ॥ ੩ ॥ ਤਟ ਤੀਰਥ ਹਮ ਨਵ ਖੰਡ ਦੇਖੇ, ਹਟ ਪਟਣ ਬਾਜਾਰਾ॥ ਲੈ ਕੈ ਤਕੜੀ ਤੋਲਣਿ ਲਾਗਾ, ਘਟ ਹੀ ਮਹਿ ਵਣਜਾਰਾ॥ ੪ ॥ ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ, ਤੇਤੇ ਅਉਗਣ ਹਮਾਰੇ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ, ਡੁਬਦੇ ਪਥਰ ਤਾਰੇ॥ ੫ ॥ ਜੀਅੜਾ ਅਗਨਿ ਬਰਾਬਰਿ ਤਪੈ, ਭੀਤਰਿ ਵਗੈ ਕਾਤੀ॥ ਪ੍ਰਣਵਤਿ ਨਾਨਕੁ ਹੁਕਮੁ ਪਛਾਣੈ, ਸੁਖੁ ਹੋਵੈ ਦਿਨੁ ਰਾਤੀ॥ ੬ ॥ (ਪੰ: ੧੫੬)

ਅਰਥ : —ਹੇ ਮੇਰੇ ਮਾਲਕ ਪ੍ਰਭੂ ! ਮੇਰੇ ਅੰਦਰ ਇਤਨੇ ਜ਼ਿਆਦਾ ਅਉਗੁਣ ਹਨ ਜਿਹੜੇ ਕਿ ਗਿਣੇ ਵੀ ਨਹੀਂ ਜਾ ਸਕਦੇ। (ਫ਼ਿਰ, ਜਿਸ ਮਨੁੱਖ ਅੰਦਰ ਅਣਗਿਣਤ ਅਉਗੁਣ ਹੋਣ, ਤਾਂ ਅਜਿਹੇ ਅਉਗੁਣਾਂ ਨਾਲ ਭਰਪੂਰ ਕਿਸੇ ਵੀ ਮਨੁੱਖ ਲਈ ਸੰਭਵ ਹੀ ਨਹੀਂ, ਜੋ ਉਹ ਤੇਰੇ ਗੁਣਾਂ ਨਾਲ ਡੂੰਘੀ ਸਾਂਝ ਪਾ ਸਕੇ ਭਾਵ ਜੀਵਨ ਦੀ ਅਜਿਹੀ ਨਿਘਰੀ ਹੋਈ ਹਾਲਤ `ਚ ਅਜਿਹਾ ਅਉਗੁਣਹਾਰਾ ਮਨੁੱਖ, ਮਨ ਕਰਕੇ ਤੇਰੀ ਸਿਫ਼ਤਿ-ਸਾਲਾਹ ਨਾਲ ਜੁੜ ਸਕੇ। ੧। ਰਹਾਉ।

ਹੇ ਮੇਰੇ ਸਾਹਿਬ ! ਸਾਡੇ ਉਨ੍ਹਾਂ ਅਣਗਿਣਤ ਅਉਗੁਣਾਂ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ `ਚ ਭਟਕਣਾ ਪੈਂਦਾ ਹੈ, ਇਸ ਲਈ ਅਸੀਂ ਕੀ ਦੱਸ ਸਕਦੇ ਹਾਂ ਕਿ ਕਦੋਂ ਦੀ ਸਾਡੀ ਕੋਈ ਮਾਂ ਹੈ ਤੇ ਕਦੋਂ ਦਾ ਭਾਵ, ਕਿਸ ਜੂਨ `ਚੋਂ ਆਇਆ ਹੋਇਆ ਸਾਡਾ ਕੋਈ ਪਿਉ ਹੈ? ਇਹ ਵੀ ਕਿ ਕਿਸ-ਕਿਸ ਥਾਂ ਤੋਂ ਤੇ ਕਿਹੜੀ ਕਿਹੜੀ ਜੂਨ ਚੋਂ ਨਿਕਲ ਕੇ ਅਸੀਂ ਇਸ ਮਨੁੱਖਾ ਜਨਮ `ਚ ਆਏ ਹਾਂ?

ਬਲਕਿ ਆਪਣੇ ਉਨ੍ਹਾਂ ਬੇਅੰਤ ਅਉਗੁਣਾਂ ਕਾਰਨ ਸਾਨੂੰ ਇਹ ਵਿਚਾਰ ਵੀ ਨਹੀਂ ਫੁਰਦਾ ਕਿ ਆਖ਼ਿਰ ਕਿਸ ਮਕਸਦ ਦੀ ਪ੍ਰਾਪਤੀ ਲਈ ਪਿਤਾ ਦੇ ਵੀਰਜ ਨਾਲ ਸਾਡਾ, ਮਾਤਾ ਦੇ ਗਰਭ ਵਿੱਚਲੇ ਅਗਨ-ਕੁੰਡ `ਚ ਸਥਾਪਨ ਹੋਇਆ ਸੀਭਾਵ ਕਾਹਦੇ ਲਈ ਤੇ ਜੀਵਨ ਦੇ ਕਿਸ ਮਨੋਰਥ ਨੂੰ ਹਾਸਲ ਕਰਣ ਵਾਸਤੇ ਅਸੀਂ ਜਨਮੇ ਹਾਂ ਅਤੇ ਸਾਨੂੰ ਇਹ ਮਨੁੱਖਾ ਜਨਮ ਪ੍ਰਦਾਨ ਕੀਤਾ ਹੈ? । ੧।

ਆਪਣੇ ਉਨ੍ਹਾਂ ਅਣਗਿਣਤ ਔਗੁਣਾਂ ਤੇ ਕਰਮਾਂ ਦਾ ਹੀ ਫਲ ਸੀ ਜਦੋਂ ਇਸ ਜਨਮ ਤੋਂ ਪਹਿਲਾਂ ਅਸਾਂ ਅਨੇਕਾਂ ਰੁੱਖਾਂ, ਬਿਰਖਾਂ ਦੀਆਂ ਜੂਨਾਂ ਭੋਗੀਆਂ, ਅਨੇਕਾਂ ਵਾਰ ਅਸੀਂ ਪਸ਼ੂ-ਜੂਨਾਂ `ਚ ਪਏ, ਅਨੇਕਾਂ ਵਾਰ ਸੱਪਾਂ ਦੀਆਂ ਕੁਲਾਂ `ਚ ਪੈਦਾ ਹੋਏ, ਤੇ ਅਨੇਕਾਂ ਵਾਰ ਅਸੀਂ ਪੰਛੀ ਬਣ-ਬਣ ਕੇ ਉਡਦੇ ਰਹੇ। ੨।

ਉਨ੍ਹਾਂ ਜਨਮਾਂ ਜਨਮਾਂਤ੍ਰਾਂ ਦੇ ਕੀਤੇ ਕੁਕਰਮਾਂ ਦਾ ਹੀ ਕੁਪ੍ਰਭਾਵ ਹੁੰਦਾ ਹੈ, ਬਹੁਤ ਵਾਰ ਇਸ ਮਨੁੱਖਾ ਜਨਮ `ਚ ਆ ਕੇ ਵੀ, ਸ਼ਹਰਾਂ `ਚ ਹੱਟੀਆਂ ਅਤੇ ਦੂਜਿਆ ਦੇ ਪੱਕੇ ਘਰ ਭੰਨਦੇ ਫ਼ਿਰਦੇ ਤੇ ਸੰਨ੍ਹਾਂ ਲਗਾਉਂਦੇ ਹਾਂ। ਫ਼ਿਰ ਉਸ ਚੋਰੀ ਦੇ ਮਾਲ ਨੂੰ ਲੈ ਕੇ ਆਪਣੇ ਘਰ-ਪ੍ਰਵਾਰ `ਚ ਆਉਂਦੇ ਹਾਂ; ਇਸ ਤਰ੍ਹਾਂ ਚੋਰੀ ਕਰਕੇ ਤੇ ਸੰਨ ਮਾਰ ਕੇ ਜਦੋਂ ਉਹ ਧੰਨ-ਮਾਲ ਘਰ `ਚ ਲਿਆਉਂਦੇ ਹਾਂ ਤਾਂ ਅੱਗੇ ਪਿੱਛੇ ਤੱਕਦੇ ਹਾਂ ਕਿ ਉਸ ਚੋਰੀ ਦੇ ਮਾਲ ਨੂੰ ਕੋਈ ਦੇਖ ਨ ਲਵੇ ਜਾਂ ਕਿਸੇ ਨੂੰ ਉਸ ਬਾਰੇ ਪਤਾ ਨਾ ਲੱਗ ਜਾਵੇ।

ਪਰ ਹੇ ਪ੍ਰਭੂ ! ਮੂਰਖ ਮਨੁੱਖ ਇਹ ਨਹੀਂ ਸਮਝਦਾ ਕਿ (ਉਹ ਲੋਕਾਂ ਪਾਸੋਂ ਤਾਂ ਭਾਵੇਂ ਇਹ ਸਭਕੁਝ ਲੁਕਾ ਲਵੇ) ਪਰ ਉਹ ਇਸ ਸਾਰੇ ਨੂੰ ਤੇਰੇ ਪਾਸੋਂ ਬਿਲਕੁਲ ਵੀ ਨਹੀਂ ਲੁਕਾ ਸਕਦਾ। ੩।

ਜਨਮਾਂ ਜਨਮਾਂਤ੍ਰਾਂ ਦੇ ਕੀਤੇ ਹੋਏ ਆਪਣੇ ਉਨ੍ਹਾਂ ਕੁਕਰਮਾਂ ਨੂੰ ਧੋਣ ਲਈ ਹੀ "ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ" ਅਸੀਂ ਇਸ ਮਨੁੱਖਾ ਜਨਮ ਦੌਰਾਨ ਸਾਰੀ ਧਰਤੀ ਦੇ ਤੀਰਥਾਂ ਦਾ ਭਰਮਨ ਕਰਦੇ ਭਾਵ ਉਥੇ ਜਾ-ਜਾ ਕੇ ਦਾਨ-ਪੁੰਨ-ਇਸ਼ਨਾਨ ਆਦਿ ਕਰਦੇ ਫ਼ਿਰਦੇ ਹਾਂ; ਸ਼ਹਿਰਾਂ-ਬਜ਼ਾਰਾਂ ਦੀ ਹੱਟੀ-ਹੱਟੀ ਵੇਖਦੇ ਹਾਂ ਭਾਵ ਕਦੇ ਜੋਗੀਆਂ, ਸਨਿਆਸੀਆਂ, ਨਾਂਗੇ, ਵੈਰਾਗੀਆਂ ਤੇ ਰਮਤੇ ਸਾਧਾਂ ਆਦਿ ਦੇ ਭੇਖ ਧਾਰਨ ਕਰਕੇ ਭੀਖ ਮੰਗਦੇ ਫਿਰਦੇ ਹਾਂ, ਪਰ ਜਨਮਾਂ ਜਨਮਾਂਤ੍ਰਾਂ ਦੇ ਸਾਡੇ ਕੀਤੇ ਹੋਏ ਉਹ ਕੁਕਰਮ ਤਾਂ ਵੀ ਸਾਡੀ ਖ਼ਲਾਸੀ ਨਹੀਂ ਕਰਦੇ, ਸਾਡਾ ਪਿਛਾ ਨਹੀਂ ਛਡਦੇ।

ਫ਼ਿਰ ਜਦੋਂ ਕੋਈ ਭਾਗਾਂ ਵਾਲਾ ਭਾਵ ਗੁਰਮੁਖ ਪਿਆਰਾ ਤੇਰੀ ਮਿਹਰ ਸਦਕਾ "ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ" ਇਹ ਵਣਜਾਰਾ ਜੀਵ, ਚੰਗੀ ਤਰ੍ਹਾਂ ਪਰਖ-ਵਿਚਾਰ ਕਰਦਾ ਹੈ ਤਾਂ ਜਾ ਕੇ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ ਉਸ ਦੇ ਹਿਰਦੇ ਘਰ `ਚ ਹੀ ਵੱਸਦਾ ਹੈਂ ਜਦਕਿ ਉਹ ਫ਼ਜ਼ੂਲ ਤੇ ਬਿਨਾ ਕਾਰਣ ਹੀ ਇਧਰ ਓਧਰ ਭਟਕਦਾ ਰਿਹਾ। ੪।

ਹੇ ਮੇਰੇ ਸਾਹਿਬ ! ਜਿਵੇਂ ਅਮਿਣਵੇਂ ਪਾਣੀ ਨਾਲ ਸਮੁੰਦਰ ਭਰਿਆ ਹੁੰਦਾ ਹੈ, ਤਿਵੇਂ ਹੀ ਅਸਾਂ ਜੀਵਾਂ ਦੇ ਔਗੁਣ ਵੀ ਅਣਗਿਣਤ ਹਨ (ਅਤੇ ਅਸੀਂ ਇਨ੍ਹਾਂ ਨੂੰ ਧੋ ਸਕਣ ਲਈ ਅਸਮ੍ਰਥ ਹਾਂ ਇਸਲਈ), ਤੂੰ ਆਪ ਹੀ ਆਪਣੀ ਦਇਆ ਤੇ ਮਿਹਰ ਕਰ। ਹੇ ਪ੍ਰਭੂ! ਕਿਉਂਕਿ ਤੂੰ ਤਾਂ ਡੁੱਬਦੇ ਪੱਥਰਾਂ ਨੂੰ ਭੀ ਤਾਰ ਸਕਦਾ ਹੈਂ ਭਾਵ ਮੋਹ-ਮਾਇਆ ਖੱਚਤ ਵੱਡੇ ਤੋਂ ਵੱਡੇ ਵਿਕਾਰੀਆਂ ਤੇ ਦੁਰਾਚਾਰੀਆਂ ਦੇ ਜੀਵਨ ਵੀ ਤਬਦੀਲ ਕਰਣ ਤੇ ਉਨ੍ਹਾਂ ਦਾ ਪ੍ਰਾਪਤ ਮਨੁੱਖਾ ਜਨਮ ਵੀ ਸਫ਼ਲ ਕਰਣ ਦੀ ਸਮ੍ਰਥਾ ਰਖਦਾ ਹੈਂ। ੫।

ਹੇ ਮੇਰੇ ਸਾਹਿਬ ! ਮੇਰੀ ਜਿੰਦ ਵਿਕਾਰਾਂ ਦੀ ਅੱਗ `ਚ ਤਪ ਤੇ ਸੜ ਰਹੀ ਹੈ, ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ ਭਾਵ ਤ੍ਰਿਸ਼ਨਾ ਦੇ ਭਾਂਬੜ ਲਟ-ਲਟ ਕਰ ਰਹੇ ਹਨ।

ਨਾਨਕ ਬੇਨਤੀ ਕਰਦਾ ਹੈ—ਜੋ ਮਨੁੱਖ ਪ੍ਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, "ਸੁਖੁ ਹੋਵੈ ਦਿਨੁ ਰਾਤੀ" ਉਹ ਜੀਵਨ ਅੰਦਰ ਦਿਨ ਤੇ ਰਾਤ ਭਾਵ ਹਰ ਵੇਲੇ ਤੇਰੇ ਨਾਮ ਰੰਗ `ਚ ਰੰਙਿਆ ਰਹਿਕੇ ਆਤਮਕ ਆਨੰਦ ਮਾਣਦਾ ਕੈ। ਇਸ ਲਈ ਹੇ ਪ੍ਰਭੂ! ਤੂੰ ਮੈਨੂੰ ਨਾਨਕ ਨੂੰ ਵੀ ਆਪਣੀ ਸਿਫ਼ਤ ਸਾਲਾਹ ਨਾਲ ਜੋੜ ਕੇ ਆਪਣੇ ਭਾਣੇ ਤੇ ਰਜ਼ਾ `ਚ ਜੀਵਨ ਜੀਊਣ ਦਾ ਬਲ ਬਖ਼ਸ਼। ੬। ੫। ੧੭।

ਨੋਟ-੧:-ਚਲਦੇ ਪ੍ਰਕਰਣ "ਮਾਤ ਗਰਭ ਮਹਿ ਆਪਨ ਸਿਮਰਨੁ ਦੇ…" ਦੀ ਮੰਗ ਅਨੁਸਾਰ ਸੰਬੰਧਤ ਸ਼ਬਦ ਵਿੱਚਲੀ ਪੰਕਤੀ "ਅਗਨਿ ਬਿੰਬ ਜਲ ਭੀਤਰਿ ਨਿਪਜੇ" ਵਿਸ਼ੇਸ਼ ਧਿਆਨ ਮੰਗਦੀ ਹੈ।

ਜਦਕਿ ਇਸ "ਅਗਨਿ ਬਿੰਬ" ਲਈ ਹੀ ਗੁਰਬਾਣੀ `ਚ ਹੋਰ ਵੀ ਬਹੁਤ ਸ਼ਬਦਾਵਲੀ ਪੜ੍ਹ ਆਏ ਹਾਂ ਜਿਵੇਂ ਗਰਭ ਅਗਨਿ’, ‘ਅਗਨਿ ਕੁੰਡ’ ‘ਅਗਨਿ ਕੁੰਟ’ ‘ਅਗਨਿ ਉਦਰ’ ‘ਜਠਰ ਅਗਨਿ’, ‘ਅਗਨਿ ਉਦਰ’, ਗਰਭ ਕੁੰਟ, ਅਗਨੀ ਉਦਰ, "ਜਿਥੈ ਅਗਨਿ ਭਖੈ ਭੜਹਾਰੇ", "ਮਹਾ ਅਗਨਿ" ਆਦਿ ਇਸ ਲਈ ਇਸ ਵੇਰਵੇ ਤੋਂ ਸੰਬੰਧਤ ਵਿਸ਼ੇ ਨੂੰ ਪੂਰੀ ਤਰ੍ਹਾਂ ਸਮਝਣ ਦਾ ਯਤਣ ਕਰਣਾ ਹੈ ਜੀ।

ਨੋਟ-੨:-ਸ਼ਬਦ ਦੀ ਵਿਚਾਰ ਤੋਂ ਪੂਰੀ ਤਰ੍ਹਾਂ ਸਾਫ਼ ਹੈ ਕਿ ਕੁੱਝ ਧੁਰੋਂ ਵਰੋਸਾਈਆਂ ਰੂਹਾਂ ਨੂੰ ਛੱਡ ਕੇ ਜਿਵੇਂ ਦਸ ਪਾਤਸ਼ਾਹੀਆਂ, ਅਸਾਂ ਇਸ ਜਨਮ ਤੋਂ ਪਹਿਲਾਂ ਪ੍ਰਭੂ ਵੱਲੋਂ ਪ੍ਰਾਪਤ ਕਈ ਮਨੁੱਖਾ ਜਨਮ ਵੀ ਬਿਰਥਾ ਕੀਤੇ ਹੁੰਦੇ ਹਨ। ਉਸੇ ਕਾਰਣ ਅਸੀਂ ਇਸ ਪ੍ਰਾਪਤ ਮਨੁੱਖਾ ਜਨਮ ਤੋਂ ਪਹਿਲਾਂ ਵੀ ਬੇਅੰਤ ਜੂਨਾਂ ਤੇ ਭਿੰਨ ਭਿੰਨ ਕੇਵਲ ਗਰਭ ਭੋਗ ਕੇ ਹੀ ਨਹੀਂ ਬਲਕਿ ਬਹੁਤ ਵਾਰੀ ਤਾਂ ਆਪਣੇ ਸੁਭਾਅ ਅੰਦਰ, ਆਪਣੇ ਨਾਲ ਉਨ੍ਹਾਂ ਜਨਮਾਂ ਤੇ ਜੂਨਾਂ ਦੇ ਕੁਪ੍ਰਭਾਵ ਵੀ ਨਾਲ ਲੈ ਕੇ ਵੀ ਜਨਮੇ ਹੁੰਦੇ ਹਾਂ।

ਜਦਕਿ ਸਾਨੂੰ ਪ੍ਰਭੂ ਵੱਲੋਂ ਇਹ ਮਨੁੱਖਾ ਜਨਮ "ਯਾ ਜੁਗ ਮਹਿ ਏਕਹਿ ਕਉ ਆਇਆ" (ਪੰ: ੨੫੧) ਅਥਵਾ "ਭਲੋ ਸਮੋ ਸਿਮਰਨ ਕੀ ਬਰੀਆ॥ ਸਿਮਰਤ ਨਾਮੁ ਭੈ ਪਾਰਿ ਉਤਰੀਆ" (ਅੰ: ੧੯੦) ਵਾਲੀ ਬਰੀਆ ਪ੍ਰਾਪਤ ਹੀ ਇਸ ਲਈ ਹੋਈ ਹੁੰਦੀ ਹੈ ਤਾ ਕਿ ਅਸੀਂ ਇਸ ਵਾਰ, ਸ਼ਬਦ-ਗੁਰੂ ਦੀ ਕਮਾਈ ਰਾਹੀਂ ਪ੍ਰਭੂ ਦੀ ਸਿਖ਼ਤ ਸਾਲਾਹ ਨਾਲ ਜੁੜੀਏ ਤੇ ਆਪਣੇ ਇਸ ਪ੍ਰਾਪਤ ਜਨਮ ਸਫ਼ਲ ਕਰਕੇ ਜਾਵੀਏ। ਇਸ ਤਰ੍ਹਾਂ ਅਸੀਂ ਆਪਣੇ ਇਸ ਲੋਕ ਤੇ ਪ੍ਰਲੋਕ ਦੋਨਾਂ ਨੂੰ ਸੁਹੇਲਾ ਕਰ ਕੇ ਜਾਵੀਏ ਤਾ ਕਿ ਸਾਨੂੰ ਮੁੜ ਉਨ੍ਹਾਂ ਹੀ ਭਿੰਨ ਭਿੰਨ ਜੂਨਾਂ-ਜਨਮਾਂ ਤੇ ਗਰਭਾਂ ਦੀ ਵਿਸ਼ਟਾ `ਚ ਨਾ ਭਟਕਣਾ ਪਵੇ।

(੧੮) ਸਲੋਕ॥ ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ॥ ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ॥ ੧ ॥ ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ॥ ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦੈ ਨਾਇ॥ ੨ ॥ (ਪੰ: ੭੦੬)

ਪਦ ਅਰਥ : —ਜੀਅ ਰਚਨਾ—ਜੀਵਾਂ ਦੀ ਬਨਾਵਟ। ਰਚੰਤਿ—ਬਣਾਉਂਦਾ ਹੈ। ਅਸਥਾਪਨੰ—ਟਿਕਾਉਂਦਾ ਹੈ। ਸਾਸਿ ਸਾਸਿ—ਹਰੇਕ ਸਾਹ ਦੇ ਨਾਲ। ਮਹਾ ਅਗਨਿ— (ਮਾਂ ਦੇ ਪੇਟ ਵਿੱਚਲੀ ਵੱਡੀ ਅੱਗ "ਜਿਥੈ ਅਗਨਿ ਭਖੈ ਭੜਹਾਰੇ"। ਤਲੈ—ਹੇਠਾਂ ਨੂੰ। ਕੁਹਥੜੈ ਥਾਇ—ਔਖੇ ਥਾਂ `ਚ, ਅਤੀ ਬਿਖਮ ਥਾਂਵੇਂ। ਧਣੀ—ਮਾਲਕ ਪ੍ਰਭੂ। ਉਧਰਹਿ—ਬਚਾਂਦਾ ਹੈਂ। ਜਿਸ ਦੈ ਨਾਇ—ਜਿਸ ਪ੍ਰਭੂ ਦੇ ਨਾਮ ਦੀ ਰਾਹੀਂ, ਜਿਸ ਪ੍ਰਭੂ ਦੀ ਸਿਫ਼ਤ ਸਾਲਾਹ ਨਾਲ ਜੁੜ ਕੇ।

ਅਰਥ : —ਪ੍ਰਭੂ ਜਦੋਂ ਜੀਵਾਂ ਦੀ ਬਣਤਰ ਬਣਾਉਂਦਾ ਹੈ ਤਾਂ ਉਹ ਆਪ ਉਨ੍ਹਾਂ ਨੂੰ ਮਾਂ ਦੇ ਪੇਟ `ਚ ਥਾਂ ਦਿੰਦਾ ਭਾਵ ਮਾਤਾ ਦੇ ਗਰਭ `ਚ ਟਿਕਾਉਂਦਾ ਹੈ।

ਹੇ ਨਾਨਕ! ਓਦੋਂ ਜੀਵ ਉਸ ਪ੍ਰਭੂ ਨੂੰ ਹਰੇਕ ਸਾਹ ਦੇ ਨਾਲ-ਨਾਲ ਯਾਦ ਕਰਦੇ ਹਨ ਭਾਵ ਉਸ ਦੌਰਾਨ ਪ੍ਰਭੂ ਆਪ ਬਹੁੜੀ ਕਰਕੇ ਜੀਵ ਦੀ ਲਿਵ ਤੇ ਸੁਰਤ ਨੂੰ ਆਪਣੇ ਨਾਲ ਇੱਕ ਮਿੱਕ ਕਰੀ ਰਖਦਾ ਹੈ ਜਿਵੇਂ:-

"ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ" (ਪੰ: ੬੧੩)

"ਅਗਨਿ ਬਿੰਬ ਜਲ ਭੀਤਰਿ ਨਿਪਜੇ" (ਪੰ: ੧੫੬),

"ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ" (ਪੰ: ੭੪੮)

"ਮਾਤ ਗਰਭ ਮਹਿ ਅਗਨਿ ਨ ਜੋਹੈ" (ਪੰ: ੭੬੮)

"ਜਿਥੈ ਅਗਨਿ ਭਖੈ ਭੜਹਾਰੇ॥ ਊਰਧ ਮੁਖ ਮਹਾ ਗੁਬਾਰੇ॥ ਸਾਸਿ ਸਾਸਿ ਸਮਾਲੇ ਸੋਈ, ਓਥੈ ਖਸਮਿ ਛਡਾਇ ਲਇਆ" (ਪੰ: ੧੦੦੭) ਆਦਿ।

ਇਸੇ ਤੋੇਂ ਮਾਤਾ ਦੇ ਗਰਭ ਵਿੱਚਲੇ ‘ਅਗਨਿ ਕੁੰਟ’ ਜਾਂ "ਜਿਥੈ ਅਗਨਿ ਭਖੈ ਭੜਹਾਰੇ" ਭਾਵ ਉਹ ਵੱਡੀ ਭਿਆਨਕ ਅੱਗ ਵੀ ਜੀਵ ਦਾ ਨਾਸ ਨਹੀਂ ਕਰ ਸਕਦੀ ਅਤੇ ਉਸ ਜੀਵ ਨੂੰ ਸਾੜ ਕੇ ਭਸਮ ਨਹੀਂ ਕਰ ਸਕਦੀ। ੧।

ਹੇ ਨਾਨਕ! ਆਖ—ਹੇ ਭਾਈ! (ਮਾਤਾ ਤੇ ਗਰਭ `ਚ ਹੀ "ਗੰਢੇਦਿਆਂ ਛਿਅ ਮਾਹ. ." (ਪੰ: ੪੮੮) ਤੇਰਾ ਇਹ ਸਰੀਰ ਤਿਆਰ ਹੋ ਜਾਣ ਤੋਂ ਬਾਅਦ ਵੀ) ਜਦੋਂ ਤੇਰਾ ਮੂੰਹ ਹੇਠਾਂ ਤੇ ਪੈਰ ਉਤਾਂਹ ਨੂੰ ਸਨ। ਜਦੋਂ ਤੂੰ ਉਸ ਬੜੇ ਔਖੇ ਤੇ ਅਤਿਅੰਤ ਬਿਖਮ ਥਾਂ `ਤੇ ਵੱਸਦਾ ਸੈਂ ਤਦੋਂ ਜਿਸ ਪ੍ਰਭੂ ਦੀ ਆਪਣੀ ਮਿਹਰ ਸਦਕਾ, ਲਿਵ ਕਰਕੇ ਤੂੰ ਪ੍ਰਭੂ `ਚ ਇੱਕ ਮਿੱਕ ਰਹਿ ਕੇ ਬਚਿਆ ਰਿਹਾ ਤਾਂ ਹੁਣ (ਬਾਹਿਰ ਸੰਸਾਰ `ਚ ਆ ਕੇ) ਤੂੰ ਉਸ ਮਾਲਿਕ ਪ੍ਰਭੂ ਨੂੰ ਕਿਉਂ ਭੁਲਾ ਦਿੱਤਾ ਹੈ? । ੨।

(ਚਲਦਾ) #416P-IXs04.16.02s16#p9

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.416 P-IX

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਭਾਗ ਨੌਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly @ Rs 350/-(but in rare cases @ Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.