.

ਪਉੜੀ 29

ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥

ਭੁਗਤਿ: ਅੰਮ੍ਰਿਤ ਨਾਮ, ਸੱਚ ਦਾ ਗਿਆਨ, ਸਤਿਗੁਰ ਦੀ ਮੱਤ। ਭੰਡਾਰਣਿ: ਸੱਚ ਦੇ ਗਿਆਨ (ਭੁਗਤਿ, ਭੋਜਨ) ਨੂੰ ਵੰਡਣ ਵਾਲੀ ਦਇਆ ਦੀ ਬਿਰਤੀ। ਨਾਦ: ਰੋਮ-ਰੋਮ।

ਸਤਿਗੁਰ ਦੀ ਮੱਤ ਰਾਹੀਂ ਪ੍ਰਾਪਤ ਤੱਤ ਗਿਆਨ ਹੀ ਵਿਰਲੇ ਮਨ ਦਾ ਅਸਲੀ ਭੋਜਨ (ਭੁਗਤਿ) ਹੈ। ਇਸੇ ਆਤਮਕ ਭੋਜਨ (ਭੁਗਤਿ) ਨਾਲ ਦਇਆ ਦਾ ਸੁਭਾ ਮਿਲਦਾ ਹੈ। ਜਿਸਦਾ ਸਦਕਾ ਹਰੇਕ ਇੰਦਰੇ, ਗਿਆਨ-ਇੰਦਰੇ, ਅੰਗ-ਅੰਗ, ਰੋਮ-ਰੋਮ, ਘੱਟ ਵਿਚ ਸਤਿਗੁਰ ਦੀ ਮੱਤ ਦਾ ਨਾਦ ਵੱਜਦਾ ਹੈ।

ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥

ਨਾਥੁ: ਰੱਬ ਜੀ। ਨਾਥੀ: ਨੱਥ ਕੇ ਰੱਖਣਾ। ਰਿਧਿ: ਸਫਲਤਾ, ਤਰੱਕੀ, ਖਿਆਤੀ। ਸਿਧਿ: ਨੌ ਖੰਡਾਂ (ਇੰਦਰੀਆਂ ਅਤੇ ਗਿਆਨ ਇੰਦਰੀਆਂ) ਨੂੰ ਕਾਬੂ ਕਰਨ ਦੀ, ਸਾਧ ਕੇ ਰੱਖਣ ਦੀ ਮੱਤ।

ਵਿਰਲਾ ਮਨ ਮਹਿਸੂਸ ਕਰਦਾ ਹੈ ਕਿ ਮੇਰੀ ਨਵੀਂ ਸ੍ਰਿਸ਼ਟੀ ਦੇ ਰਚਨਹਾਰ ਨਿਜਘਰ ਦੇ ਰੱਬ ਜੀ (ਨਾਥ) ਹਨ। ਵਿਰਲਾ ਮਨ ਸਤਿਗੁਰ ਦੀ ਮੱਤ ਲੈ ਕੇ ਸਾਰੇ ਖਿਆਲ, ਸੁਭਾ ਅਤੇ ਅੰਗ-ਅੰਗ ਨੂੰ ਆਪਣੇ ਕਾਬੂ ’ਚ ਰੱਖਣ ਜੋਗ ਹੋ ਜਾਂਦਾ ਹੈ। ਇਹੋ ਤਨ ਮਨ ਨੂੰ ਕਾਬੂ ਕਰ ਸਕਣਾ ਵਿਰਲੇ ਮਨ ਦੀ ਰਿਧਿ ਸਿਧਿ ਪ੍ਰਾਪਤੀ ਹੈ।

ਵਿਰਲਾ ਮਨ ਸਮਝ ਜਾਂਦਾ ਹੈ ਕਿ ਅਖੌਤੀ ਰਿਧੀਆਂ-ਸਿਧੀਆਂ ਤਾਂ ਮਨ ਕੀ ਮੱਤ, ਭਰਮ-ਭੁਲੇਖੇ ਵਾਲੀ ਮੱਤ ਦਾ ਸੁਆਦ ਹੈ। ਰੱਬੀ ਰਜ਼ਾ ਤੋਂ ਉਲਟ ਮਨ ਕੀ ਮੱਤ ਹੀ ਅਵਰਾ ਸਾਦ ਹੈ।

ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥

ਸੰਜੋਗੁ: ਇਕਮਿਕਤਾ, ਸਤਿਗੁਰ ਦੀ ਮੱਤ ਨਾਲ ਰੱਬੀ ਇਕਮਿਕਤਾ ਪ੍ਰਾਪਤ ਕਰਨਾ। ਵਿਜੋਗੁ: ਛੁਟਕਾਰਾ, ਵਿਕਾਰੀ ਮਨ ਕੀ ਮੱਤ ਦੇ ਹਰੇਕ ਖਿਆਲ ਸੁਭਾ ਤੋਂ ਛੁਟਣਾ।

ਸੰਜੋਗੁ ਵਿਜੋਗੁ: ਨਿਜਘਰ ਅੰਤਰ-ਆਤਮੇ ਵਿੱਚੋਂ ਰੱਬੀ ਰਜ਼ਾ ਅਧੀਨ ਕਾਰ ਕਮਾਉਣ ਨਾਲ ਵਿਰਲੇ ਮਨ ਨੂੰ ਰੱਬੀ ਇਕਮਿਕਤਾ ਦਾ ਸੰਜੋਗ ਪ੍ਰਾਪਤ ਹੁੰਦਾ ਹੈ। ਸਦਕੇ ਵਿਚ ਵਿਕਾਰੀ ਅਤੇ ਅਵਗੁਣੀ ਖਿਆਲਾਂ ਸੁਭਾਵਾਂ ਦੀ ਕੂੜ ਤੋਂ ਵਿਜੋਗ ਭਾਵ ਮੁਕਤ ਹੋ ਜਾਂਦਾ ਹੈ।

ਵਿਰਲਾ ਮਨ ਐਸਾ ਸੰਜੋਗ ਵਿਜੋਗ ਦਾ ਲੇਖਾ ਲਿੱਖਣ ਜੋਗ ਹੋ ਜਾਂਦਾ ਹੈ ਭਾਵ ਆਪਣੇ ਮਸਤਕ ਦੇ ਲੇਖ ਤੇ ਇਹ ਰੱਬੀ ਇਕਮਿਕਤਾ ਦਾ ਸੰਜੋਗ ਵਾਲਾ ਭਾਗ ਬਣਾਉਣ ਯੋਗ ਹੋ ਜਾਂਦਾ ਹੈ।

ਆਦੇਸੁ ਤਿਸੈ ਆਦੇਸੁ ॥

ਵਿਰਲੇ ਮਨ ਦਾ ਰੋਮ-ਰੋਮ, ਇੰਦਰੇ-ਗਿਆਨ ਇੰਦਰੇ ਅਤੇ ਹਰੇਕ ਅੰਗ-ਅੰਗ ਨਿਮਰਤਾ ਵਿਚ ਸਿਰ ਝੁਕਾ ਕੇ ਸਤਿਗੁਰ ਦੀ ਮੱਤ ਅੱਗੇ ਸਮਰਪਿਤ ਹੈ ਕਿਉਂਕਿ ਨਿਜਘਰ ਤੋਂ ਸਤਿਗੁਰ ਦੀ ਮੱਤ ਦਾ ਸੁਨੇਹਾ ਹੀ ਸਦੀਵੀ ਸੱਚਾ ਹੈ।

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥29॥

ਆਦਿ: ਨਵਾ ਆਕਾਰ, ਅਨੀਲੁ: ਉਜਵਲ, ਅਨਾਦਿ: ਅਸੀਮ, ਅਨਾਹਤਿ: ਅਵਿਨਾਸ਼ੀ।

ਚੰਗੇ ਗੁਣ ਅਸੀਮ ਹਨ ਪਰ ਵਿਰਲਾ ਮਨ ਇਨ੍ਹਾਂ ਉਜਵਲ ਗੁਣਾਂ ਦੇ ਰਾਹੀਂ ਨਵਾਂ ਆਕਾਰ ਲੈਂਦਾ ਹੈ। ਉਹ ਜਿਸ ਅਵਸਥਾ ਤੇ ਅੱਪੜਦਾ ਹੈ, ਉਸ ਅਵਸਥਾ ਨੂੰ ਕੋਈ ਹਿਲਾ ਨਹੀਂ ਸਕਦਾ ਜੋ ਕਿ ਅਵਿਨਾਸ਼ੀ ਹੈ।

ਸਦੀਵੀ ਸੱਚੇ, ਨਿਜਘਰ, ਰੱਬੀ ਦਰਬਾਰ ਦੇ ਸੁਨੇਹੇ ਰਾਹੀਂ ਸਰੀਰ ਦੇ ਹਰੇਕ ਇੰਦਰੇ, ਗਿਆਨ ਇੰਦਰੇ, ਰੋਮ-ਰੋਮ, ਅੰਗ-ਅੰਗ ਨੂੰ ਤੋਰਨਾ ਹੀ ਸਦੀਵੀ ਸਤਿਗੁਰ ਦੀ ਮੱਤ ਵਾਲਾ ਏਕੋ ਵੇਸ ਹੈ।

ਵੀਰ ਭੁਪਿੰਦਰ ਸਿੰਘ
.