.

ਪਉੜੀ 28

ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥

ਮੁੰਦਾ: ਸੰਤੋਖ ਰੂਪੀ ਮੁੰਦ੍ਰਾ ਪਾਉਣੀ। ਸਰਮੁ: ਸੁਚੱਜੇ ਜੀਵਨ ਲਈ ਉੱਦਮ। ਪਤੁ: ਸਰਮ (ਉੱਦਮ) ਕਰਕੇ ਵਿਕਾਰਾਂ ਤੋ ਪੱਤ ਬਚਾਉਣੀ। ਝੋਲੀ: ਮਨ, ਸੋਚਣੀ। ਧਿਆਨ: ਚੇਤੰਨਤਾ (ਸੁਚੇਤਤਾ)। ਬਿਭੂਤਿ: ਆਤਮਕ ਜਨਮ-ਮਰਣ ਦੀ ਸੋਝੀ।

ਆਪਣੀ ਅੰਤਰ ਆਤਮਾ ’ਚ ਸੰਤੋਖ, ਆਪਣੀ ਸੋਚਣੀ (ਝੋਲੀ) ਨੂੰ ਗੁਣਾਂ ਭਰਪੂਰ ਰੱਖਣ ਲਈ ਉੱਦਮ (ਸ਼ਰਮ) ਕਰਦੇ ਰਹਿਣਾ ਅਤੇ ਵਿਕਾਰਾਂ ਹੱਥੋਂ ਪਲ-ਪਲ ਹੋਣ ਵਾਲੇ ਆਤਮਕ ਜਨਮ/ਮਰਣ (ਆਉਣ-ਜਾਣ) ਦੀ ਸੋਝੀ ਰੱਖਣਾ। ਐਸੀ ਬਿਬੇਕ ਬੁੱਧੀ ਨਾਲ ਵਿਰਲਾ ਮਨ ਸੁਚੇਤ ਰਹਿੰਦਾ ਹੈ।

ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥

ਖਿੰਥਾ: ਓੜਨੀ - ਵਿਕਾਰਾਂ ਹੱਥੀਂ ਕਾਲ (ਆਤਮਕ ਮੌਤ) ਤੋਂ ਬਚਣ ਲਈ ਬਿਬੇਕ ਬੁੱਧੀ ਦੀ ਓੜਨੀ। ਕਾਲੁ: ਵਿਕਾਰਾਂ ਕਾਰਨ ਆਤਮਕ ਮੌਤ। ਜੁਗਤਿ: ਵਿਕਾਰਾਂ ਤੋਂ ਮੁਕਤ ਹੋਣ ਲਈ ਸਤਿਗੁਰ ਦੇ ਤੱਤ ਗਿਆਨ ਨੂੰ ਅਮਲੀ ਤੌਰ ’ਤੇ ਜਿਊਣਾ। ਡੰਡਾ: ਦ੍ਰਿੜ ਪਰਤੀਤੀ, ਵਿਸ਼ਵਾਸ। ਕੁਆਰੀ: ਪਵਿਤਰ, ਵਿਕਾਰਾਂ ਤੋਂ ਮੁਕਤ। ਕੁਆਰੀ ਕਾਇਆ: ਵਿਕਾਰ ਰਹਿਤ ਮਨ, ਵਿਕਾਰਾਂ ਤੋਂ ਮੁਕਤ ਮਨ।

ਬਿਬੇਕਤਾ ਦੀ ਓੜਨੀ ਦਾ ਧਾਰਣੀ ਵਿਰਲਾ ਮਨ ਹੁਣ ਭੈੜੇ ਖਿਆਲਾਂ ਅਤੇ ਮੈਲੀ ਬੁੱਧੀ ਦੇ ਹਮਲੇ ਤੋਂ ਬਚਿਆ ਰਹਿੰਦਾ ਹੈ। ਸਰੀਰਕ ਮੋਹ ਭਾਵ ਮੌਤ ਦਾ ਡਰ ਉਸ ਨੂੰ ਅਸਰ ਨਹੀਂ ਕਰਦਾ ਕਿਉਂਕਿ ਵਿਰਲੇ ਮਨ ਨੂੰ ਸਰਬ-ਵਿਆਪੀ ਇਕ ਰਸ ਵਰਤ ਰਹੇ ਤੱਤ-ਗਿਆਨ ਵਿਚ ਵਿਸ਼ਵਾਸ ਦ੍ਰਿੜ੍ਹ ਹੋ ਜਾਂਦਾ ਹੈ।

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥

ਆਈ ਪੰਥੀ ਸਗਲ ਜਮਾਤੀ: ਵਿਤਕਰੇ ਬਿਨਾ, ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਵਾਲੀ ਮੱਤ।

ਮਨਿ ਜੀਤੈ ਜਗੁ ਜੀਤੁ: ਸਤਿਗੁਰ ਦੀ ਮੱਤ ਅਨੁਸਾਰ ਵਿਰਲੇ ਮਨ ਨੂੰ ਆਪਣੇ ਖਿਆਲਾਂ ਤੇ ਫੁਰਨਿਆਂ ਉੱਤੇ ਕਾਬੂ ਪ੍ਰਾਪਤ ਹੋਣ ਸਦਕੇ ਉਹ ਸਾਰੇ ਸਰੀਰ (ਜਗ) ਨੂੰ ਕਾਬੂ ਕਰਨ ਜੋਗ ਹੋ ਜਾਂਦਾ ਹੈ।

ਵਿਰਲੇ ਮਨ ਦੇ ਖਿਆਲਾਂ ਅਤੇ ਸੁਭਾ ਵਿਚੋਂ ਵਿਤਕਰੇ ਦੀ ਮੱਤ ਮੁਕ ਜਾਂਦੀ ਹੈ। ਕਿਉਂਕਿ ਸਭ ਵਿਚ ਇਕੋ ਰੱਬੀ ਨੂਰ ਸਮਝਦਾ ਹੈ। ਇਸ ਸਦਕੇ ਸੁਰਤ, ਮੱਤ, ਮਨ, ਬੁਧ, ਇੰਦਰੀਆਂ, ਗਿਆਨ-ਇੰਦਰੀਆਂ, ਰੋਮ-ਰੋਮ ਵੀ ਰੱਬੀ ਨੂਰ ਮਹਿਸੂਸ ਕਰਦੇ ਹਨ। ਇਸ ਤਰ੍ਹਾਂ ਮਨ ਕੀ ਮੱਤ ਤੋਂ ਛੁਟ ਕੇ ਬਿਬੇਕ ਬੁਧ ਨਾਲ ਸਾਰੇ ਖਿਆਲਾਂ ਅਤੇ ਸੁਭਾ ਨੂੰ ਸੋਧਕੇ ਕਰਕੇ ਆਪਣੇ ਤਨ (ਜਗ) ਨੂੰ ਕਾਬੂ ਕਰਨ ਜੋਗ ਹੋ ਜਾਂਦਾ ਹੈ।

ਆਦੇਸੁ ਤਿਸੈ ਆਦੇਸੁ ॥

ਆਦੇਸ: ਸਿਰ ਝੁਕਾ ਕੇ, ਨਿਮਰਤਾ, ਸਮਰਪਿਤ, ਮਨ ਦੀ ਮਤ ਤਿਆਗ ਕੇ ਸਮਰਪਣ ਦੀ ਅਵਸਥਾ।

ਵਿਰਲੇ ਮਨ ਦਾ ਰੋਮ-ਰੋਮ, ਇੰਦਰੇ, ਗਿਆਨ-ਇੰਦਰੇ ਅਤੇ ਹਰੇਕ ਅੰਗ-ਅੰਗ ਸਿਰ ਝੁਕਾ ਕੇ ਨਿਮਰਤਾ ਵਿਚ ਸਤਿਗੁਰ ਦੀ ਮੱਤ ਅੱਗੇ ਸਮਰਪਿਤ ਹੈ ਕਿਉਂਕਿ ਨਿਜਘਰ ਤੋਂ ਸਤਿਗੁਰ ਦੀ ਮੱਤ ਦਾ ਸੁਨੇਹਾ ਹੀ ਸਦੀਵੀ ਸੱਚ ਹੈ।

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥28॥

ਅਨੀਲੁ: ਉਜਵਲ (ਵਿਕਾਰਾਂ ਦੀ ਮੈਲ ਤੋਂ ਬਿਨਾਂ ਚੰਗੇ ਗੁਣ ਦੇ ਸੁਭਾ ਦੀ ਸ਼ੋਭਾ ਅਤੇ ਚਮਕ ਹਾਸਿਲ ਕਰਨਾ)

ਜੁਗੁ ਜੁਗੁ ਏਕੋ ਵੇਸ: ਸਾਰੇ ਖਿਆਲਾਂ, ਸੁਭਾਵਾਂ ਉੱਤੇ ਇੱਕੋ ਸਤਿਗੁਰ ਦੀ ਮੱਤ ਦਾ ਵੇਸ ਧਾਰਨ ਕਰਨਾ। ਭਾਵ ਸੁਰਤ, ਮੱਤ, ਮਨ ਅਤੇ ਬੁਧ ਉੱਤੇ ਸਤਿਗੁਰ ਦੀ ਮੱਤ ਦਾ ਚੋਲਾ ਪਾਉਣਾ ਹੀ ਅਸਲੀ ਵੇਸ ਹੈ। ਹਰ ਇੱਕ ਖਿਆਲ, ਜੁਗ (ਸੋਚਣੀ ਦੇ ਢੰਗ) ਤੇ ਸਤਿਗੁਰ ਦੀ ਮੱਤ ਦੀ ਓੜ੍ਹਨੀ।

ਵਿਰਲਾ ਮਨ ਚੰਗੇ ਗੁਣਾਂ ਨਾਲ ਉਜਵਲ ਸੁਭਾ ਸਦਕਾ ਨਵੀਂ ਸ੍ਰਿਸ਼ਟੀ ਪ੍ਰਾਪਤ ਕਰਦਾ ਹੈ ਜੋ ਕਦੇ ਵਿਨਾਸ਼ ਨਹੀਂ ਹੁੰਦੀ।

ਸਦੀਵੀ ਮੁੱਖ ਉਜਲ ਵਾਲਾ ਸਚਿਆਰ ਸੁਭਾ ਤਦੋਂ ਹੀ ਪ੍ਰਾਪਤ ਹੁੰਦਾ ਹੈ ਜਦੋਂ ਰੋਮ-ਰੋਮ ਭਾਵ ਸਾਰੇ ਜਗ, ਹਰੇਕ ਖਿਆਲ ਉੱਤੇ ਸਤਿਗੁਰ ਦੀ ਮੱਤ ਦਾ ਚੋਲਾ ਓੜ੍ਹ ਲਵੋ ਭਾਵ ਵੇਸ ਧਾਰਨ ਕਰ ਲਵੋ।

ਸਦੀਵੀ ਸੱਚੇ, ਨਿਜਘਰ, ਰੱਬੀ ਦਰਬਾਰ ਦੇ ਸੁਨੇਹੇ ਰਾਹੀਂ ਸਰੀਰ ਦੇ ਹਰੇਕ ਇੰਦਰੇ, ਗਿਆਨ ਇੰਦਰੇ, ਰੋਮ-ਰੋਮ, ਅੰਗ-ਅੰਗ ਨੂੰ ਤੋਰਨਾ ਹੀ ਸਦੀਵੀ ਸਤਿਗੁਰ ਦੀ ਮੱਤ ਵਾਲਾ ਏਕੋ ਵੇਸ ਹੈ।

ਵੀਰ ਭੁਪਿੰਦਰ ਸਿੰਘ
.