.

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਭਾਗ ਸਤਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(੧੧) ਬਿੰਦੁ ਤੇ ਜਿਨਿ ਪਿੰਡੁ ਕੀਆ, ਅਗਨਿ ਕੁੰਡ ਰਹਾਇਆ॥ ਦਸ ਮਾਸ ਮਾਤਾ ਉਦਰਿ ਰਾਖਿਆ, ਬਹੁਰਿ ਲਾਗੀ ਮਾਇਆ॥   ॥ ਪ੍ਰਾਨੀ ਕਾਹੇ ਕਉ ਲੋਭਿ ਲਾਗੇ, ਰਤਨ ਜਨਮੁ ਖੋਇਆ॥ ਪੂਰਬ ਜਨਮਿ ਕਰਮ ਭੂਮਿ, ਬੀਜੁ ਨਾਹੀ ਬੋਇਆ॥   ॥ ਰਹਾਉ॥ ਬਾਰਿਕ ਤੇ ਬਿਰਧਿ ਭਇਆ, ਹੋਨਾ ਸੋ ਹੋਇਆ॥ ਜਾ ਜਮ ਆਇ ਝੋਟ ਪਕਰੈ, ਤਬਹਿ ਕਾਹੇ ਰੋਇਆ॥   ॥ ਜੀਵਨੈ ਕੀ ਆਸ ਕਰਹਿ, ਜਮੁ ਨਿਹਾਰੈ ਸਾਸਾ॥ ਬਾਜੀਗਰੀ ਸੰਸਾਰੁ ਕਬੀਰਾ, ਚੇਤਿ ਢਾਲਿ ਪਾਸਾ॥   (੪੮੧-੮੨)

ਪਦ ਅਰਥ: — "ਬਹੁਰਿ ਲਾਗੀ ਮਾਇਆ" —ਜਿਵੇਂ "ਗਰਭ ਛੋਡਿ ਮ੍ਰਿਤ ਮੰਡਲ ਆਇਆ, ਤਉ ਨਰਹਰਿ ਮਨਹੁ ਬਿਸਾਰਿਆ" (ਪੰ: ੯੩) ਅਥਵਾ "ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ" (ਪੰ: ੯੨੧) ਹੋਰ "ਜਨਮਤ ਮੋਹਿਓ ਮੋਹਨੀ ਮਾਇਆ" (ਪੰ: ੨੫੧) ਪੁਨ: "ਉਰਝਿ ਪਰੇ ਜੋ ਛੋਡਿ ਛਡਾਨਾ॥ ਦੇਵਨਹਾਰੁ ਮਨਹਿ ਬਿਸਰਾਨਾ" (ਪੰ: ੨੫੧) ਆਦਿ।

ਪੂਰਬ—ਪਿਛਲਾ। ਜਨਮਿ—ਜਨਮ `ਚ, । ਭੂਮਿ— (ਸਰੀਰ-ਰੂਪ) ਧਰਤੀ। "ਪੂਰਬ ਜਨਮਿ ਕਰਮ ਭੂਮਿ, ਬੀਜੁ ਨਾਹੀ ਬੋਇਆ" ਆਪਣੇ ਪਿਛਲੇ ਮਨੁੱਖਾ ਜਨਮ ਸਮੇਂ ਤੂੰ ਆਪਣੀ ਸੰਭਾਲ ਨਹੀਂ ਸੀ ਕੀਤੀ। ਹੋਨਾ ਸੋ ਹੋਇਆ—ਬੀਤਿਆ ਸਮਾ ਮੁੜ ਹੱਥ `ਚ ਨਹੀਂ ਆਉਂਦਾ। ਝੋਟ—ਜੂੜਾ, ਕੇਸਾਂ ਤੋਂ, ਸਿਰ ਤੋਂ। ਚੇਤਿ—ਪ੍ਰਭੂ ਦੀ ਬੰਦਗੀ ਕਰ। ਢਾਲਿ ਪਾਸਾ—ਪਾਸਾ ਸੁੱਟ ਲੈ।

ਅਰਥ : —ਐ ਭਾਈ! ਜਿਸ ਪ੍ਰਭੂ ਨੇ, ਪਿਤਾ ਦੇ ਵੀਰਜ ਦੀ ਇੱਕ ਬੂੰਦ ਤੋਂ ਤੇਰਾ ਇਹ ਸਰੀਰ ਬਣਾ ਦਿੱਤਾ, ਤੇ ਮਾਂ ਦੇ ਪੇਟ ਵਿੱਚਲੇ ਅੱਗ ਦੇ ਕੁੰਡ (ਅਗਨਿ ਕੁੰਡ) `ਚ ਵੀ (ਜਦੌ ਤੇਰਾ ਸਰੀਰ ਵੱਡੇ ਤਾਪਮਾਨ `ਚ ਤਿਆਰ ਹੋ ਰਿਹਾ ਸੀ) ਤੈਨੂੰ ਪ੍ਰਭੂ ਨੇ ਬਚਾਈ ਰੱਖਿਆ। ਇਹੀ ਨਹੀਂ, ਪ੍ਰਭੂ ਨੇ ਲਗਾਤਾਰ ਦਸ ਮਹੀਨੇ ਮਾਂ ਦੇ ਪੇਟ `ਚ ਵੀ ਤੇਰੀ ਰਾਖੀ ਕੀਤੀ। (ਪਰ ਪ੍ਰਭੂ ਨੂੰ ਵਿਸਾਰਨ ਕਰਕੇ) ਸੰਸਾਰ `ਚ ਜਨਮ ਲੈਂਦੇ ਸਾਰ, ਮਾਇਆ ਨੇ ਤੈਨੂੰ ਆ ਦਬੋਚਿਆ ਤੇ ਉਹ ਤੇਰੇ `ਤੇ ਭਾਰੂ ਹੋ ਗਈ।

ਹੇ ਬੰਦੇ! ਤੂੰ ਕਿਉਂ (ਬਿਨਸਨਹਾਰ ਸੰਸਾਰਕ ਪ੍ਰਾਪਤੀਆਂ ਦੇ) ਲੋਭ `ਚ ਫਸ ਕੇ, ਹੀਰੇ ਵਰਗੇ ਅਮੁੱਲੇ ਮਨੁੱਖਾ ਜਨਮ ਨੂੰ ਗਵਾ ਰਿਹਾ ਹੈਂ? ਪਿਛਲੇ (ਬਿਰਥਾ ਕੀਤੇ ਮਨੁੱਖਾ ਜਨਮ ਦੌਰਾਨ ਕੀਤੇ ਕਰਮਾਂ ਦੇ ਲੇਖੇ `ਚ ਹੀ, ਪ੍ਰਭੂ ਨੇ ਬਖ਼ਸ਼ਿਸ਼ ਕੀਤੀ ਤੇ ਤੈਨੂੰ ਫ਼ਿਰ ਤੋਂ ਮਨੁੱਖਾ-ਸਰੀਰ ਵਾਲੀ ਬਰੀਆ ਪ੍ਰਾਪਤ ਹੋਈ ਹੈ। ਇਸ `ਚ ਤੂੰ ਪ੍ਰਭੂ ਦਾ ਨਾਮ-ਰੂਪ ਬੀਜ ਕਿਉਂ ਨਹੀਂ ਬੀਜਦਾ? । ੧। ਰਹਾਉ।

ਹੁਣ ਇਸ ਜਨਮ `ਚ ਵੀ ਤੂੰ ਬਾਲਕ ਤੋਂ ਬੁੱਢਾ ਹੋ ਚੁੱਕਾ ਹੈਂ, ਇਸ ਜਨਮ ਦਾ ਪਿਛਲਾ ਬੀਤ ਚੁੱਕਾ ਸਮਾ ਵੀ ਤੇਰੇ ਹੱਥ `ਚ ਨਹੀਂ, ਭਾਵ ਤੈਨੂੰ ਉਹ ਵੀ ਵਾਪਿਸ ਨਹੀਂ ਮਿਲਣਾ। ਫ਼ਿਰ ਜਿਸ ਵੇਲੇ ਜਮ ਭਾਵ ਮੌਤ ਨੇ ਆ ਕੇ ਤੈਨੂੰ ਸਿਰ ਤੋਂ ਫੜ ਲੈਣਾ ਹੈ ਤਾਂ ਓਦੋਂ ਵੀ ਰੋਣ ਦਾ ਕੀ ਲਾਭ ਹੋਵੇਗਾ?

ਭਾਵ ਹੁਣ ਵੀ ਤੂੰ ਬਚਪਨ ਤੋਂ ਬੁੜ੍ਹਾਪੇ ਤੱਕ ਪੁੱਜ ਗਿਆ ਹੈਂ। ਇਸਤਰ੍ਹਾਂ ਜੇ ਪ੍ਰਾਪਤ ਮਨੁੱਖਾ ਜਨਮ ਵੀ ਬਿਰਥਾ ਹੋ ਗਿਆ ਤਾਂ ਪ੍ਰਭੂ ਦੇ ਨਿਆਂ `ਚ ਤੈਨੂੰ ਤੇਰੇ ਅਜੋਕੇ ਕਰਮਾ ਮੁਤਾਬਕ, ਮੌਤ ਤੋਂ ਬਾਅਦ ਜਦੋਂ ਮੁੜ ਉਨ੍ਹਾਂ ਹੀ ਭਿੰਨ-ਭਿੰਨ ਜਨਮਾਂ ਤੇ ਗਰਭਾਂ ਦੇ ਗੇੜ `ਚ ਪਾ ਦਿੱਤਾ, ਤਾਂ ਪਛਤਾਉਣ ਦਾ ਕੁੱਝ ਲਾਭ ਨਹੀਂ ਹੋਵੇਗਾ। ਕਿਉਂਕਿ ਉਸੇ ਭਿੰਨ-ਭਿੰਨ ਗਰਭਾਂ ਵਾਲੀ ਵਿਸ਼ਟਾ `ਚੋਂ ਤੈਨੂੰ ਮੁੜ ਗੁਜ਼ਰਨਾ ਪਵੇਗਾ, ਜਿਸ `ਚੋਂ ਕੱਢ ਕੇ ਪ੍ਰਭੂ ਨੇ ਤੈਨੂੰ ਇਹ ਮਨੁੱਖਾ ਜਨਮ ਵਾਲਾ ਅਵਸਰ ਬਖ਼ਸ਼ਿਆ ਸੀ। ੨।

ਕਮਾਲ ਤਾਂ ਇਹ ਕਿ ਉਮਰ ਕਰਕੇ ਤੂੰ ਬੁੱਢਾ ਹੋ ਗਿਆ ਪਰ ਅਜੇ ਵੀ ਤੂੰ ਹੋਰ ਜੀਊਣ ਦੀਆਂ ਆਸਾਂ ਲਾਈ ਬੈਠਾ ਹੈਂ, ਜਦਕਿ ਓਧਰ, ਮੌਤ ਤੇਰੇ ਸਾਹ ਗਿਣ ਰਹੀ ਹੈ ਭਾਵ ਪ੍ਰਭੂ ਕੋਲੋਂ ਜਿਤਨੇ ਸੁਆਸਾਂ ਦੀ ਪੂੰਜੀ ਲੈ ਕੇ ਤੂੰ ਆਇਆ ਸੈਂ ਉਹ ਇਕ-ਇਕ ਦਿਨ ਕਰਕੇ ਘੱਟ ਰਹੀ ਹੈ ਅਤੇ ਮੁੱਕ ਵੀ ਰਹੀ ਹੈ।

ਹੇ ਕਬੀਰ! "ਬਾਜੀਗਰੀ ਸੰਸਾਰੁ ਕਬੀਰਾ" ਜਗਤ ਤਾਂ ਪ੍ਰਭੂ ਦੀ ਰਚੀ ਨਟ (ਬਾਜੀਗਰ) ਵਾਲੀ ਖੇਡ ਹੈ, ਇਸ ਖੇਡ `ਚ ਜਿੱਤਣ ਲਈ "ਚੇਤਿ ਢਾਲਿ ਪਾਸਾ" ਤੂੰ ਅਜੇ ਵੀ ਆਪਣੇ ਬਾਕੀ ਜੀਵਨ ਦਾ ਪਾਸਾ ਪ੍ਰਭੂ ਦੀ ਯਾਦ ਵਾਲੇ ਪਾਸੇ ਢਾਲ ਅਥਵਾ ਜੀਵਨ ਨੂੰ ਪ੍ਰਭੂ ਦੀ ਯਾਦ ਵਾਲੇ ਪਾਸੇ ਮੋੜ ਲੈ।

(ਤਾ ਕਿ ਤੇਰਾ ਇਹ ਮਨੁੱਖਾ ਜਨਮ ਸਫ਼ਲ ਹੋ ਜਾਵੇ, ਕਿੱਧਰੇ ਇਹ ਵੀ ਬਿਰਥਾ ਹੀ ਨਾ ਚਲਾ ਜਾਵੇ। ਇਸ ਤਰ੍ਹਾਂ ਤੂੰ ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਵੇਂਗਾ। ਤੇਰਾ ਪਹਿਲਾਂ ਤੋਂ ਚਲਦਾ ਆ ਰਿਹਾ ਜੂਨਾਂ-ਜਨਮਾਂ-ਗਰਭਾਂ ਵਾਲਾ ਗੇੜ ਵੀ ਸਦਾ ਲਈ ਕੱਟ ਜਾਵੇਗਾ ਤੇ ਤੂੰ ਵਾਪਿਸ ਪ੍ਰਭੂ `ਚ ਸਮਾਅ ਜਾਵੇਂ)। ੩।

(੧੨) "ਮਾਰੂ ਮਹਲਾ ੫॥ ਪਾਰਬ੍ਰਹਮ ਸਭ ਊਚ ਬਿਰਾਜੇ॥ ਆਪੇ ਥਾਪਿ ਉਥਾਪੇ ਸਾਜੇ॥ ਪ੍ਰਭ ਕੀ ਸਰਣਿ ਗਹਤ ਸੁਖੁ ਪਾਈਐ, ਕਿਛੁ ਭਉ ਨ ਵਿਆਪੈ ਬਾਲ ਕਾ॥   ਗਰਭ ਅਗਨਿ ਮਹਿ ਜਿਨਹਿ ਉਬਾਰਿਆ॥ ਰਕਤ ਕਿਰਮ ਮਹਿ ਨਹੀ ਸੰਘਾਰਿਆ॥ ਅਪਨਾ ਸਿਮਰਨੁ ਦੇ ਪ੍ਰਤਿਪਾਲਿਆ ਓਹੁ ਸਗਲ ਘਟਾ ਕਾ ਮਾਲਕਾ॥   ॥ ਚਰਣ ਕਮਲ ਸਰਣਾਈ ਆਇਆ॥ ਸਾਧਸੰਗਿ ਹੈ ਹਰਿ ਜਸੁ ਗਾਇਆ॥ ਜਨਮ ਮਰਣ ਸਭਿ ਦੂਖ ਨਿਵਾਰੇ, ਜਪਿ ਹਰਿ ਹਰਿ ਭਉ ਨਹੀ ਕਾਲ ਕਾ॥   ॥ ਸਮਰਥ ਅਕਥ ਅਗੋਚਰ ਦੇਵਾ॥ ਜੀਅ ਜੰਤ ਸਭਿ ਤਾ ਕੀ ਸੇਵਾ॥ ਅੰਡਜ ਜੇਰਜ ਸੇਤਜ, ਬਹੁ ਪਰਕਾਰੀ ਪਾਲਕਾ॥   ॥ …" (ਪੰ: ੧੦੮੪)

ਅਰਥ : —ਹੇ ਭਾਈ! ਪ੍ਰਮਾਤਮਾ ਸਭ ਤੋਂ ਉੱਚੇ ਆਤਮਕ ਟਿਕਾਣੇ `ਤੇ ਟਿਕਿਆ ਰਹਿੰਦਾ ਹੈ। ਪ੍ਰਭੂ ਆਪ ਸਭ ਨੂੰ ਪੈਦਾ ਕਰਦਾ ਤੇ ਫ਼ਿਰ ਸਭ ਦਾ ਨਾਸ ਵੀ ਉਹੀ ਕਰਦਾ ਹੈ, ਭਾਵ ਪ੍ਰਭੂ ਆਪ ਹੀ ਰਚਨਾ ਨੂੰ ਰਚਦਾ ਹੈ ਤੇ ਇਸਦੇ ਸਮੂਚੇ ਚਲਣ ਨੂੰ ਵੀ ਚਲਾਉਂਦਾ ਹੈ। ਹੇ ਭਾਈ! ਉਸ ਪ੍ਰਮਾਤਮਾ ਦਾ ਆਸਰਾ ਲਿਆਂ ਆਤਮਕ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ, ਜਿਸ ਕਾਰਣ ਮਾਇਆ ਦੇ ਮੋਹ ਦਾ ਡਰ ਜੀਵ `ਤੇ ਰਤੀ ਭਰ ਵੀ ਆਪਣਾ ਜ਼ੋਰ ਨਹੀਂ ਪਾ ਸਕਦਾ। ੧।

ਹੇ ਭਾਈ! ਜਿਸ ਪ੍ਰਭੂ ਨੇ, ਮਾਤਾ ਦੇ ਗਰਭ `ਚ ਜੀਵ ਦਾ ਸਰੀਰ ਤਿਆਰ ਹੁੰਦੇ, ਉਸ ਨੂੰ ਮਾਂ ਦੇ ਪੇਟ ਵਿੱਚਲੇ ਉਸ ਵੱਡੇ ਤਾਪਮਨ ਅਥਵਾ ਉਸ ‘ਅਗਨਿ ਕੁੰਡ’ `ਚ ਵੀ ਬਚਾਈ ਰੱਖਿਆ। ਫ਼ਿਰ ਇਹੀ ਨਹੀਂ, ਬਲਕਿ ਜਿਸ ਪ੍ਰਭੂ ਨੇ ਮਾਂ ਦੀ ਰੱਤ ਦੇ ਕਿਰਮਾਂ `ਚ ਵੀ ਜੀਵ ਨੂੰ ਨਾ ਮਰਨ ਦਿੱਤਾ ਤੇ ਪ੍ਰਭੂ ਨੇ ਓਦੋਂ ਵੀ ਜੀਵ ਨੂੰ ਆਪਣਾ ਸਿਮਰਨ ਦੇ ਕੇ ਭਾਵ ਜਿਵ ਦੀ ਲਿਵ ਨੂੰ ਆਪਣੇ ਅੰਦਰ ਵਿਲੀਨ ਕਰੀ ਰਖਿਆ ਤੇ ਉਸ ਦੀ ਰੱਖਿਆ ਕੀਤੀ। ਹੇ ਭਾਈ! ਦਰਅਸਲ ਉਹ ਪ੍ਰਭੂ ਹੀ ਸਾਰੇ ਜੀਵਾਂ ਦਾ ਮਾਲਕ ਵੀ ਹੈ। ੨।

ਹੇ ਭਾਈ! ਜਿਹੜਾ ਮਨੁੱਖ ਪ੍ਰਭੂ ਦੇ ਸੋਹਣੇ ਚਰਨਾਂ ਦੀ ਸ਼ਰਨ `ਚ ਆ ਜਾਂਦਾ ਹੈ, ਜਿਹੜਾ ਮਨੁੱਖ ਸਾਧ ਸੰਗਤਿ `ਚ ਰਹਿ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪ੍ਰਭੂ ਉਸ ਦੇ ਜੀਵਨ ਭਰ ਦੇ ਦੁੱਖ ਦੂਰ ਕਰ ਦਿੰਦਾ ਤੇ ਉਸਨੂੰ ਆਤਮਕ ਮੌਤ ਦਾ ਡਰ ਵੀ ਨਹੀਂ ਰਹਿੰਦਾ। ਭਾਵ ਉਹ ਮਨੁੱਖ ਜੀਂਦੇ ਜੀਅ ਵੀ ਪ੍ਰਭੂ `ਚ ਅਭੇਦ ਰਹਿ ਕੇ ਚਿੰਤਾ, ਭਟਕਣਾ ਤੇ ਵਿਕਾਰਾਂ ਤੋਂ ਰਹਿਤ ਅਨੰਦਮਈ ਜੀਵਨ ਬਤੀਤ ਕਰਦਾ ਹੈ ਤੇ ਮੌਤ ਤੋਂ ਬਾਅਦ ਵੀ ਪ੍ਰਭੂ `ਚ ਹੀ ਸਮਾਅ ਜਾਂਦਾ ਹੈ, ਮੁੜ ਜਨਮਾਂ ਦੇ ਗੇੜ `ਚ ਨਹੀਂ ਪੈਂਦਾ। ੩।

ਹੇ ਭਾਈ! ਪ੍ਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਉਸ ਦਾ ਸਰੂਪ ਸਹੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਉਪਰ ਹੈ ਤੇ ਉਹ ਨਿਰਾ ਨੂਰ ਹੀ ਨੂਰ ਹੈ। ਸਾਰੇ ਜੀਅ-ਜੰਤਾਂ ਨੂੰ ਉਸੇ ਦਾ ਆਸਰਾ ਹੈ। ਹੇ ਭਾਈ! ਅੰਡਜ ਜੇਰਜ ਸੇਤਜ ਉਤਭੁਜ ਭਾਵ ਸਮੂਹ ਤੇ ਅਨੰਤ ਖਾਣੀਆਂ ਦੇ ਜੀਵਾਂ ਦੀ ਕਈ ਢੰਗਾਂ ਨਾਲ ਪਾਲਣ ਕਰਣ ਵਾਲਾ ਵੀ ਪ੍ਰਭੂ ਆਪ ਹੀ ਹੈ। ੪।

ਵਿਸ਼ੇਸ਼ ਨੋਟ: —ਚਲਦੇ ਪ੍ਰਕਰਣ "ਮਾਤ ਗਰਭ ਮਹਿ ਆਪਨ ਸਿਮਰਨੁ ਦੇ…" ਵਿਸ਼ੇ ਨੂੰ ਪੂਰੀ ਤਰ੍ਹਾਂ ਸਮਝਣ ਲਈ ਉਪ੍ਰੋਕਤ ਸ਼ਬਦ ਵਿੱਚਲਾ ਦੂਜਾ ਬੰਦ "ਗਰਭ ਅਗਨਿ ਮਹਿ ਜਿਨਹਿ ਉਬਾਰਿਆ॥ ਰਕਤ ਕਿਰਮ ਮਹਿ ਨਹੀ ਸੰਘਾਰਿਆ॥ ਅਪਨਾ ਸਿਮਰਨੁ ਦੇ ਪ੍ਰਤਿਪਾਲਿਆ…" ਵਿਸ਼ੇਸ਼ ਧਿਆਨ ਮੰਗਦਾ ਹੈ। ਕਿਰਪਾ ਕਰਕੇ ਇਸ ਫ਼ੁਰਮਾਨ ਨੂੰ ਅਰਥਾਂ ਸਹਿਤ ਜ਼ਰੂਰ ਘੋਖ ਲਿਆ ਜਾਵੇ ਜੀ। ਵਿਸ਼ੇਸ਼ ਧਿਆਨ ਦੇਣਾ ਹੈ ਕਿ ਜਦੋਂ ਸੰਬੰਧਤ ਸ਼ਬਦਾਂ `ਚ ਅਜਿਹੀ ਸ਼ਬਦਾਵਲੀ ਆਵੇ ਜਿਵੇਂ:-

"ਹਰਿ ਹਰਿ ਨਾਮੁ ਜਪੇ ਆਰਾਧੇ, ਵਿਚਿ ਅਗਨੀ ਹਰਿ ਜਪਿ ਜੀਵਿਆ" (ਪੰ: ੭੬) ਹੋਰ "ਗਰਭ ਕੁੰਟ ਮਹਿ ਉਰਧ ਤਪ ਕਰਤੇ॥ ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ" {ਪੰ: ੨੫੧} ਪੁਨਾ: "ਗਰਭ ਜੋਨਿ ਮਹਿ ਉਰਧ ਤਪੁ ਕਰਤਾ" (ਪੰ: ੩੩੭) ਆਦਿ

ਭਾਵ ਮਾਤਾ ਦੇ ਗਰਭ ਵਿੱਚਲੇ ਜੀਵ ਰਾਹੀਂ ਸਾਸ ਸਾਸ ਸਿਮਰਨ ਆਦਿ ਕਰਣ ਦੀ ਗੱਲ, ਤੇ ਉਪ੍ਰੋਕਤ ਸ਼ਬਦਾਵਲੀ, ਅਜਿਹੀਆਂ ਪੰਕਤੀਆਂ ਦੇ ਮੂਲ ਅਰਥ ਵੀ ਉਪ੍ਰੋਕਤ ਸ਼ਬਦ ਵਿੱਚਲੇ ਬੰਦ ਵਾਲੇ ਹੀ ਹੋਣੇ ਹੁੰਦੇ ਹਨ, ਉਲਟਾ ਕੇ ਨਹੀਂ। ਜਿਉਂ ਜਿਉਂ ਗੁਰਬਾਣੀ ਆਧਾਰਤ ਵਿਸ਼ੇ ਦੀ ਗਹਿਰਾਈ `ਚ ਜਾਂਦੇ ਹਾਂ ਤਾਂ ਇਸ ਸੰਬੰਧੀ ਸਾਨੂੰ ਉੱਕਾ ਭਰਮ ਰਹਿ ਵੀ ਨਹੀਂ ਜਾਂਦਾ ਕਿ ਸਭ ਸ਼ਬਦਾਵਲੀ ਦਾ ਹੀ ਅਦਲ-ਬਦਲ ਹੁੰਦਾ ਹੈ, ਮੂਲ ਅਰਥਾਂ ਦਾ ਨਹੀਂ।

(੧੩) "…ਸੋ ਕਿਉ ਬਿਸਰੈ ਜਿ ਘਾਲ ਨ ਭਾਨੈ॥ ਸੋ ਕਿਉ ਬਿਸਰੈ ਜਿ ਕੀਆ ਜਾਨੈ॥ ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ॥ ਸੋ ਕਿਉ ਬਿਸਰੈ ਜਿ ਜੀਵਨ ਜੀਆ॥ ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ॥ ਗੁਰ ਪ੍ਰਸਾਦਿ ਕੋ ਬਿਰਲਾ ਲਾਖੈ॥ ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ॥ ਜਨਮ ਜਨਮ ਕਾ ਟੂਟਾ ਗਾਢੈ॥ ਗੁਰਿ ਪੂਰੈ ਤਤੁ ਇਹੈ ਬੁਝਾਇਆ॥ ਪ੍ਰਭੁ ਅਪਨਾ ਨਾਨਕ ਜਨ ਧਿਆਇਆ॥ ੪॥ …" (ਪੰ: ੨੯੦)

ਅਰਥ : —ਮਨੁੱਖ ਨੂੰ, ਉਹ ਪ੍ਰਭੂ ਕਿਉਂ ਵਿਸਰ ਜਾਏ ਜੋ ਮਨੁੱਖ ਦੀ ਕੀਤੀ ਮਿਹਨਤ ਨੂੰ ਅਜਾਈਂ ਨਹੀਂ ਜਾਣ ਦਿੰਦਾ, ਅਤੇ ਮਨੁੱਖ ਰਾਹੀਂ (ਮਨੁੱਖਾ ਜਨਮ ਦੀ ਸਫ਼ਲਤਾ ਲਈ) ਕੀਤੀ ਕਮਾਈ ਅਥਵਾ ਉਦੰਮ ਨੂੰ ਆਪਣੇ ਚੇਤੇ `ਚ ਰੱਖਦਾ ਹੈ?

ਉਹ ਪ੍ਰਭੂ ਕਿਉਂ ਭੁੱਲੇ ਜਿਸ ਨੇ ਸਭ ਕੁੱਝ ਦਿੱਤਾ ਹੈ, ਜੋ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ?

ਉਹ ਅਕਾਲ ਪੁਰਖ ਕਿਉਂ ਵਿਸਰ ਜਾਏ ਜਿਹੜਾ ਜੀਵ ਨੂੰ ਮਾਤਾ ਦੇ ਪੇਟ ਵਿੱਚਲੀ ਅੱਗ `ਚ ਹੁੰਦਿਆਂ ਵੀ, ਸੜ ਕੇ ਭਸਮ ਹੋਣ ਤੋਂ ਬਚਾਅ ਲੈਂਦਾ ਹੈ?

ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਹੀ, ਜੀਵਨ ਦੇ ਇਸ ਸੱਚ ਨੂੰ ਸਮਝਦਾ ਹੈ।

ਤਾਂ ਤੇ ਉਹ ਅਕਾਲ ਪੁਰਖ ਕਿਉਂ ਭੁੱਲ ਜਾਏ ਜੋ ਮਾਇਆਰੂਪ ਜ਼ਹਿਰ ਤੋਂ ਬਚਾਉਂਦਾ ਹੈ ਤੇ ਕਈ ਜਨਮਾਂ ਤੋਂ ਵਿਛੁੜਿਆਂ ਨੂੰ ਵੀ ਆਪਣੇ ਨਾਲ ਜੋੜ ਲੈਂਦਾ ਹੈ? ਭਾਵ ਜਿਹੜਾ ਪ੍ਰਭੂ ਆਪ ਹੀ "ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ" (ਪੰ: ੧੧) ਜਨਮਾਂ-ਜਨਮਾਤ੍ਰਾਂ ਤੋਂ, ਆਪਣੇ ਨਾਲੋਂ ਵਿਛੜਿਆਂ ਦੇ ਜੀਵਨ ਨੂੰ ਵੀ ਆਪ ਹੀ ਸੰਜੋਗ ਬਣਾ ਕੇ, ਮੁੜ ਫ਼ਲ ਕਰ ਦਿੰਦਾ ਤੇ ਉਨ੍ਹਾਂ ਨੂੰ ਵੀ ਆਪਣੇ `ਚ ਵਾਪਿਸ ਅਭੇਦ ਕਰ ਲੈਂਦਾ ਹੈ।

ਜਿਨ੍ਹਾਂ ਪ੍ਰਭੂ ਪਿਆਰਿਆਂ ਨੂੰ ਪੂਰੇ ਗੁਰੂ ਨੇ ਇਹ ਅਸਲੀਅਤ ਸਮਝਾ ਦਿੱਤੀ, ਭਾਵ ਜਿਹੜੇ ਸ਼ਬਦ-ਗੁਰੂ ਦੀ ਸ਼ਰਣ `ਚ ਆ ਜਾਂਦੇ ਹਨ, ਹੇ ਨਾਨਕ! ਉਨ੍ਹਾਂ ਨੇ ਹੀ ਪ੍ਰਭੂ ਨੂੰ ਸਿਮਰਿਆ ਹੈ ਭਾਵ ਉਹ ਜੀਵਨ ਕਰਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਜਾਂਦੇ ਹਨ ਤੇ ਉਨ੍ਹਾਂ ਦੇ ਜਨਮ ਸਫ਼ਲ ਹੋ ਜਾਂਦੇ ਹਨ। ਉਨ੍ਹਾਂ ਦਾ ਲੋਕ ਤੇ ਪ੍ਰਲੋਕ ਦੋਵੇਂ ਸੁਹੇਲੇ ਹੋ ਜਾਂਦੇ ਹਨ। ੪।

ਵਿਸ਼ੇਸ਼ ਨੋਟ- ਚਲਦੇ ਪ੍ਰਕਰਣ "ਮਾਤ ਗਰਭ ਮਹਿ ਆਪਨ ਸਿਮਰਨੁ ਦੇ…" ਉਪ੍ਰੰਤ ਹੱਥਲੇ ਸ਼ਬਦ `ਚ ਵੀ ਉਸੇ ਤਰ੍ਹਾਂ ਜਿਵੇਂ "ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ"। ਜਦਕਿ ਇਸੇ ਤਰ੍ਹਾਂ ਗੁਰਬਾਣੀ `ਚ ਹੋਰ ਵੀ ਬਹੁਤ ਵਾਰੀ ਇਸ ਵਿਸ਼ੇ ਨੂੰ ਦ੍ਰਿੜ ਕਰਵਾਇਆ ਹੋਇਆ ਹੈ ਜਿਵੇਂ:-

"ਮਹਾ ਅਗਨਿ ਨ ਬਿਨਾਸਨੰ" (੭੦੬),

"ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ" (ਪੰ: ੭੪੮),

"ਮਾਤ ਗਰਭ ਮਹਿ ਅਗਨਿ ਨ ਜੋਹੈ" (ਪੰ: ੭੬੮) ਹੋਰ

"ਜਿਥੈ ਅਗਨਿ ਭਖੈ ਭੜਹਾਰੇ॥ ਊਰਧ ਮੁਖ ਮਹਾ ਗੁਬਾਰੇ॥ ਸਾਸਿ ਸਾਸਿ ਸਮਾਲੇ ਸੋਈ, ਓਥੈ ਖਸਮਿ ਛਡਾਇ ਲਇਆ" (ਪੰ: ੧੦੦੭) ਆਦਿ ਫ਼ੁਰਮਾਨ ਵਿਸ਼ੇ ਦੀ ਸਪਸ਼ਟਤਾ ਲਈ ਵਿਸ਼ੇਸ਼ ਧਿਆਨ ਮੰਗਦੇ ਹਨ। (ਚਲਦਾ) #416P-VIIs04.16.02s16# 7p

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.416 P-VII

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਭਾਗ ਸਤਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly @ Rs 350/-(but in rare cases @ Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.