.

ਗੁਰਬਾਣੀ ਦਾ ਵਰਦਾਨ

ਹਾਕਮ ਸਿੰਘ

ਗੁਰਬਾਣੀ ਮਨੁੱਖ ਨੂੰ ਮਨ ਅਤੇ ਸਰੀਰ ਦੇ ਸੁਮੇਲ ਦੀ ਉਪਜ ਮੰਨਦੀ ਹੈ। ਸਰੀਰ ਵਿੱਚ ਕੰਮ ਕਰਨ ਦੀ ਸਮਰਥਾ ਹੈ ਅਤੇ ਮਨ ਵਿੱਚ ਚੇਤਨਤਾ। ਚੇਤਨਤਾ ਸਰੀਰ ਤੋਂ ਕੰਮ ਲੈਂਦੀ ਹੈ। ਮਨ ਵਿੱਚ ਚੇਤਨਤਾ ਦੇ ਨਾਲ ਨਾਲ ਹਉਮੈ ਹੁੰਦੀ ਹੈ, ਅਤੇ ਪ੍ਰਭੂ ਨੂੰ ਜਾਨਣ ਦੀ ਤਾਂਘ ਵੀ ਛੁਪੀ ਹੁੰਦੀ ਹੈ ਜਿਸ ਨੂੰ ਬਹੁਤ ਘੱਟ ਵਿਅਕਤੀ ਅਨੁਭਵ ਕਰ ਪਾਉਂਦੇ ਹਨ। ਪ੍ਰਭੂ ਨੇ ਮਨੁੱਖ ਨੂੰ ਵਖਰੇ, ਸਵਾਧੀਨ ਅਤੇ ਸੁਤੰਤਰ ਜੀਵਨ ਦੀ ਬਖਸ਼ਿਸ਼ ਕੀਤੀ ਹੈ ਅਤੇ ਆਪਣੇ ਜੀਵਨ ਦੇ ਨਿਰਨੇ ਲੈਣ ਯੋਗ ਬਣਾਇਆ ਹੈ। ਗੁਰਬਾਣੀ ਮਨੁੱਖ ਨੂੰ ਮਾਇਆ ਦੇ ਕੂੜੇ ਮੱਕੜ ਜਾਲ ਵਿਚੋਂ ਨਿਕਲ ਕੇ ਸਚਿਆਰਾ ਜੀਵਨ ਧਾਰਨ ਕਰਨ ਲਈ ਪ੍ਰਭੂ ਦੇ ਹੁਕਮ ਅਤੇ ਰਜ਼ਾ ਵਿੱਚ ਚਲਣ ਦਾ ਉਪਦੇਸ਼ ਕਰਦੀ ਹੈ। ਇਸ ਉਪਦੇਸ਼ ਦੇ ਬਾਵਜੂਦ ਵਿਰਲੇ ਹੀ ਸਚਿਆਰਾ ਜੀਵਨ ਧਾਰਨ ਕਰਨ ਦੀ ਹਿਮੰਤ ਜੁਟਾ ਪਾਉਂਦੇ ਹਨ, ਪਰ ਕੁੱਝ ਸਾਧਾਰਣ ਲੋਕ ਗੁਰਬਾਣੀ ਦੇ ਮਾਨਵਵਾਦੀ ਸਿਧਾਂਤ ਤੋਂ ਪ੍ਰੇਰਤ ਹੋ ਕੇ ਆਪਣੇ ਜੀਵਨ ਨੂੰ ਮਨੁੱਖਤਾ ਦੀ ਸੇਵਾ ਵਿੱਚ ਅਰਪਤ ਕਰਨ ਦਾ ਮਨ ਬਣਾ ਲੈਂਦੇ ਹਨ। ਇਸ ਦੇ ਉਲਟ ਸਮਾਜਕ ਸ਼ਕਤੀਆਂ, ਜੋ ਗੁਰਬਾਣੀ ਉਪਦੇਸ਼ ਨੂੰ ਇੱਕ ਵੰਗਾਰ ਸਮਝਦੀਆਂ ਹਨ, ਉਸ ਦੀ ਅਧਿਆਤਮਕ ਵਿਚਾਰਧਾਰਾ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਹਰ ਢੰਗ ਵਰਤਦੀਆਂ ਹਨ। ਗੁਰਬਾਣੀ ਦੇ ਅਧਿਆਤਮਕ ਗਿਆਨ ਦਾ ਮਨੋਰਥ ਤੇ ਮਨੁੱਖ ਨੂੰ ਆਪਣੇ ਅਸਲੇ, ਪ੍ਰਭੂ ਨਾਲ ਜੋੜਨਾ ਹੈ ਪਰ ਸਮਾਜ ਦੀ ਇਸ ਮਨੋਰਥ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ। ਉਹ ਤੇ ਜੇਕਰ ਸੰਭਵ ਹੋਵੇ ਤਾਂ ਗੁਰਬਾਣੀ ਨੂੰ ਆਪਣੇ ਹੀ ਦੁਨਿਆਵੀ ਮੰਤਵ ਲਈ ਵਰਤਣ ਦਾ ਚਾਹਵਾਨ ਹੁੰਦਾ ਹੈ। ਗੁਰੂ ਸਾਹਿਬਾਨ ਦੇ ਸਮੇਂ ਹੀ ਗੁਰ ਪਰਵਾਰਾਂ ਦੇ ਸਦੱਸ ਗੁਰਗੱਦੀ ਦੀ ਹਵਸ ਅਤੇ ਲੋਭ ਵਸ ਗੁਰਮਤ ਦੇ ਧਾਰਨੀਆਂ ਨੂੰ ਆਪਣੇ ਵਿਅਕਤਿਤਵ ਦੀ ਪੂਜਾ ਨੂੰ ਹੀ ਗੁਰਮਤ ਆਖਣ ਲੱਗ ਪਏ ਸਨ। ਗੁਰਬਾਣੀ ਉਪਦੇਸ਼ ਪ੍ਰਤੀ ਉਨ੍ਹਾਂ ਦੀ ਬੇਰੁਖੀ ਕਾਰਨ ਹੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਬਾਣੀ ਦਾ ਪ੍ਰਚਾਰ ਬਰਕਰਾਰ ਰੱਖਣ ਲਈ ਮਾਝਾ ਅਤੇ ਦੁਆਬਾ ਛੱਡ ਕੇ ਪੂਰਬ ਵਿੱਚ ਕੀਰਤਪੁਰ ਸਾਹਿਬ ਜਾਣਾ ਪਿਆ ਸੀ। ਫਿਰ ਸਾਰੇ ਗੁਰੂ ਸਾਹਿਬਾਨ ਪੁਆਧ ਵਿੱਚ ਰਹਿ ਕੇ ਹੀ ਗੁਰਬਾਣੀ ਦਾ ਪ੍ਰਚਾਰ ਅਤੇ ਪਰਵਾਰਕ ਵਿਰੋਧੀਆਂ ਵਲੋਂ ਖੜੀਆਂ ਕੀਤੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਰਹੇ। ਦਰਬਾਰ ਸਾਹਿਬ ਅਤੇ ਪੰਜਾਬ ਦੇ ਪੱਛਮੀ ਭਾਗ ਵਿੱਚ ਗੁਰੂ ਸਾਹਿਬਾਨ ਦੇ ਵਿਰੋਧੀਆਂ ਨੇ ਗੁਰਮਤ ਤੋਂ ਹਟਵਾਂ ਆਪਣਾ ਵਖਰਾ ਵਿਅਕਤੀ ਪੂਜਾ ਵਾਲਾ ‘ਸਿੱਖ’ ਧਰਮ ਚਲਾ ਲਿਆ ਸੀ। ਬੰਦਾ ਬਹਾਦਰ ਦੇ ਮੁਗਲ ਸ਼ਾਸਨ ਤੇ ਅਯੋਗ ਆਕ੍ਰਮਣ ਕਾਰਨ ਗੁਰਬਾਣੀ ਦਾ ਸਨਾਤਨੀਕਰਨ ਹੋਣ ਲੱਗ ਪਿਆ। ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਵੀ ਸਨਾਤਨੀ ਵਿਚਾਰਾਂ ਤੋਂ ਪ੍ਰਭਾਵਤ ਨਿਰਮਲੇ ਅਤੇ ਉਦਾਸੀਆਂ ਦੀ ਵਿਚਾਰਧਾਰਾ ਹੀ ਸਿੱਖ ਧਰਮ ਦੀ ਮੁੱਖ ਧਾਰਾ ਬਣੀ ਰਹੀ। ਅੰਗ੍ਰੇਜ਼ਾਂ ਦੇ ਰਾਜ ਵਿੱਚ ਪੱਛਮੀ ਸਿਖਿਆ ਅਤੇ ਈਸਾਈ ਧਰਮ ਦੇ ਪ੍ਰਭਾਵ ਕਾਰਨ ਸਿੰਘ ਸਭਾਵਾਂ ਦੀ ਸਥਾਪਨਾ ਹੋਣ ਨਾਲ ਗੁਰਬਾਣੀ ਦੀ ਵਿਆਖਿਆ ਵਿੱਚ ਕੁੱਝ ਤਬਦੀਲੀ ਆਈ ਸੀ। ਅੰਗ੍ਰੇਜ਼ ਸਿੱਖਾਂ ਨੂੰ ਫੌਜ ਵਿੱਚ ਭਰਤੀ ਕਰਨ ਦੇ ਚਾਹਵਾਨ ਸਨ ਪਰ ਸਿੱਖਾਂ ਵਿੱਚ ਗੁਰਬਾਣੀ ਦੇ ਮਾਨਵਾਵਦੀ ਉਪਦੇਸ਼ ਦਾ ਪ੍ਰਭਾਵ ਸੀ, ਜਿਸ ਨੂੰ ਖਤਮ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਸਿੱਖਾਂ ਵਿੱਚ ਮਾਰਸ਼ਲ ਅਤੇ ਨਿਆਰੇ ਹੋਣ ਦਾ ਗੁਮਾਨ ਪੈਦਾ ਕਰਨ ਲਈ ਵਚਿਤ੍ਰ ਨਾਟਕ ਦੀ ਵਿਚਾਰਧਾਰਾ ਨੂੰ ਪ੍ਰਸਿਧ ਕਰਨਾ ਸ਼ੁਰੂ ਕਰ ਦਿੱਤਾ। ਅੰਗ੍ਰੇਜ਼ਾਂ ਦੀ ਨੀਤੀ ਦੀ ਸਫਲਤਾ ਦੀ ਇੱਕ ਮਹੱਤਵਪੂਰਨ ਉਦਾਹਰਣ ਪੰਥ ਪ੍ਰਕਾਸ਼ ਦੇ ਲੇਖਕ ਵਲੋਂ ਜਰਨੈਲ ਅਖਤਰਲੋਨੀ (David Ochterlony) ਨੂੰ ਖੁਸ਼ ਕਰਨ ਲਈ ‘ਇਨ ਸਿਖਨ ਕਾ ਕਾਮ ਹੈ ਦੰਗਾ’ ਆਖਣਾ ਸੀ। ਅੰਗ੍ਰੇਜ਼ਾਂ ਦੇ ਜਾਣ ਮਗਰੋਂ ਭਾਰਤ ਅਤੇ ਪੰਜਾਬ ਦੀਆਂ ਰਾਜਸੀ ਸ਼ਕਤੀਆਂ ਗੁਰਬਾਣੀ ਉਪਦੇਸ਼ ਨੂੰ ਵਿਗਾੜਣ ਅਤੇ ਸ਼ਰਧਾਲੂਆਂ ਨੂੰ ਕੁਰਾਹੇ ਪਾ ਕੇ ਆਪਣੇ ਹਿੱਤ ਵਿੱਚ ਵਰਤਣ ਲਈ ਸਿੱਖ ਧਾਰਮਕ ਸੰਸਥਾਵਾਂ, ਸੰਪ੍ਰਦਾਵਾਂ, ਡੇਰਿਆਂ ਅਤੇ ਕਟੜਵਾਦੀ ਸ਼ਕਤੀਆਂ ਨੂੰ ਬੜ੍ਹਾਵਾ ਅਤੇ ਸਮਰਥਨ ਦੇਣ ਲੱਗ ਪਈਆਂ। ਗੁਰਮਤ ਵਿਰੋਧੀਆਂ ਦੀਆਂ ਗਤੀਵਿਧੀਆਂ ਨੇ ਸਿੱਖ ਧਰਮ ਨੂੰ ਗੁਰਬਾਣੀ ਦੇ ਅਧਿਆਤਮਕ ਗਿਆਨ ਨਾਲੋਂ ਦੂਰ ਕਰਕੇ ਇੱਕ ਧਾਰਮਕ ਵਪਾਰ ਅਤੇ ਰਾਜਸੀ ਹਸਤੀ ਵਿੱਚ ਬਦਲ ਦਿੱਤਾ।
ਤਕਰੀਬਨ ਪੰਜ ਸੌ ਸਾਲ ਗੁਰਮਤ ਵਿਰੋਧੀਆਂ ਅਤੇ ਰਾਜਸੀ ਸ਼ਕਤੀਆਂ ਨੇ ਸਿੱਖ ਧਰਮ ਨੂੰ ਗੁਰਬਾਣੀ ਉਪਦੇਸ਼ ਨਾਲੋਂ ਤੋੜਣ ਅਤੇ ਦੂਰ ਕਰਨ ਦੀਆਂ ਅਨੇਕ ਸਾਜ਼ਸ਼ਾਂ ਰਚੀਆਂ। ਪੁਰਾਤਨ ਪ੍ਰਮਾਣਕ ਸਮਝੀਆਂ ਜਾਦੀਆਂ ਬਹੁਤੀਆਂ ਲਿਖਤਾਂ ਗੁਰੂ ਸਾਹਿਬਾਨ ਦੇ ਵਿਰੋਧੀਆਂ ਦੀਆਂ ਕਿਰਤਾਂ ਹਨ ਜਿਨ੍ਹਾਂ ਵਿੱਚ ਮਿਥਹਾਸ, ਮਨ ਘੜਤ ਕਹਾਣੀਆਂ ਅਤੇ ਕਰਾਮਾਤਾਂ ਰਾਹੀਂ ਗੁਰਮਤ, ਗੁਰੂ ਸਾਹਿਬਾਨ ਅਤੇ ਸਿੱਖ ਇਤਹਾਸ ਬਾਰੇ ਗਲਤ ਫੈਹਮੀਆਂ ਫੈਲਾਈਆਂ ਗਈਆਂ। ਪੁਜਰੀਆਂ ਵਲੋਂ ਚਾਲੂ ਕੀਤੀ ਗੁਰਮਤ ਵਿਰੋਧੀ ਪਰੰਪਰਾ ਸਦੀਆਂ ਤੋਂ ਸਿੱਖ ਧਰਮ ਦੀ ਮੁੱਖ ਧਾਰਾ ਬਣੀ ਹੋਈ ਹੈ ਜਿਸ ਨੂੰ ਮਿਸ਼ਨਰੀ ਸੰਸਥਾਵਾਂ ਸੁਧਾਰਣ ਦੇ ਯਤਨ ਵੀ ਕਰਦੀਆਂ ਰਹਿਈਆਂ ਹਨ। ਗੁਰਬਾਣੀ ਦੇ ਟੀਕਾਕਾਰਾਂ ਅਤੇ ਵਿਆਖਿਆਕਾਰਾਂ ਦੀਆਂ ਕਿਰਤਾਂ ਵੀ ਉਨ੍ਹਾਂ ਦੀ ਪ੍ਰਚਲਤ ਰੀਤੀ ਰਵਾਜਾਂ ਤੋਂ ਪ੍ਰਭਾਵਤ ਨਿੱਜੀ ਸੋਚ ਦੀ ਉਪਜ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਅੱਜ ਤਕ ਕਿਸੇ ਵਿਦਵਾਨ, ਖੋਜੀ ਅਤੇ ਇਤਹਾਸਕਾਰ ਨੇ ਏਨ੍ਹਾਂ ਗੁਰਮਤਿ ਵਿਰੋਧੀ ਸਾਜ਼ਸ਼ਾਂ ਦਾ ਪੂਰਾ ਲੇਖਾ ਜੋਖਾ ਨਹੀਂ ਕੀਤਾ ਹੈ। ਦਰ ਅਸਲ ਸਿੱਖ ਜਗਤ ਵਿੱਚ ਗੁਰਮਤ ਵਿਰੋਧੀਆਂ ਦਾ ਪ੍ਰਭਾਵ ਅਤੇ ਭੈ ਏਨਾ ਵਿਆਪਕ ਅਤੇ ਪ੍ਰਭਾਵਸ਼ਾਲੀ ਹੈ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਦੀ ਅੰਨ੍ਹੀਂ ਸ਼ਰਧਾ ਏਨੀ ਡਰਾਉਣੀ ਕਿ ਕੋਈ ਵੀ ਵਿਦਵਾਨ ਸਿੱਖ ਪਰੰਪਰਾ ਦੀ ਅਸਲੀਅਤ ਅਤੇ ਪਿਛੌਕੜ ਨੂੰ ਘੋਖਣ ਦੀ ਹਿਮਤ ਨਹੀਂ ਕਰਦਾ।
ਸਿੱਖ ਧਰਮ ਪੰਜਾਬੀ ਸਭਿਆਚਾਰ ਦਾ ਭਾਗ ਹੈ। ਇਹ ਪੰਜਾਬੀ ਸਭਿਆਚਾਰ ਤੇ ਗੁਰਬਾਣੀ ਦੇ ਮਾਨਵਵਾਦੀ ਉਪਦੇਸ਼ ਦਾ ਮਿਸ਼ਰਨ ਹੈ। ਇਸ ਵਿੱਚ ਦੋ ਵਿਰੋਧੀ ਪਰਵਿਰਤੀਆਂ ਨਾਲ ਨਾਲ ਕਿਰਿਆਸ਼ੀਲ ਰਹਿੰਦੀਆਂ ਹਨ। ਇੱਕ ਪਾਸੇ ਤੇ ਗੁਰਬਾਣੀ ਉਪਦੇਸ਼ ਤੋਂ ਉਤਸ਼ਾਹਤ ਹੋਏ ਸ਼ਰਧਾਲੂ ਮਨੁੱਖੀ ਅਧਿਕਾਰਾਂ ਦੀ ਰਖਿਆ ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਤਿਆਰ ਰਹਿੰਦੇ ਹਨ ਅਤੇ ਦੂਜੇ ਪਾਸੇ ਸੁਆਰਥੀ ਅਨਸਰ ਗੁਰਬਾਣੀ ਦਾ ਲਾਭ ਉਠਾਉਣ ਲਈ ਉਸ ਨੂੰ ਇੱਕ ਵਪਾਰਕ ਵਸਤੂ ਜਾਂ ਸਿਆਸੀ ਹਥਿਆਰ ਵਜੋਂ ਵਰਤ ਕੇ ਭੋਲੇ ਸ਼ਰਧਾਲੂਆਂ ਦਾ ਸ਼ੋਸ਼ਣ ਕਰਦੇ ਹਨ। ਗੁਰਬਾਣੀ ਉਪਦੇਸ਼ ਸ਼ਰਧਾਲੂਆਂ ਨੂੰ ਵਿਸ਼ੇਸ਼ ਰੱਬੀ ਗੁਣਾਂ ਦਾ ਧਾਰਨੀ ਬਨਣ ਲਈ ਪ੍ਰੇਰਤ ਕਰਦਾ ਹੈ ਪਰ ਸਮਾਜਕ ਸ਼ਕਤੀਆਂ ਗੁਰਬਾਣੀ ਉਪਦੇਸ਼ ਦੇ ਮਾਨਵਾਵਦੀ ਵਿਚਾਰਾਂ ਨੂੰ ਦਬਾਉਣ ਅਤੇ ਗੁਮਰਾਹਕੁਨ ਬਨਾਉਣ ਲਈ ਉਨ੍ਹਾਂ ਨੂੰ ਵਿਸ਼ੇਸ਼ ਕਰਮਕਾਂਡਾਂ ਦਾ ਧਾਰਮਕ ਰੂਪ ਦੇ ਦਿੰਦੀਆਂ ਹਨ। ਜਿਥੇ ਗੁਰਬਾਣੀ ਉਪਦੇਸ਼ ਸਾਧਾਰਣ ਮਨੁੱਖਾਂ ਨੂੰ ਨਿਰਭੈ, ਨਿਰਵੈਰ ਅਤੇ ਨਿਸ਼ਕਾਮ ਲੋਕ ਸੇਵਕ ਬਨਣ ਲਈ ਉਤਸ਼ਾਹਤ ਕਰਦਾ ਹੈ ਓਥੇ ਹੀ ਸਮਾਜਕ ਸ਼ਕਤੀਆਂ ਖੁਸ਼ਾਮਦੀ, ਨਾਐਹਲ ਅਤੇ ਅਗਿਆਨੀ ਵਿਅਕਤੀਆਂ ਨੂੰ ਸਿੱਖ ਸੰਸਥਾਵਾਂ ਦੇ ਆਗੂ ਥਾਪਣ ਲਈ ਯਤਨਸ਼ੀਲ ਹੁੰਦੀਆਂ ਹਨ। ਗੁਰਬਾਣੀ ਦੀ ਵਿਰੋਧਤਾ ਗੁਰ ਪ੍ਰਵਾਰਾਂ ਤੋਂ ਹੀ ਸ਼ੁਰੂ ਹੋ ਗਈ ਸੀ ਜੋ ਹੁਣ ਤਕ ਚਲਦੀ ਆ ਰਹੀ ਹੈ। ਇਸ ਦੇ ਵਿਪ੍ਰੀਤ ਗੁਰਬਾਣੀ ਉਪਦੇਸ਼ ਦੇ ਮਾਨਵਵਾਦੀ ਉਦੇਸ਼ਾਂ ਲਈ ਜੀਵਨ ਸਮਰਪਨ ਕਰਨ ਦੀ ਪਰਥਾ ਗੁਰੂਘਰ ਤੋਂ ਸ਼ੁਰੂ ਹੋਈ ਸੀ। ਉਸੇ ਉਦੇਸ਼ ਨੇ ਸਿੱਖਾਂ ਨੂੰ ਵਿਦੇਸ਼ੀ ਧਾੜਵੀਆਂ ਅਤੇ ਸਥਾਨਕ ਜ਼ਾਲਮਾਂ ਦਾ ਟਾਕਰਾ ਕਰਨ ਲਈ ਪ੍ਰੇਰਤ ਕੀਤਾ ਸੀ। ਪਰ ਜਦੋਂ ਸਿੱਖ ਮਿਸਲਾਂ ਅਤੇ ਰਣਜੀਤ ਸਿੰਘ ਦਾ ਰਾਜ ਸਥਾਪਤ ਹੋ ਗਿਆ ਤਾਂ ਸਿੱਖ ਧਰਮ ਗੁਰਬਾਣੀ ਉਪਦੇਸ਼ ਨੂੰ ਵਿਸਾਰ ਕੇ ਰਾਜ ਸ਼ਕਤੀ ਦਾ ਪਰਸੰਸਕ ਬਣ ਗਿਆ। ਅੰਗ੍ਰੇਜ਼ਾਂ ਦੇ ਰਾਜ ਵਿੱਚ ਗੁਰਬਾਣੀ ਉਪਦੇਸ਼ ਦੇ ਪ੍ਰਭਾਵ ਸਦਕਾ ਨਾਮਧਾਰੀ, ਗਦਰ ਅਤੇ ਗੁਰਦੁਆਰਾ ਸੁਧਾਰ ਲਹਿਰਾਂ ਉੱਠੀਆਂ ਪਰ ਅੰਗ੍ਰੇਜ਼ਾਂ ਨੇ ਪੰਜਾਬੀ ਕੌਮ ਅਤੇ ਸਿੱਖ ਸਮਾਜ ਵਿੱਚ ਵੰਡੀਆਂ ਪਾ ਕੇ ਖਾਨਾਜੰਗੀ ਦਾ ਮਾਹੌਲ ਪੈਦਾ ਕਰ ਦਿੱਤਾ। ਅੰਗ੍ਰਜ਼ੀ ਰਾਜ ਦੇ ਪ੍ਰਸੰਸਕਾਂ ਨੇ ਗੁਰਦਆਰਾ ਸੁਧਾਰ ਲਹਿਰ ਨੂੰ ਸੈਬੋਤਾਜ ਕਰਕੇ ਇਤਹਾਸਕ ਗੁਰਧਾਮ ਸਰਕਾਰੀ ਗੁਰਦੁਆਰਾ ਬੋਰਡ ਨੂੰ ਸੌਂਪ ਦਿੱਤੇ, ਜਿਸ ਨੇ ਆਪਣਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖ ਕੇ ਸਿੱਖ ਸਮਾਜ ਤੇ ਆਪਣਾ ਅਧਿਕਾਰ ਜਮਾਉਣਾ ਸ਼ੁਰੂ ਕਰ ਦਿੱਤਾ। ਸਿੱਖ ਗੁਰਧਾਮ ਸਰਕਾਰੀ ਕਨੂੰਨ ਦੇ ਅਧੀਨ ਹੋ ਗਏ ਅਤੇ ਸਿੱਖ ਆਗੂ ਇਸ ਗੁਲਾਮੀ ਨੂੰ ਆਪਣੀ ਜਿੱਤ ਪ੍ਰਚਾਰ ਕੇ ਜਸ਼ਨ ਮਨਾਉਣ ਲੱਗ ਪਏ।
ਸਰਕਾਰ ਅਤੇ ਸਿਆਸਤ ਦਾ ਗੁਲਾਮ ਬਨਣ ਨਾਲ ਸਿੱਖ ਧਰਮ ਨੂੰ ਭਾਰਤ ਦੀ ਆਜ਼ਾਦੀ ਸਮੇਂ ਸਭ ਤੋਂ ਵੱਧ ਮੁਸੀਬਤਾਂ ਝਲਣੀਆਂ ਪਈਆਂ ਸਨ। ਗੁਰੂ ਸਾਹਿਬਾਨ ਦਾ ਵਰੋਸਾਇਆ ਹੋਇਆ ਪੰਜਾਬ ਟੁਕੜੇ ਟੁਕੜੇ ਹੋ ਗਿਆ ਅਤੇ ਪੰਜਾਬੀ ਕੌਮ ਖੇਰੂੰ ਖੇਰੂੰ ਹੋ ਗਈ। ਆਜ਼ਾਦ ਭਾਰਤ ਵਿੱਚ ਸਿੱਖ ਦੇਸ਼ ਦੀ ਰਖਿਆ ਅਤੇ ਬੇਹਤਰੀ ਲਈ ਹਰ ਨਾਜ਼ੁਕ ਸਮੇਂ ਭਾਰੀ ਜ਼ਿਮੇਵਾਰੀ ਨਿਭਾਉਂਦੇ ਰਹੇ, ਪਰ ਭਾਰਤ ਸਰਕਾਰ ਪੰਜਾਬ ਅਤੇ ਸਿੱਖਾਂ ਨਾਲ ਵਿਤਕਰਾ ਕਰਨੋਂ ਨਾਂ ਹਟੀ। ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਦਾ ਬਹੁਤਾ ਪ੍ਰਭਾਵ ਪੰਜਾਬ ਅਤੇ ਪੰਜਾਬੀਆਂ ਤੇ ਪੈਂਦਾ ਹੈ ਇਸ ਲਈ ਭਾਰਤ ਨੂੰ ਆਪਣੀ ਪਾਕਿਸਤਾਨੀ ਨੀਤੀ ਪੰਜਾਬ ਅਤੇ ਸਿੱਖਾਂ ਦੀਆਂ ਆਰਥਕ ਅਤੇ ਸਮਾਜਕ ਲੋੜਾਂ ਨੂੰ ਮੁੱਖ ਰੱਖ ਕੇ ਸਿੱਖਾਂ ਦੀ ਸਲਾਹ ਨਾਲ ਹੀ ਨਿਧਾਰਤ ਕਰਨੀ ਚਾਹੀਦੀ ਸੀ, ਜਿਵੇਂ ਸ੍ਰੀ ਲੰਕਾਂ ਨਾਲ ਸਬੰਧਾਂ ਬਾਰੇ ਤਾਮਲੀਆਂ ਦੀ ਸਲਾਹ ਲਈ ਜਾਂਦੀ ਹੈ, ਪਰ ਭਾਰਤ ਸਰਕਾਰ ਦੇ ਹਿੰਦੂਤਵੀ ਏਜੰਡੇ ਵਿੱਚ ਪੰਜਾਬ ਅਤੇ ਸਿੱਖਾਂ ਦੀਆਂ ਲੋੜਾਂ ਦੀ ਕੋਈ ਵੁਕੱਤ ਨਹੀਂ ਹੈ। ਦੂਜੇ ਪਾਸੇ ਪਾਕਿਸਤਾਨ ਆਪਣੇ ਹੀ ਬਣਾਏ ਮਜ਼੍ਹਬੀ ਫਰੈਂਕਨਸਟੀਨ ਅੱਗੇ ਬੇਬਸ ਹੋਇਆ ਪਿਆ ਹੈ। ਪਾਕਿਸਤਾਨੀ ਪੰਜਾਬ ਦੀ ਆਰਥਕ ਅਤੇ ਸਮਾਜਕ ਬੇਹਤਰੀ ਵੀ ਭਾਰਤੀ ਪੰਜਾਬ ਨਾਲ ਮਿਲਵਰਤਣ ਵਿੱਚ ਹੀ ਹੈ ਪਰ ਮਜ਼੍ਹਬੀ ਜਨੂਨੀਆਂ ਨੂੰ ਕੌਣ ਸਮਝਾਵੇ ਕਿ: ਜਿਸ ਟਾਹਣੇ ਤੇ ਬੈਠੇ ਹਨ ਉਸੇ ਨੂੰ ਹੀ ਵਢੀ ਜਾ ਰਹੇ ਹਨ; ਅਤੇ, ਵੈਰ ਬਹੁਤ ਕਰ ਲਿਆ ਹੁਣ ਮਿਲਵਰਤਣ ਨੂੰ ਵੀ ਥੋੜ੍ਹਾ ਮੌਕਾ ਦੇਵੋ। ਪੰਜਾਬ ਇੱਕ ਹੀ ਹੈ ਦੋ ਨਹੀਂ ਹਨ। ਪੰਜਾਬੀ ਸਭਿਆਚਾਰ ਮਾਂ ਬੋਲੀ ਤੇ ਟਿਕਿਆ ਹੋਇਆ ਹੈ। ਸਿਆਸੀ ਲਾਲਸਾ ਧਰਤੀ ਨੂੰ ਵੰਡ ਸਕਦੀ ਹੈ ਪਰ ਸਭਿਆਚਾਰ ਨੂੰ ਖਤਮ ਨਹੀਂ ਕਰ ਸਕਦੀ। ਭਾਰਤੀ ਆਗੂਆਂ ਦੀ ਪੰਜਾਬੀਆਂ ਅਤੇ ਸਿੱਖਾਂ ਦੀਆਂ ਲੋੜਾਂ ਅਤੇ ਭਾਵਨਾਵਾਂ ਪ੍ਰਤੀ ਬੇਰੁੱਖੀ ਅਤੇ ਸਿੱਖ ਰਾਜਸੀ ਆਗੂਆਂ ਦੀ ਸੌੜੀ ਸੋਚ ਅਤੇ ਨਾਲਾਇਕੀ ਬਹੁਤ ਹੱਦ ਤਕ ਪੰਜਾਬ ਦੀ ਵੰਡ, ਲੱਖਾਂ ਪਰਵਾਰਾਂ ਦਾ ਉਜਾੜਾ ਅਤੇ ਅਨਗਿਣਤ ਮਾਸੂਮਾਂ ਦੀ ਮੌਤ ਅਤੇ 1984 ਵਿੱਚ ਹੋਏ ਸਿੱਖ ਕਤਲੇ ਆਮ ਲਈ ਜ਼ਿਮੇਵਾਰ ਹੈ।
ਮਨੁੱਖੀ ਮਨ ਵਿੱਚ ਹਉਮੈ ਦੇ ਨਾਲ ਨਾਲ ਪ੍ਰਭੂ ਮਿਲਾਪ ਦੀ ਗੁਪਤ ਕੋਮਲ ਤਾਂਘ ਵੀ ਪਲਪ ਰਹੀ ਹੁੰਦੀ ਹੈ। ਹਉਮੈ ਪ੍ਰਭੂ ਮਿਲਾਪ ਦੀ ਭਾਵਨਾ ਤੋਂ ਭੈ ਖਾਂਦੀ ਹੈ ਅਤੇ ਮਨ ਨੂੰ ਆਪਣੇ ਅੰਦਰ ਝਾਤ ਮਾਰਨ ਤੋਂ ਰੋਕਣ ਦਾ ਹਰ ਢੰਗ ਵਰਤਦੀ ਹੈ। ਉਹ ਮਨ ਨੂੰ ਸਰੀਰਕ ਆਕਾਂਖਿਆਵਾਂ, ਪ੍ਰਵਾਰਕ ਮੋਹ, ਮਨੋਰੰਜਨ, ਅਭਿਮਾਨ ਅਤੇ ਵਿਸ਼ੇਸ਼ ਅਧਿਕਾਰਾਂ ਦੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਦੀ ਘੁਮੰਣਘੇਰੀ ਵਿੱਚ ਭਵਾਂਈ ਫਿਰਦੀ ਹੈ। ਸਮਾਜ ਵਿੱਚ ਤ੍ਰੈਗੁਣੀ ਮਾਇਆ ਦਾ ਪ੍ਰਭਾਵ ਮਨੁੱਖੀ ਮਨ ਨੂੰ ਪਦਾਰਥਕ ਸੰਪੱਤੀ ਇਕੱਠੀ ਕਰਨ ਅਤੇ ਦੂਜਿਆਂ ਨੂੰ ਆਪਣੇ ਅਧੀਨ ਬਨਾਉਣ ਵਿੱਚ ਉਲਝਾਈ ਰੱਖਦਾ ਹੈ ਤਾਂ ਜੋ ਉਸ ਨੂੰ ਪ੍ਰਭੂ ਮਿਲਾਪ ਦਾ ਖਿਆਲ ਹੀ ਨਾ ਆਵੇ। ਜਿਵੇਂ ਮਨ ਦੇ ਪ੍ਰਭੂ ਨਾਲ ਮਿਲਾਪ ਤੋਂ ਹਉਮੈ ਭੈ ਖਾਂਦੀ ਹੈ ਉਵੇਂ ਹੀ ਸਮਾਜਕ ਸ਼ਕਤੀਆਂ ਗੁਰਬਾਣੀ ਦੇ ਅਧਿਆਤਮਕ ਗਿਆਨ ਦੇ ਸੰਚਾਰ ਤੋਂ ਭੈ ਭੀਤ ਹੋਈਆਂ ਰਹਿੰਦੀਆਂ ਹਨ ਅਤੇ ਉਸ ਨੂੰ ਦਬਾਉਣ ਜਾਂ ਬਦਲਣ ਦਾ ਹਰ ਸੰਭਵ ਯਤਨ ਕਰਦੀਆਂ ਹਨ।
ਸਮਾਜ ਦੀ ਗੁਰਬਾਣੀ ਉਪਦੇਸ਼ ਨਾਲ ਵਿਰੋਧਤਾ ਹੋਣੀ ਸੁਭਾਵਕ ਹੈ, ਕਿਊਂਕੇ ਮਨੁਖ ਲਈ ਸਮਾਜ ਤੋਂ ਬਿਨਾ ਮਨੁੱਖੀ ਜੀਵਨ ਦੀ ਕਲਪਨਾ ਕਰਨੀ ਸੰਭਵ ਨਹੀਂ ਹੈ ਅਤੇ ਗੁਰਬਾਣੀ ਉਸੇ ਸਮਾਜ ਨੂੰ ਭਰਮ, ਝੂਠਾ, ਭੌਜਲ, ਬਿਖ, ਆਦਿ ਆਖੀ ਜਾਂਦੀ ਹੈ ਅਤੇ ਮਨੁੱਖ ਨੂੰ ਸਮਾਜਕ ਇੱਛਾਵਾਂ ਦਾ ਤਿਆਗ ਕਰਨ ਲਈ ਆਖਦੀ ਹੈ। ਜਿਵੇਂ ਕਬੀਰ ਜੀ ਕਥਨ ਕਰਦੇ ਹਨ: “ਕਹੁ ਕਬੀਰ ਸੰਤਨ ਕੀ ਬੈਰਨ ਤੀਨਿ ਲੋਕ ਕੀ ਪਿਆਰੀ॥” (ਪੰ: ੪੭੬) ਤਾਂ ਤੀਨ ਲੋਕਾ ਸਮਾਜ ਆਪਣੀ ਪਿਆਰੀ ਦੀ ਵੈਰਣ ਗੁਰਬਾਣੀ ਨੂੰ ਵੀ ਬਰਦਾਸ਼ਤ ਨਹੀਂ ਕਰਦਾ। ਇਸੇ ਲਈ ਸਮਾਜ ਨੇ ਅਧਿਆਤਮ ਗਿਆਨ ਦੇ ਖੋਜੀਆਂ ਨੂੰ ਤਸੀਹੇ ਦੇ ਕੇ, ਜਾਨੋਂ ਮਾਰ ਕੇ ਅਤੇ ਡਰਾ ਧਮਕਾ ਕੇ ਪ੍ਰਭੂ ਦੀ ਖੋਜ ਕਰਨ ਤੋਂ ਰੋਕਣ ਦੇ ਬਹੁਤ ਯਤਨ ਕੀਤੇ ਸਨ ਪਰ ਮਨੁੱਖੀ ਮਨ ਵਿਚੋਂ ਪ੍ਰਭੂ ਮਿਲਨ ਦੀ ਤਾਂਘ ਨੂੰ ਮਾਰਨ ਵਿੱਚ ਸਫਲ ਨਾ ਹੋ ਸਕੇ। ਹਾਰ ਕੇ ਸਮਾਜਕ ਸ਼ਕਤੀਆਂ ਨੇ ਪੁਜਾਰੀਆਂ ਦੀ ਮਿਲੀ ਭੁਗਤ ਨਾਲ ਅਧਿਆਮਕ ਗਿਆਨ ਨੂੰ ਹੀ ਦੁਨਿਆਵੀ ਧਾਰਮਕ ਰਸਮਾਂ ਜਾਂ ਕਰਮ ਕਾਂਡਾਂ ਵਿੱਚ ਬਦਲ ਕੇ ਭੋਲੀ ਭਾਲੀ ਲੋਕਾਈ ਨੂੰ ਲੁਭਾਉਣ ਲਈ ਉਸੇ ਨੂੰ ਧਰਮ ਦਾ ਨਾਂ ਦੇ ਦਿੱਤਾ।
ਅਸਲ ਵਿੱਚ ਅਧਿਆਤਮਕ ਗਿਆਨ ਨਿੱਜੀ ਵਿਸ਼ਵਾਸ ਦਾ ਫਲ ਹੁੰਦਾ ਹੈ। ਉਸ ਵਿਸ਼ਵਾਸ ਨੂੰ ਦੂਜਿਆਂ ਨਾਲ ਸਾਂਝਾ ਤੇ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਤੇ ਜ਼ਬਰਦਸਤੀ ਠੋਸਿਆ ਨਹੀਂ ਜਾ ਸਕਦਾ। ਗੁਰਬਾਣੀ ਦੇ ਇਸੇ ਸਿਧਾਂਤ ਨੂੰ ਸਪਸ਼ਟ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਸਾਰੀ ਪਹੁੰਚਯੋਗ ਧਰਤੀ ਦਾ ਰਟਨ ਕਰਕੇ ਲੋਕਾਂ ਨਾਲ ਆਪਣੇ ਅਧਿਆਤਮਕ ਵਿਚਾਰ ਸਾਂਝੇ ਕੀਤੇ ਸਨ। ਉਹ ਆਪਣੇ ਵਿਚਾਰ ਕਿਸੇ ਤੇ ਵੀ ਥੋਪਣ ਦੇ ਵਿਰੁਧ ਸਨ। ਇਸਲਾਮ ਅਤੇ ਈਸਾਈ ਮਤ ਦੇ ਪੈਰੋਕਾਰ ਲੋਕਾਂ ਨੂੰ ਜ਼ਬਰਦਸਤੀ ਆਪਣੇ ਸਮਾਜਕ ਧਰਮ ਨਾਲ ਜੋੜਦੇ ਰਹੇ ਹਨ ਅਤੇ ਹਿੰਦੂ ਧਰਮ ਆਪਣੀ ਵਿਚਾਰਧਾਰਾ ਦੇ ਸੰਚਾਰ ਨੂੰ ਵਿਸ਼ੇਸ਼ ਵਿਅਕਤੀਆਂ ਤਕ ਸੀਮਤ ਰਖ ਕੇ ਬੁਹਗਿਣਤੀ ਨਾਲ ਦੁਰਵਿਹਾਰ ਕਰਦਾ ਰਿਹਾ ਹੈ। ਕੇਵਲ ਗੁਰਬਾਣੀ ਹੀ ਹਰ ਮਨੁੱਖ ਨੂੰ ਸੁਤੰਤਰ ਅਤੇ ਬਰਾਬਰ ਮੰਨਦੀ ਹੈ ਅਤੇ ਕਿਸੇ ਮਨੁੱਖ ਨੂੰ ਵੀ ਆਪਣੇ ਵਿਚਾਰ ਦੂਜਿਆਂ ਤੇ ਥੋਪਣ ਦੀ ਆਗਿਆ ਨਹੀਂ ਦਿੰਦੀ।
ਸਮਾਜਕ ਧਰਮ ਗਿਣਤੀ ਮਿਣਤੀ ਵਿੱਚ ਵਿਸ਼ਵਾਸ ਰਖਦਾ ਹੈ ਕਿਉਂਕੇ ਉਹ ਆਪਣੇ ਸ਼ਰਧਾਲੂਆਂ ਨੂੰ ਲਾਭਦਾਇਕ ਗਾਹਕ ਸਮਝਦਾ ਹੈ ਇਸ ਲਈ ਉਹ ਆਪਣੇ ਅਨੁਯਾਈਆਂ ਵਿੱਚ ਵਾਧਾ ਕਰਨ ਲਈ ਹਰ ਢੰਗ ਵਰਤਣ ਲਈ ਤਿਆਰ ਹੁੰਦਾ ਹੈ, ਇਥੋਂ ਤਕ ਕਿ ਦੰਗੇ ਫਸਾਦ ਅਤੇ ਜੰਗਾਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਸਮਾਜਕ ਧਰਮਾਂ ਦਾ ਸਾਰਾ ਇਤਹਾਸ ਹੀ ਖੂਨ ਖਰਾਬੇ, ਮਾਰ ਧਾੜਾਂ, ਅਤਿਆਚਾਰਾਂ, ਨਸਲ ਕੁਸ਼ੀਆਂ ਅਤੇ ਅਕਲਪਨੀ ਅਣਮਨੁੱਖੀ ਵਿਹਾਰਾਂ ਨਾਲ ਲੱਥ ਪੱਥ ਹੈ।
ਕਈ ਚਿੰਤਕ ਨੈਤਕਤਾ ਨੂੰ ਧਰਮ ਦੀ ਦੇਣ ਸਮਝਦੇ ਹਨ। ਨੈਤਕਤਾ ਸਮਾਜ ਦਾ ਗੁਣ ਹੈ ਪਰ ਸਮਾਜਕ ਧਰਮ ਨਾਲ ਇਸ ਦੀ ਕੋਈ ਸਾਂਝ ਨਹੀਂ ਹੈ। ਕੁੱਝ ਲੋਕ ਗੁਰਬਾਣੀ ਦੇ ਮਾਨਵਵਾਦੀ ਉਪਦੇਸ਼ ਤੋਂ ਪ੍ਰਭਾਵਤ ਹੋ ਕੇ ਨੈਤਕ, ਸ਼ਾਂਤ, ਲੋਕ ਸੇਵਾ ਅਤੇ ਪ੍ਰੇਮ ਵਾਲਾ ਜੀਵਨ ਧਾਰਨ ਕਰ ਲੈਂਦੇ ਹਨ। ਉਹ ਅਧਿਆਤਮਕ ਮਾਰਗ ਤੇ ਚਲਣ ਦੇ ਅਭਿਲਾਸ਼ੀ ਹੁੰਦੇ ਹਨ। ਸਮਾਜਕ ਧਰਮ ਉਨ੍ਹਾਂ ਨੂੰ ਆਪਣੇ ਵੈਰੀ ਸਮਝਦਾ ਹੈ ਕਿਊਂਕੇ ਸਮਾਜਕ ਧਰਮ ਦਾ ਮਨੋਰਥ ਰਾਜਸੀ ਸੱਤਾ ਪ੍ਰਾਪਤ ਕਰਨਾ ਹੁੰਦਾ ਹੈ। ਇਸੇ ਮਨੋਰਥ ਦੀ ਪੂਰਤੀ ਲਈ ਪੁਜਾਰੀ ਰਾਜਸੀ ਆਗੂਆਂ ਦੇ ਭਾਈਵਾਲ ਬਣਦੇ ਹਨ। ਕਈ ਚਿੰਤਕ ਸਮਾਜਕ ਧਰਮ ਅਤੇ ਉਸ ਦੀਆਂ ਸੰਸਥਾਵਾਂ ਨੂੰ ਸੁਧਾਰਣ ਜਾਂ ਬਦਲਣ ਦੀ ਗੱਲ ਵੀ ਕਰਦੇ ਹਨ। ਸਮਾਜਕ ਧਰਮ ਦੇ ਆਗੂ ਐਸੇ ਚਿੰਤਕਾਂ ਨੂੰ ਘਿਰਨਾ ਕਰਦੇ ਹਨ। ਗੁਰਬਾਣੀ ਅਨੁਸਾਰ ਵਿਰਲੇ ਹੀ ਅਧਿਆਤਮਕ ਗਿਆਨ ਪ੍ਰਾਪਤ ਕਰਨ ਦੇ ਚਾਹਵਾਨ ਹੁੰਦੇ ਹਨ ਅਤੇ ਗੁਰਬਾਣੀ ਵਿੱਚ ਦਰਸਾਏ ਹਲੀਮੀ, ਸ਼ਾਤੀ, ਪ੍ਰੇਮ ਅਤੇ ਸੇਵਾ ਭਾਵਨਾ ਵਾਲਾ ਜੀਵਨ ਧਾਰਨ ਕਰਨ ਵਾਲੇ ਵਿਅਕਤੀ ਵੀ ਹਮੇਸ਼ਾ ਥੋੜ੍ਹੇ ਹੀ ਹੁੰਦੇ ਹਨ। ਪਰ ਸਮਾਜਕ ਧਰਮ ਦੇ ਬਾਬੇ, ਆਗੂ ਅਤੇ ਪੁਜਾਰੀ ਸਾਧਾਰਣ ਲੋਕਾਂ ਨੂੰ ਸੁੱਖੀ ਅਤੇ ਸਫਲ ਜੀਵਨ ਦੇ ਸਬਜ਼ ਬਾਗ ਦਿਖਾ ਕੇ ਐਸਾ ਆਕਰਸ਼ਤ ਕਰਦੇ ਹਨ ਕਿ ਭੋਲੇ ਅਤੇ ਅਨਪੜ੍ਹ ਲੋਕਾਂ ਦੀ ਬੁਹਗਿਣਤੀ ਉਨ੍ਹਾਂ ਦੀ ਸ਼ਰਧਾਲੂ ਹੋ ਨਿਬੜਦੀ ਹੈ।
.