.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਕੌਮ ਦੀ ਵਿਉਂਤ ਬੰਦੀ

ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਭਰੀ ਬਰਾਦਰੀ, ਪਤਵੰਤੇ ਸੱਜਣਾਂ ਅਤੇ ਆਏ ਮਹਿਮਾਨਾਂ ਵਿੱਚ ਸ਼ਰੇਆਮ ਇਹ ਗੱਲ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਪੰਡਤ ਜੀ! “ਜਿਹੜਾ ਜਨੇਊ ਤੁਸੀਂ ਮੈਨੂੰ ਪਾ ਰਹੇ ਹੋ ਇਸ ਦੀ ਕਿੰਨੀ ਕੁ ਮਿਆਦ ਹੈ? ਕੀ ਇਹ ਸੜੇਗਾ, ਟੁੱਟੇਗਾ ਜਾਂ ਮੈਲ਼ਾ ਤਾਂ ਨਹੀਂ ਹੋਏਗਾ”? ਨਾਲ ਲੱਗਦਾ ਹੀ ਦੂਸਰਾ ਸਵਾਲ ਖੜਾ ਕਰ ਦਿੱਤਾ ਕਿ ਹੇ ਪੰਡਤ ਜੀ! “ਜੇ ਇਹ ਵਾਕਿਆ ਹੀ ਉੱਚੀ ਕੁਲ ਦੀ ਨਿਸ਼ਾਨੀ ਹੈ ਤਾਂ ਫਿਰ ਮੇਰੇ ਸਤਿਕਾਰ ਯੋਗ ਭੈਣ ਜੀ ਤੇ ਮਾਤਾ ਜੀ ਨੂੰ ਵੀ ਜਨੇਊ ਪਉਣ ਦਾ ਹੱਕ ਹੋਣਾ ਚਾਹੀਦਾ ਸੀ”। ਤੀਜਾ ਸਵਾਲ ਸੀ, ਕਿ, “ਕੀ ਇਹ ਸਾਰੀਆਂ ਜਾਤਾਂ ਜਾਂ ਬਾਕੀ ਜਾਤਾਂ ਨੂੰ ਵੀ ਤੁਹਾਡੇ ਵਾਂਗ ਜਨੇਊ ਪਾਉਣ ਦਾ ਹੱਕ ਹਾਸਲ ਹੈ”? ਅਜੇਹੇ ਸਵਾਲ ਸੁਣ ਕੇ ਪੰਡਤ ਜੀ ਦੀ ਖਾਨਿਓਂ ਗਈ। ਪੰਡਤ ਜੀ ਨੂੰ ਇਹ ਸਮਝ ਨਾ ਲੱਗੇ ਮੈਂ ਬਾਲਕ ਨਾਨਕ ਦੇ ਸਵਾਲਾਂ ਦਾ ਉੱਤਰ ਕੀ ਦਿਆਂ? ਗੁਰੂ ਸਾਹਿਬ ਜੀ ਦੇ ਤਰਕ ਦਾ ਪੰਡਤ ਪਾਸ ਕੋਈ ਉੱਤਰ ਨਹੀਂ ਸੀ ਤੇ ਨਾ ਹੀ ਇਸ ਦਾ ਉਸ ਕੋਲ ਕੋਈ ਹੱਲ ਸੀ। ਗੁਰੂ ਨਾਨਕ ਸਾਹਿਬ ਜੀ ਦਾ ਇਹ ਕ੍ਰਾਂਤੀਕਾਰੀ ਫੈਸਲਾ ਖ਼ੁਦ ਮੁਖਤਿਆਰੀ ਦੇ ਪ੍ਰਗਟਾਉਣ ਦਾ ਸੀ। ਇਸ ਖ਼ੁਦ ਮੁਖਤਿਆਰੀ ਦੇ ਫੈਸਲੇ ਨੂੰ ਅੱਜ ਅਸੀਂ ਭੁੱਲ ਭੁਲਾ ਗਏ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਅਸਲੀ ਜਨੇਊ ਦੀ ਪ੍ਰੀਭਾਸ਼ਾ ਜਦੋਂ ਪੰਡਤ ਨੂੰ ਸਮਝਾਈ ਤਾਂ ਪੰਡਤ ਨਿਰਉੱਤਰ ਹੋ ਗਿਆ—
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।।
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ।।
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ।।
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ।।
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ।।
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ।।
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ।। ੧।।
ਸਲੋਕ ਮ: ੧ ਪੰਨਾ ੪੭੧
ਅੱਖਰੀਂ ਅਰਥ--ਹੇ ਪੰਡਤ! ਜੇ (ਤੇਰੇ ਪਾਸ) ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ (ਮੇਰੇ ਗਲ) ਪਾ ਦੇਹ—ਇਹ ਜਨੇਊ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ, ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ। (ਹੇ ਪੰਡਿਤ)! ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ। ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿੱਚ ਪਾ ਲਿਆ ਹੈ। (ਹੇ ਪੰਡਤ! ਇਹ ਜਨੇਊ ਜੋ ਤੂੰ ਪਾਂਦਾ ਫਿਰਦਾ ਹੈਂ, ਇਹ ਤਾਂ ਤੂੰ) ਚਾਰ ਕੌਡਾਂ ਮੁੱਲ ਦੇ ਕੇ ਮੰਗਵਾ ਲਿਆ, (ਆਪਣੇ ਜਜਮਾਨ ਦੇ) ਚੌਕੇ ਵਿੱਚ ਬੈਠ ਕੇ (ਉਸ ਦੇ ਗਲ) ਪਾ ਦਿੱਤਾ, (ਫੇਰ ਤੂੰ ਉਸ ਦੇ) ਕੰਨ ਵਿੱਚ ਉਪਦੇਸ਼ ਦਿੱਤਾ (ਕਿ ਅੱਜ ਤੋਂ ਤੇਰਾ) ਗੁਰੂ ਬ੍ਰਾਹਮਣ ਹੋ ਗਿਆ। (ਸਮਾ ਪੁੱਗਣ ਤੇ ਜਦੋਂ) ਉਹ (ਜਜਮਾਨ) ਮਰ ਗਿਆ (ਤਾਂ) ਉਹ (ਜਨੇਊ ਉਸ ਦੇ ਸਰੀਰ ਤੋਂ) ਢਹਿ ਪਿਆ (ਭਾਵ ਸੜ ਗਿਆ ਜਾਂ ਡਿੱਗ ਪਿਆ, ਪਰ ਆਤਮਾ ਦੇ ਨਾਲ ਨਾ ਨਿਭਿਆ, ਇਸ ਵਾਸਤੇ ਉਹ ਜਜਮਾਨ ਵਿਚਾਰਾ) ਜਨੇਊ ਤੋਂ ਬਿਨਾ ਹੀ (ਸੰਸਾਰ ਤੋਂ) ਗਿਆ। ੧।
ਦੂਸਰਾ ਗੁਰੂ ਨਾਨਕ ਸਾਹਿਬ ਜੀ ਦਾ ਦੂਜਾ ਵੱਡਾ ਫੈਸਲਾ ਸੁਲਤਾਨ ਪੁਰ ਦੀ ਧਰਤੀ ਵਾਲਾ ਹੀ ਹੈ। ਵੇਈਂ ਨਦੀ ਦੇ ਕੰਢੇ ਤੇ ਬੈਠ ਕੇ ਗੁਰੂ ਸਾਹਿਬ ਜੀ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਆਪਣੇ ਜੀਵਨ ਦੀ ਸਮੁੱਚੀ ਵਿਉਂਤ ਬੰਦੀ ਕਰਦਿਆਂ ਸਮੁੱਚੀ ਕੌਮ ਦੀ ਵਿਉਂਤ ਬੰਦੀ ਕੀਤੀ ਸੀ। ਲੋਕਾਂ ਨੂੰ ਕਰਮ-ਕਾਂਡ, ਅੰਧਵਿਸ਼ਵਾਸ, ਰਾਜਨੀਤਿਕ ਲੋਕਾਂ ਦੀ ਧੱਕੇ ਸ਼ਾਹੀ, ਧਾਰਮਿਕ ਅਗੂਆਂ ਦੀ ਧਰਮ ਦੇ ਨਾਂ `ਤੇ ਲੁੱਟ ਘਸੁੱਟ ਸਬੰਧੀ ਲੁਕਾਈ ਨੂੰ ਜਾਗਰੁਕ ਕਰਨ ਲਈ ਖ਼ੁਦ ਪਰਚਾਰ ਦੋਰੇ ਅਰੰਭ ਕੀਤੇ। ਮਨੁੱਖ ਨੂੰ ਆਪਣੀ ਹੋਣੀ ਲਈ ਖ਼ੁਦ ਫੈਸਲੇ ਕਰਨ ਦੀ ਜਾਚ ਦੱਸੀ। ਮਰ ਚੁੱਕੀਆਂ ਜ਼ਮੀਰਾਂ ਨੂੰ ਜ਼ਿੰਦਗੀ ਦੇ ਤੱਥ ਸਮਝਾਏ। ਘਸੀ ਪਿਟੀ ਜ਼ਿੰਦਗੀ ਜਿਉਣ ਵਾਲਿਆਂ ਨੂੰ ਅਜ਼ਾਦੀ ਦਾ ਮੂੰਹ ਦਿਖਾਇਆ ਤੇ ਅਣਖ ਨਾਲ ਜਿਉਣ ਦੀ ਜਾਚ ਸਿਖਾਈ।
ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਇੱਕ ਬਹੁਤ ਵੱਡੇ ਪ੍ਰਚਾਰ ਕੇਂਦਰ ਦੀ ਜ਼ਰੂਰਤ ਸੀ। ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਗੁਰੂ ਸਾਹਿਬ ਜੀ ਨੇ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਸ਼ਕਰਗੜ੍ਹ ਵਿੱਚ ਸੰਮਤ ੧੫੬੧ ਨੂੰ ਕਰਤਾਰਪੁਰ ਨਾਂ ਦਾ ਨਗਰ ਵਸਾਇਆ ਸੀ। ਭਾਈ ਗੁਰਦਾਸ ਜੀ ਲਿਖਦੇ ਹਨ—
ਆਇਆ ਬਾਬਾ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ।।
ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ।।

ਇਸ ਨਗਰ ਨੂੰ ਵਸਾਉਣ ਲਈ ਭਾਈ ਦੋਦਾ ਜੀ ਤੇ ਭਾਈ ਦੁਨੀ ਚੰਦ ਜੀ (ਕ੍ਰੋੜੀ ਮਲ) ਦਾ ਉਦਮ ਹੋਇਆ ਜਿੰਨਾਂ ਨੇ ਸਤਿਗੁਰ ਲਈ ਨਗਰ ਵਸਾ ਕਿ ਧਰਮਸਾਲ ਬਣਾਈ। ਏਸੇ ਨਗਰ ਵਿੱਚ ਹੀ ਗੁਰੂ ਸਾਹਿਬ ਜੀ ਸੰਮਤ ੧੫੯੬ ਵਿੱਚ ਜੋਤੀ ਜੋਤ ਸਮਾਏ ਸਨ। ਕਰਤਾਰਪੁਰ ਬਟਾਲੇ ਤੋਂ ੨੧ ਮੀਲ ਅੰਮ੍ਰਿਤਸਰ ਤੋਂ ੩੪ ਮੀਲ ਦੂਰੀ ਤੇ ਹੈ। ਭਾਈ ਅਜਿੱਤਾ ਜੀ ਰੰਧਾਵਾ ਨੇ ਗੁਰੂ ਸਾਹਿਬ ਜੀ ਪਾਸੋਂ ਸਿੱਖੀ ਦੇ ਨੁਕਤੇ ਸਮਝੇ ਤੇ ਸਿੱਖੀ ਦਾ ਪ੍ਰਚਾਰਕ ਬਣ ਗਿਆ।
ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀਆਂ ਕਈ ਮਨ ਘੜਤ ਕਹਾਣੀਆਂ ਪ੍ਰਚੱਲਤ ਹਨ। ਇੱਕ ਸਾਖੀ ਤਾਂ ਇਹ ਸੁਣਦੇ ਹਾਂ ਕਿ ਜਦੋਂ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਏ ਤਾਂ ਹਿੰਦੂ ਕਹਿਣ ਕੇ ਸਾਡਾ ਗੁਰੂ ਹੈ, ਇਸ ਲਈ ਹਿੰਦੂ ਰਹੁ-ਰੀਤਾਂ ਅਨੁਸਾਰ ਅਸੀਂ ਸਸਕਾਰ ਕਰਨਾ ਹੈ। ਦੂਸਰੇ ਪਾਸੇ ਮੁਸਲਮਾਨ ਕਹਿਣ ਕੇ ਸਾਡਾ ਪੀਰ ਹੈ ਇਸ ਲਈ ਅਸੀ ਇਹਨਾਂ ਦੇ ਪਵਿੱਤਰ ਸਰੀਰ ਨੂੰ ਸਪੁਰਦ-ਏ-ਖ਼ਾਕ ਕਰਨਾ ਹੈ। ਸਵਾਲਾਂ ਦਾ ਸਵਾਲ ਪੈਦਾ ਹੂੰਦਾ ਹੈ ਕਿ ਕੀ ਓੱਥੇ ਕੋਈ ਵੀ ਸਿੱਖ ਨਹੀਂ ਸੀ? ਤੱਥ ਸਾਡੇ ਸਾਹਮਣੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਦੇ ਲੱਖਾਂ ਲੋਕ ਸਿੱਖੀ ਨੂੰ ਸਮਝ ਚੁੱਕੇ ਸਨ। ਇਸ ਦੇ ਇਲਾਵਾ ਗੁਰੂ ਸਾਹਿਬ ਜੀ ਦੇ ਦੋਵੇਂ ਪੁੱਤਰ ਤੇ ਮਾਤਾ ਸੁਲੱਖਣੀ ਜੀ ਭਾਵ ਉਹਨਾਂ ਦਾ ਪਰਵਾਰ ਵੀ ਮੌਜੂਦ ਸਨ। ਇਹ ਸਾਖੀ ਘੜਨ ਵਾਲਿਆਂ ਦਾ ਇਕੋ ਮਕਸਦ ਹੈ ਕਿ ਇਹ ਸਾਬਤ ਕੀਤਾ ਜਾਏ ਕਿ ਗੁਰੂ ਸਾਹਿਬ ਦੇ ਅਖੀਰਲੇ ਸਮੇਂ ਕੋਈ ਸਿੱਖ ਨਹੀਂ ਸੀ। ਏਦਾਂ ਦੀਆਂ ਮਨਘੜਤ ਸਾਖੀਆਂ ਬਹੁਤ ਸਾਰੀਆਂ ਆਮ ਪ੍ਰਚੱਲਤ ਹੋ ਗਈਆਂ ਹਨ। ਬਹੁਤੀਆਂ ਗੱਲਾਂ ਮੂੰਹ ਜ਼ਬਾਨੀ ਜਾਂ ਸੁਣੀਆਂ ਸੁਣਾਈਆਂ ਹੀ ਕਹੀਆਂ ਜਾਂਦੀਆਂ ਹਨ। ਇਹਨਾਂ ਦੀ ਤਹਿ ਤੀਕ ਜਾਣ ਲਈ ਤਿਆਰ ਨਹੀਂ ਹੁੰਦੇ।
ਦੂਜੀ ਵਿਚਾਰ ਇਹ ਵੀ ਸੁਣਦੇ ਹਾਂ ਕਿ ਜਦੋਂ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਏ ਸਨ ਤਾਂ ਹਿੰਦੂ ਮੁਸਲਮਾਨ ਦਾ ਝਗੜਾ ਖੜਾ ਹੋ ਗਿਆ ਕਿ ਇਹ ਸਾਡੇ ਗੁਰੂ ਹਨ। ਫਿਰ ਕਿਸੇ ਸਿਆਣੇ ਦੀ ਸਲਾਹ ਨਾਲ ਜਦ ਚਾਦਰ ਚੁੱਕੀ ਤਾਂ ਓਥੋਂ ਫੁੱਲ ਨਿਕਲੇ ਜੋ ਦੋਹਾਂ ਹੀ ਧਰਮਾਂ ਵਾਲਿਆਂ ਨੇ ਅੱਧੇ ਅੱਧੇ ਵੰਡ ਕੇ ਆਪਣੇ ਆਪਣੇ ਧਰਮ ਅਨੁਸਾਰ ਅਖੀਰਲੀ ਰਸਮ ਨਿਭਾਈ। ਜਨੀ ਕਿ ਗੈਰ ਕੁਦਰਤੀ ਸਾਖੀਆਂ ਕਚ ਕਰੜ ਵਿਦਵਾਨ ਤੇ ਸਾਧ ਮੂੰਹ ਜ਼ਬਾਨੀ ਬੋਲਦੇ ਰਹੇ ਹਨ। ਗੁਰੂ ਸਾਹਿਬ ਜੀ ਦੀ ਜੋਤੀ ਜੋਤ ਸਮਾਉਣ ਦੀ ਘਟਨਾ ਕੁਦਰਤੀ ਹੈ ਤੇ ਉਹਨਾਂ ਦੀ ਪਵਿੱਤਰ ਦੇਹ ਨੂੰ ਪਰਵਾਰ ਤੇ ਸਿੱਖਾਂ ਨੇ ਕਰਤਾਰਪੁਰ ਅਗਨ ਭੇਟ ਕੀਤਾ ਸੀ। ਉਹਨਾਂ ਦੀ ਬਣੀ ਯਾਦਗਰ ਇੱਕ ਵਾਰ ਰਾਵੀ ਦਰਿਆ ਰੋੜ ਕੇ ਲੈ ਗਿਆ ਸੀ ਦੁਬਾਰਾ ਫਿਰ ਉਸ ਜਗ੍ਹਾ ਤੇ ਗੁਰਦੁਆਰਾ ਬਣਾਇਆ ਹੈ। ਰਾਵੀ ਦਰਿਆ ਆਪਣਾ ਪਹਿਲਾ ਥਾਂ ਵੀ ਛੱਡ ਚੁੱਕਾ ਹੈ। ਅਸਲ ਵਿੱਚ ਦਰਿਆ ਆਪਣਾ ਰੁਖ ਬਦਲਦੇ ਰਹਿੰਦੇ ਹਨ।
ਭਾਈ ਲਹਿਣਾ ਜੀ ਲਗਾਤਾਰ ਵੈਸ਼ਨੋ ਦੇਵੀ ਦੀ ਨੇਮ ਨਾਲ ਹਰ ਸਾਲ ਯਾਤਰਾ ਕਰਦਿਆਂ ਆਪਣੇ ਸੰਗ ਦੀ ਅਗਵਾਈ ਵੀ ਕਰਦੇ ਸਨ। ਇੱਕ ਦਿਨ ਭਾਈ ਲਹਿਣਾ ਜੀ ਨੇ ਭਾਈ ਜੋਧ ਪਾਸੋਂ ਆਸਾ ਕੀ ਵਾਰ ਦੀ ਇੱਕ ਪਉੜੀ ਦੀ ਵਿਚਾਰ ਸਰਵਣ ਕੀਤੀ, ਜਿਸ ਨਾਲ ਭਾਈ ਲਹਿਣਾ ਜੀ ਨੂੰ ਅਹਿਸਾਸ ਹੋਇਆ ਕਿ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਬਹੁਤ ਮਿੱਠਾ ਤੇ ਪਿਆਰਾ ਹੈ, ਕਿਉਂ ਨਾ ਉਹਨਾਂ ਨੂੰ ਇੱਕ ਵਾਰ ਮਿਲਿਆ ਜਾਏ। ਦਰ ਅਸਲ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ ਤਾਂ ਹੁਣ ਸਾਰੇ ਫਿਰ ਚੁੱਕੀ ਸੀ। ਭਾਈ ਲਹਿਣਾ ਜੀ ਗੁਰੂ ਸਾਹਿਬ ਜੀ ਨੂੰ ਜਾਣਦੇ ਹਨ ਪਰ ਮਨ ਕਰਕੇ ਕਦੇ ਸਮਝਣ ਦਾ ਯਤਨ ਨਹੀਂ ਕੀਤਾ ਸੀ। ਭਾਈ ਲਹਿਣੇ ਨੇ ਆਪਣਾ ਮਨ ਪੱਕਾ ਕੀਤਾ ਕਿ ਇਸ ਵਾਰੀ ਗੁਰੂ ਨਾਨਕ ਸਾਹਿਬ ਜੀ ਦੇ ਜ਼ਰੂਰ ਦਰਸ਼ਨ ਕਰਨੇ ਹਨ। ਦੇਵੀ ਦੇ ਉਪਾਸ਼ਕਾਂ ਦਾ ਸੰਗ ਲੈ ਕੇ ਜਦੋਂ ਭਾਈ ਲਹਿਣਾ ਜੀ ਗਏ ਸਨ ਤਾਂ ਇੱਕ ਪੜਾਅ ਕਰਤਾਰਪਪੁਰ ਵਿਖੇ ਰੱਖ ਲਿਆ। ਭਾਈ ਲਹਿਣਾ ਜੀ ਗੁਰੂ ਸਾਹਿਬ ਜੀ ਨੂੰ ਜਦੋਂ ਮਿਲੇ ਤਾਂ ਗੁਰਦੇਵ ਪਿਤਾ ਜੀ ਨੇ ਸਿੱਖ ਸਿਧਾਂਤ ਸਬੰਧੀ ਵਿਚਾਰਾਂ ਦੱਸੀਆਂ ਤਾਂ ਭਾਈ ਲਹਿਣੇ ਨੇ ਆਪਣਾ ਮਨ ਬਦਲਦਿਆਂ ਇੱਕ ਮਿੰਟ ਵੀ ਨਾ ਲਗਾਇਆ ਤੇ ਸਿੱਖੀ ਸਮਝਣ ਲਈ ਕਰਤਾਰਪੁਰ ਵਿਖੇ ਹੀ ਆ ਕੇ ਡੇਰਾ ਲਗਾ ਲਿਆ।
ਭਾਈ ਲਹਿਣਾ ਜੀ ਨੇ ਏੱਥੇ ਬੈਠ ਕੇ ਸਿੱਖ ਸਿਧਾਂਤ ਨੂੰ ਸਮਝਿਆ, ਆਲਾ ਦੁਆਲਾ ਘੋਖਿਆ, ਬਾਕੀ ਧਰਮਾਂ ਦਾ ਮੁਤਾਲਿਆ ਕੀਤਾ। ਮਨੁੱਖੀ ਭਾਈਚਾਰੇ ਨੂੰ ਦਰਪੇਸ਼ ਚਨੌਤੀਆਂ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ। ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਤੇ ਹੋਰ ਨਾਮੀ ਸਿੱਖਾਂ ਨਾਲ ਸਲਾਹ ਮਸ਼ਵਰਾ ਕਰਕੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਦਸ ਭਾਗਾਂ ਵਿੱਚ ਵੰਡਿਆ। ਇਹ ਵਿਉਂਤ ਬੰਦੀ ਦੀ ਸਾਰੀ ਜਾਣਕਾਰੀ ਨੂੰ ਅਗਲੇਰੇ ਤੋਰਨ ਦੀ ਗੱਲ ਸਮਝਾਈ। ਬਾਬਾ ਬੁੱਢਾ ਸਾਹਿਬ ਜੀ ਨੂੰ ਛੇ ਗੁਰੂਆਂ ਤਕ ਵਿਚਰਨ ਦਾ ਮਾਣ ਹਾਸਲ ਹੈ। ਇਹ ਕੁਦਰਤੀ ਗੱਲ ਹੈ ਕਿ ਜਿਹੜੀ ਵਿਚਾਰ ਗੁਰੂ ਨਾਨਕ ਸਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਸਮਝਾਈ ਸੀ ਓਦੋਂ ਬਾਬਾ ਬੁੱਢਾ ਜੀ ਵੀ ਨਾਲ ਸਨ। ਭਾਈ ਲਹਿਣਾ ਜੀ ਸੱਤ ਸਾਲ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਰਹੇ ਹਨ। ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅੱਗੇ ਦਸ ਜਾਮਿਆਂ ਵਿੱਚ ਅਮਲ ਵਿੱਚ ਲਿਆਂਦਾ ਗਇਆ ਹੈ। ਭਾਈ ਦੁਨੀ ਚੰਦ ਨੇ ਬਣ ਰਹੇ ਕਰਤਾਰਪੁਰ ਲਈ ਬਹੁਤ ਸਾਰੀ ਮਾਇਆ ਅਰਪਨ ਕੀਤੀ ਤਾਂ ਗੁਰੂ ਨਾਨਕ ਸਾਹਿਬ ਜੀ ਕਿਹਾ ਕਿ ਇਸ ਮਾਇਆ ਨਾਲ ਸੰਗਤਾਂ ਲਈ ਸਰਾਂ ਬਣਾਈ ਜਾਏ।
ਜਿੱਥੇ ਗੁਰੂ ਸਾਹਿਬ ਜੀ ਆਪ ਕਿਰਸਾਨੀ ਕਰ ਰਹੇ ਸਨ ਓੱਥੇ ਸਵੇਰ ਸ਼ਾਮ ਧਰਮਸਾਲ ਵਿੱਚ ਗੁਰਬਾਣੀ ਵਿਚਾਰਾਂ ਕੀਤੀਆਂ ਜਾਂਦੀਆਂ ਸਨ। ਸਮਝਿਆ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਦੀ ਵਿਉਂਤ ਅਨੁਸਾਰ ਭਾਈ ਲਹਿਣਾ ਜੀ ਨੇ ਬੱਚਿਆਂ ਲਈ ਵਿਦਿਆ ਪਰਚਾਰ ਲਈ ਮਦਰੱਸਾ ਤੇ ਸਰੀਰਕ ਕਸਰਤ ਲਈ ਮੱਲ ਅਖਾੜੇ ਤਿਆਰ ਕਰਾਏ ਸਨ। ਏਸੇ ਵਿਉਂਤ ਨੂੰ ਅੱਗੇ ਵਧਾਉਂਦਿਆਂ ਗੁਰੂ ਅਮਰਦਾਸ ਜੀ ਨੇ ਸਮਾਜ ਸੁਧਾਰ ਵਲ ਸਭ ਤੋਂ ਵੱਧ ਧਿਆਨ ਕੇਂਦਰਿਤ ਕੀਤਾ। ਜਤੀ ਦੀ ਰਸਮ, ਛੂਤ-ਛਾਤ ਤੇ ਜਾਤ-ਪਾਤ ਦੇ ਕੋਹੜ ਨੂੰ ਮੁੱਢੋਂ ਵੱਢਣ ਲਈ ਬਉਲੀ ਦੀ ਸਿਰਜਣਾ ਕਰਾਈ। ਚੌਥੇ ਪਾਤਸ਼ਾਹ ਜੀ ਨੇ ਸਿੱਖ ਕੌਮ ਦੀ ਉਸਾਰੀ ਕਰਦਿਆਂ ਤੇ ਤੇ ਆਰਥਿਕ ਪੱਖ ਨੂੰ ਮੁੱਖ ਰੱਖਦਿਆਂ ਕਿਰਤੀਆਂ ਤੇ ਕਿਰਤ ਨੂੰ ਬੜ੍ਹਾਵਾ ਦੇਣ ਲਈ ਇੱਕ ਕੇਂਦਰੀ ਅਸਥਾਨ ਗੁਰੂ ਕਾ ਚੱਕ (ਅੰਮ੍ਰਿਤਸਰ) ਕਾਇਮ ਕੀਤਾ। ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਰੀ ਬਾਣੀ ਨੂੰ ਇੱਕ ਥਾਂ ਇਕੱਤਰ ਕੀਤਾ ਤੇ ਸੱਚ ਦੀ ਕੀਮਤਾਂ ਨੂੰ ਸਦਾ ਲਈ ਬਰਕਰਾਰ ਰੱਖਣ ਲਈ ਸ਼ਹਾਦਤ ਦਾ ਜਾਮ ਪੀਤਾ। ਸੱਚੇ ਸਿਧਾਂਤ ਨੂੰ ਮੁੱਖ ਰੱਖਦਿਆਂ ਹਕੂਮਤ ਨਾਲ ਸਮਝੌਤਾ ਨਹੀਂ ਕੀਤਾ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹਕੂਮਤ ਦੇ ਜ਼ੁਲਮਾਂ ਨੂੰ ਠੱਲ ਪਉਣ ਲਈ ਤੇ ਅਕਾਲ ਪੁਰਖ ਦਾ ਹਲੇਮੀ ਰਾਜ ਸਥਾਪਿਤ ਕਰਨ ਲਈ ਘੋੜ ਸਵਾਰ, ਪੈਦਲ ਤੇ ਹੋਰ ਫੌਜ ਦੀ ਪਰਪੱਕ ਤਿਆਰੀ ਕੀਤੀ। ਸਤਵੇਂ ਪਾਤਸ਼ਾਹ ਜੀ ਨੇ ਉਚ ਪੱਧਰੀ ਦਵਾ ਖਾਨਾ ਤਿਆਰ ਕੀਤਾ। ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਦ੍ਰਿੜਤਾ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਅੰਕਤ ਹੈ। ਭਾਰਤ ਦੇ ਹਿੰਦੂਆਂ ਤੇ ਹੋ ਰਹੇ ਜ਼ੁਲਮਾਂ ਦੀ ਦਾਸਤਾਂ ਭਾਈ ਕ੍ਰਿਪਾ ਰਾਮ ਨੇ ਆਪਣੇ ਜੱਥੇ ਸਮੇਤ ਕਸ਼ਮੀਰ ਤੋਂ ਅਨੰਦਪੁਰ ਆ ਕੇ ਦੱਸੀ। ਗੁਰੂ ਤੇਗ ਬਹਾਦਰ ਜੀ ਨੇ ਹਕੂਮਤ ਨੂੰ ਵੰਗਰਦਿਆਂ ਤੇ ਆਪਣੀ ਸ਼ਹੀਦੀ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਸੂਬਾ ਪੰਜਾਬ ਤੇ ਕੇਂਦਰੀ ਸਰਕਾਰ ਨਾਲ ਸਿੱਧੀ ਟੱਕਰ ਲੈਂਦਿਆਂ ਕਈ ਜੰਗਾਂ ਲੜੀਆਂ ਤੇ ਜਿੱਤਾਂ ਹਾਸਲ ਕੀਤੀਆਂ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ `ਤੇ ਫਤਹ ਕਰਦਿਆਂ ਖਾਲਸਾ ਰਾਜ ਦਾ ਸਿੱਕਾ ਚਲਾ ਦਿੱਤਾ। ਏਸੇ ਹੀ ਰਾਜ ਨੂੰ ਮਹਾਂਰਾਜਾ ਰਣਜੀਤ ਸਿੰਘ ਜੀ ਨੇ ਮਕੰਮਲ ਤੌਰ `ਤੇ ਆਪਣਿਆਂ ਪੈਰਾਂ `ਤੇ ਖੜਾ ਕਰ ਦਿੱਤਾ ਸੀ। ਇੰਜ ਮਹਿਸੂਸ ਹੁੰਦਾ ਹੈ ਇਸ ਦੀ ਸਾਰੀ ਵਿਉਂਤ ਬੰਦੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਵਿਖੇ ਰਹਿ ਕੇ ਕੀਤੀ ਹੈ ਤੇ ਏਸੇ ਨਿਸ਼ਾਨੇ ਨੂੰ ਬਾਕੀ ਗੁਰੂ ਸਾਹਿਬ ਜੀ ਨੇ ਸੰਪੂਰਨ ਕੀਤਾ ਹੈ। ਕਰਤਾਰਪੁਰ ਇੱਕ ਬਹੁਤ ਵੱਡਾ ਕੇਂਦਰ ਬਣ ਗਿਆ ਸੀ। ਕਈ ਨਾਮਵਰ ਜੋਗੀ ਸਿੱਧ ਤੇ ਹੋਰ ਲੋਕ ਅਕਸਰ ਵਿਚਾਰ ਚਰਚਾ ਕਰਨ ਲਈ ਆਉਂਦੇ ਰਹਿੰਦੇ ਸਨ। ਕਈ ਕਈ ਦਿਨ ਕਰਤਾਰਪੁਰ ਵਿਖੇ ਟਿਕ ਜਾਂਦੇ ਸਨ।
ਕਰਤਾਰਪੁਰ ਦੀ ਧਰਤੀ ਤਾਂ ਆਮ ਧਰਤੀਆਂ ਵਰਗੀ ਹੀ ਹੈ ਪਰ ਜੇ ਹਿਰਦੇ ਦੇ ਤਲ਼ ਤੋਂ ਦੇਖਣ ਦਾ ਯਤਨ ਕੀਤਾ ਜਾਏ ਤਾਂ ਇੱਕ ਅਹਿਸਾਸ ਹੁੰਦਾ ਹੈ ਕਿ ਕਦੇ ਗੁਰਦੇਵ ਪਿਤਾ ਜੀ ਏੱਥੇ ਫਿਰਦੇ ਸੀ। ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਸਨ। ਸਮੇਂ ਨੇ ਹਲਾਤ ਬਦਲੇ ਇਹ ਸਾਰਾ ਅਸਥਾਨ ਅੱਜ ਸਾਡੇ ਤੋਂ ਬਹੁਤ ਦੂਰ ਹੋ ਗਿਆ ਹੈ। ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਧਰਤੀ ਦੇਖਣ ਲਈ ਕਾਗਜ਼ਾਂ ਦਾ ਢਿੱਡ ਭਰਨਾ ਪੈਂਦਾ ਹੈ ਫਿਰ ਜਾਂਚ ਪੜਤਾਲ ਹੁੰਦੀ ਹੈ। ਆਪਣੇ ਘਰ ਤੋਂ ਕੋਈ ਪੰਦਰਾਂ ਕਿਲੋਮੀਟਰ ਦੂਰ ਹੀ ਬਿਗਾਨਿਆਂ ਵਾਂਗ ਚੱਲ ਰਹੇ ਸੀ। ਹਿਰਦੇ ਦੀ ਇਸ ਚੀਸ ਨੂੰ ਦਿਖਾਇਆ ਨਹੀਂ ਜਾ ਸਕਦਾ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਜੀਅ ਕਰਦਾ ਸੀ ਕਿ ਘੜੀ ਹੋਰ ਠਹਿਰਿਆ ਜਾਏ ਪਰ ਪੰਜਾਬ ਪੁਲੀਸ ਵਾਲੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਅਵਾਜ਼ਾਂ ਮਾਰ ਰਹੇ ਸੀ ਕਿ ਭਾਈ ਜੀ ਆਪਣੀ ਆਪਣੀ ਗੱਡੀ ਵਿੱਚ ਬੈਠਣ ਦਾ ਯਤਨ ਕਰੋ ਤਾਂ ਕੇ ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਨੂੰ ਚਾਲੇ ਪਾਏ ਜਾ ਸਕਣ। ਅੱਜ ਏਦਾਂ ਦਾ ਮਾਹੌਲ ਸੀ ਕਿ ਸਾਨੂੰ ਕੋਈ ਕਾਹਲ ਨਹੀਂ ਸੀ ਕਿ ਅਸੀਂ ਜਲਦੀ ਘਰ ਜਾਣਾ ਹੈ। ਨਿਸਚਿੰਤ ਹੋ ਕੇ ਹੌਲ਼ੀ ਹੌਲੀ ਪੈਰ ਪੁੱਟਦਿਆਂ ਤੇ ਇਸ ਅਸਥਾਨ ਨੂੰ ਆਖਰੀ ਵਾਰ ਦੇਖਦਿਆਂ ਦੇਖਦਿਆਂ ਗੱਡੀਆਂ `ਚ ਬੈਠ ਰਹੇ ਸੀ। ਪੰਜ ਜੈਕਾਰਿਆਂ ਦੀ ਗੂੰਜ ਵਿੱਚ ਸਾਡਾ ਕਾਫਲਾ ਕਰਤਾਰਪੁਰ ਤੋਂ ਦੂਰ ਹੁੰਦਾ ਗਿਆ ਤੇ ਰੋੜੀ ਸਾਹਿਬ ਗੁਰਦੁਆਰਾ ਵਲ ਨੂੰ ਨੇੜੇ ਹੁੰਦਾ ਗਿਆ।
ਪ੍ਰਭ ਦਾਤਉ ਦਾਤਾਰ, ਪਰਿ੍ਯ੍ਯਉ ਜਾਚਕੁ ਇਕੁ ਸਰਨਾ।। ਮਿਲੈ ਦਾਨੁ ਸੰਤ ਰੇਨ, ਜੇਹ ਲਗਿ ਭਉਜਲੁ ਤਰਨਾ।।
ਬਿਨਤਿ ਕਰਉ, ਅਰਦਾਸਿ ਸੁਨਹੁ, ਜੇ ਠਾਕੁਰ ਭਾਵੈ।।
ਦੇਹੁ ਦਰਸੁ, ਮਨਿ ਚਾਉ, ਭਗਤਿ ਇਹੁ ਮਨੁ ਠਹਰਾਵੈ।।
ਬਲਿਓ ਚਰਾਗੁ ਅੰਧ੍ਯ੍ਯਾਰ ਮਹਿ, ਸਭ ਕਲਿ ਉਧਰੀ, ਇੱਕ ਨਾਮ ਧਰਮ।।
ਪ੍ਰਗਟੁ ਸਗਲੁ ਹਰਿ ਭਵਨ ਮਹਿ, ਜਨੁ ਨਾਨਕੁ ਗੁਰੁ ਪਾਰਬ੍ਰਹਮ।। ੯।।
ਪੰਨਾ ੧੩੮੭
ਅਰਥ: — ਹੇ ਪ੍ਰਭੂ! ਹੇ ਦਾਤੇ! ਹੇ ਦਾਤਾਰ! ਮੈਂ ਇੱਕ ਮੰਗਤਾ ਤੇਰੀ ਸਰਨ ਆਇਆ ਹਾਂ, (ਮੈਨੂੰ ਮੰਗਤੇ ਨੂੰ) ਸਤਸੰਗੀਆਂ ਦੇ ਚਰਨਾਂ ਦੀ ਧੂੜ ਦਾ ਖ਼ੈਰ ਮਿਲ ਜਾਏ, ਤਾਕਿ ਇਸ ਧੂੜ ਦੀ ਓਟ ਲੈ ਕੇ ਮੈਂ (ਸੰਸਾਰ ਦੇ) ਘੁੰਮਣ-ਘੇਰ ਤੋਂ ਪਾਰ ਲੰਘ ਸਕਾਂ। ਹੇ ਠਾਕੁਰ! ਜੇ ਤੈਨੂੰ ਚੰਗੀ ਲੱਗੇ ਤਾਂ (ਮਿਹਰ ਕਰ ਕੇ ਮੇਰੀ) ਅਰਜ਼ੋਈ ਸੁਣ, ਮੈਂ ਇੱਕ ਬੇਨਤੀ ਕਰਦਾ ਹਾਂ, “(ਮੈਨੂੰ) ਦੀਦਾਰ ਦੇਹ; ਮੇਰੇ ਮਨ ਵਿੱਚ ਇਹ ਤਾਂਘ ਹੈ, (ਮਿਹਰ ਕਰ) ਮੇਰਾ ਇਹ ਮਨ ਤੇਰੀ ਭਗਤੀ ਵਿੱਚ ਟਿਕ ਜਾਏ।” ਹੇ ਭਾਈ! ਤੇਰਾ ਸੇਵਕ, ਹੇ ਪਾਰਬ੍ਰਹਮ! ਤੇਰਾ ਰੂਪ ਗੁਰੂ ਨਾਨਕ ਸਾਰੇ ਜਗਤ ਵਿੱਚ ਪਰਗਟ ਹੋਇਆ ਹੈ। (ਗੁਰੂ ਨਾਨਕ) ਹਨੇਰੇ ਵਿੱਚ ਦੀਵਾ ਜਗ ਪਿਆ ਹੈ, (ਉਸ ਦੇ ਦੱਸੇ ਹੋਏ) ਨਾਮ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਰਹੀ ਹੈ। ੯।
.