.

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਭਾਗ ਪੰਜਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(੫) ਬੈਰਾੜੀ ਮਹਲਾ ੪॥ ਜਪਿ ਮਨ ਹਰਿ ਨਿਰੰਜਨੁ ਨਿਰੰਕਾਰਾ॥ ਸਦਾ ਸਦਾ ਹਰਿ ਧਿਆਈਐ, ਸੁਖਦਾਤਾ ਜਾ ਕਾ ਅੰਤੁ ਨ ਪਾਰਾਵਾਰਾ॥ ੧ ॥ ਰਹਾਉ॥ ਅਗਨਿ ਕੁੰਟ ਮਹਿ ਉਰਧ ਲਿਵ ਲਾਗਾ, ਹਰਿ ਰਾਖੈ ਉਦਰ ਮੰਝਾਰਾ॥ ਸੋ ਐਸਾ ਹਰਿ ਸੇਵਹੁ ਮੇਰੇ ਮਨ, ਹਰਿ ਅੰਤਿ ਛਡਾਵਣਹਾਰਾ॥ ੧ ॥ ਜਾ ਕੈ ਹਿਰਦੈ ਬਸਿਆ ਮੇਰਾ ਹਰਿ ਹਰਿ, ਤਿਸੁ ਜਨ ਕਉ ਕਰਹੁ ਨਮਸਕਾਰਾ, ॥ ਹਰਿ ਕਿਰਪਾ ਤੇ ਪਾਈਐ ਹਰਿ ਜਪੁ, ਨਾਨਕ ਨਾਮੁ ਅਧਾਰਾ॥ ੨ ॥ (ਪੰ: ੭੨੦)

ਅਰਥ : —ਹੇ (ਮੇਰੇ) ਮਨ! ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜਿਸ ਦਾ ਕੋਈ ਖ਼ਾਸ ਸਰੂਪ ਵੀ ਨਹੀਂ ਦੱਸਿਆ ਜਾ ਸਕਦਾ। ਹੇ ਮਨ! ਜਿਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੇ ਸਰੂਪ ਦਾ ਹੱਦ-ਬੰਨਾ ਨਹੀਂ ਲੱਭਦਾ, ਉਸ ਸੁਖਾਂ ਦੇ ਦੇਣ ਵਾਲੇ ਪ੍ਰਭੂ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ। ੧। ਰਹਾਉ।

ਹੇ ਮਨ! ਜਦੋਂ ਤੁੰ ਮਾਂ ਦੇ ਪੇਟ ਵਿੱਚਲੇ ਉਸ ਅਗਨਿ ਕੁੰਟ `ਚ ਪੁੱਠਾ ਲਟਕਿਆ ਹੋਇਆ ਸੈਂ ਤਾਂ ਓਦੋਂ ਤੇਰੀ ਸੁਰਤ ਤੇ ਲਿਵ ਪ੍ਰਭੂ ਦੇ ਚਰਨਾਂ `ਚ ਜੁੜੀ ਰਹਿੰਦੀ ਸੀ ਤੇ ਓਦੌ ਤੇਰੀ ਰਾਖੀ ਵੀ ਪ੍ਰਭੂ ਬਹੁੜੀ ਕਰਕੇ ਆਪ ਕਰਦਾ ਸੀ। ਤਾਂ ਤੇ ਹੇ ਮੇਰੇ ਮਨ! ਤੂੰ ਇਹੋ ਜਿਹੀ ਸਮ੍ਰਥਾ ਵਾਲੇ ਪ੍ਰਭੂ ਦੀ ਸਦਾ ਸੇਵਾ-ਭਗਤੀ ਕਰਿਆ ਕਰ। ਅਸਲ `ਚ ਅੰਤ ਵੇਲੇ ਵੀ ਤੈਨੂੰ ਕੇਵਲ ਉਹ ਪ੍ਰਭੂ ਹੀ ਛਡਾਣ ਦੇ ਸਮ੍ਰਥ ਹੈ।

(ਭਾਵ ਜਿਹੜਾ ਪ੍ਰਭੂ, ਮਾਤਾ ਦੇ ਗਰਭ ਵਿੱਚਲੇ ਉਸ ਅਗਨ-ਕੁੰਟ `ਚ, ਆਪਣੇ ਨਾਲ ਆਪ ਲਿਵ ਜੋੜ ਕੇ, ਤੈਨੂੰ ਓਦੋਂ ਸੜ ਕੇ ਰਾਖ ਹੋਣ ਤੋਂ ਬਚਾਅ ਸਕਦਾ ਹੈ, ਉਪ੍ਰੰਤ ਸੰਸਾਰ `ਚ ਵਿਚਰਦੇ ਤੇ ਕਾਰ ਵਿਹਾਰ ਕਰਦੇ ਵੀ ਜੇ ਤੂੰ ਉਸ ਪ੍ਰਭੂ ਨਾਲ ਆਪਣੀ ਲਿਵ ਤੇ ਸੁਰਤ ਨੂੰ ਜੋੜ ਕੇ ਵਿਚਰੇਂ, ਤਾਂ ਉਹ ਸਮ੍ਰਥ ਪ੍ਰਭੂ, ਇਸ ਭਵਸਾਗਰ ਵਿੱਚਲੇ ਤ੍ਰੈਗੁਣੀ ਮਾਇਕ ਰਸਾਂ ਤੇ ਵਿਕਾਰਾਂ ਦੀ ਭਿੰਅਕਰ ਅੱਗ `ਚੋਂ ਵੀ ਤੇਰੇ ਆਤਮਕ ਜੀਵਨ ਨੂੰ ਭਸਮ ਹੋਣ ਤੋਂ ਬਚਾ ਸਕਦਾ ਹੈ। ਬਲਕਿ ਉਹ ਪ੍ਰਭੂ ਤੇਰੇ ਇਸ ਮਨੁੱਖਾ ਜਨਮ ਨੂੰ ਵੀ ਸਫ਼ਲ ਕਰਕੇ ਆਪਣੇ ਅੰਦਰ ਅਭੇਦ ਕਰ ਲਵੇਗਾ, ਬਿਰਥਾ ਨਹੀਂ ਹੋਣ ਦੇਵੇਗਾ)। ੧।

ਇਸ ਲਈ ਜਿਸ ਮਨੁੱਖ ਦੇ ਹਿਰਦੇ `ਚ ਸਦਾ ਥਿਰ ਪ੍ਰਭੂ ਪ੍ਰਮਾਤਮਾ ਵੱਸਿਆ ਰਹਿੰਦਾ ਹੈ, ਮੇਰੇ ਮਨ! ਉਸ ਮਨੁੱਖ ਅੱਗੇ ਤੂੰ ਸਦਾ ਸਿਰ ਨਿਵਾਇਆ ਕਰ। ਹੇ ਨਾਨਕ! (ਆਖ—ਹੇ ਮਨ!) ਪ੍ਰਮਾਤਮਾ ਦੀ ਕਿਰਪਾ ਨਾਲ ਹੀ ਪ੍ਰਮਾਤਮਾ ਦੇ ਨਾਮ ਦਾ ਜਾਪ ਅਥਵਾ ਪ੍ਰਭੂ ਦੀ ਸਿਫ਼ਤ ਸਲਾਹ ਕੀਤੀ ਜਾ ਸਕਦੀ ਹੈ ਅਤੇ ਜਿਸ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਵਾਲੀ ਦਾਤ ਪ੍ਰਾਪਤ ਹੋ ਜਾਂਦੀ ਹੈ, ਤਾਂ ਪ੍ਰਭੂ ਦੀ ਇਹ ਸਿਫ਼ਤ ਸਲਾਹ ਅਥਵਾ ਨਾਮ ਹੀ ਉਸ ਮਨੁੱਖ ਦੀ ਜ਼ਿੰਦਗੀ ਦਾ ਆਸਰਾ ਵੀ ਬਣ ਜਾਂਦਾ ਹੈ। ੨। ੫।

ਤਾਂ ਤੇ ਸਲੋਕ ਵਿੱਚਲਾ ‘ਅਗਨਿ ਕੁੰਟ’ ਕੀ ਹੁੰਦਾ ਹੈ? : — "ਅਗਨਿ ਕੁੰਟ ਮਹਿ ਉਰਧ ਲਿਵ ਲਾਗਾ, ਹਰਿ ਰਾਖੈ ਉਦਰ ਮੰਝਾਰਾ" ‘ਅਗਨਿ ਕੁੰਟ’ ਦੇ ਅਰਥ ਹਨ, ਅੱਗ ਦਾ ਕੁੰਡ। ਗੁਰਬਾਣੀ `ਚ ਮਾਤਾ ਦੇ ਗਰਭ ਵਿੱਚਲੇ ਇਸੇ ‘ਅਗਨਿ ਕੁੰਟ’ ਲਈ ‘ਅਗਨਿ ਕੁੰਟ’ ਤੋਂ ਇਲਾਵਾ ‘ਗਰਭ ਅਗਨਿ’, ‘‘ਅਗਨਿ ਉਦਰ’ ‘ਜਠਰ ਅਗਨਿ’, ‘ਅਗਨਿ ਕੁੰਡ’, ‘ਅਗਨਿ ਉਦਰ’, ਅਗਨੀ ਉਦਰ ਆਦਿ ਭਿੰਨ ਭਿੰਨ ਸ਼ਬਦਾਵਲੀ ਅਨੇਕਾਂ ਵਾਰ ਆਈ ਹੈ।

ਬਲਕਿ ਇਸ ਪ੍ਰਥਾਏ ਇਹ ਸ਼ਬਦਾਵਲੀ ਇਸ ਤਰ੍ਹਾਂ ਵੀ ਆਈ ਹੈ ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਮਾਤਾ ਦੇ ਗਰਭ ਵਿੱਚਲੇ ਉਸ ‘ਅਗਨਿ ਕੁੰਡ’ `ਚ ਬੱਚੇ ਦੇ ਤਿਆਰ ਹੋਣ ਤੋਂ ਅਰੰਭ ਕਰਕੇ ਬੱਚੇ ਦੀ ਬੱਚੇ ਦੀ ਸੰਪੂਰਣ ਰਾਖੀ ਵੀ ਪ੍ਰਭੂ ਆਪ ਹੀ ਕਰਦਾ ਹੈ, ਜਿਵੇਂ:-

"ਅਗਨਿ ਬਿੰਬ ਜਲ ਭੀਤਰਿ ਨਿਪਜੇ" (ਪੰ: ੧੫੬),

"ਮਹਾ ਅਗਨਿ ਨ ਬਿਨਾਸਨੰ" (੭੦੬)

"ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ" (ਪੰ: ੭੪੮)

"ਮਾਤ ਗਰਭ ਮਹਿ ਅਗਨਿ ਨ ਜੋਹੈ" (ਪੰ: ੭੬੮)

"ਜਿਥੈ ਅਗਨਿ ਭਖੈ ਭੜਹਾਰੇ॥ ਊਰਧ ਮੁਖ ਮਹਾ ਗੁਬਾਰੇ॥ ਸਾਸਿ ਸਾਸਿ ਸਮਾਲੇ ਸੋਈ, ਓਥੈ ਖਸਮਿ ਛਡਾਇ ਲਇਆ" (ਪੰ: ੧੦੦੭) ਆਦਿ।

ਦਰਅਸਲ ‘ਮਾਤ ਗਰਭ’ ਵਿੱਚਲੇ ਇਸ ‘ਅਗਨਿ ਕੁੰਟ’ ਆਦਿ ਦਾ ਅਰੰਭ ਹੁੰਦਾ ਹੈ:-

"ਮਾਤਾ ਦੇ ਗਰਭ `ਚ "ਮਾਤ ਪਿਤਾ ਸੰਜੋਗਿ ਉਪਾਏ", ਅਥਵਾ ਰਕਤੁ ਬਿੰਦੁ ਮਿਲਿ ਪਿੰਡੁ ਕਰੇ" (ਪੰ: ੧੦੧੩) ਹੋਰ "ਮਾ ਕੀ ਰਕਤੁ ਪਿਤਾ ਬਿਦੁ ਧਾਰਾ" (ਪੰ: ੧੦੨੨) ਜਾਂ "ਬਿੰਦੁ ਰਕਤੁ ਮਿਲਿ ਪਿੰਡੁ ਸਰੀਆ" (ਪੰ: ੧੦੨੬) ਅਥਵਾ "ਰਕਤ ਬੁੰਦ ਕਾ ਗਾਰਾ" (ਪੰ: ੬੫੯) ਭਾਵ ਪਿਤਾ ਦੇ ਵੀਰਜ ਦੀ ਬੂੰਦ ਤੇ ਮਾਤਾ ਦੇ ਰਕਤ ਦੇ ਮਿਲਾਪ (ਗਾਰੇ) ਤੋਂ ਮਾਤਾ ਦੇ ਗਰਭ `ਚ ਬੱਚੇ ਦਾ ਅਸਥਾਪਨ ਹੁੰਦਾ ਹੈ, ਨਿੰਮਿਆ ਜਾਂਦਾ ਹੈ ਅਤੇ ਇਸੇ ਨੂੰ ਮਾਂ ਦਾ ਗਰਭਵਤੀ ਹੋ ਜਾਣਾ ਵੀ ਕਹਿੰਦੇ ਹਨ। ਉਪ੍ਰੰਤ ਕਰਤੇ ਪ੍ਰਭੂ ਦੀ ਖੇਡ ਅਤੇ ਕਰਣੀ, ਪ੍ਰਭੂ ਦੇ ਹੁਕਮ `ਚ ਹੀ ਮਾਤਾ ਦੇ ਮਾਸਕਧਰਮ ਦਾ ਬਹਾਵ ਨਹੀਂ ਹੁੰਦਾ ਤੇ ਉਹ ਕੁੱਝ ਮਹੀਨਿਆਂ ਲਈ ਆਪਣੇ ਆਪ ਉਸ ਸਰੀਰ ਦੇ ਅੰਦਰ ਹੀ ਰੁੱਕਦਾ ਰਹਿੰਦਾ ਹੈ।

ਇਸ ਤਰ੍ਹਾਂ ਉਸ ਮਾਸਕ ਧਰਮ ਦੀ ਰੁਕਾਵਟ ਤੇ ਉਥੇ ਉਸ ਦਾ ਇਕੱਠਾ ਹੁੰਦੇ ਜਾਣਾ ਤੇ ਉਸੇ "ਰਕਤ-ਬੂੰਦ ਦੇ ਗਾਰੇ ਤੋਂ ਅਰੰਭ ਹੋ ਚੁੱਕੇ "ਗੰਢੇਦਿਆਂ ਛਿਅ ਮਾਹ. ." (ਪੰ: ੪੮੮) ਮਾਤਾ ਦੇ ਗਰਭ `ਚ ਸਾਡਾ ਇਹ ਸਰੀਰ, ਉਥੇ ਛੇ ਮਹੀਨਿਆਂ `ਚ ਤਿਆਰ ਹੋ ਜਾਂਦਾ ਹੈ। ਇਸ ਤਰ੍ਹਾਂ ਮਾਤਾ ਦਾ ਲਗਾਤਾਰ ਰੁੱਕ ਰਿਹਾ ਮਾਸਕ ਧਰਮ (ਤਰਲ) ਉਸ ਦੌਰਾਨ ਵੱਡੇ ਸੈਂਟੀ ਗ੍ਰੇਡ ਤੇ ਤਾਪਮਾਨ `ਚ ਉਬਾਲੇ ਖਾ ਰਿਹਾ ਹੁੰਦਾ ਹੈ ਅਤੇ ਉਸੇ ਤੋਂ ਨਾਲ-ਨਾਲ ਸਾਡਾ ਇਹ ਸਰੀਰ ਵੀ ਤਿਆਰ ਹੋ ਰਿਹਾ ਹੁੰਦਾ ਹੈ।

ਹੋੇਰ ਤਾਂ ਹੋਰ, ਅਜੋਕੇ ਡਾਕਟਰੀ ਵਿਗਿਆਨ ਅਨੁਸਾਰ ਵੀ ਜੇ ਉਸ ਉਬਲਦੇ ਹੋਏ ਤਰਲ ਪਦਾਰਥ `ਚ ਨੰਗੀ ਉਂਗਲਾ ਪੈ ਜਾਵੇ ਤਾਂ ਉਹ ਵੀ ਰਾਖ ਹੋ ਜਾਵੇ, ਪਰ ਕਰਤੇ ਪ੍ਰਭੂ ਦੀ ਕਰਣੀ, ਉਸ ਦੌਰਾਨ ਪ੍ਰਭੂ ਆਪ ਬਹੁੜੀ ਕਰਕੇ ਜਿਵੇਂ ਕਿ ਹੱਥਲੇ ਸਲੋਕ `ਚ ਵੀ "ਅਗਨਿ ਕੁੰਟ ਮਹਿ ਉਰਧ ਲਿਵ ਲਾਗਾ, ਹਰਿ ਰਾਖੈ ਉਦਰ ਮੰਝਾਰਾ" ਪ੍ਰਭੂ ਸਾਡੀ ਲਿਵ ਨੂੰ ਆਪਣੇ ਨਾਲ ਲੀਨ ਕਰੀ ਰਖਦਾ ਹੈ ਜਿਸਤੋਂ ਸਾਨੂੰ ਵੀ ਓਦੋਂ ਮਾਤਾ ਦੇ ਗਰਭ ਵਿੱਚਲੇ ਉਸ ‘ਅਗਨਿ ਕੁੰਟ’ ਦੀ ਗਰਮੀ ਨਹੀਂ ਪੋਹੰਦੀ, ਦੂਜੇ ਪਾਸੇ ਪ੍ਰਭੂ ਨੇ ਉਸ ਦੌਰਾਨ ਮਾਤਾ ਨੂੰ ਵੀ ਥੈਲੀ ਪ੍ਰਦਾਨ ਕੀਤੀ ਹੁੰਦੀ ਹੈ ਜਿਸਤੋਂ ਮਾਤਾ ਨੂੰ ਵੀ ਆਪਣੇ ਗਰਭ ਵਿੱਚਲੇ ‘ਅਗਨਿ ਕੁੰਟ’ ਦਾ ਸੇਕ ਨਹੀਂ ਪਹੁੰਦਾ। ਬਲਕਿ ਜਨਮ ਦੇਣ ਤੋਂ ਪਹਿਲਾਂ ਵੀ ਸਮ੍ਰਥ ਤੇ ਦਿਆਲੂ ਪ੍ਰਭੂ, ਸਾਨੂੰ ਤਿੰਨ ਮਹੀਨੇ ਲਈ ਨਰਸਰੀ ਵੀ ਮਾਤਾ ਦੇ ਗਰਭ `ਚ ਹੀ ਪ੍ਰਦਾਨ ਕਰਕੇ ਸੰਸਾਰ `ਚ ਭੇਜਦਾ ਹੈ। ੨।

(੬) ਸਿਰੀਰਾਗੁ ਮਹਲਾ ੫॥ ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ, ਧਰਿ ਪਾਇਤਾ ਉਦਰੈ ਮਾਹਿ॥ ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ, ਕਰਿ ਮੁਹਲਤਿ ਕਰਮ ਕਮਾਹਿ॥ ਮੁਹਲਤਿ ਕਰਿ ਦੀਨੀ ਕਰਮ ਕਮਾਣੇ, ਜੈਸਾ ਲਿਖਤੁ ਧੁਰਿ ਪਾਇਆ॥ ਮਾਤ ਪਿਤਾ ਭਾਈ ਸੁਤ ਬਨਿਤਾ, ਤਿਨ ਭੀਤਰਿ ਪ੍ਰਭੂ ਸੰਜੋਇਆ॥ ਕਰਮ ਸੁਕਰਮੁ ਕਰਾਏ ਆਪੇ, ਇਸੁ ਜੰਤੈ ਵਸਿ ਕਿਛੁ ਨਾਹਿ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ, ਧਰਿ ਪਾਇਤਾ ਉਦਰੈ ਮਾਹਿ॥ ੧ ॥ (੭੭)

ਅਰਥ : —ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਮਨੁੱਖਾ ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਪ੍ਰਮਾਤਮਾ, ਮਾਂ ਦੇ ਪੇਟ `ਚ (ਜੀਵ ਦਾ) ਕੇਵਲ ਇੱਕ ਪੈਂਤੜਾ ਰੱਖਦਾ ਹੈ। ਹੇ ਵਣਜਾਰੇ ਮਿਤ੍ਰ! ਫਿਰ ਦਸਾਂ ਮਹੀਨਿਆਂ `ਚ ਪ੍ਰਭੂ ਉਸੇ ਪੈਂਤੜੇ ਨੂੰ ਮਨੁੱਖ ਦਾ ਸਾਬਤ ਬੁੱਤ ਬਣਾ ਦਿੰਦਾ ਅਥਵਾ ਉਸ ਨੂੰ ਪੂਰਨ ਮਨੁੱਖ `ਚ ਬਦਲ ਦਿੰਦਾ ਹੈ। ਪ੍ਰਭੂ ਜੀਵਾਂ ਨੂੰ ਜਿੰਦਗੀ ਦਾ ਮੁਕਰੱਰ ਸਮਾ ਦਿੰਦਾ ਅਥਵਾ ਪ੍ਰਭੂ ਉਸ ਜੀਵ ਲਈ ਸੁਆਸਾਂ ਦੀ ਪੂੰਜੀ ਵੀ ਨਿਯਤ ਕਰਕੇ ਭੇਜਦਾ ਹੈ; ਫ਼ਿਰ ਉਨ੍ਹਾਂ ਸੁਆਸਾਂ ਅਥਵਾ ਉਸ ਜੀਵਨ ਦੌਰਾਨ ਜੀਵ ਚੰਗੇ ਤੇ ਮੰਦੇ ਕਰਮਾਂ ਦੀ ਆਪਣੀ ਕਮਾਈ ਕਰਦੇ ਹਨ।

ਪ੍ਰਮਾਤਮਾ, ਸੰਸਾਰ `ਚ ਭੇਜਣ ਤੋਂ ਪਹਿਲਾਂ ਜੀਵ ਦੀ ਜ਼ਿੰਦਗੀ ਦਾ ਸਮਾ ਨਿਯਤ ਕਰ ਦਿੰਦਾ ਹੈ। ਪਿੱਛੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਭੂ ਜੀਵ ਦੇ ਮੱਥੇ `ਤੇ ਧੁਰੋਂ ਜਿਹੋ ਜਿਹਾ ਲੇਖ ਪਾ ਦਿੰਦਾ ਹੈ, ਜੀਵ ਉਹੋ ਜਿਹੇ ਹੀ ਕਰਮ ਕਮਾਂਦੇ ਹਨ। ਪ੍ਰਭੂ, ਮਾਂ ਪਿਓ ਭਰਾ ਪੁੱਤਰ ਇਸਤ੍ਰੀ ਆਦਿ ਸੰਬੰਧੀਆਂ ਵਿੱਚਕਾਰ ਵੀ ਉਸ ਜੀਵ ਨੂੰ ਰਚਾ-ਮਚਾ ਦਿੰਦਾ ਹੈ।

ਉਂਜ ਇਸ ਜੀਵ ਦੇ ਇਖ਼ਤਿਆਰ `ਚ ਕੁੱਝ ਨਹੀਂ ਹੁੰਦਾ, ਪ੍ਰਮਾਤਮਾ ਆਪ ਇਸ ਪਾਸੋਂ ਚੰਗੇ ਤੇ ਮੰਦੇ ਕਰਮ ਕਰਾਂਦਾ ਭਾਵ ਜੀਵ ਰਾਹੀਂ ਕੀਤੇ ਜਾ ਰਹੇ ਚੰਗੇ ਤੇ ਮੰਦੇ ਕਮਾਂ ਦਾ ਲੇਖਾ-ਜੋਖਾ ਤੇ ਨਿਆਂ ਵੀ ਪ੍ਰਭੂ ਆਪ ਕਰਦਾ ਹੈ। ਹੇ ਨਾਨਕ! ਆਖ— (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ `ਚ, ਪ੍ਰਭੂ ਪ੍ਰਮਾਤਮਾ, ਪ੍ਰਾਣੀ ਦਾ ਪੈਂਤੜਾ ਮਾਂ ਦੇ ਪੇਟ `ਚ ਰੱਖ ਦਿੰਦਾ ਹੈ (ਬੱਸ ਇਥੋਂ ਸ਼ੁਰੂ ਹੁੰਦੀ ਹੈ ਹਰੇਕ ਮਨੁੱਖ ਦੇ ਜੀਵਨ ਦੀ ਸ਼ੁਰੂਆਤ)। ੧।

ਵਿਸ਼ੇਸ਼ ਨੋਟ: —ਪਹਿਰੀਆਂ ਦੀ ਬਾਣੀ `ਚੋਂ ਪੰਜਵੇਂ ਪਾਤਸ਼ਾਹ ਦੀ ਰਚਨਾ, ਇਸ ਪਹਿਰੇ ਅਥਵਾ ਬੰਦ ਵਿੱਚਲੀਆਂ ਦੋ ਪੰਕਤੀਆਂ, ਚਲਦੇ ਪ੍ਰਕਰਣ ਨੂੰ ਸਮਝਣ ਲਈ, ਵਿਸ਼ੇਸ਼ ਧਿਆਨ ਮੰਗਦੀਆਂ ਹਨ। ਤਾਂ ਤੇ ਉਹ ਦੋ ਪੰਕਤੀਆਂ ਹਨ:-

(੧) : — "ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ"

(੨) : — "ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ" ਉਪ੍ਰੰਤ ਵਾਰੀ ਵਾਰੀ:-

(੧) : — "ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ" - (ਇਹ ਵੱਖਰੀ ਗੱਲ ਹੈ ਕਿ ਜਨਮ ਲੈਣ ਤੋਂ ਬਾਅਦ ਸੰਸਾਰ `ਚ ਆ ਕੇ ਵੀ ਇਸ ਪਾਸੇ ਸਾਡਾ ਉੱਕਾ ਧਿਆਨ ਨਹੀਂ ਜਾਂਦਾ। ਜਦਕਿ ਗੁਰਦੇਵ, ਵੱਡੀ ਬਖ਼ਸ਼ਿਸ਼ ਕਰਕੇ ਇਸ ਰੱਬੀ ਸਚਾਈ ਵੱਲ ਵੀ ਸਾਡਾ ਧਿਆਨ ਖਿੱਚ ਰਹੇ ਹਨ) ਗੁਰਦੇਵ ਫ਼ੁਰਮਾਅ ਰਹੇ ਹਨ:-

ਐ ਮਨੁੱਖ! ਕਰਤਾ-ਪ੍ਰਭੂ ਤੇਰੇ `ਤੇ ਵੱਡੀ ਬਖ਼ਸ਼ਿਸ਼ ਕਰਦਾ ਹੈ ਜੋ ਜਨਮ ਦੇ ਨਾਲ ਹੀ "ਪ੍ਰਭੂ ਸੰਜੋਇਆ" ਤੈਨੂੰ ਇੱਕ ਪਹਿਲਾਂ ਤੋਂ ਮਾਤਾ-ਪਿਤਾ ਭੈਣਾਂ-ਭਰਾਵਾਂ ਆਦਿ ਦੇ ਰੂਪ `ਚ ਬਣੇ-ਬਣਾਏ ਪ੍ਰਵਾਰ `ਚ ਜਨਮ ਦੇ ਦਿੰਦਾ ਹੈ ਤੇ ਇਸ ਤਰ੍ਹਾਂੑ ਤੈਨੂੰ ਉਸ ਪਹਿਲਾਂ ਤੋਂ ਬਣੇ ਹੋਏ ਪ੍ਰਵਾਰ `ਚ ਰਚਾ ਦਿੰਦਾ ਹੈ ਮਾਨੋ ਪ੍ਰਭੂ ਤੈਨੂੰ ਜਨਮ ਦਿੰਦੇ ਸਾਰ ਹੀ ਇੱਕ ਪ੍ਰਵਾਰਕ ਮਾਲਾ `ਚ ਵੀ ਪਰੋ ਦਿੰਦਾ ਹੈ।

ਅੰਦਾਜ਼ਾ ਲਾਉਂਦੇ ਦੇਰ ਨਹੀਂ ਲਗਣੀ ਚਾਹੀਦੀ, ਜੇਕਰ ਇਤਨੇ ਵੱਡੇ ਸੰਸਾਰ `ਚ ਸਾਨੂੰ, ਜਨਮ ਦੇ ਨਾਲ, ਪ੍ਰਭੂ ਵੱਲੌਂ ਇਹ ਪ੍ਰਵਾਰ ਵਾਲੀ ਦਾਤ ਹੀ ਪ੍ਰਾਪਤ ਨਾ ਹੋਈ ਹੋਵੇ ਤਾਂ ਸਾਡਾ ਕੀ ਹਾਲ ਹੋਵੇ? ਬਲਕਿ "ਬਾਣੀ ਅਨੰਦ ਸਾਹਿਬ" `ਚ ਤੀਜੇ ਪਾਤਸ਼ਾਹ ਇਸ ਵਿਸ਼ੇ ਨੂੰ ਕੁੱਝ ਹੋਰ ਵੀ ਖੋਲਦੇ ਹਨ। ਉਥੇ ਗੁਰਦੇਵ ਫ਼ੁਰਮਾਉਂਦੇ ਹਨ:-

"ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ" (ਪੰ: ੯੨੧) - ਜਦੋਂ ਪ੍ਰਮਾਤਮਾ ਦੀ ਰਜ਼ਾ ਹੁੰਦੀ ਹੈ "ਜਾ ਤਿਸੁ ਭਾਣਾ ਤਾ ਜੰਮਿਆ" ਤਾਂ ਮਨੁੱਖ ਦਾ ਸੰਸਾਰ `ਚ ਜਨਮ ਹੁੰਦਾ ਹੈ ਤੇ ਜਨਮ ਲੈਂਦੇ ਸਾਰ ਉਸ ਨਵ-ਜਨਮੇ ਬੱਚੇ ਨੂੰ "ਪਰਵਾਰਿ ਭਲਾ ਭਾਇਆ" ਪ੍ਰਭੂ ਵੱਲੌਂ ਇੱਕ ਹੋਰ ਦਾਤ ਵੀ ਉਸ ਬੱਚੇ ਨੂੰ ਪ੍ਰਾਪਤ ਹੋ ਜਾਂਦੀ ਹੈ।

ਉਹ ਦਾਤ ਇਹ ਕਿ ਜਨਮ ਲੈਂਦੇ ਸਾਰ, ਉਸ ਨਵ-ਜਨਮੇ ਬੱਚੇ ਨੂੰ, ਸੰਬੰਧਤ ਪ੍ਰਵਾਰ ਦੀ ਭਲਾਈ, ਪ੍ਰਵਾਰ ਦਾ ਮੋਹ, ਆਪਣਾ-ਪਣ ਤੇ ਹਮਦਰਦੀ ਵੀ ਨਾਲ ਹੀ ਮਿਲ ਜਾਂਦੀ ਹੈ। ਦਰਅਸਲ ਇਸੇ ਪ੍ਰਵਾਰਕ ਭਲਾਈ, ਆਪਣੇ ਪਣ ਤੇ ਹਮਦਰਦੀ ਤੋਂ ਸਾਡਾ ਸਾਰਿਆਂ ਦਾ ਜੀਵਨ ਅੱਗੇ ਟੁਰਦਾ ਹੈ।

(ਫ਼ਿਰ ਇਸੇ ਰੱਬੀ ਸਚਾਈ "ਜਾ ਤਿਸੁ ਭਾਣਾ ਤਾ ਜੰਮਿਆ" ਦਾ ਇੱਕ ਹੋਰ ਪੱਖ ਵੀ ਹੈ। ਉਹ ਇਹ ਕਿ ਪਿਛਲੇ ਕਰਮਾਂ ਦਾ ਲੇਖਾ-ਜੋਖਾ, ਪ੍ਰਭੂ ਦੇ ਸੱਚ ਨਿਆਂ, ਹੁਕਮ ਤੇ ਰਜ਼ਾ `ਚ ਹੀ "ਕਈ ਜਨਮ ਗਰਭ ਹਿਰਿ ਖਰਿਆ" (ਪੰ: ੧੭੬) ਜਨਮ ਤੋਂ ਪਹਿਲਾਂ, ਗਰਭ `ਚ ਹੀ ਕੁੱਝ ਬੱਚਿੇਆਂ ਦੇ ਜੀਵਨ ਦਾ ਅੰਤ ਵੀ ਹੋ ਜਾਂਦਾ ਹੈ ਤੇ ਅਜਿਹਾ ਹੁੰਦਾ ਵੀ ਰਹਿੰਦਾ ਹੈ)।

(੨) - "ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ" : ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ੧ ਮਿਲੁ ਜਗਦੀਸ ਮਿਲਨ ਕੀ ਬਰੀਆਚਿਰੰਕਾਲ ਇਹ ਦੇਹ ਸੰਜਰੀਆ॥  ॥ ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ॥ (ਪੰ: ੧੭੬) ਜਾਂ

"ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ" (ਅੰ: ੬੩੧) ਹੋਰ

"ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ" (ਪੰ: ੧੨) ਹੋਰ

"ਭਲੋ ਸਮੋ ਸਿਮਰਨ ਕੀ ਬਰੀਆ॥ ਸਿਮਰਤ ਨਾਮੁ, ਭੈ ਪਾਰਿ ਉਤਰੀਆ" (ਪੰ: ੧੯੦) ਆਦਿ

ਦਰਅਸਲ ਜਿਉਂ ਜਿਉਂ ਗੁਰਬਾਣੀ ਵਿਚਾਰ ਦੀ ਗਹਿਰਾਈ `ਚ ਜਾਵਾਂਗੇ ਗੁਰਬਾਣੀ ਦੀ ਇਸ ਸਚਾਈ ਨੂੰ ਸਮਝਦੇ ਦੇਰ ਨਹੀਂ ਲਗੇਗੀ ਕਿ ਕੇਵਲ ਕੁੱਝ ਧੁਰੋਂ ਵਰੋਸਾਈਆਂ ਰੂਹਾਂ (ਜਿਵੇਂ ਦਸ ਪਾਤਸ਼ਾਹੀਆਂ) ਬਾਕੀ ਸਾਡਾ ਸਾਰਿਆਂ ਦਾ ਪਿਛਲਾ ਮਨੁੱਖਾ ਜਨਮ ਬਿਰਥਾ ਹੋਇਆ ਹੁੰਦਾ ਹੈ। ਉਸੇ ਦਾ ਨਤੀਜਾ, ਓਦੋ ਕੀਤੇ ਕਰਮਾਂ `ਤੇ ਆਧਾਰਤ ਸਾਨੂੰ ਅਨੇਕਾਂ ਕਰਮਭੋਗੀ ਜੂਨਾਂ-ਜਨਮ ਤੇ ਗਰਭ ਭੋਗਣ ਦੌਰਾਨ ਹੀ, ਪ੍ਰਭ ਵੱਲੋਂ ਸ਼ਬਦ-ਗੁਰੂ ਦੀ ਕਮਾਈ ਰਾਹੀਂ, ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਕੇ, ਉਸ ਚਲਦੇ ਆ ਰਹੇ ਜਨਮਾਂ ਦੇ ਗੇੜ `ਚੋਂ ਨਿਕਲਣ ਲਈ ਹੀ ਫ਼ਿਰ ਤੋਂ ਸਾਨੂੰ ਮਨੁੱਖਾ ਜਨਮ ਵਾਲਾ ਅਵਸਰ, ਮੌਕਾ ਅਥਵਾ "ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ" ਪ੍ਰਾਪਤ ਹੋਈ ਹੁੰਦੀ ਹੈ।

ਇਸੇ ਤੋਂ ਗੁਰਦੇਵ ਸਪਸ਼ਟ ਕਰ ਰਹੇ ਹਨ, ਐ ਭਾਈ! ਇਸ ਮਨੁਖਾ ਜਨਮ ਦੌਰਾਨ ਤੂੰ ਸ਼ਬਦ ਗੁਰੂ ਦੀ ਸ਼ਰਣ `ਚ ਆ ਕੇ ਆਪਣੀ ਸੰਭਾਲ ਕਰੇਂਗਾ ਜਾਂ ਇਸਨੂੰ ਵੀ ਬਿਰਥਾ ਕਰਕੇ ਮੁੜ ਉਸੇ ਜਨਮਾਂ-ਗਰਭਾਂ ਦੇ ਗੇੜ ਤੇ ਵਿਸ਼ਟਾ `ਚ ਪਵੇਂਗਾ, ਉਹ ਤਾਂ ਤੇਰੇ ਇਸ ਜਨਮ ਦੀ ਕਮਾਈ ਹੀ ਸਾਬਤ ਕਰੇਗੀ। ਪਰ ਜਨਮ ਦੇ ਨਾਲ-ਨਾਲ ਪ੍ਰਭੂ ਤੈਨੂੰ (੧) ਸੁਆਸਾਂ ਦੀ ਨਿਯਤ ਪੂੰਜੀ (੨) ਤੇਰੇ ਪਿਛਲੇ ਕਰਮਾਂ ਦੀ ਕਮਾਈ ਤੇ ਸੰਸਕਾਰ "ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ" ਵੀ ਤੈਨੂੰ ਜਨਮ ਦੇ ਨਾਲ ਹੀ ਸੌਪ ਦਿੰਦਾ ਹੈ ਜਿੱਥੋਂ ਤੇਰੇ ਇਸ ਨਵੇਂ ਜਨਮ ਤੇ ਜੀਵਨ, ਅੱਗੇ ਅਰੰਭ ਹੁੰਦਾ ਹੈ।

(ੳ) ਪਦ ਅਰਥ-ਲਿਖਤੁ ਧੁਰਿ ਪਾਇਆ —ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖਾ, ਧੁਰਿ—ਧੁਰ ਤੋਂ, ਧੁਰ ਦਰਗਾਹੋਂ, ਪ੍ਰਭੂ ਵੱਲੋਂ ਹੀ ਤੇਰੇ ਜਨਮ ਦੇ ਨਾਲ ਤੈਨੂੰ ਸੌਪ ਦਿੱਤਾ ਹੈ। ਸੰਜੋਇਆ—ਰਲਾ ਦਿੱਤਾ, ਰਚਾ ਦਿੱਤਾ, ਪਰੋ ਦਿੱਤਾ।

(ਅ) -ਤਾਂ ਤੇ ਦੌਰਾਹ ਦੇਵੀਏ ਕਿ ਪਹਿਰਿਆਂ ਵਿੱਚਲੇ ਉਪ੍ਰੌਕਤ ਬੰਦ `ਚ ਉਪ੍ਰੋਕਤ ਦੋ ਪੰਕਤੀਆਂ ਚਲਦੇ ਪ੍ਰਕਰਣ ਸੰਬੰਧੀ ਵਿਸ਼ੇਸ਼ ਧਿਆਨ ਮੰਗਦੀਆਂ ਹਨ)।

(੭) ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ, ਹਰਿ ਪਾਇਆ ਉਦਰ ਮੰਝਾਰਿ॥ ਹਰਿ ਧਿਆਵੈ ਹਰਿ ਉਚਰੈ, ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ॥ ਹਰਿ ਹਰਿ ਨਾਮੁ ਜਪੇ ਆਰਾਧੇ, ਵਿਚਿ ਅਗਨੀ ਹਰਿ ਜਪਿ ਜੀਵਿਆ॥ ਬਾਹਰਿ ਜਨਮੁ ਭਇਆ ਮੁਖਿ ਲਾਗਾ, ਸਰਸੇ ਪਿਤਾ ਮਾਤ ਥੀਵਿਆ॥ ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ, ਕਰਿ ਹਿਰਦੈ ਗੁਰਮੁਖਿ ਬੀਚਾਰਿ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ, ਹਰਿ ਜਪੀਐ ਕਿਰਪਾ ਧਾਰਿ॥ ੧ ॥ (ਪੰ: ੭੬)

ਅਰਥ: —ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ ! ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਰ `ਚ ਪ੍ਰਮਾਤਮਾ ਜੀਵ ਨੂੰ ਮਾਂ ਦੇ ਪੇਟ `ਚ ਨਿਵਾਸ ਦਿੰਦਾ ਹੈ। ਮਾਂ ਦੇ ਪੇਟ `ਚ ਜੀਵ, ਹੇ ਵਣਜਾਰੇ ਜੀਵ-ਮਿਤ੍ਰ ! ਪ੍ਰਮਾਤਮਾ ਦਾ ਧਿਆਨ ਧਰਦਾ ਹੈ ਪ੍ਰਮਾਤਮਾ ਦਾ ਨਾਮ ਉਚਾਰਦਾ ਹੈ, ਤੇ ਪ੍ਰਮਾਤਮਾ ਦਾ ਨਾਮ ਹਿਰਦੇ `ਚ ਵਸਾਈ ਰੱਖਦਾ ਹੈ। ਮਾਂ ਦੇ ਪੇਟ `ਚ ਜੀਵ ਪ੍ਰਮਾਤਮਾ ਦਾ ਨਾਮ ਜਪਦਾ ਤੇ ਆਰਾਧਦਾ ਹੈ, ਹਰਿ-ਨਾਮ ਜਪ ਕੇ ਉਸ ਅੱਗ `ਚ ਜੀਉਂਦਾ ਰਹਿੰਦਾ ਹੈ। ਮਾਂ ਦੇ ਪੇਟ ਤੋਂ ਬਾਹਰ ਆ ਕੇ ਜਨਮ ਲੈਂਦੇ ਸਾਰ ਮਾਂ-ਪਿਉ ਦੇ ਮੂੰਹ ਲੱਗਦਾ ਹੈ ਤੇ ਮਾਂ-ਪਿਉ ਖ਼ੁਸ਼ ਹੁੰਦੇ ਹਨ।

ਹੇ ਪ੍ਰਾਣੀਹੋ! ਜਿਸ ਪ੍ਰਮਾਤਮਾ ਦਾ ਭੇਜਿਆ ਹੋਇਆ ਇਹ ਬਾਲਕ ਜੰਮਿਆ ਹੈ, ਉਸ ਦਾ ਧਿਆਨ ਧਰੋ, ਗੁਰੂ ਦੀ ਰਾਹੀਂ ਆਪਣੇ ਹਿਰਦੇ `ਚ ਉਸ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰੋ।

ਹੇ ਨਾਨਕ! ਆਖ—ਹੇ ਪ੍ਰਾਣੀ ! ਜੇ ਪ੍ਰਮਾਤਮਾ ਮਿਹਰ ਕਰ ਦੇਵੇ ਤਾਂ ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਰ `ਚ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ੧।

ਵਿਸ਼ੇਸ਼ ਨੋਟ- ਮਾਤਾ ਦੇ ਗਰਭ ਵਿੱਚਲਾ ਉਹ ਬੱਚਾ, ਜਿਸਦਾ ਕਿ ਅਜੇ ਹੱਥਲੇ ਬੰਦ ਅਨੁਸਾਰ ਵੀ "ਹਰਿ ਹਰਿ ਨਾਮੁ ਜਪੇ ਆਰਾਧੇ, ਵਿਚਿ ਅਗਨੀ ਹਰਿ ਜਪਿ ਜੀਵਿਆ" ਉਸ ‘ਅਗਨ-ਕੁੰਟ’ ਅਜੇ ਤਾਂ ਉਸਦਾ ਸਰੀਰ ਹੀ ਤਿਆਰ ਹੋ ਰਿਹਾ ਹੈ ਤਾਂ ਕੀ ਇਸ ਤਰ੍ਹਾਂ ਉਹ ਆਪਣੀ ਸੁਰਤ ਪ੍ਰਭੂ ਨਾਲ ਜੋੜ ਸਕਦਾ ਹੈ ਜਾਂ ਪ੍ਰਭੂ ਦਾ ਸਿਮਰਨ ਕਰ ਸਕਦਾ ਹੈ?

ਦਰਅਸਲ ਇਹ ਸਭ ਫ਼ਰਕ ਕੇਲ ਸ਼ਬਦਾਵਲੀ ਦਾ ਹੀ ਹੈ ਅਤੇ ਅਨੇਕਾਂ ਸੰਬੰਧਤ ਰਚਨਾਵਾਂ `ਚ ਇਸੇ ਸ਼ਬਦਾਵਲੀ ਦਾ ਦੂਜਾ ਪੱਖ ਵੀ ਬਹੁਤ ਵਾਰੀ ਦੇਖ ਚੁੱਕੇ ਹਾਂ ਜਿਵੇਂ ਉਪ੍ਰੋਕਤ ਬੰਦ `ਚ ਵੀ "ਅਗਨਿ ਕੁੰਟ ਮਹਿ ਉਰਧ ਲਿਵ ਲਾਗਾ, ਹਰਿ ਰਾਖੈ ਉਦਰ ਮੰਝਾਰਾ" ਭਾਵ ਓਦੋਂ ਪ੍ਰਭੂ ਆਪ ਬਹੁੜੀ ਕਰਕੇ ਬੱਚੇ ਦੀ ਲਿਵ ਨੂੰ ਆਪਣੇ `ਚ ਲੀਨ ਕਰੀ ਰਖਦਾ ਹੈ। ਫ਼ਿਰ ਇਸੇ ਲਿਵ ਨੂੰ ਬੱਚੇ ਵੱਲੋਂ ਬਿਆਣਿਆ ਹੋਵੇ ਜਾਂ ਪ੍ਰਭੂ ਦੇ ਆਪਣੇ ਵੱਲੌਂ, ਫ਼ਰਕ ਕੇਵਲ ਸ਼ਬਦਾਵਲੀ `ਚ ਹੀ ਹੁੰਦਾ ਹੈ ਜਿਵੇਂ:-

"ਗਰਭ ਅਗਨਿ ਮਹਿ ਜਿਨਹਿ ਉਬਾਰਿਆ" (ਪੰ: ੨੬੬)

"ਜਿ ਅਗਨਿ ਮਹਿ ਰਾਖੈ" (ਪੰ: ੨੯੦)

"ਤਉ ਜਠਰ ਅਗਨਿ ਮਹਿ ਰਹਤਾ" (ਪੰ: ੩੩੭)

"ਦੇਇ ਅਹਾਰੁ ਅਗਨਿ ਮਹਿ ਰਾਖੈ" (ਪੰ: ੪੮੮)

"ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ. ." (ਪੰ: ੭੪੮)

"ਮਾਤ ਗਰਭ ਮਹਿ ਹਾਥ ਦੇ ਰਾਖਿਆ…" (ਪੰ: ੮੦੫)

ਜਦਕਿ ਵਿਸ਼ੇ ਨੂੰ ਸਪਸ਼ਟ ਕਰਣ ਤੇ ਪਾਠਕਾਂ ਲਈ ਵਿਸ਼ੇ ਨੂੰ ਤਾਜ਼ਾ ਕਰਣ ਲਈ ਅਸੀ ਇਥੇ ਫ਼ਿਰ ਤੋਂ ਕੇਵਲ ਇਸ ਨੂੰ ਦੌਰਾਹ ਤੇ ਪੱਕਾ ਹੀ ਕਰ ਰਹੇ ਹਾਂ। ਲੋੜ ਹੈ ਸ਼ਬਦਾਵਲੀ ਦੇ ਅਦਲ-ਬਦਲ ਨੂੰ ਸਮਝਣ ਦੀ ਜਦਕਿ ਮੂਲ ਅਰਥ ਇਕੋ ਹੀ ਹਨ।

ਉਹ ਇਹ ਮਾਤਾ ਦੇ ਗਰਭ ਵਿਚਲੇ ‘ਅਗਨਿ ਕੁੰਟ’ ਤੋਂ ਅਰੰਭ ਕਰਕੇ "ਜਾ ਤਿਸੁ ਭਾਣਾ ਤਾ ਜੰਮਿਆ" (ਪੰ: ੯੨੧) ਤੀਕ ਬੱਚਾ ਸਿਮਰਨ ਨਹੀਂ ਕਰਦਾ ਬਲਕਿ ਪ੍ਰਭੂ ਆਪ ਬਹੁੜੀ ਕਰਕੇ ਸਾਡੀ ਲਿੜ ਨੂੰ ਆਪਣੇ ਅੰਦਰ ਲੀਨ ਕਰੀ ਰਖਦਾ ਹੈ। (ਚਲਦਾ) #416P-Vs04.16.02s16#vvvvv

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.416 P-V

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਭਾਗ ਪੰਜਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly @ Rs 350/-(but in rare cases @ Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.