.

ਗੁਰਬਾਣੀ ਦੀ ਪ੍ਰਚਲਿਤ/ਸਹੀ ਵਰਤੋਂ

(ਭਾਗ- 1)

(ਸੁਖਜੀਤ ਸਿੰਘ ਕਪੂਰਥਲਾ)

ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।

ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ 1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।

=========

(ੳ) ਧੁਰ ਕੀ ਬਾਣੀ ਆਈ।।

ਤਿਨਿ ਸਗਲੀ ਚਿੰਤੁ ਮਿਟਾਈ।।

(ਸੋਰਠਿ ਮਹਲਾ ੫-੬੨੭)

ਵਿਚਾਰ- ਇਸ ਗੁਰਬਾਣੀ ਫੁਰਮਾਣ ਬਾਰੇ ਅਕਸਰ ਇਹ ਵਿਚਾਰ ਪ੍ਰਚਲਿਤ ਹੈ ਕਿ ਇਹ ਬਾਣੀ ਧੁਰ ਦਰਗਾਹ ਤੋਂ ਆਈ, ਭਾਵ ਬਾਣੀਕਾਰਾਂ ਦੇ ਰਾਹੀਂ ਨਾਜ਼ਲ ਹੋਈ ਹੈ। ਇਸ ਬਾਣੀ ਨੂੰ ਪੜ੍ਹਣ ਮੱਥਾ ਟੇਕਣ ਵਾਲਿਆਂ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ।

ਜੇਕਰ ਐਸਾ ਮੰਨ ਲਿਆ ਜਾਵੇ ਤਾਂ ਸਾਡੇ ਗ੍ਰੰਥੀ-ਪਾਠੀ ਸਿੰਘ ਅਤੇ ਸਿੱਖ ਜੋ ਇਸ ਬਾਣੀ ਨੂੰ ਅਕਸਰ ਪੜ੍ਹਦੇ-ਸੁਣਦੇ, ਮੱਥਾ ਟੇਕਦੇ ਹਨ, ਉਨ੍ਹਾਂ ਦੇ ਜੀਵਨ ਅੰਦਰ ਤਾਂ ਕੋਈ ਵੀ ਚਿੰਤਾ-ਫਿਕਰ ਰਹਿਣਾ ਹੀ ਨਹੀਂ ਚਾਹੀਦਾ, ਪਰ ਐਸਾ ਵਰਤਦਾ ਕਿਤੇ ਵੀ ਦਿਖਾਈ ਨਹੀਂ ਦਿੰਦਾ, ਸਗੋਂ ਇਹ ਦੂਸਰਿਆਂ ਤੋਂ ਵੀ ਵੱਧ ਚਿੰਤਾਤੁਰ ਦਿਖਾਈ ਦਿੰਦੇ ਹਨ। ਬਹੁਗਿਣਤੀ ਗ੍ਰੰਥੀ-ਪਾਠੀ ਸਿੰਘਾਂ ਲਈ ਇਹ ਕੇਵਲ ਉਪਜੀਵਕਾ ਦੇ ਸਾਧਨ ਤਕ ਹੀ ਸੀਮਤ ਹੈ। ਅੱਜ ਸਪੀਕਰਾਂ ਰਾਹੀਂ, ਟੀ. ਵੀ. , ਇੰਟਰਨੈਟ ਆਦਿ ਦੀਆਂ ਅਜੋਕੀਆਂ ਸਹੂਲਤਾਂ ਰਾਹੀਂ ਜਿੰਨਾ ਬਾਣੀ ਪੜ੍ਹੀ -ਸੁਣੀ ਜਾ ਰਹੀ ਹੈ ਇਸ ਤੋਂ ਪਹਿਲਾਂ ਐਸਾ ਨਹੀਂ ਸੀ, ਪੁਰਾਤਨ ਸਮੇਂ ਦੇ ਗੁਰਸਿੱਖ ਅਜੋਕੇ ਸਮੇਂ ਦੇ ਸਿੱਖ ਵਾਂਗ ਇੰਨੇ ਚਿੰਤਾਤੁਰ ਨਹੀਂ ਸਨ। ਇਸ ਸਭ ਕੁੱਝ ਨੂੰ ਸਾਹਮਣੇ ਰੱਖਦੇ ਹੋਏ ਮਨ ਵਿੱਚ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਇਸ ਬਾਣੀ ਫੁਰਮਾਣ ਦਾ ਭਾਵ-ਅਰਥ ਕੁੱਝ ਹੋਰ ਹੋਵੇਗਾ ਜੋ ਸਮਝਣ ਦੀ ਲੋੜ ਹੈ। ਇਥੇ ‘ਆਈ` ਸ਼ਬਦ ਦਾ ਅਰਥ ਬਾਣੀ ਦਾ ਆਉਣਾ ਨਹੀਂ ਸਗੋਂ ਬਾਣੀ ਦੇ ਉਪਦੇਸ਼ ਦਾ ਅਮਲੀ ਰੂਪ ਅੰਦਰ ਹਿਰਦੇ ਵਿੱਚ ਵਸ ਜਾਣਾ ਹੈ। ਇਸ ਫੁਰਮਾਣ ਦੇ ਪੂਰੇ ਅਰਥ ਇਸ ਰੂਪ ਵਿੱਚ ਸਮਝਣ ਦੀ ਲੋੜ ਹੈ-

ਪ੍ਰਮਾਤਮਾ ਦੀ ਸਿਫਤ -ਸਲਾਹ ਰੂਪੀ ਬਾਣੀ ਜਿਸ ਮਨੁੱਖ ਦੇ ਹਿਰਦੇ ਅੰਦਰ ਆ ਵੱਸੀ, ਉਸ ਦੇ ਜੀਵਨ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ।

(ਅ) ਪਰਮੇਸਰਿ ਦਿਤਾ ਬੰਨਾ।।

ਦੁਖ ਰੋਗ ਕਾ ਡੇਰਾ ਭੰਨਾ।।

(ਸੋਰਠਿ ਮਹਲਾ ੫-੬੨੭)

ਵਿਚਾਰ- ਇਸ ਫੁਰਮਾਣ ਅੰਦਰ ਆਏ ਸ਼ਬਦ ‘ਬੰਨਾ` ਦਾ ਅਰਥ ਅਕਸਰ ਹੀ ਪੁੱਤਰ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਥੋਂ ਤਕ ਕਿ ਸਿੱਖ ਰਹਿਤ ਮਰਯਾਦਾ (ਪ੍ਰਕਾਸ਼ਕ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ) ਅੰਦਰ ‘ਜਨਮ ਅਤੇ ਨਾਮ ਸੰਸਕਾਰ` ਚੈਪਟਰ ਵਿੱਚ ਵੀ ਪੁੱਤਰ/ ਔਲਾਦ ਦੇ ਅਰਥ ਵਿੱਚ ਹੀ ਲਿਖ ਦਿਤਾ ਗਿਆ ਹੈ, ਜੋ ਕਿ ਕਿਸੇ ਵੀ ਤਰਾਂ ਯੋਗ ਨਹੀਂ ਲੱਗਦਾ ਹੈ। ਜੇਕਰ ਪ੍ਰਚਲਿਤ ਅਰਥਾਂ ਵਿੱਚ ਮੰਨ ਲਿਆ ਜਾਵੇ ਤਾਂ ਇਸ ਪੂਰੇ ਫੁਰਮਾਣ ਦਾ ਅਰਥ ਇਹ ਬਣੇਗਾ ਕਿ ਪ੍ਰਮੇਸ਼ਰ ਦੁਆਰਾ ਜਿਸ ਪ੍ਰਵਾਰ ਵਿੱਚ ਪੁੱਤਰ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਪ੍ਰਵਾਰ ਦੇ ਸਾਰੇ ਦੁੱਖ ਰੋਗ ਖਤਮ ਹੋ ਜਾਂਦੇ ਹਨ। ਜਦੋਂ ਕਿ ਅਸਲੀਅਤ ਵਿੱਚ ਸਾਡੇ ਸਮਾਜ ਅੰਦਰ ਐਸਾ ਵਾਪਰਦਾ ਕਿਤੇ ਘੱਟ ਹੀ ਦਿਖਾਈ ਦਿੰਦਾ ਹੈ। ਸਵਾਰਥ ਅਤੇ ਲੋਭ ਅਧੀਨ ਪੁੱਤਰ ਵਲੋਂ ਬਾਪ ਦਾ ਵੈਰੀ ਬਣ ਕੇ ਕਤਲ ਆਦਿ ਕਰ ਦੇਣ, ਬਜ਼ੁਰਗਾਂ ਨੂੰ ਬਿਰਧ ਆਸ਼ਰਮ ਵਿੱਚ ਰੁਲਣ ਲਈ ਮਜ਼ਬੂਰ ਕਰਨ ਵਰਗੀਆਂ ਦੁਰਘਟਨਾਵਾਂ ਵਾਪਰਦੀਆਂ ਅਕਸਰ ਦਿਖਾਈ ਦਿੰਦੀਆਂ ਹਨ। ਗੁਰਬਾਣੀ ਤਾਂ ਗਲਤ ਨਹੀਂ ਹੋ ਸਕਦੀ, ਇਹ ਹੋ ਸਕਦਾ ਹੈ ਕਿ ਇਸ ਦੇ ਸਹੀ ਭਾਵ-ਅਰਥ ਕੁੱਝ ਹੋਰ ਹੋਣਗੇ, ਜਿਨ੍ਹਾਂ ਨੂੰ ਸਮਝਣ ਦੀ ਜ਼ਰੂਰਤ ਹੈ। ਇਥੇ ‘ਬੰਨਾ` ਸ਼ਬਦ ਦਾ ਅਰਥ- ਡੱਕਾ, ਰੁਕਾਵਟ, ਬੰਨ ਕਰਨਾ ਬਣਦਾ ਹੈ। ਇਸ ਫੁਰਮਾਣ ਦੇ ਸਹੀ ਅਰਥ ਇਸ ਤਰਾਂ ਕਰਨੇ ਬਣਦੇ ਹਨ-

ਜਿਹੜੇ ਜੀਵ ਪ੍ਰਮ ਪਿਤਾ ਪ੍ਰਮੇਸ਼ਰ ਦੀ ਹੋਂਦ ਨੂੰ ਸਰਬ ਵਿਆਪਕ ਸਮਝਦੇ ਹੋਏ ਜੀਵਨ ਅੰਦਰ ਹਰ ਸਮੇਂ ਉਸਨੂੰ ਆਪਣੀ ਯਾਦ ਅੰਦਰ ਵਸਾ ਲੈਂਦੇ ਹਨ ਤਾਂ ਪ੍ਰਮੇਸ਼ਰ ਨੇ ਐਸੇ ਮਨੁੱਖ ਦੇ ਆਤਮਕ ਜੀਵਨ ਦੀ ਬਿਹਤਰੀ ਲਈ ਵਿਕਾਰਾਂ ਦੇ ਰਾਹ ਵਿੱਚ ਡੱਕਾ ਮਾਰ ਦਿਤਾ ਅਤੇ ਇਸ ਤਰਾਂ ਉਸ ਮਨੁੱਖ ਦੇ ਅੰਦਰੋਂ ਪ੍ਰਮੇਸ਼ਰ ਨੇ ਸਾਰੇ ਦੁਖਾਂ ਤੇ ਰੋਗਾਂ ਦਾ ਡੇਰਾ ਹੀ ਖਤਮ ਕਰ ਦਿਤਾ।

(ੲ) ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ।।

(ਵਾਰ ਰਾਮਕਲੀ ਮਹਲਾ ੫-੯੫੭)

ਵਿਚਾਰ- ਇਹ ਗੁਰਬਾਣੀ ਫੁਰਮਾਣ ਸਾਨੂੰ ਅਕਸਰ ਹੀ ਵਿਆਹ-ਸ਼ਾਦੀਆਂ ਦੇ ਕਾਰਡਾਂ ਉਪਰ ਲਿਖਿਆ ਪੜ੍ਹਣ ਨੂੰ ਮਿਲਦਾ ਹੈ। ਇਥੇ ਲਿਖਣ ਦਾ ਕਾਰਣ ਇਸ ਵਿੱਚ ਆਇਆ ਸ਼ਬਦ ‘ਸੰਜੋਗੁ` ਹੈ। ਇਸ ਨੂੰ ਵਿਆਹ ਸ਼ਾਦੀਆਂ ਨਾਲ ਸਬੰਧਿਤ ਪ੍ਰਚਲਿਤ ਅਰਥ- ਕਿ ਵਿਆਹ ਵਾਲੇ ਲਾੜੇ-ਲਾੜੀ ਦਾ ਸੰਜੋਗ ਧੁਰ ਦਰਗਾਹ ਤੋਂ ਹੀ ਬਣਿਆ ਹੋਇਆ ਸੀ, ਹੁਣ ਸਤਿਗੁਰੂ ਨੇ ਕ੍ਰਿਪਾ ਕਰਕੇ ਇਨ੍ਹਾਂ ਨੂੰ ਆਪਸ ਵਿੱਚ ਮਿਲਾਉਣ ਰੂਪੀ ਸੰਜੋਗ ਕਰਕੇ ਪ੍ਰਵਾਨ ਚੜਾ ਦਿਤਾ ਹੈ। ਇਸ ਪੱਖ ਉਪਰ ਜਦੋਂ ਕਿਸੇ ਨਾਲ ਗੱਲ ਕਰੀਏ ਤਾਂ ਗੁਰਬਾਣੀ ਪ੍ਰਤੀ ਅਧੂਰੀ ਜਾਣਕਾਰੀ ਰੱਖਣ ਵਾਲੇ ਅੱਗੋਂ ‘ਸੰਜੋਗੁ ਵਿਜੋਗੁ ਧੁਰਹੁ ਹੀ ਹੂਆ` (੧੦੦੭) ਹੋਰ ਗੁਰਬਾਣੀ ਫੁਰਮਾਣ ਸੁਣਾ ਦਿੰਦੇ ਹਨ। ਜਦੋਂ ਕਿ ਇਸ ਫੁਰਮਾਣ ਵਿੱਚ ਵਿਆਹ ਰੂਪੀ ਸੰਜੋਗ (ਮਿਲਾਪ) ਅਤੇ ਵਿਜੋਗ (ਤਲਾਕ) ਰੂਪੀ ਵਿਛੋੜੇ ਦੀ ਕੋਈ ਵੀ ਗੱਲ ਨਹੀਂ ਹੈ ਸਗੋਂ ਇਥੇ ਤਾਂ ਸਹੀ ਅਰਥ ਬਣਦਾ ਹੈ ਕਿ ਜੀਵ ਆਤਮਾ ਅਤੇ ਸਰੀਰ ਦਾ ਮਿਲਾਪ (ਜੀਵਨ) ਅਤੇ ਵਿਛੋੜਾ (ਮੌਤ) ਪ੍ਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। ਇਸ ਦੇ ਨਾਲ -ਨਾਲ ਇਹ ਵੀ ਗੱਲ ਧਿਆਨ ਵਿੱਚ ਰੱਖਣ ਯੋਗ ਹੈ ਕਿ ਗੁਰਬਾਣੀ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਾਨੂੰ ਸੱਦਾ ਪੱਤਰਾਂ/ ਕਾਰਡਾਂ ਉਪਰ ਗੁਰਬਾਣੀ ਲਿਖਣ ਤੋਂ ਬਿਲਕੁਲ ਸੰਕੋਚ ਕਰਨਾ ਚਾਹੀਦਾ ਹੈ।

ਇਸ ਗੁਰਬਾਣੀ ਫੁਰਮਾਣ ਦੇ ਸਹੀ ਅਰਥ ਸਮਝਣ ਲਈ ਸਾਨੂੰ ਪੂਰੇ ਸਲੋਕ ਨੂੰ ਧਿਆਨ ਗੋਚਰੇ ਰੱਖਣਾ ਹੋਵੇਗਾ-

ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ।।

ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ।।

ਹਰਿ ਨਾਮੋ ਮੰਤ੍ਰ ਦ੍ਰਿੜਾਇਦਾ ਕਟੇ ਹਉਮੈ ਰੋਗੁ।।

ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ।। ੧।।

(ਵਾਰ ਰਾਮਕਲੀ- ਸਲੋਕ ਮਹਲਾ ੫-੯੫੭)

ਅਰਥ- ਸਤਿਗੁਰੂ ਜਿਹੋ ਜਿਹਾ ਸੁਣੀਦਾ ਸੀ, ਉਹੋ ਜਿਹਾ ਹੀ ਮੈਂ ਅੱਖੀਂ ਵੇਖ ਲਿਆ ਹੈ। ਗੁਰੂ ਪ੍ਰਭੂ ਦੀ ਹਜ਼ੂਰੀ ਦਾ ਵਿਚੋਲਾ ਹੈ, ਪ੍ਰਭੂ ਤੋਂ ਵਿਛੜਿਆਂ ਨੂੰ ਮੁੜ ਪ੍ਰਭੂ ਨਾਲ ਮਿਲਾ ਦਿੰਦਾ ਹੈ। ਪ੍ਰਭੂ ਦੇ ਨਾਮ ਸਿਮਰਨ ਦਾ ਉਪਦੇਸ਼ ਜੀਵ ਦੇ ਹਿਰਦੇ ਵਿੱਚ ਪੱਕਾ ਕਰ ਦਿੰਦਾ ਹੈ ਤੇ ਇਸ ਤਰਾਂ ਉਸ ਦਾ ਹਉਮੈ ਦਾ ਰੋਗ ਦੂਰ ਕਰ ਦਿੰਦਾ ਹੈ। ਪਰ ਹੇ ਨਾਨਕ! ਪ੍ਰਭੂ ਉਨ੍ਹਾਂ ਨੂੰ ਹੀ ਗੁਰੂ ਮਿਲਾਉਂਦਾ ਹੈ, ਜਿਨ੍ਹਾਂ ਦੇ ਭਾਗਾਂ ਵਿੱਚ ਧੁਰੋਂ ਇਹ ਮੇਲ ਲਿਖਿਆ ਹੁੰਦਾ ਹੈ।

ਪੂਰੇ ਸਲੋਕ ਦੇ ਅਰਥਾਂ ਵਿਚੋਂ ਸਪਸ਼ਟ ਹੋ ਜਾਂਦਾ ਹੈ ਕਿ ਇਥੇ ਕਿਸੇ ਵੀ ਤਰਾਂ ਵਿਆਹ ਵਾਲੇ ਲੜਕੇ-ਲੜਕੀ ਦੇ ਸੰਜੋਗ ਦੀ ਗੱਲ ਨਹੀਂ ਹੈ ਸਗੋਂ ਪ੍ਰਮੇਸ਼ਰ ਵਲੋਂ ਕ੍ਰਿਪਾ ਕਰਦੇ ਹੋਏ ਪੂਰੇ ਗੁਰੂ ਭਾਵ ਸਤਿਗੁਰੂ ਦੇ ਮਿਲਾਪ ਦੀ ਗੱਲ ਕੀਤੀ ਗਈ ਹੈ।

=============

ਇਸ ਲੇਖ ਰਾਹੀਂ ਦਿਤੇ ਗਏ 3 ਗੁਰਬਾਣੀ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮਿ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।

============

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - sukhjit.singh69@yahoo.com




.