.

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਭਾਗ ਚੌਥਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ, ਵਿਸ਼ੇ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(੨) ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ॥ ਮਨਹੁ ਕਿਉ ਵਿਸਾਰੀਐ ਏਵਡੁ ਦਾਤਾ, ਜਿ ਅਗਨਿ ਮਹਿ ਆਹਾਰੁ ਪਹੁਚਾਵਏ॥ ਓਸ ਨੋ ਕਿਹੁ ਪੋਹਿ ਨ ਸਕੀ, ਜਿਸ ਨਉ ਆਪਣੀ ਲਿਵ ਲਾਵਏ॥ ਆਪਣੀ ਲਿਵ ਆਪੇ ਲਾਏ, ਗੁਰਮੁਖਿ ਸਦਾ ਸਮਾਲੀਐ॥ ਕਹੈ ਨਾਨਕੁ, ਏਵਡੁ ਦਾਤਾ, ਸੋ ਕਿਉ ਮਨਹੁ ਵਿਸਾਰੀਐ॥ ੨੮॥ {ਪੰ: ੯੨੦-੯੨੧}

ਅਰਥ : —ਜੇ ਜੀਵਨ `ਚ ਆਤਮਕ ਆਨੰਦ ਮਾਨਣਾ ਹੈ ਤਾਂ ਪ੍ਰਭੂ ਪ੍ਰਮਾਤਮਾ ਨੂੰ ਕਦੇ ਨਹੀਂ ਭੁਲਾਉਣਾ ਚਾਹੀਦਾ। ਉਹ ਪ੍ਰਭੂ ਜਿਹੜਾ ਮਾਤਾ ਦੇ ਗਰਭ (ਉਦਰ) `ਚ ਵੀ ਸਾਡੀ ਪਾਲਣਾ ਕਰਦਾ ਹੈ। ਉਸ ਏਡੇ ਵੱਡੇ ਦਾਤੇ ਨੂੰ ਮਨੋਂ ਕਦੇ ਨਹੀਂ ਭੁਲਾਣਾ ਚਾਹੀਦਾ, ਜਦੋਂ ਮਾਂ ਦੇ ਪੇਟ `ਚ ਹੁੰਦੇ ਹਾਂ ਤੇ ਉਸ ਅੱਗ `ਚ ਵੀ (ਪ੍ਰਭੂ ਕੇਵਲ ਸਾਡੇ ਸਰੀਰ ਨੂੰ ਹੀ ਨਹੀਂ ਘੜਦਾ ਬਲਕਿ) ਉਸ ਦੌਰਾਨ ਸਾਡੇ ਲਈ ਸਾਨੂੰ ਸਮੇਂ ਅਨੁਸਾਰ ਲੋੜੀਂਦਾ ਤੇ ਲਗਾਤਾਰ ਸਾਨੂੰ ਭੋਜਨ ਵੀ ਅਪੜਾਉਂਦਾ ਹੈ।

(ਦਰਅਸਲ ਇਹ ਤ੍ਰੈਗੁਣੀ ਮਾਇਆ ਦੇ ਮੋਹ ਦੀ ਪਕੜ ਹੀ ਹੁੰਦੀ ਹੈ ਜਿਹੜੀ ਜੀਵਨ ਭਰ ਮਨੁੱਖ ਨੂੰ ਆਤਮਕ ਅਨੰਦ ਤੋਂ ਵਾਂਝਾ ਰਖਦੀ ਹੈ, ਪਰ ਜਿਹੜੇ ਮਨੁੱਖਾ ਜਨਮ ਵਾਲਾ ਅਵਸਰ ਪ੍ਰਾਪਤ ਕਰਕੇ) "ਗੁਰਮੁਖਿ ਸਦਾ ਸਮਾਲੀਐ" ਸ਼ਬਦ-ਗੁਰੂ ਦੀ ਸ਼ਰਣ `ਚ ਆ ਜਾਂਦੇ ਤੇ ਸ਼ਬਦ-ਗੁਰੂ ਅਨੁਸਾਰੀ ਜੀਵਨ ਬਤੀਤ ਕਰਦੇ ਹਨ, ਪ੍ਰਭੂ ਆਪ ਬਹੁੜੀ ਕਰਕੇ, ਜੀਵਨ ਦੌਰਾਨ ਵੀ ਉਨ੍ਹਾਂ ਦੀ ਲਿਵ ਤੇ ਸੁਰਤ ਨੂੰ ਆਪਣੇ ਨਾਲ ਜੋੜੀ ਰਖਦਾ ਹੈ। ਭਾਵ ਸ਼ਬਦ-ਗ੍ਰੁਰੂ ਦੇ ਆਦੇਸ਼ਾਂ ਅਨੁਸਾਰ ਜੀਵਨ ਬਤੀਤ ਕਰਣ ਵਾਲੇ ਜੀਊੜੇ, ਜੀਵਨ ਦੌਰਾਨ ਵੀ ਪ੍ਰਭੂ `ਚ ਅਭੇਦ ਹੋ ਕੇ ਅਨੰਦਮਈ, ਭਟਕਣਾ ਰਹਿਤ, ਸੰਤੋਖੀ ਜੀਵਨ ਬਤੀਤ ਕਰਦੇ ਹਨ; ਅਤੇ ਗਰੁਮੁਖਾ ਦੇ ਜੀਵਨ `ਤੇ "ਓਸ ਨੋ ਕਿਹੁ ਪੋਹਿ ਨ ਸਕੀ, ਜਿਸ ਨਉ ਆਪਣੀ ਲਿਵ ਲਾਵਏ" ਇਹ ਤ੍ਰੈਗੁਣੀ ਮਾਇਆ ਅਤੇ ਵਿਕਾਰ ਵੀ ਆਪਣਾ ਜ਼ੋਰ ਨਹੀਂ ਪਾ ਸਕਦੇ।

ਤਾਂ ਤੇ ਹੇ ਨਾਨਕ! ਮਨੁੱਖਾ ਜਨਮ ਪਾ ਕੇ ਸਦਾ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿਣਾ ਚਾਹੀਦਾ ਹੈ ਜਦਕਿ ਇਹ ਵੀ ਕਿ ਇਸ ਰੱਬੀ ਸੱਚ ਦੀ ਪਛਾਣ ਵੀ "ਆਪਣੀ ਲਿਵ ਆਪੇ ਲਾਏ, ਗੁਰਮੁਖਿ ਸਦਾ ਸਮਾਲੀਐ" ਗੁਰਮੁਖਾਂ ਨੂੰ ਹੀ ਆਉਂਦੀ ਹੈ ਭਾਵ ਜੀਵਨ `ਚ ਅਜਿਹੀ ਉੱਚ ਆਤਮਕ ਅਵਸਥਾ ਦੀ ਪ੍ਰਾਪਤੀ ਲਈ, ਸ਼ਬਦ-ਗੁਰੂ ਦੀ ਸ਼ਰਣ `ਚ ਆਉਣਾ ਹੁੰਦਾ ਹੈ; ਵਰਣਾ ਨਿਗੁਰਾ ਮਨਮੁੱਖ ਤਾਂ, ਮਨੁੱਖਾ ਜੀਵਨ ਦੀ ਇਸ ਉੱਤਮ ਆਤਮਕ ਅਵਸਥਾ ਦਾ ਆਨੰਦ ਮਾਨ ਹੀ ਨਹੀਂ ਸਕਦਾ।

ਨੋਟ- ਚਲਦੇ ਪ੍ਰਕਰਣ "ਮਾਤ ਗਰਭ ਮਹਿ ਆਪਨ ਸਿਮਰਨੁ ਦੇ…" ਅਨੁਸਾਰ ਇਥੇ ਤੇ ਇਸ ਪਉੜੀ `ਚ ਵੀ "ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ … ਅਗਨਿ ਮਹਿ ਆਹਾਰੁ ਪਹੁਚਾਵਏ" ਅਤੇ "ਆਪਣੀ ਲਿਵ ਆਪੇ ਲਾਏ, ਗੁਰਮੁਖਿ ਸਦਾ ਸਮਾਲੀਐ" ਆਦਿ ਪੰਕਤੀਆਂ ਮੂਲ ਵਿਸ਼ੇ ਨੂੰ ਸਮਝਣ ਲਈ ਵਿਸ਼ੇਸ਼ ਧਿਆਨ ਮੰਗਦੀਆਂ ਹਨ ਤੇ ਸਾਡੇ ਲਈ ਸਹਾਇਕ ਵੀ ਹਨ।

ਇਸਤਰ੍ਹਾਂ ਜਦੋਂ "ਮਾਤਾ ਦੇ ਉਦਰ ਵਿੱਚਲੀ ਉਸ ਅਗਨੀ", ‘ਗਰਭ ਅਗਨਿ’, ‘ਅਗਨਿ ਕੁੰਡ’ ‘ਅਗਨੀ ਪਾਸਿ ਪਿਰਾਣੁ’, ‘ਅਗਨਿ ਉਦਰ’ `ਚ ਪ੍ਰਭੂ ਵੱਲੋਂ "ਗੰਢੇਦਿਆਂ ਛਿਅ ਮਾਹ. ." (ਪੰ: ੪੮੮) ਲਗਾਤਾਰ ਰੋਕੇ ਜਾ ਰਹੇ ਮਾਸਕ-ਧਰਮ ਰੂਪ ਤਰਲ ਦੇ ਵੱਡੇ ਸੈਂਟੀ ਗ੍ਰੇਡ ਤਾਪਮਾਨ `ਚ ਉਬਲ ਰਿਹਾ ਤੇ ਤਿਆਰ ਹੋ ਰਿਹਾ ਸਾਡਾ ਇਹ ਸਰੀਰ; ਉਪ੍ਰੰਤ ਸੰਸਾਰ `ਚ ਜਨਮ ਲੈਣ ਤੋਂ ਬਾਅਦ ਵੀ ਜਦੋਂ ਅਸੀਂ ਨਿਮਾਣੇ ਹੋ ਕੇ "ਗੁਰਮੁਖਿ ਸਦਾ ਸਮਾਲੀਐ" ਸ਼ਬਦ-ਗੁਰੂ ਦੀ ਸ਼ਰਣ `ਚ ਆ ਜਾਂਦੇ ਹਾਂ ਤਾਂ ਇਸ ਭਵਜਲ ਭਾਵ ਵਿਕਾਰਾਂ ਦੀਆਂ ਲਹਿਰਾਂ ਤੇ ਤ੍ਰੁੈਗੁਣੀ ਮਨਮੋਹਣੀ ਮਾਇਆ ਦੀਆਂ ਖਿੱਚਾਂ, ਜਿਨ੍ਹਾਂ ਦੇ ਮੁਕਾਬਲੇ ਅਸੀਂ ਬਿਲਕੁਲ ਅਸਮ੍ਰਥ ਤੇ ਲਾਚਾਰ ਹੁੰਦੇ ਹਾਂ, ਤਾਂ ਵੀ ਸਾਡਾ ਮੂਲ, ਸਾਡਾ ਪ੍ਰਭੂ "ਆਪਣੀ ਲਿਵ ਆਪੇ ਲਾਏ, ਆਪ ਬਹੁੜੀ ਕਰਕੇ ਸਾਡੀ ਪ੍ਰਤਿਪਾਲਣਾ ਤੇ ਰਾਖੀ ਵੀ ਆਪ ਕਰਦਾ ਹੈ।

ਭਾਵ : —ਮਾਤਾ ਦੇ ਉਦਰ ਵਿੱਚਲੇ ਉਸ ਅਗਨਕੁੰਡ ਉਪ੍ਰੰਤ ਸੰਸਾਰ `ਚ ਜਨਮ ਲੈਣ ਤੋਂ ਬਾਅਦ ਵੀ ਪ੍ਰਮਾਤਮਾ ਜਿਸ ਮਨੁੱਖ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਸ ਜੀਵਨ `ਤੇ ਵੀ ਮਾਇਕ ਰਸ ਤੇ ਵਿਕਾਰ ਕਦੇ ਵੀ ਆਪਣਾ ਜ਼ੋਰ ਨਹੀਂ ਪਾ ਸਕਦੇ।

ਇਸ ਲਈ ਸ਼ਬਦ-ਗੁਰੂ ਦੀ ਸਰਨ `ਚ ਪੈ ਕੇ ਅਤੇ ਸ਼ਬਦ-ਗੁਰੂ ਦੇ ਦੱਸੇ ਜੀਵਨ ਰਾਹ `ਤੇ ਟੁਰ ਕੇ, ਮਨੁੱਖ ਨੂੰ ਸਦਾ ਪ੍ਰ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿਣਾ ਚਾਹੀਦਾ ਹੈ। ਜੀਵਨ `ਚ ਆਤਮਕ ਆਨੰਦ ਦੀ ਪ੍ਰਾਪਤੀ ਦਾ ਕੇਵਲ ਇਹੀ ਤੇ ਇਕੋ ਇੱਕ ਵਸੀਲਾ ਹੈ।

(੩) ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ॥ ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ॥ ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ॥ ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ॥ ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ॥ ੨੯ (ਪੰ: ੯੨੧)

ਅਰਥ : — (ਉਪ੍ਰੋਕਤ ਪਉੜੀ ਨੰ: ੨੮ ਦੇ ਵਿਸ਼ੇ ਨੂੰ ਅੱਗੇ ਟੋਰਦੇ ਹੋਏ ਗੁਰਦੇਵ ਇਸ ਪਉ: ੨੯ `ਚ ਫ਼ੁਰਮਾਉਂਦੇ ਹਨ) ਜਿਵੇਂ ਮਾਂ ਦੇ ਪੇਟ `ਚ ਅੱਗ ਹੁੰਦੀ ਹੈ (ਤੇ ਜਿਸ ‘ਗਰਭ ਅਗਨਿ’, ‘ਅਗਨਿ ਕੁੰਡ’ ‘ਅਗਨੀ ਪਾਸਿ ਪਿਰਾਣੁ’, ‘ਅਗਨਿ ਉਦਰ’ `ਚ ਸਾਡਾ ਸਰੀਰ ਤਿਆਰ ਹੁੰਦਾ ਹੈ) ਤਿਵੇਂ ਬਾਹਰ ਸੰਸਾਰ `ਚ ਤ੍ਰੈ ਗੁਣੀ ਮਾਇਆ ਵੀ ਉਸੇ ਤਰ੍ਹਾਂ ਹੀ ਵੱਡੀ ਦੁਖਦਾਈ ਤੇ ਜੀਵਨ `ਚੋਂ ਆਤਮਕ ਅਨੰਦ ਨੂੰ ਸਾੜ ਕੇ ਭਸਮ ਕਰਣ ਦੇ ਸਮ੍ਰਥ ਇਹ ਵੀ ਇੱਕ ਹੋਰ ਅੱਗ ਹੁੰਦੀ ਹੈ। ਇਸ ਲਈ ਮਾਤਾ ਦੇ ਗਰਭ ਵਿੱਚਲੀ ਉਹ ਅੱਗ ਜਿਸਦੇ ਵੱਡੇ ਸੈਟੀ ਗ੍ਰੇਡ (ਤਾਪਮਾਨ) `ਚ ਸਾਡਾ ਸਰੀਰ ਤਿਆਰ ਹੋਇਆ ਹੁੰਦਾ ਹੈ ਤੇ ਦੂਜਾ ਸੰਸਾਰ ਵਿੱਚਲੀ ਤ੍ਰੈਗੁਣੀ ਮਾਇਆ ਤੇ ਵਿਕਾਰਾਂ ਦੀ ਅੱਗ, ਦੋਵੇਂ ਅਗਨੀਆਂ ਇਕੋ ਜਿਹੀਆਂ ਹਨ। ਭਾਵ ਮਾਤਾ ਦੇ ਉਦਰ ਦੌਰਾਨ ਸਾਡੇ ਨਵੇਂ ਤਿਆਰ ਹੋ ਰਹੇ ਸਰੀਰ ਨੂੰ ਸਾੜ ਕੇ ਰਾਖ ਕਰਣ ਤੇ ਬਾਹਿਰ ਸੰਸਾਰ `ਚ ਸਾਡੇ ਆਤਮਕ ਜੀਵਨ ਨੂੰ ਸਾੜ ਕੇ ਸੁਆਹ ਕਰਣ ਲਈ ਸਮ੍ਰਥ ਹੁੰਦੀਆਂ ਹਨ।

ਤਾਂ ਵੀ ਜੇ ਗਹੁ ਨਾਲ ਦੇਖਿਆ ਜਾਵੇ ਤਾਂ ਇਹ ਸਭ ਵੀ "ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ" ਕਰਤਾਰ ਦੀ ਰਚੀ ਹੋਈ ਅਜਿਹੀ ਖੇਡ ਹੈ (ਜਿਨ੍ਹਾਂ ਰਾਹੀਂ ਸੰਸਾਰ ਦਾ ਚੱਕਰ ਚਲਦਾ ਰਹਿੰਦਾ ਹੈ)।

ਫ਼ਿਰ ਜਦੋਂ ਪ੍ਰਮਾਤਮਾ ਦੀ ਰਜ਼ਾ ਹੁੰਦੀ ਹੈ "ਜਾ ਤਿਸੁ ਭਾਣਾ ਤਾ ਜੰਮਿਆ" ਤਾਂ ਮਨੁੱਖ ਦਾ ਸੰਸਾਰ `ਚ ਜਨਮ ਹੁੰਦਾ ਹੈ। ਜਨਮ ਲੈਂਦੇ ਸਾਰ ਪ੍ਰਭੂ ਵੱਲੌਂ "ਪਰਵਾਰਿ ਭਲਾ ਭਾਇਆ" ਉਸ ਨੂੰ ਇੱਕ ਹੋਰ ਦਾਤ, ਉਸ ਪ੍ਰਵਾਰ ਦੀ ਭਲਾਈ, ਆਪਣਾ-ਪਣ ਤੇ ਹਮਦਰਦੀ ਦੇ ਰੂਪ `ਚ ਪ੍ਰਾਪਤ ਹੋ ਜਾਂਦੀ ਹੈ। ਦਰਅਸਲ ਇਸੇ ਪ੍ਰਵਾਰਕ ਭਲਾਈ, ਆਪਣੇ-ਪਣ ਤੇ ਹਮਦਰਦੀ ਤੋਂ ਹੀ ਸਾਡਾ ਸਾਰਿਆਂ ਜੀਵਨ ਅੱਗੇ ਟੁਰਦਾ ਹੈ।

ਜਦਕਿ ਉਸ ਨਵ-ਜਨਮੇ ਬੱਚੇ ਲਈ ਪ੍ਰਵਾਰ ਦੇ ਜੀਆਂ ਦੇ ਇਸ ‘ਆਪਣੇ-ਪਣ’ ਦਾ ਹੀ ਇੱਕ ਵਿਰੋਧੀ ਪਹਿਲੂ ਹੋਰ ਵੀ ਹੈ। ਉਹ ਵਿਰੋਧੀ ਪਹਿਲੂ ਇਹ ਹੈ ਕਿ ਜਨਮ ਲੈਂਦੇ ਸਾਰ ਬੱਚੇ ਨੂੰ ਅਚਣਚੇਤ ਪ੍ਰਾਪਤ ਹੋਏ ਪ੍ਰਵਾਰਿਕ ਪਿਆਰ ਕਾਰਣ, "ਲਿਵ ਛੁੜਕੀ ਲਗੀ ਤ੍ਰਿਸਨਾ" ਬੱਚੇ ਦੀ ਪ੍ਰਭੂ ਦੇ ਚਰਨਾਂ ਤੋਂ ਪ੍ਰੀਤ ਦੀ ਤਾਰ, ਸੁਰਤ ਤੇ ਲਿਵ ਟੁੱਟ ਜਾਂਦੀ ਹੈ ਤੇ ਉਸ ਬੱਚੇ ਨੂੰ ਉਸ ਸਮੇਂ ਇੱਕ ਦੰਮ ਮਾਇਆ ਦੀ ਤ੍ਰਿਸ਼ਨਾ ਆ ਚੰਬੜਦੀ ਹੈ। ਇਸਤਰ੍ਹਾਂ "ਮਾਇਆ ਅਮਰੁ ਵਰਤਾਇਆ" ਇਹ ਤ੍ਰੈ ਗੁਣੀ ਮਾਇਆ ਅਚਣਚੇਤ ਹੀ ਉਸ ਨਵ-ਜਨਮੇ ਬੱਚੇ `ਤੇ ਆਪਣਾ ਜ਼ੋਰ ਪਾ ਲੈਂਦੀ ਹੈ।

ਦਰਅਸਲ ਇਸ ‘ਤ੍ਰੈ ਗੁਣੀ’ ਮਾਇਆ `ਚ ਖਿੱਚ ਹੀ ਇਤਨੀ ਵੱਧ ਹੁੰਦੀ ਹੈ ਕਿ ਇਸ ਦੀ ਪਕੜ ਕਾਰਣ ਬੱਚੇ ਦੀ ਲਿਵ ਜਿਹੜੀ ਸੰਸਾਰ `ਚ ਆਉਣ ਤੀਕ ਪ੍ਰਭੂ ਨਾਲ ਜੁੜੀ ਹੁੰਦੀ ਹੈ, ਜੀਵ ਦੀ ਉਹੀ ਲਿਵ ਤੇ ਸੁਰਤ ਇੱਕ ਦੰਮ ਪ੍ਰਭੂ ਤੋਂ ਟੁੱਟ ਕੇ ਮਾਇਕ ਪਦਾਰਥਾਂ ਦੀ ਤ੍ਰਿਸ਼ਨਾ `ਚ ਬਦਲ ਜਾਂਦੀ ਹੈ। ਜਾਂ ਇਉਂ ਕਹਿਏ ਕਿ ਅਚਣਚੇਤ ਅਜਿਹੇ ਬਦਲੇ ਹੋਏ ਹਾਲਾਤ `ਚ ਮਾਇਕ ਪ੍ਰਭਾਵ ਵੱਡੇ ਭਾਰੂ ਹੋ ਜਾਂਦੇ ਹਨ ਤੇ ਉਸ ਨਵ ਜਨਮੇ ਬੱਚੇ `ਤੇ ਜਿਵੇਂ ਕਿ "ਮਾਇਆ ਅਮਰੁ ਵਰਤਾਇਆ" ਹੁਣ ਇਸ ‘ਤ੍ਰੈ ਗੁਣੀ’ ਮਾਇਆ ਦਾ ਹੁਕਮ ਹੀ ਚਲਣ ਲੱਗ ਜਾਂਦਾ ਹੈ; ਤਾਂ ਤੇ ਅਜਿਹੇ ਹਾਲਾਤ `ਚ ਉਸ ਅਵਸਥਾ ਤੇ ਉਸ ਜੀਵਨ `ਚ ਆਤਮਕ ਆਨੰਦ ਕਿਵੇਂ ਦਾਖ਼ਲ ਹੋਵੇ? ਭਾਵ ਅਜਿਹਾ ਨਹੀਂ ਹੋ ਸਕਦਾ)

"ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ" ਨਾਨਕ ਜੀ ਆਖਦੇ ਹਨ—ਸ਼ਬਦ-ਗੁਰੂ ਦੀ ਸ਼ਰਨ `ਚ ਆਉਣ ਕਰਕੇ ਜੀਵਨ ਦੌਰਾਨ ਵੀ ਜਿਨ੍ਹਾਂ ਦੀ ਲਿਵ-ਸੁਰਤ ਅਥਵਾ ‘ਪ੍ਰੀਤ ਦੀ ਡੋਰੀ’ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਂਦੀ ਜਾਂ ਜੁੜੀ ਰਹਿੰਦੀ ਹੈ, ਉਹ ਇਸ ‘ਤ੍ਰੈਗੁਣੀ ਮਾਇਆ’ `ਚ ਵਿਚਰਦੇ ਹੋਏ ਵੀ "ਤਿਨੀ ਵਿਚੇ ਮਾਇਆ ਪਾਇਆ" ਲਿਵ ਤੇ ਸੁਰਤ ਕਰਕੇ ਪ੍ਰਭੂ ਪ੍ਰਮਾਤਮਾ ਦੇ ਚਰਣਾਂ ਨਾਲ ਹੀ ਜੁੜੇ ਰਹਿੰਦੇ ਹਨ। ਇਸ ਲਈ ਉਨ੍ਹਾਂ ਦੇ ਜੀਵਨ ਅੰਦਰੋਂ ਆਤਮਕ ਅਨੰਦ ਕਦੇ ਵੀ ਨਹੀਂ ਮੁੱਕਦਾ।

ਦਰਅਸਲ, ਇਸ ‘ਤ੍ਰੈ-ਗੁਣੀ’ ਮਾਇਆ `ਚ ਵਿਚਰਦੇ ਹੋਏ ਵੀ ਸ਼ਬਦ-ਗੁਰੂ ਦੀ ਕਮਾਈ ਕਾਰਣ ਜਿਨ੍ਹਾਂ ਦੇ ਜੀਵਨ ਅੰਦਰ ਸਦਾ ਆਤਮਕ ਅਨੰਦ ਬਣਿਆ ਰਹਿੰਦਾ ਹੈ ਦਰਅਸਲ ਉਸੇ ਦਾ ਪ੍ਰਗਟਾਵਾ ਹੈ ਸੰਪੂਰਣ ਸਿੱਖ ਇਤਿਹਾਸ। ਜਦਕਿ ਸਿੱਖ ਇਤਿਹਾਸ ਵਿੱਚਲੇ ਇਸੇ ਆਤਮਕ ਆਨੰਦ ਵਾਲੇ ਵਿਸ਼ੇ ਨੂੰ ਪੂਰੀ ਤਰ੍ਹ੍ਰਾਂ ਸਪਸ਼ਟ ਕਰਣ ਲਈ ਹੀ ਪੰਚਮ ਪਾਤਸ਼ਾਹ ਤੇ ਨੌਵੇਂ ਪਾਤਸਾਹ ਨੇ ਪੂਰਨੇ ਪਾਏ ਸਨ। ਫ਼ਿਰ ਉਥੋਂ ਅਰੰਭ ਕਰਕੇ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ, ਬਾਬਾ ਬਂਦਾ ਸਿੰਘ ਜੀ ਬਹਦੁਰ ਤੇ ੳਨ੍ਹਾਂ ਨਾਲ ਗ੍ਰਿਫ਼ਤਾਰ ਕਰਕੇ ਲਿਆਂਦੇ ਹੋਏ ੭੬੦ ਸਿੰਘਾਂ ਦੀਆਂ ਬੇ-ਮਿਸਾਲ ਸ਼ਹਾਦਤਾਂ, ਚਮਕੌਰ ਸਾਹਿਬ ਦੀ ਗੜ੍ਹੀ `ਚ ਬੇਜੋੜ ਜੰਗ, ਸਾਕਾ ਸਰਹੰਦ, ਭਾਈ ਸੁਬੇਗ ਸਿੰਘ-ਸ਼ਾਹਬਾਜ਼ ਸਿੰਘ ਦੀਆਂ ਸ਼ਹਾਦਤਾਂ, ਪੀਰ ਬੁਧੂ ਸ਼ਾਹ ਦੀ ਪ੍ਰਵਾਰ ਸਮੇਤ ਸ਼ਹਾਦਤ, ਭਾਈ ਮੋਤੀ ਲਾਲ ਮਹਿਰਾਂ ਤੇ ਉਸਦੇ ਪੂਰੇ ਪ੍ਰਵਾਰ ਦੀਆਂ ਸ਼ਹਾਦਤਾਂ, ਸਰਸਾ ਨਦੀ `ਤੇ ਵਿੱਛੜੇ ਤੇ ਮੁਕਤਸਰ ਸਾਹਿਬ ਦੀ ਜੰਗ `ਚ ਅੱਗੇ ਹੋ ਕੇ ਸ਼ਹੀਦੀਆਂ ਪਾਉਣ ਵਾਲੇ ਭਾਈ ਮਹਾਂ ਸਿੰਘ ਆਦਿ ਚਾਲੀਆਂ ਤੋਂ ਵੱਧ ਨਵੇਂ ਜੱਥੇ-ਬੰਦ ਹੋ ਕੇ ਆਏ ਸਮੂਹ ਸ਼ਹੀਦ, ਭਾਈ ਸੁਖਾ ਸਿੰਘ-ਮਹਿਤਾਬ ਸਿੰਘ ਦੇ ਕਾਰਨਾਮੇ, ਭਾਈ ਤਾਰੂ ਸਿੰਘ, ਭਾਈ ਤਾਰੂ ਸਿੰਘ ਵਾਂ, ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਆਦਿ ਸਿੰਘਾਂ-ਸਿੰਘਣੀਆਂ ਦੀਆਂ ਸ਼ਹਾਦਤਾਂ ਦੀ ਬੇਅੰਤ ਤੇ ਅਮੁੱਕ ਲੜੀ ਜਿਹੜੀ ਅੱਜ ਤੀਕ ਕਈ ਰੂਪਾਂ `ਚ ਕਾਇਮ ਹੈ ਤੇ ਉਸ ਦੀ ਦਾਸਤਾਨ, ਅਤੇ ਜਿਸ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ।

ਦਰਅਸ਼ਲ ਅਜਿਹੇ ਮਰਜੀਵੜਿਆਂ ਬਾਰੇ ਹੀ ਉਪ੍ਰੋਕਤ ਬਾਣੀ ਅਨੰਦ ਸਾਹਿਬ ਦੀ ਪਉੜੀ ਨੰ: ੨੮ `ਚ ਤੀਜੇ ਪਾਤਸਾਹ ਨੇ ਫ਼ੁਰਮਾਇਆ "ਓਸ ਨੋ ਕਿਹੁ ਪੋਹਿ ਨ ਸਕੀ, ਜਿਸ ਨਉ ਆਪਣੀ ਲਿਵ ਲਾਵਏ॥ ਆਪਣੀ ਲਿਵ ਆਪੇ ਲਾਏ, ਗੁਰਮੁਖਿ ਸਦਾ ਸਮਾਲੀਐ…." ਉਪ੍ਰੰਤ ਹੱਥਲੀ ਪਉੜੀ ੨੯ `ਚ ਵੀ ਵਿਸ਼ੇ ਨੂੰ ਹੋਰ ਸਪਸ਼ਟ ਕੀਤਾ ਤੇ ਫ਼ੁਰਮਾਇਆ "ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ" ਅਸਲ `ਚ ਉਨ੍ਹਾਂ ਬੇਅੰਤ ਹਸਤੀਆਂ ਨੇ ਉਸੇ ‘ਤ੍ਰੈ ਗੁਣੀ ਮਾਇਆ’ `ਚ ਵਿਚਦਿਆਂ ਹੋਇਆਂ ਵੀ ਉਸੇ ਆਤਮਕ ਆਨੰਦ ਨੂੰ ਹੀ ਮਾਣਿਆ ਹੈ।

ਭਾਵ : — "ਓਸ ਨੋ ਕਿਹੁ ਪੋਹਿ ਨ ਸਕੀ, ਜਿਸ ਨਉ ਆਪਣੀ ਲਿਵ ਲਾਵਏ॥ ਆਪਣੀ ਲਿਵ ਆਪੇ ਲਾਏ, ਗੁਰਮੁਖਿ ਸਦਾ ਸਮਾਲੀਐ…" ਅਨੁਸਾਰ ਸ਼ਬਦ-ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੀ ਸੁਰਤਿ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਤੇ ਸੰਸਾਰ `ਚ ਵਿਚਰਦਿਆਂ ਵੀ ਪ੍ਰਭੂ ਦੇ ਚਰਨਾਂ `ਚ ਜੁੜੀ ਰਹਿੰਦੀ ਹੈ ਉਨ੍ਹਾਂ ਦੇ ਜੀਵਨ ਅੰਦਰ ਆਤਮਕ ਆਨੰਦ ਵੀ ਸਦਾ ਲਈ ਹੀ ਬਣਿਆ ਰਹਿੰਦਾ ਹੈ।

ਸਪਸ਼ਟ ਹੋਇਆ ਕਿ ਉਂਝ ਤਾਂ ਸੰਸਾਰ `ਚ ਜੰਮਦੇ ਸਾਰ, ਮਾਂ ਪਿਉ ਆਦਿ ਦੇ ਪਿਆਰ ਦੇ ਰੂਪ `ਚ ਹੀ ਤ੍ਰੈ ਗੁਣੀ ਮਾਇਆ, ਜੀਵ ਨੂੰ ਪ੍ਰਭੂ ਦੇ ਚਰਨਾਂ ਨਾਲੋਂ ਵਿਛੋੜ ਲੈਂਦੀ ਹੈ ਤੇ ਨਵ-ਜਨਮੇ ਬੱਚੇ ਦੀ ਲਿਵ ਪ੍ਰਭੂ ਚਰਣਾਂ ਨਾਲੋਂ ਟੁੱਟ ਜਾਂਦੀ ਹੈ। ਪਰ "ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ" ਜਿਹੜੇ ਆਪਣੇ ਜੀਵਨ ਦੌਰਾਨ ਮੁੜ ਸ਼ਬਦ-ਗੁਰੂ ਦੀ ਸ਼ਰਨ `ਚ ਆ ਜਾਂਦੇ ਹਨ, ਸੰਸਾਰ `ਚ ਵਿਚਰਦੇ ਹੋਏ ਵੀ "ਤਿਨੀ ਵਿਚੇ ਮਾਇਆ ਪਾਇਆ", ਉਨ੍ਹਾਂ `ਤੇ ਜੀਵਨ `ਤੇ ਇਹ ਤ੍ਰੇਗੁਣੀ ਮਾਇਆ ਤੇ ਵਿਕਾਰ ਆਪਣਾ ਜ਼ੋਰ ਨਹੀਂ ਪਾ ਸਕਦੇ।

(੪) "ਰੇ ਨਰ ਗਰਭ ਕੁੰਡਲ ਜਬ ਆਛਤ, ਉਰਧ ਧਿਆਨ ਲਿਵ ਲਾਗਾ॥ ਮਿਰਤਕ ਪਿੰਡਿ, ਪਦ ਮਦ ਨਾ, ਅਹਿਨਿਸਿ ਏਕੁ, ਅਗਿਆਨੁ ਸੁ ਨਾਗਾ॥ ਤੇ ਦਿਨ ਸੰਮਲੁ ਕਸਟ ਮਹਾ ਦੁਖ, ਅਬ ਚਿਤੁ ਅਧਿਕ ਪਸਾਰਿਆ॥ ਗਰਭ ਛੋਡਿ ਮ੍ਰਿਤ ਮੰਡਲ ਆਇਆ, ਤਉ ਨਰਹਰਿ ਮਨਹੁ ਬਿਸਾਰਿਆ॥ ੧ ॥ ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ, ਭ੍ਰਮਿ ਲਾਗਾ॥ ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ॥ ੧ ॥ ਰਹਾਉ॥ …" (ਬੇਣੀ ਜੀ-ਪੰ: ੯੩)

ਪਦ ਅਰਥ: —ਗਰਭ ਕੁੰਡਲ— (ਜਨਮ ਤੋਂ ਪਹਿਲਾਂ) ਆਪਣੀ ਮਾਤਾ ਦੇ ਗਰਭ `ਚ ਤੂੰ ਕੁੰਡਲ ਵਾਂਗ ਦੋਹਰਾ ਹੋ ਕੇ ਪਿਆ ਹੋਇਆ ਸੀ, । ਆਛਤ—ਹੁੰਦਾ ਸੈਂ। ਉਰਧ—ਉੱਚਾ। ਲਿਵ—ਬ੍ਰਿਤੀ, ਸੁਰਤਿ। ਲਿਵ ਲਾਗਾ—ਉਸ ਸਮੇਂ ਤੇਰੀ ਲਿਵ ਪ੍ਰਭੂ ਨਾਲ ਲੱਗੀ ਹੋਈ ਸੀ। ਮਿਰਤਕ ਪਿੰਡਿ— ਅਰੰਭ `ਚ ਮਾਤਾ ਦੇ ਗਰਭ `ਚ ਤੇਰਾ ਸਰੀਰ ‘ਮੁਰਦਾ ਮਿੱਟੀ ਦੇ ਗੋਲੇ’ ਅਥਵਾ ਕੇਵਲ ਇੱਕ ਮਾਸ ਦੇ ਬੇਜਾਣ ਲੋਥੜੇ ਤੋਂ ਵੱਧ ਨਹੀਂ ਸੀ। ਪਦ—ਹੋਂਦ, ਹਸਤੀ। ਮਦ—ਅਹੰਕਾਰ, ਮਾਣ। ਨਾ—ਨਹੀਂ ਸੀ। ਅਹਿ—ਦਿਨ। ਨਿਸਿ—ਰਾਤ। ਏਕੁ—ਇਕੋ-ਇੱਕ ਪ੍ਰਭੂ। ਅਹਿਨਿਸਿ ਏਕੁ—ਓਦੋਂ ਤੇਰੀ ਲਿਵ ਦਿਨ-ਰਾਤ ਕੇਵਲ ਇਕੋ-ਇਕ ਪ੍ਰਭੂ ਨਾਲ ਹੀ ਜੁੜੀ ਰਹਿੰਦੀ ਸੀ। ਨਾਗਾ—ਅਣਹੋਂਦ, ਅਭਾਵ। ਅਗਿਆਨੁ ਸੁ ਨਾਗਾ—ਓਦੋਂ ਤੇਰੇ ਅੰਦਰ ਅੱਜ ਵਾਲਾ ਅਗਿਆਨਤਾ ਦਾ ਹਨੇਰਾ ਨਹੀਂ ਸੀ, ਓਦੋਂ ਤੂੰ ਜੀਵਨ ਦੇ ਅਗਿਆਨਤਾ ਵਾਲੇ ਪੱਖ ਤੋਂ ਵੀ ਅਨਜਾਣ ਸੀ। ਤੇ—ਉਹ {ਬਹੁ-ਵਚਨ}। ਸੰਮਲੁ—ਚੇਤੇ ਕਰ। ਤੇ ਦਿਨ ਸੰਮਲੁ— ਆਪਣੇ ਜਨਮ ਤੋਂ ਪਹਿਲਾਂ ਦੇ ਉਨ੍ਹਾਂ ਦਿਨਾਂ ਨੂੰ ਚੇਤੇ ਕਰ। ਪਸਾਰਿਆ—ਖਿਲਾਰਿਆ ਹੈ, ਜੀਵਨ ਨੂੰ ਜੰਜਾਲਾਂ `ਚ ਫਸਾਇਆ ਹੈ। ਛੋਡਿ—ਛੱਡ ਕੇ। ਮ੍ਰਿਤ ਮੰਡਲ—ਜਗਤ, ਸੰਸਾਰ। ਤਉ—ਜਦੋਂ। ਨਰਹਰਿ—ਪ੍ਰਮਾਤਮਾ ਨੂੰ। ਮਨਹੁ—ਮਨ ਤੋਂ। ੧।

ਅਰਥ: —ਐ ਮਨੁੱਖ! ਜਦੋਂ ਤੂੰ ਮਾਂ ਦੇ ਪੇਟ `ਚ ਕੁੰਡਲ ਵਾਂਗ ਦੋਹਰਾ ਹੋ ਕੇ ਪਿਆ ਹੋਇਆ ਸੈਂ, ਤਦੋਂ ਤੇਰੀ ਸੁਰਤ ਬਹੁਤ ਉੱਚੀ ਤੇ ਪ੍ਰਭੂ ਨਾਲ ਜੁੜੀ ਰਹਿੰਦੀ ਸੀ। ਓਦੋਂ ਤੈਨੂੰ ਆਪਣੇ ਸਰੀਰ ਦੀ ਹੋਂਦ ਦਾ ਵੀ ਅਹੰਕਾਰ ਨਹੀਂ ਸੀ, ਭਾਵ ਓਦੋਂ ਅਹੰਕਾਰ ਤਾਂ ਦੂਰ, ਓਦੋਂ ਤੂੰ ਇੱਕ ਮਾਸ ਦੇ ਮੁਰਦਾ ਲੋਥੜੇ ਦੇ ਰੂਪ `ਚ ਸੈਂ ਤੇ ਤੈਨੂੰ ਆਪਣੀ ਹੋਂਦ ਦਾ ਵੀ ਗਿਆਨ ਨਹੀਂ ਸੀ। ਇਸੇ ਲਈ ਓਦੋਂ ਤੇਰੇ ਅੰਦਰ ਅਜੋਕੀ ਅਗਿਆਨਤਾ ਦੀ ਵੀ ਅਣਹੋਂਦ ਸੀ ਤੇ ਅਹੰਕਾਰ ਵੀ ਨਹੀਂ ਸੀ ਪਰ (ਪ੍ਰਭੂ ਦੀ ਆਪਣੀ ਨਿਹਰ ਸਦਕਾ) ਦਿਨ ਤੇ ਰਾਤ ਹਰ ਸਮੇਂ ਤੇਰੀ ਲਿਵ ਪ੍ਰਭੂ ਨਾਲ ਹੀ ਜੁੜੀ ਰਹਿੰਦੀ ਸੀ।

ਤਾਂ ਤੇ ਐ ਮਨੁੱਖ! ਤੂੰ ਆਪਣੇ ਜੀਵਨ ਦੇ ਉਹ ਦਿਨ ਚੇਤੇ ਕਰ ਜਦੋਂ ਸਰੀਰ ਕਰਕੇ (ਮਾਤਾ ਦੇ ਗਰਭ ਵਿੱਚਲਾ) ਤੇਰਾ ਉਹ ਸਮਾਂ ਮੂਲ਼ ਰੂਪ `ਚ ਤੇਰੇ ਲਈ ਅੱਤ ਦੇ ਕਲੇਸ਼ਾਂ ਤੇ ਤਕਲੀਫ਼ਾਂ ਭਰਿਆ ਸੀ (ਪਰ ਓਦੋਂ ਪ੍ਰਭੂ ਨੇ ਆਪ ਬਹੁੜੀ ਕਰਕੇ ਤੈਨੂੰ ਉਨ੍ਹਾਂ ਦੁਖਾ-ਕਲੇਸ਼ਾਂ ਤੇ ਤਕਲੀਫ਼ਾਂ ਦਾ ਅਹਿਸਾਸ ਵੀ ਨਹੀਂ ਸੀ ਹੋਣ ਦਿੱਤਾ) ਜਦਕਿ (ਸੰਸਾਰ `ਚ ਆ ਕੇ) ਹੁਣ ਤੂੰ ਆਪਣੇ ਉਸ ਮਨ ਨੂੰ (ਤੇਰਾ ਉਹੀ ਮਨ ਜਿਹੜਾ ਓਦੋਂ ਹਰ ਸਮੇਂ ਪ੍ਰਭੂ ਦੀ ਮਿਹਰ ਤੇ ਬਹੁੜੀ ਸਦਕਾ, ਪ੍ਰਭੂ ਦੇ ਚਰਨਾਂ `ਚ ਹੀ ਜੁੜਿਆ ਰਹਿੰਦਾ ਸੀ) ਹੁਣ ਤੂੰ ਉਸਨੁੰ ਬਹੁਤ ਜ਼ਿਆਦਾ ਦੁਨੀਆ ਦੇ ਜੰਜਾਲਾਂ `ਚ ਫਸਾ ਰੱਖਿਆ ਹੈ।

ਦਰਅਸਲ ਮਾਤਾ ਦੇ ਪੇਟ ਅਥਵਾ ਗਰਭ ਨੂੰ ਛੱਡ ਕੇ ਜਦੋਂ ਦਾ ਤੂੰ ਸੰਸਾਰ `ਚ ਆਇਆ ਹੈਂ, ਓਦੋਂ ਤੋਂ ਹੀ ਤੂੰ ਆਪਣੇ ਜਨਮਦਾਤੇ ਨਿਰੰਕਾਰ ਨੂੰ ਭੁਲਾ ਦਿੱਤਾ ਹੋਇਆ ਹੈ। ੧।

ਫਿਰਿ ਪਛੁਤਾਵਹਿਗਾ ਮੂੜਿਆ, ਤੂੰ ਕਵਨ ਕੁਮਤਿ ਭ੍ਰਮਿ ਲਾਗਾ॥ ਚੇਤਿ ਰਾਮੁ, ਨਾਹੀ ਜਮਪੁਰਿ ਜਾਹਿਗਾ, ਜਨੁ ਬਿਚਰੈ ਅਨਰਾਧਾ॥ ੧॥ ਰਹਾਉ॥

ਪਦ ਅਰਥ: —ਮੂੜਿਆ—ਹੇ ਮੂਰਖ ਮਨੁੱਖ! ਕਵਨ ਕੁਮਤਿ—ਕਿਹੜੀ ਭੈੜੀ ਮੱਤ? ਭ੍ਰਮਿ—ਭੁਲੇਖੇ `ਚ। ਚੇਤਿ—ਯਾਦ ਕਰ, ਚੇਤੇ ਕਰ। ਨਾਹੀ—ਨਹੀਂ ਤਾਂ। ਜਮਪੁਰਿ ਜਾਹਿਗਾ—ਇਸੇ ਤੋਂ ਪ੍ਰਾਪਤ ਮਨੁੱਖਾ ਜਨਮ ਦੇ ਬਿਰਥਾ ਹੋਣ ਕਾਰਣ ਤੇ ਇਸ ਦੌਰਾਨ ਹਉਮੈ-ਵੱਸ ਕੀਤੇ ਚੰਗੇ ਤੇ ਮਾੜੇ ਸਮੂਹ ਕਰਮਾਂ ਦੇ ਆਧਾਰ `ਤੇ, ਜਦੋਂ ਤੈਨੂੰ ਫ਼ਿਰ ਤੋਂ ਉਨ੍ਹਾਂ ਹੀ ਭਿੰਨ-ਭਿੰਨ ਤੇ ਬਾਰ-ਬਾਰ ਦੀਆਂ ਜੂਨਾਂ-ਜਨਮਾਂ ਤੇ ਗਰਭਾਂ ਰੂਪ ਕੋਠੜੀਆਂ `ਚ ਪੈਣਾ ਪਿਆ ਤਾਂ ਤੈਨੂੰ ਪਛਤਾਉਣਾ ਪਵੇਗਾ ਪਰ ਓਦੋਂ ਤੇਰਾ ਕੁੱਝ ਵੀ ਵੱਸ ਨਹੀ ਚਲੇਗਾ, ਤੇ ਉਹ ਸਭ ਤੈਨੂੰ ਭੌਗਣਾ ਹੀ ਪਵੇਗਾ। ਜਨੁ—ਜਾਨੋ, ਮਾਨੋ। ਅਨਰਾਧਾ— (ਅਨਿਰੁੱਧ), ਅਮੋੜ। ੧। ਰਹਾਉ।

ਅਰਥ: —ਹੇ ਮੂਰਖ ਮਨੁੱਖ! ਤੂੰ ਕਿਹੜੀ ਕੁਮੱਤ ਤੇ ਕਿਹੜੇ ਭੁਲੇਖੇ `ਚ ਪਿਆ ਹੈਂ? ਸਮਾ ਹੱਥੋਂ ਗਵਾ ਕੇ ਭਾਵ ਪ੍ਰਾਪਤ ਮਨੁੱਖਾ ਜਨਮ ਵਾਲੇ ਇਸ ਦੁਰਲਭ ਅਵਸਰ ਦੇ ਹਥੌਂ ਨਿਕਲ ਜਾਣ ਅਤੇ ਇਸਦੇ ਬਿਰਥਾ ਹੋ ਜਾਣ ਬਾਅਦ, ਇਸ ਪ੍ਰਾਪਤ ਮਨੁੱਖਾ ਜਨਮ ਦੌਰਾਨ ਹਉਮੈ-ਵੱਸ ਕੀਤੇ ਚੰਗੇ ਤੇ ਮਾੜੇ ਸਮੂਹ ਕਰਮਾਂ ਦੇ ਆਧਾਰ `ਤੇ, ਜਦੋਂ ਤੈਨੂੰ ਫ਼ਿਰ ਤੋਂ ਜਮਪੁਰ ਭਾਵ ਮੁੜ ਉਨ੍ਹਾਂ ਹੀ ਭਿੰਨ-ਭਿੰਨ ਤੇ ਬਾਰ-ਬਾਰ ਦੀਆਂ ਜੂਨਾਂ-ਜਨਮਾਂ ਤੇ ਗਰਭਾਂ ਰੂਪ ਕੋਠੜੀਆਂ `ਚ ਪੈਣਾ ਪਏਗਾ ਤਾਂ ਤੁੰ ਪਛਤਾਵੇਂਗਾ ਪਰ ਓਦੋਂ ਤੇ ਉਸ ਸਮੇਂ ਤੇਰਾ ਕੁੱਝ ਵੀ ਵੱਸ ਨਹੀ ਚਲੇਗਾ ਤੇ ਉਹ ਸਭ ਤੈਨੂੰ ਭੌਗਣਾ ਹੀ ਪਵੇਗਾ।

ਜਦਕਿ ਹੁਣ ਮਨੁੱਖਾ ਜਨਮ ਦੌਰਾਨ ਜਦੋਂ ਤੇਰੇ ਕੋਲ ਸੰਭਲਣ ਤੇ ਸ਼ਬਦ-ਗੁਰੂ ਦੀ ਕਮਾਈ ਰਾਹੀਂ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣ ਤੇ ਵਾਪਿਸ ਪ੍ਰਭੂ `ਚ ਅਭੇਦ ਹੋਣ ਲਈ ਸੁਭਾਗਾ ਸਮਾਂ ਵੀ ਹੈ ਪਰ ਹੁਣ ਤੂੰ ਕੁੱਝ ਵੀ ਸਮਝਣ ਨੂੰ ਤਿਆਰ ਨਹੀਂ ਤੇ ਜੀਵਨ `ਚ ਇਉਂ ਵਿਚਰ ਰਿਹਾ ਹੈ ਜਿਵੇਂ ਕੋਈ ਅਮੋੜ ਬੰਦਾ, ਭਾਵ ਕਿਸੇ ਤੋਂ ਤੂੰ ਕੋਈ ਵੀ ਅਜਿਹੀ ਸੀਖ ਲੈਣ ਤੇ ਸੁਨਣ ਨੂੰ ਤਿਆਰ ਨਹੀਂ ਜਿਹੜੀ ਤੈਨੂੰ ਜੀਵਨ ਦੇ ਸਿਧੇ ਰਾਹ ਪਾ ਦੇਵੇ ਤੇ ਤੇਰਾ ਪ੍ਰਾਪਤ ਜਨਮ ਸਫ਼ਲ ਹੋ ਜਾਵੇ। ਰਹਾਉ।

ਨੋਟ- ਗਹੁ ਨਾਲ ਅਰਥ ਸਮਝੇ ਜਾਣ ਤਾਂ ਚਲ ਰਹੇ ਪ੍ਰਕਰਣ "ਮਾਤ ਗਰਭ ਮਹਿ ਆਪਨ ਸਿਮਰਨੁ ਦੇ…" ਅਨੁਸਾਰ ਇਥੇ ਭਗਤ ਬੇਣੀ ਜੀ ਦੇ ਉਪ੍ਰੋਕਤ ਸ਼ਬਦ ਦਾ ਆਰੰਭਕ ਬੰਦ "ਰੇ ਨਰ ਗਰਭ ਕੁੰਡਲ ਜਬ ਆਛਤ, ਉਰਧ ਧਿਆਨ ਲਿਵ ਲਾਗਾ॥ ਮਿਰਤਕ ਪਿੰਡਿ, ਪਦ ਮਦ ਨਾ, ਅਹਿਨਿਸਿ ਏਕੁ, ਅਗਿਆਨੁ ਸੁ ਨਾਗਾ॥ ਤੇ ਦਿਨ ਸੰਮਲੁ ਕਸਟ ਮਹਾ ਦੁਖ…" ਚਲਦੇ ਵਿਸ਼ੇ ਨੂੰ ਸਪਸ਼ਟ ਕਰਣ ਲਈ ਕਾਫ਼ੀ ਤੇ ਸਪਸ਼ਟ ਹੈ। (ਚਲਦਾ) #416P-IVs04.16.02s16#vvv

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.416 P-IV

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਭਾਗ ਚੌਥਾ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly @ Rs 350/-(but in rare cases @ Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.