.

ਸ਼ਹੀਦ

ਆਮ ਪੜ੍ਹਨ ਸੁਣਨ ਵਿੱਚ ਆਉਂਦਾ ਹੈ ਕਿ ਜੋ ਧਰਮ, ਦੇਸ਼ ਜਾਂ ਕੌਮ ਲਈ ਮਰ ਮਿਟਦੇ ਹਨ, ਕੁਰਬਾਨ ਹੋ ਜਾਂਦੇ ਹਨ ਜਾਂ ਜੋ ਮੰਨੇ ਜਾਂਦੇ ਧਰਮ ਜੁੱਧ ਵਿੱਚ ਜਾਨਾਂ ਵਾਰ ਦਿੰਦੇ ਹਨ ਉਹਨਾਂ ਨੂੰ ਸ਼ਹੀਦਾਂ ਦੇ ਖਿਤਾਬ ਨਾਲ ਨਿਵਾਜਿਆ ਜਾਂਦਾ ਹੈ ਪਰ ਧਰਮ ਅਤੇ ਜੁੱਧ ਦੋ ਆਪਾ ਵਿਰੋਧੀ ਸ਼ਬਦ ਹਨ:

  1. ਧਰਮ ਪਿਆਰ ਪੈਦਾ ਕਰਦਾ ਹੈ ਪਰ ਜੁੱਧ ਨਫਰਤ ਫੈਲਾਉਂਦਾ ਹੈ
  2. ਧਰਮ ਵਿੱਚ ਸੱਭ ਮੀਤ ਹਨ ਪਰ ਜੁੱਧ ਵਿੱਚ ਸੱਭ ਵੈਰੀ ਹੀ ਵੈਰੀ ਹਨ।
  3. ਧਰਮ ਆਪਾ ਸਮਰਪਣ ਹੈ ਪਰ ਜੁੱਧ ਹਮਲਾਵਰ ਹੈ।
  4. ਧਰਮ ਵਿੱਚ ਏਕਤਾ ਹੈ ਪਰ ਜੁੱਧ ਵਿੱਚ ਖੰਡਣਤਾ ਹੈ।
  5. ਧਰਮ ਸੁਤੰਤ੍ਰ ਕਰਦਾ ਹੈ ਪਰ ਜੁੱਧ ਗੁਲਾਮ ਬਣਾਂਦਾ ਹੈ।
  6. ਧਰਮ ਵਿੱਚ ਖਿਮਾ ਹੈ ਪਰ ਜੁੱਧ ਵਿੱਚ ਬਦਲਾ ਹੈ।
  7. ਧਰਮ ਨਿਮਰਤਾ ਹੈ, ਜੁੱਧ ਹੰਕਾਰ ਹੈ।
  8. ਧਰਮ ਨਿਰਵੈਰ ਬਣਾਉਂਦਾ ਹੈ ਪਰ ਜੁੱਧ ਵੈਰੀ ਬਣਾਉਂਦਾ ਹੈ।
  9. ਧਰਮ ਵਿਸ਼ਾਲਤਾ ਹੈ ਪਰ ਜੁੱਧ ਕੱਟੜਤਾ ਹੈ।
  10. ਧਰਮ ਨਿਰਭਉ ਕਰਦਾ ਹੈ ਪਰ ਜੁੱਧ ਭਉ ਪੈਦਾ ਕਰਦਾ ਹੈ।

ਇਸ ਲਈ ਇਹਨਾਂ ਦਾ ਆਪਸ ਵਿੱਚ ਕੋਈ ਮੇਲ ਜੋਲ ਨਹੀ, ਦੋਵੇਂ ਸ਼ਬਦ ਆਪਾ ਵਿਰੋਧੀ ਹਨ, ਧਰਮ ਅੰਦਰੂਨੀ ਹੈ ਪਰ (ਸੰਸਾਰੀ) ਜੁੱਧ ਬਾਹਰੀ ਹੈ, "ਧਰਮ ਜੁੱਧ" ਕੋਈ ਨਹੀ ਹੋ ਸਕਦਾ ਤੇ ਅਗਰ ਧਰਮ, ਜੁੱਧ ਹੀ ਨਹੀ ਹੋ ਸਕਦਾ ਤਾਂ ਉਸ (ਧਰਮ ਜੁੱਧ) ਵਿੱਚ ਕੋਈ ਸ਼ਹੀਦ ਕਿਵੇਂ ਹੋ ਸਕਦਾ ਹੈ? ਧਰਮ, ਜੋ ਪਿਆਰ ਤੇ ਏਕਤਾ ਦਾ ਜੀਵਨ ਸਖਾਉਂਦਾ ਹੈ, ਦੇ ਨਾਮ ਤੇ ਅਖੌਤੀ ਤੇ ਬਾਹਰੀ ਧਰਮ ਜੁੱਧ ਵਿੱਚ ਹਮਲਾਵਰ ਹੋਣ ਵਾਲੇ ਨੂੰ ਡਾਕੂ, ਲੁਟੇਰਾ ਜਾਂ ਡਕੈਤ ਹੀ ਕਿਹਾ ਜਾ ਸਕਦਾ ਹੈ। ਆਪਣੀ ਜਾਨ ਦੀ ਸੁਰੱਖਿਆਂ ਕਰਨੀ ਹਰ ਜੀਵ ਦਾ ਕੁਦਰਤੀ ਸੁਭਾਉ ਹੈ ਇਸ ਲਈ ਜਾਨੀ ਹਮਲਿਆਂ ਤੋਂ ਬਚਾਉ ਕਰਨਾ ਤਾਂ ਉਚਿਤ ਹੈ ਪਰ ਵਿਕਾਰਾਂ ਵਸ ਹੋ ਕੇ ਧਰਮ ਦੇ ਨਾਮ ਤੇ ਹਮਲਾਵਰ ਹੋਣਾ ਅਧਰਮ, ਅਗਿਆਨਤਾ, ਖੁਦਗਰਜ਼ੀ ਤੇ ਬਦਨੀਤੀ ਹੈ। ਸਿੱਖ ਜਗਤ ਵਿੱਚ ਸ਼ਹੀਦਾਂ ਦੀ ਬੜੀ ਮਹਾਨਤਾ ਹੈ ਪਰ ਬੜੀ ਅਜੀਬ ਗਲ ਹੈ ਕਿ ਗੁਰਬਾਣੀ, ਜੋ ਸਿੱਖੀ ਦਾ ਮੁੱਢ ਹੈ, ਵਿੱਚ ਇਹਨਾਂ ਦੀ ਮਹੱਤਾ ਦਾ ਕੋਈ ਜ਼ਿਕਰ ਹੀ ਨਹੀ ਮਿਲਦਾ। ਅਗਰ ਗੁਰਬਾਣੀ ਅਨੁਸਾਰ ਬਾਹਰੀ ਜੁੱਧ ਵਿੱਚ ਮਰ ਮਿਟਣ ਵਾਲੇ ਦੀ ਕੋਈ ਮਹੱਤਾ ਨਹੀ ਦਰਸਾਈ ਗਈ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜੁੱਧ ਜਾਂ ਉਸ ਵਿੱਚ ਜਾਨਾਂ ਵਾਰਨ ਵਾਲੇ, ਧਰਮ ਦਾ ਕੋਈ ਵਿਸ਼ਾ ਨਹੀ ਹੋ ਸਕਦੇ। ਧਰਮ ਮਨੁੱਖਤਾ ਦੇ ਮਣਕਿਆਂ ਨੂੰ ਪਰੋਂਦਾ ਹੈ, ਬਖੇਰਦਾ ਨਹੀ, ਇਸ ਲਈ ਜੋ ਕਰਮ ਮਨੁੱਖਤਾ ਵਿੱਚ ਵੰਡੀਆ ਪਾ ਕੇ, ਮਨੁੱਖਤਾ ਦੀ ਮਾਲਾ ਦੇ ਮਣਕਿਆਂ ਨੂੰ ਬਖੇਰਦਾ ਹੈ ਉਹ ਕਦਾਚਿੱਤ ਧਰਮ ਨਹੀ ਹੋ ਸਕਦਾ। ਗੁਰਬਾਣੀ ਵਿੱਚ ਸ਼ਹੀਦ ਸ਼ਬਦ ਦੋ ਵਾਰ ਵਰਤਿਆ ਪੜ੍ਹਿਆ ਹੈ (1) ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥ ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥ 53  (2) ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ ॥ ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ ॥੨ 1293

ਪਰ ਉਥੇ ਇਸਲਾਮ ਧਰਮ ਦੀਆਂ ਪ੍ਰਚਲਤ ਮਨੌਤਾਂ ਦਾ ਹੀ ਵਰਨਨ ਹੈ ਸ਼ਹੀਦ ਦੀ ਵਿਆਖਿਆ ਨਹੀ।

ਸ਼ਹੀਦ ਸ਼ਬਦ ਅਰਬੀ ਦਾ ਮੰਨਿਆ ਜਾਂਦਾ ਹੈ ਜਿਸ ਦਾ ਕੋਸ਼ ਅਰਥ "ਗਵਾਹ" ਹੈ ਪਰ ਇਸਲਾਮ ਧਰਮ ਵਿੱਚ ਵੀ ਅੱਜ ਤਾਈਂ ਇਸ ‘ਸ਼ਹੀਦ ਪਦ ਦੇ ਅਰਥਾਂ ਦੀ ਸਹਿਮਤੀ ਨਹੀ ਹੋਈ। ਇੱਕ ਇਸਲਾਮੀ ਧਿਰ ਕੁਰਾਨ ਦੀ ਇੱਕ ਆਇਤ ਅਨੁਸਾਰ ਇਸ ਦੇ ਅਰਥ "ਗਵਾਹ" ਮੰਨਦੀ ਹੈ ਜਿਵੇਂ: ਅਸੀਂ ਨਿਰਸੰਦੇਹ ਤੈਨੂੰ (ਆਪਣੇ ਗੁਣਾਂ ਵਾਸਤੇ) ਗਵਾਹ (ਸ਼ਹੀਦ) ਤੇ ਸ਼ਰਧਾਲੂਆਂ ਲਈ) ਖੁਸ਼ਖਬਰੀ ਦੇਣ ਵਾਲਾ ਅਰਥਾਤ ਇਨਕਾਰੀਆਂ ਨੂੰ ਹੁਸ਼ਿਆਰ ਕਰਨ ਵਾਲਾ ਬਣਾ ਕੇ ਭੇਜਿਆ ਹੈ। ਸੂਰਾ48 (ਅਲ ਫਹਹ) ਆਇਤ 9 ਅਤੇ ਦੂਜੀ ਧਿਰ ਕੁਰਾਨ ਦੀ ਇੱਕ ਹੋਰ ਆਇਤ ਨੂੰ ਮੁੱਖ ਰੱਖ ਕੇ ਸ਼ਹੀਦ ਦੀ ਵਿਆਖਿਆ ਨੂੰ ਜੁੱਧ ਵਿੱਚ ਕੁਰਬਾਨ ਹੋਣ ਵਾਲੇ ਲਈ ਵਰਤਦੀ ਹੈ। ਜੋ ਲੋਕ ਅੱਲ੍ਹਾ ਦੇ ਰਾਹ ਵਿੱਚ ਮਾਰੇ ਗਏ, ਤੁਸੀਂ ਉਹਨਾਂ ਨੂੰ ਕਦੇ ਵੀ ਮੁਰਦੇ ਨਾ ਸਮਝੋ, ਉਹ ਤਾਂ ਆਪਣੇ ਸਿਰਜਨਹਾਰ ਦੇ ਹਜ਼ੂਰ ਜਿਉਂਦੇ ਹਨ, (ਅਤੇ) ਉਹਨਾਂ ਨੂੰ ਰੋਜ਼ੀ ਵੀ ਦਿੱਤੀ ਜਾਂਦੀ ਹੈ। ਸੂਰਾ 3 (ਅਲ ਇਮਰਾਨ) ਆਇਤ 169 (ਕੁਰਾਨ ਦੀਆਂ ਆਇਤਾਂ ਇਸ ਲਈ ਵਰਤੀਆਂ ਹਨ ਕਿਉਂਕਿ ਸ਼ਹੀਦ ਸ਼ਬਦ ਇਸਲਾਮ ਵਲੋਂ ਆਇਆ ਹੈ) ਹੁਣ ਅੱਲ੍ਹਾ ਦੇ ਗੁਣਾਂ ਦਾ "ਗਵਾਹ" ਜਾਂ ਅੱਲ੍ਹਾ ਦੇ ਰਾਹ ਤੇ ਚਲਣਾ ਤਾਂ ਉਹਦੇ ਨਾਲ ਸਾਂਝ ਪਾਉਣੀ ਹੈ, ਉਹਦੇ ਹੁਕਮ ਵਿੱਚ ਚਲਕੇ ਉਹਦੇ ਗੁਣਾਂ ਦਾ ਧਾਰਨੀ ਹੋ ਕੇ ਉਹਦੇ ਵਰਗਾ ਹੀ ਬਣਨ ਦੀ ਕੋਸ਼ਿਸ਼ ਹੈ। ਇਹਨਾਂ ਦੋਨਾ ਆਇਤਾਂ ਵਿੱਚ ਬਾਹਰੀ ਜੁੱਧ ਦਾ ਕੋਈ ਵਰਨਨ ਨਹੀ ਹੈ ਕਿਉਂਕਿ ਉਹ ਅੱਲ੍ਹਾ ਦਾ ਰਾਹ ਨਹੀ ਹੈ ਪਰ ਕੱਟੜਵਾਧੀਆਂ ਨੇ ਆਪਣੇ ਲਾਭ ਲਈ ‘ਸ਼ਹੀਦ’ ਸ਼ਬਦ ਦੀ ਦੁਰਵਰਤੋਂ ਕੀਤੀ ਹੈ। ਇੰਟਰਨੈਟ ਤੇ ਕੁਰਾਨ ਦੇ ਵਿਦਵਾਨ ਖੋਜੀਆਂ ਵਲੋਂ ਜੁੱਧ ਵਿੱਚ ਹੋਏ ਸ਼ਹੀਦ ਸ਼ਬਦ ਦੇ ਅਰਥ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ ਹੈ। ਇਸਲਾਮ ਧਰਮ ਵਿੱਚ ਇੱਕ ਧਿਰ ਵਲੋਂ ਮੰਨੇ ਜਾਂਦੇ "ਸ਼ਹੀਦ" ਸ਼ਬਦ ਦੇ ਅਰਥ ਦਾ ਕੁਰਾਨ ਵਿੱਚ ਵਰਤੇ ਗਏ ਅਰਥਾਂ ਨਾਲ ਕੋਈ ਤਾਲ ਮੇਲ ਨਹੀ ਹੈ। ਦੂਸਰੇ ਪਾਸੇ, ਅਗਰ ਮੈਦਾਨੇ ਜੰਗ ਵਿੱਚ ਮਰ ਮਿਟਣ ਵਾਲੇ ਨੂੰ ਸ਼ਹੀਦ ਮੰਨ ਵੀ ਲਿਆ ਜਾਏ, ਤਾਂ ਇਹ ਸ਼ਹੀਦ ਦੀ ਪਦਵੀ ਉਸ ਨੂੰ ਕੌਣ ਪ੍ਰਦਾਨ ਕਰਦਾ ਹੈ? ਮਸਾਲ ਦੇ ਤੌਰ ਤੇ ਦੋ ਧਿਰਾਂ ਮੈਦਾਨੇ ਜੰਗ ਵਿੱਚ ਜੂਝ ਰਹੀਆਂ ਹਨ, ਦੋਵੇਂ ਪਾਸਿਉਂ ਹੀ ਜੋਧੇ ਆਪਣੇ ਆਪਣੇ ਇਮਾਨ, ਦੇਸ਼ ਤੇ ਕੌਮ ਦੀ ਰੱਖਿਆ ਲਈ ਜਾਨਾਂ ਵਾਰ ਰਹੇ ਹਨ। ਜੋ ਇੱਕ ਧਿਰ ਲਈ ਸ਼ਹੀਦ ਮੰਨੇ ਜਾਂਦੇ ਹਨ ਉਹ ਦੂਸਰੀ ਧਿਰ ਲਈ ਵੈਰੀ, ਕਾਫਰ, ਹਤਿਆਰੇ ਤੇ ਜ਼ਾਲਮ ਮੰਨੇ ਜਾਂਦੇ ਹਨ, ਤਾਂ ਫਿਰ ਇਹਨਾਂ ਵਿੱਚੋਂ ਅਸਲੀ ਸ਼ਹੀਦ ਦੀ ਪਦਵੀ ਕੌਣ ਤੇ ਕਿਵੇਂ ਤਹਿ ਕਰਦਾ ਹੈ? ਬਾਹਰੀ ਜੁੱਧ ਵਿੱਚ ਜਾਨਾਂ ਵਾਰਨ ਵਾਲਿਆਂ ਨੂੰ ਸ਼ਹੀਦ ਮੰਨ ਕੇ ਮਹਾਨਤਾ ਦਿੱਤੀ ਜਾਂਦੀ ਹੈ, ਪਰ ਗੁਰਬਾਣੀ ਵਿੱਚ ਇਹਨਾਂ ਦੀ ਮਹੱਤਾ ਦਾ ਵਰਨਨ ਕਿਤੇ ਨਹੀ ਮਿਲਦਾ। ਗੁਰਬਾਣੀ ਦਾ ਫੁਰਮਾਨ ਤਾਂ ਇਹ ਹੈ: ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥ ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥ ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥ ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥ 467 ਧਰਮ ਵਿੱਚ ਨਿਸਫਲ ਕਰਮਾਂ ਦਾ ਜ਼ਿਕਰ ਕਰਦਿਆਂ ਗੁਰਬਾਣੀ ਦਾ ਫੁਰਮਾਨ ਹੈ ਕਿ ਰਣਭੂਮੀ ਵਿੱਚ ਜਾ ਕੇ ਸੂਰਮਿਆਂ ਵਾਲੇ ਬੇਅੰਤ ਬਹਾਦਰੀ ਦੇ ਕਾਰਨਾਮੇ ਵਖਾਏ ਜਾਣ, ਜੰਗ ਵਿੱਚ (ਵੈਰੀ ਦੇ ਸਨਮੁੱਖ ਹੋ ਕੇ) ਜਾਨ ਦਿੱਤੀ ਜਾਏ, ਲੱਖ ਤਰਾਂ ਸੁਰਤ ਪਕਾਈ ਜਾਵੇ, ਗਿਆਨ ਚਰਚਾ, ਮਨ ਨੂੰ ਇਕਾਗਰ ਕਰਨ ਦੇ ਯਤਨ, ਧਰਮ ਪੁਸਤਕਾਂ ਦੇ ਅਨੇਕਾਂ ਪਾਠ, ਪਰ (ਹੇ ਨਾਨਕ) ਇਹ ਸਾਰੀਆਂ ਸਿਆਣਪਾਂ ਵਿਅਰਥ ਹਨ। ਸੋ, ਮੁਆਫ ਕਰਨਾ, ਮੈਦਾਨੇ ਜੰਗ ਵਿੱਚ ਬਹਾਦਰੀ ਦੇ ਕਾਰਨਾਮੇ ਵਖਾਉਣ ਵਾਲੇ ਜਾਂ ਰਣਭੂਮੀ ਵਿੱਚ ਜਾਨ ਦੇਣ ਵਾਲਿਆਂ (ਸ਼ਹੀਦਾਂ) ਦੇ ਕਰਮ ਨੂੰ ਤਾਂ ਗੁਰਬਾਣੀ ਵਿਅਰਥ ਦਰਸਾ ਰਹੀ ਹੈ। ਅਗਰ ਹਰ ਕੋਈ ਆਪਣਿਆਂ ਨੂੰ ਹੀ ਸ਼ਹੀਦ ਦਾ ਰੁਤਬਾ ਦੇਈ ਜਾਂਦਾ ਹੈ ਤਾਂ ਫਿਰ ਅਸਲ ਸ਼ਹੀਦ ਕੌਣ ਹੈ? ਕੀ ਸ਼ਹੀਦ ਦੇ ਰੁਤਬੇ ਦਾ ਮਾਪਦੰਡ ਕੇਵਲ ਸਰੀਰਕ ਮੌਤ ਹੀ ਹੈ? ਸ਼ਹੀਦ ਦਾ ਰੁਤਬਾ ਕਿਸ ਗਲ ਤੇ ਆਧਾਰਤ ਹੈ ਤੇ ਇਸ ਪਦਵੀ ਨੂੰ ਸੌਂਪਣ ਦਾ ਹੱਕ ਕਿਸ ਨੂੰ ਹੈ? ਅਗਰ ਇਹ ਰੁਤਬਾ ਦੇਣ ਦਾ ਹੱਕ ਮਨੁੱਖ ਕੋਲ ਹੈ, ਤਾਂ ਕੀ ਅੱਜ ਮਨੁੱਖ ਦੇ ਥਾਪੇ ਸ਼ਹੀਦਾਂ ਦੀਆਂ ਜੀਵਨੀਆਂ ਤੇ ਕਾਰਨਾਮਿਆਂ ਬਾਰੇ ਸ਼ੰਕੇ ਨਹੀ ਉਠ ਰਹੇ? ਭੁੱਲਣਹਾਰ ਮਨੁੱਖ ਪੂਰਨ ਸੱਚ ਨੂੰ ਜਾਨਣ ਤੋਂ ਅਸਮਰੱਥ ਹੈ ਤੇ ਇਹੀ ਕਾਰਨ ਹੈ ਕਿ ਉਹ ਗੁਰ ਪੀਰਾਂ ਦੇ ਕਹੇ ਬਚਨਾਂ ਨੂੰ ਵਿਗਾੜ ਕੇ ਆਪਣੇ ਲਾਭ ਲਈ ਵਰਤ ਰਿਹਾ ਹੈ। ਅੱਲ੍ਹਾ ਦਾ ਪੱਖ ਪੂਰਨ ਵਾਲਾ, ਉਸ ਦੇ ਰਾਹ ਤੇ ਚੱਲਣ ਵਾਲਾ ਜਾਂ ਉਸ ਦੇ ਗੁਣਾਂ ਨੂੰ ਧਾਰਨ ਕਰਨ ਵਾਲਾ ਕਦੇ ਵੀ ਹਮਲਾਵਰ ਨਹੀ ਹੋ ਸਕਦਾ ਕਿਉਂਕਿ ਹਮਲਾਵਰ ਹੋਣ ਲਈ ਹੰਕਾਰ ਅਤੇ ਕ੍ਰੋਧ (ਜੋ ਧਰਮ ਦਾ ਅੰਗ ਨਹੀ) ਦਾ ਹੋਣਾ ਜ਼ਰੂਰੀ ਹੈ। ਮਹਾ ਜੁਧ ਜੋਧ ਬਹੁ ਕੀਨ੍ਹ੍ਹੇ ਵਿਚਿ ਹਉਮੈ ਪਚੈ ਪਚਾਇ ਜੀਉ ॥ 445 ਵਿਕਾਰਾਂ ਦੀ ਭਟਕਣਾ ਹੀ ਮਹਾਨ ਜੁੱਧ ਰਚਾ ਦਿੰਦੀ ਹੈ। ਹੰਕਾਰੀ ਤੇ ਕ੍ਰੋਧੀ ਕਦੇ ਵੀ ਅੱਲ੍ਹਾ ਨੂੰ ਕਬੂਲ ਨਹੀ ਹੋ ਸਕਦਾ, ਇਹ ਕੁਰਾਨ ਦਾ ਫੈਸਲਾ ਹੈ: ਅਤੇ ਆਪਣਾ ਮੂੰਹ ਲੋਕਾਂ ਦੇ ਸਾਹਮਣੇ (ਕ੍ਰੋਧ ਨਾਲ) ਨਾ ਫੁਲਾਇਆ ਕਰ ਤੇ ਧਰਤੀ ਤੇ ਆਕੜ ਕੇ ਨਾ ਤੁਰਿਆ ਕਰ। ਬੇਸ਼ੱਕ ਅੱਲ੍ਹਾ ਕਿਸੇ ਵੀ ਅਭਿਮਾਨੀ ਤੇ ਸ਼ੇਖੀ ਖੋਰੇ ਨਾਲ ਪਿਆਰ ਨਹੀ ਕਰਦਾ। (ਸੂਰਾ 31, ਅਲ-ਲੁਕਮਾਨ, ਆਇਤ 19)। ਇਸੇ ਹੰਕਾਰ ਤੋਂ ਤਾਂ ਗੁਰਬਾਣੀ ਵੀ ਸੁਚੇਤ ਕਰਦੀ ਹੈ: ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ॥ ਭਾਉ ਭਗਤਿ ਸਿਉ ਕਾਜੁ ਨ ਕਛੂਐ ਮੇਰੋ ਕਾਮੁ ਦੀਵਾਨ ॥੧॥ ਰਾਮੁ ਬਿਸਾਰਿਓ ਹੈ ਅਭਿਮਾਨਿ ॥ 1124 ਭਾਵ: ਹੰਕਾਰ ਵਿੱਚ ਵਿੰਗੀ ਪੱਗ ਬੰਨ੍ਹਦਾ ਹੈ, ਆਕੜ ਕੇ ਤੁਰਦਾ ਹੈ, ਪਾਨ ਦੇ ਬੀੜੇ ਖਾਂਦਾ ਹੈ (ਤੇ ਆਖਦਾ ਹੈ) ਮੇਰਾ ਕੰਮ ਹੈ ਹਕੂਮਤ ਕਰਨੀ। ਮਨੁੱਖ ਹੰਕਾਰ ਵਿੱਚ ਆ ਕੇ ਪ੍ਰਭੂ ਨੂੰ ਭੁਲਾ ਦਿੰਦਾ ਹੈ। ਇਸ ਲਈ ਅਗਰ ਵਿਕਾਰੀ ਮਨੁੱਖ ਹਮਲਾਵਰ ਨਾ ਹੋਵੇ ਤਾਂ ਜੰਗ ਛਿੜ ਹੀ ਨਹੀ ਸਕਦਾ ਪਰ ਜਦੋਂ ਵਿਕਾਰਾਂ ਨੂੰ ਅਖੌਤੀ ਧਰਮ ਦੀ ਪਾਨ ਝੜਾ ਦਿੱਤੀ ਜਾਂਦੀ ਹੈ, ਜ਼ਹਿਰ ਨੂੰ ਗੁੜ ਵਿੱਚ ਲਪੇਟਿਆ ਜਾਂਦਾ ਹੈ ਤਾਂ ਇਹ ਵੈਰ, ਵਿਰੋਧਤਾ, ਘਿਰਨਾ ਬਣ ਕੇ ਮਨੁਖਤਾ ਦਾ ਘਾਤੀ ਬਣ ਜਾਂਦਾ ਹੈ।

ਜੁੱਧ ਕਿਉਂਕਿ ਧਰਮ ਦਾ ਅੰਗ ਨਹੀ ਹੈ, ਇਸ ਲਈ ਗੁਰਬਾਣੀ ਵਲੋਂ ਬਾਹਰੀ ਜੁੱਧ ਵਿੱਚ ਮਰ ਮਿਟਣ ਵਾਲੇ ਦੀ ਕੋਈ ਮਹਾਨਤਾ ਦਰਸਾਈ ਨਹੀ ਮਿਲਦੀ ਤੇ ਨਾਂ ਹੀ ਕਿਸੇ ਨੂੰ ਸ਼ਹੀਦ ਦਾ ਰੁਤਬਾ ਦਿੱਤਾ ਹੈ। ਗੁਰਬਾਣੀ ਦਾ ਉਪਦੇਸ਼ ਹੈ: ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥ ਨ ਭੀਜੈ ਕੇਤੇ ਹੋਵਹਿ ਧੂੜ ॥ ਲੇਖਾ ਲਿਖੀਐ ਮਨ ਕੈ ਭਾਇ ॥ ਨਾਨਕ ਭੀਜੈ ਸਾਚੈ ਨਾਇ ॥ 1237 ਭਾਵ: ਜੋਧੇ ਜੁੱਧ ਵਿੱਚ ਲੜਕੇ ਮਰਦੇ ਹਨ ਪਰ (ਇਸ ਤਰਾਂ ਵੀ) ਪ੍ਰਭੂ ਪ੍ਰਸੰਨ ਨਹੀ ਹੁੰਦਾ, ਕਈ ਬੰਦੇ (ਸੁਆਹ ਆਦਿਕ ਮਲ ਕੇ) ਮਿੱਟੀ ਵਿੱਚ ਲਿਬੜਦੇ ਹਨ, ਇਸ ਤਰਾਂ ਵੀ ਉਹ, ਖੁਸ਼ ਨਹੀ ਹੁੰਦਾ। ਹੇ ਨਾਨਕ ਪ੍ਰਭੂ ਪ੍ਰਸੰਨ ਤਾਂ ਹੁੰਦਾ ਹੈ ਜੇ ਉਸ ਸਦਾ ਕਾਇਮ ਰਹਿਣ ਵਾਲੇ ਦੇ ਹੁਕਮ ਵਿੱਚ ਚਲੀਏ, (ਕਿਉਂਕਿ ਜੀਵਾਂ ਦੇ ਚੰਗੇ ਮੰਦੇ ਹੋਣ ਦੀ) ਪਰਖ ਮਨ ਦੀ ਭਾਵਨਾ ਅਨੁਸਾਰ ਕੀਤੀ ਜਾਂਦੀ ਹੈ। ਇਹ ਗਲ ਭਾਵੇਂ ਬਹੁਤਿਆਂ ਨੂੰ ਚੰਗੀ ਨਾ ਲੱਗੇ ਪਰ ਗੁਰਬਾਣੀ ਦਾ ਹੀ ਫੈਸਲਾ ਹੈ ਕਿ ਜੋਧਿਆਂ ਦੇ ਲੜ ਭਿੜ ਕੇ ਮਰਨ ਨਾਲ (ਸ਼ਹੀਦ ਹੋਣ ਨਾਲ) ਪ੍ਰਭੂ ਦੀ ਪ੍ਰਸੰਨਤਾ ਪ੍ਰਾਪਤ ਨਹੀ ਹੋ ਸਕਦੀ। ਪ੍ਰਭੂ ਤੋਂ ਬਿਨਾ ਕੋਈ ਵੀ ਕਿਸੇ ਦੂਸਰੇ ਦੇ ਮਨ ਦੀ ਭਾਵਨਾ ਨੂੰ ਜਾਣ ਨਹੀ ਸਕਦਾ ਇਸ ਲਈ ਮਨ ਦੀ ਭਾਵਨਾ ਦੇ ਆਧਾਰ ਤੇ ਸ਼ਹੀਦ ਦੀ ਪਦਵੀ ਨੂੰ ਸੌਂਪਣ ਦਾ ਹੱਕ ਕੇਵਲ ਪਰਮਾਤਮਾ (ਜੋ ਸਭ ਦੀਆਂ ਮਨੋ ਭਾਵਨਾਵਾਂ ਨੂੰ ਜਾਣਦਾ ਹੈ) ਨੂੰ ਹੀ ਹੋ ਸਕਦਾ ਹੈ, ਮਨੁੱਖ ਨੂੰ ਨਹੀ। ਅਗਰ ਕੁਰਾਨ ਵਿਚੋਂ ਸ਼ਹੀਦ ਦੇ ਅਰਥ, ‘ਗਵਾਹ’ ਨੂੰ ਤਰਜੀਹ ਦਿੱਤੀ ਜਾਏ ਤਾਂ ਗੁਰਬਾਣੀ ਅਨੁਸਾਰ ਇਸ ‘ਸ਼ਹੀਦ’ ਸ਼ਬਦ ਦੇ ਅਰਥ ‘ਗੁਰਮੁਖ’ ਬਣਦੇ ਹਨ ਕਿਉਂਕਿ ਇੱਕ ਗੁਰਮੁਖ ਹੀ (ਅੱਲ੍ਹਾ ਦਾ ਪੱਖ ਪੂਰਦਾ ਹੋਇਆ) ਰੱਬੀ ਗੁਣਾਂ ਦਾ ਗਵਾਹ, ਸ਼ਰਧਾਲੂਆਂ ਲਈ ਖੁਸ਼ਖਬਰੀ ਤੇ ਇਨਕਾਰੀਆਂ ਲਈ ਹੁਸ਼ਿਆਰ ਕਰਨ ਦਾ ਕਾਰਨ, ਹੁੰਦਾ ਹੈ। ਪਰ ਅਗਰ ਆਪਣੇ ਧੜੇ ਤੇ ਮਤਲਬ ਲਈ ਤਨ ਦੀ ਕੁਰਬਾਨੀ ਦੇਣੀ ਹੀ ਸ਼ਹੀਦੀ ਪਦ ਦੀ ਪ੍ਰਾਪਤੀ ਹੈ, ਤਾਂ ਇਹਨਾਂ ਜੰਗਾਂ ਜੁੱਧਾਂ ਵਿੱਚ ਮਰ ਮਿਟਣ ਵਾਲੇ ਤਾਂ ਅਨੇਕਾਂ ਚੋਰ, ਡਾਕੂ, ਲੁਟੇਰੇ ਤੇ ਧਾੜਵੀ ਵੀ ਮੌਜੂਦ ਹੁੰਦੇ ਹਨ। ਕੀ ਇਹ ਸਾਰੇ ਜੁੱਧ ਵਿੱਚ ਮਰ ਮਿਟਣ ਵਾਲੇ ਸ਼ਹੀਦ ਪਦ ਦੇ ਅਧਿਕਾਰੀ ਮੰਨੇ ਜਾਣਗੇ? ਕੋਈ ਸ਼ਸ਼ਤ੍ਰ ਦੇ ਇਕੋ ਵਾਰ ਨਾਲ ਸ਼ਹੀਦ ਹੋ ਜਾਂਦਾ ਹੈ ਤੇ ਕੋਈ ਅਨੇਕਾਂ ਤਸੀਹੇ ਸਹਿ ਕੇ ਸ਼ਹੀਦ ਹੁੰਦਾ ਹੈ, ਕੀ ਇਹਨਾਂ ਦਾ ਰੁਤਬਾ ਇਕੋ ਹੀ ਹੈ? ਜਾਨਾਂ ਵਾਰਨ ਵਾਲੇ ਤਾਂ ਗੁਰੂ ਕਾਲ ਵਿੱਚ ਵੀ ਅਨੇਕ ਹੋਏ ਹਨ ਪਰ ਕਿਤੇ ਵੀ ਪੜ੍ਹਨ ਨੂੰ ਨਹੀ ਆਇਆ ਕਿ ਗੁਰੂ ਨੇ ਕਿਸੇ ਨੂੰ ਸ਼ਹੀਦ ਦੀ ਪਦਵੀ ਦਿੱਤੀ ਹੋਵੇ, ਸ਼ਹੀਦਾਂ ਦੀਆਂ ਮੜ੍ਹੀਆਂ ਬਣਾਈਆਂ ਹੋਵਣ, ਸ਼ਹੀਦੀ ਪੁਰਬ ਮਨਾ ਕੇ ਸ਼ਰਧਾਂਜਲੀਆਂ ਦਿੱਤੀਆਂ ਹੋਵਣ, ਸ਼ਹੀਦਾਂ ਦੇ ਬੁੱਤ ਬਣਾਏ ਹੋਵਣ, ਟਕਸਾਲਾਂ, ਡੇਰੇ ਜਾਂ ਠਾਠ ਬਣਾਏ ਹੋਵਣ, ਜਾਂ ਗੁਰਬਾਣੀ ਵਿੱਚ ਇਹਨਾਂ ਦੀ ਕੋਈ ਮਨੌਤ ਹੋਵੇ ਪਰ ਫਿਰ ਵੀ ਧਰਮ ਦੇ ਪੈਰੋਕਾਰਾਂ ਨੇ (ਆਪਣੇ ਲਾਭ ਲਈ) ਇਹਨਾਂ ਦੇ ਸਤਿਕਾਰ ਵਜੋਂ ਉਹ ਸੱਭ ਕੁਛ ਕੀਤਾ ਜੋ ਗੁਰੂ ਨੇ ਨਹੀ ਕੀਤਾ। ਟਕਸਾਲ, ਠਾਠ, ਦਰਬਾਰ ਤੇ ਡੇਰੇ ਵਾਲਿਆਂ ਨੇ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਪੁਰਬ ਮਨਾਉਣ ਦੀ ਪਿਰਤ ਇਸ ਲਈ ਪਾਈ ਤਾਂ ਕੇ ਉਹ ਇਸ ਆਧਾਰ ਤੇ ਆਪਣੇ ਮਰੇ ਅਖੌਤੀ ਸਾਧਾਂ, ਸੰਤਾਂ ਤੇ ਪੀਰਾਂ ਦੇ ਪੁਰਬ ਮਨਾ ਕੇ ਆਪਣੀਆਂ ਰੋਟੀਆਂ ਸੇਕ ਸਕਣ। ਸ਼ਹੀਦੀ ਪੁਰਬ ਮਾਇਆ ਇਕੱਠੀ ਕਰਨ ਦਾ ਵਸੀਲਾ ਬਣਾ ਲਿਆ। ਗੁਰੂ ਕਾਲ ਤੋਂ ਹੀ ਸੂਰਮਿਆਂ ਦੀ ਬਹਾਦਰੀ ਦੀਆਂ ਵਾਰਾਂ ਗਾਉਣ ਬਾਰੇ ਤਾਂ ਇਤਿਹਾਸ ਵਿੱਚ ਪੜ੍ਹਿਆ ਹੈ ਪਰ ਇਤਿਹਾਸ ਧਰਮ ਨਹੀ, ਗੁਰਬਾਣੀ (ਜੋ ਇਤਿਹਾਸ ਤੇ ਨਿਰਭਰ ਨਹੀ) ਧਰਮ ਹੈ, ਤੇ ਗੁਰਬਾਣੀ ਵਿੱਚ ਮਨੌਤੀ ਸ਼ਹੀਦਾਂ ਦਾ ਕੋਈ ਜ਼ਿਕਰ ਨਹੀ, ਕਿਉਂਕਿ ਇਹ ਧਰਮ ਦਾ ਅੰਗ ਨਹੀ ਹਨ। ਲਿਖਿਆ ਇਤਿਹਾਸ, ਲੇਖਕ ਦਾ ਆਪਣਾ ਜਾਤੀ (ਤੇ ਪੱਖਪਾਤੀ) ਨਜ਼ਰੀਆ ਹੁੰਦਾ ਹੈ ਤੇ ਜ਼ਰੂਰੀ ਨਹੀ ਕਿ ਸੱਚ ਤੇ ਪੂਰਾ ਉਤਰੇ ਪਰ ਗੁਰਬਾਣੀ ਸਭਨਾਂ ਲਈ ਸਾਂਝੀ ਤੇ ਹਰ ਪੱਖੋਂ ਸੰਪੂਰਨ ਸੱਚ ਹੈ ਜਿਸ ਵਿੱਚ ਕੋਈ ਪੱਖਪਾਤ ਨਹੀ। ਧਰਮ ਤੇ ਇਤਿਹਾਸ ਨੂੰ ਮਨੁੱਖ ਨੇ ਆਪਣੇ ਸਵਾਰਥਾਂ ਲਈ ਹੀ ਰਲਗੱਡ ਕੀਤਾ ਹੈ। ਪੜ੍ਹਨ ਵਿੱਚ ਆਇਆ ਹੈ ਕਿ ਮੌਜੂਦਾ ਸਮੇ ਵਿੱਚ ਅਨੇਕ ਸ਼ਹੀਦੀ ਪਰਵਾਰ ਗਰੀਬੀ ਹਾਲਤ ਵਿੱਚ ਰੁਲ ਰਹੇ ਹਨ ਪਰ ਇਹ ਸ਼ਹੀਦਾਂ ਦੇ ਪੁਰਬ ਮਨਾ ਕੇ ਮਾਇਆ ਇਕੱਠੀ ਕਰਨ ਵਾਲੀਆਂ ਧਾਰਮਿਕ ਸੰਸਥਾਵਾਂ ਉਹਨਾਂ ਦੀ ਮੱਦਦ ਕਰਨ ਤੋਂ ਕੰਨ ਕਤਰਾਉਂਦੀਆਂ ਹਨ।

ਅਧਿਆਤਮਿਕ ਪੱਖੋਂ ਜਿਥੇ ਸੰਸਾਰ, ਸ਼ਸ਼ਤਰਾਂ ਨਾਲ ਮੈਦਾਨੇ ਜੰਗ ਵਿੱਚ ਜੁੱਧ ਕਰਕੇ, ਕੁਰਬਾਨ ਹੋਣ ਵਾਲਿਆਂ ਨੂੰ ਸੂਰਬੀਰ, ਬਹਾਦਰ ਤੇ ਸ਼ਹੀਦ ਮੰਨਦਾ ਹੈ, ਉਥੇ ਅੰਦਰੂਨੀ ਮਨ ਦੇ ਜੁੱਧ ਵਿੱਚ ਗੁਰਗਿਆਨ ਦੀ ਖੜਗ ਨਾਲ ( ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ॥ ਤਸਕਰ ਪੰਚ ਸਬਦਿ ਸੰਘਾਰੇ ॥ ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥ 1022) ਵਿਕਾਰਾਂ ਨਾਲ ਜੁੱਧ ਕਰਕੇ ਆਪਣੀ ਮਨਮਤ ਨੂੰ ਗੁਰਮਤ ਤੋਂ ਕੁਰਬਾਨ ਕਰਨ ਵਾਲੇ ਨੂੰ ਗੁਰਬਾਣੀ ਸੂਰਬੀਰ, ਬਲੀ ਤੇ ਗੁਰਮੁਖ ਦੇ ਖਿਤਾਬ ਨਾਲ ਨਿਵਾਜਦੀ ਹੈ। ਤਨ ਦੀ ਕੁਰਬਾਨੀ ਵਾਲੇ ਸ਼ਹੀਦ ਤਾਂ ਅਨੇਕਾਂ ਹੋਏ ਹਨ ਪਰ ਮਨ (ਮਤ) ਦੀ ਕੁਰਬਾਨੀ ਵਾਲੇ ਉਂਗਲਾਂ ਤੇ ਗਿਣੇ ਜਾ ਸਕਦੇ ਹਨ। ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ ॥ ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ ॥ 404 ਕੋਈ ਵਿਰਲਾ ਹੀ ਅੇਸਾ ਬਲਵਾਨ (ਤੇ ਸੂਰਬੀਰ) ਗੁਰਮੁਖ ਹੈ ਜਿਸ ਨੇ ਗੁਰਗਿਆਨ ਦੁਆਰਾ ਕਾਮਾਦਿਕ ਪੰਜਾਂ ਸੂਰਮਿਆਂ ਨੂੰ ਮਾਰ ਲਿਆ ਹੋਵੇ। ਉਹੀ ਅਸਲੀ ਸ਼ਹੀਦ ਜਾਂ ਗੁਰਮੁਖ (ਅੱਲ੍ਹਾ ਦੇ ਗੁਣਾਂ ਦਾ ਗਵਾਹ) ਹੈ ਜਿਸ ਨੇ ਔਗਣਾਂ ਤੇ ਫਤਹਿ ਪਾ ਲਈ ਹੋਵੇ। ਧਰਮ ਦੇ ਠੇਕੇਦਾਰਾਂ ਨੇ ਧਰਮ ਨੂੰ ਮਨ ਦੀ ਬਜਾਏ ਤਨ ਤੇ ਨਿਰਭਰ ਕਰ ਦਿੱਤਾ ਹੈ ਇਸ ਲਈ "ਸ਼ਹੀਦ" ਸ਼ਬਦ ਦੀ ਗੁਰੂ ਦੀ ਵਿਆਖਿਆ ਨਾਲ ਉਹਨਾਂ ਦੀ ਕੀਤੀ ਵਿਆਖਿਆ ਨਹੀ ਮਿਲਦੀ। ਸੰਸਾਰ ਸਥੂਲ ਤਨ ਦੀ ਕੁਰਬਾਨੀ ਨੂੰ ਮਹਾਨਤਾ ਦੇ ਰਿਹਾ ਹੈ ਪਰ ਗੁਰੂ ਅਸਥੂਲ ਮਨ (ਦੁਰਮਤ) ਦੀ ਕੁਰਬਾਨੀ (ਆਪਾ ਸਮਰਪਣ) ਨੂੰ ਵਿਸ਼ੇਸ਼ਤਾ ਦਿੰਦਾ ਹੈ। ਗੁਰਬਾਣੀ ਲਈ ਮਹਾਂਬਲੀ ਸੂਰਮਾ ਤੇ ਗੁਰਮੁਖ (ਸ਼ਹੀਦ) ਉਹ ਹੈ:

 ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥ ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ ॥ 86 ਬਾਹਰ ਕਿਸੇ ਵੈਰੀ ਨੂੰ (ਤਨ ਕਰਕੇ) ਮਾਰਨ ਵਾਲੇ ਨੂੰ ਸੂਰਾ ਵਰਿਆਮ ਨਹੀ ਕਿਹਾ ਬਲਿਕੇ ਅੰਦਰੂਨੀ ਵਿਕਾਰ ਰੂਪੀ ਵੈਰੀਆਂ ਨੂੰ ਮਾਰਨ ਵਾਲੇ ਨੂੰ ਹੀ ਸੂਰਾ ਵਰਿਆਮ ਤੇ ਗੁਰਮੁਖ ਮੰਨਿਆ ਹੈ। ਸੂਰਮਾ ਤਨ ਦੇ ਆਧਾਰ ਤੇ ਨਹੀ ਬਲਿਕੇ ਮਨ ਦੇ ਆਧਾਰ ਤੇ ਮੰਨਿਆ ਹੈ।

ਸਤ ਸੰਤੋਖੀ ਸਤਿਗੁਰੁ ਪੂਰਾ ॥ ਗੁਰ ਕਾ ਸਬਦੁ ਮਨੇ ਸੋ ਸੂਰਾ ॥ 1023 ਬਾਹਰੀ ਤਨ ਦੇ ਬਲਵਾਨ ਨੂੰ ਨਹੀ ਬਲਿਕੇ ਅੰਦਰੂਨੀ, ਗੁਰੂ ਦੇ ਬਚਨਾਂ ਨੂੰ ਮੁਖ ਰੱਖਣ ਵਾਲੇ, ਮਨ ਦੇ ਬਲਵਾਨ (ਗੁਰਮੁੱਖ) ਨੂੰ ਹੀ ਸੂਰਮਾ ਕਿਹਾ ਹੈ।

ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ ॥ ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ ॥1377 ਹੇ ਕਬੀਰ, ਜੇ ਤੈਨੂੰ ਪ੍ਰਭੂ ਪਿਆਰ (ਜੋ ਧਰਮ ਸਖਾਉਂਦਾ ਹੈ) ਦੀ ਖੇਡ ਖੇਡਣ ਦੀ ਤਾਂਘ ਹੈ, ਤਾਂ ਆਪਣਾ ਸਿਰ ਵੱਡ ਕੇ ਗੇਂਦ ਬਣਾ ਕੇ (ਭਾਵ ਆਪਾ ਸਮਰਪਣ ਕਰਕੇ) ਉਸ ਖੇਡ ਵਿੱਚ ਮਸਤ ਹੋ ਜਾ। ਫਿਰ ਦੁਨੀਆਂ ਵਲੋਂ ਤੇਰੇ ਨਾਲ ਜੋ ਸਲੂਕ ਹੋਵੇ ਪਿਆ ਹੋਵੇ। ਗੁਰਬਾਣੀ ਵਿੱਚ ਕੇਵਲ ਏਸੇ ਪਰਕਾਰ ਦੀ ਸ਼ਹੀਦੀ ਦੀ ਹੀ ਮਹਾਨਤਾ ਹੈ ਜੋ ਤਨ ਦੀ ਸ਼ਹੀਦੀ ਨਾਲੋਂ ਬਹੁਤ ਕਠਨ ਹੈ ਤੇ ਲੱਖਾਂ ਵਿਚੋਂ ਕੋਈ ਵਿਰਲਾ ਹੀ ਇਸ ਗੁਰੂ ਦੇ ਬਖਸ਼ੇ "ਸ਼ਹੀਦੀ" (ਗੁਰਮੁਖ) ਪਦ ਦੀ ਪ੍ਰਾਪਤੀ ਕਰ ਪਾਉਂਦਾ ਹੈ। ਗੁਰਬਾਣੀ ਦਾ ਹੀ ਫੁਰਮਾਨ ਹੈ: ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ 1412 ਇਹ ਸਿਰ ਦੇਣ ਵਾਲਾ ਹੀ ਸ਼ਹੀਦ (ਗੁਰਮੁਖ) ਸੂਰਬੀਰ ਪਦ ਦਾ ਅਧਿਕਾਰੀ ਮੰਨਿਆ ਜਾ ਸਕਦਾ ਹੈ। ਜਦੋਂ ਗੁਰੂ ਸਿਰ ਦੀ ਮੰਗ ਕਰਦਾ ਹੈ ਤਾਂ ਉਹ ਤਨ ਦੇ ਸਿਰ ਅਰਪਣ ਦੀ ਮੰਗ ਨਹੀ ਕਰਦਾ ਬਲਿਕੇ ਮਨ ਅਰਪਣ ਦੀ, ਆਪਾ ਸਮਰਪਣ ਦੀ ਮੰਗ ਕਰਦਾ ਹੈ ਕਿਉਂਕਿ ਧਰਮ ਦਾ ਸਬੰਧ ਮਨ (ਦੇ ਵਿਕਾਰਾਂ) ਦੀ ਸ਼ਹੀਦੀ (ਕੁਰਬਾਨੀ) ਨਾਲ ਹੈ ਤਨ ਦੀ ਸ਼ਹੀਦੀ (ਕੁਰਬਾਨੀ) ਨਾਲ ਨਹੀ ਪਰ ਢਾਡੀ ਪਰਚਾਰਕ ਇਹਨਾਂ ਪੰਗਤੀਆਂ ਨੂੰ ਵੀ ਬਾਹਰਲੇ ਦੁਨਿਆਵੀ ਜੁੱਧਾਂ ਲਈ ਹੀ ਵਰਤਦੇ ਹਨ ਜੋ ਗੁਰਮਤ ਅਨੁਕੂਲ ਨਹੀ।

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥1105 ਕਬੀਰ ਜੀ ਦਾ ਇਹ ਬਾਹਰਲੇ ਜੁੱਧ ਦਾ ਦ੍ਰਿਸ਼ ਮਸਾਲ ਦੇ ਤੌਰ ਤੇ ਵਰਤਿਆ ਗਿਆ ਹੈ ਪਰ ਭਾਵ ਅੰਦਰੂਨੀ ਮਨ ਦੇ ਜੁੱਧ ਦਾ ਹੀ ਹੈ ਕਿਉਂਕਿ ਜੋ ਜਨ ਲੂਝਹਿ ਮਨੈ ਸਿਉ ਸੇ ਸੂਰੇ ਪਰਧਾਨਾ ॥ ਹਰਿ ਸੇਤੀ ਸਦਾ ਮਿਲਿ ਰਹੇ ਜਿਨੀ ਆਪੁ ਪਛਾਨਾ ॥ 1089 ਗੁਰਬਾਣੀ ਅਨੁਸਾਰ ਸੂਰਮਾ ਅੰਦਰੂਨੀ (ਮਨ ਕਰਕੇ) ਹੈ। ਜੋ ਮਨੁੱਖ ਵਿਕਾਰਾਂ ਦੇ ਟਾਕਰੇ ਵਿੱਚ ਅੜ ਖਲੋਤਾ ਹੈ ਤੇ ਅਨੇਕ ਮੁਸ਼ਕਲਾਂ ਦੇ ਬਾਵਜੂਦ ਵੀ ਉਹ ਗੁਰਮਤ ਦਾ ਬਿਖੜਾ ਪੈਂਡਾ ਨਹੀ ਛੱਡਦਾ, ਗੁਰੂ ਤੋਂ ਆਪਾ (ਮਨਮਤ) ਵਾਰ ਦਿੰਦਾ ਹੈ ਉਹੀ ਅਸਲੀ ਸੂਰਮਾ (ਗੁਰਮੁਖ ਜਾਂ ਸ਼ਹੀਦ) ਤੇ ਅੱਲ੍ਹਾ ਦੇ ਗੁਣਾਂ ਦਾ ਗਵਾਹ ਹੈ। ਇਹ ਦ੍ਰਿਸ਼ ਕਿਸੇ ਬਾਹਰੀ ਜੁੱਧ ਦਾ ਨਹੀ ਬਲਿਕੇ ਅੰਦਰੂਨੀ (ਵਿਕਾਰਾਂ ਨਾਲ) ਜੁੱਧ ਦਾ ਹੈ ਪਰ ਇਸ ਨੂੰ ਆਮ ਤੌਰ ਤੇ ਬਾਹਰੀ ਜੁੱਧਾਂ ਤੇ ਸ਼ਹੀਦਾਂ ਨਾਲ ਜੋੜ ਕੇ ਸਰੋਤਿਆਂ ਦੀਆਂ ਭਾਵਨਾਵਾਂ ਨੂੰ ਉਕਸਾਇਆ ਜਾਂ ਭੜਕਾਇਆ ਜਾਂਦਾ ਹੈ ਜੋ ਕੇ ਗੁਰਬਾਣੀ ਅਨੁਕੂਲ ਨਹੀ। ਇਹ ਵੀ ਇੱਕ ਹਕੀਕਤ ਹੈ ਕਿ ਜੋ ਕਰਮ ਪੱਖ ਪਾਤ, ਵਖਰੇਵਾਂ, ਘਿਰਨਾ, ਵੈਰ ਵਿਰੋਧਤਾ ਮਨੁੱਖੀ ਏਕਤਾ ਨੂੰ ਭੰਗ ਕਰੇ, ਉਹ ਕਦੇ ਧਰਮ ਦਾ ਅੰਗ ਨਹੀ ਹੋ ਸਕਦਾ ਕਿਉਂਕਿ ਗੁਰਬਾਣੀ ਦਾ ਉਦੇਸ਼ ਹੈ: ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ 612

ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥ ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥1299 ਪਰਾਈ ਈਰਖਾ ਤੇ ਵੈਰ ਵਿਰੋਧਤਾ ਨੂੰ ਮਨ ਵਿਚੋਂ ਕੱਢ ਦੇਣ ਵਾਲਾ, ਪ੍ਰਭੂ ਦੇ ਹੁਕਮ ਅਨੁਸਾਰ ਚਲਣ ਵਾਲਾ ਤੇ ਸਭਨਾਂ ਵਿੱਚ ਵਸਦੇ ਨੂੰ ਜਾਨਣ ਵਾਲਾ ਕਦੇ ਹਮਲਾਵਰ ਨਹੀ ਹੋ ਸਕਦਾ।

ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥ 954 ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥ 671 ਗੁਰੂ ਦੇ ਇਹ ਬਚਨ ਮਨੁੱਖਤਾ ਵਿੱਚ ਕਿਸੇ ਵੀ ਆਧਾਰ ਤੇ ਵੰਡੀਆਂ ਪਾਉਣ ਜਾਂ ਮਨੁੱਖੀ ਹਿਰਦਿਆਂ ਨੂੰ ਭੜਕਾ ਕੇ ਵੈਰ ਵਿਰੋਧ ਤੇ ਈਰਖਾ ਪੈਦਾ ਕਰਨ ਦੇ ਵਿਰੁੱਧ ਹਨ। ਗੁਰਮੁਖਿ ਵੈਰ ਵਿਰੋਧ ਗਵਾਵੈ ॥ ਗੁਰਮੁਖਿ ਸਗਲੀ ਗਣਤ ਮਿਟਾਵੈ ॥ 942 ਬਹੁਤ ਕੌਮਾਂ ਤੇ ਦੇਸ਼, ਸਤਿਕਾਰ ਵਜੋਂ ਜੰਗਾਂ ਜੁੱਧਾਂ ਵਿੱਚ ਜਾਨਾਂ ਵਾਰਨ ਵਾਲੇ ਫੌਜੀਆਂ ਦੀਆਂ ਯਾਦਗਾਰਾਂ ਬਣਾਉਂਦੇ ਤੇ ਮਨਾਉਂਦੇ ਹਨ ਜਿਸ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀ ਹੋ ਸਕਦਾ ਤੇ ਨਾ ਹੀ ਹੁੰਦਾ ਹੈ, ਕਿਉਂਕਿ ਇਹ ਕੋਈ ਧਰਮ ਦੀ ਕਿਰਿਆ ਨਹੀ, ਪਰ ਜਦੋਂ ਇਸ ਨੂੰ (ਅਖੌਤੀ) ਧਰਮ ਦੀ ਪਾਨ ਝੜਾਈ ਜਾਂਦੀ ਹੈ ਉਦੋਂ ਇਹ ਵਖਰੇਵੇਂ, ਘਿਰਨਾ, ਵੈਰ ਵਿਰੋਧ ਤੇ ਪੱਖ ਪਾਤ ਦਾ ਕਾਰਨ ਬਣ ਜਾਂਦਾ ਹੈ ਅਤੇ ਜੋ ਮਨੁਖਤਾ ਵਿੱਚ ਵਖਰੇਵੇਂ, ਘਿਰਨਾ, ਵੈਰ ਵਿਰੋਧ ਤੇ ਪੱਖ ਪਾਤ ਪੈਦਾ ਕਰੇ ਉਹ ਧਰਮ ਨਹੀ ਹੋ ਸਕਦਾ।

ਦੁਨੀਆਂ ਦੀ ਰੀਤ ਵੀ ਬੜੀ ਉਲਟੀ ਹੈ ਕਿ ਜਿਉਂਦੇ ਮਨੁੱਖ ਦੀ ਕਦਰ ਕੋਈ ਨਹੀ, ਪਿਆਰ ਕੋਈ ਨਹੀ, ਉਸ ਨਾਲ ਦਰਦ-ਦਿਲੀ ਕੋਈ ਨਹੀ ਪਰ ਮਰਨ ਉਪਰੰਤ ਉਸ ਨੂੰ ਤਗਮਿਆਂ ਨਾਲ, ਸ਼ਰਧਾਂਜਲੀਆਂ ਨਾਲ, ਮੜ੍ਹੀਆਂ ਮੂਰਤੀਆਂ ਤੇ ਸ਼ਹੀਦੀ ਖਿਤਾਬ -- ਆਦਿਕ -- ਨਾਲ ਯਾਦ ਕੀਤਾ ਜਾਂਦਾ ਹੈ। ਜਿਉਂਦਿਆਂ ਨੂੰ ਕੋਈ ਪਾਣੀ ਨਹੀ ਪੁੱਛਦਾ, ਮਰਿਆਂ ਲਈ ਲੰਗਰ, ਜਿਉਂਦਿਆਂ ਨੂੰ ਧੱਕੇ ਮਾਰਦੇ ਹਨ ਤੇ ਮਰਿਆਂ ਨੂੰ ਮੱਥੇ ਟੇਕਦੇ ਹਨ, ਜਿਉਂਦਿਆਂ ਨੂੰ ਕੋਈ ਮਿਲ ਕੇ ਰਾਜੀ ਨਹੀ ਪਰ ਮਰਿਆਂ ਦੀ ਹਰੇਕ ਸਾਲ ਬਰਸੀ। ਜਿਉਂਦਿਆਂ ਲਈ ਵੈਰ ਵਿਰੋਧ ਤੇ ਈਰਖਾ ਪਰ ਮਰਿਆਂ ਲਈ ਪਿਆਰ ਤੇ ਸ਼ਰਧਾ ਭਰੀਆਂ ਸ਼ਿਰਧਾਂਜਲੀਆਂ। ਸੱਚ ਹੀ ਤਾਂ ਕਿਹਾ ਹੈ ਗੁਰੂ ਨੇ: ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ 332 ਜਿਉਂਦੇ ਦੀ ਕਦਰ ਕੋਈ ਨਹੀ ਪਰ ਮਰੇ ਦੀ ਪੂਜਾ ਹੋ ਰਹੀ ਹੈ। ਵੇਖਣ ਨੂੰ ਤਾਂ ਇਉਂ ਲਗਦਾ ਹੈ ਜਿਵੇਂ "ਸ਼ਹੀਦਾਂ ਦਾ ਪੱਜ ਤੇ ਆਪਣਾ ਰੱਜ"। ਸ਼ਹੀਦਾਂ ਦੇ ਨਾਮ ਤੇ ਅਖੌਤੀ ਧਰਮ ਆਗੂ ਆਪਣੇ ਮਨੋਰਥ (ਮਾਇਆ ਇਕੱਠੀ ਕਰਨ) ਦੀ ਪੂਰਤੀ ਕਰ ਰਹੇ ਹਨ। ਸਵਾਲ ਇਹ ਹੈ ਕਿ ਅਗਰ ਗੁਰਬਾਣੀ ਵਿੱਚ ਸ਼ਹੀਦਾਂ ਦਾ ਕੋਈ ਜ਼ਿਕਰ ਨਹੀ ਆਇਆ, ਕੀ ਧਰਮ ਦੇ ਨਾਂ ਤੇ ਉਹਨਾਂ ਦੇ (ਸ਼ਹੀਦੀ) ਪੁਰਬ ਮਨਾਉਣੇ ਗੁਰਮਤ ਅਨੁਕੂਲ ਹਨ? ਕੋਈ ਗੁਰਪ੍ਰਮਾਣ ਇਸ ਦੇ ਹੱਕ ਵਿੱਚ ਪੜ੍ਹਨ ਸੁਣਨ ਨੂੰ ਨਹੀ ਆਇਆ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.