.

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਭਾਗ ਤੀਜਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਧਰਿ ਪਾਇਤਾ ਉਦਰੈ ਮਾਹਿ" -ਮਾਤਾ ਦੇ ਗਰਭ `ਚ, ਪ੍ਰਭੂ ਅਕਾਲਪੁਰਖ ਵੱਲੋਂ ਸਾਡੇ ਸਰੀਰ ਦਾ ਅਰੰਭ ਕਿਸ ਤਰ੍ਹਾਂ ਹੁੰਦਾ ਹੈ ਉਪ੍ਰੰਤ ਪ੍ਰਭੂ ਵੱਲੋਂ ਉਥੇ ਸਾਡੇ ਸਰੀਰ ਦੀ ਘਾੜਤ ਤੇ ਪ੍ਰਤਪਾਲਣਾ ਕਿਵੇਂ ਕੀਤੀ ਜਾਂਦੀ ਹੈ? ਕੇਵਲ ਤੇ ਕੇਵਲ ਵਿਸ਼ੇ ਦੀ ਲੋੜ ਅਨੁਸਾਰ ਅਤੇ ਨਿਰੋਲ ਗੁਰਬਾਣੀ ਆਧਾਰਤ, ਹੁਣ ਤੀਕ ਅਤੀ ਸੰਖੇਪ ਵੇਰਵਾ ਦੇ ਚੁੱਕੇ ਹਾਂ। ਯਕੀਣ ਨਾਲ ਕਿਹਾ ਜਾ ਸਕਦਾ ਹੈ ਉਸ ਨੂੰ ਪੜ੍ਹਣ ਉਪ੍ਰੰਤ, ਵਿਸ਼ੇ ਸੰਬੰਧੀ ਸਾਡੇ ਮਨਾ ਚੋਂ ਉਨ੍ਹਾਂ ਵਾਧੂ ਭਰਮ-ਭੁਲੇਖਿਆਂ ਦਾ ਜ਼ਰੂਰ ਸਮਾਧਾਨ ਹੋ ਜਾਵੇਗਾ ਜਿਹੜੇ ਕੁੱਝ ਕੱਚੀਆਂ ਲਿਖ਼ਤਾਂ ਨੂੰ ਪੜ੍ਹ-ਸੁਣ ਕੇ ਜਾਂ ਕਿਸੇ ਕਾਰਣ, ਸਾਡੇ ਮਨਾਂ `ਚ ਪੈਦਾ ਹੋ ਜਾਂਦੇ ਜਾਂ ਅਣਜਾਣੇ `ਚ ਪੈਦਾ ਕੀਤੇ ਜਾ ਰਹੇ ਹਨ। ਤਾਂ ਵੀ ਮੁੜ ਅਤੀ ਸੰਖੇਪ `ਚ:-

"ਮਾਤਾ ਦੇ ਗਰਭ `ਚ ਸਾਡੇ ਸਰੀਰ ਦਾ ਅਰੰਭ ਕੇਵਲ "ਮਾਤ ਪਿਤਾ ਸੰਜੋਗਿ ਉਪਾਏ, ਰਕਤੁ ਬਿੰਦੁ ਮਿਲਿ ਪਿੰਡੁ ਕਰੇ" (ਪੰ: ੧੦੧੩) ਅਥਵਾ "ਬਿੰਦੁ ਰਕਤੁ ਮਿਲਿ ਪਿੰਡੁ ਸਰੀਆ" (ਪੰ: ੧੦੨੬) "ਮਾ ਕੀ ਰਕਤੁ ਪਿਤਾ ਬਿਦੁ ਧਾਰਾ" (ਪੰ: ੧੦੨੨) ਭਾਵ ਪਿਤਾ ਦੇ ਵੀਰਜ ਦੀ ਬੂੰਦ ਤੇ ਮਾਤਾ ਦੇ ਰਕਤ ਦੇ ਮਿਲਾਪ ਤੋਂ ਹੁੰਦਾ ਹੈ। ਉਪ੍ਰੰਤ:-

ਮਾਤਾ ਦੇ ਗਰਭ `ਚ ਸਾਡੇ ਸਰੀਰ ਦਾ ਵਜੂਦ "ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ" {ਪੰ: ੨੭੭} ਅਤੇ ਅਜੋਕੇ ਡਾਕਟਰੀ ਵਿਗਿਆਨ ਅਨੁਸਾਰ ਵੀ ਅਰੰਭ `ਚ ਕੁੱਝ ਸਮਾਂ ‘ਸੁਆਸਾਂ ਤੋਂ ਬਿਨਾ’ ਪਰ "ਜੀਵਨ ਰੌ" ਸਹਿਤ "ਰਕਤ ਬੁੰਦ ਕਾ ਗਾਰਾ" (ਪੰ: ੬੫੯), ਮਿਰਤਕਪਿੰਡ (ਮਿੱਟੀ ਦੇ ਗੋਲੇ ਦੇ ਰੂਪ `ਚ) "ਧਰਿ ਪਾਇਤਾ ਉਦਰੈ ਮਾਹਿ" (ਪੰ: ੭੭) ਕੇਵਲ ਇੱਕ ਪੈਂਤੜੇ ਤੋਂ ਅਰੰਭ ਕਰਕੇ ‘ਮਾਤਾ ਦੇ ਗਰਭ’ `ਚ ਪ੍ਰਭੂ ਵੱਲੋਂ ਸਾਡੇ ਸਰੀਰ ਨੂੰ ਸਥਾਪਤ ਕੀਤਾ ਹੁੰਦਾ ਹੈ।

ਉਪ੍ਰੰਤ ਉਹ ਵੀ ਓਦੋਂ ਇਸੇ ਕਾਰਜ ਲਈ ਪ੍ਰਭੂ ਵੱਲੋਂ ਆਪ, ਮਾਤਾ ਦੇ ਉਸ ਮਾਸਕ ਧਰਮ, ਪ੍ਰਸਵ, ਸਿਰਨਾਉਣੀ ਆਦਿ ਦੇ ਰੂਪ `ਚ ਚਲਦੇ ਤਰਲ ਪਦਾਰਥ ਨੂੰ ਲਗਾਤਾਰ ਕੁੱਝ ਮਹੀਨੇ ਰੋਕਿਆ ਜਾਂਦਾ ਹੈ। ਉਪ੍ਰੰਤ ਲਗਾਤਾਰ ਕੁੱਝ ਮਹੀਨੇ ਰੋਕੇ ਜਾ ਰਹੇ ਤੇ ਉਬਲਦੇ ਹੋਏ ਉਸ ‘ਤਰਲ ਪਦਾਰਥ’ ਦੇ ਵੱਡੇ ਤਾਪਮਾਨ ਤੇ ਸੈਂਟੀ ਗ੍ਰੇਡ ( ‘ਗਰਭ ਅਗਨਿ’, ‘ਅਗਨਿ ਕੁੰਡ’ ‘ਅਗਨੀ ਪਾਸਿ ਪਿਰਾਣੁ’, ‘ਅਗਨਿ ਉਦਰ’ ) `ਚ ਸਾਡੇ ਇਸ ਸਰੀਰ ਨੂੰ ਘੜਿਆ ਜਾ ਰਿਹਾ ਹੁੰਦਾ ਹੈ। ਉਸੇ ਦਾ ਨਤੀਜਾ, ਗੁਰਬਾਣੀ ਅਨੁਸਾਰ "ਗੰਢੇਦਿਆਂ ਛਿਅ ਮਾਹ. ." (ਪੰ: ੪੮੮) ਛੇ ਮਹੀਨਿਆਂ `ਚ ਉਥੇ ਸਾਡਾ ਇਹ ਸਰੀਰ ਪੂਰਨ ਰੂਪ `ਚ ਤਿਆਰ ਹੋ ਜਾਂਦਾ ਹੈ। ਇਸੇ ਤੋਂ ਕਈ ਵਾਰੀ ਕੁੱਝ ਬੱਚੇ ਛੇ-ਮਾਹੇ, ਸਤ-ਮਾਹੇ ਤੇ ਅੱਠ ਮਾਹੇ ਵੀ ਜੰਦੇ ਹਨ, ਤਾਂ ਵੀ ਇਹ ਵਿਸ਼ਾ ਵੱਖਰਾ ਹੈ।

ਖ਼ੈਰ ਚਲਦੇ ਪ੍ਰਕਰਣ ਅਨੁਸਾਰ ਖ਼ੂਬੀ ਇਹ ਵੀ ਹੈ ਕਿ ਗਰਭ ਵਿੱਚਲੇ ‘ਗਰਭ ਅਗਨਿ’, ‘ਅਗਨਿ ਕੁੰਡ’ ‘ਅਗਨੀ ਪਾਸਿ ਪਿਰਾਣੁ’, ‘ਅਗਨਿ ਉਦਰ’ ਵਾਲੇ ਉਹ ਸਮੇਂ ਦੌਰਾਨ ਮਾਤਾ ਨੂੰ ਪ੍ਰਭੂ ਵੱਲੋਂ ਥੈਲੀ ਮਿਲੀ ਹੁੰਦੀ ਜਿਸ ਕਾਰਣ ਮਾਤਾ ਕਿ ਨੂੰ ਵੀ ਉਸ ‘ਗਰਭ ਅਗਨਿ ਤੇ ‘ਅਗਨਿ ਕੁੰਡ’, ‘ਅਗਨੀ ਪਾਸਿ ਪਿਰਾਣੁ’, ‘ਅਗਨਿ ਉਦਰ’ ਦਾ ਸੇਕ ਨਹੀਂ ਪਹੁੰਦਾ ਹੈ ਤੇ ਦੂਜੇ ਪਾਸੇ:-

"ਗਰਭ ਅਗਨਿ ਮਹਿ ਜਿਨਹਿ ਉਬਾਰਿਆ" (ਪੰ: ੨੬੬)

"ਜਿ ਅਗਨਿ ਮਹਿ ਰਾਖੈ" (ਪੰ: ੨੯੦)

"ਤਉ ਜਠਰ ਅਗਨਿ ਮਹਿ ਰਹਤਾ" (ਪੰ: ੩੩੭)

"ਦੇਇ ਅਹਾਰੁ ਅਗਨਿ ਮਹਿ ਰਾਖੈ" (ਪੰ: ੪੮੮)

"ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ. ." (ਪੰ: ੭੪੮)

"ਮਾਤ ਗਰਭ ਮਹਿ ਹਾਥ ਦੇ ਰਾਖਿਆ…" (ਪੰ: ੮੦੫)

"ਗਰਭ ਅਗਨਿ ਮਹਿ ਜਿਨਹਿ ਉਬਾਰਿਆ" (ਪੰ: ੧੦੮੪) ਬਲਕਿ

"ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ" (ਪੰ: ੯੨੦),

ਭਾਵ ਉਸ ਸਮੇਂ ਸਾਡੀ ਲਿਵ ਤੇ ਸੁਰਤ ਨੂੰ "ਜੋਤੀ ਜੋਤਿ ਮਿਲਾਵਣਹਾਰੁ" (ਪੰ: ੬੭) ਪ੍ਰਭੂ ਆਪ ਆਪਣੇ ਨਾਲ ਜੋੜਣ ਤੇ ਇਕ-ਮਿੱਕ ਕਰਣ ਵਾਲੀ ਬਹੁੜੀ ਤੇ ਬਖ਼ਸ਼ਿਸ਼ ਵੀ ਸਾਡੇ `ਤੇ ਆਪ ਕਰ ਰਿਹਾ ਹੁੰਦਾ ਹੈ। ਜਦਕਿ:-

ਗੁਰਬਾਣੀ `ਚ ਕਈ ਵਾਰ ਇਸੇ ਨੂੰ "ਜੋਤੀ ਜੋਤਿ ਮਿਲਾਵਣਹਾਰੁ" (ਪੰ: ੬੭) ਦੇ ਆਧਾਰ `ਤੇ ਬੱਚੇ ਰਾਹੀਂ ਪ੍ਰਭੂ `ਚ ਆਪਣੀ ਲਿਵ ੇ ਸੁਰਤ ਦਾ ਜੋੜਣਾ ਜਾਂ ਸਿਮਰਨ ਕਰਣਾ ਵੀ ਕਿਹਾ ਹੈ।

ਇਸ ਤੋਂ ਵੀ ਵੱਡਾ ਤੇ ਹੈਰਾਣਕੁਣ ਇਸ ਵਿਸ਼ੇ ਦਾ ਇੱਕ ਹੋਰ ਵੀ ਪਹਿਲੂ ਹੈ। ਉਹ ਪਹਿਲੂ ਇਹ ਹੈ ਕਿ ਮਾਤਾ ਦੇ ਉਦਰ `ਚ ਛੇ ਮਹੀਨਿਆਂ `ਚ ਸਾਡਾ ਇਹ ਸਰੀਰ ਤਿਆਰ ਹੋ ਜਾਣ ਤੋਂ ਬਾਅਦ ਵੀ ਅਕਾਲਪੁਰਖ ਵੱਲੋਂ ਸਾਨੂੰ ਤਿੰਨ ਮਹੀਨਿਆਂ ਲਈ ਨਰਸਰੀ ਵੀ ਮਾਤਾ ਦੇ ਗਰਭ `ਚ ਹੀ ਪ੍ਰਾਪਤ ਹੁੰਦੀ ਹੈ। ਤਾਂ ਤੇ ਇਸ ਲੜੀ `ਚ ਫ਼ਿਰ ਮਾਤਾ ਰਾਹੀਂ ਗਰਭ ਧਾਰਨ ਕਰਣ ਤੋਂ ਦਸਵੇਂ ਮਹੀਨੇ:-

"ਦਸੀ ਮਾਸੀ ਮਾਨਸੁ ਕੀਆ…" (ਪੰ: ੭੭) ਅਤੇ

"ਦਸ ਮਾਸ ਮਾਤਾ ਉਦਰਿ ਰਾਖਿਆ…", (ਪੰ: ੪੮੧) ਹੋਰ

"ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ…" (ਪੰ: ੩੯੬) ਆਦਿ।

ਫ਼ਿਰ ਇਸਤੋਂ ਵੀ ਵੱਧ- "ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ" (ਪੰ: ੯੨੦) ਪ੍ਰਭੂ ਦੀ ਬਖਸ਼ਿਸ਼ ਨਾਲ ਜਦੋਂ ਪ੍ਰਭੂ ਦੇ ਹੁਕਮ ਤੇ ਭਾਣੇ `ਚ ਮਨੁੱਖ ਸੰਸਾਰ `ਚ ਜਨਮ ਲੈ ਲੈਂਦਾ ਹੈ ਤਾਂ ਓਦੋਂ ਵੀ ਅਜੇ ਉਹ ਇਸ ਕਾਬਿਲ ਨਹੀਂ ਹੁੰਦਾ ਕਿ ਉਹ ਆਪਣੀ ਸੰਭਾਲ ਖ਼ੁੱਦ ਕਰ ਸਕੇ। ਤਾਂ ਸੰਸਾਰ ਵਿੱਚਲੀ ਬੱਚੇ ਦੀ ਉਸ ਅਰੰਭਕ ਉਮਰ ਤੇ ਸੰਭਾਲ ਬਾਰੇ ਵੀ ਗੁਰਦੇਵ ਫ਼ੁਰਮਾਅ ਰਹੇ ਹਨ ਕਿ ਮਨੁੱਖ ਨੂੰ ਪ੍ਰਭੂ ਵੱਲੋਂ ਦੋ ਦਾਤਾਂ ਜਨਮ ਦੇ ਨਾਲ ਇਹ ਵੀ ਪ੍ਰਭੂ ਨੇ ਬਖ਼ਸ਼ੀਆਂ ਹੁੰਦੀਆਂ ਹਨ:-

(੧) "ਪਰਵਾਰਿ ਭਲਾ ਭਾਇਆ" - ਭਾਵ ਮਨੁੱਖ ਨੂੰ ਜਨਮ ਲੈਂਦੇ ਸਾਰ, ਜਿਸ ਵੀ ਪ੍ਰਵਾਰ `ਚ ਉਸ ਬੱਚੇ ਦਾ ਜਨਮ ਹੁੰਦਾ ਹੈ, ਉਸ ਪ੍ਰਵਾਰ ਦੀ ਭਲਾਈ, ਆਪਣਾ-ਪਣ, ਹਮਦਰਦੀ ਤੇ ਮੋਹ ਵਾਲੀ ਦਾਤ ਵੀ ਪਭੂ ਵੱਲੋਂ, ਬੱਚੇ ਨੂੰ ਜਨਮ ਲੈਂਦੇ ਸਾਰ ਨਾਲ ਹੀ ਪ੍ਰਾਪਤ ਹੋ ਜਾਂਦੀ ਹੈ ਜਿਸਤੋਂ ਸੰਸਾਰ `ਚ ਹਰੇਕ ਦਾ ਜੀਵਨ ਅੱਗੇ ਚਲਦਾ ਤੇ ਵਧਦਾ ਫੁਲਦਾ ਹੈ। ਅੰਦਾਜ਼ਾ ਲਗਾਂਦੇ ਦੇਰ ਨਹੀਂ ਲਗਦੀ, ਪ੍ਰਭੂ ਵੱਲੋਂ ਜੇਕਰ ਜੀਵਨ ਦੇ ਉਸ ਅਰੰਭਕ ਸਮੇਂ `ਚ ਹਰੇਕ ਮਨੁੱਖ ਅਥਵਾ ਉਸ ਬੱਚੇ ਨੂੰ "ਪਰਵਾਰਿ ਭਲਾ ਭਾਇਆ" ਵਾਲੀ ਇਹ ਦਾਤ ਹੀ ਪ੍ਰਾਪਤ ਨਾ ਹੋਈ ਹੋਵੇ ਤਾਂ ਵੀ ਸਾਡੇ ਜੀਵਨ ਦੀ ਗੱਡੀ, ਸੰਸਾਰ `ਚ ਜਨਮ ਲੈ ਕੇ ਵੀ ਅੱਗੇ ਨਹੀਂ ਟੁਰ ਸਕਦੀ।

(੨) "ਮਾਤ ਪਿਤਾ ਭਾਈ ਸੁਤ ਬਨਿਤਾ. ."- ਦੂਜਾ, ਜਿਸ ਪ੍ਰਵਾਰ `ਚ ਪ੍ਰਭੂ ਨੇ ਬੱਚੇ ਨੂੰ ਜਨਮ ਦਿੱਤਾ ਹੁੰਦਾ ਹੈ ਉਸ ਬਾਰੇ ਗੁਰਦੇਵ ਫ਼ੁਰਮਾਉਂਦੇ ਹਨ "ਮਾਤ ਪਿਤਾ ਭਾਈ ਸੁਤ ਬਨਿਤਾ, ਤਿਨ ਭੀਤਰਿ ਪ੍ਰਭੂ ਸੰਜੋਇਆ" (ਪੰ: ੭੭) ਭਾਵ ਇਤਨੇ ਵੱਡੇ ਸੰਸਾਰ `ਚ, ਜਨਮ ਲੈਂਦੇ ਸਾਰ, ਬਣੇ-ਬਨਾਏ ਇੱਕ ਪ੍ਰਵਾਰ ਵਾਲੀ ਦਾਤ ਵੀ, ਉਸ ਬੱਚੇ ਨੂੰ ਪ੍ਰਭੂ ਜਨਮ ਦੇ ਨਾਲ ਹੀ ਬਖ਼ਸ਼ਦਾ ਹੈ ਜਿਸਤੋਂ ਉਹ ਬੱਚਾ ਸੰਸਾਰ `ਚ ਵਿਚਰਣ ਦੇ ਕਾਬਿਲ ਹੋ ਸਕਦਾ ਹੈ।

"ਅੰਤਹਿ ਕੋ ਨ ਸਹਾਈ" -ਜਦਕਿ ਜੰਮਦੇ ਸਾਰ ਬੱਚੇ ਨੂੰ "ਪਰਵਾਰਿ ਭਲਾ ਭਾਇਆ" ਵਾਲੀ ਪ੍ਰਭੂ ਵੱਲੋਂ ਪ੍ਰਾਪਤ ਇਸ ਦੋਹਰੀ ਦਾਤ ਦੇ ਨਾਲ-ਨਾਲ ਗੁਰਦੇਵ ਗੁਰਬਾਣੀ `ਚ ਮਨੁੱਖ ਨੂੰ ਇਸ ਪੱਖੋਂ ਸੁਚੇਤ ਕਰਦੇ ਤੇ ਇੱਕ ਚੇਤਾਵਣੀ ਵੀ ਦਿੰਦੇ ਹਨ, ਫ਼ੁਰਮਾਉਂਦੇ ਹਨ:-

"ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ" (ਪੰ: ੭੦੦) ਐ ਮਨੁੱਖ! ਚੇਤੇ ਰੱਖੀਂ, ਬੇਸ਼ੱਕ ਤੇਰੇ ਪਿਛਲੇ ਸੰਜੋਗਾਂ ਕਾਰਣ ਹੀ, ਤੈਨੂੰ ਪ੍ਰਭੂ ਨੇ ਮਾਤਾ-ਪਿਤਾ, ਭੈਣ-ਭਾਈ ਆਦਿ ਪ੍ਰਵਾਰ ਅਤੇ "ਇਸਟ ਮੀਤ" ਭਾਵ ਸਮਾਜ ਵਾਲੀ ਦਾਤ ਵੀ ਜਨਮ ਦੇ ਨਾਲ ਹੀ ਬਖ਼ਸ਼ੀ ਹੁੰਦੀ ਹੈ ਤਾ ਕਿ ਤੂੰ ਸੌਖਾ ਜੀਵਨ ਬਿਤਾਅ ਸਕੇਂ। ਪਰ ਇਸ ਦੇ ਨਾਲ-ਨਾਲ ਸੰਸਾਰ `ਚ ਵਿਚਰਦੇ ਹੋਏ ਤੂੰ ਇਹ ਵੀ ਸਦਾ ਚੇਤੇ ਰੱਖੀਂ, ਕਿ ਸੰਸਾਰ ਤੋਂ ਵਾਪਿਸ ਜਾਣ ਸਮੇਂ "ਅੰਤਹਿ ਕੋ ਨ ਸਹਾਈ" ਕੇਵਲ ਤੇ ਕੇਵਲ ਤੇਰੇ ਆਪਣੇ ਜੀਵਨ ਦੀ ਕਮਾਈ ਨੇ ਹੀ ਤੇਰੇ ਨਾਲ ਜਾਣਾ ਹੈ, ਉਸ `ਚ ਹੋਰ ਕੋਈ ਵੀ ਤੇਰੀ ਮਦਦ ਨਹੀਂ ਕਰ ਸਕਦਾ।

ਉਸ ਸਮੇਂ ਪ੍ਰਭੂ ਦੇ ਸੱਚ ਨਿਆਂ `ਚ "ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾੑ ਮੇਲੁ॥ ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ" (ਪੰ: ੪੭੩) ਅਥਵਾ "ਕਰਮੀ ਕਰਮੀ ਹੋਇ ਵੀਚਾਰੁ॥ ਸਚਾ ਆਪਿ, ਸਚਾ ਦਰਬਾਰੁ॥ ਤਿਥੈ, ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ॥ ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ॥  ੩੪ ॥" (ਬਾਣੀ ਜਪੁ) ਅਨੁਸਾਰ ਉਥੇ ਕਿਸੇ ਹੋਰ ਦੇ ਜੀਵਨ ਦੀ ਕਮਾਈ ਨੇ ਤੇਰੇ ਕੰਮ ਨਹੀਂ ਆਉਣਾ।

ਬਲਕਿ ਉਥੇ ਤਾਂ "ਦੇਹੀ ਜਾਤਿ ਨ ਆਗੈ ਜਾਏ॥ ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ॥ ਸਤਿਗੁਰੁ ਸੇਵਨਿ ਸੇ ਧਨਵੰਤੈ, ਐਥੈ ਓਥੈ ਨਾਮਿ ਸਮਾਵਣਿਆ" (ਪੰ: ੧੧੨) ਆਦਿ ਗੁਰ-ਬੇਅੰਤ ਗੁਰ ਫ਼ੁਰਮਾਨ। ਭਾਵ ਇਸ ਪ੍ਰਾਪਤ ਮਨੁੱਖਾ ਜਨਮ ਨੂੰ ਸਫ਼ਲ ਕਰਣ ਲਈ ਤਾਂ ਇਸ ਸਮੇਂ ਦੌਰਾਨ ਹਰ ਪਲ ਤੇ ਸੁਆਸ ਸੁਆਸ:-

"ਦੁਨੀਆ ਕੈਸਿ ਮੁਕਾਮੇ॥ ਕਰਿ ਸਿਦਕੁ, ਕਰਣੀ ਖਰਚੁ ਬਾਧਹੁ, ਲਾਗਿ ਰਹੁ ਨਾਮੇ" (ਪੰ: ੬੪) ਅਥਵਾ

"ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਨਾਮੁ ਧਿਆਇ॥ ਚਲਦਿਆ ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾਇ॥ ਹਉ ਬਲਿਹਾਰੀ ਤਿਨ ਕਉ ਜਿਨ ਹਰਿ ਮਨਿ ਵੁਠਾ ਆਇ॥ ਜਿਨੀ ਹਰਿ ਹਰਿ ਨਾਮੁ ਨ ਚੇਤਿਓ ਸੇ ਅੰਤਿ ਗਏ ਪਛੁਤਾਇ (ਪੰ: ੮੨)

ਇਸ ਲਈ ਸਦਾ ਸੁਚੇਤ ਰਵੀਂ ਕਿ ਸ਼ਬਦ-ਗੁਰੂ ਦੀ ਸ਼ਰਣ `ਚ ਆ ਕੇ ਇਸ ਦੁਰਲਭ ਜਨਮ ਦੀ ਸੰਭਾਲ ਵੀ ਤੂੰ ਆਪ ਕਰਣੀ ਹੈ (ਨਹੀਂ ਤਾਂ ਤੇਰਾ ਪ੍ਰਾਪਤ ਮਨੁੱਖਾ ਜਨਮ ਵੀ ਬਿਰਥਾ ਹੋ ਜਾਵੇਗਾ)।

ਵਿਸ਼ੇ ਸੰਬੰਧੀ ਉਪ੍ਰੋਕਤ ਸੰਖੇਪ ਵੇਰਵੇ ਤੋਂ ਬਾਅਦ ਹੁਣ ਲੈ ਰਹੇ ਹਾਂ ਗੁਰਬਾਣੀ `ਚੋਂ ਵਿਸ਼ੇ ਨਾਲ ਸੰਬੰਧਤ ਲੜੀਵਾਰ ਅਰਥਾਂ ਸਹਿਤ, ਕੁੱਝ ਸ਼ਬਦ, ਤਾ ਕਿ ਵਿਸ਼ਾ ਹੋਰ ਵੀ ਵਧੇਰੇ ਸਪਸ਼ਟ ਹੋ ਜਾਵੇ। ਤਾਂ ਤੇ:-

  1. "ਗਰਭ ਅਗਨਿ ਮਹਿ ਜਿਨਹਿ ਉਬਾਰਿਆ" -

"ਸਲੋਕੁ॥ ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ॥ ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ॥   

ਅਰਥ : —ਸਲੋਕ-ਹੇ ਅੰਞਾਣ ਮਨ! ਹੇ ਗੁਣ-ਹੀਨ ਮਨੁੱਖ! ਤੂੰ ਪ੍ਰਭੂ ਨੂੰ ਸਦਾ ਚੇਤੇ ਕਰ। ਹੇ ਨਾਨਕ! ਉਸ ਪ੍ਰਭੂ ਨੂੰ ਜਿਸ ਪ੍ਰਭੂ ਨੇ ਤੈਨੂੰ ਪੈਦਾ ਕੀਤਾ, ਜਨਮ ਦਿੱਤਾ, ਤੂੰ ਉਸ ਪ੍ਰਭੂ ਨੂੰ ਸਦਾ ਚਿੱਤ `ਚ ਵਸਾ। ਕੇਵਲ ਉਹ ਪ੍ਰਭੂ ਹੀ ਇਕਿ ਇੱਕ ਅਜਿਹੀ ਹਸਤੀ ਹੈ ਜਿਹੜਾ ਇਸ ਲੋਕ ਤੇ ਪ੍ਰਲੋਕ `ਚ ਵੀ, ਤੇਰੇ ਨਾਲ ਨਿਭੇ ਗਾ। ਭਾਵ ਪ੍ਰਭੂ ਇਸ ਲੋਕ `ਚ ਵੀ ਤੇਰੀ ਵਿਕਾਰਾਂ ਅਉਗੁਣਾ, ਮਨਮੱਤਾਂ ਤੇ ਭਟਕਣਾ ਆਦਿ ਤੋਂ ਰਾਖੀ ਕਰੇਗਾ ਤੇ ਸਰੀਰਕ ਮੌਤ ਤੋਂ ਬਾਅਦ ਵੀ ਤੂੰ, ਆਪਣੇ ਉਸ ਅਸਲੇ ਪ੍ਰਭੂ `ਚ ਹੀ ਸਮਾਅ ਜਾਵੇਂਗਾ, ਤੈਨੂੰ ਮੁੜ ਜਨਮਾਂ-ਗਰਭਾਂ (ਆਵਾਗਉਣ) ਦੇ ਗੇੜ `ਚ ਨਹੀਂ ਆਉਣਾ ਪਵੇਗਾ। ੧।

ਅਸਟਪਦੀ॥ ਰਮਈਆ ਕੇ ਗੁਨ ਚੇਤਿ ਪਰਾਨੀ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ॥ ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ॥ ਗਰਭ ਅਗਨਿ ਮਹਿ ਜਿਨਹਿ ਉਬਾਰਿਆ॥ ਬਾਰ ਬਿਵਸਥਾ ਤੁਝਹਿ ਪਿਆਰੈ ਦੂਧ॥ ਭਰਿ ਜੋਬਨ ਭੋਜਨ ਸੁਖ ਸੂਧ॥ ਬਿਰਧਿ ਭਇਆ ਊਪਰਿ ਸਾਕ ਸੈਨ॥ ਮੁਖਿ ਅਪਿਆਉ ਬੈਠ ਕਉ ਦੈਨ॥ ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ॥ ਬਖਸਿ ਲੇਹੁ ਤਉ ਨਾਨਕ ਸੀਝੈ॥   ॥" (ਪੰ: ੨੬੬-੬੭)

ਅਰਥ- ਹੇ ਪ੍ਰਾਣੀ! ਤੂੰ ਕੰਨ ਕੰਨ `ਚ ਰਮੇ ਹੋਏ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ। ਚੇਤੇ ਕਰ, ਤੇਰਾ ਮੁੱਢ ਕਿਥੋਂ ਬੱਝਾ ਸੀ ਤੇ ਅੱਜ ਸੰਸਾਰ `ਚ ਤੂੰ ਕੈਸੇ ਸੋਹਣੇ ਸਰੂਪ `ਚ ਦਿਖਾਈ ਦੇ ਰਿਹਾ ਹੈਂ ਭਾਵ ਅੱਜ ਤੇਰੇ ਸਰੀਰ `ਚ ਕਿੱਤਨਾ ਵਧੀਆ ਨਿਖਾਰ ਹੈ ਤੇ ਇਸ ਦਾ ਪ੍ਰਗਟਾਵਾ ਹੈ।

ਜਿਸ ਪ੍ਰਭੂ ਨੇ ਤੇਰੇ ਸਰੀਰ ਨੂੰ ਬਣਾਇਆ, ਸਵਾਰਿਆ ਤੇ ਸਿੰਗਾਰਿਆ। ‘ਮਾਤਾ ਦੇ ਗਰਭ’ ਵਿੱਚਲੀ ਅੱਗ ਭਾਵ ਮਾਤਾ ਦੇ ਗਰਭ ਵਿੱਚਲੇ ਉਸ ਅਗਨਕੁੰਡ `ਚ ਜਦੋਂ ਤੇਰਾ ਇਹ ਸਰੀਰ ਤਿਆਰ ਹੋ ਰਿਹਾ ਸੀ, ਜਦੋਂ ਤੂੰ ਉਸ ‘ਗਰਭ ਅਗਨਿ’ ਵਿੱਚਲੇ ਮਾਸਕ ਧਰਮ ਆਧਾਰਤ ਉਬਲ ਰਹੇ ਵੱਡੇ ਤਾਪਮਾਨ ਵਾਲੇ ਤਰਲ `ਚ ਉਬਾਲੇ ਖਾ ਰਿਹਾ ਸੀ ਤਾਂ ਓਦੋਂ ਵੀ ਪ੍ਰਭੂ ਨੇ ‘ਉਬਾਰਿਆ’ ਬਹੁੜੀ ਕਰਕੇ ਤੇਰੀ ਰਾਖੀ ਕੀਤੀ, ਤੈਨੂੰ ਸੜਣ ਤੋਂ ਬਚਾਇਆ ਤੇ ਤਾਂ ਤੇਰਾ ਇਹ ਮਨੁੱਖਾ ਸਰੀਰ ਤਿਆਰ ਹੋਇਆ।

ਫ਼ਿਰ ਬਾਲ ਅਵਸਥਾ ਸਮੇਂ ਜਦੋਂ ਸਿਵਾਏ ਦੁਧ ਦੇ ਤੇਰੇ ਲਈ ਹੋਰ ਕੋਈ ਵੀ ਭੋਜਨ ਯੋਗ ਨਹੀਂ ਸੀ, ਪ੍ਰਭੂ ਨੇ ਤੇਰਾ ਪਿਆਰ ਦੁਧ ਨਾਲ ਪਾ ਦਿੱਤਾ ਅਤੇ ਉਸ ਦੁਧ ਦਾ ਵਸੀਲਾ ਵੀ ਆਪ ਘੜਿਆ। ਇਹੀ ਨਹੀਂ, ਭਰ-ਜੁਆਨੀ ਸਮੇਂ, ਉਮਰ ਦੀ ਲੋੜ ਅਨੁਸਾਰ ਤੇਰੇ ਅੰਦਰ ਭਾਂਤ-ਭਾਂਤ ਦੇ ਭੋਜਨਾਂ ਤੇ ਸੁਖਾਂ ਦੀ ਤੈਨੂੰ ਸੂਝ ਵੀ ਪ੍ਰਭੂ ਹੀ ਬਖ਼ਸ਼ਦਾ ਹੈ।

ਸਮੇਂ ਨਾਲ ਜਦੋਂ ਤੂੰ ਸਰੀਰ ਕਰਕੇ ਬੁੱਢਾ ਹੋ ਜਾਂਦਾ ਹੈਂ ਤਾਂ ਪ੍ਰਭੂ ਵੱਲੋਂ ਤੇਰੀ ਸੇਵਾ ਕਰਣ ਲਈ ਤੈਨੂੰ ਰਿਸ਼ਤੇ ਨਾਤੇ-ਸੰਬੰਧੀ, ਸੱਜਣ ਦਿੱਤੇ ਹੁੰਦੇ ਹਨ ਜਿਹੜੇ ਬੈਠੇ-ਬਿਠਾਏ ਲੋੜ ਅਨੁਸਾਰ ਤੇਰੇ ਮੂੰਹ `ਚ ਚੰਗੇ ਭੋਜਨ ਪਾਂਦੇ ਹਨ, ਤਾਂ ਤੇ ਐ ਭਾਈ! ਤੂੰ ਵੀ ਉਸ ਪ੍ਰਭੂ ਨੂੰ ਸਦਾ ਚੇਤੇ ਕਰਿਆ ਕਰ।

ਹੇ ਨਾਨਕ! ਆਖ, ਹੇ ਪ੍ਰਭੂ! ਇਹ ਨਿਰਗੁਣ ਇਨਸਾਨ, ਤੇਰੇ ਉਪਕਾਰਾਂ ਨੂੰ ਨਹੀਂ ਸਮਝਦਾ, ਪਰ ਜੇ ਤੂੰ ਆਪ ਮਿਹਰ ਕਰੇਂ, ਤਾਂ ਇਸ ਦਾ ਇਹ ਮਨੁੱਖਾ ਜਨਮ ਵੀ ਸਫਲ ਹੋ ਸਕਦਾ ਹੈ। ੧। (ਪੰ: ੨੬੬-੬੭) (ਚਲਦਾ) #416P-IIIs04.16.02s16#vv

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.416 P-III

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਭਾਗ ਤੀਜਾ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly @ Rs 350/-(but in rare cases @ Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.