.

ਸਮਾਜ ਦੇ ਸੁਧਾਰ ਦਾ ਸੰਕਲਪ

ਹਾਕਮ ਸਿੰਘ

ਸਮਾਜ ਮਨੁੱਖ ਵਲੋਂ ਸੰਸਾਰ ਵਿੱਚ ਵੰਡੀਆਂ ਪਾ ਕੇ ਸਿਰਜਿਆ ਮਾਨਵਤਾ ਦਾ ਸਮੂਹ ਹੁੰਦਾ ਹੈ। ਇਹ ਮਨੁੱਖ ਦੀ ਕਿਰਤ ਹੈ। ਇਸ ਵਿੱਚ ਸੁਧਾਰ ਲਿਆਉਣਾ ਸੰਭਵ ਨਹੀਂ ਹੈ ਕਿਊਂਕੇ ਗੁਰਬਾਣੀ ਸੰਸਾਰ ਨੂੰ "ਬਿਖੁ ਵਤ ਅਤਿ ਭਉਜਲੁ" ਆਖਦੀ ਹੈ। ਪ੍ਰਾਚੀਨ ਸਮਿਆਂ ਤੋਂ ਭਾਰਤ ਵਿੱਚ ਧਾਰਮਕ ਵਿਸ਼ਵਾਸ ਵਾਲੇ ਵਿਅਕਤੀਆਂ ਵਲੋਂ ਵੱਡੀ ਉਮਰੇ ਸਮਾਜਕ ਬੰਧਨ ਅਤੇ ਗ੍ਰਿਹਸਥੀ ਜੀਵਨ ਤਿਆਗ ਕੇ ਵਾਨਪ੍ਰਸਥ ਅਤੇ ਸੰਨਿਆਸ ਕਰਨ ਦੀ ਪਰਥਾ ਚਲੀ ਆ ਰਹੀ ਸੀ। ਉਹ ਲੋਕ ਮੁਕਤੀ ਪ੍ਰਾਪਤੀ ਲਈ ਸਮਾਜ ਨੂੰ ਅਲਵਿਦਾ ਕਹਿ ਕੇ ਜਪ ਤਪ ਕਰਨ ਲਈ ਜੰਗਲਾਂ ਅਤੇ ਪਹਾੜਾਂ ਵਿੱਚ ਚਲੇ ਜਾਂਦੇ ਸਨ। ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਗ੍ਰਿਹਸਥੀ ਅਤੇ ਕਾਰੋਬਾਰੀ ਜੀਵਨ ਤੋਂ ਦੂਰ ਚਲੇ ਜਾਣ ਨਾਲ ਉਨ੍ਹਾਂ ਨੂੰ ਪ੍ਰਵਾਰਕ ਅਤੇ ਸਮਾਜਕ ਚਿੰਤਾਵਾਂ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਪ੍ਰਭੂ ਸਿਮਰਨ ਵਿੱਚ ਕੋਈ ਵਿਘਨ ਨਹੀਂ ਪਵੇਗਾ। ਪਰ ਬਹੁਤਿਆਂ ਦਾ ਇਹ ਵਿਸ਼ਵਾਸ ਗਲਤ ਸਾਬਤ ਹੁੰਦਾ ਸੀ ਕਿਊਂਕੇ ਸਬੰਧੀਆਂ ਅਤੇ ਵਾਕਫਾਂ ਤੋਂ ਦੂਰੀ ਕਰਨ ਅਤੇ ਕਾਰੋਬਾਰ ਛਡਣ ਨਾਲ ਵੀ ਸੰਸਾਰਕ ਇੱਛਾਵਾਂ ਲਈ ਭਟਕਣਾ ਪੂਰੀ ਤਰ੍ਹਾਂ ਖਤਮ ਨਹੀਂ ਸੀ ਹੁੰਦੀ। ਪ੍ਰਵਾਰ ਅਤੇ ਸਮਾਜ ਦਾ ਤਿਆਗ ਕਰਕੇ ਸੰਸਾਰਕ ਇੱਛਾਵਾਂ ਕੰਟਰੋਲ ਕਰਨ ਵਿੱਚ ਅਸਫਲ ਰਹੇ ਕਈ ਵਿਅਕਤੀ ਸਰੀਰ ਨੂੰ ਤਸੀਹੇ ਦੇ ਕੇ ਮਨ ਦੀ ਭਟਕਣਾ ਦੂਰ ਕਰਨ ਦਾ ਯਤਨ ਕਰਦੇ ਸਨ। ਮੋਨ ਬਰਤ, ਬ੍ਰਹਮਚਰਜ, ਸਰੀਰਕ ਕਸ਼ਟ ਅਤੇ ਤੀਰਥ ਇਸ਼ਨਾਨ ਜੈਸੇ ਢੰਗ ਪ੍ਰਭੂ ਭਗਤੀ ਵਲ ਧਿਆਨ ਦੇਣ ਲਈ ਵਰਤੇ ਜਾਂਦੇ ਸਨ। ਇਹ ਸਾਰੇ ਢੰਗ ਮਨ ਨੂੰ ਕਾਬੂ ਕਰਨ ਵਿੱਚ ਸਫਲ ਨਹੀਂ ਸਨ ਹੁੰਦੇ ਕਿਊਂਕੇ ਸਰੀਰ ਅਤੇ ਬੁੱਧੀ ਰਾਹੀਂ ਮਨ ਨੂੰ ਵਸ ਕਰਨਾ ਸੰਭਵ ਨਹੀਂ ਹੈ। ਗੁਰਬਾਣੀ ਦੱਸਦੀ ਹੈ "ਇਸੁ ਦੇਹੀ ਕਉ ਬਹੁ ਸਾਧਨਾ ਕਰੈ॥ ਮਨ ਤੇ ਕਬਹੂ ਨ ਬਿਖਿਆ ਟਰੈ॥" (ਪੰ: ੨੬੫)। ਦਰ ਅਸਲ ਉਨ੍ਹਾਂ ਲੋਕਾਂ ਨੂੰ ਮਨ ਦੀ ਅਸਲੀਅਤ ਦਾ ਗਿਆਨ ਨਹੀਂ ਸੀ। ਕਬੀਰ ਜੀ ਨੇ ਇਸ ਤੱਥ ਦੀ ਪੁਸ਼ਟੀ ਕਰਦੇ ਹੋਏ ਬਚਨ ਕੀਤਾ ਹੈ ਕਿ ਬ੍ਰਹਮਾ ਦੇ ਪੁਤਰਾਂ, ਨਾਰਦ ਮੁਨੀ ਅਤੇ ਸ਼ੇਸ ਨਾਗ ਜੈਸੇ ਵਿਦਵਾਨ ਵੀ ਤਨ ਵਿੱਚ ਮਨ ਦੀ ਅਸਲੀਅਤ ਨੂੰ ਨਹੀਂ ਜਾਣ ਸਕੇ ਹਨ: "ਸਨਕਾਦਿਕ ਨਾਰਦ ਮੁਨਿ ਸੇਖਾ॥ ਤਿਨ ਭੀ ਤਨ ਮਹਿ ਮਨੁ ਨਹੀ ਪੇਖਾ॥" (ਪੰ: ੩੩੦)। ਮਨ ਅਧਿਆਤਮਕ ਗਿਆਨ ਦਾ ਇੱਕ ਮੁੱਖ ਵਿਸ਼ਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਬਾਰੇ ਵਿਸਤਰਤ ਵਿਚਾਰ ਕੀਤੀ ਗਈ ਹੈ। ਪਰ ਬਹੁਤ ਘੱਟ ਸਿੱਖ ਵਿਦਵਾਨਾਂ ਨੇ ਮਨ ਦੇ ਵਿਸ਼ੇ ਨੂੰ ਛੋਹਿਆ ਹੈ। ਸਿੱਖ ਜਗਤ ਵਿੱਚ ਮਨ ਦੀ ਅਸਲੀਅਤ ਜਾਨਣ ਦੀ ਰੁੱਚੀ ਦੀ ਘਾਟ ਰਹੀ ਹੈ। ਗੁਰਬਾਣੀ ਵਿੱਚ ਮਨੁੱਖੀ ਮਨ ਦੇ ਦੋ ਰੂਪ ਦਰਸਾਏ ਗਏ ਹਨ: ਇੱਕ ਵਿੱਚ ਮਨ ਨੂੰ ਜੋਤ ਸਰੂਪ ਦੱਿਸਆ ਗਿਆ ਹੈ ਅਤੇ ਦੂਜੇ ਵਿੱਚ ਹਉਮੈ ਦਾ ਦਾਸ।

ਮਨ ਬਾਰੇ ਗੁਰਬਾਣੀ ਦੇ ਮੁੱਖ ਵਿਚਾਰ ਇਹ ਹਨ:

  1. ਇਹ ਪ੍ਰਭੂ ਦੀ ਜੋਤ ਹੈ। "ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣਿ॥" (ਪੰ: ੪੪੧); "ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥" (ਪੰ: ੬੮੬); "ਮਨੁ ਮਧਸੂਦਨੁ ਤ੍ਰਿਭਵਣ ਦੇਉ॥ ਪੰ: ੩੨੯); "ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ॥" (ਪੰ: ੩੪੨); "ਇਸੁ ਮਨ ਕਉ ਰੂਪ ਨ ਰੇਖਿਆ ਕਾਈ॥ ਹੁਕਮੇ ਹੋਇਆ ਹੁਕਮੁ ਬੂਝਿ ਸਮਾਈ॥" (ਪੰ: ੩੩੦); "ਜੀਉ ਏਕੁ ਅਰੁ ਸਗਲ ਸਰੀਰਾ॥ ਇਸੁ ਮਨ ਕਉ ਰਵਿ ਰਹੇ ਕਬੀਰਾ॥" (ਪੰ: ੩੩੦)।
  2. ਇਹ ਆਪਣੇ ਕਰਤੇ ਪ੍ਰਭੁ ਨਾਲੋਂ ਵਿਛੜਿਆ ਹੋਇਆ ਹੈ। "ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ॥ ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੇ ਵਿਛੋੜੀ॥" (ਪੰ: ੫੫੮); "ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰ ਲੈ ਜਾਰਿ॥" (ਪੰ: ੮੯) ਅਤੇ "ਬਹੁਤ ਜਨਮ ਵਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹਾਰੇ ਲੇਖੇ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ॥" (ਪੰ: ੬੯੪)।
  3. ਇਸ ਵਿੱਚ ਪ੍ਰਭੂ ਨੂੰ ਮਿਲਣ ਦੀ ਤਾਂਘ ਹੈ। "ਮੇਰਾ ਮਨ ਲੋਚੈ ਗੁਰਦਰਸਨ ਤਾਈ॥ ਬਿਲਪਿ ਕਰੇ ਚਾਤ੍ਰਿਕ ਕੀ ਨਿਆਈ॥ ਤ੍ਰਿਖਾ ਨ ਉਤਰੈ ਸਾਂਤ ਨ ਆਵੈ ਬਿਨ ਦਰਸਨ ਸੰਤ ਪਿਆਰੇ ਜੀਉ॥" (ਪੰ: ੯੬); "ਇਕ ਘੜੀ ਨ ਮਿਲਤੇ ਤਾ ਕਲਿਜੁਗ ਹੋਤਾ॥ ਹੁਣਿ ਕਦਿ ਮਿਲਿਐ ਪ੍ਰਿਅ ਤੁਧੁ ਭਗਵੰਤਾ॥" (ਪੰ: ੫੯੬); "ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥" (ਪੰ: ੧੭੬) ਅਤੇ "ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥" (ਪੰ: ੧੨)।
  4. ਇਹ ਮਨੁੱਖ ਦੀ ਸ਼ਕਤੀ ਅਤੇ ਚੇਤਨਤਾ ਦਾ ਸੋਮਾ ਅਤੇ ਸਰੀਰ ਅਤੇ ਬੁੱਧੀ ਦਾ ਮਾਲਕ ਹੈ। "ਇਹੁ ਮਨੁ ਰਾਜਾ ਸੂਰ ਸੰਗ੍ਰਾਮਿ॥ ਇਹੁ ਮਨੁ ਨਿਰਭਉ ਗੁਰਮੁਖਿ ਨਾਮਿ॥ ਮਾਰੇ ਪੰਚ ਅਪੁਨੈ ਵਸ ਕੀਏ॥ ਹਉਮੈ ਗ੍ਰਾਸਿ ਇਕਤੁ ਥਾਇ ਕੀਏ॥" (ਪੰ: ੪੧੫); "ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨ ਦਰਵਾਜਾ॥ ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨ ਮਾਵਾਸੀ ਰਾਜਾ॥" (ਪੰ: ੧੧੬੧) ਅਤੇ "ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ॥ ਮਨੁ ਜੋਗੀ ਮਨੁ ਬਿਨਸਿ ਬਿਓਗੀ ਮਨੁ ਸਮਝੈ ਗੁਣ ਗਾਈ॥" (ਪੰ: ੧੧੨੫)।
  5. ਇਸ ਦੀ ਮੌਤ ਨਹੀਂ ਹੁੰਦੀ। "ਮੇਰਾ ਮੇਰਾ ਕਰਿ ਬਿਲਲਾਹੀ॥ ਮਰਣਹਾਰੁ ਇਹੁ ਜੀਅਰਾ ਨਾਹੀ॥" (ਪੰ: ੧੮੮); "ਉਹ ਬੈਰਾਗੀ ਮਰੈ ਨ ਜਾਇ॥ ਹੁਕਮੇ ਬਾਧਾ ਕਾਰ ਕਮਾਇ॥" (ਪੰ: ੩੯੦); "ਦੇਹੀ ਮਾਟੀ ਬੋਲੈ ਪਉਣੁ॥ ਬੁਝੁ ਰੇ ਗਿਆਨੀ ਮੂਆ ਹੈ ਕਉਣੁ॥ ਮੂਈ ਸੁਰਤਿ ਬਾਦੁ ਅਹੰਕਾਰੁ॥ ਓਹ ਨਾ ਮੂਆ ਜੋ ਦੇਖਣਹਾਰੁ॥" (ਪੰ: ੧੫੨); "ਇਸੁ ਮਨੁ ਕਉ ਨਹੀ ਆਵਨ ਜਾਨਾ॥ ਜਿਸ ਕਾ ਭਰਮੁ ਗਿਆ ਤਿਨਿ ਸਾਚੁ ਪਛਾਨਾ॥" (ਪੰ: ੩੩੦); "ਸਾਧੋ ਇਹੁ ਤਨੁ ਮਿਥਿਆ ਜਾਨਉ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ॥" (ਪੰ: ੧੧੮੬)।
  6. ਇਹ ਜਨਮ ਤੋਂ ਹੀ ਹਉਮੈ ਵਸ ਹੁੰਦਾ ਹੈ। "ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥" (ਪੰ: ੯੪੬); "ਹਉ ਵਿੱਚ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥" (ਪੰ: ੪੬੬); "ਹਉਮੈ ਰੋਗ ਮਾਨੁਖ ਕਉ ਦੀਨਾ॥" (ਪੰ: ੧੧੪੦)।
  7. ਹਉਮੈ ਦਾ ਮੋਹਿਆ ਮਨ ਆਪਣੇ ਅਸਲੇ ਨੂੰ ਵਿਸਾਰ ਕੇ ਤ੍ਰੈਗੁਣੀ ਸੰਸਾਰ ਦੇ ਝਮੇਲਿਆਂ ਵਿੱਚ ਉਲਝਿਆ ਰਹਿੰਦਾ ਹੈ ਅਤੇ ਪ੍ਰਭੂ ਨਾਲੋਂ ਦੂਰ ਹੁੰਦਾ ਚਲਾ ਜਾਂਦਾ ਹੈ। "ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ ਇਹੁ ਮਾਇਆ ਜਿਤੁ ਹਰਿ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ॥" (ਪੰ: ੯੨੧); "ਭੀਤਰਿ ਪੰਚ ਗੁਪਤ ਮਨਿ ਵਾਸੇ॥ ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ॥ ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ॥ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ॥" (ਪ: ੩੫੯); "ਮਨੁ ਮੈਗਲੁ ਸਾਕਤੁ ਦੇਵਾਨਾ॥ ਬਨ ਖੰਡਿ ਮਾਇਆ ਮੋਹਿ ਹੈਰਾਨਾ॥" (ਪੰ: ੪੧੫); "ਕਹੈ ਕਬੀਰ ਸੁਨਹੁ ਰੈ ਸੰਤਹੁ ਇਹੁ ਮਨ ਉਡਨ ਪੰਖੇਰੂ ਬਨ ਕਾ॥" (ਪ: ੧੨੫੩); "ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲ ਖਾਇ॥" (ਪ: ੧੩੬੯); "ਕਬੀਰ ਮਨੁ ਜਾਨੈ ਸਭ ਬਾਤ ਜਾਣਤ ਹੀ ਅਉਗੁਣ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪ ਕੂਏ ਪਰੈ॥" (ਪੰ: ੧੩੭੬) ਅਤੇ "ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥" (ਪੰ: ੬੯੩)।
  8. ਸਰੀਰ ਨਾਲ ਹਉਮੈ ਦੀ ਮੋਤ ਹੋ ਜਾਂਦੀ ਹੈ ਪਰ ਹਉਮੈ ਦੀ ਮੈਲ ਨਾਲ ਪਲੀਤ ਹੋਏ ਮਨ ਦੀ ਮੌਤ ਨਹੀਂ ਹੁੰਦੀ ਅਤੇ ਉਹ ਪ੍ਰਭੂ ਨੂੰ ਮਿਲਣਯੋਗ ਵੀ ਨਹੀਂ ਹੁੰਦਾ। "ਜਿਨਿ ਰਚ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥ ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ॥" (ਪੰ: ੯੯੯); "ਇਹ ਜੀਉ ਬਹੁਤੇ ਜਨਮ ਭਰੰਮਿਆ॥" (ਪੰ: ੪੬੫); "ਹੳਮੈ ਏਈ ਬੰਧਨਾਂ ਫਿਰ ਫਿਰ ਜੋਨੀ ਪਾਹਿ॥" (ਪੰ: ੪੬੬); "ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ॥ ਇੱਕ ਸਖਨੀ ਹੋਰ ਫੇਰ ਭਰੀਅਤ ਹੈ॥ ਤੈਸੋ ਹੀ ਇਹੁ ਖੇਲ ਖਸਮ ਕਾ ਜਿਉ ਉਸ ਕੀ ਵਡਿਆਈ॥" (ਪ: ੧੩੨੯); "ਜੁੜਿ ਜੁੜਿ ਵਿਛੁੜੇ ਵਿਛੜਿ ਜੁੜੇ॥ ਜੀਵਿ ਜੀਵਿ ਮੁਏ ਮੁਏ ਜੀਵੇ॥ ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ। ਆਗੈ ਪਾਛੈ ਗਣਤ ਨਾ ਆਵੈ ਕਿਆ ਜਾਤੀ ਕਿਆ ਹੁਣ ਹੂਏ॥" (ਪੰ: ੧੨੩੮); "ਮਨ ਮੈਲੇ ਸੂਚਾ ਕਿਉ ਹੋਇ॥ ਸਾਚਿ ਮਿਲੈ ਪਾਵੈ ਪਤਿ ਸੋਇ॥" (ਪੰ: ੬੬੫) ਅਤੇ "ਕਹਿ ਕਹਿ ਕਹਣੁ ਕਹੈ ਸਭ ਕੋਇ॥ ਬਿਨੁ ਮਨ ਮੂਏ ਭਗਤਿ ਨ ਹੋਇ॥" (ਪੰ: ੧੨੭੭।
  9. ਇਸ ਨੂੰ ਪ੍ਰਭੂ ਦੀ ਬਖਸ਼ਿਸ਼ ਹੀ ਹਉਮੈ ਦੇ ਪ੍ਰਭਾਵ ਤੋਂ ਮੁਕਤ ਕਰ ਸਕਦੀ ਹੈ। "ਅਕੁਲ ਨਿਰੰਜਨ ਸਿਉ ਮਨੁ ਮਾਨਿਆ ਮਨ ਹੀ ਤੇ ਮਨੁ ਮੂਆ॥" (ਪੰ: ੧੧੨੫); "ਇਹੁ ਮਨੁ ਖੇਲੈ ਹੁਕਮ ਕਾ ਬਾਧਾ ਇੱਕ ਖਿਨ ਮਹਿ ਦਹਿਦਿਸਿ ਫਿਰ ਆਵੈ॥ ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ ਮਨ ਗੁਰਮੁਖਿ ਤਤਕਾਲ ਵਸਿ ਆਵੈ॥" (ਪੰ: ੧੨੬੦); "ਏਹੁ ਮਨ ਮਾਰਿਆ ਨ ਮਰੈ ਜੇ ਲੋਚੇ ਸਭ ਕੋਇ॥ ਨਾਨਕ ਮਨ ਹੀ ਕਉ ਮਨ ਮਾਰਸੀ ਜੇ ਸਤਿਗੁਰੂ ਭੇਟੈ ਸੋਇ॥" (ਪੰ: ੧੦੮੯) ਅਤੇ "ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤ ਅਭਿਮਾਨੁ॥ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥ ਗੁਰ ਬਿਨੁ ਕਿਨਿ ਸਮਝਾਈਐ ਮਨ ਰਾਜਾ ਸੁਲਤਾਨੁ॥" (ਪੰ: ੬੧)।

ਜੋਤ ਸਰੂਪ ਹੁੰਦੇ ਹੋਏ ਵੀ ਮਨ ਆਪਣੀ ਹਉਮੈ ਅਤੇ ਸੰਸਾਰ ਦੀ ਮਾਇਆ ਵਿੱਚ ਮਗਨ ਹੋਇਆ ਰਹਿੰਦਾ ਹੈ। ਮਨ ਦੀ ਇਹ ਦਵੈਤ ਅਵਸਥਾ ਪ੍ਰਭੂ ਦੀ ਰਚੀ ਸੰਸਾਰਕ ਖੇਡ ਦੀ ਵਿਲਖਣਤਾ ਦਾ ਪ੍ਰਗਟਾਵਾ ਹੈ। ਦੁਬਿਧਾ ਦਾ ਰੋਗ ਮਨੁੱਖੀ ਮਨ ਨੂੰ ਹੀ ਨਹੀਂ ਸੰਸਾਰ ਨੂੰ ਵੀ ਲੱਗਾ ਹੋਇਆ ਹੈ। ਸੰਸਾਰ ਦੇ ਵੀ ਮਨੁੱਖੀ ਮਨ ਵਾਂਗ ਦੋ ਰੂਪ ਹਨ: ਇੱਕ ਸੱਚਾ ਅਤੇ ਦੂਜਾ ਝੂਠਾ।

ਸੰਸਾਰ ਦਾ ਸੱਚਾ ਰੂਪ ਗਰਬਾਣੀ ਇਊਂ ਦਰਸਾਉਂਦੀ ਹੈ:

"ਆਤਮ ਰਾਮੁ ਸੰਸਾਰਾ॥ ਸਚਾ ਖੇਲੁ ਤੁਮਾਰਾ॥" (ਪੰ: ੭੬੪); "ਇਹੁ ਜਗੁ ਸਚੇ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥" (ਪੰ: ੪੬੩); "ਏਹੁ ਵਿਸੁ ਸੰਸਾਰ ਤੁਮ ਦੇਖਦੇ ਇਹੁ ਹਰਿ ਕਾ ਰੂਪ ਹੈ ਹਰਿ ਰੂਪ ਨਦਰੀ ਆਇਆ॥" (ਪੰ: ੯੨੨) ਅਤੇ "ਜਨ ਕੀ ਮਹਿਮਾ ਕਥੀ ਨ ਜਾਇ॥ ਪਾਰਬ੍ਰਹਮੁ ਜਨੁ ਰਹਿਆ ਸਮਾਇ॥" (ਪੰ: ੧੯੩)। ਸੰਸਾਰ ਵਿੱਚ ਪ੍ਰਭੂ ਦਾ ਵਾਸਾ ਹੋਣ ਕਾਰਨ ਇਹ ਸੱਚਾ ਹੈ। ਸੰਸਾਰ ਦਾ ਸੱਚਾ ਰੂਪ ਕੇਵਲ ਉਨ੍ਹਾਂ ਨੂੰ ਦਿਖਾਈ ਦਿੰਦਾ ਹੈ ਜੋ ਸੰਸਾਰ ਦੇ ਝੂਠੇ ਰੂਪ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦੇ ਹਨ, ਜਾਂ ਇਊਂ ਕਹੋ ਕਿ ਜੋ "ਸਭਿ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ॥ ਹੁਕਮੁ ਪਛਾਨੈ ਸੁ ਏਕੈ ਜਾਨੈ ਬੰਦਾ ਕਹੀਐ ਸੋਈ॥" (ਪੰ: ੧੩੪੯) ਦੇ ਕਥਨ ਅਨੁਸਾਰ ਸੰਸਾਰ ਵਿੱਚ ਪ੍ਰਭੂ ਨੂੰ ਪਛਾਨਣ ਯੋਗ ਹੋ ਜਾਂਦੇ ਹਨ। ਗੁਰਬਾਣੀ ਲੋਕਾਈ ਵਿੱਚ ਪ੍ਰਭੂ ਦੇ ਦਰਸ਼ਨ ਕਰਨ ਨੂੰ ਮਨੁੱਖੀ ਜੀਵਨ ਦਾ ਮਨੋਰਥ ਮੰਨਦੀ ਹੈ।

ਗੁਰਬਾਣੀ ਵਿੱਚ ਝੂਠੇ ਸੰਸਾਰ ਦਾ ਵਰਨਨ ਇਸ ਪ੍ਰਕਾਰ ਕੀਤਾ ਗਿਆ ਹੈ:

"ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨ ਰਹੈ ਜਿਉ ਬਾਲੂ ਕੀ ਭੀਤ॥" (ਪੰ: ੧੪੨੮); "ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥" (ਪੰ: ੪੬੮); "ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ॥" (ਪੰ: ੭੨੧); "ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ॥" (ਪੰ: ੭੨੭); "ਮੁਕਾਮੁ ਤਿਸਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ॥ ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ॥ ੭॥ ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ॥ ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ॥" (ਪੰ: ੬੪); "ਜਿਉ ਜਲ ਊਪਰਿ ਫੇਨ ਬੁਦਬਦਾ॥ ਤੈਸਾ ਇਹੁ ਸੰਸਾਰਾ॥" (ਪੰ: ੧੨੫੭); "ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ॥ ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ॥" (ਪੰ: ੮੦੮) ਅਤੇ "ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ॥" (ਪੰ: ੪੩੩); "ਰੇ ਨਰ ਇਹ ਸਾਚੀ ਜੀਅ ਧਾਰਿ॥ ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤੁ ਨ ਬਾਰ॥" (ਪੰ: ੬੩੩)। ਨਿਰੰਤਰ ਬਦਲ ਰਿਹਾ, ਜਮਣ-ਮਰਨ ਅਤੇ ਆਵਨ-ਜਾਣ ਦੇ ਚਕਰ ਵਿੱਚ ਪਿਆ ਬਿਨਸਣਹਾਰ ਸੰਸਾਰ ਝੂਠਾ ਹੈ। ਇਹ ਝੂਠਾ ਸੰਸਾਰ ਪ੍ਰਭੂ ਦੀ ਖੇੱਡ੍ਹ ਹੈ ਜਿਸ ਨੂੰ ਗੁਰਬਾਣੀ ਦੂਜਾ ਆਖਦੀ ਹੈ। "ਦੂਜਾ ਭਾਉ ਰਚਾਇਓਨੁ ਤ੍ਰੈ ਗੁਣ ਵਰਤਾਰਾ॥" (ਪੰ: ੯੪੮); "ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥" (ਪੰ: ੪੬੩); "ਸਭੁ ਜਗੁ ਕਾਲੈ ਵਸਿ ਹੈ ਬਾਧਾ ਦੂਜੈ ਭਾਇ॥" (ਪੰ: ੧੬੨) ਅਤੇ "ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ॥ ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ॥ ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ॥" (ਪੰ: ੧੩੯)। ਸੰਸਾਰ ਵਿੱਚ ਮਾਇਆ ਨੇ ਅਤੇ ਮਨੁੱਖੀ ਮਨ ਵਿੱਚ ਹਉਮੈ ਨੇ ਦੁਬਿਧਾ ਪੈਦਾ ਕੀਤੀ ਹੋਈ ਹੈ। ਗੁਰਬਾਣੀ ਮਨੱਖ ਨੂੰ ਦੁਬਿਧਾ ਖਤਮ ਕਰਨ ਦਾ ਉਪਦੇਸ਼ ਕਰਦੀ ਹੈ: "ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ॥ ਇਸਹਿ ਮਾਰਿ ਰਾਜ ਜੋਗੁ ਕਮਾਵੈ॥" (ਪੰ: ੨੩੭)। ਦਿਖਾਈ ਦੇ ਰਹੇ ਅਤੇ ਸੱਚਾ ਸਮਝੇ ਜਾਂਦੇ ਸੰਸਾਰ ਨੂੰ ਸਿੱਖ ਸ਼ਰਧਾਲੁਆਂ ਵਲੋਂ ਝੂਠਾ ਮੰਨਣ ਵਿੱਚ ਔਖਆਈ ਆਉਣੀ ਸੁਭਾਵਕ ਹੈ। ਐਸੇ ਸ਼ਰਧਾਲੂ ਵੀ ਹੋਣਗੇ ਜੋ ਗੁਰਬਾਣੀ ਦੇ ਇਸ ਵਿਚਾਰ ਨੂੰ ਰਸਮੀ ਸਮਝ ਕੇ ਪ੍ਰਵਾਨ ਕਰ ਲੈਂਦੇ ਹੋਣਗੇ। ਹੋ ਸਕਦਾ ਹੈ ਕਿ ਮੂੰਹ ਰਖਣ ਲਈ ਉਹ ਇਸ ਵਿਚਾਰ ਬਾਰੇ ਚੁੱਪ ਧਾਰ ਲੈਂਦੇ ਹੋਣ। ਗੁਰਬਾਣੀ ਦਾ ਇਹ ਵਿਚਾਰ ਅਨੌਖਾ ਨਹੀਂ ਹੈ ਕਿਊਂਕੇ ਬਹੁਤੇ ਭੌਤਕ ਅਤੇ ਤਾਰਾ ਵਿਗਿਆਨੀ ਵੀ ਸੰਸਾਰ ਨੂੰ ਭਰਮ ਸਮਝਦੇ ਹਨ। ਸੰਸਾਰ ਦੀ ਭਰਮਾਊ ਅਸਲੀਅਤ ਬਾਰੇ ਅਮ੍ਰੀਕਨ ਮਯੂਜ਼ੀਅਮ ਆਫ ਨੈਚੁਰਲ ਹਿਸਟਰੀ (American Museum of Natural History) ਨੇ ੨੦੧੬ ਆਈਜ਼ਕ ਅਸੀਮੋਵ ਮੈਮੋਰੀਅਲ ਡੀਬੇਟ (2016 Isaac Asimov Memorial Debate) ਵੀ ਕਰਵਾਈ ਹੈ। ਗੁਰਬਾਣੀ ਦੇ ਸੰਸਾਰ ਬਾਰੇ ਵਿਚਾਰਾਂ ਦੀ ਸੰਜੀਦਗੀ ਨਾਲ ਅਧਿਐਨ ਕਰਨ ਦੀ ਲੋੜ ਹੈ। ਪੁਰਾਤਨ ਸਮਿਆਂ ਵਿੱਚ ਸਿਆਣੇ ਲੋਕ ਸੰਸਾਰ ਦੀ ਅਸਲੀਅਤ ਨੂੰ ਜਾਣ ਕੇ ਤਿਆਗਣ ਦਾ ਫੈਸਲਾ ਕਰ ਲੈਂਦੇ ਸਨ ਪਰ ਗੁਰਬਾਣੀ ਐਸਾ ਕਰਨ ਦੇ ਹੱਕ ਵਿੱਚ ਨਹੀਂ ਹੈ। ਉਹ ਮਨੁੱਖ ਨੂੰ ਸੰਸਾਰ ਦੀ ਅਸਲੀਅਤ ਜਾਨਣ ਅਤੇ ਸੰਸਾਰ ਵਿੱਚ ਸਚੇਤ ਰਹਿ ਕੇ ਵਿਚਰਣ ਦਾ ਉਪਦੇਸ਼ ਕਰਦੀ ਹੈ ਕਿਊਂਕੇ ਪ੍ਰਭੂ ਮਿਲਾਪ ਦਾ ਰਾਹ ਮਨੁੱਖਤਾ ਦੀ ਸੇਵਾ ਵਿਚੋਂ ਦੀ ਹੋ ਕੇ ਜਾਂਦਾ ਹੈ।

ਪ੍ਰਭੂ ਦੀ ਸਿਰਜੀ ਸੰਸਾਰਕ ਖੇਡ੍ਹ ਵਿੱਚ ਤ੍ਰੈਗੁਣਾਂ ਦਾ ਵਰਤਾਰਾ ਹੈ:

"ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ॥ ਚਉਥੇ ਪਦ ਕਉ ਜੋ ਨਰੁ ਚੀਨੈ ਤਿਨ ਹੀ ਪਰਮ ਪਦੁ ਪਾਇਆ॥" (ਪੰ: ੧੧੨੩); ‘ਤਿਹੁ ਗੁਣ ਮਹਿ ਵਰਤੈ ਸੰਸਾਰਾ॥ ਨਰਕ ਸੁਰਗ ਫਿਰਿ ਫਿਰਿ ਅਉਤਾਰਾ॥" (ਪੰ: ੩੮੯); "ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ॥ ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰਿਹ ਪੁਕਾਰ॥ ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ॥" (ਪੰ: ੩੦); "ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ॥ ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ॥" (ਪੰ: ੩੫੬) ਅਤੇ "ਮਾਇਆ ਵਿਚਿ ਸਹਜੁ ਨਾ ਊਪਜੈ ਮਾਇਆ ਦੂਜੈ ਭਾਇ॥ ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ॥ ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ॥ ੫॥ ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ॥" (ਪੰ: ੬੮)। ਸਮਾਜ ਦੇ ਤ੍ਰੈ ਗੁਣਾਂ ਵਿਚੋਂ ਰਜ ਗੁਣ ਜੋਸ਼, ਸਵਾਰਥ, ਚੁਸਤੀ ਅਤੇ ਸ਼ਾਸਨ ਦਾ ਪ੍ਰਤੀਕ ਹੈ। ਤਮ ਗੁਣ ਅੰਧਕਾਰ, ਅਗਿਆਨਤਾ, ਵੈਹਮ ਅਤੇ ਦਲਿਦਰ ਦਰਸਾਉਂਦਾ ਹੈ ਅਤੇ ਸਤ ਗੁਣ ਖੁਸ਼ੀ, ਗਿਆਨ, ਦਰਿੜ੍ਹ ਵਿਸ਼ਵਾਸ, ਮਿਲਣਸਾਰਤਾ ਅਤੇ ਅਛਾਈ ਦਾ ਪ੍ਰਤੀਕ ਹੈ ਜਿਸ ਨੂੰ ਨੈਤਕਤਾ ਜਾਂ ਸਦਾਚਾਰ ਵੀ ਆਖ ਦਿੱਤਾ ਜਾਂਦਾ ਹੈ। ਮਾਇਆ ਦੇ ਇਨ੍ਹਾਂ ਤ੍ਰੈਗੁਣਾਂ ਅਤੇ ਪੰਜ ਵਿਸ਼ੇ ਵਿਕਾਰਾਂ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੇ ਮਨੁੱਖਤਾ ਨੂੰ ਆਪਣੇ ਵਸ ਕਰਕੇ ਪ੍ਰਭੂ ਤੋਂ ਬੇਮੁੱਖ ਕੀਤਾ ਹੋਇਆ ਹੈ। ਇਥੋ ਤਕ ਕਿ ਮਨੁੱਖ ਪ੍ਰਭੂ ਨੂੰ ਵਿਸਾਰ ਕੇ ਹਰ ਵਕਤ ਮਾਇਆ ਮੋਹ ਦੇ ਬੰਧਨਾਂ ਨੂੰ ਮਜ਼ਬੂਤ ਕਰਨ ਬਾਰੇ ਹੀ ਚਿੰਤਤ ਰਹਿੰਦਾ ਹੈ।

ਸੰਸਾਰ ਦਾ ਸਾਰਾ ਗਤੀਸ਼ੀਲ ਪਦਾਰਥ ਮਾਇਆ ਦਾ ਰੂਪ ਹੈ। ਸੰਸਾਰ ਵਿੱਚ ਮਾਇਆ ਪ੍ਰਭੂ ਨੇ ਆਪ ਪਾਈ ਹੋਈ ਹੈ। "ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਣਹਾਰਾ॥ ਨਾਨ ਰੂਪੁ ਧਰੇ ਬੁਹ ਰੰਗੀ ਸਭ ਤੇ ਰਹੇ ਨਿਆਰਾ॥" (ਪੰ: ੫੩੭)। ਕਿਊਂਕੇ ਮਾਇਆ ਪ੍ਰਭੂ ਨੇ ਸੰਸਾਰ ਵਿੱਚ ਆਪ ਪਾਈ ਹੈ ਸੰਸਾਰ ਵਿਚੋਂ ਉਸ ਨੂੰ ਕਢਣ ਜਾਂ ਉਸ ਦੇ ਪ੍ਰਭਾਵ ਨੂੰ ਖਤਮ ਕਰਨ ਦੀ ਸਮਰਥਾ ਮਨੁੱਖ ਵਿੱਚ ਨਹੀਂ ਹੈ। ਇਸੇ ਲਈ ਗੁਰਬਾਣੀ ਵਿੱਚ ਸਮਾਜ ਸੁਧਾਰ ਦਾ ਸੰਕਲਪ ਨਹੀਂ ਹੈ। ਸਮਾਜ ਵਿੱਚ ਮਾਇਆ ਦਾ ਵਿਆਪਕ ਪ੍ਰਭਾਵ ਹੋਣ ਕਾਰਨ ਸਮਾਜ ਸੁਧਾਰ ਦੀ ਕਲਪਨਾ ਕਰਨੀ ਸੰਭਵ ਨਹੀਂ ਹੈ।

ਸਿੱਖ ਜਗਤ ਵਿੱਚ ਸਮਾਜ ਸੁਧਾਰ ਦਾ ਸੰਕਲਪ ਗੋਕਲ ਚੰਦ ਨਾਰੰਗ ਦੀ ਪੁਸਤਕ "ਟਰਾਂਸਫੌਰਮੇਸ਼ਨ ਆਫ ਸਿੱਖੀਜ਼ਮ" ("Transformation of Sikhism") ਨੇ ਪ੍ਰਸਿਧ ਕੀਤਾ ਹੈ। ਨਾਰੰਗ ਦਾ ਥੀਸਿਸ ਹੈ ਕਿ ਸਿੱਖ ਧਰਮ ਹਿੰਦੂ ਧਰਮ ਦੇ ਸੁਧਾਰ ਲਈ ਹੋਂਦ ਵਿੱਚ ਆਇਆ ਹੈ। ਪਰ ਸਮਾਜ ਸ਼ਾਸਤਰੀਆਂ ਦੇ ਦਰਿਸ਼ਟੀਕੋਣ ਤੋਂ ਸਮਾਜ ਸੁਧਾਰ ਦਾ ਸੰਕਲਪ ਬੇਬੁਨਿਆਦ ਅਤੇ ਤਰਕਹੀਣ ਹੈ ਕਿਊਂਕੇ ਕਿਸੇ ਵੀ ਸਮਾਜਕ ਏਜੰਸੀ ਦਾ ਮਨੋਰਥ ਸਮਾਜ ਵਿੱਚ ਸੁਧਾਰ ਲਿਆਉਣਾ ਨਹੀਂ ਹੁੰਦਾ। ਉਹ ਤੇ ਕੇਵਲ ਐਸਾ ਮਾਹੌਲ ਪੈਦਾ ਕਰਨ ਦਾ ਯਤਨ ਕਰਦੀ ਹੈ ਜਿਸ ਵਿੱਚ ਵਿਅਕਤੀ ਨੂੰ ਸਹੀ ਜੀਵਨ ਢੰਗ ਅਖਿਤਆਰ ਕਰਨ ਦੀ ਸੁਵਿਧਾ ਪ੍ਰਾਪਤ ਹੋ ਸਕੇ। ਸਰਕਾਰ ਦੇ ਕਨੂੰਨ, ਸਿਖਿਆ ਅਦਾਰੇ, ਪ੍ਰਾਫੈਸ਼ਨਲ ਅਤੇ ਸਮਾਜਕ ਸੰਸਥਾਵਾਂ ਐਸਾ ਮਾਹੌਲ ਤਿਆਰ ਕਰਨ ਲਈ ਜ਼ਿਮੇਵਾਰ ਹੁੰਦੀਆਂ ਹਨ ਜਿਨ੍ਹਾਂ ਵਿੱਚ ਵਿਅਕਤੀ ਸਹੀ ਜੀਵਨ ਢੰਗ ਚੁਣ ਸਕੇ। ਅੰਤਮ ਫੈਸਲਾ ਵਿਅਕਤੀ ਨੇ ਕਰਨਾ ਹੁੰਦਾ ਹੈ। ਵਿਅਕਤੀਆਂ ਦੇ ਸਹੀ ਜੀਵਨ ਢੰਗ ਅਪਨਾਉਣ ਨਾਲ ਹੀ ਸਮਾਜ ਵਿੱਚ ਸੁਧਾਰ ਆਉਣ ਦੀ ਸੰਭਾਵਨਾ ਬਣਦੀ ਹੈ। ਸਮਾਜ ਸੁਧਾਰਕ ਲਹਿਰਾਂ ਦੀ ਸਫਲਤਾ ਵੀ ਸਬੰਧਤ ਵਿਅਕਤੀਆਂ ਦੇ ਜੀਵਨ ਵਿੱਚ ਸੁਧਾਰ ਆਉਣ ਤੇ ਹੀ ਨਿਰਭਰ ਕਰਦੀ ਹੈ। ਉਦਾਹਰਨ ਵਜੋਂ, ਗੁਰਦੁਆਰਾ ਸੁਧਾਰ ਲਹਿਰ ਦਾ ਮਨੋਰਥ ਗੁਰਦੁਆਰਿਆਂ ਵਿੱਚ ਸੁਧਾਰ ਲਿਆਉਣਾ ਸੀ ਜਿਸ ਲਈ ਗੁਰਦਆਰਾ ਸੇਵਕਾਂ ਵਿੱਚ ਸੁਧਾਰ ਲਿਆਉਣ ਦੀ ਵਿਵਸਥਾ ਕਰਨ ਦੀ ਲੋੜ ਸੀ। ਪਰ ਉਸ ਲਹਿਰ ਦਾ ਪਰਿਣਾਮ ਇਹ ਹੋਇਆ ਕਿ ਗੁਰਦਆਰਾ ਸੇਵਕਾਂ ਵਿੱਚ ਸੁਧਾਰ ਲਿਆਉਣ ਵਾਲਾ ਮਾਹੌਲ ਤੇ ਨਾ ਬਣਿਆ ਪਰ ਗੁਰਦੁਆਰਿਆਂ ਦਾ ਪ੍ਰਬੰਧ ਰਾਜ ਸਰਕਾਰ ਨੇ ਕਨੂੰਨ ਰਾਹੀਂ ਆਪਣੇ ਹੱਥ ਵਿੱਚ ਲੈ ਕੇ ਰਾਜਸੀ ਮਸੰਦਾਂ ਨੂੰ ਸੌਂਪ ਦਿੱਤਾ ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਕਰਮ ਕਾਂਡਾਂ ਦੇ ਅੱਡੇ ਬਣਾ ਕੇ ਗੁਰਮਤਿ ਵਿਦਵਾਨਾਂ ਨਾਲ ਅਸੱਭਿਅਕ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ। ਉਵੇਂ ਹੀ ਭਾਰਤ ਵਿੱਚ ਕਨੂੰਨ ਤੇ ਬਹੁਤ ਵਧੀਆ ਬਣੇ ਹੋਏ ਹਨ ਪਰ ਸ਼ਾਸਨ ਭ੍ਰਿਸ਼ਟ ਹੈ ਕਿਊਂਕੇ ਵਧੀਆ ਕਨੂੰਨ ਲੋਕਾਂ ਨੂੰ ਬਦਲਣ ਵਿੱਚ ਸਫਲ ਨਹੀਂ ਹੋ ਸਕੇ ਹਨ। ਸਮਾਜਕ ਏਜੰਸੀਆਂ ਵਿਅਕਤੀਆਂ ਵਿੱਚ ਸੁਧਾਰ ਨਹੀਂ ਲਿਆ ਸਕਦੀਆਂ ਕੇਵਲ ਸੁਧਾਰ ਲਈ ਮਾਹੌਲ ਪੈਦਾ ਕਰ ਸਕਦੀਆਂ ਹਨ। ਸੁਧਾਰ ਦਾ ਨਿਰਨਾ ਵਿਅਕਤੀ ਨੇ ਖੁੱਦ ਕਰਨਾ ਹੁੰਦਾ ਹੈ। ਵਿਅਕਤੀ ਨੇ ਸੁਧਾਰ ਆਪਣੇ ਆਪ ਵਿੱਚ ਲਿਆਉਣਾ ਹੁੰਦਾ ਹੈ ਦੂਜਿਆਂ ਜਾਂ ਸਮਾਜ ਵਿੱਚ ਨਹੀਂ ਕਿਊਂਕੇ ਪ੍ਰਭੂ ਨੇ ਹਰ ਮਨੁੱਖ ਨੂੰ ਖੁੱਦਮੁਖਤਿਆਰ ਬਣਾਇਆ ਹੈ ਕਿਸੇ ਸਮਾਜ ਜਾਂ ਧਰਮ ਦੇ ਅਧੀਨ ਨਹੀਂ ਕੀਤਾ ਹੈ।

ਅੱਜ ਤਕ ਜਿਨੇ ਵੀ ਸਮਾਜ ਸੁਧਾਰ ਦੇ ਉਦੱਮ, ਸੰਘਰਸ਼ ਅਤੇ ਇਨਕਲਾਬ ਹੋਏ ਹਨ ਉਹ ਸਮਾਜ ਵਿੱਚ ਸੁਧਾਰ ਲਿਆਉਣ ਦੀ ਥਾਂ ਹੋਰ ਭਿਆਨਕ ਕਤਲੋ ਗਾਰਤ ਦਾ ਸਬੱਬ ਬਣੇ ਹਨ। ਅਸਲ ਵਿੱਚ ਹਿੰਸਾ, ਨਫਰਤ ਅਤੇ ਜੰਗ ਨਾਲ ਲਿਆਂਦੀ ਸਮਾਜਕ ਤਬਦੀਲੀ ਸੁਧਾਰ ਕਰਨ ਦੀ ਥਾਂ ਹਿੰਸਾ, ਅਨਿਆਂ ਅਤੇ ਪੱਖ ਪਾਤ ਵਿੱਚ ਹੋਰ ਵਾਧਾ ਕਰ ਦਿੰਦੀ ਹੈ। ਸਮਾਜਾਂ ਦੇ ਸੁਧਾਰ ਦਾ ਦਾਅਵਾ ਕਰਨ ਵਾਲੀਆਂ ਸ਼ਕਤੀਆਂ ਨੇ ਅੱਜ ਵਿਸ਼ਵ ਨੂੰ ਮਾਨਵਤਾ ਦੇ ਵਿਨਾਸ਼ ਲਈ ਬਣਾਏ ਐਟਮ ਬੰਬਾਂ ਦੇ ਢੇਰ ਤੇ ਲਿਆ ਖੜ੍ਹਾ ਕੀਤਾ ਹੈ ਅਤੇ ਸਮਾਜਕ ਉਤਮਤਾ ਦੇ ਨਾਂ ਤੇ ਸੰਘਰਸ਼ ਵਿੱਿਢਆ ਹੋਇਆ ਹੈ।

ਧਰਮ ਸ਼ਾਸਤਰੀ ਜ਼ਰੂਰ ਸਮਾਜ ਵਿੱਚ ਸੁਧਾਰ ਲਿਆਉਣ ਦਾ ਦਾਅਵਾ ਕਰਦੇ ਹਨ। ਪਰ ਜੇਕਰ ਧਾਰਮਕ ਸੰਗਠਨਾਂ ਵਲੋਂ ਸਮਾਜ ਸੁਧਾਰ ਲਈ ਕੀਤੇ ਉਦਮਾਂ ਤੇ ਸਰਸਰੀ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੇ ਕਿ ਹਿੰਦੂ ਧਰਮ ਦੀ ਜਾਤ ਪ੍ਰਣਾਲੀ ਨੇ ਸਮਾਜ ਦੀ ਪਾਵਨਤਾ ਬਰਕਰਾਰ ਰਖਣ ਲਈ ਬੁਹਗਿਣਤੀ ਕਿਰਤੀਆਂ ਨਾਲ ਦੁਰਵਿਹਾਰ ਅਤੇ ਅਸਿਹ ਅਤਿਆਚਾਰ ਕੀਤਾ ਹੈ। ਈਸਾਈ ਮੱਤ ਦੇ ਪੈਰੋਕਾਰਾਂ ਨੇ ਅਮ੍ਰੀਕਾ ਦੇ ਆਦੀਵਾਸੀਆਂ ਨੂੰ ਸੱਭਿਅ ਬਨਾਉਣ ਲਈ ਉਨ੍ਹਾਂ ਦੀ ਨਸਲ ਕੁਸ਼ੀ ਕਰ ਦਿੱਤੀ ਅਤੇ ਅਫਰੀਕਾ ਦੇ ਵਸਨੀਕਾਂ ਨੂੰ ਸਭਿਅਤਾ ਦਾ ਪਾਠ ਪੜ੍ਹਾਉਣ ਲਈ ਗੁਲਾਮ ਬਣਾ ਲਿਆ। ਇਸਲਾਮ ਨੇ ਅਨਗਿਣਤ ਲੋਕਾਂ ਨੂੰ ਧਰਮ ਦੇ ਰਾਹ ਤੇ ਪਾਉਣ ਲਈ ਲੁਟਿਆ ਅਤੇ ਮਾਰ ਮੁਕਾਇਆ ਅਤੇ ਅੱਜ ਵੀ ਅਲ-ਕਾਇਦਾ, ਆਈ. ਐਸ. ਆਈ. ਐਸ. ਅਤੇ ਤਾਲਿਬਾਨ ਮਾਸੂਮ ਲੋਕਾਂ ਨੂੰ ਸੱਚੇ ਧਰਮੀ ਬਨਾਉਣ ਲਈ ਮਾਰ ਧਾੜ ਅਤੇ ਲੁੱਟ ਖੋਹ ਕਰ ਰਹੇ ਹਨ। ਧਾਰਮਕ ਸ਼ੁਧਤਾ ਅਤੇ ਸੁਧਾਰ ਦੇ ਜਨੂਨ ਨੇ ਪੰਜਾਬ ਵਿੱਚ ਲਖਾਂ ਦੀ ਗਿਣਤੀ ਵਿੱਚ ਮਾਸੂਮਾਂ ਦਾ ਘਾਣ ਕਰਕੇ ਸੁੱਖੀ ਵਸਦੀ ਪੰਜਾਬੀ ਕੌਮ ਦੇ ਪ੍ਰਵਾਰਾਂ ਨੂੰ ਉਜਾੜ ਅਤੇ ਵੰਡ ਦਿੱਤਾ ਅਤੇ ਭਾਰਤ ਵਿੱਚ ਖਾਲਿਸਤਾਨੀ ਖਾੜਕੂ ਲਹਿਰ ਅਤੇ ਪਾਕਿਸਤਾਨ ਵਿੱਚ ਧਾਰਮਕ ਲਹਿਰਾਂ ਨੇ ਪੰਜਾਬੀ ਕੌਮ ਦਾ ਭਵਿਖ ਹੋਰ ਧੁੰਦਲਾ ਕਰ ਦਿੱਤਾ। ਸਮਾਜ ਵਿੱਚ ਸ਼ਾਂਤੀ, ਮਨੁੱਖੀ ਸੁਤੰਤਰਤਾ, ਬਰਾਬਰੀ ਅਤੇ ਬੇਹਤਰੀ ਧਾਰਮਕ ਧੜਿਆਂ ਦੇ ਪ੍ਰਚਾਰ ਜਾਂ ਕੌਮਾਂ ਵਲੋਂ ਜੰਗ, ਹਿੰਸਾ ਅਤੇ ਨਫਰਤ ਨਾਲ ਨਹੀਂ ਲਿਆਂਦੀ ਜਾ ਸਕਦੀ ਉਸ ਲਈ ਵਿਅਕਤੀਆਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੁੰਦੀ ਹੈ। ਸਮਾਜ ਵਿੱਚ ਆਜ਼ਾਦੀ, ਸੁੱਖ ਅਤੇ ਸ਼ਾਂਤੀ ਵਿਅਕਤੀਆਂ ਤੇ ਨਿਰਭਰ ਕਰਦੀ ਹੈ। ਆਜ਼ਾਦੀ ਦੇ ਸੁੱਖ ਦੀ ਪ੍ਰਾਪਤੀ ਲਈ ਹਰ ਵਿਅਕਤੀ ਨੂੰ ਆਪਣਾ ਮਨ ਬਣਾ ਕੇ ਸੰਘਰਸ਼ ਕਰਨਾ ਪੈਂਦਾ ਹੈ ਅਤੇ ਉਸ ਦੀ ਰਖਿਆ ਲਈ ਸਚੇਤ ਹੋ ਕੇ ਪੈਹਰਾ ਦੇਣਾ ਪੈਂਦਾ ਹੈ। ਅਸਲ ਵਿੱਚ ਹਰ ਵਿਅਕਤੀ ਨੂੰ ਆਪਣੇ ਅਧਿਕਾਰਾਂ ਦੀ ਕੀਮਤ ਚੁਕਾਉਣੀ ਪੈਂਦੀ ਹੈ ਕਿਊਂਕੇ ਨਾ ਤੇ ਇਹ ਮੁਫਤ ਮਿਲਦੇ ਹਨ ਅਤੇ ਨਾ ਹੀ ਬਿਨਾ ਹਿਫਾਜ਼ਤ ਸੁਰਖਿਅਤ ਰਹਿੰਦੇ ਹਨ। ਇਸੇ ਲਈ ਗੁਰਬਾਣੀ ਸਮਾਜ ਸੁਧਾਰ ਦੀ ਗੱਲ ਨਹੀਂ ਕਰਦੀ ਕੇਵਲ ਵਿਅਕਤੀ ਨੂੰ ਆਪਣੀ ਹਉਮੈ ਅਤੇ ਸਮਾਜ ਵਿੱਚ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਨਿਮ੍ਰਤਾ ਸਹਿਤ ਮਾਨਵਤਾ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਜੀਵਨ ਦੇ ਮਾਰਗ ਤੇ ਚਲਣ ਦਾ ਉਪਦੇਸ਼ ਕਰਦੀ ਹੈ। "ਵਿਚਿ ਦੁਨੀਆਂ ਸੇਵ ਕਮਾਈਐ॥ ਤਾ ਦਰਗਹਿ ਬੈਸਣੁ ਪਾਈਐ॥" (ਪੰ: ੨੬)। ਗੁਰਦੁਆਰਾ ਪ੍ਰਬੰਧਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਗੁਰਦੁਆਰਿਆਂ ਵਿੱਚ ਗੁਰਮਤਿ ਦੇ ਮਾਨਵਵਾਦੀ ਉਪਦੇਸ਼ ਦੇ ਸੰਚਾਰ ਦੁਆਰਾ ਸ਼ਰਧਾਲੂਆਂ ਨੂੰ ਵਿਸ਼ਵ ਸ਼ਾਂਤੀ, ਮਨੁੱਖੀ ਸੁਤੰਤਰਤਾ ਅਤੇ ਬਰਾਬਰੀ ਦੇ ਅਲਮ ਬਰਦਾਰ ਬਨਣ ਲਈ ਪ੍ਰੇਰਤ ਕਰਨ ਦੀ ਵਿਵਸਥਾ ਕਰਨ।

ਪੁਰਾਤਨ ਸਮਿਆਂ ਵਿੱਚ ਮੋਕਸ਼ ਦੇ ਅਭਿਲਾਸ਼ੀ ਗ੍ਰਿਹਸਥੀ ਜੀਵਨ ਦਾ ਤਿਆਗ ਕਰਕੇ ਜਪ ਤਪ ਕਰਨ ਲਈ ਜੰਗਲਾਂ ਵਿੱਚ ਚਲੇ ਜਾਂਦੇ ਸਨ। ਗੁਰਬਾਣੀ ਸਮਾਜ ਦੇ ਤਿਆਗ ਦੀ ਹਾਮੀ ਨਹੀਂ ਹੈ ਪਰ ਸੰਸਾਰਕ ਇੱਛਾਵਾਂ ਦਾ ਤਿਆਗ ਕਰਨ ਦਾ ਉਪਦੇਸ਼ ਕਰਦੀ ਹੈ। ਸਿੱਖ ਜਗਤ ਵਿੱਚ ਤਿਆਗ ਪਰਥਾ ਦਾ ਪ੍ਰਚਾਰ ਨਹੀਂ ਕੀਤਾ ਜਾਂਦਾ। ਬਹੁਤੇ ਅੰਮ੍ਰਿਤਧਾਰੀ ਸਿੱਖਾਂ ਦਾ ਤੇ ਇਹ ਵਿਸ਼ਵਾਸ ਹੈ ਕਿ ਖੰਡੇ ਦੀ ਪਾਹੁਲ ਛਕਣ ਨਾਲ ਹੀ ਵਿਅਕਤੀ ਅਤੇ ਸਮਾਜ ਵਿੱਚ ਸੁਧਾਰ ਆ ਜਾਂਦਾ ਹੈ। ਗੁਰਬਾਣੀ ਸਮਾਜ ਸੁਧਾਰ ਦੀ ਗੱਲ ਨਹੀਂ ਕਰਦੀ ਉਹ ਤੇ ਮਨੁੱਖ ਨੂੰ ਆਪਣੇ ਮਨ ਨੂੰ ਵਸ ਕਰਨ ਦਾ ਉਪਦੇਸ਼ ਕਰਦੀ ਹੈ ਤਾਂ ਜੋ ਉਹ ਲੋਕਾਈ ਵਿੱਚ ਵਸ ਰਹੇ ਪ੍ਰਭੂ ਦੇ ਦਰਸ਼ਨ ਕਰਨ ਅਤੇ ਉਸ ਦੀ ਸੇਵਾ ਕਰਨਯੋਗ ਬਣ ਸਕੇ।

*********




.