.

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਭਾਗ ਦੂਜਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਅਪਨਾ ਸਿਮਰਨੁ ਦੇ ਪ੍ਰਤਿਪਾਲਿਆ" - ਕੇਵਲ ਤੇ ਕੇਵਲ "ਮਾਤ ਗਰਭ" ਸੰਬੰਧੀ ਨਿਰੋਲ ਗੁਰਬਾਣੀ ਆਧਾਰਤ ਆ ਚੁੱਕੇ ਵੇਰਵੇ ਤੋਂ ਬਾਅਦ ਸਾਨੂੰ ਇਹ ਸ਼ੰਕਾ ਹੀ ਨਹੀਂ ਰਹਿਣੀ ਚਾਹੀਦੀ ਕਿ ‘ਮਾਤਾ ਦੇ ਗਰਭ’ ਸਮੇਂ ਕੋਈ ਬੱਚਾ, ਪ੍ਰਭੂ ਦਾ ਅਜਿਹਾ ਅੱਖਰੀ ਸਿਮਰਣ ਕਰਦਾ ਜਾਂ ਕਰ ਰਿਹਾ ਹੁੰਦਾ ਹੈ ਜਿਹੜਾ ਕਿ ਕਿਸੇ ਨੂੰ ਬਾਹਿਰ ਵੀ ਸੁਣਾਈ ਦੇ ਸਕੇ। ਉਂਜ ਵੀ ਗੁਰਬਾਣੀ `ਚ ਬਹੁਤਾ ਕਰਕੇ ਉਸ ਸਿਮਰਨ ਦੀ ਗੱਲ ਕੀਤੀ ਹੋਈ ਹੈ ਜਿਹੜਾ ਸਿਮਰਨ "ਸੁਆਸ-ਸੁਆਸ", "ਅਨਦਿਨ", "ਊਠਤ ਬੈਠਤ, ਸੋਵਤ ਜਾਗਤ", "ਸਾਸ-ਗ੍ਰਾਸ", "ਦਿਨ ਰੈਣ", "ਦਮਿ ਦਮਿ" ਭਾਵ ਜਿਹੜਾ ਸਿਮਰਨ ਸੁਰਤ ਤੇ ਲਿਵ ਕਰਕੇ ਮਨੁੱਖਾ ਜੀਵਨ ਦੌਰਾਨ ਹਰੇਕ ਪਲ, ਇੱਕ ਰਸ ਤੇ ਅਰੁਕ ਚਲਦਾ ਰਹੇ। ਜਿਵੇਂ:-

"ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ" (ਪੰ: ੨੮੯)

"ਜੋ ਦਮੁ ਚਿਤਿ ਨ ਆਵਈ, ਸੋ ਦਮੁ ਬਿਰਥਾ ਜਾਇ" (ਪੰ: ੭੩੦)

"ਆਠ ਪਹਰ ਮਨਿ ਹਰਿ ਜਪ ਸਫਲੁ ਜਨਮੁ ਪਰਵਾਣੁ" (ਪੰ: ੨੯੮)

"ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ" (ਪੰ: ੫੫੬)

"ਅਨਦਿਨੁ ਭਗਤੀ ਰਤਿਆ, ਮਨੁ ਤਨੁ ਨਿਰਮਲੁ ਹੋਇ" (ਪੰ: ੨੭)

"ਹਰਿ ਕੀਰਤਨੁ ਗਾਵਹੁ ਦਿਨੁ ਰਾਤੀ, ਸਫਲ ਏਹਾ ਹੈ ਕਾਰੀ ਜੀਉ" (ਪੰ: ੧੦੭-੮)

"ਗੁਰ ਕੀ ਬਾਣੀ ਅਨਦਿਨੁ ਗਾਵੈ. ਸਹਜੇ ਭਗਤਿ ਕਰਾਵਣਿਆ" (ਪੰ: ੧੧੦)

"ਊਠਤ ਬੈਠਤ ਸੋਵਤ ਜਾਗਤ, ਹਰਿ ਧਿਆਈਐ ਸਗਲ ਅਵਰਦਾ ਜੀਉ" (ਪੰ: ੧੦੧)

"ਸੇਵੀ ਸਤਿਗੁਰੁ ਆਪਣਾ, ਹਰਿ ਸਿਮਰੀ ਦਿਨ ਸਭਿ ਰੈਣ" (ਪੰ: ੧੩੬)

"ਸਾਸ ਸਾਸ ਸਾਸ ਹੈ ਜੇਤੇ, ਮੈ ਗੁਰਮਤਿ ਨਾਮੁ ਸਮਾੑਰੇ॥ ਸਾਸੁ ਸਾਸੁ ਜਾਇ ਨਾਮੈ ਬਿਨੁ, ਸੋ ਬਿਰਥਾ ਸਾਸੁ ਬਿਕਾਰੇ" (ਪੰ: ੯੮੦)

"ਇਕੁ ਦਮੁ ਸਾਚਾ ਵੀਸਰੈ, ਸਾ ਵੇਲਾ ਬਿਰਥਾ ਜਾਇ॥ ਸਾਹਿ ਸਾਹਿ ਸਦਾ ਸਮਾਲੀਐ, ਆਪੇ ਬਖਸੇ ਕਰੇ ਰਜਾਇ" (ਪੰ: ੫੦੬)

"ਆਠ ਪਹਰ ਗੁਨ ਗਾਈਅਹਿ, ਤਜੀਅਹਿ ਅਵਰਿ ਜੰਜਾਲ॥ ਜਮਕੰਕਰੁ ਜੋਹਿ ਨ ਸਕਈ, ਨਾਨਕ ਪ੍ਰਭੂ ਦਇਆਲ" (ਪੰ: ੨੯੮) ਜਦਕਿ ਵਿਸ਼ੇ ਨਾਲ ਸੰਬੰਧਤ ਗੁਰਬਾਣੀ `ਚ ਹੋਰ ਵੀ ਬੇਅੰਤ ਗੁਰ-ਫ਼ੁਰਮਾਨ ਪ੍ਰਾਪਤ ਹਨ।

"ਚੀਤੁ ਨਿਰੰਜਨੁ ਨਾਲਿ" - ਕਮਾਲ ਤਾਂ ਇਹ ਹੈ ਕਿ ਅੱਜ ਅਸੀਂ "ਮਾਤਾ ਦੇ ਗਰਭ" ਵਿਚੱਲੇ ਬੱਚੇ ਨਾਲ ਸੰਬੰਧਤ ਕਰਕੇ ਸਿਮਰਨ ਦੇ ਉਹ ਅਰਥ ਜੋੜ ਰਹੇ ਹਾਂ, ਜਿਹੜੇ ਗੁਰਬਾਣੀ ਅਨੁਸਾਰ ਬਹੁਤਾ ਕਰਕੇ ਪ੍ਰਭੂ ਦੇ ਸਿਮਰਨ ਦੇ ਅਰਥ, ਹੈਣ ਹੀ ਨਹੀ, ਬਲਕਿ ਸਿਮਰਨ ਦੇ ਉਹ, ਉਹ ਅਰਥ ਹਨ ਹੀ ਬ੍ਰਾਹਮਣੀ ਤੇ ਅਨਮੱਤੀ। ਹੋਰ ਤਾਂ ਹੋਰ, ਪ੍ਰਭੂ ਦੇ ਸਿਮਰਨ ਦੇ ਉਹ ਅਰਥ ਜਿਨ੍ਹਾਂ ਅਰਥਾਂ ਦਾ ਗੁਰਮੱਤ ਨੇ ਬਹੁਤਾ ਕਰਕੇ ਖੰਡਣ ਕੀਤਾ ਹੋਇਆ ਹੈ। ਕਿਉਂਕਿ ਗੁਰਬਾਣੀ ਅਨੁਂਸਾਰ "ਮਾਤਾ ਦੇ ਗਰਭ" ਵਿਚੱਲੇ ਬੱਚੇ ਦੀ ਤਾਂ ਇਸ ਵਿਸ਼ੇ ਬਾਰੇ ਗੱਲ ਹੀ ਕੀ ਕਰਣੀ ਹੈ? ਇਹ ਵੀ ਦੇਖ ਚੁੱਕੇ ਹਾਂ ਕਿ ਚਲਦੇ-ਫ਼ਿਰਦੇ ਮਨੁੱਖਾ ਸਰੀਰ ਲਈ ਵੀ, ਇਹ ਵਿਸ਼ਾ ਬਹੁਤਾ ਕਰਕੇ ਲਿਵ ਤੇ ਸੁਰਤ ਦਾ ਹੀ ਹੈ ਅਤੇ ਅੱਖਰੀ ਸਿਮਰਨ ਦਾ ਬਹੁਤ ਘੱਟ।

ਗੁਰਮੱਤ ਆਧਾਰ `ਤੇ ਪ੍ਰਭੂ ਦੇ ਸਿਮਰਨ ਵਾਲੇ ਵਿਸ਼ੇ ਨੂੰ ਅਸੀਂ ਗੁਰਬਾਣੀ ਚੋਂ ਹੀ ਥੋੜਾ ਹੋਰ ਖੁੱਲ ਕੇ ਇੱਕ ਇਤਿਹਾਸਕ ਘਟਣਾ ਨਾਲ ਜੋੜ ਕੇ ਵੀ ਲੈਣਾ ਚਾਵਾਂਗੇ। ਉਹ ਇਸਤਰ੍ਹਾਂ ਕਿ ਆਪਣੇ ਜੀਵਨ ਦੀ ਅਜੇ ਕੱਚੀ ਆਤਮਕ ਅਵਸਥਾ ਸਮੇਂ ਤ੍ਰਲੋਚਨ ਜੀ, ਨਾਮਦੇਵ ਜੀ ਦੀ ਉਪਮਾ ਸੁਣ ਕੇ ਉਚੇਚੇ ਉਨ੍ਹਾਂ ਦੇ ਦਰਸ਼ਨਾਂ ਲਈ ਮਹਾਰਾਸ਼ਟਰ ਪੁੱਜੇ। ਫ਼ਿਰ ਮਹਾਰਸ਼ਟਰ `ਚ ਜਦੋਂ ਉਨ੍ਹਾਂ ਦਾ ਮਿਲਾਪ ਨਾਮਦੇਵ ਜੀ ਨਾਲ ਹੋਇਆ ਤਾਂ ਨਾਮਦੇਵ ਜੀ ਕਪੜਿਆਂ ਦੀ ਰੰਗਾਈ-ਛਪਾਈ ਵਾਲੇ ਆਪਣੇ ਕਿੱਤੇ `ਚ ਲੀਨ ਸਨ। ਇਸ `ਤੇ ਤ੍ਰਲੋਚਨ ਜੀ ਨੂੰ ਨਾਮਦੇਵ ਜੀ ਦੇ ਭਗਤ ਹੋਣ ਸੰਬੰਧੀ ਹੀ ਸ਼ੰਕਾ ਹੋ ਗਈ।

ਓਦੋਂ ਤ੍ਰਲੋਚਨ ਜੀ, ਨਾਮਦੇਵ ਜੀ ਨੂੰ ਇਸ ਸੰਬੰਧੀ ਸੁਆਲ ਕਰਦੇ ਹਨ ਤੇ ਉਨ੍ਹਾਂ ਦੇ ਸੁਆਲ ਦਾ ਉੱਤਰ ਨਾਮਦੇਵ ਜੀ ਨੇ ਆਪਣੇ ਰਾਮਕਲੀ ਰਾਗ ਵਿੱਚਲੇ ਇੱਕ ਸ਼ਬਦ `ਚ ਬੜਾ ਵੇਰਵੇ ਨਾਲ ਵੀ ਦਿੱਤਾ ਹੋਇਆ ਹੈ। ਇਸ ਲਈ ਅੱਗੇ ਚੱਲ ਕੇ ਅਸੀਂ ਨਾਮਦੇਵ ਜੀ ਦਾ ਉਹ ਸ਼ਬਦ ਵੀ ਲਵਾਂਗੇ। ਉਂਜ ਤ੍ਰਲੋਚਨ ਜੀ ਤੇ ਨਾਮਦੇਵ ਜੀ ਵਿੱਚਲੇ ਉਸ ਵਾਰਤਾਲਾਪ ਨੂੰ ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ `ਚ ਬਿਆਣਿਆ ਹੈ ਜਿਹੜਾ ਕਿ ਇਸ ਤਰ੍ਹਾਂ ਹੈ:-

"ਨਾਮਾ ਮਾਇਆ ਮੋਹਿਆ, ਕਹੈ ਤਿਲੋਚਨੁ ਮੀਤ॥ ਕਾਹੇ ਛੀਪਹੁ ਛਾਇਲੈ, ਰਾਮ ਨ ਲਾਵਹੁ ਚੀਤੁ॥ ੨੧੨॥ ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾੑਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ॥ ੨੧੩ ॥" (ਪੰ: ੧੩੭੬)

ਉਪ੍ਰੰਤ ਇਸੇ ਘਟਨਾ ਦਾ ਜ਼ਿਕਰ ਨਾਮਦੇਵ ਜੀ ਦੇ ਆਪਣੇ ਸ਼ਬਦ `ਚ ਅਰਥਾਂ ਸਹਿਤ:-

"ਆਨੀਲੇ ਕਾਗਦੁ ਕਾਟੀਲੇ ਗੂਡੀ, ਆਕਾਸ ਮਧੇ ਭਰਮੀਅਲੇ॥ ਪੰਚ ਜਨਾ ਸਿਉ ਬਾਤ ਬਤਊਆ, ਚੀਤੁ ਸੁ ਡੋਰੀ ਰਾਖੀਅਲੇ॥ ੧॥ ਮਨੁ ਰਾਮ ਨਾਮਾ ਬੇਧੀਅਲੇ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ॥ ੧॥ ਰਹਾਉ॥ ਆਨੀਲੇ ਕੁੰਭੁ ਭਰਾਈਲੇ ਊਦਕ, ਰਾਜ ਕੁਆਰਿ ਪੁਰੰਦਰੀਏ॥ ਹਸਤ ਬਿਨੋਦ ਬੀਚਾਰ ਕਰਤੀ ਹੈ, ਚੀਤੁ ਸੁ ਗਾਗਰਿ ਰਾਖੀਅਲੇ॥ ੨॥ ਮੰਦਰੁ ਏਕੁ ਦੁਆਰ ਦਸ ਜਾ ਕੇ, ਗਊ ਚਰਾਵਨ ਛਾਡੀਅਲੇ॥ ਪਾਂਚ ਕੋਸ ਪਰ ਗਊ ਚਰਾਵਤ, ਚੀਤੁ ਸੁ ਬਛਰਾ ਰਾਖੀਅਲੇ॥ ੩॥ ਕਹਤ ਨਾਮਦੇਉ ਸੁਨਹੁ ਤਿਲੋਚਨ, ਬਾਲਕੁ ਪਾਲਨ ਪਉਢੀਅਲੇ॥ ਅੰਤਰਿ ਬਾਹਰਿ ਕਾਜ ਬਿਰੂਧੀ, ਚੀਤੁ ਸੁ ਬਾਰਿਕ ਰਾਖੀਅਲੇ॥ ੪॥ ੧॥" {ਪੰ: ੯੭੨}

ਅਰਥ : — (ਹੇ ਤ੍ਰਿਲੋਚਨ!) ਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿੱਚ ਪਾਏ ਹੋਏ ਸੋਨੇ `ਚ) ਜੁੜਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪ੍ਰਮਾਤਮਾ ਦੇ ਨਾਮ ਵਿੱਚ ਵਿੱਝਾ ਹੋਇਆ ਹੈ। ੧। ਰਹਾਉ।

(ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿੱਚ ਉਡਾਉਂਦਾ ਹੈ, ਸਾਥੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦਾ ਮਨ (ਗੁੱਡੀ ਦੀ) ਡੋਰ ਵਿੱਚ ਟਿਕਿਆ ਰਹਿੰਦਾ ਹੈ। ੧।

(ਹੇ ਤ੍ਰਿਲੋਚਨ!) ਜੁਆਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ) ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ, (ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿੱਚ ਰੱਖਦੀਆਂ ਹਨ। ੨।

(ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ, ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ; ਇਹ ਗਾਈਆਂ ਪੰਜਾਂ ਕੋਹਾਂ ਤੇ ਜਾ ਕੇ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿੱਚ ਹੀ ਰੱਖਦੀਆਂ ਹਨ (ਤਿਵੇਂ ਹੀ ਦਸ-ਇੰਦ੍ਰਿਆਂ-ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਆਪਣੇ ਪ੍ਰਭੂ-ਚਰਨਾਂ ਵਿੱਚ ਹੀ ਜੁੜੀ ਹੋਈ ਹੈ)। ੩।

ਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ—ਮਾਂ ਆਪਣੇ ਬਾਲ ਨੂੰ ਪੰਘੂੜੇ ਵਿੱਚ ਪਾਂਦੀ ਹੈ, ਅੰਦਰ ਬਾਹਰ ਘਰ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿੱਚ ਰੱਖਦੀ ਹੈ। ੪। ੧।

ਭਾਵ : ਕੰਮ-ਕਾਰ ਕਰਦਿਆਂ ਸੁਰਤ ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਰਹੇ (ਅਰਥ ਧੰਨਵਾਦਿ ਸਹਿਤ, ਪ੍ਰੌ: ਸਾਹਿਬ ਸਿੰਘ ਜੀ ਡੀ ਲਿਟ: ) (ਗੁਰਬਾਣੀ ਅਨੁਸਾਰ ਇਸੇ ਨੂੰ ਪ੍ਰਭੂ ਦਾ ਸਿਮਰਣ ਕਿਹਾ ਹੈ)।

"ਹਿਰਦੈ ਹਰਿ ਹਰਿ ਚਿਤਵੈ. ."- ਸ਼ੱਕ ਨਹੀਂ, ਪ੍ਰਭੂ ਦੇ ਸਿਮਰਨ ਵਾਲਾ ਵਿਸ਼ਾ, ਗੁਰਬਾਣੀ ਅਨੁਸਾਰ ਕਿਸੇ ਹੱਦ ਤੀਕ ਰਸਨਾ ਦੀ ਵਰਤੋਂ ਨਾਲ ਵੀ ਸੰਬੰਧਤ ਹੈ ਪਰ ਗੁਰਬਾਣੀ ਅਨੁਸਾਰ ਮੂਲ ਰੂਪ `ਚ ਇਹ ਵਿਸ਼ਾ ਲਿਵ ਤੇ ਸੁਰਤ ਦਾ ਹੀ ਹੈ। ਬਲਕਿ ਗੁਰਬਾਣੀ `ਚ ਅਜਿਹੇ ਗੁਰ ਫ਼ਰਮਾਨ ਵੀ ਹਨ ਜਦੋਂ ਰਸਨਾ ਨਾਲ ਪ੍ਰਭੂ ਦਾ ਸਿਮਰਨ ਤਾਂ ਹੋ ਰਿਹਾ ਹੈ ਪਰ ਜੇ ਉਸ `ਚ ਸੁਰਤ ਦਾ ਜੋੜ ਨਹੀਂ ਤਾਂ ਰਸਨਾ ਨਾਲ ਕੀਤਾ ਹੋਇਆ ਉਹ ਪ੍ਰਭੂ ਦਾ ਸਿਮਰਨ ਵੀ ਨਿਸ਼ਫਲ ਬਿਆਣਿਆ ਹੈ।

ਇਸ ਦਾ ਸਭ ਤੋਂ ਵੱਡਾ ਸਬੂਤ ਬਾਣੀ ਜਪੁ ਪਉੜੀ ਨੰ: ੩੨ "ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ" ( "ਗੁ: ਗ੍ਰੰ: ਦਰਪਣ" ਭਾਗ-੧, ਪ੍ਰੋ: ਸਾਹਿਬ ਸਿੰਘ ਜੀ) ਅੰਦਰ ਪੜ੍ਹ ਲੈਣੇ ਚਾਹੀਦੇ ਹਨ, ਵਿਸ਼ਾ ਆਪਣੇ ਆਪ ਬਿਲਕੁਲ ਸਾਫ਼ ਹੋ ਜਾਵੇਗਾ। ਫ਼ਿਰ ਇਤਨਾ ਹੀ ਗੁਰਬਾਣੀ `ਚ "ਸੁਰਤ" ਤੇ "ਲਿਵ" ਕਰਕੇ ਪ੍ਰਭੂ ਦੇ ਸਿਮਰਨ ਨੂੰ "ਰੋਮ, ਰੋਮ" ਦੀ ਸ਼ਬਦਾਵਲੀ ਨਾਲ ਵੀ ਬਿਆਣਿਆ ਹੋਇਆ ਹੈ ਜਿਸ ਨੂੰ ਹੇਠ ਦਿੱਤੇ (ੳ, ਅ, ੲ, ਸ) ਚਾਰ ਗੁਰ ਫ਼ੁਰਮਾਨਾਂ `ਚੋ ਗੁਰ ਫ਼ੁਰਮਾਨ ‘ਸ’ `ਚ "ਹਿਰਦੈ ਹਰਿ ਹਰਿ ਚਿਤਵੈ…" ਕਹਿਕੇ, ਸਪਸ਼ਟ ਵੀ ਕੀਤਾ ਹੋਇਆ ਹੈ। ਤਾਂ ਤੇ:-

(ੳ) "ਰੋਮੇ ਰੋਮਿ ਰੋਮਿ ਰੋਮੇ ਮੈ ਗੁਰਮੁਖਿ ਰਾਮੁ ਧਿਆਏ ਰਾਮ" (ਪੰ: ੪੪੩)

(ਅ) "ਗੁਰਮੁਖਿ ਨਿਰਮਲ ਹਰਿ ਗੁਣ ਗਾਵੈ॥ ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ॥ ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥ ਨਾਨਕ ਗੁਰਮੁਖਿ ਸਾਚਿ ਸਮਾਵੈ" (ਪੰ: ੯੪੧)

(ੲ) "ਰੋਮਿ ਰੋਮਿ ਰਵਿਆ ਹਰਿ ਨਾਮੁ॥ ਸਤਿਗੁਰ ਪੂਰੈ ਕੀਨੋ ਦਾਨੁ" (ਪੰ: ੧੧੪੪)

(ਸ) "ਨਾਮੁ ਸਲਾਹਨਿ ਨਾਮੁ ਮੰਨਿ, ਅਸਥਿਰੁ ਜਗਿ ਸੋਈ॥ ਹਿਰਦੈ ਹਰਿ ਹਰਿ ਚਿਤਵੈ, ਦੂਜਾ ਨਹੀ ਕੋਈ॥ ਰੋਮਿ ਰੋਮਿ ਹਰਿ ਉਚਰੈ, ਖਿਨੁ ਖਿਨੁ ਹਰਿ ਸੋਈ॥ ਗੁਰਮੁਖਿ ਜਨਮੁ ਸਕਾਰਥਾ, ਨਿਰਮਲੁ, ਮਲੁ ਖੋਈ॥ ਨਾਨਕ ਜੀਵਦਾ ਪੁਰਖੁ ਧਿਆਇਆ, ਅਮਰਾ ਪਦੁ ਹੋਈ" (ਪੰ: ੧੨੪੭)

"ਤਿਨ ਹੀ ਮੇਲਿ ਲੀਆ" …-ਦਰਅਸਲ ਚਲਦੇ ਆ ਰਹੇ "ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ" ਵਾਲੇ ਪ੍ਰਕਰਣ `ਚ ਸਾਡੇ ਸਮਝਣ ਲਈ ਮੂਲ ਵਿਸ਼ਾ ਹੀ ਇਹੀ ਹੈ ਕਿ "ਮਾਤ ਗਰਭ" ਦੀ ਤਾਂ ਗੱਲ ਹੀ ਬਹੁਤ ਪਹਿਲਾਂ ਦੀ ਹੈ, ਜੇ ਸੰਸਾਰ `ਚ ਵਿਚਰਦੇ ਹੋਏ ਵੀ, ਸ਼ਬਦ ਗ੍ਰੁਰੂ ਦੀ ਕਮਾਈ ਬਖ਼ਸ਼ਿਸ਼ ਤੇ ਪ੍ਰਭੂ ਦੀ ਮਿਹਰ ਸਦਕਾ ਸਾਡੀ ਲਿਵ ਤੇ ਸੁਰਤ, ਸਾਡੇ ਅੰਦਰ ਵੱਸ ਰਹੀ ਪ੍ਰਭੂ ਦੀ ਜੋਤ ਨਾਲ ਅਭੇਦ ਹੋ ਜਾਵੇ ਤਾਂ ਸੰਸਾਰ ਤਲ ਦਾ ਵੱਡੇ ਤੋਂ ਵੱਡਾ ਦੁਖ, ਵੱਡੀ ਤੋਂ ਵੱਡੀ ਰੁਕਾਵਟ ਤੇ ਤਕਲੀਫ਼ ਵੀ, ਆਤਮਕ ਤੱਲ `ਤੇ ਸਾਡਾ ਕੁੱਝ ਨਹੀਂ ਵਿਗਾੜ ਸਕਦੀ। ਆਤਮਕ ਤਲ `ਤੇ ਸਾਡੇ ਲਈ ਉਹ ਦੁੱਖ ਤੇ ਸੰਸਾਰਕ ਰੁਕਾਵਟਾਂ ਵੀ ਬੇਅਸਰ ਹੋ ਜਾਂਦੀਆਂ ਹਨ।

ਕਿਉਂਕਿ ਅਜਿਹੇ ਸਮਿਆਂ `ਤੇ "ਆਪਿ ਸਹਾਈ ਹੋਆ॥ ਸਚੇ ਦਾ ਸਚਾ ਢੋਆ" (ਪੰ: ੬੨੮) ਅਨੁਸਾਰ ਓਦੋਂ ਵੀ ਸਾਡੀ ਬਹੁੜੀ ਪ੍ਰਭੂ ਆਪ ਹੀ ਕਰ ਰਿਹਾ ਹੁੰਦਾ ਹੈ। ਜਦਕਿ ਇਹੀ ਨਹੀਂ ਮਨੁੱਖਾ ਜੀਵਨ ਦੀ ਅਜਿਹੀ ਉੱਚੀ ਆਤਮਕ ਅਵਸਥਾ ਨਾਲ ਸੰਬੰਧਤ, ਉਪ੍ਰੋਕਤ ਫ਼ੁਰਮਾਨ ਤੋਂ ਇਲਾਵਾ ਵਿਸ਼ੇ ਨਾਲ ਸੰਬੰਧਤ, ਗੁਰਬਾਣੀ `ਚ ਹੋਰ ਵੀ ਬੇਅੰਤ ਫ਼ੁਰਮਾਨ ਪ੍ਰਾਪਤ ਹਨ ਮਿਸਾਲ ਵਜੋਂ:-

"ਜਿਸ ਕਾ ਸਾ, ਤਿਨ ਹੀ ਮੇਲਿ ਲੀਆ, ਜੋਤੀ ਜੋਤਿ ਸਮਾਇਆ॥ ਨਾਨਕ ਨਾਮੁ ਨਿਰੰਜਨ ਜਪੀਐ, ਮਿਲਿ ਸਤਿਗੁਰ ਸੁਖੁ ਪਾਇਆ" (ਪੰ: ੭੮੦) ਅਰਥ-ਜਿਸ ਪ੍ਰਮਾਤਮਾ ਦਾ ਉਹ ਪੈਦਾ ਕੀਤਾ ਹੋਇਆ ਸੀ, ਉਸ ਪ੍ਰਭੂ ਨੇ ਆਪ ਹੀ ਉਸ ਨੂੰ ਆਪਣੇ ਚਰਨਾਂ `ਚ ਮਿਲਾ ਲਿਆ ਤੇ ਜੀਦੇ ਜੀਅ ਉਸ ਮਨੁੱਖ ਦੀ ਜਿੰਦ, ਪ੍ਰਮਾਤਮਾ ਦੀ ਜੋਤਿ `ਚ ਹੀ ਇਕ-ਮਿੱਕ ਹੋ ਗਈ ਤੇ ਲੀਨ ਹੋ ਗਈ। ਹੋਰ:-

"ਸਭਨਾ ਜੀਆ ਕਾ ਇਕੁ ਦਾਤਾ, ਜੋਤੀ ਜੋਤਿ ਮਿਲਾਵਣਹਾਰੁ" (ਪੰ: ੬੮) ਉਹ ਪ੍ਰਮਾਤਮਾ ਸਾਰੇ ਜੀਵਾਂ ਨੂੰ ਸਮੂਚੀਆਂ ਦਾਤਾਂ ਦੇਣ ਵਾਲਾ ਹੈ, ਤੇ ਉਹ ਪ੍ਰਭੂ ਸਭ ਦੀ ਜੋਤਿ ਭਾਵ ਸੁਰਤਿ ਤੇ ਲਿਵ ਨੂੰ "ਜੋਤੀ ਜੋਤਿ ਮਿਲਾਵਣਹਾਰੁ" ਆਪਣੀ ਜੋਤਿ `ਚ ਮਿਲਾਉਣ ਦੇ ਸਮ੍ਰੱਥ ਵੀ ਹੈ।

ਦਰਅਸਲ "ਮਾਤ-ਗਰਭ" ਦੌਰਾਨ ਜਦੋਂ ਅਸੀਂ ਆਪ ਇਸ ਯੋਗ ਤਾਂ ਹੁੰਦੇ ਹੀ ਨਹੀਂ ਕਿ ਅਸੀਂ ਆਪਣੀ ਸੁਰਤ ਨੂੰ ਪ੍ਰਭੂ ਨਾਲ ਜੋੜ ਸਕੀਏ ਤੇ ਨਾ ਓਦੋਂ ਸਾਡੇ ਅੰਦਰ ਅਜਿਹੀ ਸੋਝੀ ਹੀ ਹੁੰਦੀ ਹੈ। ਬਲਕਿ ਜਦੋਂ ਸਾਡੇ ਸਰੀਰ ਦਾ ਅਜੇ ਅਰੰਭ ਹੀ ‘ਸੁਆਸਾਂ ਤੋਂ ਬਿਨਾ’ ਕੇਵਲ ਇੱਕ ਮਿਰਤਕਪਿੰਡ (ਮਿੱਟੀ ਦੇ ਗੋਲੇ) ਦੇ ਰੂਪ ਤੇ "ਧਰਿ ਪਾਇਤਾ ਉਦਰੈ ਮਾਹਿ", ਕੇਵਲ ਇੱਕ ਪੈਂਤੜੇ ਤੋਂ ਅਰੰਭ ਕਰਕੇ, ਪ੍ਰਭੂ ਨੇ ਮਾਤਾ ਦੇ ਗਰਭ ਵਿੱਚਲੇ ਉਸ ‘ਗਰਭ ਅਗਨਿ’, ‘ਅਗਨਿ ਕੁੰਡ’ ‘ਅਗਨੀ ਪਾਸਿ ਪਿਰਾਣੁ’, ‘ਅਗਨਿ ਉਦਰ ਮਾਹਿ’, "ਅਗਨਿ ਮਹਿ" ਆਦਿ ਵਾਲੇ ਉਸ ਅਤਿਅੰਤ ਬਿਖਮ ਸਮੇਂ ਅਤੇ ਉਸ ਬਿਖਮ ਥਾਨ ਤੋਂ ਅਰੰਭ ਹੋ ਕੇ ‘ਮਾਤ ਗਰਭ’ ਵਿੱਚਲੇ ਸੰਪੂਰਣ ਸਮੇਂ ਦੌਰਾਨ ਭਾਵ ਸੰਸਾਰ `ਚ ਸਾਡੇ ਆਉਣ ਤੇ ਸੰਸਾਰ `ਚ ਜਨਮ ਲੈਣ ਤੀਕ:-

"ਗਰਭ ਅਗਨਿ ਮਹਿ ਜਿਨਹਿ ਉਬਾਰਿਆ" (ਪੰ: ੨੬੬)

"ਜਿ ਅਗਨਿ ਮਹਿ ਰਾਖੈ" (ਪੰ: ੨੯੦)

"ਤਉ ਜਠਰ ਅਗਨਿ ਮਹਿ ਰਹਤਾ" (ਪੰ: ੩੩੭)

"ਦੇਇ ਅਹਾਰੁ ਅਗਨਿ ਮਹਿ ਰਾਖੈ" (ਪੰ: ੪੮੮)

"ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ. ." (ਪੰ: ੭੪੮)

"ਮਾਤ ਗਰਭ ਮਹਿ ਹਾਥ ਦੇ ਰਾਖਿਆ…" (ਪੰ: ੮੦੫)

"ਗਰਭ ਅਗਨਿ ਮਹਿ ਜਿਨਹਿ ਉਬਾਰਿਆ, ਰਕਤ ਕਿਰਮ ਮਹਿ ਨਹੀ ਸੰਘਾਰਿਆ॥ ਅਪਨਾ ਸਿਮਰਨੁ ਦੇ ਪ੍ਰਤਿਪਾਲਿਆ" (ਪੰ: ੧੦੮੪)

"ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ॥ ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ॥" ਓਸ ਨੋ ਕਿਹੁ ਪੋਹਿ ਨ ਸਕੀ, ਜਿਸ ਨਉ ਆਪਣੀ ਲਿਵ ਲਾਵਏ" (ਪੰ: ੯੨੦),

ਭਾਵ ਉਸ ਸਮੇਂ ਸਾਡੀ ਲਿਵ ਤੇ ਸੁਰਤ ਨੂੰ "ਜੋਤੀ ਜੋਤਿ ਮਿਲਾਵਣਹਾਰੁ" (ਪੰ: ੬੭) ਪ੍ਰਭੂ ਆਪਣੇ ਨਾਲ ਜੋੜਣ ਤੇ ਇਕ-ਮਿੱਕ ਕਰਣ ਵਾਲੀ ਬਹੁੜੀ ਤੇ ਬਖ਼ਸ਼ਿਸ਼ ਵੀ ਸਾਡੇ `ਤੇ ਆਪ ਹੀ ਕਰ ਰਿਹਾ ਹੁੰਦਾ ਹੈ। ਜਦਕਿ ਇਸ ਸੰਬੰਧੀ ਕੁੱਝ ਵੇਰਵਾ ਪਹਿਲਾਂ ਵੀ ਆ ਚੁੱਕਾ ਹੈ।

"ਤਿਨੀ ਵਿਚੇ ਮਾਇਆ ਪਾਇਆ" - ਬਲਕਿ ਤੀਜੇ ਪਾਤਸ਼ਾਹ ਬਾਣੀ ‘ਅਨੰਦ’ ਸਾਹਿਬ ਪਉੜੀ ਨੰ: ੨੯ `ਚ ਇਸ ਵਿਸ਼ੇ ਨੂੰ ਇਥੋਂ ਤੀਕ ਸਪਸ਼ਟ ਕਰਦੇ ਹਨ। ਫ਼ੁਰਮਾਉਂਦੇ ਹਨ:-

"ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ॥ ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ॥ ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ॥ ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ॥ ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ॥ ੨੯ ॥" (ਪੰ: ੯੨੦)

ਅਰਥ : —ਜਿਵੇਂ ਮਾਂ ਦੇ ਪੇਟ ਵਿੱਚ ਅੱਗ ਹੈ ਤਿਵੇਂ ਬਾਹਰ ਜਗਤ ਵਿੱਚ ਮਾਇਆ (ਦੁਖਦਾਈ) ਹੈ। ਮਾਇਆ ਤੇ ਅੱਗ ਇਕੋ ਜਿਹੀਆਂ ਹੀ ਹਨ, ਕਰਤਾਰ ਨੇ ਐਸੀ ਹੀ ਖੇਡ ਰਚ ਦਿੱਤੀ ਹੈ।

ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਜੀਵ ਪੈਦਾ ਹੁੰਦਾ ਹੈ ਪਰਵਾਰ ਵਿੱਚ ਪਿਆਰਾ ਲੱਗਦਾ ਹੈ (ਪਰਵਾਰ ਦੇ ਜੀਵ ਉਸ ਨਵੇਂ ਜੰਮੇ ਬਾਲ ਨੂੰ ਪਿਆਰ ਕਰਦੇ ਹਨ, ਇਸ ਪਿਆਰ ਵਿੱਚ ਫਸ ਕੇ ਉਸ ਦੀ ਪ੍ਰਭੂ-ਚਰਨਾਂ ਨਾਲੋਂ) ਪ੍ਰੀਤ ਦੀ ਤਾਰ ਟੁੱਟ ਜਾਂਦੀ ਹੈ, ਮਾਇਆ ਦੀ ਤ੍ਰਿਸ਼ਨਾ ਆ ਚੰਬੜਦੀ ਹੈ, ਮਾਇਆ (ਉਸ ਉਤੇ) ਆਪਣਾ ਜ਼ੋਰ ਪਾ ਲੈਂਦੀ ਹੈ।

ਮਾਇਆ ਹੈ ਹੀ ਐਸੀ ਕਿ ਇਸ ਦੀ ਰਾਹੀਂ, ਰੱਬ ਭੁੱਲ ਜਾਂਦਾ ਹੈ, (ਦੁਨੀਆ ਦਾ) ਮੋਹ ਪੈਦਾ ਹੋ ਜਾਂਦਾ ਹੈ, (ਰੱਬ ਤੋਂ ਬਿਨਾ) ਹੋਰ ਹੋਰ ਪਿਆਰ ਉਪਜ ਪੈਂਦਾ ਹੈ (ਫਿਰ ਅਜੇਹੀ ਹਾਲਤ ਵਿੱਚ ਆਤਮਕ ਆਨੰਦ ਕਿਥੋਂ ਮਿਲੇ?)

ਨਾਨਕ ਆਖਦਾ ਹੈ—ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਬੰਦਿਆਂ ਦੀ ਪ੍ਰੀਤ ਦੀ ਡੋਰ ਪ੍ਰਭੂ-ਚਰਨਾਂ ਵਿੱਚ ਜੁੜੀ ਰਹਿੰਦੀ ਹੈ, ਉਹਨਾਂ ਨੂੰ ਮਾਇਆ ਵਿੱਚ ਵਰਤਦਿਆਂ ਹੀ (ਆਤਮਕ ਆਨੰਦ) ਮਿਲ ਪੈਂਦਾ ਹੈ। (ਅਰਥ-ਪ੍ਰੋ: ਸਾਹਿਬ ਸਿਘ ਜੀ ਡੀ: ਲਿਟ: )

ਉਪ੍ਰੰਤ ਨੌਵੇਂ ਪਾਤਸ਼ਾਹ ਨੇ ਵੀ ਮਨੁੱਖ ਦੀ ਲਿਵ, ਸੁਰਤ ਤੇ ‘ਪ੍ਰਭੂ ਦੇ ਦਰ’ `ਤੇ ਪੂਰਣ ਸਮ੍ਰਪਣ ਵਾਲੇ ਵਿਸ਼ੇ ਨੂੰ ਆਪਣੇ ਸਲੋਕਾਂ `ਚ ਬਿਆਣ ਕੀਤਾ ਹੈ। ਗੁਰਦੇਵ ਫ਼ੁਰਮਾਉਂਦੇ ਹਨ:-

ਦੋਹਰਾ॥ ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ॥ ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ॥ ੫੩ 

ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤੁ ਉਪਾਇ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ॥ ੫੪ (ਪੰ: ੧੪੨੯)

ਅਰਥ: — ਹੇ ਭਾਈ! (ਪ੍ਰਭੂ ਦੇ ਨਾਮ ਤੋਂ ਵਿੱਛੁੜ ਕੇ ਜਦੋਂ ਮਾਇਆ ਦੇ ਮੋਹ ਦੀਆਂ) ਫਾਹੀਆਂ (ਮਨੁੱਖ ਨੂੰ) ਆ ਪੈਂਦੀਆਂ ਹਨ (ਉਹਨਾਂ ਫਾਹੀਆਂ ਨੂੰ ਕੱਟਣ ਲਈ ਮਨੁੱਖ ਦੇ ਅੰਦਰੋਂ ਆਤਮਕ) ਤਾਕਤ ਮੁੱਕ ਜਾਂਦੀ ਹੈ (ਮਾਇਆ ਦਾ ਟਾਕਰਾ ਕਰਨ ਲਈ ਮਨੁੱਖ ਪਾਸੋਂ) ਕੋਈ ਭੀ ਹੀਲਾ ਨਹੀਂ ਕੀਤਾ ਜਾ ਸਕਦਾ।

ਹੇ ਨਾਨਕ! ਆਖ—ਹੇ ਹਰੀ! ਇਹੋ ਜਿਹੇ ਵੇਲੇ (ਹੁਣ) ਤੇਰਾ ਹੀ ਆਸਰਾ ਹੈ। ਜਿਵੇਂ ਤੂੰ (ਤੇਂਦੂਏ ਤੋਂ ਛੁਡਾਣ ਲਈ) ਹਾਥੀ ਦਾ ਸਹਾਈ ਬਣਿਆ, ਤਿਵੇਂ ਸਹਾਈ ਬਣ। (ਭਾਵ, ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਪਰਮਾਤਮਾ ਦੇ ਦਰ ਤੇ ਅਰਦਾਸ ਹੀ ਇਕੋ ਇੱਕ ਵਸੀਲਾ ਹੈ)। ੫੩।

ਹੇ ਭਾਈ! (ਜਦੋਂ ਮਨੁੱਖ ਪ੍ਰਭੂ ਦੇ ਦਰ ਤੇ ਡਿੱਗਦਾ ਹੈ, ਤਾਂ ਮਾਇਆ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ ਆਤਮਕ) ਬਲ ਪੈਦਾ ਹੋ ਜਾਂਦਾ ਹੈ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ (ਮੋਹ ਦਾ ਟਾਕਰਾ ਕਰਨ ਲਈ) ਹਰੇਕ ਹੀਲਾ ਸਫਲ ਹੋ ਸਕਦਾ ਹੈ।

ਸੋ, ਹੇ ਨਾਨਕ! (ਆਖ—ਹੇ ਪ੍ਰਭੂ!) ਸਭ ਕੁੱਝ ਤੇਰੇ ਹੱਥ ਵਿੱਚ ਹੈ (ਤੇਰੀ ਪੈਦਾ ਕੀਤੀ ਮਾਇਆ ਭੀ ਤੇਰੇ ਹੀ ਅਧੀਨ ਹੈ, ਇਸ ਤੋਂ ਬਚਣ ਲਈ) ਤੂੰ ਹੀ ਮਦਦਗਾਰ ਹੋ ਸਕਦਾ ਹੈਂ। ੫੪।

(ਅਰਥ-ਪ੍ਰੋ: ਸਾਹਿਬ ਸਿਘ ਜੀ ਡੀ: ਲਿਟ: )

ਸਿੱਖ ਇਤਿਹਾਸ ਬਨਾਮ ਬਨਾਮ ਮਨੁੱਖ ਦੀ ਲਿਵ ਤੇ ਸੁਰਤ- ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੀ ਸੁਰਤ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਵੀ ਪ੍ਰਭੂ ਦੇ ਚਰਨਾਂ `ਚ ਜੁੜੀ ਰਹਿੰਦੀ ਹੈ ਉਨ੍ਹਾਂ ਦੇ ਜੀਵਨ ਅੰਦਰ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ। ਦਰਅਸਲ ਸੰਸਾਰ `ਚ ਵਿਚਰਦੇ ਹੋਏ, ਮਨੁੱਖ ਦੀ ਸੁਰਤ ਕਿਵੇਂ ਗੁਰੂ ਤੇ ਅਕਾਲਪੁਰਖ ਦੇ ਚਰਨਾ ਨਾਲ ਜੁੜੀ ਰਹਿ ਸਕਦੀ ਹੈ? ਤੇ ਉਸ ਦਾ ਪ੍ਰਗਟਾਵਾ ਕੀ ਹੁੰਦਾ ਹੈ? --- ਸਿੱਖ ਇਤਿਹਾਸ ਇਸ ਸੰਬੰਧੀ ਭਰਿਆ ਪਿਆ ਹੈ। "ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ, ਤਿਨੀ ਵਿਚੇ ਮਾਇਆ ਪਾਇਆ" ਅਨੁਸਾਰ:-

ਪੰਜਵੇਂ ਪਾਤਸ਼ਾਹ ਦੀ ਤਸੀਹੇ ਭਰਪੂਰ ਸ਼ਹਾਦਤ ਤੋਂ ਅਰੰਭ ਕਰਕੇ ਇਸ ਲੜੀ ਦਾ ਕਿਧਰੇ ਵੀ ਅੰਤ ਨਹੀਂ ਆਉਂਦਾ। ਪੰਜਵੇਂ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਦੀਆਂ ਸ਼ਹਾਦਤਾਂ, ਉਪ੍ਰੰਤ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਤਸੀਹੇ ਭਰਪੂਰ ਸ਼ਹਾਦਤ ਦੇ ਨਾਲ-ਨਾਲ ਉਨ੍ਹਾਂ ਨਾਲ ਆਏ ਇੱਕ ਮੁਸ ਫੁਟੇ ਗਭਰੂ ਸਮੇਤ ੭੬੦ ਸਿੰਘਾਂ ਦੀਆਂ ਲਾਮਿਸਾਲ ਸ਼ਹਾਦਤਾਂ, ਭਾਈ ਮਨੀ ਸਿੰਘ ਜੀ ਦੀ ਸ਼ਹਾਦਤ, ਬਾਬਾ ਦੀਪ ਸਿੰਘ ਜੀ, ਭਾਈ ਤਾਰੂ ਸਿੰਘ, ਭਾਈ ਸਾਹਬਾਜ਼ ਸਿੰਘ-ਸੁਭੇਗ ਸਿੰਘ, ਚਮਕੌਰ ਸਾਹਿਬ ਦੀ ਬੇਜੋੜ ਜੰਗ ਦੌਰਾਨ ਦੋ ਵੱਡੇ ਸਾਹਿਬਜ਼ਾਦਿਆਂ ਸਮੇਤ ੪੦ ਸਿੰਘਾਂ ਦੀਆਂ ਬੇ-ਮਿਸਾਲ ਸ਼ਹਦਤਾਂ, ਸਰਸਾ ਨਦੀ `ਤੇ ਪ੍ਰਵਾਰ ਵਿਛੋੜੇ ਤੋਂ ਬਾਅਦ ਮਾਤਾ ਗੁਜਰ ਕੌਰ ਅਤੇ ਉਨ੍ਹਾਂ ਨਾਲ ਵਿਛੜ ਕੇ ਗਏ ਹੋਏ ਸਤ ਤੇ ਨੌ ਸਾਲ ਦੀਆਂ ਉਮਰਾਂ ਦੇ ਛੋਟੇ ਸਾਹਿਬਜ਼ਾਦਿਆਂ ਦੀਆਂ ਦਿਲ-ਕੰਬਾਊ ਸ਼ਹਾਦਤਾਂ, ਸਰਸਾ ਨਦੀ `ਤੇ ਗੁਰੂ ਸਾਹਿਬ ਤੋਂ ਵਿਛੜੇ ਹੋਏ ਤੇ ਮੁਕਤਸਰ ਦੀ ਜੰਗ `ਚ ਸ਼ਹੀਦ ਹੋਣ ਵਾਲੇ ਭਾਈ ਮਹਾਂ ਸਿੰਘ ਸਮੇਤ ੪੦ ਮੁਕਤੇ (ਇਹ ਵਿਸ਼ਾ ਕਿਸੇ ਪ੍ਰਚਲਤ ਬੇ-ਦਾਵੇ ਦਾ ਨਹੀਂ ਬਲਕਿ ਸਰਸਾ ਨਦੀ ਦੀ ਤੁਗਿਆਨੀ ਸਮੇ ਵਿਛੋੜੇ ਦਾ ਹੈ), ਉਪ੍ਰੰਤ ਭਾਈ ਮੋਤੀ ਲਾਲ ਮਹਿਰਾ ਤੇ ਉਸਦੇ ਪ੍ਰਵਾਰ ਦੀਆਂ ਤਸੀਹੇ ਭਰਪੂਰ ਸ਼ਹਾਦਤਾਂ, ਭਾਈ ਬੁਧੂ ਸ਼ਾਹ ਤੇ ਉਸਦੇ ਪ੍ਰਵਾਰ ਦੀਆਂ ਤਸੀਹੇ ਬਰਪੂਰ ਸ਼ਹਾਦਤਾਂ ਦੀ ਅਮੁੱਕ ਲਿਸਟ--- ਉਪ੍ਰੰਤ ਇਸੇ ਤਰ੍ਹਾਂ ਅੱਜ ਦੀ ਤਾਰੀਖ ਤੀਕ ਇਹ ਲੜੀ ਕਿਧਰੇ ਪੁੱਜ ਕੇ ਵੀ ਨਹੀਂ ਮੁੱਕਦੀ, ਤਾਂ ਫ਼ਿਰ ਇਹ ਸਭ ਕੀ ਹੈ? ਦਰਅਸਲ ਇਹ ਸਭ ਹੈ, ਇਸ ਅਤੀ ਉੱਤਮ ਆਤਮਕ ਅਵਸਥਾ ਵਿੱਚਲੀ ਮਨੁੱਖ ਦੀ ਲਿਵ ਤੇ ਸੁਰਤ ਜਿਸ ਲਈ ਤੀਜੇ ਪਾਤਸ਼ਾਹ ਫ਼ੁਰਮਾਅ ਰਹੇ ਹਨ, "ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ, ਤਿਨੀ ਵਿਚੇ ਮਾਇਆ ਪਾਇਆ"।

ਦਰਅਸਲ ਇਸ ਅਜਿਹੀ ਲਿਵ ਤੇ ਸੁਰਤ ਵਾਲੇ ਵਿਸ਼ੇ ਦਾ ਸਾਡਾ ਆਰੰਭ ਹੁੰਦਾ ਹੈ "ਮਾਤ ਦੇ ਘਰਭ" `ਚ ਪ੍ਰਵੇਸ਼ ਕਰਣ ਅਥਵਾ ਪ੍ਰਭੂ ਵੱਲੋਂ "ਮਾਤਾ ਦੇ ਗਰਭ" `ਚ ਕਰਵਾਉਣ ਵਾਲੇ ਸਮੇਂ ਤੋਂ। ਫ਼ਰਕ ਹੁੰਦਾ ਹੈ ਤਾਂ ਕੇਵਲ ਇਤਨਾ ਕਿ ਜਦੋਂ ਅਸੀਂ ਅਜੇ ਇਸ ਯੋਗ ਹੀ ਨਹੀਂ ਹੁੰਦੇ ਕਿ ਅਸੀਂ "ਗੁਰ ਪਰਸਾਦੀ" ਭਾਵ ਗੁਰੂ ਦੀ ਸ਼ਰਨ `ਚ ਆ ਸਕੀਏ। ਓਦੋਂ, ਜਦੋਂ ਸਾਡਾ ਅਰੰਭ ਹੀ "ਮਿਰਤਕ ਪਿੰਡ", "ਰਕਤ ਬੂੰਦਾ ਕਾ ਗਾਰਾ" ਤੇ "ਪਾਇਤਾ ਉਦਰੈ ਮਾਹਿ" ਆਦਿ ਤੋਂ ਹੋਇਆ ਹੁੰਦਾ ਹੈ ਤਾਂ:-

"ਮਾਤਾ ਦੇ ਗਰਭ" ਵਿੱਚਲੇ ਉਸ "ਮਹਾ ਅਗਨਿ", ‘ਗਰਭ ਅਗਨਿ’, ‘ਅਗਨਿ ਕੁੰਡ’ ‘ਅਗਨੀ ਪਾਸਿ ਪਿਰਾਣੁ’, ‘ਅਗਨਿ ਉਦਰ ਮਾਹਿ’, "ਅਗਨਿ ਮਹਿ", "ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ. ." (ਪੰ: ੭੪੮) ਆਦਿ ਵਾਲੇ ਬਿਖਮ ਸਮੇਂ ਤੇ ਥਾਨ ਤੋਂ ਅਰੰਭ ਕਰਕੇ ਕੇਵਲ ‘ਮਾਤ ਗਰਭ’ ਵਿੱਚਲੇ ਸੰਪੂਰਣ ਸਮੇਂ ਤੱਕ ਹੀ ਨਹੀਂ ਬਲਕਿ "ਜਾ ਤਿਸੁ ਭਾਣਾ ਤਾ ਜੰਮਿਆ, ਪਰਵਾਰਿ ਭਲਾ ਭਾਇਆ" ਸਾਡੇ ਸੰਸਾਰ `ਚ ਜਨਮ ਲੈਣ ਦੇ ਸਮੇਂ ਤੀਕ ਵੀ, ਕਿਉਂਕਿ ਓਦੋਂ ਤਾਂ:-

"ਅਪਨਾ ਸਿਮਰਨੁ ਦੇ ਪ੍ਰਤਿਪਾਲਿਆ", "ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐ, "ਗਰਭ ਅਗਨਿ ਮਹਿ ਜਿਨਹਿ ਉਬਾਰਿਆ", "ਰਕਤ ਕਿਰਮ ਮਹਿ ਨਹੀ ਸੰਘਾਰਿਆ", "ਓਸ ਨੋ ਕਿਹੁ ਪੋਹਿ ਨ ਸਕੀ, ਜਿਸ ਨਉ ਆਪਣੀ ਲਿਵ ਲਾਵਏ" ਆਦਿ ਭਾਵ ਸਾਡੀ ਲਿਵ ਤੇ ਸੁਰਤ ਨੂੰ "ਜੋਤੀ ਜੋਤਿ ਮਿਲਾਵਣਹਾਰੁ" (ਪੰ: ੬੭) ਪ੍ਰਭੂ ਆਪਣੇ ਨਾਲ ਜੋੜਣ ਤੇ ਆਪਣੇ ਨਾਲ ਇਕ-ਮਿੱਕ ਕਰਣ ਵਾਲੀ ਬਹੁੜੀ ਤੇ ਬਖ਼ਸ਼ਿਸ਼ ਵੀ, ਸਾਡੇ `ਤੇ ਆਪ ਕਰ ਰਿਹਾ ਹੁੰਦਾ ਹੈ।

ਫ਼ਿਰ ਜਦੋਂ ਸੰਸਾਰ `ਚ ਜਨਮ ਲੈਣ ਤੋਂ ਬਾਅਦ ਵੀ ਗੁਰੂ-ਗੁਰਬਾਣੀ ਦੀ ਸ਼ਰਨ `ਚ ਅਉਣ ਅਤੇ ਕਰਤੇ ਪ੍ਰਭੂ ਦੀ ਮਿਹਰ ਹੋ ਜਾਣ ਬਾਅਦ, ਸਾਡੀ ਉਹੀ ਸੁਰਤ ਤੇ ਲਿਵ "ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ, ਤਿਨੀ ਵਿਚੇ ਮਾਇਆ ਪਾਇਆ" ਅਨੁਸਾਰ ਜੇ ਪ੍ਰਭੂ ਨਾਲ ਜੁੜ ਜਾਵੇ ਤਾਂ ਸਾਰਾ ਸਿੱਖ ਇਤਿਹਾਸ ਇਸੇ ਦੀ ਗਵਾਹੀ ਭਰ ਰਿਹਾ ਹੈ, ਜਿਸਦੀ ਝਲਕ ਉਪਰ ਆ ਚੁੱਕੀ ਹੈ।

ਦਰਅਸਲ ਇਹ ਹਨ "ਸਭਨਾ ਜੀਆ ਕਾ ਇਕੁ ਦਾਤਾ, ਜੋਤੀ ਜੋਤਿ ਮਿਲਾਵਣਹਾਰੁ" (ਪੰ: ੬੮), "ਆਪਿ ਸਹਾਈ ਹੋਆ॥ ਸਚੇ ਦਾ ਸਚਾ ਢੋਆ" (ਪੰ: ੬੨੮), "ਜਿਸ ਕਾ ਸਾ, ਤਿਨ ਹੀ ਮੇਲਿ ਲੀਆ, ਜੋਤੀ ਜੋਤਿ ਸਮਾਇਆ॥ ਨਾਨਕ ਨਾਮੁ ਨਿਰੰਜਨ ਜਪੀਐ, ਮਿਲਿ ਸਤਿਗੁਰ ਸੁਖੁ ਪਾਇਆ" (ਪੰ: ੭੮੦) ਅਨੁਸਾਰ ਇਹ ਹਨ "ਮਾਤਾ ਦੇ ਗਰਭ" ਤੋਂ ਬਾਅਦ ਸੰਸਾਰ `ਚ ਵਿਚਰਦੇ ਹੋਏ ਵੀ "ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ, ਤਿਨੀ ਵਿਚੇ ਮਾਇਆ ਪਾਇਆ" ਸੰਸਾਰ ਤਲ `ਤੇ ਮਨੁੱਖ ਦੀ ਪ੍ਰਭੂ ਨਾਲ ਜੁੜੀ ਹੋਈ ਸੁਰਤ ਤੇ ਲਿਵ ਦੇ ਹੈਰਾਨਕੁਣ ਪ੍ਰਗਟਾਵੇ ਤੇ ਕ੍ਰਿਸ਼ਮੇ। (ਚਲਦਾ) #416P-IIs04.16.02s16#vvvv

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.416 P-II

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਭਾਗ ਦੂਜਾ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly @ Rs 350/-(but in rare cases @ Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.