.

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਭਾਗ ਪਹਿਲਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਇਸ ਗੁਰਮੱਤ ਪਾਠ ਦੀ ਲੋੜ ਕਿਉਂ? - (ਨੁੱਕਤਾ-੧) "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਲਫ਼ਜ਼ "ਮਾਤ ਗਰਭ" ਕੇਵਲ ਇੱਕ ਜਾਂ ਦੋ ਵਾਰ ਨਹੀਂ, ਬਲਕਿ ਬਹੁਤ ਵਾਰ ਆਇਆ ਹੈ। ਪਰ ਇਸ ਸੰਬੰਧੀਂ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਗੁਰਬਾਣੀ `ਚ ਜਿੱਤਣੀ ਵਾਰ ਵੀ ਲਫ਼ਜ਼ "ਮਾਤ ਗਰਭ" ਆਇਆ ਹੈ ਉਹ ਕੇਵਲ ਤੇ ਕੇਵਲ ‘ਮਾਤਾ ਦੇ ਗਰਭ’ ਵਾਸਤੇ ਹੀ ਆਇਆ ਹੈ, ਇਹ ਲਫ਼ਜ਼ ਹੋਰ ਕਿਸੇ ਵੀ ਅਰਥ `ਚ ਨਹੀਂ ਆਇਆ।

ਦਰਅਸਲ ਸਾਨੂੰ ਇਥੇ ਇਹ ਵਿਸ਼ਾ ਇਸ ਲਈ ਹੱਥ `ਚ ਲੈਣਾ ਪਿਆ ਕਿਉਂਕਿ ਸੰਪੂਰਣ ਗੁਰਬਾਣੀ `ਚ ਲਫ਼ਜ਼ "ਮਾਤ ਗਰਭ", ਕਿੱਧਰੇ ਤੇ ਇੱਕ ਵਾਰ ਵੀ ‘ਮਾਇਆ ਦੇ ਗਰਭ’ ਜਾਂ ‘ਮਾਇਆ ਰੂਪੀ ਗਰਭ’ ਜਾਂ "ਮਾਇਆ ਰੂਪੀ ਗਰਭ ਦੇ ਸਮੁੰਦਰ ਵਿੱਚ ਜਿੱਥੇ ਹੰਸ ਹੇਤ ਕੋਪ ਆਦਿ ਵਿਕਾਰਾਂ ਦੀਆਂ ਲਹਿਰਾਂ ਠਾਠਾਂ ਮਾਰ ਰਹੀਆਂ ਹਨ" ਆਦਿ ਦੇ ਅਰਥਾਂ `ਚ ਨਹੀਂ ਆਇਆ; ਜੈਸਾ ਕਿ ਅੱਜ ਇਸ ਬਾਰੇ ਅਜਿਹਾ ਸੁਨਣ-ਪੜ੍ਹਣ `ਚ ਆਉਣਾ ਸ਼ੁਰੂ ਹੋ ਗਿਆ ਹੈ। ਫ਼ਿਰ ਗੁਰਬਾਣੀ `ਚ ਲਫ਼ਜ਼ ਗਰਭ, ਬੇਅੰਤ ਵਾਰ ਆਇਆ ਪਰ ਵੱਖਰੇ-ਵੱਖਰੇ ਤੇ ਭਿੰਨ ਭਿੰਨ ਪ੍ਰਕਰਣਾਂ `ਚ, ਜਿਨਾਂ ਨੂੰ ਲੋੜ ਅਨੁਸਾਰ ਸਮੇਂ-ਸਮੇਂ ਨਾਲ ਲਿਆ ਜਾਂਦਾ ਰਿਹਾ ਹੈ ਅਤੇ ਅੱਗੋਂ ਵੀ ਲਿਆ ਜਾ ਸਕਦਾ ਹੈ।

ਇਸ ਲਈ ਸੰਬੰਧਤ ਸਜਨਾਂ ਦੇ ਚਰਨਾਂ `ਚ ਅਤੀ ਸਤਿਕਾਰ ਸਹਿਤ ਬੇਨਤੀ ਹੈ ਕਿ ਗੁਰਬਾਣੀ ਵਿੱਚਲੇ ਲਫ਼ਜ਼ "ਮਾਤ ਗਰਭ" ਨੂੰ ‘ਮਾਤਾ ਦੇ ਗਰਭ’ ਦੇ ਮੂਲ ਅਰਥਾਂ ਬਦਲੇ, ਜਾਣੇ-ਅਣਜਾਣੇ, ਇਸ ਦੇ ਅਰਥ ‘ਮਾਇਆ ਦੇ ਗਰਭ’ ਜਾਂ ‘ਮਾਇਆ ਰੂਪੀ ਗਰਭ’ ਆਦਿ ਲੈਣੇ, ਗੁਰਬਾਣੀ ਦੀ ਬੇਅਦਬੀ ਵੀ ਹੈ ਤੇ ਇਹ ਗੁਰਬਾਣੀ ਸਿਧਾਂਤ ਦੇ ਵਿਰੁਧ ਵੀ ਹੈ।

(ਨੁੱਕਤਾ-੨) ਗੁਰਬਾਣੀ ਨੂੰ ਆਧਾਰ ਬਣਾ ਕੇ ਅਜਿਹਾ ਪ੍ਰਚਾਰ ਵੀ ਸਾਹਮਣੇ ਆ ਰਿਹਾ ਹੈ ਕਿ "ਮਾਤਾ ਦੇ ਗਰਭ ਵਿੱਚ ਜਦੋਂ ਬੱਚਾ ਉਲਟਾ ਲਟਕਿਆ ਹੁੰਦਾ ਹੈ ਤਾਂ ਉਹ ਰੱਬ ਅੱਗੇ ਅਰਦਾਸਾਂ ਕਰਦਾ ਹੈ, ਹੇ ਪ੍ਰਭੂ! ਮੈਨੂੰ ਇਸ ਕੁੰਭੀ ਨਰਕ ਚੋਂ ਬਾਹਰ ਕੱਢ"। ਜਦਕਿ ਇਸ ਦੀ ਪ੍ਰੌੜਤਾ `ਚ ਗੁਰਬਾਣੀ `ਚੋਂ ਇੱਕ ਵੀ ਸ਼ਬਦ ਜਾਂ ਪ੍ਰਮਾਣ ਨਹੀਂ ਮਿਲਦਾ, ਫ਼ਰਕ ਹੈ ਤਾਂ ਕੁੱਝ ਸੰਬੰਧਤ ਸ਼ਬਦਾਂ ਤੇ ਫ਼ੁਰਮਾਨਾਂ ਨੂੰ, ਪ੍ਰਕਰਣਾਂ ਅਨੁਸਾਰ ਉਨ੍ਹਾਂ ਦੇ ਮੂਲ ਅਰਥਾਂ `ਚ ਨਾ ਸਮਝਣ ਦਾ।

(ਨੁੱਕਤਾ -੩) ਇਹ ਕਹਿਣਾ ਕਿ "ਮਾਤਾ ਦੇ ਗਰਭ ਵਿੱਚ ਬੱਚਾ ਸੁਆਸ ਸੁਆਸ ਰੱਬ ਦਾ ਸਿਮਰਨ ਕਰਦਾ ਰਹਿੰਦਾ ਹੈ"। ਜਦਕਿ ਉਥੇ ਇਹ ਵਿਸ਼ਾ ਕਿਸੇ ਹੋਰ ਪੱਖ ਤੋਂ ਹੈ। ਤਾਂ ਤੇ ਲੋੜ ਹੈ, ਇਸ ਪੱਖੋਂ ਵੀ ਗੁਰਬਾਣੀ ਨੂੰ ਉਸ ਦੇ ਠੀਕ ਪਰੀਪੇਖ `ਚ ਘੋਖਣ ਤੇ ਸਮਝਣ ਦੀ।

(ਨੁੱਕਤਾ-੪) ਅਜਿਹੇ ਸੱਜਨਾ ਰਾਹੀਂ, ਫ਼ਿਰ ਆਪ ਹੀ ਇਹ ਵੀ ਕਹਿਣਾ- "ਇੱਕ ਗੱਲ ਧਿਆਨ ਵਿੱਚ ਇਹ ਵੀ ਆਉਂਦੀ ਤੇ ਠੀਕ ਵੀ ਹੈ ਕਿ ਰੱਬੀ ਨਿਯਮ ਅਨੁਸਾਰ ਬੱਚਾ ਮਾਤਾ ਦੇ ਗਰਭ ਵਿੱਚ ਉਲਟਾ ਹੁੰਦਾ ਹੈ, (ਫ਼ਿਰ ਉਨ੍ਹਾਂ ਅਨੁਸਾਰ, ਉਹ ਇਸ ਤੋਂ ਅੱਗੇ ਆਪ ਲਿਖਦੇ ਹਨ) "ਪਰ ਉਹ ਅਰਦਾਸ ਕਰਦਾ ਜਾਂ ਨਾਮ ਸਿਮਰਦਾ ਹੈ, ਇਹ ਗੱਲ ਸਮਝ ਤੋਂ ਬਾਹਰ ਜਾਪਦੀ ਹੈ, ਕਿਉਂਕਿ ਗਰਭ ਵਿੱਚ ਬੱਚੇ ਨੂੰ ਇਨ੍ਹਾਂ ਗੱਲਾਂ ਬਾਰੇ ਕੀ ਪਤਾ ਜਾਂ ਕਿਸੇ ਨੇ ਬੱਚੇ ਦੀ ਕਦੇ ਸਿਮਰਨ ਕਰਦੇ ਦੀ ਆਵਾਜ਼ ਸੁਣੀ ਹੈ" ?

ਇਸ ਸੰਬੰਧੀ ਵੀ ਅਤੀ ਸਤਿਕਾਰ ਸਹਿਤ ਬੇਨਤੀ ਹੈ-ਇਕ ਤਾਂ ਗੁਰਬਾਣੀ ਅਨੁਸਾਰ ਇਹ ਵਿਸ਼ਾ ਹੀ ਜਨਮ ਲੈਣ ਵਾਲੇ ਬੱਚੇ ਵਾਲੇ ਪਾਸਿਓਂ ਨਹੀਂ, ਅਕਾਲਪੁਰਖ ਵਾਲੇ ਪਾਸਿਓਂ ਹੈ ਜਦਕਿ ਅੱਗੇ ਚੱਲ ਕੇ ਇਸ ਦੀ ਵਿਆਖਿਆ ਵੀ ਅਸੀਂ ਨਿਰੋਲ ਗੁਰਬਾਣੀ ਚੋਂ ਹੀ ਕਰਾਂਗੇ।

ਦੂਜਾ, ਇਹ ਵਿਸ਼ਾ ਮੂਲ ਰੂਪ `ਚ ਬੱਚੇ ਦੀ ਲਿਵ ਤੇ ਸੁਰਤ ਨਾਲ ਸੰਬੰਧਤ ਹੈ, ਅੱਖਰਾਂ ਦੇ ਰੂਪ `ਚ ਉਸ ਦੇ ਮੂੰਹ ਰਾਹੀਂ ਕਿਸੇ ਲਫ਼ਜ਼ ਦੇ ਉਚਾਰਣ ਜਾਂ ਸਿਮਰਨ ਨਾਲ ਸੰਬੰਧਤ ਹੈ ਹੀ ਨਹੀਂ, ਜਿਹੜਾ ਕਿ ਇਸ ਬਾਰੇ ਕਿਸੇ ਕੋਲੋਂ ਇਸ ਨੂੰ ਸੁਨਣ ਬਾਰੇ ਪੁਛਿਆ ਜਾਵੇ ਕਿ "ਬੱਚੇ ਦੀ ਸਿਮਰਨ ਕਰਦੇ ਦੀ ਕਦੇ ਕਿਸੇ ਨੇ ਆਵਾਜ਼ ਸੁਣੀ ਹੈ" ?

ਤਾਂ ਤੇ ਜਦੋਂ ਗੁਰਬਾਣੀ ਅਰਥ-ਬੋਧ ਨੂੰ ਨਿਰੋਲ ਸਤਿਗੁਰਾਂ ਦੀ ਭਯ-ਭਾਵਨੀ ਅਤੇ ਪੂਰਨ ਸਤਿਕਾਰ `ਚ ਰਹਿ ਕੇ ਇਨ੍ਹਾਂ ਪੱਖਾਂ ਤੋਂ ਘੋਖਾਂਗੇ ਤਾਂ ਆਪਣੇ ਆਪ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਮੂਲ ਰੂਪ `ਚ ਇਹ ਵਿਸ਼ੇ ਹੀ ਕੁੱਝ ਹੋਰ ਹਨ ਤੇ ਸਾਨੂੰ ਗ਼ਲਤ ਫ਼ਹਿਮੀਆਂ ਵੀ ਹੋਈਆਂ ਹਨ।

ਮਨੁੱਖ ਹੋਣ ਦੇ ਨਾਤੇ- ਬਾਵਜੂਦ ਇਸ ਦੇ, ਗੁਰਬਾਣੀ `ਚ ਅਜਿਹੇ ਪ੍ਰਮਾਣ ਬਹੁਤ ਹਨ ਜਦੋਂ ਮਨੁੱਖ ਨੂੰ ਅਹਿਸਾਸ ਕਰਵਾਇਆ ਹੈ ਕਿ ਐ ਮਨੁੱਖ! ਮਨੁੱਖ ਹੋਣ ਦੇ ਨਾਤੇ ਤੂੰ ਉਸ ਸਮੇਂ ਦੀ ਪਛਾਣ ਕਰ ਤੇ ਚੇਤੇ ਕਰ, ਜਦੋ ਤੂੰ ਦਸ ਮਹੀਨੇ ਮਾਤਾ ਦੇ ਗਰਭ `ਚ ਉਲਟਾ ਲਟਕਿਆ ਰਿਹਾ।

ਕਿਉਂਕਿ ਗੁਰਬਾਣੀ ਸਮੂਚੇ ਮਨੁੱਖ ਮਾਤ੍ਰ ਲਈ ਹੈ ਤੇ ਉਸਨੂੰ ਮਨੁੱਖਾ ਜਨਮ ਦੇ ਇਕੋ ਇੱਕ ਵਿਸ਼ੇਸ਼ ਮਕਸਦ ਵੱਲ ਪ੍ਰੇਰਣ ਤੇ ਉਸ ਦੀ ਸੁਰਤ ਨੂੰ ਪ੍ਰਭੂ ਨਾਲ ਜੋੜਣ ਲਈ, ਉਸ ਨੂੰ ਅਜਿਹਾ ਅਹਿਸਾਸ, "ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ" (ਪੰ: ੧੨) ਜਾਂ "ਮਿਲੁ ਜਗਦੀਸ ਮਿਲਨ ਕੀ ਬਰੀਆਚਿਰੰਕਾਲ ਇਹ ਦੇਹ ਸੰਜਰੀਆ" (ਪੰ: ੧੭੬) ਆਦਿ ਕੇਵਲ ਮਨੁੱਖਾ ਜਨਮ ਸਮੇਂ ਹੀ ਕਰਵਾਇਆ ਜਾ ਸਕਦਾ ਹੈ, ਕਿਸੇ ਇੱਕ ਵੀ ਹੋਰ ਜੂਨ ਸਮੇਂ ਨਹੀਂ।

ਫ਼ਿਰ ਭਾਵੇਂ ਪ੍ਰਭੂ ਦੀ ਇਹੀ ਖੇਡ ਹੋਰ ਅਰਬਾਂ-ਖਰਬਾਂ ਜੂਨੀਆਂ ਦੇ ਸਰੀਰਾਂ `ਚ ਵੀ ਵਰਤ ਰਹੀ ਹੋਵੇ। ਪਰ ਉਹ ਜੂਨਾਂ ਕੇਵਲ ਕਰਮ-ਭੋਗੀ ਤੇ ਪਿਛਲੇ ਬਿਰਥਾ ਹੋ ਚੁੱਕੇ ਮਨੁੱਖਾ ਜਨਮ ਦੌਰਾਨ ਕੀਤੇ ਕਰਮਾਂ ਵਜੋਂ ਸਜ਼ਾਵਾਂ ਤੇ ਕੋਠਰੀਆਂ ਮਾਤ੍ਰ ਹੀ ਹੁੰਦੀਆਂ ਹਨ। ਇਸ ਲਈ ਉਨ੍ਹਾਂ ਜੂਨਾਂ ਸਮੇਂ ਨਾ ਜੀਵ ਨੂੰ ਅਜਿਹੀ ਸੋਝੀ ਹੁੰਦੀ ਹੈ ਤੇ ਨਾ ਉਸ ਨੂੰ ਅਜਿਹਾ ਅਹਿਸਾਸ ਹੀ ਕਰਵਾਇਆ ਜਾ ਸਕਦਾ ਹੈ।

ਇਹ ਤਾਂ "ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥ ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ॥ ੨੨ ॥" (ਪੰ: ੯੨੦) ਭਾਵ ਅਜਿਹਾ ਅਹਿਸਾਸ ਕਰਵਾਉਣ ਵਾਲਾ ਤੇ ‘ਜੀਵਨ-ਮੁਕਤ’, ਵਡਭਾਗੀ, ਸੁਭਾਗਾ ਤੇ ‘ਸਫ਼ਲ ਜਨਮ’ ਨੂੰ ਪ੍ਰਾਪਤ ਕਰਣ ਵਾਲਾ ਵਿਸ਼ਾ ਕੇਵਲ ਤੇ ਕੇਵਲ ਮਨੁੱਖਾ ਜਨਮ ਨਾਲ ਹੀ ਸੰਬੰਧਤ ਹੈ ਅਤੇ ਇਹ ਮਨੁੱਖਾ ਜੂਨ ਦੀ ਵਿਸ਼ੇਸ਼ਤਾ ਵੀ ਹੈ। ਦਰਅਸਲ ਇਸੇ ਲਈ ਗੁਰਦੇਵ ਨੇ, ਮਨੁੱਖ ਨੂੰ ਗੁਰਬਾਣੀ `ਚ ਉਸ ‘ਉਲਟੇ ਲਟਕਣ’ ਬਾਰੇ ਬਹੁਤ ਵਾਰ ਚੇਤਾਇਆ ਵੀ ਹੈ।

"ਗਰਭ ਅਗਨਿ ਮਹਿ ਜਿਨਹਿ ਉਬਾਰਿਆ…" - ਵਿਸ਼ੇ ਅਨੁਸਾਰ ਦੇਖਣ ਦਾ ਯਤਣ ਕਰਾਂਗੇ ਕਿ ਆਖ਼ਿਰ, ‘ਮਾਤਾ ਦੇ ਗਰਭ’ `ਚ ਮਨੁੱਖਾ ਸਰੀਰ ਦਾ ਅਰੰਭ ਹੁੰਦਾ ਕਿਵੇਂ ਹੈ? ਫ਼ਿਰ ਇਹ ਵੀ ਕਿ ਅਸੀਂ ਇਥੇ ਕੇਵਲ ਮਨੁੱਖਾ ਸਰੀਰ ਦਾ ਵਿਸ਼ਾ ਹੀ ਕਿਉਂ ਲੈ ਰਹੇ ਹਾਂ? ਉਹ ਇਸ ਲਈ ਕਿਉਂਕਿ ਇਸ ਸਮੇਂ ਪ੍ਰਕਰਣ ਵੀ ਮੂਲ ਰੂਪ `ਚ ਮਨੁੱਖਾ ਸਰੀਰ ਦਾ ਹੀ ਚੱਲ ਰਿਹਾ ਹੈ। ਮਨੁੱਖ ਹੋਣ ਦੇ ਨਾਤੇ ਅਸੀਂ ਭਲੀ ਭਾਂਤੀ ਜਾਣਦੇ ਹਾਂ ਕਿ ਮਾਤਾ-ਪਿਤਾ ਦੇ ਆਪਸੀ ਸੰਜੋਗ ਤੋਂ ਬਾਅਦ, ਮਾਤਾ ਦੇ ਕੇਵਲ ਨੌ ਮਹੀਨੇ ਦੇ ਬਹਾਵ, ਪ੍ਰਸਵ, ਰਕਤ ਤੇ ਜਿਸ ਨੂੰ ਇਸਤ੍ਰੀ ਸਰੀਰ ਦਾ ‘ਮਾਸਕ ਧਰਮ’, ਸਿਰਨਾਵਣੀ ਆਦਿ ਕਿਹਾ ਜਾਂਦਾ ਹੈ, ਮੂਲ ਰੂਪ `ਚ ਅਕਾਲਪੁਰਖ ਨੇ ਉਸ ਤਰਲ ਪਦਾਰਥ ਨੂੰ ਰੋਕ ਕੇ ਅਤੇ ਉਸੇ ਤੋਂ ਹੀ ਸਾਡੇ ਇਸ ਸਰੀਰ ਨੂੰ ਘੜਿਆ ਤੇ ਤਿਆਰ ਕੀਤਾ ਹੁੰਦਾ ਹੈ।

ਇਸ ਤਰ੍ਹਾਂ ਜਿਸ ਉੱਚੇ ਤਾਪਮਾਨ ਤੇ ਸੈਂਟੀ ਗ੍ਰੇਡ `ਚ ਅਤੇ ਉਸ ਉਬਲਦੇ ਹੋਏ ਤਰਲ ਪਦਾਰਥ ‘ਤੋਂ ਪ੍ਰਭੂ ਨੇ ਸਾਡਾ ਇਹ ਸਰੀਰ ਤਿਆਰ ਕੀਤਾ ਹੋਇਆ ਹੁੰਦਾ ਹੈ; ਉਸ ਤਾਪਮਾਨ ਲਈ ਪਾਤਸ਼ਾਹ ਨੇ ਗੁਰਬਾਣੀ `ਚ ‘ਅਗਨ ਕੁੰਡ’, "ਮਹਾ ਅਗਨਿ ਨ ਬਿਨਾਸਨੰ", "ਅਗਨਿ ਉਦਰ ਮਝਾਰਿ" ਤੇ "ਗਰਭ-ਅਗਨ" ਆਦਿ ਸ਼ਬਦਾਵਲੀ ਵਰਤ ਕੇ ਸਾਨੂੰ ਬਾਰ ਬਾਰ ਚੇਤਾਇਆ ਵੀ ਹੈ। ਜਿਵੇਂ:-

"ਸਲੋਕੁ॥ ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ॥ ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ॥ ੧ ਅਸਟਪਦੀ॥ ਰਮਈਆ ਕੇ ਗੁਨ ਚੇਤਿ ਪਰਾਨੀ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ॥ ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ॥ ਗਰਭ ਅਗਨਿ ਮਹਿ ਜਿਨਹਿ ਉਬਾਰਿਆ…" (ਪੰ: ੨੬੬) ਜਾਂ

"ਰਕਤੁ ਬਿੰਦੁ ਕਰਿ ਨਿੰਮਿਆ, ਅਗਨਿ ਉਦਰ ਮਝਾਰਿ॥ ਉਰਧ ਮੁਖੁ ਕੁਚੀਲ ਬਿਕਲੁ, ਨਰਕਿ ਘੋਰਿ ਗੁਬਾਰਿ ਆਦਿ (ਪੰ: ੭੦੬)

"ਰਕਤੁ ਬਿੰਦੁ ਕਾ ਇਹੁ ਤਨੋ, ਅਗਨੀ ਪਾਸਿ ਪਿਰਾਣੁ" (ਪੰ: ੬੩) ਹੋਰ

"ਬਿੰਦੁ ਤੇ ਜਿਨਿ ਪਿੰਡੁ ਕੀਆ, ਅਗਨਿ ਕੁੰਡ ਰਹਾਇਆ" (ਪੰ: ੪੮੧)

ਬੇਸ਼ੱਕ ਵਿਸ਼ੇ ਨੂੰ ਅੱਗੇ ਚੱਲ ਕੇ ਵੀ ਘੋਖਾਂਗੇ, ਕੇਵਲ ਚਲਦੇ ਪ੍ਰਕਰਣ ਦੀ ਲੋੜ ਅਨੁਸਾਰ ਤਾਂ ਵੀ ਉਪ੍ਰੋਕਤ ਫ਼ੁਰਮਾਣਾਂ ਵਿੱਚਲੀ ਸ਼ਬਦਾਵਲੀ "ਗਰਭ ਅਗਨਿ ਮਹਿ ਜਿਨਹਿ ਉਬਾਰਿਆ", ਅਗਨਿ ਕੁੰਡ ਰਹਾਇਆ", ਅਗਨੀ ਪਾਸਿ ਪਿਰਾਣੁ", ਅਗਨਿ ਉਦਰ ਮਝਾਰਿ ਵਿਸ਼ੇਸ਼ ਧਿਆਣ ਮੰਗਦੀ ਹੈ। ਇਥੇ ਮਾਤਾ ਦੇ ਗਰਭ `ਚ ਬੱਚਾ ਨਾ ਆਪ ਸਿਮਰਨ ਕਰ ਰਿਹਾ ਤੇ ਨਾ ਆਪ ਆਪਣੀ ਸੁਰਤ ਤੇ ਲਿਵ ਨੂੰ ਪ੍ਰਭੂ ਨਾਲ ਜੋੜੀ ਬੈਠਾ ਹੈ। ਬਲਕਿ ਸਮੇਂ ਦੀ ਲੋੜ ਅਨੁਸਾਰ ਉਸ ਸਮੇਂ ਪ੍ਰਭੂ ਆਪ ਬਹੁੜੀ ਕਰਕੇ ਤਿਆਰ ਹੋ ਰਹੇ ਤੇ ਘੜੇ ਜਾ ਰਹੇ ਸਾਡੇ ਸਰੀਰ ਦੀ ਸੰਭਾਲ ਵੀ ਆਪ ਕਰਦਾ ਹੈ।

ਗੁਰਬਾਣੀ `ਚ ਵਰਤੀ ਗਈ ‘ਗਰਭ ਅਗਨਿ’, ‘ਅਗਨਿ ਕੁੰਡ’ ‘ਅਗਨੀ ਪਾਸਿ ਪਿਰਾਣੁ’, ‘ਅਗਨਿ ਉਦਰ’ ਆਦਿ ਸ਼ਬਦਾਵਲੀ ਪ੍ਰਤੀ- ‘ਮਾਤਾ ਦੇ ਗਰਭ’ `ਚ ਜਦੋਂ ਬੱਚੇ ਦਾ ਸਰੀਰ ਤਿਆਰ ਹੁੰਦਾ ਹੈ, ਤਾਂ ਉਸ ਸਮੇਂ ਪ੍ਰਭੂ ਵੱਲੋਂ ਆਪ ਮਾਤਾ ਦੇ ਗਰਭ `ਚ ਰੋਕਿਆ ਜਾ ਰਿਹਾ ਮਾਸਕ ਧਰਮ ਵਾਲਾ ਤਰਲ ਪਦਾਰਥ, ਬੜੇ ਉੱਚੇ ਸੈਂਟੀ-ਗ੍ਰੇਡ ਅਥਵਾ ਵੱਡੇ ਤਾਪਮਾਨ `ਚ ਉਬਲ ਰਿਹਾ ਹੁੰਦਾ ਹੈ। ਦਰਅਸਲ ਉਸ ਸਮੇਂ, ਪ੍ਰਭੂ ਦੀ ਕਰਣੀ, ਉਥੇ ਓਦੋਂ ਸਾਡਾ ਇਹ ਸਰੀਰ ਹੀ ਤਿਆਰ ਹੋ ਰਿਹਾ ਹੁੰਦਾ ਹੈ।

ਫ਼ਿਰ ਅਜੋਕੇ ਡਾਕਟਰੀ ਵਿਗਿਆਨ ਅਨੁਸਾਰ ਵੀ, ਉਸ ਸਮੇਂ ਉਸ ਉਬਲਦੇ ਹੋਏ ਤਰਲ ਪਦਾਰਥ (ਮਾਸਕ ਦਰਮ) `ਚ, ਜੇਕਰ ਨੰਗੀ ਉਂਗਲ ਪਾ ਦਿੱਤੀ ਜਾਵੇ ਤਾਂ ਸਾਡੀ ਉਹ ਉਂਗਲ ਵੀ ਸੜ ਕੇ ਰਾਖ ਹੋ ਜਾਵੇਗੀ। ਇਹ ਤਾਂ ਕਰਤੇ ਪ੍ਰਭੂ ਦੀ ਕਮਾਲ ਹੁੰਦੀ ਹੈ ਕਿ:-

ਓਦੋਂ ਇੱਕ ਪਾਸੇ ਪ੍ਰਭੂ ਨੇ ਜਨਮ ਦੇਣ ਵਾਲੀ ਮਾਤਾ ਨੂੰ ਥੈਲੀ ਬਖ਼ਸ਼ੀ ਹੁੰਦੀ ਹੈ, ਜਿਸ ਕਾਰਣ ਮਾਤਾ ਨੂੰ ਇਸ ਉਬਲਦੇ ਹੋਏ ਤਰਲ ਪਦਾਰਥ (ਮਾਸਕ ਧਰਮ) ਦਾ ਰਤੀ ਭਰ ਵੀ ਸੇਕ ਨਹੀਂ ਪਹੁੰਦਾ।

ਦੂਜੇ ਪਾਸੇ-ਓਦੋਂ ਜਦੋਂ ਉਥੇ ਸਾਡਾ ਇਹ ਸਰੀਰ ਤਿਆਰ ਹੋ ਰਿਹਾ ਹੁੰਦਾ ਹੈ, ਤਾਂ "ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹਿ ਤੁਮ ਰਾਖਨਹਾਰੇ" (ਪੰ: ੬੧੩) ਪ੍ਰਭੂ ਆਪ ਬਹੁੜੀ ਕਰਕੇ ਸਾਡੀ ਸੁਰਤ ਤੇ ਲਿਵ ਨੂੰ, "ਆਪਨ ਸਿਮਰਨੁ ਦੇ ਤਹਿ ਤੁਮ ਰਾਖਨਹਾਰੇ" ਆਪਣੇ ਨਾਲ ਇੱਕ ਮਿੱਕ ਕਰੀ ਰਖਦਾ ਹੈ। ਇਹੀ ਕਾਰਣ ਹੁੰਦਾ ਹੈ ਕਿ ਉਸ ਵੱਡੇ ਤਾਪਮਾਨ ਤੇ ਉਬਲਦੇ ਮਾਸਕ ਧਰਮ ਵਾਲੇ ਤਰਲ ਪਦਾਰਥ ਦਾ ਬੱਚੇ ਨੂੰ ਵੀ ਸੇਕ ਨਹੀਂ ਲਗਦਾ। ਫ਼ੁਰਮਾਨ ਹਨ:-

"ਗਰਭ ਅਗਨਿ ਮਹਿ ਜਿਨਹਿ ਉਬਾਰਿਆ॥ ਰਕਤ ਕਿਰਮ ਮਹਿ ਨਹੀ ਸੰਘਾਰਿਆਅਪਨਾ ਸਿਮਰਨੁ ਦੇ ਪ੍ਰਤਿਪਾਲਿਆ, ਓਹੁ ਸਗਲ ਘਟਾ ਕਾ ਮਾਲਕਾ…" (ਪੰ: ੧੦੮੪) ਹੋਰ

"ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ॥ ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ॥ ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ॥ ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐਕਹੈ ਨਾਨਕੁ ਏਵਡੁ ਦਾਤਾ ਸੋ ਕਿਉ ਮਨਹੁ ਵਿਸਾਰੀਐ॥ ੨੮ ॥" (ਪੰ: ੯੨੦) ਜਾਂ

ਨਹੀਂ ਤਾਂ "ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ, ਅਗਿਆਨੁ ਸੁ ਨਾਗਾ॥ ਤੇ ਦਿਨ ਸੰਮਲੁ ਕਸਟ ਮਹਾ ਦੁਖ…" (ਬੇਣੀ ਜੀ-੯੩) ਕਹਿਕੇ ਵੀ ਸਪਸ਼ਟ ਕੀਤਾ ਹੋਇਆ ਹੈ।

ਤਾਂ ਤੇ ਜੀਵ ਰਾਹੀਂ ਓਦੋਂ ਕਿਹੜਾ ਸਿਮਰਨ ਹੁੰਦਾ ਹੈ? ਉਹ ਸਿਮਰਨ ਹੁੰਦਾ ਹੈ ‘ਆਪਨ ਸਿਮਰਨੁ ਦੇ’ …. , "ਅਪਨਾ ਸਿਮਰਨੁ ਦੇ ਪ੍ਰਤਿਪਾਲਿਆ", "ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐ, "ਗਰਭ ਅਗਨਿ ਮਹਿ ਜਿਨਹਿ ਉਬਾਰਿਆ", "ਰਕਤ ਕਿਰਮ ਮਹਿ ਨਹੀ ਸੰਘਾਰਿਆ", "ਓਸ ਨੋ ਕਿਹੁ ਪੋਹਿ ਨ ਸਕੀ, ਜਿਸ ਨਉ ਆਪਣੀ ਲਿਵ ਲਾਵਏ" ਭਾਵ ਸਾਡੀ ਲਿਵ ਤੇ ਸੁਰਤ ਨੂੰ "ਜੋਤੀ ਜੋਤਿ ਮਿਲਾਵਣਹਾਰੁ" (ਪੰ: ੬੭) ਪ੍ਰਭੂ ਆਪਣੇ ਨਾਲ ਜੋੜਣ ਤੇ ਇਕ-ਮਿੱਕ ਕਰਣ ਵਾਲੀ ਬਹੁੜੀ ਤੇ ਬਖ਼ਸ਼ਿਸ਼ ਵੀ ਆਪ ਹੀ ਕਰ ਰਿਹਾ ਹੁੰਦਾ ਹੈ।

ਇਹ ਵੀ ਦੇਖਣਾ ਹੈ ਕਿ ਬੱਚੇ ਲਈ ਸਮੇਂ ਦੀ ਵੱਡੀ ਤੇ ਇਕੋ-ਇਕ ਲੋੜ `ਚ -ਉਸ ਸਮੇਂ ਪ੍ਰਭੂ ਰਾਹੀ ਆਪ ਸਹਾਇਤਾ ਕਾਰਣੀ, ਸਾਡੇ ਤਿਆਰ ਹੋ ਰਹੇ ਸਰੀਰ ਦਾ ਉਹ ਅਜਿਹਾ ਅੱਤ ਕਠਿਨ ਤੱਪ ਹੁੰਦਾ ਹੈ, ਜਿਹੜਾ ਤੱਪ ਸੰਸਾਰ `ਚ ਵਿਚਰ ਰਿਹਾ ਕੋਈ ਵੱਡੇ ਤੋਂ ਤਪੀਸ਼ਵਰ ਅਖਵਾਉਣ ਵਾਲਾ ਵੀ ਨਹੀਂ ਕਰ ਸਕਦਾ। ਜਦਕਿ ਸਮੇਂ ਦੀ ਅਬਦਲਵੀਂ ਲੋੜ, "ਆਪ ਸਹਾਈ ਹੋਆ" ਹੋ ਕੇ ਉਹ ਤੱਪ ਪ੍ਰਭੂ ਕਰਵਾਉਂਦਾ ਵੀ ਆਪ ਹੈ, ਨਾ ਕਿ ਕੇਵਲ ਘੜਿਆ ਜਾ ਰਿਹਾ ਉਹ ਬੱਚਾ, ਆਪ ਕਰਦਾ ਹੈ।

ਜਦਕਿ ‘ਗਰਭ ਅਗਨਿ’, ‘ਅਗਨਿ ਕੁੰਡ’ ‘ਅਗਨੀ ਪਾਸਿ ਪਿਰਾਣੁ’, ‘ਅਗਨਿ ਉਦਰ’ "ਅਗਨਿ ਮਹਿ" ਆਦਿ ਸੰਪੂਰਨ ਸ਼ਬਦਾਵਲੀ `ਚ ਜੀਵ ਆਪਣੀ ਰਾਖੀ ਆਪ ਕਰਣੀ, ਆਪਣੀ ਲਿਵ ਤੇ ਸੁਰਤ ਨੂੰ ਪ੍ਰਭੂ ਨਾਲ ਜੋੜਣਾ ਜਾਂ ਅਜੋਕੇ ਪ੍ਰਭੂ-ਸਿਮਰਨ ਲਈ ਪ੍ਰਚਲਤ ਕੀਤੇ ਜਾ ਚੁੱਕੇ ਅਰਥਾਂ `ਚ ਬੱਚੇ ਰਾਹੀਂ ਆਪ ਪ੍ਰਭੂ ਦਾ ਸਿਮਰਨ ਕਰਣਾ ਜਾਂ ਅਜਿਹਾ ਕੁੱਝ ਵੀ, ਜੀਵ ਦੇ ਆਪਣੇ ਵੱਸ `ਚ ਨਹੀਂ ਹੁੰਦਾ ਤੇ ਨਾ ਓਦੋਂ ਬੱਚਾ ਆਪ ਕਰ ਹੀ ਸਕਦਾ ਹੈ।

ਇਸ ਲਈ ਦੌਰਾਹ ਦੇਵੀਏ ਕਿ ਉਸ "ਬਿਖਮ ਥਾਨ" `ਚ ਪ੍ਰਭੂ ਬਖ਼ਸ਼ਿਸ਼ ਕਰਕੇ ਜੀਵ ਦੀ ਬਹੁੜੀ ਆਪ ਕਰਦਾ ਹੈ। ਜਦਕਿ ਵਿਸ਼ੇ ਨਾਲ ਸੰਬੰਧਤ ਹੋਰ ਵੀ ਬਹੁਤਰੇ ਗੁਰ-ਫ਼ੁਰਮਾਨ ਹਨ। ਤਾਂ ਵੀ ਲੋੜ ਹੈ ਕਿ ਇਸ ਸੰਬੰਧ `ਚ ਘਟੋ ਘਟ ‘ਆਪਨ ਸਿਮਰਨੁ ਦੇ’ …. , "ਅਪਨਾ ਸਿਮਰਨੁ ਦੇ ਪ੍ਰਤਿਪਾਲਿਆ", "ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐ, "ਗਰਭ ਅਗਨਿ ਮਹਿ ਜਿਨਹਿ ਉਬਾਰਿਆ", "ਰਕਤ ਕਿਰਮ ਮਹਿ ਨਹੀ ਸੰਘਾਰਿਆ", "ਓਸ ਨੋ ਕਿਹੁ ਪੋਹਿ ਨ ਸਕੀ, ਜਿਸ ਨਉ ਆਪਣੀ ਲਿਵ ਲਾਵਏ" ਆਦਿ ਪੰਕਤੀਆਂ ਵਿਸ਼ੇਸ਼ ਧਿਆਨ ਦੇ ਕੇ ਪੜ੍ਹਣ ਦੀ ਲੋੜ ਹੈ।

"ਜੋਤੀ ਜੋਤਿ ਮਿਲਾਵਣਹਾਰੁ" -ਇਹ ਗੱਲ ਤਾਂ ਵੀ ਵੱਖਰੀ ਹੈ ਕਿ ਉਸ ਸਮੇਂ ਬੱਚੇ ਦੀ ਲਿਵ ਤੇ ਸੁਰਤ ਤੇ ਉਸ ਦੀ ਜੋਤ ਨੂੰ, ਪ੍ਰਭੂ ਨੇ ਆਪਣੀ ਜੋਤ ਨਾਲ ਮਿਲ ਕੇ ਇੱਕ ਕੀਤਾ ਹੁੰਦਾ ਹੈ। ਇਸੇ ਲਈ "ਜੋਤੀ ਜੋਤਿ ਮਿਲਾਵਣਹਾਰੁ" (ਪੰ: ੬੭), ਪ੍ਰਭੂ ਬੱਚੇ ਦੀ ਉਸ ਸਮੇਂ ਦੀ ਅਵਸਥਾ ਨੂੰ, ਬੱਚੇ ਦੀ ਸੁਰਤ, ਲਿਵ ਤੇ ਬੱਚੇ ਰਾਹੀਂ ਕੀਤਾ ਜਾ ਰਿਹਾ ਸੁਆਸ ਸੁਆਸ ਦਾ ਸਿਮਰਨ ਕਹਿਕੇ ਵੀ, ਗੁਰਬਾਣੀ `ਚ ਵਿਸ਼ੇ ਨੂੰ ਉਸ ਤਰ੍ਹਾਂ ਕਹਿ ਕੇ ਵੀ ਪ੍ਰਗਟ ਕੀਤਾ ਹੋਇਆ ਹੈ। ਜਿਵੇਂ:-

"ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ" (ਪੰ: ੭੦੬)

"ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ ਮਿਰਤਕ ਪਿੰਡਿ, ਪਦ ਮਦ ਨਾ ਅਹਿਨਿਸਿ ਏਕੁ, ਅਗਿਆਨੁ ਸੁ ਨਾਗਾ॥ ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ॥ ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ" (ਬੇਣੀ ਜੀ-੯੩) ਆਦਿ।

ਇਸ ਲਈ ਸਮਝਣ ਦਾ ਵਿਸ਼ਾ ਇਹ ਵੀ ਹੈ ਕਿ ਬੱਚੇ ਰਾਹੀਂ ਉਹ ਸਿਮਰਨ ਉਸ ਸਮੇਂ ਕਿਸੇ ਲਫ਼ਜ਼ ਦਾ ਰਟਣ ਨਹੀਂ ਹੁੰਦਾ, ਜਿਹੜਾ ਸਿਮਰਨ ਕਿ ਬਹੁਤਾ ਕਰਕੇ ਅੱਜ ਅਸਾਂ ਆਪ ਆਪਣੇ ਵੱਲੋਂ ਹੀ ਘੜ ਲਿਆ ਹੈ। ਉਸ ਸਮੇਂ ਇਹ ਵਿਸ਼ਾ ਹੀ ਲਿਵ ਤੇ ਸੁਰਤ ਦਾ ਹੁੰਦਾ ਹੈ ਜਿਹੜਾ ਕਿ ਬਹੁੜੀ ਕਰਕੇ "ਅਪਨਾ ਸਿਮਰਨੁ ਦੇ ਪ੍ਰਤਿਪਾਲਿਆ", "ਆਪਣੀ ਲਿਵ ਆਪੇ ਲਾਏ" ਅਨੁਸਾਰ ਪ੍ਰਭੂ, ਸਾਡੀ ਲਿਵ ਨੂੰ ਆਪ ਆਪਣੇ `ਚ ਅਭੇਦ ਕਰਕੇ, "ਅਹਿਨਿਸਿ ਏਕ" ਆਪ ਕਰਵਾ ਰਿਹਾ ਹੁੰਦਾ ਹੈ।

"ਗੰਢੇਦਿਆਂ ਛਿਅ ਮਾਹ" - ਇਹੀ ਨਹੀਂ ਬਲਕਿ ਇਹ ਵੀ ਦੇਖ ਚੁੱਕੇ ਹਾਂ ਕਿ ਗੁਰਬਾਣੀ `ਚ ਇਹ ਵੀ ਸਪਸ਼ਟ ਕੀਤਾ ਹੋਇਆ ਹੈ ਕਿ ਅਰੰਭ `ਚ ਕਾਫ਼ੀ ਸਮੇਂ ਤੱਕ ਬੱਚੇ ਦਾ ਸਰੀਰ ਵੀ ਕੇਵਲ "ਮਿਰਤਕ ਪਿੰਡਿ" (ਮਿੱਟੀ ਦਾ ਗੋਲਾ) ਹੀ ਹੁੰਦਾ ਹੈ ਭਾਵ ਅਜੇ ਇਹ ਸਰੀਰ ਤਾਂ ਬਣਿਆ ਹੀ ਨਹੀਂ ਹੁੰਦਾ। ਬਲਕਿ ਅਜੋਕੇ ਡਾਕਟਰੀ ਵਿਗਿਆਨ ਅਨੁਸਾਰ ਵੀ ਉਸ ਬੱਚੇ ਦੀ ਸੁਆਸ ਕਿਰਿਆ ਦਾ ਅਰੰਭ ਵੀ ਓਦੋਂ ਇੱਕ ਦੰਮ ਨਹੀਂ, ਬਲਕਿ ਕੁੱਝ ਸਮੇਂ ਬਾਅਦ ਹੀ ਹੁੰਦਾ ਹੈ।

ਪ੍ਰਭੂ ਵੱਲੋਂ ਮਾਤਾ ਦੇ ਗਰਭ `ਚ "ਪਾਇਤਾ ਉਦਰੈ ਮਾਹਿ" ਸਾਡੇ ਸਰੀਰ ਲਈ ਪੈਂਤੜਾ ਰਖਦੇ ਸਾਰ, ਇਹ ਸਭ ਕੁੱਝ ਅਰੰਭ ਨਹੀਂ ਹੋ ਜਾਂਦਾ। ਸੁਆਲ ਪੈਦਾ ਹੁੰਦਾ ਹੈ ਕਿ ਉਸ ਸਮੇ ਮਾਤਾ ਦੇ ਗਰਭ ਅੰਦਰ, ਪ੍ਰਭੂ ਰਾਹੀਂ ਰਖੇ ਹੋਏ ਉਸ ਪੈਂਤੜੇ (ਪਾਇਤਾ) ਦੇ ਕਿਹੜੇ ਮੂੰਹ ਨਾਲ ਤੇ ਕਿਨ੍ਹਾਂ ਅੱਖਰਾਂ ਰਾਹੀਂ ਸਿਮਰਨ ਦੀ ਅਸੀਂ ਗੱਲ ਕਰ ਰਹੇ ਹਾਂ। ਕੀ ਇਸ ਤਰ੍ਹਾਂ ਅਸੀਂ ਆਪਣੇ ਆਪ ਨਾਲ ਤੇ ਦੂਜਿਆਂ ਨੂੰ ਵੀ ਇਸ ਪੱਖੋਂ ਭਮਲ ਭੂਸੇ `ਚ ਪਾਉਣ ਦਾ ਕਾਰਣ ਤਾਂ ਨਹੀਂ ਬਣ ਰਹੇ?

ਜਦਕਿ ਸਾਡੇ ਕੋਲ ਤਾਂ ਜੁਗੋ-ਜੁਗ ਅਟੱਲ ਗੁਰਬਾਣੀ ਦੇ ਸਦੀਵੀ ਸੱਚ ਵਾਲਾ ਬਹੁਮੁੱਲਾ ਖਜ਼ਾਨਾ ਹੈ। ਅਸਾਂ ਜੋ ਕੁੱਝ ਲੈਣਾ ਹੈ ਗੁਰਬਾਣੀ-ਗੁਰੂ ਦੇ ਚਰਨਾਂ ਚੋਂ ਹੀ ਲੈਣਾ ਹੈ, ਸਾਨੂੰ ਇਧਰ ਓਧਰ ਭਟਕਣ ਦੀ ਉੱਕਾ ਲੋੜ ਨਹੀਂ। ਗੁਰਬਾਣੀ `ਚ ਫ਼ਰੀਦ ਸਾਹਿਬ ਸਦੀਆਂ ਪਹਿਲਾਂ ਇਸ ਵਿਸ਼ੇ ਨੂੰ ਸਪਸ਼ਟ ਕਰ ਚੁੱਕੇ ਹਨ ਕਿ ਮਾਤਾ ਦੇ ਪ੍ਰਸਵ, ਮਾਸਕ ਧਰਮ, ਸਿਰਨਾਵਣੀ, ਰਕਤ ਤੇ ਉਸ ਤਰਲ ਪਦਾਰਥ ਤੋਂ ਗਰਭ `ਚ ਸਾਡੇ ਸਰੀਰ ਨੂੰ ਤਿਆਰ ਹੋਣ `ਚ ਛੇ ਮਹੀਨੇ ਲਗਦੇ ਹਨ, ਜਿਵੇਂ:-

"ਚਲੇ ਚਲਣਹਾਰ ਵਿਚਾਰਾ ਲੇਇ ਮਨੋ॥

ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ" (ਪੰ: ੪੮੮)

ਗੁਰਬਾਣੀ ਅਨੁਸਾਰ ਇਹ ਵੀ ਕਿ ਬੱਚਾ ਦਸਵੇਂ ਮਹੀਨੇ ਜਨਮ ਲੈਂਦਾ ਤੇ ਸੰਸਾਰ `ਚ ਆਉਂਦਾ ਹੈ। ਜਦਕਿ ਇਹ ਵੀ ਸਪਸ਼ਟ ਹੈ ਕਿ ਮਾਤਾ ਦੇ ਗਰਭ `ਚ "ਮਾਤ ਪਿਤਾ ਸੰਜੋਗਿ ਉਪਾਏ, ਰਕਤੁ ਬਿੰਦੁ ਮਿਲਿ ਪਿੰਡੁ ਕਰੇ" (ਪੰ: ੧੦੧੩) ਅਥਵਾ "ਮਾ ਕੀ ਰਕਤੁ ਪਿਤਾ ਬਿਦੁ ਧਾਰਾ ਮੂਰਤਿ ਸੂਰਤਿ ਕਰਿ ਆਪਾਰਾ॥ ਜੋਤਿ ਦਾਤਿ ਜੇਤੀ ਸਭ ਤੇਰੀ, ਤੂ ਕਰਤਾ ਸਭ ਠਾਈ ਹੇ" (ਪੰ: ੧੦੨੨) ਜਾਂ "ਬਿੰਦੁ ਰਕਤੁ ਮਿਲਿ ਪਿੰਡੁ ਸਰੀਆ" (ਪੰ: ੧੦੨੬) ਅਤੇ "ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ" (ਪੰ: ੬੫੯) ਭਾਵ ਰਕਤ-ਬੂੰਦ ਦੇ ਉਸ ਗਾਰੇ ਤੋਂ ਅਰੰਭ ਹੋ ਕੇ ਮਾਤਾ ਦੇ ਗਰਭ `ਚ ਬੱਚਾ ਭਾਵੇਂ ਛੇ ਮਹੀਨਿਆਂ `ਚ ਤਿਆਰ ਹੋ ਜਾਂਦਾ ਹੈ ਤਾਂ ਵੀ:-

"ਦਸੀ ਮਾਸੀ ਮਾਨਸੁ ਕੀਆ…" (ਪੰ: ੭੭) ਅਤੇ

"ਬਿੰਦੁ ਤੇ ਜਿਨਿ ਪਿੰਡੁ ਕੀਆ, ਅਗਨਿ ਕੁੰਡ ਰਹਾਇਆ॥ ਦਸ ਮਾਸ ਮਾਤਾ ਉਦਰਿ ਰਾਖਿਆ…", (ਪੰ: ੪੮੧) ਹੋਰ

"ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ…" (ਪੰ: ੩੯੬) ਆਦਿ।

ਇਸ ਤਰ੍ਹਾਂ ਮਾਤਾ ਰਾਹੀਂ ਗਰਭ ਧਾਰਣ ਕਰਣ ਤੋਂ ਦਸਵੇਂ ਮਹੀਨੇ, ਬੱਚਾ ਸੰਸਾਰ `ਚ ਆਉਂਦਾ ਹੈ ਭਾਵ ਜਨਮ ਲੈਂਦਾ ਹੈ। ਜਦਕਿ ਇਹ ਵੀ ਉਤਨਾ ਹੀ ਸੱਚ ਹੈ ਕਿ ਕੁੱਝ ਬੱਚੇ ਛੇ-ਮਾਹੇ, ਸਤ-ਮਾਹੇ ਤੇ ਅਠ-ਮਾਹੇ ਵੀ ਪੈਦਾ ਹੁੰਦੇ ਹਨ। ਇਸ ਤੋਂ ਸਾਨੂੰ ਦੋ ਸਬੂਤ ਹੋਰ ਵੀ ਮਿਲਦੇ ਹਨ।

ਪਹਿਲਾ- "ਗੰਢੇਦਿਆਂ ਛਿਅ ਮਾਹ" ਮਾਤਾ ਦੇ ਗਰਭ `ਚ ਬੱਚਾ ਬਾਹਿਰ ਆਉਣ ਯੋਗ ਛੇ ਮਹੀਨੇ `ਚ ਹੋ ਜਾਂਦਾ ਹੈ। ਫ਼ਿਰ ਇਹ ਕਿ ਜਿਹੜਾ ਸਾਡੇ ਲਈ ਇਥੇ ਇਲਾਹੀ ਬਖ਼ਸ਼ਿਸ਼ ਦਾ ਇੱਕ ਹੋਰ ਵੱਡਾ ਸਬੂਤ ਹੈ ਕਿ ਛੇ ਮਹਨਿਆਂ `ਚ ਸਾਡੇ ਸਰੀਰ ਦੇ ਤਿਆਰ ਹੋ ਜਾਣ ਬਾਅਦ ਵੀ ਸਾਨੂੰ ਜਨਮ ਤੋਂ ਪਹਿਲਾਂ, ਪ੍ਰਭੂ ਵਲੋਂ ਤਿੰਨ ਮਹੀਨੇ ਲਈ ਨਰਸਰੀ ਵੀ ਮਾਤਾ ਦੇ ਗਰਭ `ਚ ਹੀ ਪ੍ਰਾਪਤ ਹੋਈ ਹੁੰਦੀ ਹੈ।

ਇਹ ਵੀ ਦੇਖ ਚੁੱਕੇ ਹਾਂ ਕਿ ਮਾਤਾ ਦੇ ਗਰਭ ਵਿੱਚਲੀ ਬੱਚੇ ਦੀ ਅਰੰਭਕ ਅਵਸਥਾ ਨੂੰ ਭਗਤ ਬੇਣੀ ਜੀ ਕਿਸ ਤਰ੍ਹਾਂ ਸਪਸ਼ਟ ਕਰਦੇ ਤੇ ਫ਼ੁਰਮਾਉਂਦੇ ਹਨ, "ਮਿਰਤਕ ਪਿੰਡਿ ਪਦ ਮਦ ਨਾ…" (ਪੰ: ੯੩) ਐ ਭਾਈ ਮਾਤਾ ਦੇ ਗਰਭ `ਚ ਤੇ ਆਪਣੇ ਅਰੰਭਕ ਸਮੇਂ `ਚ ਤੂੰ ਕੇਵਲ ਮਾਸ ਦਾ ਮੁਰਦਾ ਟੁਕੜਾ ਤੇ ਗੋਲਾ ਹੀ ਸੈਂ ਫ਼ਿਰ ਪਹਿਰਿਆਂ ਦੇ ਸਿਰਲੇਖ ਹੇਠ ਪੰਚਮ ਪਾਤਸ਼ਾਹ ਫ਼ੁਰਮਾਉਂਦੇ ਹਨ:-

"ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ, ਧਰਿ ਪਾਇਤਾ ਉਦਰੈ ਮਾਹਿ॥ ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ, ਕਰਿ ਮੁਹਲਤਿ ਕਰਮ ਕਮਾਹਿ…" (ਪੰ: ੭੭)

ਅਰਥ : —ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਮਨੁੱਖਾ ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਪਰਮਾਤਮਾ, ਮਾਂ ਦੇ ਪੇਟ ਵਿੱਚ (ਜੀਵ ਦਾ) ਕੇਵਲ ਪੈਂਤੜਾ ਹੀ ਰੱਖਦਾ ਹੈ। ਹੇ ਵਣਜਾਰੇ ਮਿਤ੍ਰ! (ਫਿਰ) ਦਸਾਂ ਮਹੀਨਿਆਂ ਵਿੱਚ ਪ੍ਰਭੂ ਉਸੇ ਪੈਂਤੜੇ ਨੁੰ ਮਨੁੱਖ (ਦਾ ਸਾਬਤ ਬੁੱਤ) ਬਣਾ ਦੇਂਦਾ ਹੈ। (ਜੀਵਾਂ ਨੂੰ ਜਿੰਦਗੀ ਦਾ) ਮੁਕਰਰ ਸਮਾ ਦੇਂਦਾ ਹੈ (ਜਿਸ ਵਿੱਚ ਜੀਵ ਚੰਗੇ ਤੇ ਮੰਦੇ) ਕਰਮ ਕਮਾਂਦੇ ਹਨ। (ਅਰਥ-ਧੰਨਵਾਦਿ ਸਹਿਤ ਪ੍ਰੌ: ਸਾਹਿਬ ਸਿੰਘ ਜੀ ਡੀ: ਲਿਟ: ) (ਚਲਦਾ) #416s04.16.02s16#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.416 P-I

"ਮਾਤ ਗਰਭ ਮਹਿ,

ਆਪਨ ਸਿਮਰਨੁ ਦੇ…"

(ਭਾਗ ਪਹਿਲਾ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly @ Rs 350/-(but in rare cases @ Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.