.

ਸੰਨ 1984 ਦੇ ਹਾਲਾਤਾਂ ਬਾਰੇ ਕੁੱਝ ਵਿਚਾਰ

(ਸੰਪਾਦਕੀ ਟਿੱਪਣੀ:-ਸ: ਬਲਦੇਵ ਸਿੰਘ ਫਿਰੋਜ਼ਪੁਰ ਜੀ ਤੁਹਾਨੂੰ 1984 ਤੋਂ ਬਾਅਦ ਦੇ ਅੱਖੀਂ ਡਿੱਠੇ ਕਾਲੇ, ਘਿਨਾਉਣੇ ਕਾਰਨਾਮਿਆਂ ਬਾਰੇ ਲਿਖਣ ਨੂੰ ਕਿਹਾ ਸੀ। ਉਹ ਵੀ ਤਾਂ ਕਿਹਾ ਸੀ ਕਿਉਂਕਿ ਤੁਸੀਂ ਆਪ ਹੀ ਪਹਿਲਾਂ ਤੁਹਾਡੇ ਆਪਣੇ ਪੰਨੇ ਤੇ ਆਪਣੀਆਂ ਕਈ ਪੋਸਟਾਂ ਵਿੱਚ ਕਈ ਗੱਲਾਂ ਦਾ ਜ਼ਿਕਰ ਕੀਤਾ ਸੀ। ਮੈਂ ਸੋਚਦਾ ਸੀ ਕਿ ਦੋਹਾਂ ਪਾਸਿਆਂ ਵਲੋਂ ਕੀਤੇ ਗਏ ਕਈ ਐਸੇ ਕਾਰਨਾਮੇ ਹੋਣਗੇ ਜਿਹੜੇ ਕਿ ਮਨੁੱਖਤਾ ਦੇ ਨਾਮ ਤੇ ਕਲੰਕ ਹੋਣਗੇ ਅਤੇ ਸ਼ਾਇਦ ਤੁਸੀਂ ਕਿਸੇ ਕਾਰਨਾਮੇ ਬਾਰੇ ਪੂਰਾ ਸੱਚ ਲੋਕਾਈ ਨੂੰ ਦੱਸ ਸਕੋਂਗੇ ਜਿਹੜਾ ਕਿ ਹਾਲੇ ਤੱਕ ਕਿਸੇ ਨੇ ਨਹੀਂ ਦੱਸਿਆ। ਕਿਉਂਕਿ ਦੋਵੇਂ ਧਿਰਾਂ ਆਪਣੇ ਹੀ ਪੱਖ ਵਿੱਚ ਦਲੀਲਾਂ ਦੇ ਕੇ ਦੂਸਰੇ ਪੱਖ ਨੂੰ ਗਲਤ ਸਾਬਤ ਕਰ ਰਹੀਆਂ ਹਨ ਅਤੇ ਇਹੀ ਕੁੱਝ ਪਿਛਲੇ 30-35 ਸਾਲਾਂ ਤੋਂ ਹੋ ਰਿਹਾ ਹੈ। ਦੋਹੀਂ ਪਾਸੀਂ ਮਨੁੱਖਤਾ ਦਾ ਹੀ ਖੂਨ ਡੁੱਲਿਆ ਹੈ। ਇਸ ਡੁੱਲੇ ਹੋਏ ਖੂਨ ਬਾਰੇ ਧਾਰਮਿਕ ਨਜ਼ਰੀਏ ਤੋਂ ਪੂਰਾ ਸੱਚ ਜਾਨਣ ਦੀ ਇੱਛਾ ਸੀ ਨਾ ਕਿ ਰਾਜਨੀਤਕ ਪਹਿਲੂ ਤੋਂ। ਚਲੋ ਕੋਈ ਗੱਲ ਨਹੀਂ ਜਿਸ ਵੀ ਨਜ਼ਰੀਏ ਤੋਂ ਤੁਸੀਂ ਜਿਤਨੀ ਕੁ ਜਾਣਕਾਰੀ ਦਿੱਤੀ ਹੈ ਉਸ ਦਾ ਧੰਨਵਾਦ)

ਸਰਦਾਰ ਮੱਖਣ ਸਿੰਘ ਪੁਰੇਵਾਲ ਜੀ, ਆਪ ਜੀ ਨੇਂ ਦਾਸ ਨੂੰ ੧੯੮੪ ਦੇ ਹਾਲਾਤਾਂ ਬਾਰੇ ਲਿਖਣ ਵਾਸਤੇ ਕਿਹਾ ਸੀ। ਪਰ ਮਾਫ ਕਰਨਾਂ ਜੀ ਦਾਸ ਨੇਂ ਲਿਖਣ ਵਿੱਚ ਕੁੱਝ ਦੇਰ ਲਗਾ ਦਿੱਤੀ। ਇਸ ਦੇ ਕੁੱਝ ਇੱਕ ਕਾਰਨ ਸਨ।

ਦੇਰੀ ਦਾ ਪਹਿਲਾ ਕਾਰਨ ਤਾਂ ਇਹ ਸੀ ਜੀ ਕਿ ਡਾ: ਇਕਬਾਲ ਸਿੰਘ ਜੀ, ਇਸ ਵਿਸ਼ੇ ਤੇ ਪਹਿਲੇ ਹੀ ਲੇਖ ਲਿਖ ਰਹੇ ਸਨ, ਅਤੇ ਉਹ ਕਾਫੀ ਠੀਕ ਹੀ ਲਿਖ ਰਹੇ ਸਨ। ਇਹਨਾਂ ਨੇਂ ਉਸ ਵਕਤ ਦੇ ਅਲੱਗ ਅਲੱਗ ਲਿਖਾਰੀਆਂ ਵੱਲੋਂ ਇਸ ਵਿਸ਼ੇ ਜਾਂ ਮੁੱਦੇ ਤੇ ਲਿਖੀਆਂ ਕਿਤਾਬਾਂ ਆਦੀ ਦੇ ਆਧਾਰ ਤੇ ਬਹੁਤ ਸਾਰੀ ਮਹੱਤਵ ਪੂਰਨ ਜਾਣਕਾਰੀ ਇਕੱਠੀ ਕਰ ਕੇ ਪਾਠਕਾਂ ਨਾਲ ਸਾਂਝੀ ਕੀਤੀ ਹੈ ਜੀ।

ਦੇਰੀ ਦਾ ਦੂਸਰਾ ਕਾਰਨ ਇਹ ਹੈ ਜੀ ਕਿ ਇਹ ਮੇਰਾ ਵਿਸ਼ਾ ਨਹੀਂ ਹੈ ਜੀ, ਇਸ ਵਾਸਤੇ ਇਸ ਵਿਸ਼ੇ ਤੇ ਜਿਆਦਾ ਲਿਖਣ ਨੂੰ ਮਨ ਨਹੀਂ ਸੀ ਕਰਦਾ ਜੀ। ਪਰ ਆਪ ਜੀ ਦਾ ਕਹਿਣਾਂ ਵੀ ਮੋੜਿਆ ਨਹੀਂ ਜਾ ਸੱਕਦਾ। ਜਿਸ ਤਰਾਂ ਆਪ ਜੀ ਦੀ ਸਾਈਟ ਨਿਰੋਲ ਧਾਰਮਿਕ ਹੈ ਅਤੇ ਸਿਰਫ ਗੁਰਬਾਣੀਂ ਦੇ ਸੱਚ ਨੂੰ ਸਮਰਪਿਤ ਹੈ। ਅਤੇ ਇਥੇ ਰਾਜਨੀਤਕ ਅਤੇ ਸਿਆਸੀ ਮਸਲਿਆਂ ਨੂੰ ਕੋਈ ਖਾਸ ਜਗਹਿ ਨਹੀਂ ਦਿੱਤੀ ਜਾਂਦੀ। ਇਸੇ ਤਰਾਂ ਮੈਂ ਵੀ ਸਿਰਫ ਗੁਰਬਾਣੀਂ ਦੀ ਵਿਚਾਰ ਤੋਂ ਬਿਨਾਂ, ਹੋਰ ਕਿਸੇ ਵੀ ਮਸਲੇ ਬਾਰੇ ਕਦੇ ਕੁੱਝ ਖਾਸ ਨਹੀਂ ਲਿਖਿਆ ਹੈ ਜੀ। ਅਤੇ ਸਿਰਫ ਇਕੱਲੀ ਆਪ ਜੀ ਸਾਈਟ ਨਾਲ ਜੁੜੇ ਰਹਿਣ ਦਾ ਇੱਕ ਇਹ ਵੀ ਵੱਡਾ ਕਾਰਣ ਹੈ ਜੀ। ਕਿ ਆਪ ਜੀ ਦੀ ਸਾਈਟ ਸਲੋਗਨ ਹੀ ਇਹ ਹੈ ਕਿ, "ਇਹ ਨਿਰੋਲ ਧਾਰਮਿਕ ਹੈ ਅਤੇ ਸਿਰਫ ਗੁਰਬਾਣੀਂ ਦੇ ਸੱਚ ਨੂੰ ਸਮਰਪਿਤ ਹੈ" ਫਿਰ ਵੀ ਜਿਨਾਂ ਕੂ ਹੋ ਸਕੇ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਜੀ।

ਮੈਂ ਇਸ ਘੱਲੂਘਾਰੇ ਨੂੰ ਇੱਕ ਰਾਜਨੀਤਕ ਅਤੇ ਸਿਆਸੀ ਪਹਿਲਵਾਨਾਂ ਦਾ ਬਹੁਤ ਹੀ ਘਿਨਾਉਣਾਂ ਜੁਲਮੀਂ ਦੰਗਲ ਮੰਨਦਾ ਹਾਂ। (ਜੋ ਬਾਦ ਵਿੱਚ ਇਹਨਾਂ ਲੀਡਰਾਂ ਦੇ ਆਪਣੇਂ ਵੀ ਵਸ ਜਾਂ ਕੰਟਰੋਲ ਤੋਂ ਬਾਹਰ ਹੋ ਗਿਆਂ ਸੀ।)

ਕਿਸੇ ਵੀ ਘਟਨਾਂ ਨੂੰ ਵੇਖਣ ਸਮਝਣ ਅਤੇ ਬਿਆਨ ਕਰਨ ਦਾ ਸੱਭ ਦਾ ਆਪਣਾਂ ਆਪਣਾਂ ਨਜ਼ਰੀਆਂ ਹੁੰਦਾ ਹੈ। ਮੈਂ ਸਾਰੀ ਕਾਇਨਾਤ (ਸ੍ਰਿਸਟੀ) ਦੀ ਹਰ ਛੋਟੀ ਵੱਡੀ ਘਟਣਾਂ ਨੂੰ ਕੁਦਰਤ ਦੀ ਨਿਗਾਹ ਨਾਲ ਦੇਖਦਾ ਹਾਂ। ਮੈਨੂੰ ਹਰ ਘਟਣਾਂ ਵਿੱਚ ਰੱਬ ਦਾ ਹੁਕਮ ਦਿੱਸਦਾ ਹੈ ਜੀ। ਸੱਭ ਚੰਗੇ ਮਾੜੇ ਇਨਸਾਨ ਤਾਂ ਰੱਬ ਦੀਆਂ ਕਠਪੁਤਲੀਆਂ ਹਨ ਜੀ। ਸੱਭ ਦੀਆਂ ਡੋਰਾਂ ਰੱਬ ਦੇ ਹੱਥ ਵਿੱਚ ਹਨ ਜੀ, ਰੱਬ ਜਿਵੇਂ ਚਾਹੇ ਸੱਭ ਨੂੰ ਨਚਾ ਰਿਹਾ ਹੈ ਜੀ। ੧੯੮੪ ਦੀ ਘਟਨਾਂ ਨੂੰ ਅਸੀਂ ਘੱਲੂਘਾਰਾ ਕਹੀਏ ਜਾਂ ਕੁੱਝ ਹੋਰ, ਪਰ ਇਹ ਬਹੁਤ ਬੁਰਾ ਹੋਇਆ ਹੈ। ਅਜੇਹੇ ਘੱਲੂਘਾਰੇ (ਮਾਨਵਤਾ ਦੇ ਘਾਣ) ਪਹਿਲੇ ਵੀ ਬਹੁਤ ਵਾਰ ਹੋ ਚੁੱਕੇ ਹਨ।

ਡਾ: ਇਕਬਾਲ ਸਿੰਘ ਜੀ ਵੱਲੋਂ ਦਿੱਤੀਆਂ ਬਹੁਤ ਸਾਰੀਆਂ ਜਾਣਕਾਰੀਆਂ ਸਹੀ ਹਨ ਜੀ। ਪਰ ੧੯੮੪ ਦੀ ਇਸ ਕਾਰਵਾਈ ਵਾਸਤੇ ਇਹਨਾਂ ਨੇਂ ਜੋ ਸੋਵੀਅਤ ਰੂਸ ਨੂੰ ਜਿਸ ਢੰਗ ਨਾਲ ਜਿੰਮੇਂਦਾਰ ਠਹਿਰਾਇਆ ਹੈ। ਉਹ ਸਹੀ ਨਹੀਂ ਹੈ। ਇਸ ਕਾਰਵਾਈ ਵਿੱਚ ਸ਼ਾਮਲ ਸੱਭ ਤੋਂ ਵੱਡੀ ਧਿਰ ਪਾਕਿਸਤਾਨ, ਅਤੇ ਉਸ (ਪਾਕਿਸਤਾਨ) ਦੇ, ਉਸ ਸਮੇਂ ਦੇ ਵੱਡੇ ਆਕਾ, ਅਮਰੀਕਾ ਦਾ ਕਿਤੇ ਵੀ ਜਿਕਰ ਨਹੀਂ ਕੀਤਾ ਹੈ ਜੀ। ਸਵਾਲ ਹੈ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਢੇਰਾਂ ਦੇ ਢੇਰ ਅੱਤਿ ਆਧੂਨਿਕ ਹਥਿਆਰਾਂ ਦੀ ਸਪਲਾਈ ਕੌਣ ਕਰਦਾ ਸੀ? ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਸ ਦੇ ਪੈਰੋਕਾਰਾਂ ਦੇ ਪਾਸ ਭਾਰੀ ਮਾਤਰਾ ਵਿੱਚ ਐਸੇ ਐਸੇ ਆਧੂਨਿਕ ਹਥਿਆਰ ਸਨ, ਜੋ ਉਸ ਸਮੇਂ ਭਾਰਤ ਦੀਆਂ ਅਰਧ ਸੁਰੱਖਿਆ ਏਜੰਸੀਆਂ ਪਾਸ ਵੀ ਨਹੀਂ ਸਨ। ਇਹਨਾਂ ਹਥਿਆਰਾਂ ਨਾਲ ਭਾਰਤੀ ਫੋਜ ਦਾ ਬਹੁਤ ਹੀ ਭਾਰੀ ਜਾਨੀਂ ਨੁਕਸਾਨ ਹੋਇਆ ਸੀ।

ਭਾਰਤ ਅਤੇ ਸੋਵੀਅਤ ਰੂਸ ਦੇ ਆਪਸੀ ਸਬੰਧਾ ਦੀ ਸਹੀ ਜਾਣਕਾਰੀ ਵਾਸਤੇ ਸਾਨੂੰ ੧੯੮੪ ਤੋਂ ਤਕਰੀਬਨ ਤੇਰਾਂ ਕੂ ਸਾਲ ਪਿੱਛੇ ਦੇ ਸਮੇਂ ਤੇ ਝਾਤ ਮਾਰਨੀ ਪਵੇਗੀ। ਅਗਸਤ ੧੯੭੧ ਵਿੱਚ ਭਾਰਤ ਅਤੇ ਸੋਵੀਅਤ ਸੰਘ (ਰੂਸ) ਵਿੱਚ ਇੱਕ ਸੁਰੱਖਿਆ ਸਮਝੌਤਾ ਹੋਇਆਂ ਸੀ। ਜਿਸ ਦਾ ਨਾਂ ਸੀ,

Indo–Soviet Treaty of Peace, Friendship and Cooperation

ਉਹਨਾਂ ਦਿਨਾਂ ਵਿੱਚ ਅਮਰੀਕਾ ਅਤੇ ਸੋਵੀਅਤ ਸੰਘ ਵਿੱਚ ਠੰਢੀ ਜੰਗ ਪੂਰੀ ਚਰਮ ਸੀਮਾਂ ਤੇ ਸੀ, ਸੋਵੀਅਤ ਰੂਸ ਨੇਂ ਤਾਂ ਅਮਰੀਕੀ ਸੀਮਾਂ ਦੇ ਬਿਲਕੁਲ ਨੇੜੇ ਹੀ ਅਮਰੀਕਾ ਦੇ ਗਵਾਂਡੀ ਦੇਸ ਮੈਕਸੀਕੋ ਵਿਚ, ਚੋਰੀ ਛਿੱਪੇ ਅਮਰੀਕਾ ਦੇ ਸਾਰੇ ਸ਼ਹਿਰਾਂ ਨੂੰ ਨਿਸ਼ਾਨੇਂ ਤੇ ਲੈਕੇ, ਪ੍ਰਮਾਣੂੰ ਮਿਸਾਇਲਾਂ ਵੀ ਫਿੱਟ ਕਰ ਦਿੱਤੀਆਂ ਸਨ। ਅਚਾਨਕ ਅਮਰੀਕਾ ਦੇ ਜਾਸੂਸੀ ਉਪਗ੍ਰਹਾਂ ਨੇਂ ਇਹਨਾਂ ਰੂਸੀ ਮਿਸਾਇਲਾਂ ਨੂੰ ਦੇਖ ਲਿਆ ਸੀ।

ਬਦਲੇ ਵਿੱਚ ਜਵਾਬੀ ਕਾਰਵਾਈ ਕਰਦਿਆਂ ਅਮਰੀਕਾ ਨੇਂ ਵੀ ਆਪਣੀਆਂ ਪ੍ਰਮਾਣੂ ਮਿਸਾਈਲਾਂ ਨੂੰ, ਰੂਸੀ ਸ਼ਹਿਰਾਂ ਨੂੰ ਨਿਸ਼ਾਨਾਂ ਬਨਾ ਕੇ ਤਾਇਨਾਤ ਕਰ ਦਿੱਤਾ ਸੀ। ਹੁਣ ਦੋਨੋਂ ਦੇਸ ਪ੍ਰਮਾਣੂ ਯੁੱਧ ਵਾਸਤੇ ਇੱਕ ਦੂਸਰੇ ਦੇ ਸਾਹਮਣੇਂ ਡੱਟ ਚੁੱਕੇ ਸਨ। ਦੋਨੋ ਦੇਸ਼ਾਂ ਦੀਆਂ ਫੋਜਾਂ ਹਾਈ ਅਲਰਟ ਤੇ ਸਨ। ਕਿਸੇ ਇੱਕ ਵੀ ਦੇਸ ਵੱਲੋਂ ਥੋੜੀ ਜਿਹੀ ਵੀ ਗਲਤੀ ਜਾਂ ਪਹਿਲ ਤੇ ਪ੍ਰਮਾਣੂ ਜੰਗ ਛਿੜ ਸੱਕਦੀ ਸੀ।

ਇਕ ਵਾਰ ਅਜੇਹੀ ਗਲਤੀ ਹੋ ਵੀ ਗਈ ਸੀ, ਕਿਸੇ ਗਲਤ ਸੂਚਨਾਂ ਦੇ ਆਧਾਰ ਤੇ ਅਮਰੀਕੀ ਹਾਈਕਮਾਂਡ ਵੱਲੋਂ ਆਪਣੀਂ ਫੋਜ ਨੂੰ ਰੂਸੀ ਟਿਕਾਣਿਆਂ ਤੇ ਪ੍ਰਮਾਣੂਂ ਮਿਸਾਇਲਾਂ ਦਾਗਣ ਦਾ ਹੁਕਮ ਵੀ ਹੋ ਗਿਆ ਸੀ। ਬਸ ਮਿਸਾਇਲ ਦੇ ਕੰਪਿਊਟਰ ਦੇ ਬੱਟਨ ਤੇ ਕਲਿੱਕ ਕਰਨਾਂ ਹੀ ਬਾਕੀ ਰਹਿ ਗਿਆ ਸੀ. ਕਿ ਅਮਰੀਕੀ ਫੋਜ ਦੇ ਇੱਕ ਉੱਚ ਕਮਾਂਡਰ ਦੀ ਸੂਝਬੂਝ ਨਾਲ ਇਹ ਹੋਣੀਂ ਟਲ ਗਈ ਸੀ।

ਜਿਸ ਵੇਲੇ ਅਮਰੀਕਾ ਅਤੇ ਸੋਵੀਅਤ ਰੂਸ ਦੇ ਆਪਸੀ (ਰਿਸਤੇ) ਇਤਨੇਂ ਦੂਸ਼ਮਣੀਂ ਭਰੇ ਸਨ, ਤਾਂ ਠੀਕ ਉਸ ਵੇਲੇ ਹੀ ਅਗਸਤ ੧੯੭੧ ਵਿਚ। ਭਾਰਤ ਅਤੇ ਰੂਸ ਵਿਚਾਲੇ ਇਹ Indo–Soviet Treaty of Peace, Friendship and Cooperation ਯਾਨੀ ਰੱਖਿਆ ਸਮਝੌਤਾ ਹੋਂਦ ਵਿੱਚ ਆਇਆ ਸੀ। ਜਿਸ ਦੇ ਤਹਿਤ ਦੋਹਾਂ ਦੇਸਾਂ ਵਿੱਚ ਇਹ ਇਕਰਾਰ ਹੋਇਆ ਸੀ, ਕਿ ਦੋਹਾਂ ਦੇਸਾਂ ਵਿਚੋਂ ਕਿਸੇ ਇੱਕ ਵੀ ਦੇਸ਼ ਤੇ ਜੇ ਕੋਈ ਬਾਹਰੀ ਹਮਲਾ ਹੁੰਦਾ ਹੈ ਤਾਂ, ਦੂਸਰਾ ਦੇਸ਼ ਉਸ ਹਮਲੇ ਨੂੰ ਆਪਣੇਂ ਹੀ ਦੇਸ਼ ਤੇ ਹੋਇਆ ਹਮਲਾ ਮੰਨੇਂ ਗਾ। ਅਤੇ ਦੋਵੇਂ ਦੇਸ਼ ਮਿਲਕੇ ਯੁੱਧ ਵਿੱਚ ਉਸ ਹਮਲੇ ਦਾ ਮੁਕਾਬਲਾ ਕਰਨਗੇ। ਉਸ ਸਮਝੌਤੇ ਦੀ ਮਿਆਦ ੨੦ ਸਾਲ ਸੀ।

੧੯੭੨ ਦੀ ਭਾਰਤ ਪਾਕ ਜੰਗ (ਬੰਗਲਾ ਦੇਸ਼ ਦੀ ਜੰਗ) ਸਮੇਂ ਪਾਕਿਸਤਾਨ ਦੀ ਸਹਾਇਤਾ ਵਾਸਤੇ, ਅਮਰੀਕਾ ਆਪਣਾਂ ਸਮੂੰਦਰੀ ਪ੍ਰਮਾਣੂੰ ਜੰਗੀ ਬੇੜਾ, ਭਾਰਤੀ ਸਮੁੰਦਰੀ ਖੇਤਰ, ਖਾੜੀ ਬੰਗਾਲ ਦੇ ਵਿੱਚ ਲੈ ਆਇਆ ਸੀ। ਤਾਂ ਅਮਰੀਕੀ ਜੰਗੀ ਬੇੜੇ ਦੇ ਮੁਕਾਬਲੇ ਵਾਸਤੇ ਅਤੇ ਭਾਰਤ ਦੀ ਸਹਾਇਤਾ ਵਾਸਤੇ ਰੂਸ ਵੀ ਆਪਣਾਂ ਸਮੂੰਦਰੀ ਜੰਗੀ ਬੇੜਾ ਲੈਕੇ, ਅਰਬ ਸਾਗਰ ਦੇ ਰਸਤੇ ਭਾਰਤੀ ਸੀਮਾਂ ਵਿੱਚ ਪਹੁੰਚ ਗਿਆ ਸੀ। ਇਥੇ ਮੇਰਾ ਇਹ ਲਿਖਣ ਜਾਂ ਦੱਸਣ ਦਾ ਮਤਲਬ ਇਹ ਹੈ, ਕਿ ਭਾਰਤ ਅਤੇ ਸੋਵੀਆਂ ਰੂਸ ਦਾ ਸਬੰਧ ਮਹਿਜ਼ (ਕੇਵਲ) ਇੱਕ ਫਿਰਕੂ, ਮਹਜ਼ਬੀ ਜਾਂ ਪਾਰਟੀ ਲੈਵਲ ਦਾ ਨਹੀਂ ਸੀ। ਇਹ ਦੋਨਾਂ ਦੇਸ਼ਾਂ ਦੀ ਰੱਖਿਆ ਦਾ ਸਬੰਧ ਸੀ।

੧੯੭੨ ਦੀ ਜੰਗ ਤੋਂ ਸੱਤ ਕੂ ਸਾਲ ਪਹਿਲੇ ਵੀ ੧੯੬੫ ਵਿੱਚ ਵੀ ਭਾਰਤ ਅਤੇ ਪਾਕਿਸਤਾਨ ਵਿੱਚ ਇੱਕ ਯੁੱਧ ਹੋ ਚੁੱਕਾ ਸੀ। ਉਹ ਯੁੱਧ ਵੀ ਪਾਕਿਸਤਾਨ ਨੇਂ ਅਮਰੀਕਾ ਜਾਂ ਅਮਰੀਕੀ ਹਥਿਆਰਾਂ, ਖਾਸ ਕਰ ਅਮਰੀਕੀ ਪੈਟਨ ਟੈਂਕ ਅਤੇ ਸੈਬਰਜੈਟ ਵਰਗੇ ਜੰਗੀ ਜਹਾਜਾਂ ਆਦੀ ਦੀ ਮਦਦ ਨਾਲ ਲੜਿਆ ਸੀ। ਪਰ ਉਦੋਂ ਵੀ ਅਮਰੀਕਾ ਦੇ ਵਿਸ਼ਵ ਵਿਜੇਤਾ ਪੈਟਨ ਟੈਂਕ, ਭਾਰਤੀ ਫੋਜ ਦੀਆਂ ਮਮੂਲੀ ਜਿਹੀਆਂ ਮਹਿੰਦਰਾ ਜੀਪ ਵਾਲੀਆਂ ਤੋਪਾਂ ਦਾ ਵੀ ਮੁਕਾਬਲਾ ਨਹੀਂ ਸਨ ਕਰ ਸਕੇ। ਅਤੇ ਥਾਂ ਥਾਂ ਤੇ ਪੈਟਨ ਟੈਂਕਾਂ ਦੇ ਕਬਰਿਸਤਾਨ ਬਣ ਗਏ ਸਨ। ਜਿਸ ਕਾਰਨ ਅਮਰੀਕਾ ਨੂੰ ਭਾਰੀ ਨਮੋਸ਼ੀ ਦਾ ਸਾਹਮਣਾਂ ਕਰਨਾਂ ਪਿਆ ਸੀ। ਪਾਠਕਾਂ ਦੀ ਜਾਣਕਾਰੀ ਵਾਸਤੇ ਅਗੇ Battle of Asal Uttar ਦਾ ਇੱਕ ਨੈੱਟ ਲਿੰਕ ਦੇ ਰਿਹਾ ਹਾਂ ਜੀ।

https://en.wikipedia.org/wiki/Battle_of_Asal_Uttar

ਸ਼ੁਰੂ ਤੋਂ ਹੀ ਅਮਰੀਕਾ ਦੇ ਭਾਰਤ ਨਾਲ ਰਿਸਤੇ ਦੁਸ਼ਮਣੀਂ ਭਰੇ ਰਹੇ ਸਨ, (ਅੱਜ ਵਰਗੇ ਨਹੀਂ ਸਨ) ਪਾਕਿਸਤਾਨ ਤਾਂ ਭਾਰਤ ਦਾ ਵੈਸੇ ਹੀ ਰਵੈਤੀ ਜਾਂ ਜਨਮ ਸਿੱਧ ਦੁਸ਼ਮਨ ਹੈ। ਬੰਗਲਾ ਦੇਸ਼ ਦੀ ਆਜ਼ਾਦੀ (ਭਾਵ ਭਾਰਤ ਹੱਥੋਂ) ਪਾਕਿਸਤਾਨ ਦੇ ਦੋ ਟੁਕੜੇ ਹੋਣ ਤੋਂ ਬਾਦ ਤਾਂ ਪਾਕਿਸਤਾਨ ਭਾਰਤ ਦਾ ਹੋਰ ਵੀ ਕੱਟੜ ਦੁਸ਼ਮਨ ਬਣ ਚੁੱਕਾ ਹੈ। ਜੋ ਬਦਲੇ ਵਿੱਚ ਭਾਰਤ ਨੂੰ ਨੁਕਸਾਨ ਪਹੁਚਾਉਣ ਜਾਂ ਭਾਰਤ ਦੇ ਟੁਕੜੇ ਕਰਨ ਦਾ ਅੱਜ ਤੱਕ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾਂ ਚਾਹੁੰਦਾ। ਪਾਕਿਸਤਾਨ ਨੇਂ ਦੇਖਿਆ ਕਿ ਉਹ ਸਿੱਧੀ ਜੰਗ ਵਿੱਚ ਭਾਰਤ ਦਾ ਮੁਕਾਬਲਾ ਨਹੀਂ ਕਰ ਸੱਕਦਾ, ਇਸ ਵਾਸਤੇ ਉਸ ਨੇਂ ੧੯੭੨ ਦੀ ਕਰਾਰੀ ਹਾਰ ਤੋਂ ਬਾਦ ਭਾਰਤ ਦੇ ਖਿਲਾਫ ਪਰਾਕਸੀ ਜੰਗ ਸ਼ੁਰੂ ਕਰ ਦਿੱਤੀ ਸੀ ਜੋ ਅੱਜ ਤੱਕ ਜਾਰੀ ਹੈ। ਪਹਿਲੇ ਇਹ ਜੰਗ ਸਿਰਫ ਕਸ਼ਮੀਰ ਤੱਕ ਸੀਮਿਤ ਸੀ। ਪਰ ੧੯੭੮ ਤੋਂ ਬਾਦ ਭਿੰਡਰਾਂ ਵਾਲੇ ਨਾਲ ਮਿਲ ਕੇ ਉਸ ਨੇਂ ਇਹ ਜੰਗ ਪੰਜਾਬ ਵਿੱਚ ਵੀ ਸ਼ੁਰੂ ਕਰ ਦਿੱਤੀ ਸੀ।

ਜਿਸ ਤਰਾਂ ਡਾ: ਸਾਹਿਬ ਜੀ ਨੇਂ ਵੀ ਦੱਸਿਆ ਹੈ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸ੍ਰੀਮਤੀ ਇੰਦਰਾ ਗਾਂਧੀ ਦੇ ਚਹੇਤੇ ਗਿ: ਜੈਲ ਨੇਂ ਹੀ ਉਭਾਰਿਆ ਸੀ ਇਹ ਗੱਲ ਠੀਕ ਹੈ ਜੀ। ਪਰ ਬਾਦ ਵਿੱਚ ੧੯੭੮ ਦੇ ਆਸਪਾਸ ਪਾਕਿਸਤਾਨ ਵੱਲੋਂ ਸਪੋਰਟ ਮਿਲਣ ਤੇ, ਜਰਨੈਲ ਸਿੰਘ ਭਿੰਡਰਾਂ ਵਾਲੇ ਨੇਂ ਆਪਣਾਂ ਰੰਗ ਬਦਲ ਲਿਆ। ਅਤੇ ਕਾਂਗਰਸ ਪਾਰਟੀ ਦੀ ਸਹਾਇਤਾ ਨਾਲ ਛੋਟੇ ਮੋਟੇ ਸਿਆਸੀ ਫਾਇਦੇ ਛੱਡ ਕੇ ਉਹ ਪਾਕਿਸਤਾਨ ਦੀ ਸਹਾਇਤਾ ਨਾਲ ਖਾਲਿਸਤਾਨ ਬਨਾਉਣ ਦੇ ਸੁਪਣੇਂ ਦੇਖਣ ਲੱਗਾ। ਇਸ ਤਰਾਂ ਕਰ ਕੇ ਪਾਕਿਸਤਾਨ ਭਾਰਤ ਤੋਂ ਬੰਗਲਾਦੇਸ਼ ਵਾਲਾ ਬਦਲਾ ਲੈਣ ਵਾਸਤੇ, ਪੰਜਾਬ ਵਿੱਚ ਖਾਲਿਸਤਾਨ ਬਨਾਂ ਕੇ ਕਸ਼ਮੀਰ ਨੂੰ ਭਾਰਤ ਨਾਲੋਂ ਤੋੜਨਾਂ ਚਾਹੁੰਦਾ ਸੀ। ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਆਦਮੀਆਂ ਨੇਂ ਤਾਂ ਭਾਰਤ ਦੇ ਗਣਤੰਤਰਤਾ ਦਿਵਸ ੨੬ ਜਨਵਰੀ ਨੂੰ ਖਾਲਿਸਤਾਨੀ ਝੰਡਾ ਵੀ ਲਹਿਰਾ ਦਿੱਤਾ ਸੀ।

ਪਾਕਿਸਤਾਨ ਅਤੇ ਅਮਰੀਕਾ ਦੋਸਤ ਸਨ, ਇਸ ਵਾਸਤੇ ਅਮਰੀਕਾ ਹਰ ਤਰਾਂ ਨਾਲ ਪਾਕਿਸਤਾਨ ਦੀ ਮਦਦ ਕਰ ਰਿਹਾ ਸੀ। ਅਜੇਹੇ ਵਿੱਚ ਸੋਵੀਅਤ ਰੂਸ ਕਿਵੇਂ ਚੁੱਪ ਬੈਠ ਸੱਕਦਾ ਸੀ, ਜਿਸ ਦੀ ਕਿ ਭਾਰਤ ਨਾਲ ਹਰ ਤਰਾਂ ਦੀ ਰੱਖਿਆ ਸੰਧੀ ਸੀ। ਬਲੂਸਟਾਰ ਉਪਰੇਸ਼ਨ ਦੇ ਵਕਤ ਅਮਰੀਕਾ ਆਪਣੇਂ ਜਸੂਸੀ ਉਪਗ੍ਰਹਿਆਂ ਦੀ ਮਦਦ ਨਾਲ, ਹਰਿਮੰਦਰ ਸਾਹਿਬ ਦੇ ਅੰਦਰਲੀ ਅਤੇ ਬਾਹਰ ਫੋਜ ਦੀ ਹਰ ਕਾਰਵਾਈ ਦੀ ਵੀ ਵੀਡੀਉ ਰਿਕਾਰਡਿੰਗ ਕਰ ਕੇ ਪਾਕਿਸਤਾਨ ਨੂੰ ਪਲ ਪਲ ਦੀ ਖੁਫੀਆ ਜਾਣਕਾਰੀ ਮੁਹਈਆ ਕਰਵਾ ਰਿਹਾ ਸੀ। (ਅਮਰੀਕਾ ਅਤੇ ਪਾਕਿਸਤਾਨ ਮਿਲ ਕੇ ਇੱਕ ਤਰਾਂ ਨਾਲ ਭਿੰਡਰਾਂਵਾਲੇ ਦੀ ਇਸ ਮੂਵਮੈਂਟ ਦੀ ਪੂਰੀ ਮੋਨੀਟਰਿੰਗ ਕਰ ਰਹੇ ਸਨ) ਅਤੇ ਪਾਕਿਸਤਾਨ ਉਸ ਨੂੰ ਆਪਣੇਂ ਟੈਲੀਵੀਯਨ ਤੇ ਵੀ ਲਾਈਵ ਦਿਖਾਈ ਜਾ ਰਿਹਾ ਸੀ। ਜਦ ਰੂਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇਂ ਅਮਰੀਕਾ ਦੀਆਂ ਸਾਰੀਆਂ ਫ੍ਰੀਕੁਐਸੀਆਂ ਜਾਮ ਕਰ ਦਿੱਤੀਆਂ ਸਨ। ਅਤੇ ਪਾਕ ਟੀ. ਵੀ. ਤੋਂ ਇਹ ਪ੍ਰਸਾਰਣ ਰੁੱਕ ਗਿਆ ਸੀ।

ਅਮਰੀਕਾ ਅਤੇ ਪਾਕਿਸਤਾਨ ਦੀ, ਭਾਰਤ ਨੂੰ ਤੋੜਨ ਦੀ ਸਾਰੀ ਪਲਾਨਿੰਗ ਦੀ ਜਾਣਕਾਰੀ ਰੂਸ ਨੂੰ ਜਸੂਸੀ ਉਪਗ੍ਰਹਾਂ ਜਾਂ ਹੋਰ ਵਸੀਲਿਆਂ ਦਵਾਰਾ ਪਹਿਲੇ ਹੀ ਮਿਲ ਚੁੱਕੀ ਸੀ। ਜਦੋਂ ਇਸ ਗੱਲ ਦੀ ਸਾਰੀ ਜਾਣਕਾਰੀ ਰੂਸ ਨੇਂ ਸ੍ਰੀਮਤੀ ਇੰਦਰਾ ਗਾਂਧੀ ਨੂੰ ਦਿੱਤੀ ਅਤੇ ਨਾਲ ਹੀ ਉਸ ਨੇਂ ਸ੍ਰੀਮਤੀ ਇੰਦਰਾ ਗਾਂਧੀ ਨੂੰ ਇਹ ਚਿਤਾਵਨੀ ਵੀ ਦਿੱਤੀ ਕੇ ਤੇਰੇ ਪਾਸ ਹੁਣ ਸਿਰਫ ਇੱਕ ਹੀ ਵਿਕਲਪ ਬਚਿਆ ਹੈ, ਅਤੇ ਉਹ ਹੈ ਦਰਬਾਰ ਸਾਹਿਬ ਤੇ ਫੋਜੀ ਕਾਰਵਾਈ। ਅਤੇ ਜਾਂ ਫਿਰ ਪੰਜਾਬ ਅਤੇ ਕਸ਼ਮੀਰ ਦੋਵੇਂ ਸੂਬੇ ਹੀ ਭਾਰਤ ਨਾਲੋਂ ਟੁੱਟ ਜਾਣਗੇ।

ਕਿਉਂ ਕੇ ਜਰਨੈਲ ਸਿੰਘ ਭਿੰਡਰਾਂ ਵਾਲਾ ਇਤਨਾਂ ਤਾਕਤਵਰ ਹੋ ਚੁੱਕਾ ਸੀ ਕਿ ਨੀਮ ਫੋਜੀ ਦਸਤੇ ਜਰਨੈਲ ਸਿੰਘ ਭਿੰਡਰਾਂ ਵਾਲਾ ਨੂੰ ਰੋਕਣ ਵਿੱਚ ਅਸਮਰੱਥ ਹੋ ਚੁਕੇ ਸਨ। ਅਜੇਹੀ ਸਥਿੱਤੀ ਵਿੱਚ ਇੰਦਰਾ ਗਾਂਧੀ ਦਾ ਅਤਿਅੰਤ ਘਬਰਾਹਟ ਦੀ ਸਥਿੱਤੀ ਵਿੱਚ ਜਾਣਾਂ, ਅਤੇ ਦੁਖੀ ਹੋਣਾਂ ਕੋਈ ਅਚਰਜ ਗੱਲ ਨਹੀਂ ਸੀ। ਇੰਦਰਾ ਗਾਂਧੀ ਦੇ ਸਾਹਮਣੇਂ ਇੱਕ ਪਾਸੇ ਦੇਸ਼ ਸੀ (ਭਾਵ ਪੰਜਾਬ ਅਤੇ ਕਸ਼ਮੀਰ ਹੱਥੋਂ ਜਾਂਦਾ ਸੀ) ਦੂਜੇ ਪਾਸੇ ਸਿੱਖ ਕੌਮ ਸੀ ਜਾਂ ਸਿੱਖਾਂ ਦੀ ਸੱਭ ਤੋਂ ਵੱਡੀ ਆਸਥਾ ਦੇ ਕੇਂਦਰ ਤੇ ਹਮਲਾ ਕਰਨਾਂ ਸੀ। ਇੰਦਰਾ ਗਾਂਧੀ ਦੀ ਅਸਲ ਘਬਰਾਹਟ ਦਾ ਕਾਰਨ ਇਹ ਸੀ, ਨਾਂ ਕਿ ਰੂਸ ਦਾ ਕੋਈ ਮਹਜਬੀ ਜਾਂ ਫਿਰਕੂ ਦਬਾਵ। ਪਾਠਕ ਬੜੀ ਆਸਾਨੀ ਨਾਲ ਇਹ ਅੰਦਾਜਾ ਲਗਾ ਸੱਕਦੇ ਹਨ, ਕਿ ਉਸ ਸਮੇਂ ਸ੍ਰੀਮਤੀ ਇੰਦਰਾ ਗਾਂਧੀ ਦੇ ਸਾਹਮਣੇਂ ਇਹ ਇੱਕ ਕਿਤਨੀ ਕਠਿਨ ਪ੍ਰਸਥਿਤੀ ਰਹੀ ਹੋਵੇ ਗੀ, ਇਹ ਫੈਸਲਾ ਕਰਨ ਦੀ, ਕੇ ਦੋਹਾਂ ਵਿਚੋਂ ਕਿਸ ਨੂੰ ਗਵਾਵੇ ਅਤੇ ਕਿਸ ਨੂੰ ਰੱਖੇ।

ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਸ੍ਰੀਮਤੀ ਇੰਦਰਾ ਗਾਂਧੀ ਵਾਸਤੇ ਦਰਬਾਰ ਸਾਹਿਬ ਕੰਪਲੈਕਸ ਅਮ੍ਰਿਤਸਰ ਤੇ ਫੋਜੀ ਕਾਰਵਾਈ ਕਰਨ ਦਾ ਫੈਸਲਾ ਲੈਣਾਂ ਕੋਈ ਆਸਾਨ ਕੰਮ ਨਹੀਂ ਸੀ। ਅਤੇ ਉਹ ਦਰਬਾਰ ਸਾਹਿਬ ਕੰਪਲੈਕਸ ਤੇ ਇਹ ਫੋਜੀ ਕਾਰਵਾਈ ਕਰਨੀਂ ਵੀ ਨਹੀਂ ਚਾਹੁੰਦੀ ਸੀ। (ਹਰਿਮੰਦਰ ਸਾਹਿਬ ਨਾਲ ਉਸ ਦਾ ਕੀ ਵੈਰ ਹੋ ਸੱਕਦਾ ਸੀ) ਇਸ ਦਾ ਪ੍ਰਮਾਣ ਇਹ ਵੀ ਹੈ। ਕਿ ਬੀ. ਜੇ. ਪੀ. ਦੇ ਇੱਕ ਬਹੁਤ ਸੀਨੀਅਰ ਆਗੂ ਲਾਲ ਕਿਸ਼ਨ ਅਡਵਾਨੀਂ ਨੇਂ ਉਸ ਵੇਲੇ ਬਿਆਨ ਦਿੱਤਾ ਸੀ ਕਿ, "ਇੰਦਰਾ ਗਾਂਧੀ ਤਾਂ ਇਹ ਕਾਰਵਾਈ ਕਰਦੀ ਹੀ ਨਹੀਂ ਸੀ, ਇਹ ਉਪਰੇਸ਼ਨ ਤਾਂ ਅਸੀਂ ਜੋਰ ਦੇ ਕੇ, ਕਰਵਾਇਆ ਹੈ। ਅਤੇ ਅਟੱਲ ਬਿਹਾਰੀ ਵਾਜਪਾਈ ਜੀ ਨੇਂ ਸੰਸਦ ਵਿੱਚ ਖੜ੍ਹੇ ਹੋ ਕੇ ਇਹ ਬਿਆਨ ਦਿੱਤਾ ਸੀ, "ਇਹ ਜੋ ਉਪਰੇਸ਼ਨ ਹੋਇਆ ਹੈ, ਇਹ ਬਿਲਕੁਲ ਠੀਕ ਕੀਤਾ ਗਿਆ ਹੈ, ਬਲਿਕੇ ਸੱਚ ਤਾਂ ਇਹ ਹੈ ਕਿ ਇਹ ਬਹੁਤ ਦੇਰ ਨਾਲ ਕੀਤਾ ਗਿਆ ਹੈ, ਇਹ ਬਹੁਤ ਪਹਿਲੇ ਹੋਣਾਂ ਚਾਹੀਦਾ ਸੀ"

੧੯੭੮ ਤੋਂ ਪਹਿਲਾਂ ਸਿੱਖ ਕੌਮ ਵੱਲੋਂ ਰੋਸ ਜਾਂ ਵਿਦਰੋਹ ਜਾਹਰ ਕਰਨ ਦਾ ਤਰੀਕਾ ਸਿਰਫ ਮਰਨ ਵਰਤ ਆਦਿ ਸੀ, ਗੋਲੀ ਦਾ ਦੌਰ ਤਾਂ ੧੯੭੮ ਤੋਂ ਬਾਦ ਜਰਨੈਲ ਸਿੰਘ ਸਿੰਘ ਭਿੰਡਰਾਂਵਾਲੇ ਵੱਲੋਂ ਸ਼ੁਰੂ ਕੀਤਾ ਗਿਆਂ ਸੀ।

ਡਾ: ਇਕਬਾਲ ਸਿੰਘ ਜੀ ਢਿੱਲੋਂ ਜੀ ਨੇ ਠੀਕ ਲਿਖਿਆ ਹੈ ਕੇ। ਜਰਨੈਲ ਸਿੰਘ ਭਿੰਡਰਾਂਵਾਲਾ ਆਪ ਵੀ ਡੁੱਬਿਆ ਅਤੇ ਉਸ ਨੇਂ ਸਮੁਚੇ ਸਿੱਖ ਭਾਈਚਾਰੇ ਨੂੰ ਵੀ ਡੋਬ ਕੇ ਰੱਖ ਦਿੱਤਾ ਸੀ।

੧੯੭੭ ਦੀ ਗੱਲ ਹੈ, ਮੈਂ ਆਪਣੇਂ ਕੁੱਝ ਰਿਸਤੇਦਾਰਾਂ ਨਾਲ ਮਿਲ ਕੇ ਯੂ. ਪੀ. ਵਿੱਚ ਜਮੀਨ ਖਰੀਦਣ ਵਾਸਤੇ ਗਿਆ ਸੀ। ਅਸੀਂ ਯੂ. ਪੀ. ਦੇ ਸ਼ਹਿਰਾਂ ਤੋਂ ਬਹੁਤ ਦੂਰ ਦੁਰਾਡੇ ਜਗਲਾਂ ਵਰਗੇ ਦਿਹਾਤੀ ਇਲਾਕਿਆਂ ਵਿੱਚ ਵੀ ਬਹੁਤ ਘੁੰਮੇਂ ਸਾਂ। ਪਰ ਮੈਨੂੰ ਲੱਗਦਾ ਹੀ ਨਹੀ ਸੀ ਕਿ ਮੈਂ ਯੂ. ਪੀ. ਦੇ ਕਿਸੇ ਬੀਆਬਾਨ ਇਲਕੇ ਵਿੱਚ ਹਾਂ, ਜਾਂ ਆਪਣੇਂ ਘਰ (ਜਾਂ ਪੰਜਾਬ) ਤੋਂ ਕਿਤੇ ਬਾਹਰ ਹਾਂ। ਅਸੀਂ ਸੀਤਾਪੁਰ ਦੇ ਨੇੜੇ ਇੱਕ ਪਿੰਡ ਵਿੱਚ ਅਪਣੇਂ ਕਿਸੇ ਜਾਣਕਾਰ ਪੰਜਾਬੀ ਦੇ ਘਰ ਠਹਿਰੇ ਸਾਂ। ਪਿੰਡ ਵਿਚੋਂ ਅਸਾਂ ਨੇਂ ਜਮੀਨਾਂ ਦੇ ਇੱਕ ਦਲਾਲ ਨਾਲ ਲਿਆ। ਜਮੀਨ ਭਾਲਦੇ ਭਾਲਦੇ ਅਸੀਂ ਕਈ ਵਾਰ ਆਪਣੇਂ ਟਿਕਾਣੇਂ ਤੋਂ ਬਹੁਤ ਦੂਰ ਨਿਕਲ ਜਾਂਦੇ ਸਾਂ। ਜਿਸ ਕਾਰਨ ਸਾਨੂੰ ਕਈ ਵਾਰ ਅਨਜਾਨ ਇਲਾਕੇ ਵਿੱਚ ਹੀ ਰਾਤ ਪੈ ਜਾਂਦੀ ਸੀ, ਵਾਪਸ ਮੁੜਨ ਦਾ ਸਾਡੇ ਪਾਸ ਆਪਣਾਂ ਕੋਈ ਸਾਧਨ ਨਹੀਂ ਸੀ ਹੁੰਦਾ। ਅਤੇ ਅਸੀਂ ਰਾਤ ਗੁਜਾਰਨ ਵਾਸਤੇ ਯੁ. ਪੀ. ਦੇ ਕਿਸੇ ਪਿੰਡ ਵਿਚ, ਅਨਜਾਣ ਹੀ ਲੋਕਾਂ ਦੇ ਘਰ ਵਿੱਚ ਠਹਿਰ ਜਾਂਦੇ ਹੁੰਦੇ ਸਾਂ। ਫਿਰ ਵੀ ਸਾਨੂੰ ਕੁੱਝ ਵੀ ਉਪਰਾ ਨਹੀਂ ਸੀ ਲੱਗਦਾ, ਸਾਡੇ ਸਿੱਖ ਹੋਣ ਕਾਰਨ ਉਹ ਸਥਾਨਕ ਦਿਹਾਤੀ ਲੋਕ ਬਹੁਤ ਚਾਉ ਨਾਲ ਅਤੇ ਯਥਾਸ਼ਕਤ ਸਾਡੀ ਆਉਭਗਤ ਜਾਂ ਮਹਿਮਾਨ ਨਿਵਾਜੀ ਕਰਦੇ ਸਨ। ਅਸੀਂ ਵੀ ਸਿੱਖ ਹੋਣ ਵਿੱਚ ਮਾਣ ਮਹਿਸੂਸ ਕਰਦੇ ਸਾਂ। ਯੂ. ਪੀ ਵਿੱਚ ਅਸੀਂ ਜਿੱਸ ਵੀ ਬੱਸ ਆਦੀ ਵਿੱਚ ਚੱੜ੍ਹ ਜਾਂਦੇ ਸਾਂ, ਲੋਕ ਸਾਨੂੰ ਸਿੱਖਾਂ ਨੂੰ ਵੇਖ ਕੇ, ਸਾਡੇ ਵਾਸਤੇ ਸੀਟਾਂ ਖਾਲੀ ਕਰ ਕੇ, ਸਾਨੁੰ ਬਿਠਾਉਣ ਵਿੱਚ ਵੀ ਆਪਣਾਂ ਮਾਣ ਮਹਿਸੂਸ ਕਰਦੇ ਸਨ। ਸਾਡੇ ਬੈਠਿਆਂ ਬੱਸ ਵਿੱਚ ਕੋਈ ਵੀ ਸਿਗਰਟ ਜਾਂ ਬੀੜੀ ਨਹੀਂ ਸੀ ਪੀਂਦਾ, ਸਾਡੇ ਬੱਸ ਵਿੱਚ ਚੜ੍ਹਨ ਤੋਂ ਪਹਿਲੇ ਜੇ ਕੋਈ ਪੀ ਵੀ ਰਿਹਾ ਹੁੰਦਾ ਸੀ, ਤਾਂ ਸਾਨੂੰ ਦੇਖਦਿਆਂ ਹੀ ਬਿਨਾਂ ਕਹੇ ਹੀ ਉਹ ਆਪਣੀਂ ਬੀੜੀ ਜਾਂ ਤਾਂ ਬੱਸ ਵਿਚੋਂ ਬਾਹਰ ਸੁੱਟ ਦੇਂਦਾ ਸੀ, ਜਾਂ ਲਕੋ ਲੈਂਦਾ ਸੀ। ਸਿੱਖਾਂ ਦੀ ਸਾਰੇ ਹੀ ਭਾਰਤ ਵਿੱਚ ਬਹੁਤ ਇੱਜ਼ਤ ਅਤੇ ਸ਼ਾਨ ਸੀ। ਜੋ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕਾਰਨ ਸੱਭ ਮਿੱਟੀ ਵਿੱਚ ਮਿਲ ਗਈ।

੧੯੮੪ ਤੋਂ ਬਾਦ ੧੯੮੫ ਵਿੱਚ ਮੈਂ ਲੁਧਿਆਣੇਂ ਚਲਾ ਗਿਆ ਸੀ। ਉਥੋਂ ਮੈਂ ਫੈਕਟਰੀ ਦੇ ਕਿਸੇ ਕੰਮ ਵਾਸਤੇ ਕਲਕੱਤੇ ਗਿਆ ਤਾਂ ਰੇਲ ਗੱਡੀ ਦੇ ਡੱਬੇ ਵਿੱਚ ਮੈਂ ਇਕੱਲਾ ਹੀ ਸਿੱਖ ਸੀ। ਸਾਰੇ ਮੁਸਾਫਿਰ ਮੈਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਘੂਰ ਰਹੇ ਜਾਪਦੇ ਸਨ। ਅਤੇ ਮੈਂ ਵੀ ਆਪਣੇਂ ਆਪ ਨੂੰ ਉਹਨਾਂ ਵਿੱਚ ਇੱਕ ਅਪਰਾਧੀ ਜਾਂ ਚੋਰ ਦੀ ਤਰਾਂ ਮਹਿਸੂਸ ਕਰ ਰਿਹਾ ਸੀ। ਜਦਿ ਕੇ ੧੯੮੪ ਤੋਂ ਪਹਿਲੇ ਰੇਲ ਗੱਡੀ ਦੇ ਜਿੱਸ ਵੀ ਡੱਬੇ ਵਿਚ, ਜੇ ਇੱਕ ਵੀ ਸਿੱਖ ਬੈਠਾ ਹੁੰਦਾ ਸੀ, ਤਾਂ ਉਸ ਡੱਬੇ ਦੇ ਸਾਰੇ ਮੁਸਾਫਿਰ ਆਪਣੇਂ ਆਪ ਨੂੰ (ਉਸ ਸਿੱਖ ਦੇ ਹੁੰਦਿਆਂ) ਸੁਰੱਖਿਅਤ ਮਹਿਸੂਸ ਕਰਦੇ ਸਨ। ਕਿਉਂ ਕੇ ਉਦੋਂ ਸਿੱਖਾਂ ਨੂੰ ਇੱਕ ਬਹਾਦਰ ਅਤੇ ਆਪਣੀਂ ਜਾਨ ਤੇ ਖੇਲ ਕੇ ਵੀ ਦੂਸਰਿਆਂ ਦੀ ਚੋਰਾਂ ਡਾਕੂਆਂ ਤੋਂ ਰਖਿਆ ਕਰਨ ਵਾਲੀ ਕੌਮ ਸਮਝਿਆ ਜਾਂਦਾ ਸੀ। ਮੁਸਾਫਰਾਂ ਨੂੰ ਵਿਸ਼ਵਾਸ ਹੁੰਦਾ ਸੀ ਕੇ ਸਰਦਾਰ ਦੇ ਹੁੰਦਿਆਂ ਕੋਈ ਚੋਰ ਲੁਟੇਰਾ ਗੱਡੀ ਵਿੱਚ ਚੜ੍ਹਨ ਦੀ ਹਿੰਮਤ ਹੀ ਨਹੀਂ ਕਰੇ ਗਾ। ਪਰ ਉਪਰੇਸ਼ਨ ਬਲੂਸਟਾਰ ਤੋਂ ਬਾਦ ਸੱਭ ਕੁੱਝ ਬਦਲ ਗਿਆ ਹੈ।

੧੯੮੦ ਦੇ ਆਸ-ਪਾਸ ਪੰਜਾਬ ਵਿੱਚ ਹਿੰਦੂ ਲੋਕਾਂ ਨੂੰ ਬੱਸਾਂ ਵਿਚੋ ਉਤਾਰ ਉਤਾਰ ਕੇ ਅਤੇ ਇੱਕ ਲਾਈਨ ਵਿੱਚ ਖੜ੍ਹੇ ਕਰਕੇ ਜਦ ਗੋਲੀਆਂ ਮਾਰ ਦਿੱਤੀਆਂ ਜਾਦੀਆਂ ਸਨ, ਤਾਂ ਇਹ ਗੱਲ ਸਾਡੇ ਮੰਨਣ ਵਿੱਚ ਹੀ ਨਹੀਂ ਸੀ ਆਉਂਦੀ, ਕਿ ਇਹ ਕਾਰਾ ਸਿੱਖਾਂ ਦਾ ਹੈ। ਮੈਂ ਵੀ ਤੇ ਹੋਰ ਵੀ ਬਹੁਤ ਸਾਰੇ ਆਂਢੀ ਗਵਾਂਢੀ ਸਿੱਖਾਂ ਦਾ ਇਹੋ ਹੀ ਮਨਣਾਂ ਸੀ, ਕਿ ਸਿੱਖ ਐਸਾ ਕੰਮ ਕਰ ਹੀ ਨਹੀਂ ਸੱਕਦੇ। ਅਸੀਂ ਸਮਝਦੇ ਸਾਂ ਕਿ ਅਜੇਹੇ ਕਾਰੇ ਕਰਨ ਵਾਲੇ ਪਾਕਿਸਤਾਨੀਂ ਮੁਸਲਮਾਨ ਹਨ, ਜੋ ਸਿੱਖਾਂ ਦੇ ਦੇ ਭੇਸ ਵਿੱਚ ਅਜੇਹੇ ਕੰਮ ਕਰਦੇ ਹਨ। ਅਤੇ ਸਿੱਖਾਂ ਅਤੇ ਹਿੰਦੂਆਂ ਵਿੱਚ ਫਸਾਦ ਜਾਂ ਝਗੜਾ ਕਰਵਾਉਣਾਂ ਚਾਹੁੰਦੇ ਹਨ। ਅਸੀਂ ਇਸ ਨੂੰ ਸਿੱਖਾਂ ਨੂੰ ਬਦਨਾਮ ਕਰਨ ਦੀ ਪਾਕਿਸਤਾਨ ਦੀ ਕੋਈ ਚਾਲ ਸਮਝਦੇ ਸਾਂ।

ਸਤਿਕਾਰ ਯੋਗ ਸੰਪਾਦਕ ਸਰਦਾਰ ਮੱਖਣ ਸਿੰਘ ਜੀ ਪੁਰੇਵਾਲ ਜੀ, ਮੇਰੀ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੀ, ਕਿ ਜੋ ਬੀਤ ਗਿਆ ਜਾਂ ਵਾਪਰ ਗਿਆ ਉਸ ਨੂੰ ਮੋੜਿਆ ਨਹੀਂ ਜਾ ਸੱਕਦਾ। ਇਹ ਦੁੱਖਾਂ ਦੇ ਕੂੜੇ ਦਾ ਢੇਰ ਹੈ ਜੀ, ਇਸ ਨੂੰ ਫਰੋਲਣ ਦਾ ਕੋਈ ਫਾਇਦਾ ਨਹੀਂ ਹੈ। ਮੈਂ ਹੋਰ ਫਰੋਲਣਾਂ ਨਹੀਂ ਚਾਹੁੰਦਾ ਜੀ। ਕਿਉਂ ਕੇ ਮੈਂ ਇਸ ਨੂੰ ਕੁਦਰਤ ਦੀ ਨਿਗਾਹ ਨਾਲ ਦੇਖਦਾ ਹਾਂ ਜੀ। ਇਸ ਨੂੰ ਕੁਦਰਤ ਦੀ ਨਿਗਾਹ ਨਾਲ ਦੇਖਣ ਨਾਲ ਅਸੀਂ ਬਹੁਤ ਵੱਡਾ ਸਬਕ ਸਿੱਖ ਸੱਕਦੇ ਹਾਂ ਜੀ।

ਕੁਦਰਤ ਦੀ ਨਿਗਾਹ ਨਾਲ ਕਿਵੇਂ ਦੇਖਣਾਂ ਹੈ, ਇਸ ਦਾ ਥੋੜਾ ਜਿਹਾ ਨਮੂਨਾਂ ਮੈਂ ਅਗੇ ਲਿਖਣਾਂ ਚਾਹੁੰਦਾ ਹਾਂ ਜੀ।

ਦਾਸ ਇਸ ਨੂੰ ਰੱਬੀ ਹੁਕਮ ਸਮਝਦਾ ਹੈ ਜੀ। ਸਾਨੂੰ ਸੱਭ ਨੂੰ ਹੀ ਪਲ-ਪਲ ਰੱਬੀ ਹੁਕਮ ਦਾ (ਸੰਕੇਤ) ਮਿਲ ਰਿਹਾ ਹੈ ਜੀ। ਆਪਾਂ ਸੱਭ ਰੱਬੀ ਹੁਕਮ ਅਨੂਸਾਰ ਵੱਖ-ਵੱਖ ਕੰਮ ਕਰ ਰਹੇ ਹਾਂ ਜੀ। ਆਪਣੇਂ ਵਿਚੋਂ ਕੋਈ ਵੀ ਰੱਬੀ ਹੁਕਮ ਤੋਂ ਬਾਹਰ ਨਹੀ ਹੈ ਜੀ। ਜਦ ਅਸੀਂ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਇਹ ਮਹਿਸੂਸ ਕਰਾਂ ਗੇ, ਕੇ ਸਾਡੇ ਸੱਭ ਦੇ ਦਿਮਾਗ ਨੂੰ ਹਰ ਸਮੇਂ ਕੁੱਝ ਕਰਨ ਦੇ ਸੂਖਸ਼ਮ ਸੰਕੇਤ ਮਿਲਦੇ ਰਹਿੰਦੇ ਹਨ। ਜਿਸ ਨੂੰ ਅਸੀਂ ਮਨ ਦੀ ਕਲਪਣਾਂ, ਵਿਚਾਰ, ਜਾਂ ਖਿਆਲ ਜਾਂ ਫੁਰਨੇਂ ਆਦੀ ਵੀ ਕਹਿੰਦੇ ਹਾਂ। ਬੱਸ ਇਹੀ ਰੱਬ ਵਲੋਂ ਅਇਆ ਹੁਕਮ ਹੈ। ਕਿਸੇ ਨੂੰ ਨਹੀਂ ਪਤਾ ਕਿ ਦਿਮਾਗ ਵਿੱਚ ਇਹ ਸੰਕੇਤ ਕਿੱਥੋਂ ਆਉਂਦੇ ਹਨ, ਜਿੰਨ੍ਹਾਂ ਸੰਕੇਤਾਂ ਦੇ ਆਧਾਰ ਤੇ ਕਿ ਦਿਮਾਗ ਅੱਗੇ ਇੰਦਰੀਆਂ ਪਾਸੋਂ ਕਰਮ ਕਰਵਾਉਂਦਾ ਹੈ। ਇਹਨਾਂ ਸੰਕੇਤਾਂ ਦੇ ਆਉਣ ਤੋਂ ਬਾਦ ਚਿੱਤ ਅਤੇ ਬੁੱਧੀ ਫੈਸਲੇ ਲੈਂਦੇ ਹਨ। ਫਿਰ ਉਸ ਫੈਸਲੇ ਦੇ ਆਧਾਰ ਤੇ ਦਿਮਾਗ ਅੱਗੋਂ ਇੰਦਰੀਆਂ ਨੂੰ ਕਰਮ (ਕਾਰਵਾਈ) ਕਰਨ ਵਾਸਤੇ ਆਦੇਸ਼ ਦੇਂਦਾ ਹੈ। ਇਹ ਸੱਭ ਕੁੱਝ ਰੱਬ ਦੇ ਹੁਕਮ (ਸੰਕੇਤਿਕ ਹੁਕਮ) ਵਿੱਚ ਹੋ ਰਿਹਾ ਹੈ। ਸਾਰੇ ਹੀ ਕਹਿੰਦੇ ਜਾਂ ਸਮਝਦੇ ਹਨ, ਕਿ ਇਹ ਸਾਡੀ ਆਪਣੀਂ ਜਾਂ ਮਨ ਦੀ ਸੋਚ ਹੈ। ਪਰ ਕਿਸੇ ਨੂੰ ਨਹੀਂ ਪਤਾ ਕੇ ਮਨ ਕੀ ਹੈ ਅਤੇ ਮਨ ਕਿੱਥੇ ਰਹਿੰਦਾ ਹੈ।

ਜੇ ਅਸੀਂ ਕਿਸੇ ਨੂੰ ਕਹੀਏ ਕੇ ਭਾਈ ਤੂੰ ਤਾਂ ਰੱਬ ਦੇ ਹੁਕਮ ਵਿੱਚ ਹੀ ਨਹੀਂ ਹੈ, ਤਾਂ ਇਹ ਸੁਭਾਵਿਕ ਗੱਲ ਹੀ ਹੈ ਕੇ ਉਹ ਗੁੱਸਾ ਕਰੇ ਗਾ। ਪਰ ਜੇ ਅਸੀਂ ਉਸ ਨੂੰ ਇਹ ਕਹੀਏ ਕੇ ਤੂੰ ਉਹ ਕਰ ਰਿਹਾ ਹੈ ਜੋ ਤੈਥੋਂ ਰੱਬ ਕਰਵਾ ਰਿਹਾ ਹੈ, ਤਾਂ ਉਹ ਇਸ ਗੱਲ ਨਾਲ ਵੀ ਸਹਿਮਤ ਨਹੀਂ ਹੋਵੇ ਗਾ ਤੇ ਗੁੱਸਾ ਕਰੇ ਗਾ, ਉਦੋਂ ਉਹ ਕਹੇ ਗਾ, ਕਿ ਨਹੀਂ ਇਹ ਮੈਂ ਕਰ ਰਿਹਾ ਹਾਂ (ਜਾਂ ਇਹ ਤੂੰ ਕਰ ਰਿਹਾ ਹੈ)। ਬਸ ਏਹੀ ਮੈਂ ਤੂੰ ਦਾ ਝਗੜਾ ਹੈ, ਇਹੀ ਰੱਬ ਦਾ ਹੁਕਮ ਹੈ ਕੋਈ ਵੀ ਰੱਬ ਦੇ ਹੁਕਮ ਤੋਂ ਬਾਹਰ ਨਹੀਂ ਹੈ।

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ।। ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ।। ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ।। ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ।। ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।। ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ।। ੨।।

ਅੱਜ ਤੋਂ ਤਕਰੀਬਨ ਪੰਜ ਸੌ ਸਾਲ ਪਹਿਲੇ, ਬਾਬਰ ਦੇ ਮਨ ਵਿੱਚ ਇੱਕ ਸੂਖਸ਼ਮ ਸੰਕੇਤ (ਫੁਰਨਾਂ, ਵਿਚਾਰ) ਆਇਆ ਕੇ ਹਿੰਦੁਸਤਾਨ ਤੇ ਹਮਲਾ ਕਰਨਾਂ ਹੈ (ਜਾਂ ਕਰੋ)। ਫਿਰ ੳਸ ਦੇ ਚਿੱਤ ਨੇਂ ਹੱਮਲੇ ਦਾ ਸਾਰਾ ਖਾਕਾ ਤਿਆਰ ਕੀਤਾ, ਇਹ ਸਾਰੀ ਪਲਾਨਿੰਗ ਉਸ ਦੇ ਚਿੱਤ ਵਿੱਚ ਸਟੋਰ ਹੋ ਗਈ। (ਜਿਵੇਂ ਅਸੀਂ ਕਹਿੰਦੇ ਹਾਂ ਕਿ ਮੇਰੇ ਚਿੱਤ ਆਇਆ ਕਿ ਐਹ ਕੰਮ ਜਰੂਰ ਕਰਨਾਂ ਹੈ) ਫਿਰ ਉਸ ਦੀ ਬੁੱਧੀ ਨੇਂ ਫੈਸਲਾ ਕੀਤਾ ਕੇ ਠੀਕ ਹੈ, ਅਤੇ ਬੁੱਧੀ ਨੇਂ ਫਿਰ ਹਮਲੇ ਜਾਂ ਜੰਗ ਬਾਰੇ ਸਾਰੇ ਜਰੂਰੀ ਇੰਤਜ਼ਾਮਾਂ ਅਤੇ ਸਾਜੋ-ਸਮਾਨ ਆਦੀ ਦੇ ਂਿੲੰਤਜਾਮ ਵਾਸਤੇ ਦਿਮਾਗ ਨੂੰ ਹੁਕਮ ਦਿੱਤਾ। ਫਿਰ ਦਿਮਾਗ ਨੇਂ ਅੱਗਲੀ ਕਾਰਵਾਈ ਵਾਸਤੇ ਇੰਦਰੀਆਂ ਨੂੰ ਸੰਕੇਤ ਜਾਂ ਹੁਕਮ ਦਿੱਤਾ। ਜੀਭਾ ਦੀ ਇੰਦਰੀ ਦਿਮਾਗ ਦੀ ਆਗਿਆ ਨਾਲ ਜਿਵੇਂ ਜਿਵੇਂ ਬੋਲਦੀ ਗਈ, ਤਿਵੇਂ ਤਿਵੇਂ ਬਾਬਰ ਦੇ ਮੁੱਖ ਚੋਂ ਨਿਕਲੇ ਹੁਕਮ ਤੇ ਤਾਮੀਲ ਹੁੰਦੀ ਗਈ, ਅਤੇ ਹਮਲੇ ਦੀ ਸਾਰੀ ਤਿਆਰੀ ਹੋ ਗਈ। ਦਿਮਾਗ ਵਿੱਚ ਬੋਲਣ ਦੀ ਤਾਕਤ ਨਹੀਂ ਹੈ, ਅਤੇ ਜੀਭ ਵਿੱਚ ਸੋਚਣ ਜਾਂ ਫੈਸਲਾ ਲੈਣ ਤਾਕਤ ਨਹੀਂ ਹੈ। ਮਨ ਚਿੱਤ ਅਤੇ ਬੁੱਧੀ ਦੀ ਤਿੱਕੜੀ ਨੂੰ ਅੱਜ ਤੱਕ ਕਿਸੇ ਨੇਂ ਵੀ ਵੇਖਿਆ ਨਹੀਂ ਹੈ। (ਇਹ ਸੱਭ ਚੀਜਾਂ ਦੇਖੀਆਂ ਜਾ ਸੱਕਦੀਆਂ ਹਨ। ਪਰ ਕਿਸੇ ਨੂੰ ਇਹ ਦੇਖਣ ਦਾ ਸ਼ੌਕ ਹੀ ਨਹੀਂ ਹੈ, ਹੋਰ ਹੋਰ ਸਾਰੇ ਹੀ ਸ਼ੌਕ ਹਨ) (ਸਾਡੀ ਜੁਬਾਨ ਦੇ ਬੋਲਣ ਤੋਂ ਪਹਿਲੇ ਵੀ ਕੋਈ ਬੋਲਦਾ ਹੈ, ਉਸ ਨੂੰ ਬੁੱਝਣਾਂ ਹੈ, ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ।। ੨।।)

ਜੇ ਫਿਰ ਵੀ ਮੇਰੀ ਗੱਲ ਸਮਝ ਵਿੱਚ ਜਾਂ ਮੰਨਣ ਵਿੱਚ ਨਹੀਂ ਆਈ, ਤਾਂ ਇਸ ਤੋਂ ਅੱਗੇ, ਬਾਬਰ ਨੇਂ ਜਦ ਹਿੰਦੋਸਤਾਨ ਤੇ ਹਮਲਾ ਕੀਤਾ ਸੀ ਤਾਂ ਉਸ ਵਕਤ ਗੁਰੂ ਨਾਨਕ ਜੀ ਇੱਕ ਚਸ਼ਮਦੀਦ ਗਵਾਹ ਦੇ ਰੂਪ ਵਿੱਚ ਇਸ ਸੰਸਾਰ ਵਿੱਚ ਮੌਜ਼ੂਦ ਸਨ। ਸਿਆਲ ਕੋਟ ਨੂੰ ਮਾਰਨ ਜਾਂ ਲੁੱਟਣ ਤੋਂ ਬਾਦ ਬਾਬਰ ਨੇਂ ਸੈਦਪੁਰ ਤੇ ਹਮਲਾ ਕੀਤਾ ਸੀ, ਗੁਰੂ ਨਾਨਕ ਜੀ ਉਸ ਵੱਕਤ ਸੈਦਪੁਰ ਸ਼ਹਿਰ ਵਿੱਚ ਹੀ ਮੌਜੂਦ ਸਨ। ਬਾਬਰ ਦੀਆਂ ਫੋਜਾਂ ਦੇ ਹੱਥੋਂ ਜੋ ਦੁਰਗਤੀ ਐਮਨਾਂਬਾਦ (ਸੈਦਪੁਰ) ਦੇ ਲੋਕਾਂ ਦੀ ਹੋਈ ਸੀ, ਗੁਰੂ ਨਾਨਕ ਜੀ ਨੇਂ ਉਹ ਸਾਰੀ ਦੀ ਸਾਰੀ ਆਪਣੀਂ ਅੱਖੀਂ ਦੇਖੀ ਸੀ। ਇਸੇ ਵਾਸਤੇ ਹੀ ਉਹਨਾਂ ਦੀ ਬਾਣੀਂ ਵੀ ਇਸ ਗੱਲ ਦੀ ਗਵਾਹੀ ਦੇਂਦੀ ਹੈ ਕਿ

ਆਸਾ ਮਹਲਾ ੧।। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।। ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।। ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ।। ੧।। ਕਰਤਾ ਤੂੰ ਸਭਨਾ ਕਾ ਸੋਈ।। ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ।। ੧।। ਰਹਾਉ।।

ਇਸ ਬਾਣੀਂ ਵਿੱਚ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਪ੍ਰਮਾਤਮਾਂ ਅੱਗੇ ਗਿਲਾ ਜਾਂ ਰੋਸ ਜਾਹਰ ਕਰਦੇ ਹਨ। (ਜਾਂ ਉਲਾਂਭਾ ਕਹਿ ਲਵੋ) ਕਿ ਹੇ ਪ੍ਰਭੂ ਜਦੋਂ ਬਾਬਰ ਦੀਆਂ ਫੋਜਾਂ ਨਿਰਦੋਸ਼ ਨਿਮਾਣੇਂ ਨਿਹੱਥੇ ਮਜਲੂਮ ਲੋਕਾਂ ਤੇ ਐਸੀ ਭਿਆਣਕ ਮਾਰ ਮਾਰ ਰਹੇ ਸਨ, ਤਾਂ ਕੀ ਤੈਨੂੰ ਰਤੀ ਭਰ ਵੀ ਦਰਦ ਨਹੀਂ ਆਇਆ। ਇਹ ਸੱਭ ਤੇਰੇ ਹੁਕਮ ਵਿੱਚ ਹੋਇਆ ਹੈ, ਤੂੰ ਹੀ ਕਰਵਾਇਆ ਹੈ। ਤੂੰ ਹੀ ਮੁਗਲ (ਬਾਬਰ) ਨੂੰ ਜਮ ਬਨਾ ਕੇ ਮਜਲੂਮ ਲੋਕਾਂ ਨੂੰ ਮਾਰਨ ਵਾਸਤੇ ਹਿੰਦੋਸਤਾਨ ਵਿੱਚ ਭੇਜਿਆ ਹੈ। ਪਰ ਫਿਰ ਵੀ ਤੂੰ ਇਹ ਦੋਸ਼ ਆਪਣੇਂ ਤੇ ਨਹੀਂ ਆਉਣ ਦੇਂਦਾ। ਹੇ ਪ੍ਰਭੂ ਹੇ ਕਰਤਾਰ ਤੂੰ ਤਾਂ ਸਾਰਿਆਂ ਦਾ ਰਖਵਾਲਾ ਹੈਂ ਸਾਰੇ ਜੀਵ (ਇਨਸਾਨ) ਤੇਰੇ ਹਨ। ਜੇ ਤਾਂ ਬਰਾਬਰ ਵਾਲਾ ਆਪਣੇਂ ਬਰਾਬਰ ਵਾਲੇ ਨੂੰ ਮਾਰੇ ਤਾਂ (ਸਾਡੇ) ਮਨ ਵਿੱਚ ਕੋਈ ਰੋਸ ਜਾਂ ਗਿਲਾ ਨਹੀਂ ਹੈ। ਪਰ ਤੈਨੂੰ ਕੀ ਇਸ ਦਾ ਰਤੀ ਵੀ ਦਰਦ ਨਹੀਂ ਹੋਇਆ।। ਰਹਾਉ।।

ਸਾਡੀ ਸਾਰਿਆਂ ਦੀ ਸੋਚ ਉਤੇ, ਸਰਧਾ ਅਤੇ ਆਸਥਾ ਅਸਵਾਰ ਹੈ। ਕਿਸੇ ਵਿੱਚ ਕੋਈ ਸਰਧਾ ਹੈ ਅਤੇ ਕਿਸੇ ਦੀ ਸਰਧਾ ਕਿਤੇ ਟਿਕੀ ਹੋਈ ਹੈ, (ਦੂਜਿਆਂ ਦੀ ਸਰਧਾ ਤੇ ਅਸੀਂ ਦੋਸ਼ ਲਾਉਂਦੇ ਹਾਂ, ਪਰ ਆਪਣੀਂ ਸਰਧਾ ਸਾਨੂੰ ਦਿਖਾਈ ਨਹੀਂ ਦੇਂਦੀ) ਸਰਧਾ ਤੋਂ ਊਪਰ ਹੈ ‘ਬਿਬੇਕ ਗਿਆਨ`। ਸਾਨੂੰ ਕਿਸੇ ਹੋਰ ਤਰਾਂ ਦੀ ਸਰਧਾ ਚਾਹੇ ਨਾਂ ਵੀ ਹੋਵੇ, ਪਰ ਸਾਨੂੰ ਸੱਭ ਨੂੰ ਇੱਕ "ਅਕਾਲ ਪੁਰਖ" ਵਿੱਚ ਸ਼ਰਧਾ ਜਰੂਰ ਹੈ। ਇਸ ਸ਼ਰਧਾ ਵੱਸ ਹੀ ਅਸੀਂ ਗੁਰਬਾਣੀਂ ਵਿੱਚ ਲਿਖੇ ਪ੍ਰਮਾਤਮਾਂ (ਅਕਾਲ ਪੁਰਖ) ਦੇ ਬਾਰੇ ਸੱਚ ਤੋਂ ਅੱਖਾਂ ਮੀਟ ਲੈਂਦੇ ਹਾਂ। ਅਤੇ ਸ਼ਰਧਾ ਵੱਸ ਹੀ ਅਸੀਂ "ਗੁਰਬਾਣੀਂ ਦੇ ਸੱਚ" ਤੋਂ ਪ੍ਰਮਾਤਮਾਂ ਦੇ ਸੱਚ ਨੂੰ ਹਰ ਤਰਾਂ ਨਾਲ ਬਚਾਉਣਾਂ ਚਾਹੁੰਦੇ ਹਾਂ, ਕਿਉਂ ਕੇ ਸਾਡੀ ਆਸਥਾ ਨੂੰ ਧੱਕਾ ਲੱਗਦਾ ਹੈ। ਅਜੇਹਾ ਕਰ ਕੇ ਅਸਲ ਵਿੱਚ ਅਸੀਂ ਆਪਣੀਂ ਆਸਥਾ ਜਾਂ ਸਰਧਾ ਨੂੰ ਬਚਾ ਰਹੇ ਹੁੰਦੇ ਹਾਂ।

ਗੁਰੂ ਨਾਨਕ ਜੀ ਦੀ ਬਾਣੀ ਦੇ ਇਸ ਸ਼ਬਦ ਦਾ ਟੀਕਾ ਕਰਦੇ ਸਮੇਂ ਪ੍ਰੋ: ਸਾਹਿਬ ਸਿੰਘ ਜੀ ਨੇਂ ਵੀ ਪ੍ਰਮਾਤਮਾਂ ਨੂੰ ਇਸ ਹਮਲੇ ਤੋਂ ਦੋਸ਼-ਮੁਕਤ ਕਰਨ ਦੀ ਪੂਰੀ ਕੋਸ਼ਿਸ ਕੀਤੀ ਹੈ। ਅੱਗੇ ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਦੀ ਕਾਪੀ ਪੇਸਟ ਹੈ ਜੀ

ਅਰਥ:- ਖੁਰਾਸਾਨ ਦੀ ਸਪੁਰਦਗੀ (ਕਿਸੇ ਹੋਰ ਨੂੰ) ਕਰ ਕੇ (ਬਾਬਰ ਮੁਗ਼ਲ ਨੇ ਹਮਲਾ ਕਰ ਕੇ) ਹਿੰਦੁਸਤਾਨ ਨੂੰ ਆ ਸਹਮ ਪਾਇਆ। (ਜੇਹੜੇ ਲੋਕ ਆਪਣੇ ਫ਼ਰਜ਼ ਭੁਲਾ ਕੇ ਰੰਗ ਰਲੀਆਂ ਵਿੱਚ ਪੈ ਜਾਂਦੇ ਹਨ ਉਹਨਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ, ਇਸ ਬਾਰੇ) ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ। (ਸੋ, ਫ਼ਰਜ਼ ਭੁਲਾ ਕੇ ਵਿਕਾਰਾਂ ਵਿੱਚ ਮਸਤ ਪਏ ਪਠਾਣ ਹਾਕਮਾਂ ਨੂੰ ਦੰਡ ਦੇਣ ਲਈ ਕਰਤਾਰ ਨੇ) ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਹਿੰਦੁਸਤਾਨ ਤੇ) ਚਾੜ੍ਹ ਦਿੱਤਾ। (ਪਰ, ਹੇ ਕਰਤਾਰ! ਬਦ-ਮਸਤ ਪਠਾਣ ਹਾਕਮਾਂ ਦੇ ਨਾਲ ਗਰੀਬ ਨਿਹੱਥੇ ਲੋਕ ਭੀ ਪੀਸੇ ਗਏ) ਇਤਨੀ ਮਾਰ ਪਈ ਕਿ ਉਹ (ਹਾਇ ਹਾਇ) ਪੁਕਾਰ ਉਠੇ। ਕੀ (ਇਹ ਸਭ ਕੁੱਝ ਵੇਖ ਕੇ) ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ? । ੧।

ਇਸ ਟੀਕੇ ਵਿੱਚ ਪ੍ਰੋ: ਸਾਹਿਬ ਸਿੰਘ ਜੀ ਨੇਂ ਇਸ ਹਮਲੇ ਦਾ ਕਾਰਨ ਜਾਂ ਦੋਸ਼ੀ ਹਿੰਦੋਸਤਾਨ ਦੇ ਪਠਾਣ ਹਾਕਮਾਂ ਨੂੰ ਠਹਿਰਾਇਆ ਹੈ। ਉਹਨਾਂ ਦੇ ਲਿਖਣ ਦਾ ਭਾਵ ਇਹ ਹੈ ਕਿ ਹੇ ਕਰਤਾਰ ਤੂੰ ਨੇਂ, ਆਪਣਾਂ ਫ਼ਰਜ਼ ਭੁਲਾ ਕੇ ਵਿਕਾਰਾਂ ਵਿੱਚ ਮਸਤ ਪਏ ਪਠਾਣ ਹਾਕਮਾਂ ਨੂੰ ਦੰਡ ਦੇਣ ਲਈ ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਹਿੰਦੁਸਤਾਨ ਤੇ) ਚਾੜ੍ਹ ਦਿੱਤਾ। ਪਰ ਉਹ ਆਪਣੀਂ ਇਸ ਕੋਸ਼ਿਸ਼ ਨਾਲ ਵੀ ਕਰਤਾਰ ਨੂੰ ਇਸ ਦੋਸ਼ ਤੋਂ ਪੂਰੀ ਤਰਾਂ ਡੀਫੈਂਟ ਨਹੀਂ ਕਰ ਸਕੇ। ਆਖਰ ਉਹਨਾਂ ਨੂੰ ਨਾਲ ਹੀ ਇਹ ਵੀ ਲਿਖਣਾਂ ਹੀ ਪਿਆ ਹੈ, (ਪਰ, ਹੇ ਕਰਤਾਰ! ਬਦ-ਮਸਤ ਪਠਾਣ ਹਾਕਮਾਂ ਦੇ ਨਾਲ ਗਰੀਬ ਨਿਹੱਥੇ ਲੋਕ ਭੀ ਪੀਸੇ ਗਏ) ਇਤਨੀ ਮਾਰ ਪਈ ਕਿ ਉਹ (ਹਾਇ ਹਾਇ) ਪੁਕਾਰ ਉਠੇ। ਕੀ (ਇਹ ਸਭ ਕੁੱਝ ਵੇਖ ਕੇ) ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ? । ੧। ਫਿਰ ਵੀ ਉਹ ਸਪੱਸ਼ਟ ਸ਼ਬਦਾਂ ਵਿੱਚ ਇਹ ਤਾਂ ਲਿਖ ਹੀ ਗਏ ਹਨ ਕਿ, ਪਠਾਣ ਹਾਕਮਾਂ ਨੂੰ ਦੰਡ ਦੇਣ ਲਈ ਕਰਤਾਰ ਨੇ ਹੀ) ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਹਿੰਦੁਸਤਾਨ ਤੇ) ਚਾੜ੍ਹ ਦਿੱਤਾ।

ਸਾਰੇ ਹੀ ਵਿਦਵਾਨ ਇਸੇ ਤਰਾਂ ਪ੍ਰਮਾਤਮਾਂ ਜਾਂ ਆਪਣੀਂ ਸਰਧਾ ਨੂੰ ਬਚਾਉਣਾਂ ਚਾਹੁੰਦੇ ਹਨ। ਕਈ ਤਾਂ ਇਹ ਵੀ ਪੁੱਛਦੇ ਹਨ, ਕੇ ਕੀ ਸੱਚਮੁੱਚ ਹੀ ਕਰਤਾਰ ਜਾਂ ਪ੍ਰਭੂ ਐਸਾ ਵੀ ਹੋ ਸੱਕਦਾ ਹੈ? ਜਾਂ ਐਸਾ ਵੀ ਕਰ ਸੱਕਦਾ ਹੈ? ਉੱਤਰ ਹੈ ਕਿ ਇਹ ਸਭ ਕੁੱਝ ਤਾਂ ਬਾਣੀਂ ਵਿੱਚ ਲਿਖਿਆ ਹੋਇਆ ਹੈ। ਪਰ ਅਸੀਂ ਬਾਣੀਂ ਨਾਲੋਂ ਆਪਣੀਂ ਮੱਤ ਉੱਚੀ ਸਮਝਦੇ ਹਾਂ।

ਬਾਬਰ ਦੇ ਉਸ ਜੁਲਮ ਦੇ ਸਮੇਂ ਤਾਂ ਗੁਰੂ ਨਾਨਕ ਜੀ ਖੁੱਦ ਉਸ ਸ਼ਹਿਰ (ਐਮਨਾਂਬਾਦ) ਵਿੱਚ ਮੌਜੂਦ ਸਨ, ਅਤੇ ਉਹਨਾਂ ਨੇਂ ਕਰਤਾਰ ਦਾ ਇਹ ਸੱਚ ਸੱਭ ਦੇ ਸਾਹਮਣੇਂ ਬਾਣੀਂ ਦੇ ਰੂਪ ਵਿੱਚ ਪ੍ਰਗਟ ਕਰ ਦਿੱਤਾ ਹੋਇਆ ਹੈ। ਪਰ ਫਿਰ ਵੀ ਉਸ ਤੋਂ ਪਹਿਲੇ ਵੀ ਅਤੇ ਬਾਦ ਵਿੱਚ ਵੀ ਅਜੇਹੇ ਜਾਂ ਉਸ ਤੋਂ ਵੀ ਕਿਤੇ ਵੱਧ ਭਿਆਨਕ ਅਨੇਕਾਂ ਹੀ ਜੁਲਮ, ਇਸ ਧਰਤੀ ਤੇ ਹੋਇ ਹਨ, ਅਤੇ ਹਮੇਸ਼ਾਂ ਹੀ ਹੁੰਦੇ ਰਹਿਣ ਗੇ। ਅੱਜ ਦੇ ਸੀਰੀਆ ਵਿਚਲੇ ਜੁਲਮ ਦੇ ਸਾਹਮਣੇਂ ਤਾਂ ਉਹ ਬਾਬਰ ਦਾ ਜੁਲਮ ਕੁੱਝ ਵੀ ਨਹੀਂ ਸੀ। ਪਰ ਅੱਜ ਅਸੀਂ ਕਿਹੜੇ ਗੁਰੂ ਨਾਨਕ ਨੂੰ ਆਖੀਏ ਆ ਕੇ ਦੇਖ, ਅਤੇ ਇਸ ਜੁਲਮ ਦੀ ਰੱਬ ਅੱਗੇ ਫਰਿਆਦ ਕਰ। ਜੇ ਅੱਜ ਸੱਚਮੁਚ ਹੀ ਗੁਰੂ ਨਾਨਕ ਜੀ ਇਸ ਦੁਨੀਆਂ ਵਿੱਚ ਆ ਵੀ ਜਾਣ, ਅਤੇ ਉਹ ਕਰਤਾਰ ਅੱਗੇ ਸਚਮੁੱਚ ਫਰਿਆਦ ਵੀ ਕਰਨ, ਤਾਂ ਗਿਆਨੀ ਵੀਰੋ ਦੱਸੋ! ਕੇ ਫਿਰ ਵੀ ਕਰਤਾਰ ਕੀ ਇਸ ਜੁਲਮ ਨੂੰ ਰੋਕ ਦੇਵੇ ਗਾ? ਅਤੇ ਮੇਰਾ ਆਪ ਸੱਭ ਵਿਦਵਾਨਾਂ ਅਤੇ ਪਾਠਕਾਂ ਨੂੰ ਇੱਕ ਸਵਾਲ ਹੈ! ਕਿ ਕੀ ਗੁਰੂ ਨਾਨਕ ਜੀ ਇਸ ਵੇਲੇ (ਸੀਰੀਆ ਵਿਚ) ਜਾਂ ਉਸ ਵੇਲੇ (ਭਿੰਡਰਾਂ ਵਾਲੇ ਦਾ) ਇਹ ਸੱਭ ਕੁੱਝ ਨਹੀਂ ਦੇਖ ਰਹੇ ਹਨ/ਸਨ?

ਲਿਖਦੇ ਲਿਖਦੇ ਦਾਸ ਨੂੰ ਇੱਕ ਗੱਲ ਯਾਦ ਆ ਗਈ ਜੀ ਕਿ। ਅਮ੍ਰਿਤਾ ਪ੍ਰੀਤਮ ਦੀ ਇੱਕ ਕਵਿਤਾ ਹੈ। ਜੋ ਅੱਗੇ ਲਿਖੀ ਹੈ। ਸ਼ਾਇਦ ਉਹਨਾਂ ਨੇਂ ਇਹ ਕਵਿਤਾ ੧੯੪੭ ਦੀ ਭਾਰਤ-ਪਾਕ ਵੰਡ ਦੇ ਉਜਾੜੇ ਸਮੇਂ ਧੀਆਂ ਭੈਣਾਂ ਦੀ ਹੋ ਰਹੀ ਬੇਪੱਤੀ ਅਤੇ ਜੁਲਮ ਅਤੇ ਮਾਰਧਾੜ ਨੂੰ ਵੇਖ ਕੇ ਵਾਰਸਸ਼ਾਹ ਨੂੰ ਸੰਬੋਧਨ ਕਰ ਕੇ ਲਿਖੀ ਸੀ। ਪਰ ਜੇ ਕੋਈ ਗੁਰਮੁਖ, ਉਸ ਵੇਲੇ ਦੇ ਹਾਲਾਤ ਤੇ ਐਸੀ ਹੀ ਕਵਿਤਾ ਗੁਰੂ ਨਾਨਕ ਨੂੰ ਸੰਬੋਧਨ ਕਰ ਕੇ ਲਿਖਦਾ ਤਾਂ ਉਸ ਕਵਿਤਾ ਦਾ ਸਰੂਪ ਕੁੱਝ ਹੋਰ ਹੁੰਦਾ।

ਵਾਰਿਸਸ਼ਾਹ ਨੇਂ ਪੰਜਾਬ ਦੀ ਇੱਕ ਧੀ, "ਹੀਰ" ਦੇ, ਸਿਰਫ ਇੱਕ ਇਸ਼ਕ ਦੇ ਰੋਣੇਂ ਤੇ, ਇੱਕ ਪੂਰਾ ਗ੍ਰੰਥ ਲਿਖ ਦਿੱਤਾ ਸੀ।

ਅੱਜ ਆਖਾਂ ਵਾਰਿਸਸ਼ਾਹ ਨੂੰ, ਕਿਤੇ ਕਬਰਾਂ ਵਿਚੋਂ ਬੋਲ।

ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।

ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ।

ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਸਸ਼ਾਹ ਨੂੰ ਕਹਿਣ।

ਵੇ ਦਰਦ ਮੰਦਾਂ ਦੇ ਦਰਦੀਆ, ਉੱਠ ਤੱਕ ਆਪਣਾਂ ਪੰਜਾਬ।

ਅੱਜ ਬੇਲੇ ਲਾਸ਼ਾਂ ਵਿੱਛੀਆਂ, ਤੇ ਲਹੁ ਦੀ ਭਰੀ ਚਨਾਬ।

ਕਿਸੇ ਨੇਂ ਪੰਜਾਂ ਪਾਣੀਆਂ, ਵਿੱਚ ਦਿੱਤੀ ਜਹਿਰ ਮਿਲਾ।

ਤੇ ਉਹਨਾਂ ਪਾਣੀਆਂ ਚੋਂ ਧਰਤ ਨੂੰ ਕਿਸੇ ਦਿੱਤਾ ਪਾਣੀਂ ਲਾ।

ਇਸ ਜ਼ਰਖੇਜ਼ ਜਮੀਨ ਦੇ ਲੂੰ ਲੂੰ `ਚੋਂ ਫੁੱਟਿਆ ਜ਼ਹਿਰ।

ਗਿੱਠ ਗਿੱਠ ਚੜ੍ਹੀਆਂ ਲਾਲੀਆਂ, ਫੱਟ ਫੁੱਟ ਚੜਿਆ ਕਹਿਰ।

ਅੱਜ ਆਖਾਂ ਵਾਰਿਸ … ….

ਪੂਰੀ ਕਵਿਤਾ ਕਾਫੀ ਲੰਬੀ ਹੈ ਜੀ। ਜੇ ੧੯੪੭ ਦੇ ਉਜਾੜੇ ਸਮੇਂ ਅਮ੍ਰਿਤਾ ਪ੍ਰੀਤਮ ਦੀ ਕਵਿਤਾ ਦੀ ਥਾਂ, ਜੇ ਐਮਨਾਂਬਾਦ ਦੇ ਹਾਲਾਤ ਵਾਂਗੂ, ਇਸ ਹਾਲਾਤ ਤੇ ਵੀ ਜੇ ਗੁਰੂ ਨਾਨਕ ਜੀ ਬਾਣੀਂ ਬੋਲਦੇ ਤਾਂ ਉਹ ਬਾਣੀਂ ਕਿਸ ਤਰਾਂ ਦੀ ਹੁੰਦੀ? ਅਤੇ ਜਰਨੈਲ ਸਿੰਘ ਭਿੰਡਰਾਂ ਦੇ ਕਾਰਨਾਮਿਆਂ ਤੇ ਜੇ ਉਹ ਬਾਣੀਂ ਲਿਖਦੇ/ਬੋਲਦੇ ਤਾਂ ਉਹ ਬਾਣੀਂ ਕਿਸ ਤਰਾਂ ਦੀ ਹੁੰਦੀ? ਅੱਜ ਗੁਰੂ ਨਾਨਕ ਜੀ ਇਸ ਸੰਸਾਰ ਵਿੱਚ ਨਹੀਂ ਹਨ, ਪਰ ਉਹਨਾਂ ਦੀ ਬਾਣੀਂ ਤਾਂ ਹੈ। ਸੋ ਸਾਨੂੰ ਖੁਦ ਨੂੰ ਹੀ ਬਿਬੇਕ ਬੁੱਧੀ ਨਾਲ ਇਸ ਦੀ ਵਿਚਾਰ ਕਰਨੀਂ ਪਵੇ ਗੀ। ਅਤੇ ਗੁਰੂ ਨਾਨਕ ਨੂੰ ਇਹ ਕਹਿਣਾਂ ਪਵੇ ਗਾ, ਕਿ ਐਮਨਾਂਬਾਦ ਦੇ ਬੇਗੁਨਾਹ ਅਤੇ ਮਜਲੂਮ ਲੋਕਾਂ ਤੇ ਹੋਏ ਜੁਲਮ ਅਤੇ ਤਸ਼ੱਦਦ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਵਾਲਿਆਂ, ਆ ਵੇਖ, ਤੇਰੇ ਤੋਂ ਬਾਦ ਇਸ ਸੰਸਾਰ ਵਿੱਚ ਉਸ ਤੋਂ ਵੀ ਭਿਆਨਕ, ਕਿਨੇਂ ਹੀ ਹੋਰ ਘੱਲੂਘਾਰੇ ਹੋ ਚੁੱਕੇ ਹਨ। ਆਕੇ ਸਾਨੂੰ ਦੱਸੋ ਕਿ ਇਸ ਦਾ ਜੁੰਮੇਂ ਵਾਰ ਕੌਣ ਹੈ।

ਗੁਰਬਾਣੀਂ ਵਿੱਚ ਪ੍ਰਮਾਤਮਾਂ ਬਾਰੇ ਸੱਭ ਸੱਚ ਲਿਖਿਆ ਹੋਇਆ ਹੈ। ਪਰ ਅਸੀਂ ਪ੍ਰਮਾਤਮਾਂ ਵਿੱਚ ਅੱਨ੍ਹੀ ਸ਼ਰਧਾ ਅਤੇ ਭੈ ਦੇ ਵੱਸ ਹੋ ਕੇ, ਪ੍ਰਮਾਤਮਾਂ ਨੂੰ "ਗੁਰਬਾਣੀਂ ਦੇ ਸੱਚ" ਤੋਂ ਡਿਫੈਂਟ ਕਰਨ ਵਿੱਚ ਲੱਗੇ ਹੋਇ ਹਾਂ। ਉਹ ਵੀ ਉਸ ਪ੍ਰਮਾਤਮਾਂ ਨੂੰ ਜਿਸ ਨੇਂ ਗੁਰੂ ਨਾਨਕ ਜੀ ਦੇ ਪੁਕਾਰ ਕਰਨ ਤੇ ਵੀ ਐਮਨਾਂਬਾਦ ਦੇ ਕਿਸੇ ਇੱਕ ਵੀ ਮਜਲੂਮ ਨੂੰ ਡਿਫੈਂਟ ਨਹੀ ਸੀ ਕੀਤਾ। ਅੱਜ ਉਹ ਪ੍ਰਮਾਤਮਾਂ ਸਾਨੂੰ ਜਾਂ ਤੁਹਾਨੂੰ ਕੀ ਡਿਫੈਂਟ ਕਰੇ ਗਾ। ਵੀਰੋ ਇਹ ਹੈ ਜੀ ਬਿਬੇਕ ਗਿਆਨ।

ਗੁਰੂ ਨਾਨਕ ਜੀ ਨੇਂ ਬਾਬਰ ਦੇ ਸੈਦਪੁਰ ਤੇ ਹਮਲੇ ਬਾਰੇ ਬਾਣੀਂ ਵਿੱਚ ਕਾਫੀ ਵਿਸਥਾਰ ਨਾਲ ਲਿਖਿਆ ਹੈ ਰਾਗ ਆਸਾ ਦੀ ਬਾਣੀ ਦੇ ਇੱਕ ਸ਼ਬਦ (ਜੋ ਅੱਗੇ ਲਿਖਿਅ ਹੈ) ਵਿੱਚ ਗੁਰੂ ਨਾਨਕ ਜੀ ਲਿਖਦੇ ਹਨ, ਕਿ ਸੈਦ ਪੁਰ ਦੇ ਵਸਨੀਕ ਪਠਾਣਾਂ ਨੇਂ ਜਦੋਂ ਬਾਬਰ ਦੇ ਆਉਣ ਦੀ ਖਬਰ ਸੁਣੀਂ, ਤਾਂ ਸਾਰੇ ਹੀ ਪਠਾਣਾਂ ਨੇਂ ਕਰੋੜਾਂ ਪੀਰਾਂ ਫਕੀਰਾਂ ਨੂੰ ਮਦਦ ਵਾਸਤੇ ਪੁਕਾਰਿਆਂ ਸੀ (ਵਿਚੇ ਹੀ ਹਿੰਦੂ ਵੀ ਸਨ) ਪਰ ਕਿਸੇ ਵੀ ਪੀਰ ਜਾਂ ਖੁਦਾ ਜਾਂ ਹਰੀ ਨੇਂ ਉਹਨਾਂ ਦੀ ਮਦਦ ਨਹੀਂ ਸੀ ਕੀਤੀ। ਕਿਨੈ ਨ ਪਰਚਾ ਲਾਇਆ ਦਾ ਮਤਲਬ ਹੈ ਕਿਸੇ ਨੂੰ ਵੀ ਖੁਦਾ ਜਾਂ ਕਿਸੇ ਵੀ ਪੀਰ ਵੱਲੋਂ ਸਹਾਇਤਾ ਦੀ ਕੋਈ ਵੀ ਨਿਸ਼ਾਨੀ ਮਾਤਰ ਵੀ ਨਹੀ ਸੀ ਮਿਲੀ। ਨੋਟ:- ਖੁਦਾ ਪ੍ਰਮਾਤਮਾਂ ਜਾਂ ਕਰਤਾਰ ਇਕੋ ਹੀ ਹੈ।

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ।। ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ।। ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ।। ੪।।

ਸਰਧਾ ਦੇ ਮਹਾਂਜਾਲ ਵਿਚੋਂ ਨਿਕਲ ਕੇ ਹੀ ਸਾਨੂੰ ਬਿਬੇਕ ਗਿਆਨ ਹਾਸਲ ਹੋਵੇ ਗਾ। ਪ੍ਰਮਾਤਮਾਂ ਵਿੱਚ ਅੰਧ ਵਿਸ਼ਵਾਸ ਵਰਗੀ ਅੰਨ੍ਹੀ ਸਰਧਾ ਅਤੇ ਭੈ ਦੇ ਵੱਸ ਹੋ ਕੇ, ਜੇ ਅਸੀਂ ਗੁਰਬਾਣੀਂ ਦੇ ਸੱਚ ਤੋਂ ਮੂੰਹ ਫੇਰਾਂ ਗੇ, ਤਾਂ ਇਹ ਸਾਡੇ ਵਾਸਤੇ ਆਤਮ ਘਾਤੀ ਸਿੱਧ ਹੋਵੇ ਗਾ। ਇਸ ਵਾਸਤੇ ਜਿੰਨੀ ਜਲਦੀ ਹੋ ਸਕੇ ਸਾਨੂੰ ਗੁਰਬਾਣੀ ਦੇ ਸੱਚ ਨੂੰ ਸਵੀਕਾਰ ਕਰ ਲੈਣਾਂ ਚਾਹੀਦਾ ਹੈ। ਗੁਰਬਾਣੀਂ ਦੇ ਸੱਚ ਨੂੰ ਸਵੀਕਾਰ ਕਰਨਾਂ ਸਾਡਾ ਪਹਿਲਾ ਸਟੈਪ ਹੈ, ਬਾਕੀ ਅਗਲਾ ਰਸਤਾ ਆਪਣੇਂ ਆਪ ਮਿਲ ਜਾਵੇ ਗਾ।

ਮੇਰਾ ਅਤੇ ਬਾਕੀ ਵਿਦਵਾਨਾਂ ਦੇ, ਗੁਰਬਾਣੀਂ ਅੱਰਥਾਂ ਵਿੱਚ ਫਰਕ ਹੋਣ ਦਾ ਬਸ ਇਹ ਹੀ ਕਾਰਨ ਹੈ। ਕੇ ਮੈਂ ਗੁਰਬਾਣੀਂ ਦੇ ਸੱਚ ਨੂੰ ਬੇਬਾਕ, ਅਤੇ ਬਿਨਾਂ ਕਿਸੇ ਵੀ ਵਲ ਫੇਰ ਦੇ ਸਚੋਸੱਚ ਕਹਿ ਦੇਂਦਾਂ ਹਾਂ। ਬਾਕੀ ਸਭ ਬਾਣੀਂ ਵਿਚਲੇ ਸੱਚ ਨੂੰ ਵੇਖ ਜਾਂ ਪੜ੍ਹ ਕੇ ਅੰਨੀ ਸ਼ਰਧਾ ਵੱਸ ਘਬਰਾ ਜਾਂਦੇ ਹਨ, ਅਤੇ ਸੱਚ ਤੇ ਪਰਦਾ ਪਾਉਣ ਦੀ ਯਥਾਸ਼ੱਕਤ ਕੋਸ਼ਿਸ਼ ਕਰਦੇ ਹਨ, ਅਤੇ ਸੌ ਵਲ ਫੇਰ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਅਤੇ ਇਸੇ ਕਰਕੇ ਹੀ ਆਪਸ ਵਿੱਚ ਵੀ ਕਿਸੇ ਵਿਦਵਾਨ ਦੇ ਵੀ ਅਰਥ ਨਹੀਂ ਮਿਲਦੇ ਹਨ, ਜਦਿ ਕੇ ਬਾਣੀਂ ਤਾਂ ਇੱਕ ਹੀ ਹੈ।

ਸੱਭ ਵੀਰਾਂ ਨੂੰ ਬੇਨਤੀ ਹੈ ਜੀ ਕੇ ਮੇਰੇ ਇਸ ਲੇਖ ਦੀ ਬਿਬੇਕ ਬੁੱਧੀ ਨਾਲ ਵਿਚਾਰ ਕਰਨਾਂ ਜੀ।

ਦਾਸ ਬਲਦੇਵ ਸਿੰਘ ਫਿਰੋਜ਼ਪੁਰ।
.