.

ਲੜੀ ਵਾਰ (ਸੰ: ੪੯ ਤੋਂ ੫੧) (ਭਾਗ ਤੇਰ੍ਹਵਾਂ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਤਹ ਜਨਮ ਨ ਮਰਣੁ, ਨ ਆਵਣ ਜਾਣਾ. ."

(ਸੰ: ੪੯) - "ਮਨ ਪਿਆਰਿਆ ਜੀਉ ਮਿਤ੍ਰਾ, ਹਰਿ ਲਦੇ ਖੇਪ ਸਵਲੀ॥ ਮਨ ਪਿਆਰਿਆ ਜੀਉ ਮਿਤ੍ਰਾ, ਹਰਿ ਦਰੁ ਨਿਹਚਲੁ ਆਸਣ ਪਾਇਆ॥ ਹਰਿ ਦਰੁ ਸੇਵੇ ਅਲਖ ਅਭੇਵੇ, ਨਿਹਚਲੁ ਆਸਣੁ ਪਾਇਆ॥ ਤਹ ਜਨਮ ਨ ਮਰਣੁ, ਨ ਆਵਣ ਜਾਣਾ, ਸੰਸਾ ਦੂਖੁ ਮਿਟਾਇਆ॥ ਚਿਤ੍ਰ ਗੁਪਤ ਕਾ ਕਾਗਦੁ ਫਾਰਿਆ, ਜਮਦੂਤਾ ਕਛੂ ਨ ਚਲੀ॥ ਨਾਨਕੁ ਸਿਖ ਦੇਇ ਮਨ ਪ੍ਰੀਤਮ, ਹਰਿ ਲਦੇ ਖੇਪ ਸਵਲੀ"॥ ੩॥ {ਪੰ: ੭੯}

ਅਰਥ : —ਹੇ ਪਿਆਰੇ ਮਨ! ਹੇ ਮਿਤ੍ਰ ਮਨ! ਪ੍ਰਮਾਤਮਾ ਦੇ ਨਾਮ ਦਾ ਸੌਦਾ ਵਿਹਾਝ, ਕੇਵਲ ਇਹੀ ਸੌਦਾ ਨਫ਼ਾ ਦੇਣ ਵਾਲਾ ਹੈ। ਹੇ ਪਿਆਰੇ ਮਨ! ਹੇ ਮਿਤ੍ਰ ਮਨ ! ਪ੍ਰਮਾਤਮਾ ਦਾ ਦਰਵਾਜ਼ਾ ਮੱਲੀ ਰੱਖ ਭਾਵ ਸਦਾ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਿਆ ਰਹਿ, ਜਿਸ ਤੋਂ ਤੇਰਾ ਇਹ ਮਨੁੱਖਾ ਜਨਮ ਸਫ਼ਲ ਹੋ ਜਾਵੇਗਾ।

ਪ੍ਰਭੂ ਜਿਹੜਾ ਕਿ ਅਦ੍ਰਿਸ਼ਟ ਹੈ ਤੇ ਜਿਸ ਦਾ ਭੇਤ ਵੀ ਨਹੀਂ ਪਾਇਆ ਜਾ ਸਕਦਾ। ਪਰ ਜਿਹੜਾ ਮਨੁੱਖ, ਉਸ ਪ੍ਰਭੂ ਦਾ ਦਰ ਮੱਲ ਲੈਂਦਾ ਹੈ, ਉਹ ਜੀਵਨ `ਚ ਅਡੋਲ ਆਤਮਕ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ। ਉਸ ਉੱਚ ਆਤਮਕ ਅਵਸਥਾ `ਚ ਪਹੁੰਚੇ ਹੋਏ ਮਨੁੱਖ ਲਈ ਹਰੇਕ ਮੋਹ ਮਾਇਆ ਦਾ ਦੁਖ ਤੇ ਸਹਿਮ ਮਿੱਟ ਜਾਂਦਾ ਹੈ ਅਤੇ ਉਸ ਲਈ ਜਨਮ-ਮਰਨ ਦੇ ਗੇੜ ਵੀ ਸਦਾ ਲਈ ਮੁੱਕ ਜਾਂਦੇ ਹਨ।

ਅਜਿਹੀ ਸਰਬ ਉੱਚ ਆਤਮਕ ਅਵਸਥਾ `ਚ ਪੁੱਜੇ ਹੋਏ ਮਨੁੱਖ ਦਾ ਲੇਖਾ-ਜੋਖਾ ਤਾਂ ਚਿਤ੍ਰ-ਗੁਪਤ ਵੀ ਪਾੜ ਦਿੰਦੇ ਹਨ ਤੇ ਉਸ `ਤੇ ਜਮਦੂਤਾਂ ਦਾ ਵੱਸ ਵੀ ਨਹੀਂ ਚਲਦਾ। ਭਾਵ ਅਜਿਹੀ ਉਚ ਆਤਮਕ ਅਵਸਥਾ ਨੂੰ ਪ੍ਰਾਪਤ ਮਨੁੱਖ ਦਾ ਲੇਖਾ-ਜੋਖਾ ਆਪਣੇ ਆਪ ਮੁੱਕ ਜਾਂਦਾ ਹੈ ਅਤੇ ਵਿਕਾਰ ਵੀ ਉਸ `ਤੇ ਭਾਰੂ ਨਹੀਂ ਹੋ ਸਕਦੇ। ਉਹ ਜੀਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦਾ ਹੈ ਤੇ ਮੌਤ ਤੋਂ ਬਾਅਦ ਵੀ ਪ੍ਰਭੂ `ਚ ਸਮਾਅ ਜਾਂਦਾ ਹੈ, ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਂਦਾ ਹੈ। ਉਸਦਾ ਲੋਕ ਤੇ ਪ੍ਰਲੋਕ ਸੁਹੇਲੇ ਹੋ ਜਾਂਦੇ ਹਨ।

ਤਾਂ ਤੇ ਹੇ ਪਿਆਰੇ ਮਨ ! ਨਾਨਕ (ਤੈਨੂੰ) ਸਿੱਖਿਆ ਦਿੰਦਾ ਹੈ ਕਿ ਤੂੰ ਪ੍ਰਭੂ-ਪ੍ਰਮਾਤਮਾ ਦੇ ਨਾਮ ਦਾ ਵਣਜ ਕਰ, ਕਿਉਂਕਿ ਮਨੁੱਖਾ ਜਨਮ ਪ੍ਰਾਪਤ ਹੋਣ ਬਾਅਦ, ਤੇਰੇ ਲਈ ਕੇਵਲ ਇਹੀ ਸੌਦਾ ਹੈ ਜੋ ਲਾਭ-ਦਾਇਕ ਹੈ। ੩। {ਪੰ: ੭੯}

"ਬਿਖਮ ਥਾਨਹੁ ਜਿਨਿ ਰਖਿਆ,

ਤਿਸੁ ਤਿਲੁ ਨ ਵਿਸਾਰਿ"

(ਸੰ: ੫੦) "ਰਕਤੁ ਬਿੰਦੁ ਕਰਿ ਨਿੰਮਿਆ, ਅਗਨਿ ਉਦਰ ਮਝਾਰਿ॥ ਉਰਧ ਮੁਖੁ ਕੁਚੀਲ ਬਿਕਲੁ, ਨਰਕਿ ਘੋਰਿ ਗੁਬਾਰਿ॥ ਹਰਿ ਸਿਮਰਤ ਤੂ ਨਾ ਜਲਹਿ, ਮਨਿ ਤਨਿ ਉਰ ਧਾਰਿ॥ ਬਿਖਮ ਥਾਨਹੁ ਜਿਨਿ ਰਖਿਆ, ਤਿਸੁ ਤਿਲੁ ਨ ਵਿਸਾਰਿ॥ ਪ੍ਰਭ ਬਿਸਰਤ ਸੁਖੁ ਕਦੇ ਨਾਹਿ, ਜਾਸਹਿ ਜਨਮੁ ਹਾਰਿ" (ਪੰ: ੭੦੬)

ਅਰਥ : —ਹੇ ਜੀਵ! ਮਾਂ ਦੀ ਰੱਤ ਤੇ ਪਿਤਾ ਦੇ ਵੀਰਜ ਤੋਂ, ਮਾਤਾ ਦੇ ਗਰਭ `ਚ ਤੇਰਾ ਅਸਥਾਪਣ ਹੋਇਆ ਸੀ। ਫ਼ਿਰ ਤੇਰਾ ਜੋ ਸਰੀਰ ਤਿਆਰ ਹੋਇਆ ਤਾਂ ਉਹ ਵੀ ਅਗਨਿ ਉਦਰ `ਚ ਹੀ। ਭਾਵ ਮਾਤਾ ਦੇ ਗਰਭ ਵਿੱਚਲੇ ਉਸ ਵੱਡੇ ਤਾਪਮਾਨ `ਚ ਉਬਲ ਰਹੇ (ਤਰਲ) ਮਾਸਕ ਧਰਮ ਤੋਂ। ਉਥੇ ਤਾਂ ਤੇਰਾ ਮੂੰਹ ਵੀ ਹੇਠਾਂ ਸੀ ਭਾਵ ਮਾਤਾ ਦੇ ਗਰਭ `ਚ ਤੂੰ ਉਲਟਾ ਲਟਕਿਆ ਸੈਂ। ਓਦੋਂ ਤੇਰਾ ਮੂੰਹ, ਮਾਤਾ ਦੇ ਪੇਟ ਅੰਦਰਲੀ ਗੰਦਗੀ ਨਾਲ ਲਿੱਬੜਿਆ ਪਿਆ ਸੀ ਜਿਸ ਕਾਰਣ ਤੇਰਾ ਰੂਪ ਵੀ ਡਰਾਉਣਾ ਸੀ। ਮਾਨੋ ਓਦੋਂ ਤੂੰ ਕਿਸੇ ਭਿਅੰਕਰ ਨਰਕ ਦੇ ਘੁੱਪ ਹਨੇਰੇ `ਚ ਪਿਆ ਹੋਇਆ ਸੈਂ।

ਫ਼ਿਰ ਉਸ ਕੁਹੱਥੜੇ ਥਾਵੋਂ ਵੀ ਜਿਸ ਪ੍ਰਭੂ ਨੂੰ ਸਿਮਰ ਕੇ, ਜਿਸ ਪ੍ਰਭੂ ਨਾਲ ਤੇਰੀ ਲਿਵ ਜੁੜੀ ਹੋਣ ਕਰਕੇ, ਤੂੰ ਉਸ ਅਗਣ ਕੁੰਡ `ਚ ਹੁੰਦਾ ਹੋਇਆ ਵੀ ਨਾ ਸੜਿਆ ਅਤੇ ਅਜਿਹੇ ਭਿਅੰਕਰ ਹਾਲਾਤ `ਚ ਵੀ, ਪ੍ਰਭੂ ਨੇ ਤੇਰੀ ਆਪ ਰਾਖੀ ਕੀਤੀ ਸੀ। ਲੋੜ ਹੈ, ਸੰਸਾਰ `ਚ ਆ ਕੇ ਵੀ ਤੂੰ ਉਸ ਪ੍ਰਭੂ ਨੂੰ ਆਪਣੇ ਮਨ ਤੋਂ ਪਲ ਭਰ ਲਈ ਵੀ ਨਾ ਵਿਸਾਰ।

ਨਿਸ਼ਚਾ ਕਰ ਕਿ ਪ੍ਰਭੂ ਨੂੰ ਭੁਲਾਅ ਕੇ ਮਨੁੱਖ ਨੂੰ ਜੀਵਨ ਭਰ ਪ੍ਰਭੂ ਮਿਲਾਪ ਵਾਲਾ ਸੁਖ ਪ੍ਰਾਪਤ ਨਹੀਂ ਹੁੰਦਾ। ਜੇ ਤੂੰ ਪ੍ਰਭੂ ਨੂੰ ਵਿਸਾਰ ਦੇਵੇਂਗਾ ਤਾਂ ਤੂੰ ਆਪਣੇ ਇਸ ਮਨੁੱਖਾ ਜਨਮ ਦੀ ਬਾਜ਼ੀ ਨੂੰ ਵੀ ਹਾਰ ਕੇ ਜਾਵੇਂਗਾ। ਜਨਮ ਦੀ ਬਾਜ਼ੀ ਹਾਰ ਕੇ ਜਾਣ ਦੇ ਅਰਥ ਹਨ-ਜੀਂਦੇ ਜੀਅ ਵੀ ਜੀਵਨ `ਚ ਕਲਹਿ-ਕਲੇਸ਼, ਭਟਕਣਾ ਖੁਆਰੀਆਂ ਬਣੀਆਂ ਰਹਿਣਗੀਆਂ। ਵਿਕਾਰ ਤੇਰੇ `ਤੇ ਭਾਰੂ ਰਹਿਣਗੇ ਅਤੇ ਜੀਵਨ ਭਰ ਤੂੰ ਅਗਿਆਨਤਾ ਦੇ ਹਨੇਰੇ `ਚ ਹੀ ਠੋਕਰਾਂ ਖਾਂਦਾ, ਮਨ ਕਰਕੇ ਪ੍ਰੇਸ਼ਾਨ ਹੀ ਰਵੇਂਗਾ। ਉਪ੍ਰੰਤ ਮੌਤ ਤੋਂ ਬਾਅਦ ਵੀ ਪ੍ਰਭੂ ਵੱਲੋਂ ਤੈਨੂੰ ਜੀਵਨ ਦੌਰਾਨ ਕੀਤੇ ਕਰਮਾ ਅਨੁਸਾਰ, ਮੁੜ ਉਨ੍ਹਾਂ ਹੀ ਜੂਨਾਂ-ਜਨਮਾਂ ਤੇ ਭਿੰਨ ਭਿੰਨ ਗਰਭਾਂ ਦੇ ਗੇੜ `ਚ ਪਾ ਦਿੱਤਾ ਜਾਵੇਗਾ ਅਤੇ ਤੈਨੂੰ ਪਛਤਾਉਣਾ ਵੀ ਪਵੇਗਾ। ਇਸ ਤਰ੍ਹਾਂ ਤੇਰਾ ਇਹ ਲੋਕ ਤੇ ਪ੍ਰਲੋਕ ਦੋਵੇਂ ਬਿਰਥਾ ਹੋ ਜਾਣਗੇ। ੨।

ਨੋਟ-ਅਗਨਿ ਉਦਰ-ਮਾਤਾ ਦੇ ਗਰਭ `ਚ, ਬੜੇ ਉੱਚ ਤਾਪਮਾਨ `ਚ ਉਬਲ ਰਿਹਾ ਮਾਸਕ ਧਰਮ ਦਾ ਉਹ ਤਰਲ ਪਦਾਰਥ, ਜਿਸ `ਚ ਸਾਡਾ ਸਰੀਰ ਤਿਆਰ ਹੋ ਰਿਹਾ ਹੁੰਦਾ ਹੈ। ਕਰਤੇ ਦੀ ਕਰਣੀ, ਉਸ ਸਮੇਂ ਜਨਮ ਦੇਣ ਵਾਲੀ ਮਾਤਾ ਨੂੰ ਪ੍ਰਭੂ ਵੱਲੋਂ ਥੈਲੀ ਮਿਲੀ ਹੁੰਦੀ ਹੈ ਤੇ ਇਧਰ ਬੱਚੇ ਦੀ ਲਿਵ ਨੂੰ ਬਹੁੜੀ ਕਰਕੇ ਪ੍ਰਭੂ ਨੇ ਆਪ, ਆਪਣੇ ਨਾਲ ਇਕ-ਮਿੱਕ ਕੀਤਾ ਹੁੰਦਾ ਹੈ। ਇਸੇ ਤੋਂ ਮਾਂ ਤੇ ਬੱਚੇ ਦੋਨਾਂ ਨੂੰ ਇਸ ‘ਗਰਭ ਅਗਨਿ’, ‘ਅਗਨਿ ਕੁੰਡ’ ਦਾ ਰਤੀ ਭਰ ਵੀ ਸੇਕ ਨਹੀਂ ਪਹੁੰਦਾ ਤੇ "ਗੰਢੇਦਿਆਂ ਛਿਅ ਮਾਹ. ." (ਪੰ: ੪੮੮) ਸਾਡਾ ਇਹ ਸਰੀਰ ਵੀ ਤਿਆਰ ਹੋ ਜਾਂਦਾ ਹੈ।

‘ਅਗਨਿ ਉਦਰ’ ਲਈ ਗੁਰਬਾਣੀ `ਚ ‘ਗਰਭ ਅਗਨਿ’, ‘ਅਗਨਿ ਕੁੰਡ’ ‘ਅਗਨੀ ਪਾਸਿ ਪਿਰਾਣੁ’ ਆਦਿ ਹੋਰ ਹੋਰ ਵੀ ਬਹੁਤ ਸ਼ਬਦਾਵਲੀ ਆਈ ਹੈ। (ਪੰ: ੭੦੬)

"ਬਿਨੁ ਸਤਿਗੁਰ ਭੇਟੇ ਥਾਇ ਨ ਪਾਇ. ."

(ਸੰ: ੫੧) - "ਮਨਮੁਖੁ ਅਗਿਆਨੁ, ਦੁਰਮਤਿ ਅਹੰਕਾਰੀ॥ ਅੰਤਰਿ ਕ੍ਰੋਧੁ, ਜੂਐ ਮਤਿ ਹਾਰੀ॥ ਕੂੜੁ ਕੁਸਤੁ ਓਹੁ ਪਾਪ ਕਮਾਵੈ॥ ਕਿਆ ਓਹੁ ਸੁਣੈ, ਕਿਆ ਆਖਿ ਸੁਣਾਵੈ॥ ਅੰਨਾ ਬੋਲਾ ਖੁਇ, ਉਝੜਿ ਪਾਇ॥ ਮਨਮੁਖੁ ਅੰਧਾ, ਆਵੈ ਜਾਇ॥ ਬਿਨੁ ਸਤਿਗੁਰ ਭੇਟੇ, ਥਾਇ ਨ ਪਾਇ॥ ਨਾਨਕ ਪੂਰਬਿ ਲਿਖਿਆ ਕਮਾਇ" (ਪੰ: ੩੧੪)

ਅਰਥ- ਮਨਮੁਖ, ਵਿਚਾਰ-ਹੀਣ, ਖੋਟੀ ਮੱਤ ਤੇ ਅਹੰਕਾਰੀ ਬਿਰਤੀ ਤੇ ਵਿਕਾਰੀ ਸੁਭਾੳੇ ਵਾਲਾ ਹੁੰਦਾ ਹੈ, ਉਸ ਦੇ ਮਨ ਅਥਵਾ ਜੀਵਨ `ਤੇ ਵਿਕਾਰ ਭਾਰੂ ਰਹਿੰਦੇ ਹਨ। ਇਸ ਤਰ੍ਹਾਂ ਉਹ ਵਿਸ਼ੇ ਵਿਕਾਰਾਂ ਦੇ ਜੂਏ `ਚ ਹੀ ਆਪਣੀ ਸਦਬੁੱਧੀ ਵੀ ਗੁਆ ਬੈਠਦਾ ਤੇ ਜੀਵਨ ਦੀ ਬਾਜ਼ੀ ਨੂੰ ਹਾਰ ਕੇ ਜਾਂਦਾ ਹੈ, ਪ੍ਰਾਪਤ ਮਨੁੱਖਾ ਜਨਮ ਨੂੰ ਬਿਰਥਾ ਕਰ ਜਾਂਦਾ ਹੈ।

ਉਹ ਜੀਵਨ ਦੌਰਾਨ ਝੂਠ, ਫ਼ਰੇਬ ਆਦਿ ਕੁਸੱਤ ਦੇ ਅਜਿਹੇ ਕਰਮ ਕਰਦਾ ਹੈ ਜਿਨ੍ਹਾਂ ਕਾਰਣ ਉਸ ਦਾ ਪ੍ਰਭੂ ਤੋਂ ਸਦਾ ਵਿਛੋੜਾ ਬਣਿਆ ਰਹਿੰਦਾ ਤੇ ਪ੍ਰਭੂ ਨਾਲੋਂ ਉਸ ਦੀ ਦਿਨੋ-ਦਿਨ ਵਿੱਥ ਵਧਦੀ ਵੀ ਜਾਂਦੀ ਹੈ। ਆਪਣੀ ਨਿਗਰ ਚੁੱਕੀ ਅਜਿਹੀ ਮਾਨਸਿਕ ਅਵਸਥਾ ਕਾਰਣ, ਆਖ਼ਿਰ ਉਹ ਸ਼ਬਦ-ਗੁਰੂ ਦੀ ਸ਼ਰਣ `ਚ ਆਵੇ ਵੀ ਕੀ? ਤੇ ਦੂਜਿਆਂ ਨੂੰ ਆਖੇ ਅਤੇ ਸੁਣਾਵੇ ਵੀ ਕੀ? ਭਾਵ ਉਸ ਦਾ ਸਾਰਾ ਜੀਵਨ ਹੀ ਬਿਨਸਨਹਾਰ ਪਦਾਰਥਾਂ ਦੇ ਰਸਾਂ ਅਤੇ ਮੋਹ-ਮਾਇਆ `ਚ ਖੱਚਤ ਰਹਿੰਦਾ ਹੈ। ਇਸ ਤੋਂ ਉਸ ਨੁੰ ਪ੍ਰਭੂ ਦੀ ਸਿਫ਼ਤ ਸਲਾਹ ਸੁਨਣੀ ਤੇ ਸੁਨਾਉਣੀ ਵੀ ਚੰਗੀ ਨਹੀਂ ਲਗਦੀ।

ਅੰਨਾ ਭਾਵ ਮਨੁੱਖਾ ਜਨਮ ਦੇ ਵਿਸ਼ੇਸ਼ ਮਕਸਦ ਵੱਲੋਂ ਅਨਜਾਣ, ਅਗਿਆਨੀ ਮਨਮੁਖ ਸ਼ਬਦ-ਗੁਰੂ ਦੇ ਉਪਦੇਸ਼ ਵਲੋਂ ਵੀ ਬੋਲਾ, ਪ੍ਰਭੂ ਦੀ ਸਿਫ਼ਤ ਸਲਾਹ ਵਾਲੇ ਪਾਸਿਓਂ ਖੁੰਝਿਆ ਰਹਿਕੇ, ਜੀਵਨ ਭਰ ਕੁਰਾਹੇ ਪਿਆ ਸੁਭਾਅ ਕਰਕੇ ਵੀ ਨਿੱਤ ਜੰਮਦਾ ਤੇ ਮਰਦਾ ਹੈ।

ਭਾਵ ਮਨਮੁਖ ਜੀਂਦੇ ਜੀਅ ਵੀ ਤ੍ਰਿਸ਼ਣਾ, ਚਿੰਤਾਵਾਂ, ਭਟਕਣਾ, ਖੁਆਰੀਆਂ ਆਦਿ ਦੇ ਰੂਪ `ਚ ਭਿੰਨ-ਭਿੰਨ ਜੂਨਾਂ ਭੋਗਦਾ ਹੋਇਆ, ਆਤਮਕ ਪੱਖੋਂ ਮੁਰਦਾ ਜੀਵਨ ਬਤੀਤ ਕਰਦਾ ਹੈ। ਇਸ ਤਰ੍ਹਾਂ ਉਹ ਆਪਣੇ ਦੁਰਲਭ ਮਨੁੱਖਾ ਜਨਮ ਦੇ ਬਿਰਥਾ ਹੋਣ ਕਾਰਣ, ਮੌਤ ਤੋਂ ਬਾਅਦ ਵੀ ਬਾਰ-ਬਾਰ ਦੇ ਜਨਮਾਂ-ਜੂਨਾਂ ਤੇ ਭਿੰਨ ਭਿੰਨ ਗਰਭਾਂ ਦੇ ਗੇੜ `ਚ ਪੈਂਦਾ ਹੈ।

ਹੇ ਨਾਨਕ! "ਬਿਨੁ ਸਤਿਗੁਰ ਭੇਟੇ ਥਾਇ ਨ ਪਾਇ" ਸ਼ਬਦ-ਗੁਰੂ ਦੀ ਕਮਾਈ ਵਿਹੂਣਾ ਨਿਗੁਰਾ, ਪ੍ਰਭੂ ਦੇ ਦਰ `ਤੇ ਕਬੂਲ ਨਹੀਂ ਹੁੰਦਾ। ਉਸ ਦਾ ਪ੍ਰਾਪਤ ਮਨੁੱਖਾ ਜਨਮ ਨਿਸ਼ਫਲ ਜਾਂਦਾ ਹੈ, ਉਹ ਪ੍ਰਭੂ `ਚ ਅਭੇਦ ਨਹੀਂ ਹੋ ਸਕਦਾ।

"ਨਾਨਕ ਪੂਰਬਿ ਲਿਖਿਆ ਕਮਾਇ" ਸਰੀਰ ਨੇ ਤਾਂ ਆਪਣੇ ਨਿਯਤ ਸਮੇਂ ਨਾਲ ਬਿਨਸ ਜਾਣਾ ਹੈ; ਪਰ ਅਜਿਹੇ ਨਿਹਫਲ ਜਨਮ ਦੌਰਾਨ ਕੀਤੇ ਅਤੇ ਮਨ `ਤੇ ਉੱਕਰ ਚੁੱਕੇ ਸੰਸਕਾਰਾਂ ਤੇ ਕਰਮਾਂ ਕਾਰਣ, ਉਸ ਦੇ ਮਨ ਦੀ ਯਾਤ੍ਰਾ, ਭਿੰਨ-ਭਿੰਨ ਜੂਨਾਂ ਤੇ ਗਰਭਾਂ ਦੇ ਰੂਪ `ਚ ਚਾਲੂ ਰਹਿੰਦੀ ਹੈ।

ਮਨ ਦੇ ਰੂਪ `ਚ ਉਸ ਨੂੰ ਕੀਤੇ ਕਰਮਾਂ ਦਾ ਲੇਖਾ-ਜੋਖਾ ਭੁਗਤਾਉਣਾ ਪੈਂਦਾ ਹੈ। ਮਨਮੁਖੀ ਜੀਵਨ ਕਾਰਣ ਉਸ ਦੇ ਬਣੇ ਹੋਏ ਸੰਸਕਾਰਾਂ ਤੇ ਕਰਮਾਂ ਅਨੁਸਾਰ ਉਸ ਦਾ ਲੰਮੇਂ ਸਮੇਂ ਲਈ ਜਨਮਾਂ-ਜੂਨਾਂ ਤੇ ਭਿੰਨ ਭਿੰਨ ਗਰਭਾਂ ਦੇ ਰੂਪ `ਚ ਪ੍ਰਭੂ ਤੋਂ ਵਿਛੋੜਾ ਬਣਿਆ ਰਹਿੰਦਾ ਹੈ।

ਨੋਟ- "ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ" (ਪੰ: ੧੨) - ਤਾਂ ਵੀ ਇਹ ਵੱਖਰੀ ਗੱਲ ਹੈ ਕਿ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ, ਅਜਿਹਾ ਮਨਮੁਖ ਵੀ "ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ" ਜਦੋਂ ਕਿਸੇ ਸੰਜੋਗ ਵੱਸ ਸ਼ਬਦ-ਗੁਰੂ ਦੀ ਸ਼ਰਣ `ਚ ਆ ਜਾਂਦਾ ਹੈ ਤਾਂ ਉਹ ਵੀ ਪ੍ਰਭੂ `ਚ ਹੀ ਸਮਾਉਂਦਾ ਹੈ, ਸਦਾ ਲਈ ਨਹੀਂ ਵਿਛੜਿਆ ਰਹਿੰਦਾ)। ੨।

ਪਦ ਅਰਥ; ਪਾਪ-ਪ੍ਰਭੂ ਨੂੰ ਵਿਸਾਰ ਕੇ ਉਸ ਦੀਆਂ ਦਾਤਾਂ `ਚ ਉਲਝੇ ਰਹਿਣਾ ਹੀ ਗੁਰਮੱਤ ਅਨੁਸਾਰ "ਪਾਪ ਕਰਮ" ਹੁੰਦੇ ਹਨ, ਨਾ ਕਿ ਅਨਮੱਤੀ ਪਾਪ ਕਰਮ

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠ’ ਪੁਸਤਕਾਂ ਤੇ ਹੋਰ ਲਿਖ਼ਤਾਂ ਜਿਵੇਂ ਹੁਣ ਨਵੀਂ ਅਰੰਭ ਕੀਤੀ ਗਈ ਗੁਰਮੱਤ ਸੰਦੇਸ਼ਾਂ ਵਾਲੀ ਸੀਰੀਜ਼, ਸਭ ਦਾ ਮਕਸਦ ਇਕੋ ਹੀ ਹੈ। ਉਹ ਮਕਸਦ ਹੈ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ "ਗੁਰੂ ਗ੍ਰੰਥ ਸਾਹਿਬ" ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this ਗੁਰਮੱਤ ਸੰਦੇਸ਼

ਲੜੀ ਵਾਰ (ਸੰ: ੪੯ ਤੋਂ ੫੧) (ਭਾਗ ਤੇਰ੍ਹਵਾਂ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps etc

with the intention of Gurmat Parsar, at quite nominal printing cost i.e. mostly Rs 350/-(in rare cases Rs. 450/- per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.