.

ੴਸਤਿਗੁਰਪ੍ਰਸਾਦਿ।।

ਅਸ਼ਲੀਲਤਾ ਕਿਸ ਨੂੰ ਕਹਿੰਦੇ ਹਨ?

(ਅਖੌਤੀ ਦਸਮ ਗ੍ਰੰਥ ਦੇ ਸੰਧਰਭ ਵਿੱਚ)

(ਕਿਸ਼ਤ ਨੰ: 1)

ਬਚਿੱਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਬਾਰੇ ਵਿਵਾਦ ਕੋਈ ਨਵੀਂ ਗੱਲ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕਈ ਸਾਲਾਂ ਬਾਅਦ, ਇਹ ਜਦੋਂ ਤੋਂ ਹੋਂਦ ਵਿੱਚ ਆਇਆ ਹੈ, ਇਸ ਬਾਰੇ ਵਿਵਾਦ ਚਲਦੇ ਹੀ ਰਹੇ ਹਨ। ਇਸ ਬਾਰੇ ਮੁਖ ਤੌਰ ਤੇ ਚਾਰ ਤਰ੍ਹਾਂ ਦੇ ਵਿਚਾਰ ਰੱਖਣ ਵਾਲੇ ਲੋਕ ਉਭਰ ਕੇ ਸਾਮ੍ਹਣੇ ਆਉਂਦੇ ਰਹੇ ਹਨ। ੧) ਇੱਕ ਉਹ ਜੋ ਸਾਰੇ ਬਚਿੱਤ੍ਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕ੍ਰਿਤ ਮੰਨਦੇ ਹਨ, ੨) ਦੂਸਰੇ, ਜੋ ਇਸ ਦੇ ਕੇਵਲ ਤ੍ਰਿਆ ਚਰਿਤ੍ਰ ਭਾਗ ਨੂੰ ਛੱਡ ਕੇ ਬਾਕੀ ਸਾਰੇ ਨੂੰ ਗੁਰੂ ਕ੍ਰਿਤ ਮੰਨਦੇ ਹਨ, ੩) ਤੀਸਰੇ, ਜੋ ਕੇਵਲ ਪਹਿਲੇ ੩੮ ਪੰਨਿਆਂ (ਕੁਝ ਬੰਦ ਛੱਡਕੇ) ਨੂੰ ਹੀ ਗੁਰੂ ਕ੍ਰਿਤ ਮੰਨਦੇ ਹਨ `ਤੇ ਬਾਕੀ ਸਾਰੇ ਨੂੰ ਰੱਦ ਕਰਦੇ ਹਨ, ੪) ਚੌਥੇ, ਜੋ ਸਾਰੀ ਪੁਸਤਕ ਨੂੰ ਹੀ ਗੁਰੂ ਕ੍ਰਿਤ ਨਹੀਂ ਮੰਨਦੇ।

ਪਹਿਲੇ ਪਹਿਲ ਸਾਰੀ ਬਚਿੱਤ੍ਰ ਨਾਟਕ ਪੁਸਤਕ ਨੂੰ ਗੁਰੂ ਕ੍ਰਿਤ ਨਾ ਮੰਨਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਸੀ। ਇਸ ਦਾ ਮੂਲ ਕਾਰਨ ਇਹ ਸੀ ਕਿ ਸਿੱਖ ਰਹਿਤ ਮਰਯਾਦਾ (੧੯੪੫ ਈ) ਵਿੱਚ ਜਿਥੇ ਨਿੱਤਨੇਮ ਵਿੱਚ ਤਿੰਨ ਬਾਣੀਆਂ ਜਾਪ, ੧੦ ਸਵੈਯੇ (ਸ੍ਰਾਵਗ ਸੁਧ ਵਾਲੇ) ਅਤੇ ਕਬਿਯੋ ਬਾਚ ਬੇਨਤੀ ਚੌਪਈ, ਇਸ ਪੁਸਤਕ (ਗ੍ਰੰਥ) ਵਿੱਚੋ ਪਾ ਦਿੱਤੀਆਂ ਗਈਆਂ, ਉਥੇ ਪਾਹੁਲ ਤਿਆਰ ਕਰਨ ਵਾਸਤੇ ਵੀ ਇਹ ਤਿੰਨ ਰਚਨਾਵਾਂ ਗੁਰੁ ਗਰੰਥ ਸਾਹਿਬ ਜੀ ਦੀਆਂ ਬਾਣੀਆਂ ਨਾਲ ਪੜ੍ਹੀਆਂ ਜਾਂਦੀਆਂ ਹਨ। ਇਸ ਕਾਰਨ ਲੋਕਾਂ ਦੇ ਮਨਾਂ ਵਿੱਚ ਇਨ੍ਹਾਂ ਤਿੰਨ ਰਚਨਾਵਾਂ ਪ੍ਰਤੀ ਇੱਕ ਸ਼ਰਧਾ ਭਾਵਨਾ ਜੁੜ ਗਈ, ਇਸ ਲਈ ਇਨ੍ਹਾਂ ਦੇ ਖਿਲਾਫ ਬੋਲ ਕੇ ਕੋਈ ਵਿਅਕਤੀ ਕੌਮੀ ਕਰੋਪੀ ਸਹੇੜਨ ਦਾ ਹੀਆ ਨਹੀਂ ਸੀ ਕਰਦਾ। ਇਸ ਦਾ ਇੱਕ ਹੋਰ ਵੱਡਾ ਕਾਰਨ ਇਹ ਸੀ ਕਿ ਭਾਵੇਂ ਸ਼ਰਧਾ-ਭਾਵਨਾ ਅਧੀਨ ਨਿਤਨੇਮ ਵਿੱਚ ਇਹ ਬਾਣੀਆਂ ਤਾਂ ਸਾਰੇ ਰਟੀ ਜਾਂਦੇ ਸਨ ਪਰ ਬਾਕੀ ਬਚਿੱਤ੍ਰ ਨਾਟਕ ਨੂੰ ਕੋਈ ਵਿਰਲਾ ਹੀ ਪੜ੍ਹਦਾ ਸੀ। ਸੁਭਾਵਕ ਹੀ ਬਹੁਤੇ ਸਿੱਖ ਵਿਦਵਾਨ ਆਪਣੇ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ, ਵਿਚਾਰਨ ਤੱਕ ਹੀ ਸੀਮਤ ਰਹਿੰਦੇ ਸਨ। ਵੱਧ ਤੋਂ ਵੱਧ "ਅੰਮ੍ਰਿਤ ਕੀਰਤਨ" ਨਾਮੀ ਪੋਥੀ ਵਿੱਚ ਛਪੀਆਂ, ਇਸ ਪੁਸਤਕ ਵਿਚਲੀਆਂ ਕੁੱਝ ਰਚਨਾਵਾਂ ਦਾ ਕੀਰਤਨ ਕੁੱਝ ਖਾਸ ਮੌਕਿਆਂ ਤੇ ਕੀਤਾ ਜਾਂਦਾ ਸੀ ਅਤੇ ਕੁੱਝ ਚੋਣਵੇਂ ਕਥਾਕਾਰ ਅਤੇ ਲਿਖਾਰੀ ਵੀ ਉਨ੍ਹਾਂ ਵਿੱਚਲੇ ਕੁੱਝ ਪ੍ਰਮਾਣ ਵੀ ਆਪਣੀਆਂ ਵਿਚਾਰਾਂ ਵਿੱਚ ਜੋੜ ਲੈਂਦੇ ਸਨ, ਜੋ ਅੱਜ ਵੀ ਜਾਰੀ ਹੈ। ਜਿਵੇਂ ਜਿਵੇਂ ਵਿਵਾਦ ਵੱਧਣ ਨਾਲ ਵਧੇਰੇ ਸੂਝਵਾਨਾਂ ਨੇ ਇਸ ਨੂੰ ਪੜ੍ਹਨਾ, ਪੜਚੋਲਣਾ ਅਤੇ ਗੁਰਮਤਿ ਦੀ ਕਸਵੱਟੀ ਉਤੇ ਪਰਖਣਾ ਸ਼ੁਰੂ ਕੀਤਾ ਤਾਂ ਇਸ ਸਾਰੇ ਪੋਥੇ ਨੂੰ ਗੁਰੂ ਕ੍ਰਿਤ ਨਾ ਮੰਨਣ ਵਾਲਿਆਂ ਦੀ ਗਿਣਤੀ ਵਧਣ ਲੱਗੀ। ਸਭ ਤੋਂ ਪਹਿਲਾਂ ਜਿਸ ਭਾਗ ਤੇ ਆਕੇ ਸਭ ਸੂਝਵਾਨਾਂ ਦੀ ਸ਼ੰਕਾ ਖੜੀ ਹੁੰਦੀ ਰਹੀ, ਉਹ ਇਸ ਦਾ ਚਰਿਤ੍ਰੋਪਖਯਾਨ (ਤ੍ਰਿਆ ਚਰਿਤ੍ਰ) ਭਾਗ ਹੈ, ਕਿਉਂਕਿ ਇਸ ਭਾਗ ਵਿੱਚ ਜੋ ਅਨੈਤਿਕ ਅਤੇ ਆਚਰਣ-ਹੀਨਤਾ ਵਾਲੀਆਂ ਕਹਾਣੀਆਂ ਹਨ, ਅਤੇ ਉਨ੍ਹਾਂ ਨੂੰ ਬਿਆਨ ਕਰਨ ਲਈ ਜੋ ਅਸ਼ਲੀਲ ਭਾਸ਼ਾ ਵਰਤੀ ਗਈ ਹੈ, ਉਸ ਕਾਰਨ ਇਸ ਨੂੰ ਗੁਰੂ ਕ੍ਰਿਤ ਮੰਨਣ ਤੇ ਕਿਸੇ ਵੀ ਸੂਝਵਾਨ ਗੁਰਸਿੱਖ ਦਾ ਮਨ ਨਹੀਂ ਮੰਨਦਾ। ਇਸ ਨਾਲ ਸਾਰੀ ਬਚਿੱਤ੍ਰ ਨਾਟਕ ਪੁਸਤਕ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਕ੍ਰਿਤ ਮੰਨਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਗਈ। ਇਥੋਂ ਤੱਕ ਕਿ ਪੰਜਾਬੀ ਯੂਨੀਵਰਸਿਟੀ ਨੇ ਇਸਨੂੰ ਤ੍ਰਿਆ ਚਰਿਤ੍ਰ ਭਾਗ ਦੇ ਬਗੈਰ ਛਾਪਿਆ ਅਤੇ ਚੰਡੀਗੜ੍ਹ ਦੇ ਇੱਕ ਜਗਿਆਸੂ ਵਿਦਵਾਨ ਸ੍ਰ. ਸੰਤੋਖ ਸਿੰਘ ਵਲੋਂ ਬੇਨਤੀ ਚੌਪਈ ਦੇ ਸੰਧਰਭ ਵਿੱਚ, ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ ਦੇ ਜੁਆਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਤਰ ਨੰ: ੩੬੬੭੨ ਮਿਤੀ ੦੩-੮-੧੯੭੩ ਵਿੱਚ ਵੀ ਇਸ ਗਲ ਦੀ ਪ੍ਰੋੜਤਾ ਕੀਤੀ ਗਈ ਕਿ ‘ਪਖਯਾਨ ਚਰਿਤ੍ਰ`, ਗੁਰੂ ਕ੍ਰਿਤ ਨਹੀਂ ਹੈ। ਇਸ ਚਿੱਠੀ ਦੀ ਸ਼ਬਦਾਵਲੀ ਇਸ ਤਰ੍ਹਾਂ ਹੈ:

"ਆਪ ਜੀ ਦੀ ਪਤ੍ਰਿਕਾ ਮਿਤੀ ੬-੭-੭੩ ਦੇ ਸੰਬੰਧ ਵਿੱਚ ਸਿੰਘ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ, ਸ੍ਰੀ ਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ।

"ਚਰਿਤ੍ਰੋ ਪਖਯਾਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸਮੇਸ਼ ਬਾਣੀ ਨਹੀਂ, ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ। "

ਦਸਤਖਤ, ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ,

ਸ਼੍ਰੋ. ਗੁ. ਪ੍ਰ. ਕਮੇਟੀ ਲਈ

ਅੱਜ ਖੋਜ ਇਸ ਗਹਰਾਈ ਤੱਕ ਪਹੁੰਚ ਗਈ ਹੈ ਕਿ ਹੁਣ ਬਹੁਤ ਸਾਰੇ ਸੂਝਵਾਨ ਗੁਰਸਿੱਖਾਂ ਨੇ ਹਿੰਮਤ ਕਰਕੇ ਨਿਤਨੇਮ ਅਤੇ ਪਾਹੁਲ ਤਿਆਰ ਕਰਨ ਸਮੇਂ, ਗੁਰੁ ਗਰੰਥ ਸਾਹਿਬ ਜੀ ਦੀਆਂ ਬਾਣੀਆਂ ਤੋਂ ਅਲਾਵਾ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ ਨੂੰ ਗੁਰੂ ਕ੍ਰਿਤ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ, ਅਤੇ ਸਾਰੀ ਬਚਿਤ੍ਰ ਨਾਟਕ ਪੁਸਤਕ ਨੂੰ ਹੀ ਗੁਰੂ ਕ੍ਰਿਤ ਨਾ ਮੰਨਣ ਵਾਲਿਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ।

ਇਸ ਦੇ ਨਾਲ ਹੀ ਕੌਮ ਉਤੇ ਅਮਰਵੇਲ ਵਾਂਗੂੰ ਛਾਏ ਸਾਧ ਲ੍ਹਾਣੇ/ਸੰਤ ਸਮਾਜ, ਜੋ ਹਿੰਦੂਤਵੀ ਵਿਚਾਰਧਾਰਾ ਅਤੇ ਹਿੰਦੂਤਵੀ ਸ਼ਕਤੀਆਂ ਦੇ ਪ੍ਰਭਾਵ ਅਧੀਨ ਅਖੌਤੀ ਦਸਮ ਗ੍ਰੰਥ ਨੂੰ ਸਭ ਤੋਂ ਵਧੇਰੇ ਪ੍ਰਚਾਰਦਾ ਹੈ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਥਾਪਤ ਕਰਨਾ ਚਾਹੁੰਦਾ ਹੈ, ਨੇ ਸਾਰੀ ਖੇਡ ਹੱਥੋਂ ਜਾਂਦੀ ਵੇਖੀ ਤਾਂ ਉਹ ਪੂਰੀ ਤਾਕਤ ਨਾਲ ਇਸ ਦੀ ਪਿੱਠ ਤੇ ਆ ਗਏ ਅਤੇ ਚਰਿਤ੍ਰੋ ਪਖਿਯਾਨ ਵਿਚਲੀਆਂ ਰੁਮਾਂਸਵਾਦੀ ਅਤੇ ਕਾਮੁਕ ਰਚਨਾਵਾਂ ਬਾਰੇ ਇਹ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਰਚਨਾਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਇਹ ਸਮਝਾਉਣ ਲਈ ਰਚੀਆਂ ਹਨ ਕਿ ਇਹ ਜੋ ਮਾੜੇ ਕਰਮ ਹਨ ਉਹ ਤੁਸੀਂ ਨਹੀਂ ਕਰਨੇ।

ਇਸ ਵਿਚਾਧਾਰਾ ਦੇ ਪ੍ਰਤੀਕਰਮ ਵਜੋਂ, ਉਨ੍ਹਾਂ ਸੂਝਵਾਨ ਸੱਜਣਾਂ, ਜੋ ਪਹਿਲਾਂ ਕੇਵਲ ਇਤਨਾ ਹੀ ਕਹਿ ਕੇ ਸਮਝਾਉਣ ਦਾ ਯਤਨ ਕਰਦੇ ਸਨ ਕਿ ਇਸ ਵਿਚਲੀਆਂ ਰਚਨਾਵਾਂ ਅਸ਼ਲੀਲਤਾ ਨਾਲ ਭਰਪੂਰ ਹਨ ਅਤੇ ਸਤਿਗੁਰੂ ਐਸੀਆਂ ਰਚਨਾਵਾਂ ਨਹੀਂ ਰੱਚ ਸਕਦੇ, ਨੇ ਇਨ੍ਹਾਂ ਅਸ਼ਲੀਲਤਾ ਅਤੇ ਆਚਰਣ-ਹੀਨਤਾ ਭਰਪੂਰ ਰਚਨਾਵਾਂ ਨੂੰ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਤਾਂਕਿ ਭੋਲੇ-ਭਾਲੇ ਅਨਜਾਣ ਸਿੱਖ ਇਨ੍ਹਾਂ ਰਚਨਾਵਾਂ ਦੀ ਸਚਾਈ ਅਤੇ ਇਨ੍ਹਾਂ ਦਾ ਪੱਖ ਪੂਰਨ ਵਾਲਿਆਂ ਦੀਆਂ ਪੰਥ-ਵਿਰੋਧੀ ਚਾਲਾਂ ਨੂੰ ਵਧੇਰੀ ਸਪਸ਼ਟਤਾ ਨਾਲ ਸਮਝ ਸਕਣ।

ਪੰਥ-ਦਰਦੀਆਂ ਦੀਆਂ ਅਜਿਹੀਆਂ ਕੋਸ਼ਿਸ਼ਾਂ ਦੇ ਖਿਲਾਫ਼, ਸਿੱਖੀ-ਭੇਖ ਵਿੱਚ ਵਿਚਰਣ ਵਾਲੇ ਵਿਕਾਊ ਲੋਕਾਂ ਵਿੱਚ ਇਤਨੀ ਗਿਰਾਵਟ ਵੇਖਣ ਨੂੰ ਮਿਲੀ ਕਿ ਅੰਧ ਵਿਸ਼ਵਾਸ ਵਿੱਚ ਗਲਤਾਣ, ਸੁਆਰਥ ਨਾਲ ਲਬਰੇਜ਼ ਅਤੇ ਧੜੇਬੰਦੀ ਨੂੰ ਪਹਿਲ ਦੇਣ ਵਾਲੇ ਬਚਿੱਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੇ ਹਮਾਇਤੀਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੁੱਝ ਪੰਕਤੀਆਂ ਅਸ਼ਲੀਲਤਾ ਭਰਪੂਰ ਹਨ।

ਜ਼ਰਾ ਸੋਚੀਏ ਕਿ ਇਸ ਤੋਂ ਦੁੱਖਦਾਈ ਹੋਰ ਕੀ ਹੋ ਸਕਦਾ ਹੈ ਕਿ ਕੋਈ ਸਿੱਖ ਅਖਵਾਉਣ ਵਾਲਾ ਵਿਅਕਤੀ ਹੀ ਕੇਵਲ ਆਪਣੀਆਂ ਗ਼ਲਤ ਭਾਵਨਾਵਾਂ ਨੂੰ ਸਹੀ ਠਹਿਰਾਉਣ ਲਈ ਬਗੈਰ ਸਮਝੇ ਵਿਚਾਰੇ ਆਪਣੇ ਸਤਿਗੁਰੂ ਦੀ ਪਾਵਨ ਬਾਣੀ ਨੂੰ ਹੀ ਅਸ਼ਲੀਲ ਆਖਣ ਲਗ ਪਏ। ਆਪਣੇ ਇਸ ਵਿਚਾਰ ਦੀ ਪੁਸ਼ਟੀ ਵਿੱਚ ਉਹ ਇਹ ਦਲੀਲ ਦੇਂਦੇ ਹਨ ਕਿ ਬਚਿੱਤ੍ਰ ਨਾਟਕ ਵਿਰੋਧੀ ਵੀ ਤਾਂ ਬਚਿੱਤ੍ਰ ਨਾਟਕ ਵਿਚਲੀਆਂ ਰਚਨਾਵਾਂ ਨੂੰ ਅਸ਼ਲੀਲ ਆਖਦੇ ਹਨ, ਜਿਸ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਲਗਦੀ ਹੈ। ਇਸ ਤੋਂ ਇੱਕ ਗੱਲ ਤਾਂ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ ਕਿ ਅਜਿਹੇ ਲੋਕ ਬਚਿੱਤ੍ਰ ਨਾਟਕ ਪੁਸਤਕ (ਅਖੌਤੀ ਦਸਮ ਗ੍ਰੰਥ) ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਾਨਤਾ ਦੇਣਾ ਲੋਚਦੇ ਹਨ ਜਦਕਿ ਇਸ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰਗੱਦੀ ਬਖਸ਼ੀ ਹੈ। ਇਥੇ ਇਹ ਯਾਦ ਕਰਾਉਣਾ ਕੁਥਾਂ ਨਹੀਂ ਹੋਵੇਗਾ ਕਿ ਜਦੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ੀ ਉਸ ਸਮੇਂ ਇਸ ਬਚਿੱਤ੍ਰ ਨਾਟਕ ਨਾਮੀ ਪੁਸਤਕ (ਅਖੌਤੀ ਦਸਮ ਗ੍ਰੰਥ) ਦੀ ਕੋਈ ਹੋਂਦ ਹੀ ਨਹੀਂ ਸੀ। ਕਿਉਂਕਿ ਦਸਮ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖਸ਼ੀ ਹੈ, ਗੁਰੂ ਗ੍ਰੰਥ ਸਾਹਿਬ ਜੀ ਹੀ ਹਮੇਸ਼ਾ ਲਈ ਸਾਡੇ ਵਾਹਿਦ ਸਤਿਗੁਰੂ ਹਨ। ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਸੰਸਾਰ ਦਾ ਕੋਈ ਵੀ ਹੋਰ ਗ੍ਰੰਥ ਨਹੀਂ ਕਰ ਸਕਦਾ। ਪਰੰਤੂ ਜਦੋਂ ਗਿਆਨ ਵਿਹੂਣੀਆਂ ਅੰਧ ਵਿਸ਼ਵਾਸੀ ਭਾਵਨਾਵਾਂ ਜੀਵਨ ਤੇ ਵਧੇਰੇ ਭਾਰੂ ਹੋ ਜਾਂਦੀਆਂ ਹਨ ਤਾਂ ਮਨੁੱਖ ਇਹ ਵੀ ਨਹੀਂ ਸਮਝ ਸਕਦਾ ਕਿ ਅਸੀਂ ਆਪਣੇ ਇਸ਼ਟ ਉੱਤੇ ਅਤੇ ਆਪਣੇ ਸਤਿਗੁਰੂ ਉੱਤੇ ਹੀ ਸ਼ੰਕਾ ਕਰ ਰਹੇ ਹਾਂ। ਆਪਣੇ ਆਪ ਨੂੰ ਧਾਰਮਿਕ ਅਖਵਾਉਣ ਵਾਲੇ ਵਿਅਕਤੀ ਦੇ ਜੀਵਨ ਦੀ ਇਹ ਸਭ ਤੋਂ ਨੀਵੀਂ ਅਤੇ ਮੰਦਭਾਗੀ ਅਵਸਥਾ ਹੈ।

ਆਓ, ਪਹਿਲਾਂ ਮੋਟੇ ਤੌਰ ਤੇ ਇਹ ਸਮਝ ਲਈਏ ਕਿ ਅਸ਼ਲੀਲਤਾ ਆਖਦੇ ਕਿਸ ਨੂੰ ਹਨ?

ਸ਼ਬਦਕੋਸ਼ ਅਨੁਸਾਰ ‘ਅਸ਼ਲੀਲਤਾ`, ‘ਅਸ਼ਲੀਲ` ਵਿਸ਼ੇਸ਼ਣ ਤੋਂ ਬਣੀ ਭਾਵ-ਵਾਚਕ ਸੰਗਿਆ ਹੈ ਅਤੇ ਇਸ ਦਾ ਅਰਥ ਹੈ ‘ਅਸ਼ਲੀਲ ਹੋਣ ਦੀ ਹਾਲਤ, ਗੁਣ ਜਾਂ ਭਾਵ`। ‘ਅਸ਼ਲੀਲ` ਸ਼ਬਦ ਦਾ ਅਰਥ ਹੈ – ਉਹ ਸਭ ਕੁੱਝ ਜੋ ਨੈਤਿਕ (ਇਖ਼ਲਾਕੀ) ਅਤੇ ਸਮਾਜਿਕ ਆਦਰਸ਼ਾਂ ਤੋਂ ਡਿਗਿਆ ਹੋਇਆ ਅਤੇ ਸਭ੍ਯ (ਜਾਂ ਸ਼ਿਸ਼ਟ) ਸਮਾਜ ਦੀ ਰੁਚੀ ਦੇ ਖ਼ਿਲਾਫ਼ ਹੋਵੇ। ਇਸ ਤਰ੍ਹਾਂ ਅਸ਼ਲੀਲ (ਨੰਗੇਜ-ਭਰੇ) ਸ਼ਬਦਾਂ ਦਾ ਇਸਤੇਮਾਲ ਕਰਨਾ, ਕਿਸੇ ਅਸ਼ਲੀਲ ਦ੍ਰਿਸ਼ ਦਾ ਚਿਤ੍ਰਣ ਕਰਨਾ ਜਾਂ ਅਸ਼ਲੀਲ ਕਿਰਿਆਵਾਂ ਦਾ ਵਰਣਨ ਕਰਨਾ ਆਦਿ ਅਸ਼ਲੀਲਤਾ ਦੇ ਘੇਰੇ ਵਿੱਚ ਹੀ ਆਉਂਦੇ ਹਨ।

ਸਾਡੇ ਸਮਾਜ ਵਿੱਚ ਵਿਆਹ ਤੋਂ ਪਹਿਲਾਂ ਕਿਸੇ ਲੜਕੇ ਲੜਕੀ ਦੁਆਰਾ ਆਪਸ ਵਿੱਚ ਬਣਾਏ ਕਾਮ ਸੰਬੰਧਾਂ ਨੂੰ ਆਚਰਣ-ਹੀਨਤਾ ਆਖਿਆ ਜਾਂਦਾ ਹੈ। ਵਿਆਹ ਤੋਂ ਪਹਿਲਾਂ ਦੇ ਉਨ੍ਹਾਂ ਦੇ ਇਸ ਸੰਬੰਧ ਨੂੰ ਅਨੈਤਿਕ ਸਮਝਿਆ ਜਾਂਦਾ ਹੈ। ਜੇ ਵਿਆਹ ਤੋਂ ਪਹਿਲਾਂ ਕਿਸੇ ਦੇ ਸੰਤਾਨ ਪੈਦਾ ਹੋ ਜਾਵੇ ਜਾਂ ਉਮੀਦਵਾਰੀ ਹੀ ਲੱਗ ਜਾਵੇ ਤਾਂ ਇਸ ਤੋਂ ਵੱਡਾ ਕਲੰਕ ਕੋਈ ਨਹੀਂ ਸਮਝਿਆ ਜਾਂਦਾ। ਅਜਿਹੀ ਸੰਤਾਨ ਨੂੰ ਹਰਾਮੀ ਜਾਂ ਨਾਜਾਇਜ਼ ਆਖਿਆ ਜਾਂਦਾ ਹੈ। ਆਪਣੀ ਧੀ ਨਾਲ ਨਾਜਾਇਜ਼ ਸੰਬੰਧ ਬਨਾਉਣ ਵਾਲੇ ਲੜਕੇ ਜਾਂ ਮਰਦ ਨੂੰ ਲੋਕ ਜਾਨੋਂ ਮਾਰਨ ਤੱਕ ਜਾਂਦੇ ਹਨ। ਜਦਕਿ ਵਿਆਹ ਵੇਲੇ ਉਹੀ ਮਾਂ ਪਿਓ ਆਪਣੀ ਧੀ ਨੂੰ ਬੈਂਡ ਵਾਜੇ ਵਜਾ ਕੇ, ਨਾਲ ਵੱਡੇ ਦਹੇਜ ਅਤੇ ਤੋਹਫੇ ਦੇ ਕੇ, ਉਸ ਲਈ ਚੁਣੇ ਲੜਕੇ ਨਾਲ ਤੋਰਦੇ ਹਨ। ਇਹ ਜਾਣਦੇ ਹੋਏ ਵੀ ਕਿ ਵਿਆਹ ਤੋਂ ਬਾਅਦ ਉਸ ਨੇ ਆਪਣੇ ਪਤੀ ਨਾਲ ਉਹੀ ਸਰੀਰਕ ਸੰਬੰਧ ਬਨਾਉਣੇ ਹਨ। ਵਿਆਹ ਤੋਂ ਬਾਅਦ ਲੋਕਾਈ ਸੰਤਾਨ ਵਾਸਤੇ ਤਰਸਦੀ ਹੈ, ਹਾਲਾਂਕਿ ਉਸ ਦੀ ਉਤਪਤੀ ਵੀ ਕਾਮ ਸੰਬੰਧਾਂ ਰਾਹੀਂ ਹੀ ਹੁੰਦੀ ਹੈ। ਇਸੇ ਤਰ੍ਹਾਂ ਵਿਆਹ ਤੋਂ ਬਾਅਦ ਔਰਤ ਵਲੋਂ ਆਪਣੇ ਪਤੀ ਤੋਂ ਇਲਾਵਾ ਕਿਸੇ ਦੂਸਰੇ ਮਰਦ ਨਾਲ ਜਾਂ ਮਰਦ ਵਲੋਂ ਆਪਣੀ ਪਤਨੀ ਤੋਂ ਇਲਾਵਾ ਕਿਸੇ ਦੂਸਰੀ ਔਰਤ ਨਾਲ ਬਣਾਏ ਕਾਮ ਸੰਬੰਧ ਵੀ ਕੇਵਲ ਨਾਜਾਇਜ਼ ਹੀ ਨਹੀਂ ਬਲਕਿ ਅਨੈਤਿਕ ਅਤੇ ਆਚਰਣ-ਹੀਨਤਾ ਅਖਵਾਉਂਦੇ ਹਨ। ਗੁਰਬਾਣੀ ਚੇਤਾਵਨੀ ਦਿੰਦੀ ਹੈ:

"ਘਰ ਕੀ ਨਾਰਿ ਤਿਆਗੈ ਅੰਧਾ।। ਪਰ ਨਾਰੀ ਸਿਉ ਘਾਲੈ ਧੰਧਾ।। " (ਗੁਰੂ ਗ੍ਰੰਥ ਸਾਹਿਬ, ਪੰਨਾ ੧੧੬੪)

ਪਤੀ ਪਤਨੀ ਦੇ ਰਿਸ਼ਤੇ ਨੂੰ ਸਮਾਜਿਕ ਅਤੇ ਧਾਰਮਿਕ ਪ੍ਰਵਾਨਗੀ ਪ੍ਰਾਪਤ ਹੈ। ਉਨ੍ਹਾਂ ਦਾ ਆਪਸ ਵਿੱਚ ਕਾਮ ਸੰਬੰਧ ਬਨਾਉਣਾ ਗ੍ਰਿਹਸਥ ਧਰਮ ਅਖਵਾਉਂਦਾ ਹੈ। ਪਤੀ ਪਤਨੀ ਦੇ ਪੜਦੇ ਵਿੱਚ ਬਣਾਏ ਕਾਮ ਸੰਬੰਧਾਂ ਨੂੰ ਉਨ੍ਹਾਂ ਦਾ ਪ੍ਰੇਮ ਸੰਬੰਧ ਆਖਿਆ ਜਾਂਦਾ ਹੈ। ਪਰੰਤੂ ਪਤੀ ਪਤਨੀ ਦੁਆਰਾ ਇਹੀ ਕਰਮ ਦੁਨਿਆਂ ਦੇ ਸਾਹਮਣੇ ਕੀਤਾ ਜਾਣਾ ਅਸ਼ਲੀਲਤਾ ਅਖਵਾਉਂਦਾ ਹੈ। ਆਪਣੇ ਗੁਪਤ ਅੰਗਾਂ ਦਾ ਨੰਗੇਜ਼ ਵੀ ਅਸ਼ਲੀਲਤਾ ਦਾ ਹੀ ਭਾਗ ਹੈ। ਇਸ ਤੋਂ ਇਲਾਵਾ ਕਾਮ ਅੰਗਾਂ ਅਤੇ ਕਾਮ ਸੰਬੰਧਾਂ ਦਾ ਨੰਗੇਜ਼ ਭਰਪੂਰ ਸ਼ਬਦਾਂ ਨਾਲ ਪ੍ਰਗਟਾਵਾ ਕਰਨਾ (ਭਾਵੇਂ ਲਿੱਖ ਕੇ ਜਾਂ ਬੋਲ ਕੇ) ਵੀ ਵੱਡੀ ਅਸ਼ਲੀਲਤਾ ਮੰਨਿਆ ਜਾਂਦਾ ਹੈ।

ਕਿਸੇ ਅੱਖੀਂ ਵੇਖੀ ਅਸ਼ਲੀਲ ਘਟਨਾ ਦਾ ਵਰਨਣ ਕਰਨ ਦੇ ਦੋ ਤਰੀਕੇ ਹਨ, ਉਸ ਨੂੰ ਪੜਦੇ ਵਾਲੇ ਸਭਯ ਸ਼ਬਦਾਂ ਨਾਲ ਦਸਣਾ ਅਤੇ ਦੂਸਰਾ ਉਸ ਦਾ ਰਸ ਲੈਕੇ, ਚਸਕੇ ਲਾਕੇ ਸਿੱਧੇ ਨੰਗੇਜ਼ ਭਰਪੂਰ ਸ਼ਬਦਾਂ ਨਾਲ ਬਿਆਨ ਕਰਨਾ।

ਉਦਾਹਰਨ ਦੇ ਤੌਰ ਤੇ ਕੋਈ ਵਿਅਕਤੀ ਕਿਸੇ ਜੋੜੇ ਨੂੰ ਕਾਮ ਕਿਰਿਆ ਵਿੱਚ ਵੇਖ ਲਵੇ ਤਾਂ ਉਸ ਦਾ ਇਹ ਕਹਿ ਦੇਣਾ ਕਿ ਮੈਂ ਉਨ੍ਹਾਂ ਨੂੰ ਇਤਰਾਜ਼ ਯੋਗ ਹਾਲਤ ਵਿੱਚ ਵੇਖਿਆ ਜਾਂ ਸ਼ਰਮਨਾਕ ਹਰਕਤਾਂ ਕਰਦੇ ਵੇਖਿਆ, ਸਾਰੀ ਸੱਚਾਈ ਬਿਆਨ ਕਰਨ ਲਈ ਕਾਫੀ ਹੈ। ਕੋਈ ਵੀ ਸਭਯ ਵਿਅਕਤੀ ਇਹੀ ਤਰੀਕਾ ਵਰਤੇਗਾ।

ਦੂਸਰਾ ਤਰੀਕਾ ਹੈ, ਸੁਆਦ ਲੈ-ਲੈਕੇ ਉਸ ਘਟਨਾ ਦੇ ਇੱਕ ਇੱਕ ਸੀਨ, ਇਕ-ਇਕ ਕਿਰਿਆ ਦਾ ਉਨ੍ਹਾਂ ਦੇ ਗੁਪਤ ਅੰਗਾਂ ਦੇ ਨਾਂਅ ਆਦਿ ਵਰਤ ਕੇ, ਨੰਗੇਜ਼ ਭਰਪੂਰ ਸ਼ਬਦਾਂ ਨਾਲ ਬਿਆਨ ਕਰਨਾ, ਜਿਵੇਂ "ਉਨ੍ਹਾਂ ਨੇ ਪਹਿਲਾਂ ਇਹ ਹਰਕਤ ਕੀਤੀ, ਫੇਰ ਇਹ ਗੰਦ ਘੋਲਿਆ ਅਤੇ ਫੇਰ ਇਹ ਖੇਹ ਖਾਧੀ, ਆਦਿ ਆਦਿ … "। ਇਹ ਤਰੀਕਾ ਆਮ ਤੌਰ ਤੇ ਘਟੀਆ ਕਿਸਮ ਦੇ ਆਚਰਣਹੀਨ ਲੋਕਾਂ ਵਲੋਂ ਆਪਣੇ ਚਸਕੇ ਲੈਣ ਲਈ ਵਰਤਿਆ ਜਾਂਦਾ ਹੈ।

ਆਓ! ਹੁਣ ਇਹ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਬਚਿੱਤ੍ਰ ਨਾਟਕ ਨਾਮੀ ਪੁਸਤਕ ਵਿੱਚਲੀਆਂ ਕੁੱਝ ਰਚਨਾਵਾਂ, ਜਿਨ੍ਹਾਂ ਨੂੰ ਅਨੈਤਿਕ, ਅਸ਼ਲੀਲ ਜਾਂ ਆਚਰਣਹੀਨਤਾ ਵਾਲੀਆਂ ਕਿਹਾ ਜਾ ਰਿਹਾ ਹੈ, ਕੀ ਉਹ ਸੱਚਮੁੱਚ ਹੀ ਅਨੈਤਿਕ, ਅਸ਼ਲੀਲ ਅਤੇ ਆਚਰਣ-ਹੀਨਤਾ ਫੈਲਾਉਣ ਵਾਲੀਆਂ ਹਨ ਜਾਂ ਉਨ੍ਹਾਂ ਤੋਂ ਕੋਈ ਚੰਗੀ ਆਚਰਣ ਉਸਾਰੀ ਵਾਲੀ ਸਿਖਿਆ ਵੀ ਮਿਲਦੀ ਹੈ?

ਦੂਸਰਾ ਇਹ ਵੇਖਣ ਦੀ ਵੀ ਕੋਸ਼ਿਸ਼ ਕਰਦੇ ਹਾਂ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਕਿਧਰੇ ਕੋਈ ਅਸ਼ਲੀਲਤਾ ਦਾ ਅੰਸ਼ ਹੈ, ਜਿਵੇਂ ਕਿ ਅੱਜ ਬਚਿੱਤ੍ਰ ਨਾਟਕ ਦੇ ਸ਼ਰਧਾਲੂਆਂ ਵਲੋਂ ਪਰਚਾਰਿਆ ਜਾ ਰਿਹਾ ਹੈ?

ਪਹਿਲਾਂ ਬਚਿੱਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਪੁਸਤਕ ਅੰਦਰ ਝਾਤੀ ਮਾਰਦੇ ਹਾਂ। ਇਸ ਪੁਸਤਕ ਅੰਦਰ ਦਾ ਇੱਕ ਵਡਾ ਭਾਗ ਹੈ, ‘ਪਖਯਾਨ ਚਰਿਤ੍ਰ" ਭਾਵ ਤ੍ਰਿਆ ਚਰਿਤ੍ਰ। ਇਹ ਭਾਗ ਪੁਸਤਕ ਦੇ ੮੦੯ ਪੰਨੇ ਤੋਂ ਸ਼ੁਰੂ ਹੁੰਦਾ ਹੈ ਅਤੇ ੧੩੮੬ ਪੰਨੇ ਤੇ ਸਮਾਪਤ ਹੁੰਦਾ ਹੈ। ਇਸ ਤਰ੍ਹਾਂ ਇਹ ਭਾਗ ਕੁਲ ੫੭੮ ਪੰਨਿਆਂ ਵਿੱਚ ਫੈਲਿਆ ਹੋਇਆ ਹੈ। ਇਨ੍ਹਾਂ ੫੭੮ ਪੰਨਿਆਂ ਵਿੱਚ ਕੁੱਲ ੪੦੪ ਚਰਿਤ੍ਰ ਹਨ। ਇਸ ਭਾਗ ਦੀ ਸ਼ੁਰੂਆਤ, ਇਸ ਦਾ ਲਿਖਾਰੀ ‘ਸ੍ਰੀ ਭਗਉਤੀ ਜੀ ਸਹਾਇ` (ਪੁਰਾਤਨ ਹਸਤ ਲਿਖਤ ਖਰੜਿਆਂ ਵਿੱਚ "ਸ੍ਰੀ ਭਗੌਤੀ ਏ ਨਮ" ਲਿਖਿਆ ਹੋਇਆ ਹੈ) ਲਿਖ ਕੇ, ਬਾਕੀ ਭਾਗਾਂ ਦੀ ਤਰ੍ਹਾਂ ਪਹਿਲਾਂ ਭਗੌਤੀ ਦੇਵੀ ਦੀ ਅਰਾਧਨਾ ਕਰਕੇ ਕਰਦਾ ਹੈ। ਉਸ ਤੋਂ ਬਾਅਦ ਇਸ ਭਾਗ ਦਾ ਨਾਂ ਲਿਖਿਆ ਹੈ, "ਅਥ ਪਖੑਯਾਨ ਚਰਿਤ੍ਰ ਲਿਖੑਯਤੇ" ਇਸਦੇ ਪਹਿਲੇ ਚਰਿਤ੍ਰ ਦੇ ਕੁਲ ੪੮ ਬੰਦ ਹਨ ਅਤੇ ਸਾਰੀ ਰਚਨਾ ਵਿੱਚ ਭਗੌਤੀ ਦੇਵੀ ਦੀ ਉਸਤਤਿ ਹੈ, ਜੋ ਕਿ ਇੱਕ ਹਿੰਦੂ ਗ੍ਰੰਥ "ਮਾਰਕੰਡੇ ਪੁਰਾਣ ਦੇ ਦੁਰਗਾ-ਸਪਤਸ਼ਤੀ ਅਧਯਾਯ" ਦਾ ਤਰਜੁਮਾ (translation) ਹੈ। ਇਸ ਗੱਲ ਦੀ ਪ੍ਰੋੜਤਾ ਇਸ ਦਾ ਲਿਖਾਰੀ ਆਪ ਵੀ ਪਹਿਲੇ ਚਰਿਤ੍ਰ ਦੀ ਸਮਾਪਤੀ ਤੇ ਇਹ ਲਿਖ ਕੇ ਕਰਦਾ ਹੈ, "ਇਤਿ ਸ੍ਰੀ ਚਰਿਤ੍ਰ ਪਖੑਯਾਨੇ ਚੰਡੀ ਚਰਿਤ੍ਰੇ ਪ੍ਰਥਮ ਧੑਯਾਇ ਸਮਾਪਤ ਸਤੁ ਸੁਭਮ ਸਤੁ। "

ਪਖੑਯਾਨ ਚਰਿਤ੍ਰ ਦੇ ਆਖਰੀ ੪੦੪ਵੇਂ ਚਰਿਤ੍ਰ ਵਿੱਚ ਦੈਤਾਂ ਅਤੇ ਦੇਵਤਾ (ਮਹਾਂਕਾਲ) ਦੇ ਜੰਗ ਦਾ ਵਰਨਣ ਹੈ, ਜਿਸ ਦੇ ਕੁਲ ੪੦੫ ਬੰਦ ਹਨ। ਇਸੇ ਦੇ ੩੭੭ ਵੇਂ ਬੰਦ ਤੋਂ ‘ਕਬਿਓ ਬਾਚ ਬੇਨਤੀ ਚੌਪਈ` ਸ਼ੁਰੂ ਹੁੰਦੀ ਹੈ। ਇਸੇ ਦੇ ੩੭੭ ਤੋਂ ੪੦੧ (੨੫) ਬੰਦ ਲੈਕੇ, ਆਪੇ ੧ ਤੋਂ ੨੫ ਨੰਬਰ ਬਦਲ ਕੇ, ਸਮਝੋਤਾ-ਵਾਦੀ-ਮੋਜੂਦਾ ਸਿਖ ਰਹਤ ਮਰਯਾਦਾ ਮੁਤਾਬਕ ਨਿਤਨੇਮ ਵਿੱਚ ਸ਼ਾਮਲ ਕੀਤੀ ਹੋਈ ਹੈ। ਇਹ ਬੇਨਤੀ ਲਿਖਾਰੀ ਕਵੀ ਸਯਾਮ ਨੇ ਸਰੀਰ-ਧਾਰੀ ਦੇਵਤਾ ਮਹਾਕਾਲ ਅੱਗੇ ਕੀਤੀ ਹੈ, ਨਾ ਕਿ ਨਿਰਾਕਾਰ ਅਕਾਲ-ਪੁਰਖ ਅੱਗੇ। (ਇਥੇ ਸਹਿਜੇ ਹੀ ਸਵਾਲ ਪੈਦਾ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਤਬਦੀਲੀ ਦੀ ਕਿਉਂ ਲੋੜ ਪਈ ਅਤੇ ਇਸ ਤਬਦੀਲ਼ੀ ਦੀ ਇਜਾਜ਼ਤ ਕਿਸ ਨੇ ਦਿੱਤੀ?)

ਇਨ੍ਹਾਂ ਦੋ ਚਰਿਤ੍ਰਾਂ ਨੂੰ ਛੱਡ ਕੇ ਬਾਕੀ ੪੦੨ ਚਰਿਤ੍ਰਾਂ ਵਿੱਚ, ਇਕ-ਅੱਧੀ ਕਹਾਣੀ ਨੂੰ ਛੱਡ ਕੇ ਬਾਕੀ ਸਭ ਕਾਮ ਭਰਪੂਰ, ਰੋਮਾਂਸਵਾਦੀ ਕਹਾਣੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਚਰਿਤ੍ਰਾਂ ਵਿੱਚ, ਇੱਕ ਚਰਿਤ੍ਰ ਵਿੱਚ ਇੱਕ ਨਵੀਂ ਕਹਾਣੀ ਹੈ ਪਰ ਕੁੱਝ ਜਗ੍ਹਾ ਤੇ ਇਕੋ ਕਹਾਣੀ ਦੋ ਜਾਂ ਤਿੰਨ ਚਰਿਤ੍ਰਾਂ ਵਿੱਚ ਚਲਦੀ ਹੈ। ਇਨ੍ਹਾਂ ਸਾਰੀਆਂ ਕਹਾਣੀਆਂ ਵਿੱਚੋਂ ਕੇਵਲ ਇੱਕ ਕਹਾਣੀ ਹੀ ਐਸੀ ਹੈ ਜਿਸ ਵਿੱਚ ਉਸ ਦਾ ਨਾਇਕ ਇਹ ਕਹਿੰਦਾ ਹੈ ਕਿ ਮੇਰੇ ਮਾਤਾ ਪਿਤਾ ਨੇ ਮੈਨੂੰ ਇਹ ਸਿਖਿਆ ਦਿੱਤੀ ਹੈ ਕਿ ਆਪਣੀ ਪਤਨੀ ਨੂੰ ਛੱਡ ਕੇ ਕਿਸੇ ਹੋਰ ਇਸਤ੍ਰੀ ਨਾਲ ਕਾਮ ਸੰਬੰਧ ਨਹੀਂ ਬਨਾਉਣੇ। ਬਾਕੀ ਹੋਰ ਕਿਸੇ ਕਹਾਣੀ ਵਿੱਚ ਐਸਾ ਇੱਕ ਸ਼ਬਦ ਵੀ ਨਹੀਂ ਮਿਲਦਾ। ਸ਼ਬਦਾਵਲੀ ਸਭ ਦੀ ਵੱਧ ਤੋਂ ਵੱਧ ਕਾਮ ਉਕਸਾਊ ਅਤੇ ਆਚਰਣ-ਹੀਨਤਾ ਵਲ ਪ੍ਰੇਰਿਤ ਕਰਨ ਵਾਲੀ ਹੈ। ਉਸ ਇੱਕ ਕਹਾਣੀ ਦੀ ਗੱਲ ਬਾਅਦ ਵਿੱਚ ਕਰਾਂਗੇ, ਪਹਿਲਾਂ ਹੋਰ ਚਰਿਤ੍ਰਾਂ ਵਿਚੋਂ ਨਮੂਨੇ ਵਜੋਂ ਕੁੱਝ ਪ੍ਰਮਾਣ ਵੇਖ ਲੈਂਦੇ ਹਾਂ:

ਪਹਿਲਾਂ ਬਚਿੱਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਨਾਮੀ ਪੁਸਤਕ ਵਿਚਲੀ ਰਚਨਾ ਚਰਿਤ੍ਰੋਪਖ੍ਯਾਨ (ਤ੍ਰਿਆ ਚਰਿਤ੍ਰ) ਦੇ ੧੬੦ਵੇਂ ਚਰਿਤ੍ਰ ਨਾਲ ਸ਼ੁਰੂਆਤ ਕਰਦੇ ਹਾਂ। ਇਸ ਦੀ ਕਹਾਣੀ ਇਸ ਤਰ੍ਹਾਂ ਹੈ ਕਿ ਕਿਸੇ ਤਿਰਹੁਤ ਦੇਸ਼ ਦਾ ਇੱਕ ਰਾਜਾ ਸੀ ਬਲਵੰਤ ਸਿੰਘ, ਜਿਸ ਦੀਆਂ ੬੦ ਰਾਣੀਆਂ ਸਨ। ਉਹ ਸਾਰੀਆਂ ਬਹੁਤ ਸੁੰਦਰ ਸਨ। ਉਹ ਸਾਰੀਆਂ ਨਾਲ ਵਾਰੀ ਵਾਰੀ ਸੰਭੋਗ ਕਰਦਾ ਸੀ। ਉਨ੍ਹਾਂ ਵਿੱਚੋਂ ਇੱਕ ਰਾਣੀ ਰੁਕਮ ਕਲਾ ਬਾਕੀਆਂ ਨਾਲੋਂ ਵਧੇਰੇ ਸੁੰਦਰ ਵੀ ਸੀ ਅਤੇ ਉਸ ਨੂੰ ਕਾਮ ਕ੍ਰੀੜਾ ਦਾ ਵਧੇਰੇ ਝਸ ਸੀ। ਉਸ ਨੂੰ ਜਦੋਂ ਕਾਮ ਸਤਾਉਂਦਾ ਉਹ ਆਪਣੀ ਕਿਸੇ ਦਾਸੀ ਨੂੰ ਭੇਜ ਕੇ ਰਾਜੇ ਨੂੰ ਬੁਲਾ ਲੈਂਦੀ।

ਇਕ ਦਿਨ ਉਸ ਨੇ ਕ੍ਰਿਸਨ ਕਲਾ ਨਾਂਅ ਦੀ ਆਪਣੀ ਇੱਕ ਦਾਸੀ ਨੂੰ ਰਾਜੇ ਨੂੰ ਬੁਲਾਉਣ ਲਈ ਭੇਜਿਆ। ਉਹ ਦਾਸੀ ਵੀ ਸੁੰਦਰ ਅਤੇ ਜੁਆਨ ਸੀ ਅਤੇ ਉਸ ਦਾਸੀ ਦੇ ਆਪਣੇ ਉਤੇ ਹੀ ਕਾਮ ਸਵਾਰ ਹੋ ਗਿਆ। ਉਸ ਨੇ ਰਾਜੇ ਨੂੰ ਕਿਹਾ ਕਿ ਉਹ ਉਸ ਤੇ ਮੋਹਿਤ ਹੋ ਗਈ ਹੈ ਅਤੇ ਬੇਨਤੀ ਕੀਤੀ ਕਿ ਉਹ ਉਸ ਨਾਲ ਕਾਮ ਕ੍ਰੀੜਾ ਕਰੇ। ਰਾਜਾ ਵੀ ਉਸ ਤੇ ਮੋਹਿਤ ਹੋ ਗਿਆ ਅਤੇ ਦੋਨਾਂ ਨੇ ਰਲ ਕੇ ਜੋ ਗੰਦ ਘੋਲਿਆ, ਉਸ ਦੇ ਵਰਨਣ ਅਗਲੇ ਪੰਜ ਬੰਦਾਂ ਵਿੱਚ ਇੰਝ ਕੀਤਾ ਗਿਆ ਹੈ:

ਸੁਧਿ ਭੂਲੀ ਮੋਰੀ ਸਭੈ ਬਿਰਹ ਬਿਕਲ ਭਯੋ ਅੰਗ। ਕਾਮ ਕੇਲ ਮੋ ਸੌ ਕਰੌ ਗਹਿ ਗਹਿ ਰੇ ਸਰਬੰਗ। ੬। `

ਅਰਥ: ਮੇਰੀ ਸਾਰੀ ਸੁੱਧ ਬੁੱਧ ਚਲੀ ਗਈ ਹੈ ਅਤੇ ਮੇਰਾ ਸਰੀਰ ਬਿਰਹੋਂ ਨਾਲ ਵਿਆਕੁਲ ਹੋ ਗਿਆ ਹੈ। ਹੇ ਰਾਜਨ! ਸਾਰੇ ਅੰਗ ਫੜ ਫੜ ਕੇ ਮੇਰੇ ਨਾਲ ਕਾਮ-ਕ੍ਰੀੜਾ ਕਰੋ।

‘ਚੌਪਈ`

ਜਬ ਰਾਜੇ ਐਸੇ ਸੁਨਿ ਪਾਯੋ। ਤਾ ਕੇ ਭੋਗ ਹੇਤ ਲਲਚਾਯੋ।

ਲਪਟਿ ਲਪਟਿ ਤਾ ਸੌ ਰਤਿ ਕਰੀ। ਚਿਮਟਿ ਚਿਮਟਿ ਆਸਨ ਤਨ ਧਰੀ। ੭। `

ਅਰਥ: ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ ਤਾਂ ਉਸ ਨਾਲ ਭੋਗ ਕਰਨ ਲਈ ਲਲਚਾ ਗਿਆ। ਉਸ ਨਾਲ ਲਿਪਟ ਲਿਪਟ ਕੇ ਕਾਮ-ਕ੍ਰੀੜਾ ਕੀਤੀ ਅਤੇ ਚਿਮਟਿ ਚਿਮਟਿ ਕੇ ਆਸਣ ਧਾਰਨ ਕੀਤੇ।

ਚਿਮਟਿ ਚਿਮਟਿ ਤਾ ਸੌ ਰਤਿ ਮਾਨੀ। ਕਾਮਾਤੁਰ ਹਵੈ ਤ੍ਰਿਯ ਲਪਟਾਨੀ।

ਨ੍ਰਿਪ ਬਰ ਛਿਨਿਕ ਨ ਛੋਰਿਯੋ ਭਾਵੈ। ਗਹਿ ਗਹਿ ਤਾਹਿ ਗਰੇ ਸੌ ਲਾਵੈ। ੮। `

ਅਰਥ: ਚਿਮਟ ਚਿਮਟ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ ਅਤੇ ਕਾਮ ਨਾਲ ਆਤੁਰ ਹੋਈ ਇਸਤਰੀ ਲਿਪਟੀ ਰਹੀ। ਉਹ ਰਾਜੇ ਨੂੰ ਛਿਣ ਭਰ ਲਈ ਵੀ ਛਡਣਾ ਨਹੀਂ ਚਾਹੁੰਦੀ ਸੀ ਅਤੇ ਫੜ ਫੜ ਕੇ ਉਸਨੂੰ ਗਲੇ ਨਾਲ ਲਗਾਉਂਦੀ ਸੀ

‘ਦੋਹਰਾ` ‘ਭਾਤਿ ਭਾਤਿ ਆਸਨ ਲਏ ਚੁੰਬਨ ਕਰੇ ਬਨਾਇ। ਚਿਮਟਿ ਚਿਮਟਿ ਭੋਗਤ ਭਯੋ ਗਨਨਾ ਗਨੀ ਨ ਜਾਇ। ੯। `

ਅਰਥ: ਉਸ ਨੇ ਭਾਂਤ ਭਾਂਤ ਦੇ ਆਸਣ ਬਣਾਏ ਅਤੇ ਚੁੰਬਨ ਲਏ। ਚਿਮਟ ਚਿਮਟ ਕੇ ਭੋਗ ਵਿਲਾਸ ਕੀਤਾ ਜਿਸਦਾ ਵਰਣਨ ਨਹੀਂ ਕੀਤਾ ਜਾ ਸਕਦਾ।

"ਖਾਇ ਬੰਧੇਜਨ ਕੀ ਬਰਿਯੈ ਨ੍ਰਿਪ ਭਾਂਗ ਚਬਾਇ ਅਫੀਮ ਚੜਾਈ। ਪੀਤ ਸਰਾਬ ਬਿਰਾਜਤ ਸੁੰਦਰ ਕਾਮ ਕੀ ਰੀਤਿ ਸੌ ਪ੍ਰੀਤ ਮਚਾਈ। ਆਸਨ ਔਰ ਅਲਿੰਗਨ ਚੁੰਬਨ ਭਾਤਿ ਅਨੇਕ ਲੀਏ ਸੁਖਦਾਈ। ਯੌ ਤਿਹ ਤੋਰਿ ਕੁਚਾਨ ਮਰੋਰਿ ਸੁ ਭੋਰ ਲਗੇ ਝਕਝੋਰਿ ਬਜਾਈ। ੧੦। "

ਅਰਥ: ‘ਬੀਰਜ ਰੋਕਣ ਦੀਆਂ ਬਟੀਆਂ ( ‘ਬਰਿਯੈ`) ਖਾ ਕੇ ਰਾਜੇ ਨੇ ਭੰਗ ਚਬੀ ਅਤੇ ਅਫੀਮ ਚੜ੍ਹਾ ਲਈ। ਸ਼ਰਾਬ ਪੀ ਕੇ ਡਟ ਗਏ ਅਤੇ ਕਾਮ ਦੀ ਸੁੰਦਰ ਰੀਤ ਨਾਲ ਪ੍ਰੇਮ ਨੂੰ ਪ੍ਰਗਟ ਕੀਤਾ। ਸੁਖਦਾਇਕ ਆਸਣ, ਆਲਿੰਗਨ ਅਤੇ ਚੁੰਬਨ ਅਨੇਕ ਤਰ੍ਹਾਂ ਨਾਲ ਕੀਤੇ। ਉਸ ਦੀਆਂ ਛਾਤੀਆਂ ਤੋੜ ਮੋੜ ਕ, ਉਹੇ ਸਵੇਰ ਤਕ ਚੰਗੀ ਤਰ੍ਹਾਂ ਵਜਾਈ, ਭਾਵ ਉਸ ਨਾਲ ਰਤੀ ਮਨਾਈ। `

ਸਾਰੀ ਰਾਤ ਭੋਗ ਦਾ ਆਨੰਦ ਮਾਣ ਕੇ ਜਦੋਂ ਸਵੇਰੇ ਦਾਸੀ ਜਾਣ ਲਗੀ ਤਾਂ ਉਸ ਨੂੰ ਪਤਾ ਨਾ ਲਗਾ ਅਤੇ ਰਾਤ ਦੀ ਮਸਤੀ ਵਿੱਚ ਉਸਨੇ ਰਾਜੇ ਦਾ ਉਪਰ ਲੈਣ ਵਾਲਾ ਕਪੜਾ ਓੜ ਲਿਆ।

ਜਦੋਂ ਦਾਸੀ ਰਾਣੀ ਕੋਲ ਪਹੁੰਚੀ ਤਾਂ ਉਸ ਨੇ ਪੁਛਿਆ ਕਿ ਤੁੰ ਔਖੇ ਔਖੇ ਸਾਹ ਕਿਉਂ ਲੈ ਰਹੀ ਹੈ ਤਾਂ ਦਾਸੀ ਨੇ ਜੁਆਬ ਦਿੱਤਾ ਕਿ ਮੈਂ ਤੇਰੇ ਲਈ ਇਥੋਂ ਦੌੜਦੀ ਹੋਈ ਗਈ ਸਾਂ। ਰਾਣੀ ਨੇ ਪੁਛਿਆ ਕਿ ਤੇਰੇ ਵਾਲ ਕਿਉਂ ਖੁਲ੍ਹੇ ਹੋਏ ਹਨ ਅਤੇ ਜ਼ੁਲਫ਼ਾਂ ਕਿਉਂ ਲਟਕ ਰਹੀਆਂ ਹਨ ਤਾਂ ਉਸ ਨੇ ਜੁਆਬ ਦਿੱਤਾ ਕਿ ਮੈਂ ਤੇਰੇ ਲਈ ਰਾਜੇ ਦੇ ਪੈਰੀ ਪਈ ਸਾਂ। ਜਦ ਰਾਣੀ ਨੇ ਪੁੱਛਿਆ ਕਿ ਤੇਰੇ ਹੋਠਾਂ ਦੀ ਲਾਲੀ ਕਿਥੇ ਗਈ ਤਾਂ ਦਾਸੀ ਨੇ ਕਿਹਾ ਕਿ ਤੇਰੀ ਬਹੁਤ ਤਰ੍ਹਾਂ ਨਾਲ ਵਡਿਆਈ ਕਰਨ ਕਰ ਕੇ ਲਾਲੀ ਖ਼ਤਮ ਹੋ ਗਈ। ਅਖੀਰ ਰਾਣੀ ਨੇ ਪੁਛਿਆ ਕਿ ਉਹ ਤੂੰ ਬਸਤ੍ਰ ਕਿਸ ਦਾ ਲਿਆ ਹੋਇਆ ਹੈ ਤਾਂ ਉਸ ਜੁਆਬ ਦਿੱਤਾ ਕਿ ਉਥੋਂ ਤੁਹਾਡੇ ਲਈ ਪ੍ਰੇਮ ਵਿੱਚ ਭਰੋਸੇ ਦੀ ਨਿਸ਼ਾਨੀ ਲਿਆਉਂਦੀ ਹੈ।

ਇਸ ਤੋਂ ਬਾਅਦ ਲੇਖਕ ਨੇ ਇਸ ਕਹਾਣੀ (ਚਰਿਤ੍ਰ) ਦੀ ਸਮਾਪਤੀ ਇੰਝ ਕੀਤੀ ਹੈ:

"ਸੁਨਿ ਬਚ ਰਾਨੀ ਚੁਪ ਰਹੀ ਜਾ ਕੇ ਰੂਪ ਅਪਾਰ। ਛਲ ਕੋ ਛਿਦ੍ਰ ਨ ਕਿਛੁ ਲਖਿਯੋ ਇਮ ਛਲਗੀ ਬਰ ਨਾਰਿ। ੧੫। ੧। "

ਅਰਥ: ਜਿਸ ਦਾ ਅਪਾਰ ਸੁੰਦਰ ਰੂਪ ਸੀ, ਉਹ ਰਾਣੀ ਉਸ ਦੇ ਬਚਨ ਸੁਣ ਕੇ ਚੁਪ ਹੋ ਗਈ। ਉਸ ਨੇ ਛਲ ਦਾ ਭੇਦ ਨਾ ਪਾਇਆ। ਇਸ ਤਰ੍ਹਾਂ ਉਹ ਰਾਣੀ ਛਲੀ ਗਈ।

ਪਾਠਕ ਜੀ! ਪਹਿਲਾਂ ਤਾਂ ਇਹ ਸੋਚੋ ਕਿ ਜੋ ਗੰਦ ਉਪਰਲੇ ਪੰਜ ਬੰਦਾਂ ਵਿੱਚ ਘੋਲਿਆ ਗਿਆ ਹੈ ਕੀ ਉਸ ਤੋਂ ਬਗੈਰ ਇਹ ਕਹਾਣੀ ਨਹੀਂ ਸੀ ਲਿਖੀ ਜਾ ਸਕਦੀ? ਸਾਰੀ ਕਹਾਣੀ ਵਿੱਚ ਇੱਕ ਲਫ਼ਜ਼ ਐਸਾ ਨਹੀਂ ਕਿ ਇਹ ਮਾੜੇ ਕਰਮ ਹਨ ਅਤੇ ਨਹੀਂ ਕਰਨੇ। ਸੋ ਹੁਣ ਆਪ ਜੀ ਇਹ ਨਿਰਣਾ ਕਰ ਲਓ ਕਿ ਇਸ ਕਹਾਣੀ ਵਿੱਚੋਂ ਕੀ ਸਿਖਿਆ ਮਿਲਦੀ ਹੈ ਸਿਵਏ ਇਸ ਦੇ ਕਿ ਪਤੀ ਨੂੰ ਧੋਖਾ ਦੇਣਾ ਹੈ, ਪਰਾਏ ਪੁਰਸ਼ ਨਾਲ ਸੰਬੰਧ ਬਨਾਉਣੇ ਅਤੇ ਨਸ਼ੇ ਕਰਨੇ?

ਲਓ ਹੁਣ ਇੱਕ ਹੋਰ ਕਹਾਣੀ ਸੁਣੋ ਜੋ (ਅਖੌਤੀ ਦਸਮ ਗ੍ਰੰਥ) ਨਾਮੀ ਪੁਸਤਕ ਵਿਚਲੀ ਰਚਨਾ ਚਰਿਤ੍ਰੋ ਪਖਯਾਨ (ਤ੍ਰਿਆ ਚਰਿਤ੍ਰ) ਭਾਗ ਦਾ ੩੮੭ਵਾਂ ਚਰਿਤ੍ਰ ਹੈ। ਮਾਰਵਾੜ ਦਾ ਇੱਕ ਰਾਜਾ ਸੀ ਚੰਦ੍ਰ ਸੈਨ। ਉਸ ਦੀ ਰਾਣੀ ਜਗਮੋਹਨ ਦੇਵੀ ਸੀ ਜੋ ਬਹੁਤ ਸੁੰਦਰ ਸੀ।

ਇਕ ਦਿਨ ਰਾਜੇ ਅਤੇ ਉਸ ਦੀ ਪਤਨੀ ਵਿੱਚ ਇੱਕ ਸ਼ਰਤ ਲਗ ਗਈ। ਰਾਜੇ ਨੇ ਕਿਹਾ ਕਿ ਅਜ ਤੱਕ ਕੋਈ ਐਸੀ ਇਸਤ੍ਰੀ ਨਾ ਹੀ ਸੁਣੀ ਹੈ ਅਤੇ ਨਾ ਹੀ ਵੇਖੀ ਹੈ ਜੋ ਪਤੀ ਨੂੰ ਢੋਲ ਦੀ ਢਮਕ ਸੁਣਾਵੇ ਤੇ ਨਾਲ ਹੀ ਆਪਣੇ ਯਾਰ ਨਾਲ ਰਮਣ ਕਰੇ। ਰਾਣੀ ਨੇ ਮਨ ਬਣਾ ਲਿਆ ਕੇ ਮੈਂ ਰਾਜੇ ਨਾਲ ਚਰਿਤ੍ਰ ਕਰ ਕੇ ਵਿਖਾਵਾਂਗੀ ਕਿ ਯਾਰ ਨਾਲ ਰਮਣ ਵੀ ਕਰਾਂ ਤੇ ਢੋਲ ਵੀ ਵਜਾਵਾਂ। ਕੁੱਝ ਦਿਨਾਂ ਬਾਅਦ ਉਸ ਨੇ ਇਹ ਆਦਤ ਬਣਾ ਲਈ ਕਿ ਉਹ ਸਿਰ ਤੇ ਗਾਗਰ ਧਰ ਕੇ ਰਾਜੇ ਲਈ ਪਾਣੀ ਭਰ ਕੇ ਲਿਆਉਂਦੀ। ਉਸ ਨੇ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਵੀ ਇਹ ਗੱਲ ਦਸ ਦਿੱਤੀ ਕਿ ਮੈਂ ਸਿਰ ਤੇ ਗਾਗਰ ਚੁਕ ਕੇ ਰਾਜੇ ਲਈ ਪਾਣੀ ਭਰ ਕੇ ਲਿਆਵਾਂਗੀ।

ਰਾਜਾ ਇਹ ਸੁਣ ਕੇ ਬਹੁਤ ਖੁਸ਼ ਹੋਇਆ ਕਿ ਰਾਣੀ ਆਪਣੇ ਸਿਰ ਤੇ ਘੜਾ ਚੁੱਕ ਕੇ ਲਿਆ ਕੇ ਉਸ ਨੂੰ ਪਾਣੀ ਪਿਆਉਂਦੀ ਹੈ। ਉਹ ਉਸ ਨੂੰ ਬਹੁਤ ਪਤਿਬ੍ਰਤਾ ਸਮਝਣ ਲੱਗ ਪਿਆ।

ਇਕ ਦਿਨ ਰਾਣੀ ਨੇ ਰਾਜੇ ਨੂੰ ਸੁਤੇ ਹੋਏ ਨੂੰ ਜਗਾਇਆ ਤੇ ਹਥ ਵਿੱਚ ਘੜਾ ਲੈਕੇ ਕਿਹਾ ਕਿ ਜਦੋਂ ਤੁਸੀਂ ਢੋਲ ਦੀ ਪਹਿਲੀ ਧਮਕ ਸੁਣੋ ਤਾਂ ਸਮਝ ਜਾਣਾ ਕਿ ਰਾਣੀ ਨੇ ਡੋਲ ਨੂੰ ਖੂਹ ਵਿੱਚ ਲਟਕਾ ਦਿੱਤਾ ਹੈ ਤੇ ਜਦੋਂ ਦੂਜੀ ਭਾਰੀ ਢਮਕ ਸੁਣੋ ਤਾਂ ਸਮਝਣਾ ਕਿ ਰਾਣੀ ਨੇ ਡੋਲ ਖੂਹ ਵਿਚੋਂ ਕਢਿਆ ਹੈ।

ਉਸ ਰਾਣੀ ਦਾ ਇੱਕ ਯਾਰ ਸੀ ਜਿਸ ਦਾ ਨਾਂਅ ਲਹੌਰੀ ਰਾਇ ਸੀ ਜਿਸ ਨਾਲ ਉਸ ਦੇ ਨਾਜਾਇਜ਼ ਸੰਬੰਧ ਸਨ। ਰਾਣੀ ਨੇ ਉਸ ਨੁੰ ਬੁਲਾ ਲਿਆ ਤੇ ਮਨ ਲਾਕੇ ਉਸ ਨਾਲ ਭੋਗ ਕੀਤਾ। ਇਸ ਤੋਂ ਬਾਅਦ ਇਸ ਦਾ ਲੇਖਕ ਇੰਝ ਲਿਖਦਾ ਹੈ:

ਪ੍ਰਥਮ ਜਾਰ ਜਬ ਧਕਾ ਲਗਾਯੋ। ਤਬ ਰਾਨੀ ਲੈ ਢੋਲ ਬਜਾਯੋ।

ਜਬ ਤਿਹ ਲਿੰਗ ਸੁ ਭਗ ਤੇ ਕਾਢਾ। ਤ੍ਰਿਯ ਦਿਯ ਢੋਲ ਢਮਾਕਾ ਗਾਢਾ। ੧੦। `

ਅਰਥ: ਜਦੋਂ ਯਾਰ ਨੇ ਪਹਿਲਾ ਜ਼ੋਰ ਲਗਾਇਆ ਤਦ ਰਾਣੀ ਨੇ ਡੱਗਾ ਲੈ ਕੇ ਢੋਲ ਵਜਾਇਆ। ਜਦੋਂ ਉਸ ਪੁਰਸ਼ ਨੇ ਇੰਦ੍ਰੀ ਨੂੰ ਯੋਨੀ ਤੋਂ ਬਾਹਰ ਕਢਿਆ, ਤਦ ਰਾਣੀ ਨੇ ਤਕੜੀ ਤਰ੍ਹਾਂ ਨਾਲ ਢੋਲ ਢਮਕਾਇਆ।

ਤਬ ਰਾਜੈ ਇਹ ਭਾਤਿ ਬਿਚਾਰੀ। ਡੋਰਿ ਕੂਪ ਤੇ ਨਾਰਿ ਨਿਕਾਰੀ।

ਤਿਨ ਤ੍ਰਿਯ ਭੋਗ ਜਾਰ ਸੌ ਕੀਨਾ। ਰਾਜਾ ਸੁਨਤ ਦਮਾਮੋ ਦੀਨਾ। ੧੧। `

ਅਰਥ: ਤਦ ਰਾਜੇ ਨੇ ਇਸ ਤਰ੍ਹਾਂ ਸੋਚਿਆ ਕਿ ਰਾਣੀ ਨੇ ਰਸੀ ਖੂਹ ਵਿੱਚੋਂ ਕਢੀ ਹੈ। ਉਸ ਇਸਤਰੀ ਨੇ ਯਾਰ ਨਾਲ ਰਮਣ ਵੀ ਕੀਤਾ ਅਤੇ ਰਾਜੇ ਨੂੰ ਸੁਣਨ ਲਈ ਢੋਲ ਵੀ ਵਜਾ ਦਿੱਤਾ।

ਇਸ ਤੋਂ ਬਾਅਦ ਇਸ ਦਾ ਲੇਖਕ ਕਹਾਣੀ ਨੂੰ ਇਸ ਤਰ੍ਹਾਂ ਖਤਮ ਕਰਦਾ ਹੈ:

ਪ੍ਰਥਮ ਜਾਰ ਸੌ ਭੋਗ ਕਮਾਯੋ। ਬਹੁਰੋ ਢੋਲ ਢਮਾਕ ਸੁਨਾਯੋ।

ਭੂਪ ਕ੍ਰਿਯਾ ਕਬਹੂੰ ਨਾ ਬਿਚਾਰੀ। ਕਹਾ ਚਰਿਤ੍ਰ ਕਿਯਾ ਇਮ ਨਾਰੀ। ੧੨। ੧। `

ਅਰਥ: ਪਹਿਲਾਂ ਯਾਰ ਨਾਲ ਭੋਗ ਵੀ ਕੀਤਾ। ਫਿਰ ਰਾਜੇ ਨੂੰ ਢੋਲ ਦੀ ਢਮਕ ਵੀ ਸੁਣਾ ਦਿੱਤੀ। ਰਾਜੇ ਨੇ ਇਸ ਕ੍ਰਿਆ ਨੂੰ ਬਿਲਕੁਲ ਨਾ ਸਮਝਿਆ ਕਿ ਰਾਣੀ ਨੇ ਕੀ ਚਰਿਤ੍ਰ ਕੀਤਾ ਹੈ।

ਪਾਠਕ ਜੀ! ਸਾਰੀ ਕਹਾਣੀ ਵਿੱਚ ਇੱਕ ਵੀ ਸ਼ਬਦ ਐਸਾ ਨਹੀਂ ਜਿਸ ਤੋਂ ਮਾੜੇ ਕਰਮ ਛੱਡ ਕੇ ਉੱਚਾ ਆਚਰਣ ਬਨਾਉਣ ਦੀ ਸਿਖਿਆ ਮਿਲਦੀ ਹੋਵੇ। ਹੁਣ ਜੋ ਇਨ੍ਹਾਂ ਕਹਾਣੀਆਂ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਲਿਖਤ ਮੰਨਦੇ ਹਨ ਅਤੇ ਇਹ ਦਲੀਲ ਦੇਂਦੇ ਹਨ ਕਿ ਸਤਿਗੁਰੁ ਨੇ ਇਹ ਕਹਾਣੀਆਂ ਸਾਨੂੰ ਸਿਖਿਆ ਦੇਣ ਲਈ ਲਿਖੀਆਂ ਹਨ, ਉਹ ਆਪ ਹੀ ਸੋਚ ਵਿਚਾਰ ਕੇ ਦਸਣ ਕਿ ਇਸ ਕਹਾਣੀ ਚੋਂ ਸਿਵਾਏ ਪਤੀ ਨੂੰ ਧੋਖਾ ਦੇਣ, ਉਸ ਨੂੰ ਮੂਰਖ ਬਨਾਉਣ ਅਤੇ ਗ਼ੈਰ ਮਰਦ ਨਾਲ ਨਾਜਾਇਜ਼ ਸੰਬੰਧ ਬਨਾਉਣ ਦੇ, ਹੋਰ ਕਿਹੜੇ ਸ਼ਬਦ ਚੋਂ ਕਿਹੜੀ ਚੰਗੀ ਸਿਖਿਆ ਮਿਲਦੀ ਹੈ?

ਰਾਜਿੰਦਰ ਸਿੰਘ(ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +੯੧ ੯੮੭੬੧ ੦੪੭੨੬
ਈ ਮੇਲ: rajindersinghskp@yahoo.co.in
.