.

ਸੁਖਮਈ ਜੀਵਨ ਅਹਿਸਾਸ (ਭਾਗ-19)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 1 ਤੋਂ 18 ਪੜੋ ਜੀ।

ਅੱਜ ਸੰਸਾਰ ਦੇ ਬਹੁਗਿਣਤੀ ਲੋਕ ਸੁੱਖ ਦੇ ਸਾਧਨਾਂ ਵਿਚੋਂ ਸੁੱਖ ਭਾਲਦੇ ਹਨ। ਸੁੱਖ ਦੇ ਸਾਧਨ ਹੋਣੇ ਚੰਗੀ ਗੱਲ ਹੈ, ਪਰ ਇਹ ਅਸਲ ਸੁੱਖ ਨਹੀਂ। ਅਸਲ ਸੁੱਖ ਤਾਂ ਮਨ ਦੀ ਅਵਸਥਾ ਹੈ, ਜੋ ਖਰੀਦ ਵੇਚ ਤੋਂ ਪਰੇ ਹੈ। ਜਿਵੇਂ ਦੁਨਿਆਵੀਂ ਸੁੱਖ ਦੇ ਸਾਧਨ ਆਪਣੇ ਆਪ ਨਹੀਂ ਮਿਲਦੇ ਉਨ੍ਹਾਂ ਲਈ ਯਤਨਸ਼ੀਲ ਹੋਣਾ ਪੈਂਦਾ ਹੈ ਠੀਕ ਇਸੇ ਤਰਾਂ ਮਨ ਦੀ ਸੁੱਖ ਵਾਲੀ ਅਵਸਥਾ ਲਈ ਵੀ ਕੁੱਝ ਨਾ ਕੁੱਝ ਉੱਦਮ ਕਰਨਾ ਲਾਜ਼ਮੀ ਹੈ। ਸੰਸਾਰਕ ਲੋਕਾਂ ਦੇ ਸੁੱਖ ਲਈ ਜੋ ਅਨੇਕਾਂ ਖੋਜਾਂ ਸਿਰੇ ਚੜ੍ਹੀਆਂ ਹਨ, ਇਹ ਕੋਈ ਅਸਮਾਨੋਂ ਕਰਾਮਾਤ ਬਣ ਕੇ ਨਹੀਂ ਡਿੱਗੀਆਂ ਸਗੋਂ ਵੱਖ-ਵੱਖ ਵਿਗਿਆਨੀਆਂ, ਮਿਹਨਤੀ ਲੋਕਾਂ ਦੇ ਲਗਾਤਾਰ ਉੱਦਮ ਦਾ ਹੀ ਨਤੀਜਾ ਹਨ। ਇਸੇ ਤਰਾਂ ਜਿਹੜੇ ਕੁੱਝ ਨਾ ਕੁੱਝ ਯਤਨ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਇੱਕ ਨ ਇੱਕ ਦਿਨ ਮੰਜ਼ਿਲ ਦੀ ਪ੍ਰਾਪਤੀ ਹੋ ਜਾਂਦੀ ਹੈ। ‘ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ` ਪ੍ਰਚਲਿਤ ਪੰਜਾਬੀ ਮੁਹਾਵਰਾ ਵੀ ਉੱਦਮ ਕਰਨ ਲਈ ਪ੍ਰੇਰਿਤ ਕਰਦਾ ਹੈ। ਜਿਹੜੇ ਇਸ ਉੱਦਮ ਰੂਪੀ ਮਾਰਗ ਦੇ ਪਾਂਧੀ ਬਣਦੇ ਹਨ, ਸੁਖਮਈ ਜੀਵਨ ਜੀਊਣ ਦੇ ਅਸਲ ਹੱਕਦਾਰ ਬਣਦੇ ਹਨ। ਪਰ ਆਮ ਤੌਰ ਤੇ ਵੇਖਣ ਨੂੰ ਮਿਲਦਾ ਹੈ ਕਿ ‘ਸੁਖਮਈ ਜੀਵਨ ਅਹਿਸਾਸ` ਦੇ ਰਸਤੇ ਵਿੱਚ ਸਾਡਾ ਆਲਸ ਇੱਕ ਵੱਡੀ ਰੁਕਾਵਟ ਬਣ ਕੇ ਖੜਾ ਹੋ ਜਾਂਦਾ ਹੈ।

ਉੱਦਮ ਅਤੇ ਆਲਸ ਦੇ ਵਿਸ਼ੇ ਉੱਪਰ ਭਾਈ ਕਾਨ੍ਹ ਸਿੰਘ ਨਾਭਾ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ਸੇਧ ਦਿਤੀ ਹੈ-

- ਸਿੱਖ ਮੱਤ ਵਿੱਚ ਉੱਦਮ (ਪੁਰਸ਼ਾਰਥ) ਦੀ ਭਾਰੀ ਮਹਿਮਾ ਹੈ। ਜੋ ਧਰਮ ਕਿਰਤ ਨਾਲ ਨਿਰਵਾਹ ਨਹੀਂ ਕਰਦੇ ਅਤੇ ਆਲਸੀ ਹੋ ਕੇ ਜੀਵਨ ਬਿਤਾਉਂਦੇ ਹਨ, ਉਹ ਸਿੱਖ ਧਰਮ ਦੇ ਨਿਯਮ ‘ਦਾਨ` ਦੀ ਪਾਲਣਾ ਨਹੀਂ ਕਰ ਸਕਦੇ, ਅਰ ਨਾਂ ਉਨ੍ਹਾਂ ਦਾ ਜੀਵਨ ਸੁਖ ਪੂਰਵਕ ਵਿਤੀਤ ਹੋਂਦਾ ਹੈ।

(ਗੁਰੁਮਤ ਮਾਰਤੰਡ-ਪੰਨਾ ੮)

- ਉੱਦਮ ਦਾ ਤਯਾਗੀ ਆਲਸੀ ਪੁਰਸ਼, ਉਪਕਾਰ ਆਦਿਕ ਗੁਣਾਂ ਤੋਂ ਖਾਲੀ ਨਿਰਾਰਥਕ ਜੀਵਨ ਬਿਤਾਉਂਦਾ ਹੈ। ਨਿਰਾਲਸ ਰਹਿ ਕੇ ਵਿਵਹਾਰ ਅਤੇ ਪਰਮਾਰਥ ਦੀ ਸਿੱਧੀ ਕਰਨੀ ਸਿੱਖ ਧਰਮ ਦੀ ਸਿਖਯਾ ਹੈ।

(ਗੁਰੁਮਤ ਮਾਰਤੰਡ-ਪੰਨਾ ੭੧)

ਸੁਖਮਈ ਜੀਵਨ ਦੇ ਬਣੇ ਰਹਿਣ ਲਈ ਬਹੁਤ ਕੁੱਝ ਮਨੁੱਖ ਦੇ ਆਪਣੇ ਹੱਥ ਵਿੱਚ ਹੈ। ਜੋ ਆਲਸ ਵਿੱਚ ਰਹਿਣਾ ਸਿੱਖ ਜਾਂਦੇ ਹਨ, ਉਹ ਕਦੀ ਵੀ ਸੁੱਖ ਦੀ ਪ੍ਰਾਪਤੀ ਸਬੰਧੀ ਚਿਰ ਸਥਾਈ ਆਸ ਨਹੀਂ ਕਰ ਸਕਦੇ। ਗੁਰੂ ਨਾਨਕ ਸਾਹਿਬ ਵਲੋਂ ਸਿੱਖ ਨੂੰ ‘ਕਿਰਤ ਕਰਨ -ਨਾਮ ਜਪਣ- ਵੰਡ ਛਕਣ` ਦੇ ਮੁਢਲੇ ਸਿਧਾਂਤ ਦਿੱਤੇ। ਇਨ੍ਹਾਂ ਸਿਧਾਂਤਾ ਦੀ ਪਾਲਣਾ ਆਲਸੀ ਮਨੁੱਖ ਕਰ ਹੀ ਨਹੀਂ ਸਕਦਾ। ਜੇ ਕਿਰਤ ਕਰਨੀ ਹੈ, ਤਾਂ ਹੱਥ ਪੈਰ ਸਹੀ ਦਿਸ਼ਾ ਵਿੱਚ ਚਲਾਉਣੇ ਹੀ ਪੈਣਗੇ, ਨਾਮ ਜਪਣਾ ਹੈ ਤਾਂ ਵੀ ਯਤਨ ਕਰਨੇ ਹੀ ਪੈਣਗੇ ਅਤੇ ਜੇ ਆਪਣੇ ਪੱਲੇ ਕੁੱਝ ਕਮਾਇਆ ਹੋਵੇਗਾ ਤਾਂ ਹੀ ਵੰਡ ਕੇ ਛਕਣ ਵਾਲਾ ਕਾਰਜ ਕੀਤਾ ਜਾ ਸਕੇਗਾ। ਗੁਰੂ ਦਾ ਸਿੱਖ ਕਦੀ ਆਲਸੀ ਹੋ ਹੀ ਨਹੀਂ ਸਕਦਾ, ਕਿਉਂਕਿ ਉਸਦੀ ਜੀਵਨ ਕ੍ਰਿਆ ਰੋਜ਼ਾਨਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਤੋਂ ਸ਼ੁਰੂ ਹੁੰਦੀ ਹੈ, ਅੰਮ੍ਰਿਤ ਵੇਲੇ ਉਠ ਹੀ ਉੱਦਮੀ ਸਕਦਾ ਹੈ, ਆਲਸੀ ਨਹੀਂ। ਸਿੱਖ ਨੂੰ ਤਾਂ ਗੁਰੂ ਨੇ ਮਤਿ ਹੀ ਇਹ ਦਿਤੀ ਹੈ ਕਿ ਕਿਸੇ ਅੱਗੇ ਭਿਖਾਰੀ ਬਣ ਕੇ ਹੱਥ ਨਹੀਂ ਅੱਡਣੇ, ਸਗੋਂ ਸਿੱਖਾ ਤੇਰੇ ਹੱਥ ਤਾਂ ਕਿਸੇ ਲੋੜਵੰਦ ਨੂੰ ਮਦਦ ਦੇਣ ਲਈ ਹੀ ਉੱਠਣੇ ਚਾਹੀਦੇ ਹਨ।

ਇਸ ਵਿਸ਼ੇ ਉੱਪਰ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ ਕਿ ਜਿਹੜੇ ਮਨੁੱਖ ਸਹੀ ਦਿਸ਼ਾ ਵੱਲ ਉੱਦਮ ਤਿਆਗ ਕੇ ਆਲਸੀ ਬਣ ਜਾਂਦੇ ਹਨ, ਉਨ੍ਹਾਂ ਅੰਦਰ ਜੀਵਨ ਦੇ ਕਈ ਤਰਾਂ ਦੇ ਸਰੀਰਕ, ਮਾਨਸਿਕ ਰੋਗ ਲੱਗ ਜਾਂਦੇ ਹਨ, ਆਲਸ ਤੋਂ ਬਚਣ ਲਈ ਪੁਰਸ਼ਾਰਥ ਰੂਪੀ ਇਲਾਜ ਹੀ ਸਹੀ ਮਾਰਗ ਹੈ। ਇਸ ਸਭ ਕੁੱਝ ਦੀ ਸੇਧ ਸਤਿਸੰਗਤ ਵਿਚੋਂ ਮਿਲਦੀ ਹੈ, ਜਿਥੇ ਜਾ ਕੇ ਸਤਿਸੰਗੀਆਂ ਨਾਲ ਮਿਲ ਕੇ ਸਾਨੂੰ ਆਪਣੇ ਆਲਸ ਦੇ ਨਿਵਾਰਣ ਲਈ ਪ੍ਰਭੂ ਪਾਸ ਬੇਨਤੀ ਕਰਨੀ ਬਣਦੀ ਹੈ। ਪਰ ਆਮ ਤੌਰ ਤੇ ਵੇਖਣ ਨੂੰ ਮਿਲਦਾ ਹੈ ਕਿ ਮਨੱਖ ਚੰਗਾ ਕੰਮ ਕਰਨ ਲਈ ਤਾਂ ਆਲਸ ਕਰਦਾ ਹੋਇਆ ਦੇਰੀ ਕਰਦਾ ਹੈ। ਪਰ ਬੁਰੇ ਕੰਮ ਨੂੰ ਕਰਨ ਲਈ ਬਹੁਤ ਉੱਦਮੀ ਬਣ ਕੇ ਦਿਖਾਉਂਦਾ ਹੈ, ਚਾਹੀਦਾ ਤਾਂ ਇਹ ਹੈ ਕਿ ‘ਨਹ ਬਿਲੰਬ ਧਰਮੰ ਬਿਲੰਬ ਪਾਪੰ ` (੧੩੫੩) ਭਾਵ- ਧਰਮ ਕਮਾਣ ਵਲੋਂ ਢਿੱਲ ਨਹੀਂ ਕਰਨੀ, ਪਾਪਾਂ ਵਲੋਂ ਢਿੱਲ ਕਰਨ ਵਾਲੀ ਜੀਵਨ ਜਾਚ ਬਣਾਈਏ। ਜੇ ਐਸਾ ਨਾ ਕਰ ਸਕੇ ਤਾਂ ਆਲਸ ਨੇ ਸਾਨੂੰ ਜਮਾਂ ਦੀ ਫਾਹੀ ਵਿੱਚ ਬਹੁਤ ਛੇਤੀ ਫਸਾ ਦੇਣਾ ਹੈ। ਆਲਸੀ ਮਨੁੱਖ ਮਨਮੁੱਖਤਾ ਦੇ ਮਾਰਗ ਉਪਰ ਚਲਦਾ ਹੋਇਆ, ਮਾਇਆ ਦੇ ਮੋਹ ਦਾ ਚੋਗ ਚੁਗਦਾ ਹੋਇਆ ਵਿਸ਼ੇ ਵਿਕਾਰਾਂ ਦੇ ਜਾਲ ਵਿੱਚ ਬਹੁਤ ਛੇਤੀ ਫਸ ਜਾਂਦਾ ਹੈ-

- ਸੰਤਸੰਗਿ ਮਿਲਿ ਹਰਿ ਹਰਿ ਜਪਿਆ

ਬਿਨਸੇ ਆਲਸ ਰੋਗਾ ਜੀਉ।।

(ਮਾਝ ਮਹਲਾ ੫-੧੦੮)

- ਵੰਝ ਮੇਰੇ ਆਲਸਾ ਹਰਿ ਪਾਸ ਬੇਨੰਤੀ।।

(ਆਸਾ ਮਹਲਾ ੫-੪੬੦)

-ਚੰਗਿਆਈ ਆਲਕੁ ਕਰੇ ਬੁਰਿਆਈ ਹੋਇ ਸੇਰੁ।।

ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ।।

(ਵਾਰ ਗੂਜਰੀ-ਮਹਲਾ ੫-੫੧੮)

-ਮਨਮੁਖ ਕਉ ਆਲਸੁ ਘਣੋ ਫਾਥੇ ਓਜਾੜੀ।।

ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਵਿਗਾੜੀ।।

(ਮਾਰੂ ਮਹਲਾ ੧-੧੦੧੦)

‘ਸਿੱਖ ਤੇ ਆਲਸ` ਦੋਵੇਂ ਇਕੱਠੇ ਨਹੀਂ ਹੋ ਸਕਦੇ। ਸਗੋਂ ਗੁਰਮਤਿ ਅਨੁਸਾਰ ‘ਸਿੱਖ ਤੇ ਉੱਦਮ` ਇਕੱਠੇ ਹੋਣੇ ਚਾਹੀਦੇ ਹਨ। ਜੇ ਕੋਈ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਦਾ ਉੱਦਮ ਨਹੀਂ ਕਰਦਾ ਤਾਂ ਉਸਦੀ ਗਿਣਤੀ ਜਿਊਂਦਿਆਂ ਵਿੱਚ ਕਰਨ ਦੀ ਥਾਂ ਮੁਰਦਿਆਂ ਵਿੱਚ ਹੀ ਕਰਨੀ ਬਣਦੀ ਹੈ, ਜੇ ਕੋਈ ਅੰਮ੍ਰਿਤ ਵੇਲੇ ਜਾਗਣ ਦਾ ਉੱਦਮ ਕਰਦਾ ਹੋਇਆ ਪ੍ਰਮੇਸ਼ਰ ਨਾਲ ਜੁੜਣ ਦਾ ਨੇਮ ਬਣਾ ਲਵੇ ਤਾਂ ਉਸਦੇ ਜੀਵਨ ਵਿਚੋਂ ਚਿੰਤਾਂ, ਫਿਕਰ, ਝੋਰੇ, ਖਿਝਣ ਵਾਲਾ ਸੁਭਾਉ ਆਦਿਕ ਬੁਰਾਈਆਂ ਦਾ ਖਾਤਮਾ ਹੋ ਜਾਵੇਗਾ-

- ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ।।

ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ।। ੧੦੭।।

(ਸਲੋਕ ਫਰੀਦ ਜੀ-੧੩੮੩)

- ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ।।

ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ।।

(ਗਉੜੀ ਮਹਲਾ ੫-੨੫੫)

ਅਜੋਕੇ ਸਮੇਂ ਅੰਦਰ ਸਾਡੇ ਸਿੱਖ ਨੌਜੁਆਨਾਂ ਅੰਦਰ ਦਸਤਾਰ ਬੰਨਣ ਤੋਂ ਅਵੇਸਲੇ ਹੋਣਾ, ਨਸ਼ਿਆਂ ਦਾ ਸ਼ਿਕਾਰ ਹੋ ਜਾਣਾ ਆਦਿਕ ਨਿਵਾਣਾ ਵਲ ਜਾਣ ਦੇ ਲੱਛਣਾਂ ਵਿਚੋਂ ਇੱਕ ਕਾਰਣ ਆਲਸੀ ਹੋਣਾ ਵੀ ਹੈ। ਸਿੱਖ ਨੇ ਉੱਦਮੀ ਤਾਂ ਬਨਣਾ ਹੈ, ਪਰ ਯਾਦ ਰੱਖਣਾ ਹੈ ਕਿ ਉੱਦਮ ਦੀ ਦਿਸ਼ਾ ਠੀਕ ਪਾਸੇ ਹੋਵੇ। ਜਿਵੇਂ ਚੋਰ ਡਾਕੂ-ਚੋਰ-ਜੇਬ ਕਤਰਾ ਆਦਿ ਬਹੁਤ ਹੀ ਸਾਵਧਾਨੀ ਨਾਲ ਉੱਦਮ ਕਰਦੇ ਹੋਏ ਆਪਣੇ ਕੰਮ ਕਰਦੇ ਹਨ, ਪਰ ਦਿਸ਼ਾ ਠੀਕ ਨਾ ਹੋਣ ਕਰਕੇ ਮਾੜਾ ਰਿਜ਼ਲਟ ਭੋਗਦੇ ਹਨ। ਸਿੱਖ ਨੂੰ ਤਾਂ ‘ਸਗਲ ਉਦਮ ਮਹਿ ਉਦਮੁ ਭਲਾ।। ਹਰਿ ਕਾ ਨਾਮੁ ਜਪਹੁ ਜੀਅ ਸਦਾ।। ` (੨੬੫) ਵਾਲੇ ਮਾਰਗ ਤੇ ਚਲਣ ਵਾਲਾ ਐਸਾ ਉੱਦਮ ਕਰਨਾ ਚਾਹੀਦਾ ਹੈ ਜਿਸ ਨਾਲ ਆਪਣਾ ਵੀ ਅਤੇ ਦੂਸਰਿਆਂ ਦਾ ਵੀ ਭਲਾ ਹੋ ਸਕੇ। ਗੁਰੂ ਅਰਜਨ ਸਾਹਿਬ ਨੇ ਦੋ ਸਹੇਲੀਆਂ ਦੀ ਆਪਸੀ ਵਾਰਤਾਲਾਪ ਦੇ ਜ਼ਰੀਏ ਇਸ ਵਿਸ਼ੇ ਸਬੰਧੀ ਬਹੁਤ ਸੁੰਦਰ ਸੇਧ ਦਿਤੀ ਹੈ। ਆਲਸੀ ਜੀਵਨ ਵਾਲੀ ਸਹੇਲੀ ਉੱਦਮੀ ਸਹੇਲੀ ਨੂੰ ਪੁੱਛਦੀ ਹੈ ਕਿ ਤੇਰੇ ਜੀਵਨ ਵਿਚੋਂ ਆਲਸ ਖਤਮ ਕਿਵੇਂ ਹੋਇਆ ਹੈ, ਤੇਰਾ ਜੀਵਨ ਐਸਾ ਗੁਰਮੁਖਤਾਈ ਵਾਲਾ ਕਿਵੇਂ ਬਣ ਗਿਆ ਹੈ?

ਮੋਹ ਮਲਨ ਨੀਦ ਤੇ ਛੁਟਕੀ ਕਉਨੁ ਅਨੁਗ੍ਰਹੁ ਭਇਓ ਰੀ।।

ਮਹਾ ਮੋਹਨੀ ਤੁਧੁ ਨ ਵਿਆਪੈ ਤੇਰਾ ਆਲਸੁ ਕਹਾ ਗਇਓ ਰੀ।। ੧।। ਰਹਾਉ।।

ਦਾਵਾ ਅਗਨਿ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ।।

ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਨ ਕਹਿਓ ਰੀ।। ੨

ਗੁਰਮੁਖ ਸਹੇਲੀ ਜਵਾਬ ਦਿੰਦੀ ਹੈ ਕਿ ਗੁਰੂ ਦੇ ਸ਼ਬਦ ਰੂਪੀ ਬਖ਼ਸ਼ਿਸ਼ ਦੁਆਰਾ ਪ੍ਰਮੇਸ਼ਰ ਦੇ ਨਾਮ ਨਾਲ ਜੁੜਣ ਕਰਕੇ ਜੀਵਨ ਵਿਚੋਂ ਆਲਸ ਖਤਮ ਹੋ ਗਿਆ ਹੈ ਅਤੇ ਵਿਸ਼ੇ ਵਿਕਾਰਾਂ ਨਾਲ ਭਰੇ ਸੰਸਾਰ ਵਿਚੋਂ ਨਿਰਲੇਪ ਰਹਿਣ ਦੀ ਜੀਵਨ ਜਾਚ ਰਾਹੀਂ ਐਸੀ ਤਬਦੀਲੀ ਸੰਭਵ ਹੋ ਸਕੀ ਹੈ-

ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ।।

ਮਹਾ ਮੰਤ੍ਰ ਗੁਰ ਹਿਰਦੈ ਬਸਿਓ ਅਚਰਜ ਨਾਮੁ ਸੁਨਿਓ ਰੀ।। ੩

ਕਰਿ ਕਿਰਪਾ ਪ੍ਰਭ ਨਦਰਿ ਅਵਲੋਕਨ ਅਪੁਨੈ ਚਰਣਿ ਲਗਾਈ।।

ਪ੍ਰੇਮ ਭਗਤਿ ਨਾਨਕ ਸੁਖ ਪਾਇਆ ਸਾਧੂ ਸੰਗਿ ਸਮਾਈ।। ੪।। ੧੨।। ੫੧।।

(ਆਸਾ ਮਹਲਾ ੫-੩੮੩)

ਸਾਨੂੰ ਆਉਣ ਵਾਲੇ ਸਮੇਂ ਵਿੱਚ ਉੱਦਮੀ ਬਨਣ ਦੀ ਆਸ ਛੱਡ ਕੇ ਜੋ ਸਮਾਂ ਸਾਡੇ ਕੋਲ ਹੈ, ਉਸ ਵਿੱਚ ਹੀ ਉੱਦਮਸ਼ੀਲ ਹੋਈਏ, ਕੀ ਪਤਾ ਉਹ ਸਮਾਂ ਆਵੇ ਹੀ ਨਾ। ਜੋ ਕੱਲ ਕਰਨ ਦੀ ਆਸ ਕਰ ਰਹੇ ਹਾਂ, ਉਹ ਅੱਜ ਕਰ ਲਈਏ, ਜੋ ਅੱਜ ਕਰਨਾ ਹੈ ਉਸਨੂੰ ਹੁਣੇ ਹੀ ਕਰ ਲੈਣਾ ਹੀ ਸਭ ਤੋਂ ਯੋਗ ਸਮਾਂ ਹੈ, ਕੀ ਪਤਾ ਮੌਤ ਨੇ ਸਾਡੇ ਜੀਵਨ ਦੇ ਕਿਸ ਸੁਆਸ ਤੇ ਹੀ ਅੰਤ ਕਰ ਦੇਣਾ ਹੈ। ਇਸ ਲਈ ਉੱਦਮ ਉਹੀ ਚੰਗਾ ਹੈ ਜੋ ਤੁਰੰਤ ਹੀ ਅਮਲ ਵਿੱਚ ਲੈ ਆਂਦਾ ਜਾਵੇ-

-ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ।।

ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ।। ੧੩੮।।

(ਸਲੋਕ ਕਬੀਰ ਜੀ- ੧੩੬੪)

- ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ

ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ।।

ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲ ਹੈ ਮੇਰੀ ਜਿੰਦੁੜੀਏ

ਜਿਤੁ ਹਰਿ ਮੇਰਾ ਚਿਤਿ ਆਵੈ ਰਾਮ।।

(ਬਿਹਾਗੜਾ ਮਹਲਾ ੪-੫੪੦)

ਆਉ! ਅਸੀਂ ਸੁਖਮਈ ਜੀਵਨ ਅਹਿਸਾਸ ਦੀ ਪ੍ਰਾਪਤੀ ਹਿਤ ‘ਹੱਥ ਕਾਰ ਵੱਲ ਚਿਤ ਕਰਤਾਰ ਵੱਲ` ਦੇ ਗੁਰੂ ਦਰਸਾਏ ਮਾਰਗ ਦੇ ਪਾਂਧੀ ਬਨਣ ਲਈ ਆਪਣੇ ਜੀਵਨ ਵਿਚੋਂ ਆਲਸ ਦਾ ਪੂਰੀ ਤਰਾਂ ਤਿਆਗ ਕਰਦੇ ਹੋਏ ਉੱਦਮੀ ਬਣੀਏ, ਜਿਸ ਨਾਲ ਇਸੇ ਜੀਵਨ ਅੰਦਰ ਹੀ ਸਾਡੇ ਲੋਕ ਅਤੇ ਪਰਲੋਕ ਦੋਵੇ ਸੁਹੇਲੇ ਹੋ ਸਕਣ। ਗੁਰਬਾਣੀ ਦੇ ਬਚਨਾਂ ਨੂੰ ਚੇਤੇ ਰੱਖਦੇ ਹੋਏ ਦਿਤੇ ਗਏ ਉਪਦੇਸ਼ ਅਨੁਸਾਰ ਸੱਚੇ-ਸੁੱਚੇ ਅਮਲੀ ਜੀਵਨ ਵਾਲੇ ਉੱਦਮੀ ਗੁਰਸਿੱਖ ਬਣੀਏ- ਜਿਨ੍ਹਾਂ ਦੀ ਵਡਿਆਈ ਗੁਰਬਾਣੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਵੀ ਕਰਦੇ ਹਨ-

-ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖੁ ਭੁੰਚੁ।।

ਧਿਆਦਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ।।

(ਵਾਰ ਗੂਜਰੀ- ਮਹਲਾ ੫-੫੨੨)

-ਉਦਮ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ।।

ਨਾਨਕ ਜਿਸੁ ਸਿਮਰਤੁ ਸਭ ਸੁਖ ਹੋਵਹਿ ਦੂਖ ਦਰਦ ਭ੍ਰਮ ਜਾਇ।।

(ਆਸਾ ਮਹਲਾ ੫-੪੫੬)

-ਉਦਮ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ।।

ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ।।

(ਬਿਲਾਵਲੁ ਮਹਲਾ ੫-੮੧੫)

-ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ।।

ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ।।

(ਮਾਰੂ ਡਖਣੇ ਮਹਲਾ ੫-੧੦੯੬)

-ਕੁਰਬਾਣੀ ਤਿਨ੍ਹਾਂ ਗੁਰਸਿਖਾਂ ਪਿਛਲ ਰਾਤੀ ਉਠ ਬਹੰਦੇ।

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਅੰਮ੍ਰਿਤ ਵੇਲੇ ਸਰਿ ਨਾਵੰਦੇ।

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਹੋਇ ਇੱਕ ਮਨਿ ਗੁਰ ਜਾਪੁ ਜਪੰਦੇ।

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਸਾਧ ਸੰਗਤਿ ਚਲਿ ਜਾਇ ਜੁੜੰਦੇ।

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਗੁਰਬਾਣੀ ਨਿਤਿ ਗਾਇ ਸੁਣੰਦੇ।

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਮਨਿ ਮੇਲੀ ਕਰਿ ਮੇਲਿ ਮਿਲੰਦੇ।

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ।

ਗੁਰ ਸੇਵਾ ਫਲੁ ਸੁਫਲ ਫਲੰਦੇ।। ੨।।

(ਭਾਈ ਗੁਰਦਾਸ ਜੀ- ਵਾਰ ੧੨ ਪਉੜੀ ੨)

-ਹਉ ਤਿਸ ਘੋਲਿ ਘੁਮਾਇਆ ਥੋੜਾ ਸਵੈ ਥੋੜਾ ਹੀ ਖਾਵੈ।।

ਗੁਰਮੁਖਿ ਸੋਈ ਸਹਜਿ ਸਮਾਵੈ।। ੪।।

(ਭਾਈ ਗੁਰਦਾਸ ਜੀ ਵਾਰ ੧੨ ਪਉੜੀ ੪)

=========

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.