.

ਮੰਗਲਾਚਰਨ ਦੀ ਬੇ-ਤਰਤੀਬੀ ਅਤੇ ਜਿੰਮੇਵਾਰ ਕੋਣ?

ਸਰਵਜੀਤ ਸਿੰਘ ਸੈਕਰਾਮੈਂਟੋ

ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਗੁਰੂ ਅਰਜਨ ਦੇਵ ਜੀ ਨੇ ਆਪਣੀ ਦੇਖ-ਰੇਖ ਹੇਠ, ਬਾਈ ਗੁਰਦਾਸ ਜੀ ਤੋਂ 1604 ਈ: ਵਿਚ ਕਰਵਾਇਆ ਸੀ ਤਾਂ ਜੋ ਬਾਣੀ ਨੂੰ ਸਦਾ ਵਾਸਤੇ ਸ਼ੁੱਧ ਰੂਪ ਵਿੱਚ ਸੁਰੱਖਿਅਤ ਕੀਤਾ ਜਾ ਸਕੇ। ਅੱਗੋਂ ਉਤਾਰੇ ਕਰਨ ਵਾਲਿਆਂ ਤੋਂ ਜਾਣੇ-ਅਣਜਾਣੇ ਕਈ ਉਕਾਈਆਂ ਹੋ ਗਈਆਂ। ਜਿਸ ਦੀ ਪਰਤੱਖ ਮਿਸਾਲ ਹੈ ਰਾਗਮਾਲਾ ਸਮੇਤ ਕਈ ਵਾਧੂ ਸ਼ਬਦਾਂ ਦਾ ਹੱਥ ਲਿਖਤ ਬੀੜਾਂ ਵਿੱਚ ਦਰਜ ਹੋਣਾ। ਭਾਵੇ ਹੋਰ ਸ਼ਬਦ ਤਾ ਅੱਜ ਛਾਪੇ ਦੀਆਂ ਬੀੜਾਂ ਵਿੱਚ ਨਹੀਂ ਹਨ ਪਰ ਰਾਗਮਾਲਾ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿੱਚ ਦਰਜ ਹੈ। ਪਾਠ ਭੇਦਾਂ ਬਾਰੇ ਤਾਂ 1932 ਈ ਭਾਈ ਜੋਧ ਸਿੰਘ ਜੀ ਨੇ ਲਿਖਿਆ ਸੀ, “ਸਸਤਾ ਵੇਚਣ ਦੀ ਦੌੜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿਚ ਲਗ, ਕੰਨੇ ਆਦਿ ਦੀਆਂ ਬਹੁਤ ਅਸ਼ੁੱਧੀਆਂ ਆ ਗਈਆਂ ਹਨ ਤੇ ਜੇ ਕਿਸੇ ਜਿੰਮੇਵਾਰ ਜੱਥੇ ਨੇ ਇਹ ਬੀੜਾਂ ਪ੍ਰਕਾਸ਼ਿਤ ਕਰਨ ਦਾ ਕੰਮ ਆਪਣੇ ਜਿੰਮੇ ਨਾ ਲਿਆ ਤਾਂ ਥੋੜੇ ਚਿਰ ਪਿਛੋਂ ਸ਼ੁੱਧ ਪਾਠ ਕਰਨਾ ਕਠਨ ਹੋ ਜਾਵੇਗਾ”। (ਗੁਰਮਤਿ ਨਿਰਣਯ, ਪੰਨਾ 7) ਸਾਡੇ ਅਵੇਸਲੇਪਣ ਕਾਰਨ ਇਹ ਸਮੱਸਿਆ ਏਨੀ ਗੁੰਝਲਦਾਰ ਹੋ ਗਈ ਹੈ ਕਿ ਇਸ ਨੂੰ ਹਲ ਕਰਨਾ ਤਾਂ ਇੱਕ ਪਾਸੇ, ਅੱਜ ਇਸ ਬਾਰੇ ਸੋਚਣਾ ਵੀ ਗੁਨਾਹ ਬਣ ਗਿਆ ਹੈ। ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਸੰਸਥਾ, ਆਪਣੇ ਅਸਲੀ ਮਕਸਦ ਤੋਂ ਅੱਜ ਏਨੀ ਭਟਕ ਚੁੱਕੀ ਹੈ ਕਿ ਉਸ ਤੋਂ ਕੋਈ ਆਸ ਰੱਖਣੀ ਹੀ ਬੇਅਰਥ ਹੈ। ਯੂਨੀਵਰਸਿਟੀਆਂ ਦੇ ਵਿਦਵਾਨ ਸਿਧਾਂਤਕ ਖੋਜ ਕਾਰਜਾਂ ਨਾਲੋਂ ਆਪਣੀ ਕੁਰਸੀ ਬਚਾਉਣ ਦੀ ਫ਼ਿਰਾਕ ਵਿੱਚ ਵਧੇਰੇ ਕੰਮ ਕਰਦੇ ਹਨ। ਜਦੋ ਕੋਈ ਪੰਥ ਦਰਦੀ ਅਜੇਹਾ ਮਸਲਾ ਸਾਡੇ ਸਾਹਮਣੇ ਰੱਖਦਾ ਹੈ ਤਾਂ ਕੁਝ ਸ਼ਾਤਰ ਲੋਕ ਅਜੇਹਾ ਵਬਾਲ ਖੜਾ ਕਰਦੇ ਹਨ ਕਿ ਬਹੁ ਗਿਣਤੀ, ਵਿਸ਼ੇ ਦੀ ਮੁਢਲੀ ਤੋਂ ਸੱਖਣੀ ਹੋਣ ਕਾਰਨ ਕੂੜ ਪ੍ਰਚਾਰ ਦਾ ਪ੍ਰਭਾਵ ਕਬੂਲ ਲੈਂਦੀ ਹੈ। ਅੱਜ ਦਾ ਸਮਾ ਮੰਗ ਕਰਦਾ ਹੈ ਕਿ ਉਪਲੱਬਧ ਸਾਧਨਾ ਦੀ ਯੋਗ ਵਰਤੋ ਕਰਕੇ ਸਿੱਖ ਸੰਗਤ ਵਿੱਚ, ਜਾਗ੍ਰਤੀ ਲਿਆਂਦੀ ਜਾਵੇ ਤਾਂ ਜੋ ਅਸਲ ਸਮੱਸਿਆ ਨੂੰ ਸਮਝ ਕੇ ਉਸ ਦੇ ਹਲ ਬਾਰੇ ਸੋਚਿਆ ਜਾ ਸਕੇ। ‘ਸਿੱਖ ਮਾਰਗ’ ਤੇ ਬਹੁਤ ਸਾਰੇ ਸੱਜਣਾਂ ਵੱਲੋਂ ਸਮੇਂ-ਸਮੇਂ, ਬਹੁਤ ਹੀ ਸੰਵੇਦਨਾਸ਼ੀਲ ਮੁੱਦਿਆਂ ਸਬੰਧੀ, ਆਪਣੀਆਂ ਲਿਖਤਾਂ ਰਾਹੀ ਸੰਗਤਾਂ ਵਿੱਚ ਜਾਗਰਤੀ ਲਿਆਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਸਿੱਖ ਸੰਗਤਾਂ ਵਿੱਚ ਆਈ ਜਾਗਰਤੀ ਦਾ ਹੀ ਨਤੀਜਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਰੱਦ ਕਰਕੇ ਮੁੜ ਬਿਕ੍ਮੀ ਕੈਲੰਡਰ ਲਾਗੂ ਕਰਨ ਦੇ ਫੈਸਲੇ ਨੂੰ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਨਿਕਾਰ ਦਿੱਤਾ ਹੈ। ਇਸੇ ਕੜੀ ਦਾ ਹਿੰਸਾ ਹੈ ਸ. ਜਰਨੈਲ ਸਿੰਘ ਜੀ ਦਾ ਲੇਖ, “ਗੁਰਮਤਿ ਦਾ ਧੁਰਾ- ਮੂਲ ਮੰਤਰ”।
ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਵਾਲੇ ਸਾਰੇ ਸੱਜਣ ਭਲੀ ਭਾਂਤ ਜਾਣਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿੱਚ, ਜਦੋਂ ਵੀ ਨਵਾਂ ਰਾਗ ਅਰੰਭ ਹੁੰਦਾ ਹੈ ਅਤੇ ਉਸੇ ਰਾਗ ਵਿੱਚ ਜਦੋਂ ਮਹਲਾ ਬਦਲਦਾ ਹੈ ਉਥੇ ਸੰਪੂਰਨ ਜਾਂ ਸੰਖੇਪ ਮੰਗਲਾਚਰਨ ਦਰਜ ਹੈ। ਗੁਰਮਤ ਮਾਰਤੰਡ ਵਿੱਚ ਮੰਗਲਾਚਰਨ ਦੇ ਹੇਠ ਲਿਖੇ ਪੰਜ ਰੂਪਾਂ ਦਾ ਜਿਕਰ ਹੈ।
(1) ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
(2) ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥
(3) ੴ ਸਤਿਨਾਮੁ ਗੁਰ ਪ੍ਰਸਾਦਿ
(4) ੴ ਸਤਿਗੁਰ ਪ੍ਰਸਾਦਿ॥
(5) ੴ ।।

ਉਪ੍ਰੋਕਤ ਨੰਬਰ ਇਕ ਤੇ ਦਰਜ ਸੰਪੂਰਨ ਮੰਗਲਾਚਰਨ ਗੁਰੂ ਗ੍ਰੰਥ ਸਾਹਿਬ ਜੀ ਵਿਚ 33 ਵਾਰ ਦਰਜ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਜਿਵੇ ਸ. ਜਰਨੈਲ ਸਿੰਘ ਜੀ ਨੇ ਆਪਣੇ ਲੇਖ ਵਿਚ ਜਿਕਰ ਕੀਤਾ ਹੈ ਕਿ 5 ਰਾਗਾਂ ਦੇ ਅਰੰਭ ਵਿੱਚ (ਸਿਰੀ ਰਾਗ, ਜੈਤਸਰੀ, ਬੈਰਾੜੀ, ਤੁਖਾਰੀ ਅਤੇ ਕੇਦਾਰਾ) ਇਹ ਸੰਪੂਰਨ ਰੂਪ ਵਿੱਚ ਨਹੀ ਸਗੋਂ ਸੰਖੇਪ ਰੂਪ ਵਿੱਚ ਦਰਜ ਹੈ, ਅਤੇ ਬਹੁਤ ਹੀ ਮਹੱਤਵਪੂਰਨ ਸਵਾਲ ਕੀਤਾ ਹੈ ਕਿ, “ਸੰਪੂਰਨ ਰੂਪ ਵਿੱਚ ਮੂਲ ਮੰਤਰ ਸਾਰੇ ਰਾਗਾਂ ਦੇ ਅਰੰਭ ਵਿੱਚ ਕਿਉਂ ਨਹੀਂ ਆਇਆ? ਕੀ ਇਹ ਕਾਤਬਾਂ ਦੀ ਗਲਤੀ ਹੈ ਜਾਂ ਕੋਈ ਹੋਰ ਵਜਹ? ਆਪਣੇ ਸੀਮਤ ਸਾਧਨਾ ਰਾਹੀ ਜੋ ਜਾਣਕਾਰੀ ਇਕੱਤਰ ਕਰ ਸਕਿਆ ਹਾਂ ਉਸ ਦੇ ਅਧਾਰ ਤੇ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਕਾਤਬਾਂ ਵੱਲੋਂ ਜਾਣੇ-ਅਣਜਾਣੇ ਕੀਤੀ ਗਈ ਗਲਤੀ ਹੈ। ਮੈਂ ਇਕ ਹੱਥ ਲਿਖਤ ਦੇ ਦਰਸ਼ਨ ਕੀਤੇ ਹਨ ਉਸ ਵਿਚ ਸਾਰੇ ਰਾਗਾਂ ਦੇ ਅਰੰਭ ਵਿੱਚ ਸੰਪੂਰਨ ਮੰਗਲ ਦਰਜ ਹਨ।

ਅੱਜ ਛਾਪੇ ਦੀ ਬੀੜ ਵਿੱਚ ਜਿਨ੍ਹਾਂ ਪੰਜ ਰਾਗਾਂ ਦੇ ਅਰੰਭ ਵਿੱਚ ਸੰਖੇਪ ਮੰਗਲ ਦਰਜ ਹੈ, ਹੱਥ ਲਿਖਤ ਵਿੱਚ ਉਨ੍ਹਾਂ ਪੰਜਾ ਹੀ ਰਾਗਾਂ (ਸਿਰੀ ਰਾਗ, ਜੈਤਸਰੀ, ਬੈਰਾੜੀ, ਤੁਖਾਰੀ ਅਤੇ ਕੇਦਾਰਾ)ਦੇ ਅਰੰਭ ਵਿੱਚ ਸੰਪੂਰਨ ਮੰਗਲ ਦਰਜ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1353 ਉਪਰ ਦੋ ਵਾਰੀ (ਸਲੋਕ ਸਹਸਕ੍ਰਿਤੀ ਮਹਲਾ ੧ ਅਤੇ ਸਲੋਕ ਸਹਸਕ੍ਰਿਤੀ ਮਹਲਾ ੫) ਸੰਪੂਰਨ ਮੰਗਲ ਦਰਜ ਹੈ। ਆਸਾ ਰਾਗ ਵਿਚ, “ਰਾਗ ਆਸਾ ਬਾਣੀ ਭਗਤਾ ਕੀ।। ਕਬੀਰ ਜੀਉ ਨਾਮਦੇਵ ਜੀਉ ਰਵਿਦਾਸ ਜੀਉ।। ਆਸਾ ਕਬੀਰ ਜੀਉ”।। ਦੇ ਅਰੰਭ ਵਿੱਚ ਵੀ ਪੂਰਾ ਮੰਗਲ ਦਰਜ ਹੈ (ਪੰਨਾ 475) ਮੇਰਾ ਖਿਆਲ ਹੈ ਕਿ ਇਹ ਕਰਤਾਰਪੁਰੀ ਬੀੜ ਦੀ ਦੇਣ ਹੈ। ਕਰਤਾਰਪੁਰੀ ਬੀੜ ਵਿੱਚ ਸਲੋਕ ਸਹਸਕ੍ਰਿਤੀ ਮਹਲਾ ੫ ਤੋਂ ਪਹਿਲਾ ਵੀ ਪੂਰਾ ਮੂਲ ਮੰਤਰ ਦਰਜ ਹੈ। (ਕਰਤਾਰਪੁਰੀ ਬੀੜ ਦੇ ਦਰਸ਼ਨ ਪੰਨਾ 119) ਅਤੇ ਰਾਗ ਆਸਾ ਬਾਣੀ ਭਗਤਾ ਕੀ, ਤੋਂ ਪਹਿਲਾ ਵੀ ਪੂਰਾ ਮੂਲ ਮੰਤਰ ਦਰਜ ਹੈ। (ਕ ਬ ਦੇ ਦ ਪੰਨਾ 73) ਜਦੋ ਕਿ ਹੱਥ ਲਿਖਤ ਵਿੱਚ ਅਜੇਹਾ ਨਹੀਂ ਹੈ।

ਕਰਤਾਰਪਰੀ ਬੀੜ ਵਿਚ ਸਿਰੀ ਰਾਗ ਦੇ ਅਰੰਭ ਵੇਲੇ ਸੰਖੇਪ ਰੂਪ ਵਿੱਚ (ੴ ਸਤਿਗੁਰਪ੍ਰਸਾਦਿ) ਮੂਲ ਮੰਤਰ ਦਰਜ ਹੈ (ਕ ਬ ਦੇ ਦ ਪੰਨਾ 47) ਇਸ ਲਈ ਅੱਜ ਛਾਪੇ ਦੀਆ ਬੀੜਾਂ ਵਿੱਚ ਵੀ ਸਿਰੀ ਰਾਗ ਦੇ ਅਰੰਭ ਵਿੱਚ ਸੰਖੇਪ ਰੂਪ (ੴ ਸਤਿਗੁਰਪ੍ਰਸਾਦਿ) ਵਿੱਚ ਹੀ ਦਰਜ ਹੈ। ਕਰਤਾਰਪੁਰੀ ਬੀੜ ਵਿੱਚ ਤੁਖਾਰੀ ਰਾਗ ਅਤੇ ਕੇਦਾਰਾ ਦੇ ਅਰੰਭ ਵਿੱਚ ਸੰਖੇਪ ਮੰਗਲ ਦਰਜ ਹੈ। (ਕ ਬ ਦੇ ਦ ਪੰਨਾ 106) ਪਾਵਨ ਬੀੜ ਦੇ ਪੰਨਾ 855 ਤੇ ਕਬੀਰ ਜੀ ਦਾ ਸ਼ਬਦ ਦਰਜ ਹੈ, “ਬਿਲਾਵਲੁ ਬਾਣੀ ਭਗਤਾ ਕੀ ॥ ਕਬੀਰ ਜੀਉ ਕੀ ੴ ਸਤਿ ਨਾਮ ਕਰਤਾ ਪੁਰਖੁ ਗੁਰ ਪ੍ਰਸਾਦਿ।। ਐਸੋ ਇਹ ਸੰਸਾਰ ਪੇਖਨਾ ਰਹਨੁ ਨ ਕੋਊ ਪਈਹੈ ਰੇ”।। ਇਹ ਸ਼ਬਦ, ਕਰਤਾਰਪੁਰੀ ਬੀੜ ਦੇ ਪੰਨਾ ੬੫੦/੨ ਤੇ ਇਸ ਤਰ੍ਹਾਂ ਦਰਜ ਹੈ, “ਬਿਲਾਵਲੁ ਬਾਣੀ ਭਗਤਾ ਕੀ ॥ ਕਬੀਰ ਜੀਉ ਕੀ।। ਐਸੋ ਇਹ ਸੰਸਾਰ..”। (ਕ ਬ ਦੇ ਦ, ਪੰਨਾ 92) ਪਾਠਕ ਧਿਆਨ ਦੇਣ, ਕਰਤਾਰਪੁਰੀ ਬੀੜ ਵਿੱਚ ਇਸ ਸ਼ਬਦ ਦੇ ਅਰੰਭ ਵਿੱਚ ਮੰਗਲ ਨਹੀ ਹੈ। ਇਹ ਅਤੇ ਅਜੇਹੀਆਂ ਅਣਗਿਣਤ ਉਕਾਈਆਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਕਰਤਾਰਪੁਰੀ ਬੀੜ ਕਿਸੇ ਹੋਰ ਉਤਾਰੇ ਦਾ ਦੂਜੇ-ਤੀਜੇ ਥਾਂ ਉਤਾਰਾ ਹੈ।
ਉਪ੍ਰੋਕਤ ਸੂਚੀ ਵਿੱਚ ਨੰਬਰ ਦੋ ਤੇ ਦਰਜ ਮੰਗਲ, “ੴ ਸਤਿਨਾਮ ਕਰਤਾ ਪੁਰਖ ਗੁਰਪ੍ਰਸਾਦਿ” ਜੋ ਛਾਪੇ ਦੀ ਬੀੜ ਵਿਚ 9 ਵਾਰ (ਪੰਨਾ 137, 220, 235, 242, 243, 323, 340, 345 ਅਤੇ 855) ਦਰਜ ਹੈ। ਇਹ ਮੰਗਲ ਹੱਥ ਲਿਖਤ ਬੀੜ ਵਿੱਚ “ੴ ਸਤਿਗੁਰਪ੍ਰਸਾਦਿ” ਦਰਜ ਹੈ।


ਨੰਬਰ ਤਿੰਨ ਤੇ ਦਰਜ ਮੰਗਲ, “ੴ ਸਤਿਨਾਮ ਗੁਰਪ੍ਰਸਾਦਿ” ਜੋ ਛਾਪੇ ਦੀ ਬੀੜ ਵਿਚ 2 ਵਾਰ (ਪੰਨਾ 81 ਅਤੇ 544) ਦਰਜ ਹੈ। ਇਹ ਮੰਗਲ ਵੀ ਹੱਥ ਲਿਖਤ ਵਿੱਚ “ੴ ਸਤਿਗੁਰ ਪ੍ਰਸਾਦਿ” ਹੀ ਦਰਜ ਹੈ। “ਸਿਰੀਰਾਗੁ ਮਹਲਾ ੪ ਵਣਜਾਰਾ ੴ ਸਤਿ ਨਾਮੁ ਗੁਰ ਪ੍ਰਸਾਦਿ ॥ ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ “॥ (ਪੰਨਾ 81) ਪਾਵਨ ਬੀੜ ਦੇ ਪੰਨਾ 544 ਤੇ ਦਰਜ ਸ਼ਬਦ ਇਸ ਤਰ੍ਹਾਂ ਹੈ, “ਬਿਹਾਗੜਾ ਮਹਲਾ ੫ ਘਰ ੨ , ੴ ਸਤਿ ਨਾਮ ਗੁਰ ਪ੍ਰਸਾਦਿ।। ਵਧੁ ਸੁਖ ਰੈਨੜੀਏ ਪ੍ਰਿਆ ਪ੍ਰੇਮ ਲਗਾ”।। ਇਹ ਸ਼ਬਦ, ਕਰਤਾਰਪੁਰੀ ਬੀੜ ਦੇ ਪੰਨਾ ੪੨੮/੧ ਤੇ ਇਸ ਤਰ੍ਹਾਂ ਦਰਜ ਹੈ “ਬਿਹਾਗੜਾ ਛੰਤ ਮਹਲਾ ੫ ਘਰ ੨।। ਵਧੁ ਸੁਖ ਰੈਨੜੀਏ ...” (ਕ ਬ ਦੇ ਦ ਪੰਨਾ 78) ਪਾਠਕ ਧਿਆਨ ਦੇਣ, ਕਰਤਾਰਪੁਰੀ ਬੀੜ ਵਿੱਚ, ਇਸ ਸ਼ਬਦ ਦੇ ਅਰੰਭ ਵਿੱਚ ਵੀ ਮੰਗਲ ਦਰਜ ਨਹੀ ਹੈ।

ਉਪ੍ਰੋਕਤ ਸੂਚੀ ਵਿੱਚ ਨੰਬਰ ਚਾਰ ਤੇ ਦਰਜ ਸੰਖੇਪ ਮੰਗਲ “ੴ ਸਤਿਗੁਰ ਪ੍ਰਸਾਦਿ” ਜੋ ਸਭ ਤੋਂ ਵੱਧ ਵਾਰ (523) ਆਇਆ ਹੈ, ਜਦੋ ਵੀ ਇਕ ਰਾਗ ਵਿੱਚ ਹੀ ਮਹਲਾ ਜਾਂ ਬਾਣੀ ਕਾਰ ਬਦਲਦਾ ਹੈ ਤਾਂ ਸੰਖੇਪ ਮੂਲ ਮੰਤਰ ਦਰਜ ਹੈ। ਪਰ ਰਾਗ ਸਿਰੀਰਾਗ ਮਹਲਾ ੪ ਘਰੁ ੧ (ਪੰਨਾ 39) ਅਤੇ ਸਿਰੀਰਾਗ ਮਹਲਾ ੫ ਘਰੁ ੧ (ਪੰਨਾ 42) ਦੇ ਅਰੰਭ ਵਿੱਚ ਸੰਖੇਪ ਮੂਲ ਮੰਤਰ ਦਰਜ ਨਹੀ ਹੈ। ਜਦੋ ਕਿ ਹੱਥ ਲਿਖਤ ਵਿੱਚ ਸਿਰੀਰਾਗ ਮਹਲਾ ੫ ਘਰੁ ੧ ਦੇ ਅਰੰਭ ਵਿੱਚ ਸੰਖੇਪ ਮੂਲ ਮੰਤਰ ਦਰਜ ਹੈ। ਪਰ ਇਕ ਹੋਰ ਹੱਥ ਲਿਖਤ ਵਿੱਚ ਅਜੇਹਾ ਨਹੀ ਹੈ।

ਉਪ੍ਰੋਕਤ ਸੂਚੀ ਵਿੱਚ ਨੰਬਰ ਪੰਜ ਤੇ ਦਰਜ ਮੰਗਲ, “ੴ” ਜਿਸ ਦਾ ਜਿਕਰ ਗੁਰਮਤ ਮਾਰਤੰਡ ਵਿੱਚ ਆਇਆ ਹੈ ਇਹ ਛਾਪੇ ਦੀ ਬੀੜ ਵਿੱਚ ਨਹੀਂ ਹੈ। ‘ਕਰਤਾਰਪੁਰੀ ਬੀੜ ਦੇ ਦਰਸ਼ਨ’ ਦੇ ਕਰਤਾ ਭਾਈ ਜੋਧ ਸਿੰਘ ਜੀ, ਕਰਤਾਰਪੁਰੀ ਬੀੜ ਦੇ ਪੰਨਾ 497/2 ਦੇ ਹਵਾਲੇ ਨਾਲ ਲਿਖਦੇ ਹਨ, “ਇਸ ਸਫ਼ੇ ਪਰ ਅੱਠਵੇਂ ਸ਼ਬਦ ਤੋਂ ਬਾਦ ‘ਅਉਧੂ ਸੋ ਜੋਹੀ ਹੁਰ ਮੇਰਾ। ਇਸ ਪਦ ਕਾ ਕਰੇ ਨਿਬੇਰਾ।।੧।।ਰਹਾਉ’ ਲਿਖ ਕੇ ਕੱਟਿਆ ਹੋਇਆ ਹੈ ਤੇ ਅੱਗੇ ਸਾਢੇ ਛੇ ਸਤਰਾਂ ਦੀ ਥਾਂ ਖਾਲੀ ਹੈ। ਅੱਗੇ ੴ ਹੈ”। ਅੱਗੇ ਪੰਨਾ 498/1 ਤੇ ਸ਼ਬਦ ਅਰੰਭ ਹੁੰਦਾ ਹੈ, “ਰਾਗ ਸੋਰਿਠ ਬਾਣੀ ਭਗਤ ਨਾਮ ਦੇਵ ਜੀ ਕੀ।। ਜਬ ਦੇਖਾਂ ਤਬ ਗਾਵਾ” (ਕ ਬ ਦੇ ਦ- ਪੰਨਾ 83) ਅੱਜ, ਛਾਪੇ ਦੀ ਬੀੜ ਵਿਚ ਇਹ ਸ਼ਬਦ ਪੰਨਾ 656 ਦੇ ਅਖੀਰ ਤੇ ਦਰਜ ਹੈ। ਉਥੇ “ੴ” ਨਹੀ ਸਗੋਂ “ੴ ਸਤਿਗੁਰ ਪ੍ਰਸਾਦਿ” ਹੈ। ਪੁਰਾਤਨ ਹੱਥ ਲਿਖਤਾਂ ਵਿੱਚ ਵੀ ਇਹ “ੴ ਸਤਿਗੁਰ ਪ੍ਰਸਾਦਿ” ਹੀ ਦਰਜ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸੰਖੇਪ ਮੰਗਲ “ੴ ਸਤਿਗੁਰ ਪ੍ਰਸਾਦਿ” ਦੇ ਸ਼ਬਦ ਜੋੜ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਜੁੜਵੇਂ ਅੱਖਰਾਂ ਵਿੱਚ ਇਹ “ੴਸਤਿਗੁਰਪ੍ਰਸਾਦਿ” ਲਿਖਿਆ ਮਿਲਦਾ ਹੈ। ਪਦ-ਛੇਦ ਕਰਨ ਵੇਲੇ ਇਸ ਦੇ ਸ਼ਬਦ ਜੋੜ “ੴ ਸਤਿਗੁਰ ਪ੍ਰਸਾਦਿ” ਕੀਤੇ ਗਏ। ਜਦੋ ਅਸੀਂ ਸੰਪੂਰਨ ਮੰਗਲ ਨੂੰ ਵੇਖਦੇ ਹਾਂ ਤਾਂ ਗਿਆਨ ਹੁੰਦਾ ਹੈ ਕਿ 'ਗੁਰ' ਦਾ ਸਬੰਧ ‘ਪ੍ਰਸਾਦਿ’ ਨਾਲ ਹੈ ਨਾਂ ਕਿ ‘ਸਤਿ’ ਨਾਲ। ਇਹ ਉਪਰ ਨੰ: 1, 2 ਅਤੇ 3 ਤੋਂ ਵੀ ਸਪੱਸ਼ਟ ਹੈ। ਸੰਖੇਪ ਮੰਗਲ ਦੇ ਸ਼ਬਦ ਜੋੜ ਬਾਰੇ ਵੀ ਮੁੜ ਵਿਚਾਰ ਕਰਨ ਦੀ ਲੋੜ ਹੈ।
ਹੱਥ ਲਿਖਤ ਬੀੜਾਂ 'ਚ, ਮੰਗਲ ਨੂੰ ਪੱਤਰੇ ਦੇ ਅੱਧ ਤੋਂ ਸੱਜੇ ਪਾਸੇ ਲਿਖਿਆ ਜਾਂਦਾ ਸੀ ਅਤੇ ਰਾਗ ਦਾ ਸਿਰਲੇਖ ਉਸ ਤੋਂ ਅਗਲੀ ਪੰਗਤੀ ਵਿਚ ਖੱਬੇ ਪਾਸੇ ਲਿਖਿਆ ਜਾਂਦਾ ਸੀ। ਭਾਵ ਸੱਜੇ ਪਾਸੇ ਨੂੰ ਸ੍ਰੇਸ਼ਟ ਸਮਝੇ ਹੋਏ ਮੰਗਲ ਪਹਿਲਾਂ ਲਿਖਿਆ ਜਾਂਦਾ ਸੀ।

ਹੁਣ ਜੇ ਉਪ੍ਰੋਕਤ ਸ਼ਬਦ ਨੂੰ ਲਿਖਣ ਸ਼ੈਲੀ ਅਨੁਸਾਰ ਪੜਿਆ ਜਾਵੇ ਤਾਂ ਇਹ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਰਾਗੁ ਤੁਖਾਰੀ ਮਹਲਾ ੧ ਬਾਰਹਮਾਹਾ ਛੰਤ ।। ਤੂ ਸੁਣਿ ਕਿਰਤ ਕਰੰਮਾ ਪੁਰਿਬ ਕਮਾਇਆ” ਪੜਿਆ ਜਾਵੇਗਾ। ਪਰ ਛਾਪੇ ਦੀਆਂ ਬੀੜਾਂ ਵਿੱਚ ਇਹ, “ਤੁਖਾਰੀ ਛੰਤ ਮਹਲਾ ੧ ਬਾਰਹਮਾਹਾ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਤੂ ਸੁਣਿ ਕਿਰਤ ਕਰੰਮਾ ਪੁਰਿਬ ਕਮਾਇਆ” ਦਰਜ ਹੈ।
ਇੱਕ ਹੋਰ ਉਦਾਹਰਣ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1185 ਉਪਰ “ਬਸੰਤੁ ਮਹਲਾ ੫ ਘਰ ੨ ਹਿੰਡੋਲ ੴ ਸਤਿਗੁਰ ਪ੍ਰਸਾਦਿ।। ਹੋਇ ਇਕਤ੍ਰ ਮਿਲਹੁ ਮੇਰੇ ਭਾਈ” ਪਰ ਪੰਨਾ 1186 ਉਪਰ “ੴ ਸਤਿਗੁਰ ਪ੍ਰਸਾਦਿ।। ਰਾਗ ਬਸੰਤੁ ਮਹਲਾ ੯।। ਸਾਧੋ ਇਹ ਤਨੁ ਮਿਥਿਆ ਜਾਨਉ”। “ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ॥ ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ॥ (ਪੰਨਾ 345) ਪਰ ਇਸੇ ਹੀ ਪੰਨੇ ਤੇ ਭਗਤ ਰਵਿਦਾਸ ਜੀ ਦਾ ਹੀ ਅਗਲਾ ਸ਼ਬਦ ਵੇਖੋ, ਇਥੇ ਮੰਗਲ ਸ਼ਬਦ ਤੋਂ ਪਹਿਲਾਂ, ਠੀਕ ਅਸਥਾਨ 'ਤੇ ਹੈ। “ੴ ਸਤਿਗੁਰ ਪ੍ਰਸਾਦਿ॥ ਗਉੜੀ ਬੈਰਾਗਣਿ ਰਵਿਦਾਸ ਜੀਉ॥ ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ” (ਪੰਨਾ 345) ਅਜੇਹੀਆਂ ਉਕਾਈਆਂ ਕਾਤਬਾਂ ਵੱਲੋਂ ਹੀ ਕੀਤੀਆਂ ਗਈਆਂ ਹਨ। ਪ੍ਰਿੰ: ਹਰਭਜਨ ਸਿੰਘ ਜੀ ਇਸ ਸਬੰਧੀ ਲਿਖਦੇ ਹਨ, "ਜਦ ਪਾਵਨ ਬੀੜਾਂ ਦਾ ਕਾਰਜ ਸੂਝਵਾਨ ਪ੍ਰੇਮੀਆਂ ਦੀ ਥਾਂ, ਕਿੱਤਾ ਕਾਰਾਂ
(Professional) ਲਿਖਾਰੀਆਂ ਦੇ ਹੱਥ ਆ ਗਿਆ ਤਾਂ ਉਨ੍ਹਾਂ ਨੇ ਸਿਰਲੇਖਾਂ ਤੇ ਰਾਗਾਂ ਦੀ, ਸੱਜੇ ਖੱਬੇ ਦੀ ਸਹੀ ਤਰਤੀਬ ਤੇ ਸ਼ੈਲੀ ਨੂੰ, ਬਿਨਾਂ ਸਮਝੇ, ਉਘੱੜ-ਦੁੱਘੜ ਕਰ ਦਿੱਤਾ ਅਤੇ ਬਹੁਤੇ ਥਾਈਂ ਸਿਰਲੇਖ ਨੂੰ, ਮੰਗਲ ਨਾਲੋਂ, ਸਪਸ਼ਟ ਉੱਪਰ ਪਹਿਲ ਦੇ ਦਿੱਤੀ"। (ਬਿਬੇਕ ਬੁੱਧਿ, ਪੰਨਾ 28)
ਪਿਛਲੀ ਸਦੀ ਦੇ ਛੇਵੇਂ ਦਹਾਕੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮੰਗਲਾਂ ਨੂੰ ਪੁਰਾਤਨ ਹੱਥ ਲਿਖਤਾਂ ਅਨੁਸਾਰ ਰਾਗ ਦੇ ਸਿਰਲੇਖ ਤੋਂ ਪਹਿਲਾ ਛਾਪਣ ਦਾ ਉੱਦਮ ਕੀਤਾ ਗਿਆ ਸੀ ਪਰ ਸ਼੍ਰੋਮਣੀ ਕਮੇਟੀ ਆਪਣੇ ਕੀਤੇ ਫੈਸਲੇ ਤੇ ਹੀ ਪਹਿਰਾ ਨਹੀ ਦੇ ਸਕੀ। ਆਪੂ ਬਣੇ ਬ੍ਰਹਮ ਗਿਆਨੀਆਂ ਦੇ ਵਿਰੋਧ ਕਾਰਨ ਸ਼੍ਰੋਮਣੀ ਕਮੇਟੀ ਨੇ ਮੰਗਲ ਮੁੜ ਉਘੜ-ਦੁੱਘੜੇ ਛਾਪਣੇ ਅਰੰਭ ਦਿੱਤੇ। ਜਦੋਂ ਇਹ ਸਪੱਸ਼ਟ ਹੋ ਚੁਕਾ ਹੈ ਕਿ ਗੁਰੂ ਸਾਹਿਬ ਵੱਲੋਂ ਪ੍ਰਵਾਨੀ ਗਈ ਬਾਣੀ ਲਿਖਣ ਦੀ ਤਰਤੀਵ ਨੂੰ ਕਾਤਬਾਂ ਨੇ ਜਾਣੇ-ਅਣਜਾਣੇ ਬਦਲ ਦਿੱਤਾ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਅੱਜ ਇਹ ਸੋਧ ਕਿਓ ਨਹੀ ਹੋ ਸਕਦੀ? ਜਿਨ੍ਹਾਂ ਦੇ ਵਿਰੋਧ ਕਾਰਨ ਸ਼੍ਰੋਮਣੀ ਕਮੇਟੀ ਆਪਣੇ ਫੈਸਲੇ ਤੇ ਕਾਇਮ ਨਹੀਂ ਸੀ ਰਹਿ ਸਕੀ, ਉਨ੍ਹਾਂ ਦੀਆਂ ਆਪਣੀਆਂ ਲਿਖਤਾਂ ਵਿੱਚ "ਇਤਿਆਦਿਕ ਕ੍ਰੀਬਨ 1500 ਪਾਠ ਹਨ ਜੋ ਦਮਦਮੀ ਦੇ ਪਾਠਾਂ ਨਾਲ ਨਹੀਂ ਮਿਲਦੇ" ਲਿਖਿਆ ਹੋਇਆ ਹੈ। ਮੰਗਲਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਜੇ ਹੋਰ ਵਿਦਵਾਨਾਂ ਦੀਆਂ ਲਿਖਤਾਂ ਨਹੀਂ ਤਾਂ ਘੱਟੋ-ਘੱਟ ਆਪਣੇ ਮੁਖੀਆਂ ਦੀਆਂ ਲਿਖਤਾਂ ਤਾਂ ਪੜ੍ਹ ਹੀ ਲੈਣੀਆਂ ਚਾਹੀਦੀਆਂ ਹਨ। ਇਥੇ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਬ੍ਰਹਮ ਗਿਆਨੀਆਂ ਨੂੰ 1500 ਪਾਠ ਭੇਦ ਤਾਂ ਦਿਖਾਈ ਦਿੰਦੇ ਹਨ ਪਰ ਮੰਗਲਾਂ ਦੀ ਬੇ-ਤਰਤੀਬੀ ਦਿਖਾਈ ਨਹੀ ਦਿੰਦੀ। ਉਨ੍ਹਾਂ ਨੂੰ ਇਮਾਨਦਾਰ ਕਿਵੇਂ ਮੰਨਿਆਂ ਜਾ ਸਕਦਾ ਹੈ? ਅੱਜ ਗੁਰੂ ਗ੍ਰੰਥ ਸਾਹਿਬ ਜੀ ਦੁਨੀਆਂ ਦੇ ਹਰ ਵਿਅਕਤੀ ਦੀ ਪਹੁੰਚ ਵਿੱਚ ਹਨ। ਉਹ ਲੋਕ ਜਿਨ੍ਹਾਂ ਨੇ ਸਾਡੇ ਵਾਂਗੂ ਠੇਕੇ ਤੇ ਪਾਠ ਨਹੀ ਕਰਵਾਉਣੇ ਸਗੋਂ ਗਿਆਨ ਹਾਸਲ ਕਰਨ ਲਈ ਪੜ੍ਹਨਾ/ਸਮਝਣਾ ਹੈ, ਨੇ ਜਦੋ ਸਵਾਲ ਕੀਤੇ ਕਿ ਇਨ੍ਹਾਂ ਉਕਾਈਆਂ ਦਾ ਜਿੰਮੇਵਾਰ ਕੋਣ ਹੈ ਤਾਂ ਸਾਡਾ ਕੀ ਜਵਾਬ ਹੋਵੇਗਾ?
.