.

ਸਿੱਖ ਧਰਮ ਦੀ ਉਤਪਤੀ ਅਤੇ ਮਨੋਰਥ

ਹਾਕਮ ਸਿੰਘ

ਸਿੱਖ ਧਰਮ ਦੀ ਵਿਚਾਰ ਚਰਚਾ ਵਿਚ ਅਕਸਰ ਇਨ੍ਹਾਂ ਚਾਰ ਸ਼੍ਰੇਣੀਆਂ (categories) ਨਾਲ ਸਬੰਧਿਤ ਵਿਸ਼ਿਆਂ ਦਾ ਵਰਨਣ ਹੁੰਦਾ ਹੈ: ੧. ਗੁਰੂ ਗ੍ਰੰਥ ਸਾਹਿਬ ਦੀ ਬਾਣੀ, ੨. ਸਿੱਖ ਰਹਿਤ ਮਰਯਾਦਾ; ੩. ਗੁਰਦੁਆਰਾ ਪ੍ਰਬੰਧ; ਅਤੇ ੪. ਸਿੱਖ ਇਤਹਾਸ ਅਤੇ ਸਿਆਸਤ। ਧਰਮ ਦੀਆਂ ਇਨ੍ਹਾਂ ਸ਼੍ਰੇਣੀਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ: ਅਧਿਆਤਮਿਕ ਧਰਮ ਅਤੇ ਸਮਾਜਕ ਧਰਮ। ਅਧਿਆਤਮਿਕ ਧਰਮ ਦਾ ਵਰਨਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕੀਤਾ ਹੋਇਆ ਹੈ। ਸਿੱਖ ਸਮਾਜਕ ਧਰਮ ਦੇ ਮੁੱਖ ਅੰਗ ਇਹ ਹਨ: ਸਿੱਖ ਰਹਿਤ ਮਰਯਾਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਮਿਥਾਸਕ- ਇਤਹਾਸ। ਭਾਵੇਂ ਇਹ ਦੋਨੋਂ ਧਰਮ ਹੀ ਜਾਣੇ ਜਾਂਦੇ ਹਨ ਪਰ ਜਿਥੇ ਸਮਾਜਕ ਧਰਮ ਹੁੰਦਾ ਹੈ ਓਥੇ ਅਧਿਆਤਮਿਕ ਧਰਮ ਨਹੀਂ ਹੁੰਦਾ ਕਿਉਂਕਿ ਗੁਰਬਾਣੀ ਅਨੁਸਾਰ "ਭਗਤਾ ਤੈ ਸੰਸਰੀਆ ਜੋੜੁ ਕਦੇ ਨ ਆਇਆ॥" (ਪੰ: ੧੪੫)। ਗੁਰਬਾਣੀ ਵਿਚ ਪ੍ਰਭੂ ਪ੍ਰਾਪਤੀ ਦੇ ਮਾਰਗ ਦੇ ਪਾਂਧੀਆਂ ਲਈ ਧਰਮ ਪਹਿਲੀ ਲੋੜ ਦੱਸਿਆ ਗਿਆ ਹੈ। ਗੁਰੂ ਸਾਹਿਬਾਨ ਨੇ ਗੁਰਬਾਣੀ ਕੇਵਲ ਅਧਿਆਤਮਿਕ ਗਿਆਨ ਪਰਦਾਨ ਕਰਨ ਲਈ ਹੀ ਰਚੀ ਹੈ। ਉਨ੍ਹਾਂ ਕਿਸੇ ਰਹਿਤ ਮਰਯਾਦਾ ਦਾ ਸੁਝਾ ਨਹੀਂ ਦਿੱਤਾ ਹੈ ਅਤੇ ਨਾ ਹੀ ਕਿਸੇ ਇਤਹਾਸ ਦੀ ਰਚਨਾ ਕੀਤੀ ਹੈ। ਉਨ੍ਹਾਂ ਕੋਈ ਸਮਾਜਕ ਧਰਮ ਵੀ ਸਥਾਪਤ ਨਹੀਂ ਕੀਤਾ ਅਤੇ ਨਾ ਹੀ ਗੁਰਦੁਆਰਾ ਪ੍ਰਬੰਧ ਬਾਰੇ ਕੋਈ ਆਦੇਸ਼ ਦਿੱਤਾ ਹੈ। ਗੁਰੂ ਸਾਹਿਬਾਨ ਆਪ ਕਿਸੇ ਇਕ ਥਾਂ ਤੇ ਵੀ ਨਹੀਂ ਰਹੇ ਸਨ ਜਿਸ ਨੂੰ ਸਹੀ ਅਰਥਾਂ ਵਿਚ ਧਾਰਮਕ ਕੇਂਦਰ ਸਮਝਿਆ ਜਾ ਸਕਦਾ ਹੋਵੇ। ਗੁਰਬਾਣੀ ਵਿਚ ਸਿਖ ਅਤੇ ਸਿੱਖੀ ਸ਼ਬਦ ਤੇ ਵਰਤੇ ਗਏ ਹਨ ਪਰ ਸਿੱਖ ਧਰਮ ਦਾ ਜ਼ਿਕਰ ਨਹੀਂ ਹੈ। ਸਿੱਖ ਧਰਮ ਇਕ ਸਮਾਜਕ ਅਸਤਿਤਵ ਹੈ, ਇਕ ਮਜ਼੍ਹਬ ਹੈ। ਇਹ ਗੁਰਬਾਣੀ ਉਪਦੇਸ਼ ਦੀ ਉਪਜ ਨਹੀਂ ਹੈ। ਅਸਲ ਵਿਚ ਇਹ ਗੁਰਬਾਣੀ ਉਪਦੇਸ਼ ਦੀ ਅਧਿਆਤਮਿਕ ਵਿਚਾਰਧਾਰਾ ਤੋਂ ਧਿਆਨ ਹਟਾਉਣ ਲਈ ਉਸ ਉਪਦੇਸ਼ ਦੀ ਸਮਾਜਕ ਵਿਹਾਰ ਵਿਚ ਬਦਲਾਓ ਦੀ ਪ੍ਰਕਿਰਿਆ ਹੈ। ਇਹ ਗੁਰਬਾਣੀ ਦੇ ਅਧਿਆਤਮਿਕ ਗਿਆਨ ਨੂੰ ਸਮਾਜਕ ਵਿਹਾਰ ਨਾਲ ਰਲਗੱਡ ਕਰਕੇ ਭੁਚਲਾਉਣ ਦੀ ਵਿਉਂਤ ਹੈ ਅਤੇ ਗੁਰਬਾਣੀ ਨੂੰ ਸੰਸਾਰਕ ਲੋੜਾਂ ਦੀ ਪੂਰਤੀ ਦੇ ਸਾਧਨ ਵਜੋਂ ਸਾਖਿਆਤ ਕਰਨ ਦਾ ਢੰਗ ਹੈ। ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਗੁਰ ਪਰਵਾਰਾਂ ਵਿਚ ਗੁਰਗੱਦੀ ਦੇ ਅਭਿਲਾਸ਼ੀਆਂ ਅਤੇ ਗੁਰਬਾਣੀ ਗ੍ਰੰਥ ਤੇ ਕਬਜ਼ਾ ਕਰਕੇ ਲਾਭ ਉਠਾਉਣ ਦੇ ਚਾਹਵਾਨਾਂ ਨੇ ਜਾਤ ਪਾਤ ਤੇ ਆਧਾਰਤ ਹਿੰਦੂ ਧਰਮ ਨਾਲੋਂ ਥੋੜ੍ਹਾ ਵਖਰਾ ਸਿੱਖ ਧਰਮ ਸਥਾਪਤ ਕਰ ਲਿਆ ਸੀ। ਉਨ੍ਹਾਂ ਦੀ ਗੁਰਬਾਣੀ ਦੇ ਅਧਿਆਤਮਿਕ ਗਿਆਨ ਦਾ ਸੰਚਾਰ ਕਰਨ ਵਿਚ ਕੋਈ ਦਿਲਚਸਪੀ ਨਹੀਂ ਸੀ। ਉਹ ਤੇ ਗੁਰਬਾਣੀ ਗ੍ਰੰਥ ਨੂੰ ਪੂਜਾ ਵਸਤੂ ਵਜੋਂ ਵਰਤ ਕੇ ਨਿਜੀ ਸੰਪਤੀ ਇਕੱਠੀ ਕਰਨ ਅਤੇ ਗੁਰਗੱਦੀ ਰਾਹੀਂ ਪ੍ਰਤਿਸ਼ਠਾ ਖੱਟਣ ਦੇ ਅਭਿਲਾਸ਼ੀ ਸਨ ਅਤੇ ਅੱਜ ਵੀ ਹਨ। ਗੁਰਬਾਣੀ ਪੋਥੀ ਨੂੰ ਪੂਜਾ ਵਸਤੂ ਬਣਾਉਣਾ ਹਿੰਦੂ ਮੂਰਤੀ ਪੂਜਾ ਦਾ ਹੀ ਬਦਲ ਸੀ। ਉਨ੍ਹਾਂ ਹੀ ਰੀਤਾਂ ਨੂੰ ਅੱਗੇ ਤੋਰਦੇ ਹੋਏ ਉਦਾਸੀ ਅਤੇ ਨਿਰਮਲੇ ਸਾਧੂਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਨਾਲ ਕਈ ਹੋਰ ਕਰਮ ਕਾਂਡ ਅਤੇ ਰਹਿਤ ਮਰਿਯਾਦਾਵਾਂ ਜੋੜ ਅਤੇ ਗੁਰਦੁਆਰੇ ਉਸਾਰ ਕੇ ਜਾਤ ਪਾਤ ਤੇ ਆਧਾਰਤ ਸਿੱਖ ਧਰਮ ਪ੍ਰਸਿੱਧ ਕਰ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਉਸ ਧਰਮ ਦਾ ਸ਼ਿੰਗਾਰ ਬਣਾ ਕੇ ਸ਼ਰਧਾਲੂਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਦੇ ਮੰਤਰਾਂ ਦਾ ਸੰਗ੍ਰਿਹ ਬਣਾ ਦਿੱਤਾ। ਸਿੱਖ ਧਰਮ ਨੂੰ ਪ੍ਰਮਾਣਿਕ ਬਨਾਉਣ ਅਤੇ ਪ੍ਰਸਿੱਧ ਕਰਨ ਲਈ ਚੋਣਵੇਂ ਉਚਿਤ ਅਤੇ ਲੋੜੀਂਦੇ ਮਿਥਹਾਸਕ ਇਤਹਾਸ ਦੀ ਰਚਨਾ ਕਰ ਦਿੱਤੀ। ਸਿੱਖ ਜਗਤ ਵਿਚ ਗੁਰਬਾਣੀ ਨਾਲ ਸ਼ਿੰਗਾਰਿਆ ਇੱਛਾ ਪੂਰਕ ਧਾਰਮਕ ਕਰਮ ਕਾਂਡ ਅਤੇ ਸਦਾਚਾਰ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਪਹਿਲੋਂ ਹੀ ਸਿੱਖ ਧਰਮ ਦਾ ਰੂਪ ਧਾਰਨ ਕਰਕੇ ਪਰੰਪਰਾਗਤ ਬਣ ਗਿਆ ਸੀ।

ਗੁਰੂ ਗ੍ਰੰਥ ਸਾਹਿਬ ਅਧਿਆਤਮਿਕ ਗਿਆਨ ਦਾ ਭੰਡਾਰ ਹੈ ਕਰਮ ਕਾਡਾਂ ਦੀ ਵਿਧੀ ਜਾਂ ਸਮਾਜ ਸ਼ਾਸਤਰ ਦਾ ਗ੍ਰੰਥ ਨਹੀਂ ਹੈ। ਪਰ ਸਿੱਖ ਜਗਤ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਧਿਆਤਮਿਕ ਗਿਆਨ ਦੇ ਪ੍ਰਕਾਸ਼ ਦੀ ਥਾਂ ਕਰਮ ਕਾਂਡ, ਸਮਾਜਕ ਵਿਹਾਰ, ਡੇਰਾਵਾਦ ਅਤੇ ਰਾਜਸੀ ਗਤੀਵਿਧੀਆਂ ਦਾ ਆਧਾਰ ਸਮਝਣ ਅਤੇ ਪ੍ਰਚਾਰਨ ਦੀ ਪਰਥਾ ਹੈ। ਇਸ ਨੂੰ ਗੁਰਬਾਣੀ ਦੀ ਕੁਵਰਤੋਂ ਹੀ ਆਖਿਆ ਜਾ ਸਕਦਾ ਹੈ। ਗੁਰਬਾਣੀ ਦੀ ਇਸ ਕੁਵਰਤੋਂ ਦਾ ਲੰਮਾ ਅਤੇ ਜਟਿਲ ਇਤਹਾਸ ਹੈ ਜਿਸ ਬਾਰੇ ਸਿੱਖ ਵਿੱਦਿਆ ਜਗਤ ਨੇ ਸਾਜ਼ਸ਼ੀ ਚੁੱਪ ਧਾਰਨ ਕੀਤੀ ਹੋਈ ਹੈ। ਪਰ ਸ਼ਰਧਾਲੂਆਂ ਨੂੰ ਭਾਵਕ ਕਰਨ ਅਤੇ ਭੜਕਾਉਣ ਲਈ ਕਈ ਵਿਦਵਾਨ ਅਤੇ ਬੁਲਾਰੇ ਗੁਰਬਾਣੀ ਦੀ ਕੁਵਰਤੋਂ ਅਤੇ ਸਿੱਖ ਧਰਮ ਦੀ ਇਸ ਦਸ਼ਾ ਲਈ ਅਕਸਰ ਹਿੰਦੂਆਂ ਅਤੇ ਬ੍ਰਾਹਮਣਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ ਭਾਵੇਂ ਉਹ ਇਹ ਵੀ ਆਖੀ ਜਾਂਦੇ ਹਨ ਕਿ ਹਿੰਦੂ, ਬ੍ਰਾਹਮਣ ਅਤੇ ਮੁਸਲਮਾਨ ਹੀ ਗੁਰੂ ਸਾਹਿਬਾਨ ਦੇ ਉਪਾਸ਼ਕ ਸਨ। ਅਸਲ ਵਿਚ ਗੁਰਬਾਣੀ ਵਿਚਾਰਧਾਰਾ ਦੀ ਵਿਰੋਧਤਾ ਸਮੇਂ ਦੀਆਂ ਸਰਕਾਰਾਂ ਅਤੇ ਉਨ੍ਹਾਂ ਨਾਲ ਜੁੜੇ ਸੁਆਰਥੀ ਅਤੇ ਸ਼ਰਾਰਤੀ ਅਨਸਰ ਕਰਦੇ ਹਨ, ਜਿਸ ਨੂੰ ਸਿਆਸੀ ਅਤੇ ਧਾਰਮਕ ਆਗੂ ਹਿੰਦੂਆਂ ਅਤੇ ਬ੍ਰਾਹਮਣਾਂ ਦੇ ਨਾਂ ਥੋਪ ਕੇ ਆਪਣੀ ਲੀਡਰੀ ਚਮਕਾਉਣ ਅਤੇ ਦੁਸ਼ਮਣੀਆਂ ਫੈਲਾਉਣ ਲਈ ਵਰਤਦੇ ਹਨ। ਪਰ ਗੁਰਬਾਣੀ ਦੀ ਕੁਵਰਤੋਂ ਅਤੇ ਉਸ ਕੁਵਰਤੋਂ ਦਾ ਦੋਸ਼ ਦੂਜਿਆਂ ਤੇ ਲਾਉਣ ਦਾ ਕੰਮ ਗੁਰ ਪਰਵਾਰਾਂ ਵਿਚ ਗੁਰਗੱਦੀ ਅਤੇ ਗੁਰਬਾਣੀ ਗ੍ਰੰਥ ਤੇ ਕਬਜ਼ਾ ਕਰਨ ਦੇ ਅਭਿਲਾਸ਼ੀਆਂ ਨੇ ਸਮੇਂ ਦੀ ਸਰਕਾਰ ਨਾਲ ਮਿਲ ਕੇ ਸ਼ੁਰੂ ਕੀਤਾ ਸੀ ਜਿਸ ਨੂੰ ਫੈਲਾਉਣ ਵਿਚ ਉਦਾਸੀ ਅਤੇ ਨਿਰਮਲੇ ਸਾਧੂ ਸਹਾਈ ਹੋਏ ਸਨ। ਇਥੇ ਇਹ ਉਲੇਖ ਕਰਨਾ ਵੀ ਜ਼ਰੂਰੀ ਹੈ ਕਿ ਉਦਾਸੀ ਅਤੇ ਨਿਰਮਲੇ ਵਿਦਵਾਨਾਂ ਅਤੇ ਧਰਮ ਸ਼ਾਸਤਰੀਆਂ ਨੇ ਗੁਰਬਾਣੀ ਦੀ ਅਧਿਆਤਮਿਕ ਵਿਚਾਰਧਾਰਾ ਨੂੰ ਹਿੰਦੂ ਸ਼ਾਸਤਰਾਂ ਦੇ ਸੰਦਰਭ ਵਿਚ ਸਮਝਣ ਸਮਝਾਉਣ ਦੇ ਸੰਜੀਦਾ ਉਪਰਾਲੇ ਕਰਕੇ ਗੁਰਮਤਿ ਸਾਹਿਤ ਵਿਚ ਨਿੱਗਰ ਯੋਗਦਾਨ ਵੀ ਪਾਇਆ ਸੀ।

ਅੰਗਰੇਜ਼ਾਂ ਦੇ ਰਾਜ ਸਮੇਂ ਸਿੱਖਾਂ ਨੇ ਪੱਛਮੀ ਧਾਰਮਕ ਅਤੇ ਰਾਜਸੀ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਸਿੰਘ ਸਭਾਵਾਂ ਸਥਾਪਤ ਕੀਤੀਆਂ ਸਨ। ਇਨ੍ਹਾਂ ਸਭਾਵਾਂ ਦਾ ਮੁੱਖ ਮਨੋਰਥ ਗੁਰਬਾਣੀ ਵਿਆਖਿਆ ਅਤੇ ਸਿੱਖ ਧਾਰਮਕ ਵਿਹਾਰ ਨੂੰ ਉਦਾਸੀ ਅਤੇ ਨਿਰਮਲੇ ਸਾਧੂਆਂ ਅਤੇ ਗੁਰ ਪ੍ਰਵਾਰਾਂ ਦੇ ਗੁਰਮਤਿ ਵਿਰੋਧੀ ਸਦੱਸਾਂ ਵੱਲੋਂ ਪ੍ਰਚਲਤ ਕੀਤੇ ਹਿੰਦੂ ਸਨਾਤਨੀ ਰੀਤੀ ਰਿਵਾਜਾਂ ਤੋਂ ਮੁਕਤ ਕਰਵਾਉਣਾ ਸੀ। ਈਸਾਈ ਧਰਮ ਦੀ ਰੀਸ ਵਿਚ ਉਨ੍ਹਾਂ ਸਿੱਖ ਧਰਮ ਨੂੰ ਰਾਜਸੀ ਸੰਗਠਨ ਦਾ ਆਧਾਰ ਵੀ ਬਣਾ ਲਿਆ। ਸਿੰਘ ਸਭਾਵਾਂ ਦੀ ਉਦਾਸੀ ਅਤੇ ਨਿਰਮਲੇ ਵਿਦਵਾਨਾਂ ਦੀ ਵਿਰੋਧਤਾ ਕਾਰਨ ਸਿੰਘ ਸਭਾਵਾਂ ਦੇ ਕਈ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਸਿੱਖ ਪ੍ਰਵਾਨ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਜਿਸ ਨਾਲ ਸਿੱਖ ਧਰਮ ਦੋ ਫਾੜ ਹੋ ਗਿਆ। ਉਦਾਸੀ ਅਤੇ ਨਿਰਮਲੇ ਵਿਦਵਾਨਾਂ ਦਾ ਗੁਰਮਤਿ ਦੇ ਅਧਿਐਨ, ਖੋਜ ਅਤੇ ਸੰਚਾਰ ਦਾ ਆਪਣਾ ਵਖਰਾ ਸ਼ਾਸਤਰੀ ਅਨੁਸ਼ਾਸਨ ਸੀ। ਸਿੰਘ ਸਭਾਵਾਂ ਵਿਚ ਉਦਾਸੀ ਅਤੇ ਨਿਰਮਲੇ ਵਿਦਵਾਨਾਂ ਦੀ ਪੱਧਰ ਦੇ ਗਿਆਨਵਾਨ ਵਿਦਵਾਨਾਂ ਦੀ ਬਹੁਤ ਘਾਟ ਸੀ। ਸਿੰਘ ਸਭਾਵਾਂ ਦੇ ਵਿਦਵਾਨਾਂ ਤੇ ਪੱਛਮੀ ਵਿਚਾਰਧਾਰਾ ਦਾ ਬਹੁਤਾ ਪ੍ਰਭਾਵ ਸੀ ਪਰ ਉਨ੍ਹਾਂ ਵਿਚ ਪੱਛਮੀ ਵਿਦਵਾਨਾਂ ਵਾਲੀ ਸੂਝ, ਵਚਨਬੱਧਤਾ ਅਤੇ ਅਕਾਦਮਿਕ ਅਨੁਸ਼ਾਸਨ ਨਹੀਂ ਸੀ। ਸਿੰਘ ਸਭਾਵਾਂ ਸਿੱਖ ਜਗਤ ਵਿਚ ਗੁਰਮਤਿ ਸੰਚਾਰ ਦੀ ਸੰਤੋਖ ਜਨਕ ਪ੍ਰਣਾਲੀ ਸਥਾਪਤ ਕਰਨ ਵਿਚ ਸਫਲ ਨਾ ਹੋ ਸਕੀਆਂ ਅਤੇ ਗੁਰਦੁਆਰਿਆਂ ਦੀ ਸੰਪਤੀ ਤੇ ਕਬਜ਼ੇ ਕਰਨ ਦੇ ਸੌਖੇ ਅਤੇ ਲਾਹੇਵੰਦ ਕੰਮ ਵਿਚ ਰੁੱਝ ਗਈਆਂ। ਸਿੱਖ ਸਮਾਜ ਵਿਚ ਗੁਰਮਤਿ ਸੰਚਾਰ ਦੀ ਕਾਰਜਸ਼ੀਲ ਪ੍ਰਣਾਲੀ ਦੀ ਅਣਹੋਂਦ ਨੇ ਡੇਰਾਵਾਦ ਅਤੇ ਪਖੰਡ ਵਾਦ ਨੂੰ ਫੈਲਣ ਦਾ ਮੌਕਾ ਦੇ ਦਿੱਤਾ। ਇਸ ਦੇ ਨਾਲ ਹੀ ਦੁਫਾੜ ਹੋਇਆ ਸਿੱਖ ਧਰਮ ਟਕਸਾਲਾਂ, ਅਖੰਡ ਕੀਰਤਨੀਆਂ, ਸੰਪਰਦਾਵਾਂ ਅਤੇ ਖਾੜਕੂਆਂ ਦੀਆਂ ਪੋਰੀਆਂ ਵਿਚ ਵੰਡਿਆ ਗਿਆ ਅਤੇ ਸਿਆਸਤਦਾਨਾਂ ਨੇ ਗੁਰਦੁਆਰਾ ਪ੍ਰਬੰਧਕਾਂ ਨਾਲ ਮਿਲ ਕੇ ਗੁਰਦੁਆਰਿਆਂ ਨੂੰ ਗੁਰਬਾਣੀ ਸੰਚਾਰ ਨਾਲੋਂ ਹਟਾ ਕੇ ਆਮਦਨੀ, ਸ਼ਕਤੀ ਅਤੇ ਸੰਘਰਸ਼ ਦਾ ਸਾਧਨ ਬਣਾ ਲਿਆ। ਓਧਰ ਡੇਰੇਦਾਰਾਂ ਨੇ ਆਪਣੇ ਸ਼ਰਧਾਲੂਆਂ ਦੇ ਵੋਟ ਬੈਂਕ ਬਣਾ ਕੇ ਸਰਕਾਰ ਨਾਲ ਸ਼ਰਧਾਲੂਆਂ ਦੀਆਂ ਮੰਗਾਂ ਮੰਗਵਾਉਣ ਅਤੇ ਆਪਣੀ ਸ਼ਕਤੀ ਵਧਾਉਣ ਲਈ ਸੌਦੇ ਬਾਜ਼ੀ ਦਾ ਜੁਗਾੜ ਬਣਾ ਲਿਆ।

ਗੁਰਮਤਿ ਨਾਲੋਂ ਟੁੱਟਿਆ ਸਿੱਖ ਧਰਮ ਸਿੱਖਾਂ ਵਿਚ ਹੀ ਵੰਡੀਆਂ ਪਾਉਣ ਤਕ ਸੀਮਤ ਨਾ ਰਿਹਾ। ਉਸ ਨੇ ਦਯਾਨੰਦ ਗੁਜਰਾਤੀ ਨਾਲ ਰਲ ਕੇ ਪੰਜਾਬੀਆਂ ਵਿਚ ਵੀ ਵੰਡੀਆਂ ਪੁਆ ਦਿੱਤੀਆਂ। ਅੰਗ੍ਰੇਜ਼ ਪੰਜਾਬੀਆਂ ਅਤੇ ਸਿੱਖਾਂ ਦੀ ਸ਼ਕਤੀ ਨੂੰ ਪੰਜਾਬੀ ਸਮਾਜ ਵਿਚ ਫੁੱਟ ਪਾ ਕੇ ਕੰਟ੍ਰੋਲ ਕਰਨ ਦੇ ਚਾਹਵਾਨ ਸਨ। ਦਯਾਨੰਦ ਨੇ ਅੰਗਰੇਜ਼ਾਂ ਦੀ ਵਿਰੋਧਤਾ ਦਾ ਅਡੰਬਰ ਰਚ ਕੇ ਉਨ੍ਹਾਂ ਦੀ ਇੱਛਾ ਅਨੁਸਾਰ ਪੰਜਾਬੀਆਂ ਨੂੰ ਤਿੰਨ ਵਿਰੋਧੀ ਧਿਰਾਂ ਵਿਚ ਵੰਡ ਦਿੱਤਾ। ਪੰਜਾਬੀ ਹਿੰਦੂ ਦਯਾਨੰਦ ਦੇ ਆਰੀਆ ਸਮਾਜ ਦੇ ਉਪਾਸ਼ਕ ਬਣ ਕੇ ਸਿੱਖ ਧਰਮ ਅਤੇ ਪੰਜਾਬੀ ਭਾਸ਼ਾ ਦੇ ਵਿਰੋਧੀ ਬਣ ਗਏ। ਹਿੰਦੂਆਂ ਦੀ ਵਿਰੋਧਤਾ ਕਾਰਨ ਪੰਜਾਬੀ ਮੁਸਲਮਾਨ ਪੰਜਾਬੀ ਨੂੰ ਮਾਤ ਭਾਸ਼ਾ ਸਵੀਕਾਰ ਕਰਨ ਤੋਂ ਮੁਨਕਰ ਹੋ ਗਏ। ਸਿੱਖਾਂ ਨੇ ਵੀ ਪੰਜਾਬੀਆਂ ਦੀ ਆਪਸੀ ਦੁਸ਼ਮਣੀ ਦੂਰ ਕਰਨ ਦੀ ਥਾਂ ਉਸ ਦੁਸ਼ਮਣੀ ਨੂੰ ਮਜ਼ਬੂਤ ਕਰਨ ਲਈ ਧਰਮ ਯੁੱਧ ਛੇੜ ਦਿੱਤਾ। ਗੁਰੂ ਨਾਨਕ ਸਾਹਿਬ ਵੱਲੋਂ ਇਕ ਕੀਤੀ ਪੰਜਾਬੀ ਕੌਮ ਉਨ੍ਹਾਂ ਦੇ ਉਪਾਸ਼ਕਾਂ ਦੀ ਅਗਿਆਨਤਾ ਨੇ ਖੇਰੂ-ਖੇਰੂ ਕਰ ਦਿੱਤੀ।


ਪੱਛਮੀ ਸਿੱਖਿਆ ਅਤੇ ਵਿਗਿਆਨਕ ਵਿਚਾਰਧਾਰਾ ਤੋਂ ਪ੍ਰਭਾਵਤ ਕਈ ਸਿੱਖ ਵਿਦਵਾਨ ਗੁਰਬਾਣੀ ਉਪਦੇਸ਼ ਦੀ ਵਿਆਖਿਆ ਨੂੰ ਆਧੁਨਿਕ ਵਿਗਿਆਨਕ ਸੋਚ ਦੇ ਅਨੁਕੂਲ ਬਨਾਉਣ ਦੇ ਅਭਿਲਾਸ਼ੀ ਹਨ। ਕਈ ਤਰਕ, ਵਿਗਿਆਨ ਅਤੇ ਆਧੁਨਿਕ ਖੋਜ ਵਿਧੀ ਅਨੁਸਾਰ ਗੁਰਬਾਣੀ ਵਿਆਖਿਆ ਕਰਨ ਅਤੇ ਗੁਰਬਾਣੀ ਨੂੰ ਵਿਗਿਆਨਕ ਸਿੱਧ ਕਰਨ ਦਾ ਯਤਨ ਵੀ ਕਰਦੇ ਹਨ। ਉਹ ਆਪਣੀ ਪੂਰਵ ਧਾਰਨਾ ਵਿਚ ਢਾਲੀ ਗੁਰਬਾਣੀ ਵਿਆਖਿਆ ਨੂੰ ਹੀ ਪ੍ਰਮਾਣਿਕ ਸਮਝਦੇ ਹਨ। ਇਸ ਪੱਖੋਂ ਇਨ੍ਹਾਂ ਵਿਚ ਅਤੇ ਉਦਾਸੀ ਅਤੇ ਨਿਰਮਲੇ ਸਾਧੂਆਂ ਵਿਚ ਬਹੁਤਾ ਫਰਕ ਨਹੀਂ ਹੈ। ਉਦਾਸੀ ਅਤੇ ਨਿਰਮਲੇ ਸਾਧੂ ਗੁਰਬਾਣੀ ਦੀ ਵਿਆਖਿਆ ਹਿੰਦੂ ਧਾਰਮਕ ਗ੍ਰੰਥਾਂ ਅਤੇ ਜਾਤ ਪਾਤੀ ਪਰੰਪਰਾਵਾਂ ਦੇ ਦ੍ਰਿਸ਼ਟੀਕੋਣ ਤੋਂ ਕਰਦੇ ਸਨ ਅਤੇ ਅਜੋਕੇ ਵਿਦਵਾਨ ਉਹ ਵਿਆਖਿਆ ਆਧੁਨਿਕ ਸਮਾਜ ਅਤੇ ਪਦਾਰਥਵਾਦ ਤੋਂ ਪ੍ਰਭਾਵਤ ਸੋਚ ਅਨੁਸਾਰ ਕਰਦੇ ਹਨ। ਗੁਰਬਾਣੀ ਇਨ੍ਹਾਂ ਦੋਵੇਂ ਪਹੁੰਚਾਂ ਨੂੰ ਪਰਵਾਨ ਨਹੀਂ ਕਰਦੀ। ਉਹ ਜਾਤ ਪਾਤੀ ਸਮਾਜ ਅਤੇ ਮੂਰਤੀ ਪੂਜਾ ਦਾ ਖੰਡਨ ਕਰਦੀ ਹੈ ਅਤੇ ਅਧਿਆਤਮਿਕ ਗਿਆਨ ਦੀ ਪ੍ਰਾਪਤੀ ਲਈ ਪਦਾਰਥਵਾਦੀ ਸੋਚ ਅਤੇ ਸਮਾਜ ਸ਼ਾਸਤਰੀ ਢੰਗਾਂ ਨੂੰ ਨਕਾਰਦੀ ਹੈ। ਸਨਾਤਨੀ ਵਿਚਾਰਧਾਰਾ ਅਤੇ ਆਧੁਨਿਕ ਦ੍ਰਿਸ਼ਟੀਕੋਣ ਦੀ ਪੂਰਵ ਧਾਰਨਾ ਨਾਲ ਕੀਤੀ ਗੁਰਬਾਣੀ ਵਿਆਖਿਆ ਕਾਰ ਦੀ ਗੁਰਬਾਣੀ ਦੇ ਰਚਣਹਾਰਾਂ ਨਾਲੋਂ ਵੱਧ ਸਿਆਣਾ ਹੋਣ ਦੇ ਵਿਸ਼ਵਾਸ ਦਾ ਪ੍ਰਗਟਾਵਾ ਕਰਦੀ ਹੈ। ਗੁਰਬਾਣੀ ਦੀ ਵਿਆਖਿਆ ਉਸ ਵਿਚ ਵਰਤੇ ਸ਼ਬਦਾਂ ਦੇ ਆਧਾਰ ਤੇ ਹੀ ਹੋਣੀ ਚਾਹੀਦੀ ਹੈ ਉਸ ਨੂੰ ਕਿਸੇ ਪੂਰਵ ਧਾਰਨਾ ਵਿਚ ਫਿਟ ਕਰਨਾ ਸਹੀ ਨਹੀਂ ਹੈ।

ਬਹੁਤੇ ਵਿਆਖਿਆ ਕਾਰ ਗੁਰਬਾਣੀ ਦਾ ਹਿੰਦੂ ਧਾਰਮਕ ਵਿਚਾਰਧਾਰਾ ਨਾਲੋਂ ਵੱਖਰੇਵਾਂ ਜਤਾਉਣ ਲਈ ਗੁਰਬਾਣੀ ਵਿਚ ਆਏ ਹਿੰਦੂ ਮਿਥਹਾਸਕ ਪ੍ਰਸੰਗਾਂ ਨਾਲ ਆਪਣੀ ਨਿਜੀ ਰਾਏ ਜੋੜ ਦਿੰਦੇ ਹਨ। ਗੁਰਬਾਣੀ ਵਿਚ ਹਿੰਦੂ ਅਤੇ ਇਸਲਾਮਿਕ ਵਿਚਾਰਾਂ, ਵਿਹਾਰਾਂ ਅਤੇ ਮਿਥਿਹਾਸਾਂ ਦਾ ਵਰਨਣ ਹੋਣਾ ਸੁਭਾਵਕ ਹੈ ਕਿਉਂਕਿ ਉਹ ਭਾਰਤੀ ਅਤੇ ਇਸਲਾਮਿਕ ਅਧਿਆਤਮਿਕ ਵਿਚਾਰਧਾਰਾਵਾਂ ਵਿਚੋਂ ਵਿਕਸਤ ਹੋਈ ਹੈ ਅਤੇ ਅਜਿਹੇ ਵਰਨਣ ਗੁਰਬਾਣੀ ਦਾ ਅਨਿਖੜਵਾਂ ਅੰਗ ਹਨ। ਉਹ ਬਾਣੀ ਕਾਰਾਂ ਵੱਲੋਂ ਗੁਰਬਾਣੀ ਸਮਝਾਉਣ ਲਈ ਵਰਤੀਆਂ ਉਦਾਹਰਣਾਂ ਨਹੀਂ ਹਨ। ਗੁਰਬਾਣੀ ਹਿੰਦੂ ਮਿਥਿਹਾਸ ਅਤੇ ਇਸਲਾਮਿਕ ਵਿਚਾਰਧਾਰਾ ਬਾਰੇ ਜੋ ਵਿਚਾਰ ਪੇਸ਼ ਕਰਦੀ ਹੈ ਉਨ੍ਹਾਂ ਦੀ ਵਿਆਖਿਆ ਜੋ ਲਿਖਿਆ ਹੋਇਆ ਹੈ ਉਸ ਅਨੁਸਾਰ ਹੀ ਹੋਣੀ ਚਾਹੀਦੀ ਹੈ। ਗੁਰਬਾਣੀ ਪੱਖਪਾਤੀ ਸੋਚ ਨੂੰ ਪ੍ਰਵਾਨ ਨਹੀਂ ਕਰਦੀ ਇਸ ਲਈ ਗੁਰਬਾਣੀ ਦੀ ਵਿਆਖਿਆ ਨੂੰ ਆਪਣੀ ਪੱਖਪਾਤੀ ਸੋਚ ਵਿਚ ਫਿਟ ਕਰਨਾ ਸਹੀ ਨਹੀਂ ਹੈ। ਗੁਰਬਾਣੀ ਹਿੰਦੂ ਅਤੇ ਇਸਲਾਮਿਕ ਕਰਮ ਕਾਡਾਂ, ਪਾਖੰਡਾਂ, ਜਾਤ ਪਾਤਾਂ, ਬੁੱਤ ਪੂਜਾ, ਵਿਤਕਰਿਆਂ, ਅਨਿਆਏ ਅਤੇ ਲੋਕਾਂ ਦੇ ਸ਼ੋਸ਼ਣ ਕਰਨ ਦਾ ਕਰੜਾ ਵਿਰੋਧ ਕਰਦੀ ਹੈ। ਪਰ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ। ਗੁਰਬਾਣੀ ਵਿਚ ਪ੍ਰਭੂ ਲਈ ਰਾਮ ਅਤੇ ਹਰਿ ਸ਼ਬਦ ਦੀ ਸਭ ਤੋਂ ਵੱਧ ਵਰਤੋਂ ਕੀਤੀ ਹੋਈ ਹੈ। ਬਾਣੀ ਕਾਰਾਂ ਦਾ ਇਨ੍ਹਾਂ ਸ਼ਬਦਾਂ ਨਾਲ ਬਹੁਤ ਸਨੇਹ ਹੈ। ਪਰ ਸਿੱਖ ਲੇਖਕ ਅਤੇ ਪ੍ਰਚਾਰਕ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਨ ਤੋਂ ਸੰਕੋਚ ਕਰਦੇ ਹਨ। ਕਈ ਵਿਦਵਾਨ ਰਾਮ ਕਹਿਣ ਤੋਂ ਬਚਣ ਲਈ ਉਸ ਨੂੰ ਰਮਿਆ ਹੋਇਆ ਆਖਦੇ ਹਨ। ਸਿੱਖ ਸ਼ਰਧਾਲੂ ਸਮਾਜਕ ਧਰਮ ਦੇ ਪ੍ਰਭਾਵ ਅਧੀਨ ਹੀ ਗੁਰੂ ਸਾਹਿਬਾਨ ਵੱਲੋਂ ਵਰਤੇ ਰਾਮ ਅਤੇ ਹਰਿ ਕਹਿਣ ਤੋਂ ਸੰਕੋਚ ਕਰਦੇ ਹਨ।

ਗੁਰਬਾਣੀ ਦੀ ਵਿਆਖਿਆ ਸਿੱਖ ਜਗਤ ਵਿਚ ਪ੍ਰਚਲਤ ਇਕ ਹੋਰ ਵਿਸ਼ਵਾਸ ਤੋਂ ਵੀ ਪ੍ਰਭਾਵਤ ਹੋ ਰਹੀ ਹੈ। ਅੰਗ੍ਰੇਜ਼ ਲੇਖਕਾਂ ਦੀ ਇਹ ਰਾਏ ਸੀ ਕਿ ਹਿੰਦੂ ਧਰਮ ਦੂਜੇ ਧਰਮਾਂ ਨੂੰ ਨਿਗਲ ਜਾਂਦਾ ਹੈ। ਇਸ ਮਿੱਥ ਨੂੰ ਪ੍ਰਵਾਨ ਕਰਕੇ ਬਹੁਤੇ ਸਿੱਖ ਵਿਦਵਾਨਾਂ ਨੇ ਇਹ ਵਿਚਾਰ ਬਣਾ ਲਿਆ ਕਿ ਹਿੰਦੂ ਅਤੇ ਬ੍ਰਾਹਮਣ ਗੁਰਮਤਿ ਵਿਚਾਰਧਾਰਾ ਦੇ ਵੈਰੀ ਹਨ ਅਤੇ ਸਿੱਖ ਧਰਮ ਨੂੰ ਖਤਮ ਕਰਨਾ ਚਾਹੁੰਦੇ ਹਨ। ਆਰੀਆ ਸਮਾਜ ਤੋਂ ਇਲਾਵਾ ਦੂਜੀਆਂ ਅਧਿਆਤਮਿਕ ਵਿਚਾਰਧਾਰਾਵਾਂ ਦੇ ਗੁਰਮਤਿ ਨਾਲ ਟਕਰਾ ਦਾ ਕੋਈ ਸੰਕੇਤ ਨਹੀਂ ਮਿਲਦਾ ਬਲਕਿ ਕਈ ਅਧਿਆਤਮਿਕ ਮਸਲਿਆ ਤੇ ਹਿੰਦੂ ਪ੍ਰਚਾਰਕ ਗੁਰਬਾਣੀ ਉਪਦੇਸ਼ ਤੋਂ ਸੇਧ ਲੈਂਦੇ ਹਨ। ਰਾਜਸੀ ਖੇਤਰ ਵਿਚ ਜ਼ਰੂਰ ਹਿੰਦੂ ਅਤੇ ਸਿੱਖ ਦੋ ਵਿਰੋਧੀ ਧੜਿਆਂ ਵਜੋਂ ਵਿਚਰਦੇ ਹਨ। ਭਾਵੇਂ ਹਿੰਦੂਆਂ ਅਤੇ ਬ੍ਰਾਹਮਣਾਂ ਦਾ ਗੁਰਬਾਣੀ ਨਾਲ ਤੇ ਕੋਈ ਵਰਣਨਯੋਗ ਵਿਰੋਧ ਨਹੀਂ ਹੈ ਪਰ ਸਿੱਖ ਧਰਮ ਅਤੇ ਹਿੰਦੂ ਧਰਮ ਵਿਚ ਸੁਖਾਵੇਂ ਸਬੰਧ ਨਹੀਂ ਹਨ। ਅਸਲ ਵਿਚ ਗੁਰਬਾਣੀ ਪ੍ਰਭੂ ਪ੍ਰਾਪਤੀ ਲਈ ਨਾਮ ਸਿਮਰਨ, ਨਿਮਰਤਾ, ਸਾਂਝੀਵਾਲਤਾ ਅਤੇ ਨਿਸ਼ਕਾਮ ਸੇਵਾ ਦਾ ਉਪਦੇਸ਼ ਕਰਦੀ ਹੈ ਜਿਸ ਨਾਲ ਹਿੰਦੂਆਂ ਨੂੰ ਕੋਈ ਆਪੱਤੀ ਨਹੀਂ ਹੈ ਪਰ ਸਿੱਖ ਧਰਮ ਦਾ ਮਨੋਰਥ ਗੁਰਬਾਣੀ ਉਪਦੇਸ਼ ਦੇ ਵਿਪਰੀਤ ਹੈ। ਸਿੱਖ ਰਹਿਤ ਮਰਯਾਦਾ ਅਤੇ ਇਤਹਾਸ ਸਿੱਖਾਂ ਨੂੰ ਦੂਜਿਆਂ ਨਾਲੋਂ ਵਖਰਾ ਅਤੇ ਸ੍ਰੇਸ਼ਟ ਮਿਥਦੇ ਹਨ ਜਿਸ ਕਰਕੇ ਦੂਜੇ ਧਰਮਾਂ ਨਾਲ ਮਤਭੇਦ ਅਤੇ ਟਕਰਾ ਹੋ ਜਾਣਾ ਸੁਭਾਵਕ ਹੈ।

ਸਿੱਖ ਅਤੇ ਹਿੰਦੂਆਂ ਵਿਚ ਵਿਵਾਦ ਦਾ ਇਕ ਹੋਰ ਅਨੋਖਾ ਕਾਰਨ ਵੀ ਹੈ। ਸਿੱਖ ਧਾਰਮਕ ਸਮਾਜ ਦੀ ਬਣਤਰ ਹਿੰਦੂ ਧਰਮ ਨਾਲ ਬਹੁਤ ਮਿਲਦੀ ਜੁਲਦੀ ਹੈ। ਹਿੰਦੂ ਧਰਮ ਦਾ ਆਧਾਰ ਜਾਤ ਪਾਤ ਪ੍ਰਣਾਲੀ ਅਤੇ ਬੁੱਤ ਪੂਜਾ ਹੈ। ਸਿੱਖ ਸਮਾਜ ਦਾ ਆਧਾਰ ਵੀ ਜਾਤ ਪਾਤ ਹੈ ਅਤੇ ਸਿੱਖ ਧਰਮ ਵਿਚ ਵੱਡੀ ਪੱਧਰ ਤੇ ਤਸਵੀਰਾਂ, ਨਿਸ਼ਾਨਾਂ ਅਤੇ ਗ੍ਰੰਥ ਸਾਹਿਬ ਦੀ ਪੂਜਾ ਕੀਤੀ ਜਾਂਦੀ ਹੈ। ਇਸ ਪੱਖੋਂ ਜੈਨੀ, ਬੋਧੀ ਅਤੇ ਕਈ ਹੋਰ ਧਰਮ ਹਿੰਦੂ ਧਰਮ ਨਾਲੋਂ ਵਖਰੇ ਹਨ ਅਤੇ ਉਹ ਹਿੰਦੂ ਧਰਮ ਤੋਂ ਕਿਸੇ ਪ੍ਰਕਾਰ ਦੇ ਖਤਰੇ ਦਾ ਡਰ ਵੀ ਪ੍ਰਗਟ ਨਹੀਂ ਕਰਦੇ। ਸਿੱਖਾਂ ਦੀ ਰਹਿਤ ਮਰਯਾਦਾ ਅਤੇ ਅਰਦਾਸ ਦੇਵੀ ਦੁਰਗਾ ਦੀ ਉਪਾਸਨਾ ਕਰਦੀ ਹੈ ਅਤੇ ਸਿੱਖਾਂ ਦੀ ਬਹੁਗਿਣਤੀ ਇਸਤਰੀ ਜਾਤੀ ਨੂੰ ਅਪਮਾਨਤ ਕਰਨ ਵਾਲੇ ਹਿੰਦੂ ਮਿਥਿਹਾਸ ਅਤੇ ਕਾਮਵਾਸ਼ਨਾ ਭਰੇ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਕਿਰਤ ਮੰਨ ਕੇ ਪੂਜਦੀ ਹੈ। ਸਿੱਖ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦੂ ਧਰਮ ਦੀ ਰਖਿਆ ਲਈ ਸ਼ਹੀਦ ਹੋਏ ਅਤੇ ਉਸੇ ਅਨਿਆਂ ਦਾ ਬਦਲਾ ਲੈਣ ਲਈ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਸਿਰਜਨਾ ਕੀਤੀ ਗਈ ਦੱਸਦੇ ਹਨ। ਸਮਾਜਕ ਪੱਖੋਂ ਸਿੱਖ ਅਤੇ ਹਿੰਦੂ ਧਰਮ ਵਿਚ ਬਹੁਤ ਸਮਾਨਤਾ ਹੈ। ਕੇਵਲ ਗੁਰਬਾਣੀ ਦੀ ਅਧਿਆਤਮਿਕ ਵਿਚਾਰਧਾਰਾ ਹੀ ਹਿੰਦੂ ਧਾਰਮਕ ਵਿਚਾਰਧਾਰਾ ਨਾਲੋਂ ਬਹੁਤ ਵਖਰੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਸਿੱਖਾਂ ਅਤੇ ਹਿੰਦੂਆਂ ਦੀਆਂ ਅਧਿਆਤਮਿਕ ਵਿਚਾਰਧਾਰਾਵਾਂ ਵਿਚ ਏਨਾ ਵੱਖਰੇਵਾਂ ਹੋਣ ਦੇ ਬਾਵਜੂਦ ਵੀ ਕੋਈ ਝਗੜਾ ਨਹੀਂ ਹੁੰਦਾ ਪਰ ਧਰਮਾਂ ਦੇ ਵਿਹਾਰਾਂ ਅਤੇ ਸ਼ਬਦਾਂ ਵਿਚ ਮਾਮੂਲੀ ਫਰਕ ਹੋਣ ਨਾਲ ਦੁਸ਼ਮਣੀ ਪੈਦਾ ਹੋ ਗਈ ਹੈ। ਸਿੱਖਾਂ ਨੂੰ ਗਿਲਾ ਹੈ ਕਿ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਜਾਂਦੀ। ਉਹ ਮਹਿਸੂਸ ਕਰਦੇ ਹਨ ਕਿ ਹਿੰਦੂਆਂ ਵੱਲੋਂ ਉਨ੍ਹਾਂ ਨਾਲ ਬੇਇਨਸਾਫ਼ੀ ਅਤੇ ਧੱਕਾ ਕੀਤਾ ਜਾਂਦਾ ਹੈ। ਵੈਸੇ ਧਾਰਮਕ ਸਬੰਧਾਂ ਵਿਚ ਅਜਿਹਾ ਐਹਸਾਸ ਹੋਣਾ ਕੋਈ ਅਨੋਖੀ ਅਤੇ ਜਗੋ ਬਾਹਰੀ ਗੱਲ ਨਹੀਂ ਹੈ ਕਿਉਂਕਿ ਸਮਾਜਕ ਧਰਮ ਦਾ ਸਮਾਜ ਵਿਚ ਵੰਡੀਆਂ ਪਾਉਣ ਅਤੇ ਇਕ ਦੂਜੇ ਨਾਲ ਝਗੜੇ ਕਰਕੇ ਅਣ ਮਨੁੱਖੀ ਵਿਹਾਰ ਕਰਨ ਦਾ ਸੁਭਾਅ ਹੀ ਹੈ। ਯਹੂਦੀ, ਇਸਾਈ ਅਤੇ ਮੁਸਲਮਾਨ ਇਕੋ ਪਵਿਤਰ ਗ੍ਰੰਥ, ਪੁਰਾਣਾ ਨੇਮ (Old Testament), ਦੇ ਉਪਾਸ਼ਕ ਹੁੰਦੇ ਹੋਏ ਵੀ ਇਕ ਦੂਜੇ ਦੇ ਜਾਨੀ ਦੁਸ਼ਮਣ ਬਣੇ ਹੋਏ ਹਨ। ਇਹੋ ਨਹੀਂ ਸਮਾਜਕ ਧਰਮ ਤੇ ਨਸਲ ਕੁਸ਼ੀ, ਮਨੁੱਖਾਂ ਦੀ ਬਲੀ, ਜਿਊਂਦੀਆਂ ਇਸਤਰੀਆਂ ਸਾੜਨ, ਗ਼ੁਲਾਮ ਬਨਾਉਣ ਅਤੇ ਦਲਿਤਾਂ ਨੂੰ ਜ਼ਲੀਲ ਕਰਨ ਜੈਸੇ ਘਿਨਾਉਣੇ ਕੰਮ ਵੀ ਕਰਦਾ ਹੈ। ਸਮਾਜਕ ਧਰਮ ਹੀ ਮਨੁੱਖਾਂ ਨੂੰ ਤਾਂਤਰਿਕ, ਅਘੋਰੀ, ਬਜਰੰਗ ਦਲੀਏ, ਕੂ ਕਲਕਸ ਕਲਾਂ (Ku Klux Klan) ਤਾਲਿਬਾਨ, ਆਈ. ਐਸ. ਆਈ. ਐਸ, ਨਿਹੰਗ ਅਤੇ ਖਾੜਕੂ ਬਣਾ ਸਕਦਾ ਹੈ। ਇਸ ਵਿਚ ਕੋਈ ਸੰਦੇਹ ਨਹੀਂ ਕਿ ਸਮਾਜਕ ਧਰਮ ਅਧਿਆਤਮਿਕ ਵਿਚਾਰ, ਵਿਗਿਆਨ, ਤਰਕ, ਜਿਗਿਆਸੂ ਸੋਚ, ਮਨੁੱਖੀ ਸੁਤੰਤਰਤਾ, ਬੇਹਤਰੀ ਅਤੇ ਬਰਾਬਰੀ ਦਾ ਸਭ ਤੋਂ ਵੱਡਾ ਵੈਰੀ ਹੈ। ਉਹ ਆਪਣੇ ਵਹਿਸ਼ੀ ਮਨੋਰਥ ਦੀ ਪੂਰਤੀ ਲਈ ਕੋਈ ਵੀ ਅਣ ਮਨੁੱਖੀ ਜ਼ੁਲਮ ਕਰ ਸਕਦਾ ਹੈ। ਇਸੇ ਲਈ ਪੱਛਮੀ ਦੇਸ਼ਾਂ ਅਤੇ ਭਾਰਤ ਦੇ ਸੰਵਿਧਾਨਾਂ ਵਿਚ ਧਰਮ ਨੂੰ ਰਾਜ ਭਾਗ ਵਿਚ ਦਖ਼ਲ ਅੰਦਾਜ਼ੀ ਕਰਨ ਤੋਂ ਵਰਜਿਆ ਹੋਇਆ ਹੈ। ਗੁਰਬਾਣੀ ਵੀ ਸਮਾਜਕ ਧਰਮ ਦੇ ਪਾਖੰਡੀਆਂ ਅਤੇ ਕੱਟੜ ਵਾਦੀਆਂ ਨੂੰ "ਮਾਣਸ ਖਾਣੇ", "ਛੁਰੀ ਵਗਾਇਨਿ" ਅਤੇ "ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਰਿਮਲੁ ਚੀਤੁ॥" (ਪੰ: ੧੪੦) ਆਖਦੀ ਹੈ। ਸਮਾਜਕ ਧਰਮ ਦੀ ਕੱਟੜ ਵਾਦੀ ਪ੍ਰਵਿਰਤੀ ਮਾਨਵਤਾ ਦੀ ਬੇਹਤਰੀ, ਤਰੱਕੀ, ਨਿਜੀ ਆਜ਼ਾਦੀ ਅਤੇ ਸਮਾਜਕ ਸ਼ਾਂਤੀ ਲਈ ਇਕ ਮਾਨਸਿਕ ਪਲੇਗ ਬਣੀ ਹੋਈ ਹੈ।

ਧਰਮ ਬਾਰੇ ਆਮ ਸ਼ਰਧਾਲੂਆਂ ਦੇ ਵਿਚਾਰ ਕੱਟੜ ਪੰਥੀ ਆਗੂਆਂ ਨਾਲੋਂ ਵਖਰੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਨਿਤਨੇਮ ਕਰਨ, ਗੁਰਦੁਆਰੇ ਜਾਣ ਅਤੇ ਅਰਦਾਸ ਕਰਨ ਨਾਲ ਜੀਵਨ ਸੁਖੀ ਅਤੇ ਸਫਲ ਹੋ ਜਾਂਦਾ ਹੈ। ਉਹ ਧਰਮ ਨੂੰ ਨੈਤਿਕ ਜੀਵਨ ਨੂੰ ਸੇਧ ਦੇਣ ਦਾ ਢੰਗ ਮੰਨਦੇ ਹਨ। ਧਰਮ ਨਿਮਰਤਾ, ਸੇਵਾ ਭਾਵਨਾ ਅਤੇ ਭਾਈਵਾਲਤਾ ਉਤਸ਼ਾਹਿਤ ਕਰਦਾ ਹੈ। ਆਮ ਸ਼ਰਧਾਲੂਆਂ ਦਾ ਇਹ ਵਿਸ਼ਵਾਸ ਬਿਲਕੁਲ ਵਾਜਬ ਹੈ। ਇਹੋ ਨਹੀਂ ਧਰਮ ਸ਼ਰਧਾਲੂਆਂ ਨੂੰ ਪ੍ਰਵਾਰਕ ਜੀਵਨ ਸਫਲ ਬਨਾਉਣ, ਪ੍ਰਭੂ ਪ੍ਰਾਪਤੀ ਵਲ ਪ੍ਰੇਰਿਤ ਕਰਨ ਅਤੇ ਗੁਰਮਤਿ ਗਾਡੀ ਰਾਹ ਦੇ ਪਾਂਧੀ ਬਨਣ ਵਿਚ ਵੀ ਸਹਾਈ ਹੁੰਦਾ ਹੈ। ਪਰ ਅਜੋਕੇ ਸਿੱਖ ਧਰਮ (ਪੰਥ) ਦਾ ਮਨੋਰਥ ਅਤੇ ਵਿਹਾਰ ਸ਼ਰਧਾਲੂਆਂ ਦੇ ਵਿਸ਼ਵਾਸ ਦੇ ਉਲਟ ਹੈ। ਸ਼ਰਧਾਲੂਆਂ ਨੂੰ ਪਾਖੰਡੀ ਧਾਰਮਕ ਆਗੂਆਂ ਦਾ ਵਿਰੋਧ ਕਰਨਾ ਚਾਹੁੰਦਾ ਸੀ। ਪਰ ਬਹੁਤੇ ਸ਼ਰਧਾਲੂ ਵਾਹਿਗੁਰੂ ਦੇ ਦਰਬਾਰ ਵਿਚ ਪਾਖੰਡੀ ਅਤੇ ਬੇਈਮਾਨ ਆਗੂਆਂ ਨੂੰ ਸਜ਼ਾਵਾਂ ਮਿਲਣ ਦਾ ਭਰਮ ਪਾਲੀ ਰੱਖਦੇ ਹਨ।

ਸਿੱਖ ਸਮਾਜਕ ਧਰਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਪਾਸ਼ਕ ਹੋਣ ਦਾ ਦਾਅਵਾ ਕਰਦਾ ਹੈ ਪਰ ਉਸ ਨੇ ਗੁਰਬਾਣੀ ਉਪਦੇਸ਼ ਦੀ ਸਿੱਖਿਆ, ਵਿਚਾਰ ਚਰਚਾ ਅਤੇ ਮਾਰਗ ਦਰਸ਼ਨ ਦੀ ਵਿਧੀ ਸਮਝਾਉਣ ਲਈ ਕੋਈ ਵਿਵਸਥਾ ਨਹੀਂ ਕੀਤੀ ਹੈ। ਸਿੱਖ ਧਰਮ ਵਿਚ ਤੇ ਸਿੱਖ ਰਹਿਤ ਮਰਯਾਦਾ, ਗੁਰਦੁਆਰਾ ਪ੍ਰਬੰਧ ਅਤੇ ਸਿੱਖ ਇਤਹਾਸ ਨੂੰ ਹੀ ਮਹੱਤਵ ਪੂਰਨ ਸਮਝਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਅਤੇ ਗੁਰਬਾਣੀ ਦਾ ਪਾਠ ਕਰਵਾਉਣ ਨੂੰ ਹੀ ਵੱਡੀ ਧਾਰਮਕ ਕਿਰਿਆ ਮੰਨਿਆ ਗਿਆ ਹੈ। ਸਿੱਖ ਰਹਿਤ ਮਰਯਾਦਾ ਸਮਾਜਕ ਅਨੁਸ਼ਾਸਨ ਅਤੇ ਸਦਾਚਾਰ ਦੀ ਵਿਧੀ ਹੈ ਅਧਿਆਤਮਿਕ ਮਾਰਗ ਨਹੀਂ ਹੈ। ਸਿੱਖ ਧਰਮ ਦੀ ਦੂਜੀ ਪ੍ਰਮੁੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਇਹ ਕਮੇਟੀ ਗੁਰਦੁਆਰਿਆਂ ਦੀ ਆਮਦਨੀ, ਸੰਪਤੀ, ਭਵਨਾਂ ਦੀ ਦੇਖ ਰੇਖ ਅਤੇ ਪ੍ਰਬੰਧ ਲਈ ਜ਼ਿੰਮੇਵਾਰ ਹੈ। ਇਸ ਦਾ ਗੁਰਮਤਿ ਨਾਲ ਕੋਈ ਵਾਸਤਾ ਨਹੀਂ ਹੈ। ਸਿੱਖ ਧਰਮ ਸਿੱਖ ਮਿਥਹਾਸਕ ਇਤਹਾਸ ਨੂੰ ਵੀ ਬਹੁਤ ਮਹੱਤਤਾ ਦਿੰਦਾ ਹੈ। ਇਥੋਂ ਤਕ ਕਿ ਗੁਰਬਾਣੀ ਦੀ ਵਿਆਖਿਆ ਅਧਿਆਤਮਿਕ ਸੰਕਲਪਾਂ ਦੇ ਵਿਸ਼ਲੇਸ਼ਣ ਦੁਆਰਾ ਕਰਨ ਦੀ ਥਾਂ ਮਿਥੇ ਇਤਿਹਾਸਕ ਬਿਰਤਾਂਤਾਂ ਰਾਹੀਂ ਕਰਨ ਦੀ ਪਰਥਾ ਬਣ ਗਈ ਹੈ। ਗੁਰਬਾਣੀ ਵਿਆਖਿਆ ਦੇ ਪ੍ਰਚਾਰ ਵਿਚ ਗੁਰੂ ਸਾਹਿਬਾਨਾਂ ਦੀਆਂ ਜੀਵਨੀਆਂ ਤੇ ਕੁੱਝ ਹੱਦ ਤਕ ਪ੍ਰਸੰਗਕ ਹਨ ਪਰ ਬੰਦਾ ਬਹਾਦਰ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਅਤੇ ਸਿੰਘ ਸਭਾਵਾਂ ਦੇ ਇਤਹਾਸ ਦਾ ਕੋਈ ਸਰੋਕਾਰ ਨਹੀਂ ਹੈ। ਗੁਰਬਾਣੀ ਅਧਿਆਤਮਿਕ ਗਿਆਨ ਹੈ ਕੋਈ ਸੰਸਾਰਕ ਜਾਣਕਾਰੀ, ਸਮਾਜਕ ਚਾਲ ਢਾਲ, ਸਦਾਚਾਰ ਜਾਂ ਇਤਹਾਸ ਨਹੀਂ ਹੈ। ਪਰ ਸਿੱਖ ਧਰਮ ਗੁਰਬਾਣੀ ਉਪਦੇਸ਼ ਨੂੰ ਰੂੜ੍ਹਵਾਦੀ ਸੋਚ ਵਲ ਨੂੰ ਧੱਕੀ ਜਾ ਰਿਹਾ ਹੈ।

ਸਮਾਜਕ ਧਰਮ ਦੀ ਫ਼ਿਲਾਸਫ਼ੀ, ਮਰਿਯਾਦਾਵਾਂ ਅਤੇ ਇਤਹਾਸ ਬਾਰੇ ਜਾਣਕਾਰੀ ਧਾਰਮਕ ਪੁਸਤਕਾਂ ਵਿਚ ਉਪਲੱਬਧ ਹੈ। ਪਰ ਪ੍ਰਭੂ ਦੇ ਅਧਿਆਤਮਿਕ ਗਿਆਨ ਦੀ ਸੂਝ ਗੁਰਪ੍ਰਸਾਦਿ, ਗੁਰੂ ਦੀ ਕਿਰਪਾ ਦੁਆਰਾ ਸੁਰਤ ਨੂੰ ਸ਼ਬਦ ਵਿਚ ਟਿਕਾਉਣ ਨਾਲ ਸੰਭਵ ਹੁੰਦੀ ਹੈ। ਅਧਿਆਤਮਿਕ ਗਿਆਨ ਦੀ ਸੂਝ ਮਨੁੱਖ ਨੂੰ ਮਨੁੱਖਤਾ ਵਿਚ ਵਸ ਰਹੇ ਪ੍ਰਭੂ ਦੇ ਦਰਸ਼ਨ ਕਰਨਯੋਗ ਬਣਾਉਂਦੀ ਹੈ। ਗੁਰਬਾਣੀ ਦਾ ਕਥਨ ਹੈ: "ਏਹੁ ਵਿਸੁ ਸੰਸਾਰ ਤੁਮ ਦੇਖਦੇ ਇਹੁ ਹਰਿ ਕਾ ਰੂਪ ਹੈ ਹਰਿ ਰੂਪ ਨਦਰੀ ਅਇਆ॥" (ਪੰ: ੯੨੨)। ਗੁਰਬਾਣੀ ਮਨੁੱਖ ਨੂੰ ਪ੍ਰਭੂ ਰੂਪ ਮਾਨਵਤਾ ਦਾ ਸਤਿਕਾਰ ਅਤੇ ਨਿਸ਼ਕਾਮ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਹੈ। ਇਹੋ ਗੁਰਬਾਣੀ ਦਾ ਪੂਰਨ ਮਾਨਵਵਾਦੀ ਉਪਦੇਸ਼ ਹੈ ਜਿਸ ਤੋਂ ਤਾਨਾਸ਼ਾਹੀ ਸਰਕਾਰਾਂ ਭੈ ਖਾਂਦੀਆਂ ਹਨ ਅਤੇ ਜਿਸ ਨੂੰ ਸਿੱਖ ਸ਼ਰਧਾਲੂਆਂ ਤੋਂ ਲੁਕਾਉਣ ਲਈ ਸਿੱਖ ਧਾਰਮਕ ਆਗੂ ਤਰਲੋ ਮੱਛੀ ਹਨ।
.