.

ਲਖ ਖੁਸੀਆ ਪਾਤਿਸਾਹੀਆ……

ਸ਼ਬਦ-ਕੀਰਤਨ ਕਰਨ ਸਮੇਂ, ਆਮ ਤੌਰ `ਤੇ, ਸ਼ਬਦ ਵਿੱਚ ਆਈ ਰਹਾਉ ਦੀ ਤੁਕ ਨੂੰ ਟੇਕ ਜਾਂ ਆਧਾਰ ਬਣਾ ਕੇ ਕੀਰਤਨ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਟੇਕ ਵਾਲੀ ਉਸ ਤੁਕ ਦਾ ਗਾਇਣ ਵੀ ਬਾਰ ਬਾਰ ਕੀਤਾ ਜਾਂਦਾ ਹੈ। ਇਸ ਲੇਖ ਵਿੱਚ ਵਿਚਾਰੇ ਗਏ ਸ਼ਬਦ ਵਿੱਚ ਰਹਾਉ ਦੀਆਂ ਤੁਕਾਂ ਹਨ: ਮੇਰੇ ਮਨ ਏਕਸ ਸਿਉ ਚਿਤੁ ਲਾਇ॥

ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ॥ ੧॥ ਰਹਾਉ॥

ਪਰੰਤੂ, ਗੁਰੂ ਅਰਜਨ ਦੇਵ ਜੀ ਦੇ ਰਚੇ ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੂੰ ਟੇਕ ਬਣਾਉਣ ਦੀ ਬਜਾਏ, ਦੂਜੇ ਬੰਦ ਵਿੱਚ ਆਈ ਤੁਕ, ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ॥ , ਨੂੰ ਟੇਕ ਬਣਾਇਆ ਜਾਂਦਾ ਹੈ। ਕਿਉਂ? ਇਸ ਕਿਉਂ ਦਾ ਸਹੀ ਜਵਾਬ ਜਾਨਣ ਲਈ ਪਹਿਲਾਂ ਇਸ ਸ਼ਬਦ ਦੀ ਵਿਚਾਰ-ਵਿਅਖਿਆ ਅਤੇ ਤੁਕ ਲਖ ਖੁਸੀਆ ਪਾਤਿਸਾਹੀਆ…… ਦੀ, ਸ਼ਬਦ ਦੇ ਸੰਦਰਭ ਵਿੱਚ, ਵਿਚਾਰ ਕਰਦੇ ਹਾਂ। ਪੂਰਾ ਸ਼ਬਦ ਹੈ:

ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ॥

ਜਨਮੁਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ॥

ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ॥ ੧॥

ਮੇਰੇ ਮਨ ਏਕਸ ਸਿਉ ਚਿਤੁ ਲਾਇ॥

ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ॥ ੧॥ ਰਹਾਉ॥

ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ॥

ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ॥

ਜਿਸੁ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ॥ ੨॥

ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ॥

ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ॥

ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ॥ ੩ ਥਾਨੁ ਸੁਹਾਵਾ ਪਵਿਤੁ ਹੈ ਜਿਥੇ ਸੰਤ ਸਭਾ॥ ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੁ ਲਭਾ॥

ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ॥ ੪॥ ਸਿਰੀ ਰਾਗੁ ਮ: ੫

(ਨੋਟ:- ਉਪਰੋਕਤ ਸ਼ਬਦ ਗੁਰਬਾਣੀ ਦੇ ਸੱਭ ਤੋਂ ਵੱਧ ਗਾਏ ਜਾਣ ਵਾਲੇ ਸ਼ਬਦਾਂ ਵਿੱਚੋਂ ਇੱਕ ਹੈ। ਅਤੇ ਇਹ ਸ਼ਬਦ, ਆਮ ਤੌਰ `ਤੇ, ਸੰਸਾਰਕ ਤੇ ਪਦਾਰਥਕ ਪ੍ਰਾਪਤੀਆਂ ਅਤੇ ਇਨ੍ਹਾਂ ਪ੍ਰਾਪਤੀਆਂ ਤੋਂ ਮਿਲਨ ਵਾਲੀ ਦੁਨਿਆਵੀ ਖ਼ੁਸ਼ੀ ਦਾ ਲੋਕ-ਦਿਖਾਵਾ ਕਰਨ ਵਾਸਤੇ ਕੀਤੇ/ਕਰਵਾਏ ਜਾਂਦੇ ‘ਧਾਰਮਿਕ’ ਇਕੱਠਾਂ ਵਿੱਚ ਗਾਇਆ/ਗਵਾਇਆ ਜਾਂਦਾ ਹੈ।)

ਸ਼ਬਦ ਅਰਥ:- ਥੋਕ: ਵਸਤੂ, ਪਦਾਰਥ, ਸੰਸਾਰਕ/ਪਦਾਰਥਕ ਪ੍ਰਾਪਤੀਆਂ, ਉਪਲਬਧੀਆਂ। ਇਕੁ: ਜਿਸ ਦਾ ਸਾਨੀ ਕੋਈ ਨਹੀਂ, ਇੱਕ ਅਦੁੱਤੀ ਅਕਾਲਪੁਰਖ। ਜੇ ਆਵੈ ਇਕੁ ਹਥਿ: ਜੇ ਇੱਕ ਅਦੁੱਤੀ ਅਕਾਲ ਪੁਰਖ ਦਾ ਸਹਾਰਾ ਮਿਲ ਜਾਵੇ ਤਾਂ। ਜਨਮੁਪਦਾਰਥੁ: ਦੁਰਲੱਭ ਮਨੁੱਖਾ ਦੇਹ ਵਾਲਾ ਜੀਵਨ, ਮਾਨਸ ਜਨਮ। ਸਫਲੁ: ਫਲਦਾਰ, ਸਾਰਥਕ ਹੈ। ਸਚਾ ਸਬਦੁ: ਗਿਆਨ-ਗੁਰੂ ਦੁਆਰਾ ਦਿੱਤੀ ਗਈ ਸਿੱਧਾਂਤਕ ਸਿੱਖਿਆ, ਰੱਬ ਦੇ ਭਾਣੇ ਦਾ ਸਿੱਧਾਂਤ। ਕਥਿ: ਕਥਨਾ=ਕਹਿਣਾ; ਕਥਿ: ਕਹਿ ਕੇ, ਸਿਮਰ ਕੇ। ਮਹਲੁ: ਨਿਵਾਸ ਸਥਾਨ, ਪਦਵੀ, ਰੁਤਬਾ। ਮਥਿ: ਮੱਥੇ `ਤੇ, ਭਾਗਾਂ ਵਿੱਚ। ੧।

ਏਕਸ ਸਿਉ: ਸਿਰਫ਼ ਇੱਕ ਅਕਾਲਪੁਰਖ ਨਾਲ। ਧੰਧੁ: ਧਨ-ਪ੍ਰਾਪਤੀ ਦਾ ਜੁਗਾੜ, ਧਨ-ਦੌਲਤ ਇਕੱਠੀ ਕਰਨ ਵਾਸਤੇ ਕੀਤਾ ਗਿਆ ਕਰਮ। ਮਿਥਿਆ: ਜੋ ਸਦੀਵੀ ਨਹੀਂ, ਥੋੜਚਿਰਾ, ਝੂਠ। ਮੋਹੁ: ਮੁਹੱਬਤ, ਲਗਾਓ, ਸਨੇਹ; ਅਗਿਆਨਤਾ। ਮਾਇ: ਮਾਇਆ, ਪਦਾਰਥਕ ਜਗਤ, ਅਗਿਆਨਤਾ, ਭਰਮ-ਭੁਲੇਖਾ। ੧। ਰਹਾਉ।

ਖੁਸੀਆ: ਖ਼ੁਸ਼ੀ ਫ਼ਾਰਸੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ: ਸ਼ਾਦੀ, ਸਰੂਰ, ਮੁਸੱਰੱਤ, ਸੁਖ, ਆਨੰਦ, ਪ੍ਰਸੰਨਤਾ। ਪਾਤਿਸਾਹੀਆਂ: ਪਾਦਸ਼ਾਹੀਆਂ: ਹੁਕੂਮਤਾਂ, ਰਾਜ। (ਪਾਦਸ਼ਾਹ: ਅਰਬੀ ਬੋਲੀ ਦਾ ਲਫ਼ਜ਼ ਹੈ ਜਿਸ ਦੇ ਅਰਥ ਹਨ: ਪਾਦ=ਤਖ਼ਤ + ਸ਼ਾਹ=ਮਾਲਿਕ, ਸ਼ਾਹਿ ਪਾਦ ਅਰਥਾਤ ਤਖ਼ਤ ਦਾ ਮਾਲਿਕ, ਰਾਜਾ, ਹਾਕਿਮ। ਨਦਰਿ: ਨਿਗਾਹਿ ਕਰਮ, ਕ੍ਰਿਪਾ ਦ੍ਰਿਸ਼ਟੀ, ਮਿਹਰ ਦੀ ਨਜ਼ਰ। ਨਿਮਖ: ਅੱਖ ਝਮਕਣ ਜਿਤਨਾ ਸਮਾਂ। ਸੀਤਲ: ਠੰਢਾ, ਦੁੱਖ-ਸੰਤਾਪ ਦੇ ਸੇਕ ਤੋਂ ਰਹਿਤ। ਪੂਰਬਿ: ਪਹਿਲੇ ਸਮੇਂ ਦਾ, ਪਿਛਲੇ ਕੀਤੇ ਕਰਮਾਂ ਦਾ ਲੇਖਾ-ਜੋਖਾ। ਚਰਨ ਗਹੇ: ਚਰਨ ਫੜੇ, ਸਰਨ ਲਈ। ੨।

ਮੂਰਤੁ: ਮੁਹੂਰਤ=ਦੋ ਘੜੀ ਦਾ ਸਮਾਂ, 48 ਮਿਨਟ ਦਾ ਵਕਤ; ਘੜੀ=24 ਮਿਨਟ; ਘੜੀ ਦੋ ਘੜੀ ਦਾ ਸਮਾਂ। ਸੰਤਾਪ: (ਮਨ-ਆਤਮਾ ਦੇ) ਦੁੱਖ-ਕਲੇਸ਼। ਬਾਹ ਪਕੜਿ ਕਾਢਿਆ: ਬਾਂਹ ਫੜਨੀ=ਸੰਕਟ ਵੇਲੇ ਸਹਾਰਾ ਦੇਣਾ, ਡੁੱਬਦੇ ਨੂੰ ਬਚਾਉਣਾ; ਸੰਸਾਰ-ਸਾਗਰ ਵਿੱਚ ਡੁੱਬਦੇ ਨੂੰ ਬਚਾ ਲਿਆ। ੩।

ਸੁਹਾਵਾ: (ਆਤਮਿਕ) ਸੁੱਖ ਦੇਣ ਵਾਲਾ। ਪਵਿਤੁ: ਪਵਿਤ੍ਰ, ਨਿਰਮਲ। ਸੰਤ: ਉਹ ਵਿਅਕਤੀ ਜਿਸ ਨੇ ਮਨ ਇੰਦ੍ਰੀਆਂ ਨੂੰ ਵਿਕਾਰਾਂ ਅਤੇ ਸੰਸਾਰਕ ਲਾਲਸਾਵਾਂ ਵੱਲੋਂ ਮੁਕਤ ਕੀਤਾ ਹੋਇਆ ਹੈ। ਸੰਤ ਸਭਾ: ਸੰਤ ਜਨਾਂ ਦਾ ਇਕੱਠ, ਸੰਤ-ਸੰਗਤ। ਢੋਈ: ਸਹਾਰਾ, ਓਟ-ਆਸਰਾ। ਜਿਨਿ: ਜਿਸ/ਜਿਨ੍ਹਾਂ ਨੇ। ਪੂਰਾ ਗੁਰੁ: ਪ੍ਰਭੂ, ਸਰਬ ਗੁਣ ਸੰਪੰਨ ਅਕਾਲ ਪੁਰਖ। ਬਧਾ ਘਰੁ: ਘਰ ਬੰਨ੍ਹਣਾ: ਟਿਕਾਣਾ ਬਣਾਉਣਾ। ਤਹਾਂ: ਓਥੇ, ਉਸ ਅਵਸਥਾ ਵਿੱਚ। ਮਿਰਤੁ: ਮੌਤ, ਆਤਮਿਕ ਮੌਤ। ਜਰਾ: ਬੁਢਾਪਾ, ਬਿਰਧ ਅਵਸਥਾ। ੪।

ਭਾਵ ਅਰਥ:- ਜੇ ਇੱਕ ਅਦੁੱਤੀ ਅਕਾਲ ਪੁਰਖ ਦਾ ਓਟ-ਆਸਰਾ ਮਿਲ ਜਾਵੇ ਤਾਂ ਸਮਝੋ ਸਾਰੇ ਪਦਾਰਥ ਪ੍ਰਾਪਤ ਹੋ ਗਏ। ਜੇ ਪ੍ਰਭੂ ਦੇ ਭਾਣੇ ਵਿੱਚ ਰਹਿੰਦਿਆਂ ਨਾਮ-ਸਿਮਰਨ ਕੀਤਾ ਜਾਵੇ ਤਾਂ ਦੁਰਲੱਭ ਮਾਨਸ ਜੀਵਨ ਸਫ਼ਲ ਹੋ ਜਾਂਦਾ ਹੈ। (ਪਰੰਤੂ) ਗਿਆਨ-ਗੁਰੂ ਦੀ ਸਿੱਖਿਆ ਨਾਲ ਵੀ ਪ੍ਰਭੂ ਦੇ ਚਰਨਾਂ ਵਿੱਚ ਵਾਸਾ ਤਾਂ ਹੀ ਮਿਲਦਾ ਹੈ ਜੇ (ਪੂਰਬਲੇ ਕਰਮਾਂ ਅਨੁਸਾਰ) ਕਿਸਮਤ ਵਿੱਚ ਲਿਖਿਆ ਹੋਵੇ। ੧।

ਹੇ ਮੇਰੇ ਮਨ! ਸਿਰਫ਼ ਇੱਕ ਅਕਾਲਪੁਰਖ ਦਾ ਹੀ ਚਿੰਤਨ ਕਰ। ਇੱਕ ਪ੍ਰਭੂ (ਦੇ ਨਾਮ-ਸਿਮਰਨ) ਤੋਂ ਬਿਨਾਂ ਬਾਕੀ ਸਾਰੇ ਕੰਮ ਧਨ-ਪ੍ਰਾਪਤੀ ਦੇ ਜੁਗਾੜ ਹੀ ਹਨ। ਮਾਇਆ ਦਾ ਮੋਹ ਅਤੇ ਮਾਇਆ ਦੀ ਪ੍ਰਾਪਤੀ ਵਾਸਤੇ ਕੀਤੇ ਸਾਰੇ ਜੁਗਾੜ ਝੂਠੇ ਤੇ ਅਸਥਾਈ ਹਨ। ੧। ਰਹਾਉ।

ਜੇ ਮੇਰੇ ਉੱਤੇ ਪਰਮ ਗੁਰੂ ਪਰਮਾਤਮਾ ਦੀ ਮਿਹਰ ਹੋ ਜਾਵੇ ਤਾਂ ਮੈਂ ਸਮਝਦਾ ਹਾਂ ਕਿ ਮੈਨੂੰ ਹੁਕੂਮਤਾਂ ਤੋਂ ਮਿਲਨ ਵਾਲੀਆਂ ਲੱਖਾਂ ਖ਼ੁਸ਼ੀਆਂ ਪ੍ਰਾਪਤ ਹੋ ਗਈਆਂ। ਜਦੋਂ ਗਿਆਨ ਗੁਰੂ ਅੱਖ ਦੇ ਝਮਕਣ ਜਿਤਨੇ ਸਮੇਂ ਲਈ ਹਰਿਨਾਮ ਸਿਮਰਨ ਦੀ ਦਾਤ ਦਿੰਦਾ ਹੈ, ਤਾਂ ਮਨ ਅਤੇ ਤਨ (ਗਿਆਨ ਇੰਦਰੇ ਅਤੇ ਕਰਮ ਇੰਦਰੇ ਵਿਕਾਰਾਂ ਕਾਰਣ ਉਪਜੇ ਸੰਤਾਪਾਂ ਤੋਂ ਮੁਕਤ ਹੋ ਕੇ) ਸ਼ਾਂਤ ਹੋ ਜਾਂਦੇ ਹਨ। ਸਤਿਗੁਰੂ (ਪ੍ਰਭੂ) ਦੀ ਸਰਨ ਉਹ ਹੀ ਜਾਂਦਾ ਹੈ ਜਿਸ ਦੇ, ਪੂਰਬਲੇ ਨੇਕ ਕਰਮਾਂ ਦੇ ਫਲ ਵਜੋਂ, ਭਾਗਾਂ ਵਿੱਚ ਲਿਖਿਆ ਹੋਵੇ। ੨।

ਮਾਨਵ ਜੀਵਨ ਦਾ ਘੜੀ ਦੋ ਘੜੀ ਦਾ ਉਹ ਸਮਾਂ ਹੀ ਸਫ਼ਲ ਹੈ ਜਿਹੜਾ ਸਦਾ ਸਥਿਰ ਪਰਮਾਤਮਾ ਨਾਲ ਇਸ਼ਕ-ਮੁਹੱਬਤ ਕਰਨ ਵਿੱਚ ਬਿਤਾਇਆ ਜਾਵੇ। ਜਿਸ ਨੇ ਹਰਿ-ਨਾਮ-ਸਿਮਰਨ ਨੂੰ ਆਪਣੇ ਮਾਨਵ-ਜੀਵਨ ਦਾ ਆਧਾਰ ਬਣਾਇਆ ਹੈ, ਉਸ ਨੂੰ ਮਾਨਸਿਕ ਦੁੱਖਾਂ ਕਲੇਸ਼ਾਂ ਤੋਂ ਮੁਕਤੀ ਮਿਲ ਜਾਂਦੀ ਹੈ। ਗੁਰੂ ਨੇ (ਵਿਕਾਰਾਂ ਦੇ ਸੰਸਾਰ ਸਾਗਰ ਵਿੱਚ ਡੁੱਬਦੇ) ਜਿਸ ਮਨੁੱਖ ਨੂੰ ਸਹਾਰਾ ਦਿੱਤਾ, ਉਸ ਦਾ ਹੀ ਸੰਸਾਰ ਦੇ ਭਵ-ਸਾਗਰ ਤੋਂ ਪਾਰ-ਉਤਾਰਾ ਹੋਇਆ। ੩।

ਜਿਸ ਸਥਾਨ ਉੱਤੇ ਸਾਧ-ਸੰਤ ਸੰਗਤ ਕਰਕੇ ਨਾਮ-ਚਰਚਾ ਕਰਦੇ ਹਨ, ਉਹ ਸਥਾਨ ਪਵਿਤ੍ਰ ਹੈ, ਅਤੇ ਉੱਥੋਂ ਦਾ ਮਾਹੌਲ ਆਤਮਾ ਨੂੰ ਸੁੱਖ-ਸ਼ਾਂਤੀ ਦੇਣ ਵਾਲਾ ਹੁੰਦਾ ਹੈ। (ਸੰਤ ਸਭਾ ਵਿੱਚ ਬੈਠ ਕੇ ਜਿਸ ਨੂੰ) ਸਰਬਗੁਣ ਸੰਪੰਨ, ਸਰਵ-ਗਿਆਨੀ ਗੁਰੂ (ਪ੍ਰਭੂ) ਦੀ ਪ੍ਰਾਪਤੀ ਹੋ ਜਾਂਦੀ ਹੈ, ਉਸੇ ਨੂੰ ਹੀ ਉਸ (ਪ੍ਰਭੂ) ਦਾ ਓਟ-ਆਸਰਾ ਮਿਲਦਾ ਹੈ। ਹੇ ਨਾਨਕ! (ਪ੍ਰਭੂ ਦਾ ਓਟ-ਆਸਰਾ ਮਿਲਨ ਉਪਰੰਤ) ਮਨੁੱਖ ਉਸ ਉੱਚਤਮ ਆਤਮਿਕ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਜਨਮ, ਜੀਵਨ ਤੇ ਬੁਢੇਪੇ ਦੇ ਦੁੱਖਾਂ ਦਾ ਡਰ ਨਹੀਂ ਰਹਿੰਦਾ ਅਤੇ ਮੌਤ ਦਾ ਸਹਮ ਵੀ ਨਹੀਂ ਸਤਾਉਂਦਾ। ੪।

ਸ਼ਬਦ ਦਾ ਸਾਰੰਸ਼:- ਦੁਰਲੱਭ ਮਨੁੱਖਾ ਜਨਮ ਸਫ਼ਲਾ ਕਰਨ ਦਾ ਇੱਕੋ ਇੱਕ ਸਾਧਨ ਹੈ: ਨਾਮ-ਸਿਮਰਨ। ਸਾਧ-ਸੰਗਤ ਵਿੱਚ ਬੈਠ ਕੇ ਨਾਮ-ਚਰਚਾ ਕਰਨ ਨਾਲ ਪ੍ਰਭੂ ਨਾਲ ਪ੍ਰੇਮ ਪੈਂਦਾ ਹੈ। ਇਸ ਪ੍ਰੇਮ ਸਦਕਾ ਵਿਕਾਰਾਂ ਤੋਂ ਮੁਕਤੀ ਮਿਲਦੀ ਹੈ, ਆਤਮਿਕ ਰੋਗ ਕੱਟੇ ਜਾਂਦੇ ਹਨ ਅਤੇ ਜੀਵਨ ਦੇ ਦੁਖ-ਦਰਦ ਵੀ ਨਹੀਂ ਸਤਾਉਂਦੇ। ਇਸ ਤਰ੍ਹਾਂ, ਆਤਮ ਆਨੰਦ (ਸੱਚੀ ਸਥਾਈ ਖ਼ੁਸ਼ੀ) ਦੀ ਬਖ਼ਸ਼ਿਸ਼ ਹੁੰਦੀ ਹੈ।

ਮਾਇਆ-ਮੋਹ ਦੇ ਮਾਰੂ ਪ੍ਰਭਾਵ ਹੇਠ, ਕਈ ਜੁਗਾੜ ਕਰਕੇ, ਹਾਸਿਲ ਕੀਤੀਆਂ ਸੰਸਾਰਕ ਉਪਲਬਧੀਆਂ ਤੇ ਪਦਾਰਥਕ ਪ੍ਰਾਪਤੀਆਂ ਤੁੱਛ ਹਨ ਅਤੇ ਇਨ੍ਹਾਂ ਪ੍ਰਾਪਤੀਆਂ ਤੋਂ ਮਿਲਨ ਵਾਲੀ ਦੁਨਿਆਵੀ ਖ਼ੁਸ਼ੀ ਵੀ ਸਥਾਈ ਨਹੀਂ ਹੁੰਦੀ। ਸੋ, ਪਦਾਰਥਕ ਪ੍ਰਾਪਤੀਆਂ ਤੇ ਆਰਜ਼ੀ ਦੁਨਿਆਵੀ ਖ਼ੁਸ਼ੀਆਂ ਲਈ ਕੀਤੀ ਭੱਜ-ਦੌੜ ਵੀ ਨਿਸ਼ਫ਼ਲ ਸਾਬਤ ਹੁੰਦੀ ਹੈ ਕਿਉਂਕਿ ਇਨ੍ਹਾਂ ਦਾ ਸਾਥ ਸਦਾ ਨਾਲ ਨਿਭਨ ਵਾਲਾ ਨਹੀਂ ਹੁੰਦਾ।

ਉਪਰੋਕਤ ਸਾਰੰਸ਼ ਤੋਂ ਸਪਸ਼ਟ ਹੈ ਕਿ ਇਸ ਸ਼ਬਦ ਵਿੱਚ ਸੰਸਾਰਕ ਤੇ ਪਦਾਰਥਕ ਪ੍ਰਾਪਤੀਆਂ ਨੂੰ ਉੱਕਾ ਹੀ ਕੋਈ ਮਹੱਤਵ ਨਹੀਂ ਦਿੱਤਾ ਗਿਆ! ਅਤੇ ਇਨ੍ਹਾਂ ਪ੍ਰਾਪਤੀਆਂ ਤੋਂ ਮਿਲਨ ਵਾਲੀ ਝੂਠੀ ਦੁਨਿਆਵੀ ਖ਼ੁਸ਼ੀ ਦਾ ਜ਼ਿਕਰ ਤਕ ਵੀ ਨਹੀਂ ਹੈ! ਤਾਂ ਫਿਰ ਮਿਥਿਆ ਸੰਸਾਰਕ ਖ਼ੁਸ਼ੀ ਦਾ ਲੋਕ-ਦਿਖਾਵਾ ਕਰਨ ਸਮੇਂ ਲਖ ਖੁਸੀਆ ਪਾਤਿਸਾਹੀਆ… ਦੀ ਤੁਕ ਨੂੰ ਆਧਾਰ ਬਣਾ ਕੇ ਇਹ ਸ਼ਬਦ ਕਿਉਂ ਗਵਾਇਆ ਤੇ ਗਾਇਆ ਜਾਂਦਾ ਹੈ?

ਇਸ ਕਿਉਂ’ ਦਾ ਸਹੀ ਤੇ ਸਪਸ਼ਟ ਉੱਤਰ ਇਹ ਹੈ ਕਿ ਅਸੀਂ, ਨਾਮ ਧਰੀਕ ਸਿੱਖ, ਇਸ ਅਨਮੋਲ ਤੁਕ/ਸ਼ਬਦ ਦੇ ਅਰਥਾਂ ਤੋਂ ਅਣਜਾਣ ਹਾਂ ਅਤੇ ਨਾ ਹੀ ਅਸੀਂ ਇਸ ਸ਼ਬਦ ਦੇ ਅਰਥ-ਭਾਵ ਜਾਨਣ ਦਾ ਕਦੇ ਕਸ਼ਟ ਹੀ ਕੀਤਾ ਹੈ! ਇਹ ਵੀ ਹੋ ਸਕਦਾ ਹੈ ਕਿ ਬਹੁਤੇ ਰਾਗੀਆਂ/ਕੀਰਤਨੀਆਂ ਨੂੰ ਵੀ ਇਸ ਸ਼ਬਦ ਦੇ ਭਾਵ ਅਰਥ ਦੀ ਸਮਝ ਹੀ ਨਾ ਹੋਵੇ! ਅਤੇ ਜਿਨ੍ਹਾਂ ਨੂੰ ਸਮਝ ਹੈ, ਉਹ ਮਚਲੇ ਹੋ ਕੇ ਰਹਾਉ ਦੀਆਂ ਤੁਕਾਂ ਨੂੰ ਨਜ਼ਰ ਅੰਦਾਜ਼ ਕਰਕੇ ਲਖ ਖੁਸੀਆ ਪਾਤਿਸਾਹੀਆ……ਦੇ ਅਨਰਥ ਕਰਦਿਆਂ, ਇਸ ਤੁਕ ਦੇ ਸਹਾਰੇ, ਭੇਡ-ਚਾਲੀਏ ਸਿੱਖਾਂ-ਸੇਵਕਾਂ ਨੂੰ ਉੱਲੂ ਬਣਾ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ!

ਗਿਆਨ-ਗੁਰੂ (ਗ੍ਰੰਥ) ਦੇ ਸਿੱਖ ਹੋਣ ਦਾ ਭਰਮ ਪਾਲੀ ਬੈਠੇ ਹਉਮੈਂ-ਮਾਰੇ ਅੰਧਵਿਸ਼ਵਾਸੀ ਲੋਕ ਆਪਣੀ ਕਿਸੇ ਸੰਸਾਰਕ ਖ਼ੁਸ਼ੀ ਦਾ ਲੋਕ-ਦਿਖਾਵਾ ਕਰਨ ਵਾਸਤੇ, ਗੁਰੂ ਦੀ ਹਜ਼ੂਰੀ ਵਿੱਚ, ‘ਸ਼ੁਕਰਾਨਾ ਸਮਾਗਮ’ ਕਰਵਾਉਂਦੇ ਹਨ। ਇਸ ਵਿਸ਼ੇਸ਼ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਭੇਜੇ ਗਏ ਸੱਦਾ-ਪੱਤਰ ਦੇ ਮੱਥੇ ਉੱਤੇ, ਲਖ ਖੁਸੀਆ ਪਾਤਿਸਾਹੀਆ… ਵਾਲੀ ਤੁਕ ਦਾ ਤਿਲਕ ਲਾਇਆ ਜਾਂਦਾ ਹੈ! ਅਤੇ ‘ਧਾਰਮਿਕ’ ਇਕੱਠ ਵਿੱਚ ਜਜਮਾਨ ਨੂੰ ਖ਼ੁਸ਼ ਕਰਨ ਵਾਸਤੇ ਰਾਗੀ ਤੇ ਕੀਰਤਨੀਏ, ਲਖ ਖੁਸੀਆ ਪਾਤਿਸਾਹੀਆ… ਨੂੰ ਟੇਕ ਬਣਾ ਕੇ, ਇਸ ਪਵਿੱਤਰ ਸ਼ਬਦ ਦਾ ਗਾਇਣ ਕਰਦੇ ਹਨ। ਜਿਨ੍ਹਾਂ ਸੰਸਾਰਕ ਪ੍ਰਾਪਤੀਆਂ ਖ਼ੁਸ਼ੀਆਂ ਦੇ ਪ੍ਰਗਟਾਵੇ ਲਈ ਸ਼ੁਕਰਾਨੇ ਵਜੋਂ ਇਹ ਸ਼ਬਦ ਗਾਇਆ ਜਾਂਦਾ ਹੈ, ਉਨ੍ਹਾਂ ਵਿੱਚੋਂ ਕੁੱਝ ਇੱਕ ਹਨ: ਲੜਕੇ ਦੀ ‘ਦਾਤ’, ਲੜਕੇ ਦਾ ਨਾਮ-ਕਰਨ ਸੰਸਕਾਰ, ਲੜਕੇ ਦਾ ਮੰਗਣਾ ਤੇ ਵਿਆਹ ਦੀ ਰਸਮ, ਪ੍ਰੀਖਿਆ ਵਿੱਚ ਸਫ਼ਲਤਾ (ਭਾਵੇਂ ਨਕਲ ਮਾਰ ਕੇ ਜਾਂ ਰਿਸ਼ਵਤ ਦੇ ਕੇ ਪਾਸ ਹੋਇਆ ਹੋਵੇ!), ਕਾਲੇ ਧਨ ਦੀਆਂ ਨੀਹਾਂ ਉੱਤੇ ਉਸਾਰੀ ਨਵੀਂ ਕੋਠੀ ਵਿੱਚ ਗ੍ਰਹਿ-ਪ੍ਰਵੇਸ਼, ਕਾਰੋਬਾਰ ਦਾ ਆਰੰਭ (ਭਾਵੇਂ ਇਹ ਕਾਰੋਬਾਰ ਸ਼ਰਾਬ ਅਤੇ ਨਸ਼ਿਆਂ ਦੀ ਤਜਾਰਤ ਦਾ ਹੀ ਕਿਉਂ ਨਾ ਹੋਵੇ!) ਕਾਰੋਬਾਰ ਵਿੱਚ ਹਾਸਿਲ ਕੀਤੀ ਵੱਡੀ ਸਫ਼ਲਤਾ (ਚਾਹੇ ਇਸ ਸਫ਼ਲਤਾ ਦਾ ਰਾਜ਼ ਠੱਗੀ-ਠੋਰੀ ਤੇ ਧੋਖਾ-ਧੜੀ ਕਿਉਂ ਨਾ ਹੋਵੇ!), ਰਿਸ਼ਵਤ ਦੇ ਕੇ ਹਾਸਿਲ ਕੀਤੀ ‘ਉਪਰਲੀ ਕਮਾਈ’ ਵਾਲੀ ਨੌਕਰੀ ਅਤੇ ਜ਼ਮੀਰ ਵੇਚ/ਮਾਰ ਕੇ ਹੱਥਿਆਈ ਗੱਦੀ…… ਵਗ਼ੈਰਾ ਵਗ਼ੈਰਾ।}

‘ਸਮਾਗਮ’ ਦੀ ਸਮਾਪਤੀ ਸਮੇਂ, ਕਰਵਾਈ/ਕੀਤੀ ਜਾਂਦੀ ‘ਸ਼ੁਕਰਾਨੇ ਦੀ ਅਰਦਾਸ’ ਵਿੱਚ ਵੀ ਇਹ ਤੁਕ ਜੋੜ ਦਿੱਤੀ ਜਾਂਦੀ ਹੈ, ਜਿਵੇਂ: "…ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ॥ ……" ਦੇ ਮਹਾਂਵਾਕ ਅਨੁਸਾਰ ‘ਗੁਰਮੁਖ ਪਰਵਾਰ’ ਨੂੰ ਜੋ…… ਦੀ ਦਾਤ ਪ੍ਰਾਪਤ ਹੋਈ ਹੈ, ਉਸ ਦੇ ਸ਼ੁਕਰਾਨੇ ਵਜੋਂ……" !

ਕੀ ‘ਪੰਥ’ ਦਾ ਕੋਈ ‘ਮਹਾਨ’ ਕੀਰਤਨੀਆ, ਰਾਗੀ ਜਾਂ ਕਥਾਵਾਚਕ ਇਸ ਸ਼ਬਦ, ਖ਼ਾਸ ਕਰਕੇ, ‘ਮਹਾਂਵਾਕ’ ਦੇ ਸਹੀ ਭਾਵ ਅਰਥ ਸੰਗਤਾਂ ਨੂੰ ਸਮਝਾਉਣ ਦਾ ਆਪਣਾ ਨੈਤਿਕ ਫ਼ਰਜ਼ ਨਿਭਾਉਣ ਦਾ ਜੇਰਾ ਰੱਖਦਾ ਹੈ? ਅਤੇ ਕੀ ਕੋਈ ‘ਸ਼੍ਰੱਧਾਲੂ ਸਿੱਖ’ ਇਸ ਸ਼ਬਦ ਦਾ ਗਾਇਣ ਕਰਨ ਵਾਲੇ ਰਾਗੀ/ਕੀਰਤਨੀਏ ਨੂੰ ਇਸ ਸ਼ਬਦ/ਤੁਕ ਦੇ ਅਰਥ ਕਰਨ ਦੀ ਜੁਰੱਤ ਕਰੇਗਾ? ਪਾਠਕ ਅਜ਼ਮਾ ਕੇ ਵੇਖ ਲੈਣ! ! !

ਗੁਰਇੰਦਰ ਸਿੰਘ ਪਾਲ

ਮਾਰਚ 27, 2016.




.