.

ਸੁਖਮਈ ਜੀਵਨ ਅਹਿਸਾਸ (ਭਾਗ-17)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 1 ਤੋਂ 16 ਪੜੋ ਜੀ।

‘ਸੁਖਮਈ ਜੀਵਨ ਅਹਿਸਾਸ` ਸਿਰਲੇਖ ਅਧੀਨ ਚਲ ਰਹੀ ਇਸ ਲੇਖ ਲੜੀ ਤਹਿਤ ਜੀਵਨ ਅੰਦਰ ਸੁੱਖਾਂ ਦੇ ਰਸਤੇ ਵਿੱਚ ਰੁਕਾਵਟ ਰੂਪ ਬਣ ਕੇ ਸਾਹਮਣੇ ਆਉਂਦੇ ਵੱਖ-ਵੱਖ ਅਉਗਣਾਂ ਦਾ ਵਿਸਥਾਰ ਤਹਿਤ ਜ਼ਿਕਰ ਕੀਤਾ ਜਾ ਰਿਹਾ ਹੈ। ਜੀਵਨ ਵਿਚੋਂ ਅਉਗਣਾਂ ਨੂੰ ਪਾਸੇ ਕਰਨ ਉਪਰੰਤ ਹੀ ਸੁੱਖਾਂ ਦਾ ਵਾਸਾ ਹੋਣਾ ਸੰਭਵ ਹੈ।

ਸੁੱਖਮਈ ਦੀ ਥਾਂ ਤੇ ਦੁੱਖਮਈ ਜੀਵਨ ਦੇ ਵੱਖ-ਵੱਖ ਕਾਰਣਾਂ ਵਿਚੋਂ ਅੰਦਰੋਂ ਤੇ ਬਾਹਰੋਂ ਇੱਕ ਨਾ ਹੋਣਾ ਵੀ ਮੁੱਖ ਅਉਗਣ ਹੈ। ਜਦੋਂ ਕੋਈ ‘ਜਿਨ ਮਨਿ ਹੋਰੁ ਮੁਖਿ ਹੋਰੁ` (੪੮੮) ਅਥਵਾ ‘ਜੀਅਹੁ ਮੈਲੇ ਬਾਹਰਹੁ ਨਿਰਮਲ` (੯੧੯) ਵਾਲਾ ਜੀਵਨ ਬਤੀਤ ਕਰ ਰਿਹਾ ਹੋਵੇ ਤਾਂ ਐਸਾ ਮਨੁੱਖ ਪਾਖੰਡੀ ਅਖਵਾਉਂਦਾ ਹੈ। ਪਾਖੰਡ ਦੀ ਅਵਧੀ ਕਦੀ ਵੀ ਪਕੇਰੀ ਜਾਂ ਲੰਮੇਰੀ ਨਹੀਂ ਹੋ ਸਕਦੀ, ਇਹ ਤਾਂ ‘ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ` (੩੮੧) ਸਤਿਗੁਰੂ ਤੇ ਗੁਰਮਤਿ ਦੇ ਧਾਰਨੀ ਗੁਰਮੁਖਾਂ ਦੁਆਰਾ ਪਹਿਚਾਣ ਲਏ ਜਾਣ ਉਪਰੰਤ ਸ਼ਰਮਿੰਦਗੀ ਦਾ ਕਾਰਣ ਬਣਦਾ ਹੋਇਆ ਸਗੋਂ ਦੁੱਖਾਂ ਦਾ ਕਾਰਣ ਬਣ ਕੇ ਸਾਹਮਣੇ ਆਉਂਦਾ ਹੈ। ਗੁਰਮਤਿ ਤਾਂ ‘ਜੀਅਹੁ ਨਿਰਮਲ ਬਾਹਰਹੁ ਨਿਰਮਲ` (੯੧੯) ਤੇ ਚਲਣ ਵਾਲਾ, ਭਾਵ ਅੰਦਰੋਂ ਬਾਹਰੋਂ ਇੱਕ ਹੋਣ ਦਾ ਮਾਰਗ ਦਸਦੀ ਹੈ, ਇਸ ਅਵਸਥਾ ਦੇ ਧਾਰਨੀ ਮਨੁੱਖ ਨੂੰ ਫਿਰ ਕਦੀ ਵੀ ਆਪਣਾ ਪਾਜ ਉਘੜ ਜਾਣ ਦਾ ਖਤਰਾ ਹੁੰਦਾ ਹੀ ਨਹੀਂ ਹੈ। ਕਿਉਂ ਕਿ ਗੁਰਮੁਖ ਜਨਾਂ ਨੇ ਗੁਰੂ ਦੀ ਮਤਿ ‘ਛੋਡੀਲੇ ਪਾਖੰਡਾ।। ਨਾਮ ਲਇਐ ਜਾਹਿ ਤਰੰਦਾ।। ` (੪੭੧) ਨੂੰ ਪੜ੍ਹ- ਸਮਝ-ਵਿਚਾਰ ਕੇ ਜੀਵਨ ਵਿੱਚ ਕਮਾਇਆ ਹੁੰਦਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਜੀ ਵਲੋਂ ‘ਪਾਖੰਡ` ਵਿਸ਼ੇ ਉਪਰ ਸੰਖੇਪ ਸ਼ਬਦਾਂ ਅੰਦਰ ਬਹੁਤ ਵਧੀਆ ਪ੍ਰੀਭਾਸ਼ਾ ਦਿਤੀ ਗਈ ਹੈ-

ਮਾਨ ਅਤੇ ਪਦਾਰਥਾਂ ਦੇ ਲਾਲਚ ਵਿੱਚ ਫਸ ਕੇ ਆਪਣੀ ਰਹਿਣੀ ਦੇ ਵਿਰੁਧ ਦਿਖਾਵੇ ਮਾਤ੍ਰ

ਕਰਮ ਕਰਨੇ ਅਤੇ ਲਿਬਾਸ ਤਥਾ ਚਿੰਨ੍ਹ, ਭਲੇ ਲੋਕਾਂ ਦੇ ਬਣਾਉਣੇ, ਪਾਖੰਡ ਅਰ ਭੇਖ ਹੈ`

(ਗੁਰੁਮਤ ਮਾਰਤੰਡ- ਪੰਨਾ ੬੬੮)

ਜਿਹੜੇ ਮਨੁੱਖਾਂ ਨੇ, ਵਿਸ਼ੇਸ਼ ਤੌਰ ਤੇ ਧਰਮ ਦੀ ਦੁਨੀਆਂ ਵਿੱਚ ਵਿਚਰਣ ਵਾਲੇ, ਬਾਹਰੋਂ ਧਰਮੀ ਲਿਬਾਸ ਧਾਰਨ ਕੀਤਾ ਹੈ, ਮੁੱਖ ਤੋਂ ਗੱਲਾਂ ਵੀ ਧਰਮ ਦੀਆਂ ਕਰਦੇ ਹੋਏ ਦੂਜਿਆਂ ਨੂੰ ਉਪਦੇਸ਼ ਵੀ ਦਿੰਦੇ ਹਨ, ਬੈਠੇ ਵੀ ਧਰਮ ਅਸਥਾਨਾਂ ਉਪਰ ਹਨ, ਧਰਮੀਆਂ ਵਾਲੇ ਚਿੰਨ ਵੀ ਧਾਰਨ ਕੀਤੇ ਹੋਏ ਹਨ, ਪਰ ‘ਅਵਰ ਉਪਦੇਸੈ ਆਪਿ ਨ ਕਰੈ` (੨੬੯) ਅਥਵਾ ‘ਕਬੀਰ ਅਵਰਹ ਕਉ ਉਪਦੇਸਤੇ ਮੁਖ ਮਹਿ ਪਰਿ ਹੈ ਰੇਤੁ।। ਰਾਸਿ ਬਿਰਾਨੀ ਰਾਖਤੇ ਖਾਯਾ ਘਰਿ ਕਾ ਖੇਤੁ।। ੯੮।। ` (ਸਲੋਕ ਕਬੀਰ ਜੀ-੧੩੬੯) ਵਾਲੇ ਮਾਰਗ ਦੇ ਪਾਂਧੀ ਬਣੇ ਹੋਇਆਂ ਦੇ ਕਰਮਾਂ ਵਿੱਚ ਧਰਮ ਨਹੀਂ, ਐਸੇ ਮਨੁੱਖਾਂ ਦਾ ਬਾਹਰੀ ਦਿਖਾਈ ਦਿੰਦਾ ਧਰਮੀ ਚਿਹਰਾ ਕਦਾਚਿਤ ਵੀ ਪ੍ਰਵਾਨਿਤ ਨਹੀਂ ਹੋ ਸਕਦਾ, ਇਹ ਤਾਂ ਨਿਰੋਲ ਪਾਖੰਡ ਹੀ ਕਹਿਲਾਏਗਾ। ਗੁਰਬਾਣੀ ਐਸੇ ਮਨੁੱਖਾਂ ਨੂੰ ਬਨਾਰਸ ਦੇ ਠੱਗ ਕਹਿਣ ਤੋਂ ਵੀ ਸੰਕੋਚ ਨਹੀਂ ਕਰਦੀ, ਅੰਦਰਲਾ ਕਪਟ ਇੱਕ ਨਾ ਇੱਕ ਦਿਨ ਤਾਂ ਬਾਹਰ ਪ੍ਰਗਟ ਹੋ ਜਾਣਾ ਲਾਜ਼ਮੀ ਹੈ। ਇਸ ਪੱਖ ਉਪਰ ਗੁਰਬਾਣੀ ਅੰਦਰ ਕਈ ਫੁਰਮਾਣ ਦਰਜ ਮਿਲਦੇ ਹਨ-

-ਹਿਰਦੈ ਕਪਟ ਮੁਖ ਗਿਆਨੀ।। ਝੂਠੇ ਕਹਾ ਬਿਲੋਵਸਿ ਪਾਨੀ।।

ਕਾਇਆ ਮਾਜਸ ਕਉਨ ਗੁਨਾ।। ਜਉ ਘਟ ਭੀਤਰਿ ਹੈ ਮਲਨਾ।।

ਲਉਕੀ ਅਠਸਠਿ ਤੀਰਥ ਨਾਈ।। ਕਉਰਾਪਨ ਤਊ ਨ ਜਾਈ।।

(ਸੋਰਠਿ ਕਬੀਰ ਜੀ-੬੫੬)

-ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ।।

ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ।।

ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ।।

ਐਸੇ ਸੰਤ ਨ ਮੋਕਉ ਭਾਵਹਿ।। ਡਾਲਾ ਸਿਉ ਪੇਡਾ ਗਟਕਾਵਹਿ।।

(ਆਸਾ ਕਬੀਰ ਜੀ-੪੭੫)

- ਪੜਿ ਪੁਸਤਕ ਸੰਧਿਆ ਬਾਦੰ।। ਸਿਲ ਪੂਜਸ ਬਗੁਲ ਸਮਾਧੰ।।

ਮੁਖਿ ਝੂਠ ਬਿਭੂਖਣ ਸਾਰੰ।। ਤ੍ਰੈਪਾਲ ਤਿਹਾਲ ਬਿਚਾਰੰ।।

ਗਲਿ ਮਾਲਾ ਤਿਲਕ ਲਿਲਾਟੰ।। ਦੁਇ ਧੋਤੀ ਬਸਤ੍ਰ ਕਪਾਟੰ।।

ਜੇ ਜਾਣਸਿ ਬ੍ਰਹਮੰ ਕਰਮੰ।। ਸਭ ਫੋਕਟ ਨਿਸਚਉ ਕਰਮੰ।।

ਕਹੁ ਨਾਨਕ ਨਿਹਚਉ ਧਿਆਵੈ।। ਵਿਣੁ ਸਤਿਗੁਰ ਵਾਟ ਨ ਪਾਵੈ।।

(ਵਾਰ ਆਸਾ-ਮਹਲਾ ੧-੪੭੦)

ਗੁਰੂ ਨਾਨਕ ਸਾਹਿਬ ਵਲੋਂ ‘ਆਸਾ ਕੀ ਵਾਰ` ਅੰਦਰ ਵਿਸ਼ੇਸ਼ ਤੌਰ ਤੇ ਐਸੇ ਕਪਟੀ ਮਨੁੱਖਾਂ ਦਾ ਪਾਜ ਉਘੇੜਿਆ ਹੈ, ਜਿਨ੍ਹਾਂ ਵਲੋਂ ਕੀਤੇ ਜਾ ਰਹੇ ਕਰਮ ਕਿਸੇ ਵੀ ਤਰਾਂ ਉਨ੍ਹਾਂ ਨੂੰ ਧਰਮੀ ਅਖਵਾਉਣ ਦਾ ਹੱਕ ਨਹੀਂ ਦਿੰਦੇ। ਜਿਵੇਂ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਬ੍ਰਾਹਮਣ ਆਪਣੇ ਧਰਮ ਦੀ ਦੁਨੀਆਂ ਵਿੱਚ ਵਿਚਰਦਾ ਹੋਇਆ, ਗਊ ਨੂੰ ਮਾਤਾ ਆਖ ਕੇ ਪੂਜਦਾ ਹੋਇਆ, ਚੌਂਕੇ ਨੂੰ ਸੁੱਚਾ ਕਰਨ ਲਈ ਗਉ ਦੇ ਗੋਬਰ ਦਾ ਪੋਚਾ ਫੇਰਦਾ ਹੈ, ਬਾਹਰੋਂ ਧਰਮੀ ਚਿੰਨ-ਤੇੜ ਧੋਤੀ, ਮੱਥੇ ਤੇ ਚੰਦਨ ਦਾ ਟਿੱਕਾ, ਗਲ ਵਿੱਚ ਮਾਲਾ ਪਾਉਂਦਾ ਹੋਇਆ, ਆਪਣੇ ਘਰ ਅੰਦਰ ਧਰਮ ਗ੍ਰੰਥਾਂ ਦੇ ਪਾਠ-ਪਠਣ ਵਾਲੀ ਪੂਜਾ ਵੀ ਕਰਦਾ ਹੈ, ਪਰ ਸਮੇਂ ਮੁਗਲ ਰਾਜ ਪ੍ਰਬੰਧ ਦੇ ਮਾਲਕਾਂ ਦੀ ਖੁਸ਼ਨੂਦੀ ਹਾਸਲ ਕਰਨ ਲਈ ਆਪਣੇ ਧਰਮ ਦੇ ਦਰਸਾਏ ਨਿਯਮਾਂ ਤੋਂ ਉਲਟ ਕਰਮ ਕਰਦਾ ਹੋਇਆ ਰੱਤੀ ਭਰ ਵੀ ਸੰਕੋਚਦਾ ਨਹੀਂ, ਐਸੇ ਭੇਖੀ, ਪਾਖੰਡੀ, ਦੇ ਜੀਵਨ ਅੰਦਰ ‘ਸੁਖਮਈ ਅਹਿਸਾਸ` ਦੀ ਪ੍ਰਾਪਤੀ ਕਿਵੇਂ ਸੰਭਵ ਹੋ ਸਕਦੀ ਹੈ-

ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ।।

ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾ ਖਾਈ।।

ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ।।

ਛੋਡੀਲੇ ਪਾਖੰਡਾ।। ਨਾਮ ਲਇਐ ਜਾਹਿ ਤਰੰਦਾ।।

(ਵਾਰ ਆਸਾ- ਮਹਲਾ ੧-੪੭੧)

ਅਜੋਕੇ ਸਮੇਂ ਦੌਰਾਨ ਪਾਖੰਡ ਭਰਪੂਰ ਦੁਨੀਆਂ ਅੰਦਰ ਭਲੇ ਪੁਰਸ਼ਾਂ ਦੀ ਪਹਿਚਾਣ ‘ਸਾਧ ਨਾਮ ਨਿਰਮਲ ਤਾ ਕੇ ਕਰਮ` (੨੯੬) ਦੀ ਕਸਵੱਟੀ ਉਪਰ ਕਰਨ ਦੀ ਥਾਂ ਬਹੁਗਿਣਤੀ ਬਾਹਰੀ ਲਿਬਾਸ, ਘਰ ਬਾਰ ਦੇ ਤਿਆਗੀ ਹੋ ਕੇ ਕਿਸੇ ਡੇਰੇ ਅੰਦਰ ਨਿਵਾਸ ਕਰਨ ਵਾਲੇ ਮਨੁੱਖ ਦੇ ਰੂਪ ਵਿੱਚ ਕਰਦੇ ਹੋਏ ਅਕਸਰ ਭੁਲੇਖਾ ਖਾਧਾ ਜਾਂਦਾ ਹੈ। ਬਸ ਲੋੜ ਤਾਂ ਗੁਰਬਾਣੀ ਦੇ ਦਰਸਾਏ ਮਾਰਗ ਰਾਹੀਂ ਪੜਚੋਲ ਕਰਨ ਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਸਦੇ ਹਨ ਕਿ ਐਸਾ ਮਨੁੱਖ ਆਪਣੇ ਅੰਦਰਲੇ ਵਿਸ਼ੇ ਵਿਕਾਰਾਂ ਦੇ ਤਾਪ ਅਤੇ ਘਰੇਲੂ ਜਿੰਮੇਵਾਰੀਆਂ ਤੋਂ ਡਰਦਾ ਹੋਇਆ ਭਗੌੜਾ ਹੋ ਕੇ ਘਰ-ਬਾਰ ਤਿਆਗ ਦਿੰਦਾ ਹੈ, ਜੋ ਅਸਲੀਅਤ ਤੋਂ ਬੇਖਬਰ ਹੈ, ਜੋ ਤਿਆਗਣਾ ਸੀ ਉਹ ਤਿਆਗ ਨਹੀਂ ਸਕਿਆ, ਜੋ ਤਿਆਗਣਾ ਨਹੀਂ ਸੀ ਉਸ ਨੂੰ ਤਿਆਗ ਕੇ ਜੰਗਲ, ਡੇਰੇ ਅੰਦਰ ਆ ਕੇ ਗੇਰੂਏ ਰੰਗ ਦੇ ਬਸਤਰ ਪਾਉਣ ਨਾਲ ਕੀ ਹੋਵੇਗਾ। ਛੱਡਣੇ ਵਿਕਾਰ ਸਨ, ਛੱਡ ਘਰ-ਬਾਰ ਦਿਤਾ, ਇਸ ਨਾਲ ਕੀ ਹੋਵੇਗਾ, ਵਿਕਾਰ ਤਾਂ ਫਿਰ ਵੀ ਨਾਲ ਹੀ ਆ ਗਏ, ਐਸਾ ਮਨੁੱਖ ਤਾਂ ਪਾਖੰਡੀ ਹੀ ਅਖਵਾਏਗਾ-

ਪੂੰਅਰ ਤਾਪ ਗੇਰੀ ਕੇ ਬਸਤ੍ਰਾ।।

ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ।।

ਦੇਸੁ ਛੋਡਿ ਪਰਦੇਸਹਿ ਧਾਇਆ।।

ਪੰਚ ਚੰਡਾਲ ਨਾਲੇ ਲੈ ਆਇਆ।।

(ਪ੍ਰਭਾਤੀ ਮਹਲਾ ੫-੧੩੮੪)

ਇਸ ਗਾਥਾ ਦੁਆਰਾ ਅਸੀਂ ਸਬੰਧਿਤ ਵਿਸ਼ੇ ਨੂੰ ਹੋਰ ਸੁਖਾਲਾ ਸਮਝ ਸਕਦੇ ਹਾਂ- ਕਹਿੰਦੇ, ਇੱਕ ਧਰਮੀ ਸੇਠ ਦੇ ਘਰ ਦੋ ਸਾਧੂ ਸ਼ਾਮ ਦੇ ਸਮੇਂ ਰਾਤ ਕੱਟਣ ਲਈ ਗਏ। ਸੇਠ ਨੇ ਜੀ ਆਇਆਂ ਆਖਦੇ ਹੋਏ ਉਹਨਾਂ ਦੇ ਰਹਿਣ-ਸਹਿਣ, ਖਾਣ-ਪੀਣ ਦਾ ਯੋਗ ਪ੍ਰਬੰਧ ਕੀਤਾ। ਸੇਠ ਨੂੰ ਉਨ੍ਹਾਂ ਦੇ ਧਰਮੀ ਹੋਣ ਤੇ ਸ਼ੱਕ ਪੈਦਾ ਹੋਇਆ ਕਿ ਇਹਨਾਂ ਨੇ ਖਾਣਾ ਖਾਣ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਤਾਂ ਕੀਤਾ ਹੀ ਨਹੀਂ। ਸੇਠ ਪਰਖ ਕਰਨ ਲਈ ਵਾਰੀ- ਵਾਰੀ ਉਹਨਾਂ ਦੇ ਕਮਰਿਆਂ ਵਿੱਚ ਗਿਆ। ਪਹਿਲੇ ਕੋਲ ਦੂਜੇ ਸਾਧ ਦੀ ਬਦਖੋਹੀ ਕੀਤੀ ਤਾਂ ਉਸਦਾ ਅੰਦਰਲਾ ਕਪਟ ਬਾਹਰ ਆਉਣਾ ਸ਼ੁਰੂ ਹੋ ਗਿਆ ਕਿ ਦੂਜਾ ਸਾਧ ਤਾਂ ਨਿਰਾ ਬੈਲ ਹੀ ਹੈ, ਸੇਠ ਜੀ! ਵੇਖਿਉ ਕਿਤੇ ਉਸਦੇ ਚੱਕਰ ਵਿੱਚ ਨਾ ਆ ਜਾਣਾ। ਦੂਜੇ ਕੋਲ ਪਹਿਲੇ ਦੀ ਬਦਖੋਹੀ ਕਰਨ ਤੇ ਉਸਨੇ ਵੀ ਇਸੇ ਤਰਾਂ ਪਹਿਲੇ ਸਾਧ ਨੂੰ ਗਧਾ ਕਹਿੰਦੇ ਹੋਏ ਸੇਠ ਨੂੰ ਬਚਣ ਦਾ ਉਪਦੇਸ਼ ਦਿਤਾ। ਸਵੇਰੇ ਉਠਣ ਤੇ ਸੇਠ ਨੇ ਦੋਵਾਂ ਨੂੰ ਭੋਜਨ ਲਈ ਬੁਲਾ ਕੇ ਉਹਨਾਂ ਦੀਆਂ ਥਾਲੀਆਂ ਵਿੱਚ ਪਕਵਾਨਾਂ ਦੀ ਥਾਂ ਤੇ ਘਾਹ ਰੱਖਦੇ ਹੋਏ ਆਖਿਆ ਕਿ ਤੁਸੀਂ ਸਾਧ ਨਹੀਂ ਗਧੇ-ਬੈਲ ਹੀ ਹੋ, ਆਪਣਾ ਖਾਜਾ ਖਾਉ ਤੇ ਚਲਦੇ ਬਣੋ। ਉਨ੍ਹਾਂ ਦੇ ਅੰਦਰਲੇ ਈਰਖਾ ਰੂਪੀ ਅਉਗਣ ਨੇ ਦੋਵਾਂ ਦਾ ਪਾਖੰਡ ਪ੍ਰਗਟ ਕਰ ਦਿਤਾ।

ਜੋ ਵੀ ਮਨੁੱਖ ਅੰਦਰੂਨੀ ਕਪਟ ਅਧੀਨ ਜੀਵਨ ਜੀਊਂਦਾ ਹੈ, ਉਸਦੇ ਅੰਦਰਲਾ ਪਾਖੰਡ ਕਿਸੇ ਨਾ ਕਿਸੇ ਕਾਰਣ ਪ੍ਰਗਟ ਹੋ ਜਾਣਾ ਹੀ ਹੁੰਦਾ ਹੈ। ਜਿਵੇਂ ਹੰਸ ਅਤੇ ਬਗੁਲਾ ਦੋਵੇਂ ਚਿੱਟੇ ਖੰਭਾਂ ਵਾਲੇ ਹਨ, ਇਕੋ ਸਰੋਵਰ ਵਿਚੋਂ ਆਪਣੀ ਉਪਜੀਵਕਾ ਦੀ ਭਾਲ ਕਰਦੇ ਹਨ, ਪ੍ਰੰਤੂ ਉਨ੍ਹਾਂ ਦੇ ਕਰਮ, ਜੀਵਨ ਜਾਚ, ਖੁਰਾਕ ਤੋਂ ਉਨ੍ਹਾਂ ਦੀ ਪਹਿਚਾਣ ਸਾਹਮਣੇ ਆ ਜਾਂਦੀ ਹੈ-

- ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰਿ ਲਾਵੈ।।

ਜਾ ਹੰਸ ਸਭਾ ਬੀਚਾਰ ਕਰਿ ਦੇਖਨਿ ਤਾ ਬਗਾ ਨਾਲਿ ਜੋੜਿ ਕਦੇ ਨ ਆਵੈ।।

ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ।।

(ਵਾਰ ਰਾਮਕਲੀ-ਮਹਲਾ ੫-੯੬੦)

- ਹੰਸਾ ਦੇਖਿ ਤਰੰਦਿਆ ਬਗਾਂ ਭਿ ਆਇਆ ਚਾਉ।।

ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ।। ੧੨੨।।

(ਸਲੋਕ ਫਰੀਦ ਜੀ-ਮਹਲਾ ੩-੧੩੮੪)

-ਬਗਾ ਬਗੇ ਕਪੜੇ ਤੀਰਥ ਮੰਝ ਵਸੰਨਿ।।

ਘੁਟਿ ਘੁਟਿ ਜੀਆ ਖਾਵਣੇ ਬਗੇ ਨ ਕਹੀਅਨ।।

(ਸੂਹੀ ਮਹਲਾ ੧-੭੨੯)

ਜੋ ਪਾਖੰਡ ਅਧੀਨ ਅੰਦਰੋਂ ਬਾਹਰੋਂ ਇੱਕ ਨਹੀਂ ਹੈ, ਉਸ ਉਪਰ ਗੁਰੂ ਦੇ ਉਪਦੇਸ਼ ਰੂਪੀ ਪ੍ਰਕਾਸ਼ ਵੀ ਅਸਰ ਨਹੀਂ ਕਰ ਸਕਦਾ। ਬਾਹਰੋਂ ਭਾਵੇਂ ਮੋਢੇ (ਕੰਧੇ) ਉਪਰ ਨਮਾਜ਼ ਪੜਣ ਦਾ ਆਸਣ ਹੋਵੇ, ਗਲ ਫਕੀਰਾਂ ਵਾਲੀ ਕਫਨੀ ਵੀ ਪਾਈ ਹੋਵੇ, ਮੂੰਹ ਰਾਹੀਂ ਬੋਲੇ ਜਾਣ ਵਾਲੇ ਬਚਨਾਂ ਵਿੱਚ ਗੁੜ ਜਿਹੀ ਮਿਠਾਸ ਵੀ ਕਿਉਂ ਨਾ ਹੋਵੇ, ਪਰ ਦਿਲ ਅੰਦਰ ਛੁਪੀ ਕਪਟ ਰੂਪੀ ਛੁਰੀ ਨੇ ਕਦੀ ਨਾ ਕਦੀ ਬਾਹਰ ਪ੍ਰਗਟ ਹੋ ਕੇ ‘ਸੁਖਮਈ ਜੀਵਨ ਅਹਿਸਾਸ` ਦੀ ਰੁਕਾਵਟ ਬਨਣਾ ਹੀ ਹੈ। ਜਿਹੜੇ ਮਨੁੱਖਾਂ ਦੇ ਅੰਦਰ ਕਪਟ ਰੂਪੀ ਵਿਕਾਰ ਹੋਵੇਗਾ, ਉਹ ਆਪਣੀ ਜਬਾਨ ਤੋਂ ਸੰਗਤ ਵਿੱਚ ਜਾ ਕੇ ਭਾਵੇਂ ਉੱਚੀ -ਉੱਚੀ ਵੱਖ-ਵੱਖ ਤਰਾਂ ਨਾਲ ਪ੍ਰਮੇਸ਼ਰ ਦਾ ਨਾਮ ਵੀ ਕਿਉਂ ਨਾ ਜਪ ਰਹੇ ਹੋਣ, ਐਸੇ ਪਾਖੰਡੀਆਂ ਨੂੰ ਪ੍ਰਭੂ ਪ੍ਰਾਪਤੀ ਰੂਪੀ ਸੁੱਖ ਦੀ ਆਸ ਰਖਣੀ ਬਿਲਕੁਲ ਨਿਰਰਥਕ ਹੈ-

- ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ।।

ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ।। ੫੦।।

(ਸਲੋਕ ਫਰੀਦ ਜੀ-੧੩੮੦)

- ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ

ਨਹੀ ਹਰਿ ਹਰਿ ਭੀਜੈ ਰਾਮ ਰਾਜੇ।।

ਜਿਨਾ ਅੰਤਿਰ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ।।

(ਆਸਾ ਮਹਲਾ ੪-੪੫੦)

- ਇਕਿ ਵਲੁ ਛਲੁ ਕਰਕੈ ਖਾਵਦੈ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ।।

(ਵਾਰ ਸਿਰੀ ਰਾਗੁ- ਮਹਲਾ ੪-੮੫)

ਉਪਰੋਕਤ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਅਸੀਂ ਆਪਣੇ ਜੀਵਨ ਦੇ ਹਰ ਖੇਤਰ ਵਿਚੋਂ ਪਾਖੰਡਵਾਦ ਤੋਂ ਛੁਟਕਾਰਾ ਪ੍ਰਾਪਤ ਕਰ ਲਈਏ। ਸੱਜਣ ਠੱਗ ਨੇ ਗੁਰੂ ਨਾਨਕ ਸਾਹਿਬ ਦੇ ‘ਉਜਲੁ ਕੈਹਾ ਚਿਲਕਣਾ` (੭੨੯) ਵਾਲੇ ਇੱਕ ਸ਼ਬਦ ਨੂੰ ਸੁਣਕੇ ਆਪਣੇ ਜੀਵਨ ਦੇ ਪਾਖੰਡ ਨੂੰ ਸਦੀਵੀਂ ਰੂਪ ਵਿੱਚ ਛੱਡ ਕੇ ਸਹੀ ਅਰਥਾਂ ਵਿੱਚ ਸੱਜਣ ਬਨਣਾ ਪ੍ਰਵਾਨ ਕਰ ਲਿਆ, ਕੀ ਅਸੀਂ ਵੀ ਇਸ ਮਾਰਗ ਉਪਰ ਚੱਲਣ ਲਈ ਤਿਆਰ ਹਾਂ, ਇਸ ਸ਼ਬਦ-ਇਤਿਹਾਸਕ ਸਾਖੀ ਨੂੰ ਪੜ੍ਹਦੇ ਸੁਣਦੇ ਹੋਏ ਸਾਨੂੰ ਸਵੈ-ਪੜਚੋਲ ਕਰਨ ਦੀ ਜ਼ਰੂਰਤ ਹੈ।

ਜੇਕਰ ਅਸੀਂ ਸਹੀ ਅਰਥਾਂ ਵਿੱਚ ‘ਸੁਖਮਈ ਜੀਵਨ ਅਹਿਸਾਸ` ਦੇ ਧਾਰਨੀ ਬਨਣਾ ਚਾਹੁੰਦੇ ਹਾਂ ਤਾਂ ਗੁਰਬਾਣੀ ਗਿਆਨ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਅੰਦਰ ਪ੍ਰਮੇਸ਼ਰ ਦੀ ਪ੍ਰੇਮਾ ਭਗਤੀ, ਬਖਸ਼ਿਸ਼ ਦੇ ਪਾਤਰ ਬਣਕੇ, ਪਾਖੰਡਮਈ ਜੀਵਨ ਨੂੰ ਤਿਆਗ ਦੇਈਏ। ਇਹੀ ਅਸਲ ਮਾਰਗ ਹੈ-

- ਪਾਖੰਡਿ ਪ੍ਰੇਮ ਨ ਪਾਈਐ ਖੋਟਾ ਪਾਜੁ ਖੁਆਰੁ।।

(ਸਿਰੀ ਰਾਗੁ ਮਹਲਾ ੧-੫੪)

-ਕਰਿ ਬੈਰਾਗਿ ਤੂੰ ਛੋਡਿ ਪਾਖੰਡ ਸੋ ਸਹੁ ਸਭੁ ਕਿਛੁ ਜਾਣਏ।।

(ਆਸਾ ਮਹਲਾ ੩-੪੪੦)

-ਪਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ।।

(ਵਾਰ ਬਿਲਾਵਲ- ਮਹਲਾ ੩-੮੪੯)

-ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ।।

ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ।।

(ਸੂਹੀ ਮਹਲਾ ੫-੭੪੭)

=========

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.