.

ਜੇ ਰੱਬ ਇੱਕ ਹੈ ਤਾਂ----

ਜਿੱਥੋਂ ਗੁਰਬਾਣੀ ਸ਼ੁਰੂ ਹੁੰਦੀ ਹੈ ਉਸ ਦੇ ਮੂਹਰੇ ਏਕੇ ਦਾ ਹਿੰਦਸਾ ਲੱਗਿਆ ਹੋਇਆ ਹੈ। ਤਕਰੀਬਨ ਸਾਰੇ ਹੀ ਸਿੱਖ/ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਇੱਥੇ ਇੱਕ ਦੀ ਹੀ ਗੱਲ ਹੋ ਰਹੀ ਹੈ ਅਤੇ ਉਹ ਇੱਕ ਰੱਬ/ਅਕਾਲ ਪੁਰਖ ਦੀ ਹੀ ਹੋ ਰਹੀ ਹੈ। ਕੀ ਸਾਰੇ ਸਿੱਖ ਇੱਕ ਰੱਬ/ਅਕਾਲ ਪੁਰਖ ਤੇ ਵਿਸ਼ਵਾਸ਼ ਰੱਖਦੇ ਹਨ? ਮੇਰਾ ਖਿਆਲ ਹੈ ਕਿ ਵਿਸ਼ਵਾਸ਼ ਭਾਵੇਂ ਰੱਖਦੇ ਹੋਣ ਪਰ ਮੰਨਦੇ ਨਹੀਂ। ਇਸ ਬਾਰੇ ਇਸ ਲੇਖ ਵਿੱਚ ਵਿਚਾਰਨ ਦਾ ਯਤਨ ਕਰਾਂਗੇ।

ਜੇ ਕਰ ਰੱਬ ਇੱਕ ਹੈ ਤਾਂ ਉਸ ਦੇ ਬਣਾਏ ਹੋਏ ਰੱਬੀ ਕਾਨੂੰਨ/ਨਿਯਮ ਵੀ ਸਾਰਿਆਂ ਤੇ ਇਕੋ ਜਿਹੇ ਲਾਗੂ ਹੁੰਦੇ ਹੋਣਗੇ। ਆਓ ਕੁੱਝ ਦੁਨਿਆਵੀ ਮਿਸਾਲਾਂ ਲੈ ਕੇ ਸਮਝਣ ਦਾ ਯਤਨ ਕਰੀਏ। ਜਿਸ ਧਰਤੀ ਤੇ ਅਸੀਂ ਸਾਰੇ ਰਹਿੰਦੇ ਹਾਂ ਉਸ ਧਰਤੀ ਨੂੰ ਰੋਸ਼ਨੀ ਦੇਣ ਵਾਲਾ ਸੂਰਜ ਇਕੋ ਹੀ ਹੈ। ਉਹ ਸਾਰਿਆਂ ਨੂੰ ਇਕੋ ਜਿਹੀ ਹੀ ਰੋਸ਼ਨੀ ਦਿੰਦਾ ਹੈ। ਉਹ ਕਿਸੇ ਵੀ ਜਾਤ, ਧਰਮ, ਨਸਲ, ਲਿੰਗ, ਰੰਗ-ਰੂਪ ਆਦਿਕ ਦਾ ਭਿੰਨ ਭੇਦ ਨਹੀਂ ਕਰਦਾ। ਜਿੱਥੇ ਮੈਂ ਰਹਿੰਦਾ ਹਾਂ ਉਸ ਸਟਰੀਟ/ਗਲੀ ਵਿੱਚ ਮੇਰੇ ਗੁਆਂਢੀ, ਗੋਰੇ, ਚੀਨੇ, ਨੇਟਿਵ ਇੰਡੀਅਨ (ਫਸਟ ਨੇਸ਼ਨ, ਅਸਲੀ ਬਸ਼ਿੰਦੇ, ਇਹਨਾ ਦੇ ਹੋਰ ਵੀ ਕਈ ਨਾਮ ਹਨ। ਪੰਜਾਬੀ ਲੋਕ ਇਹਨਾ ਨੂੰ ਤਾਏ ਕੇ ਵੀ ਕਹਿੰਦੇ ਹਨ) ਅਤੇ ਹੋਰ ਕਈ ਮਿਕਸ ਜਿਹੇ ਲੋਕ ਰਹਿੰਦੇ ਹਨ। ਜਦੋਂ ਸੂਰਜ ਚੜ੍ਹਦਾ ਹੈ ਅਤੇ ਧੁੱਪ ਨਿਕਲਦੀ ਹੈ ਤਾਂ ਦਿਨ ਵੀ ਸਾਰਿਆਂ ਲਈ ਇਕੋ ਜਿਹਾ ਚੜ੍ਹਦਾ ਹੈ ਅਤੇ ਧੁੱਪ ਵੀ ਸਾਰਿਆਂ ਨੂੰ ਇਕੋ ਜਿਹੀ ਮਿਲਦੀ ਹੈ। ਇਹ ਤਾਂ ਇੱਕ ਸੌਖੀ ਜਿਹੀ ਹਰ ਇੱਕ ਦੇ ਸਮਝ ਆਉਣ ਵਾਲੀ ਮਿਸਾਲ ਹੈ। ਇਸ ਤੋਂ ਤਾਂ ਕੋਈ ਮੁਨਕਰ ਨਹੀਂ ਹੋ ਸਕਦਾ। ਇਸੇ ਤਰ੍ਹਾਂ ਠੰਡ, ਗਰਮੀ, ਮੀਂਹ ਹਨੇਰੀ ਆਦਿਕ ਸਾਰਿਆਂ ਨੂੰ ਇਕੋ ਜਿਹਾ ਹੀ ਮਿਲਦੀ ਹੈ। ਇਹ ਤਾਂ ਹੋ ਨਹੀਂ ਸਕਦਾ ਕਿ ਸੂਰਜ ਇੱਕ ਨੂੰ ਗਰਮੀ ਦੇਵੇ ਅਤੇ ਨਾਲ ਦੇ ਗੁਆਂਢੀ ਨੂੰ ਸਰਦੀ ਦੇਵੇ।

ਇਸ ਦੁਨੀਆਂ ਵਿੱਚ ਹਜ਼ਾਰਾਂ ਹੀ ਬੋਲਣ ਵਾਲੀਆਂ ਬੋਲੀਆਂ ਹਨ ਅਤੇ ਹਜ਼ਾਰਾਂ ਹੀ ਵੱਖਰੇ-ਵੱਖਰੇ ਕਲਚਰ ਹਨ। ਇਸੇ ਤਰ੍ਹਾਂ ਧਰਮਾਂ ਦੀਆਂ ਰਸਮਾ ਨਿਭਾਉਣ ਦੀਆਂ ਵੱਖਰੀਆਂ ਰਹੁਰੀਤਾਂ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਮਨੁੱਖੀ ਹਾਵ-ਭਾਵ ਪ੍ਰਗਟ ਕਰਨ ਦੀਆਂ ਗੱਲਾਂ ਸਾਰਿਆਂ ਦੀਆਂ ਹੀ ਸਾਂਝੀਆਂ ਹਨ। ਜੇ ਕਰ ਕੋਈ ਕਿਸੇ ਕਾਰਨ ਰੋਂਦਾ ਹੈ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਅੰਗ੍ਰੇਜ਼ੀ ਵਿੱਚ ਰੋਂਦਾ ਹੈ, ਪੰਜਾਬੀ ਵਿੱਚ ਰੋਂਦਾ ਹੈ, ਚਾਈਨੀ ਵਿੱਚ ਰੋਂਦਾ ਹੈ, ਫਰੈਂਚ ਵਿੱਚ ਰੋਂਦਾ ਹੈ ਜਾਂ ਹਜਾਰਾਂ ਬੋਲਣ ਵਾਲੀਆਂ ਹੋਰ ਬੋਲੀਆਂ ਵਿੱਚ ਰੋਂਦਾ ਹੈ। ਰੋਣਾਂ ਤਾਂ ਰੋਣਾਂ ਹੀ ਹੈ ਇਸੇ ਤਰ੍ਹਾਂ ਹੱਸਣਾ, ਹੱਸਣਾ ਹੀ ਹੈ, ਬੋਲੀ, ਧਰਮ, ਕਲਚਰ, ਰੰਗ-ਰੂਪ ਆਦਿਕ ਭਾਵੇਂ ਕੋਈ ਵੀ ਹੋਵੇ। ਇਸੇ ਤਰ੍ਹਾਂ ਜੰਮਣ ਮਰਨ ਦੀ ਕਿਰਿਆ/ਨਿਯਮ ਵੀ ਸਮੁੱਚੀ ਮਨੁੱਖ ਜਾਤੀ ਦੀ ਇਕੋ ਹੀ ਹੈ।

ਹੁਣ ਸਭ ਤੋਂ ਵੱਡਾ ਸਵਾਲ ਇੱਥੇ ਇਹ ਖੜਾ ਹੋ ਜਾਂਦਾ ਹੈ ਕਿ ਜੇ ਕਰ ਜੰਮਣ ਮਰਨ ਦੇ ਨਿਯਮ ਸਾਰਿਆਂ ਲਈ ਇਕੋ ਜਿਹੇ ਹਨ ਤਾਂ ਫਿਰ ਕੀ ਮਰਨ ਤੋਂ ਬਾਅਦ ਜੇ ਕਰ ਕੋਈ ਲੇਖਾ-ਜੋਖਾ ਹੁੰਦਾ ਹੋਵੇਗਾ ਤਾਂ ਕੀ ਫਿਰ ਉਸ ਦੇ ਲਈ ਰੱਬ ਜੀ ਨੇ ਵੱਖਰੇ-ਵੱਖਰੇ ਨਿਯਮ ਬਣਾਏ ਹੋਣਗੇ? ਜੇ ਕਰ ਮਰਨ ਤੋਂ ਬਾਅਦ ਹਿੰਦੂ ਅਤੇ ਸਿੱਖ ਧਰਮ ਰਾਜ ਕੋਲ ਜਾਂਦੇ ਹੋਣਗੇ ਤਾਂ ਫਿਰ ਬਾਕੀ ਦੇ ਧਰਮਾਂ ਨੂੰ ਮੰਨਣ ਵਾਲੇ ਜਾਂ ਨਾਸਤਕ ਲੋਕ ਕਿਸ ਦੇ ਅੱਗੇ ਪੇਸ਼ ਹੁੰਦੇ ਹੋਣਗੇ? ਉਂਜ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਦੁਨੀਆ ਦੇ ਦੋਵੇਂ ਵੱਡੇ ਧਰਮ, ਇਸਾਈ ਅਤੇ ਇਸਲਾਮ ਵਾਲੇ ਸਵਰਗ ਨਰਕ ਦੀ ਹੋਂਦ ਨੂੰ ਮੰਨਦੇ ਹਨ ਪਰ ਧਰਮਰਾਜ ਨੂੰ ਨਹੀਂ। ਇਹ ਦੋਵੇਂ ਧਰਮ ਮੌਤ ਤੋਂ ਬਾਅਦ ਦੇ ਫੈਸਲੇ ਲਈ ਕਿਆਮਤ ਦੇ ਦਿਨ ਦਾ ਇੰਤਜ਼ਾਰ ਕਰਦੇ ਹਨ। ਹਿੰਦੂ ਧਰਮਰਾਜ ਨੂੰ ਵੀ ਮੰਨਦੇ ਹਨ, ਨਰਕ ਸੁਰਗ ਨੂੰ ਵੀ, ਸਿੱਖ ਧਰਮਰਾਜ ਅਤੇ ਨਰਕ ਸੁਰਗ ਨੂੰ ਮੰਨਦੇ ਵੀ ਹਨ ਅਤੇ ਨਹੀਂ ਵੀ। ਕਹਿਣ ਤੋਂ ਭਾਵ ਹੈ ਕਿ ਸਿੱਖ ਗੁਰਬਾਣੀ ਦੇ ਅਰਥਾਂ ਬਾਰੇ ਇੱਕ ਰਾਏ ਨਹੀਂ ਰੱਖਦੇ। ਸਾਰੇ ਧਰਮਾਂ ਵਾਲੇ ਆਪਣੇ-ਆਪਣੇ ਧਰਮ ਨੂੰ ਸਹੀ ਅਤੇ ਉੱਤਮ ਦੱਸਦੇ ਹਨ। ਜੇ ਕਰ ਜੰਮਣ-ਮਰਨ ਅਤੇ ਹੋਰ ਸਾਰੇ ਕੁਦਰਤੀ ਨਿਯਮ ਸਾਰਿਆਂ ਤੇ ਇਕੋ ਜਿਹੇ ਲਾਗੂ ਹੁੰਦੇ ਹਨ ਤਾਂ ਫਿਰ ਮਰਨ ਤੋਂ ਬਾਅਦ ਦੇ ਨਿਯਮ ਵੀ ਇਕੋ ਜਿਹੇ ਲਾਗੂ ਹੋਣੇ ਚਾਹੀਦੇ ਹਨ? ਜੇ ਕਰ ਰੱਬ ਇੱਕ ਤੋਂ ਜ਼ਿਆਦਾ ਹਨ ਤਾਂ ਫਿਰ ਕੀ ਉਹ ਆਪਣੇ ਕਿਸੇ ਵੱਖਰੇ-ਵੱਖਰੇ ਸੱਚਖੰਡ, ਸਵਰਗ, ਬਹਿਸ਼ਤ, ਜਾਂ ਕਿਸੇ ਵੱਖਰੀ ਕਿਸਮ ਦੇ ਕਿਸੇ ਪਲਾਨਿਟ ਤੇ ਰਹਿੰਦੇ ਹੋਣਗੇ? ਕੀ ਫਿਰ ਉਹ ਇੱਕ ਦੂਸਰੇ ਨਾਲ ਈਰਖਾ ਵੀ ਕਰਦੇ ਹੋਣਗੇ ਕਿ ਕੌਣ ਵੱਡਾ ਅਤੇ ਜ਼ਿਆਦਾ ਸ਼ਕਤੀਸ਼ਾਲੀ ਹੈ? ਕੀ ਫਿਰ ਉਹ ਸੰਸਾਰ ਦੀ ਕਾਰ ਵਾਰੀ ਸਿਰ ਚਲਾਉਂਦੇ ਹੋਣਗੇ? ਫਿਰ ਇਸ ਦਾ ਫੈਸਲਾ ਕੌਣ ਕਰੇਗਾ ਕਿ ਕਿਹਨਾ ਦਾ ਰੱਬ ਵੱਡਾ ਅਤੇ ਸ਼ਕਤਸ਼ਾਲੀ ਹੈ? ਪਰ ਜੇ ਕਰ ਰੱਬ ਇੱਕ ਹੀ ਹੈ ਜਿਸ ਨੂੰ ਕਿ ਤਕਰੀਬਨ ਬਹੁਤੇ ਮੰਨਦੇ ਹਨ ਤਾਂ ਫਿਰ ਨਿਯਮ ਵੀ ਸਾਰਿਆਂ ਲਈ ਇਕੋ ਜਿਹੇ ਹੀ ਹੋਣੇ ਚਾਹੀਦੇ ਹਨ। ਮੰਨ ਲਓ ਕਿ ਸਾਰਿਆਂ ਨੂੰ ਅੱਗੇ ਲੇਖਾ ਜਰੂਰ ਦੇਣਾ ਪੈਂਦਾ ਹੈ। ਅਤੇ ਉਹ ਲੇਖਾ ਲੈਣ ਵਾਲਾ ਰੱਬ ਦਾ ਕੋਈ ਖਾਸ ਜੱਜ ਹੈ। ਤਾਂ ਕੀ ਫਿਰ ਉਸ ਜੱਜ ਮੂਹਰੇ ਬਹਿਸ ਹੁੰਦੀ ਹੋਵੇਗੀ? ਜਿਵੇਂ ਕਿ ਦੁਨੀਆ ਦੀਆਂ ਅਦਾਲਤਾਂ ਵਿੱਚ ਹੁੰਦੀ ਹੈ। ਤਾਂ ਫਿਰ ਕੀ ਸਾਡੇ ਗੁਰੂ ਅਤੇ ਹੋਰ ਧਰਮਾਂ ਨੂੰ ਮੰਨਣ ਵਾਲਿਆਂ ਦੇ ਰਹਿਬਰ ਉਸ ਜੱਜ ਅੱਗੇ ਵਕੀਲ ਬਣ ਕੇ ਦਲੀਲਾਂ ਦਿੰਦੇ ਹੋਣਗੇ ਕਿ ਇਹ ਫਲਾਨਾ ਮੇਰੇ ਧਰਮ ਦਾ ਹੈ ਇਸ ਨੇ ਆਹ-ਆਹ ਚੰਗੇ ਕਰਮ ਕੀਤੇ ਹਨ ਇਸ ਲਈ ਇਸ ਨੂੰ ਸਵਰਗ ਵਿੱਚ ਭੇਜੋ ਜਾਂ ਇਸ ਦਾ ਜਨਮ ਮਰਨ ਕੱਟ ਦਿਓ? ਜਿਹੜੇ ਧਰਮ ਬਦਲੀ ਕਰ ਲੈਂਦੇ ਹਨ ਤਾਂ ਫਿਰ ਕੀ ਉਹਨਾ ਦੇ ਰਹਿਬਰ ਕਿਤੇ ਆਪ ਵਿੱਚ ਹੀ ਤਾਂ ਨਹੀਂ ਉਲਝ ਪੈਂਦੇ ਹੋਣਗੇ ਕਿ ਇਹ ਮੇਰੇ ਧਰਮ ਨੂੰ ਮੰਨਣ ਵਾਲਾ ਹੈ। ਜਿਹੜੇ ਕਿਸੇ ਵੀ ਧਰਮ ਨੁੰ ਨਹੀਂ ਮੰਨਦੇ ਅਤੇ ਬਹੁਤੇ ਰੱਬ ਨੂੰ ਵੀ ਨਹੀਂ ਮੰਨਦੇ, ਕੀ ਉਹ ਸਾਰੇ ਨਰਕਾਂ ਦੇ ਭਾਗੀ ਹੋਣਗੇ ਜਾਂ ਸਦਾ ਵਾਸਤੇ ਮਾੜੀਆਂ ਜੂਨਾਂ ਹੀ ਭੋਗਣੀਆਂ ਪੈਣਗੀਆਂ? ਹੁਣ ਇੱਥੇ ਇੱਕ ਹੋਰ ਬੜਾ ਵੱਡਾ ਸਵਾਲ ਖੜਾ ਹੋ ਜਾਂਦਾ ਹੈ। ਜੇ ਕਰ ਕੋਈ ਇਨਸਾਨ ਰੱਬ ਨੂੰ ਮੰਨਦਾ ਹੈ ਪਰ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ। ਫਿਰ ਉਸ ਲਈ ਅੱਗੇ ਵਕੀਲ-ਪੁਣਾ ਕੌਣ ਕਰੇਗਾ? ਜੇ ਕਰ ਇਸ ਤਰ੍ਹਾਂ ਦੇ ਇਨਸਾਨ ਜਿਹੜੇ ਕਿ ਰੱਬ ਨੂੰ ਮੰਨਦੇ ਹਨ ਪਰ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ ਅਤੇ ਜਾਂ ਫਿਰ ਰੱਬ ਨੂੰ ਵੀ ਨਹੀਂ ਮੰਨਦੇ। ਜੇ ਕਰ ਅਜਿਹੇ ਵਿਆਕਤੀ ਸਾਰੀ ਉਮਰ ਪਰਉਪਕਾਰੀ ਜੀਵਨ ਜਿਉਂਦੇ ਹੋਣ, ਕਿਸੇ ਦਾ ਬੁਰਾ ਨਾ ਲੋਚਦੇ ਹੋਣ, ਹਰ ਇੱਕ ਨਾਲ ਇਕੋ ਜਿਹਾ ਵਰਤਾਓ ਕਰਦੇ ਹੋਣ, ਸਾਰੀ ਉਮਰ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਹੋਵੇ, ਤਾਂ ਫਿਰ ਕੀ ਅਜਿਹੇ ਵਿਆਕਤੀ ਵੀ ਅਗਾਂਹ ਸਜਾ ਦੇ ਹੱਕਦਾਰ ਹੋਣਗੇ? ਦੂਸਰੇ ਪਾਸੇ ਉਹ ਵਿਆਕਤੀ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਧਰਮੀ ਅਖਵਾਉਂਦੇ ਹੋਣ ਪਰ ਹਰ ਵੇਲੇ ਮਰਨ ਮਰਾਉਣ ਦੀਆਂ ਗੱਲਾਂ ਕਰਦੇ ਰਹਿਣ, ਆਪਣੇ ਤੋਂ ਵਿਰੋਧੀ ਖਿਆਲਾਂ ਵਾਲੇ ਜਾਂ ਦੂਸਰੇ ਧਰਮਾਂ ਵਾਲਿਆਂ ਨੂੰ ਨਫਰਤ ਕਰਦੇ ਹੋਣ ਅਤੇ ਹਰ ਵੇਲੇ ਆਪਣੇ ਮੂੰਹ ਵਿਚੋਂ ਅੱਗ ਲਉਣ ਵਾਲੀਆਂ ਗੱਲਾਂ ਕਰਦੇ ਰਹਿਣ ਅਤੇ ਹੋਰ ਬਹੁਤ ਸਾਰੇ ਕੰਮ ਮਨੁੱਖਤਾ ਵਿਰੋਧੀ ਕਰਦੇ ਰਹਿਣ ਤਾਂ ਫਿਰ ਕੀ ਅਜਿਹੇ ਵਿਆਕਤੀ ਅੱਗੇ ਆਪਣੇ ਰਹਿਬਰਾਂ ਵਲੋਂ ਖਾਸ ਮਾਣ-ਸਤਿਕਾਰ ਦੇ ਹੱਕਦਾਰ ਹੁੰਦੇ ਹਨ? ਜੇ ਕਰ ਅਜਿਹਾ ਹੁੰਦਾ ਹੋਵੇ ਤਾਂ ਕਹਿਣਾ ਪਵੇਗਾ ਕਿ ਫਿਰ ਰੱਬ ਅਤੇ ਰਹਿਬਰਾਂ ਦਾ ਇਨਸਾਫ ਦੁਨਿਆਵੀ ਅਦਾਲਤਾਂ ਨਾਲੋਂ ਵੀ ਮਾੜਾ ਅਤੇ ਨਿੰਦਣਯੋਗ ਹੈ।

ਹਰ ਇੱਕ ਧਰਮ ਨੂੰ ਮੰਨਣਵਾਲਾ ਹੀ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਵਧੀਆ ਅਤੇ ਚੰਗਾ ਸਮਝਦਾ ਹੈ। ਉਹ ਇਹੀ ਸਮਝਦਾ ਹੈ ਕਿ ਧਰਮ ਦੇ ਨਾਮ ਤੇ ਮੈਂ ਜੋ ਮਰਜ਼ੀ ਕਰਾਂ ਉਹ ਪ੍ਰਵਾਨ ਹੈ ਅਤੇ ਅਗਾਂਹ ਵੀ ਸਵਰਗ ਦੀ ਸੀਟ ਪੱਕੀ ਜਾਂ ਸੱਚਖੰਡ ਵਿੱਚ ਵਾਸਾ ਜਰੂਰ ਮਿਲੇਗਾ। ਹਿੰਦੂ ਮੁਸਲਮਾਨ ਵੀ ਇਸੇ ਤਰ੍ਹਾਂ ਸਮਝਦੇ ਸਨ ਤਾਹੀਉਂ ਤਾਂ ਬਾਬੇ ਨਾਨਕ ਨੂੰ ਪੁਛਿਆ ਸੀ ਕਿ ਤੁਸੀਂ ਦੱਸੋ ਵੱਡਾ ਕਉਣ ਹੈ। ਬਾਬੇ ਨਾਨਕ ਨੇ ਜੋ ਜਵਾਬ ਦਿੱਤਾ ਉਸ ਦਾ ਸਾਰਿਆਂ ਨੂੰ ਪਤਾ ਹੀ ਹੈ:

ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ॥

ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਵੇਂ ਰੋਈ॥ (ਵਾਰਾਂ ਭਾਈ ਗੁਰਦਾਸ ਜੀ)

ਸੋ ਬਾਬੇ ਨਾਨਕ ਨੇ ਗੱਲ ਸ਼ੁਭ ਅਮਲਾਂ ਦੀ ਕੀਤੀ ਹੈ। ਭਾਵ ਕਿ ਚੰਗੇ ਇਨਸਾਨਾਂ ਵਾਲਾ ਜੀਵਨ ਜੀਵਿਆ ਜਾਵੇ ਨਾ ਕਿ ਧਰਮ ਦੇ ਕੱਪੜੇ ਪਾ ਕੇ ਆਪਣੇ ਆਪ ਨੂੰ ਧਰਮੀ ਅਤੇ ਉਤਮ ਸਮਝਿਆ ਜਾਵੇ। ਧਾਰਮਿਕ ਪਹਿਰਾਵੇ ਵਿੱਚ ਧਾਰਮਿਕ ਕਰਮਕਾਂਡ ਅਤੇ ਪਾਠ-ਪੂਜਾ ਜਿਤਨੇ ਮਰਜੀ ਕੀਤੇ ਜਾਣ ਪਰ ਜੇ ਜੀਵਨ ਵਿੱਚ ਇਨਸਾਨੀਅਤ ਵਾਲੇ ਗੁਣ ਪੈਦਾ ਨਹੀ ਹੋਏ ਤਾਂ ਐਵੇ ਹੀ ਹੰਕਾਰ ਵਿੱਚ ਆਪਣਾ ਸਮਾ ਹੀ ਖਰਾਬ ਕੀਤਾ ਹੈ। ਜੇ ਕਰ ਸਿੱਖ ਰੋਜ ਪੰਜ ਬਾਣੀਆਂ ਦਾ ਪਾਠ ਕਰਦੇ ਹਨ ਤਾਂ ਇਸਲਾਮ ਨੂੰ ਮੰਨਣ ਵਾਲੇ ਹਰ ਰੋਜ਼ ਪੰਜ ਨਿਵਾਜਾਂ ਪੜ੍ਹਦੇ ਹਨ। ਹੁਣ ਵੀ ਪੜ੍ਹਦੇ ਹਨ ਅਤੇ ਗੁਰੂ ਨਾਨਕ ਦੇਵ ਜੀ ਵੇਲੇ ਵੀ ਪੜ੍ਹਦੇ ਸਨ। ਗੁਰੂ ਜੀ ਨੇ ਉਸ ਵੇਲੇ ਜੋ ਆਪਣੇ ਵਿਚਾਰ/ਕੁਮੈਂਟ ਦਿੱਤੇ ਸਨ ਉਹ ਬਾਣੀ ਵਿੱਚ ਮੌਜੂਦ ਹਨ ਅਤੇ ਸਿੱਖਾ ਦੀਆਂ ਬਾਣੀਆਂ ਤੇ ਵੀ ਉਤਨੇ ਹੀ ਢੁਕਦੇ ਹਨ ਜਿਤਨੇ ਕਿ ਨਿਵਾਜ਼ਾਂ ਤੇ। ਲਓ ਪੜ੍ਹੋ ਤਾਂ ਉਹ ਵਿਚਾਰ:

ਮ: ੧॥ ਪੰਜਿ ਨਿਵਾਜਾ, ਵਖਤ ਪੰਜਿ, ਪੰਜਾ ਪੰਜੇ ਨਾਉ॥ ਪਹਿਲਾ ਸਚੁ ਹਲਾਲੁ ਦੁਇ, ਤੀਜਾ ਖੈਰ ਖੁਦਾਇ॥ ਚਉਥੀ ਨੀਅਤਿ ਰਾਸਿ ਮਨੁ, ਪੰਜਵੀ ਸਿਫਤਿ ਸਨਾਇ॥ ਕਰਣੀ ਕਲਮਾ ਆਖਿ ਕੈ, ਤਾ ਮੁਸਲਮਾਣੁ ਸਦਾਇ॥ ਨਾਨਕ ਜੇਤੇ ਕੂੜਿਆਰ, ਕੂੜੈ ਕੂੜੀ ਪਾਇ॥ ੩॥ {ਪੰਨਾ ੧੪੧}

ਪਦ ਅਰਥ: —ਵਖਤ—ਵਕਤ, ਸਮੇ। ਦੁਇ—ਦੂਜੀ। ਖੈਰ ਖੁਦਾਇ—ਰੱਬ ਤੋਂ ਸਭ ਦਾ ਭਲਾ ਮੰਗਣਾ। ਰਾਸਿ—ਰਾਸਤ, ਸਾਫ਼। ਸਨਾਇ—ਵਡਿਆਈ। ਪਾਇ—ਪਾਂਇਆਂ, ਇੱਜ਼ਤ।

ਅਰਥ: — (ਮੁਸਲਮਾਨਾਂ ਦੀਆਂ ਪੰਜ ਨਿਮਾਜ਼ਾਂ ਹਨ, (ਉਹਨਾਂ ਦੇ) ਪੰਜ ਵਕਤ ਹਨ ਤੇ ਪੰਜਾਂ ਹੀ ਨਿਮਾਜ਼ਾਂ ਦੇ (ਵਖੋ ਵਖਰੇ) ਪੰਜ ਨਾਮ। (ਪਰ ਅਸਾਡੇ ਮਤ ਵਿੱਚ ਅਸਲ ਨਿਮਾਜ਼ਾਂ ਇਉਂ ਹਨ—) ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਮ ਹੈ (ਭਾਵ, ਸਵੇਰ ਦੀ ਪਹਿਲੀ ਨਿਮਾਜ਼ ਹੈ), ਹੱਕ ਦੀ ਕਮਾਈ ਦੂਜੀ ਨਮਾਜ਼ ਹੈ, ਰੱਬ ਤੋਂ ਸਭ ਦਾ ਭਲਾ ਮੰਗਣਾ ਨਿਮਾਜ਼ ਦਾ ਤੀਜਾ ਨਾਮ ਹੈ। ਨੀਅਤਿ ਨੂੰ ਸਾਫ਼ ਕਰਨਾ ਮਨ ਨੂੰ ਸਾਫ਼ ਰੱਖਣਾ ਇਹ ਚਉਥੀ ਨਿਮਾਜ਼ ਹੈ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਹੈ। (ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ) ਉੱਚਾ ਆਚਰਣ ਬਨਾਣ-ਰੂਪ ਕਲਮਾ ਪੜ੍ਹੇ ਤਾਂ (ਆਪਣੇ ਆਪ ਨੂੰ) ਮੁਸਲਮਾਨ ਅਖਵਾਏ (ਭਾਵ, ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ)।

ਹੇ ਨਾਨਕ! (ਇਹਨਾਂ ਨਮਾਜ਼ਾਂ ਤੇ ਕਲਮੇ ਤੋਂ ਖੁੰਝੇ ਹੋਏ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇ ਕੂੜੇ ਦੀ ਇੱਜ਼ਤ ਭੀ ਕੂੜੀ ਹੀ ਹੁੰਦੀ ਹੈ। ੩।

ਇਸ ਸ਼ਬਦ ਦੀਆਂ ਅਖੀਰਲੀਆਂ ਲਾਈਨਾ ਧਿਆਨ ਨਾਲ ਪੜ੍ਹੋ। ਜੇ ਕਰ ਜੀਵਨ ਵਿੱਚ ਸੱਚ, ਹੱਕ, ਭਲਾ, ਸਾਫ ਨੀਅਤ ਅਤੇ ਰੱਬ ਦੀ ਵਡਿਆਈ ਨਹੀਂ ਹੈ ਤਾਂ ਇਹ ਧਰਮ ਕਰਮ ਸਭ ਕੂੜ ਹਨ।

ਅਸਲ ਵਿੱਚ ਜੇ ਦੇਖਿਆ ਜਾਵੇ ਤਾਂ ਸਾਰੀ ਦੁਨੀਆ ਵਿੱਚ ਸਾਰੇ ਧਰਮਾਂ ਨੂੰ ਮੰਨਣ ਵਾਲੇ ਅਤੇ ਆਪਣੇ ਆਪ ਨੂੰ ਸਭ ਤੋਂ ਧਰਮੀ ਅਖਵਾਉਣ ਵਾਲੇ ਨਿਰੇ ਕੂੜ ਦੇ ਵਪਾਰੀ ਹਨ। ਜਿਹੜਾ ਵੀ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਜਿਤਨਾ ਵੀ ਕੱਟੜ ਹੋਵੇਗਾ ਉਤਨਾ ਹੀ ਉਹ ਕੂੜ ਦਾ ਵਪਾਰੀ ਅਤੇ ਨਾਸਤਕ ਹੋਵੇਗਾ। ਇਸ ਦੇ ਉਲਟ ਆਪਣੇ ਆਪ ਨੂੰ ਘੱਟ ਧਰਮੀ ਸਮਝਣ ਵਾਲੇ ਜਾਂ ਕਈ ਨਾਸਤਕ ਅਖਵਾਉਣ ਵਾਲੇ ਅਸਲ ਵਿੱਚ ਇੱਕ ਰੱਬ ਨੂੰ ਮੰਨਣ ਵਾਲੇ ਆਸਤਕ ਹੁੰਦੇ ਹਨ। ਇਹ ਗੱਲ ਭਾਵੇਂ ਤੁਹਾਨੂੰ ਕੁੱਝ ਅਚੰਭੇ ਵਾਲੀ ਲੱਗੇ ਪਰ ਹੈ ਇਹ ਸੱਚੀ। ਆਓ ਇਸ ਨੂੰ ਕੁੱਝ ਮਿਸਾਲਾਂ ਲੈ ਕੇ ਸਮਝਣ ਦਾ ਯਤਨ ਕਰੀਏ।

ਭਾਵੇਂ ਮੈਂ ਕੋਈ ਸਿਆਸੀ ਬੰਦਾ ਨਹੀਂ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਨਾਲ ਮੇਰਾ ਕੋਈ ਸੰਬੰਧ ਹੈ। ਬਹੁਤੀ ਸਿਆਸੀ ਸੂਝ-ਬੂਝ ਵੀ ਨਹੀਂ ਰੱਖਦਾ। ਜਿਤਨੀ ਕੁ ਸੂਝ ਹੈ ਉਸ ਦੇ ਅਨੁਸਾਰ ਸਮਝਾਉਣ ਦਾ ਯਤਨ ਕਰਦਾ ਹਾਂ। ਜਿਸ ਕਨੇਡਾ ਦੇਸ਼ ਵਿੱਚ ਮੈਂ ਰਹਿੰਦਾ ਹੈ ਇਸ ਵਿੱਚ ਫੈਡਰਲ ਲੈਵਲ ਤੇ ਚਾਰ ਮੁੱਖ ਪਾਰਟੀਆਂ ਹਨ। ਕੌਨਸਰਵੇਟਿਵ (ਟੋਰੀ), ਲਿਬਰਲ, ਐਂਡੀ ਪੀ (ਨਿਊ ਡੈਮੋਕਰੈਡਿਕ) ਅਤੇ ਕੀਊਬਿਕ ਪਾਰਟੀ ਜਿਹੜੀ ਕਿ ਸਿਰਫ ਕੀਊਬਿਕ ਵਿੱਚ ਹੀ ਸਰਗਰਮ ਹੈ ਭਾਵ ਕਿ ਉਸ ਦਾ ਪ੍ਰਭਾਵ ਅਤੇ ਅਧਾਰ ਇੱਕ ਸੂਬੇ ਵਿੱਚ ਹੀ ਹੈ। ਇਹਨਾ ਵਿਚੋਂ ਸਿਰਫ ਇੱਕ ਪਾਰਟੀ ਐਂਡੀ ਪੀ ਹੈ ਜਿਸ ਦੇ ਅਸੂਲ ਸਭ ਤੋਂ ਵੱਧ ਸਿੱਖੀ/ਗੁਰਮਤਿ ਦੇ ਅਸੂਲਾਂ ਨਾਲ ਮਿਲਦੇ ਹਨ। ਇਸ ਦਾ ਲੀਡਰ ਟੌਮ ਮਕਲੇਅਰ ਬਹੁਤ ਹੀ ਸੂਝਵਾਨ ਅਤੇ ਸਭ ਨਾਲ ਇਕੋ ਜਿਹਾ ਵਰਤਾਓ ਕਰਨ ਵਾਲਾ ਹੈ। ਪਿਛਲੇ ਸਾਲ ਭਾਵ ਕਿ 2015 ਵਿੱਚ ਹੋਈਆਂ ਚੋਣਾਂ ਵਿੱਚ ਉਸ ਦੀ ਸਰਕਾਰ ਬਣਨ ਦੀ ਪੂਰੀ ਉਮੀਦ ਸੀ ਪਰ ਕਿਸੇ ਕਾਰਨ ਅਖੀਰ ਤੇ ਲੋਕਾਂ ਦਾ ਝੁਕਾਓ ਲਿਬਰਲ ਵੱਲ ਵੱਧ ਗਿਆ ਅਤੇ ਸਰਕਾਰ ਲਿਬਰਲ ਦੀ ਬਣ ਗਈ। ਲਿਬਰਲ ਪਾਰਟੀ ਦਾ ਲੀਡਰ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇੱਕ ਨੇਕ ਇਨਸਾਨ ਹੈ ਅਤੇ ਉਸ ਨੇ ਸਾਰੇ ਵਰਗਾਂ ਨੂੰ ਆਪਣੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਲਿਆ ਹੈ। ਐਂਡੀ ਪੀ ਨੂੰ ਖੱਬੇ ਪੱਖੀ ਸਮਝਿਆ ਜਾਂਦਾ ਹੈ ਅਤੇ ਟੋਰੀ ਨੂੰ ਸੱਜੇ ਪੱਖੀ। ਲਿਬਰਲ ਮਿਡਲ ਵਿੱਚ ਰਹਿੰਦੇ ਹਨ। ਟੋਰੀ ਪਾਰਟੀ (ਕੌਨਸਰਵੇਟਿਵ) ਦੇ ਅਸੂਲ ਬਹੁਤੇ ਇਸਾਈ ਧਰਮ ਨਾਲ ਸੰਬੰਧਿਤ ਹਨ। ਭਾਵੇਂ ਕਿ ਲੋਕ ਦਿਖਾਵੇ ਲਈ ਇਹ ਥੋੜੀ ਜਿਹੀ ਨਿਮਾਇਦਗੀ ਹੋਰ ਵਰਗਾਂ ਨੂੰ ਵੀ ਦਿੰਦੇ ਹਨ ਅਤੇ ਸੱਤਾ ਤੇ ਕਬਜ਼ਾ ਜਮਾਈ ਰੱਖਣ ਲਈ ਕਈਆਂ ਨੂੰ ਖੁਸ਼ ਕਰਨ ਲਈ ਕਈ ਹੋਰ ਦਿਖਾਵੇ ਦੇ ਕੰਮ ਵੀ ਕਰਦੇ ਹਨ। ਜਿਵੇਂ ਕਿ ਸਟੀਵਨ ਹਾਰਪਰ ਦਾ ਅੰਮ੍ਰਿਤਸਰ ਅਤੇ ਅਨੰਦਪੁਰ ਦਾ ਦੌਰਾ ਕਰਨਾ ਆਦਿਕ।

ਬਾਹਰੋਂ ਧਰਮੀ ਅੰਦਰੋਂ ਨਾਸਤਿਕ:- ਬਹੁਸੰਮਤੀ ਵਿਚ ਜਿਹੜੇ ਬੰਦੇ ਬਾਹਰੋਂ ਜ਼ਿਆਦਾ ਧਰਮੀ ਦਿਸਦੇ ਹੋਣ ਜਾਂ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਸ਼ੋਅ ਕਰਦੇ ਹੋਣ ਉਹ ਬਹੁਤਾ ਕਰਕੇ ਅੰਦਰੋਂ ਨਾਸਤਿਕ ਹੁੰਦੇ ਹਨ। ਇਸੇ ਤਰ੍ਹਾਂ ਹੀ ਰਾਜਨੀਤਕ ਪਾਰਟੀਆਂ ਹਨ। ਸਾਰੀ ਦੁਨੀਆਂ ਤੇ ਇਹੀ ਵਰਤਾਰਾ ਚੱਲ ਰਿਹਾ ਹੈ। ਸਾਰੇ ਧਰਮਾਂ ਨੂੰ ਮੰਨਣ ਵਾਲੇ ਆਮ ਤੌਰ ਤੇ ਉਹਨਾ ਲੋਕਾਂ ਦੇ ਗੁਣ ਜ਼ਿਆਦਾ ਗਉਂਦੇ ਹਨ ਜਿਹੜੇ ਕਿ ਆਪਣੇ ਕਥਿਤ ਧਰਮ ਦੇ ਵਾਧੇ ਲਈ ਦੂਸਰਿਆਂ ਧਰਮਾਂ ਅਤੇ ਆਮ ਲੋਕਾਂ ਪ੍ਰਤੀ ਜ਼ਿਆਦਾ ਨਫਰਤ ਫੈਲਾਉਣ ਜਾਂ ਧਰਮ ਦੇ ਨਾਮ ਤੇ ਮਰਨ ਮਰਾਉਣ ਦੀਆਂ ਗੱਲਾਂ ਜ਼ਿਆਦਾ ਕਰਨ। ਅਜਿਹੇ ਲੋਕਾਂ ਨੂੰ ਦੂਸਰਿਆਂ ਵਿਚ ਵਸਦਾ ਉਸੇ ਹੀ ਰੱਬ ਦਾ ਨੂਰ, ਉਹੀ ਰੱਬੀ ਜੋਤ ਕਦੀ ਵੀ ਨਹੀਂ ਦਿਸਦੀ। ਬਾਹਰੋਂ ਜ਼ਿਆਦਾ ਧਰਮੀ ਦਿਸਦੇ ਲੋਕ ਕਿਸ ਤਰ੍ਹਾਂ ਦੂਸਰਿਆਂ ਪ੍ਰਤੀ ਆਪਣੀ ਅੰਦਰ ਵਾਲੀ ਜ਼ਹਿਰ ਬਾਰਹ ਕੱਢਦੇ ਹਨ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਆਪਣੀ ਇਸ ਨਫਰਤ ਭਰੀ ਜ਼ਹਿਰ ਨੂੰ ਲੋਕਾਉਣ ਲਈ ਇਕ ਦੋ ਗੱਲਾਂ ਇਸ ਤਰ੍ਹਾਂ ਦੀਆਂ ਵੀ ਕਰਦੇ ਹਨ ਜਿਸ ਤੋਂ ਇਹ ਪ੍ਰਭਾਵ ਜਾਵੇ ਕਿ ਉਹ ਇਸ ਤਰ੍ਹਾਂ ਦੇ ਨਹੀਂ ਹਨ। ਰਾਜਨੀਤਕ ਲੋਕ ਵੀ ਇਸੇ ਤਰ੍ਹਾਂ ਕਰਦੇ ਹਨ। ਕਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿਚ ਜਿੱਥੇ ਗੋਰੇ ਲੋਕ ਜ਼ਿਆਦਾ ਰਹਿੰਦੇ ਹਨ ਅਤੇ ਉਹ ਪਾਰਟੀਆਂ ਜਿਹੜੀਆਂ ਇਸਾਈ ਧਰਮ ਦੇ ਜ਼ਿਆਦਾ ਨੇੜੇ ਹੁੰਦੀਆਂ ਹਨ। ਖਾਸ ਕਰਕੇ ਟੋਰੀ ਪਾਰਟੀ। ਆਪਣੀ ਹਕੂਮਤ ਦੇ ਦੌਰਾਨ ਇਹ ਕਾਨੂੰਨ ਕੁੱਝ ਇਸ ਤਰ੍ਹਾਂ ਦੇ ਬਣਾਉਂਦੀਆਂ ਹਨ ਕਿ ਰੰਗਦਾਰ ਲੋਕ ਘੱਟ ਤੋਂ ਘੱਟ ਆ ਸਕਣ। ਅਮਰੀਕਾ ਵਿਚ ਪ੍ਰਧਾਨਗੀ ਦੀ ਨਾਮਯਾਦਗੀ ਦੀ ਚੋਣ ਲੜ ਰਿਹਾ ਡੌਨਲਡ ਟਰੰਪ ਜੋ ਕੁੱਝ ਕਰ ਰਿਹਾ ਹੈ ਸਾਰੀ ਦੁਨੀਆਂ ਉਸ ਤੋਂ ਜਾਣੂੰ ਹੋ ਚੁੱਕੀ ਹੈ। ਟਰੰਪ ਇਸਤਰੀਆਂ ਨੂੰ ਮੋਟੀਆਂ ਅਤੇ ਹੋਰ ਕਈ ਕੁੱਝ ਕਹਿੰਦਾ ਹੈ। ਇੰਮੀਗਰਾਂਟਾਂ ਨੂੰ ਜ਼ਹਿਰੀਲੇ ਸੱਪ ਦੱਸਦਾ ਹੈ। ਜੇ ਕਰ ਅਮਰੀਕਾ ਵਿਚ ਕੋਈ ਅਤੰਕਵਾਦੀ ਕਾਰਵਾਈ ਕਰੇ ਤਾਂ ਪੰਜਾਬ ਪੁਲੀਸ ਵਾਂਗ ਉਸ ਦੇ ਸਾਰੇ ਟੱਬਰ ਨੂੰ ਮਾਰਨ ਦੀ ਗੱਲ ਕਰਦਾ ਹੈ। ਕਈ ਨਸਲਵਾਦੀਆਂ ਲਈ ਇਹ ਇਕ ਮਸੀਹਾ ਬਣ ਕੇ ਉਭਰ ਰਿਹਾ ਹੈ। ਜਿਸ ਵਿਚ ਪੁਰਾਣੇ ਕੇ. ਕੇ. ਕੇ. ਦੇ ਕਾਰਕੁਨ ਵੀ ਧੜਾ-ਧੜ ਸ਼ਾਮਲ ਹੋ ਰਹੇ ਹਨ। ਜਿਸ ਦਾ ਪੂਰਾ ਨਾਮ ਕੂ ਕਲੱਕਸ ਕਲੈਨ ਹੈ। ਕੋਈ ਚਾਰ ਕੁ ਦਹਾਕੇ ਪਹਿਲਾਂ ਨੋਰਥ ਅਮਰੀਕਾ ਵਿਚ ਇਹਨਾ ਦੀ ਕਾਫੀ ਦਹਿਸ਼ਤ ਸੀ। ਇਹ ਰੰਗਦਾਰ ਲੋਕਾਂ ਤੇ ਹਮਲੇ ਕਰਦੇ ਸਨ। ਕਨੇਡਾ ਦੇ ਕਈ ਗੁਰਦੁਰਿਆਂ ਨੂੰ ਅੱਗਾਂ ਲਗਾਉਣ ਦੀ ਵੀ ਇਹਨਾ ਤੇ ਸ਼ੱਕ ਕੀਤੀ ਜਾਂਦੀ ਸੀ। ਇਸ ਦਾ ਇਕ ਪੁਰਾਣਾ ਲੀਡਰ ਡੇਵਡ ਡੀਊਕ ਵੀ ਟਰੰਪ ਦੀ ਹਮਾਇਤ ਤੇ ਆ ਗਿਆ ਹੈ। ਭਾਰਤ ਵਿਚ ਵੀ ਕਿਵੇਂ ਕੱਟੜ ਹਿੰਦੂਆਂ ਦੀ ਸਰਕਾਰ ਘੱਟ ਗਿਣਤੀਆਂ ਪ੍ਰਤੀ ਨਿਤ ਨਵੇਂ ਦਿਨ ਜ਼ਿਹਰ ਉਗਲ ਰਹੀ ਹੈ ਇਹ ਕਿਸੇ ਤੋਂ ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਭਾਵੇਂ ਕਿ ਦੁਨੀਆ ਬਹੁਤ ਬਦਲ ਚੁੱਕੀ ਹੈ ਅਤੇ ਸਾਰੀ ਲੋਕਾਈ ਇਕ ਗਲੋਬਲ ਪਿੰਡ ਬਣ ਚੁੱਕੀ ਹੈ। ਨਵੀਂ ਜਰਨੇਸ਼ਨ ਵਿਚ ਇਕ ਦੂਜੇ ਪ੍ਰਤੀ ਨਫਰਤ ਘਟ ਰਹੀ ਹੈ। ਪਰ ਸਿਆਣੀ ਉਮਰ ਵਾਲੇ ਲੋਕ ਹਾਲੇ ਵੀ ਆਪਣੇ ਅੰਦਰ ਨਫਰਤ ਭਰੀ ਬੈਠੇ ਹਨ। ਕਨੇਡਾ ਦੇ ਹੁਣ ਵਾਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਰੀ ਦੁਨੀਆ ਵਿਚ ਹਰਮਨ ਪਿਆਰਾ ਹੋ ਰਿਹਾ ਹੈ। ਜਿਸ ਨੇ ਆਪਣੇ ਮੰਤਰੀ ਮੰਡਲ ਵਿਚ ਅੱਧੀਆਂ ਇਸਤਰੀਆਂ ਲਈਆਂ ਹਨ ਅਤੇ ਹੋਰ ਘੱਟ ਗਿਣਤੀਆਂ ਨੂੰ ਨੁਮਾਇੰਦਗੀ ਦੇ ਕੇ ਖਾਸ ਕਰਕੇ ਸਿੱਖਾਂ ਨੂੰ, ਪਿਛਲੇ ਸਾਰੇ ਧੋਣੇ ਧੋ ਦਿੱਤੇ ਹਨ।

ਬਾਹਰੋਂ ਨਾਸਤਕ ਅੰਦਰੋਂ ਧਰਮੀ:- ਸਾਰੀ ਦੁਨੀਆ ਵਿਚ ਮਨੁੱਖੀ ਹੱਕਾਂ ਲਈ ਲੜ ਰਹੀਆਂ ਸਾਰੀਆਂ ਹੀ ਜਥੇਬੰਦੀਆਂ ਅਸਲ ਵਿਚ ਅੰਦਰੋਂ ਧਰਮੀ ਹਨ। ਜਿਹੜੀਆਂ ਕਿ ਸਾਰੀ ਲੋਕਾਈ ਨੂੰ ਇਕੋ ਨਜ਼ਰ ਨਾਲ ਦੇਖਦੀਆਂ ਹਨ। ਇਹਨਾ ਵਿਚ ਉਹ ਵੀ ਹੋ ਸਕਦੇ ਹਨ ਜਿਹੜੇ ਕਿ ਨਾ ਤਾਂ ਕਿਸੇ ਧਰਮ ਨੂੰ ਮੰਨਦੇ ਹਨ ਅਤੇ ਨਾ ਹੀ ਰੱਬ ਵਿਚ ਕੋਈ ਬਹੁਤਾ ਵਿਸ਼ਵਾਸ਼ ਰੱਖਦੇ ਹਨ। ਅਤੇ ਕਈ ਉਹ ਵੀ ਹੋ ਸਕਦੇ ਹਨ ਜਿਹੜੇ ਕਿ ਆਪਣੇ ਆਪ ਨੂੰ ਨਾਸਤਕ ਕਹਿੰਦੇ ਹੋਣ। ਕਈ ਸਿਆਸੀ ਪਾਰਟੀਆਂ ਵੀ ਇਸ ਤਰ੍ਹਾਂ ਦੀਆਂ ਹਨ ਜਿਹੜੀਆਂ ਕਿ ਘੱਟ ਗਿਣਤੀ ਅਤੇ ਮਨੁੱਖੀ ਹੱਕਾਂ ਲਈ ਹਮੇਸ਼ਾਂ ਅਵਾਜ਼ ਉਠਾਉਂਦੀਆਂ ਰਹਿੰਦੀਆਂ ਹਨ। ਕਨੇਡਾ ਵਿਚ ਨਿਊ ਡੈਮੋਕਰੇਟਕ ਅਤੇ ਅਮਰੀਕਾ ਵਿਚ ਡੈਮੋਕਰੇਟਕ ਦੇ ਨਾਮ ਵਰਨਣਯੋਗ ਹਨ। ਕਨੇਡਾ ਦੀ ਪੋਲੀਸ ਵਿਚ ਸਿੱਖਾਂ ਦੇ ਪੱਗ ਬੰਨਣ ਦੇ ਮੁੱਦੇ ਨੂੰ ਲੈ ਕੇ ਸਭ ਤੋਂ ਵੱਧ ਵਿਰੋਧਤਾ ਟੋਰੀ/ਰਿਫਾਰਮ/ਕੌਨਸਰਵੇਟਿਵ ਪਾਰਟੀ ਨਾਲ ਸੰਬੰਧਿਤ ਵਿਆਕਤੀਆਂ ਨੇ ਕੀਤੀ ਸੀ ਪਰ ਹਮਾਇਤ ਸਭ ਤੋਂ ਵੱਧ ਨਿਊ ਡੈਮੋਕਰੇਟਕ ਪਾਰਟੀ ਨੇ। ਪਿਛਲੇ ਸਾਲ ਭਾਵ ਕਿ 2015 ਦੀ ਅਕਤੂਬਰ ਮਹੀਨੇ ਵਿਚ ਚੋਣਾਂ ਦੌਰਾਨ ਨਿਊ ਡੈਮੋਕਰੇਟਕ ਪਾਰਟੀ ਦੇ ਲੀਡਰ ਨੇ ਤਾਂ ਇਹ ਵੀ ਕਿਹਾ ਸੀ ਕਿ ਇਹ ਸਟੀਫਨ ਹਾਰਪਰ ਉਹੀ ਵਿਆਕਤੀ ਹੈ ਜਿਸ ਨੇ ਪੱਗ ਦੀ ਵਿਰੋਧਤਾ ਕੀਤੀ ਸੀ। ਨਸਲਵਾਦੀ ਗੋਰਿਆਂ ਵਿਰੁੱਧ ਸਭ ਤੋਂ ਵੱਧ ਅਵਾਜ਼ ਕਥਿਤ ਨਾਸਤਕ ਕਾਮਰੇਡਾਂ ਅਤੇ ਖੱਬੇ ਪੱਖੀ ਗੋਰਿਆਂ ਨੇ ਹੀ ਉਠਾਈ ਹੈ।

ਸੱਚ ਬੋਲਣ ਦੇ ਕਾਰਨ ਜੀਭ ਕੱਟਣ ਦੀਆਂ ਧਮਕੀਆਂ:- ਪਿਛਲੇ ਕੁੱਝ ਦਿਨਾ ਦੌਰਾਨ ਕਥਿਤ ਧਰਮੀਆਂ ਵਲੋਂ ਆਪਣੇ ਤੋਂ ਵਿਰੋਧੀ ਖਿਆਲ ਰੱਖਣ ਵਾਲਿਆਂ ਨੂੰ ਜੀਭ ਕੱਟਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਇਹ ਧਰਮੀ ਯੋਧੇ ਕੌਣ ਹਨ? ਇਹ ਹਨ ਸਿੱਖ ਅਤੇ ਹਿੰਦੂ। ਕਾਨਪੁਰੀਏ ਅਤੇ ਨਾਗਪੁਰੀਏ। ਇਕ ਦੀ ਪਿੱਠ ਤੇ ਹੈ ਦਿੱਲੀ ਗੁ: ਕਮੇਟੀ, ਪੰਜਾਬ ਸਰਕਾਰ, ਭੰਗ ਪੀਣੇ ਨਿਹੰਗ, ਦਸਮ ਗ੍ਰੰਥੀਏ ਅਤੇ ਅਖੌਤੀ ਜਥੇਦਾਰ। ਦੂਸਰਿਆਂ ਦੀ ਪਿੱਠ ਤੇ ਹਨ ਨਾਗਪੁਰੀਏ ਅਤੇ ਦਿੱਲੀ ਦੀ ਕੱਟੜ ਹਿੰਦੂ ਸਰਕਾਰ। ਇਹਨਾ ਕਥਿਤ ਧਰਮੀ ਯੋਧਿਆਂ ਦੇ ਧਰਮ ਨੂੰ ਖਤਰਾ ਬਹੁਤ ਵਧ ਗਿਆ ਹੈ ਤਾਂਹੀਉਂ ਤਾਂ ਜੀਭਾਂ ਕੱਟਣ ਅਤੇ ਮਾਰਨ ਦੇ ਇਨਾਮ ਰੱਖੇ ਜਾ ਰਹੇ ਹਨ। ਜਿਵੇਂ ਕਿ ਅਖਬਾਰਾਂ ਵਿਚ ਪੜ੍ਹਨ ਨੂੰ ਮਿਲਿਆ ਸੀ ਕਿ ਕਨ੍ਹਈਆ ਨਾਮ ਦੇ ਵਿਆਕਤੀ ਦੀ ਜੀਭ ਕੱਟਣ ਅਤੇ ਮਾਰ ਦੇਣ ਦੇ ਇਨਾਮ ਵਜੋਂ ਦਿੱਲੀ ਵਿਚ ਪੋਸਟਰ ਵੀ ਲਾਏ ਗਏ ਸਨ। ਕਿਸੇ ਸਮੇਂ ਕਹੇ ਜਾਂਦੇ ਸ਼ੂਦਰ ਨੂੰ ਵੇਦ ਮੰਤਰ ਸੁਣਨ ਪੜ੍ਹਨ ਦੀ ਮਨਾਹੀ ਸੀ। ਇਸ ਤਰ੍ਹਾਂ ਕਰਨ ਨਾਲ ਉਸ ਦੇ ਕੰਨਾ ਵਿਚ ਸਿੱਕਾ ਘੋਲ ਕੇ ਪਾਇਆ ਜਾ ਸਕਦਾ ਸੀ ਅਤੇ ਜੀਭ ਵੀ ਕੱਟੀ ਜਾ ਸਕਦੀ ਸੀ। ਸ਼ਾਇਦ ਇਸ ਤਰ੍ਹਾਂ ਦੇ ਵਿਆਕਤੀ ਸਦੀਆਂ ਪੁਰਾਣੀ ਗੱਲ ਨੂੰ ਸੱਚ ਕਰਕੇ ਦਿਖਾਉਣਾਂ ਚਾਹੁੰਦੇ ਹਨ ਤਾਂ ਕਿ ਉਹਨਾ ਦੇ ਧਰਮ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ।

ਧਰਮ ਨੂੰ ਖਤਰਾ:- ਸਾਰੇ ਧਰਮਾਂ ਨੂੰ ਮੰਨਣ ਵਾਲੇ ਦੁਹਾਈ ਦੇ ਰਹੇ ਹਨ ਕਿ ਸਾਡੇ ਧਰਮ ਨੂੰ ਫਲਾਨੇ ਫਲਾਨੇ ਤੋਂ ਬਹੁਤ ਖਤਰਾ ਹੈ। ਕੀ ਸੱਚ ਨੂੰ ਕੋਈ ਖਤਰਾ ਹੋ ਸਕਦਾ ਹੈ? ਕੀ ਸੂਰਜ ਨੂੰ ਆਪਣੇ ਉਦਮ ਨਾਲ ਸਦਾ ਵਾਸਤੇ ਕੋਈ ਲਕੋ ਕੇ ਰੱਖ ਸਕਦਾ ਹੈ? ਅਸਲ ਵਿਚ ਧਰਮ ਦੀ ਕੱਟੜਤਾ ਨੇ ਇਨਸਾਨ ਨੂੰ ਅੰਦਰੋਂ ਸਾੜ ਕੇ ਰੱਖ ਦਿੱਤਾ ਹੈ। ਜਦੋਂ ਬੰਦਾ ਧਰਮ ਦੇ ਨਾਮ ਤੇ ਪਾਗਲ ਹੋ ਜਾਵੇ ਤਾਂ ਫਿਰ ਉਸ ਵਿਚੋਂ ਇਨਸਾਨੀਅਤ ਖਤਮ ਹੋ ਕੇ ਹੈਵਾਨੀਅਤ ਆ ਜਾਂਦੀਂ ਹੈ। ਇਸ ਹੈਵਾਨੀਅਤ ਕਾਰਨ ਫਿਰ ਉਸ ਨੂੰ ਆਪਣੇ ਤੋਂ ਵਿਰੋਧੀ ਵਿਚਾਰਾਂ ਵਾਲੇ ਸਾਰੇ ਕਾਫਰ ਅਤੇ ਨਾਸਤਕ ਦਿਸਦੇ ਹਨ। ਇਹਨਾ ਨੂੰ ਮਾਰਨਾ ਜਾਂ ਹੋਰ ਕੋਈ ਨੁਕਸਾਨ ਪਹੁੰਚਾਣਾ ਉਹਨਾ ਲਈ ਧਰਮ ਦਾ ਕਰਮ ਬਣ ਜਾਂਦਾ ਹੈ। ਹੋਰਨਾ ਦੀ ਗੱਲ ਤਾਂ ਛੱਡੋ ਇਕੋ ਹੀ ਇਸਲਾਮ ਅਤੇ ਕੁਰਾਨ ਨੂੰ ਮੰਨਣ ਵਾਲੇ ਸੁੰਨੀ ਸ਼ੀਆ ਫਿਰਕੇ ਇਕ ਦੂਸਰੇ ਦੇ ਕਿਵੇਂ ਆਹੂ ਲਾਹ ਰਹੇ ਹਨ, ਇਹ ਸਾਰੀ ਦੁਨੀਆਂ ਦੇ ਸਾਹਮਣੇ ਹੈ। ਉਹ ਤਾਂ ਸਕੂਲੇ ਪੜ੍ਹਦੇ ਛੋਟੇ-ਛੋਟੇ ਬੱਚਿਆਂ ਨੂੰ ਸੈਂਕੜਿਆਂ ਦੀ ਗਿਣਤੀ ਵਿਚ ਮਾਰ ਕੇ ਵੀ ਧਰਮ ਦਾ ਕੰਮ ਸਮਝਦੇ ਹਨ। ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚ ਤਾਂ ਕਈ ਮਾਪੇ ਵੀ ਗਰੀਬੀ ਕਾਰਨ ਆਪਣੇ ਬੱਚਿਆਂ ਨੂੰ ਆਤਮਘਾਤੀ ਬਣਨ ਲਈ ਵੇਚ ਦਿੰਦੇ ਹਨ। ਹਾਲੇ ਕੁੱਝ ਹਫਤੇ ਪਹਿਲਾਂ ਹੀ ਇਕ ਅਫਗਾਨੀ ਬੱਚੇ ਨੂੰ ਤਾਲਬਾਨ ਨੇ ਖਰੀਦ ਕੇ ਆਤਮਘਾਤੀ ਬੰਬ ਬਣਾਉਣਾ ਸੀ ਅਤੇ ਉਸ ਨੂੰ ਸਿੱਧਾ ਹੀ ਸਵਰਗਾਂ ਵਿਚ ਪਹੁੰਚਣ ਦਾ ਲਾਲਚ ਦਿੱਤਾ ਸੀ। ਉਹ ਬੱਚਾ ਕਿਸੇ ਕਾਰਨ ਉਹਨਾ ਤੋਂ ਬਚ ਕੇ ਨਿਕਲ ਗਿਆ ਸੀ ਅਤੇ ਉਹ ਪੜ੍ਹਨਾ ਚਾਹੁੰਦਾ ਸੀ। ਉਹ ਇਹ ਵੀ ਪੁੱਛਦਾ ਸੀ ਕਿ ਮੈਨੂੰ ਦੱਸੋ ਤਾਂ ਸਹੀ ਕਿ ਸਵਰਗ ਹੈ ਕਿਥੇ?

ਸੱਚਾ ਧਰਮ:- ਅਸਲ ਵਿਚ ਸਾਰੀ ਮਨੁੱਖਤਾ ਦਾ ਇਕੋ ਇਕ ਧਰਮ ਹੈ ਅਤੇ ਉਹ ਧਰਮ ਹੈ ਇਕ ਚੰਗਾ ਇਨਸਾਨ ਬਣਨਾ। ਸਾਰੀ ਮਨੁੱਖਤਾ ਵਿਚ ਇਕੋ ਰੱਬ ਦੇ ਨੂਰ ਨੁੰ ਦੇਖਣਾ। ਗੁਰਬਾਣੀ ਵਿਚ ਇਸ ਨਾਲ ਸੰਬੰਧਿਤ ਅਨੇਕਾਂ ਸ਼ਬਦ ਹਨ।

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥

ਲੋਗਾ ਭਰਮਿ ਨ ਭੂਲਹੁ ਭਾਈ ॥

ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥

ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥

ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥

ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥

ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥

ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥

ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥ ਪੰਨਾ 1349

ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥ ਪੰਨਾ 922

ਧਰਮ ਦੇ ਨਾਮ ਤੇ ਕੀਤੇ ਜਾ ਰਹੇ ਹੋਰ ਸਾਰੇ ਕਰਮ-ਕਾਂਡ, ਪਾਠ-ਪੂਜਾ, ਰੀਤਾਂ-ਰਸਮਾਂ, ਅਤੇ ਧਾਰਮਕਿ ਚਿੰਨ ਆਦਿ ਸਮਾਜਿਕ ਸੰਗੰਠਨਾਂ ਨਾਲ ਸੰਬੰਧਿਤ ਕਹੇ ਜਾ ਸਕਦੇ ਹਨ ਧਰਮ ਨਾਲ ਨਹੀਂ। ਜੇ ਕਰ ਗੁਰੂ ਨਾਨਕ ਸਾਹਿਬ ਬ੍ਰਾਹਮਣ ਦੇ ਜਨੇਊ ਤੇ ਆਸਾ ਕੀ ਵਾਰ ਵਿਚ ਤਰਕ ਕਰ ਸਕਦੇ ਹਨ ਤਾਂ ਇਹ ਤਰਕ ਸਿੱਖਾਂ ਦੇ ਕਕਾਰਾਂ ਤੇ ਵੀ ਉਤਨੀ ਹੀ ਢੁਕਦੀ ਹੈ। ਇਹ ਕਕਾਰ ਫੌਜੀ ਵਰਦੀ ਦਾ ਹਿੱਸਾ ਹਨ ਨਾ ਕਿ ਧਰਮ ਦਾ। ਕੇਸ ਰੱਬ ਦੀ ਰਜ਼ਾ ਵਿਚ ਚੱਲਣ ਦੇ ਪ੍ਰਤੀਕ ਹਨ। ਜੇ ਕਰ ਰੱਬ ਇਕ ਹੈ ਤਾਂ ਉਸ ਦਾ ਧਰਮ ਵੀ ਇਕੋ ਹੋ ਸਕਦਾ ਹੈ। ਉਹ ਹੈ ਉਸ ਦੀ ਯਾਦ ਅਤੇ ਸਮੁੱਚੀ ਲੋਕਾਈ ਨਾਲ ਪਿਆਰ। ਗੁਰਬਾਣੀ ਅਨੁਸਾਰ ਮੇਰਾ ਰੱਬ ਤਾਂ ਇਕੋ ਹੈ ਅਤੇ ਉਹ ਹਰ ਥਾਂ ਰਹਿੰਦਾ ਹੈ। ਬੋਲਦਾ ਵੀ ਸਾਰਿਆਂ ਵਿਚ ਉਹੀ ਹੈ:

ਕੁਦਰਤਿ ਕਰਿ ਕੈ ਵਸਿਆ ਸੋਇ ॥ ਪੰਨਾ 83

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥

ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥

ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥

ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥ ਪੰਨਾ 988

ਹੁਣ ਤੁਸੀਂ ਦੱਸੋ ਕਿ ਤੁਸੀਂ ਕਿੰਨੇ ਰੱਬਾਂ ਨੂੰ ਮੰਨਦੇ ਹੋ? ਤੁਹਾਡੇ ਉਹ ਰੱਬ ਕਿਥੇ ਰਹਿੰਦੇ ਹਨ? ਕੀ ਉਹਨਾ ਵਿਚੋਂ ਕੋਈ ਛੋਟਾ ਵੱਡਾ ਵੀ ਹੈ? ਕੀ ਉਹ ਸਾਰੇ ਰੱਬ ਆਪਸ ਵਿਚ ਝਗੜਾ ਵੀ ਕਰਦੇ ਹਨ? ਕਿਹੜੇ ਧਰਮ ਨੂੰ ਮੰਨਣ ਵਾਲਿਆਂ ਦਾ ਰੱਬ ਵੱਡਾ ਹੈ ਅਤੇ ਕਿਹੜਿਆਂ ਦਾ ਛੋਟਾ? ਇਸ ਲੇਖ ਵਿਚ ਜੇ ਕਰ ਮੈਂ ਕੁੱਝ ਗਲਤ ਲਿਖਿਆ ਹੈ ਤਾਂ ਤੁਸੀਂ ਦੱਸੋ ਕਿ ਠੀਕ ਕੀ ਹੈ? ਤੁਹਾਡੇ ਵਿਚਾਰਾਂ ਦੀ ਉਡੀਕ ਵਿਚ।

ਮੱਖਣ ਸਿੰਘ ਪੁਰੇਵਾਲ,

ਮਾਰਚ 20, 2016
.