.

ਵਿਰਸਾ ਸੰਭਾਲੋ! ਵਿਰਸਾ ਸੰਭਾਲੋ!

ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ)

ਫੋਨ: 403-681-8689 ਈ-ਮੇਲ: [email protected]

ਅਸੀਂ ਅਕਸਰ ਇਹ ਗੱਲ ਆਪਣੇ ਧਾਰਮਿਕ, ਸਮਾਜਿਕ, ਰਾਜਸੀ ਜਾਂ ਪਰਿਵਾਰਕ ਸਮਾਗਮਾਂ ਵਿੱਚ ਸੁਣਦੇ ਹਾਂ ਕਿ ਸਾਡਾ ਵਿਰਸਾ ਗੁਆਚਦਾ ਜਾ ਰਿਹਾ ਹੈ। ਅਸੀਂ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਾਂ। ਸਾਡੇ ਬੱਚੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ। ਸਾਡੀ ਨਵੀਂ ਜਨਰੇਸ਼ਨ ਆਪਣਾ ਵਿਰਸਾ ਛੱਡ ਕੇ ਵੈਸਟਰਨ ਕਲਚਰ ਦੇ ਰੰਗ ਵਿੱਚ ਰੰਗੀ ਜਾ ਰਹੀ ਹੈ। ਉਨ੍ਹਾਂ ਨੂੰ ਆਪਣੇ ਵਿਰਸੇ ਤੇ ਮਾਣ ਨਹੀਂ ਰਿਹਾ। ਨਵੀਂ ਪੀੜ੍ਹੀ ਨੂੰ ਆਪਣੇ ਵਿਰਸਾ ਨਾਲ ਜੋੜਨ ਲਈ ਸਾਨੂੰ ਉਪਰਾਲੇ ਕਰਨੇ ਚਾਹੀਦੇ ਹਨ। ਲੋਕ ਅਕਸਰ ਸ਼ਿਕਾਇਤ ਕਰਦੇ ਸੁਣੇ ਜਾਂਦੇ ਹਨ ਕਿ ਸਾਡੇ ਗੁਰਦੁਆਰਿਆਂ ਜਾਂ ਧਾਰਮਿਕ ਅਸਥਾਨਾਂ ਦੀਆਂ ਕਮੇਟੀਆਂ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਲਈ ਕੁੱਝ ਨਹੀਂ ਕਰ ਰਹੀਆਂ? ਸਾਡੇ ਲੀਡਰ ਵਿਰਸਾ ਬਚਾਉਣ ਲਈ ਕੁੱਝ ਨਹੀਂ ਕਰਦੇ? ਮੀਡੀਏ ਵਿੱਚ ਵੀ ਇਹ ਚਰਚਾ ਚਲਦੀ ਰਹਿੰਦੀ ਹੈ ਕਿ ਕੁੱਝ ਗੀਤਕਾਰ ਜਾਂ ਗਾਇਕ ਸਾਡੇ ਵਿਰਸੇ ਨੂੰ ਵਿਗਾੜ ਰਹੇ ਹਨ। ਸਾਡੀ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰ ਰਹੇ ਹਨ। ਕਈ ਗਾਇਕ ਅਜਿਹੇ ਪ੍ਰਚਾਰ ਦੇ ਪ੍ਰਭਾਵ ਵਿੱਚ ਵਿਰਸਾ ਬਚਾਉਣ ਲਈ ਗੀਤ ਵੀ ਗਾ ਰਹੇ ਹਨ ਕਿ ‘ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ, ਘੁੰਡ ਵੀ ਗਏ ਘੁੰਡ ਵਾਲੀਆਂ ਵੀ ਗਈਆਂ, ਚੱਲ ਪਏ ਵਲੈਤੀ ਬਾਣੇ…. ਜਾਂ ‘ਤੀਆਂ ਅਤੇ ਤਿਰੰਝਣਾਂ ਅਸੀਂ ਭੁੱਲ ਗਏ ਹਾਂ, ਵੈਸਟਰਨ ਵਾਲੇ ਵਿਰਸੇ ਉਤੇ ਡੁੱਲ੍ਹ ਗਏ ਹਾਂ’ ਜਾਂ ਫਿਰ `ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾਂ….’ ਆਦਿ। ਇਹ ਸਾਡੇ ਸਮਾਜ ਦਾ ਆਮ ਵਰਤਾਰਾ ਹੈ। ਜਦੋਂ ਅਸੀਂ ਨੌਜਵਾਨ ਸੀ, ਅਜਿਹੀ ਚਰਚਾ ਸਾਡੇ ਤੋਂ ਵੱਡੇ ਸਾਡੇ ਬਾਰੇ ਕਰਦੇ ਸਨ, ਉਹ ਵੀ ਇਹੀ ਕਹਿੰਦੇ ਸਨ ਕਿ ਨੌਜਵਾਨ ਪੀੜ੍ਹੀ ਗੁੰਮਰਾਹ ਹੋ ਗਈ ਹੈ, ਸ਼ਾਇਦ ਉਨ੍ਹਾਂ ਦੀ ਜਵਾਨੀ ਵੇਲੇ ਉਨ੍ਹਾਂ ਦੇ ਮਾਪੇ ਵੀ ਇਹੀ ਕਹਿੰਦੇ ਹੋਣਗੇ?

ਪਰ ਇਸ ਬਾਰੇ ਚਰਚਾ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ ਕਿ ‘ਵਿਰਸਾ’ ਹੈ ਕਿਸ ਸ਼ੈਅ ਦਾ ਨਾਮ? ਵਿਰਸਾ ਸੰਭਾਲਣ ਦੇ ਨਾਮ ਤੇ ਅਨੇਕਾਂ ਥਾਵਾਂ ਤੇ ਚਾਟੀਆਂ, ਮਧਾਣੀਆਂ, ਖੂਹ ਦੀਆਂ ਟਿੰਡਾਂ, ਪੱਖੀਆਂ, ਪੰਘੂੜੇ, ਚਰਖੇ, ਫੁਲਕਾਰੀਆਂ, ਘੱਗਰੇ, ਚੁੱਲੇ ਆਦਿ ਕਈ ਵਸਤਾਂ ਇਕੱਠੀਆਂ ਕਰਕੇ ਮਿਊਜ਼ੀਅਮਾਂ ਵਿੱਚ ਰੱਖੀਆਂ ਹੋਈਆਂ ਹਨ। ਕਈ ਸਮਾਜਿਕ ਜਾਂ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਅਜਿਹੀਆਂ ਵਸਤਾਂ ਦੀਆਂ ਪ੍ਰਦਰਸ਼ਨੀਆਂ ਲਗਦੀਆਂ ਹਨ। ਜਲੰਧਰ-ਲੁਧਿਆਣਾ ਸੜਕ ਤੇ ਫਗਵਾੜੇ ਕੋਲ ‘ਹਵੇਲੀ’ ਨਾਮ ਦੇ ਰੈਸਟੋਰੈਂਟ ਵਿੱਚ ਵੀ ਅਜਿਹੀਆਂ ਵਸਤਾਂ ਦੀ ਪ੍ਰਦਰਸ਼ਨੀ ਦੇਖਣ ਤੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਲੋਕ ਪਰਿਵਾਰਾਂ ਸਮੇਤ ਜਾਂਦੇ ਹਨ। ਬਹੁਤ ਸਾਰੀਆਂ ਸੰਸਥਾਵਾਂ ਬੱਚਿਆਂ ਨੂੰ ਗਿੱਧੇ ਭੰਗੜੇ ਸਿਖਾ ਕੇ ਜਾਂ ਸਭਿਅਚਾਰਕ ਪ੍ਰੋਗਰਾਮਾਂ ਆਦਿ ਰਾਹੀਂ ਉਨ੍ਹਾਂ ਨੂੰ ਵਿਰਸੇ ਨਾਲ ਜੋੜਦੇ ਹਨ। ਲੋਕ ਅਜਿਹੀਆਂ ਵਸਤਾਂ ਦੀਆਂ ਫੋਟੋਆਂ (ਸਿਨਰੀਆਂ) ਘਰਾਂ ਵਿੱਚ ਲਗਾ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜ ਰਹੇ ਹਨ। ਹੁਣ ਸੋਚਣ, ਸਮਝਣ, ਜਾਨਣ ਦਾ ਵਿਸ਼ਾ ਇਹ ਹੈ ਕਿ ਇਹ ਵਿਰਸਾ ਹੈ ਕੀ, ਜਿਸ ਬਾਰੇ ਇਤਨੀ ਫਿਕਰਮੰਦੀ ਕੀਤੀ ਜਾ ਰਹੀ ਹੈ? ਆਮ ਦੇਖਣ ਤੋਂ ਤਾਂ ਇਹੀ ਪ੍ਰਭਾਵ ਬਣਦਾ ਹੈ ਕਿ ਸਾਡੇ ਤੋਂ ਪਹਿਲੀਆਂ ਜਨਰੇਸ਼ਨਾਂ ਵਲੋਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਰਤੀਆਂ ਜਾਂਦੀਆਂ ਵਸਤਾਂ ਚਾਟੀਆਂ, ਮਧਾਣੀਆਂ, ਖੂਹ ਦੀ ਟਿੰਡਾਂ, ਪੱਖੀਆਂ, ਪੰਘੂੜੇ, ਚਰਖੇ, ਫੁਲਕਾਰੀਆਂ, ਘੱਗਰੇ, ਤੁਰਲੇ ਵਾਲੀਆਂ ਮਾਵਾ ਲੱਗੀਆਂ ਪੱਗਾਂ, ਬਲਦ, ਪੰਜਾਲੀਆਂ, ਹਲ, ਖੂਹ ਆਦਿ ਹੀ ਸਾਡਾ ਵਿਰਸਾ ਹੈ। ਕੀ ਸਚੁਮੱਚ ਇਹੀ ਸਾਡਾ ਵਿਰਸਾ ਹੈ, ਜਿਸ ਤੇ ਲੋਕ ਮਾਣ ਕਾਰਨ ਜਾਂ ਯਾਦ ਰੱਖਣ? ਕੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੱਖੇ, ਏਅਰਕੰਡੀਸ਼ਨ ਕਮਰੇ ਜਾਂ ਕੂਲਰ ਛੱਡ ਕੇ ਹੱਥਾਂ ਵਿੱਚ ਪੱਖੀਆਂ ਫੜ ਲੈਣ, ਬਿਜਲੀ ਜਾਂ ਗੈਸ ਦੇ ਚੁੱਲਿਆਂ ਦੀ ਥਾਂ ਔਰਤਾਂ ਪਾਥੀਆਂ ਵਾਲੇ ਚੁੱਲੇ ਵਰਤਣ, ਟਰੈਕਟਰਾਂ, ਕੰਪਾਈਨਾਂ ਜਾਂ ਹੋਰ ਖੇਤੀਬਾੜੀ ਦੀ ਮਸ਼ਿਨਰੀ ਦੀ ਥਾਂ ਬਲਦ ਜਾਂ ਹਲ ਚਲਾਉਣ, ਟਿਊਬਲਾਂ ਤੇ ਮੋਟਰਾਂ ਦੀ ਥਾਂ ਬਲਦਾਂ ਨਾਲ ਹਲਟ ਚਲਾਉਣ, ਕੰਪਿਊਟਰ, ਇੰਟਰਨੈਟ ਆਦਿ ਛੱਡ ਦੇਣ? ਅਸੀਂ ਅੱਗੇ ਜਾ ਚੁੱਕੇ ਸਮਾਜ ਨੂੰ ਪਿਛਾਂਹ ਕਿਉਂ ਲਿਜਾਣਾ ਚਾਹੁੰਦੇ ਹਾਂ?

ਇਸੇ ਤਰ੍ਹਾਂ ਸਾਡੇ ਜੀਵਨ ਦੇ ਧਾਰਮਿਕ ਪੱਖ ਤੇ ਵੀ ਅਸੀਂ ਆਪਣੀ ਸੋਚ ਨੂੰ ਪਿਛਾਂਹਖਿਚੂ ਬਣਾਈ ਬੈਠੇ ਹਾਂ। ਧਰਮ, ਸਮਾਜ ਜਾਂ ਪਰਿਵਾਰਾਂ ਵਿੱਚ ਅਨੇਕਾਂ ਰੀਤਾਂ-ਰਸਮਾਂ ਇਲਾਕੇ, ਮੌਸਮ ਜਾਂ ਸਮੇਂ ਅਨੁਸਾਰ ਹੁੰਦੀਆਂ ਹਨ ਤੇ ਸਮਾਂ ਜਾਂ ਹਾਲਾਤ ਬਦਲਣ ਨਾਲ ਉਨ੍ਹਾਂ ਦੀ ਅਹਿਮੀਅਤ ਖਤਮ ਹੋ ਜਾਂਦੀ ਹੈ ਤੇ ਸੂਝਵਾਨ ਲੋਕ ਉਨ੍ਹਾਂ ਰੀਤਾਂ-ਰਸਮਾਂ, ਮਰਿਯਾਦਾਵਾਂ ਨੂੰ ਸਮੇਂ ਤੇ ਲੋੜ ਅਨੁਸਾਰ ਛੱਡ ਵੀ ਦਿੰਦੇ ਹਨ ਤੇ ਬਦਲ ਵੀ ਲੈਂਦੇ ਹਨ। ਪਰ ਇਸ ਮਾਮਲੇ ਵਿੱਚ ਵੀ ਸਾਡੀ ਮਾਨਸਿਕਤਾ ਬੜੀ ਦਕੀਆਨੂਸੀ ਤੇ ਪਿਛਾਂਹਖਿਚੂ ਹੈ। ਅਸੀਂ ਸਮਾਜਿਕ ਤੇ ਖਾਸਕਰ ਧਾਰਮਿਕ ਤੌਰ ਤੇ ਅਨੇਕਾਂ ਅਜਹੀਆਂ ਅਲਾਮਤਾਂ ਦਾ ਸ਼ਿਕਾਰ ਹਾਂ। ਖਾਣ-ਪੀਣ ਤੇ ਪਹਿਰਾਵਾ ਹਮੇਸ਼ਾਂ ਸਮੇਂ, ਫੈਸ਼ਨ ਤੇ ਮੌਸਮ ਅਨੁਸਾਰ ਹੀ ਹੁੰਦਾ ਹੈ। ਪਰ ਸਾਡੇ ਬਹੁਤ ਸਾਰੇ ਧਾਰਮਿਕ ਆਗੂ ਅਗਿਆਨਤਾ ਵੱਸ ਖਾਣ-ਪੀਣ ਤੇ ਪਹਿਰਾਵੇ ਨੂੰ ਵੀ ਧਰਮ ਦਾ ਅੰਗ ਬਣਾ ਕੇ ਪੇਸ਼ ਕਰ ਰਹੇ ਹਨ। ਜਦਕਿ ਪਹਿਰਾਵਾ ਤੇ ਖਾਣ-ਪੀਣ ਸਮੇਂ ਤੇ ਸਥਾਨ ਨਾਲ ਅਕਸਰ ਬਦਲ ਜਾਂਦਾ ਹੈ ਜਾਂ ਬਦਲ ਜਾਣਾ ਚਾਹੀਦਾ ਹੈ। ਗਰਮ ਇਲਾਕਿਆਂ ਦੇ ਖਾਣ-ਪੀਣ ਤੇ ਪਹਿਰਾਵੇ ਨੂੰ ਅਸੀਂ ਠੰਡੇ ਇਲਾਕਿਆਂ ਵਿੱਚ ਆ ਕੇ ਧਰਮ ਦੇ ਨਾਮ ਤੇ ਠੋਸ ਨਹੀਂ ਸਕਦੇ, ਪਰ ਅਜਿਹਾ ਸਾਡੇ ਸਮਾਜ ਵਿੱਚ ਆਮ ਹੀ ਹੋ ਰਿਹਾ ਹੈ। ਕਈ ਵਾਰ ਸੋਚਦਾ ਹਾਂ ਕਿ ਅੱਜ ਤੋਂ 100-200 ਸਾਲ ਬਾਅਦ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੀ ਸੋਚ ਤੇ ਹੱਸਿਆ ਕਰਨਗੀਆਂ ਕਿ ਉਨ੍ਹਾਂ ਦੇ ਬਜ਼ੁਰਗ 21ਵੀਂ ਸਦੀ ਦੇ ਉੱਨਤ ਦੇਸ਼ਾਂ ਵਿੱਚ ਵਸਦੇ ਹੋਏ ਵੀ ਇਸ ਗੱਲ ਲਈ ਲੜਦੇ ਸਨ ਕਿ ਗੁਰਦੁਆਰੇ ਵਿੱਚ ਲੰਗਰ ਹੇਠ ਤੱਪੜ ਤੇ ਬੈਠ ਕੇ ਖਾਣਾ ਹੈ ਜਾਂ ਚੇਅਰਾਂ ਤੇ ਬੈਠ ਕੇ। ਇਸੇ ਤਰ੍ਹਾਂ ਅਸੀਂ ਅਨੇਕਾਂ ਰੀਤਾਂ-ਰਸਮਾਂ ਨੂੰ ਪੁਰਾਤਨ ਮਰਿਯਾਦਾ ਦੇ ਨਾਮ ਤੇ ਅਗਿਆਨਤਾ ਵੱਸ ਕਰਦੇ ਹੋਏ, ਆਪਣੀ ਮੂਰਖਤਾ ਤੇ ਫਖਰ ਮਹਿਸੂਸ ਕਰਦੇ ਹਾਂ। ਕਦੇ ਸੋਚਣ ਦੀ ਜਹਿਮਤ ਨਹੀਂ ਉਠਾਉਂਦੇ ਕਿ ਅਸੀਂ ਕਰ ਕੀ ਰਹੇ ਹਾਂ?

ਅਸਲ ਵਿੱਚ ਅਸੀਂ ਗਲਤ ਰਸਤੇ ਤੇ ਭਟਕ ਚੁੱਕੇ ਹਾਂ। ਵਸਤਾਂ ਸਾਡੇ ਜਾਂ ਕਿਸੇ ਵੀ ਸਮਾਜ ਦਾ ਕੋਈ ਵਿਰਸਾ ਨਹੀਂ ਹੁੰਦੀਆਂ। ਵਸਤਾਂ ਸਾਧਨ ਹਨ ਤੇ ਸਾਧਨ ਸਮੇਂ ਤੇ ਸਥਾਨ ਨਾਲ ਅਕਸਰ ਬਦਲਦੇ ਰਹੇ ਹਨ ਤੇ ਬਦਲ ਰਹੇ ਹਨ। ਜਿਵੇਂ ਜਿਵੇਂ ਸਮਾਜ ਤਰੱਕੀ ਕਰ ਰਿਹਾ ਹੈ, ਅੱਗੇ ਤੋਂ ਅੱਗੇ ਨਵੀਆਂ ਖੋਜਾਂ ਨਾਲ ਮਨੁੱਖ ਆਪਣੇ ਸੁੱਖ ਲਈ ਹਰ ਤਰ੍ਹਾਂ ਦੇ ਸਾਧਨਾਂ ਦੀ ਖੋਜ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਵਰਤੋਂ ਕਰ ਰਿਹਾ ਹੈ। ਇਹ ਗੱਲ ਇਥੇ ਤੱਕ ਤੇ ਠੀਕ ਕਹੀ ਜਾ ਸਕਦੀ ਹੈ ਕਿ ਅਸੀਂ ਪੁਰਾਣੀਆਂ ਵਸਤਾਂ ਸੰਭਾਲ ਕੇ ਅਗਲੀਆਂ ਜਨਰੇਸ਼ਨਾਂ ਲਈ ਰੱਖੀਏ ਤਾਂ ਕਿ ਸਾਨੂੰ ਪਤਾ ਲਗਦਾ ਰਹੇ ਕਿ ਮਨੁੱਖ ਨੇ ਜੰਗਲੀ ਜੀਵਨ ਤੋਂ ਸਫਰ ਸ਼ੁਰੂ ਕਰਕੇ ਕਿਥੇ ਤੱਕ ਤਰੱਕੀ ਕਰ ਲਈ ਹੈ। ਮਨੁੱਖ ਪੱਥਰ ਯੁਗ ਤੋਂ ਤਰੱਕੀ ਕਰਦਾ, ਕੰਪਿਊਟਰ ਯੁੱਗ ਤੱਕ ਪਹੁੰਚ ਚੁੱਕਾ ਹੈ। ਪਰ ਵਸਤਾਂ ਜਾਂ ਭਾਸ਼ਾ ਨੂੰ ਆਪਣਾ ਵਿਰਸਾ ਸਮਝਣਾ, ਜਰੂਰ ਸਮਝ ਵਿੱਚ ਗੜਬੜ ਦਾ ਵਿਸ਼ਾ ਹੈ।

ਕਿਸੇ ਵੀ ਸਮਾਜ ਦਾ ਵਿਰਸਾ, ਉਸਦੀਆਂ ਸਮਾਜਿਕ, ਧਾਰਮਿਕ, ਰਾਜਨੀਤਕ, ਆਰਥਿਕ, ਸਭਿਅਚਾਰਕ ਕਦਰਾਂ-ਕੀਮਤਾਂ ਹੋਇਆ ਕਰਦਾ ਹੈ। ਕਿਸੇ ਸਮਾਜ ਦੀ ਪਛਾਣ ਉਸ ਦੇ ਲੋਕਾਂ ਦੀ ਸਮਾਜ ਜਾਂ ਮਾਨਵਤਾ ਦੇ ਸਰੋਕਾਰਾਂ ਪ੍ਰਤੀ ਪਹੁੰਚ ਤੋਂ ਹੁੰਦੀ ਹੈ। ਉਨ੍ਹਾਂ ਦੇ ਸਮਾਜ ਦੇ ਵੱਖ-ਵੱਖ ਵਰਤਾਰਿਆਂ ਪ੍ਰਤੀ ਨਜ਼ਰੀਏ ਤੋਂ ਹੁੰਦੀ ਹੈ? ਉਨ੍ਹਾਂ ਨੇ ਆਪਣੇ ਸਮਿਆਂ ਦੇ ਮਸਲਿਆਂ ਨੂੰ ਕਿਵੇਂ ਨਜਿੱਠਿਆ ਸੀ? ਕਿਹੜੇ-ਕਿਹੜੇ ਹਾਲਾਤਾਂ ਵਿਚੋਂ ਲੰਘ ਕੇ ਉਨ੍ਹਾਂ ਨੇ ਆਪਣੇ ਸਮਾਜ ਨੂੰ ਅੱਗੇ ਤੋਰਿਆ ਸੀ। ਲੋਕਾਂ ਦਾ ਰਹਿਣ-ਸਹਿਣ, ਵਰਤੋਂ-ਵਿਹਾਰ, ਮਾਨਵੀ ਕਦਰਾਂ ਕੀਮਤਾਂ ਪ੍ਰਤੀ ਪਹੁੰਚ ਕੀ ਸੀ। ਇਸੇ ਤਰ੍ਹਾਂ ਕਿਸੇ ਸਮਾਜ ਦੀਆਂ ਧਾਰਮਿਕ ਜਾਂ ਸਮਾਜਿਕ ਰੀਤਾਂ-ਰਸਮਾਂ, ਕਾਰ-ਵਿਹਾਰ ਆਦਿ ਵੀ ਵਿਰਸੇ ਦਾ ਹਿੱਸਾ ਹੋ ਸਕਦੀਆਂ ਹਨ। ਪਰ ਇਹ ਸਭ ਕੁੱਝ ਹਮੇਸ਼ਾਂ ਬਦਲਣ ਵਾਲਾ ਹੈ। ਸਮੇਂ ਨਾਲ ਜਿਸ ਤਰ੍ਹਾਂ ਮਨੁੱਖੀ ਸੂਝ-ਬੂਝ ਅੱਗੇ ਵਧਦੀ ਹੈ, ਬਹੁਤ ਕੁੱਝ ਬਦਲਦਾ ਹੈ ਤੇ ਇਹ ਬਦਲਦਾ ਰਹਿਣਾ ਹੈ। ਇਸ ਲਈ ਸਾਨੂੰ ਇਸ ਪ੍ਰਤੀ ਉਸ ਹੱਦ ਤੱਕ ਚਿੰਤਾ ਕਰਨ ਦੀ ਲੋੜ ਨਹੀਂ, ਜਿਸ ਤਰ੍ਹਾਂ ਕਿ ਅਸੀਂ ਕਰ ਰਹੇ ਹਾਂ। ਇੱਕ ਗੱਲ ਇਹ ਵੀ ਸਮਝਣ ਵਾਲੀ ਹੈ ਕਿ ਕਿਸੇ ਵੀ ਸਮਾਜ ਦੇ ਵਿਰਸੇ ਵਿੱਚ ਹਮੇਸ਼ਾਂ ਚੰਗੇ ਪੱਖ ਹੀ ਨਹੀਂ ਹੁੰਦੇ, ਬਹੁਤ ਕੁੱਝ ਗਲਤ ਵੀ ਹੁੰਦਾ ਹੈ, ਜਿਸਨੂੰ ਸਮੇਂ ਨਾਲ ਬਦਲਣ ਦੀ ਲੋੜ ਹੁੰਦੀ ਹੈ। ਜਿਸ ਤਰ੍ਹਾਂ ਪੰਜਾਬੀਆਂ ਦਾ ਮਿਹਨਤੀ ਤੇ ਸੂਰਬੀਰਤਾ ਵਾਲਾ ਸੁਭਾਉ, ਉਨ੍ਹਾਂ ਦੇ ਵਿਰਸੇ ਦਾ ਅਹਿਮ ਗੁਣ ਰਿਹਾ ਹੈ, ਜਿਸਨੂੰ ਅੱਗੇ ਲਿਜਾਣ ਵਿੱਚ ਸਾਨੂੰ ਜਰੂਰ ਫਖਰ ਕਰਨਾ ਬਣਦਾ ਹੈ, ਉਨ੍ਹਾਂ ਲੋਕਾਂ ਨੂੰ ਮਾਣ ਇੱਜ਼ਤ ਦੇਣਾ ਬਣਦਾ ਹੈ, ਜਿਨ੍ਹਾਂ ਨੇ ਆਪਣੀ ਮਿਹਨਤ ਮੁਸ਼ੱਕਤ ਨਾਲ ਆਪ ਹੀ ਤਰੱਕੀ ਨਹੀਂ ਕੀਤੀ, ਸਗੋਂ ਸਾਰੀ ਕਮਿਉਨਿਟੀ ਦਾ ਨਾਮ ਉਚਾ ਕੀਤਾ, ਇਸੇ ਤਰ੍ਹਾਂ ਉਨ੍ਹਾਂ ਬਹਾਦਰਾਂ ਨੂੰ ਵੀ ਆਪਣੇ ਹੀਰੋ ਬਣਾਉਣਾ ਚਾਹੀਦਾ ਹੈ, ਜਿਨ੍ਹਾਂ ਨੇ ਸਮਾਜ ਜਾਂ ਮਨੁੱਖਤਾ ਦੇ ਸਾਂਝੇ ਹਿੱਤਾਂ ਲਈ ਕੁਰਬਾਨੀਆਂ ਕੀਤੀਆਂ ਸਨ। ਉਹ ਲੋਕ ਸਾਡੇ ਸਨਮਾਨ ਦੇ ਹੱਕਦਾਰ ਹੋਣੇ ਚਾਹੀਦੇ ਹਨ, ਜਿਨ੍ਹਾਂ ਨੇ ਮਨੁੱਖੀ ਕਦਰਾਂ-ਕੀਮਤਾਂ ਜਾਂ ਸਮਾਜਿਕ ਸਰੋਕਾਰਾਂ ਲਈ ਸੰਘਰਸ਼ ਕੀਤੇ ਜਾਂ ਕਰ ਰਹੇ ਹਨ। ਇਸਦੇ ਨਾਲ ਹੀ ਉਹ ਲੋਕ ਵੀ ਸਾਡੀ ਫਿਟਕਾਰ ਦੇ ਹੱਕਦਾਰ ਹੋਣੇ ਚਾਹੀਦੇ ਹਨ, ਜੋ ਆਪਣੇ ਮੁਫਾਦਾਂ ਤੇ ਸੌੜੇ ਜਾਂ ਜਾਤੀ ਹਿੱਤਾਂ ਲਈ ਸਮਾਜ ਜਾਂ ਮਨੁੱਖਤਾ ਦਾ ਨੁਕਸਾਨ ਕਰਦੇ ਰਹੇ ਹਨ ਜਾਂ ਕਰ ਰਹੇ ਹਨ, ਉਹ ਭਾਵੇਂ ਕਿਤਨੇ ਵੀ ਵੱਡੇ ਸਮਾਜਿਕ, ਧਾਰਮਿਕ ਜਾਂ ਰਾਜਨੀਤਕ ਰੁਤਬੇ ਦੇ ਮਾਲਕ ਕਿਉਂ ਨਾ ਹੋਣ। ਭਾਈਚਾਰਕ ਤੇ ਪਰਿਵਾਰਕ ਸਾਂਝ ਸਾਡੇ ਵਿਰਸੇ ਦਾ ਇੱਕ ਅਹਿਮ ਅੰਗ ਰਹੀ ਹੈ, ਰਿਸ਼ਤਿਆਂ ਵਿੱਚ ਪਿਆਰ, ਸਾਡੇ ਸਮਾਜ ਦਾ ਇੱਕ ਅਟੁੱਟ ਅੰਗ ਰਿਹਾ ਹੈ। ਅਗਰ ਇਹ ਸਾਂਝਾਂ ਵਾਲਾ ਵਿਰਸਾ ਅਸੀਂ ਆਪਣੀਆਂ ਅਗਲੀਆਂ ਨਸਲਾਂ ਨੂੰ ਦੇ ਸਕੀਏ ਤਾਂ ਇਹ ਮਨੁੱਖਤਾ ਲਈ ਵੱਡੀ ਦੇਣ ਹੋਵੇਗੀ।

ਇਸੇ ਤਰ੍ਹਾਂ ਸਾਡੇ ਆਪਣੇ ਵਿਰਸੇ ਵਿੱਚ ਚੰਗੇ ਪੱਖਾਂ ਤੋਂ ਇਲਾਵਾ ਅਨੇਕਾਂ ਉਹ ਪੱਖ ਵੀ ਹਨ, ਜਿਨ੍ਹਾਂ ਨੂੰ ਛੱਡਣਾ ਹੀ ਨਹੀਂ ਬਣਦਾ, ਸਗੋਂ ਉਸ ਉਤੇ ਸਾਨੂੰ ਨਾਮੋਸ਼ੀ ਮਹਿਸੂਸ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਕੁੜੀਆਂ ਨੂੰ ਮਾਰਨ ਦਾ ਰੁਝਾਨ ਸਾਡੇ ਸਮਾਜ (ਵਿਰਸੇ) ਦਾ ਸਦੀਆਂ ਪੁਰਾਣਾ ਵਰਤਾਰਾ ਹੈ, ਜਿਸਨੂੰ ਅਸੀਂ 21ਵੀਂ ਸਦੀ ਵਿੱਚ ਆ ਕੇ ਵੀ ਮੁੰਡੇ ਪੈਦਾ ਕਰਨ ਦੀ ਝਾਕ ਵਿੱਚ ਛੱਡਣ ਨੂੰ ਤਿਆਰ ਨਹੀਂ ਹਾਂ। ਅਸੀਂ ਸਦੀਆਂ ਤੋਂ ਪ੍ਰਚਲਤ ਮਰਦ ਪ੍ਰਧਾਨ ਸਮਾਜ ਨੂੰ ਬਦਲ ਕੇ ਔਰਤ ਨੂੰ ਅਜੇ ਵੀ ਬਰਾਬਰ ਦਾ ਦਰਜਾ ਦੇਣ ਲਈ ਤਿਆਰ ਨਹੀਂ ਹਾਂ। ਇਸੇ ਤਰ੍ਹਾਂ ਸਾਡੀ ਜਾਤ-ਪਾਤੀ ਮਾਨਸਿਕਤਾ, ਜਿਸਨੂੰ ਅਸੀਂ ਜਿਥੇ ਵੀ ਜਾਂਦੇ ਹਾਂ, ਨਾਲ ਹੀ ਲਈ ਫਿਰਦੇ ਹਾਂ। ਇਸ ਮਾਨਵਤਾ ਵਿਰੋਧੀ ਵਰਤਾਰੇ ਨੂੰ ਬੰਦ ਕਰਨ, ਉਸ ਤੇ ਸ਼ਰਮ ਮਹਿਸੂਸ ਕਰਨ ਦੀ ਥਾਂ, ਅੱਜ ਵੀ ਫਖਰ ਮਹਿਸੂਸ ਕਰਦੇ ਹਾਂ। ਅੱਜ ਵੀ ਦੂਜੀ ਜਾਤ ਬਰਾਦਰੀ ਤੇ ਖਾਸਕਰ ਜਿਸਨੂੰ ਅਸੀਂ ਆਪਣੇ ਤੋਂ ਨੀਵੀਂ ਜਾਂ ਸਮਾਜ ਦੀ ਸਭ ਤੋਂ ਨੀਵੀਂ ਜਾਤ ਸਮਝਦੇ ਹਾਂ, ਉਸ ਨਾਲ ਰਿਸ਼ਤਾ ਕਰਨ ਨੂੰ ਤਿਆਰ ਨਹੀਂ ਹਾਂ। ਅੱਜ ਸਾਡੇ ਸਮਾਜ ਵਿੱਚ ਮਲਕ ਭਾਗੋਆਂ ਦੇ ਵਾਰਿਸ ਹਰ ਖੇਤਰ ਵਿੱਚ ਆਪਣੀ ਰਾਜਸੀ ਤੇ ਪੈਸੇ ਦੀ ਤਾਕਤ ਨਾਲ ਕਾਬਿਜ਼ ਹਨ ਤੇ ਅਸੀਂ ਭਾਈ ਲਾਲੋਆਂ ਨਾਲ ਖੜਨ ਦੀ ਥਾਂ ਤਾਕਤਵਰ ਨਾਲ ਖੜਨ ਨੂੰ ਪਹਿਲ ਦਿੰਦੇ ਹਾਂ। ਫਿਰਕਾਪ੍ਰਸਤੀ, ਮੌਕਾਪ੍ਰਸਤੀ, ਚਾਪਲੂਸੀ, ਅੰਧ ਵਿਸ਼ਵਾਸ਼ ਜਿਹੀਆਂ ਅਲਾਮਤਾਂ ਨੂੰ ਅਸੀਂ ਕਈ ਸਦੀਆਂ ਤੋਂ ਆਪਣੇ ਵਿਰਸੇ ਦਾ ਹਿੱਸਾ ਬਣਾਇਆ ਹੋਇਆ ਹੈ। ਪੱਖੀਆਂ, ਮਧਾਣੀਆਂ, ਟਿੰਡਾਂ, ਖੂਹਾਂ, ਘੱਗਰਿਆਂ, ਫੁਲਕਾਰੀਆਂ ਲਈ ਵਿਲਕਦੇ ਫਿਰਦੇ ਹਾਂ, ਪਰ ਨਵੀਂ ਵਿਗਿਆਨਕ ਤੇ ਮਾਨਵਤਾਵਾਦੀ ਸੋਚ ਨੂੰ ਆਪਣੇ ਵਿਰਸੇ ਦਾ ਹਿੱਸਾ ਬਣਾਉਣ ਲਈ ਘੱਟ ਯਤਨਸ਼ੀਲ ਹਾਂ। ਆਪਣੀ ਨਵੀਂ ਪੀੜ੍ਹੀ ਨੂੰ ਵਰਤੋਂ ਵਿਹਾਰ ਦੀਆਂ ਵਸਤਾਂ ਬਾਰੇ ਦੱਸਣ ਜਾਂ ਖਾਣ-ਪਹਿਨਣ ਤੋਂ ਵਿਰਸੇ ਦੇ ਨਾਮ ਤੇ ਰੋਕਣ ਦੀ ਥਾਂ, ਆਪਣੇ ਵਿਰਸੇ ਦੀਆਂ ਨਰੋਈਆਂ ਕਦਰਾਂ ਕੀਮਤਾਂ ਦੇਈਏ, ਉਨ੍ਹਾਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਈਏ, ਉਨ੍ਹਾਂ ਨੂੰ ਸਰਬਤ ਦੇ ਭਲੇ ਦਾ ਮਾਰਗ ਦਿਖਾਈਏ। ਸਮਾਜ ਦੇ ਸਾਂਝੇ ਸਰੋਕਾਰਾਂ ਲਈ ਲੜਨ, ਖੜਨ ਦਾ ਬੱਲ ਸਿਖਾਈਏ। ਅਜਿਹੇ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ, ਨਾ ਕਿ ਸਿਰਫ ਵਸਤਾਂ ਦੀ ਸੰਭਾਲ?




.