.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਵਾਘਾ ਸਰਹੱਦ

ਪਾਸਪੋਰਟ ਦਿੱਲੀ ਭੇਜ ਕੇ ਸਾਨੂੰ ਕਦੇ ਕਦੇ ਇੰਜ ਮਹਿਸੂਸ ਹੁੰਦਾ ਸੀ, ਕਿ, ਕੀ ਸਾਨੂੰ ਪਾਕਿਸਤਾਨ ਦਾ ਵੀਜ਼ਾ ਮਿਲ ਜਾਏਗਾ, ਕਿ ਨਹੀਂ ਮਿਲੇਗਾ? ਏਸੇ ਤੌਖਲੇ ਵਿੱਚ ਮੈਂ ਕਈ ਵਾਰੀ ਭਾਈ ਤਰਸੇਮ ਸਿੰਘ ਜੀ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਟੈਲੀਫੁਨ ਕੀਤਾ ਕਿ “ਵੀਰ ਜੀ ਪਾਸਪੋਰਟਾਂ ਦੀ ਪ੍ਰਾਪਤੀ ਲਈ ਅਸੀਂ ਕਦੋਂ ਬੰਦਾ ਭੇਜੀਏ ਕਿ ਪਾਸਪੋਰਟ ਲੈ ਜਾਏ”। ਅਸਲ ਵਿੱਚ ਸਾਡੇ ਪੁੱਛਣ ਦਾ ਭਾਵ ਏਹੀ ਹੁੰਦਾ ਸੀ ਕਿ ਵੀਜ਼ਾ ਮਿਲਿਆ ਹੈ ਕਿ ਨਹੀਂ- ਵੀਰ ਜੀ ਨੇ ਅੱਗੋਂ ਕਹਿਣਾ ਕਿ “ਜਦੋਂ ਵੀ ਤੁਹਾਡੇ ਪਾਸਪੋਰਟ ਆਏ ਮੈਂ ਓਸੇ ਵੇਲੇ ਤੂਹਾਨੂੰ ਫੂਨ ਕਰ ਦਿਆਂਗਾ ਜਾਂ ਮੈਂ ਤੁਹਾਡੇ ਪਾਸਪੋਰਟ ਤੂਹਾਨੂੰ ਭੇਜਣ ਦਾ ਪ੍ਰਬੰਧ ਕਰ ਦਿਆਂਗਾ”। ਅਖੀਰ ੧੦-੦੬-੨੦੧੫ ਦੀ ਸ਼ਾਮ ਨੂੰ ਉਹਨਾਂ ਦਾ ਟੈਲੀਫੂਨ ਆ ਗਿਆ ਕਿ ਤੁਸੀਂ ਆਪਣੇ ਪਾਸਪੋਰਟ ਸਰਨਾ ਜੀ ਦੇ ਦਫਤਰ ਵਿਚੋਂ ਪਰਾਪਤ ਕਰ ਸਕਦੇ ਹੋ ਤੁਹਾਡੇ ਵੀਜ਼ੇ ਲੱਗ ਗਏ ਹਨ। ਨਾਲ ਹੀ ਉਹਨਾਂ ਨੇ ਕਿਹਾ ਕਿ ਆਪਣੇ ਪਾਸ ਪੰਜ ਪੰਜ ਫੋਟੋਆਂ ਵੀ ਲੈ ਲਿਆ ਜੇ ਇਹਨਾਂ ਦੀ ਤੁਹਾਨੂੰ ਪਾਕਿਸਤਾਨ ਵਿੱਚ ਲੋੜ ਪੈਣੀ ਹੈ।
ਸਿੱਖੀ ਲਹਿਰ ਦੇ ਸਮਾਗਮ ਅਸੀਂ ਇਸ ਲਈ ਨਹੀਂ ਲੈ ਰਹੇ ਸੀ ਕਿ ਅਸਾਂ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ `ਤੇ ਜਾਣ ਹੈ। ਦੂਜਾ ਕੁੱਝ ਹੋਰ ਕਾਰਨ ਵੀ ਸਨ। ਸਮਾਗਮ ਨਾ ਹੋਣ ਕਰਕੇ ਭਾਈ ਸੁਖਵਿੰਦਰ ਸਿੰਘ ਦਦੇਹਰ, ਭਾਈ ਸਰਬਜੀਤ ਸਿੰਘ ਧੂੰਦਾ ਤੇ ਭਾਈ ਗੁਰਜੰਟ ਸਿੰਘ ਰੁਪੋਵਾਲੀ ਆਪਣੇ ਆਪਣੇ ਪਿੰਡਾਂ ਨੂੰ ਚਲੇ ਗਏ ਸਨ। ਮੈਂ ਉਹਨਾਂ ਨੂੰ ਫੂਨ ਤੇ ਸਾਰੀ ਜਾਣੀਕਾਰੀ ਦੇ ਦਿੱਤੀ ਕਿ ਭਈ ਗੁਰਮੁਖੋ ਤਿਆਰੀ ਕਰ ਲਓ ਵੀਜ਼ੇ ਮਿਲ ਗਏ ਹਨ। ਭਾਈ ਸੁਖਵਿੰਦਰ ਸਿੰਘ ਦਦੇਹਰ ਹੁਰਾਂ ਕਿਹਾ ਕਿ ਭਾਈ ਗੁਰਜੀਤ ਸਿੰਘ ਬਠਿੰਡੇ ਵਾਲਿਆਂ ਦੀ ਸੇਵਾ ਲਗਾ ਦਿਓ ਕਿ ਦਿੱਲੀ ਤੋਂ ਪਾਸਪੋਰਟ ਲੈ ਆਉਣ। ੧੧-੬-੧੫ ਨੂੰ ਭਾਈ ਗੁਰਜੀਤ ਸਿੰਘ ਤੜਕੇ ਹੀ ਦਿੱਲੀ ਨੂੰ ਰਵਾਨਾ ਹੋ ਗਏ ਤੇ ਰਾਤ ਨੂੰ ਦਸ ਵਜੇ ਦਿੱਲੀ ਤੋਂ ਪਾਸਪੋਰਟ ਲੈ ਕੇ ਕਾਲਜ ਵਿਖੇ ਪਾਹੁੰਚ ਗਏ। ੧੨-੦੬- ੧੫ ਨੂੰ ਮੈਂ ਉਸ ਪਾਸੋਂ ਪਾਸਪੋਰਟ ਲਏ। ਸਾਰਿਆਂ ਦੇ ਵੀਜ਼ੇ ਲੱਗੇ ਦੇਖ ਕੇ ਤਸੱਲੀ ਪ੍ਰਗਟ ਕੀਤੀ ਕਿ ਅਸੀਂ ਹੁਣ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਬਹੁਤ ਚਾਅ ਚੜ੍ਹਿਆ ਹੋਇਆ ਸੀ। ਭਾਈ ਤਰਸੇਮ ਸਿੰਘ ਜੀ ਦੇ ਕਹਿਣ ਅਨੁਸਾਰ ਤੁਹਾਡੇ ਕੋਲ ਪੰਜ ਪੰਜ ਫੋਟੋਆਂ ਹੋਣੀਆਂ ਚਾਹੀਦੀਆਂ ਹਨ। ਇਹ ਸੁਨੇਹਾਂ ਮੈਂ ਰਾਤ ਹੀ ਸਾਰਿਆਂ ਪਹੁੰਚਾ ਦਿੱਤਾ ਸੀ।
ਉਂਜ ਬਾਹਰਲੇ ਮੁਲਕ ਵਿੱਚ ਜਾਣਾ ਹੋਵੇ ਤਾਂ ਤਿਆਰੀ ਹੋਰ ਤਰ੍ਹਾਂ ਦੀ ਹੁੰਦੀ ਹੈ ਪਰ ਪਾਕਿਸਤਾਨ ਜਾਣ ਦੀ ਤਿਆਰੀ ਲਈ ਕੋਈ ਬਹੁਤੇ ਸਮਾਨ ਦੀ ਲੋੜ ਨਹੀਂ ਸੀ। ਅਸੀਂ ਇੱਕ ਦੂਜੇ ਨੂੰ ਪੁੱਛ ਰਹੇ ਸੀ ਕਿ ਵਾਹਗਾ ਸਰਹੱਦ `ਤੇ ਕਿੰਨੇ ਵਜੇ ਜਾਣਾ ਹੈ, ਟ੍ਰੇਨ `ਤੇ ਜਾਣਾ ਹੈ ਜਾਂ ਬੱਸਾਂ `ਤੇ ਜਾਣਾ ਹੈ ਜਾਂ ਅੱਗੋਂ ਟ੍ਰੇਨ ਲੈ ਕੇ ਜਾਏਗੀ। ਇਸ ਬਾਰੇ ਸਾਨੂੰ ਅਗਾਂਹੂੰ ਕੋਈ ਸੂਚਨਾ ਨਹੀਂ ਸੀ। ਵੀਜ਼ਾ ਸਾਨੂੰ ਕੇਵਲ ਛਿਆਂ ਦਿਨਾਂ ਦਾ ਮਿਲਿਆ ਹੋਇਆ ਸੀ। ਇੱਕ ਇਹ ਵੀ ਸਵਾਲ ਆਉਂਦਾ ਸੀ ਕਿ ਕੀ ਏਨ੍ਹੇ ਥੋੜੇ ਸਮੇਂ ਵਿੱਚ ਅਸੀਂ ਸਾਰੇ ਗੁਰਧਾਮਾਂ ਦੇ ਦਰਸ਼ਨ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ? ਇਤ ਆਦਕ ਕਈ ਤਰ੍ਹਾਂ ਦੇ ਸਵਾਲ ਜਨਮ ਲੈ ਰਹੇ ਸਨ। ਭਾਂਵੇਂ ਮੈਨੂੰ ਪਾਕਿਸਤਾਨ ਗਿਆਂ ਨੂੰ ਤਿੰਨ ਦਹਾਕੇ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ ਪਰ ਅਖਬਾਰਾਂ ਰਾਂਹੀਂ ਪਤਾ ਲਗਦਾ ਰਹਿੰਦਾ ਸੀ ਕਿ ਪਾਕਿਸਤਾਨ ਜਾਣ ਵਾਲੇ ਜੱਥੇ ਨੂੰ ਹੋਰ ਗੁਰਦੁਆਂਰਿਆਂ ਦੇ ਦਰਸ਼ਨ ਕਰਨ ਦਾ ਸਰਕਾਰ ਪ੍ਰਬੰਧ ਕਰਦੀ ਹੈ। ਮੈਨੂੰ ਖਿਆਲ ਆਉਂਦਾ ਸੀ ਕਿ ਸਾਨੂੰ ਸਿੱਧਾ ਨਨਕਾਣਾ ਸਾਹਿਬ ਜਾਂ ਫਿਰ ਪੰਜਾ ਸਾਹਿਬ ਲਿਜਾਇਆ ਜਾਏਗਾ ਮੁੜਦੀ ਵਾਰੀ ਲਾਹੌਰ ਤੇ ਕਰਤਾਰਪੁਰ ਦੇ ਗਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਜਨੀ ਕਿ ਯਾਤਰਾ ਸਬੰਧੀ ਪੂਰੀ ਜਾਣਕਾਰੀ ਨਹੀਂ ਸੀ ਕਿਥੇ ਕਦੋਂ ਜਾਣਾ ਹੈ।
ਟੈਲੀਫੂਨ ਰਾਂਹੀਂ ਯਾਤਰਾ ਦੀ ਤਿਆਰੀ ਸਬੰਧੀ ਸਾਰੀ ਜਾਣਕਾਰੀ ਇੱਕ ਦੁਜੇ ਨੂੰ ਦਿੱਤੀ ਜਾਂਦੀ ਰਹੀ। ਧੂੰਦਾ ਜੀ ਨੇ ਕਿਹਾ ਕੇ ਮੇਰੇ ਪਾਸ ਸੁਖਵਿੰਦਰ ਸਿੰਘ ਆ ਜਣਗੇ ਤੁਸੀਂ ਜੰਡਿਆਲਾ ਟੋਲ ਪਲਾਜ਼ਾ `ਤੇ ਆ ਜਾਣਾ ਤੇ ਗੁਰਜੰਟ ਸਿੰਘ ਅੰਮ੍ਰਿਤਸਰ ਦੇ ਜਲੰਧਰ ਬਾਈਪਾਸ ਆ ਜਣਗੇ। ਮੈਂ ਸੁਖਬੀਰ ਸਿੰਘ ਨੂੰ ਕਿਹਾ ਕਿ ਸਵੇਰੇ ੮ ਵਜੇ ਮੈਨੂੰ ਅੰਮ੍ਰਿਤਸਰ ਛੱਡ ਆਈਂ। ਧੂੰਦਾ ਜੀ ਨਾਲ ਭਾਈ ਸੁਬੇਗ ਸਿੰਘ, ਸੋਨੀ ਤੇ ਇੱਕ ਸਿੰਘ ਹੋਰ ਸੀ। ਚਾਹ ਤੇ ਰੋਟੀਆਂ ਅਸੀਂ ਘਰੋਂ ਲੈ ਕੇ ਚੱਲੇ ਸਾਂ। ਬਿਆਸ ਲੰਘਦਿਆਂ ਸੁਖਬੀਰ ਸਿੰਘ ਨੇ ਕਿਹਾ ਤੁਸੀਂ ਪ੍ਰਸ਼ਾਦਾ ਛੱਕ ਲਓ ਤੇ ਅਸੀਂ ਵਾਪਸੀ ਤੇ ਛਕਾਂਗੇ। ਸਾਡੇ ਨਾਲ ਮੇਰਾ ਭਤੀਜਾ ਅਜੈਪਾਲ ਸਿੰਘ ਵੀ ਸੀ ਉਸ ਨੇ ਮੈਨੂੰ ਇੱਕ ਪ੍ਰਸ਼ਾਦਾ ਤੇ ਚਾਹ ਦਾ ਕੱਪ ਚਲਦੀ ਗੱਡੀ ਵਿੱਚ ਹੀ ਫੜਾ ਦਿੱਤਾ। ਅੰਬ ਦੇ ਅਚਾਰ ਨਾਲ ਇੱਕ ਪ੍ਰਸ਼ਾਦਾ ਛੱਕਿਆ ਤੇ ਚਾਹ ਪੀਂਦਿਆਂ ਪੰਜ ਕੁ ਮਿੰਟ ਦੇ ਵਕਫੇ ਨਾਲ ਅਸੀਂ ਜੰਡਿਆਲੇ ਵਾਲੇ ਟੋਲ ਪਲਾਜ਼ਾ ਨੇੜੇ ਪਾਹੁੰਚ ਗਏ। ਬਾਈਪਾਸ ਤੋਂ ਗੁਰਜੰਟ ਸਿੰਘ ਨੂੰ ਲਿਆ ਤੇ ਵਾਹਗਾ ਸਰਹੱਦ ਵਲ ਨੂੰ ਚੱਲ ਪਏ। ਅੰਮ੍ਰਿਤਸਰ ਦਾ ਬਾਈਪਾਸ ਬਹੁਤ ਵਧੀਆ ਬਣਿਆ ਹੋਇਆ ਹੈ।
ਮੇਰੇ ਪਾਸ ਪੰਜ ਫੋਟੋਆਂ ਸੀ ਪਰ ਮੇਰੇ ਸਾਥੀਆਂ ਪਾਸ ਫੋਟੋਆਂ ਨਹੀਂ ਸਨ ਇਸ ਲਈ ਅਟਾਰੀ ਪਹੁੰਚ ਕੇ ਅਸਾਂ ਫੋਟੋਆਂ ਵਾਲੀ ਦੁਕਾਨ ਦੀ ਤਲਾਸ਼ ਕਰਨੀ ਸ਼ੁਰੂ ਕੀਤੀ। ਪੂਰੀ ਗਰਮੀ ਵਾਲਾ ਮੌਸਮ ਸੀ ਪਰ ਬਦਲਵਾਈ ਬਣੀ ਹੋਈ ਸੀ। ਸਾਡੇ ਦੇਖਦਿਆਂ ਦੇਖਦਿਆਂ ਇੱਕ ਦਮ ਮੀਂਹ ਆ ਗਿਆ ਤੇ ਮੌਸਮ ਠੰਡਾ ਠੰਡਾ ਤੇ ਮਿੱਠਾ ਮਿੱਠਾ ਹੋ ਗਿਆ। ਅਖੀਰ ਇੱਕ ਦੁਕਾਨ ਮਿਲ ਗਈ ਜਿਸ ਵਿਚੋਂ ਮੇਰੇ ਸਾਥੀਆਂ ਨੇ ਆਪਣੀਆਂ ਫੋਟੋਆਂ ਕਰਵਾਈਆਂ। ਛੇਤੀ ਹੀ ਅਸੀਂ ਫੋਟੋਆਂ ਤੋਂ ਵਿਹਲੇ ਹੋ ਕੇ ਵਾਹਗਾ ਸਰਹੱਦ `ਤੇ ਪਹੁੰਚ ਗਏ।
੧੯੮੨ ਦਾ ਵਾਹਗਾ ਸਰਹੱਦ ਨੂੰ ਦੇਖਿਆ ਹੋਇਆ ਸੀ। ਹੁਣ ਬਿਲਕੁਲ ਤਬਦੀਲ ਹੋਇਆ ਨਜ਼ਰ ਆ ਰਿਹਾ ਸੀ। ਇਹ ਉਹ ਧਰਤੀ ਹੈ ਜਿੱਥੇ ੧੯੪੭ ਤੋਂ ਪਹਿਲਾਂ ਲੋਕ ਸਵੇਰੇ ਸਵੇਰੇ ਆਪਣਿਆਂ ਖੇਤਾਂ ਵਿੱਚ ਹਲ਼ ਵਹੁੰਣ ਲਈ ਜਾਂਦੇ ਸਨ। ਬੀਬੀਆਂ ਖੇਤਾਂ ਵਿੱਚ ਕੰਮ ਕਰਨ ਵਾਲਿਆਂ ਲਈ ਰੋਟੀਆਂ ਲੈ ਕੇ ਜਾਂਦੀਆਂ ਸਨ। ਕਈ ਵਾਰੀ ਤਾਂ ਏਦਾਂ ਦਾ ਸਮਾਂ ਵੀ ਆਉਂਦਾ ਸੀ ਜਦੋਂ ਬੰਦਾ ਅਂਮ੍ਰਿਤਸਰ ਸ਼ਹਿਰ ਕਿਸੇ ਕੰਮ ਆਇਆ ਹੋਵੇਗਾ ਤਾਂ ਉਸ ਨੂੰ ਕੋਈ ਹੋਰ ਕੰਮ ਯਾਦ ਆ ਗਿਆ ਤਾਂ ਬੰਦਾ ਸੋਚਦਾ ਹੋਣਾ ਏਂ ਕਿ ਹੁਣ ਮੈਂ ਘਰੋਂ ਤਾਂ ਨਿਕਲਿਆਂ ਹੀ ਹੋਇਆਂ ਹਾਂ, ਫਿਰ ਲਾਹੌਰ ਵਾਲਾ ਕੰਮ ਵੀ ਅੱਜ ਹੀ ਕਰ ਆਉਂਦਾ ਹਾਂ। ਅੱਜ ਓਸੇ ਲਾਹੌਰ ਨੂੰ ਜਾਣ ਲਈ ਹੀ ਬੰਦਸ਼ਾਂ ਪਾਰ ਕਰਨੀਆਂ ਪੈ ਰਹੀਆਂ ਹਨ। ਹਰ ਅਫ਼ਸਰ ਬੜੀਆਂ ਘੋਖਵੀਆਂ ਅੱਖਾਂ ਨਾਲ ਦੇਖ ਰਿਹਾ ਸੀ। ਵਾਹਗਾ ਸਰਹੱਦ ਤੋਂ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਇੱਕ ਹੀ ਕਿਰਸਾਨ ਦੇ ਖੇਤਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੋਵੇ। ਕੰਡਿਆਲੀ ਤਾਰ ਲਗਣ ਕਰਕੇ ਹੁਣ ਆਪਣੇ ਹੀ ਖੇਤ ਦੇ ਦੂਜੇ ਪਾਸੇ ਨਹੀਂ ਜਾ ਸਕਦਾ। ਕਈ ਕਿਰਸਾਨ ਅੱਜ ਵੀ ਆਪਣੇ ਖੇਤਾਂ ਵਲ ਨੂੰ ਮੱਥੇ ਤੇ ਹੱਥ ਰੱਖ ਕੇ ਦੇਖਦੇ ਹਨ ਕਿ ਔਹ ਸਾਡਾ ਹੀ ਖੇਤ ਸੀ ਜੋ ਹੁਣ ਦੂਸਰੇ ਦੇਸ਼ ਦਾ ਹਿੱਸਾ ਬਣ ਗਿਆ ਹੈ। ਕੰਡਿਆਲੀ ਤਾਰ ਨੇ ਦੋ ਖੇਤਾਂ ਨੂੰ ਨਹੀਂ ਵੰਡਿਆ ਸਗੋਂ ਦੋ ਦਿੱਲਾਂ ਵਿੱਚ ਚੀਰ ਪਾਇਆ ਹੈ। ਇੱਕ ਸਰੀਰ ਦੇ ਦੋ ਟੁਕੜੇ ਕੀਤੇ ਹਨ। ਪੰਜਾਬ ਦੀ ਗੈਰ ਕੁਦਰਤੀ ਵੰਡ ਦੇ ਦਰਦ ਨੂੰ ਭਾਰਤ ਦੇ ਬਾਕੀ ਸੂਬੇ ਨਹੀਂ ਮਹਿਸੂਸ ਕਰ ਸਕਦੇ। ਇਕੋ ਜੇਹੀ ਧਰਤੀ ਇਕੋ ਜੇਹੇ ਲੋਕ ਇਕੋ ਜੇਹੀ ਬੋਲੀ ਦੇਖ ਕੇ ਅੰਦਰਲੀ ਚੀਸ ਨੂੰ ਦਬਾਇਆਂ ਵੀ ਨਹੀਂ ਦਬਾਇਆ ਜਾ ਸਕਦਾ। ਅਸੀਂ ਆਪਸ ਵਿੱਚ ਪਿਆਰ ਨਾਲ ਰਹਿੰਦੇ ਹੋਏ ਵੀ ਇੱਕ ਦੂਜੇ ਲਈ ਓਪਰਿਆਂ ਵਰਗੇ ਹੋ ਗਏ ਹਾਂ ਇਸ ਅਣਦਿਸਦੇ ਦਰਦ ਨੂੰ ਕੋਈ ਮੋਮਬੱਤੀਆਂ ਜਗਾ ਕੇ ਕੋਈ ਸਦ ਭਾਵਨਾ ਦੀਆਂ ਬੈਠਕਾਂ ਬੁਲਾ ਕੇ ਤੇ ਕੋਈ ਕਦੇ ਕਦੇ ਅਖਬਾਰੀ ਬਿਆਨ ਦੇ ਕੇ ਮਨ ਨੂੰ ਤਸੱਲੀਆਂ ਦੇ ਲੈਂਦਾ ਹੈ ਕਿ ਕਦੇ ਅਸੀਂ ਇਕੋ ਹੁੰਦੇ ਸੀ। ਹਰ ਬੰਦੇ ਨੂੰ ਆਪਣੀ ਜਨਮ ਭੋਂਇ ਨਾਲ ਦਿਲੀ ਪਿਆਰ ਹੁੰਦਾ ਹੈ ਜੋ ਕਿਸੇ ਲੇਖ ਦਾ ਮੁਥਾਜ ਨਹੀਂ ਹੈ।
ਮਨ ਵਿੱਚ ਕਈ ਉਤਰਾਅ ਚੜਾਅ ਆ ਰਹੇ ਸਨ। ਸਾਡੀ ਗੱਡੀ ਗੇਟ ਵਲ ਨੂੰ ਵੱਧ ਰਹੀ ਸੀ। ਇਹਨਾਂ ਸੋਚਾਂ ਵਿੱਚ ਡੁਬੇ ਹੋਏ ਨੂੰ ਓਦੋਂ ਪਤਾ ਲੱਗਿਆ ਜਦੋਂ ਗੱਡੀ ਨੇ ਬਰੇਕ ਲਗਾਈ ਤੇ ਗੇਟ `ਤੇ ਖਲੋਤੇ ਹੋਏ ਸੰਤਰੀ ਨੇ ਕਿਹਾ ਭਾਈ ਸਾਹਿਬ ਆਪਣੇ ਪਾਸਪੋਰਟ ਦਿਖਾਓ। ਸਰਹੱਦ ਦੇ ਪਹਿਲੇ ਗੇਟ `ਤੇ ਪਾਸਪੋਰਟ ਦੀ ਪਹਿਲੀ ਐਂਟਰੀ ਕਰਾਉਣ ਨੂੰ ਕਿਹਾ ਗਿਆ। ਏਥੋਂ ਹੀ ਦੂਸਰੇ ਮੁਲਕ ਵਿੱਚ ਜਾਣ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਅਸੀਂ ਗੱਡੀ ਵਿੱਚ ਹੀ ਅਗਾਂਹ ਨੂੰ ਚਲ ਪਏ ਅਸੀਂ ਸ਼ਾਇਦ ਬਹੁਤਿਆਂ ਨਾਲੋਂ ਕਾਫ਼ੀ ਪਹਿਲਾਂ ਆ ਗਏ ਸੀ। ਇਮੀਗ੍ਰੇਸ਼ਨ ਦੇ ਦਫ਼ਤਰ ਤੋਂ ਪਹਿਲਾਂ ਇੱਕ ਸ਼ੈੱਡ ਬਣਿਆ ਹੋਇਆ ਹੈ ਇਸ ਥਾਂ `ਤੇ ਸਾਰਿਆਂ ਨੂੰ ਇਕੱਠਿਆਂ ਹੋਣ ਲਈ ਕਿਹਾ ਜਾ ਰਿਹਾ ਸੀ। ਅਸੀਂ ਭਾਈ ਤਰਸੇਮ ਸਿੰਘ ਜੀ ਨੂੰ ਟੈਲੀਫੂਨ ਕੀਤਾ ਕਿ “ਅਸੀਂ ਸਰਹੱਦ `ਤੇ ਪਹੁੰਚ ਗਏ ਹਾਂ”। ਉਹਨਾਂ ਨੇ ਕਿਹਾ ਕਿ “ਤੁਸੀਂ ਆਪਣੀ ਕਾਗ਼ਜ਼ੀ ਕਾਰਵਾਈ ਪੂਰੀ ਕਰੋ ਤੇ ਅੱਗੇ ਚਲੇ ਜਾਓ ਤੇ ਓੱਥੇ ਅੱਗੇ ਜਾ ਕੇ ਸਾਰੇ ਇਕੱਠੇ ਹੋਵਾਂਗੇ। ਸਾਡੇ ਦੇਖਿਦਿਆਂ ੨ ਇੱਕ ਦਮ ਯਾਤਰੂਆਂ ਦੀ ਭੀੜ ਇਕੱਠੀ ਹੋ ਗਈ। ਏਨੇ ਚਿਰ ਨੂੰ ਸਰਨਾ ਜੀ ਵੀ ਪਹੁੰਚ ਗਏ ਤੇ ਸਾਨੂੰ ਅਵਾਜ਼ ਮਾਰ ਕੇ ਕਹਿਣ ਲੱਗੇ ਕਿ ਭਾਈ ਸਾਹਿਬ ਜੀ ਤੁਸੀਂ ਅੱਗੇ ਆ ਜਾਓ। ਗੇਟ ਤੇ ਪੂਰਾ ਧੱਕਾ ਚੱਲ ਰਿਹਾ ਸੀ ਹਰੇਕ ਨੂੰ ਕਾਹਲ ਸੀ, ਸਭ ਤੋਂ ਪਹਿਲਾਂ ਜਾਣ ਦੀ। ਏੱਥੇ ਸਾਡੇ ਪਾਸੋਂ ਵੀ ਇੱਕ ਭੁੱਲ ਹੋ ਗਈ ਸੀ ਕਿ ਅਸੀਂ ਬਿਨਾ ਕਿਸੇ ਕਾਰਨ ਸ਼ੈਡ ਥੱਲੇ ਬੈਠ ਕੇ ਆਪਸ ਵਿੱਚ ਗੱਲਾਂ ਕਰਨ ਲੱਗ ਪਏ। ਸਾਡੇ ਵਾਂਗ ਦਿੱਲੀ ਤੋਂ ਇੱਕ ਰਾਗੀ ਜੱਥਾ ਵੀ ਆਇਆ ਹੋਇਆ ਸੀ ਉਹਨਾਂ ਨੂੰ ਸ਼ਾਇਦ ਪਤਾ ਹੋਵੇਗਾ ਕਿ ਗੇਟ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਇਸ ਲਈ ਉਹ ਜਲਦੀ ਨਾਲ ਅੱਗੇ ਚਲੇ ਗਏ। ਅਸੀਂ ਥੋੜਾ ਬਿਨਾ ਵਜਾ ਹੀ ਦੇਰ ਕਰ ਬੈਠੇ। ਸਰਨਾ ਜੀ ਨੇ ਗੇਟ ਤੇ ਤਾਇਨਾਤ ਅਧਿਕਾਰੀ ਨੂੰ ਸਾਡੀ ਤੇ ਕਾਰਸੇਵਾ ਵਾਲੇ ਬਾਬਿਆਂ ਦੀ ਪਛਾਣ ਦੱਸੀ ਤੇ ਸਾਨੂੰ ਸੁਰੱਖਿਆ ਅਧਿਕਾਰੀਆਂ ਨੇ ਅੱਗੇ ਜਾਣ ਦਿੱਤਾ।
ਏੱਥੇ ਅਸਾਂ ਤਿੰਨ ਪਰਕਾਰ ਦੀ ਊਣਤਾਈਆਂ ਦੇਖੀਆਂ ਸਨ, ਜਿਸ ਕਰਕੇ ਯਾਤਰੂਆਂ ਨੂੰ ਬਿਨਾ ਵਜਾ ਪਰੇਸ਼ਾਨੀਆਂ ਝੱਲਣੀਆਂ ਪਈਆਂ। ਪਹਿਲੀ ਊਣਤਾਈ ਸੁਰੱਖਿਆ ਅਧਿਆਰੀਆਂ ਦੀ ਜਿੰਨ੍ਹਾਂ ਨੇ ਕੋਈ ਪਹਿਲਾਂ ਆਇਆਂ ਦੀ ਕਤਾਰ ਨਹੀਂ ਲਗਵਾਈ। ਏੱਥੇ ਆਏ ਯਾਤਰੂਆਂ ਦਾ ਕੋਈ ਕੰਟਰੋਲ ਨਹੀਂ ਕੀਤਾ। ਸ਼ੈੱਡ ਥੱਲੇ ਬੈਠੇ ਸਾਰੇ ਯਾਤਰੂ ਆਪਣੇ ਆਪ ਹੀ ਵਹੀਰ ਬਣ ਕੇ ਗੇਟ ਦੇ ਜਾ ਖਲੋਤੇ। ਗੇਟ ਤੇ ਇੱਕ ਦਮ ਰਸ਼ ਪੈ ਗਿਆ। ਦੂਸਰਾ ਗੇਟ ਦੇ ਅੰਦਰ ਜਿੱਥੇ ਪਾਸਪੋਰਟ ਦੀ ਐਂਟਰੀ ਕੀਤੀ ਜਾ ਰਹੀ ਸੀ ਓੱਥੇ ਕੇਵਲ ਦੋ ਕਲਰਕ ਹੀ ਬੈਠੇ ਹੋਏ ਸਨ। ਉਹਨਾਂ ਪਾਸ ਪਾਸਪੋਰਟ ਦੀਆਂ ਕਾਪੀਆਂ ਸਨ ਤੇ ਚਾਰ ਪੰਜ ਕਾਲਮ ਲਿਖਦਿਆਂ ਸਮਾਂ ਲਗਦਾ ਸੀ ਪਰ ਕਤਾਰ ਵਿੱਚ ਨਾ ਤਾਂ ਲੋਕ ਹੀ ਲਗਣ ਲਈ ਤਿਆਰ ਸਨ ਤੇ ਨਾ ਹੀ ਸੁਰੱਖਿਆ ਕਰਮੀਆਂ ਵਲੋਂ ਕੋਈ ਪ੍ਰਬੰਧ ਕੀਤਾ ਹੋਇਆ ਸੀ। ਇਸ ਮੇਜ਼ `ਤੇ ਪੂਰੀ ਕਾਂਵਾਂ ਰੌਲ਼ੀ ਮੱਚੀ ਹੋਈ ਸੀ। ਪੂਰਾ ਪਰਬੰਧ ਨਾ ਹੋਣ ਕਰਕੇ ਏੱਥੇ ਮੇਜ਼ ਦੁਆਲੇ ਪੂਰਾ ਝੁਰਮਟ ਪਿਆ ਹੋਇਆ ਸੀ। ਜਿੰਨਾਂ ਚਿਰ ਕਾਗਜ਼ ਨਹੀਂ ਭਰੇ ਜਾਂਦੇ ਸਨ ਓਨਾ ਚਿਰ ਏਥੱੋਂ ਬੰਦਾ ਅੱਗੇ ਨਹੀਂ ਜਾ ਸਕਦਾ ਸੀ। ਜੇ ਯਾਤਰੂ ਅੱਗੇ ਨਹੀਂ ਜਾ ਸਕਦਾ ਸੀ ਤਾਂ ਓਨਾ ਓਨਾ ਚਿਰ ਯਾਤਰੂ ਬਾਹਰੋਂ ਅੰਦਰ ਦਾਖਲ ਨਹੀਂ ਹੋ ਸਕਦਾ ਸੀ। ਸਭ ਤੋਂ ਵੱਡੀ ਰੁਕਾਵਟ ਏੱਥੇ ਹੀ ਸੀ। ਏੱਥੇ ਘੱਟੋ ਘੱਟ ਪੰਜ ਸੱਤ ਕਲਰਕ ਹੋਣੇ ਚਾਹੀਦੇ ਸਨ ਤਾਂ ਕਿ ਭੀੜ ਜਮ੍ਹਾ ਨਾ ਹੁੰਦੀ। ਦੂਜੇ ਪਾਸੇ ਇਮੀਗ੍ਰੇਸ਼ਨ ਵਾਲੇ ਅਫਸਰ ਵਿਹਲੇ ਬੈਠੇ ਹੋਏ ਸਨ ਤੀਜਾ ਕਾਰਨ ਯਾਤਰੂਆਂ ਦੀ ਬੇਸਬਰੀ ਸੀ। ਯਾਤਰੂ ਵੀ ਪੂਰਾ ਸਹਿਯੋਗ ਨਹੀਂ ਦੇ ਰਹੇ ਸਨ। ਕੋਈ ਯਾਤਰੂ ਕਤਾਰ ਵਿੱਚ ਲਗਣ ਲਈ ਤਿਆਰ ਨਹੀਂ ਸੀ।
ਹਰ ਬੰਦੇ ਨੂੰ ਇੱਕ ਅਜੀਬ ਜੇਹੀ ਕਾਹਲ ਲੱਗੀ ਹੋਈ ਦਿਸਦੀ ਸੀ। ਅਧਿਕਾਰੀ ਆਪਣੀ ਹੀ ਚਾਲ ਨਾਲ ਕੰਮ ਕਰਦੇ ਦਿਖਾਈ ਦੇ ਰਹੇ ਸਨ। ਗੇਟ ਤੇ ਬੇ-ਲੋੜਾ ਰਸ਼ ਪਿਆ ਹੋਇਆ ਸੀ। ਅਖੀਰ ਅਧਿਕਾਰੀ ਏੱਥੋਂ ਤੱਕ ਕਹਿਣ ਲਈ ਮਜ਼ਬੂਰ ਹੋਏ ਕਿ ਸਾਰੇ ਗੇਟ ਬੰਦ ਕਰ ਦਿੱਤੇ ਹਨ ਕਿਰਪਾ ਕਰਕੇ ਸਾਰੇ ਸ਼ੈਡ ਥੱਲੇ ਚਲੇ ਜਾਓ। ਇਹ ਸਾਰੀ ਗਲਤੀ ਵਾਹਗਾ ਸਰਹੱਦ ਦੇ ਅਫਸਰਾਂ ਦੀ ਹੀ ਸੀ ਜਿੰਨਾਂ ਨੇ ਅਗਾਂਹੂੰ ਪੁਖਤਾ ਪ੍ਰਬੰਧ ਨਹੀਂ ਕੀਤਾ ਸੀ। ਅਖੀਰ ਪਤਾ ਨਹੀਂ ਕਿਵੇਂ ਹੋਇਆ ਪਰ ਪਾਕਿਸਾਤਨ ਵਾਲੇ ਪਾਸੇ ਜਦੋਂ ਦੇਖਿਆ ਤਾਂ ਸਾਰੇ ਯਾਤਰੂ ਆ ਗਏ ਲਗਦੇ ਸਨ। ਕਿਸੇ ਨੂੰ ਵੀ ਨਹੀਂ ਰੋਕਿਆ ਗਿਆ ਸੀ। ਸਾਰੇ ਪ੍ਰਬੰਧ ਦੀ ਜ਼ਿੰਮੇਵਾਰੀ ਸੁਰੱਖਿਆ ਅਧਿਕਾਰੀਆਂ ਦੀ ਬਣਦੀ ਸੀ। ਗੇਟ ਬੰਦ ਕਰਨ ਨਾਲ ਕਦੇ ਮਸਲਾ ਹੱਲ ਨਹੀਂ ਹੋ ਸਕਦਾ। ਕਾਰਸੇਵਾ ਵਾਲੇ ਬਾਬੇ ਰਾਗੀ ਜੱਥਾ ਤੇ ਸਾਨੂੰ ਅਧਿਕਾਰੀਆਂ ਨੇ ਕੋਈ ਬਹੁਤੇ ਸਵਾਲ ਜੁਆਬ ਨਹੀਂ ਕੀਤੇ ਸਨ, ਸਾਹਿਜ ਨਾਲ ਹੀ ਇਮੀਗ੍ਰੇਸ਼ਨ ਦਾ ਕੰਮ ਹੋ ਗਿਆ।
ਇਮੀਗਰੇਸ਼ਨ ਅਧਿਕਾਰੀਆਂ ਨੇ ਆਪਣੀਆਂ ਮਸ਼ੀਨਾਂ ਨਾਲ ਪਾਸਪੋਰਟ ਮਿਲਾਏ ਸਨ, ਮਸ਼ੀਨਾਂ ਨੇ ਹਾਂ ਕੀਤੀ ਤਾਂ ਠੱਕ ਕਰਕੇ ਦੋ ਠੱਪੇ ਲਗਾਏ ਤੇ ਅੱਗੇ ਵਲ ਨੂੰ ਤੋਰ ਦਿੱਤਾ। ਅੱਗੇ ਸਾਡੇ ਸਮਾਨ ਨੂੰ ਇੱਕ ਮਸ਼ੀਨ ਵਿਚੋਂ ਦੀ ਲੰਘਾਇਆ ਗਿਆ। ਇੰਜ ਬੰਦ ਬੈਗਾਂ ਵਿਚਲੇ ਸਮਾਨ ਨੂੰ ਅਧਿਕਾਰੀਆਂ ਦੀਆਂ ਮਸ਼ੀਨਾਂ ਨੇ ਪੂਰੀ ਟੋਅ ਨਾਲ ਅੰਦਰਲੇ ਸਮਾਨ ਨੂੰ ਵਾਚਿਆ। ਅਧਿਕਾਰੀਆਂ ਦੀ ਤਸੱਲੀ ਹੋਈ ਤੇ ਮਸ਼ੀਨਾਂ ਦੀ ਹਾਂ ਹੋਣ `ਤੇ ਸਾਨੂੰ ਅੱਗੇ ਵਲ ਨੂੰ ਖਿਸਕਾ ਦਿੱਤਾ। ਇਸ ਦੇ ਅੱਗੇ ਕਸਟਮ ਅਧਿਕਾਰੀਆਂ ਨੇ ਸਾਡੇ ਬੈਗਾਂ ਵਲ ਫਿਰ ਨਿਗਾਹ ਮਾਰੀ ਤੇ ਸਮਾਨ ਸਾਡੇ ਹੱਥ ਫੜਾਉਣ ਤੋਂ ਪਹਿਲਾਂ ਉਹਨਾਂ ਨੇ ਸਰਸਰੀ ਤੌਰ `ਤੇ ਪੁੱਛਿਆ, ਕਿ ਤੁਹਾਡੇ ਪਾਸ ਕਿਹੜਾ ਕਿਹੜਾ ਸਮਾਨ ਹੈ? ਅਸਾਂ ਦੱਸਿਆ ਕਿ ਕੇਵਲ ਗਲ਼ ਪਹਿਨਣ ਵਾਲੇ ਕਪੜੇ ਹੀ ਹਨ। ਉਹਨਾਂ ਨੂੰ ਜਦੋਂ ਪੂਰਾ ਯਕੀਨ ਹੋ ਗਿਆ ਤਾਂ ਸਾਨੂੰ ਅੱਗੇ ਜਾਣ ਦੀ ਆਗਿਆ ਮਿਲ ਗਈ। ਆਪਣੇ ਮੁਲਕ ਦੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋਣ `ਤੇ ਮਨ ਵਿੱਚ ਖੁਸ਼ੀ ਹੋਈ ਕਿ ਚਲੋ ਸਵੇਰ ਦੇ ਚਲੇ ਹਾਂ ਕਿਸੇ ਪਾਸੇ ਤਾਂ ਲੱਗੇ। ਏੱਥੇ ਬੱਸ ਦਾ ਇੰਤਜ਼ਾਰ ਕਰਨ ਲਈ ਕਿਹਾ ਗਿਆ। ਏੱਥੇ ਹੀ ਇਮੀਗ੍ਰੇਸ਼ਨ ਵਿਭਾਗ ਵਲੋਂ ਚਾਹ ਦੀ ਕੈਨੀ ਰੱਖੀ ਹੋਈ ਸੀ। ਭਾਈ ਗੁਰਜੰਟ ਸਿੰਘ ਤੇ ਭਾਈ ਸੁਖਵਿੰਦਰ ਸਿੰਘ ਸਾਰਾ ਸਮਾਨ ਚੈੱਕ ਕਰਾ ਰਹੇ ਸਨ ਤੇ ਮੈਂ ਤੇ ਧੂੰਦਾ ਜੀ ਕੁਰਸੀਆਂ ਤੇ ਬੈਠੈ ਹੋਏ ਸੀ। ਮੈਂ ਚਾਹ ਦੀਆਂ ਪਿਆਲੀਆਂ ਲੈ ਆਇਆ ਜਿਸ ਦੀ ਸਾਨੂੰ ਜ਼ਰੂਰਤ ਸੀ। ਚਾਹ ਪੀਦਿਆਂ ਇੱਕ ਬੱਸ ਸਾਡੇ ਤੋਂ ਪਹਿਲਾਂ ਬੈਠੀਆਂ ਸਵਾਰੀਆਂ ਨੂੰ ਲੈ ਕੇ ਅਗਲੇ ਗੇਟ ਵਲ ਨੂੰ ਚਲੀ ਗਈ। ਚਾਹ ਪੀਦਆਂ ਪੀਦਿਆਂ ਦੂਜੀ ਬੱਸ ਆ ਗਈ। ਅਸੀਂ ਚੰਗੇ ਸ਼ਹਿਰੀਆਂ ਵਾਂਗ ਕਤਾਰ ਵਿੱਚ ਖੜੇ ਹੋ ਗਏ। ਸਾਡਾ ਸਮਾਨ ਕਸਟਮ ਦੇ ਕੁੱਲੀਆਂ ਵਲੋਂ ਬੱਸ ਦੇ ਮਗਰ ਬਣੇ ਖੁਡੇ ਵਿੱਚ ਰੱਖਿਆ ਗਿਆ ਤੇ ਅਸੀਂ ਬੱਸ ਵਿੱਚ ਬੈਠ ਗਏ। ਸਵਾਰੀਆਂ ਦੀ ਗਿਣਤੀ ਕੀਤੀ ਗਈ ਨਾਲ ਹੀ ਕੁਲੀ ਬੈਠ ਗਏ। ਮੁਲਕ ਦੀ ਅਖੀਰਲੀ ਸਰਹੱਦ ਪਾਰ ਕਰਨ ਲਈ ਅੱਗੇ ਚਲ ਪਏ। ਥਾਂ ਥਾਂ `ਤੇ ਹੱਥਾਂ ਵਿੱਚ ਅਗਨਸ਼ਾਸ਼ਤਰ ਫੜੀ ਸੁਰੱਖਿਆ ਅਧਿਕਾਰੀ ਆਪਣੀ ਸੇਵਾ ਨਿਭਾਹੁੰਦੇ ਨਜ਼ਰ ਆ ਰਹੇ ਸਨ। ਬਿਨਾ ਵਜਾ ਉਹ ਕਿਸੇ ਨੂੰ ਕੁੱਝ ਵੀ ਨਹੀਂ ਬੋਲਦੇ ਸਨ। ਕਈ ਅਫ਼ਸਰ ਦੁਰੋਂ ਬੁੱਲਾਂ ਦੀ ਮੁਸਕਰਾਹਟ ਨਾਲ ਅੱਖਾਂ ਨਾਲ ਅੱਖਾ ਮਿਲਾ ਲੈਂਦੇ ਸਨ। ਸੁਰੱਖਿਆ ਕਾਰਨਾ ਕਰਕੇ ਕੋਈ ਕਿਸੇ ਨਾਲ ਬਹੁਤੀ ਖੁਲ੍ਹ ਕੇ ਗੱਲ ਕਰਨ ਲਈ ਤਿਆਰ ਨਹੀਂ ਸੀ। ਉਂਜ ਮਨ ਕਰਦਾ ਸੀ ਕਿ ਇਹਨਾਂ ਪਾਸ ਜਾ ਕੇ ਇਹਨਾਂ ਦਾ ਹਾਲ ਚਾਲ ਪੁੱਛਿਆ ਜਾਏ। ਇਹ ਵੀ ਸਾਡੇ ਹੀ ਭਰਾ ਹਨ। ਇਹਨਾਂ ਕੋਲੋਂ ਇਹਨਾਂ ਦੇ ਪਰਵਾਰ ਦਾ ਹਾਲ ਪੁੱਛਿਆ ਜਾਏ ਪਰ ਬੰਦਸ਼, ਬੰਦਸ਼ ਹੀ ਹੁੰਦੀ ਹੈ ਤੇ ਅਸੀਂ ਵੀ ਉਸ ਜਾਬਤੇ ਨੂੰ ਪਾਰ ਨਹੀਂ ਕਰ ਸਕਦੇ ਸੀ।
ਥੋੜੀ ਜੇਹੀ ਵਾਟ ਨੂੰ ਬੱਸ ਨੇ ਕੁੱਝ ਚੌਂਹਾਂ ਮਿੰਟਾਂ ਵਿੱਚ ਹੀ ਪੂਰਾ ਕਰ ਲਿਆ। ਚੌਂਹ ਕੁ ਮਿੰਟਾਂ ਉਪਰੰਤ ਸਾਨੂੰ ਕਹਿੰਦੇ ਕਿ ਉਤਰੋ ਜੀ ਤੁਹਾਡਾ ਅੱਡਾ ਆ ਗਿਆ ਹੈ। ਬੱਸ ਦੇ ਖੁੱਡੇ ਵਿਚੋਂ ਕੁੱਲੀ ਨੇ ਸਾਡਾ ਸਮਾਨ ਬਾਹਰ ਕੱਢਿਆ ਤੇ ਸਾਡੇ ਹੱਥ ਫੜਾ ਦਿੱਤਾ। ਏੱਥੇ ਫਿਰ ਇੱਕ ਅਧਿਕਾਰੀ ਨੇ ਸਾਡੇ ਪਾਸਪੋਰਟ ਦੇਖੇ ਤੇ ਸਾਨੂੰ ਅੱਗੇ ਜਾਣ ਦਿੱਤਾ। ਇਹ ਉਹ ਥਾਂ ਸੀ ਜਿੱਥੇ ਹਰ ਰੋਜ਼ ਸ਼ਾਮ ਨੂੰ ਦੋਹਾਂ ਮੁਲਕਾਂ ਦੇ ਸਿਪਾਹੀ ਛਾਤੀਆਂ ਤਾਣਦਿਆਂ ਪੂਰੀ ਦਹਿਸ਼ਤ ਨਾਲ ਇੱਕ ਦੁਜੇ ਨੂੰ ਡਰਾਉਂਦਿਆਂ, ਪੂਰੀਆਂ ਲਾਲ ਅੱਖਾਂ ਕੱਢਦਿਆਂ ਹੋਇਆਂ ਆਪੋ ਆਪਣੇ ਮੁਲਕਾਂ ਦੇ ਝੰਡਿਆਂ ਨੂੰ ਉਤਾਰਨ ਦੀ ਰਸਮ ਅਦਾ ਕੀਤੀ ਜਾਂਦੀ ਹੈ। ਝੰਡਾ ਉਤਾਰਨ ਸਮੇਂ ਤਾਂ ਇੰਝ ਲੱਗਦਾ ਹੈ ਕਿ ਸ਼ਾਇਦ ਇਹ ਕਿਤੇ ਹੁਣੇ ਲੜ ਹੀ ਨਾ ਪੈਣ ਪਰ ਏਦਾਂ ਹੁੰਦਾ ਨਹੀਂ ਹੈ। ਇਹਨਾਂ ਦੇ ਪੈਰਾਂ ਦਾ ਖੜਾਕ ਪੂਰੀ ਕੜਵਾਹਟ ਵਾਲਾ ਹੁੰਦਾ ਹੈ। ਦੋਹਾਂ ਮੁਲਕਾਂ ਦੇ ਲੋਕ ਇਸ ਰਸਮ ਨੂੰ ਦੇਖਣ ਲਈ ਸਮੇਂ ਤੋਂ ਪਹਿਲਾਂ ਹੀ ਆ ਕੇ ਬੈਠ ਜਾਂਦੇ ਹਨ। ਆਪਣੋ ਆਪਣੇ ਮੁਲਕ ਦੇ ਨੋਜਵਾਨਾਂ ਦਾ ਹੌਂਸਲਾ ਵਧਾਉਣ ਲਈ ਤਾੜੀਆਂ ਮਾਰੀਆਂ ਜਾਂਦੀਆਂ ਹਨ। ਦੋਹਾਂ ਮੁਲਕਾਂ ਨੇ ਗੇਟ ਬਣਾਏ ਹੋਏ ਹਨ। ਵਿਚਕਾਰ ਇੱਕ ਚਿੱਟੇ ਰੰਗ ਦੀ ਲੀਕ ਖਿੱਚੀ ਹੋਈ ਹੈ। ਜਿਸ ਨੂੰ ਜ਼ੀਰੋ ਲਾਈਨ ਆਖਦੇ ਹਨ। ਕੁੱਲੀ ਇਸ ਲੀਕ ਤੇ ਹੀ ਸਮਾਨ ਰੱਖ ਦੇਂਦੇ ਹਨ ਅੱਗੋ ਆਪਣੇ ਆਪਣੇ ਮੁਲਕ ਦਾ ਕੁੱਲੀ ਸਮਾਨ ਉਠਾ ਲੈਂਦਾ ਹੈ। ਕਈ ਮੁਸਾਫ਼ਰ ਆਪਣਾ ਸਮਾਨ ਆਪੇ ਹੀ ਓਠਾ ਕੇ ਲਿਜਾਂਦੇ ਹਨ। ਅਸੀਂ ਵੀ ਆਪਣਾ ਸਮਾਨ ਆਪੇ ਹੀ ਚੁੱਕਿਆ ਹੋਇਆ ਸੀ।
ਆਪਣੇ ਮੁਲਕ ਦੇ ਅਧਿਕਾਰੀਆਂ ਨੂੰ ਪਾਸਪੋਰਟ ਦਿਖਾਉਂਦਿਆਂ ਹੋਇਆਂ ਹੁਣ ਦੂਜੇ ਮੁਲਕ ਦੇ ਅਧਿਕਾਰੀਆਂ ਨੂੰ ਪਾਸ ਪੋਰਟ ਦਿਖਾਉਣੇ ਸ਼ੁਰੂ ਕਰ ਦਿੱਤੇ। ਪਾਕਿਸਤਾਨ ਦੇ ਗੇਟ ਤੋਂ ਥੋੜਾ ਜੇਹਾ ਹੱਟਵਾਂ ਕਈ ਆਲਾ ਅਫ਼ਸਰ ਹਰ ਆਏ ਮਹਿਮਾਨ ਨੂੰ ਪੁਰੇ ਸਲੀਕੇ ਨਾਲ ਠੇਠ ਪੰਜਾਬੀ ਵਿੱਚ ਜੀ ਆਇਆਂ ਆਖਦੇ ਸਨ। ਨਿੱਕੇ ਅਫ਼ਸਰ ਤੋਂ ਲੈ ਕੇ ਵੱਡੇ ਅਫ਼ਸਰਾਂ ਦਾ ਇੱਕ ਪੂਰਾ ਜਮਘਟਾ ਇਕੱਠਾ ਹੋਇਆ ਨਜ਼ਰ ਆ ਰਿਹਾ ਸੀ। ਪਾਕਿਸਤਾਨ ਦਾ ਪੂਰਾ ਮੀਡੀਆ ਵੀ ਏੱਥੇ ਖੜਾ ਦਿਸਦਾ ਸੀ। ਕਈਆਂ ਨਾਲ ਉਹ ਗੱਲਬਾਤ ਵੀ ਕਰਦੇ ਸਨ। ਇੱਕ ਅਫ਼ਸਰ ਨੇ ਪਾਸਪੋਰਟ ਦੇਖੇ ਤੇ ਅੱਗੇ ਜਾਣ ਦੀ ਹਾਮੀ ਭਰ ਦਿੱਤੀ। ਤਿੰਨ ਦਹਾਕੇ ਪਹਿਲਾਂ ਜਿਸ ਥਾਂ `ਤੇ ਲੰਗਰ ਲੱਗਿਆ ਹੋਇਆ ਸੀ ਅੱਜ ਓੱਥੇ ਠੰਡੇ ਪਾਣੀ ਗੁੜ ਤੇ ਖੰਡ ਦੀਆਂ ਦੋ ਛਬੀਲਾਂ ਲੱਗੀਆਂ ਹੋਈਆਂ ਸਨ। ਠੰਡੇ ਪਾਣੀ ਵਿੱਚ ਸਾਬੂਦਾਣਾ ਪਾਇਆ ਹੋਇਆ ਸੀ। ਛਬੀਲ ਵਰਤਾਉਣ ਵਾਲੇ ਮੁਸਲਮਾਨ ਵੀਰਾਂ ਨੇ ਆਪਣੇ ਸਿਰ ਖੰਡੇ ਵਾਲੇ ਰੁਮਾਲਾਂ ਨਾਲ ਢੱਕੇ ਹੋਏ ਹਨ। ਏੱਥੇ ਆਪਣੀ ਫੋਟੋ ਸਮੇਤ ਇੱਕ ਫਾਰਮ ਭਰ ਕੇ ਦੇਣਾ ਸੀ। ਇਹ ਫਾਰਮ ਦੇਣ ਨਾਲ ਸ਼ਨਾਖ਼ਤੀ ਕਾਰਡ ਬਣਾ ਕੇ ਦਈ ਜਾਂਦੇ ਸਨ। ਇਹ ਹਦਾਇਤ ਵੀ ਕਰੀ ਜਾਂਦੇ ਸਨ ਕਿ ਇਸ ਸ਼ਨਾਖਤੀ ਕਾਰਡ ਨੂੰ ਹਰ ਵੇਲੇ ਆਪਣੇ ਗਲ਼ ਵਿੱਚ ਹੀ ਲਟਕਾਈ ਰੱਖਣਾ ਹੈ। ਜਿਸ ਕਿਸੇ ਨੂੰ ਫਾਰਮ ਭਰਨਾ ਨਹੀਂ ਆਉਂਦਾ ਸੀ ਪਾਕਿਸਤਾਨੀ ਮੁਲਾਜ਼ਮ ਯਾਤਰੂਆਂ ਦੀ ਮਦਦ ਵੀ ਕਰਦੇ ਸਨ।
ਪਾਕਿਸਤਾਨ ਵਿੱਚ ਵਿਚਰਨ ਦਾ ਪਰਵਾਨਾ ਗਲ਼ ਲਟਕਾਈ ਇਮੀਗ੍ਰੇਸ਼ਨ ਅਧਿਕਾਰੀਆਂ ਪਾਸ ਪਾਹੁੰਚ ਗਏ। ਏੱਥੇ ਦੋ ਅਫ਼ਸਰ ਬੀਬੀਆਂ ਇਹ ਸੇਵਾ ਨਿਭਾ ਰਹੀਆਂ ਸਨ। ਉਹਨਾਂ ਨੇ ਪਾਸਪੋਰਟ ਨੂੰ ਲੋੜ ਅਨੁਸਾਰ ਦੇਖਿਆ ਠੱਪੇ ਲਗਾਏ ਤੇ ਅੱਗੇ ਜਾਣ ਦੀ ਆਗਿਆ ਦੇ ਦਿੱਤੀ। ਇਮੀਗ੍ਰੇਸ਼ਨ ਦੇ ਦਫ਼ਤਰ ਵਿਚੋਂ ਨਿਕਲਦਿਆਂ ਹੀ ਵਕਫ ਬੋਰਡ ਵਾਲੇ ਕੁੱਝ ਅਧਿਕਾਰੀ ਬੈਠੇ ਹੋਏ ਸਨ। ਜਿਹੜੇ ਜੱਥਿਆਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਏੱਥੋਂ ਹੀ ਕਮਰੇ ਸੌਂਪੀ ਜਾ ਰਹੇ ਸਨ। ਭਾਈ ਗੁਰਜੰਟ ਸਿੰਘ ਨੇ ਆਪਣੇ ਪਾਸਪੋਰਟ ਦਿਖਾਏ ਸਾਨੂੰ ਗੁਰਦੁਆਰਾ ਨਨਕਾਣਾ ਸਾਹਿਬ ਤੇ ਗੁਰਦੁਆਰਾ ਪੰਜਾ ਸਾਹਿਬ ਦੇ ਕਮਰਿਆਂ ਦੇ ਨੰਬਰ ਦੇ ਦਿੱਤੇ। ਏਥੇ ਸਾਡੇ ਪਾਸਪੋਰਟ ਜਮ੍ਹਾ ਕਰ ਲਏ ਗਏ ਸਨ ਤੇ ਸਾਨੂੰ ਕਿਹਾ ਗਿਆ ਨਨਕਾਣਾ ਸਹਿਬ ਦੇ ਕਮਰਿਆਂ ਵਾਲਾ ਪਰਚਾ ਸਾਂਭ ਕੇ ਰੱਖਿਆ ਜੇ। ਸਾਨੂੰ ਕਿਹਾ ਗਿਆ ਕਿ ਤੂਹਾਨੂੰ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਤੋਂ ਪਾਸਪੋਰਟ ਆਉਣ ਸਮੇਂ ਮਿਲਣਗੇ। ਕਮਰਿਆਂ ਦੀ ਪ੍ਰਾਪਤੀ ਵਾਲਾ ਕਾਗਜ਼ ਅਧਿਕਾਰੀਆਂ ਸਾਡੇ ਹੱਥ ਫੜਾਇਆ ਤੇ ਕਹਿੰਦੇ ਚਲੋ ਭਈ ਅੱਗੇ। ਇੱਕ ਨਿੱਕੀ ਜੇਹੀ ਗੱਡੀ ਵਿੱਚ ਬੈਠ ਕੇ ਪੰਜ ਕੁ ਸੌ ਮੀਟਰ ਦਾ ਫਾਸਲਾ ਤਹਿ ਕਰਕੇ ਸੜਕ ਦੇ ਕਿਨਾਰੇ ਅਗਲੀ ਇੰਤਜ਼ਾਰ ਕਰਨ ਲਈ ਖੜੇ ਹੋ ਗਏ। ਦੁਪਹਿਰ ਦੀ ਕੜਕਵੀਂ ਧੁੱਪ ਸੀ ਪਰ ਮੀਂਹ ਪੈਣ ਨਾਲ ਮੌਸਮ ਖੁਸ਼ਗਵਾਰ ਸੀ। ਏੱਥੇ ਪਾਕਿਸਤਾਨ ਵਾਲਿਆਂ ਨੇ ਰੇਲ ਗੱਡੀ ਵਰਗੀ ਸੜਕੀ ਰੇਲ ਗੱਡੀ ਬਣਾਈ ਹੋਈ ਸੀ। ਇਸ ਰੇਲ ਨੇ ਸਾਨੂੰ ਅਗਲੇ ਪੜਾਅ `ਤੇ ਪਹੁੰਚਾ ਦਿੱਤਾ। ਏੱਥੇ ਇੱਕ ਪੂਰੀ ਵਲ਼ਗਣ ਵਲ਼ੀ ਹੋਈ ਸੀ ਤੇ ਇਸ ਵਿੱਚ ਤੰਬੂ ਕਨਾਤਾਂ ਲੱਗੀਆਂ ਹੋਈਆਂ ਸਨ। ਪੱਖਿਆਂ ਦਾ ਪੂਰਾ ਪ੍ਰਬੰਧ ਸੀ। ਓਕਾਫ਼ ਬੋਰਡ ਵਲੋਂ ਲੰਗਰ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ। ਮਿੱਠੇ ਚੌਲ਼ਾਂ ਦਾ ਆਪਣਾ ਹੀ ਸਵਾਦ ਸੀ। ਲੰਗਰ ਦੀ ਅੱਤ ਕਰਾਈ ਹੋਈ ਸੀ। ਭਾਵ ਬਹੁਤ ਵਧੀਆ ਸੀ। ਬਹੁਤ ਸਲੀਕੇ ਨਾਲ ਮੁਸਲਮਾਨ ਵੀਰ ਲੰਗਰ ਵਰਤਾ ਰਹੇ ਸਨ। ਲੰਗਰ ਛੱਕਣ ਉਪਰੰਤ ਯਾਤਰੂ ਆਪੋ ਆਪਣੀਆਂ ਟੋਲੀਆਂ ਬਣਾ ਕੇ ਸਾਰੇ ਆਪੋ ਆਪਣੀਆਂ ਗੱਲਾਂ ਵਿੱਚ ਰੁੱਝੇ ਹੋਏ ਸਨ। ਮੀਡੀਆ ਵਾਲੇ ਲੋਕ ਵੀ ਆਏ ਯਾਤਰੂਆਂ ਨਾਲ ਸਦ ਭਾਵਨਾਂ ਦੀਆਂ ਗੱਲਾਂ ਕਰਦੇ ਸੁਣਾਈ ਦੇਂਦੇ ਸਨ। ਏੱਥੇ ਇੰਜ ਮਹਿਸੁਸ ਹੁੰਦਾ ਸੀ ਕਿ ਦੋਹਾਂ ਮੁਲਕਾਂ ਦਿਆਂ ਲੋਕਾਂ ਵਿੱਚ ਆਪਸ ਵਿੱਚ ਬਹੁਤ ਸਦ ਭਾਵਨਾ ਤੇ ਪਿਆਰ ਹੈ। ਦੋਹਾਂ ਹੀ ਮੁਲਕਾਂ ਦੇ ਲੋਕ ਆਪਸ ਵਿੱਚ ਮਿਲ ਵਰਤਣਾ ਚਹੁੰਦੇ ਹਨ ਪਰ ਸਰਹੱਦ ਦੀਆਂ ਬੰਦਸ਼ਾਂ ਕਰਕੇ ਦੂਰੀ ਬਣੀ ਹੋਈ ਹੈ। ਏੱਥੋਂ ਹੀ ਸਾਡੀ ਅਸਲ ਯਾਤਰਾ ਦਾ ਅਰੰਭ ਹੋਣਾ ਸੀ।
ਆਮ ਕਰਕੇ ਸਿੱਖਾਂ ਨੂੰ ਸਾਲ ਵਿੱਚ ਚਾਰ ਵਾਰ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਕਰਨ ਦਾ ਅਵਸਰ ਮਿਲਦਾ ਹੈ ਤੇ ਉਹ ਸਾਰਾ ਜੱਥਾ ਰੇਲ ਰਾਂਹੀਂ ਹੀ ਜਾਂਦਾ ਹੈ। ਪਰ ਇਹ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਸਾਡੇ ਸਾਰੇ ਜੱਥੇ ਨੂੰ ਸੜਕੀ ਆਵਜਾਈ ਰਾਂਹੀਂ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਆਗਿਆ ਮਿਲੀ ਹੋਈ ਸੀ। ਇਸ ਗੱਲ ਦਾ ਪ੍ਰਗਟਾਵਾ ਅਗਲੇ ਭਾਗ ਵਿੱਚ ਕਰਾਂਗੇ। ਨਾਨਕਸ਼ਾਹੀ ਕੈਲੰਡਰ ਅਨੁਸਾਰ ਜੱਥਾ ਲਿਜਾਣ ਦੀ ਆਗਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ: ਪਰਮਜੀਤ ਸਿੰਘ ਸਰਨਾ ਹੁਰਾਂ ਨੂੰ ਮਿਲੀ ਹੋਈ ਸੀ। ਇਸ ਸਾਰੇ ਜੱਥੇ ਦਾ ਭਾਰਤ ਤੋਂ ਇੰਤਜ਼ਾਮ ਵੀ ਉਹਨਾਂ ਦਾ ਹੀ ਸੀ।
ਜੱਥੇ ਦੀ ਪੂਰੀ ਸੁਰੱਖਿਆ ਕੀਤੀ ਹੋਈ ਸੀ ਥਾਂ ਥਾਂ ਕਮਾਂਡੋ ਫੋਰਸ ਲੱਗੀ ਸੀ। ਕਈਆਂ ਦੇ ਟੈਲੀਫੂਨ ਅਜੇ ਚਲਦੇ ਸਨ। ਕਈਆਂ ਨੇ ਆਪਣਿਆਂ ਘਰਾਂ ਨੂੰ ਫੂਨ ਕੀਤੇ ਸਨ। ਮੈਨੂੰ ਤਾਂ ਇੰਜ ਹੀ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਅਸੀਂ ਆਪਣਿਆਂ ਖੇਤਾਂ ਵਲ ਗੇੜਾ ਮਾਰਨ ਆਏ ਹੋਈਏ। ਕਣਕਾਂ ਦੀ ਕਟਾਈ ਉਪਰੰਤ ਬਹੁਤੇ ਖੇਤ ਅਜੇ ਖਾਲੀ ਪਏ ਹੋਏ ਸਨ। ਪਾਣੀ ਵਾਲੇ ਟਿਊਬਲ ਘੱਟ ਹੀ ਦਿਖਾਈ ਦੇਂਦੇ ਸਨ। ਕਿਤੇ ਕਿਤੇ ਹਰਾ ਚਾਰਾ ਜਾਂ ਮਕਈ ਦੀ ਖੜੀ ਫਸਲ ਦਿਸਦੀ ਸੀ। ਥੋੜੀ ਥੋੜੀ ਝੋਨੇ ਦੀ ਪਨੀਰੀ ਵੀ ਲਗੱੀ ਹੋਈ ਦਿਖਾਈ ਦੇਂਦੀ ਸੀ। ਘਰਾਂ ਦੀ ਬਣਤਰ ਸਾਡੇ ਘਰਾਂ ਵਰਗੀ ਹੀ ਸੀ। ਦੂਰ ਦਰਾਡੇ ਖੇਤਾਂ ਵਿੱਚ ਕੰਮ ਕਰਦੇ ਲੋਕ ਬੜੀ ਲਗਨ ਨਾਲ ਆਪਣਾ ਕੰਮ ਕਰਦੇ ਦਿਖਾਈ ਦੇ ਰਹੇ ਸਨ।
ਵਕਫ ਬੋਰਡ ਵਲੋਂ ਠੰਡੀਆਂ ਬੱਸਾਂ ਤੇ ਵੈਨਾਂ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਏੱਥੇ ਹਰੇਕ ਯਾਤਰੂਆਂ ਨੂੰ ਬੱਸ ਜਾਂ ਵੈਨ ਦਾ ਨੰਬਰ ਦੱਸਿਆ ਜਾਂਦਾ ਸੀ। ਯਾਤਰੂਆਂ ਨੇ ਅਰਾਮ ਨਾਲ ਆਪਣੇ ਲੱਗੇ ਹੋਏ ਨੰਬਰ ਵਾਲੀ ਗੱਡੀ ਦੀ ਛੱਤ ਤੇ ਸਮਾਨ ਰਖਾਇਆ। ਇਹ ਪ੍ਰਬੰਧ ਬਹੁਤ ਸਲਾਹੁੰਣ ਵਾਲਾ ਸੀ। ਭਾਂਵੇ ਸਾਡੀ ਵੈਨ ਲੇਟ ਆਈ ਸੀ ਪਰ ਸਾਨੂੰ ਪਹਿਲਾਂ ਹੀ ਕਿਸੇ ਹੋਰ ਵੈਨ ਵਿੱਚ ਬੈਠਾ ਦਿੱਤਾ ਗਿਆ ਸੀ। ਧੂੰਦਾ ਜੀ ਦੇ ਨਾਮ ਵਾਲੀ ਵੈਨ ਹੋਰ ਯਾਤਰੂਆਂ ਨੂੰ ਦਿੱਤੀ ਗਈ ਪਰ ਛੇ ਦਿਨ ਹੀ ਉਸ ਵੈਨ `ਤੇ ਧੂੰਦਾ ਜੀ ਦੇ ਨਾਂ ਦਾ ਪਰਚਾ ਲੱਗਿਆ ਰਿਹਾ ਸੀ। ਸਾਡੇ ਨਾਲ ਹੋਰ ੧੫ ਸਵਾਰੀਆਂ ਦਿੱਲੀ ਤੋਂ ਸਨ ਜੋ ਬਹੁਤ ਸਲੀਕੇ ਵਾਲੇ ਸਭਿਅਕ ਜ਼ਿੰਮੇਵਾਰ ਪਰਵਾਰ ਸਨ। ਗੱਡੀਆਂ ਵਿੱਚ ਬੈਠਿਆਂ ਕਾਫ਼ੀ ਸਮਾਂ ਹੋ ਗਿਆ ਸੀ ਪਰ ਗੱਡੀਆਂ ਤੁਰਨ ਵਿੱਚ ਨਹੀਂ ਆ ਰਹੀਆਂ ਸਨ। ਸਾਰੇ ਯਾਤਰੂਆਂ ਦੀ ਪੂਰੀ ਗਿਣਤੀ ਹੋਣ ਉਪਰੰਤ ਹੀ ਗੱਡੀਆਂ ਅਗਲੇ ਪੜਾਅ ਵਲ ਤੋਰੀਆਂ ਗਈਆਂ। ਤੁਰਨ ਵੇਲੇ ਚਾਹ ਦਾ ਕੱਪ ਪੀਤਾ ਜੋ ਬਹੁਤ ਸਵਾਦੀ ਸੀ।




.