.

ਸੁਖਮਈ ਜੀਵਨ ਅਹਿਸਾਸ (ਭਾਗ-15)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 1 ਤੋਂ 14 ਪੜੋ ਜੀ।

ਸੰਸਾਰ ਵਿੱਚ ਵਿਚਰਣ ਵਾਲਾ ਹਰ ਮਨੁੱਖ ਸੁਖਮਈ ਜੀਵਨ ਜਿਊਣ ਲਈ ਮੁੱਢਲੀਆਂ ਲੋੜਾਂ- ਰੋਟੀ, ਕੱਪੜਾ, ਮਕਾਨ ਦੀ ਪ੍ਰਾਪਤ ਲਈ ਹਰ ਸਮੇਂ ਯਤਨਸ਼ੀਲ ਹੈ, ਜੋ ਕਰਨਾ ਜ਼ਰੂਰੀ ਵੀ ਹੈ। ਪਰ ਇਹੀ ਯਤਨ ਜੀਵਨ ਅੰਦਰ ਦੁੱਖ ਪੈਦਾ ਕਰਨ ਦੇ ਕਾਰਣ ਬਣ ਜਾਂਦੇ ਹਨ ਜਦੋਂ ਮਨੁੱਖ ਇਹਨਾਂ ਦੀ ਪ੍ਰਾਪਤੀ ਹਿਤ ਲੋੜ ਦੀਆਂ ਸੀਮਾਵਾਂ ਨੂੰ ਉਲੰਘ ਕੇ ਲੋਭੀ ਬਿਰਤੀ ਦਾ ਧਾਰਨੀ ਬਣ ਜਾਂਦਾ ਹੈ।

ਇਸ ਸਬੰਧ ਵਿੱਚ ਭਗਤ ਕਬੀਰ ਜੀ ਨੇ ਬਾਂਦਰ ਦੀ ਉਦਾਹਰਣ ਦੇ ਕੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਜੰਗਲ ਵਿੱਚ ਅਜ਼ਾਦੀ ਨਾਲ ਵੱਖ-ਵੱਖ ਦਰਖਤਾਂ ਤੇ ਛਾਲਾਂ ਲਗਾਉਂਦਾ ਹੋਇਆ ਮਨ ਭਾਉਂਦੇ ਫਲ ਖਾਣ ਵਾਲਾ ਬਾਂਦਰ ਮੁੱਠੀ ਭਰ ਛੋਲਿਆਂ ਦੇ ਲੋਭ ਅਧੀਨ ਜੀਵਨ ਭਰ ਦੀ ਗੁਲਾਮੀ ਸਹੇੜ ਲੈਂਦਾ ਹੈ। ਬਾਂਦਰ ਨੂੰ ਫੜਣ ਵਾਲੇ ਉਸਦੀ ਲੋਭ ਬਿਰਤੀ ਤੋਂ ਜਾਣੂ ਹੁੰਦੇ ਹੋਏ ਇਸ ਕਮਜ਼ੋਰੀ ਤੋਂ ਲਾਭ ਉਠਾਉਣ ਲਈ ਬਾਂਦਰਾਂ ਦੇ ਝੁੰਡ ਨਜ਼ਦੀਕ ਤੰਗ ਮੂੰਹ ਵਾਲੀ ਕੁੱਜੀ ਵਿੱਚ ਭੁੱਜੇ ਹੋਏ ਛੋਲੇ ਪਾ ਕੇ ਰੱਸੀ ਦੁਆਰਾ ਦਰਖਤ ਨਾਲ ਬੰਨ ਦੇਂਦੇ ਹਨ ਅਤੇ ਆਪ ਪਿੱਛੇ ਚਲੇ ਜਾਂਦੇ ਹਨ। ਛੋਲਿਆਂ ਦਾ ਸ਼ੌਕੀਨ ਬਾਂਦਰ ਦਰਖਤ ਤੋਂ ਥੱਲੇ ਉਤਰ ਕੇ ਕੁੱਜੀ ਵਿਚੋਂ ਛੋਲੇ ਲੈਣ ਲਈ ਹੱਥ ਭਰਕੇ ਮੁੱਠ ਬੰਦ ਕਰ ਲੈਂਦਾ ਹੈ, ਪਰ ਹੁਣ ਮੁੱਠ ਭਰੀ ਹੋਣ ਕਰਕੇ ਬਾਹਰ ਨਹੀ ਨਿਕਲਦੀ। ਇਕ-ਇਕ, ਦੋ-ਦੋ ਦਾਣੇ ਭਰ ਕੇ ਭਾਵੇਂ ਸਾਰੇ ਛੋਲੇ ਖਾ ਲੈਂਦਾ, ਪ੍ਰੰਤੂ ਲੋਭ ਅਧੀਨ ਭਰੀ ਮੁੱਠ ਖੋਲਣ ਲਈ ਤਿਆਰ ਨਹੀਂ ਹੁੰਦਾ ਅਤੇ ਹੱਥ ਬਾਹਰ ਨਹੀਂ ਨਿਕਲਦਾ। ਕਈ ਯਤਨ ਕਰਨ ਦੇ ਬਾਵਜੂਦ ਵੀ ਐਸਾ ਕਰਨ ਵਿੱਚ ਕਾਮਯਾਬੀ ਨਹੀਂ ਮਿਲਦੀ। ਅਖੀਰ ਜਿਸ ਨੇ ਇਹ ਜਾਲ ਵਿਛਾਇਆ ਸੀ, ਉਸ ਦੇ ਕਾਬੂ ਵਿੱਚ ਆ ਕੇ ਬਾਕੀ ਸਾਰੀ ਜਿੰਦਗੀ ਗਲ ਵਿੱਚ ਗੁਲਾਮੀ ਦਾ ਪਟਾ, ਰੱਸੀ ਪੁਆ ਕੇ ਘਰ-ਘਰ ਨਚਾਇਆ ਜਾਂਦਾ ਹੈ-

ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ।।

ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਉ ਘਰ ਘਰ ਬਾਰਿ।।

(ਗਉੜੀ ਕਬੀਰ ਜੀ-੩੩੬)

ਠੀਕ ਇਸੇ ਤਰਾਂ ਲੋਭੀ ਮਨੁੱਖ ਤ੍ਰਿਸ਼ਨਾ ਅਧੀਨ ਹੋ ਕੇ ਸਾਰੀ ਜਿੰਦਗੀ ਲੋਭ ਅਧੀਨ ‘ਸੁਖਮਈ ਜੀਵਨ ਅਹਿਸਾਸ` ਤੋਂ ਵਾਂਝਾ ਰਹਿ ਕੇ ਜੀਵਨ ਬਤੀਤ ਕਰਦਾ ਰਹਿੰਦਾ ਹੈ। ਜਿਵੇਂ ਸਿਆਣਿਆਂ ਦਾ ਕਥਨ ਹੈ ਕਿ ਲੋਭੀ-ਤ੍ਰਿਸ਼ਨਾਲੂ ਮਨੁੱਖ ਦੀਆਂ ਅੱਖਾਂ ਕਬਰ ਦੀ ਮਿੱਟੀ ਜਾਂ ਪ੍ਰਮੇਸ਼ਰ ਦੇ ਨਾਮ ਰੂਪੀ ਸੰਤੋਖ ਨਾਲ ਹੀ ਭਰ ਸਕਦੀਆਂ ਹਨ।

ਡਾ. ਗੁਰਸ਼ਰਨਜੀਤ ਸਿੰਘ ਵਲੋਂ ਲੋਭ ਦੇ ਵਿਸ਼ੇ ਉਪਰ ਦਿਤੇ ਗਏ ਵਿਚਾਰ ਧਿਆਨਯੋਗ ਹਨ-

- ‘ਸਿੱਖ ਨੈਤਿਕਤਾ ਜਿਥੇ ਸਦਗੁਣਾਂ ਨੂੰ ਧਾਰਨ ਕਰਨ ਦੀ ਸਫਾਰਸ਼ਿ ਕਰਦੀ ਹੈ ਉਥੇ ਔਗੁਣਾਂ ਨੂੰ ਤਿਆਗਣ ਦੀ ਗੱਲ ਵੀ ਕਰਦੀ ਹੈ।

ਦੂਜੇ ਦੀ ਵਸਤੂ ਨੂੰ ਪ੍ਰਾਪਤ ਕਰਨ ਦੀ ਹਵਸ, ਲੋਭ ਅਖਵਾਉਂਦੀ ਹੈ। ਇਸ ਦਾ ਦੂਜਾ ਨਾਂ ਲਾਲਚ ਹੈ। ਗੁਰਬਾਣੀ ਲੋਭੀ ਮਨੁੱਖ ਬਾਰੇ ਸਮਝਾਉਂਦੀ ਹੈ-

ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ।।

ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ।।

(ਸਿਰੀ ਰਾਗੁ ਮਹਲਾ ੫-੫੦)

ਅਮਾਨਤ ਵਿੱਚ ਖਿਆਨਤ ਕਰਨਾ ਧਰਮੀ ਮਨੁੱਖ ਦਾ ਕੰਮ ਨਹੀਂ। ਲੋਭ ਕਾਰਣ ਮਨੁੱਖ ਝੂਠ ਬੋਲਦਾ ਹੈ, ਚੋਰੀ-ਠੱਗੀ ਕਰਦਾ ਹੈ ਅਤੇ ਚਾਪਲੂਸੀ (ਉਸਤਤ-ਨਿੰਦਾ) ਕਰਦਾ ਫਿਰਦਾ ਹੈ। ਇਹ ਸਭ ਔਗੁਣ ਮਨੁੱਖ ਦੀ ਰੂਹਾਨੀਅਤ ਦਾ ਨੁਕਸਾਨ ਕਰਦੇ ਹਨ।

ਲੋਭ ਦਾ ਸਦਉਪਯੋਗ ਮਨੁੱਖ ਵਿੱਚ ਕਿਰਤ ਅਤੇ ਮਿਹਨਤ ਦੇ ਸਦਗੁਣਾਂ ਨੂੰ ਪੈਦਾ ਕਰ ਸਕਦਾ ਹੈ। ਸਿੱਖੀ ਦੀ ਰੂਹਾਨੀਆਤ ਲਈ ਕਿਰਤ ਪ੍ਰਮੁੱਖ ਸਦਗੁਣ ਹੈ। ਦਸਾਂ ਨਹੁੰਆਂ ਦੀ ਕਿਰਤ ਨੂੰ ਸਿੱਖੀ ਵਿੱਚ ਪ੍ਰਧਾਨਤਾ ਅਤੇ ਪ੍ਰਮੁੱਖਤਾ ਪ੍ਰਾਪਤ ਹੈ। `

(ਗੁਰਮਤ ਨਿਰਨਯ ਕੋਸ਼-ਪੰਨਾ 135)

ਸਿੱਖ ਇਤਿਹਾਸ ਦੇ ਪੰਨਿਆਂ ਅੰਦਰ ਬਹੁਤ ਸੁੰਦਰ ਘਟਨਾ ਭਾਈ ਸੱਤਾ ਜੀ ਤੇ ਬਲਵੰਡ ਜੀ ਦੇ ਜੀਵਨ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਨੇ ਲੋਭ ਅਧੀਨ ਹੋ ਕੇ ਪੰਚਮ ਪਾਤਸ਼ਾਹ ਪਾਸੋਂ ਇੱਕ ਦਿਨ ਦੀ ਪੂਰੀ ਕੀਰਤਨ ਭੇਟਾ ਮੰਗ ਲਈ, ਪਰ ਜਦੋਂ ਕਿਤੇ ਗਏ ਲੋਭ ਦੀ ਪੂਰਤੀ ਆਸ ਅਨੁਸਾਰ ਨਹੀਂ ਹੋਈ ਤਾਂ ਸਤਿਗੁਰਾਂ ਨਾਲ ਨਰਾਜ਼ ਹੋ ਕੇ ਘਰ ਬੈਠ ਗਏ। ਪਰ ਜਦੋਂ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਸਾਹਿਬਾਂ ਵਲੋਂ ਬਖਸ਼ੇ ਜਾਣ ਉਪੰਰਤ ਆਪਣੇ ਨਿੱਜੀ ਤਜਰਬੇ ਵਿਚੋਂ ਜੋ ਦੱਸਿਆ, ਉਹ ਬਾਣੀ ਰੂਪ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਕਿ ਲੋਭ ਮਨੁੱਖ ਦੇ ਜੀਵਨ ਨੂੰ ਇਸ ਤਰਾਂ ਬਰਬਾਦ ਕਰ ਦਿੰਦਾ ਹੈ ਜਿਵੇ ਖੜੇ ਪਾਣੀ ਵਿੱਚ ਆਪੇ ਪੈਦਾ ਹੋਇਆ ਬੂਰ ਪਾਣੀ ਦੀ ਸਵੱਛਤਾ ਖਰਾਬ ਕਰਦਾ ਹੈ-

ਲਬੁ ਵਿਣਾਹੇ ਮਾਨਸਾ ਜਿਉ ਪਾਣੀ ਬੂਰੁ।।

(ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ-੯੬੭)

ਸੰਸਾਰ ਦੇ ਇਤਿਹਾਸ ਬਹੁਤ ਸਾਰੇ (ਸਿਕੰਦਰ, ਨੋਪੋਲੀਅਨ, ਹਿਟਲਰ ਆਦਿ) ਸਮੁੱਚੇ ਸੰਸਾਰ ਨੂੰ ਜਿਤਣ ਦਾ ਲੋਭ ਲੈ ਕੇ ਇਸ ਆਸ ਨਾਲ ਤੁਰੇ ਕਿ ਐਸਾ ਕਰਨ ਉਪੰਰਤ ਉਹ ਐਸ਼ੋ ਇਸ਼ਰਤ ਦੇ ਜੀਵਨ ਦਾ ਅਨੰਦ ਮਾਨਣਗੇ। ਪਰ ਅਨੰਦ ਤਾਂ ਕੀ ਮਿਲਣਾ ਸੀ, ਪੂਰਾ ਸੰਸਾਰ ਵੀ ਨਾਂ ਜਿਤ ਸਕੇ, ਉਸ ਤੋਂ ਪਹਿਲਾਂ ਹੀ ਉਹਨਾਂ ਦੇ ਆਪਣੇ ਜੀਵਨ ਦਾ ਅੰਤ ਹੋ ਗਿਆ। ਇੰਨਾ ਜਿਆਦਾ ਤਰੱਦਦ, ਕਤਲੇਆਮ, ਖੂਨ ਖਰਾਬਾ ਕਿਸ ਅਰਥ ਰਹਿ ਗਿਆ? ‘ਸੁਖਮਈ ਜੀਵਨ ਅਹਿਸਾਸ` ਨੂੰ ਮਾਨਣ ਦਾ ਮੌਕਾ ਜ਼ਿੰਦਗੀ ਦੇ ਖਾਤਮੇ ਨਾਲ ਹੀ ਖਤਮ ਹੋ ਗਿਆ।

ਇਸ ਵਿਸ਼ੇ ਉਪਰ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ਲੋਭ ਅਧੀਨ ਮਨੁੱਖ ਦੀ ਬਿਰਤੀ ਹਲਕੇ ਕੁੱਤੇ ਦੀ ਤਰਾਂ ਹੋ ਜਾਂਦੀ ਹੈ। ਜੋ ਆਪਣੇ ਮਾਲਕ ਨੂੰ ਵੱਢਣ ਤੋਂ ਵੀ ਗੁਰੇਜ ਨਹੀਂ ਕਰਦਾ, ਲੋਭੀ ਮਨੁੱਖ ਦਾ ਇਸ ਮਾਤ ਲੋਕ ਵਿੱਚ ਕੋਈ ਇਤਬਾਰ ਨਹੀਂ ਕਰਦਾ, ਲੋਕ ਅਤੇ ਪਰਲੋਕ ਦੋਵੇ ਗਵਾ ਲੈਂਦਾ ਹੈ। ਲੋਭ ਅਧੀਨ ਮਨੁੱਖ ਅੱਗੇ ਵਧਦਾ ਹੋਇਆ ਆਪਣੇ ਆਪ ਨੂੰ ਪ੍ਰਮੇਸ਼ਰ ਤੋਂ ਦੂਰ ਲਈ ਜਾਂਦਾ ਹੈ ਅਤੇ ਵਿਕਾਰਾਂ ਅਧੀਨ ਜੀਵਨ ਬਰਬਾਦ ਕਰੀ ਜਾਂਦਾ ਹੈ-

- ਲੋਭੀ ਕਾ ਵੇਸਹੁ ਨ ਕੀਜੈ ਜੇਕਾ ਪਾਰਿ ਵਸਾਇ।।

ਅੰਤ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ।।

ਮੁਹ ਕਾਲੇ ਤਿਨ ਲੋਭੀਆ ਜਾਸਨਿ ਜਨਮੁ ਗਵਾਇ।।

(ਸਲੋਕ ਵਾਰਾਂ ਤੇ ਵਧੀਕ-ਮਹਲਾ ੩-੧੪੧੭)

-ਲੋਭ ਲਹਰਿ ਸਭ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ।।

(ਨਟ ਮਹਲਾ ੪-੯੮੩)

- ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ।।

ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਿਕ ਭਾਗੁ ਮੰਦੇਰਾ।।

(ਟੋਡੀ ਮਹਲਾ ੪-੭੧੧)

-ਲਾਲਚ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ।।

ਸਾਚੋ ਸਾਹਿਬ ਮਨਿ ਵਸੈ ਹਉਮੈ ਬਿਖੁ ਮਾਰੀ।।

(ਆਸਾ ਮਹਲਾ ੧-੪੧੯)

- ਭੂਲਿਓ ਮਨੁ ਮਾਇਆ ਉਰਝਾਇਓ।।

ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ।।

(ਜੈਤਸਰੀ ਮਹਲਾ ੯-੬੦੨)

- ਸਾਕਤ ਸੁਆਨਿ ਕਹੀਅਹਿ ਬਹੁ ਲੋਭੀ ਦੁਰਮਤਿ ਮੈਲੁ ਭਰੀਜੈ।।

ਆਪਨ ਸੁਆਇ ਕਰਹਿ ਬਹੁ ਬਾਤਾ ਤਿਨਾ ਕਾ ਵਿਸਾਹੁ ਕਿਆ ਕੀਜੈ।।

(ਕਲਿਆਣ ਮਹਲਾ ੪-੧੩੨੬)

ਸੰਸਾਰ ਅੰਦਰ ਵਿਚਰਦਿਆਂ ਹੋਇਆਂ ਆਪਣੇ ਜੀਵਨ ਨੂੰ ਬਰਬਾਦ ਕਰਨ ਵਾਲੀ ਲੋਭ ਰੂਪੀ ਤ੍ਰਿਸ਼ਨਾ ਤੋਂ ਬਚਣ ਲਈ ਸੰਤੋਖ ਦੇ ਧਾਰਣੀ ਹੋਣਾ ਜ਼ਰੂਰੀ ਹੈ। ਜਿੰਨਾ ਚਿਰ ਸੰਤੋਖ ਨਹੀਂ ਆਵੇਗਾ ਉਨਾਂ ਚਿਰ ਤ੍ਰਿਸ਼ਨਾਂ ਹੋਰ ਹੀ ਹੋਰ ਅੱਗੇ ‘ਸਹਸ ਖਟੇ ਲਖ ਕਉ ਉਠਿ ਧਾਵੈ।। ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ।। ` (੨੭੮) ਵਧਦੀ ਜਾਵੇਗੀ। ਮਨੁੱਖ ਦੀਆਂ ਲੋੜਾਂ ਦੀ ਪੂਰਤੀ ਹੋਣੀ ਤਾਂ ਸੰਭਵ ਹੈ ਪਰ ਤ੍ਰਿਸ਼ਨਾ ਦੀ ਪੂਰਤੀ ਕਦਾਚਿਤ ਨਹੀਂ ਹੋ ਸਕਦੀ। ਜਿਵੇਂ ਬਲਦੀ ਹੋਈ ਅੱਗ ਵਿੱਚ ਜਿੰਨਾਂ ਮਰਜ਼ੀ ਹੋਰ ਹੀ ਹੋਰ ਬਾਲਣ ਪਾਈ ਜਾਈਏ, ਅੱਗ ਦੇ ਭਾਂਬੜ ਵਧਦੇ ਜਾਣਗੇ, ਅੱਗ ਕਦੀ ਨਹੀਂ ਰੱਜਦੀ, ਬਿਲਕੁਲ ਇਸੇ ਤਰਾਂ ਤ੍ਰਿਸ਼ਨਾਲੂ ਮਨੁੱਖ ਦੇ ਲੋਭ ਰੂਪੀ ਅਗਨੀ ਕਦੀ ਤ੍ਰਿਪਤ ਨਹੀਂ ਹੁੰਦੀ-

ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ।।

ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ।। ੧।।

ਬਿਖਿਆ ਮਹਿ ਕਿਨਹੀ ਤ੍ਰਿਪਤਿ ਨ ਪਾਈ।।

ਜਿਉ ਪਾਵਕੁ ਈਧਨ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ।। ੧।। ਰਹਾਉ।।

(ਧਨਾਸਰੀ ਮਹਲਾ ੫-੬੭੨)

ਲੋਭ ਗ੍ਰਸਤ ਤ੍ਰਿਸ਼ਨਾ ਦੇ ਮਾਰੇ ਮਨੁੱਖ ਦੀ ‘ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ` (ਜਪੁ-੧) ਬੇਅੰਤ ਪਦਾਰਥ, ਧਨ ਦੌਲਤ ਆਦਿ ਪ੍ਰਾਪਤ ਹੋਣ ਤੇ ਵੀ ਤ੍ਰਿਸ਼ਨਾ ਖਤਮ ਨਹੀਂ ਹੋ ਸਕਦੀ। ਜਿਵੇਂ ਇਸ ਗਾਥਾ ਰਾਹੀਂ ਵੀ ਇਸ ਪੱਖ ਨੂੰ ਸੁਖੈਨ ਰੂਪ ਵਿੱਚ ਸਮਝਿਆ ਜਾ ਸਕਦਾ ਹੈ-

ਇੱਕ ਸੇਠ ਨੇ ਆਪਣੇ ਮੁਨੀਮ ਨੂੰ ਉਸ ਕੋਲ ਜਮੀਨ-ਜਾਇਦਾਦ-ਧਨ ਦੌਲਤ ਆਦਿ ਦਾ ਹਿਸਾਬ ਲਗਾਉਣ ਲਈ ਕਿਹਾ।

ਮੁਨੀਮ ਵਲੋਂ ਦੱਸਣ ਤੇ ਸੇਠ ਨੇ ਅਗਲਾ ਹਿਸਾਬ ਕਿ ਇਹ ਮੇਰੀਆਂ ਕਿੰਨੀਆਂ ਪੀੜੀਆਂ ਤਕ ਚਲ ਸਕਦੀ ਹੈ, ਦੇ ਬਾਰੇ ਵਿੱਚ ਵੀ ਪੁਛਿਆ। ਮੁਨੀਮ ਨੇ ਹਿਸਾਬ ਕਿਤਾਬ ਕਰਨ ਤੋਂ ਬਾਦ ਜਵਾਬ ਦਿਤਾ ਕਿ ਜਨਾਬ! ਇਹ ਧਨ ਦੌਲਤ-ਜਮੀਨ-ਜਾਇਦਾਦ ਜਿੰਨੀ ਤੁਹਾਡੇ ਕੋਲ ਹੈ, ਤੁਹਾਡੀਆਂ ਸੱਤ ਪੀੜੀਆਂ ਤਕ ਆਰਾਮ ਨਾਲ ਚਲ ਸਕਦੀ ਹੈ। ਇਹ ਸੁਣ ਕੇ ਸੇਠ ਨੇ ਨਿੰਮੋਝੂਣਾ ਹੋ ਕੇ ਮੱਥੇ ਤੇ ਹੱਥ ਮਾਰਦੇ ਹੋਏ ਆਖਿਆ ਕਿ ਹਾਏ! ਮੇਰੀ ਅਠਵੀਂ ਪੀੜੀ ਕੀ ਕਰੇਗੀ?

ਆਉ! ਜੇ ਅਸੀਂ ਲੋਭ ਅਧੀਨ ਤ੍ਰਿਸ਼ਨਾ ਵਿੱਚ ਪੈ ਕੇ ਜੀਵਨ ਨੂੰ ਬਰਬਾਦ ਹੋਣ ਤੋਂ ਬਚ ਕੇ ‘ਸੁਖਮਈ ਜੀਵਨ ਅਹਿਸਾਸ` ਤਕ ਪਹੁੰਚਣਾ ਚਾਹੁੰਦੇ ਹਾਂ ਤਾਂ ਪਰਮ ਪਿਤਾ ਪ੍ਰਮੇਸ਼ਰ ਦੇ ਹੁਕਮ ਅੰਦਰ ਸੱਚੀ-ਸੁੱਚੀ ਕਿਰਤ ਕਾਰ ਕਰਦੇ ਹੋਏ ਜੋ ਵੀ ਉਸਦੇ ਹੁਕਮ ਅਧੀਨ ਮਿਲਿਆ ਹੈ, ਉਸ ਅੰਦਰ ਹੀ ਸੰਤੋਖ ਕਰਨ ਦੇ ਧਾਰਨੀ ਬਣੀਏ, ਇਹ ਤਾਂ ਹੀ ਸੰਭਵ ਹੋਵੇਗਾ ਜੇ ਅਸੀਂ ਗੁਰਬਾਣØੀ ਰਾਹੀਂ ਗੁਰੂ ਗਿਆਨ ਦੀ ਰੋਸ਼ਨੀ ਵਿੱਚ ਚਲਦੇ ਹੋਏ ਗੁਰਮੁਖਤਾਈ ਵਾਲਾ ਜੀਵਨ ਜੀਊਣ ਲਈ ਯਤਨਸ਼ੀਲ ਹੋਵਾਂਗੇ-

ਤ੍ਰਿਸਨਾ ਬੂਝੈ ਹਰਿ ਕੈ ਨਾਮਿ।।

ਮਹਾ ਸੰਤੋਖ ਹੋਵੈ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ।।

(ਧਨਾਸਰੀ ਮਹਲਾ ੫-੬੮੨)

=========

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.