.

ਲੜੀ ਵਾਰ (ਸੰ: ੪੩ ਤੋਂ ੪੫) (ਭਾਗ ਯ੍ਹਾਰਵਾਂ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਕਬੀਰ ਮੁਕਤਿ ਦੁਆਰਾ ਸੰਕੁੜਾ, ਰਾਈ ਦਸਵੈ ਭਾਇ॥ ਮਨੁ ਤਉ. ."

"ਸਤਿਗੁਰ ਮਿਲਿਐ ਹਉਮੈ ਗਈ,

ਜੋਤਿ ਰਹੀ ਸਭ ਆਇ"

(ਸੰ: ੪੩) ਸਲੋਕੁ॥ ਕਬੀਰ ਮੁਕਤਿ ਦੁਆਰਾ ਸੰਕੁੜਾ, ਰਾਈ ਦਸਵੈ ਭਾਇ॥ ਮਨੁ ਤਉ ਮੈਗਲੁ ਹੋਇ ਰਹਾ, ਨਿਕਸਿਆ ਕਿਉ ਕਰਿ ਜਾਇ॥ ਐਸਾ ਸਤਿਗੁਰੁ ਜੇ ਮਿਲੈ, ਤੁਠਾ ਕਰੇ ਪਸਾਉ॥ ਮੁਕਤਿ ਦੁਆਰਾ ਮੋਕਲਾ, ਸਹਜੇ ਆਵਉ ਜਾਉ॥   

ਮਃ ੩॥ ਨਾਨਕ ਮੁਕਤਿ ਦੁਆਰਾ ਅਤਿ ਨੀਕਾ, ਨਾਨਾੑ ਹੋਇ ਸੁ ਜਾਇ॥ ਹਉਮੈ ਮਨੁ ਅਸਥੂਲੁ ਹੈ, ਕਿਉ ਕਰਿ ਵਿਚੁ ਦੇ ਜਾਇ॥ ਸਤਿਗੁਰ ਮਿਲਿਐ ਹਉਮੈ ਗਈ, ਜੋਤਿ ਰਹੀ ਸਭ ਆਇ॥ ਇਹੁ ਜੀਉ ਸਦਾ ਮੁਕਤੁ ਹੈ, ਸਹਜੇ ਰਹਿਆ ਸਮਾਇ॥   (ਪੰ: ੫੦੯)

ਅਰਥ -ਸਲੋਕ `ਚ ਕਬੀਰ ਜੀ ਕਹਿੰਦੇ ਹਨ! (ਮਾਇਆ ਦੇ ਮੋਹ) ਤੋਂ ਮੁਕਤ ਹੋਣ ਤੇ ਪ੍ਰਭੂ ਦਰ `ਤੇ ਕਬੂਲ ਹੋਣ ਲਈ (ਪ੍ਰਭੂ ਦੇ ਨਿਆਂ ਦਾ) ਰਸਤਾ ਇਤਨਾ ਤੰਗ ਹੈ ਜਿਵੇਂ ਰਾਈ ਦੇ ਦਾਣੇ ਦਾ ਦਸਵਾਂ ਹਿੱਸਾ। ਜਦਕਿ ਇਧਰ ਮਨੁੱਖ ਦਾ ਮਨ, ਮਸਤ ਹਾਥੀ ਦੀ ਨਿਆਈਂ ਹੁੰਦਾ ਹੈ।

ਸੁਆਲ ਪੈਦਾ ਹੁੰਦਾ ਹੈ ਕਿ ਅਜਿਹੀ ਹਾਲਤ `ਚ ਉਸ ਅਤੀ ਤੰਗ ਦਰਵਾਜ਼ੇ `ਚੋਂ ਅਜਿਹਾ ਮਨ ਪਾਰ ਹੋਵੇ ਵੀ ਤਾਂ ਕਿਵੇਂ? ਕਬੀਰ ਜੀ ਨਾਲ ਹੀ ਸਪਸ਼ਟ ਕਰਦੇ ਹਨ, ਇਹ ਤਾਂ ਹੀ ਸੰਭਵ ਹੈ ਜੇ ਸਤਿਗੁਰੂ ਮਿਲ ਪਵੇ ਤੇ ਉਹ ਆਪਣੀ ਮਿਹਰ ਕਰਕੇ ਇਸ ਮਨ ਦੀ ਮਦਦ ਕਰ ਦੇਵੇ। ਤਾਂ ਇਹ ਦਰਵਾਜ਼ਾ ਉਸ ਲਈ ਇੰਨਾ ਵੱਧ ਖੁੱਲ ਜਾਂਦਾ ਹੈ ਕਿ ਮਨੁੱਖ ਦਾ ਉਹੀ ਮਨ, ਜਿਸਦਾ ਇਸ ਚੋਂ ਨਿਕਲਣਾ ਵੀ ਸੌਖਾ ਨਹੀਂ ਸੀ, ਸਹਿਜੇ ਤੇ ਆਸਾਨੀ ਨਾਲ ਇਸ ਚੋਂ ਨਿਕਲ ਤੇ ਆ-ਜਾ ਸਕਦਾ ਹੈ। ੧।

ਮਃ ੩॥ ਇਸ `ਤੇ ਤੀਜੇ ਨਾਨਕ, ਵਿਸ਼ੇ ਨੂੰ ਖੋਲਦੇ ਤੇ ਫ਼ੁਰਮਾਉਂਦੇ ਹਨ, ਐ ਕਬੀਰ! ਸ਼ੱਕ ਨਹੀਂ, ਪ੍ਰਭੂ ਦਰ `ਤੇ ਕਬੂਲ ਹੋਣ ਤੇ ਮੁਕਤੀ ਦਾ ਦਰਵਾਜ਼ਾ ਪਾਰ ਕਰਣ ਲਈ ਜਿਹੜਾ ਰਸਤਾ ਹੈ ਉਹ ਬੜਾ ਤੰਗ ਤੇ ਛੋਟਾ ਹੈ, ਪਰ ਇਸ `ਚੋਂ ਲੰਙ ਵੀ ਉਹੀ ਸਕਦਾ ਹੈ ਜਿਹੜਾ ਉਸ ਤੋਂ ਵੀ ਨਿੱਕਾ ਹੋ ਜਾਵੇ। ਜਦਕਿ ਇਧਰ ਮਨੁੱਖੀ ਮਨ, ਜਿਹੜਾ ਪਹਿਲਾਂ ਤੋਂ ਹੀ ਹਉਮੈ ਕਾਰਣ ਬਹੁਤ ਮੋਟਾ (ਮਸਤ ਹਾਥੀ) ਹੋਇਆ ਹੁੰਦਾ ਹੈ, ਉਹ ਪ੍ਰਭੂ ਦੇ ਸਚ ਨਿਆਂ ਵਾਲੇ ਉਸ ਅਤੀ ਤੰਗ ਦਰਵਾਜ਼ੇ) `ਚੋਂ ਲੰਙੇ ਵੀ ਤਾਂ ਕਿਵੇਂ? ਪਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ, ਨਾਲ ਹੀ ਇਸ ਦੁਬਿਧਾ ਦਾ ਸਮਾਧਾਨ ਵੀ ਕਰਦੇ ਹਨ:-

ਫ਼ੁਰਮਾਉਂਦੇ ਹਨ, ਜੇ ਮਨੁੱਖ ਦਾ ਮਨ, ਸ਼ਬਦ-ਗੁਰੂ ਦੀ ਕਮਾਈ ਕਰੇ ਤਾਂ ਇਸ ਮਨ ਚੋਂ ਹਉਮੈ ਦੂਰ ਹੋ ਜਾਂਦੀ ਹੈ। ਉੇਸੇ ਤੋਂ ਮਨ `ਚ ਵੀ ਨਿਰੋਲ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਤੇ ਉਜਾਲਾ ਹੋ ਜਾਂਦਾ ਹੈ। ਇਸ ਤਰ੍ਹਾਂ ਜੀਵਾਤਮਾ, ਜਿਹੜੀ ਮੂਲ ਰੂਪ `ਚ ਹੈ ਹੀ ਪ੍ਰਭੂ ਦੀ ਜੋਤ ਤੇ ਨੂਰ, ਇਹ ਵੀ ਹਉਮੈ ਮੁਕਤ ਹੋਣ ਬਾਅਦ ਪ੍ਰਭੂ `ਚ ਸਹਿਜੇ ਹੀ ਸਮਾਅ ਸਕਦੀ ਹੈ ਇਸ ਤਰ੍ਹਾਂ ਇਹ ਮਨ ਜਦੋਂ ਸ਼ਬਦ-ਗੁਰੂ ਦੀ ਕਮਾਈ ਕਰਦਾ ਹੈ ਤਾਂ ਇਹ ਵੀ ਹਉਮੈ ਰਹਿਤ ਹੋ ਕੇ ਅਡੋਲ ਅਵਸਥਾ `ਚ ਟਿੱਕ ਜਾਂਦਾ ਹੈ। ਇਸ ਤਰ੍ਹਾਂ ਮਨੁੱਖੀ ਮਨ ਮਾਇਕ ਖਿਚਾਂ ਤੋਂ ਮੁਕਤ ਹੋ ਜਾਂਦਾ ਹੈ, ਜਿਸ ਤੋਂ ਇਹ ਵੀ ਸਹਿਜੇ ਹੀ ਉਸ ਤੰਗ ਦਰਵਾਜ਼ੇ ਨੂੰ ਪਾਰ ਕਾ ਲੈਂਦਾ ਹੈ।

ਭਾਵ ਇਹ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ। ਮਨੁੱਖ ਜੀਂਦੇ ਜੀਅ ਆਪਣੇ ਅਸਲੇ ਪ੍ਰਭੂ `ਚ ਸਮਾਅ ਜਾਂਦਾ ਹੈ, ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਂਦਾ ਤੇ ਪਹਿਲਾਂ ਤੋਂ ਚਲਦਾ ਆ ਰਿਹਾ ਇਸਦਾ ਜਨਮ ਮਰਨ ਵਾਲਾ ਗੇੜ ਸਮਾਪਤ ਹੋ ਜਾਂਦਾ, ਇਸ ਦੀ ਲੰਮੇਂ ਸਮੇਂ ਤੋਂ ਪ੍ਰਭੂ ਤੋਂ ਬਣੀ ਹੋਈ ਵਿੱਥ, ਸਦਾ ਲਈ ਖ਼ਤਮ ਹੋ ਜਾਂਦੀ ਹੈ। ੨। {ਪੰ: ੫੦੯}

"ਕਾਇਆ ਕੋਟੁ ਅਪਾਰੁ ਹੈ, ਮਿਲਣਾ ਸੰਜੋਗੀ"

(ਸੰ: ੪੪) "ਪਉੜੀ॥ ਕਾਇਆ ਕੋਟੁ ਅਪਾਰੁ ਹੈ, ਮਿਲਣਾ ਸੰਜੋਗੀ॥ ਕਾਇਆ ਅੰਦਰਿ ਆਪਿ ਵਸਿ ਰਹਿਆ, ਆਪੇ ਰਸ ਭੋਗੀ॥ ਆਪਿ ਅਤੀਤੁ ਅਲਿਪਤੁ ਹੈ, ਨਿਰਜੋਗੁ ਹਰਿ ਜੋਗੀ॥ ਜੋ ਤਿਸੁ ਭਾਵੈ ਸੋ ਕਰੇ, ਹਰਿ ਕਰੇ ਸੁ ਹੋਗੀ॥ ਹਰਿ ਗੁਰਮੁਖਿ ਨਾਮੁ ਧਿਆਈਐ, ਲਹਿ ਜਾਹਿ ਵਿਜੋਗੀ॥ ੧੩॥" (ਪੰ: ੫੧੪)

ਅਰਥ- ਮਨੁੱਖਾ-ਸਰੀਰ ਮਾਨੋ ਵੱਡਾ ਕਿਲ੍ਹਾ ਹੈ ਜਿਹੜਾ ਮਨੁੱਖ ਨੂੰ ਸੰਜੋਗ ਨਾਲ ਪ੍ਰਾਪਤ ਹੁੰਦਾ ਹੈ। ਜਦਕਿ ਇਸੇ ਸਰੀਰ `ਚ ਪ੍ਰਭੂ ਆਪ ਵੀ ਵੱਸ ਰਿਹਾ ਹੁੰਦਾ ਹੈ। ਇਸਤਰ੍ਹਾਂ ਸਰੀਰ ਅੰਦਰ ਵੱਸ ਰਿਹਾ ਪ੍ਰਭੂ ਆਪ ਹੀ "ਕਾਇਆ ਅੰਦਰਿ ਆਪਿ ਵਸਿ ਰਹਿਆ, ਆਪੇ ਰਸ ਭੋਗੀ॥ ਆਪਿ ਅਤੀਤੁ ਅਲਿਪਤੁ ਹੈ, ਨਿਰਜੋਗੁ ਹਰਿ ਜੋਗੀ" ਕਿੱਧਰੇ ਸੰਸਾਰਕ ਰਸਾਂ `ਚ ਖੱਚਤ ਹੁੰਦਾ ਹੈ ਤੇ ਕਿੱਧਰੇ ਉਹੀ ਜੋਗੀ-ਬੈਰਾਗੀ ਆਦਿ ਵਿਰਕਤ ਭਾਵ ਮਾਇਆ ਦੇ ਅਸਰ ਤੋਂ ਨਿਰਲੇਪ ਰਹਿ ਰਿਹਾ ਦਿਸਦਾ ਹੈ। ਇਸਤਰ੍ਹਾਂ ਪ੍ਰਭੂ ਨੂੰ ਜਿਵੇਂ ਚੰਗਾ ਲੱਗਦਾ ਹੈ, ਪ੍ਰਭੂ ਉਹੀ ਕਰਦਾ ਹੈ।

ਭਾਵ ਹਰੇਕ ਮਨੁੱਖ ਦੀਆਂ ਵੱਖ ਵੱਖ ਕਰਣੀਆਂ ਤੇ ਰਹਿਣੀਆਂ ਦੇ ਆਧਾਰ `ਤੇ ਜੀਵਾਂ ਨੂੰ ‘ਸੰਸਾਰਕ ਰਸਾਂ ਦਾ ਭੋਗੀ’ ਬਨਾਉਣ ਵਾਲਾ ਵੀ ਅੰਦਰ ਵੱਸ ਰਿਹਾ ਪ੍ਰਭੂ ਆਪ ਹੁੰਦਾ ਹੈ ਤੇ ਜੀਵਾਂ ਨੂੰ ‘ਜੋਗੀ, ਅਤੀਤੁ ਬੈਰਾਗੀ’ ਆਦਿ ਬਨਾਉਣ ਵਾਲੀ ਖੇਡ ਵੀ ਪ੍ਰਭੂ ਦੀ ਹੁੰਦੀ ਹੈ ਕਿਉਂਕਿਉਹ ਸਭ ਵੀ ਪ੍ਰਭੂ ਦੇ ਸੱਚ ਨਿਆਂ `ਚ ਹੀ ਹੋ ਰਿਹਾ ਹੁੰਦਾ ਹੈ।

"ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ" ਫ਼ਿਰ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿੰਦੇ ਹਨ, ਤਾਂ ਉਹੀ ਮਾਇਕ ਰਸ ਜਿਹੜੇ ਮਨੁੱਖ ਲਈ ਪ੍ਰਭੂ ਤੋਂ ਵਿਛੋੜੇ ਦਾ ਅਸਲ ਕਾਰਣ ਹੁੰਦੇ ਹਨ, ਅਜਿਹੇ ਗੁਰਮੁਖਾਂ ਦੇ ਜੀਵਨ `ਤੇ ਆਪਣਾ ਵਿਰੋਧੀ ਪ੍ਰਭਾਵ ਨਹੀਂ ਪਾ ਸਕਦੇ। ੧੩।

ਇਸਤਰ੍ਹਾਂ ਵਿਸ਼ੇ ਨੂੰ ਘੋਖਿਆ ਜਾਵੇ ਤਾਂ ਪਉੜੀ `ਚ ਗੁਰਦੇਵ ਮਨੁੱਖ ਦੇ ਪਿੱਛਲੇ ਬਿਰਥਾ ਹੋ ਚੁੱਕੇ ਮਨੁੱਖਾ ਜਨਮ ਕਾਰਣ ਭਿੰਨ ਭਿੰਨ ਜੂਨਾਂ ਗੇੜ `ਚ ਪਏ ਜੀਵ ਨੂੰ ਫ਼ਿਰ ਤੋਂ "ਮਿਲਣਾ ਸੰਜੋਗੀ" ਸੰਜੋਗ ਨਾਲ ਪ੍ਰਾਪਤ ਹੋਏ ਇਸ ਮਨੁੱਖਾ ਜਨਮ ਬਾਰੇ ਸੁਚੇਤ ਕਰ ਰਹੇ ਹਨ।

ਤਾਂ ਤੇ ਪਉੜੀ ਵਿੱਚਲੀ "ਅਪਾਰੁ" "…ਆਪੇ ਰਸ ਭੋਗੀ॥ ਆਪਿ ਅਤੀਤੁ ਅਲਿਪਤੁ ਹੈ, ਨਿਰਜੋਗੁ ਹਰਿ ਜੋਗੀ", ਅਤੇ "ਹਰਿ ਗੁਰਮੁਖਿ ਨਾਮੁ ਧਿਆਈਐ, ਲਹਿ ਜਾਹਿ ਵਿਜੋਗੀ" ਆਦਿ ਸ਼ਬਦਾਵਲੀ ਵਿਸ਼ੇਸ਼ ਧਿਆਨ ਮੰਗਦੀ ਹੈ। ਇਸ ਸ਼ਬਦਾਵਲੀ ਰਾਹੀਂ ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ ਬੇਅੰਤ ਜੂਨਾਂ ਦੇ ਗੇੜ `ਚ ਪਏ ਜੀਵ ਨੂੰ ਜਦੋਂ ਸੰਜੋਗ ਨਾਲ ਫ਼ਿਰ ਤੋਂ ਮਨੁੱਖਾ ਜਨਮ ਵਾਲਾ ਅਵਸਰ ਮਿਲਦਾ ਹੈ ਤਾਂ:-

ਪ੍ਰਭੂ ਵੱਲੋਂ ਜੀਵ ਨੂੰ ਫ਼ਿਰ ਤੋਂ ਮਨੁੱਖਾ ਜਨਮ ਵਾਲਾ ਅਵਸਰ ਬਖ਼ਸ਼ਨਾ ਦਾ ਇਕੋ ਹੀ ਮਕਸਦ ਇਸ ਨੂੰ ਸਫ਼ਲ ਕਰਣਾ ਹੁੰਦਾ ਹੈ ਨਾ ਕਿ ਪਹਿਲਾਂ ਵਾਂਙ ਇਸ ਨੂੰ ਵੀ ਬਿਰਥਾ ਕਰ ਦੇਣਾ। ਸਪਸ਼ਟ ਹੈ ਜੀਵ ਨੂੰ ਫ਼ਿਰ ਤੋਂ ਮਨੁੱਖਾ ਜਨਮ ਵਾਲਾ ਅਵਸਰ ਮਿਲਦਾ ਹੀ ਇਸ ਲਈ ਹੈ ਤਾ ਕਿ ਜੀਵ ਹੁਣ ਸ਼ਬਦ-ਗੁਰੂ ਦੀ ਕਮਾਈ ਕਰੇ ਅਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਿਆ ਰਹਿਕੇ ਪ੍ਰਭੂ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣ ਜਾਵੇ।

ਇਸ ਤਰ੍ਹ੍ਹਾਂ ਸੰਜੋਗ ਨਾਲ ਫ਼ਿਰ ਤੋਂ ਪ੍ਰਾਪਤ ਹੋਏ ਇਸ ਮਨੁੱਖਾ ਜਨਮ ਦਾ ਲਾਭ ਲੈ ਕੇ ਜੀਵ, ਪ੍ਰਭੂ ਤੋਂ ਚਲਦੇ ਆ ਰਹੇ ਆਪਣੇ ਚਿਰੀਂ ਵਿਛੋੜੇ ਨੂੰ "ਲਹਿ ਜਾਹਿ ਵਿਜੋਗੀ" ਖ਼ਤਮ ਕਰ ਲਵੇ; ਪ੍ਰਭੂ ਤੋਂ ਬਣੇ ਹੋਏ ਆਪਣੇ ਉਸ ਵਿਜੋਗ ਨੂੰ, ਪ੍ਰਭੂ ਮਿਲਾਪ `ਚ ਤਬਦੀਲ ਕਰ ਲਵੇ।

ਗੁਰਦੇਵ ਪਉੜੀ `ਚ ਵਿਸ਼ੇ ਨੂੰ ਹੋਰ ਵੀ ਖੋਲਦੇ ਹਨ। ਫ਼ੁਰਮਾਉਂਦੇ ਹਨ, ਮਨੁੱਖਾ ਸਰੀਰ ਹੀ ਇਕੋ-ਇਕ ਵਸੀਲਾ ਹੈ ਜਦੋਂ ਜੀਵ ਅਨੰਤ ਸੰਸਾਰਕ ਰਸਾਂ ਨੂੰ ਵੀ ਸੌਖਾ ਭੋਗ ਸਕਦਾ ਹੈ। ਉਸੇ ਲਈ, ਆਪਣੀਆਂ ਸਿਆਣਪਾਂ ਦੇ ਭਰਮ `ਚ, "ਰਸ ਭੋਗੀ" ਜੀਵ ਜਾਂ ਤਾਂ ਸੰਸਾਰਕ ਰਸਾਂ `ਚ ਖੱਚਤ ਹੋ ਜਾਂਦਾ ਹੈ ਜਾਂ ਆਪਣੇ ਆਪ ਨੂੰ ਜੋਗੀ, ਅਤੀਤ, ਵਿਰੱਕਤ ਆਦਿ ਭਿਂਨ ਭਿੰਨ ਰੰਗਾਂ `ਚ ਰੰਗ ਲੈਂਦਾ ਹੈ।

ਗੁਰਦੇਵ ਸੁਚੇਤ ਕਰਦੇ ਹਨ, ਐ ਭਾਈ! ਇਸ ਤਰ੍ਹਾਂ ਦੀਆਂ ਮਨਮੁੱਖੀ ਕਰਣੀਆਂ `ਚ ਉਲਝਿਆ ਰਹਿ ਕੇ ਤੂੰ ਸੰਜੋਗ ਨਾਲ ਪ੍ਰਾਪਤ ਹੋਏ ਇਸ ਮਨੁੱਖਾ ਜਨਮ ਨੂੰ ਵੀ ਬਿਰਥਾ ਕਰਕੇ ਜਾਵੇਂਗਾ।

ਜਦਕਿ ਲੋੜ ਹੈ "ਹਰਿ ਗੁਰਮੁਖਿ ਨਾਮੁ ਧਿਆਈਐ, ਲਹਿ ਜਾਹਿ ਵਿਜੋਗੀ" ਹੁਣ ਤੂੰ ਸਤਿਗੁਰੂ ਭਾਵ ਸ਼ਬਦ-ਗੁਰੂ ਦੇ ਅਨੁਸਾਰੀ ਜੀਵਨ ਜੀਊਂ ਕੇ, ਆਪਣੇ ਇਸ ਜਨਮ ਨੂੰ ਪ੍ਰਭੂ ਦੇ ਰੰਗ `ਚ ਰੰਗ। ਇਸ ਤਰ੍ਹਾਂ ਫ਼ਿਰ ਤੋਂ ਸੰਜੋਗ ਨਾਲ ਪ੍ਰਾਪਤ ਮਨੁੱਖਾ ਜਨਮ ਵਾਲੇ ਇਸ ਅਵਸਰ ਨੂੰ ਸਫ਼ਲਾ ਕਰ ਅਤੇ ਸਦਾ ਲਈ ਪ੍ਰਭੂ `ਚ ਸਮਾਅ ਜਾ, ਤੈਨੂੰ ਮੁੜ ਜਨਮਾਂ-ਜੂਨਾਂ ਦੇ ਉਸੇ ਗੇੜ `ਚ ਨਾ ਪੈਣਾ ਪਵੇ।

ਇਸ ਤਰ੍ਹਾਂ ਤੇਰਾ ਇਹ ਲੋਕ ਤੇ ਪ੍ਰਲੋਕ, ਦੋਵੇਂ ਸੁਹੇਲੇ ਹੋ ਜਾਣਗੇ। ਤੂੰ ਜੀਂਦੇ ਜੀਅ ਵੀ ਪ੍ਰਭੂ ਨਾਲ ਅਭੇਦ ਹੋ ਕੇ ਸੰਤੋਖੀ, ਭਟਕਣਾ, ਚਿੰਤਾ ਰਹਿਤ ਆਨੰਦਮਈ ਜੀਵਨ ਬਤੀਤ ਕਰੇਂਗਾ ਤੇ ਸਰੀਰ ਤਿਅਗਣ ਬਾਅਦ ਵੀ ਸਦਾ ਲਈ "ਲਹਿ ਜਾਹਿ ਵਿਜੋਗੀ" ਅਸਲੇ ਪ੍ਰਭੂ `ਚ ਹੀ ਸਮਾਅ ਜਾਵੇਂਗਾ। ਇਸ ਤਰ੍ਹਾਂ ਤੇਰਾ ਬਾਰ ਬਾਰ ਦੇ ਆਉਣ-ਜਾਣ ਵਾਲਾ ਗੇੜ ਸਦਾ ਲਈ ਮੁੱਕ ਜਾਵੇਗਾ। {ਪੰ: ੫੧੪}

"ਗੁਰਮੁਖਿ ਜੋਤੀ ਜੋਤਿ ਮਿਲਾਈ"

(ਸੰ: ੪੫) "ਨਾਮ ਵਿਹੂਣ ਗਰਭ ਗਲਿ ਜਾਇ॥ ਬਿਰਥਾ ਜਨਮੁ ਦੂਜੈ ਲੋਭਾਇ॥ ਨਾਮ ਬਿਹੂਣੀ ਦੁਖਿ ਜਲੈ ਸਬਾਈ॥ ਸਤਿਗੁਰਿ ਪੂਰੈ ਬੂਝ ਬੁਝਾਈ॥   ॥ ਮਨੁ ਚੰਚਲੁ ਬਹੁ ਚੋਟਾ ਖਾਇ॥ ਏਥਹੁ ਛੁੜਕਿਆ ਠਉਰ ਨ ਪਾਇ॥ ਗਰਭ ਜੋਨਿ ਵਿਸਟਾ ਕਾ ਵਾਸੁ॥ ਤਿਤੁ ਘਰਿ ਮਨਮੁਖੁ ਕਰੇ ਨਿਵਾਸੁ॥   ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ॥ ਗੁਰਮੁਖਿ ਜੋਤੀ ਜੋਤਿ ਮਿਲਾਈ॥ ਨਿਰਮਲ ਬਾਣੀ ਨਿਜ ਘਰਿ ਵਾਸਾ॥ ਨਾਨਕ ਹਉਮੈ ਮਾਰੇ ਸਦਾ ਉਦਾਸਾ॥   ॥ (ਪੰ: ੩੬੨)

ਅਰਥ-ਪ੍ਰਭੂ ਦੀ ਸਿਫ਼ਤ ਸਲਾਹ ਤੋਂ ਵਾਂਝਾ ਰਹਿ ਕੇ ਮਨੁੱਖ ਫ਼ਿਰ ਤੋਂ ਬਾਰ ਬਾਰ ਦੇ ਜਨਮਾਂ-ਗਰਭਾਂ ਦੇ ਗੇੜ `ਚ ਪਿਆ ਰਹਿੰਦਾ ਹੈ। ਚੂੰਕਿ ਉਹ ਸਦਾ ਮਾਇਆ ਦੇ ਮੋਹ `ਚ ਫਸਿਆ ਰਹਿੰਦਾ ਹੈ ਇਸੇ ਲਈ ਉਸ ਦਾ ਮਨੁੱਖਾ ਜਨਮ ਫ਼ਿਰ ਤੋਂ ਬਿਰਥਾ ਹੋ ਜਾਂਦਾ ਹੈ ਭਾਵ ਉਹ ਜੀਂਦੇ ਜੀਅ ਵੀ ਆਪਣੇ ਲਈ ਆਤਮਕ ਮੌਤ ਸਹੇੜੀ ਰਖਦਾ ਤੇ ਭਟਕਣਾ `ਚ ਪਿਆ ਖੁਆਰ ਹੁੰਦਾ ਹੈ। ਮੌਤ ਤੋਂ ਬਾਅਦ ਵੀ ਮੁੜ ਉਨ੍ਹਾਂ ਹੀ ਭਿੰਨ-ਭਿੰਨ ਜੂਨਾਂ ਤੇ ਗਰਭਾਂ ਦੇ ਗੇੜ `ਚ ਪੈਂਦਾ ਹੈ। ਇਸ ਤਰ੍ਹਾਂ ਨਾਮ ਤੋਂ ਵਾਂਝੀ ਸਾਰੀ ਲੁਕਾਈ ਅਜਿਹੇ ਆਤਮਕ ਦੁੱਖਾਂ `ਚ ਸੜਦੀ ਰਹਿੰਦੀ ਹੈ। ਮਨੁੱਖਾ ਜਨਮ ਸਫ਼ਲ ਕਿਵੇਂ ਹੋਵੇ? ਇਹ ਸਮਝ ਕੇਵਲ ਸ਼ਬਦ-ਗੁਰੂ ਦੀ ਕਮਾਈ ਰਾਹੀਂ ਹੀ ਆਉਂਦੀ ਹੈ। ੨।

ਜਿਸ ਮਨੁੱਖ ਦਾ ਮਨ ਹਰ ਵੇਲੇ ਮਾਇਆ ਦੇ ਮੋਹ `ਚ ਭਟਕਦਾ ਹੈ ਉਹ ਜੀਵਨ ਭਰ ਮੋਹ-ਮਾਇਆ ਦੀਆਂ ਚੋਟਾਂ ਖਾਂਦਾ ਹੈ। ਪ੍ਰਭੂ ਦੀ ਸਿਫ਼ਤ ਸਲਾਹ ਵੱਲੋਂ ਖੁੰਝਿਆ ਰਹਿਕੇ ਮਨੁੱਖ, ਆਪਣਾ ਇਹ ਲੋਕ ਵੀ ਗੁਆ ਲੈਂਦਾ ਹੈ ਤੇ ਮੌਤ ਤੋਂ ਬਾਅਦ ਵੀ ਮੁੜ ਉਨ੍ਹਾਂ ਹੀ ਜਨਮਾਂ-ਜੂਨਾਂ ਦੇ ਗੇੜ `ਚ ਪਿਆ ਭਿੰਨ-ਭਿੰਨ ਗਰਭਾਂ ਵਾਲੀ ਵਿਸ਼ਟਾ ਦਾ ਵਾਸੀ ਬਣਿਆ ਰਹਿੰਦਾ ਹੈ। ਦਰਅਸਲ ਇਹ ਹਾਲਤ ਉਸ ਮਨੁੱਖ ਦੀ ਹੁੰਦੀ ਹੈ ਜਿਹੜਾ ਆਪਣੇ ਮਨ ਦੇ ਪਿੱਛੇ ਟੁਰਦਾ ਹੈ ਤੇ ਸ਼ਬਦ ਗੁਰੂ ਦੇ ਆਦੇਸ਼ਾਂ ਦਾ ਪਾਲਣ ਨਹੀਂ ਕਰਦਾ। ੩।

ਹੇ ਨਾਨਕ! ਮੈਂ ਆਪਣੇ ਸਤਿਗੁਰੂ ਤੋਂ ਬਲਿਹਾਰੇ ਜਾਂਦਾ ਹਾਂ। ਸ਼ਬਦ-ਗੁਰੂ ਦੀ ਸ਼ਰਨ ਪੈਣ ਵਾਲੇ ਦੀ ਸੁਰਤਿ (ਜੋਤ), ਜੀਂਦੇ ਜੀਅ ਪ੍ਰਭੂ ਪ੍ਰਮਾਤਮਾ ਦੀ ਜੋਤਿ `ਚ ਸਮਾਅ ਜਾਂਦੀ ਹੈ। ਨਿਰਮਲ ਗੁਰਬਾਣੀ ਦੀ ਬਰਕਤਿ ਨਾਲ ਉਸ ਦਾ ਸਦੀਵੀ ਨਿਵਾਸ ਨਿਜ ਘਰ, ਪ੍ਰਭੂ ਦੇ ਚਰਨਾਂ `ਚ ਹੋ ਜਾਂਦਾ ਹੈ। ਸ਼ਬਦ-ਗੁਰੂ ਦੀ ਮਿਹਰ ਸਦਕਾ ਉਹ ਆਪਣੇ ਅੰਦਰੋਂ ਹਉਮੈ ਨੂੰ ਮੁਕਾਅ ਲੈਂਦਾ ਹੈ ਅਤੇ ਮੋਹ ਮਾਇਆ ਵੱਲੋਂ ਵਿਰਕਤ, ਅਨੰਦਮਈ, ਸੰਤੋਖੀ, ਭਟਕਣਾ, ਚਿੰਤਾ ਅਤੇ ਵਿਕਾਰਾਂ ਤੋਂ ਰਹਿਤ ਜਨਮ ਬਤੀਤ ਕਰਦਾ ਹੈ। ੪। (ਪੰ: ੩੬੨)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠ’ ਪੁਸਤਕਾਂ ਤੇ ਹੋਰ ਲਿਖ਼ਤਾਂ ਜਿਵੇਂ ਹੁਣ ਨਵੀਂ ਅਰੰਭ ਕੀਤੀ ਗਈ ਗੁਰਮੱਤ ਸੰਦੇਸ਼ਾਂ ਵਾਲੀ ਸੀਰੀਜ਼, ਸਭ ਦਾ ਮਕਸਦ ਇਕੋ ਹੀ ਹੈ। ਉਹ ਮਕਸਦ ਹੈ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ "ਗੁਰੂ ਗ੍ਰੰਥ ਸਾਹਿਬ" ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this ਗੁਰਮੱਤ ਸੰਦੇਸ਼ (ਭਾਗ ਯ੍ਹਾਰਵਾਂ)

ਲੜੀ ਵਾਰ (ਸੰ: ੪੩ ਤੋਂ ੪੫) (ਭਾਗ ਯ੍ਹਾਰਵਾਂ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps etc

with the intention of Gurmat Parsar, at quite nominal printing cost i.e. mostly Rs 350/-(in rare cases Rs. 450/- per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.