.

ਕ੍ਰਿਸ਼ਨ ਅਵਤਾਰ

[Krishan: 21st Incarnation of Vishnu]

ੴ ਵਾਹਿਗੁਰੂ ਜੀ ਕੀ ਫਤਿਹ

ਸ੍ਰੀ ਅਕਾਲ ਪੁਰਖ ਜੀ ਸਹਾਇ

ਅਥ ਕ੍ਰਿਸਨਾਵਤਾਰ ਇਕੀਸਮੋ ਕਥਨੰ

{ਹਿੰਦੂਆਂ ਦੇ ਕ੍ਰਿਸ਼ਨ ਅਵਤਾਰ ਸੰਬੰਧਿਤ ਬਹੁਤ ਸਾਰੀਆਂ ਕਹਾਣੀਆਂ ਸਿੱਖਾਂ ਨੇ ਸੁਣੀਆਂ ਹੋਈਆਂ ਹਨ। ਇਸ ਲਈ, ਕੁੱਝ ਕੁ ਜਾਣਕਾਰੀ ਹੀ ਸਾਂਝੀ ਕੀਤੀ ਜਾ ਰਹੀ ਹੈ ਕਿਉਂਕਿ ਬਚਿਤ੍ਰ ਨਾਟਕ ਵਿਖੇ ਇਸ ਵਾਰਤਾ ਦੇ (੧ ਤੋਂ ੨੪੯੨) ਪੈਰੇ ਹਨ। ਇਹ ਵੀ ਜਾਪਦਾ ਹੈ ਕਿ ਇਸ ਪ੍ਰਸੰਗ ਦਾ ਲੇਖਕ ਕੋਈ ਕਵੀ ਸ਼ਿਆਮ ਹੈ, ਜਿਹੜਾ ਚੰਡਿਕਾ ਦੇਵੀ ਦਾ ਪੁਜਾਰੀ ਹੋਇਆ ਹੋਵੇਗਾ!}

ਚੌਪਈ

ਅਬ ਬਰਣੋ ਕ੍ਰਿਸਨਾ ਅਵਤਾਰੂ। ਜੈਸ ਭਾਤਿ ਬਪੁ ਧਰਿਯੋ ਮੁਰਾਰੂ।

ਪਰਮ ਪਾਪ ਤੇ ਭੂਮਿ ਡਰਾਨੀ। ਡਗਮਗਾਤ ਬਿਧ ਤੀਰਿ ਸਿਧਾਨੀ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਹੁਣ ਮੈਂ (ਕਵੀ ਸ਼ਿਆਮ) ਕ੍ਰਿਸ਼ਨ ਅਵਤਾਰ ਦੀ ਕਥਾ ਵਰਣਨ ਕਰਦਾ ਹਾਂ, ਜਿਸ ਤਰ੍ਹਾਂ ਕਿ ਵਿਸ਼ਣੂ ਨੇ (ਕ੍ਰਿਸ਼ਨ ਦਾ) ਸਰੂਪ ਧਾਰਨ ਕੀਤਾ ਸੀ। ਘੋਰ ਪਾਪਾਂ ਕਾਰਨ ਧਰਤੀ ਭੈ ਭੀਤ ਹੋ ਗਈ ਅਤੇ ਡਗਮਗਾਉਂਦੀ ਹੋਈ ਬ੍ਰਹਮਾ ਕੋਲ ਗਈ। ੧। {ਜਿਵੇਂ ਭੁਜਾਲ ਆ ਗਿਆ ਹੋਵੇ!}

ਬ੍ਰਹਮਾ ਗਯੋ ਛੀਰ ਨਿਧਿ ਜਹਾ। ਕਾਲ ਪੁਰੁਖ ਇਸਥਿਤ ਥੇ ਤਹਾ।

ਕਹਿਯੋ ਬਿਸਨੁ ਕਹੁ ਨਿਕਟਿ ਬੁਲਾਈ। ਕ੍ਰਿਸਨ ਅਵਤਾਰ ਧਰਹੁ ਤੁਮ ਜਾਈ। ੨।

ਅਰਥ: ਬ੍ਰਹਮਾ (ਉਥੇ) ਗਿਆ ਜਿਥੇ ਛੀਰ ਸਮੁੰਦਰ ਸੀ, (ਕਿਉਂਕਿ) ‘ਕਾਲ-ਪੁਰਖ’ ਉਥੇ ਬਿਰਾਜਮਾਨ ਸਨ। (ਉਨ੍ਹਾਂ ਨੇ) ਵਿਸ਼ਣੂ ਨੂੰ ਕੋਲ ਬੁਲਾ ਕੇ ਕਿਹਾ- ਤੂੰ ਜਾ ਕੇ ਕ੍ਰਿਸ਼ਨ ਅਵਤਾਰ ਧਾਰਨ ਕਰ। ੨। {ਜਿਵੇਂ ਜਾਦੂਗਰ ਦਾ ਤਮਾਸ਼ਾ?}

ਦੋਹਰਾ

ਕਾਲ ਪੁਰਖ ਕੇ ਬਚਨ ਤੇ ਸੰਤਨ ਹੇਤ ਸਹਾਇ। ਮਥੁਰਾ ਮੰਡਲ ਕੇ ਬਿਖੈ ਜਨਮੁ ਧਰੇ ਹਰਿ ਰਾਇ। ੩।

ਅਰਥ: ਕਾਲ-ਪੁਰਖ ਦੀ ਆਗਿਆ ਨਾਲ ਸੰਤਾਂ ਦੀ ਸਹਾਇਤਾ ਲਈ ਮਥੁਰਾ ਖੇਤਰ ( ‘ਮੰਡਲ’ ) ਵਿੱਚ ਵਿਸ਼ਣੂ ਨੇ ਜਨਮ ਧਾਰਨ ਕੀਤਾ। ੩।

ਚੌਪਈ

ਜੇ ਜੇ ਕ੍ਰਿਸਨ ਚਰਿਤ੍ਰ ਦਿਖਾਏ। ਦਸਮ ਬੀਚ ਸਭ ਭਾਖਿ ਸੁਨਾਏ।

ਗ੍ਹਯਾਰਾ ਸਹਸ ਬਾਨਵੇ ਛੰਦਾ। ਕਹੇ ਦਸਮ ਪੁਰ ਬੈਠਿ ਅਨੰਦਾ। ੪।

ਅਰਥ: ਜਿਹੜੇ ਜਿਹੜੇ ਕੌਤਕ ਕ੍ਰਿਸ਼ਨ ਨੇ ਵਿਖਾਏ (ਉਹ) ਸਾਰੇ (ਭਾਗਵਤ ਪੁਰਾਣ ਦੇ) ਦਸਵੇਂ (ਸਕੰਧ ਵਿਚ) ਕਹੇ ਹੋਏ ਹਨ। (ਉਸ ਨਾਲ) ਸੰਬੰਧਿਤ ਯਾਰ੍ਹਾਂ ਸੌ ਬਾਨਵੇਂ ਛੰਦ (ਮੈਂ) ਆਨੰਦਪੁਰ ਵਿੱਚ ਬੈਠ ਕੇ ਕਹੇ ਹਨ। (ਬਾਕੀ ਦੇ ਪਾਉਂਟਾ ਸਾਹਿਬ ਵਿੱਚ ਕਹੇ ਗਏ ਸਨ)। ੪।

ਅਥ ਦੇਵੀ ਜੂ ਕੀ ਉਸਤਤ ਕਥਨੰ

ਸਵੈਯਾ

ਹੋਇ ਕ੍ਰਿਪਾ ਤੁਮਰੀ ਹਮ ਪੈ ਤੁ ਸਭੈ ਸਗਨੰ ਗੁਨ ਹੀ ਧਰਿ ਹੋ।

ਜੀਅ ਧਾਰਿ ਬਿਚਾਰ ਤਬੈ ਬਰ ਬੁਧਿ ਮਹਾ ਅਗਨੰ ਗੁਨ ਕੋ ਹਰਿ ਹੋ।

ਬਿਨੁ ਚੰਡਿ ਕ੍ਰਿਪਾ ਤੁਮਰੀ ਕਬਹੂੰ ਮੁਖ ਤੇ ਨਹੀ ਅਛਰ ਹਉ ਕਰਿ ਹੋ।

ਤੁਮਰੋ ਕਰਿ ਨਾਮੁ ਕਿਧੋ ਤੁਲਹਾ ਜਿਮ ਬਾਕ ਸਮੁੰਦ੍ਰ ਬਿਖੈ ਤਰਿ ਹੋ। ੫।

ਅਰਥ: ਤੇਰੀ ਕ੍ਰਿਪਾ ਹੋਣ ਤੇ ਹੀ ਮੈਂ ਸਾਰੇ ਸ਼ੁਭ ਗੁਣਾਂ ਨੂੰ ਧਾਰਨ ਕਰਾਂਗਾ। (ਮੈਂ) ਚਿਤ ਵਿੱਚ ਇਹ ਵਿਚਾਰ ਧਾਰਨ ਕਰ ਕੇ ਹੀ ਸ੍ਰੇਸ਼ਠ ਬੁੱਧੀ ਨੂੰ ਵਿਕਸਿਤ ਕਰਾਂਗਾ ਅਤੇ ਬੁਰੇ ਗੁਣਾਂ ਨੂੰ ਨਸ਼ਟ ਕਰਾਂਗਾ। ਹੇ ਚੰਡਿਕਾ! ਤੇਰੀ ਕ੍ਰਿਪਾ ਤੋਂ ਬਿਨਾ ਮੈਂ ਕਦੇ ਇੱਕ ਅੱਖਰ ਵੀ ਮੂੰਹੋਂ ਕਢ ਸਕਣ ਦੇ ਸਮਰਥ ਨਹੀਂ ਹਾਂ। ਤੇਰੇ ਨਾਮ ਦਾ ਤੁਲਹਾ ਬਣਾ ਕੇ ਮੈਂ ਕਵਿਤਾ ( ‘ਬਾਕ’ ) ਰੂਪੀ ਸਮੁੰਦਰ ਤੋਂ ਤਰ ਸਕਦਾ ਹਾਂ। ੫।

ਦੋਹਰਾ

ਰੇ ਮਨ ਭਜ ਤੂੰ ਸਾਰਦਾ ਅਨਗਨ ਗੁਨ ਹੈ ਜਾਹਿ। ਰਚੌ ਗ੍ਰੰਥ ਇਹ ਭਾਗਵਤ ਜਉ ਵੈ ਕ੍ਰਿਪਾ ਕਰਾਹਿ। ੬।

ਅਰਥ: ਹੇ ਮਨ! ਤੂੰ ਸ਼ਾਰਦਾ ਦਾ ਸਿਮਰਨ ਕਰ, ਜਿਸ ਵਿੱਚ ਅਣਗਿਣਤ ਗੁਣ ਹਨ। ਜਦੋਂ ਉਹ (ਮੇਰੇ ਉਤੇ) ਕ੍ਰਿਪਾ ਕਰੇਗੀ, (ਤਦੋਂ ਮੈਂ) ਇਸ ਭਾਗਵਤ ਦੀ ਰਚਨਾ ਕਰਾਂਗਾ। ੬।

ਕਬਿਤੁ

ਸੰਕਟ ਹਰਨ ਸਭ ਸਿਧਿ ਕੀ ਕਰਨ ਚੰਡ ਤਾਰਨ ਤਰਨ ਅਰੁ ਲੋਚਨ ਬਿਸਾਲ ਹੈ।

ਆਦਿ ਜਾ ਕੇ ਆਹਮ ਹੈ ਅੰਤ ਕੋ ਨ ਪਾਰਾਵਾਰ ਸਰਨਿ ਉਬਾਰਨ ਕਰਨ ਪ੍ਰਤਿਪਾਲ ਹੈ।

ਅਸੁਰ ਸੰਘਾਰਨ ਅਨਿਕ ਦੁਖ ਜਾਰਨ ਸੋ ਪਤਿਤ ਉਧਾਰਨ ਛਡਾਏ ਜਮਜਾਲ ਹੈ।

ਦੇਵੀ ਬਰੁ ਲਾਇਕ ਸੁਬੁਧਿ ਹੂ ਕੀ ਦਾਇਕ ਸੁ ਦੇ ਬਰੁ ਪਾਇਕ ਬਨਾਵੈ ਗ੍ਰੰਥ ਹਾਲ ਹੈ। ੭।

ਅਰਥ: ਚੰਡਿਕਾ (ਦੁਰਗਾ) ਸਾਰੇ ਕਸ਼ਟਾਂ ਨੂੰ ਨਸ਼ਟ ਕਰਨ ਵਾਲੀ (ਅਤੇ ਸਾਰੇ ਕੰਮਾਂ ਨੂੰ) ਸਿੱਧ ਕਰਨ ਵਾਲੀ, (ਸੰਸਾਰ ਸਮੁੰਦਰ ਤੋਂ) ਪਾਰ ਕਰਨ ਵਾਲੀ ਅਤੇ ਵੱਡੇ ਨੇਤ੍ਰਾਂ ਵਾਲੀ ਹੈ। ਜਿਸ ਦੇ ਮੁੱਢ ਦਾ (ਪਤਾ ਲਗਾ ਸਕਣਾ) ਕਠਿਨ ਹੈ, (ਜਿਸ ਦੇ) ਅੰਤ ਦਾ ਆਰ ਪਾਰ ਨਹੀਂ ਹੈ, (ਜੋ) ਸ਼ਰਨ ਵਿੱਚ ਆਇਆਂ ਨੂੰ ਬਚਾਉਣ ਵਾਲੀ ਅਤੇ ਪ੍ਰਤਿਪਾਲਣ ਵਾਲੀ ਹੈ, (ਜੋ) ਦੈਂਤਾਂ ਨੂੰ ਨਸ਼ਟ ਕਰਨ ਵਾਲੀ ਹੈ, ਅਨੇਕਾਂ ਦੁਖਾਂ ਨੂੰ ਸਾੜਣ ਵਾਲੀ ਹੈ, ਪਾਪੀਆਂ ਨੂੰ ਤਾਰਨ ਵਾਲੀ ਹੈ ਅਤੇ ਜਮਾਂ ਦੇ ਜਾਲ ਤੋਂ ਛੁੜਾ ਲੈਣ ਵਾਲੀ ਹੈ। ਦੁਰਗਾ ਵਰ (ਦੇਣ) ਯੋਗ ਹੈ, ਸ੍ਰੇਸ਼ਠ ਬੁੱਧੀ ਪ੍ਰਦਾਨ ਕਰਨ ਵਾਲੀ ਹੈ, (ਉਸ ਦੇ) ਵਰ ਦੇਣ ਨਾਲ ਦਾਸ (ਇਸ) ਗ੍ਰੰਥ ਨੂੰ ਛੇਤੀ ਹੀ ਤਿਆਰ ਕਰ ਲਵੇਗਾ। ੭।

ਸਵੈਯਾ

ਅਦ੍ਰ ਸੁਤਾ ਹੂੰ ਕੀ ਜੋ ਤਨਯਾ ਮਹਿਖਾਸੁਰ ਕੀ ਮਰਤਾ ਫੁਨਿ ਜੋਊ।

ਇੰਦ੍ਰ ਕੋ ਰਾਜਹਿ ਕੀ ਦਵੈਯਾ ਕਰਤਾ ਬਧ ਸੁੰਭ ਨਿਸੁੰਭਹਿ ਦੋਊ।

ਜੋ ਜਪ ਕੈ ਇਹ ਸੇਵ ਕਰੈ ਬਰੁ ਕੋ ਸੁ ਲਹੈ ਮਨ ਇਛਤ ਸੋਊ।

ਲੋਕ ਬਿਖੈ ਉਹ ਕੀ ਸਮਤੁਲ ਗਰੀਬ ਨਿਵਾਜ ਨ ਦੂਸਰ ਕੋਊ। ੮।

ਇਤਿ ਸ੍ਰੀ ਦੇਵੀ ਜੂ ਕੀ ਉਸਤਤਿ ਸਮਾਪਤੰ।

ਅਰਥ: ਜੋ ਪਾਰਬਤੀ ਦੀ ਪੁੱਤਰੀ (ਕਾਲੀ) ਹੈ ਅਤੇ ਮਹਿਖਾਸੁਰ ਨੂੰ ਮਾਰਨ ਵਾਲੀ ਹੈ, (ਜੋ) ਇੰਦਰ ਨੂੰ ਰਾਜ ਦਿਵਾਉਣ ਵਾਲੀ ਹੈ, ਅਤੇ ਸੁੰਭ ਤੇ ਨਿਸੁੰਭ ਦੋਹਾਂ (ਦੈਂਤਾਂ ਨੂੰ) ਮਾਰਨ ਵਾਲੀ ਹੈ। ਜੋ (ਕੋਈ ਕਾਲੀ ਨੂੰ) ਜਪ ਕੇ ਉਸ ਦੀ ਸੇਵਾ ਕਰਦਾ ਹੈ, ਉਹ ਮਨ ਭਾਉਂਦੇ ਵਰ ਪ੍ਰਾਪਤ ਕਰਦਾ ਹੈ। ਜਗਤ ਵਿੱਚ ਉਸ ਦੇ ਬਰਾਬਰ ਕੋਈ ਦੂਜਾ ਗ਼ਰੀਬ-ਨਿਵਾਜ਼ ਨਹੀਂ ਹੈ। ੮।

ਇਥੇ ਸ੍ਰੀ ਦੇਵੀ ਜੀ ਦੀ ਉਸਤਤ ਸਮਾਪਤ ਹੁੰਦੀ ਹੈ।

ਬ੍ਰਹਮਾ ਬਾਚ। ਦੋਹਰਾ

ਫਿਰਿ ਹਰਿ ਇਹ ਆਗਿਆ ਦਈ ਦੇਵਨ ਸਕਲ ਬੁਲਾਇ। ਜਾਇ ਰੂਪ ਤੁਮ ਹੂੰ ਧਰੋ ਹਉ ਹੂੰ ਧਰਿ ਹੌ ਆਇ। ੧੩।

ਅਰਥ: ਹਰਿ ਨੇ ਫਿਰ ਸਾਰਿਆਂ ਦੇਵਤਿਆਂ ਨੂੰ ਬੁਲਾ ਕੇ ਆਗਿਆ ਦਿੱਤੀ- ਤੁਸੀਂ ਜਾ ਕੇ (ਗੋਕੁਲ ਵਿਚ) ਰੂਪ ਧਾਰੋ, ਮੈਂ ਵੀ (ਕਿਸ਼ਨ ਅਵਤਾਰ) ਧਾਰਨ ਕਰ ਕੇ ਆਵਾਂਗਾ। ੧੩। (ਫਿਰ ਕੰਸ-ਦੇਵਕੀ ਅਤੇ ਬਚਪਨ ਦਾ ਪ੍ਰਸੰਗ…)

ਅਥ ਚੀਰ ਚਰਨ ਕਥਨੰ/ਸਵੈਯਾ/ਨ੍ਹਾਵਨਿ ਲਾਗਿ ਜਬੈ ਗੁਪੀਆਂ ਤਬ ਲੈ ਪਟ ਕਾਨ ਚਰਿਯੋ ਤਰੁ ਊਪੈ।

ਤਉ ਮੁਸਕਯਾਨ ਲਗੀ ਮਧਿ ਆਪਨ ਕੋਈ ਪੁਕਾਰ ਕਰੈ ਹਰਿ ਜੂ ਪੈ।

ਚੀਰ ਹਰੇ ਹਮਰੇ ਛਲ ਸੋ ਤੁਮ ਸੋ ਠਗ ਨਾਹਿ ਕਿਧੋ ਕੋਊ ਭੂ ਪੈ।

ਹਾਥਨ ਸਾਥ ਸੁ ਸਾਰੀ ਹਰੀ ਦ੍ਰਿਗ ਸਾਥ ਹਰੋ ਹਮਰੋ ਤੁਮ ਰੂਪੈ। ੨੫੧।

ਅਰਥ: ਜਦੋਂ ਗੋਪੀਆਂ ਨਹਾਉਣ ਲਗੀਆਂ ਤਦੋਂ ਕ੍ਰਿਸ਼ਨ (ਉਨ੍ਹਾਂ ਦੇ) ਕਪੜੇ ਲੈ ਕੇ ਬ੍ਰਿਛ ਉਤੇ ਚੜ੍ਹ ਗਿਆ। ਤਦ ਉਹ ਆਪੋ ਵਿੱਚ ਮੁਸਕ੍ਰਾਉਣ ਲਗ ਪਈਆਂ, (ਪਰ) ਕੋਈ ਕ੍ਰਿਸ਼ਨ ਪਾਸ ਪੁਕਾਰ ਕਰਨ ਲਗ ਪਈ। (ਕਹਿਣ ਲਗੀ) - (ਹੇ ਕ੍ਰਿਸ਼ਨ! ਤੂੰ) ਛਲ ਨਾਲ ਸਾਡੇ ਕਪੜੇ ਚੁਰਾ ਲਏ ਹਨ, ਧਰਤੀ ਉਤੇ ਤੇਰੇ ਵਰਗਾ ਕੋਈ ਠਗ ਨਹੀਂ ਹੈ। ਹੱਥਾਂ ਨਾਲ ਤੂੰ ਸਾਡੀਆਂ ਸਾੜੀਆਂ ਚੁਰਾ ਲਈਆ ਹਨ ਅਤੇ ਅੱਖਾਂ ਨਾਲ ਸਾਡੇ ਰੂਪ ਨੂੰ ਚੁਰਾ ਰਿਹਾ ਹੈਂ। ੨੧੫। {ਦੇਖੋ, ਦਸਮ ਗ੍ਰੰਥੀਆਂ ਦਾ ਭਗਵਾਨ!}

ਕਾਨ੍ਹ ਬਾਚ/ਸਵੈਯਾ। ਦੇਉ ਬਿਨਾ ਨਿਕਰੈ ਨਹਿ ਚੀਰ ਕਹਿਯੋ ਹਸਿ ਕਾਨ੍ਹ ਸੁਨੋ ਤੁਮ ਪਿਆਰੀ।

ਸੀਤ ਸਹੋ ਜਲ ਮੈ ਤੁਮ ਨਾਹਕ ਬਾਹਰਿ ਆਵਹੋ ਗੋਰੀ ਅਉ ਕਾਰੀ।

ਦੇ ਅਪੁਨੇ ਅਗੂਆ ਪਿਛੂਆ ਕਰ ਬਾਰਿ ਤਜੋ ਪਤਲੀ ਅਰੁ ਭਾਰੀ।

ਯੌ ਨਹਿ ਦੇਉ ਕਹਿਓ ਹਰਿ ਜੀ ਤਸਲੀਮ ਕਰੋ ਕਰ ਜੋਰਿ ਹਮਾਰੀ। ੨੫੫।

ਅਰਥ: ਕ੍ਰਿਸ਼ਨ ਨੇ ਹਸ ਕੇ ਕਿਹਾ- ਹੇ ਪਿਆਰੀ! ਤੁਸੀਂ ਸੁਣ ਲਵੋ (ਕਿ ਪਾਣੀ ਵਿਚੋਂ) ਨਿਕਲੇ ਬਿਨਾ (ਮੈਂ ਕਦੇ ਵੀ) ਕਪੜੇ ਨਹੀਂ ਦਿਆਂਗਾ। ਹੇ ਗੋਰੀ ਅਤੇ ਕਾਲੀ! ਤੁਸੀਂ ਵਿਅਰਥ ਹੀ ਪਾਣੀ ਵਿੱਚ ਖੜੋਤੀਆਂ ਠੰਡ ਸਹਿ ਰਹੀਆਂ ਹੋ, ਤੁਰੰਤ ਬਾਹਰ ਆ ਜਾਓ। ਹੇ ਮੋਟੀਓ ਅਤੇ ਪਤਲੀਓ! ਤੁਸੀਂ ਆਪਣੇ ਅਗੇ ਤੇ ਪਿੱਛੇ ਹੱਥ ਰਖ ਕੇ ਪਾਣੀ ਤੋਂ ਬਾਹਰ ਆ ਜਾਓ। ਬਾਹਰ ਆਉਣ ਤੇ ਕ੍ਰਿਸ਼ਨ ਨੇ ਕਿਹਾ- ਇਸ ਤਰ੍ਹਾਂ ਕਪੜੇ ਨਹੀਂ ਦੇਵਾਂਗਾ, ਪਹਿਲਾਂ ਦੋਵੇਂ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ। ੨੫੫।

ਕਾਨ੍ਹ ਕਹੀ ਹਸਿ ਬਾਤ ਤਿਨੈ ਕਹਿ ਹੈ ਹਮ ਜੋ ਤੁਮ ਸੋ ਮਨ ਹੋ।

ਸਭ ਹੀ ਮੁਖ ਚੂਮਨ ਦੇਹੁ ਕਹਿਯੋ ਚੁਮ ਹੈ ਹਮ ਹੂੰ ਤੁਮ ਹੂੰ ਗਨਿ ਹੋ।

ਅਰੁ ਤੋਰਨ ਦੇਹੁ ਕਹਿਯੋ ਸਭ ਹੀ ਕੁਚ ਨਾਤਰ ਹਉ ਤੁਮ ਕੋ ਹਨਿ ਹੋ।

ਤਬ ਹੀ ਪਟ ਦੇਉ ਸਭੈ ਤੁਮਰੇ ਇਹ ਝੂਠ ਨਹੀ ਸਤਿ ਕੈ ਜਨਿ ਹੋ। ੨੬੬।

ਅਰਥ: ਕ੍ਰਿਸ਼ਨ ਨੇ ਹਸ ਕੇ ਉਨ੍ਹਾਂ ਨੂੰ ਇਹ ਗਲ ਕਹੀ- ਜੋ ਮੈਂ ਕਹਾਂਗਾ, ਉਹ ਤੁਸੀਂ ਮੰਨ ਜਾਓਗੀਆਂ? (ਕ੍ਰਿਸ਼ਨ ਨੇ ਫਿਰ) ਕਿਹਾ- ਤੁਸੀਂ ਸਾਰੀਆਂ (ਮੈਨੂੰ) ਆਪਣੇ ਮੂੰਹ ਚੁੰਮਣ ਦਿਓ, ਮੈਂ ਚੁੰਮਦਾ ਜਾਵਾਂਗਾ ਅਤੇ ਤੁਸੀਂ ਗਿਣਦੀਆਂ ਜਾਣਾ। (ਅਤੇ ਫਿਰ) ਕਿਹਾ- (ਤੁਸੀਂ) ਸਾਰੀਆਂ ਮੈਨੂੰ ਆਪਣੀਆਂ ਛਾਤੀਆਂ ਪੁਟਣ ਦਿਓ, ਨਹੀਂ ਤਾਂ (ਮੈਂ) ਤੁਹਾਨੂੰ (ਪਾਲੇ ਨਾਲ) ਮਾਰਾਂਗਾ। ਇਸ ਵਿੱਚ ਝੂਠ ਨਹੀਂ, ਸਚ ਕਰ ਕੇ ਜਾਣੋ (ਜਦ ਤੁਸੀਂ ਇਹ ਸ਼ਰਤਾਂ ਪੂਰੀਆਂ ਕਰ ਦਿਓਗੀਆਂ) ਤਦ ਹੀ ਤੁਹਾਡੇ ਬਸਤ੍ਰ ਦੇ ਦਿਆਂਗੇ। ੨੬੬। (ਇਵੇਂ ਗੋਪੀਆਂ ਨਾਲ ਕ੍ਰਿਸ਼ਨ ਦਾ ਕਾਮਵਾਸ਼ਨਾ (ਕ੍ਰੀੜਾ) ਅਤੇ ਰਾਧਾ ਨਾਟਕ ਚਲਦਾ ਰਹਿੰਦਾ ਹੈ! ਫਿਰ ਕਵੀ ਸ਼ਿਆਮ ਨੇ ਕਈ ਰਾਜਿਆਂ ਅਤੇ ਪਾਂਡਵਾਂ ਦੇ ਯੁੱਧ ਦਾ ਵਰਣਨ ਕੀਤਾ ਹੋਇਆ, ਜਿਸ ਦਾ ਕੋਈ ਆਧਾਰ ਨਹੀਂ!)

ਉਤ ਸੰਕਿਤ ਹੁਇ ਤ੍ਰੀਯਾ ਧਾਮਿ ਗਈ ਇਤ ਬੀਰ ਸਭਾ ਮਹਿ ਸ੍ਹਯਾਮ ਜੂ ਆਯੋ।

ਹੇਰਿ ਕੈ ਸ੍ਰੀ ਬ੍ਰਿਜਨਾਥਹਿ ਭੂਪਤਿ ਦਉਰ ਕੈ ਪਾਇਨ ਸੀਸ ਲੁਡਾਯੋ।

ਆਦਰ ਸੋ ਕਬਿ ਸ੍ਹਯਾਮ ਭਨੈ ਨ੍ਰਿਪ ਲੈ ਸੁ ਸਿੰਘਾਸਨ ਤੀਰ ਬੈਠਾਯੋ।

ਬਾਰਨੀ ਲੈ ਰਸੁ ਆਗੇ ਧਰਿਯੋ ਤਿਹ ਪੇਖਿ ਕੈ ਸ੍ਹਯਾਮ ਮਹਾ ਸੁਖ ਪਾਯੋ। ੧੮੯੧।

ਅਰਥ: ਉਧਰ ਸੰਗਦੀਆਂ ਹੋਈਆਂ ਇਸਤਰੀਆਂ ਘਰਾਂ ਨੂੰ ਚਲੀਆਂ ਗਈਆਂ ਅਤੇ ਇਧਰ ਸ੍ਰੀ ਕ੍ਰਿਸ਼ਨ ਯੋਧਿਆਂ ਦੀ ਸਭਾ ਵਿੱਚ ਆ ਗਏ। ਸ੍ਰੀ ਕ੍ਰਿਸ਼ਨ ਨੂੰ ਆਉਂਦਿਆਂ ਵੇਖ ਕੇ ਰਾਜਾ (ਉਗ੍ਰਸੈਨ) ਨੇ ਦੌੜ ਕੇ ਪੈਰਾਂ ਉਤੇ ਸਿਰ ਝੁਕਾਇਆ। ਕਵੀ ਸ਼ਿਆਮ ਕਹਿੰਦੇ ਹਨ, ਰਾਜੇ ਨੇ ਆਦਰ ਨਾਲ (ਸ੍ਰੀ ਕ੍ਰਿਸ਼ਨ ਨੂੰ) (ਆਪਣੇ) ਕੋਲ ਸਿੰਘਾਸਨ ਉਤੇ ਬਿਠਾਇਆ। (ਫਿਰ) ਸ਼ਰਾਬ ਅਤੇ ਜਲ ਲੈ ਕੇ ਅਗੇ ਰਖੇ ਜਿਸ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ ਬਹੁਤ ਪ੍ਰਸੰਨ ਹੋਏ। ੧੮੯੧।

ਸਵੈਯਾ

ਹੇ ਰਵਿ ਹੇ ਸਸਿ ਹੇ ਕਰੁਨਾਨਿਧਿ ਮੇਰੀ ਅਬੈ ਬਿਨਤੀ ਸੁਨਿ ਲੀਜੈ।

ਅਉਰ ਨ ਮਾਗਤ ਹਉ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ।

ਸਸਤ੍ਰਨ ਸੋ ਅਤਿ ਹੀ ਰਨ ਭੀਤਰ ਜੂਝਿ ਮਰੋ ਕਹਿ ਸਾਚ ਪਤੀਜੈ।

ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰ ਸ੍ਹਯਾਮ ਇਹੈ ਵਰੁ ਦੀਜੈ। ੧੯੦੦।

ਅਰਥ: ਹੇ ਸੂਰਜ! ਹੇ ਚੰਦ੍ਰਮਾ! ਹੇ ਕਰੁਣਾ ਦੇ ਸਾਗਰ! ਹੁਣ ਮੇਰੀ ਬੇਨਤੀ ਧਿਆਨ ਨਾਲ ਸੁਣ ਲਵੋ। ਮੈਂ ਹੋਰ ਤੁਹਾਡੇ ਤੋਂ ਕੁੱਝ ਨਹੀਂ ਮੰਗਦਾ, ਜੋ ਮੈਂ ਚਿਤ ਵਿੱਚ ਇੱਛਾ ਕਰਦਾ ਹਾਂ ਉਹੀ (ਪੂਰੀ) ਕਰ ਦਿਓ। ‘ਬਹੁਤ ਵਡੇ ਯੁੱਧ ਵਿੱਚ ਸ਼ਸਤ੍ਰਾਂ ਸਹਿਤ ਲੜ ਮਰਾਂ’ - ਸਚ ਕਹਿੰਦਾ ਹਾਂ, ਨਿਸਚਾ ਕਰ ਲਵੋ। ਹੇ ਸੰਤਾਂ ਦੀ ਸਹਾਇਤਾ ਕਰਨ ਵਾਲੀ ਜਗਤ ਮਾਤਾ! ਕ੍ਰਿਪਾ ਕਰ ਕੇ (ਕਵੀ) ਸ਼ਿਆਮ ਨੂੰ ਇਹੋ ਵਰ ਦਿਓ। ੧੯੦੦। (ਇਹੀ ਵਰ “ਚੰਡੀ ਚਰਿਤ੍ਰ (ਉਕਤਿ ਬਿਲਾਸ) “ਦੇ ਸਵੈਯਾ ਦੇ ਪੈਰਾ ੨੩੧ ਵਿਖੇ ਪੜ੍ਹਿਆ ਜਾ ਸਕਦਾ ਹੈ: “ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ। …. ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ।”

ਸਵੈਯਾ:

ਦੂਰਿ ਦਈ ਸਖੀਆ ਕਰਿ ਕੈ ਕਰਿ ਲੀਨ ਛੁਰੀ ਕਹਿਓ ਘਾਤ ਕਰੈ ਹਉ।

ਮੈ ਬਹੁ ਸੇਵ ਸਿਵਾ ਕੀ ਕਰੀ ਤਿਹ ਤੇ ਸਭ ਹੌ ਸੁ ਇਹੈ ਫਲੁ ਪੈ ਹਉ।

ਪ੍ਰਾਨਨ ਧਾਮਿ ਪਠੋ ਜਮ ਕੇ ਇਹ ਦੇਹੁਰੇ ਊਪਰ ਪਾਪ ਚੜੈ ਹਉ।

ਕੈ ਇਹ ਕੋ ਰਿਝਵਾਇ ਅਬੈ ਬਰਿਬੋ ਹਰਿ ਕੋ ਇਹ ਤੇ ਬਰੁ ਪੈ ਹਉ। ੧੯੮੯।

ਅਰਥ: (ਆਪਣੀਆਂ) ਸਹੇਲੀਆਂ ਨੂੰ ਦੂਰ ਕਰ ਕੇ ਅਤੇ ਹੱਥ ਵਿੱਚ ਛੁਰੀ ਲੈ ਕੇ (ਰੁਕਮਨੀ ਨੇ) ਕਿਹਾ- ਮੈਂ (ਹੁਣ ਹੀ ਆਪਣਾ) ਘਾਤ ਕਰਦੀ ਹਾਂ। ਮੈਂ ਦੁਰਗਾ (ਦੇਵੀ) ਦੀ ਬਹੁਤ ਸੇਵਾ ਕੀਤੀ ਹੈ, ਉਸ ਤੋਂ ਮੈਂ ਇਹੀ ਸਾਰਾ ਫਲ ਪ੍ਰਾਪਤ ਕਰ ਰਹੀ ਹਾਂ। ਪ੍ਰਾਣਾਂ ਨੂੰ ਯਮਰਾਜ ਦੇ ਘਰ ਭੇਜ ਕੇ ਇਸ ਦੇਹੁਰੇ (ਮੰਦਿਰ) ਉਪਰ ਪਾਪ ਚੜ੍ਹਾਉਂਦੀ ਹਾਂ। ਜਾਂ ਇਸ (ਦੇਵੀ) ਨੂੰ ਹੁਣੇ ਹੀ ਪ੍ਰਸੰਨ ਕਰ ਕੇ, ਕ੍ਰਿਸ਼ਨ ਨੂੰ ਵਰਨ ਦਾ ਇਸ ਤੋਂ ਵਰ ਪ੍ਰਾਪਤ ਕਰਦੀ ਹਾਂ। ੧੯੮੯।

ਬਾਰੁਨੀ ਕੇ ਰਸ ਸੰਗ ਛਕੇ ਜਹ ਬੈਠੇ ਹੈ ਕ੍ਰਿਸਨ ਹੁਲਾਸ ਬਢੈ ਕੈ।

ਕੁੰਕਮ ਰੰਗ ਰੰਗੇ ਪਟਵਾ ਭਟਵਾ ਅਪਨੇ ਅਤਿ ਆਨੰਦ ਕੈ ਕੈ।

ਮੰਗਨ ਲੋਗਨ ਦੇਤ ਘਨੋ ਧਨ ਸ੍ਹਯਾਮ ਭਨੈ ਅਤਿ ਹੀ ਨਚਵੈ ਕੈ।

ਰੀਝਿ ਰਹੇ ਮਨ ਮੈ ਸਭ ਹੀ ਫੁਨਿ ਸ੍ਰੀ ਜਦੁਬੀਰ ਕੀ ਓਰਿ ਚਿਤੈ ਕੈ। ੨੦੧੨।

ਅਰਥ: ਸ਼ਰਾਬ ਦੇ ਨਸ਼ੇ ਵਿੱਚ ਮਸਤ ਹੋ ਕੇ, ਜਿਥੇ ਕ੍ਰਿਸ਼ਨ ਆਨੰਦ ਨੂੰ ਵਧਾ ਕੇ ਬੈਠੇ ਸਨ, (ਉਥੇ ਸਾਰਿਆਂ ਦੇ) ਬਸਤ੍ਰ ਕੇਸਰੀ ਰੰਗ ਵਿੱਚ ਰੰਗੇ ਹੋਏ ਸਨ ਅਤੇ ਸੂਰਮੇ ਆਪਣੇ ਮਨ ਵਿੱਚ ਬਹੁਤ ਆਨੰਦਿਤ ਹੋ ਰਹੇ ਸਨ। (ਕਵੀ) ਸ਼ਿਆਮ ਕਹਿੰਦੇ ਹਨ, ਮੰਗਣ ਵਾਲੇ ਲੋਕਾਂ ਤੋਂ ਬਹੁਤ ਨਾਚ ਕਰਵਾ ਕੇ ਬਹੁਤ ਧਨ ਦੇ ਰਹੇ ਹਨ। ਫਿਰ ਸਾਰੇ ਸ੍ਰੀ ਕ੍ਰਿਸ਼ਨ ਵਲ ਵੇਖ ਕੇ ਮਨ ਵਿੱਚ ਪ੍ਰਸੰਨ ਹੋ ਰਹੇ ਹਨ। ੨੦੧੨।

ਬੇਦ ਕੇ ਬੀਚ ਲਿਖੀ ਬਿਧਿ ਜਿਉ ਜਦੁਬੀਰ ਬ੍ਹਯਾਹ ਤਿਹੀ ਬਿਧਿ ਕੀਨੋ।

ਜੋ ਰੁਕਮੀ ਤੇ ਭਲੀ ਬਿਧਿ ਕੈ ਰੁਕਮਿਨਹਿ ਕੋ ਪੁਨਿ ਜੀਤ ਕੈ ਲੀਨੋ।

ਜੀਤਹਿ ਕੀ ਬਤੀਆ ਸੁਨਿ ਕੈ ਅਤਿ ਭਤਿਰ ਮੋਦ ਬਢਿਓ ਪੁਰ ਤੀਨੋ।

ਸ੍ਹਯਾਮ ਭਨੈ ਇਹ ਕਉਤਕ ਕੈ ਸਭ ਹੀ ਜਦੁਬੀਰਨ ਕਉ ਸੁਖ ਦੀਨੋ। ੨੦੧੩।

ਅਰਥ: ਜਿਵੇਂ ਵੇਦ ਵਿੱਚ (ਵਿਆਹ ਦੀ) ਵਿਧੀ ਲਿਖੀ ਹੈ, ਸ੍ਰੀ ਕ੍ਰਿਸ਼ਨ ਨੇ ਉਸੇ ਵਿਧੀ ਅਨੁਸਾਰ ਰੁਕਮਨੀ ਨਾਲ ਵਿਆਹ ਕੀਤਾ ਜਿਸ ਨੂੰ (ਉਸ ਦੇ ਭਰਾ) ਰੁਕਮੀ ਤੋਂ ਚੰਗੀ ਤਰ੍ਹਾਂ ਨਾਲ ਜਿਤ ਕੇ ਪ੍ਰਾਪਤ ਕੀਤਾ ਸੀ। ਜਿਤਣ ਦੀ ਗੱਲ ਸੁਣ ਕੇ ਤਿੰਨਾ ਲੋਕਾਂ (ਦੇ ਨਿਵਾਸੀਆਂ ਦੇ ਚਿਤ ਵਿਚ) ਖੁਸ਼ੀ ਦਾ ਬਹੁਤ ਵਿਕਾਸ ਹੋਇਆ। (ਕਵੀ) ਸ਼ਿਆਮ ਕਹਿੰਦੇ ਹਨ, ਇਸ ਕੌਤਕ ਕਰ ਕੇ (ਸ੍ਰੀ ਕ੍ਰਿਸ਼ਨ ਨੇ) ਸਾਰੇ ਯਾਦਵਾਂ ਨੂੰ ਸੁਖ ਦਿੱਤਾ। ੨੦੧੩।

ਜੀਤਿ ਸੁਅੰਬਰ ਮੈ ਹਰਿ ਆਉਧ ਕੇ ਭੂਪਤਿ ਕੀ ਦੁਹਿਤਾ ਜਬ ਆਯੋ।

ਬਾਗ ਕੇ ਭਤਿਰ ਸੈਲ ਕਰੈ ਸੰਗ ਪਾਰਥ ਥੇ ਚਿਤ ਮੈ ਠਹਰਾਯੋ।

ਪੋਸਤ ਭਾਗ ਅਫੀਮ ਘਨੇ ਮਦ ਪੀਵਨ ਕੇ ਤਿਨਿ ਕਾਜ ਮੰਗਾਯੋ।

ਮੰਗਨ ਲੋਗਨ ਬੋਲਿ ਪਠਿਯੋ ਬਹੁ ਆਵਤ ਭੇ ਜਨ ਪਾਰ ਨ ਪਾਯੋ। ੨੧੧੨।

ਅਰਥ: ਜਦ ਸ੍ਰੀ ਕ੍ਰਿਸ਼ਨ ਅਯੋਧਿਆ ਦੇ ਰਾਜੇ ਦੀ ਪੁੱਤਰੀ ਨੂੰ ਸੁਅੰਬਰ ਵਿੱਚ ਜਿਤ ਕੇ ਆ ਗਏ, (ਤਦ) ਅਰਜਨ ਨਾਲ ਬਾਗ ਵਿੱਚ ਸੈਰ ਕਰਨ ਲਈ ਮਨ ਵਿੱਚ ਇੱਛਾ ਪੈਦਾ ਹੋਈ। ਪੋਸਤ, ਭੰਗ, ਅਫੀਮ ਅਤੇ ਪੀਣ ਵਾਸਤੇ ਬਹੁਤ ਸਾਰੀ ਸ਼ਰਾਬ ਮੰਗਵਾ ਲਈ। ਮੰਗਣ ਵਾਲੇ ਲੋਕਾਂ ਨੂੰ ਬੁਲਾ ਲਿਆ, ਉਹ ਬਹੁਤ ਅਧਿਕ ਆ ਗਏ, ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ੨੧੧੨।

ਤਿਨ ਕੌ ਬਹੁ ਦੈ ਸੰਗਿ ਪਾਰਥ ਲੈ ਹਰਿ ਭੋਜਨ ਕੀ ਭੂਅ ਮੈ ਪਗ ਧਾਰਿਯੋ।

ਪੋਸਤ ਭਾਗ ਅਫੀਮ ਮੰਗਾਇ ਪੀਓ ਮਦ ਸੋਕ ਬਿਦਾ ਕਰਿ ਡਾਰਿਯੋ।

ਮਤਿ ਹੋ ਚਾਰੋਈ ਕੈਫਨ ਸੋ ਸੁਤ ਇੰਦ੍ਰ ਕੈ ਸੋ ਇਮਿ ਸ੍ਹਯਾਮ ਉਚਾਰਿਯੋ।

ਕਾਮ ਕੀਯੋ ਬ੍ਰਹਮਾ ਘਟਿ ਕਿਉ ਮਦਰਾ ਕੋ ਨ ਆਠਵੋਂ ਸਿੰਧੁ ਸਵਾਰਿਯੋ। ੨੧੧੫।

ਅਰਥ: ਉਨ੍ਹਾਂ ਨੂੰ ਬਹੁਤ ਕੁੱਝ ਦੇ ਕੇ ਅਤੇ ਅਰਜਨ ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਨੇ ਭੋਜਨ ਵਾਲੀ ਥਾਂ ਉਤੇ ਚਰਨ ਪਾਏ। ਪੋਸਤ, ਭੰਗ, ਅਫੀਮ ਮੰਗਵਾ ਲਈ ਅਤੇ ਸ਼ਰਾਬ ਪੀ ਕੇ ਸਾਰੇ ਗ਼ੰਮ ਦੂਰ ਕਰ ਦਿੱਤੇ। ਚੌਹਾਂ ਹੀ ਨਸ਼ਿਆਂ ਨਾਲ ਮਸਤ ਹੋ ਕੇ ਸ੍ਰੀ ਕ੍ਰਿਸ਼ਨ ਨੇ ਅਰਜਨ ਨੂੰ ਇਸ ਤਰ੍ਹਾਂ ਕਿਹਾ ਕਿ ਬ੍ਰਹਮਾ ਨੇ ਬੜਾ ਮਾੜਾ ਕੰਮ ਕੀਤਾ ਹੈ, (ਉਸ ਨੇ) ਸ਼ਰਾਬ ਦਾ ਅੱਠਵਾਂ ਸਮੁੰਦਰ ਕਿਉਂ ਨਹੀਂ ਬਣਾਇਆ। ੨੧੧੫।

ਦੋਹਰਾ

ਜੁਧ ਸਮੈ ਅਤਿ ਕ੍ਰੋਧ ਹੁਇ ਜਦੁਪਤਿ ਬਧਿ ਕੈ ਤਾਹਿ। ਸੋਰਹ ਸਹਸ੍ਰ ਸੁੰਦਰੀ ਆਪਹਿ ਲਈ ਬਿਵਾਹਿ। ੨੧੪੩।

ਅਰਥ: ਯੁੱਧ ਵੇਲੇ ਅਤਿ ਕ੍ਰੋਧਿਤ ਹੋ ਕੇ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਮਾਰ ਦਿੱਤਾ ਅਤੇ ਸੋਲ੍ਹਾਂ ਹਜ਼ਾਰ ਸੁੰਦਰੀਆਂ ਆਪ ਹੀ ਵਿਆਹ ਲਈਆਂ ਸਨ। ੨੧੪੩।

ਸਵੈਯਾ

ਜੁਧ ਸਮੈ ਅਤਿ ਕ੍ਰੋਧ ਹੁਇ ਸ੍ਹਯਾਮ ਜੂ ਸਤ੍ਰ ਸਭੈ ਛਿਨ ਮਾਹਿ ਪਛਾਰੇ।

ਰਾਜੁ ਦਯੋ ਫਿਰਿ ਤਾ ਸੁਤ ਕੋ ਸੁਖੁ ਦੇਤ ਭਯੋ ਤਿਨ ਸੋਕ ਨਿਵਾਰੇ।

ਫੇਰਿ ਬਰਿਯੋ ਤ੍ਰੀਅ ਸੋਰਹ ਸਹੰਸ੍ਰ ਸੁ ਤਾ ਪੁਰ ਮੈ ਅਤਿ ਕੈ ਕੈ ਅਖਾਰੇ।

ਬਿਪਨ ਦਾਨ ਦੈ ਲੈ ਤਿਨ ਕੋ ਸੰਗਿ ਦੁਆਰਵਤੀ ਜਦੁਰਾਇ ਸਿਧਾਰੇ। ੨੧੪੪।

ਅਰਥ: ਯੁੱਧ ਵਿੱਚ ਕ੍ਰੋਧਵਾਨ ਹੋ ਕੇ ਸ੍ਰੀ ਕ੍ਰਿਸ਼ਨ ਨੇ ਸਾਰੇ ਵੈਰੀਆਂ ਨੂੰ ਛਿਣ ਭਰ ਵਿੱਚ ਮਾਰ ਸੁਟਿਆ। ਫਿਰ ਉਸ ਦੇ ਪੁੱਤਰ ਨੂੰ ਰਾਜ ਦੇ ਦਿੱਤਾ ਅਤੇ ਸੁਖ ਦੇ ਕੇ ਉਨ੍ਹਾਂ ਦਾ ਗ਼ਮ ਦੂਰ ਕਰ ਦਿੱਤਾ। ਫਿਰ ਸੋਲ੍ਹਾਂ ਹਜ਼ਾਰ ਇਸਤਰੀਆਂ ਨੂੰ ਵਿਆਹ ਲਿਆ ਅਤੇ ਉਸ ਨਗਰ ਵਿੱਚ (ਸ੍ਰੀ ਕ੍ਰਿਸ਼ਨ ਨੇ ਅਜਿਹੇ) ਕੌਤਕ ਕੀਤੇ। ਬ੍ਰਾਹਮਣਾਂ ਨੂੰ ਦਾਨ ਦੇ ਕੇ ਅਤੇ ਉਨ੍ਹਾਂ (ਰਾਜ ਕੁਮਾਰੀਆਂ) ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਦੁਆਰਿਕਾ ਚਲੇ ਗਏ। ੨੧੪੪। (ਸੋ ਕਵੀ ਸ਼ਿਆਮ ਨੇ ਪੁਰਾਣਾਂ ਵਿਚੋਂ ਸੁਣ ਕੇ ਭੇਦ (ਦੀ ਗੱਲ) ਸਾਰੇ ਸੰਤ ਵਿਅਕਤੀਆਂ ਨੂੰ ਕਹਿ ਕੇ ਸੁਣਾ ਦਿੱਤੀ-੨੧੪੫)

ਕਬਿਯੋ ਬਾਚ/ਸਵੈਯਾ

ਕਾ ਭਯੋ ਜੋ ਧਰਿ ਮੂੰਡ ਜਟਾ ਸੋ ਤਪੋਧਨ ਕੋ ਜਗ ਭੇਖ ਦਿਖਾਯੋ।

ਕਾ ਭਯੋ ਜੁ ਕੋਊ ਲੋਚਨ ਮੂੰਦਿ ਭਲੀ ਬਿਧਿ ਸੋ ਹਰਿ ਕੋ ਗੁਨ ਗਾਯੋ।

ਅਉਰ ਕਹਾ ਜੋ ਪੈ ਆਰਤੀ ਲੈ ਕਰਿ ਧੂਪ ਜਗਾਇ ਕੈ ਸੰਖ ਬਜਾਯੋ।

ਸ੍ਹਯਾਮ ਕਹੈ ਤੁਮ ਹੀ ਨ ਕਹੋ ਬਿਨ ਪ੍ਰੇਮ ਕਿਹੂ ਬ੍ਰਿਜ ਨਾਇਕ ਪਾਯੋ। ੨੨੩੭।

ਅਰਥ: ਕੀ ਹੋਇਆ ਜੇ ਸਿਰ ਉਤੇ ਜਟਾ ਧਾਰਨ ਕਰ ਕੇ ਜਗਤ ਨੂੰ ਤਪਸਵੀਆਂ ਵਾਲਾ ਭੇਖ ਦਿਖਾਇਆ ਹੈ। ਕੀ ਹੋਇਆ ਜੇ ਦੋਹਾਂ ਅੱਖਾਂ ਨੂੰ ਚੰਗੀ ਤਰ੍ਹਾਂ ਬੰਦ ਕਰ ਕੇ ਹਰੀ ਦੇ ਗੁਣਾਂ ਦਾ ਗਾਇਨ ਕੀਤਾ ਹੈ। ਹੋਰ, ਕੀ ਹੋਇਆ ਜੇ ਹੱਥ ਵਿੱਚ ਆਰਤੀ ਲੈ ਕੇ ਅਤੇ ਧੂਪ ਜਗਾ ਕੇ ਸੰਖ ਵਜਾਇਆ ਹੈ। (ਕਵੀ) ਸ਼ਿਆਮ ਕਹਿੰਦੇ ਹਨ, ਤੁਸੀਂ ਹੀ ਕਿਉਂ ਨ ਦਸੋ ਕਿ ਬਿਨਾ ਪ੍ਰੇਮ ਦੇ ਕਿਸ ਨੇ ਸ੍ਰੀ ਕ੍ਰਿਸ਼ਨ ਨੂੰ ਪਰਾਪਤ ਕੀਤਾ ਹੈ। ੨੨੩੭। {ਇਸ ਪ੍ਰਥਾਇ ਦੇਖੋ ਅਕਾਲ ਉਸਤਤਿ ਦਾ ਪੈਰਾ। ੯। ੨੯। ਸਾਚ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਕ “ਨਿਤਨੇਮ ਤੇ ਹੋਰ ਬਾਣੀਆਂ” ਵਿਖੇ ਤਵ ਪ੍ਰਸਾਦਿ ਦੇ (੯) ਸਵੱਯਿਆ ਦੀ ਅਖੀਰਲੀ ਲਾਈਨ!

ਦੋਹਰਾ

ਅੰਕ ਭ੍ਰਾਤ ਦੋਊ ਮਿਲੇ ਅਤਿ ਪਾਯੋ ਸੁਖ ਚੈਨ। ਮਦਰਾ ਪੀਵਤ ਅਤਿ ਹਸਤਿ ਆਏ ਅਪੁਨੇ ਐਨ। ੨੨੬੦।

ਅਰਥ: ਦੋਵੇਂ ਭਰਾ (ਬਲਰਾਮ ਤੇ ਕ੍ਰਿਸ਼ਨ) ਗਲਵਕੜੀ ਪਾ ਕੇ ਮਿਲੇ ਅਤੇ ਬਹੁਤ ਸੁਖ ਅਤੇ ਚੈਨ ਪ੍ਰਾਪਤ ਕੀਤਾ। ਸ਼ਰਾਬ ਪੀਂਦੇ ਹੋਏ ਅਤੇ ਹਸਦੇ ਹੋਏ ਆਪਣੇ ਘਰ ਆ ਗਏ। ੨੨੬੦।

ਸਵੈਯਾ

ਛਤ੍ਰੀ ਕੋ ਪੂਤ ਥੋ ਕੋਪ ਭਰੇ ਤਿਹ ਨਾਸ ਕਯੋ ਬਿਨਤੀ ਸੁਨਿ ਲੀਜੈ।

ਠਾਢ ਭਏ ਉਠ ਕੇ ਰਿਖਿ ਸੋ ਜੜ ਬੈਠਿ ਰਹਿਓ ਕਹਿਓ ਸਾਚ ਪਤੀਜੈ।

ਬਾਤ ਵਹੈ ਕਰੀਐ ਸੰਗ ਛਤ੍ਰਨ ਜਾ ਕੇ ਕੀਏ ਜਗ ਭੀਤਰ ਜੀਜੈ।

ਤਾਹੀ ਤੇ ਮੈ ਬਧੁ ਤਾ ਕੋ ਕੀਯੋ ਸੋ ਅਬੈ ਮੋਰੀ ਭੂਲ ਛਿਮਾਪਨ ਕੀਜੈ। ੨੩੮੬।

ਅਰਥ: ਮੈਂ (ਬਲਰਾਮ) ਛਤ੍ਰੀ ਦਾ ਪੁੱਤਰ ਸਾਂ, ਕ੍ਰੋਧ ਨਾਲ ਭਰ ਕੇ ਉਸ ਨੂੰ ਨਸ਼ਟ ਕੀਤਾ ਹੈ, ਮੇਰੀ ਬੇਨਤੀ ਸੁਣ ਲਵੋ। ਸਾਰੇ ਰਿਸ਼ੀ (ਮੇਰੇ ਆਏ ਤੇ ਖੜੋ ਗਏ, ਪਰ) ਉਹ ਮੂਰਖ (ਰਿਸ਼ੀ ਬ੍ਰਾਹਮਣ ਰੋਮਹਰਖ) ਬੈਠਾ ਰਿਹਾ। (ਮੈਂ) ਸਚ ਕਿਹਾ ਹੈ, ਤਸੱਲੀ ਕਰ ਲਵੋ। ਛਤ੍ਰੀਆਂ ਨਾਲ ਓਹੀ ਗੱਲ ਕਰਨੀ ਬਣਦੀ ਹੈ ਜਿਸ ਦੇ ਕੀਤਿਆਂ ਜਗਤ ਵਿੱਚ ਜੀਉਣਾ ਮਿਲੇ। ਇਸੇ ਲਈ ਮੈਂ ਉਸ ਦਾ ਬਧ ਕੀਤਾ ਹੈ। ਹੁਣ ਮੇਰੀ ਭੁਲ ਨੂੰ ਮਾਫ ਕਰ ਦਿਓ। ੨੩੮੬।

ਛਤ੍ਰੀ ਕੋ ਪੂਤ ਹੋ ਬਾਮ੍ਹਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ।

ਅਰੁ ਅਉਰ ਜੰਜਾਰ ਜਿਤੋ ਗ੍ਰਿਹ ਕੋ ਤੁਹਿ ਤਿਆਗ ਕਹਾ ਚਿਤ ਤਾ ਮੈ ਧਰੋ।

ਅਬ ਰੀਝਿ ਕੈ ਦੇਹੁ ਵਹੈ ਹਮ ਕੋ ਜੋਊ ਹਉ ਬਿਨਤੀ ਕਰ ਜੋਰਿ ਕਰੋ।

ਜਬ ਆਉ ਕੀ ਅਉਧਿ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝਿ ਮਰੋ। ੨੪੮੯।

ਅਰਥ: (ਮੈਂ, ਕ੍ਰਿਸ਼ਨ) ਛਤ੍ਰੀ ਦਾ ਪੁੱਤਰ ਹਾਂ, ਬ੍ਰਾਹਮਣ ਦਾ (ਪੁੱਤਰ) ਨਹੀਂ ਹਾਂ। (ਮੈਨੂੰ) ਤਪ ਕਰਨਾ ਕਿਥੇ ਆਉਂਦਾ ਹੈ, ਜੇ ਕਰਾਂ। ਅਤੇ ਘਰ ਦੇ ਹੋਰ ਜਿਤਨੇ ਜੰਜਾਲ ਹਨ, ਤੁਹਾਨੂੰ ਤਿਆਗ ਕੇ ਕੀਹ ਚਿਤ ਉਨ੍ਹਾਂ ਵਿੱਚ ਧਰਾਂ। (ਇਸ ਲਈ) ਹੁਣ ਪ੍ਰਸੰਨ ਹੋ ਕੇ ਮੈਨੂੰ ਉਹੀ (ਵਰ) ਦਿਓ, ਜੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ। ਜਦੋਂ ਮੇਰੀ ਆਯੂ ਦੀ ਅਵਧੀ ਦਾ ਅੰਤ ਆ ਬਣੇ ਤਾਂ ਭਿਆਨਕ ਯੁੱਧ ਵਿੱਚ ਲੜਦਾ ਹੋਇਆ ਮਰ ਜਾਵਾਂ। ੨੪੮੯। {ਦੇਖੋ, ਪੈਰਾ ੧੯੦੦ ਅਤੇ ਸਿੱਖਾਂ ਨੇ ਇਹ ਬਚਨ ‘ਵਰ’ ਕਿਵੇਂ ਆਪਣਾਅ ਲਏ?}

ਦੋਹਰਾ

ਸਤ੍ਰਹ ਸੈ ਪੈਤਾਲਿ ਮਹਿ ਸਾਵਨ ਸੁਦਿ ਥਿਤਿ ਦੀਪ। ਨਗਰ ਪਾਵਟਾ ਸੁਭ ਕਰਨ ਜਮੁਨਾ ਬਹੈ ਸਮੀਪ। ੨੪੯੦।

ਅਰਥ: ਸਤਾਰ੍ਹਾਂ ਸੌ ਪੰਤਾਲੀ (੧੭੪੫ ਬਿ.) ਵਿੱਚ ਸਾਵਣ ਦੀ ਸੁਦੀ ਸੱਤਵੀਂ ਥਿਤ ਨੂੰ ਪਾਂਵਟਾ ਨਗਰ (ਵਿਚ ਕਵਿਤਾ ਰਚਣ ਦਾ ਇਹ) ਸ਼ੁਭ ਕਰਮ (ਕੀਤਾ ਜਿਥੇ) ਨੇੜੇ ਹੀ ਜਮਨਾ ਵਗ ਰਹੀ ਹੈ। ੨੪੯੦। (ਇਵੇਂ ਜ਼ਹਿਰ, ਖੰਡ ਵਿੱਚ ਲਿਪੇਟ ਦਿੱਤੀ)

ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ। ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁਧ ਕੇ ਚਾਇ। ੨੪੯੧।

ਅਰਥ: ਭਾਗਵਤ (ਪੁਰਾਣ) ਦੇ ਦਸਮ (ਸਕੰਧ) ਦੀ ਕਥਾ (ਮੈਂ) ਭਾਖਾ ਵਿੱਚ ਰਖੀ ਹੈ। ਹੇ ਪ੍ਰਭੂ! (ਮੇਰੇ ਮਨ ਵਿਚ) ਹੋਰ ਕੋਈ ਕਾਮਨਾ ਨਹੀਂ ਹੈ, (ਬਸ) ਧਰਮ ਦੇ ਯੁੱਧ ਦੀ ਚਾਹ (ਲਈ ਪ੍ਰੇਰਿਤ ਕਰਨਾ) ਹੈ। ੨੪੯੧।

ਸਵੈਯਾ

ਧੰਨਿ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ।

ਦੇਹ ਅਨਿਤ ਨ ਨਿਤ ਰਹੈ ਜਸੁ ਨਾਵ ਚੜੈ ਭਵ ਸਾਗਰ ਤਾਰੈ।

ਧੀਰਜ ਧਾਮ ਬਨਾਇ ਇਹੈ ਤਨ ਬੁਧਿ ਸੁ ਦੀਪਕ ਜਿਉ ਉਜੀਆਰੈ।

ਗਿਆਨਹਿ ਕੀ ਬਢਨੀ ਮਨਹੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ। ੨੪੯੨।

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਧਯਾਇ

ਇਕੀਸਵੋ ਸਮਾਪਤਮ ਸਤੁ ਸੁਭਮ ਸਤੁ।

ਅਰਥ: ਜਗਤ ਵਿੱਚ ਉਨ੍ਹਾਂ ਦਾ ਜੀਉਣਾ ਧੰਨ ਹੈ (ਜੋ) ਮੁਖ ਤੋਂ ਹਰਿ (ਦਾ ਨਾਮ ਜਪਦੇ ਹਨ ਅਤੇ) ਚਿਤ ਵਿੱਚ ਯੁੱਧ (ਕਰਨ ਦਾ) ਵਿਚਾਰ ਪਾਲਦੇ ਹਨ। (ਕਿਉਂਕਿ) ਦੇਹ ਅਨਿਤ ਹੈ, ਨਿਤ ਨਹੀਂ ਰਹੇਗੀ। (ਜੋ ਵਿਅਕਤੀ ਧਰਮ ਯੁੱਧ ਕਰਕੇ) ਯਸ਼ ਦੀ ਬੇੜੀ ਉਤੇ ਚੜ੍ਹੇਗਾ, ਉਹ ਭਵ ਸਾਗਰ ਵਿਚੋਂ ਤਰ ਜਾਇਗਾ। ਇਸ ਸ਼ਰੀਰ ਨੂੰ ਧੀਰਜ ਦਾ ਘਰ ਬਣਾ ਲਵੋ ਅਤੇ ਬੁੱਧੀ ਨੂੰ ਦੀਪਕ ਵਾਂਗ (ਇਸ ਵਿਚ) ਜਗਾ ਲਵੋ। ਗਿਆਨ ਦੇ ਝਾੜੂ ਨੂੰ ਮਨ ਰੂਪ ਹੱਥ ਵਿੱਚ ਲੈ ਕੇ, ਕਾਇਰਤਾ ਰੂਪ ਕੂੜੇ ਨੂੰ ਬਾਹਰ ਹੂੰਝ ਦਿਓ। ੨੪੯੨।

ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਅਧਿਆਇ

ਇਕੀਸਵੇਂ ਦੀ ਸਮਾਪਤੀ। ਸਭ ਸ਼ੁਭ ਹੈ।

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੨੦ ਫਰਵਰੀ ੨੦੧੬




.